ਜੀਵਨੀ
ਰੂਹਾਨੀ ਗੱਲਾਂ ਤੇ ਧਿਆਨ ਰੱਖਣ ਨਾਲ ਮੈਂ ਸੁਖ ਪਾਇਆ
ਬੈਂਜਾਮਿਨ ਈਕੀਚੂਕੂ ਓਸਵੇਕਾ ਦੀ ਜ਼ਬਾਨੀ
ਪਾਇਨੀਅਰ ਸੇਵਾ ਸ਼ੁਰੂ ਕਰਨ ਤੋਂ ਥੋੜ੍ਹੀ ਦੇਰ ਬਾਅਦ ਮੈਂ ਆਪਣੇ ਮਾਪਿਆਂ ਨੂੰ ਮਿਲਣ ਗਿਆ। ਮੈਨੂੰ ਦੇਖਦੇ ਹੀ ਪਿਤਾ ਜੀ ਨੇ ਕਮੀਜ਼ ਤੋਂ ਫੜ ਕੇ ਮੈਨੂੰ ਉੱਚੀ ਆਵਾਜ਼ ਵਿਚ “ਚੋਰ!” ਕਹਿਣ ਲੱਗੇ। ਉਨ੍ਹਾਂ ਨੇ ਮੈਨੂੰ ਆਪਣੇ ਚਾਕੂ ਦੇ ਚਪਟੇ ਪਾਸਿਓਂ ਮਾਰਿਆ। ਸ਼ੋਰਸ਼ਰਾਬਾ ਸੁਣ ਕੇ ਪਿੰਡ ਦੇ ਕਈ ਲੋਕ ਸਾਡੇ ਘਰ ਇਕੱਠੇ ਹੋ ਗਏ। ਆਖ਼ਰ ਮੈਂ ਕੀ ਚੋਰੀ ਕੀਤਾ ਸੀ? ਆਓ ਮੈਂ ਤੁਹਾਨੂੰ ਦੱਸਾਂ।
ਮੇਰਾ ਜਨਮ ਸਾਲ 1930 ਦੱਖਣੀ-ਪੂਰਬੀ ਨਾਈਜੀਰੀਆ ਦੇ ਉਮਾਰਿਅਮ ਪਿੰਡ ਵਿਚ ਹੋਇਆ ਸੀ। ਅਸੀਂ ਸੱਤ ਭੈਣ-ਭਰਾ ਸਨ ਅਤੇ ਮੈਂ ਸਭ ਤੋਂ ਵੱਡਾ ਸੀ। ਮੇਰੀਆਂ ਭੈਣਾਂ ਵਿੱਚੋਂ ਸਭ ਤੋਂ ਵੱਡੀ 13 ਸਾਲਾਂ ਦੀ ਸੀ ਜਦੋਂ ਉਹ ਪੂਰੀ ਹੋ ਗਈ। ਮੇਰੇ ਮਾਪੇ ਕ੍ਰਿਸ਼ਚਿਅਨ ਸਨ (ਐਂਗਲੀਕਨ ਚਰਚ ਦੇ ਮੈਂਬਰ)। ਪਿਤਾ ਜੀ ਖੇਤੀਬਾੜੀ ਦਾ ਕੰਮ ਕਰਦੇ ਸਨ ਅਤੇ ਮਾਤਾ ਜੀ ਤੇਲ ਵੇਚਣ ਦਾ ਛੋਟਾ ਜਿਹਾ ਧੰਦਾ ਕਰਦੇ ਸਨ। ਮਾਤਾ ਜੀ ਪਿੰਡ ਤੋਂ ਕੁਝ 30 ਕਿਲੋਮੀਟਰ ਦੀ ਵਾਟ ਤੁਰ ਕੇ ਬਾਜ਼ਾਰੋਂ ਖਜੂਰ ਦੇ ਤੇਲ ਦਾ ਇਕ ਪੀਪਾ ਲੈਣ ਜਾਂਦੇ ਸਨ। ਉਹ ਉਸੇ ਦਿਨ ਘਰ ਮੁੜ ਆਉਂਦੇ ਸਨ, ਇਸ ਲਈ ਰਾਤ ਨੂੰ ਕਾਫ਼ੀ ਦੇਰ ਹੋ ਜਾਂਦੀ ਸੀ। ਫਿਰ ਅਗਲੇ ਦਿਨ ਉਹ ਸਾਝਰੇ ਉੱਠ ਕੇ 40 ਕਿਲੋਮੀਟਰ ਪੈਦਲ ਸਫ਼ਰ ਕਰ ਕੇ ਤੇਲ ਵੇਚਣ ਲਈ ਸ਼ਹਿਰ ਨੂੰ ਜਾਂਦੇ ਸਨ। ਜੇਕਰ ਥੋੜ੍ਹੇ-ਬਹੁਤੇ ਪੈਸੇ ਬਣਦੇ ਵੀ ਸਨ, ਤਾਂ ਉਹ ਪਰਿਵਾਰ ਲਈ ਕੁਝ ਰਾਸ਼ਨ-ਪਾਣੀ ਲੈ ਆਉਂਦੇ ਸਨ। ਪਰ ਆਮ ਤੌਰ ਤੇ ਮਸਾਂ ਹੀ 6-7 ਰੁਪਏ [15 ਅਮਰੀਕੀ ਸੈਂਟ] ਬਣਦੇ ਸਨ। ਉਨ੍ਹਾਂ ਨੇ 1950 ਵਿਚ ਆਪਣੀ ਮੌਤ ਤਕ 15 ਸਾਲਾਂ ਲਈ ਇਹ ਰੁਟੀਨ ਰੱਖੀ।
ਮੈਂ ਪਿੰਡ ਦੇ ਇਕ ਸਕੂਲ ਵਿਚ ਪੜ੍ਹਨ ਲੱਗਾ ਜਿਸ ਨੂੰ ਚਰਚ ਦੁਆਰਾ ਚਲਾਇਆ ਜਾਂਦਾ ਸੀ। ਪਰ ਐਲੀਮੈਂਟਰੀ ਸਕੂਲ ਵਿਚ ਪੜ੍ਹਾਈ ਪੂਰੀ ਕਰਨ ਲਈ ਬੋਰਡਿਗ ਸਕੂਲ ਜਾਣ ਦੀ ਲੋੜ ਸੀ ਜੋ ਤਕਰੀਬਨ ਸਾਡੇ ਘਰ ਤੋਂ 35 ਕਿਲੋਮੀਟਰ ਦੂਰ ਸੀ। ਮੇਰੇ ਮਾਪੇ ਮੇਰੀ ਪੜ੍ਹਾਈ ਦਾ ਖ਼ਰਚਾ ਨਹੀਂ ਚੁੱਕ ਸਕਦੇ ਸਨ ਇਸ ਲਈ ਮੈਂ ਨੌਕਰੀ ਲੱਭਣ ਲੱਗ ਪਿਆ। ਪਹਿਲਾਂ ਮੈਂ ਪੱਛਮੀ ਨਾਈਜੀਰੀਆ ਦੇ ਲੇਗੋਸ ਸ਼ਹਿਰ ਵਿਚ ਰੇਲ-ਗੱਡੀ ਦੇ ਗਾਰਡ ਦੇ ਘਰ ਨੌਕਰ ਵਜੋਂ ਕੰਮ ਕਰਨ ਲੱਗਾ ਜਿਸ ਤੋਂ ਬਾਅਦ ਮੈਂ ਉੱਤਰੀ ਨਾਈਜੀਰੀਆ ਦੇ ਕਾਡੂਨਾ ਸ਼ਹਿਰ ਵਿਚ ਇਕ ਸਿਵਲ ਸਰਵੰਟ ਦੇ ਘਰ ਨੌਕਰ ਬਣਿਆ। ਫਿਰ ਮੱਧ-ਪੱਛਮੀ ਨਾਈਜੀਰੀਆ ਦੇ ਬੇਨਿਨ ਸ਼ਹਿਰ ਵਿਚ ਮੈਨੂੰ ਇਕ ਵਕੀਲ ਦੇ ਕਲਰਕ ਦੀ ਨੌਕਰੀ ਮਿਲ ਗਈ। ਇਸ ਤੋਂ ਬਾਅਦ ਮੈਂ ਇਕ ਮਜ਼ਦੂਰ ਵਜੋਂ ਆਰਾ ਚਲਾਉਣ ਦਾ ਕੰਮ ਕੀਤਾ। ਫਿਰ 1953 ਵਿਚ ਮੈਂ ਆਪਣੇ ਮਾਮੇ ਨਾਲ ਰਹਿਣ ਕੈਮਰੂਨ ਦੇਸ਼ ਨੂੰ ਚਲਾ ਗਿਆ। ਉੱਥੇ ਮੈਨੂੰ ਰਬੜ ਦੇ ਖੇਤ ਵਿਚ ਕੰਮ ਮਿਲ ਗਿਆ। ਮਹੀਨੇ ਵਿਚ ਮੈਨੂੰ ਤਕਰੀਬਨ ਚਾਰ ਸੌ ਰੁਪਏ [ਨੌਂ ਅਮਰੀਕੀ ਡਾਲਰ] ਮਿਲਦੇ ਸਨ। ਮੈਂ ਇਸ ਨੌਕਰੀ ਤੇ ਮਾਮੂਲੀ ਜਿਹਾ ਕੰਮ ਕਰਦਾ ਸੀ, ਪਰ ਇਸ ਨਾਲ ਮੈਂ ਆਪਣਾ ਗੁਜ਼ਾਰਾ ਤੋਰ ਸਕਿਆ ਜੋ ਮੇਰੇ ਲਈ ਕਾਫ਼ੀ ਸੀ।
ਕਿਸੇ ਗ਼ਰੀਬ ਤੋਂ ਮੈਨੂੰ ਰੂਹਾਨੀ ਧਨ ਮਿਲਿਆ
ਮੇਰਾ ਸਹਿਕਰਮੀ ਸਿਲਵੇਨਸ ਓਕਾਮਿਰੀ ਯਹੋਵਾਹ ਦਾ ਗਵਾਹ ਸੀ। ਜਦੋਂ ਅਸੀਂ ਘਾਹ ਕੱਟਦੇ ਤੇ ਪੌਦਿਆਂ ਨੂੰ ਪਰਾਲੀ ਨਾਲ ਢੱਕਦੇ ਹੁੰਦੇ ਸਨ, ਤਾਂ ਸਿਲਵੇਨਸ ਨੇ ਹਰ ਮੌਕੇ ਦਾ ਫ਼ਾਇਦਾ ਉਠਾ ਕੇ ਮੈਨੂੰ ਬਾਈਬਲ ਵਿੱਚੋਂ ਗੱਲਾਂ ਦੱਸੀਆਂ। ਉਸ ਸਮੇਂ ਮੈਂ ਉਸ ਦੀਆਂ ਗੱਲਾਂ ਸੁਣਨ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ। ਜਦੋਂ ਮੇਰੇ ਮਾਮੇ ਨੂੰ ਪਤਾ ਲੱਗਾ ਕਿ ਮੇਰੀ ਗਵਾਹਾਂ ਨਾਲ ਗੱਲਬਾਤ ਚੱਲ ਰਹੀ ਸੀ, ਤਾਂ ਉਸ ਨੇ ਮੈਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ। ਉਸ ਨੇ ਮੈਨੂੰ ਕਿਹਾ: “ਬੈਂਜੀ, ਉਸ ਮਿਸਟਰ ਓਕਾਮਿਰੀ ਨੂੰ ਮਿਲਣ ਨਾ ਜਾਵੀਂ। ਉਹ ਯਹੋਵਾਹ ਨੂੰ ਮੰਨਦਾ ਹੈ ਨਾਲੇ ਗ਼ਰੀਬ ਵੀ ਹੈ। ਜਿਹੜਾ ਵੀ ਉਹ ਦੇ ਨਾਲ ਮੇਲ-ਜੋਲ ਰੱਖੇਗਾ ਉਹ ਵੀ ਉਹ ਦੇ ਵਰਗਾ ਬਣ ਜਾਵੇਗਾ।”
ਕੰਮ ਤੇ ਬੁਰੇ ਹਾਲਾਤਾਂ ਕਾਰਨ ਸਾਲ 1954 ਦੇ ਸ਼ੁਰੂ ਵਿਚ ਮੈਂ ਘਰ ਵਾਪਸ ਚਲਾ ਗਿਆ। ਉਨ੍ਹੀਂ ਦਿਨੀਂ ਐਂਗਲੀਕਨ ਚਰਚ ਨੈਤਿਕ ਮਿਆਰਾਂ ਦੀ ਸਖ਼ਤੀ ਨਾਲ ਪਾਲਣਾ ਕਰਦਾ ਸੀ। ਇਸ ਲਈ ਮੈਨੂੰ ਅਨੈਤਿਕਤਾ ਤੋਂ ਸਖ਼ਤ ਨਫ਼ਰਤ ਹੋਣ ਲੱਗੀ। ਪਰ ਜਦ ਮੈਨੂੰ ਪਤਾ ਲੱਗਾ ਕਿ ਚਰਚ ਵਾਲੇ ਢੌਂਗ ਕਰ ਰਹੇ ਸਨ, ਤਾਂ ਮੈਨੂੰ ਉਨ੍ਹਾਂ ਤੋਂ ਬਹੁਤ ਗੁੱਸਾ ਆਇਆ। ਉਹ ਕਹਿੰਦੇ ਤਾਂ ਸੀ ਕਿ ਉਹ ਬਾਈਬਲ ਦੇ ਮਿਆਰਾਂ ਉੱਤੇ ਚੱਲਦੇ ਹਨ ਪਰ ਉਨ੍ਹਾਂ ਦੀਆਂ ਜ਼ਿੰਦਗੀਆਂ ਕੁਝ ਹੋਰ ਹੀ ਦੱਸ ਰਹੀਆਂ ਸਨ। (ਮੱਤੀ 15:8) ਇਸੇ ਗੱਲ ਤੋਂ ਪਿਤਾ ਜੀ ਨਾਲ ਮੇਰਾ ਵਾਰ-ਵਾਰ ਝਗੜਾ ਹੁੰਦਾ ਸੀ ਜਿਸ ਕਾਰਨ ਸਾਡੇ ਰਿਸ਼ਤੇ ਵਿਚ ਫੁੱਟ ਪੈ ਗਈ ਸੀ। ਫਿਰ ਇਕ ਦਿਨ ਰਾਤ ਨੂੰ ਮੈਂ ਘਰ ਛੱਡ ਕੇ ਚਲਾ ਗਿਆ।
ਮੈਂ ਓਮੋਬਾ ਨਾਂ ਦੇ ਛੋਟੇ ਜਿਹੇ ਸ਼ਹਿਰ ਵਿਚ ਜਾ ਕੇ ਆਪਣਾ ਘਰ ਵਸਾਇਆ। ਉੱਥੇ ਮੈਨੂੰ ਯਹੋਵਾਹ ਦੇ ਗਵਾਹ ਫਿਰ ਮਿਲੇ। ਮੇਰੇ ਪਿੰਡ ਵਿਚ ਰਹਿਣ ਵਾਲੀ ਪ੍ਰਿਸਿਲਾ ਈਸੀਓਕਾ ਨੇ ਮੈਨੂੰ ‘ਰਾਜ ਦੀ ਖ਼ੁਸ਼ ਖ਼ਬਰੀ’ ਅਤੇ ਆਰਮਾਗੇਡਨ ਬਾਅਦ—ਪਰਮੇਸ਼ੁਰ ਦੀ ਨਵੀਂ ਦੁਨੀਆਂa (ਅੰਗ੍ਰੇਜ਼ੀ) ਨਾਮਕ ਪੁਸਤਿਕਾਵਾਂ ਦਿੱਤੀਆਂ। ਉਨ੍ਹਾਂ ਨੂੰ ਮੈਂ ਝੱਟ ਹੀ ਪੜ੍ਹ ਲਿਆ ਤੇ ਮੈਨੂੰ ਪੂਰਾ ਵਿਸ਼ਵਾਸ ਹੋ ਗਿਆ ਕਿ ਇਹੀ ਸੱਚਾਈ ਸੀ। ਚਰਚ ਵਿਚ ਤਾਂ ਅਸੀਂ ਕਦੇ ਬਾਈਬਲ ਪੜ੍ਹਿਆ ਵੀ ਨਹੀਂ ਸੀ, ਅਸੀਂ ਸਿਰਫ਼ ਮਨੁੱਖੀ ਰੀਤ-ਰਿਵਾਜਾਂ ਤੇ ਧਿਆਨ ਦਿੰਦੇ ਸਨ। ਪਰ ਗਵਾਹਾਂ ਦੀਆਂ ਕਿਤਾਬਾਂ ਵਿਚ ਬਾਈਬਲ ਤੋਂ ਵਾਰ-ਵਾਰ ਹਵਾਲੇ ਦਿੱਤੇ ਗਏ ਸਨ।
ਹਾਲੇ ਮਹੀਨਾ ਪੂਰਾ ਨਹੀਂ ਸੀ ਹੋਇਆ ਕਿ ਮੈਂ ਭਰਾ ਤੇ ਭੈਣ ਈਸੀਓਕਾ ਨੂੰ ਪੁੱਛਿਆ ਕਿ ਉਹ ਚਰਚ ਨੂੰ ਕਦੋਂ ਜਾਂਦੇ ਸਨ। ਜਦ ਮੈਂ ਪਹਿਲੀ ਵਾਰ ਯਹੋਵਾਹ ਦੇ ਗਵਾਹਾਂ ਦੀ ਮੀਟਿੰਗ ਵਿਚ ਗਿਆ, ਤਾਂ ਇਕ ਵੀ ਗੱਲ ਮੇਰੇ ਖਾਨੇ ਨਹੀਂ ਪਈ। ਪਹਿਰਾਬੁਰਜ ਦਾ ਲੇਖ ‘ਮਾਗੋਗ ਦੇ ਗੋਗ’ ਬਾਰੇ ਸੀ ਜਿਸ ਦਾ ਜ਼ਿਕਰ ਹਿਜ਼ਕੀਏਲ ਦੀ ਭਵਿੱਖਬਾਣੀ ਵਿਚ ਕੀਤਾ ਗਿਆ ਹੈ। (ਹਿਜ਼ਕੀਏਲ 38:1, 2) ਕਈ ਲਫ਼ਜ਼ ਤਾਂ ਮੈਨੂੰ ਬਿਲਕੁਲ ਨਹੀਂ ਸਮਝ ਆਏ, ਪਰ ਮੇਰਾ ਸਾਰਿਆਂ ਨੇ ਬਹੁਤ ਹੀ ਨਿੱਘਾ ਸੁਆਗਤ ਕੀਤਾ। ਇਸ ਤੋਂ ਮੈਂ ਇੰਨਾ ਪ੍ਰਭਾਵਿਤ ਹੋਇਆ ਕਿ ਮੈਂ ਅਗਲੇ ਐਤਵਾਰ ਵੀ ਚੱਲਾ ਗਿਆ। ਦੂਜੀ ਮੀਟਿੰਗ ਦੌਰਾਨ ਮੈਨੂੰ ਪ੍ਰਚਾਰ ਦੇ ਕੰਮ ਬਾਰੇ ਪਤਾ ਲੱਗਾ, ਤਾਂ ਮੈਂ ਪ੍ਰਿਸਿਲਾ ਨੂੰ ਪੁੱਛਿਆ ਕਿ ਉਹ ਪ੍ਰਚਾਰ ਕਰਨ ਕਦੋਂ ਜਾਂਦੇ ਸਨ। ਤੀਜੇ ਐਤਵਾਰ ਨੂੰ ਮੈਂ ਉਨ੍ਹਾਂ ਦੇ ਨਾਲ ਪ੍ਰਚਾਰ ਦੇ ਕੰਮ ਵਿਚ ਤੁਰ ਪਿਆ। ਮੇਰੇ ਕੋਲ ਨਾ ਤਾਂ ਬੈਗ ਸੀ ਤੇ ਨਾ ਹੀ ਕੋਈ ਕਿਤਾਬਾਂ, ਸਿਰਫ਼ ਇਕ ਛੋਟੀ ਜਿਹੀ ਬਾਈਬਲ ਹੀ ਸੀ। ਫਿਰ ਵੀ ਮੈਂ ਰਾਜ ਦਾ ਪ੍ਰਚਾਰਕ ਬਣ ਗਿਆ ਅਤੇ ਮਹੀਨੇ ਦੇ ਅੰਤ ਤੇ ਮੈਂ ਆਪਣੀ ਸੇਵਾ ਦੀ ਰਿਪੋਰਟ ਪਾਈ!
ਮੇਰੇ ਨਾਲ ਕਿਸੇ ਨੇ ਬਾਈਬਲ ਸਟੱਡੀ ਨਹੀਂ ਕੀਤੀ ਸੀ। ਪਰ ਜਦੋਂ ਵੀ ਮੈਂ ਭਰਾ ਈਸੀਓਕਾ ਦੇ ਘਰ ਜਾਂਦਾ ਸੀ, ਤਾਂ ਉਹ ਮੈਨੂੰ ਬਾਈਬਲ ਤੋਂ ਬਹੁਤ ਸਾਰੀਆਂ ਗੱਲਾਂ ਦੱਸਦੇ ਸਨ ਜਿਨ੍ਹਾਂ ਨਾਲ ਮੇਰੀ ਨਿਹਚਾ ਮਜ਼ਬੂਤ ਹੁੰਦੀ ਗਈ ਤੇ ਮੈਨੂੰ ਬਹੁਤ ਹੌਸਲਾ ਮਿਲਿਆ। ਉਨ੍ਹਾਂ ਤੋਂ ਮੈਂ ਕੁਝ ਕਿਤਾਬਾਂ ਵੀ ਲੈ ਕੇ ਪੜ੍ਹ ਲੈਂਦਾ ਸੀ। ਫਿਰ ਮੈਂ ਯਹੋਵਾਹ ਨੂੰ ਆਪਣਾ ਜੀਵਨ ਸਮਰਪਿਤ ਕਰ ਕੇ ਅਬਾ ਨਗਰ ਵਿਚ ਵੱਡੇ ਸੰਮੇਲਨ ਵਿਚ 11 ਦਸੰਬਰ 1954 ਨੂੰ ਬਪਤਿਸਮਾ ਲਿਆ। ਮੇਰੇ ਇਕ ਰਿਸ਼ਤੇਦਾਰ ਨੇ, ਜਿਸ ਨਾਲ ਮੈਂ ਰਹਿ ਰਿਹਾ ਸੀ ਤੇ ਜਿਸ ਤੋਂ ਮੈਂ ਕੰਮ ਸਿੱਖ ਰਿਹਾ ਸੀ, ਮੇਰਾ ਖਾਣਾ-ਪੀਣਾ ਤੇ ਮੇਰੀ ਟ੍ਰੇਨਿੰਗ ਬੰਦ ਕਰ ਦਿੱਤੀ। ਉਸ ਨੇ ਮੇਰੇ ਕੀਤੇ ਗਏ ਕੰਮ ਲਈ ਮੈਨੂੰ ਫੁੱਟੀ ਕੌਡੀ ਵੀ ਨਹੀਂ ਦਿੱਤੀ। ਪਰ ਮੈਂ ਉਸ ਨਾਲ ਨਾਰਾਜ਼ ਨਹੀਂ ਹੋਇਆ। ਮੈਂ ਤਾਂ ਬਸ ਇਸ ਗੱਲ ਦਾ ਸ਼ੁਕਰ ਕਰਦਾ ਸੀ ਕਿ ਹੁਣ ਪਰਮੇਸ਼ੁਰ ਨਾਲ ਮੇਰਾ ਗੂੜ੍ਹਾ ਰਿਸ਼ਤਾ ਸੀ। ਇਸ ਤੋਂ ਮੈਨੂੰ ਸਕੂਨ ਤੇ ਮਨ ਦੀ ਸ਼ਾਂਤੀ ਮਿਲੀ। ਮੇਰੇ ਮਸੀਹੀ ਭੈਣ-ਭਰਾਵਾਂ ਨੇ ਮੇਰੀ ਬਹੁਤ ਮਦਦ ਕੀਤੀ। ਭੈਣ ਤੇ ਭਰਾ ਈਸੀਓਕਾ ਨੇ ਮੈਨੂੰ ਰਾਸ਼ਨ-ਪਾਣੀ ਦਿੱਤਾ ਤੇ ਹੋਰਨਾਂ ਨੇ ਮੈਨੂੰ ਕੋਈ ਕੰਮ-ਧੰਦਾ ਸ਼ੁਰੂ ਕਰਨ ਲਈ ਕੁਝ ਪੈਸੇ ਉਦਾਰ ਦਿੱਤੇ। ਸਾਲ 1955 ਵਿਚ ਮੈਂ ਇਕ ਪੁਰਾਣਾ ਸਾਈਕਲ ਖ਼ਰੀਦ ਲਿਆ ਅਤੇ ਅਗਲੇ ਸਾਲ ਮਾਰਚ ਦੇ ਮਹੀਨੇ ਵਿਚ ਮੈਂ ਪਾਇਨੀਅਰ ਸੇਵਾ ਸ਼ੁਰੂ ਕਰ ਦਿੱਤੀ। ਸੌਦਾਗਰੀ ਤੋਂ ਇੰਨੇ ਪੈਸੇ ਤਾਂ ਨਹੀਂ ਬਣਦੇ ਸਨ, ਪਰ ਮੈਂ ਆਪਣੀ ਖ਼ੁਦ ਦੇਖ-ਭਾਲ ਕਰ ਸਕਦਾ ਸੀ ਅਤੇ ਬਹੁਤ ਹੀ ਜਲਦ ਮੈਂ ਆਪਣੇ ਸਾਰੇ ਕਰਜ਼ੇ ਲਾਹ ਦਿੱਤੇ। ਜੋ ਵੀ ਯਹੋਵਾਹ ਮੈਨੂੰ ਦੇ ਰਿਹਾ ਸੀ ਉਹੀ ਮੇਰੇ ਲਈ ਬਥੇਰਾ ਸੀ।
ਭੈਣ-ਭਰਾ “ਚੋਰੀ ਕਰਨ” ਦਾ ਇਲਜ਼ਾਮ
ਜਦੋਂ ਮੈਂ ਆਪਣੇ ਪੈਰਾਂ ਤੇ ਖੜ੍ਹਾ ਹੋ ਸਕਿਆ, ਤਾਂ ਮੇਰੀ ਇਹੋ ਚਿੰਤਾ ਸੀ ਕਿ ਮੈਂ ਆਪਣੇ ਭੈਣਾਂ-ਭਰਾਵਾਂ ਦੀ ਰੂਹਾਨੀ ਤੌਰ ਤੇ ਕਿੱਦਾਂ ਮਦਦ ਕਰ ਸਕਦਾ ਸੀ। ਪਿਤਾ ਜੀ ਮੇਰੇ ਧਾਰਮਿਕ ਵਿਸ਼ਵਾਸਾਂ ਨੂੰ ਪਸੰਦ ਨਹੀਂ ਕਰਦੇ ਸਨ ਅਤੇ ਉਨ੍ਹਾਂ ਨੂੰ ਇਹ ਗੱਲ ਜ਼ਰਾ ਵੀ ਚੰਗੀ ਨਹੀਂ ਲੱਗੀ ਕਿ ਮੈ ਇਕ ਗਵਾਹ ਬਣ ਗਿਆ ਸੀ। ਇਸ ਲਈ ਮੈਂ ਆਪਣੇ ਭੈਣ-ਭਰਾਵਾਂ ਨੂੰ ਸੱਚਾਈ ਬਾਰੇ ਕਿੱਦਾਂ ਸਿਖਾ ਸਕਦਾ ਸੀ? ਮੈਂ ਆਪਣੇ ਛੋਟੇ ਭਰਾ ਅਰਨਸਟ ਨੂੰ ਆਪਣੇ ਨਾਲ ਰੱਖ ਕੇ ਉਸ ਦੀ ਦੇਖ-ਭਾਲ ਕਰਨ ਦਾ ਸੁਝਾਅ ਪੇਸ਼ ਕੀਤਾ ਅਤੇ ਪਿਤਾ ਜੀ ਮੰਨ ਗਏ। ਅਰਨਸਟ ਨੇ ਜਲਦੀ ਸੱਚਾਈ ਦਾ ਰਾਹ ਅਪਣਾ ਲਿਆ ਤੇ 1956 ਵਿਚ ਬਪਤਿਸਮਾ ਲੈ ਲਿਆ। ਇਸ ਕਾਰਨ ਪਿਤਾ ਜੀ ਹੋਰ ਵਿਰੋਧ ਕਰਨ ਲੱਗ ਪਏ। ਇਸ ਦੇ ਬਾਵਜੂਦ ਮੇਰੀ ਭੈਣ ਤੇ ਉਸ ਦਾ ਪਤੀ ਵੀ ਸੱਚਾਈ ਵਿਚ ਆ ਗਏ। ਜਦ ਮੈਂ ਆਪਣੀ ਦੂਜੀ ਭੈਣ ਫਲੀਸ਼ੀਆ ਨੂੰ ਸਕੂਲ ਦੀਆਂ ਛੁੱਟੀਆਂ ਦੌਰਾਨ ਆਪਣੇ ਨਾਲ ਰਹਿਣ ਲਈ ਬੁਲਾਇਆ, ਤਾਂ ਪਿਤਾ ਜੀ ਨਾਂਹ ਕਹਿਣ ਤੋਂ ਬਾਅਦ ਹੌਲੀ-ਹੌਲੀ ਮੰਨ ਗਏ। ਬਹੁਤ ਜਲਦੀ ਫਲੀਸ਼ੀਆ ਵੀ ਬਪਤਿਸਮਾ ਲੈ ਕੇ ਯਹੋਵਾਹ ਦੀ ਗਵਾਹ ਬਣ ਗਈ।
ਫਿਰ 1959 ਵਿਚ ਮੈਂ ਆਪਣੀ ਛੋਟੀ ਭੈਣ ਬਰਨੀਸ ਨੂੰ ਆਪਣੇ ਭਰਾ ਅਰਨਸਟ ਨਾਲ ਰਹਿਣ ਲਈ ਲੈਣ ਗਿਆ। ਉਸ ਵੇਲੇ ਮੇਰੇ ਪਿਤਾ ਜੀ ਮੈਨੂੰ ਚੋਰ ਕਹਿਣ ਲੱਗੇ। ਹਾਂ, ਉਸ ਨੇ ਮੇਰੇ ਉੱਤੇ ਉਸ ਦੇ ਬੱਚੇ ਚੋਰੀ ਕਰਨ ਦਾ ਇਲਜ਼ਾਮ ਲਾਇਆ ਸੀ। ਪਿਤਾ ਜੀ ਇਹ ਨਹੀਂ ਸਮਝ ਸਕੇ ਕਿ ਮੇਰੇ ਭੈਣ-ਭਰਾਵਾਂ ਨੇ ਯਹੋਵਾਹ ਦੀ ਸੇਵਾ ਕਰਨ ਦਾ ਆਪ ਫ਼ੈਸਲਾ ਕੀਤਾ ਸੀ। ਪਿਤਾ ਜੀ ਨੇ ਸਹੁੰ ਖਾਧੀ ਕੇ ਉਹ ਕਦੇ ਨਹੀਂ ਬਰਨੀਸ ਨੂੰ ਮੇਰੇ ਨਾਲ ਜਾਣ ਦੇਵੇਗਾ। ਪਰ ਯਹੋਵਾਹ ਦੀ ਕਿਰਪਾ ਨਾਲ ਅਗਲੇ ਹੀ ਸਾਲ ਬਰਨੀਸ ਸਕੂਲ ਦੀਆਂ ਛੁੱਟੀਆਂ ਕੱਟਣ ਅਰਨਸਟ ਨਾਲ ਰਹਿਣ ਆਈ। ਮੇਰੀਆਂ ਦੂਸਰਿਆਂ ਭੈਣਾਂ ਵਾਂਗ ਉਸ ਨੇ ਵੀ ਬਪਤਿਸਮਾ ਲੈ ਲਿਆ।
ਸੰਤੁਸ਼ਟ ਰਹਿਣ ਦਾ ਭੇਤ
ਸਤੰਬਰ 1957 ਵਿਚ ਮੈਂ ਸਪੈਸ਼ਲ ਪਾਇਨੀਅਰ ਵਜੋਂ ਪ੍ਰਚਾਰ ਦੇ ਕੰਮ ਵਿਚ ਹਰ ਮਹੀਨੇ ਲਗਭਗ 150 ਘੰਟੇ ਬਿਤਾਉਣ ਲੱਗਾ। ਮੇਰੇ ਪਾਇਨੀਅਰ ਸਾਥੀ ਦਾ ਨਾਂ ਸੰਡੇ ਈਰੋਬੇਲਾਕੀ ਸੀ। ਅਸੀਂ ਦੋਨੋਂ ਏਚੇ ਦੇ ਆਕਪੂ-ਨਾ-ਆਬੂਅ ਦੇ ਪੂਰੇ ਇਲਾਕੇ ਵਿਚ ਸੇਵਾ ਕਰਦੇ ਸਨ। ਜਦੋਂ ਅਸੀਂ ਉੱਥੇ ਆਪਣੇ ਪਹਿਲੇ ਸਰਕਟ ਸੰਮੇਲਨ ਵਿਚ ਹਾਜ਼ਰ ਹੋਏ, ਤਾਂ ਸਾਡੇ ਗਰੁੱਪ ਤੋਂ 13 ਭੈਣਾਂ-ਭਰਾਵਾਂ ਨੇ ਬਪਤਿਸਮਾ ਲਿਆ ਸੀ। ਹੁਣ ਇਹ ਦੇਖ ਕੇ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਉਸ ਇਲਾਕੇ ਵਿਚ 20 ਕਲੀਸਿਯਾਵਾਂ ਹਨ!
ਸਾਲ 1958 ਵਿਚ ਮੇਰੀ ਮੁਲਾਕਾਤ ਕ੍ਰਿਸਟੀਆਨਾ ਆਸਵੀਕਾ ਨਾਲ ਹੋਈ। ਉਹ ਅਬਾ ਦੀ ਈਸਟ ਕਲੀਸਿਯਾ ਦੀ ਇਕ ਪਾਇਨੀਅਰ ਸੀ। ਉਸ ਦਾ ਜੋਸ਼ ਦੇਖ ਕੇ ਮੈਂ ਬਹੁਤ ਖ਼ੁਸ਼ ਹੋਇਆ। ਉਸੇ ਸਾਲ ਦਸੰਬਰ ਵਿਚ ਅਸੀਂ ਵਿਆਹ ਕਰਾ ਲਿਆ। ਸਾਲ 1959 ਦੇ ਸ਼ੁਰੂ ਵਿਚ ਮੈਨੂੰ ਸਫ਼ਰੀ ਨਿਗਾਹਬਾਨ ਵਜੋਂ ਨਿਯੁਕਤ ਕੀਤਾ ਗਿਆ ਸੀ ਅਤੇ ਅਸੀਂ ਭਰਾਵਾਂ ਦਾ ਹੌਸਲਾ ਵਧਾਉਣ ਲਈ ਵੱਖੋ-ਵੱਖਰੀਆਂ ਕਲੀਸਿਯਾਵਾਂ ਨੂੰ ਜਾਂਦੇ ਸਨ। ਉਸ ਸਮੇਂ ਤੋਂ ਲੈ ਕੇ 1972 ਤਕ ਮੈਂ ਤਾਂ ਮੇਰੀ ਪਤਨੀ ਪੂਰਬੀ ਅਤੇ ਮੱਧ-ਪੱਛਮੀ ਨਾਈਜੀਰੀਆ ਦੀਆਂ ਤਕਰੀਬਨ ਸਾਰੀਆਂ ਕਲੀਸਿਯਾਵਾਂ ਨੂੰ ਮਿਲ ਚੁੱਕੇ ਸਨ।
ਕਲੀਸਿਯਾਵਾਂ ਦੂਰ-ਦੂਰ ਸਨ ਤੇ ਆਉਣ-ਜਾਣ ਲਈ ਸਾਡੇ ਕੋਲ ਸਿਰਫ਼ ਸਾਈਕਲ ਹੀ ਸੀ। ਜਦੋਂ ਅਸੀਂ ਵੱਡਿਆਂ ਸ਼ਹਿਰਾਂ ਦੀਆਂ ਕਲੀਸਿਯਾਵਾਂ ਨੂੰ ਮਿਲਣ ਜਾਂਦੇ ਸਨ, ਤਾਂ ਉੱਥੇ ਦੇ ਭੈਣ-ਭਰਾ ਅਗਲੀ ਕਲੀਸਿਯਾ ਨੂੰ ਜਾਣ ਵਾਸਤੇ ਸਾਡੇ ਲਈ ਟੈਕਸੀ ਕਰ ਦਿੰਦੇ ਸਨ। ਕਦੀ-ਕਦੀ ਸਾਨੂੰ ਮਿੱਟੀ ਦੇ ਫ਼ਰਸ਼ ਵਾਲੇ ਅਤੇ ਛੱਤ ਤੋਂ ਬਗੈਰ ਕਮਰਿਆਂ ਵਿਚ ਰਹਿਣਾ ਪੈਂਦਾ ਸੀ। ਅਸੀਂ ਰੈਫੀਆ ਦੇ ਲੱਕੜਾਂ ਦੇ ਬਣੇ ਪਲੰਘਾਂ ਤੇ ਸੌਂਦੇ ਸਨ ਜਿਨ੍ਹਾਂ ਤੇ ਸਿਰਫ਼ ਘਾਹ ਦਾ ਹੀ ਗੱਦਾ ਰੱਖਿਆ ਹੁੰਦਾ ਸੀ, ਪਰ ਕਈਆਂ ਤੇ ਤਾਂ ਗੱਦਾ ਵੀ ਨਹੀਂ ਹੁੰਦਾ ਸੀ। ਰੋਟੀ-ਪਾਣੀ ਦੀ ਸਾਨੂੰ ਕੋਈ ਮੁਸ਼ਕਲ ਨਹੀਂ ਸੀ। ਅਸੀਂ ਤਾਂ ਪਹਿਲਾਂ ਤੋਂ ਹੀ ਥੋੜ੍ਹੇ ਸਾਮਾਨ ਨਾਲ ਗੁਜ਼ਾਰਾ ਕਰਨਾ ਸਿੱਖ ਲਿਆ ਸੀ। ਇਸ ਲਈ ਜੋ ਵੀ ਸਾਡੇ ਸਾਮ੍ਹਣੇ ਪਰੋਸਿਆ ਜਾਂਦਾ ਸੀ ਅਸੀਂ ਖ਼ੁਸ਼ੀ ਨਾਲ ਖਾ ਲੈਂਦੇ ਸਨ। ਭੈਣ-ਭਰਾ ਸਾਡੇ ਇਸ ਰਵੱਈਏ ਦੀ ਬਹੁਤ ਕਦਰ ਕਰਦੇ ਸਨ। ਉਨ੍ਹੀਂ ਦਿਨੀਂ ਕੁਝ ਸ਼ਹਿਰਾਂ ਵਿਚ ਬਿਜਲੀ ਵੀ ਨਹੀਂ ਹੁੰਦੀ ਸੀ, ਇਸ ਲਈ ਅਸੀਂ ਹਮੇਸ਼ਾ ਮਿੱਟੀ ਦੇ ਤੇਲ ਦਾ ਦੀਵਾ ਆਪਣੇ ਕੋਲ ਰੱਖਦੇ ਸਨ। ਮੁਸ਼ਕਲ ਹਾਲਾਤਾਂ ਦੇ ਬਾਵਜੂਦ ਸਾਡੇ ਕੋਲ ਭੈਣਾਂ-ਭਰਾਵਾਂ ਨੂੰ ਮਿਲਣ ਦੀਆਂ ਮਿੱਠੀਆਂ ਯਾਦਾਂ ਹਨ।
ਉਨ੍ਹਾਂ ਸਾਲਾਂ ਦੌਰਾਨ ਅਸੀਂ ਪੌਲੁਸ ਰਸੂਲ ਦੀ ਸਲਾਹ ਉੱਤੇ ਚੱਲਣ ਦੀ ਅਹਿਮੀਅਤ ਨੂੰ ਸਮਝਿਆ: “ਜਦੋਂ ਸਾਨੂੰ ਭੋਜਨ ਬਸਤਰ ਮਿਲਿਆ ਹੋਇਆ ਹੈ ਤਾਂ ਸਾਡੇ ਲਈ ਇਹੋ ਬਥੇਰਾ ਹੈ।” (1 ਤਿਮੋਥਿਉਸ 6:8) ਦੁੱਖਾਂ ਦੇ ਸਮੇਂ ਦੌਰਾਨ ਪੌਲੁਸ ਨੇ ਸੰਤੁਸ਼ਟ ਰਹਿਣ ਦਾ ਭੇਤ ਪਾਇਆ। ਉਸ ਨੇ ਇਸ ਬਾਰੇ ਸਮਝਾਇਆ: “ਮੈਂ ਘਟਣਾ ਜਾਣਦਾ ਹਾਂ, ਨਾਲੇ ਵਧਣਾ ਭੀ ਜਾਣਦਾ ਹਾਂ। ਹਰੇਕ ਗੱਲ ਵਿੱਚ, ਕੀ ਰੱਜਣਾ ਕੀ ਭੁੱਖਾ ਰਹਿਣਾ, ਕੀ ਵਧਣਾ ਕੀ ਥੁੜਨਾ, ਮੈਂ ਸਾਰੀਆਂ ਗੱਲਾਂ ਦਾ ਭੇਤ ਪਾਇਆ ਹੈ।” ਸਾਡਾ ਵੀ ਇਹੋ ਤਜਰਬਾ ਸੀ। ਪੌਲੁਸ ਨੇ ਅੱਗੇ ਕਿਹਾ: ‘ਪਰਮੇਸ਼ੁਰ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸੱਕਦਾ ਹਾਂ।’ (ਫ਼ਿਲਿੱਪੀਆਂ 4:12, 13) ਇਸ ਗੱਲ ਦਾ ਵੀ ਸਾਨੂੰ ਪੂਰਾ ਅਹਿਸਾਸ ਹੋਇਆ ਹੈ! ਸਾਨੂੰ ਪਰਮੇਸ਼ੁਰ ਦੀ ਸੇਵਾ ਵਿਚ ਬਹੁਤ ਸਾਰੇ ਕੰਮ ਦੇ ਨਾਲ-ਨਾਲ ਸੰਤੁਸ਼ਟੀ ਅਤੇ ਮਨ ਦੀ ਸ਼ਾਂਤੀ ਮਿਲੀ। ਇਹ ਸਭ ਪਰਮੇਸ਼ੁਰ ਦੀ ਬਰਕਤ ਸੀ।
ਇਕ ਪਰਿਵਾਰ ਵਜੋਂ ਕਲੀਸਿਯਾਵਾਂ ਦੀ ਸੇਵਾ
ਸਾਲ 1959 ਦੇ ਅੰਤ ਵਿਚ ਸਾਡੇ ਵੱਡੇ ਲੜਕੇ ਜੋਅਲ ਅਤੇ 1962 ਵਿਚ ਛੋਟੇ ਲੜਕੇ ਸੈਮੂਏਲ ਦਾ ਜਨਮ ਹੋਇਆ। ਮੈਂ ਤੇ ਕ੍ਰਿਸਟੀਆਨਾ ਆਪਣੇ ਮੁੰਡਿਆਂ ਨੂੰ ਨਾਲ ਲੈ ਕੇ ਕਲੀਸਿਯਾਵਾਂ ਨੂੰ ਮਿਲਣ ਜਾਂਦੇ ਰਹੇ। ਫਿਰ 1967 ਵਿਚ ਨਾਈਜੀਰੀਆ ਵਿਚ ਘਰੇਲੂ ਯੁੱਧ ਸ਼ੁਰੂ ਹੋ ਗਿਆ। ਸਕੂਲ ਬੰਦ ਕੀਤੇ ਗਏ ਸਨ ਕਿਉਂਕਿ ਲਗਾਤਾਰ ਬੰਬ ਵਰ੍ਹਾਏ ਜਾ ਰਹੇ ਸਨ। ਮੇਰੀ ਪਤਨੀ ਮੇਰੇ ਨਾਲ ਸਫ਼ਰੀ ਕੰਮ ਕਰਨ ਤੋਂ ਪਹਿਲਾਂ ਇਕ ਅਧਿਆਪਕਾ ਸੀ। ਇਸ ਲਈ ਯੁੱਧ ਦੌਰਾਨ ਉਸ ਨੇ ਸਾਡੇ ਬੱਚਿਆਂ ਨੂੰ ਘਰ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਜਦ ਸੈਮੂਏਲ ਛੇ ਸਾਲਾਂ ਦਾ ਸੀ ਉਹ ਚੰਗੀ ਤਰ੍ਹਾਂ ਪੜ੍ਹ-ਲਿਖ ਸਕਦਾ ਸੀ। ਯੁੱਧ ਖ਼ਤਮ ਹੋਣ ਤੋਂ ਬਾਅਦ ਜਦੋਂ ਉਹ ਸਕੂਲ ਜਾਣ ਲੱਗਾ, ਤਾਂ ਉਹ ਆਪਣੀ ਕਲਾਸ ਦੇ ਦੂਸਰਿਆਂ ਬੱਚਿਆਂ ਨਾਲੋਂ ਦੋ ਜਮਾਤਾਂ ਅੱਗੇ ਸੀ।
ਉਸ ਸਮੇਂ ਸਾਨੂੰ ਇਸ ਗੱਲ ਦਾ ਪੂਰਾ ਅਹਿਸਾਸ ਨਹੀਂ ਸੀ ਕਿ ਬੱਚਿਆਂ ਦੀ ਪਰਵਰਿਸ਼ ਕਰਨ ਦੇ ਨਾਲ-ਨਾਲ ਸਫ਼ਰੀ ਕੰਮ ਕਰਨਾ ਕਿੰਨਾ ਮੁਸ਼ਕਲ ਸੀ। ਪਰ 1972 ਵਿਚ ਸਾਨੂੰ ਸਪੈਸ਼ਲ ਪਾਇਨੀਅਰਾਂ ਵਜੋਂ ਸੇਵਾ ਕਰਨ ਦਾ ਮੌਕਾ ਮਿਲਿਆ ਜਿਸ ਨਾਲ ਸਾਡੀ ਬਹੁਤ ਮਦਦ ਹੋਈ। ਹੁਣ ਅਸੀਂ ਇਕ ਜਗ੍ਹਾ ਰਹਿ ਕੇ ਆਪਣੇ ਪਰਿਵਾਰ ਦੀਆਂ ਰੂਹਾਨੀ ਜ਼ਰੂਰਤਾਂ ਵੱਲ ਚੰਗੀ ਤਰ੍ਹਾਂ ਧਿਆਨ ਦੇ ਸਕਦੇ ਸਨ। ਅਸੀਂ ਸ਼ੁਰੂ ਤੋਂ ਹੀ ਆਪਣੇ ਮੁੰਡਿਆਂ ਨੂੰ ਪਰਮੇਸ਼ੁਰ ਦੇ ਕੰਮਾਂ ਨੂੰ ਪੂਰਿਆਂ ਕਰਨ ਦੀ ਮਹੱਤਤਾ ਬਾਰੇ ਸਿਖਾਇਆ ਸੀ। ਸਾਲ 1973 ਵਿਚ ਸੈਮੂਏਲ ਨੇ ਬਪਤਿਸਮਾ ਲਿਆ ਅਤੇ ਜੋਅਲ ਨੇ ਆਪਣੀ ਪਾਇਨੀਅਰ ਸੇਵਾ ਸ਼ੁਰੂ ਕੀਤੀ। ਸਾਡੇ ਦੋਨਾਂ ਲੜਕਿਆਂ ਨੇ ਬਹੁਤ ਹੀ ਚੰਗੀਆਂ ਲੜਕੀਆਂ ਨਾਲ ਸੱਚਾਈ ਵਿਚ ਵਿਆਹ ਕਰਾਇਆ ਅਤੇ ਹੁਣ ਆਪਣੇ ਪਰਿਵਾਰਾਂ ਨਾਲ ਪਰਮੇਸ਼ੁਰ ਦੀ ਸੇਵਾ ਤਨ-ਮਨ ਲਾ ਕੇ ਕਰ ਰਹੇ ਹਨ।
ਘਰੇਲੂ ਯੁੱਧ ਦੇ ਕਸ਼ਟ
ਮੈਂ ਸਰਕਟ ਨਿਗਾਹਬਾਨ ਵਜੋਂ ਆਪਣੇ ਪਰਿਵਾਰ ਨਾਲ ਓਨੀਚਾ ਕਲੀਸਿਯਾ ਵਿਚ ਸੇਵਾ ਕਰ ਰਿਹਾ ਸੀ ਜਦ ਘਰੇਲੂ ਯੁੱਧ ਸ਼ੁਰੂ ਹੋਇਆ। ਇਸ ਯੁੱਧ ਕਾਰਨ ਸਾਨੂੰ ਇਸ ਗੱਲ ਦਾ ਅੱਗੇ ਨਾਲੋਂ ਵੀ ਗਹਿਰਾ ਅਹਿਸਾਸ ਹੋਇਆ ਕਿ ਧਨ-ਦੌਲਤ ਇਕੱਠਾ ਕਰਨਾ ਤੇ ਉਸ ਉੱਤੇ ਭਰੋਸਾ ਰੱਖਣਾ ਕਿੰਨਾ ਫ਼ਜ਼ੂਲ ਹੈ। ਲੋਕ ਸੜਕਾਂ ਤੇ ਆਪਣੀਆਂ ਕੀਮਤੀ ਚੀਜ਼ਾਂ ਛੱਡ ਕੇ ਆਪਣੀਆਂ ਜਾਨਾਂ ਬਚਾਉਣ ਲਈ ਭੱਜ ਰਹੇ ਸਨ।
ਲੜਾਈ ਸਿਖਰ ਤੇ ਪਹੁੰਚ ਰਹੀ ਸੀ, ਤਾਂ ਸਾਰੇ ਤੰਦਰੁਸਤ ਮਰਦਾਂ ਨੂੰ ਭਰਤੀ ਕੀਤਾ ਜਾ ਰਿਹਾ ਸੀ। ਕਈ ਭਰਾਵਾਂ ਨੂੰ ਤਸੀਹੇ ਦਿੱਤੇ ਗਏ ਸਨ ਕਿਉਂਕਿ ਉਹ ਫ਼ੌਜ ਵਿਚ ਭਰਤੀ ਨਹੀਂ ਹੋਣਾ ਚਾਹੁੰਦੇ ਸਨ। ਅਸੀਂ ਆਪਣਿਆਂ ਹੀ ਘਰਾਂ ਵਿਚ ਕੈਦੀਆਂ ਵਾਂਗ ਜੀ ਰਹੇ ਸਨ। ਭੁੱਖਮਰੀ ਨੇ ਦੇਸ਼ ਵਿਚ ਵੱਡੀ ਤਬਾਹੀ ਮਚਾਈ। ਕਸਾਵਾ-ਕੰਦ ਦੇ ਆਟੇ ਦੇ ਅੱਧੇ ਕਿਲੋ ਦਾ ਮੁੱਲ 3 ਕੁ ਰੁਪਏ ਤੋਂ 630 ਕੁ ਰੁਪਏ ਤਕ ਵੱਧ ਗਿਆ [7 ਸੈਂਟ ਤੋਂ 14 ਅਮਰੀਕੀ ਡਾਲਰ] ਅਤੇ ਲੂਣ ਦੇ ਇਕ ਕੱਪ ਦਾ ਮੁੱਲ 360 ਕੁ ਰੁਪਏ ਤੋਂ 1900 ਕੁ ਰੁਪਏ [8 ਅਮਰੀਕੀ ਡਾਲਰ ਤੋਂ 42 ਡਾਲਰ] ਤਕ ਵੱਧ ਗਿਆ। ਦੁੱਧ, ਮੱਖਣ ਅਤੇ ਸ਼ੱਕਰ ਬਿਲਕੁਲ ਨਹੀਂ ਮਿਲ ਸਕਦੇ ਸਨ। ਆਪਣਾ ਗੁਜ਼ਾਰਾ ਤੋਰਨ ਲਈ ਅਸੀਂ ਕੱਚੇ ਪਪੀਤੇ ਪੀਹ ਕੇ ਉਸ ਵਿਚ ਥੋੜ੍ਹਾ ਜਿਹਾ ਕਸਾਵੇ ਦਾ ਆਟਾ ਮਿਲਾਉਂਦੇ ਸਨ। ਅਸੀਂ ਟਿੱਡੀਆਂ, ਕਸਾਵਾ ਦੀਆਂ ਛਿੱਲਾਂ, ਜਪਾ ਪੌਦੇ ਦੇ ਪੱਤੇ, ਗੰਨੇ ਜਾਂ ਹੋਰ ਕੋਈ ਵੀ ਕਿਸਮ ਦੇ ਪੱਤੇ ਜੋ ਸਾਡੇ ਹੱਥ ਲੱਗਦੇ ਸਨ, ਖਾ ਲੈਂਦੇ ਸਨ। ਮੀਟ ਬਹੁਤ ਹੀ ਮਹਿੰਗਾ ਤੇ ਘੱਟ ਹੀ ਮਿਲਦਾ ਸੀ, ਇਸ ਲਈ ਅਸੀਂ ਬੱਚਿਆਂ ਲਈ ਕਿਰਲੀਆਂ ਫੜਦੇ ਸਨ। ਫਿਰ ਵੀ ਚਾਹੇ ਹਾਲਾਤ ਜਿੰਨੇ ਮਰਜ਼ੀ ਖ਼ਰਾਬ ਸਨ ਯਹੋਵਾਹ ਨੇ ਹਮੇਸ਼ਾ ਸਾਨੂੰ ਸਹਾਰਾ ਦਿੱਤਾ।
ਖ਼ੈਰ ਇਸ ਤੋਂ ਵੀ ਖ਼ਤਰਨਾਕ ਰੂਹਾਨੀ ਖ਼ੁਰਾਕ ਦਾ ਘਾਟਾ ਸੀ। ਜ਼ਿਆਦਾਤਰ ਭਰਾ ਲੜਾਈ ਵਾਲੇ ਇਲਾਕੇ ਤੋਂ ਭੱਜ ਕੇ ਜੰਗਲ ਵਿਚ ਜਾਂ ਦੂਸਰਿਆਂ ਪਿੰਡਾਂ ਵਿਚ ਚਲੇ ਗਏ। ਇਸ ਤਰ੍ਹਾਂ ਕਰਦੇ ਹੋਏ ਉਹ ਆਪਣੇ ਤਕਰੀਬਨ ਸਾਰੇ ਬਾਈਬਲ ਪ੍ਰਕਾਸ਼ਨ ਗੁਆ ਬੈਠੇ। ਇਸ ਤੋਂ ਇਲਾਵਾ ਸਰਕਾਰੀ ਫ਼ੌਜ ਦੀ ਨਾਕਾਬੰਦੀ ਕਾਰਨ ਬੀਆਫ੍ਰਾ ਦੇ ਇਲਾਕੇ ਵਿਚ ਬਾਈਬਲ ਸਾਹਿੱਤ ਦਾ ਪਹੁੰਚਣਾ ਨਾਮੁਮਕਿਨ ਸੀ। ਭਾਵੇਂ ਕਿ ਬਹੁਤ ਸਾਰੀਆਂ ਕਲੀਸਿਯਾਵਾਂ ਨੇ ਆਪਣੀਆਂ ਸਭਾਵਾਂ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ, ਫਿਰ ਵੀ ਭਰਾਵਾਂ ਨੂੰ ਰੂਹਾਨੀ ਤੌਰ ਤੇ ਬਹੁਤ ਘਾਟਾ ਪਿਆ ਕਿਉਂਕਿ ਉਨ੍ਹਾਂ ਨੂੰ ਬ੍ਰਾਂਚ ਆਫ਼ਿਸ ਤੋਂ ਕੋਈ ਨਿਰਦੇਸ਼ਨ ਨਹੀਂ ਮਿਲ ਰਿਹਾ ਸੀ।
ਰੂਹਾਨੀ ਖ਼ੁਰਾਕ ਦਾ ਘਾਟਾ ਪੂਰਾ ਕਰਨਾ
ਸਫ਼ਰੀ ਨਿਗਾਹਬਾਨ ਤਨ-ਮਨ ਲਾ ਕੇ ਹਰ ਕਲੀਸਿਯਾ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਰਹੇ। ਮੈਂ ਥਾਂ-ਥਾਂ ਜਾ ਕੇ ਉਨ੍ਹਾਂ ਭਰਾਵਾਂ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਜੋ ਉਸ ਇਲਾਕੇ ਤੋਂ ਭੱਜ ਗਏ ਸਨ। ਇਕ ਸਮੇਂ ਮੈਂ ਆਪਣੀ ਪਤਨੀ ਅਤੇ ਬੱਚਿਆਂ ਨੂੰ ਇਕ ਸੁਰੱਖਿਅਤ ਜਗ੍ਹਾ ਛੱਡ ਕੇ ਛੇ ਹਫ਼ਤਿਆਂ ਲਈ ਭਰਾਵਾਂ ਦੀ ਤਲਾਸ਼ ਕਰਦੇ ਹੋਏ ਇਕੱਲਾ ਪਿੰਡੋ-ਪਿੰਡ ਤੇ ਜੰਗਲ ਵਿਚ ਵੀ ਘੁੰਮਦਾ-ਫਿਰਦਾ ਰਿਹਾ।
ਜਦੋਂ ਅਸੀਂ ਔਬੂੰਕਾ ਕਲੀਸਿਯਾ ਦੇ ਭੈਣ-ਭਰਾਵਾਂ ਨੂੰ ਮਿਲਣ ਗਏ, ਤਾਂ ਸਾਨੂੰ ਖ਼ਬਰ ਮਿਲੀ ਕਿ ਔਕੀਗਵੇ ਜ਼ਿਲ੍ਹੇ ਦੇ ਈਸੂਓਚੀ ਇਲਾਕੇ ਵਿਚ ਬਹੁਤ ਸਾਰੇ ਗਵਾਹ ਸਨ। ਇਸ ਲਈ ਮੈਂ ਉਨ੍ਹਾਂ ਭਰਾਵਾਂ ਨੂੰ ਸੁਨੇਹਾ ਘੱਲਿਆ ਕਿ ਉਹ ਸਾਰੇ ਊਮਵਾਕੂ ਪਿੰਡ ਦੇ ਇਕ ਕਾਜੂ-ਬਿਰਖ ਦੇ ਖੇਤ ਵਿਚ ਇਕੱਠੇ ਹੋਣ। ਫਿਰ ਮੈਂ ਤੇ ਇਕ ਸਿਆਣਾ ਭਰਾ ਆਪਣਿਆਂ ਸਾਈਕਲਾਂ ਤੇ 15 ਕਿਲੋਮੀਟਰ ਦਾ ਸਫ਼ਰ ਤੈ ਕਰ ਕੇ ਉੱਥੇ ਪਹੁੰਚੇ। ਕੁੱਲ ਮਿਲਾ ਕੇ ਉੱਥੇ 200 ਆਦਮੀ, ਤੀਵੀਆਂ ਤੇ ਬੱਚੇ ਇਕੱਠੇ ਹੋਏ ਸਨ। ਇਕ ਪਾਇਨੀਅਰ ਭੈਣ ਦੀ ਮਦਦ ਨਾਲ ਮੈਂ 100 ਗਵਾਹਾਂ ਦੇ ਇਕ ਹੋਰ ਗਰੁੱਪ ਦਾ ਪਤਾ ਲਗਾ ਸਕਿਆ ਜਿਨ੍ਹਾਂ ਨੇ ਲੌਮਾਰਾ ਜੰਗਲ ਵਿਚ ਪਨਾਹ ਲਈ ਸੀ।
ਲੜਾਈ ਨਾਲ ਤਬਾਹ ਹੋਏ ਔਵੇਰੀ ਸ਼ਹਿਰ ਦੇ ਰਹਿਣ ਵਾਲੇ ਭਰਾ ਲਾਰੈਂਸ ਊਗਵੇਬੂ ਨੇ ਉੱਥੇ ਦੇ ਹੋਰਨਾਂ ਭਰਾਵਾਂ ਵਾਂਗ ਬਹੁਤ ਹਿੰਮਤ ਦਿਖਾਈ। ਉਸ ਨੇ ਮੈਨੂੰ ਖ਼ਬਰ ਦਿੱਤੀ ਕਿ ਔਹਾਜੀ ਇਲਾਕੇ ਵਿਚ ਕਈ ਗਵਾਹ ਸਨ, ਪਰ ਉਹ ਆਜ਼ਾਦੀ ਨਾਲ ਆਪਣਾ ਕੰਮ ਨਹੀਂ ਕਰ ਸਕਦੇ ਸਨ ਕਿਉਂਕਿ ਫ਼ੌਜੀਆਂ ਨੇ ਉੱਥੇ ਡੇਰਾ ਲਾਇਆ ਹੋਇਆ ਸੀ। ਅਸੀਂ ਦੋਨੋਂ ਰਾਤ ਨੂੰ ਸਾਈਕਲਾਂ ਤੇ ਜਾ ਕੇ 120 ਗਵਾਹਾਂ ਨੂੰ ਮਿਲੇ ਜੋ ਇਕ ਭਰਾ ਦੇ ਵਿਹੜੇ ਵਿਚ ਇਕੱਠੇ ਹੋਏ ਸਨ। ਇਸ ਮੌਕੇ ਦਾ ਫ਼ਾਇਦਾ ਉਠਾ ਕੇ ਅਸੀਂ ਹੋਰਨਾਂ ਭਰਾਵਾਂ ਨੂੰ ਵੀ ਮਿਲਣ ਗਏ ਜੋ ਵੱਖੋ-ਵੱਖਰੇ ਥਾਵਾਂ ਵਿਚ ਪਨਾਹ ਲੈ ਰਹੇ ਸਨ।
ਭਰਾ ਆਈਜ਼ਕ ਨਵਾਗੂ ਨੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਉਨ੍ਹਾਂ ਬੇਘਰਾ ਭਰਾਵਾਂ ਨੂੰ ਲੱਭਣ ਵਿਚ ਮੇਰੀ ਮਦਦ ਕੀਤੀ। ਉਨ੍ਹਾਂ 150 ਭੈਣ-ਭਰਾਵਾਂ ਨੂੰ ਮਿਲਣ ਲਈ ਜੋ ਏਗਬੂ-ਏਚੇ ਪਿੰਡ ਵਿਚ ਇਕੱਠੇ ਹੋਏ ਸਨ, ਭਰਾ ਨਵਾਗੂ ਨੇ ਆਪਣੀ ਬੇੜੀ ਵਿਚ ਮੈਨੂੰ ਔਟਾਮੀਰੀ ਦਰਿਆ ਪਾਰ ਕਰਾਇਆ। ਉੱਥੇ ਦੇ ਇਕ ਭਰਾ ਨੇ ਕਿਹਾ: “ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਦਿਨ ਹੈ! ਮੈਂ ਤਾਂ ਕਦੇ ਉਮੀਦ ਵੀ ਨਹੀਂ ਸੀ ਕੀਤੀ ਕਿ ਮੈਂ ਫਿਰ ਕਦੇ ਇਕ ਸਰਕਟ ਨਿਗਾਹਬਾਨ ਨੂੰ ਮਿਲਾਂਗਾ। ਹੁਣ ਭਾਵੇਂ ਯੁੱਧ ਮੇਰੀ ਜਾਨ ਲੈ ਲਵੇ, ਮੈਨੂੰ ਕੋਈ ਪਰਵਾਹ ਨਹੀਂ, ਮੈਂ ਖ਼ੁਸ਼ੀ ਨਾਲ ਮਰਨ ਲਈ ਤਿਆਰ ਹਾਂ।”
ਮੈਨੂੰ ਪੂਰਾ ਯਕੀਨ ਸੀ ਕਿ ਯਹੋਵਾਹ ਮੇਰੀ ਰੱਖਿਆ ਕਰ ਰਿਹਾ ਸੀ, ਪਰ ਮੈਨੂੰ ਜ਼ਬਰਦਸਤੀ ਮਿਲਟਰੀ ਵਿਚ ਭਰਤੀ ਕੀਤੇ ਜਾਣ ਦਾ ਡਰ ਸੀ। ਇਕ ਦੁਪਹਿਰ ਮੈਂ 250 ਭਰਾਵਾਂ ਨੂੰ ਮਿਲ ਕੇ ਆ ਰਿਹਾ ਸੀ ਜਦ ਨਾਕਾਬੰਦੀ ਤੇ ਮਿਲਟਰੀ ਵਾਲਿਆਂ ਨੇ ਮੈਨੂੰ ਰੋਕ ਲਿਆ। ਉਨ੍ਹਾਂ ਨੇ ਮੈਨੂੰ ਪੁੱਛਿਆ: “ਤੂੰ ਮਿਲਟਰੀ ਵਿਚ ਭਰਤੀ ਕਿਉਂ ਨਹੀਂ ਹੋਇਆ?” ਮੈਂ ਉਨ੍ਹਾਂ ਨੂੰ ਸਮਝਾਇਆ ਕਿ ਮੈਂ ਇਕ ਮਿਸ਼ਨਰੀ ਸੀ ਅਤੇ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰ ਰਿਹਾ ਸੀ। ਮੈਨੂੰ ਪਤਾ ਸੀ ਕਿ ਉਹ ਮੈਨੂੰ ਗਿਰਫ਼ਤਾਰ ਕਰਨਾ ਚਾਹੁੰਦੇ ਸਨ। ਇਸ ਲਈ ਮੈਂ ਦਿਲ ਵਿਚ ਪ੍ਰਾਰਥਨਾ ਕੀਤੀ ਅਤੇ ਕਪਤਾਨ ਨੂੰ ਕਿਹਾ: “ਮਿਹਰਬਾਨੀ ਕਰ ਕੇ ਮੈਨੂੰ ਛੱਡ ਦਿਓ।” ਮੈਂ ਹੈਰਾਨ ਹੋਇਆ ਜਦ ਉਸ ਨੇ ਕਿਹਾ: “ਕੀ ਤੇਰੇ ਖ਼ਿਆਲ ਵਿਚ ਤੈਨੂੰ ਛੱਡ ਦੇਣਾ ਚਾਹੀਦਾ ਹੈ?” “ਹਾਂ ਜੀ,” ਮੈਂ ਜਵਾਬ ਦਿੱਤਾ “ਮੈਨੂੰ ਛੱਡ ਦਿਓ।” ਉਸ ਨੇ ਕਿਹਾ: “ਜਾ, ਤੂੰ ਜਾ ਸਕਦਾ ਹੈਂ।” ਦੂਸਰਿਆਂ ਫ਼ੌਜੀਆਂ ਨੇ ਕੁਝ ਨਹੀਂ ਕਿਹਾ।—ਜ਼ਬੂਰਾਂ ਦੀ ਪੋਥੀ 65:1, 2.
ਸੰਤੁਸ਼ਟ ਰਹਿਣ ਦੀਆਂ ਹੋਰ ਬਰਕਤਾਂ
ਸਾਲ 1970 ਵਿਚ ਯੁੱਧ ਖ਼ਤਮ ਹੋਣ ਤੋਂ ਬਾਅਦ ਮੈਂ ਸਰਕਟ ਕੰਮ ਕਰਦਾ ਰਿਹਾ। ਕਲੀਸਿਯਾਵਾਂ ਨੂੰ ਦੁਬਾਰਾ ਚਾਲੂ ਕਰਨ ਵਿਚ ਮਦਦ ਦੇਣੀ ਮੇਰੇ ਲਈ ਬਹੁਤ ਵੱਡਾ ਸਨਮਾਨ ਸੀ। ਫਿਰ ਇਸ ਤੋਂ ਬਾਅਦ ਮੈਂ ਤੇ ਕ੍ਰਿਸਟੀਆਨਾ ਨੇ ਸਪੈਸ਼ਲ ਪਾਇਨੀਅਰਾਂ ਵਜੋਂ ਸੇਵਾ ਕੀਤੀ ਅਤੇ 1976 ਵਿਚ ਮੈਨੂੰ ਦੁਬਾਰਾ ਸਰਕਟ ਨਿਗਾਹਬਾਨ ਵਜੋਂ ਨਿਯੁਕਤ ਕੀਤਾ ਗਿਆ ਸੀ। ਉਸ ਸਾਲ ਦੇ ਅੱਧ ਵਿਚ ਮੈਨੂੰ ਜ਼ਿਲ੍ਹਾ ਨਿਗਾਹਬਾਨ ਵਜੋਂ ਸੇਵਾ ਕਰਨ ਦਾ ਮੌਕਾ ਮਿਲਿਆ। ਇਸ ਤੋਂ ਸੱਤ ਸਾਲ ਬਾਅਦ ਮੈਨੂੰ ਤੇ ਮੇਰੀ ਪਤਨੀ ਨੂੰ ਨਾਈਜੀਰੀਆ ਦੀ ਬ੍ਰਾਂਚ ਆਫ਼ਿਸ ਵਿਚ ਕੰਮ ਕਰਨ ਦਾ ਸੱਦਾ ਮਿਲਿਆ, ਜਿੱਥੇ ਅਸੀਂ ਹੁਣ ਸੇਵਾ ਕਰ ਰਹੇ ਹਾਂ। ਇੱਥੇ ਬ੍ਰਾਂਚ ਵਿਚ ਕਈ ਵਾਰ ਸਾਨੂੰ ਉਨ੍ਹਾਂ ਭੈਣ-ਭਰਾਵਾਂ ਨੂੰ ਦੁਬਾਰਾ ਮਿਲਣ ਦਾ ਮੌਕਾ ਮਿਲਦਾ ਹੈ ਜਿਨ੍ਹਾਂ ਦੇ ਨਾਲ ਸਾਡੀ ਮੁਲਾਕਾਤ ਯੁੱਧ ਦੌਰਾਨ ਅਤੇ ਹੋਰਨਾਂ ਸਮਿਆਂ ਵਿਚ ਹੋਈ ਸੀ। ਇਨ੍ਹਾਂ ਵਫ਼ਾਦਾਰ ਭੈਣ-ਭਰਾਵਾਂ ਨੂੰ ਯਹੋਵਾਹ ਦੀ ਸੇਵਾ ਵਿਚ ਹਾਲੇ ਵੀ ਮਿਹਨਤ ਕਰਦੇ ਹੋਏ ਦੇਖ ਕੇ ਸਾਡਾ ਦਿਲ ਬਹੁਤ ਖ਼ੁਸ਼ ਹੁੰਦਾ ਹੈ।
ਇਨ੍ਹਾਂ ਸਾਲਾਂ ਦੌਰਾਨ ਕ੍ਰਿਸਟੀਆਨਾ ਨੇ ਮੇਰਾ ਵਫ਼ਾਦਾਰੀ ਨਾਲ ਸਾਥ ਨਿਭਾਇਆ ਹੈ। ਉਹ ਮੇਰਾ ਸਹਾਰਾ ਬਣ ਕੇ ਰਹੀ ਹੈ। ਸਾਲ 1978 ਤੋਂ ਲੈ ਕੇ ਕ੍ਰਿਸਟੀਆਨਾ ਦੀ ਸਿਹਤ ਖ਼ਰਾਬ ਹੋਣ ਲੱਗੀ, ਪਰ ਉਹ ਦੇ ਵਧੀਆ ਰਵੱਈਏ ਤੇ ਜੋਸ਼ ਤੋਂ ਮੈਨੂੰ ਸ਼ਕਤੀ ਅਤੇ ਹਿੰਮਤ ਮਿਲੀ। ਅਸੀਂ ਸੱਚ-ਮੁੱਚ ਜ਼ਬੂਰਾਂ ਦੇ ਲਿਖਾਰੀ ਦੇ ਸ਼ਬਦ ਅਨੁਭਵ ਕੀਤੇ ਹਨ ਕਿ ‘ਯਹੋਵਾਹ ਮਾਂਦਗੀ ਦੇ ਮੰਜੇ ਉੱਤੇ ਸਾਨੂੰ ਸੰਭਾਲੇਗਾ।’—ਜ਼ਬੂਰਾਂ ਦੀ ਪੋਥੀ 41:3.
ਜਦੋਂ ਮੈਂ ਪਰਮੇਸ਼ੁਰ ਦੀ ਸੇਵਾ ਵਿਚ ਆਪਣੀ ਜ਼ਿੰਦਗੀ ਉੱਤੇ ਗੌਰ ਕਰਦਾ ਹਾਂ, ਤਾਂ ਮੇਰਾ ਦਿਲ ਉਨ੍ਹਾਂ ਸਾਰੀਆਂ ਬਰਕਤਾਂ ਲਈ ਜੋ ਮੈਨੂੰ ਉਸ ਦੀ ਸੇਵਾ ਵਿਚ ਮਿਲੀਆਂ ਹਨ ਖ਼ੁਸ਼ੀ ਨਾਲ ਭਰ ਜਾਂਦਾ ਹੈ ਜਿਸ ਲਈ ਮੈਂ ਯਹੋਵਾਹ ਦਾ ਲੱਖ-ਲੱਖ ਧੰਨਵਾਦ ਕਰਦਾ ਹਾਂ। ਮੈਂ ਦਿਲੋਂ ਇਹ ਕਹਿ ਸਕਦਾ ਹਾਂ ਕਿ ਉਸ ਦੀਆਂ ਦਿੱਤੀਆਂ ਬਰਕਤਾਂ ਨਾਲ ਸੰਤੁਸ਼ਟ ਹੋ ਕੇ ਅਸੀਂ ਬਹੁਤ ਸੁਖ ਪਾਇਆ ਹੈ। ਆਪਣੇ ਬੱਚਿਆਂ ਅਤੇ ਛੋਟੇ ਭੈਣ-ਭਰਾਵਾਂ ਨੂੰ ਆਪਣਿਆਂ ਪਰਿਵਾਰਾਂ ਨਾਲ ਮਿਲ ਕੇ ਯਹੋਵਾਹ ਦੀ ਸੇਵਾ ਕਰਦੇ ਹੋਏ ਦੇਖ ਕੇ ਮੈਨੂੰ ਬਹੁਤ ਸਕੂਨ ਮਿਲਦਾ ਹੈ। ਯਹੋਵਾਹ ਨੇ ਸੱਚ-ਮੁੱਚ ਮੈਨੂੰ ਖ਼ੁਸ਼ ਅਤੇ ਮਕਸਦ-ਭਰੀ ਜ਼ਿੰਦਗੀ ਬਖ਼ਸ਼ੀ ਹੈ। ਉਸ ਨੇ ਮੇਰੀ ਹਰ ਖ਼ਾਹਸ਼ ਪੂਰੀ ਕੀਤੀ ਹੈ।
[ਫੁਟਨੋਟ]
a ਯਹੋਵਾਹ ਦੇ ਗਵਾਹਾਂ ਦੁਆਰਾ ਪ੍ਰਕਾਸ਼ਿਤ, ਪਰ ਹੁਣ ਨਹੀਂ ਛਾਪੀਆਂ ਜਾਂਦੀਆਂ।
[ਸਫ਼ੇ 27 ਉੱਤੇ ਡੱਬੀ]
ਸਮੇਂ ਸਿਰ ਕੀਤੇ ਗਏ ਪ੍ਰਬੰਧ ਨਾਲ ਭਰਾਵਾਂ ਦੀ ਮਦਦ ਕੀਤੀ ਜਾਂਦੀ
ਲਗਭਗ ਸਾਲ 1965 ਵਿਚ ਉੱਤਰੀ ਤੇ ਪੂਰਬੀ ਨਾਈਜੀਰੀਆ ਦੇ ਲੋਕਾਂ ਦੇ ਆਪਸ ਵਿਚ ਦੁਸ਼ਮਣੀ ਕਾਰਨ ਫ਼ਸਾਦ, ਬਗਾਵਤ, ਕੁਧਰਮ ਅਤੇ ਨਸਲੀ ਹਿੰਸਾ ਪੈਦਾ ਹੋਈ। ਇਨ੍ਹਾਂ ਘਟਨਾਵਾਂ ਕਾਰਨ ਯਹੋਵਾਹ ਦੇ ਲੋਕਾਂ ਉੱਤੇ ਬਹੁਤ ਦਬਾਅ ਪਿਆ ਕਿਉਂਕਿ ਉਨ੍ਹਾਂ ਨੇ ਯੁੱਧ ਦੌਰਾਨ ਨਿਰਪੱਖ ਰਹਿਣ ਦਾ ਫ਼ੈਸਲਾ ਕੀਤਾ ਸੀ। ਉਨ੍ਹਾਂ ਵਿੱਚੋਂ ਲਗਭਗ 20 ਭੈਣ-ਭਰਾਵਾਂ ਨੂੰ ਜਾਨੋਂ ਮਾਰਿਆ ਗਿਆ ਅਤੇ ਤਕਰੀਬਨ ਸਾਰੇ ਜਣੇ ਆਪਣਾ ਸਾਮਾਨ ਵਗੈਰਾ ਗੁਆ ਬੈਠੇ ਸਨ।
ਨਾਈਜੀਰੀਆ ਦੇ ਪੂਰਬੀ ਰਾਜਾਂ ਨੇ 30 ਮਈ 1967 ਨੂੰ ਅਲੱਗ ਹੋ ਕੇ ਬੀਆਫ੍ਰਾ ਗਣਰਾਜ ਸਥਾਪਿਤ ਕੀਤਾ। ਸਰਕਾਰ ਨੇ ਇਸ ਦਾ ਵਿਰੋਧ ਕੀਤਾ ਅਤੇ ਫ਼ੌਜ ਨੂੰ ਲਿਆ ਕੇ ਨਾਕਾਬੰਦੀ ਕੀਤੀ। ਨਤੀਜੇ ਵਜੋਂ ਖ਼ੂਨੀ ਤੇ ਹਿੰਸਕ ਘਰੇਲੂ ਯੁੱਧ ਸ਼ੁਰੂ ਹੋਇਆ।
ਬੀਆਫ੍ਰਾ ਦੇ ਇਲਾਕੇ ਦੇ ਯਹੋਵਾਹ ਦੇ ਗਵਾਹਾਂ ਦੀ ਨਿਰਪੱਖਤਾ ਕਾਰਨ ਉਹ ਹਮਲੇ ਦਾ ਨਿਸ਼ਾਨਾ ਬਣੇ। ਜਨਤਾ ਨੂੰ ਭੜਕਾਉਣ ਲਈ ਅਖ਼ਬਾਰਾਂ ਵਿਚ ਉਨ੍ਹਾਂ ਦੇ ਵਿਰੋਧ ਅਫ਼ਵਾਹਾਂ ਫੈਲਾਈਆਂ ਗਈਆਂ ਸਨ। ਫਿਰ ਵੀ ਯਹੋਵਾਹ ਰੂਹਾਨੀ ਤੌਰ ਤੇ ਆਪਣੇ ਸੇਵਕਾਂ ਦੀ ਹਮੇਸ਼ਾ ਦੇਖ-ਭਾਲ ਕਰਦਾ ਰਿਹਾ। ਉਹ ਕਿਵੇਂ?
ਸਾਲ 1968 ਦੇ ਸ਼ੁਰੂ ਵਿਚ ਦੋ ਆਦਮੀਆਂ ਨੂੰ ਸਰਕਾਰੀ ਨੌਕਰੀਆਂ ਤੇ ਲਾਇਆ ਗਿਆ ਸੀ। ਇਕ ਨੂੰ ਯੂਰਪ ਵਿਚ ਅਤੇ ਦੂਸਰੇ ਨੂੰ ਬੀਆਫ੍ਰਾ ਦੀ ਹਵਾਈ ਪਟੜੀ ਤੇ। ਇਹ ਦੋਨੋ ਆਦਮੀ ਯਹੋਵਾਹ ਦੇ ਗਵਾਹ ਸਨ। ਇਹ ਦੋ ਭਰਾ ਆਪਣੀਆਂ ਜਾਨਾਂ ਖ਼ਤਰੇ ਵਿਚ ਪਾ ਕੇ ਬੀਆਫ੍ਰਾ ਦੇ ਭੈਣ-ਭਰਾਵਾਂ ਨੂੰ ਰੂਹਾਨੀ ਸਾਹਿੱਤ ਪਹੁੰਚਾਉਂਦੇ ਰਹੇ ਕਿਉਂਕਿ ਉਸ ਇਲਾਕੇ ਵਿਚ ਸਾਹਿੱਤ ਲਿਆਉਣ ਦਾ ਇਹ ਇੱਕੋ-ਇਕ ਰਾਹ ਸੀ। ਉਨ੍ਹਾਂ ਨੇ ਸਾਡੇ ਦੁਖੀ ਭਰਾਵਾਂ ਲਈ ਹੋਰ ਵੀ ਸਾਮਾਨ ਪਹੁੰਚਾਉਣ ਵਿਚ ਮਦਦ ਕੀਤੀ। ਇਨ੍ਹਾਂ ਦੋ ਭਰਾਵਾਂ ਨੇ ਇਹ ਕੰਮ ਪੂਰੇ ਯੁੱਧ ਦੌਰਾਨ 1970 ਦੇ ਅੰਤ ਤਕ ਜਾਰੀ ਰੱਖਿਆ। ਬਾਅਦ ਵਿਚ ਉਨ੍ਹਾਂ ਵਿੱਚੋਂ ਇਕ ਨੇ ਕਿਹਾ: “ਇਸ ਪ੍ਰਬੰਧ ਦੇ ਪਿੱਛੇ ਜ਼ਰੂਰ ਪਰਮੇਸ਼ੁਰ ਦਾ ਹੀ ਹੱਥ ਸੀ, ਇਸ ਦੀ ਯੋਜਨਾ ਕੋਈ ਇਨਸਾਨ ਨਹੀਂ ਕਰ ਸਕਦਾ ਸੀ।”
[ਸਫ਼ੇ 23 ਉੱਤੇ ਤਸਵੀਰ]
1956 ਵਿਚ
[ਸਫ਼ੇ 25 ਉੱਤੇ ਤਸਵੀਰ]
1965 ਵਿਚ ਆਪਣੇ ਲੜਕਿਆਂ ਨਾਲ, ਜੋਅਲ ਤੇ ਸੈਮੂਏਲ
[ਸਫ਼ੇ 26 ਉੱਤੇ ਤਸਵੀਰ]
ਇਕ ਪਰਿਵਾਰ ਵਜੋਂ ਯਹੋਵਾਹ ਦੀ ਸੇਵਾ ਕਰਨ ਵਿਚ ਕਿੰਨੀ ਖ਼ੁਸ਼ੀ ਮਿਲਦੀ ਹੈ!
[ਸਫ਼ੇ 27 ਉੱਤੇ ਤਸਵੀਰ]
ਹੁਣ ਮੈਂ ਤੇ ਕ੍ਰਿਸਟੀਆਨਾ ਨਾਈਜੀਰੀਆ ਬ੍ਰਾਂਚ ਵਿਚ ਸੇਵਾ ਕਰਦੇ ਹਨ