ਕਦੀ ਨਾ ਬਦਲਣ ਵਾਲੇ ਅਸੂਲ
ਹਰ ਸਮਾਜ ਦੇ ਕੁਝ ਨੈਤਿਕ ਅਸੂਲ ਹੁੰਦੇ ਹਨ। ਕੀ ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋ ਕਿ ਈਮਾਨਦਾਰੀ, ਦਇਆ, ਹਮਦਰਦੀ ਤੇ ਨਿਰਸੁਆਰਥ ਵਰਗੇ ਗੁਣਾਂ ਨੂੰ ਸਾਰੇ ਲੋਕ ਪਸੰਦ ਕਰਦੇ ਹਨ?
ਕਿਸ ਦੇ ਨੈਤਿਕ ਅਸੂਲ?
ਪਹਿਲੀ ਸਦੀ ਵਿਚ ਪੌਲੁਸ ਨਾਂ ਦਾ ਪੜ੍ਹਿਆ-ਲਿਖਿਆ ਆਦਮੀ ਅਜਿਹੇ ਸਮਾਜ ਵਿਚ ਰਿਹਾ ਜਿਸ ਵਿਚ ਯਹੂਦੀ, ਯੂਨਾਨੀ ਤੇ ਰੋਮੀ ਇਕੱਠੇ ਰਹਿੰਦੇ ਸਨ। ਇਨ੍ਹਾਂ ਤਿੰਨਾਂ ਸਮਾਜਾਂ ਦੀਆਂ ਆਪੋ-ਆਪਣੀਆਂ ਕਦਰਾਂ-ਕੀਮਤਾਂ ਸਨ। ਪੌਲੁਸ ਨੇ ਦੇਖਿਆ ਕਿ ਇਨ੍ਹਾਂ ਸਮਾਜਾਂ ਦੁਆਰਾ ਕਾਇਮ ਕੀਤੇ ਗਏ ਰੀਤੀ-ਰਿਵਾਜਾਂ ਤੇ ਨਿਯਮਾਂ ਤੋਂ ਇਲਾਵਾ, ਇਨਸਾਨ ਆਮ ਤੌਰ ਤੇ ਆਪਣੇ ਅੰਤਹਕਰਣ ਦੇ ਅਸੂਲਾਂ ਤੇ ਵੀ ਚੱਲਦਾ ਹੈ। ਮਸੀਹੀ ਬਣਨ ਤੋਂ ਬਾਅਦ ਉਸ ਨੇ ਲਿਖਿਆ: “ਜਦ ਪਰਾਈਆਂ ਕੌਮਾਂ ਜਿਹੜੀਆਂ ਸ਼ਰਾ ਹੀਨ ਹਨ ਆਪਣੇ ਸੁਭਾਉ ਤੋਂ ਸ਼ਰਾ ਦੇ ਕੰਮ ਕਰਦੀਆਂ ਹਨ ਤਾਂ ਸ਼ਰਾ ਦੇ ਨਾ ਹੁੰਦਿਆਂ ਓਹ ਆਪਣੇ ਲਈ ਆਪ ਹੀ ਸ਼ਰਾ ਹਨ। ਸੋ ਓਹ ਸ਼ਰਾ ਦਾ ਕੰਮ ਆਪਣੇ ਹਿਰਦਿਆਂ ਵਿੱਚ ਲਿਖਿਆ ਹੋਇਆ ਵਿਖਾਲਦੀਆਂ ਹਨ ਨਾਲੇ ਉਨ੍ਹਾਂ ਦਾ ਅੰਤਹਕਰਨ ਉਹ ਦੀ ਸਾਖੀ ਦਿੰਦਾ ਹੈ।”—ਰੋਮੀਆਂ 2:14, 15.
ਪਰ ਕੀ ਸਹੀ-ਗ਼ਲਤ ਦੀ ਪਛਾਣ ਕਰਨ ਲਈ “ਆਪਣੇ ਸੁਭਾਉ” ਜਾਂ ਅੰਤਹਕਰਣ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ? ਤੁਸੀਂ ਦੇਖਿਆ ਹੋਣਾ ਕਿ ਮਨੁੱਖੀ ਇਤਿਹਾਸ ਦੇ ਪੰਨੇ ਇਨਸਾਨਾਂ ਦੀਆਂ ਗ਼ਲਤੀਆਂ ਨਾਲ ਭਰੇ ਹੋਏ ਹਨ। ਇਸ ਕਰਕੇ ਬਹੁਤ ਲੋਕ ਮੰਨਦੇ ਹਨ ਕਿ ਇਨਸਾਨ ਦੇ ਅਸੂਲਾਂ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਕਈ ਕਹਿੰਦੇ ਹਨ ਕਿ ਇਨਸਾਨ ਦਾ ਸਿਰਜਣਹਾਰ ਹੀ ਸਾਨੂੰ ਉੱਚੇ-ਸੁੱਚੇ ਅਸੂਲ ਦੇ ਸਕਦਾ ਹੈ। ਡਾਕਟਰ ਕਾਰਲ ਯੁੰਗ ਨੇ ਆਪਣੀ ਕਿਤਾਬ ਦੀ ਅਨਡਿਸਕਵਰਡ ਸੈੱਲਫ ਵਿਚ ਕਿਹਾ: “ਜੋ ਇਨਸਾਨ ਰੱਬ ਨੂੰ ਨਹੀਂ ਮੰਨਦਾ ਉਹ ਦੁਨੀਆਂ ਦੀ ਮੋਹ-ਮਾਇਆ ਅਤੇ ਗੰਦ-ਮੰਦ ਵਿਚ ਸੌਖਿਆਂ ਹੀ ਫਸ ਜਾਂਦਾ ਹੈ।”
ਇਹੋ ਗੱਲ ਪੁਰਾਣੇ ਜ਼ਮਾਨੇ ਦੇ ਇਕ ਨਬੀ ਨੇ ਵੀ ਕਹੀ ਸੀ: “ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” (ਯਿਰਮਿਯਾਹ 10:23) ਸਾਡਾ ਸਿਰਜਣਹਾਰ ਕਹਿੰਦਾ ਹੈ: “ਮੈਂ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ ਅਤੇ ਤੈਨੂੰ ਉਸ ਰਾਹ ਪਾਉਂਦਾ ਹਾਂ ਜਿਸ ਰਾਹ ਤੈਂ ਜਾਣਾ ਹੈ।”—ਯਸਾਯਾਹ 48:17.
ਚੰਗੇ ਅਸੂਲਾਂ ਦਾ ਸਹੀ ਸੋਮਾ
ਉੱਪਰ ਦਿੱਤੇ ਗਏ ਹਵਾਲੇ ਉਸ ਕਿਤਾਬ ਵਿਚ ਪਾਏ ਜਾਂਦੇ ਹਨ ਜੋ ਨੈਤਿਕ ਅਸੂਲਾਂ ਦਾ ਸੋਮਾ ਹੈ। ਇਹ ਕਿਤਾਬ ਹੈ ਪਵਿੱਤਰ ਬਾਈਬਲ। ਦੁਨੀਆਂ ਭਰ ਵਿਚ ਲੱਖਾਂ ਲੋਕ, ਇੱਥੋਂ ਤਕ ਕਿ ਗ਼ੈਰ-ਈਸਾਈ ਤੇ ਨਾਸਤਿਕ ਵੀ ਸਿਆਣਪ ਤੇ ਬੁੱਧ ਪਾਉਣ ਲਈ ਬਾਈਬਲ ਪੜ੍ਹਦੇ ਹਨ। ਜਰਮਨ ਕਵੀ ਯੋਹਾਨ ਵੌਲਫ਼ਗਾਂਗ ਵੌਨ ਗਅਟੇ ਨੇ ਲਿਖਿਆ ਸੀ: “ਮੈਨੂੰ [ਬਾਈਬਲ] ਪੜ੍ਹਨੀ ਬਹੁਤ ਪਸੰਦ ਹੈ ਅਤੇ ਮੈਂ ਇਸ ਪ੍ਰਤੀ ਗਹਿਰੀ ਸ਼ਰਧਾ ਰੱਖਦਾ ਹਾਂ ਕਿਉਂਕਿ ਮੈਂ ਸਾਰੇ ਨੈਤਿਕ ਅਸੂਲ ਇਸ ਵਿੱਚੋਂ ਹੀ ਸਿੱਖੇ ਹਨ।” ਕਿਹਾ ਜਾਂਦਾ ਹੈ ਕਿ ਮੋਹਨਦਾਸ ਗਾਂਧੀ ਨੇ ਇਕ ਵਾਰ ਕਿਹਾ ਸੀ: “ਪਹਾੜੀ ਉਪਦੇਸ਼ [ਬਾਈਬਲ ਵਿਚ ਦਿੱਤੀਆਂ ਯਿਸੂ ਦੀਆਂ ਕੁਝ ਸਿੱਖਿਆਵਾਂ] ਦੇ ਚਸ਼ਮੇ ਵਿੱਚੋਂ ਬੁੱਕ ਭਰ-ਭਰ ਕੇ ਪੀਓ। . . . ਕਿਉਂਕਿ ਇਹ ਉਪਦੇਸ਼ ਸਾਡੇ ਸਾਰਿਆਂ ਦੇ ਫ਼ਾਇਦੇ ਲਈ ਦਿੱਤਾ ਗਿਆ ਸੀ।”
ਪੌਲੁਸ ਰਸੂਲ ਨੇ ਦੱਸਿਆ ਕਿ ਬਾਈਬਲ ਪੱਕੇ ਅਸੂਲਾਂ ਦਾ ਮਹੱਤਵਪੂਰਣ ਸੋਮਾ ਹੈ। ਉਸ ਨੇ ਲਿਖਿਆ: ‘ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ ਲਈ ਗੁਣਕਾਰ ਹੈ।’ (2 ਤਿਮੋਥਿਉਸ 3:16) ਕੀ ਇਹ ਸੱਚ ਹੈ?
ਕਿਉਂ ਨਾ ਤੁਸੀਂ ਖ਼ੁਦ ਪਰਖ ਕੇ ਦੇਖੋ? ਅਗਲੇ ਸਫ਼ੇ ਉੱਤੇ ਦਿੱਤੇ ਕੁਝ ਅਸੂਲਾਂ ਤੇ ਗੌਰ ਕਰੋ। ਦੇਖੋ ਕਿ ਇਹ ਅਸੂਲ ਕਿਵੇਂ ਤੁਹਾਡੀ ਜ਼ਿੰਦਗੀ ਨੂੰ ਅਤੇ ਦੂਸਰਿਆਂ ਨਾਲ ਤੁਹਾਡੇ ਰਿਸ਼ਤੇ ਨੂੰ ਸੁਧਾਰ ਸਕਦੇ ਹਨ।
ਕੀ ਤੁਸੀਂ ਫ਼ਾਇਦਾ ਉਠਾਓਗੇ?
ਚੰਗੇ ਅਸੂਲਾਂ ਦੀ ਇਸ ਸੂਚੀ ਤੋਂ ਇਲਾਵਾ ਬਾਈਬਲ ਵਿਚ ਸਾਨੂੰ ਮਾੜੀ ਸੋਚ, ਬੋਲੀ ਤੇ ਕੰਮਾਂ ਤੋਂ ਵੀ ਖ਼ਬਰਦਾਰ ਕੀਤਾ ਗਿਆ ਹੈ ਜੋ ਸਾਡੀ ਜ਼ਿੰਦਗੀ ਖ਼ਰਾਬ ਕਰ ਸਕਦੇ ਹਨ।—ਕਹਾਉਤਾਂ 6:16-19.
ਜੀ ਹਾਂ, ਬਾਈਬਲ ਦੀਆਂ ਸਿੱਖਿਆਵਾਂ ਦੀ ਮਦਦ ਨਾਲ ਇਨਸਾਨ ਉੱਚੇ ਨੈਤਿਕ ਅਸੂਲਾਂ ਤੇ ਚੱਲ ਸਕਦਾ ਹੈ। ਜੋ ਲੋਕ ਇਨ੍ਹਾਂ ਸਿੱਖਿਆਵਾਂ ਉੱਤੇ ਚੱਲਦੇ ਹਨ, ਉਨ੍ਹਾਂ ਦੀ ਜ਼ਿੰਦਗੀ ਵਿਚ ਬਹੁਤ ਸੁਧਾਰ ਆਉਂਦਾ ਹੈ। ਉਨ੍ਹਾਂ ਦੀ ਸੋਚ ਸਾਫ਼-ਸੁਥਰੀ ਬਣ ਜਾਂਦੀ ਹੈ। (ਅਫ਼ਸੀਆਂ 4:23, 24) ਉਨ੍ਹਾਂ ਦੇ ਇਰਾਦੇ ਨੇਕ ਬਣ ਜਾਂਦੇ ਹਨ। ਬਾਈਬਲ ਵਿੱਚੋਂ ਪਰਮੇਸ਼ੁਰ ਦੇ ਅਸੂਲ ਸਿੱਖ ਕੇ ਬਹੁਤ ਸਾਰੇ ਲੋਕ ਆਪਣੇ ਦਿਲਾਂ ਵਿੱਚੋਂ ਜਾਤ-ਪਾਤ, ਪੱਖਪਾਤ ਤੇ ਨਫ਼ਰਤ ਨੂੰ ਜੜ੍ਹੋਂ ਪੁੱਟ ਸਕੇ ਹਨ। (ਇਬਰਾਨੀਆਂ 4:12) ਇਨ੍ਹਾਂ ਅਸੂਲਾਂ ਨੇ ਲੋਕਾਂ ਨੂੰ ਹਿੰਸਾ ਤੇ ਬੁਰਾਈ ਨੂੰ ਤਿਆਗ ਕੇ ਨੇਕ ਇਨਸਾਨ ਬਣਨ ਲਈ ਪ੍ਰੇਰਿਆ ਹੈ।
ਜੀ ਹਾਂ, ਬਾਈਬਲ ਦੇ ਅਸੂਲਾਂ ਉੱਤੇ ਚੱਲ ਕੇ ਲੱਖਾਂ ਲੋਕਾਂ ਨੇ ਜ਼ਿੰਦਗੀ ਨੂੰ ਬਰਬਾਦ ਕਰ ਦੇਣ ਵਾਲੀਆਂ ਆਦਤਾਂ ਅਤੇ ਕੰਮਾਂ ਨੂੰ ਛੱਡਿਆ ਹੈ। (1 ਕੁਰਿੰਥੀਆਂ 6:9-11) ਬਾਈਬਲ ਦੀਆਂ ਸਿੱਖਿਆਵਾਂ ਨਾਲ ਸਿਰਫ਼ ਲੋਕਾਂ ਦੀਆਂ ਆਦਤਾਂ ਹੀ ਨਹੀਂ ਬਦਲੀਆਂ, ਸਗੋਂ ਉਨ੍ਹਾਂ ਦੇ ਸੋਚ, ਆਸਾਂ ਤੇ ਪਰਿਵਾਰ ਵਿਚ ਵੀ ਸੁਧਾਰ ਆਇਆ ਹੈ। ਦੁਨੀਆਂ ਭਾਵੇਂ ਜਿੰਨੀ ਮਰਜ਼ੀ ਖ਼ਰਾਬ ਹੋਈ ਜਾਵੇ, ਪਰ ਦੁਨੀਆਂ ਭਰ ਵਿਚ ਕਈ ਲੋਕ ਆਪਣੀਆਂ ਜ਼ਿੰਦਗੀਆਂ ਨੂੰ ਸੁਧਾਰ ਰਹੇ ਹਨ। “ਘਾਹ ਸੁੱਕ ਜਾਂਦਾ ਅਤੇ ਫੁੱਲ ਕੁਮਲਾ ਜਾਂਦਾ ਹੈ, ਪਰ ਸਾਡੇ ਪਰਮੇਸ਼ੁਰ ਦਾ ਬਚਨ ਸਦਾ ਤੀਕ ਕਾਇਮ ਰਹੇਗਾ।”—ਯਸਾਯਾਹ 40:8.
ਪਰ ਕੀ ਤੁਸੀਂ ‘ਪਰਮੇਸ਼ੁਰ ਦੇ ਬਚਨ’ ਤੋਂ ਨਿੱਜੀ ਤੌਰ ਤੇ ਫ਼ਾਇਦਾ ਉਠਾਓਗੇ? ਬਾਈਬਲ ਦੇ ਅਸੂਲਾਂ ਤੋਂ ਫ਼ਾਇਦਾ ਲੈਣ ਵਿਚ ਯਹੋਵਾਹ ਦੇ ਗਵਾਹ ਤੁਹਾਡੀ ਮਦਦ ਕਰ ਸਕਦੇ ਹਨ। ਇਨ੍ਹਾਂ ਅਸੂਲਾਂ ਤੇ ਚੱਲਣ ਨਾਲ ਹੁਣ ਪਰਮੇਸ਼ੁਰ ਦੀ ਮਿਹਰ ਸਾਡੇ ਉੱਤੇ ਹੋਵੇਗੀ ਅਤੇ ਅਸੀਂ ਰੱਬੀ ਅਸੂਲਾਂ ਤੇ ਚੱਲਦੇ ਹੋਏ ਹਮੇਸ਼ਾ-ਹਮੇਸ਼ਾ ਲਈ ਜੀਉਂਦੇ ਰਹਾਂਗੇ।
[ਸਫ਼ੇ 6, 7 ਉੱਤੇ ਡੱਬੀ/ਤਸਵੀਰਾਂ]
ਪੱਕੇ ਅਸੂਲ
ਸੁਨਹਿਰਾ ਅਸੂਲ। “ਸੋ ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ ਕਿਉਂ ਜੋ ਤੁਰੇਤ ਅਤੇ ਨਬੀਆਂ ਦਾ ਇਹੋ ਮਤਲਬ ਹੈ।”—ਮੱਤੀ 7:12.
ਆਪਣੇ ਗੁਆਂਢੀ ਨਾਲ ਪਿਆਰ ਕਰੋ। ‘ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ।’ (ਮੱਤੀ 22:39) “ਪਿਆਰ ਗੁਆਂਢੀ ਦਾ ਕੁਝ ਬੁਰਾ ਨਹੀਂ ਕਰਦਾ, ਇਸ ਕਰਕੇ ਪਿਆਰ ਸ਼ਰਾ ਦਾ ਪੂਰਾ ਕਰਨਾ ਹੈ।”—ਰੋਮੀਆਂ 13:10.
ਦੂਸਰਿਆਂ ਦਾ ਆਦਰ-ਸਤਿਕਾਰ ਕਰੋ। “ਭਰੱਪਣ ਦੇ ਪ੍ਰੇਮ ਵਿੱਚ ਇੱਕ ਦੂਏ ਨਾਲ ਗੂੜ੍ਹਾ ਹਿਤ ਰੱਖੋ, ਆਦਰ ਵਿੱਚ ਦੂਏ ਨੂੰ ਚੰਗਾ ਸਮਝੋ।”—ਰੋਮੀਆਂ 12:10.
ਸ਼ਾਂਤੀ ਬਣਾਈ ਰੱਖੋ। “ਇੱਕ ਦੂਏ ਨਾਲ ਮਿਲੇ ਰਹੋ।” (ਮਰਕੁਸ 9:50) “ਜੇ ਹੋ ਸੱਕੇ ਤਾਂ ਆਪਣੀ ਵਾਹ ਲੱਗਦਿਆਂ ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ।” (ਰੋਮੀਆਂ 12:18) “ਸੋ ਚੱਲੋ ਅਸੀਂ ਓਹਨਾਂ ਗੱਲਾਂ ਦਾ ਪਿੱਛਾ ਕਰੀਏ ਜਿਨ੍ਹਾਂ ਤੋਂ ਮਿਲਾਪ . . . ਹੋਵੇ।”—ਰੋਮੀਆਂ 14:19.
ਦੂਜਿਆਂ ਨੂੰ ਮਾਫ਼ ਕਰੋ। “ਸਾਡੇ ਕਰਜ਼ ਸਾਨੂੰ ਮਾਫ਼ ਕਰ, ਜਿਵੇਂ ਅਸਾਂ ਵੀ ਆਪਣੇ ਕਰਜਾਈਆਂ ਨੂੰ ਮਾਫ਼ ਕੀਤਾ ਹੈ।” (ਮੱਤੀ 6:12) “ਤੁਸੀਂ ਇੱਕ ਦੂਏ ਉੱਤੇ ਕਿਰਪਾਵਾਨ ਅਤੇ ਤਰਸਵਾਨ ਹੋਵੋ ਅਤੇ ਇੱਕ ਦੂਏ ਨੂੰ ਮਾਫ਼ ਕਰੋ।”—ਅਫ਼ਸੀਆਂ 4:32.
ਵਫ਼ਾਦਾਰ ਰਹੋ। ‘ਤੂੰ ਕੇਵਲ ਆਪਣੀ ਪਤਨੀ ਦਾ ਹੀ ਵਫਾਦਾਰ ਰਹਿ ਅਤੇ ਉਸੇ ਨੂੰ ਹੀ ਪਿਆਰ ਕਰ। ਤੇਰਾ ਪਿਆਰ ਮਸੀਸਤ ਹੋਵੇ ਅਤੇ ਤੂੰ ਆਪਣੀ ਜਵਾਨੀ ਵਿਚ ਵਿਆਹੀ ਪਤਨੀ ਨਾਲ ਆਨੰਦ ਮਾਣ। ਉਸ ਦੀ ਸੁੰਦਰਤਾ ਤੋਂ ਤੈਨੂੰ ਸਦਾ ਖੁਸ਼ੀ ਮਿਲੇ ਅਤੇ ਉਸ ਦੇ ਪਿਆਰ ਵਿਚ ਹਮੇਸ਼ਾਂ ਡੁੱਬਾ ਰਹੇ। ਆਖਰ ਤੂੰ ਪਰਾਈ ਔਰਤ ਨੂੰ ਕਿਉਂ ਪਿਆਰ ਕਰੇਂ? ਤੂੰ ਕਿਉਂ ਉਸ ਦੀ ਸੁੰਦਰਤਾ ਤੇ ਮਰ ਮਿੱਟੇ?’ (ਕਹਾਉਤਾਂ 5:15-20, ਪਵਿੱਤਰ ਬਾਈਬਲ ਨਵਾਂ ਅਨੁਵਾਦ) “ਜੋ ਥੋੜੇ ਤੋਂ ਥੋੜੇ ਵਿੱਚ ਦਿਆਨਤਦਾਰ ਹੈ ਸੋ ਬਹੁਤ ਵਿੱਚ ਵੀ ਦਿਆਨਤਦਾਰ ਹੈ, ਅਤੇ ਜੋ ਥੋੜੇ ਤੋਂ ਥੋੜੇ ਵਿੱਚ ਬੇਈਮਾਨ ਹੈ ਸੋ ਬਹੁਤ ਵਿੱਚ ਵੀ ਬੇਈਮਾਨ ਹੈ।” (ਲੂਕਾ 16:10) “ਉਸ ਵਿਅਕਤੀ ਨੂੰ, ਜਿਸ ਉੱਤੇ ਕਿਸੇ ਕੰਮ ਦਾ ਭਰੋਸਾ ਕੀਤਾ ਜਾਂਦਾ ਹੈ ਉਸਨੂੰ, ਸਾਬਿਤ ਕਰਨਾ ਚਾਹੀਦਾ ਹੈ ਕਿ ਉਹ ਉਸ ਭਰੋਸੇ ਦੇ ਯੋਗ ਹੈ।”—1 ਕੁਰਿੰਥੀਆਂ 4:2, ਈਜ਼ੀ ਟੂ ਰੀਡ ਵਰਯਨ।
ਈਮਾਨਦਾਰ ਬਣੋ। “ਭਲਾ, ਮੈਂ ਪਾਕ ਠਹਿਰ ਸੱਕਦਾ, ਜਦ ਮੇਰੇ ਕੋਲ ਕਾਣੀ ਡੰਡੀ, ਅਤੇ ਮੇਰੀ ਥੈਲੀ ਵਿੱਚ ਖੋਟੇ ਵੱਟੇ ਹਨ?” (ਮੀਕਾਹ 6:11) “ਸਾਨੂੰ ਨਿਹਚਾ ਹੈ ਭਈ ਸਾਡਾ ਅੰਤਹਕਰਨ ਸ਼ੁੱਧ ਹੈ ਅਤੇ ਅਸੀਂ ਸਾਰੀਆਂ ਗੱਲਾਂ ਵਿੱਚ ਨੇਕੀ ਨਾਲ ਉਮਰ ਬਤੀਤ ਕਰਨੀ ਚਾਹੁੰਦੇ ਹਾਂ।”—ਇਬਰਾਨੀਆਂ 13:18.
ਸੱਚ ਬੋਲੋ, ਪੱਖਪਾਤ ਨਾ ਕਰੋ। “ਬਦੀ ਤੋਂ ਘਿਣ ਕਰੋ, ਨੇਕੀ ਨੂੰ ਪਿਆਰ ਕਰੋ, ਫਾਟਕ ਵਿੱਚ ਇਨਸਾਫ਼ ਕਾਇਮ ਕਰੋ।” (ਆਮੋਸ 5:15) “ਤੁਹਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ ਨਾਲ ਸੱਚ ਬੋਲੇ, ਤੁਸੀਂ ਆਪਣੇ ਫਾਟਕਾਂ ਵਿੱਚ ਸਚਿਆਈ ਅਤੇ ਸ਼ਾਂਤੀ ਦਾ ਨਿਆਉਂ ਕਰੋ।” (ਜ਼ਕਰਯਾਹ 8:16) “ਤੁਸੀਂ ਝੂਠ ਨੂੰ ਤਿਆਗ ਕੇ ਹਰੇਕ ਆਪਣੇ ਗੁਆਂਢੀ ਨਾਲ ਸੱਚ ਬੋਲੋ।”—ਅਫ਼ਸੀਆਂ 4:25.
ਮਿਹਨਤੀ ਬਣੋ। “ਤੂੰ ਕਿਸੇ ਨੂੰ ਉਹ ਦੇ ਕੰਮ ਵਿੱਚ ਚਾਤਰ ਵੇਖਦਾ ਹੈਂ? ਉਹ ਪਾਤਸ਼ਾਹਾਂ ਦੇ ਸਨਮੁਖ ਖਲੋਵੇਗਾ।” (ਕਹਾਉਤਾਂ 22:29) “ਮਿਹਨਤ ਵਿੱਚ ਢਿੱਲੇ ਨਾ ਹੋਵੋ।” (ਰੋਮੀਆਂ 12:11) “ਜੋ ਕੁਝ ਤੁਸੀਂ ਕਰੋ ਸੋ ਚਿੱਤ ਲਾ ਕੇ ਪ੍ਰਭੁ ਦੇ ਲਈ ਕਰੋ, ਨਾ ਮਨੁੱਖਾਂ ਦੇ ਲਈ।”—ਕੁਲੁੱਸੀਆਂ 3:23.
ਨਿਮਰ, ਹਮਦਰਦ ਤੇ ਦਿਆਲੂ ਬਣੋ। ‘ਤੁਸੀਂ ਰਹਿਮ ਦਿਲੀ, ਦਿਆਲਗੀ, ਅਧੀਨਗੀ, ਨਰਮਾਈ ਅਤੇ ਧੀਰਜ ਨੂੰ ਪਹਿਨ ਲਓ।’—ਕੁਲੁੱਸੀਆਂ 3:12.
ਭਲਾਈ ਨਾਲ ਬੁਰਾਈ ਨੂੰ ਜਿੱਤੋ। “ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਜੋ ਤੁਹਾਨੂੰ ਸਤਾਉਣ ਉਨ੍ਹਾਂ ਲਈ ਪ੍ਰਾਰਥਨਾ ਕਰੋ।” (ਮੱਤੀ 5:44) “ਬੁਰਿਆਈ ਤੋਂ ਨਾ ਹਾਰ ਸਗੋਂ ਭਲਿਆਈ ਨਾਲ ਬੁਰਿਆਈ ਨੂੰ ਜਿੱਤ ਲੈ।”—ਰੋਮੀਆਂ 12:21.
ਪੂਰੇ ਦਿਲ ਨਾਲ ਪਰਮੇਸ਼ੁਰ ਦੀ ਭਗਤੀ ਕਰੋ। “ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ। ਵੱਡਾ ਅਤੇ ਪਹਿਲਾ ਹੁਕਮ ਇਹੋ ਹੈ।”—ਮੱਤੀ 22:37, 38.
[ਤਸਵੀਰਾਂ]
ਬਾਈਬਲ ਦੇ ਅਸੂਲਾਂ ਤੇ ਚੱਲਣ ਨਾਲ ਪਤੀ-ਪਤਨੀ ਦਾ ਆਪਸੀ ਰਿਸ਼ਤਾ ਮਜ਼ਬੂਤ ਹੁੰਦਾ ਹੈ, ਪਰਿਵਾਰ ਸੁਖੀ ਬਣਦਾ ਹੈ ਅਤੇ ਚੰਗੇ ਦੋਸਤ ਬਣਦੇ ਹਨ