ਪ੍ਰਭੂ ਦੀ ਪ੍ਰਾਰਥਨਾ—ਦਾ ਤੁਹਾਡੇ ਲਈ ਮਤਲਬ
ਪਹਾੜੀ ਉਪਦੇਸ਼ ਵਿਚ ਯਿਸੂ ਮਸੀਹ ਦੁਆਰਾ ਸਿਖਾਈ ਪ੍ਰਾਰਥਨਾ ਬਾਈਬਲ ਵਿਚ ਮੱਤੀ ਦੀ ਕਿਤਾਬ ਦੇ ਛੇਵੇਂ ਅਧਿਆਇ ਦੀਆਂ ਨੌਂ ਤੋਂ ਤੇਰਾਂ ਆਇਤਾਂ ਵਿਚ ਦਰਜ ਹੈ। ਇਹ ਪ੍ਰਾਰਥਨਾ ਸਿਖਾਉਣ ਤੋਂ ਪਹਿਲਾਂ ਯਿਸੂ ਨੇ ਕਿਹਾ ਸੀ: “ਤੁਸੀਂ ਪ੍ਰਾਰਥਨਾ ਕਰਦਿਆਂ ਹੋਇਆਂ ਪਰਾਈਆਂ ਕੌਮਾਂ ਦੇ ਲੋਕਾਂ ਵਾਂਗਰ ਬਕ ਬਕ ਨਾ ਕਰੋ [“ਬਾਰ ਬਾਰ ਇਕ ਹੀ ਗੱਲ ਨਾ ਕਰੋ,” ਪਵਿੱਤਰ ਬਾਈਬਲ ਨਵਾਂ ਅਨੁਵਾਦ] ਕਿਉਂ ਜੋ ਓਹ ਸਮਝਦੇ ਹਨ ਭਈ ਸਾਡੇ ਬਹੁਤ ਬੋਲਣ ਕਰਕੇ ਸਾਡੀ ਸੁਣੀ ਜਾਵੇਗੀ।”—ਮੱਤੀ 6:7.
ਇਸ ਤੋਂ ਸਪੱਸ਼ਟ ਹੈ ਕਿ ਯਿਸੂ ਨਹੀਂ ਚਾਹੁੰਦਾ ਸੀ ਕਿ ਲੋਕ ਪ੍ਰਭੂ ਦੀ ਪ੍ਰਾਰਥਨਾ ਨੂੰ ਹੂ-ਬਹੂ ਦੁਹਰਾਉਣ। ਇਹ ਸੱਚ ਹੈ ਕਿ ਬਾਅਦ ਵਿਚ ਯਿਸੂ ਨੇ ਇਕ ਹੋਰ ਮੌਕੇ ਤੇ ਇਹੀ ਪ੍ਰਾਰਥਨਾ ਦੁਹਰਾਈ ਸੀ। (ਲੂਕਾ 11:2-4) ਪਰ ਮੱਤੀ ਅਤੇ ਲੂਕਾ ਦੇ ਬਿਰਤਾਂਤਾਂ ਵਿਚ ਦਿੱਤੀ ਪ੍ਰਾਰਥਨਾ ਦੇ ਲਫ਼ਜ਼ ਹੂ-ਬਹੂ ਮਿਲਦੇ-ਜੁਲਦੇ ਨਹੀਂ ਹਨ, ਸਗੋਂ ਉਨ੍ਹਾਂ ਵਿਚ ਥੋੜ੍ਹਾ-ਬਹੁਤ ਫ਼ਰਕ ਹੈ। ਇਸ ਤੋਂ ਇਲਾਵਾ, ਯਿਸੂ ਅਤੇ ਉਸ ਦੇ ਚੇਲਿਆਂ ਦੀਆਂ ਹੋਰਨਾਂ ਪ੍ਰਾਰਥਨਾਵਾਂ ਤੋਂ ਅਸੀਂ ਦੇਖਦੇ ਹਾਂ ਕਿ ਉਨ੍ਹਾਂ ਨੇ ਪ੍ਰਭੂ ਦੀ ਪ੍ਰਾਰਥਨਾ ਨੂੰ ਲਫ਼ਜ਼-ਬ-ਲਫ਼ਜ਼ ਨਹੀਂ ਦੁਹਰਾਇਆ।
ਪ੍ਰਭੂ ਦੀ ਪ੍ਰਾਰਥਨਾ ਨੂੰ ਬਾਈਬਲ ਵਿਚ ਕਿਉਂ ਦਰਜ ਕੀਤਾ ਗਿਆ ਹੈ? ਇਸ ਪ੍ਰਾਰਥਨਾ ਰਾਹੀਂ ਯਿਸੂ ਸਾਨੂੰ ਸਿਖਾਉਂਦਾ ਹੈ ਕਿ ਸਾਡੀਆਂ ਪ੍ਰਾਰਥਨਾਵਾਂ ਪਰਮੇਸ਼ੁਰ ਨੂੰ ਕਿਵੇਂ ਮਨਜ਼ੂਰ ਹੋ ਸਕਦੀਆਂ ਹਨ। ਇਸ ਪ੍ਰਾਰਥਨਾ ਤੋਂ ਸਾਨੂੰ ਜ਼ਿੰਦਗੀ ਦੇ ਕੁਝ ਜ਼ਰੂਰੀ ਸਵਾਲਾਂ ਦੇ ਜਵਾਬ ਵੀ ਮਿਲਦੇ ਹਨ। ਇਸ ਲਈ ਆਓ ਆਪਾਂ ਪ੍ਰਭੂ ਦੀ ਪ੍ਰਾਰਥਨਾ ਦੇ ਹਰ ਭਾਗ ਉੱਤੇ ਚਰਚਾ ਕਰੀਏ।
ਪਰਮੇਸ਼ੁਰ ਦਾ ਕੀ ਨਾਂ ਹੈ?
“ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ।” (ਮੱਤੀ 6:9) ਧਿਆਨ ਦਿਓ ਕਿ ਪ੍ਰਾਰਥਨਾ ਦੇ ਸ਼ੁਰੂ ਵਿਚ ਪਰਮੇਸ਼ੁਰ ਨੂੰ “ਹੇ ਸਾਡੇ ਪਿਤਾ” ਕਹਿ ਕੇ ਸੰਬੋਧਿਤ ਕੀਤਾ ਗਿਆ ਹੈ। ਇਹ ਸ਼ਬਦ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਕਾਇਮ ਕਰਨ ਵਿਚ ਸਾਡੀ ਮਦਦ ਕਰਦੇ ਹਨ। ਜਿਵੇਂ ਇਕ ਬੱਚਾ ਆਪਣੇ ਪਿਆਰ ਕਰਨ ਵਾਲੇ ਤੇ ਹਮਦਰਦ ਪਿਤਾ ਜਾਂ ਮਾਤਾ ਵੱਲ ਸੁਭਾਵਕ ਹੀ ਖਿੱਚਿਆ ਜਾਂਦਾ ਹੈ, ਉਸੇ ਤਰ੍ਹਾਂ ਅਸੀਂ ਵੀ ਆਪਣੇ ਸਵਰਗੀ ਪਿਤਾ ਨੂੰ ਇਸ ਭਰੋਸੇ ਨਾਲ ਪ੍ਰਾਰਥਨਾ ਕਰ ਸਕਦੇ ਹਾਂ ਕਿ ਉਹ ਸਾਡੀ ਗੱਲ ਸੁਣਨੀ ਚਾਹੁੰਦਾ ਹੈ। ਰਾਜਾ ਦਾਊਦ ਨੇ ਗਾਇਆ ਸੀ: “ਹੇ ਪ੍ਰਾਰਥਨਾ ਦੇ ਸੁਣਨ ਵਾਲੇ, ਸਾਰੇ ਬਸ਼ਰ ਤੇਰੇ ਕੋਲ ਆਉਣਗੇ।”—ਜ਼ਬੂਰਾਂ ਦੀ ਪੋਥੀ 65:2.
ਯਿਸੂ ਨੇ ਸਾਨੂੰ ਪਰਮੇਸ਼ੁਰ ਦੇ ਨਾਂ ਦੇ ਪਵਿੱਤਰੀਕਰਣ ਲਈ ਪ੍ਰਾਰਥਨਾ ਕਰਨ ਲਈ ਕਿਹਾ ਹੈ। ਪਰ ਪਰਮੇਸ਼ੁਰ ਦਾ ਨਾਂ ਕੀ ਹੈ? ਬਾਈਬਲ ਇਨ੍ਹਾਂ ਲਫ਼ਜ਼ਾਂ ਵਿਚ ਜਵਾਬ ਦਿੰਦੀ ਹੈ: “ਇਕੱਲਾ ਤੂੰ ਹੀ ਜਿਹ ਦਾ ਨਾਮ ਯਹੋਵਾਹ ਹੈ ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ!” (ਜ਼ਬੂਰਾਂ ਦੀ ਪੋਥੀ 83:18) ਕੀ ਤੁਸੀਂ ਆਪਣੀ ਬਾਈਬਲ ਵਿਚ ਕਦੇ ਯਹੋਵਾਹ ਨਾਂ ਪੜ੍ਹਿਆ ਹੈ?
ਦਰਅਸਲ, ਬਾਈਬਲ ਦੀਆਂ ਪੁਰਾਣੀਆਂ ਹੱਥ-ਲਿਖਤਾਂ ਵਿਚ ਤਕਰੀਬਨ 7,000 ਵਾਰ ਪਰਮੇਸ਼ੁਰ ਦਾ ਨਾਂ ਯਹੋਵਾਹ ਇਸਤੇਮਾਲ ਕੀਤਾ ਗਿਆ ਹੈ। ਪਰ ਕੁਝ ਅਨੁਵਾਦਕਾਂ ਨੇ ਬਾਈਬਲ ਦੇ ਆਪਣੇ ਤਰਜਮਿਆਂ ਵਿਚ ਯਹੋਵਾਹ ਨਾਮ ਨਾ ਇਸਤੇਮਾਲ ਕਰਨ ਦੀ ਵੱਡੀ ਗੁਸਤਾਖ਼ੀ ਕੀਤੀ ਹੈ। ਇਸ ਲਈ ਆਪਣੇ ਸਿਰਜਣਹਾਰ ਦੇ ਨਾਂ ਦੇ ਪਵਿੱਤਰੀਕਰਣ ਲਈ ਪ੍ਰਾਰਥਨਾ ਕਰਨੀ ਜਾਇਜ਼ ਹੈ। (ਹਿਜ਼ਕੀਏਲ 36:23) ਇਸ ਪ੍ਰਾਰਥਨਾ ਅਨੁਸਾਰ ਚੱਲਣ ਦਾ ਇਕ ਤਰੀਕਾ ਹੈ ਕਿ ਅਸੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਲੱਗਿਆਂ ਪ੍ਰਾਰਥਨਾ ਵਿਚ ਯਹੋਵਾਹ ਨਾਂ ਇਸਤੇਮਾਲ ਕਰੀਏ।
ਪੈਟਰੀਸ਼ੀਆ ਨਾਂ ਦੀ ਇਕ ਤੀਵੀਂ ਕੈਥੋਲਿਕ ਧਰਮ ਵਿਚ ਜੰਮੀ-ਪਲੀ ਸੀ ਜਿਸ ਕਰਕੇ ਉਹ ਪ੍ਰਭੂ ਦੀ ਪ੍ਰਾਰਥਨਾ ਚੰਗੀ ਤਰ੍ਹਾਂ ਜਾਣਦੀ ਸੀ। ਉਸ ਨੇ ਕਿੱਦਾਂ ਮਹਿਸੂਸ ਕੀਤਾ ਜਦੋਂ ਇਕ ਯਹੋਵਾਹ ਦੀ ਗਵਾਹ ਨੇ ਉਸ ਨੂੰ ਬਾਈਬਲ ਵਿੱਚੋਂ ਪਰਮੇਸ਼ੁਰ ਦਾ ਨਾਂ ਦਿਖਾਇਆ? ਪੈਟਰੀਸ਼ੀਆ ਦੱਸਦੀ ਹੈ: “ਪਹਿਲਾਂ ਤਾਂ ਮੈਨੂੰ ਯਕੀਨ ਹੀ ਨਾ ਹੋਇਆ! ਇਸ ਲਈ ਮੈਂ ਆਪਣੀ ਬਾਈਬਲ ਵਿਚ ਦੇਖਿਆ ਤੇ ਇਹ ਨਾਂ ਮੇਰੀ ਬਾਈਬਲ ਵਿਚ ਵੀ ਦਿੱਤਾ ਸੀ। ਫਿਰ ਉਸ ਗਵਾਹ ਨੇ ਮੈਨੂੰ ਮੱਤੀ 6:9, 10 ਦਿਖਾ ਕੇ ਸਮਝਾਇਆ ਕਿ ਪ੍ਰਭੂ ਦੀ ਪ੍ਰਾਰਥਨਾ ਵਿਚ ਇਸੇ ਨਾਂ ਦੀ ਗੱਲ ਕੀਤੀ ਗਈ ਹੈ। ਪਰਮੇਸ਼ੁਰ ਦਾ ਨਾਂ ਜਾਣ ਕੇ ਮੈਂ ਇੰਨੀ ਉਤਾਵਲੀ ਹੋ ਗਈ ਕਿ ਮੈਂ ਉਸ ਨੂੰ ਮੇਰੇ ਨਾਲ ਬਾਈਬਲ ਦਾ ਅਧਿਐਨ ਕਰਾਉਣ ਲਈ ਕਿਹਾ।”
ਪਰਮੇਸ਼ੁਰ ਦੀ ਮਰਜ਼ੀ ਜ਼ਮੀਨ ਤੇ ਪੂਰੀ ਹੋਵੇਗੀ
“ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” (ਮੱਤੀ 6:10) ਯਿਸੂ ਦੁਆਰਾ ਸਿਖਾਈ ਪ੍ਰਾਰਥਨਾ ਦੇ ਇਹ ਲਫ਼ਜ਼ ਕਿਵੇਂ ਪੂਰੇ ਹੋਣਗੇ? ਜ਼ਿਆਦਾਤਰ ਲੋਕ ਮੰਨਦੇ ਹਨ ਕਿ ਸਵਰਗ ਵਿਚ ਬਹੁਤ ਸੁੱਖ-ਸ਼ਾਂਤੀ ਹੈ। ਬਾਈਬਲ ਦੱਸਦੀ ਹੈ ਕਿ ਸਵਰਗ ਪਰਮੇਸ਼ੁਰ ਦਾ “ਪਵਿੱਤ੍ਰ ਅਤੇ ਸ਼ਾਨਦਾਰ ਭਵਨ” ਹੈ। (ਯਸਾਯਾਹ 63:15) ਇਸ ਲਈ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਪਰਮੇਸ਼ੁਰ ਦੀ ਮਰਜ਼ੀ “ਜਿਹੀ ਸੁਰਗ” ਵਿਚ ਪੂਰੀ ਹੁੰਦੀ ਹੈ, ਜ਼ਮੀਨ ਉੱਤੇ ਵੀ ਪੂਰੀ ਹੋਵੇ! ਪਰ ਕੀ ਇਹ ਮਰਜ਼ੀ ਕਦੇ ਪੂਰੀ ਹੋਵੇਗੀ?
ਯਹੋਵਾਹ ਦੇ ਨਬੀ ਦਾਨੀਏਲ ਨੇ ਭਵਿੱਖਬਾਣੀ ਕੀਤੀ ਸੀ: “ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ ਅਤੇ ਉਹ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਸਗੋਂ ਉਹ ਏਹਨਾਂ ਸਾਰੀਆਂ [ਧਰਤੀ ਦੀਆਂ] ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।” (ਦਾਨੀਏਲ 2:44) ਇਹ ਸਵਰਗੀ ਰਾਜ ਜਾਂ ਸਰਕਾਰ ਬਹੁਤ ਜਲਦੀ ਆਪਣੇ ਧਰਮੀ ਸ਼ਾਸਨ ਅਧੀਨ ਦੁਨੀਆਂ ਭਰ ਵਿਚ ਸ਼ਾਂਤੀ ਕਾਇਮ ਕਰੇਗੀ।—2 ਪਤਰਸ 3:13.
ਜਦੋਂ ਅਸੀਂ ਪਰਮੇਸ਼ੁਰ ਦੇ ਰਾਜ ਦੇ ਆਉਣ ਅਤੇ ਪਰਮੇਸ਼ੁਰ ਦੀ ਮਰਜ਼ੀ ਧਰਤੀ ਉੱਤੇ ਪੂਰੀ ਹੋਣ ਬਾਰੇ ਪ੍ਰਾਰਥਨਾ ਕਰਦੇ ਹਾਂ, ਤਾਂ ਅਸੀਂ ਪਰਮੇਸ਼ੁਰ ਵਿਚ ਆਪਣੀ ਨਿਹਚਾ ਜ਼ਾਹਰ ਕਰਦੇ ਹਾਂ ਕਿ ਉਹ ਸਾਡੀ ਪ੍ਰਾਰਥਨਾ ਜ਼ਰੂਰ ਸੁਣੇਗਾ ਤੇ ਸਾਨੂੰ ਨਿਰਾਸ਼ ਨਹੀਂ ਕਰੇਗਾ। ਯੂਹੰਨਾ ਰਸੂਲ ਨੇ ਲਿਖਿਆ ਸੀ: “ਮੈਂ ਸਿੰਘਾਸਣ ਤੋਂ ਇੱਕ ਵੱਡੀ ਅਵਾਜ਼ ਇਹ ਆਖਦੇ ਸੁਣੀ ਭਈ ਵੇਖ, ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਓਹਨਾਂ ਨਾਲ ਡੇਰਾ ਕਰੇਗਾ ਅਤੇ ਓਹ ਉਸ ਦੀ ਪਰਜਾ ਹੋਣਗੇ ਅਤੇ ਪਰਮੇਸ਼ੁਰ ਆਪ ਓਹਨਾਂ ਦਾ ਪਰਮੇਸ਼ੁਰ ਹੋ ਕੇ ਓਹਨਾਂ ਦੇ ਨਾਲ ਰਹੇਗਾ। ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।” ਫਿਰ ਯੂਹੰਨਾ ਨੇ ਅੱਗੇ ਕਿਹਾ: “ਅਤੇ ਉਹ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਬੋਲਿਆ, . . . ਲਿਖ, ਕਿਉਂ ਜੋ ਏਹ ਬਚਨ ਨਿਹਚਾ ਜੋਗ ਅਤੇ ਸਤ ਹਨ।”—ਪਰਕਾਸ਼ ਦੀ ਪੋਥੀ 21:3-5.
ਆਪਣੀਆਂ ਰੋਜ਼ਾਨਾ ਲੋੜਾਂ ਲਈ ਪ੍ਰਾਰਥਨਾ
ਆਦਰਸ਼ ਪ੍ਰਾਰਥਨਾ ਵਿਚ ਕਹੇ ਯਿਸੂ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਆਪਣੀ ਪ੍ਰਾਰਥਨਾ ਵਿਚ ਸਭ ਤੋਂ ਪਹਿਲਾਂ ਪਰਮੇਸ਼ੁਰ ਦੇ ਨਾਂ ਅਤੇ ਉਸ ਦੀ ਮਰਜ਼ੀ ਨੂੰ ਤਰਜੀਹ ਦੇਣੀ ਚਾਹੀਦੀ ਹੈ। ਪਰ ਯਿਸੂ ਦੇ ਅਗਲੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਯਹੋਵਾਹ ਨੂੰ ਆਪਣੀਆਂ ਨਿੱਜੀ ਲੋੜਾਂ ਬਾਰੇ ਵੀ ਪ੍ਰਾਰਥਨਾ ਕਰ ਸਕਦੇ ਹਾਂ।
ਇਨ੍ਹਾਂ ਵਿੱਚੋਂ ਪਹਿਲੀ ਹੈ: “ਸਾਡੀ ਰੋਜ ਦੀ ਰੋਟੀ ਅੱਜ ਸਾਨੂੰ ਦਿਹ।” (ਮੱਤੀ 6:11) ਇਹ ਬੇਨਤੀ ਧਨ-ਦੌਲਤ ਲਈ ਨਹੀਂ ਹੈ। ਯਿਸੂ ਨੇ ਸਾਨੂੰ “ਰੋਜ਼ ਦੀ ਰੋਟੀ” ਲਈ ਪ੍ਰਾਰਥਨਾ ਕਰਨ ਲਈ ਕਿਹਾ ਸੀ। (ਲੂਕਾ 11:3) ਪ੍ਰਭੂ ਦੀ ਪ੍ਰਾਰਥਨਾ ਦੇ ਅਨੁਸਾਰ ਅਸੀਂ ਨਿਹਚਾ ਨਾਲ ਪ੍ਰਾਰਥਨਾ ਕਰ ਸਕਦੇ ਹਾਂ ਕਿ ਜੇ ਅਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ ਅਤੇ ਉਸ ਦੀ ਆਗਿਆ ਮੰਨਦੇ ਹਾਂ, ਤਾਂ ਉਹ ਸਾਡੀਆਂ ਰੋਜ਼ਮੱਰਾ ਦੀਆਂ ਲੋੜਾਂ ਪੂਰੀਆਂ ਕਰੇਗਾ।
ਰੁਪਏ-ਪੈਸੇ ਦੀ ਤੰਗੀ ਕਾਰਨ ਅਸੀਂ ਚਿੰਤਾ ਵਿਚ ਪੈ ਜਾਂਦੇ ਹਾਂ ਜਿਸ ਕਰਕੇ ਅਸੀਂ ਸ਼ਾਇਦ ਆਪਣੀਆਂ ਅਧਿਆਤਮਿਕ ਲੋੜਾਂ ਵੱਲ ਧਿਆਨ ਨਾ ਦੇ ਸਕੀਏ ਅਤੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਤੋਂ ਰਹਿ ਜਾਈਏ। ਪਰ ਜੇ ਅਸੀਂ ਪਰਮੇਸ਼ੁਰ ਦੀ ਭਗਤੀ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੰਦੇ ਹਾਂ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਭੋਜਨ ਤੇ ਕੱਪੜਿਆਂ ਵਰਗੀਆਂ ਲੋੜਾਂ ਲਈ ਕੀਤੀਆਂ ਸਾਡੀਆਂ ਬੇਨਤੀਆਂ ਪਰਮੇਸ਼ੁਰ ਜ਼ਰੂਰ ਸੁਣੇਗਾ। ਯਿਸੂ ਨੇ ਕਿਹਾ ਸੀ: “ਪਹਿਲਾਂ [ਪਰਮੇਸ਼ੁਰ] ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ।” (ਮੱਤੀ 6:26-33) ਪਰਮੇਸ਼ੁਰ ਦੇ ਧਰਮ ਨੂੰ ਭਾਲਣਾ ਯਾਨੀ ਉਸ ਦੇ ਧਰਮੀ ਮਿਆਰਾਂ ਉੱਤੇ ਚੱਲਣਾ ਆਸਾਨ ਨਹੀਂ ਹੈ ਕਿਉਂਕਿ ਅਸੀਂ ਸਾਰੇ ਪਾਪੀ ਹਾਂ ਤੇ ਗ਼ਲਤੀਆਂ ਕਰਦੇ ਹਾਂ ਜਿਸ ਕਰਕੇ ਸਾਨੂੰ ਮਾਫ਼ੀ ਮੰਗਣ ਦੀ ਲੋੜ ਪੈਂਦੀ ਹੈ। (ਰੋਮੀਆਂ 5:12) ਪ੍ਰਭੂ ਦੀ ਪ੍ਰਾਰਥਨਾ ਵਿਚ ਇਸ ਬੇਨਤੀ ਦਾ ਵੀ ਜ਼ਿਕਰ ਹੈ।
ਮਾਫ਼ੀ ਲਈ ਪ੍ਰਾਰਥਨਾ
“ਸਾਡੇ ਕਰਜ਼ ਸਾਨੂੰ ਮਾਫ਼ ਕਰ, ਜਿਵੇਂ ਅਸਾਂ ਵੀ ਆਪਣੇ ਕਰਜਾਈਆਂ ਨੂੰ ਮਾਫ਼ ਕੀਤਾ ਹੈ।” (ਮੱਤੀ 6:12) ਲੂਕਾ ਦੇ ਬਿਰਤਾਂਤ ਵਿਚ ਦਿੱਤੀ ਪ੍ਰਭੂ ਦੀ ਪ੍ਰਾਰਥਨਾ ਵਿਚ ਇਸ “ਕਰਜ਼”’ ਨੂੰ “ਪਾਪ” ਕਿਹਾ ਗਿਆ ਹੈ। (ਲੂਕਾ 11:4) ਕੀ ਪਰਮੇਸ਼ੁਰ ਸੱਚ-ਮੁੱਚ ਸਾਡੇ ਪਾਪ ਮਾਫ਼ ਕਰੇਗਾ?
ਹਾਲਾਂਕਿ ਪੁਰਾਣੇ ਜ਼ਮਾਨੇ ਦੇ ਰਾਜਾ ਦਾਊਦ ਨੇ ਗੰਭੀਰ ਪਾਪ ਕੀਤੇ ਸਨ, ਪਰ ਉਸ ਨੇ ਪਾਪਾਂ ਤੋਂ ਤੋਬਾ ਕਰ ਕੇ ਪੂਰੇ ਭਰੋਸੇ ਨਾਲ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਸੀ: “ਹੇ ਪ੍ਰਭੂ ਤੂੰ ਭਲਾ ਅਤੇ ਮਾਫ਼ ਕਰਨ ਵਾਲਾ ਹੈਂ, ਤੂੰ ਆਪਣੇ ਪੁਕਾਰਨ ਵਾਲਿਆਂ ਸਭ ਤੇ ਦਿਆਲੂ ਹੈਂ।” (ਭਜਨ 86:5, ਨਵਾਂ ਅਨੁਵਾਦ) ਇਸ ਆਇਤ ਤੋਂ ਵਾਕਈ ਸਾਨੂੰ ਹੌਸਲਾ ਮਿਲਦਾ ਹੈ! ਸਾਡਾ ਸਵਰਗੀ ਪਿਤਾ ਉਨ੍ਹਾਂ ਦੇ ਪਾਪ ‘ਮਾਫ਼ ਕਰਦਾ’ ਹੈ ਜੋ ਤੋਬਾ ਕਰ ਕੇ ਉਸ ਨੂੰ ਪੁਕਾਰਦੇ ਹਨ। ਜਿਸ ਤਰ੍ਹਾਂ ਕਰਜ਼ੇ ਨੂੰ ਪੂਰੀ ਤਰ੍ਹਾਂ ਮਾਫ਼ ਕੀਤਾ ਜਾ ਸਕਦਾ ਹੈ, ਉਸੇ ਤਰ੍ਹਾਂ ਯਹੋਵਾਹ ਪਰਮੇਸ਼ੁਰ ਸਾਡੇ ਪਾਪਾਂ ਨੂੰ ਪੂਰੀ ਤਰ੍ਹਾਂ ਮਾਫ਼ ਕਰ ਸਕਦਾ ਹੈ।
ਪਰ ਯਿਸੂ ਨੇ ਪਰਮੇਸ਼ੁਰ ਤੋਂ ਮਾਫ਼ੀ ਹਾਸਲ ਕਰਨ ਲਈ ਇਕ ਸ਼ਰਤ ਦੱਸੀ ਸੀ: ਜੇ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਸਾਨੂੰ ਮਾਫ਼ ਕਰੇ, ਤਾਂ ਸਾਨੂੰ ਪਹਿਲਾਂ ਦੂਜਿਆਂ ਨੂੰ ਮਾਫ਼ ਕਰਨਾ ਪਵੇਗਾ। (ਮੱਤੀ 6:14, 15) ਹਾਲਾਂਕਿ ਧਰਮੀ ਆਦਮੀ ਅੱਯੂਬ ਦੇ ਦੋਸਤਾਂ ਨੇ ਉਸ ਨਾਲ ਚੰਗਾ ਸਲੂਕ ਨਹੀਂ ਕੀਤਾ ਸੀ, ਫਿਰ ਵੀ ਅੱਯੂਬ ਨੇ ਉਨ੍ਹਾਂ ਨੂੰ ਮਾਫ਼ ਕੀਤਾ ਤੇ ਉਨ੍ਹਾਂ ਲਈ ਪ੍ਰਾਰਥਨਾ ਵੀ ਕੀਤੀ। (ਅੱਯੂਬ 42:10) ਜੇ ਅਸੀਂ ਆਪਣੇ ਖ਼ਿਲਾਫ਼ ਪਾਪ ਕਰਨ ਵਾਲਿਆਂ ਨੂੰ ਮਾਫ਼ ਕਰਦੇ ਹਾਂ, ਤਾਂ ਪਰਮੇਸ਼ੁਰ ਸਾਥੋਂ ਖ਼ੁਸ਼ ਹੋਵੇਗਾ ਤੇ ਸਾਡੇ ਪਾਪ ਵੀ ਮਾਫ਼ ਕਰੇਗਾ।
ਪਰਮੇਸ਼ੁਰ ਸਾਡੀਆਂ ਬੇਨਤੀਆਂ ਸੁਣਨ ਲਈ ਤਿਆਰ ਰਹਿੰਦਾ ਹੈ, ਇਸ ਲਈ ਸਾਨੂੰ ਉਸ ਦੀ ਮਿਹਰ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਸੀਂ ਉਸ ਦੀ ਮਿਹਰ ਪਾ ਸਕਦੇ ਹਾਂ ਭਾਵੇਂ ਕਿ ਅਸੀਂ ਨਾਮੁਕੰਮਲ ਹਾਂ। (ਮੱਤੀ 26:41) ਇਸ ਮਾਮਲੇ ਵਿਚ ਵੀ ਯਹੋਵਾਹ ਸਾਡੀ ਮਦਦ ਕਰ ਸਕਦਾ ਹੈ ਜਿਵੇਂ ਕਿ ਯਿਸੂ ਦੀ ਪ੍ਰਾਰਥਨਾ ਦੇ ਆਖ਼ਰ ਵਿਚ ਦਿੱਤੀ ਜ਼ਰੂਰੀ ਬੇਨਤੀ ਤੋਂ ਪਤਾ ਲੱਗਦਾ ਹੈ।
ਧਰਮੀ ਰਾਹ ਤੇ ਚੱਲਣ ਲਈ ਪ੍ਰਾਰਥਨਾ
“ਸਾਨੂੰ ਪਰਤਾਵੇ ਵਿੱਚ ਨਾ ਲਿਆ, ਸਗੋਂ ਬੁਰਿਆਈ [“ਬੁਰੇ,” “ਨਵਾਂ ਅਨੁਵਾਦ”] ਤੋਂ ਬਚਾ।” (ਮੱਤੀ 6:13) ਇਸ ਦਾ ਇਹ ਮਤਲਬ ਨਹੀਂ ਕਿ ਪਰਤਾਵੇ ਆਉਣ ਤੇ ਯਹੋਵਾਹ ਸਾਨੂੰ ਛੱਡ ਦਿੰਦਾ ਹੈ ਜਾਂ ਉਹ ਸਾਨੂੰ ਪਾਪ ਵਿਚ ਫਸਾਉਂਦਾ ਹੈ। ਉਸ ਦਾ ਬਚਨ ਦੱਸਦਾ ਹੈ: “ਪਰਮੇਸ਼ੁਰ ਬਦੀਆਂ ਤੋਂ ਪਰਤਾਇਆ ਨਹੀਂ ਜਾਂਦਾ ਹੈ ਅਤੇ ਨਾ ਉਹ ਆਪ ਕਿਸੇ ਨੂੰ ਪਰਤਾਉਂਦਾ ਹੈ।” (ਯਾਕੂਬ 1:13) ਇਹ ਸੱਚ ਹੈ ਕਿ ਪਰਮੇਸ਼ੁਰ ਸਾਡੇ ਉੱਤੇ ਪਰਤਾਵੇ ਆਉਣ ਦਿੰਦਾ ਹੈ, ਪਰ ਉਹ ਸਾਨੂੰ “ਬੁਰੇ” ਯਾਨੀ ਸ਼ਤਾਨ ਤੋਂ ਬਚਾ ਵੀ ਸਕਦਾ ਹੈ ਜੋ ਸਾਨੂੰ ਹਰ ਵੇਲੇ ਪਰਤਾਉਣ ਦੀ ਕੋਸ਼ਿਸ਼ ਕਰਦਾ ਹੈ।
ਪਤਰਸ ਰਸੂਲ ਨੇ ਸੰਗੀ ਮਸੀਹੀਆਂ ਨੂੰ ਤਾਕੀਦ ਕੀਤੀ ਸੀ: “ਸੁਚੇਤ ਹੋਵੋ, ਜਾਗਦੇ ਰਹੋ! ਤੁਹਾਡਾ ਵਿਰੋਧੀ ਸ਼ਤਾਨ ਬੁਕਦੇ ਸ਼ੀਂਹ ਵਾਂਙੁ ਭਾਲਦਾ ਫਿਰਦਾ ਹੈ ਭਈ ਕਿਹ ਨੂੰ ਪਾੜ ਖਾਵਾਂ!” (1 ਪਤਰਸ 5:8) ਸ਼ਤਾਨ ਨੇ ਤਾਂ ਸੰਪੂਰਣ ਇਨਸਾਨ ਯਿਸੂ ਮਸੀਹ ਨੂੰ ਵੀ ਪਰਤਾਇਆ ਸੀ! ਸ਼ਤਾਨ ਦਾ ਮਕਸਦ ਕੀ ਸੀ? ਯਿਸੂ ਨੂੰ ਯਹੋਵਾਹ ਪਰਮੇਸ਼ੁਰ ਦੀ ਸ਼ੁੱਧ ਭਗਤੀ ਕਰਨ ਤੋਂ ਹਟਾਉਣਾ। (ਮੱਤੀ 4:1-11) ਜੇ ਤੁਸੀਂ ਪਰਮੇਸ਼ੁਰ ਦੀ ਭਗਤੀ ਕਰ ਰਹੇ ਹੋ, ਤਾਂ ਸ਼ਤਾਨ ਤੁਹਾਨੂੰ ਵੀ ਪਰਮੇਸ਼ੁਰ ਦੀ ਭਗਤੀ ਕਰਨ ਤੋਂ ਹਟਾਉਣਾ ਚਾਹੇਗਾ!
ਆਪਣੇ ਵੱਸ ਵਿਚ ਪਈ ਦੁਨੀਆਂ ਦੇ ਜ਼ਰੀਏ ਸ਼ਤਾਨ ਸਾਨੂੰ ਅਜਿਹੇ ਕੰਮ ਕਰਨ ਲਈ ਭਰਮਾ ਸਕਦਾ ਹੈ ਜੋ ਪਰਮੇਸ਼ੁਰ ਨੂੰ ਪਸੰਦ ਨਹੀਂ ਹਨ। (1 ਯੂਹੰਨਾ 5:19) ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਮਦਦ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਰਹੀਏ, ਖ਼ਾਸਕਰ ਉਦੋਂ ਜਦੋਂ ਅਸੀਂ ਵਾਰ-ਵਾਰ ਪਰਤਾਵਿਆਂ ਦਾ ਸਾਮ੍ਹਣਾ ਕਰਦੇ ਹਾਂ। ਜੇ ਅਸੀਂ ਯਹੋਵਾਹ ਦੀ ਭਗਤੀ ਉਸ ਦੇ ਬਚਨ ਬਾਈਬਲ ਅਨੁਸਾਰ ਕਰਦੇ ਹਾਂ, ਤਾਂ ਉਹ ਸ਼ਤਾਨ ਦਾ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਕਰ ਕੇ ਸਾਨੂੰ ਪਰਤਾਵੇ ਤੋਂ ਬਚਾਵੇਗਾ। ਬਾਈਬਲ ਸਾਨੂੰ ਦੱਸਦੀ ਹੈ: “ਪਰਮੇਸ਼ੁਰ ਵਫ਼ਾਦਾਰ ਹੈ ਜੋ ਤੁਹਾਡੀ ਸ਼ਕਤੀਓਂ ਬਾਹਰ ਤੁਹਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ।”—1 ਕੁਰਿੰਥੀਆਂ 10:13.
ਪਰਮੇਸ਼ੁਰ ਵਿਚ ਨਿਹਚਾ ਹੋਣੀ ਜ਼ਰੂਰੀ
ਇਹ ਜਾਣ ਕੇ ਕਿੰਨਾ ਹੌਸਲਾ ਮਿਲਦਾ ਹੈ ਕਿ ਸਾਡਾ ਸਵਰਗੀ ਪਿਤਾ ਸਾਡੇ ਸਾਰਿਆਂ ਵਿਚ ਰੁਚੀ ਲੈਂਦਾ ਹੈ! ਉਸ ਨੇ ਤਾਂ ਆਪਣੇ ਪੁੱਤਰ ਯਿਸੂ ਮਸੀਹ ਦੇ ਜ਼ਰੀਏ ਸਾਨੂੰ ਪ੍ਰਾਰਥਨਾ ਕਰਨੀ ਵੀ ਸਿਖਾਈ ਹੈ। ਤਾਂ ਫਿਰ ਅਸੀਂ ਯਹੋਵਾਹ ਪਰਮੇਸ਼ੁਰ ਨੂੰ ਜ਼ਰੂਰ ਖ਼ੁਸ਼ ਕਰਨਾ ਚਾਹਾਂਗੇ। ਅਸੀਂ ਉਸ ਨੂੰ ਕਿਵੇਂ ਖ਼ੁਸ਼ ਕਰ ਸਕਦੇ ਹਾਂ?
ਬਾਈਬਲ ਦੱਸਦੀ ਹੈ: “ਨਿਹਚਾ ਬਾਝੋਂ [ਪਰਮੇਸ਼ੁਰ] ਦੇ ਮਨ ਨੂੰ ਭਾਉਣਾ ਅਣਹੋਣਾ ਹੈ ਕਿਉਂਕਿ ਜਿਹੜਾ ਪਰਮੇਸ਼ੁਰ ਦੀ ਵੱਲ ਆਉਂਦਾ ਹੈ ਉਹ ਨੂੰ ਪਰਤੀਤ ਕਰਨੀ ਚਾਹੀਦੀ ਹੈ ਭਈ ਉਹ ਹੈ, ਨਾਲੇ ਇਹ ਭਈ ਉਹ ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।” (ਇਬਰਾਨੀਆਂ 11:6) ਅਸੀਂ ਇਸ ਤਰ੍ਹਾਂ ਦੀ ਨਿਹਚਾ ਕਿਵੇਂ ਪੈਦਾ ਕਰ ਸਕਦੇ ਹਾਂ? ਬਾਈਬਲ ਕਹਿੰਦੀ ਹੈ ਕਿ ਨਿਹਚਾ ਯਾਨੀ “ਪਰਤੀਤ ਸੁਣਨ ਨਾਲ” ਹੁੰਦੀ ਹੈ। (ਰੋਮੀਆਂ 10:17) ਯਹੋਵਾਹ ਦੇ ਗਵਾਹਾਂ ਨੂੰ ਉਨ੍ਹਾਂ ਸਾਰਿਆਂ ਨਾਲ ਬਾਈਬਲ ਵਿੱਚੋਂ ਚਰਚਾ ਕਰ ਕੇ ਬਹੁਤ ਖ਼ੁਸ਼ੀ ਹੋਵੇਗੀ ਜੋ ਸੱਚੀ ਨਿਹਚਾ ਨਾਲ ਪਰਮੇਸ਼ੁਰ ਦੀ ਭਗਤੀ ਕਰਨੀ ਚਾਹੁੰਦੇ ਹਨ।
ਉਮੀਦ ਹੈ ਕਿ ਇਸ ਚਰਚਾ ਦੀ ਮਦਦ ਨਾਲ ਤੁਹਾਨੂੰ ਪ੍ਰਭੂ ਦੀ ਪ੍ਰਾਰਥਨਾ ਦਾ ਅਰਥ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਯਹੋਵਾਹ ਬਾਰੇ ਹੋਰ ਜਾਣਨ ਅਤੇ ਇਹ ਵੀ ਜਾਣਨ ਨਾਲ ਕਿ ਉਹ “ਆਪਣਿਆਂ ਤਾਲਿਬਾਂ” ਨੂੰ ਕਿਹੜੀਆਂ ਬਰਕਤਾਂ ਦੇਵੇਗਾ, ਤੁਸੀਂ ਪਰਮੇਸ਼ੁਰ ਵਿਚ ਆਪਣੀ ਨਿਹਚਾ ਮਜ਼ਬੂਤ ਕਰ ਸਕਦੇ ਹੋ। ਯਹੋਵਾਹ ਅਤੇ ਉਸ ਦੇ ਮਕਸਦਾਂ ਬਾਰੇ ਹੋਰ ਜ਼ਿਆਦਾ ਸਿੱਖ ਕੇ ਤੁਸੀਂ ਆਪਣੇ ਸਵਰਗੀ ਪਿਤਾ ਨਾਲ ਗੂੜ੍ਹੇ ਰਿਸ਼ਤੇ ਦਾ ਹਮੇਸ਼ਾ ਲਈ ਆਨੰਦ ਮਾਣ ਸਕਦੇ ਹੋ।—ਯੂਹੰਨਾ 17:3.
[ਸਫ਼ੇ 5 ਉੱਤੇ ਸੁਰਖੀ]
“ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ। ਸਾਡੀ ਰੋਜ ਦੀ ਰੋਟੀ ਅੱਜ ਸਾਨੂੰ ਦਿਹ, ਅਤੇ ਸਾਡੇ ਕਰਜ਼ ਸਾਨੂੰ ਮਾਫ਼ ਕਰ, ਜਿਵੇਂ ਅਸਾਂ ਵੀ ਆਪਣੇ ਕਰਜਾਈਆਂ ਨੂੰ ਮਾਫ਼ ਕੀਤਾ ਹੈ, ਅਤੇ ਸਾਨੂੰ ਪਰਤਾਵੇ ਵਿੱਚ ਨਾ ਲਿਆ, ਸਗੋਂ ਬੁਰਿਆਈ ਤੋਂ ਬਚਾ।”—ਮੱਤੀ 6:9-13
[ਸਫ਼ੇ 7 ਉੱਤੇ ਤਸਵੀਰ]
ਯਹੋਵਾਹ ਆਪਣੇ ਭਗਤਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ
[ਸਫ਼ੇ 7 ਉੱਤੇ ਤਸਵੀਰ]
ਪਰਮੇਸ਼ੁਰ ਸ਼ਤਾਨ ਦਾ ਸਾਮ੍ਹਣਾ ਕਰਨ ਵਿਚ ਵੀ ਸਾਡੀ ਮਦਦ ਕਰਦਾ ਹੈ
[ਸਫ਼ੇ 7 ਉੱਤੇ ਤਸਵੀਰ]
ਅੱਯੂਬ ਵਾਂਗ ਜੇ ਅਸੀਂ ਆਪਣੇ ਖ਼ਿਲਾਫ਼ ਪਾਪ ਕਰਨ ਵਾਲਿਆਂ ਨੂੰ ਮਾਫ਼ ਕਰਦੇ ਹਾਂ, ਤਾਂ ਪਰਮੇਸ਼ੁਰ ਵੀ ਸਾਡੇ ਪਾਪ ਮਾਫ਼ ਕਰੇਗਾ