ਨਿਹਚਾ ਨਾਲ ਬਾਰਾਕ ਨੇ ਇਕ ਸ਼ਕਤੀਸ਼ਾਲੀ ਫ਼ੌਜ ਨੂੰ ਮਾਰ-ਮੁਕਾਇਆ
ਕਲਪਨਾ ਕਰੋ ਕਿ ਤੁਸੀਂ ਦੁਸ਼ਮਣ ਫ਼ੌਜਾਂ ਦੇ ਲਸ਼ਕਰ ਸਾਮ੍ਹਣੇ ਖੜ੍ਹੇ ਹੋ। ਉਹ ਆਪਣੇ ਆਧੁਨਿਕ ਹਥਿਆਰਾਂ ਨੂੰ ਇਸਤੇਮਾਲ ਕਰਨ ਲਈ ਤਿਆਰ ਖੜ੍ਹੇ ਹਨ। ਤੁਹਾਡੇ ਤੇ ਤੁਹਾਡੀਆਂ ਫ਼ੌਜਾਂ ਵਿਚ ਉਨ੍ਹਾਂ ਦਾ ਸਾਮ੍ਹਣਾ ਕਰਨ ਦੀ ਤਾਕਤ ਨਹੀਂ ਹੈ।
ਇਸਰਾਏਲ ਦੇ ਨਿਆਈਆਂ ਦੇ ਸਮਿਆਂ ਵਿਚ ਬਾਰਾਕ, ਦਬੋਰਾਹ ਅਤੇ ਉਨ੍ਹਾਂ ਦੇ 10,000 ਇਸਰਾਏਲੀ ਸਾਥੀਆਂ ਨੂੰ ਅਜਿਹੀ ਸਥਿਤੀ ਦਾ ਸਾਮ੍ਹਣਾ ਕਰਨਾ ਪਿਆ ਸੀ। ਦੁਸ਼ਮਣ ਫ਼ੌਜਾਂ ਕਨਾਨੀਆਂ ਦੀਆਂ ਸਨ ਅਤੇ ਉਨ੍ਹਾਂ ਦਾ ਕਮਾਂਡਰ ਸੀ ਸੀਸਰਾ। ਉਨ੍ਹਾਂ ਦੇ ਰਥਾਂ ਦੇ ਪਹੀਆਂ ਉੱਤੇ ਲੋਹੇ ਦੇ ਤਿੱਖੇ ਸੂਏ ਲੱਗੇ ਹੋਏ ਸਨ। ਰਣਭੂਮੀ ਤਾਬੋਰ ਦਾ ਪਹਾੜ ਅਤੇ ਕੀਸ਼ੋਨ ਨਦੀ ਦੀ ਵਾਦੀ ਸੀ। ਉਸ ਵੇਲੇ ਜੋ ਹੋਇਆ, ਉਸ ਤੋਂ ਬਾਰਾਕ ਦੀ ਪੱਕੀ ਨਿਹਚਾ ਦਾ ਸਬੂਤ ਮਿਲਦਾ ਹੈ। ਆਓ ਆਪਾਂ ਦੇਖੀਏ ਕਿ ਇਸ ਲੜਾਈ ਦੀ ਵਜ੍ਹਾ ਕੀ ਸੀ।
ਇਸਰਾਏਲੀਆਂ ਨੇ ਯਹੋਵਾਹ ਅੱਗੇ ਫਰਿਆਦ ਕੀਤੀ
ਨਿਆਈਆਂ ਦੀ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਇਸਰਾਏਲੀਆਂ ਨੇ ਵਾਰ-ਵਾਰ ਸੱਚੀ ਉਪਾਸਨਾ ਨੂੰ ਛੱਡਿਆ ਜਿਸ ਦੇ ਉਨ੍ਹਾਂ ਨੂੰ ਬੁਰੇ ਨਤੀਜੇ ਭੁਗਤਣੇ ਪਏ। ਹਰ ਵਾਰ ਦਇਆ ਲਈ ਉਨ੍ਹਾਂ ਦੀ ਫਰਿਆਦ ਸੁਣ ਕੇ ਯਹੋਵਾਹ ਨੇ ਕਿਸੇ-ਨ-ਕਿਸੇ ਰਖਵਾਲੇ ਨੂੰ ਨਿਯੁਕਤ ਕਰਕੇ ਉਨ੍ਹਾਂ ਨੂੰ ਛੁਡਾਇਆ। ਪਰ ਉਹ ਦੁਬਾਰਾ ਯਹੋਵਾਹ ਦੇ ਖ਼ਿਲਾਫ਼ ਬਗਾਵਤ ਕਰਦੇ। ਇਸ ਵਾਰ ਵੀ “ਏਹੂਦ [ਇਕ ਨਿਆਈ ਜਿਸ ਨੇ ਉਨ੍ਹਾਂ ਨੂੰ ਮੋਆਬੀ ਜ਼ੁਲਮ ਤੋਂ ਬਚਾਇਆ ਸੀ] ਦੇ ਮਰਨ ਦੇ ਮਗਰੋਂ ਇਸਰਾਏਲ ਨੇ ਯਹੋਵਾਹ ਦੇ ਅੱਗੇ ਫੇਰ ਬੁਰਿਆਈ ਕੀਤੀ।” ਅਸਲ ਵਿਚ “ਉਨ੍ਹਾਂ ਨੇ ਨਵੇਂ ਦਿਓਤੇ ਚੁਣੇ।” ਇਸ ਦਾ ਨਤੀਜਾ ਕੀ ਨਿਕਲਿਆ? “ਯਹੋਵਾਹ ਨੇ ਉਨ੍ਹਾਂ ਨੂੰ ਕਨਾਨ ਦੇ ਰਾਜਾ ਯਾਬੀਨ ਦੇ ਹੱਥ ਵਿੱਚ ਵੇਚ ਦਿੱਤਾ ਜੋ ਹਸੋਰ ਵਿੱਚ ਰਾਜ ਕਰਦਾ ਸੀ ਅਤੇ ਉਸ ਦੇ ਸੈਨਾਪਤੀ ਦਾ ਨਾਉਂ ਸੀਸਰਾ ਸੀ . . . ਤਾਂ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਦੁਹਾਈ ਦਿੱਤੀ, ਕਿਉਂ ਜੋ [ਸੀਸਰਾ] ਦੇ ਕੋਲ ਨੌਂ ਸੌ ਰਥ ਲੋਹੇ ਦੇ ਸਨ ਅਤੇ ਉਸ ਨੇ ਵੀਹਾਂ ਵਰਿਹਾਂ ਤੀਕਰ ਇਸਰਾਏਲੀਆਂ ਨੂੰ ਡਾਢਾ ਦੁਖ ਦਿੱਤਾ।”—ਨਿਆਈਆਂ 4:1-3; 5:8.
ਇਸ ਸਮੇਂ ਦੌਰਾਨ ਇਸਰਾਏਲ ਦੇ ਮਾਹੌਲ ਬਾਰੇ ਬਾਈਬਲ ਦੱਸਦੀ ਹੈ: “[ਉਨ੍ਹਾਂ] ਦਿਨਾਂ ਵਿੱਚ ਸੜਕਾਂ ਵੇਹਲੀਆਂ ਰਹਿੰਦੀਆਂ ਸਨ, ਅਤੇ ਰਾਹੀ ਪੈਹਿਆਂ ਦੇ ਰਾਹ ਤੁਰਦੇ ਸਨ। ਇਸਰਾਏਲ ਵਿੱਚ ਆਗੂ ਮੁੱਕ ਗਏ।” (ਨਿਆਈਆਂ 5:6, 7) ਲੋਕ ਰਥਾਂ ਉੱਤੇ ਘੁੰਮਦੇ ਲੁਟੇਰਿਆਂ ਤੋਂ ਬਹੁਤ ਸਹਿਮੇ ਹੋਏ ਸਨ। ਇਕ ਵਿਦਵਾਨ ਕਹਿੰਦਾ ਹੈ: “ਇਸਰਾਏਲ ਵਿਚ ਦਹਿਸ਼ਤ ਦਾ ਰਾਜ਼ ਸੀ ਅਤੇ ਸਾਰੇ ਲੋਕ ਨਿਰਬਲ ਤੇ ਬੇਬੱਸ ਸਨ।” ਪਹਿਲਾਂ ਵਾਂਗ ਨਿਰਾਸ਼ ਇਸਰਾਏਲੀਆਂ ਨੇ ਯਹੋਵਾਹ ਅੱਗੇ ਮਦਦ ਲਈ ਫਰਿਆਦ ਕੀਤੀ।
ਯਹੋਵਾਹ ਨੇ ਇਕ ਆਗੂ ਚੁਣਿਆ
ਕਨਾਨੀਆਂ ਦੇ ਜ਼ੁਲਮ ਕਰਕੇ ਪੂਰਾ ਇਸਰਾਏਲ ਸੰਕਟ ਦੀ ਘੜੀ ਵਿੱਚੋਂ ਗੁਜ਼ਰ ਰਿਹਾ ਸੀ। ਪਰਮੇਸ਼ੁਰ ਨੇ ਦਬੋਰਾਹ ਨਬੀਆ ਰਾਹੀਂ ਆਪਣੇ ਫ਼ੈਸਲੇ ਤੇ ਹੁਕਮ ਦੱਸੇ। ਇਸ ਤਰ੍ਹਾਂ ਯਹੋਵਾਹ ਨੇ ਉਸ ਨੂੰ ਪੂਰੇ ਇਸਰਾਏਲ ਦੀ ਮਾਂ ਬਣਨ ਦਾ ਸਨਮਾਨ ਦਿੱਤਾ।—ਨਿਆਈਆਂ 4:4; 5:7.
ਦਬੋਰਾਹ ਨੇ ਬਾਰਾਕ ਨੂੰ ਬੁਲਾ ਕੇ ਕਿਹਾ: “ਭਲਾ, ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਆਗਿਆ ਨਹੀਂ ਦਿੱਤੀ ਭਈ ਜਾਹ ਅਤੇ ਤਬੋਰ ਦੇ ਪਹਾੜ ਵੱਲ ਲੋਕਾਂ ਨੂੰ ਪਰੇਰ ਅਤੇ ਨਫ਼ਤਾਲੀਆਂ ਤੇ ਜ਼ਬੂਲੁਨੀਆਂ ਵਿੱਚੋਂ ਦਸ ਹਜ਼ਾਰ ਜੁਆਨ ਅਪਣੇ ਨਾਲ ਲੈ? ਅਰ ਮੈਂ ਕੀਸ਼ੋਨ ਦੀ ਨਦੀ ਕੋਲ ਯਾਬੀਨ ਦੇ ਸੈਨਾਪਤੀ ਸੀਸਰਾ ਅਤੇ ਉਸ ਦਿਆਂ ਰਥਾਂ ਨੂੰ ਅਤੇ ਉਸ ਦੀ ਭੀੜ ਭਾੜ ਨੂੰ ਤੇਰੇ ਕੋਲ ਖਿੱਚ ਲਿਆਵਾਂਗਾ ਅਤੇ ਤੇਰੇ ਹੱਥਾਂ ਵਿੱਚ ਉਹ ਨੂੰ ਕਰ ਦਿਆਂਗਾ।” (ਨਿਆਈਆਂ 4:6, 7) ‘ਭਲਾ, ਯਹੋਵਾਹ ਨੇ ਆਗਿਆ ਨਹੀਂ ਦਿੱਤੀ’ ਕਹਿ ਕੇ ਦਬੋਰਾਹ ਨੇ ਦਿਖਾਇਆ ਕਿ ਉਹ ਆਪਣੇ ਵੱਲੋਂ ਬਾਰਾਕ ਨੂੰ ਕੋਈ ਹੁਕਮ ਨਹੀਂ ਦੇ ਰਹੀ ਸੀ। ਉਸ ਨੇ ਤਾਂ ਸਿਰਫ਼ ਪਰਮੇਸ਼ੁਰ ਦਾ ਹੁਕਮ ਬਾਰਾਕ ਤਕ ਪਹੁੰਚਾਇਆ ਸੀ। ਇਹ ਸੁਣ ਕੇ ਬਾਰਾਕ ਨੇ ਕੀ ਕਿਹਾ?
ਬਾਰਾਕ ਨੇ ਕਿਹਾ: “ਜੇ ਤੂੰ ਮੇਰੇ ਨਾਲ ਚੱਲੇਂਗੀ ਤਾਂ ਮੈਂ ਜਾਵਾਂਗਾ ਪਰ ਜੇ ਤੂੰ ਮੇਰੇ ਨਾਲ ਨਾ ਚੱਲੇਂ ਤਾਂ ਮੈਂ ਭੀ ਨਹੀਂ ਜਾਂਦਾ।” (ਨਿਆਈਆਂ 4:8) ਬਾਰਾਕ ਪਰਮੇਸ਼ੁਰ ਵੱਲੋਂ ਦਿੱਤੀ ਇਸ ਜ਼ਿੰਮੇਵਾਰੀ ਨੂੰ ਸਵੀਕਾਰ ਕਰਨ ਤੋਂ ਕਿਉਂ ਝਿਜਕ ਰਿਹਾ ਸੀ? ਕੀ ਉਹ ਡਰਪੋਕ ਸੀ? ਕੀ ਉਸ ਨੂੰ ਪਰਮੇਸ਼ੁਰ ਦੇ ਵਾਅਦਿਆਂ ਤੇ ਭਰੋਸਾ ਨਹੀਂ ਸੀ? ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ। ਬਾਰਾਕ ਨੇ ਨਾ ਤਾਂ ਇਹ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕੀਤਾ ਸੀ ਤੇ ਨਾ ਹੀ ਉਸ ਨੇ ਯਹੋਵਾਹ ਦੀ ਅਣਆਗਿਆਕਾਰੀ ਕੀਤੀ ਸੀ। ਇਸ ਦੀ ਬਜਾਇ, ਉਹ ਮਹਿਸੂਸ ਕਰ ਰਿਹਾ ਸੀ ਕਿ ਉਹ ਆਪਣੀ ਹਿੰਮਤ ਨਾਲ ਪਰਮੇਸ਼ੁਰ ਦੇ ਇਸ ਹੁਕਮ ਨੂੰ ਪੂਰਾ ਨਹੀਂ ਕਰ ਪਾਵੇਗਾ। ਪਰਮੇਸ਼ੁਰ ਦਾ ਕੋਈ ਨਬੀ ਨਾਲ ਹੋਣ ਕਰਕੇ ਉਸ ਨੂੰ ਭਰੋਸਾ ਹੋਣਾ ਸੀ ਕਿ ਪਰਮੇਸ਼ੁਰ ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ ਅਤੇ ਉਸ ਨੂੰ ਤੇ ਉਸ ਦੀਆਂ ਫ਼ੌਜਾਂ ਨੂੰ ਹੌਸਲਾ ਮਿਲਣਾ ਸੀ। ਇਸ ਲਈ ਬਾਰਾਕ ਦੀ ਸ਼ਰਤ ਤੋਂ ਉਸ ਦੀ ਕਮਜ਼ੋਰੀ ਦਾ ਨਹੀਂ, ਸਗੋਂ ਉਸ ਦੀ ਮਜ਼ਬੂਤ ਨਿਹਚਾ ਦਾ ਸਬੂਤ ਮਿਲਦਾ ਹੈ।
ਬਾਰਾਕ ਦੀ ਤੁਲਨਾ ਮੂਸਾ, ਗਿਦਓਨ ਅਤੇ ਯਿਰਮਿਯਾਹ ਨਾਲ ਕੀਤੀ ਜਾ ਸਕਦੀ ਹੈ। ਇਨ੍ਹਾਂ ਆਦਮੀਆਂ ਨੂੰ ਵੀ ਆਪਣੇ ਉੱਤੇ ਭਰੋਸਾ ਨਹੀਂ ਸੀ ਕਿ ਉਹ ਪਰਮੇਸ਼ੁਰ ਦੁਆਰਾ ਦਿੱਤੇ ਕੰਮ ਪੂਰੇ ਕਰ ਪਾਉਣਗੇ। ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਵਫ਼ਾਦਾਰ ਨਹੀਂ ਸਨ। (ਕੂਚ 3:11-4:17; 33:12-17; ਨਿਆਈਆਂ 6:11-22, 36-40; ਯਿਰਮਿਯਾਹ 1:4-10) ਦਬੋਰਾਹ ਦੇ ਰਵੱਈਏ ਬਾਰੇ ਕੀ ਕਿਹਾ ਜਾ ਸਕਦਾ ਹੈ? ਉਸ ਨੇ ਪ੍ਰਧਾਨ ਬਣਨ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਨਿਮਰ ਰਹੀ। ਉਸ ਨੇ ਬਾਰਾਕ ਨੂੰ ਕਿਹਾ: “ਜ਼ਰੂਰ ਮੈਂ ਤੇਰੇ ਨਾਲ ਤੁਰਾਂਗੀ।” (ਨਿਆਈਆਂ 4:9) ਉਹ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਬਾਰਾਕ ਨਾਲ ਲੜਾਈ ਵਿਚ ਜਾਣ ਲਈ ਤਿਆਰ ਸੀ। ਦਬੋਰਾਹ ਵੀ ਨਿਹਚਾ ਅਤੇ ਦਲੇਰੀ ਦੀ ਚੰਗੀ ਮਿਸਾਲ ਹੈ।
ਨਿਹਚਾ ਕਰ ਕੇ ਉਹ ਬਾਰਾਕ ਦੇ ਨਾਲ ਗਏ
ਇਸਰਾਏਲੀ ਫ਼ੌਜਾਂ ਨੂੰ ਤਾਬੋਰ ਪਹਾੜ ਤੇ ਇਕੱਠਾ ਹੋਣ ਲਈ ਕਿਹਾ ਗਿਆ ਸੀ। ਇਹ ਜਗ੍ਹਾ ਕਿਉਂ ਚੁਣੀ ਗਈ ਸੀ? ਕਿਉਂਕਿ ਇਸ ਪਹਾੜ ਲਾਗੇ ਰਹਿੰਦੇ ਨਫਤਾਲੀ ਅਤੇ ਜ਼ਬੁਲੂਨ ਗੋਤਾਂ ਦੇ ਲੋਕਾਂ ਲਈ ਇੱਥੇ ਆਉਣਾ ਆਸਾਨ ਸੀ। ਇਸ ਲਈ ਪਰਮੇਸ਼ੁਰ ਦੇ ਹੁਕਮ ਅਨੁਸਾਰ ਦਸ ਹਜ਼ਾਰ ਫ਼ੌਜੀ ਅਤੇ ਦਬੋਰਾਹ ਬਾਰਾਕ ਦੇ ਨਾਲ ਇਸ ਪਹਾੜ ਉੱਤੇ ਚੜ੍ਹੇ।
ਬਾਰਾਕ ਦੇ ਸਾਥੀਆਂ ਨੂੰ ਨਿਹਚਾ ਕਰਨ ਦੀ ਲੋੜ ਸੀ। ਯਹੋਵਾਹ ਨੇ ਵਾਅਦਾ ਕੀਤਾ ਸੀ ਕਿ ਬਾਰਾਕ ਕਨਾਨੀਆਂ ਨੂੰ ਜਿੱਤ ਲਵੇਗਾ। ਪਰ ਇਸਰਾਏਲੀਆਂ ਕੋਲ ਕਿਸ ਤਰ੍ਹਾਂ ਦੇ ਹਥਿਆਰ ਸਨ? ਨਿਆਈਆਂ 5:8 ਵਿਚ ਲਿਖਿਆ ਹੈ: “ਭਲਾ, ਇਸਰਾਏਲ ਦਿਆਂ ਚਾਲੀ ਹਜ਼ਾਰਾਂ ਵਿੱਚੋਂ ਇੱਕ ਢਾਲ ਯਾ ਇੱਕ ਬਰਛੀ ਵੀ ਦਿੱਸੀ?” ਇਸ ਤੋਂ ਪਤਾ ਲੱਗਦਾ ਹੈ ਕਿ ਇਸਰਾਏਲੀ ਲੜਨ ਵਾਸਤੇ ਲੈਸ ਨਹੀਂ ਸਨ। ਜੇ ਉਨ੍ਹਾਂ ਕੋਲ ਬਰਛੇ ਤੇ ਢਾਲਾਂ ਹੁੰਦੀਆਂ ਵੀ, ਤਾਂ ਵੀ ਉਹ ਮੁਕਾਬਲਾ ਨਹੀਂ ਕਰ ਸਕਦੇ ਸਨ ਕਿਉਂਕਿ ਦੁਸ਼ਮਣਾਂ ਕੋਲ ਰਥ ਸਨ ਜਿਨ੍ਹਾਂ ਤੇ ਲੋਹੇ ਦੇ ਵੱਡੇ-ਵੱਡੇ ਸੂਏ ਲੱਗੇ ਹੋਏ ਸਨ। ਜਦੋਂ ਸੀਸਰਾ ਨੂੰ ਪਤਾ ਲੱਗਾ ਕਿ ਬਾਰਾਕ ਤਾਬੋਰ ਪਹਾੜ ਤੇ ਚੜ੍ਹ ਗਿਆ ਸੀ, ਤਾਂ ਉਸ ਨੇ ਵੀ ਆਪਣੇ ਸਾਰੇ ਰਥ ਅਤੇ ਫ਼ੌਜਾਂ ਕੀਸ਼ੋਨ ਨਦੀ ਦੀ ਵਾਦੀ ਵਿਚ ਬੁਲਾ ਲਈਆਂ। (ਨਿਆਈਆਂ 4:12, 13) ਸੀਸਰਾ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਹੋਇਆ ਕਿ ਉਹ ਸਰਬਸ਼ਕਤੀਮਾਨ ਪਰਮੇਸ਼ੁਰ ਨਾਲ ਲੜਨ ਵਾਲਾ ਸੀ।
ਬਾਰਾਕ ਨੇ ਸੀਸਰਾ ਦੀ ਫ਼ੌਜ ਨੂੰ ਮਾਰ-ਮੁਕਾਇਆ
ਜਦੋਂ ਮੁਕਾਬਲੇ ਦਾ ਸਮਾਂ ਆਇਆ, ਤਾਂ ਦਬੋਰਾਹ ਨੇ ਬਾਰਾਕ ਨੂੰ ਕਿਹਾ: “ਉੱਠ, ਕਿਉਂ ਜੋ ਇਹ ਉਹ ਦਿਨ ਹੈ ਜਿਸ ਦੇ ਵਿੱਚ ਯਹੋਵਾਹ ਨੇ ਸੀਸਰਾ ਨੂੰ ਤੇਰੇ ਵੱਸ ਕਰ ਦਿੱਤਾ ਹੈ! ਭਲਾ, ਯਹੋਵਾਹ ਤੇਰੇ ਮੋਹਰੇ ਨਹੀਂ ਨਿੱਕਲਿਆ?” ਬਾਰਾਕ ਅਤੇ ਉਸ ਦੀਆਂ ਫ਼ੌਜਾਂ ਨੇ ਤਾਬੋਰ ਪਹਾੜ ਤੋਂ ਉੱਤਰ ਕੇ ਥੱਲੇ ਵਾਦੀ ਵਿਚ ਆਉਣਾ ਸੀ। ਇਸ ਨਾਲ ਸੀਸਰਾ ਦੇ ਰਥਾਂ ਨੂੰ ਫ਼ਾਇਦਾ ਹੋਣਾ ਸੀ। ਜੇ ਤੁਸੀਂ ਬਾਰਾਕ ਦੀ ਫ਼ੌਜ ਵਿਚ ਹੁੰਦੇ, ਤਾਂ ਤੁਸੀਂ ਕਿਵੇਂ ਮਹਿਸੂਸ ਕਰਦੇ? ਕੀ ਤੁਸੀਂ ਦਬੋਰਾਹ ਦੀ ਗੱਲ ਮੰਨਦੇ, ਇਹ ਯਾਦ ਰੱਖਦੇ ਹੋਏ ਕਿ ਇਹ ਹੁਕਮ ਯਹੋਵਾਹ ਵੱਲੋਂ ਆਇਆ ਹੈ? ਬਾਰਾਕ ਅਤੇ ਉਸ ਦੇ ਦਸ ਹਜ਼ਾਰ ਫ਼ੌਜੀਆਂ ਨੇ ਗੱਲ ਮੰਨ ਲਈ। “ਤਾਂ ਯਹੋਵਾਹ ਨੇ ਸੀਸਰਾ ਨੂੰ ਅਤੇ ਉਹ ਦੇ ਸਾਰਿਆਂ ਰਥਾਂ ਨੂੰ ਅਤੇ ਉਹ ਦੀ ਸਾਰੀ ਫੌਜ ਨੂੰ ਬਾਰਾਕ ਦੇ ਅੱਗੇ ਤਲਵਾਰ ਦੀ ਧਾਰ ਨਾਲ ਹਰਾ ਦਿੱਤਾ।”—ਨਿਆਈਆਂ 4:14, 15.
ਯਹੋਵਾਹ ਦੀ ਮਦਦ ਨਾਲ ਬਾਰਾਕ ਨੇ ਸੀਸਰਾ ਦੀ ਫ਼ੌਜ ਨੂੰ ਮਾਰ-ਮੁਕਾਇਆ। ਬਾਈਬਲ ਵਿਚ ਇਸ ਲੜਾਈ ਦਾ ਪੂਰਾ ਵੇਰਵਾ ਨਹੀਂ ਦਿੱਤਾ ਗਿਆ ਹੈ। ਪਰ ਬਾਰਾਕ ਅਤੇ ਦਬੋਰਾਹ ਦੇ ਜਿੱਤ ਦੇ ਗੀਤ ਵਿਚ ਕਿਹਾ ਗਿਆ ਹੈ ਕਿ ‘ਅਕਾਸ਼ ਅਤੇ ਘਟਾਂ ਤੋਂ ਕਣੀਆਂ ਵਰ੍ਹੀਆਂ।’ ਹੋ ਸਕਦਾ ਹੈ ਕਿ ਇੰਨੇ ਜ਼ੋਰ ਨਾਲ ਮੀਂਹ ਪੈਣ ਕਰਕੇ ਸੀਸਰਾ ਦੇ ਰਥ ਚਿੱਕੜ ਵਿਚ ਖੁੱਭ ਗਏ ਸਨ ਜਿਸ ਦਾ ਬਾਰਾਕ ਨੂੰ ਫ਼ਾਇਦਾ ਹੋਇਆ। ਕਨਾਨੀਆਂ ਦਾ ਮੁੱਖ ਹਥਿਆਰ ਉਨ੍ਹਾਂ ਦੀ ਹਾਰ ਦਾ ਕਾਰਨ ਬਣ ਗਿਆ। ਸੀਸਰਾ ਦੇ ਫ਼ੌਜੀਆਂ ਦੀਆਂ ਲੋਥਾਂ ਬਾਰੇ ਉਸ ਗੀਤ ਵਿਚ ਦੱਸਿਆ ਗਿਆ ਕਿ “ਕੀਸ਼ੋਨ ਦੀ ਨਦੀ ਉਨ੍ਹਾਂ ਨੂੰ ਰੋੜ੍ਹ ਕੇ ਲੈ ਗਈ।”—ਨਿਆਈਆਂ 5:4, 21.
ਕੀ ਇਸ ਬਿਰਤਾਂਤ ਉੱਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ? ਕੀਸ਼ੋਨ ਨਦੀ ਅਸਲ ਵਿਚ ਇਕ ਬਰਸਾਤੀ ਨਾਲਾ ਹੈ ਜਿਸ ਵਿਚ ਆਮ ਕਰਕੇ ਬਹੁਤ ਥੋੜ੍ਹਾ ਪਾਣੀ ਹੁੰਦਾ ਹੈ। ਤੂਫ਼ਾਨਾਂ ਜਾਂ ਲੰਬੀਆਂ ਬਰਸਾਤਾਂ ਤੋਂ ਬਾਅਦ ਅਜਿਹੇ ਨਾਲੇ ਨੱਕੋ-ਨੱਕ ਭਰ ਜਾਂਦੇ ਹਨ ਤੇ ਦਰਿਆ ਦਾ ਰੂਪ ਧਾਰ ਲੈਂਦੇ ਹਨ। ਪਹਿਲੇ ਵਿਸ਼ਵ ਯੁੱਧ ਦੌਰਾਨ, ਇਸੇ ਇਲਾਕੇ ਵਿਚ ਸਿਰਫ਼ 15 ਮਿੰਟ ਮੀਂਹ ਪੈਣ ਕਰਕੇ ਸਾਰੀਆਂ ਘੋੜਸਵਾਰ ਫ਼ੌਜਾਂ ਲਈ ਲੜਨਾ ਮੁਸ਼ਕਲ ਹੋ ਗਿਆ। ਤਾਬੋਰ ਦੇ ਪਹਾੜ ਉੱਤੇ ਨੈਪੋਲੀਅਨ ਦੀਆਂ ਫ਼ੌਜਾਂ ਅਤੇ ਤੁਰਕੀ ਫ਼ੌਜਾਂ ਵਿਚ 16 ਅਪ੍ਰੈਲ 1799 ਨੂੰ ਹੋਈ ਲੜਾਈ ਦੇ ਬਿਰਤਾਂਤ ਵਿਚ ਕਿਹਾ ਗਿਆ ਹੈ ਕਿ “ਕੀਸ਼ੋਨ ਨਦੀ ਵਿਚ ਆਏ ਹੜ੍ਹ ਕਰਕੇ ਬਹੁਤ ਸਾਰੇ ਤੁਰਕੀ ਫ਼ੌਜੀ ਡੁੱਬ ਗਏ।”
ਯਹੂਦੀ ਇਤਿਹਾਸਕਾਰ ਫਲੇਵੀਅਸ ਜੋਸੀਫ਼ਸ ਨੇ ਲਿਖਿਆ ਕਿ ਜਦੋਂ ਸੀਸਰਾ ਅਤੇ ਬਾਰਾਕ ਦੀਆਂ ਫ਼ੌਜਾਂ ਵਿਚ ਮੁਠ-ਭੇੜ ਹੋਣ ਹੀ ਵਾਲੀ ਸੀ, “ਤਾਂ ਆਕਾਸ਼ੋਂ ਇਕ ਵੱਡਾ ਤੂਫਾਨ ਆਪਣੇ ਨਾਲ ਜ਼ੋਰਦਾਰ ਮੀਂਹ ਅਤੇ ਗੜੇ ਲੈ ਕੇ ਆਇਆ। ਤੇਜ਼ ਹਵਾ ਚੱਲਣ ਕਰਕੇ ਮੀਂਹ ਕਨਾਨੀਆਂ ਦੇ ਮੂੰਹਾਂ ਉੱਤੇ ਪੈ ਰਿਹਾ ਸੀ ਜਿਸ ਕਰਕੇ ਉਨ੍ਹਾਂ ਨੂੰ ਕੁਝ ਦਿਖਾਈ ਨਹੀਂ ਦਿੱਤਾ। ਇਸ ਕਰਕੇ ਉਹ ਤੀਰ ਅਤੇ ਗੁਲੇਲਾਂ ਨਾ ਚਲਾ ਸਕੇ।”
ਨਿਆਈਆਂ 5:20 ਵਿਚ ਦੱਸਿਆ ਹੈ ਕਿ ‘ਅਕਾਸ਼ੋਂ ਤਾਰੇ ਸੀਸਰਾ ਨਾਲ ਲੜੇ।’ ਤਾਰੇ ਸੀਸਰਾ ਨਾਲ ਕਿਵੇਂ ਲੜੇ ਸਨ? ਕਈ ਲੋਕ ਕਹਿੰਦੇ ਹਨ ਕਿ ਇਸ ਦਾ ਮਤਲਬ ਹੈ ਕਿ ਬਾਰਾਕ ਨੂੰ ਰੱਬੀ ਮਦਦ ਮਿਲੀ ਸੀ। ਕਈ ਕਹਿੰਦੇ ਹਨ ਕਿ ਦੂਤਾਂ ਨੇ ਉਸ ਦੀ ਮਦਦ ਕੀਤੀ ਸੀ ਜਾਂ ਆਕਾਸ਼ੋਂ ਤਾਰੇ ਟੁੱਟ ਕੇ ਡਿੱਗੇ ਸਨ ਜਾਂ ਫਿਰ ਸੀਸਰਾ ਦਾ ਜੋਤਸ਼ੀਆਂ ਦੀਆਂ ਭਵਿੱਖਬਾਣੀਆਂ ਤੇ ਭਰੋਸਾ ਸੀ ਜੋ ਗ਼ਲਤ ਸਾਬਤ ਹੋਈਆਂ। ਬਾਈਬਲ ਵਿਚ ਨਹੀਂ ਦੱਸਿਆ ਗਿਆ ਕਿ ਤਾਰੇ ਕਿੱਦਾਂ ਲੜੇ ਸਨ, ਇਸ ਲਈ ਇਸ ਤੋਂ ਸਿਰਫ਼ ਇਹੀ ਸਮਝਣਾ ਕਾਫ਼ੀ ਹੈ ਕਿ ਪਰਮੇਸ਼ੁਰ ਨੇ ਕਿਸੇ ਤਰੀਕੇ ਨਾਲ ਇਸਰਾਏਲੀ ਫ਼ੌਜਾਂ ਦੀ ਮਦਦ ਕੀਤੀ ਸੀ। ਜੋ ਵੀ ਸੀ, ਇਸਰਾਏਲੀਆਂ ਨੇ ਮੌਕੇ ਦਾ ਪੂਰਾ ਫ਼ਾਇਦਾ ਲਿਆ। ‘ਬਾਰਾਕ ਨੇ ਰਥਾਂ ਦਾ ਪਿੱਛਾ ਕੀਤਾ ਅਤੇ ਸੀਸਰਾ ਦੀ ਸਾਰੀ ਫੌਜ ਤਲਵਾਰ ਨਾਲ ਐਉਂ ਵੱਢੀ ਕਿ ਇੱਕ ਭੀ ਨਾ ਬਚਿਆ।’ (ਨਿਆਈਆਂ 4:16) ਫ਼ੌਜ ਦੇ ਕਮਾਂਡਰ ਸੀਸਰਾ ਦਾ ਕੀ ਬਣਿਆ?
ਜ਼ਾਲਮ “ਇਕ ਤੀਵੀਂ” ਹੱਥੋਂ ਮਾਰਿਆ ਗਿਆ
ਬਾਈਬਲ ਦੱਸਦੀ ਹੈ: “ਸੀਸਰਾ [ਲੜਾਈ ਵਿੱਚੋਂ] ਪੈਦਲ ਭੱਜ ਕੇ ਹਬਰ ਕੇਨੀ ਦੀ ਵਹੁਟੀ ਯਾਏਲ ਦੇ ਤੰਬੂ ਵੱਲ ਗਿਆ, ਕਿਉਂ ਜੋ ਹਾਸੋਰ ਦੇ ਰਾਜਾ ਯਾਬੀਨ ਅਤੇ ਹਬਰ ਕੇਨੀ ਦੇ ਟੱਬਰ ਵਿੱਚ ਮੇਲ ਸੀ।” ਯਾਏਲ ਨੇ ਥੱਕੇ-ਟੁੱਟੇ ਸੀਸਰਾ ਨੂੰ ਆਪਣੇ ਤੰਬੂ ਵਿਚ ਬੁਲਾਇਆ, ਪੀਣ ਲਈ ਦੁੱਧ ਦਿੱਤਾ ਅਤੇ ਉਸ ਨੂੰ ਢੱਕ ਦਿੱਤਾ। ਸੀਸਰਾ ਗੂੜ੍ਹੀ ਨੀਂਦ ਸੌਂ ਗਿਆ। ਫਿਰ ਯਾਏਲ ਨੇ “ਤੰਬੂ ਦੀ ਇੱਕ ਕਿੱਲੀ ਚੁੱਕੀ ਅਤੇ ਇੱਕ ਮੁੰਗਲੀ ਹੱਥ ਵਿੱਚ ਲੈ ਲਈ।” ਇਹ ਚੀਜ਼ਾਂ ਆਮ ਤੌਰ ਤੇ ਤੰਬੂਆਂ ਵਿਚ ਰਹਿਣ ਵਾਲਿਆਂ ਕੋਲ ਹੁੰਦੀਆਂ ਹਨ। ਉਸ ਨੇ “ਮਲਕੜੇ ਉਹ ਦੇ ਕੋਲ ਜਾ ਕੇ ਉਹ ਦੀ ਪੁੜਪੁੜੀ ਵਿੱਚ ਕਿੱਲੀ ਨੂੰ ਵਾੜ ਕੇ ਅਜਿਹਾ ਠੋਕਿਆ ਜੋ ਉਹ ਧਰਤੀ ਦੇ ਵਿੱਚ ਜਾ ਖੁੱਭੀ ਇਸ ਲਈ ਜੋ ਉਹ ਥਕਾਵਟ ਤੋਂ ਘੂਕ ਸੁੱਤਾ ਪਿਆ ਸੀ, ਸੋ ਉਹ ਮਰ ਗਿਆ।”—ਨਿਆਈਆਂ 4:17-21.
ਫਿਰ ਯਾਏਲ ਬਾਰਾਕ ਨੂੰ ਮਿਲਣ ਲਈ ਬਾਹਰ ਆਈ ਤੇ ਉਸ ਨੂੰ ਕਿਹਾ: “ਆ ਅਤੇ ਤੈਨੂੰ ਮੈਂ ਉਹ ਮਨੁੱਖ ਵਿਖਾਵਾਂਗੀ ਜਿਹ ਨੂੰ ਤੂੰ ਭਾਲਦਾ ਹੈਂ ਅਤੇ ਜਦ ਉਹ ਉਸ ਦੇ ਕੋਲ ਗਿਆ ਤਾਂ ਵੇਖੋ, ਸੀਸਰਾ ਮੋਇਆ ਪਿਆ ਸੀ ਅਤੇ ਕਿੱਲੀ ਉਸ ਦੀ ਪੁੜਪੁੜੀ ਵਿੱਚ ਸੀ।” ਇਹ ਦੇਖ ਕੇ ਬਾਰਾਕ ਦੀ ਨਿਹਚਾ ਕਿੰਨੀ ਮਜ਼ਬੂਤ ਹੋਈ ਹੋਣੀ! ਦਬੋਰਾਹ ਨਬੀਆ ਨੇ ਪਹਿਲਾਂ ਹੀ ਉਸ ਨੂੰ ਦੱਸ ਦਿੱਤਾ ਸੀ: “ਇਸ ਪੈਂਡੇ ਵਿੱਚ ਜੋ ਤੂੰ ਕਰਦਾ ਹੈਂ ਤੇਰਾ ਆਦਰ ਭਾਉ ਕੁਝ ਨਾ ਹੋਵੇਗਾ ਕਿਉਂ ਜੋ ਯਹੋਵਾਹ ਸੀਸਰਾ ਨੂੰ ਇੱਕ ਤੀਵੀਂ ਦੇ ਹੱਥ ਵੇਚ ਦੇਵੇਗਾ।”—ਨਿਆਈਆਂ 4:9, 22.
ਕੀ ਯਾਏਲ ਨੇ ਸੀਸਰਾ ਨੂੰ ਧੋਖਾ ਦਿੱਤਾ ਸੀ? ਯਹੋਵਾਹ ਨੇ ਇਸ ਤਰ੍ਹਾਂ ਨਹੀਂ ਸੋਚਿਆ। ਬਾਰਾਕ ਅਤੇ ਦਬੋਰਾਹ ਦੇ ਜਿੱਤ ਦੇ ਗੀਤ ਵਿਚ ਕਿਹਾ ਗਿਆ ਹੈ: ‘ਯਾਏਲ ਤੰਬੂ ਦੀਆਂ ਤੀਵੀਆਂ ਨਾਲੋਂ ਮੁਬਾਰਕ ਹੋਵੇ!’ ਇਸ ਗੀਤ ਤੋਂ ਪਤਾ ਲੱਗਾ ਹੈ ਕਿ ਸੀਸਰਾ ਦਾ ਇਸ ਤਰੀਕੇ ਨਾਲ ਮਰਨਾ ਸਹੀ ਸੀ। ਸੀਸਰਾ ਦੀ ਮਾਂ ਬਾਰੇ ਕਿਹਾ ਗਿਆ ਹੈ ਕਿ ਉਹ ਬੇਤਾਬੀ ਨਾਲ ਉਸ ਦੇ ਲੜਾਈ ਤੋਂ ਮੁੜਨ ਦੀ ਉਡੀਕ ਕਰ ਰਹੀ ਸੀ। “ਉਹ ਦੇ ਰਥ ਦੇ ਆਉਣ ਵਿੱਚ ਇੱਡਾ ਚਿਰ ਕਿਉਂ ਲੱਗਾ?” ਉਸ ਨੇ ਪੁੱਛਿਆ। “ਉਹ ਦੀਆਂ ਸਿਆਣੀਆਂ ਸਰਦਾਰਨੀਆਂ” ਨੇ ਇਹ ਕਹਿ ਕੇ ਉਸ ਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ ਕਿ ਉਹ ਲੜਾਈ ਵਿਚ ਲੁੱਟਿਆ ਮਾਲ—ਕਢਾਈ ਕੱਢੇ ਸੋਹਣੇ-ਸੋਹਣੇ ਕੱਪੜੇ ਅਤੇ ਆਪਣੇ ਫ਼ੌਜੀਆਂ ਨੂੰ ਕੁੜੀਆਂ—ਵੰਡ ਰਿਹਾ ਹੋਵੇਗਾ। ਇਹ ਤੀਵੀਆਂ ਪੁੱਛਦੀਆਂ ਹਨ: “ਭਲਾ, ਓਹ ਨਹੀਂ ਲੁੱਟ ਪਾ ਪਾ ਕੇ ਉਹ ਨੂੰ ਵੰਡਦੇ ਹਨ, ਇੱਕ ਇੱਕ ਵੀਰ ਨੂੰ ਇੱਕ ਦੋ ਕੁੜੀਆਂ, ਅਤੇ ਸੀਸਰਾ ਨੂੰ ਰੰਗ ਬਰੰਗੇ ਬਸਤਰ ਦੀ ਲੁੱਟ? . . . ਲੁੱਟੇ ਹੋਇਆਂ ਦੀਆਂ ਧੌਣਾਂ ਦਾ ਦੋ ਪਾਸਾ ਕੰਢਿਆ ਹੋਇਆ ਰੰਗ ਬਰੰਗਾ ਬਸਤਰ?”—ਨਿਆਈਆਂ 5:24, 28-30.
ਸਾਡੇ ਲਈ ਸਬਕ
ਇਸ ਘਟਨਾ ਤੋਂ ਅਸੀਂ ਜ਼ਰੂਰੀ ਸਬਕ ਸਿੱਖਦੇ ਹਾਂ। ਯਹੋਵਾਹ ਨੂੰ ਆਪਣੀ ਜ਼ਿੰਦਗੀ ਵਿੱਚੋਂ ਕੱਢ ਦੇਣ ਵਾਲਿਆਂ ਨੂੰ ਸਮੱਸਿਆਵਾਂ ਤੇ ਨਿਰਾਸ਼ਾ ਦਾ ਸਾਮ੍ਹਣਾ ਤਾਂ ਕਰਨਾ ਹੀ ਪਵੇਗਾ। ਜਿਹੜੇ ਲੋਕ ਤੋਬਾ ਕਰਕੇ ਪਰਮੇਸ਼ੁਰ ਵੱਲ ਮੁੜਦੇ ਹਨ ਅਤੇ ਉਸ ਉੱਤੇ ਨਿਹਚਾ ਕਰਦੇ ਹਨ, ਉਨ੍ਹਾਂ ਨੂੰ ਹਰ ਕਿਸਮ ਦੇ ਜ਼ੁਲਮ ਤੋਂ ਛੁਟਕਾਰਾ ਮਿਲੇਗਾ। ਕੀ ਸਾਨੂੰ ਵੀ ਆਗਿਆਕਾਰ ਰਹਿਣਾ ਨਹੀਂ ਚਾਹੀਦਾ? ਜਦੋਂ ਪਰਮੇਸ਼ੁਰ ਦੀਆਂ ਮੰਗਾਂ ਇਨਸਾਨੀ ਦਲੀਲਾਂ ਦੇ ਉਲਟ ਵੀ ਹੋਣ, ਤਾਂ ਵੀ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਇਹ ਮੰਗਾਂ ਹਮੇਸ਼ਾ ਸਾਡੇ ਫ਼ਾਇਦੇ ਲਈ ਹਨ। (ਯਸਾਯਾਹ 48:17, 18) ਯਹੋਵਾਹ ਉੱਤੇ ਨਿਹਚਾ ਰੱਖ ਕੇ ਅਤੇ ਉਸ ਦੀਆਂ ਹਿਦਾਇਤਾਂ ਅਨੁਸਾਰ ਚੱਲ ਕੇ ਹੀ ਬਾਰਾਕ ਨੇ “ਓਪਰਿਆਂ ਦੀਆਂ ਫ਼ੌਜਾਂ ਨੂੰ ਭਜਾ ਦਿੱਤਾ।”—ਇਬਰਾਨੀਆਂ 11:32-34.
ਦਬੋਰਾਹ ਅਤੇ ਬਾਰਾਕ ਦੇ ਗੀਤ ਦੀ ਸਮਾਪਤੀ ਬਹੁਤ ਹੀ ਢੁਕਵੀਂ ਹੈ: “ਹੇ ਯਹੋਵਾਹ, ਤੇਰੇ ਸਾਰੇ ਵੈਰੀ ਨਾਸ ਹੋ ਜਾਣ! ਪਰ ਉਹ ਦੇ ਪ੍ਰੇਮੀ ਸੂਰਜ ਵਾਂਗਰ ਹੋਣ, ਜਦ ਉਹ ਆਪਣੇ ਬਲ ਨਾਲ ਚੜ੍ਹਦਾ ਹੈ।” (ਨਿਆਈਆਂ 5:31) ਇਹ ਗੱਲ ਉਸ ਵੇਲੇ ਕਿੰਨੀ ਸੱਚ ਹੋਵੇਗੀ ਜਦੋਂ ਯਹੋਵਾਹ ਸ਼ਤਾਨ ਦੀ ਇਸ ਬੁਰੀਆਂ ਦੁਨੀਆਂ ਦਾ ਅੰਤ ਕਰੇਗਾ!
[ਸਫ਼ੇ 29 ਉੱਤੇ ਤਸਵੀਰ]
ਯਹੋਵਾਹ ਨੇ ਦਬੋਰਾਹ ਦੇ ਰਾਹੀਂ ਬਾਰਾਕ ਨੂੰ ਹਿਦਾਇਤਾਂ ਦਿੱਤੀਆਂ
[ਸਫ਼ੇ 31 ਉੱਤੇ ਤਸਵੀਰ]
ਕੀਸ਼ੋਨ ਨਦੀ ਕੰਢਿਆਂ ਤੋਂ ਬਾਹਰ ਵਹਿ ਰਹੀ ਹੈ
[ਕ੍ਰੈਡਿਟ ਲਾਈਨ]
Pictorial Archive (Near Eastern History) Est.
[ਸਫ਼ੇ 31 ਉੱਤੇ ਤਸਵੀਰ]
ਤਾਬੋਰ ਦਾ ਪਹਾੜ