ਯਿਸੂ ਦੀ ਸਿਖਾਈ ਪ੍ਰਾਰਥਨਾ ਅਨੁਸਾਰ ਜੀਓ—ਭਾਗ 1
“ਤੇਰਾ ਨਾਂ ਪਵਿੱਤਰ ਕੀਤਾ ਜਾਵੇ।”—ਮੱਤੀ 6:9.
1. ਪ੍ਰਚਾਰ ਕਰਦੇ ਸਮੇਂ ਅਸੀਂ ਮੱਤੀ 6:9-13 ਵਿਚ ਦਿੱਤੀ ਯਿਸੂ ਦੀ ਪ੍ਰਾਰਥਨਾ ਨੂੰ ਕਿਵੇਂ ਵਰਤ ਸਕਦੇ ਹਾਂ?
ਬਹੁਤ ਸਾਰੇ ਲੋਕ ਮੱਤੀ 6:9-13 ਵਿਚ ਦੱਸੀ ਪ੍ਰਾਰਥਨਾ ਦੇ ਸ਼ਬਦ ਜਾਣਦੇ ਹਨ। ਪ੍ਰਚਾਰ ਕਰਦੇ ਸਮੇਂ ਅਸੀਂ ਇਸ ਪ੍ਰਾਰਥਨਾ ਵਿਚ ਦੱਸੇ ਸ਼ਬਦਾਂ ਨੂੰ ਵਰਤ ਕੇ ਲੋਕਾਂ ਨੂੰ ਸਿਖਾਉਂਦੇ ਹਾਂ ਕਿ ਪਰਮੇਸ਼ੁਰ ਦਾ ਰਾਜ ਇਕ ਅਸਲੀ ਸਰਕਾਰ ਹੈ ਜੋ ਧਰਤੀ ਨੂੰ ਬਾਗ਼ ਵਰਗੀ ਖ਼ੂਬਸੂਰਤ ਬਣਾ ਦੇਵੇਗਾ। ਅਸੀਂ ਇਹ ਵੀ ਸ਼ਬਦ ਵਰਤਦੇ ਹਾਂ “ਤੇਰਾ ਨਾਂ ਪਵਿੱਤਰ ਕੀਤਾ ਜਾਵੇ।” ਇਸ ਤਰ੍ਹਾਂ ਅਸੀਂ ਦਿਖਾਉਂਦੇ ਹਾਂ ਕਿ ਪਰਮੇਸ਼ੁਰ ਦਾ ਇਕ ਨਾਂ ਹੈ ਤੇ ਸਾਨੂੰ ਇਸ ਨੂੰ ਪਵਿੱਤਰ ਸਮਝਣਾ ਚਾਹੀਦਾ ਹੈ।—ਮੱਤੀ 6:9.
2. ਅਸੀਂ ਕਿਵੇਂ ਜਾਣਦੇ ਹਾਂ ਕਿ ਯਿਸੂ ਇਹ ਨਹੀਂ ਚਾਹੁੰਦਾ ਸੀ ਕਿ ਅਸੀਂ ਹਰ ਵਾਰ ਪ੍ਰਾਰਥਨਾ ਕਰਦੇ ਸਮੇਂ ਉਸ ਦੇ ਸ਼ਬਦਾਂ ਨੂੰ ਹੂ-ਬਹੂ ਦੁਹਰਾਈਏ?
2 ਕੀ ਯਿਸੂ ਇਹ ਚਾਹੁੰਦਾ ਸੀ ਕਿ ਅਸੀਂ ਦੂਜੇ ਲੋਕਾਂ ਵਾਂਗ ਹਰ ਵਾਰ ਪ੍ਰਾਰਥਨਾ ਕਰਦੇ ਸਮੇਂ ਉਸ ਦੇ ਸ਼ਬਦਾਂ ਨੂੰ ਹੂ-ਬਹੂ ਦੁਹਰਾਈਏ? ਨਹੀਂ। ਯਿਸੂ ਨੇ ਕਿਹਾ ਸੀ: ‘ਪ੍ਰਾਰਥਨਾ ਕਰਦੇ ਹੋਏ ਤੂੰ ਰਟੀਆਂ-ਰਟਾਈਆਂ ਗੱਲਾਂ ਨਾ ਕਹਿ।’ (ਮੱਤੀ 6:7) ਇਕ ਹੋਰ ਮੌਕੇ ʼਤੇ ਜਦੋਂ ਉਹ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾ ਰਿਹਾ ਸੀ, ਤਾਂ ਉਸ ਨੇ ਇਹੀ ਪ੍ਰਾਰਥਨਾ ਕੀਤੀ, ਪਰ ਹੂ-ਬਹੂ ਉਹੀ ਸ਼ਬਦ ਨਹੀਂ ਵਰਤੇ। (ਲੂਕਾ 11:1-4) ਇਸ ਤਰ੍ਹਾਂ ਯਿਸੂ ਨੇ ਸਾਡੀ ਇਹ ਜਾਣਨ ਵਿਚ ਮਦਦ ਕੀਤੀ ਕਿ ਸਾਨੂੰ ਕਿਹੜੀਆਂ ਗੱਲਾਂ ਬਾਰੇ ਪ੍ਰਾਰਥਨਾ ਕਰਨੀ ਚਾਹੀਦੀ ਹੈ। ਨਾਲੇ ਕਿਹੜੀਆਂ ਜ਼ਰੂਰੀ ਗੱਲਾਂ ਦਾ ਸਾਨੂੰ ਪਹਿਲਾਂ ਜ਼ਿਕਰ ਕਰਨਾ ਚਾਹੀਦਾ ਹੈ। ਇਸ ਲਈ ਇਹ ਪ੍ਰਾਰਥਨਾ ਸਾਡੇ ਲਈ ਇਕ ਨਮੂਨਾ ਹੈ।
3. ਯਿਸੂ ਦੀ ਸਿਖਾਈ ਪ੍ਰਾਰਥਨਾ ਦਾ ਅਧਿਐਨ ਕਰਦੇ ਸਮੇਂ ਅਸੀਂ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛ ਸਕਦੇ ਹਾਂ?
3 ਇਸ ਲੇਖ ਤੇ ਅਗਲੇ ਲੇਖ ਵਿਚ ਅਸੀਂ ਯਿਸੂ ਦੀ ਸਿਖਾਈ ਪ੍ਰਾਰਥਨਾ ਦਾ ਧਿਆਨ ਨਾਲ ਅਧਿਐਨ ਕਰਾਂਗੇ। ਅਧਿਐਨ ਕਰਦੇ ਸਮੇਂ ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ, ‘ਇਸ ਪ੍ਰਾਰਥਨਾ ਦੀ ਮਦਦ ਨਾਲ ਮੈਂ ਆਪਣੀਆਂ ਪ੍ਰਾਰਥਨਾਵਾਂ ਨੂੰ ਕਿਵੇਂ ਸੁਧਾਰ ਸਕਦਾ ਹਾਂ?’ ਇਸ ਤੋਂ ਵੀ ਜ਼ਰੂਰੀ ਗੱਲ ਤਾਂ ਇਹ ਹੈ, ‘ਕੀ ਮੈਂ ਇਸ ਪ੍ਰਾਰਥਨਾ ਅਨੁਸਾਰ ਆਪਣੀ ਜ਼ਿੰਦਗੀ ਜੀ ਰਿਹਾ ਹਾਂ?’
“ਹੇ ਸਾਡੇ ਪਿਤਾ ਜਿਹੜਾ ਸਵਰਗ ਵਿਚ ਹੈ”
4. “ਹੇ ਸਾਡੇ ਪਿਤਾ” ਲਫ਼ਜ਼ਾਂ ਨਾਲ ਸਾਨੂੰ ਕੀ ਚੇਤੇ ਕਰਾਇਆ ਜਾਂਦਾ ਹੈ ਅਤੇ ਯਹੋਵਾਹ ਸਾਡਾ ਪਿਤਾ ਕਿਵੇਂ ਹੈ?
4 ਯਿਸੂ ਨੇ “ਹੇ ਮੇਰੇ ਪਿਤਾ” ਕਹਿਣ ਦੀ ਬਜਾਇ “ਹੇ ਸਾਡੇ ਪਿਤਾ” ਕਹਿ ਕੇ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ। ਇਸ ਤੋਂ ਸਾਨੂੰ ਚੇਤੇ ਕਰਾਇਆ ਜਾਂਦਾ ਹੈ ਕਿ ਯਹੋਵਾਹ ਦੁਨੀਆਂ ਭਰ ਵਿਚ ਰਹਿੰਦੇ ਸਾਡੇ ਸਾਰੇ ਭੈਣਾਂ-ਭਰਾਵਾਂ ਦਾ ਪਿਤਾ ਹੈ। (1 ਪਤ. 2:17) ਪਵਿੱਤਰ ਸ਼ਕਤੀ ਨਾਲ ਚੁਣੇ ਹੋਏ ਮਸੀਹੀਆਂ ਨੂੰ ਪਰਮੇਸ਼ੁਰ ਨੇ ਆਪਣੇ ਪੁੱਤਰਾਂ ਵਜੋਂ ਅਪਣਾਇਆ ਹੈ। ਇਸ ਕਰਕੇ ਉਨ੍ਹਾਂ ਦਾ ਆਪਣੇ “ਪਿਤਾ” ਯਹੋਵਾਹ ਨਾਲ ਖ਼ਾਸ ਰਿਸ਼ਤਾ ਹੈ। (ਰੋਮੀ. 8:15-17) ਪਰ ਧਰਤੀ ਉੱਤੇ ਹਮੇਸ਼ਾ ਜੀਉਣ ਦੀ ਉਮੀਦ ਰੱਖਣ ਵਾਲੇ ਮਸੀਹੀ ਵੀ ਉਸ ਨੂੰ “ਪਿਤਾ” ਕਹਿ ਕੇ ਬੁਲਾ ਸਕਦੇ ਹਨ। ਯਹੋਵਾਹ ਨੇ ਉਨ੍ਹਾਂ ਨੂੰ ਜ਼ਿੰਦਗੀ ਦਿੱਤੀ ਹੈ ਤੇ ਉਹ ਪਿਆਰ ਨਾਲ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ। ਮੁਕੰਮਲ ਬਣਨ ਤੋਂ ਬਾਅਦ ਜੇ ਉਹ ਆਖ਼ਰੀ ਪਰੀਖਿਆ ਦੌਰਾਨ ਵਫ਼ਾਦਾਰ ਰਹਿਣਗੇ, ਤਾਂ ਹੀ ਉਹ ‘ਪਰਮੇਸ਼ੁਰ ਦੇ ਬੱਚੇ’ ਕਹਾਏ ਜਾ ਸਕਣਗੇ।—ਰੋਮੀ. 8:21; ਪ੍ਰਕਾ. 20:7, 8.
5, 6. ਮਾਤਾ-ਪਿਤਾ ਬੱਚਿਆਂ ਨੂੰ ਕਿਹੜਾ ਬੇਸ਼ਕੀਮਤੀ ਤੋਹਫ਼ਾ ਦੇ ਸਕਦੇ ਹਨ ਤੇ ਹਰ ਬੱਚੇ ਨੂੰ ਇਸ ਤੋਹਫ਼ੇ ਦਾ ਕੀ ਕਰਨਾ ਚਾਹੀਦਾ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
5 ਮਾਤਾ-ਪਿਤਾ ਬੱਚਿਆਂ ਨੂੰ ਇਕ ਤਰ੍ਹਾਂ ਨਾਲ ਤੋਹਫ਼ਾ ਦਿੰਦੇ ਹਨ ਜਦੋਂ ਉਹ ਉਨ੍ਹਾਂ ਨੂੰ ਪ੍ਰਾਰਥਨਾ ਕਰਨੀ ਸਿਖਾਉਂਦੇ ਹਨ ਅਤੇ ਉਨ੍ਹਾਂ ਦੀ ਇਹ ਸਮਝਣ ਵਿਚ ਮਦਦ ਕਰਦੇ ਹਨ ਕਿ ਉਨ੍ਹਾਂ ਦਾ ਸਵਰਗੀ ਪਿਤਾ ਯਹੋਵਾਹ ਉਨ੍ਹਾਂ ਦੀ ਕਿੰਨੀ ਪਰਵਾਹ ਕਰਦਾ ਹੈ। ਦੱਖਣੀ ਅਫ਼ਰੀਕਾ ਵਿਚ ਇਕ ਸਰਕਟ ਓਵਰਸੀਅਰ ਕਹਿੰਦਾ ਹੈ: “ਜਿਸ ਦਿਨ ਮੇਰੀਆਂ ਧੀਆਂ ਪੈਦਾ ਹੋਈਆਂ, ਉਦੋਂ ਤੋਂ ਹੀ ਮੈਂ ਉਨ੍ਹਾਂ ਨਾਲ ਹਰ ਰਾਤ ਨੂੰ ਪ੍ਰਾਰਥਨਾ ਕਰਦਾ ਸੀ ਬਸ਼ਰਤੇ ਕਿ ਮੈਂ ਘਰ ਨਾ ਹੋਵਾਂ। ਸਾਡੀਆਂ ਧੀਆਂ ਅਕਸਰ ਕਹਿੰਦੀਆਂ ਹਨ ਕਿ ਉਨ੍ਹਾਂ ਨੂੰ ਪ੍ਰਾਰਥਨਾਵਾਂ ਦੇ ਸ਼ਬਦ ਤਾਂ ਯਾਦ ਨਹੀਂ ਹਨ। ਪਰ ਉਨ੍ਹਾਂ ਨੂੰ ਇੰਨਾ ਜ਼ਰੂਰ ਯਾਦ ਹੈ ਕਿ ਪ੍ਰਾਰਥਨਾ ਵੇਲੇ ਮਾਹੌਲ ਚੰਗਾ ਹੁੰਦਾ ਸੀ, ਇਹ ਆਪਣੇ ਪਿਤਾ ਯਹੋਵਾਹ ਨਾਲ ਗੱਲ ਕਰਨ ਦਾ ਪਵਿੱਤਰ ਮੌਕਾ ਹੁੰਦਾ ਸੀ ਤੇ ਮਨ ਨੂੰ ਸ਼ਾਂਤੀ ਮਿਲਦੀ ਸੀ। ਜਦੋਂ ਉਹ ਕੁਝ ਵੱਡੀਆਂ ਹੋਈਆਂ, ਤਾਂ ਮੈਂ ਉਨ੍ਹਾਂ ਨੂੰ ਉੱਚੀ ਆਵਾਜ਼ ਵਿਚ ਪ੍ਰਾਰਥਨਾ ਕਰਨ ਦੀ ਹੱਲਾਸ਼ੇਰੀ ਦਿੱਤੀ ਤਾਂਕਿ ਮੈਂ ਉਨ੍ਹਾਂ ਨੂੰ ਯਹੋਵਾਹ ਅੱਗੇ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਕਰਦਿਆਂ ਸੁਣ ਸਕਾਂ। ਇਹ ਉਨ੍ਹਾਂ ਦੇ ਦਿਲਾਂ ਵਿਚ ਝਾਤੀ ਮਾਰਨ ਦਾ ਵਧੀਆ ਮੌਕਾ ਸੀ। ਫਿਰ ਮੈਂ ਉਨ੍ਹਾਂ ਨੂੰ ਪਿਆਰ ਨਾਲ ਸਿਖਾਉਂਦਾ ਸੀ ਕਿ ਉਹ ਯਿਸੂ ਦੀ ਪ੍ਰਾਰਥਨਾ ਵਿਚਲੀਆਂ ਗੱਲਾਂ ਨੂੰ ਆਪਣੀਆਂ ਪ੍ਰਾਰਥਨਾਵਾਂ ਵਿਚ ਸ਼ਾਮਲ ਕਰਨ ਜਿਸ ਨਾਲ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਹੋਰ ਵੀ ਵਧੀਆ ਹੋਣਗੀਆਂ।”
6 ਉਸ ਦੀਆਂ ਪਿਆਰੀਆਂ ਧੀਆਂ ਵੱਡੀਆਂ ਹੋ ਕੇ ਵੀ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰ ਰਹੀਆਂ ਹਨ। ਹੁਣ ਉਨ੍ਹਾਂ ਦਾ ਵਿਆਹ ਹੋ ਚੁੱਕਾ ਹੈ ਤੇ ਉਹ ਆਪਣੇ ਪਤੀਆਂ ਨਾਲ ਮਿਲ ਕੇ ਪੂਰੇ ਸਮੇਂ ਦੀ ਸੇਵਾ ਕਰ ਰਹੀਆਂ ਹਨ। ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਇਸ ਤੋਂ ਵਧੀਆ ਤੋਹਫ਼ਾ ਦੇ ਹੀ ਨਹੀਂ ਸਕਦੇ ਕਿ ਉਹ ਆਪਣੇ ਬੱਚਿਆਂ ਨੂੰ ਸਿਖਾਉਣ ਕਿ ਉਹ ਆਪਣੇ ਪਿਤਾ ਯਹੋਵਾਹ ਨਾਲ ਪਿਆਰ ਭਰਿਆ ਕਰੀਬੀ ਰਿਸ਼ਤਾ ਜੋੜਨ। ਪਰ ਇਹ ਹਰ ਬੱਚੇ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਇਸ ਅਨਮੋਲ ਰਿਸ਼ਤੇ ਨੂੰ ਬਣਾਈ ਰੱਖਣ। ਇਸ ਤਰ੍ਹਾਂ ਕਰਨ ਲਈ ਜ਼ਰੂਰੀ ਹੈ ਕਿ ਉਹ ਪਰਮੇਸ਼ੁਰ ਦੇ ਨਾਂ ਨੂੰ ਪਿਆਰ ਕਰਨ ਤੇ ਇਸ ਨਾਂ ਦਾ ਗਹਿਰਾ ਆਦਰ ਕਰਨ।—ਜ਼ਬੂ. 5:11, 12; 91:14.
“ਤੇਰਾ ਨਾਂ ਪਵਿੱਤਰ ਕੀਤਾ ਜਾਵੇ”
7. ਸਾਡੇ ਕੋਲ ਕਿਹੜਾ ਸਨਮਾਨ ਹੈ, ਪਰ ਸਾਨੂੰ ਕੀ ਕਰਨ ਦੀ ਲੋੜ ਹੈ?
7 ਸਾਡੇ ਲਈ ਇਹ ਕਿੰਨੇ ਸਨਮਾਨ ਦੀ ਗੱਲ ਹੈ ਕਿ ਅਸੀਂ ਨਾ ਸਿਰਫ਼ ਪਰਮੇਸ਼ੁਰ ਦਾ ਨਾਂ ਜਾਣਦੇ ਹਾਂ, ਬਲਕਿ ਉਸ ਨੇ ਸਾਨੂੰ “ਆਪਣਾ ਨਾਂ” ਵੀ ਦਿੱਤਾ ਹੈ। (ਰਸੂ. 15:14; ਯਸਾ. 43:10) ਅਸੀਂ ਆਪਣੇ ਸਵਰਗੀ ਪਿਤਾ ਨੂੰ ਪ੍ਰਾਰਥਨਾ ਕਰਦੇ ਹਾਂ: “ਤੇਰਾ ਨਾਂ ਪਵਿੱਤਰ ਕੀਤਾ ਜਾਵੇ।” ਇਹ ਪ੍ਰਾਰਥਨਾ ਕਰ ਕੇ ਅਸੀਂ ਯਹੋਵਾਹ ਤੋਂ ਮਦਦ ਮੰਗਦੇ ਹਾਂ ਕਿ ਅਸੀਂ ਇੱਦਾਂ ਦਾ ਕੁਝ ਨਾ ਕਰੀਏ ਜਾਂ ਕਹੀਏ ਜਿਸ ਨਾਲ ਉਸ ਦੇ ਪਵਿੱਤਰ ਨਾਂ ਦਾ ਅਨਾਦਰ ਹੋਵੇ। ਅਸੀਂ ਪਹਿਲੀ ਸਦੀ ਦੇ ਉਨ੍ਹਾਂ ਕੁਝ ਮਸੀਹੀਆਂ ਵਰਗੇ ਨਹੀਂ ਬਣਨਾ ਚਾਹੁੰਦੇ ਜੋ ਆਪ ਉਨ੍ਹਾਂ ਗੱਲਾਂ ʼਤੇ ਨਹੀਂ ਚੱਲਦੇ ਸਨ ਜਿਹੜੀਆਂ ਉਹ ਦੂਜਿਆਂ ਨੂੰ ਸਿਖਾਉਂਦੇ ਸਨ। ਪੌਲੁਸ ਨੇ ਉਨ੍ਹਾਂ ਨੂੰ ਲਿਖਿਆ: “ਤੁਹਾਡੇ ਕਰਕੇ ਦੁਨੀਆਂ ਵਿਚ ਪਰਮੇਸ਼ੁਰ ਦੇ ਨਾਂ ਦੀ ਬਦਨਾਮੀ ਹੋ ਰਹੀ ਹੈ।”—ਰੋਮੀ. 2:21-24.
8, 9. ਇਕ ਮਿਸਾਲ ਦਿਓ ਕਿ ਯਹੋਵਾਹ ਉਨ੍ਹਾਂ ਦੀ ਕਿਵੇਂ ਮਦਦ ਕਰਦਾ ਹੈ ਜੋ ਉਸ ਦਾ ਨਾਂ ਪਵਿੱਤਰ ਕਰਨਾ ਚਾਹੁੰਦੇ ਹਨ।
8 ਯਹੋਵਾਹ ਦੇ ਨਾਂ ਦਾ ਆਦਰ ਕਰਨ ਲਈ ਅਸੀਂ ਕੋਈ ਵੀ ਕੰਮ ਕਰਨ ਲਈ ਤਿਆਰ ਹਾਂ। ਨਾਰਵੇ ਵਿਚ ਇਕ ਭੈਣ ਦੇ ਪਤੀ ਦੀ ਅਚਾਨਕ ਮੌਤ ਹੋ ਗਈ। ਹੁਣ ਉਸੇ ਇਕੱਲੀ ਨੂੰ ਆਪਣੇ ਦੋ ਸਾਲ ਦੇ ਪੁੱਤਰ ਦੀ ਦੇਖ-ਭਾਲ ਕਰਨੀ ਪੈਣੀ ਸੀ। ਉਹ ਕਹਿੰਦੀ ਹੈ: “ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਔਖੀ ਘੜੀ ਸੀ। ਮੈਂ ਹਰ ਰੋਜ਼ ਘੰਟੇ-ਘੰਟੇ ਬਾਅਦ ਪ੍ਰਾਰਥਨਾ ਕਰਦੀ ਸੀ ਕਿ ਯਹੋਵਾਹ ਮੈਨੂੰ ਸੰਭਲਣ ਦੀ ਤਾਕਤ ਦੇਵੇ ਤਾਂਕਿ ਮੈਂ ਕੋਈ ਗ਼ਲਤ ਫ਼ੈਸਲਾ ਜਾਂ ਅਣਆਗਿਆਕਾਰੀ ਨਾ ਕਰ ਬੈਠਾਂ ਜਿਸ ਕਰਕੇ ਸ਼ੈਤਾਨ ਨੂੰ ਯਹੋਵਾਹ ਨੂੰ ਮਿਹਣੇ ਮਾਰਨ ਦਾ ਮੌਕਾ ਮਿਲੇ। ਮੈਂ ਚਾਹੁੰਦੀ ਸੀ ਕਿ ਯਹੋਵਾਹ ਦਾ ਨਾਂ ਪਵਿੱਤਰ ਹੋਵੇ ਤੇ ਮੇਰਾ ਪੁੱਤਰ ਨਵੀਂ ਦੁਨੀਆਂ ਵਿਚ ਆਪਣੇ ਡੈਡੀ ਨੂੰ ਮਿਲ ਸਕੇ।”—ਕਹਾ. 27:11.
9 ਕੀ ਯਹੋਵਾਹ ਨੇ ਉਸ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ? ਬਿਲਕੁਲ ਦਿੱਤਾ। ਭੈਣਾਂ-ਭਰਾਵਾਂ ਨਾਲ ਬਾਕਾਇਦਾ ਮਿਲਣ-ਜੁਲਣ ਕਰਕੇ ਉਸ ਨੂੰ ਬਹੁਤ ਹੌਸਲਾ ਮਿਲਿਆ। ਪੰਜ ਸਾਲਾਂ ਬਾਅਦ ਉਸ ਭੈਣ ਦਾ ਵਿਆਹ ਬਜ਼ੁਰਗ ਵਜੋਂ ਸੇਵਾ ਕਰ ਰਹੇ ਇਕ ਭਰਾ ਨਾਲ ਹੋ ਗਿਆ। ਉਸ ਦਾ ਪੁੱਤਰ ਹੁਣ 20 ਸਾਲਾਂ ਦਾ ਹੈ ਜੋ ਬਪਤਿਸਮਾ-ਪ੍ਰਾਪਤ ਭਰਾ ਹੈ। ਉਹ ਭੈਣ ਕਹਿੰਦੀ ਹੈ: “ਮੈਂ ਬਹੁਤ ਖ਼ੁਸ਼ ਹਾਂ ਕਿ ਮੇਰੇ ਪਤੀ ਨੇ ਮੇਰੇ ਪੁੱਤਰ ਦਾ ਪਾਲਣ-ਪੋਸ਼ਣ ਕਰਨ ਵਿਚ ਮੇਰੀ ਮਦਦ ਕੀਤੀ।”
10. ਪਰਮੇਸ਼ੁਰ ਆਪਣਾ ਨਾਂ ਪੂਰੀ ਤਰ੍ਹਾਂ ਕਿਵੇਂ ਪਵਿੱਤਰ ਕਰੇਗਾ?
10 ਯਹੋਵਾਹ ਆਪਣਾ ਨਾਂ ਪੂਰੀ ਤਰ੍ਹਾਂ ਉਦੋਂ ਪਵਿੱਤਰ ਕਰੇਗਾ ਜਦੋਂ ਉਹ ਉਨ੍ਹਾਂ ਸਾਰਿਆਂ ਨੂੰ ਮਿਟਾ ਦੇਵੇਗਾ ਜੋ ਉਸ ਦਾ ਅਨਾਦਰ ਕਰਦੇ ਹਨ ਤੇ ਉਸ ਨੂੰ ਆਪਣਾ ਰਾਜਾ ਨਹੀਂ ਮੰਨਦੇ। (ਹਿਜ਼ਕੀਏਲ 38:22, 23 ਪੜ੍ਹੋ।) ਫਿਰ ਸਾਰੇ ਇਨਸਾਨ ਹੌਲੀ-ਹੌਲੀ ਮੁਕੰਮਲ ਹੋ ਜਾਣਗੇ ਤੇ ਸਵਰਗ ਅਤੇ ਧਰਤੀ ਉੱਤੇ ਹਰ ਕੋਈ ਯਹੋਵਾਹ ਦੀ ਭਗਤੀ ਕਰੇਗਾ। ਉਸ ਵੇਲੇ ਯਹੋਵਾਹ ਦੇ ਪਵਿੱਤਰ ਨਾਂ ਦੀ ਵਡਿਆਈ ਹੋਵੇਗੀ। ਅਖ਼ੀਰ ਵਿਚ ਸਾਡਾ ਪਿਆਰਾ ਪਿਤਾ “ਸਾਰਿਆਂ ਦਾ ਰਾਜਾ” ਹੋਵੇਗਾ।—1 ਕੁਰਿੰ. 15:28.
“ਤੇਰਾ ਰਾਜ ਆਵੇ”
11, 12. 1876 ਵਿਚ ਯਹੋਵਾਹ ਨੇ ਸੱਚੇ ਮਸੀਹੀਆਂ ਨੂੰ ਕਿਹੜੀ ਸਮਝ ਦਿੱਤੀ ਸੀ?
11 ਯਿਸੂ ਦੇ ਸਵਰਗ ਜਾਣ ਤੋਂ ਪਹਿਲਾਂ ਉਸ ਦੇ ਚੇਲਿਆਂ ਨੇ ਉਸ ਤੋਂ ਪੁੱਛਿਆ: “ਪ੍ਰਭੂ, ਕੀ ਤੂੰ ਇਸੇ ਸਮੇਂ ਇਜ਼ਰਾਈਲ ਦਾ ਰਾਜ ਮੁੜ ਸਥਾਪਿਤ ਕਰ ਰਿਹਾ ਹੈਂ?” ਯਿਸੂ ਨੇ ਜਵਾਬ ਦਿੱਤਾ ਕਿ ਉਨ੍ਹਾਂ ਦਾ ਇਹ ਜਾਣਨ ਦਾ ਹਾਲੇ ਸਮਾਂ ਨਹੀਂ ਸੀ ਆਇਆ ਕਿ ਪਰਮੇਸ਼ੁਰ ਦਾ ਰਾਜਾ ਕਦੋਂ ਸ਼ੁਰੂ ਹੋਵੇਗਾ। ਉਸ ਨੇ ਚੇਲਿਆਂ ਨੂੰ ਕਿਹਾ ਕਿ ਉਹ ਆਪਣਾ ਧਿਆਨ ਪ੍ਰਚਾਰ ਦੇ ਜ਼ਰੂਰੀ ਕੰਮ ਉੱਤੇ ਲਾਈ ਰੱਖਣ। (ਰਸੂਲਾਂ ਦੇ ਕੰਮ 1:6-8 ਪੜ੍ਹੋ।) ਪਰ ਉਸ ਨੇ ਉਨ੍ਹਾਂ ਨੂੰ ਇਹ ਵੀ ਸਿਖਾਇਆ ਕਿ ਉਹ ਪਰਮੇਸ਼ੁਰ ਦੇ ਰਾਜ ਦੇ ਆਉਣ ਦੀ ਉਡੀਕ ਕਰਦੇ ਰਹਿਣ। ਇਸ ਕਰਕੇ ਰਸੂਲਾਂ ਦੇ ਜ਼ਮਾਨੇ ਤੋਂ ਹੀ ਮਸੀਹੀ ਇਸ ਰਾਜ ਦੇ ਆਉਣ ਬਾਰੇ ਪ੍ਰਾਰਥਨਾ ਕਰ ਰਹੇ ਹਨ।
12 ਜਦੋਂ ਸਵਰਗ ਵਿਚ ਰਾਜ ਦੀ ਵਾਗਡੋਰ ਯਿਸੂ ਦੇ ਹੱਥਾਂ ਵਿਚ ਸੰਭਾਲਣ ਦਾ ਸਮਾਂ ਨੇੜੇ ਆਇਆ, ਤਾਂ ਯਹੋਵਾਹ ਨੇ ਆਪਣੇ ਲੋਕਾਂ ਦੀ ਇਹ ਸਮਝਣ ਵਿਚ ਮਦਦ ਕੀਤੀ ਕਿ ਯਿਸੂ ਕਿਸ ਸਾਲ ਵਿਚ ਰਾਜ ਕਰਨਾ ਸ਼ੁਰੂ ਕਰੇਗਾ। 1876 ਵਿਚ ਇਕ ਰਸਾਲੇ ਵਿਚ ਚਾਰਲਜ਼ ਟੇਜ਼ ਰਸਲ ਦੁਆਰਾ ਲਿਖਿਆ ਇਕ ਲੇਖ ਛਾਪਿਆ ਗਿਆ, “ਪਰਾਈਆਂ ਕੌਮਾਂ ਦਾ ਸਮਾਂ: ਕਦੋਂ ਖ਼ਤਮ ਹੋਵੇਗਾ?” ਉਸ ਨੇ ਉਸ ਲੇਖ ਵਿਚ ਸਮਝਾਇਆ ਕਿ ਦਾਨੀਏਲ ਦੀ ਭਵਿੱਖਬਾਣੀ ਵਿਚ ਦੱਸੇ “ਸੱਤ ਸਮੇ” ਯਿਸੂ ਦੀ ਭਵਿੱਖਬਾਣੀ ਵਿਚ ਦੱਸਿਆ “ਕੌਮਾਂ ਦਾ ਮਿਥਿਆ ਸਮਾਂ” ਹੈ। ਇਸ ਲੇਖ ਵਿਚ ਸਮਝਾਇਆ ਗਿਆ ਸੀ ਕਿ ਇਹ ਸਮਾਂ 1914 ਵਿਚ ਖ਼ਤਮ ਹੋਵੇਗਾ।a—ਦਾਨੀ. 4:16; ਲੂਕਾ 21:24.
13. 1914 ਵਿਚ ਕੀ-ਕੀ ਹੋਇਆ ਅਤੇ ਉਦੋਂ ਤੋਂ ਦੁਨੀਆਂ ਭਰ ਵਿਚ ਹੋ ਰਹੀਆਂ ਘਟਨਾਵਾਂ ਤੋਂ ਕੀ ਸਾਬਤ ਹੁੰਦਾ ਹੈ?
13 ਯੂਰਪ ਦੀਆਂ ਸਾਰੀਆਂ ਕੌਮਾਂ ਵਿਚਕਾਰ 1914 ਨੂੰ ਯੁੱਧ ਸ਼ੁਰੂ ਹੋ ਗਿਆ ਤੇ ਜਲਦੀ ਹੀ ਇਸ ਨੇ ਸਾਰੀ ਦੁਨੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ। 1918 ਵਿਚ ਇਸ ਯੁੱਧ ਦੇ ਖ਼ਤਮ ਹੋਣ ਵੇਲੇ ਭਿਆਨਕ ਕਾਲ਼ ਪਏ ਤੇ ਛੂਤ ਦੀ ਮਹਾਂਮਾਰੀ ਫੈਲ ਗਈ। ਇਸ ਜਾਨਲੇਵਾ ਬੀਮਾਰੀ ਕਾਰਨ ਦੁਨੀਆਂ ਭਰ ਵਿਚ ਜਿੰਨੇ ਲੋਕ ਮਰੇ, ਉੱਨੇ ਯੁੱਧ ਵਿਚ ਵੀ ਨਹੀਂ ਮਰੇ ਸਨ। ਇਹ ਗੱਲਾਂ ਉਸ “ਨਿਸ਼ਾਨੀ” ਦਾ ਹਿੱਸਾ ਸਨ ਜੋ ਯਿਸੂ ਨੇ ਦੱਸੀ ਸੀ। ਇਹ ਇਸ ਗੱਲ ਦਾ ਸਬੂਤ ਸੀ ਕਿ 1914 ਵਿਚ ਯਿਸੂ ਸਵਰਗ ਵਿਚ ਰਾਜਾ ਬਣ ਗਿਆ ਸੀ। (ਮੱਤੀ 24:3-8; ਲੂਕਾ 21:10, 11) ਉਸ ਸਾਲ ਉਹ ‘ਲੜਨ ਅਤੇ ਪੂਰੀ ਤਰ੍ਹਾਂ ਜਿੱਤ ਹਾਸਲ ਕਰਨ ਲਈ ਨਿਕਲ ਤੁਰਿਆ।’ (ਪ੍ਰਕਾ. 6:2) ਉਸ ਨੇ ਸਵਰਗ ਨੂੰ ਸਾਫ਼ ਕਰਨ ਲਈ ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਨਾਲ ਲੜਾਈ ਕੀਤੀ ਤੇ ਉਨ੍ਹਾਂ ਨੂੰ ਸਵਰਗੋਂ ਧਰਤੀ ਉੱਤੇ ਸੁੱਟ ਦਿੱਤਾ। ਇਸ ਤੋਂ ਬਾਅਦ ਇਹ ਭਵਿੱਖਬਾਣੀ ਪੂਰੀ ਹੋਣੀ ਸ਼ੁਰੂ ਹੋ ਗਈ: “ਧਰਤੀ ਅਤੇ ਸਮੁੰਦਰ ਉੱਤੇ ਹਾਇ! ਹਾਇ! ਕਿਉਂਕਿ ਸ਼ੈਤਾਨ ਥੱਲੇ ਤੁਹਾਡੇ ਕੋਲ ਆ ਗਿਆ ਹੈ ਅਤੇ ਉਹ ਬਹੁਤ ਗੁੱਸੇ ਵਿਚ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਉਸ ਕੋਲ ਥੋੜ੍ਹਾ ਹੀ ਸਮਾਂ ਹੈ।”—ਪ੍ਰਕਾ. 12:7-12.
14. (ੳ) ਪਰਮੇਸ਼ੁਰ ਦੇ ਰਾਜ ਦੇ ਆਉਣ ਬਾਰੇ ਹਾਲੇ ਵੀ ਪ੍ਰਾਰਥਨਾ ਕਰਨੀ ਕਿਉਂ ਜ਼ਰੂਰੀ ਹੈ? (ਅ) ਸਾਨੂੰ ਹੁਣ ਕਿਹੜਾ ਜ਼ਰੂਰੀ ਕੰਮ ਕਰਨਾ ਚਾਹੀਦਾ ਹੈ?
14 ਪ੍ਰਕਾਸ਼ ਦੀ ਕਿਤਾਬ 12:7-12 ਵਿਚ ਦਰਜ ਭਵਿੱਖਬਾਣੀ ਸਮਝਾਉਂਦੀ ਹੈ ਕਿ ਜਿਸ ਸਮੇਂ ਪਰਮੇਸ਼ੁਰ ਦਾ ਰਾਜ ਸ਼ੁਰੂ ਹੋਇਆ ਸੀ, ਉਸ ਸਮੇਂ ਦੁਨੀਆਂ ਭਰ ਵਿਚ ਭਿਆਨਕ ਘਟਨਾਵਾਂ ਹੋਣੀਆਂ ਕਿਉਂ ਸ਼ੁਰੂ ਹੋ ਗਈਆਂ ਸਨ ਜੋ ਅੱਜ ਵੀ ਹੋ ਰਹੀਆਂ ਹਨ। ਯਿਸੂ ਸਵਰਗ ਵਿਚ ਰਾਜ ਕਰ ਰਿਹਾ ਹੈ, ਪਰ ਧਰਤੀ ਉੱਤੇ ਹਾਲੇ ਵੀ ਸ਼ੈਤਾਨ ਦਾ ਰਾਜ ਚੱਲ ਰਿਹਾ ਹੈ। ਇਸ ਲਈ ਜਦ ਤਕ ਯਿਸੂ ਧਰਤੀ ਉੱਤੋਂ ਹਰ ਤਰ੍ਹਾਂ ਦੀ ਬੁਰਾਈ ਖ਼ਤਮ ਕਰ ਕੇ “ਪੂਰੀ ਤਰ੍ਹਾਂ ਜਿੱਤ ਹਾਸਲ” ਨਹੀਂ ਕਰ ਲੈਂਦਾ, ਤਦ ਤਕ ਅਸੀਂ ਪਰਮੇਸ਼ੁਰ ਦੇ ਰਾਜ ਦੇ ਆਉਣ ਬਾਰੇ ਪ੍ਰਾਰਥਨਾ ਕਰਦੇ ਰਹਾਂਗੇ। ਇਸ ਦੇ ਨਾਲ-ਨਾਲ ਸਾਨੂੰ ਪ੍ਰਚਾਰ ਕਰਨ ਵਿਚ ਰੁੱਝੇ ਰਹਿ ਕੇ ਇਸ ਪ੍ਰਾਰਥਨਾ ਅਨੁਸਾਰ ਜੀਉਣਾ ਚਾਹੀਦਾ ਹੈ। ਯਿਸੂ ਨੇ ਭਵਿੱਖਬਾਣੀ ਕੀਤੀ ਸੀ: “ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ, ਅਤੇ ਫਿਰ ਅੰਤ ਆਵੇਗਾ।”—ਮੱਤੀ 24:14.
‘ਤੇਰੀ ਇੱਛਾ ਧਰਤੀ ਉੱਤੇ ਪੂਰੀ ਹੋਵੇ’
15, 16. ਅਸੀਂ ਇਸ ਬੇਨਤੀ ਅਨੁਸਾਰ ਕਿਵੇਂ ਜੀ ਸਕਦੇ ਹਾਂ ਕਿ ਪਰਮੇਸ਼ੁਰ ਦੀ ਇੱਛਾ ਧਰਤੀ ਉੱਤੇ ਪੂਰੀ ਹੋਵੇ?
15 ਲਗਭਗ 6,000 ਸਾਲ ਪਹਿਲਾਂ ਧਰਤੀ ਉੱਤੇ ਪਰਮੇਸ਼ੁਰ ਦੀ ਇੱਛਾ ਪੂਰੀ ਹੋ ਰਹੀ ਸੀ। ਇਸੇ ਕਰਕੇ ਯਹੋਵਾਹ ਨੇ ਕਿਹਾ ਸੀ ਕਿ ਸਭ ਕੁਝ “ਬਹੁਤ ਹੀ ਚੰਗਾ ਸੀ।” (ਉਤ. 1:31) ਫਿਰ ਸ਼ੈਤਾਨ ਨੇ ਬਗਾਵਤ ਕਰ ਦਿੱਤੀ ਤੇ ਉਦੋਂ ਤੋਂ ਬਹੁਤ ਘੱਟ ਲੋਕਾਂ ਨੇ ਪਰਮੇਸ਼ੁਰ ਦੀ ਇੱਛਾ ਪੂਰੀ ਕੀਤੀ ਹੈ। ਪਰ ਅੱਜ ਅਸੀਂ ਉਸ ਸਮੇਂ ਵਿਚ ਜੀ ਰਹੇ ਹਾਂ ਜਦੋਂ ਲਗਭਗ 80 ਲੱਖ ਗਵਾਹ ਪ੍ਰਾਰਥਨਾ ਕਰ ਰਹੇ ਹਨ ਕਿ ਪਰਮੇਸ਼ੁਰ ਦੀ ਇੱਛਾ ਧਰਤੀ ਉੱਤੇ ਪੂਰੀ ਹੋਵੇ ਅਤੇ ਉਹ ਇਸ ਪ੍ਰਾਰਥਨਾ ਅਨੁਸਾਰ ਜੀਉਣ ਦੀ ਪੂਰੀ ਕੋਸ਼ਿਸ਼ ਵੀ ਕਰਦੇ ਹਨ। ਯਾਨੀ ਕਿ ਉਹ ਅਜਿਹੇ ਤਰੀਕੇ ਨਾਲ ਆਪਣੀ ਜ਼ਿੰਦਗੀ ਜੀਉਂਦੇ ਹਨ ਜਿਸ ਤੋਂ ਪਰਮੇਸ਼ੁਰ ਖ਼ੁਸ਼ ਹੁੰਦਾ ਹੈ ਅਤੇ ਉਸ ਦੇ ਰਾਜ ਬਾਰੇ ਲੋਕਾਂ ਨੂੰ ਜੋਸ਼ ਨਾਲ ਸਿਖਾਉਂਦੇ ਹਨ।
16 ਮਿਸਾਲ ਲਈ, ਇਕ 80 ਸਾਲਾਂ ਦੀ ਭੈਣ ਜਿਸ ਦਾ ਬਪਤਿਸਮਾ 1948 ਵਿਚ ਹੋਇਆ ਅਤੇ ਜੋ ਅਫ਼ਰੀਕਾ ਵਿਚ ਮਿਸ਼ਨਰੀ ਸੇਵਾ ਕਰਦੀ ਸੀ, ਕਹਿੰਦੀ ਹੈ: “ਮੈਂ ਅਕਸਰ ਪ੍ਰਾਰਥਨਾ ਕਰਦੀ ਹੈ ਕਿ ਦੇਰ ਹੋਣ ਤੋਂ ਪਹਿਲਾ-ਪਹਿਲਾ ਭੇਡਾਂ ਵਰਗੇ ਸਾਰੇ ਲੋਕਾਂ ਨੂੰ ਲੱਭਿਆ ਜਾਵੇਂ ਤਾਂਕਿ ਉਨ੍ਹਾਂ ਨੂੰ ਵੀ ਯਹੋਵਾਹ ਨੂੰ ਜਣਨ ਦਾ ਮੌਕਾ ਮਿਲੇ। ਨਾਲੇ ਜਦੋਂ ਮੈਂ ਕਿਸੇ ਨੂੰ ਗਵਾਹੀ ਦੇਣ ਵਾਲੀ ਹੁੰਦੀ ਹਾਂ, ਤਾਂ ਉਸ ਦੇ ਦਿਲ ਤਕ ਪਹੁੰਚਣ ਲਈ ਮੈਂ ਪਰਮੇਸ਼ੁਰ ਤੋਂ ਬੁੱਧ ਮੰਗਦੀ ਹਾਂ। ਭੇਡਾਂ ਵਰਗੇ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਲੱਭਿਆ ਜਾ ਚੁੱਕਾ ਹੈ, ਉਨ੍ਹਾਂ ਬਾਰੇ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਯਹੋਵਾਹ ਸਾਡੀ ਮਿਹਨਤ ʼਤੇ ਬਰਕਤ ਪਾਵੇ ਤਾਂਕਿ ਅਸੀਂ ਉਨ੍ਹਾਂ ਦੀ ਦੇਖ-ਭਾਲ ਕਰ ਸਕੀਏ।” ਇਸ ਭੈਣ ਨੇ ਹੋਰਨਾਂ ਦੀ ਮਦਦ ਨਾਲ ਬਹੁਤ ਸਾਰੇ ਲੋਕਾਂ ਦੀ ਯਹੋਵਾਹ ਦੇ ਗਵਾਹ ਬਣਨ ਵਿਚ ਮਦਦ ਕੀਤੀ ਹੈ। ਕੀ ਤੁਸੀਂ ਇੱਦਾਂ ਦੇ ਹੋਰ ਭੈਣਾਂ-ਭਰਾਵਾਂ ਬਾਰੇ ਸੋਚ ਸਕਦੇ ਹੋ ਜੋ ਬੁਢਾਪੇ ਵਿਚ ਆਉਂਦੀਆਂ ਚੁਣੌਤੀਆਂ ਦੇ ਬਾਵਜੂਦ ਵੀ ਜੋਸ਼ ਨਾਲ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?—ਫ਼ਿਲਿੱਪੀਆਂ 2:17 ਪੜ੍ਹੋ।
17. ਯਹੋਵਾਹ ਭਵਿੱਖ ਵਿਚ ਇਨਸਾਨਾਂ ਅਤੇ ਧਰਤੀ ਲਈ ਜੋ ਕੁਝ ਕਰੇਗਾ, ਉਸ ਬਾਰੇ ਤੁਹਾਨੂੰ ਕਿਵੇਂ ਲੱਗਦਾ ਹੈ?
17 ਯਹੋਵਾਹ ਜਦ ਤਕ ਧਰਤੀ ਉੱਤੋਂ ਆਪਣੇ ਦੁਸ਼ਮਣਾਂ ਨੂੰ ਮਿਟਾ ਨਹੀਂ ਦਿੰਦਾ, ਤਦ ਤਕ ਅਸੀਂ ਪ੍ਰਾਰਥਨਾ ਕਰਦੇ ਰਹਾਂਗੇ ਕਿ ਉਸ ਦੀ ਇੱਛਾ ਧਰਤੀ ਉੱਤੇ ਪੂਰੀ ਹੋਵੇ। ਫਿਰ ਸਾਰੀ ਧਰਤੀ ਬਾਗ਼ ਵਰਗੀ ਖ਼ੂਬਸੂਰਤ ਬਣ ਜਾਵੇਗੀ ਤੇ ਅਰਬਾਂ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਯਿਸੂ ਨੇ ਕਿਹਾ ਸੀ ਕਿ “ਇਸ ਗੱਲੋਂ ਹੈਰਾਨ ਨਾ ਹੋਵੋ ਕਿਉਂਕਿ ਉਹ ਸਮਾਂ ਆ ਰਿਹਾ ਹੈ ਜਦੋਂ ਕਬਰਾਂ ਵਿਚ ਪਏ ਸਾਰੇ ਲੋਕ [ਮੇਰੀ] ਆਵਾਜ਼ ਸੁਣਨਗੇ ਅਤੇ ਬਾਹਰ ਨਿਕਲ ਆਉਣਗੇ।” (ਯੂਹੰ. 5:28, 29) ਜ਼ਰਾ ਸੋਚੋ ਕਿ ਖ਼ੁਸ਼ੀ ਦੇ ਮਾਰੇ ਸਾਡੇ ਪੈਰ ਜ਼ਮੀਨ ʼਤੇ ਨਹੀਂ ਲੱਗਣਗੇ ਜਦੋਂ ਅਸੀਂ ਆਪਣੇ ਜੀ ਉੱਠੇ ਅਜ਼ੀਜ਼ਾਂ ਦਾ ਸੁਆਗਤ ਕਰਾਂਗੇ! ਪਰਮੇਸ਼ੁਰ ਸਾਡੀਆਂ ਅੱਖਾਂ ਤੋਂ “ਹਰ ਹੰਝੂ ਪੂੰਝ ਦੇਵੇਗਾ।” (ਪ੍ਰਕਾ. 21:4) ਜੀਉਂਦੇ ਹੋਣ ਵਾਲੇ ਜ਼ਿਆਦਾਤਰ ਲੋਕ “ਕੁਧਰਮੀ” ਹੋਣਗੇ ਜਿਨ੍ਹਾਂ ਨੂੰ ਯਹੋਵਾਹ ਅਤੇ ਯਿਸੂ ਬਾਰੇ ਸੱਚਾਈ ਸਿੱਖਣ ਦਾ ਕਦੇ ਮੌਕਾ ਨਹੀਂ ਮਿਲਿਆ। ਅਸੀਂ ਉਨ੍ਹਾਂ ਨੂੰ ਖ਼ੁਸ਼ੀ-ਖ਼ੁਸ਼ੀ ਪਰਮੇਸ਼ੁਰ ਦੀ ਇੱਛਾ ਬਾਰੇ ਸਿਖਾਵਾਂਗੇ ਤਾਂਕਿ ਉਹ “ਹਮੇਸ਼ਾ ਦੀ ਜ਼ਿੰਦਗੀ” ਪਾ ਸਕਣ।—ਰਸੂ. 24:15; ਯੂਹੰ. 17:3.
18. ਇਨਸਾਨਾਂ ਨੂੰ ਕਿਹੜੀਆਂ ਚੀਜ਼ਾਂ ਦੀ ਸਖ਼ਤ ਜ਼ਰੂਰਤ ਹੈ?
18 ਜਦੋਂ ਪਰਮੇਸ਼ੁਰ ਦਾ ਰਾਜ ਆਵੇਗਾ, ਉਦੋਂ ਇਹ ਰਾਜ ਉਸ ਦੇ ਨਾਂ ਨੂੰ ਪਵਿੱਤਰ ਕਰੇਗਾ ਅਤੇ ਸਾਰੇ ਕਾਇਨਾਤ ਮਿਲ ਕੇ ਯਹੋਵਾਹ ਦੀ ਭਗਤੀ ਕਰੇਗੀ। ਜੀ ਹਾਂ, ਉਸ ਵੇਲੇ ਯਿਸੂ ਦੀ ਪ੍ਰਾਰਥਨਾ ਵਿਚਲੀਆਂ ਪਹਿਲੀਆਂ ਤਿੰਨ ਬੇਨਤੀਆਂ ਦਾ ਜਵਾਬ ਦੇ ਕੇ ਪਰਮੇਸ਼ੁਰ ਇਨਸਾਨਾਂ ਨੂੰ ਬਾਕੀ ਸਾਰੀਆਂ ਚੀਜ਼ਾਂ ਦੇਵੇਗਾ ਜਿਨ੍ਹਾਂ ਦੀ ਉਨ੍ਹਾਂ ਨੂੰ ਸਖ਼ਤ ਜ਼ਰੂਰਤ ਹੈ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਯਿਸੂ ਨੇ ਹੋਰ ਕਿਹੜੀਆਂ ਜ਼ਰੂਰੀ ਗੱਲਾਂ ਬਾਰੇ ਪ੍ਰਾਰਥਨਾ ਕਰਨੀ ਸਿਖਾਈ ਸੀ।
a ਇਹ ਜਾਣਨ ਲਈ ਕਿ 1914 ਵਿਚ ਪਰਮੇਸ਼ੁਰ ਦੇ ਰਾਜ ਦੀ ਸ਼ੁਰੂਆਤ ਸੰਬੰਧੀ ਭਵਿੱਖਬਾਣੀ ਕਿਵੇਂ ਪੂਰੀ ਹੋਈ, ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੇ ਸਫ਼ੇ 215-217 ਦੇਖੋ।