ਯਿਸੂ ਦੇ ਨਮੂਨੇ ਉੱਤੇ ਚੱਲੋ
“ਮੈਂ ਤੁਹਾਨੂੰ ਇੱਕ ਨਮੂਨਾ ਦੇ ਛੱਡਿਆ ਹੈ ਤਾਂ ਜੋ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਤੁਸੀਂ ਭੀ ਤਿਵੇਂ ਹੀ ਕਰੋ।”—ਯੂਹੰਨਾ 13:15.
1. ਸਾਨੂੰ ਯਿਸੂ ਦੀ ਨਕਲ ਕਿਉਂ ਕਰਨੀ ਚਾਹੀਦੀ ਹੈ?
ਧਰਤੀ ਤੇ ਅੱਜ ਤਕ ਸਿਰਫ਼ ਇਕ ਇਨਸਾਨ ਰਿਹਾ ਹੈ ਜਿਸ ਨੇ ਆਪਣੀ ਪੂਰੀ ਉਮਰ ਪਾਪ ਨਹੀਂ ਕੀਤਾ ਸੀ। ਉਸ ਆਦਮੀ ਦਾ ਨਾਂ ਯਿਸੂ ਮਸੀਹ ਸੀ। ਉਸ ਤੋਂ ਇਲਾਵਾ ਅਜੇਹਾ ਕੋਈ ਆਦਮੀ ਨਹੀਂ ਜਿਸ ਨੇ ਪਾਪ ਨਹੀਂ ਕੀਤਾ। (1 ਰਾਜਿਆਂ 8:46; ਰੋਮੀਆਂ 3:23) ਇਸੇ ਕਰਕੇ ਮਸੀਹੀ ਹੋਣ ਦੇ ਨਾਤੇ ਅਸੀਂ ਉਸ ਦੀ ਨਕਲ ਕਰਨੀ ਚਾਹੁੰਦੇ ਹਾਂ। ਯਿਸੂ ਨੇ ਸਾਲ 33 ਨੀਸਾਨ 14 ਦੀ ਸ਼ਾਮ ਆਪਣੀ ਮੌਤ ਤੋਂ ਕੁਝ ਸਮੇਂ ਪਹਿਲਾਂ ਇਹ ਕਹਿ ਕੇ ਆਪਣੇ ਚੇਲਿਆਂ ਨੂੰ ਉਸ ਦੀ ਨਕਲ ਕਰਨ ਲਈ ਕਿਹਾ ਸੀ: “ਮੈਂ ਤੁਹਾਨੂੰ ਇੱਕ ਨਮੂਨਾ ਦੇ ਛੱਡਿਆ ਹੈ ਤਾਂ ਜੋ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਤੁਸੀਂ ਭੀ ਤਿਵੇਂ ਹੀ ਕਰੋ।” (ਯੂਹੰਨਾ 13:15) ਉਸ ਨੇ ਆਪਣੀ ਉਸ ਆਖ਼ਰੀ ਸ਼ਾਮ ਕਈ ਗੱਲਾਂ ਦੱਸੀਆਂ ਸਨ ਜਿਨ੍ਹਾਂ ਵਿਚ ਉਸ ਦੇ ਚੇਲੇ ਉਸ ਦੀ ਰੀਸ ਕਰ ਸਕਦੇ ਸਨ। ਇਸ ਲੇਖ ਵਿਚ ਅਸੀਂ ਇਨ੍ਹਾਂ ਗੱਲਾਂ ਵਿੱਚੋਂ ਕੁਝ ਉੱਤੇ ਗੌਰ ਕਰਾਂਗੇ।
ਨਿਮਰਤਾ ਦੀ ਜ਼ਰੂਰਤ
2, 3. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਿਸੂ ਨਿਮਰਤਾ ਦਾ ਵਧੀਆ ਨਮੂਨਾ ਸੀ?
2 ਜਦ ਯਿਸੂ ਨੇ ਆਪਣੇ ਚੇਲਿਆਂ ਨੂੰ ਉਸ ਦੀ ਰੀਸ ਕਰਨ ਲਈ ਕਿਹਾ ਸੀ, ਤਾਂ ਉਹ ਖ਼ਾਸ ਕਰਕੇ ਨਿਮਰ ਬਣਨ ਬਾਰੇ ਗੱਲ ਕਰ ਰਿਹਾ ਸੀ। ਉਸ ਨੇ ਆਪਣੇ ਚੇਲਿਆਂ ਨਾਲ ਕਈ ਵਾਰ ਨਿਮਰ ਹੋਣ ਬਾਰੇ ਗੱਲ ਕੀਤੀ ਸੀ, ਪਰ 14 ਨੀਸਾਨ ਦੀ ਸ਼ਾਮ ਉਸ ਨੇ ਆਪਣੇ ਰਸੂਲਾਂ ਦੇ ਪੈਰ ਧੋਹ ਕੇ ਆਪਣੀ ਨਿਮਰਤਾ ਦਾ ਸਬੂਤ ਦਿੱਤਾ ਸੀ। ਉਸ ਸਮੇਂ ਯਿਸੂ ਨੇ ਕਿਹਾ: “ਜੇ ਮੈਂ ਗੁਰੂ ਅਤੇ ਪ੍ਰਭੁ ਹੋ ਕੇ ਤੁਹਾਡੇ ਪੈਰ ਧੋਤੇ ਤਾਂ ਚਾਹੀਦਾ ਹੈ ਜੋ ਤੁਸੀਂ ਭੀ ਇੱਕ ਦੂਏ ਦੇ ਪੈਰ ਧੋਵੋ।” (ਯੂਹੰਨਾ 13:14) ਵਾਹ, ਇਹ ਤਾਂ ਸੱਚ-ਮੁੱਚ ਹਲੀਮੀ ਦਾ ਵਧੀਆ ਨਮੂਨਾ ਸੀ, ਤਾਹਿਓਂ ਯਿਸੂ ਨੇ ਆਪਣੇ ਰਸੂਲਾਂ ਨੂੰ ਉਸ ਦੇ ਨਮੂਨੇ ਤੇ ਚੱਲਣ ਲਈ ਕਿਹਾ ਸੀ!
3 ਪੌਲੁਸ ਰਸੂਲ ਨੇ ਸਾਨੂੰ ਦੱਸਿਆ ਕਿ ਧਰਤੀ ਤੇ ਆਉਣ ਤੋਂ ਪਹਿਲਾਂ ਯਿਸੂ “ਪਰਮੇਸ਼ੁਰ ਦੇ ਸਰੂਪ ਵਿੱਚ” ਸੀ। ਪਰ ਉਸ ਨੇ ਇਨਸਾਨ ਦੇ ਰੂਪ ਵਿਚ ਜਨਮ ਲੈ ਕੇ “ਆਪਣੇ ਆਪ ਨੂੰ ਨੀਵਿਆਂ ਕੀਤਾ ਅਤੇ ਮੌਤ ਤਾਈਂ ਸਗੋਂ ਸਲੀਬ ਦੀ ਮੌਤ ਤਾਈਂ ਆਗਿਆਕਾਰ ਬਣਿਆ।” (ਫ਼ਿਲਿੱਪੀਆਂ 2:6-8) ਜ਼ਰਾ ਸੋਚੋ: ਭਾਵੇਂ ਪੂਰੇ ਵਿਸ਼ਵ ਵਿਚ ਯਿਸੂ ਤੋਂ ਉੱਚਾ ਸਿਰਫ਼ ਯਹੋਵਾਹ ਸੀ, ਫਿਰ ਵੀ ਯਿਸੂ ਸਵਰਗੀ ਦੂਤਾਂ ਨਾਲੋਂ ਘੱਟ ਬਣ ਕੇ ਇਕ ਮਾਸੂਮ ਬੱਚੇ ਦੇ ਨਾਤੇ ਜਨਮ ਲੈਣ, ਪਾਪੀ ਮਾਪਿਆਂ ਦਾ ਕਹਿਣਾ ਮੰਨਣ ਅਤੇ ਆਖ਼ਰਕਾਰ ਇਕ ਮੁਜਰਮ ਦੀ ਮੌਤ ਮਰਨ ਲਈ ਤਿਆਰ ਸੀ। (ਕੁਲੁੱਸੀਆਂ 1:15, 16; ਇਬਰਾਨੀਆਂ 2:6, 7) ਕਿਆ ਨਿਮਰਤਾ! ਕੀ ਇਸ ਤਰ੍ਹਾਂ ਹੋ ਸਕਦਾ ਹੈ ਕਿ ਅਸੀਂ ਯਿਸੂ ਦੇ “ਸੁਭਾਉ” ਦੀ ਨਕਲ ਕਰ ਕੇ ਆਪਣੇ ਦਿਲ ਵਿਚ ਅਜਿਹੀ “ਅਧੀਨਗੀ” ਪੈਦਾ ਕਰ ਸਕੀਏ? (ਫ਼ਿਲਿੱਪੀਆਂ 2:3-5) ਜੀ ਹਾਂ ਅਸੀਂ ਇਹ ਕਰ ਸਕਦੇ ਹਾਂ, ਪਰ ਇਸ ਤਰ੍ਹਾਂ ਕਰਨਾ ਆਸਾਨ ਨਹੀਂ ਹੈ।
4. ਲੋਕ ਹੰਕਾਰ ਕਿਉਂ ਕਰਦੇ ਹਨ ਅਤੇ ਘਮੰਡ ਕਰਨ ਵਿਚ ਕੀ ਖ਼ਤਰਾ ਹੈ?
4 ਜੇ ਕੋਈ ਨਿਮਰ ਨਹੀਂ, ਤਾਂ ਉਹ ਘਮੰਡੀ ਹੈ। (ਕਹਾਉਤਾਂ 6:16-19) ਹੰਕਾਰ ਕਰਨ ਦੇ ਕਾਰਨ ਹੀ ਸ਼ਤਾਨ ਦੀ ਸ਼ਾਮਤ ਆਈ ਸੀ। (1 ਤਿਮੋਥਿਉਸ 3:6) ਇਕ ਵਾਰ ਘਮੰਡ ਇਨਸਾਨ ਦੇ ਦਿਲ ਵਿਚ ਜੜ੍ਹ ਫੜ ਲੈਂਦਾ ਹੈ, ਤਾਂ ਇਸ ਨੂੰ ਪੁੱਟਣਾ ਮੁਸ਼ਕਲ ਹੋ ਜਾਂਦਾ ਹੈ। ਲੋਕ ਹੰਕਾਰ ਕਿਉਂ ਕਰਦੇ ਹਨ? ਉਨ੍ਹਾਂ ਨੂੰ ਆਪਣੇ ਦੇਸ਼, ਆਪਣੀ ਜਾਤ, ਆਪਣੀਆਂ ਚੀਜ਼ਾਂ, ਆਪਣੀ ਵਿਦਿਆ, ਆਪਣੇ ਰੰਗ-ਰੂਪ, ਆਪਣੀ ਸਿਹਤ, ਆਪਣੀਆਂ ਕਾਮਯਾਬੀਆਂ, ਆਪਣੀ ਹੈਸੀਅਤ, ਖੇਡ-ਮੁਕਾਬਲਿਆਂ ਵਿਚ ਆਪਣੀਆਂ ਯੋਗਤਾਵਾਂ ਅਤੇ ਹੋਰ ਕਈ ਗੱਲਾਂ ਉੱਤੇ ਅਭਿਮਾਨ ਹੁੰਦਾ ਹੈ। ਪਰ ਯਹੋਵਾਹ ਲਈ ਇਨ੍ਹਾਂ ਵਿੱਚੋਂ ਕੁਝ ਵੀ ਜ਼ਰੂਰੀ ਨਹੀਂ ਹੈ। (1 ਕੁਰਿੰਥੀਆਂ 4:7) ਜੇ ਇਨ੍ਹਾਂ ਗੱਲਾਂ ਕਰਕੇ ਅਸੀਂ ਘਮੰਡ ਕਰਦੇ ਹਾਂ, ਤਾਂ ਯਹੋਵਾਹ ਨਾਲ ਸਾਡੀ ਦੋਸਤੀ ਟੁੱਟ ਸਕਦੀ ਹੈ ਕਿਉਂਕਿ “ਭਾਵੇਂ ਯਹੋਵਾਹ ਮਹਾਨ ਹੈ, ਤਾਂ ਵੀ ਉਹ ਹੀਣਿਆਂ ਨੂੰ ਵੇਖਦਾ ਹੈ, ਪਰ ਹੰਕਾਰੀਆਂ ਨੂੰ ਦੂਰੋਂ ਜਾਣ ਲੈਂਦਾ ਹੈ!”—ਜ਼ਬੂਰਾਂ ਦੀ ਪੋਥੀ 138:6; ਕਹਾਉਤਾਂ 8:13.
ਯਹੋਵਾਹ ਦੀ ਸੇਵਾ ਵਿਚ ਨੀਵੇਂ ਹੋਵੋ
5. ਬਜ਼ੁਰਗਾਂ ਨੂੰ ਨੀਵੇਂ ਹੋਣ ਦੀ ਲੋੜ ਕਿਉਂ ਹੈ?
5 ਭਾਵੇਂ ਅਸੀਂ ਯਹੋਵਾਹ ਦੀ ਸੇਵਾ ਵਿਚ ਕਾਫ਼ੀ ਕੁਝ ਕਰਦੇ ਹਾਂ, ਰੁਪਏ-ਪੈਸੇ ਦਾਨ ਕਰਦੇ ਹਾਂ ਅਤੇ ਹੋਰਨਾਂ ਦੀ ਮਦਦ ਕਰਦੇ ਹਾਂ ਜਾਂ ਕਲੀਸਿਯਾ ਵਿਚ ਸਾਨੂੰ ਕੋਈ ਜ਼ਿੰਮੇਵਾਰੀ ਸੌਂਪੀ ਗਈ ਹੈ, ਫਿਰ ਵੀ ਸਾਨੂੰ ਇਨ੍ਹਾਂ ਗੱਲਾਂ ਕਾਰਨ ਘਮੰਡ ਨਹੀਂ ਕਰਨਾ ਚਾਹੀਦਾ। (1 ਇਤਹਾਸ 29:14; 1 ਤਿਮੋਥਿਉਸ 6:17, 18) ਦਰਅਸਲ ਜਿੰਨੀ ਜ਼ਿਆਦਾ ਭਾਰੀ ਸਾਡੀ ਜ਼ਿੰਮੇਵਾਰੀ, ਉੱਨੇ ਹੀ ਜ਼ਿਆਦਾ ਸਾਨੂੰ ਨੀਵੇਂ ਹੋਣ ਦੀ ਲੋੜ ਹੈ। ਪਤਰਸ ਰਸੂਲ ਨੇ ਬਜ਼ੁਰਗਾਂ ਨੂੰ ਕਿਹਾ: “ਓਹਨਾਂ ਉੱਤੇ ਜਿਹੜੇ ਤੁਹਾਡੇ ਸਪੁਰਦ ਹਨ ਹੁਕਮ ਨਾ ਚਲਾਓ ਸਗੋਂ ਇੱਜੜ ਦੇ ਲਈ ਨਮੂਨਾ ਬਣੋ।” (1 ਪਤਰਸ 5:3) ਬਜ਼ੁਰਗਾਂ ਨੂੰ ਨੌਕਰ ਅਤੇ ਨਮੂਨੇ ਬਣਨ ਲਈ ਕਿਹਾ ਗਿਆ ਹੈ, ਟਹਿਲ ਕਰਾਉਣ ਵਾਲੇ ਜਾਂ ਹੁਕਮ ਚਲਾਉਣ ਵਾਲੇ ਨਹੀਂ।—ਲੂਕਾ 22:24-26; 2 ਕੁਰਿੰਥੀਆਂ 1:24.
6. ਸਾਨੂੰ ਕਿਨ੍ਹਾਂ ਹਾਲਤਾਂ ਵਿਚ ਹਲੀਮ ਹੋਣ ਦੀ ਲੋੜ ਹੁੰਦੀ ਹੈ?
6 ਸਿਰਫ਼ ਬਜ਼ੁਰਗਾਂ ਨੂੰ ਹੀ ਹਲੀਮ ਹੋਣ ਦੀ ਜ਼ਰੂਰਤ ਨਹੀਂ, ਬਲਕਿ ਨੌਜਵਾਨਾਂ ਨੂੰ ਵੀ ਲੋੜ ਹੈ। ਉਹ ਸ਼ਾਇਦ ਆਪਣੇ ਚੁਸਤ ਦਿਮਾਗ਼ਾਂ ਤੇ ਤਕੜੇ ਸਰੀਰਾਂ ਕਾਰਨ ਘਮੰਡ ਕਰਨ। ਪਤਰਸ ਨੇ ਨੌਜਵਾਨ ਭਰਾਵਾਂ ਨੂੰ ਲਿਖਿਆ: “ਇੱਕ ਦੂਏ ਦੀ ਟਹਿਲ ਕਰਨ ਲਈ ਮਨ ਦੀ ਹਲੀਮੀ ਨਾਲ ਲੱਕ ਬੰਨ੍ਹੋਂ, ਇਸ ਲਈ ਜੋ ਪਰਮੇਸ਼ੁਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾਂ ਨੂੰ ਕਿਰਪਾ ਬਖ਼ਸ਼ਦਾ ਹੈ।” (1 ਪਤਰਸ 5:5) ਜੀ ਹਾਂ, ਯਿਸੂ ਵਾਂਗ ਨਿਮਰ ਹੋਣਾ ਸਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਹੈ। ਜਦ ਅਸੀਂ ਪ੍ਰਚਾਰ ਕਰਨ ਜਾਂਦੇ ਹਾਂ ਅਤੇ ਲੋਕ ਸਾਡੀ ਗੱਲ ਨਹੀਂ ਸੁਣਦੇ ਜਾਂ ਉਹ ਸਾਡੇ ਨਾਲ ਲੜਨ ਨੂੰ ਆਉਂਦੇ ਹਨ, ਤਾਂ ਸਾਨੂੰ ਹਲੀਮ ਹੋਣ ਦੀ ਲੋੜ ਹੁੰਦੀ ਹੈ। ਜੇ ਕੋਈ ਸਾਨੂੰ ਸੁਧਾਰਦਾ ਹੈ, ਤਾਂ ਉਸ ਦੀ ਸਲਾਹ ਕਬੂਲ ਕਰਨ ਲਈ ਸਾਨੂੰ ਨਿਮਰਤਾ ਦੀ ਲੋੜ ਹੁੰਦੀ ਹੈ। ਜੇ ਅਸੀਂ ਪ੍ਰਚਾਰ ਦੇ ਕੰਮ ਵਿਚ ਵੱਡਾ ਹਿੱਸਾ ਲੈਣ ਲਈ ਆਪਣੀ ਰਹਿਣੀ-ਬਹਿਣੀ ਵਿਚ ਤਬਦੀਲੀ ਕਰਨੀ ਚਾਹੁੰਦੇ ਹਾਂ, ਤਾਂ ਸਾਨੂੰ ਨੀਵੇਂ ਹੋਣ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਜਦੋਂ ਮੀਡੀਆ ਸਾਨੂੰ ਬਦਨਾਮ ਕਰਦਾ ਹੈ, ਸਾਡੇ ਖ਼ਿਲਾਫ਼ ਮੁਕੱਦਮੇ ਚਲਾਏ ਜਾਂਦੇ ਹਨ ਜਾਂ ਸਾਨੂੰ ਮਾਰਿਆ-ਕੁੱਟਿਆ ਜਾਂਦਾ ਹੈ, ਤਾਂ ਸਾਨੂੰ ਹਿੰਮਤ ਤੇ ਨਿਹਚਾ ਕਰਨ ਦੇ ਨਾਲ-ਨਾਲ ਨਿਮਰ ਹੋਣ ਦੀ ਵੀ ਲੋੜ ਹੁੰਦੀ ਹੈ।—1 ਪਤਰਸ 5:6.
7, 8. ਅਸੀਂ ਕਿਨ੍ਹਾਂ ਤਰੀਕਿਆਂ ਨਾਲ ਆਪਣੇ ਦਿਲ ਵਿਚ ਨਿਮਰਤਾ ਪੈਦਾ ਕਰ ਸਕਦੇ ਹਾਂ?
7 ਕੋਈ ਇਨਸਾਨ ਘਮੰਡ ਉੱਤੇ ਜਿੱਤ ਪਾ ਕੇ ‘ਅਧੀਨਗੀ ਨਾਲ ਦੂਏ ਨੂੰ ਆਪਣੇ ਆਪ ਤੋਂ ਉੱਤਮ’ ਕਿਵੇਂ ਸਮਝ ਸਕਦਾ ਹੈ? (ਫ਼ਿਲਿੱਪੀਆਂ 2:3) ਉਸ ਨੂੰ ਆਪਣੇ ਬਾਰੇ ਉਸ ਤਰ੍ਹਾਂ ਸੋਚਣਾ ਚਾਹੀਦਾ ਹੈ ਜਿਵੇਂ ਯਹੋਵਾਹ ਸੋਚਦਾ ਹੈ। ਯਿਸੂ ਨੇ ਇਹ ਕਹਿ ਕੇ ਸਾਨੂੰ ਦੱਸਿਆ ਸੀ ਕਿ ਸਾਨੂੰ ਆਪਣੇ ਬਾਰੇ ਕਿਵੇਂ ਸੋਚਣਾ ਚਾਹੀਦਾ ਹੈ: “ਤੁਸੀਂ ਵੀ ਜਾਂ ਓਹ ਸਾਰੇ ਕੰਮ ਜਿਨ੍ਹਾਂ ਦਾ ਤੁਹਾਨੂੰ ਹੁਕਮ ਦਿੱਤਾ ਗਿਆ ਪੂਰੇ ਕਰ ਚੁੱਕੋ ਤਾਂ ਕਹੋ ਭਈ ਅਸੀਂ ਨਿਕੰਮੇ ਬੰਦੇ ਹਾਂ, ਜੋ ਕੁਝ ਸਾਨੂੰ ਕਰਨਾ ਉਚਿਤ ਸੀ ਅਸਾਂ ਉਹੀ ਕੀਤਾ।” (ਲੂਕਾ 17:10) ਯਾਦ ਰੱਖੋ ਕਿ ਅਸੀਂ ਭਾਵੇਂ ਜੋ ਮਰਜ਼ੀ ਕਰ ਸਕੀਏ, ਪਰ ਯਿਸੂ ਨੇ ਉਸ ਤੋਂ ਕਿਤੇ ਜ਼ਿਆਦਾ ਕੀਤਾ ਸੀ। ਇਸ ਦੇ ਬਾਵਜੂਦ ਉਹ ਹਲੀਮ ਰਿਹਾ।
8 ਅਸੀਂ ਯਹੋਵਾਹ ਤੋਂ ਸਹਾਇਤਾ ਮੰਗ ਸਕਦੇ ਹਾਂ ਕਿ ਉਹ ਸਾਨੂੰ ਆਪਣੇ ਆਪ ਬਾਰੇ ਸਹੀ ਤਰ੍ਹਾਂ ਸੋਚਣਾ ਸਿਖਾਵੇ। ਜ਼ਬੂਰਾਂ ਦੇ ਲਿਖਾਰੀ ਵਾਂਗ ਅਸੀਂ ਵੀ ਦੁਆ ਕਰ ਸਕਦੇ ਹਾਂ: “ਮੈਨੂੰ ਚੰਗਾ ਬਿਬੇਕ ਤੇ ਗਿਆਨ ਸਿਖਲਾ, ਕਿਉਂ ਜੋ ਮੈਂ ਤੇਰੇ ਹੁਕਮਾਂ ਉੱਤੇ ਨਿਹਚਾ ਕੀਤੀ ਹੈ।” (ਜ਼ਬੂਰਾਂ ਦੀ ਪੋਥੀ 119:66) ਯਹੋਵਾਹ ਸਾਨੂੰ ਆਪਣੇ ਆਪ ਬਾਰੇ ਸਹੀ ਨਜ਼ਰੀਆ ਰੱਖਣਾ ਸਿਖਾ ਸਕਦਾ ਹੈ ਤੇ ਉਹ ਸਾਡੀ ਹਲੀਮੀ ਕਾਰਨ ਸਾਨੂੰ ਆਸ਼ੀਰਵਾਦ ਦੇਵੇਗਾ। (ਕਹਾਉਤਾਂ 18:12) ਯਿਸੂ ਨੇ ਕਿਹਾ: “ਜੋ ਕੋਈ ਆਪਣੇ ਆਪ ਨੂੰ ਉੱਚਾ ਕਰੇਗਾ ਸੋ ਨੀਵਾਂ ਕੀਤਾ ਜਾਵੇਗਾ ਅਤੇ ਜੋ ਕੋਈ ਆਪਣੇ ਆਪ ਨੂੰ ਨੀਵਾਂ ਕਰੇਗਾ ਸੋ ਉੱਚਾ ਕੀਤਾ ਜਾਵੇਗਾ।”—ਮੱਤੀ 23:12.
ਜਾਣੋ ਕੀ ਸਹੀ ਹੈ ਤੇ ਕੀ ਗ਼ਲਤ
9. ਸਹੀ ਅਤੇ ਗ਼ਲਤ ਬਾਰੇ ਯਿਸੂ ਦਾ ਕੀ ਖ਼ਿਆਲ ਸੀ?
9 ਪਾਪੀ ਇਨਸਾਨਾਂ ਦਰਮਿਆਨ 33 ਸਾਲ ਗੁਜ਼ਾਰਨ ਦੇ ਬਾਵਜੂਦ ਯਿਸੂ “ਪਾਪ ਤੋਂ ਰਹਿਤ ਰਿਹਾ।” (ਇਬਰਾਨੀਆਂ 4:15) ਜ਼ਬੂਰਾਂ ਦੇ ਲਿਖਾਰੀ ਨੇ ਮਸੀਹਾ ਬਾਰੇ ਭਵਿੱਖਬਾਣੀ ਕਰਦੇ ਹੋਏ ਕਿਹਾ ਕਿ ਉਸ ਨੇ “ਧਰਮ ਦੇ ਨਾਲ ਪ੍ਰੇਮ, ਅਤੇ ਬਦੀ ਦੇ ਨਾਲ ਵੈਰ ਰੱਖਿਆ।” (ਜ਼ਬੂਰਾਂ ਦੀ ਪੋਥੀ 45:7; ਇਬਰਾਨੀਆਂ 1:9) ਇਹ ਇਕ ਹੋਰ ਗੱਲ ਹੈ ਜਿਸ ਵਿਚ ਅਸੀਂ ਯਿਸੂ ਦੀ ਨਕਲ ਕਰ ਸਕਦੇ ਹਾਂ। ਅਸੀਂ ਸਿਰਫ਼ ਜਾਣਦੇ ਹੀ ਨਹੀਂ ਕਿ ਕੀ ਸਹੀ ਹੈ ਤੇ ਕੀ ਗ਼ਲਤ, ਪਰ ਅਸੀਂ ਬੁਰਾਈ ਨਾਲ ਨਫ਼ਰਤ ਅਤੇ ਭਲਾਈ ਨਾਲ ਪ੍ਰੇਮ ਵੀ ਕਰਦੇ ਹਾਂ। (ਆਮੋਸ 5:15) ਇਸ ਕਰਕੇ ਅਸੀਂ ਆਪਣੀਆਂ ਪਾਪੀ ਭਾਵਨਾਵਾਂ ਮੋਹਰੇ ਹਾਰ ਨਹੀਂ ਮੰਨਦੇ।—ਉਤਪਤ 8:21; ਰੋਮੀਆਂ 7:21-25.
10. ਜੇ ਅਸੀਂ “ਮੰਦੇ ਕੰਮ” ਕਰਨ ਤੇ ਤੁਲੇ ਹੋਏ ਹਾਂ, ਤਾਂ ਅਸੀਂ ਆਪਣੇ ਦਿਲ ਵਿਚ ਕਿਸ ਨਾਲ ਵੈਰ ਕਰਦੇ ਹਾਂ?
10 ਯਿਸੂ ਨੇ ਨਿਕੁਦੇਮੁਸ ਨਾਂ ਦੇ ਫ਼ਰੀਸੀ ਨੂੰ ਕਿਹਾ ਸੀ: “ਹਰੇਕ ਜੋ ਮੰਦੇ ਕੰਮ ਕਰਦਾ ਹੈ ਸੋ ਚਾਨਣ ਨਾਲ ਵੈਰ ਰੱਖਦਾ ਹੈ ਅਤੇ ਚਾਨਣ ਕੋਲ ਨਹੀਂ ਆਉਂਦਾ ਕਿਤੇ ਐਉਂ ਨਾ ਹੋਵੇ ਜੋ ਉਹ ਦੇ ਕੰਮ ਜ਼ਾਹਰ ਹੋਣ। ਪਰ ਜਿਹੜਾ ਸਤ ਕਰਦਾ ਹੈ ਉਹ ਚਾਨਣ ਕੋਲ ਆਉਂਦਾ ਹੈ ਇਸ ਲਈ ਜੋ ਉਹ ਦੇ ਕੰਮ ਪਰਗਟ ਹੋਣ ਭਈ ਓਹ ਪਰਮੇਸ਼ੁਰ ਵਿੱਚ ਕੀਤੇ ਹੋਏ ਹਨ।” (ਯੂਹੰਨਾ 3:20, 21) ਇੱਥੇ ਕਿਸ ਚਾਨਣ ਬਾਰੇ ਗੱਲ ਕੀਤੀ ਗਈ ਸੀ? ਯੂਹੰਨਾ ਨੇ ਕਿਹਾ ਕਿ ਯਿਸੂ ‘ਸੱਚਾ ਚਾਨਣ ਹੈ ਜਿਹੜਾ ਹਰੇਕ ਮਨੁੱਖ ਨੂੰ ਉਜਾਲਾ ਕਰਦਾ ਹੈ।’ (ਯੂਹੰਨਾ 1:9, 10) ਤਾਂ ਫਿਰ ਜਦ ਯਿਸੂ ਨੇ ਕਿਹਾ ਸੀ ਕਿ ਪਰਮੇਸ਼ੁਰ ਦੀ ਮਰਜ਼ੀ ਤੋਂ ਉਲਟ “ਮੰਦੇ ਕੰਮ” ਕਰਨ ਵਾਲਾ ਇਨਸਾਨ ਚਾਨਣ ਨਾਲ ਵੈਰ ਰੱਖਦਾ ਹੈ, ਤਾਂ ਉਸ ਦੇ ਕਹਿਣ ਦਾ ਭਾਵ ਸੀ ਕਿ ਉਹ ਇਨਸਾਨ ਅਸਲ ਵਿਚ ਉਸ ਨਾਲ ਵੈਰ ਕਰ ਰਿਹਾ ਹੈ। ਅਸੀਂ ਤਾਂ ਯਿਸੂ ਨਾਲ ਵੈਰ ਕਰਨ ਬਾਰੇ ਸੋਚ ਵੀ ਨਹੀਂ ਸਕਦੇ! ਪਰ ਜੇ ਅਸੀਂ ਬੁਰੇ ਕੰਮ ਕਰੀਏ, ਤਾਂ ਯਿਸੂ ਦੀ ਨਜ਼ਰ ਵਿਚ ਅਸੀਂ ਉਸ ਨਾਲ ਵੈਰ ਕਰ ਰਹੇ ਹਾਂ।
ਯਿਸੂ ਵਾਂਗ ਬੁਰਾਈ ਨਾਲ ਨਫ਼ਰਤ ਤੇ ਭਲਾਈ ਨਾਲ ਪਿਆਰ ਕਰਨਾ ਸਿੱਖੋ
11. ਜੇ ਅਸੀਂ ਯਿਸੂ ਵਾਂਗ ਬੁਰਾਈ ਨਾਲ ਨਫ਼ਰਤ ਤੇ ਭਲਾਈ ਨਾਲ ਪਿਆਰ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
11 ਇਹ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਚੰਗੀ ਤਰ੍ਹਾਂ ਸਮਝੀਏ ਕਿ ਯਹੋਵਾਹ ਦੀ ਨਜ਼ਰ ਵਿਚ ਕੀ ਸਹੀ ਹੈ ਤੇ ਕੀ ਗ਼ਲਤ। ਇਹ ਸਮਝ ਸਾਨੂੰ ਸਿਰਫ਼ ਬਾਈਬਲ ਦੀ ਸਟੱਡੀ ਕਰ ਕੇ ਮਿਲੇਗੀ। ਸਟੱਡੀ ਕਰਦੇ ਹੋਏ ਸਾਨੂੰ ਜ਼ਬੂਰਾਂ ਦੇ ਲਿਖਾਰੀ ਵਾਂਗ ਇਸ ਤਰ੍ਹਾਂ ਦੁਆ ਕਰਨੀ ਚਾਹੀਦੀ ਹੈ: “ਹੇ ਯਹੋਵਾਹ, ਆਪਣੇ ਰਾਹ ਮੈਨੂੰ ਵਿਖਾਲ, ਅਤੇ ਆਪਣੇ ਮਾਰਗ ਮੈਨੂੰ ਸਿਖਾਲ।” (ਜ਼ਬੂਰਾਂ ਦੀ ਪੋਥੀ 25:4) ਪਰ ਇਹ ਗੱਲ ਵੀ ਯਾਦ ਰੱਖੋ ਕਿ ਸ਼ਤਾਨ ਤੁਹਾਨੂੰ ਭਰਮਾਉਣਾ ਚਾਹੁੰਦਾ ਹੈ। (2 ਕੁਰਿੰਥੀਆਂ 11:14) ਜੇ ਅਸੀਂ ਖ਼ਬਰਦਾਰ ਨਾ ਰਹੀਏ, ਤਾਂ ਅਸੀਂ ਉਸ ਦੇ ਹੱਥੋਂ ਧੋਖਾ ਖਾ ਕੇ ਮਾੜੀਆਂ ਚੀਜ਼ਾਂ ਨੂੰ ਸਹੀ ਸਮਝਣ ਲੱਗ ਸਕਦੇ ਹਾਂ। ਇਸ ਕਰਕੇ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਜੋ ਸਿੱਖ ਰਹੇ ਹਾਂ ਉਸ ਤੇ ਡੂੰਘਾ ਸੋਚ-ਵਿਚਾਰ ਕਰੀਏ ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਦੀ ਸਲਾਹ ਵੱਲ ਚੰਗੀ ਤਰ੍ਹਾਂ ਧਿਆਨ ਦੇਈਏ। (ਮੱਤੀ 24:45-47) ਬਾਈਬਲ ਦੀ ਸਟੱਡੀ ਕਰਨ ਨਾਲ, ਪਰਮੇਸ਼ੁਰ ਨੂੰ ਦੁਆ ਕਰਨ ਨਾਲ ਅਤੇ ਜੋ ਅਸੀਂ ਸਿੱਖ ਰਹੇ ਹਾਂ ਉਸ ਉੱਤੇ ਮਨਨ ਕਰਨ ਨਾਲ, ਅਸੀਂ ਉਨ੍ਹਾਂ ਲੋਕਾਂ ਵਿਚ ਗਿਣੇ ਜਾਵਾਂਗੇ “ਜਿਨ੍ਹਾਂ ਦੀਆਂ ਗਿਆਨ ਇੰਦਰੀਆਂ ਭਲੇ ਬੁਰੇ ਦੀ ਜਾਚ ਕਰਨ ਨੂੰ ਅਭਿਆਸ ਨਾਲ ਸਾਧੀਆਂ ਹੋਈਆਂ ਹਨ।” (ਇਬਰਾਨੀਆਂ 5:14) ਤਾਂ ਫਿਰ ਅਸੀਂ ਵੀ ਯਿਸੂ ਵਾਂਗ ਬੁਰਾਈ ਨਾਲ ਨਫ਼ਰਤ ਅਤੇ ਭਲਾਈ ਨਾਲ ਪਿਆਰ ਕਰਾਂਗੇ।
12. ਬਾਈਬਲ ਦੀ ਕਿਹੜੀ ਸਲਾਹ ਸਾਨੂੰ ਬੁਰਾਈ ਕਰਨ ਤੋਂ ਰੋਕ ਸਕਦੀ ਹੈ?
12 ਜੇ ਅਸੀਂ ਬੁਰਾਈ ਨਾਲ ਨਫ਼ਰਤ ਕਰਦੇ ਹਾਂ, ਤਾਂ ਅਸੀਂ ਆਪਣੇ ਦਿਲਾਂ ਵਿਚ ਭੈੜੀਆਂ ਇੱਛਾਵਾਂ ਪੈਦਾ ਨਹੀਂ ਹੋਣ ਦੇਵਾਂਗੇ। ਯਿਸੂ ਦੀ ਮੌਤ ਤੋਂ ਕਈ ਸਾਲ ਬਾਅਦ ਯੂਹੰਨਾ ਰਸੂਲ ਨੇ ਲਿਖਿਆ: “ਸੰਸਾਰ ਨਾਲ ਮੋਹ ਨਾ ਰੱਖੋ, ਨਾ ਉਨ੍ਹਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ। ਜੇ ਕੋਈ ਸੰਸਾਰ ਨਾਲ ਮੋਹ ਰੱਖਦਾ ਹੋਵੇ ਤਾਂ ਉਹ ਦੇ ਵਿੱਚ ਪਿਤਾ ਦਾ ਪ੍ਰੇਮ ਨਹੀਂ ਕਿਉਂਕਿ ਸੱਭੋ ਕੁਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਅਭਮਾਨ ਸੋ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹੈ।”—1 ਯੂਹੰਨਾ 2:15, 16.
13, 14. (ੳ) ਸੰਸਾਰ ਦੀਆਂ ਚੀਜ਼ਾਂ ਨਾਲ ਪਿਆਰ ਕਰਨਾ ਸਾਡੇ ਲਈ ਜੋਖਮ ਵਿਚ ਪੈਰ ਰੱਖਣ ਦੇ ਬਰਾਬਰ ਕਿਉਂ ਹੈ? (ਅ) ਅਸੀਂ ਆਪਣੇ ਦਿਲ ਨੂੰ ਸੰਸਾਰ ਦੀਆਂ ਚੀਜ਼ਾਂ ਨਾਲ ਪਿਆਰ ਕਰਨ ਤੋਂ ਕਿਵੇਂ ਰੋਕ ਸਕਦੇ ਹਾਂ?
13 ਕੁਝ ਭੈਣ-ਭਰਾ ਸ਼ਾਇਦ ਸੋਚਣ ਕਿ ਸੰਸਾਰ ਦੀਆਂ ਸਾਰੀਆਂ ਗੱਲਾਂ ਤਾਂ ਖ਼ਰਾਬ ਨਹੀਂ ਹਨ। ਹਾਂ ਇਹ ਠੀਕ ਹੈ, ਪਰ ਦੁਨੀਆਂ ਵਿਚ ਕਈ ਚੀਜ਼ਾਂ ਹਨ ਜਿਨ੍ਹਾਂ ਕਾਰਨ ਯਹੋਵਾਹ ਵੱਲੋਂ ਸਾਡਾ ਧਿਆਨ ਦੂਰ ਹੋ ਸਕਦਾ ਹੈ। ਇਹ ਵੀ ਸੱਚ ਹੈ ਕਿ ਦੁਨੀਆਂ ਵਿਚ ਇਕ ਵੀ ਚੀਜ਼ ਨਹੀਂ ਜੋ ਸਾਨੂੰ ਯਹੋਵਾਹ ਦੇ ਨੇੜੇ ਲਿਆ ਸਕਦੀ ਹੈ। ਇਸ ਕਰਕੇ ਜੇ ਅਸੀਂ ਸੰਸਾਰ ਦੀਆਂ ਚੀਜ਼ਾਂ ਨਾਲ ਪਿਆਰ ਕਰਨ ਲੱਗ ਪਈਏ, ਭਾਵੇਂ ਉਹ ਗ਼ਲਤ ਨਾ ਵੀ ਹੋਣ, ਫਿਰ ਵੀ ਅਸੀਂ ਜੋਖਮ ਵਿਚ ਪੈਰ ਰੱਖ ਰਹੇ ਹਾਂ। (1 ਤਿਮੋਥਿਉਸ 6:9, 10) ਦੁਨੀਆਂ ਦੇ ਜ਼ਿਆਦਾਤਰ ਕੰਮ ਗ਼ਲਤ ਹਨ ਜੋ ਸਾਨੂੰ ਵੀ ਗ਼ਲਤ ਪਾਸੇ ਲਾ ਸਕਦੇ ਹਨ। ਜੇ ਅਸੀਂ ਅਜਿਹੇ ਟੈਲੀਵਿਯਨ ਪ੍ਰੋਗ੍ਰਾਮ ਜਾਂ ਫਿਲਮਾਂ ਦੇਖਣੀਆਂ ਪਸੰਦ ਕਰਦੇ ਹਾਂ ਜਿਨ੍ਹਾਂ ਵਿਚ ਮਾਰ-ਕੁਟਾਈ, ਸ਼ਾਨੋ-ਸ਼ੌਕਤ ਜਾਂ ਵਿਭਚਾਰ ਤੇ ਜ਼ੋਰ ਦਿੱਤਾ ਜਾਂਦਾ ਹੈ, ਤਾਂ ਇਹ ਚੀਜ਼ਾਂ ਸਾਨੂੰ ਠੀਕ ਲੱਗਣ ਲੱਗ ਸਕਦੀਆਂ ਹਨ। ਫਿਰ ਇਨ੍ਹਾਂ ਵੱਲ ਸਾਡਾ ਮੋਹ ਵਧੇਗਾ ਅਤੇ ਅਸੀਂ ਲੁਭਾਏ ਜਾ ਸਕਦੇ ਹਾਂ। ਜੇ ਅਸੀਂ ਅਜਿਹੇ ਲੋਕਾਂ ਨਾਲ ਮਿਲਦੇ-ਜੁਲਦੇ ਹਾਂ ਜੋ ਸਿਰਫ਼ ਆਪਣੀ ਰਹਿਣੀ-ਬਹਿਣੀ ਸੁਧਾਰਨ ਬਾਰੇ ਜਾਂ ਪੈਸੇ ਕਮਾਉਣ ਬਾਰੇ ਸੋਚਦੇ ਹਨ, ਤਾਂ ਇਹ ਚੀਜ਼ਾਂ ਸਾਡੇ ਦਿਮਾਗ਼ ਵਿਚ ਵੀ ਪਹਿਲ ਲੈਣ ਲੱਗ ਪੈਣਗੀਆਂ।—ਮੱਤੀ 6:24; 1 ਕੁਰਿੰਥੀਆਂ 15:33.
14 ਦੂਜੇ ਪਾਸੇ ਜੇ ਅਸੀਂ ਯਹੋਵਾਹ ਦੇ ਬਚਨ ਵਿਚ ਮਗਨ ਰਹਾਂਗੇ, ਤਾਂ “ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਅਭਮਾਨ” ਸਾਨੂੰ ਲੁਭਾ ਨਹੀਂ ਸਕੇਗਾ। ਇਸ ਤੋਂ ਇਲਾਵਾ ਜੇ ਅਸੀਂ ਉਨ੍ਹਾਂ ਭੈਣ-ਭਰਾਵਾਂ ਨਾਲ ਦੋਸਤੀ ਕਰਾਂਗੇ ਜੋ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦਿੰਦੇ ਹਨ, ਤਾਂ ਅਸੀਂ ਵੀ ਉਨ੍ਹਾਂ ਵਰਗੇ ਬਣਾਂਗੇ। ਇਸ ਤਰ੍ਹਾਂ ਜਿਸ ਚੀਜ਼ ਨਾਲ ਉਹ ਪਿਆਰ ਕਰਦੇ ਹਨ ਉਸ ਨਾਲ ਅਸੀਂ ਵੀ ਪਿਆਰ ਕਰਾਂਗੇ ਤੇ ਜਿਸ ਗੱਲ ਤੋਂ ਉਹ ਪਰਹੇਜ਼ ਕਰਦੇ ਉਸ ਤੋਂ ਅਸੀਂ ਵੀ ਦੂਰ ਰਹਾਂਗੇ।—ਜ਼ਬੂਰਾਂ ਦੀ ਪੋਥੀ 15:4; ਕਹਾਉਤਾਂ 13:20.
15. ਯਿਸੂ ਵਾਂਗ ਬੁਰਾਈ ਨਾਲ ਨਫ਼ਰਤ ਅਤੇ ਭਲਾਈ ਨਾਲ ਪਿਆਰ ਕਰ ਕੇ ਸਾਨੂੰ ਕੀ ਲਾਭ ਹੋ ਸਕਦਾ ਹੈ?
15 ਯਿਸੂ ਨੇ ਬੁਰਾਈ ਨਾਲ ਨਫ਼ਰਤ ਤੇ ਭਲਾਈ ਨਾਲ ਪਿਆਰ ਕਰ ਕੇ ਆਪਣਾ ਧਿਆਨ ‘ਉਸ ਅਨੰਦ ਵੱਲ ਰੱਖਿਆ ਜੋ ਉਹ ਦੇ ਅੱਗੇ ਧਰਿਆ ਹੋਇਆ ਸੀ।’ (ਇਬਰਾਨੀਆਂ 12:2) ਅਸੀਂ ਵੀ ਉਸ ਦੀ ਨਕਲ ਕਰ ਸਕਦੇ ਹਾਂ। ਅਸੀਂ ਜਾਣਦੇ ਹਾਂ ਕਿ “ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ।” ਸੰਸਾਰ ਵਿਚ ਜੇ ਕੋਈ ਮਜ਼ਾ ਜਾਂ ਸੁਆਦ ਹੈ, ਉਸ ਨੇ ਹਮੇਸ਼ਾ ਨਹੀਂ ਰਹਿਣਾ। ਪਰ “ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।” (1 ਯੂਹੰਨਾ 2:17) ਯਿਸੂ ਨੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰ ਕੇ ਇਨਸਾਨਾਂ ਲਈ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰਨ ਦਾ ਰਾਹ ਖੋਲ੍ਹਿਆ ਸੀ। (1 ਯੂਹੰਨਾ 5:13) ਆਓ ਆਪਾਂ ਯਿਸੂ ਦੀ ਰੀਸ ਕਰੀਏ ਅਤੇ ਸਾਡੇ ਲਈ ਉਸ ਨੇ ਜੋ ਕੀਤਾ ਹੈ, ਉਸ ਦਾ ਲਾਭ ਉਠਾ ਕੇ ਹਮੇਸ਼ਾ ਦੀ ਜ਼ਿੰਦਗੀ ਪਾਈਏ।
ਸਿਤਮ ਸਹੋ
16. ਯਿਸੂ ਨੇ ਆਪਣੇ ਚੇਲਿਆਂ ਨੂੰ ਇਕ-ਦੂਜੇ ਨਾਲ ਪਿਆਰ ਕਰਨ ਲਈ ਕਿਉਂ ਕਿਹਾ ਸੀ?
16 ਯਿਸੂ ਨੇ ਉਸ ਦੀ ਰੀਸ ਕਰਨ ਦਾ ਇਕ ਹੋਰ ਤਰੀਕਾ ਇਹ ਕਹਿ ਕੇ ਦੱਸਿਆ: “ਮੇਰਾ ਹੁਕਮ ਇਹ ਹੈ ਭਈ ਤੁਸੀਂ ਇੱਕ ਦੂਏ ਨਾਲ ਪਿਆਰ ਕਰੋ ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ।” (ਯੂਹੰਨਾ 15:12, 13, 17) ਸਾਡੇ ਕੋਲ ਆਪਣੇ ਭੈਣ-ਭਾਈਆਂ ਨਾਲ ਪਿਆਰ ਕਰਨ ਦੇ ਕਈ ਕਾਰਨ ਹਨ। ਮਿਸਾਲ ਲਈ, ਸੰਸਾਰ ਦੀ ਨਫ਼ਰਤ ਸਹਿਣ ਵਾਸਤੇ ਸਾਨੂੰ ਇਕ-ਦੂਜੇ ਨਾਲ ਗਹਿਰਾ ਪਿਆਰ ਕਰਨ ਦੀ ਲੋੜ ਹੈ। ਯਿਸੂ ਨੇ ਕਿਹਾ ਸੀ: “ਜੇ ਜਗਤ ਤੁਹਾਡੇ ਨਾਲ ਵੈਰ ਕਰਦਾ ਹੈ ਤੁਸੀਂ ਜਾਣਦੇ ਹੋ ਜੋ ਉਹ ਨੇ ਤੁਹਾਥੋਂ ਅੱਗੇ ਮੇਰੇ ਨਾਲ ਵੈਰ ਕੀਤਾ ਹੈ। . . . ਦਾਸ ਆਪਣੇ ਮਾਲਕ ਨਾਲੋਂ ਵੱਡਾ ਨਹੀਂ। ਜੇ ਉਨ੍ਹਾਂ ਮੈਨੂੰ ਸਤਾਇਆ ਤਾਂ ਓਹ ਤੁਹਾਨੂੰ ਵੀ ਸਤਾਉਣਗੇ।” (ਯੂਹੰਨਾ 15:18, 20) ਜੀ ਹਾਂ, ਯਿਸੂ ਵਾਂਗ ਸਾਨੂੰ ਵੀ ਸਿਤਮ ਸਹਿਣੇ ਪੈਂਦੇ ਹਨ।
17. ਸੰਸਾਰ ਸਾਡੇ ਨਾਲ ਨਫ਼ਰਤ ਕਿਉਂ ਕਰਦਾ ਹੈ?
17 ਸੰਸਾਰ ਸਾਡੇ ਨਾਲ ਨਫ਼ਰਤ ਕਿਉਂ ਕਰਦਾ ਹੈ? ਕਿਉਂਕਿ ਅਸੀਂ ਯਿਸੂ ਵਾਂਗ ‘ਜਗਤ ਦੇ ਨਹੀਂ ਹਾਂ।’ (ਯੂਹੰਨਾ 17:14, 16) ਅਸੀਂ ਨਾ ਤਾਂ ਮਿਲਟਰੀ ਦੀਆਂ ਕਾਰਵਾਈਆਂ ਵਿਚ ਤੇ ਨਾ ਹੀ ਸਿਆਸੀ ਮਾਮਲਿਆਂ ਵਿਚ ਹਿੱਸਾ ਲੈਂਦੇ ਹਾਂ। ਪਰ ਅਸੀਂ ਬਾਈਬਲ ਦੇ ਅਸੂਲਾਂ ਮੁਤਾਬਕ ਜਾਨ ਨੂੰ ਪਵਿੱਤਰ ਸਮਝਦੇ ਹਾਂ ਅਤੇ ਦੁਨੀਆਂ ਦੇ ਪੁੱਠੇ ਰਾਹ ਪੈਣ ਤੋਂ ਇਨਕਾਰ ਕਰਦੇ ਹਾਂ। (ਰਸੂਲਾਂ ਦੇ ਕਰਤੱਬ 15:28, 29; 1 ਕੁਰਿੰਥੀਆਂ 6:9-11) ਅਸੀਂ ਦੁਨੀਆਂ ਦੀਆਂ ਗੱਲਾਂ ਦੀ ਬਜਾਇ ਖ਼ਾਸਕਰ ਰੱਬ ਦੀਆਂ ਗੱਲਾਂ ਤੇ ਆਪਣਾ ਧਿਆਨ ਲਾਉਂਦੇ ਹਾਂ। ਅਸੀਂ ਦੁਨੀਆਂ ਵਿਚ ਰਹਿੰਦੇ ਹੋਏ ਵੀ ਦੁਨੀਆਂ ਦੇ ਨਹੀਂ ਬਣਦੇ। (1 ਕੁਰਿੰਥੀਆਂ 7:31) ਇਹ ਵੀ ਸੱਚ ਹੈ ਕਿ ਕੁਝ ਲੋਕਾਂ ਨੇ ਯਹੋਵਾਹ ਦੇ ਗਵਾਹਾਂ ਦੇ ਜੀਵਨ-ਢੰਗ ਦੀ ਵਡਿਆਈ ਕੀਤੀ ਹੈ, ਪਰ ਅਸੀਂ ਲੋਕਾਂ ਦੀ ਵਾਹ-ਵਾਹ ਸੁਣਨ ਲਈ ਜਾਂ ਉਨ੍ਹਾਂ ਨੂੰ ਖ਼ੁਸ਼ ਕਰਨ ਲਈ ਸਮਝੌਤਾ ਨਹੀਂ ਕਰਦੇ। ਇਸ ਦਾ ਨਤੀਜਾ ਇਹ ਹੈ ਕਿ ਦੁਨੀਆਂ ਦੇ ਜ਼ਿਆਦਾਤਰ ਲੋਕ ਸਾਨੂੰ ਸਮਝ ਨਹੀਂ ਸਕਦੇ ਤੇ ਸਾਡੇ ਨਾਲ ਨਫ਼ਰਤ ਕਰਦੇ ਹਨ।
18, 19. ਯਿਸੂ ਦੀ ਨਕਲ ਕਰਦੇ ਹੋਏ ਅਸੀਂ ਵਿਰੋਧਤਾ ਅਤੇ ਸਿਤਮ ਦੇ ਸਾਮ੍ਹਣੇ ਕੀ ਕਰਦੇ ਹਾਂ?
18 ਯਿਸੂ ਦੇ ਰਸੂਲਾਂ ਨੇ ਸੰਸਾਰ ਦੀ ਨਫ਼ਰਤ ਉਸ ਸਮੇਂ ਅੱਖੀਂ ਦੇਖੀ ਸੀ ਜਦੋਂ ਯਿਸੂ ਗਿਰਫ਼ਤਾਰ ਕੀਤੇ ਜਾਣ ਤੋਂ ਬਾਅਦ ਸੂਲੀ ਤੇ ਚੜ੍ਹਾਇਆ ਗਿਆ ਸੀ। ਉਸ ਸਮੇਂ ਉਨ੍ਹਾਂ ਨੇ ਇਹ ਵੀ ਦੇਖਿਆ ਸੀ ਕਿ ਯਿਸੂ ਨੇ ਇਸ ਨਫ਼ਰਤ ਦੇ ਜਵਾਬ ਵਿਚ ਕੀ ਕੀਤਾ ਸੀ। ਯਿਸੂ ਦੇ ਵਿਰੋਧੀ ਉਸ ਨੂੰ ਗਥਸਮਨੀ ਦੇ ਬਾਗ਼ ਵਿਚ ਗਿਰਫ਼ਤਾਰ ਕਰਨ ਆਏ ਸਨ। ਪਤਰਸ ਨੇ ਆਪਣੀ ਤਲਵਾਰ ਨਾਲ ਯਿਸੂ ਦੀ ਰਾਖੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਯਿਸੂ ਨੇ ਉਸ ਨੂੰ ਕਿਹਾ: “ਆਪਣੀ ਤਲਵਾਰ ਮਿਆਨ ਕਰ ਕਿਉਂਕਿ ਸਭ ਜੋ ਤਲਵਾਰ ਖਿੱਚਦੇ ਹਨ ਤਲਵਾਰ ਨਾਲ ਮਾਰੇ ਜਾਣਗੇ।” (ਮੱਤੀ 26:52; ਲੂਕਾ 22:50, 51) ਭਾਵੇਂ ਪੁਰਾਣੇ ਜ਼ਮਾਨੇ ਵਿਚ ਇਸਰਾਏਲੀ ਲੋਕ ਤਲਵਾਰਾਂ ਚੁੱਕ ਕੇ ਆਪਣੇ ਦੇਸ਼ ਦੀ ਰਾਖੀ ਕਰਦੇ ਸਨ, ਪਰ ਯਿਸੂ ਦੇ ਸਮੇਂ ਵਿਚ ਗੱਲ ਕੁਝ ਹੋਰ ਸੀ। ਹੁਣ ਯਿਸੂ ਦੇ ਚੇਲਿਆਂ ਨੂੰ ਲੜਨ ਦੀ ਕੋਈ ਲੋੜ ਨਹੀਂ ਸੀ। ਕਿਉਂ ਨਹੀਂ? ਕਿਉਂਕਿ ਕੁਝ ਸਮੇਂ ਵਿਚ ਪਤਰਸ ਅਤੇ ਬਾਕੀ ਦੇ ਰਸੂਲਾਂ ਨੇ ਸਵਰਗ ਵਿਚ ਪਰਮੇਸ਼ੁਰ ਦੇ ਰਾਜ ਦਾ ਹਿੱਸਾ ਬਣਨਾ ਸੀ ਜੋ ਰਾਜ “ਇਸ ਜਗਤ ਤੋਂ ਨਹੀਂ” ਸੀ ਅਤੇ ਉਸ ਦੀਆਂ ਕੋਈ ਸਰਹੱਦਾਂ ਨਹੀਂ ਸਨ। (ਯੂਹੰਨਾ 18:36; ਗਲਾਤੀਆਂ 6:16; ਫ਼ਿਲਿੱਪੀਆਂ 3:20, 21) ਇਸ ਸਮੇਂ ਤੋਂ ਲੈ ਕੇ ਯਿਸੂ ਦੇ ਚੇਲਿਆਂ ਨੇ ਉਸ ਵਾਂਗ ਨਫ਼ਰਤ ਅਤੇ ਸਿਤਮ ਦਾ ਸਾਮ੍ਹਣਾ ਨਿਡਰਤਾ ਤੇ ਸ਼ਾਂਤੀ ਨਾਲ ਕਰਨਾ ਸੀ। ਉਨ੍ਹਾਂ ਨੇ ਮਾਮਲਾ ਯਹੋਵਾਹ ਦੇ ਹੱਥਾਂ ਵਿਚ ਛੱਡ ਦੇਣਾ ਸੀ ਅਤੇ ਉਸ ਤੇ ਭਰੋਸਾ ਰੱਖ ਕੇ ਸਭ ਕੁਝ ਸਹਿ ਲੈਣਾ ਸੀ।—ਲੂਕਾ 22:42.
19 ਕਈ ਸਾਲ ਬਾਅਦ ਪਤਰਸ ਨੇ ਲਿਖਿਆ: “ਮਸੀਹ ਵੀ ਤੁਹਾਡੇ ਨਮਿੱਤ ਦੁਖ ਝੱਲ ਕੇ ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ ਭਈ ਤੁਸੀਂ ਉਹ ਦੀ ਪੈੜ ਉੱਤੇ ਤੁਰੋ। . . . ਉਹ ਗਾਲੀਆਂ ਖਾ ਕੇ ਗਾਲੀ ਨਾ ਦਿੰਦਾ ਸੀ ਅਤੇ ਦੁਖ ਪਾ ਕੇ ਦਬਕਾ ਨਾ ਦਿੰਦਾ ਸੀ ਸਗੋਂ ਆਪਣੇ ਆਪ ਨੂੰ ਉਹ ਦੇ ਹੱਥ ਸੌਂਪਦਾ ਸੀ ਜਿਹੜਾ ਜਥਾਰਥ ਨਿਆਉਂ ਕਰਦਾ ਹੈ।” (1 ਪਤਰਸ 2:21-23) ਸਮੇਂ ਦੇ ਬੀਤਣ ਨਾਲ ਯਿਸੂ ਦੀ ਗੱਲ ਐਨ ਪੂਰੀ ਹੋਈ ਤੇ ਮਸੀਹੀਆਂ ਨੇ ਬਹੁਤ ਜ਼ੁਲਮ ਸਹੇ। ਜਿਵੇਂ ਪਹਿਲੀ ਸਦੀ ਦੇ ਮਸੀਹੀਆਂ ਨੇ ਵਫ਼ਾਦਾਰੀ ਨਾਲ ਸਿਤਮ ਸਹੇ ਸਨ, ਸਾਡੇ ਸਮੇਂ ਵਿਚ ਵੀ ਭੈਣਾਂ-ਭਰਾਵਾਂ ਨੇ ਯਿਸੂ ਦੀ ਨਕਲ ਕਰ ਕੇ ਦਿਖਾਇਆ ਹੈ ਕਿ ਉਹ ਵਫ਼ਾਦਾਰ ਰਹਿ ਸਕਦੇ ਹਨ। (ਪਰਕਾਸ਼ ਦੀ ਪੋਥੀ 2:9, 10) ਆਓ ਆਪਾਂ ਵੀ ਸਿਤਮ ਸਹਿ ਕੇ ਆਪਣੀ ਵਫ਼ਾਦਾਰੀ ਦਾ ਸਬੂਤ ਦੇਈਏ।—2 ਤਿਮੋਥਿਉਸ 3:12.
“ਪ੍ਰਭੁ ਯਿਸੂ ਮਸੀਹ ਨੂੰ ਪਹਿਨ ਲਓ”
20-22. ਅਸੀਂ ਯਿਸੂ ਨੂੰ ਕਿਵੇਂ ਪਹਿਨ ਸਕਦੇ ਹਾਂ?
20 ਪੌਲੁਸ ਰਸੂਲ ਨੇ ਰੋਮ ਦੀ ਕਲੀਸਿਯਾ ਨੂੰ ਲਿਖਿਆ: “ਪ੍ਰਭੁ ਯਿਸੂ ਮਸੀਹ ਨੂੰ ਪਹਿਨ ਲਓ ਅਤੇ ਸਰੀਰ ਦੇ ਵਿਸ਼ਿਆਂ ਲਈ ਕੋਈ ਤਰੱਦਦ ਨਾ ਕਰੋ।” (ਰੋਮੀਆਂ 13:14) ਇਕ ਹੋਰ ਤਰਜਮਾ ਕਹਿੰਦਾ ਹੈ: “ਪ੍ਰਭੂ ਯਿਸੂ ਨੂੰ ਆਪਣੇ ਹਥਿਆਰ ਦੇ ਤੌਰ ਤੇ ਪਾ ਲਵੋ ਅਤੇ ਸਰੀਰਕ ਵਾਸਨਾਵਾਂ ਦੀ ਤ੍ਰਿਪਤੀ ਦਾ ਧਿਆਨ ਛੱਡ ਦੇਵੋ।” ਇਸ ਦਾ ਕੀ ਮਤਲਬ ਹੈ ਕਿ ਅਸੀਂ ਯਿਸੂ ਨੂੰ ਪਹਿਨ ਲਈਏ? ਇਸ ਦਾ ਮਤਲਬ ਹੈ ਕਿ ਜਿਵੇਂ ਕੋਈ ਕੱਪੜੇ ਪਹਿਨਦਾ ਹੈ ਅਸੀਂ ਯਿਸੂ ਦੇ ਗੁਣ ਪਹਿਨ ਕੇ ਉਸ ਦੀ ਨਕਲ ਕਰੀਏ। ਜਿਸ ਹੱਦ ਤਕ ਸਾਡੇ ਤੋਂ ਹੋ ਸਕਦਾ ਹੈ ਸਾਨੂੰ ਆਪਣੇ ਮਾਲਕ ਦੇ ਅਕਸ ਬਣਨ ਦੀ ਲੋੜ ਹੈ।—1 ਥੱਸਲੁਨੀਕੀਆਂ 1:6.
21 ਅਸੀਂ ‘ਯਿਸੂ ਨੂੰ ਪਹਿਨਣ’ ਵਿਚ ਕਾਮਯਾਬ ਕਿਵੇਂ ਹੋ ਸਕਦੇ ਹਾਂ? ਸਾਨੂੰ ਚੰਗੀ ਤਰ੍ਹਾਂ ਜਾਣਨ ਦੀ ਲੋੜ ਹੈ ਕਿ ਯਿਸੂ ਨੇ ਆਪਣੀ ਜ਼ਿੰਦਗੀ ਵਿਚ ਕੀ-ਕੀ ਕੀਤਾ ਸੀ ਅਤੇ ਫਿਰ ਸਾਨੂੰ ਉਸ ਵਾਂਗ ਜੀਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਨੂੰ ਉਸ ਦੀ ਨਿਮਰਤਾ ਦੀ ਨਕਲ ਕਰਨੀ ਚਾਹੀਦੀ ਹੈ, ਉਸ ਵਾਂਗ ਭਲਾਈ ਨਾਲ ਪਿਆਰ ਤੇ ਬੁਰਾਈ ਨਾਲ ਨਫ਼ਰਤ ਕਰਨੀ ਚਾਹੀਦੀ ਹੈ। ਸਾਨੂੰ ਉਸ ਵਾਂਗ ਆਪਣੇ ਭੈਣ-ਭਾਈਆਂ ਨਾਲ ਪਿਆਰ ਕਰਨਾ ਚਾਹੀਦਾ ਹੈ ਅਤੇ ਇਸ ਦੁਨੀਆਂ ਦੇ ਨਹੀਂ ਬਣਨਾ ਚਾਹੀਦਾ। ਸਿਤਮ ਸਹਿੰਦੇ ਸਮੇਂ ਸਾਨੂੰ ਧੀਰਜ ਕਰਨਾ ਚਾਹੀਦਾ ਹੈ। ਸਾਨੂੰ ਆਪਣਾ ਪੂਰਾ ਧਿਆਨ ਰੱਬ ਵੱਲ ਲਗਾ ਕੇ “ਸਰੀਰਕ ਵਾਸਨਾਵਾਂ ਦੀ ਤ੍ਰਿਪਤੀ ਦਾ ਧਿਆਨ ਛੱਡ” ਦੇਣਾ ਚਾਹੀਦਾ ਹੈ। ਇਸ ਦਾ ਮਤਲਬ ਹੈ ਕਿ ਸਾਨੂੰ ਦੁਨੀਆਂ ਵਿਚ ਅੱਗੇ ਵਧਣ ਨੂੰ ਪਹਿਲ ਨਹੀਂ ਦੇਣੀ ਚਾਹੀਦੀ। ਇਸ ਦੀ ਬਜਾਇ ਜਦ ਸਾਨੂੰ ਕੋਈ ਫ਼ੈਸਲਾ ਕਰਨਾ ਪੈਂਦਾ ਹੈ ਜਾਂ ਸਾਡੇ ਉੱਤੇ ਕੋਈ ਮੁਸੀਬਤ ਆਉਂਦੀ ਹੈ, ਤਾਂ ਅਸੀਂ ਆਪਣੇ ਆਪ ਨੂੰ ਪੁੱਛਦੇ ਹਾਂ: ‘ਜੇ ਮੇਰੇ ਥਾਂ ਯਿਸੂ ਹੁੰਦਾ, ਤਾਂ ਉਹ ਕੀ ਕਰਦਾ? ਉਹ ਮੈਨੂੰ ਕੀ ਕਰਦੇ ਦੇਖਣਾ ਚਾਹੇਗਾ?’
22 ਅਖ਼ੀਰ ਵਿਚ ਅਸੀਂ ਪਰਮੇਸ਼ੁਰ ਦੇ “ਰਾਜ ਦੀ ਖ਼ੁਸ਼ ਖ਼ਬਰੀ ਦਾ ਪਰਚਾਰ” ਕਰ ਕੇ ਵੀ ਯਿਸੂ ਦੀ ਨਕਲ ਕਰਦੇ ਹਾਂ। (ਮੱਤੀ 4:23; 1 ਕੁਰਿੰਥੀਆਂ 15:58) ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਇਸ ਵਿਚ ਅਸੀਂ ਯਿਸੂ ਦੇ ਨਮੂਨੇ ਤੇ ਕਿਵੇਂ ਚੱਲ ਸਕਦੇ ਹਾਂ।
ਕੀ ਤੁਸੀਂ ਸਮਝਾ ਸਕਦੇ ਹੋ?
• ਇਹ ਜ਼ਰੂਰੀ ਕਿਉਂ ਹੈ ਕਿ ਅਸੀਂ ਘਮੰਡ ਨਾ ਕਰੀਏ?
• ਅਸੀਂ ਯਿਸੂ ਵਾਂਗ ਬੁਰਾਈ ਨਾਲ ਨਫ਼ਰਤ ਤੇ ਭਲਾਈ ਨਾਲ ਪਿਆਰ ਕਰਨਾ ਕਿਵੇਂ ਸਿੱਖ ਸਕਦੇ ਹਾਂ?
• ਵਿਰੋਧਤਾ ਅਤੇ ਸਿਤਮ ਦਾ ਸਾਮ੍ਹਣਾ ਕਰਦੇ ਹੋਏ ਅਸੀਂ ਯਿਸੂ ਦੀ ਨਕਲ ਕਿਵੇਂ ਕਰ ਸਕਦੇ ਹਾਂ?
• ਅਸੀਂ ਯਿਸੂ ਨੂੰ ਕਿਵੇਂ ਪਹਿਨ ਸਕਦੇ ਹਾਂ?
[ਸਫ਼ੇ 7 ਉੱਤੇ ਤਸਵੀਰ]
ਯਿਸੂ ਨੇ ਨਿਮਰਤਾ ਦਾ ਵਧੀਆ ਨਮੂਨਾ ਛੱਡਿਆ
[ਸਫ਼ੇ 8 ਉੱਤੇ ਤਸਵੀਰ]
ਸਾਡੀ ਜ਼ਿੰਦਗੀ ਦੇ ਹਰ ਪਹਿਲੂ ਵਿਚ, ਪ੍ਰਚਾਰ ਕਰਦੇ ਹੋਏ ਵੀ ਸਾਨੂੰ ਨਿਮਰਤਾ ਦੀ ਲੋੜ ਹੈ
[ਸਫ਼ੇ 9 ਉੱਤੇ ਤਸਵੀਰ]
ਸ਼ਤਾਨ ਦੇ ਧੋਖੇ ਵਿਚ ਆ ਕੇ ਅਸੀਂ ਮਾੜੇ ਮਨੋਰੰਜਨ ਨੂੰ ਸਹੀ ਸਮਝਣ ਲੱਗ ਸਕਦੇ ਹਾਂ
[ਸਫ਼ੇ 10 ਉੱਤੇ ਤਸਵੀਰ]
ਭੈਣ-ਭਰਾਵਾਂ ਦੇ ਪਿਆਰ ਦੇ ਆਸਰੇ ਅਸੀਂ ਵਿਰੋਧਤਾ ਦਾ ਸਾਮ੍ਹਣਾ ਕਰ ਸਕਾਂਗੇ