“ਹੇ ਯਹੋਵਾਹ, ਮੈਨੂੰ ਪਰਖ”
ਯਹੋਵਾਹ “ਮਨਾਂ ਦਾ ਪਰਖਣ ਵਾਲਾ” ਹੈ। (ਕਹਾਉਤਾਂ 17:3) ਇਹ ਜਾਣ ਕੇ ਸਾਨੂੰ ਬਹੁਤ ਹੌਸਲਾ ਮਿਲਣਾ ਚਾਹੀਦਾ ਹੈ। ਕਿਉਂ? ਕਿਉਂਕਿ ਸਾਡਾ ਸਵਰਗੀ ਪਿਤਾ ਯਹੋਵਾਹ ਇਨਸਾਨਾਂ ਵਾਂਗ ਬਾਹਰੀ ਰੂਪ ਦੇਖ ਕੇ ਸਾਨੂੰ ਨਹੀਂ ਪਰਖਦਾ। ਇਸ ਦੀ ਬਜਾਇ ਉਹ “ਰਿਦੇ ਨੂੰ ਵੇਖਦਾ ਹੈ।”—1 ਸਮੂਏਲ 16:7.
ਅਸੀਂ ਸ਼ਾਇਦ ਆਪਣੇ ਆਪ ਤੋਂ ਵੀ ਸੱਚਾਈ ਛੁਪਾਉਣ ਦੀ ਕੋਸ਼ਿਸ਼ ਕਰੀਏ ਕਿ ਅਸੀਂ ਅਸਲ ਵਿਚ ਕਿਹੋ ਜਿਹੇ ਇਨਸਾਨ ਹਾਂ। ਅਸੀਂ ਖ਼ੁਦ ਆਪਣੇ ਦਿਲ ਦੀਆਂ ਗਹਿਰਾਈਆਂ ਵਿਚ ਛੁਪੇ ਹੋਏ ਇਰਾਦਿਆਂ ਅਤੇ ਭਾਵਨਾਵਾਂ ਨੂੰ ਪੂਰੀ ਈਮਾਨਦਾਰੀ ਨਾਲ ਨਹੀਂ ਜਾਂਚ ਸਕਦੇ। ਕਿਉਂ ਨਹੀਂ? ਕਿਉਂਕਿ ਸਾਡਾ “ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ, ਉਹ ਨੂੰ ਕੌਣ ਜਾਣ ਸੱਕਦਾ ਹੈ?” ਅਸੀਂ ਭਾਵੇਂ ਆਪਣੇ ਦਿਲ ਨੂੰ ਨਹੀਂ ਜਾਣ ਸਕਦੇ, ਪਰ ਪਰਮੇਸ਼ੁਰ ਜਾਣਦਾ ਹੈ ਕਿਉਂਕਿ ਉਹ ਕਹਿੰਦਾ ਹੈ: “ਮੈਂ ਯਹੋਵਾਹ ਦਿਲ ਨੂੰ ਜੋਹੰਦਾ ਹਾਂ, ਅਤੇ ਗੁਰਦਿਆਂ ਨੂੰ ਪਰਤਾਉਂਦਾ ਹਾਂ।” (ਯਿਰਮਿਯਾਹ 17:9, 10) ਸਿਰਫ਼ ਯਹੋਵਾਹ ਹੀ ਸਾਡੇ “ਦਿਲ” ਦੇ ਇਰਾਦਿਆਂ ਅਤੇ “ਗੁਰਦਿਆਂ” ਯਾਨੀ ਸਾਡੀਆਂ ਡੂੰਘੀਆਂ ਸੋਚਾਂ ਅਤੇ ਭਾਵਨਾਵਾਂ ਨੂੰ ਸਮਝ ਸਕਦਾ ਹੈ।
ਅਸੀਂ ਪਰਖੇ ਕਿਉਂ ਜਾਂਦੇ ਹਾਂ?
ਇਸੇ ਕਰਕੇ ਦਾਊਦ ਬਾਦਸ਼ਾਹ ਨੇ ਪਰਮੇਸ਼ੁਰ ਨੂੰ ਕਿਹਾ ਸੀ: “ਹੇ ਯਹੋਵਾਹ, ਮੈਨੂੰ ਪਰਖ ਅਤੇ ਮੈਨੂੰ ਪਰਤਾ, ਮੇਰੇ ਗੁਰਦੇ ਅਤੇ ਮੇਰੇ ਦਿਲ ਨੂੰ ਜਾਚ।” (ਜ਼ਬੂਰਾਂ ਦੀ ਪੋਥੀ 26:2) ਕੀ ਦਾਊਦ ਆਪਣੀ ਬੋਲ-ਚਾਲ ਅਤੇ ਆਪਣੇ ਕੰਮਾਂ ਪੱਖੋਂ ਇੰਨਾ ਪਾਕ ਸੀ ਕਿ ਉਸ ਨੂੰ ਯਹੋਵਾਹ ਦੁਆਰਾ ਪਰਖੇ ਜਾਣ ਦਾ ਕੋਈ ਡਰ ਨਹੀਂ ਸੀ? ਬਿਲਕੁਲ ਨਹੀਂ! ਦਾਊਦ ਵੀ ਬਾਕੀ ਇਨਸਾਨਾਂ ਵਾਂਗ ਗ਼ਲਤੀਆਂ ਦਾ ਪੁਤਲਾ ਸੀ ਜਿਸ ਕਰਕੇ ਉਹ ਵੀ ਯਹੋਵਾਹ ਦੇ ਮਿਆਰਾਂ ਉੱਤੇ ਪੂਰਾ ਨਹੀਂ ਉਤਰ ਸਕਦਾ ਸੀ। ਨਾਮੁਕੰਮਲ ਹੋਣ ਕਰਕੇ ਉਸ ਨੇ ਕਈ ਗੰਭੀਰ ਗ਼ਲਤੀਆਂ ਕੀਤੀਆਂ ਸਨ, ਪਰ ਫਿਰ ਵੀ ਉਹ ‘ਮਨ ਦੀ ਸਚਿਆਈ ਨਾਲ ਚੱਲਦਾ ਰਿਹਾ।’ (1 ਰਾਜਿਆਂ 9:4) ਕਿਵੇਂ? ਉਸ ਨੇ ਤਾੜਨਾ ਕਬੂਲ ਕੀਤੀ ਤੇ ਆਪਣੇ ਆਪ ਨੂੰ ਸੁਧਾਰਿਆ। ਇਸ ਤਰ੍ਹਾਂ ਕਰ ਕੇ ਉਸ ਨੇ ਦਿਖਾਇਆ ਕਿ ਉਹ ਪੂਰੇ ਦਿਲ ਨਾਲ ਯਹੋਵਾਹ ਦੀ ਭਗਤੀ ਕਰਦਾ ਸੀ ਅਤੇ ਉਸ ਨੂੰ ਪਿਆਰ ਕਰਦਾ ਸੀ।
ਸਾਡੇ ਬਾਰੇ ਕੀ? ਕੀ ਅਸੀਂ ਵੀ ਯਹੋਵਾਹ ਨੂੰ ਪੂਰੇ ਦਿਲ ਨਾਲ ਪਿਆਰ ਕਰਦੇ ਹਾਂ? ਉਹ ਜਾਣਦਾ ਹੈ ਕਿ ਅਸੀਂ ਪਾਪੀ ਹਾਂ ਤੇ ਸਾਡੇ ਤੋਂ ਆਪਣੀ ਕਹਿਣੀ ਤੇ ਕਰਨੀ ਵਿਚ ਗ਼ਲਤੀਆਂ ਹੋ ਸਕਦੀਆਂ ਹਨ। ਯਹੋਵਾਹ ਇਹ ਵੀ ਜਾਣ ਸਕਦਾ ਹੈ ਕਿ ਅਸੀਂ ਅਗਾਹਾਂ ਨੂੰ ਕੀ ਕਰਾਂਗੇ, ਪਰ ਉਹ ਇਸ ਯੋਗਤਾ ਨੂੰ ਸਾਡਾ ਭਵਿੱਖ ਤੈਅ ਕਰਨ ਲਈ ਇਸਤੇਮਾਲ ਨਹੀਂ ਕਰਦਾ। ਇਸ ਦੀ ਬਜਾਇ ਉਸ ਨੇ ਸਾਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਬਖ਼ਸ਼ੀ ਹੈ ਤੇ ਉਹ ਸਾਡੇ ਉੱਤੇ ਆਪਣੀ ਮਰਜ਼ੀ ਨਹੀਂ ਥੋਪਦਾ।
ਫਿਰ ਵੀ ਕੁਝ ਗੱਲਾਂ ਵਿਚ ਯਹੋਵਾਹ ਸਾਡੇ ਦਿਲ ਦੇ ਇਰਾਦਿਆਂ ਨੂੰ ਪਰਖਦਾ ਹੈ। ਉਹ ਸਾਨੂੰ ਆਪਣੇ ਦਿਲ ਦੀ ਹਾਲਤ ਜ਼ਾਹਰ ਕਰਨ ਦੇ ਮੌਕੇ ਦਿੰਦਾ ਹੈ। ਇਹ ਦੇਖਣ ਲਈ ਕਿ ਅਸੀਂ ਅੰਦਰੋਂ ਕਿਸ ਤਰ੍ਹਾਂ ਦੇ ਇਨਸਾਨ ਹਾਂ, ਉਹ ਸਾਨੂੰ ਸ਼ਾਇਦ ਵੱਖੋ-ਵੱਖਰੀਆਂ ਮੁਸੀਬਤਾਂ ਦਾ ਸਾਮ੍ਹਣਾ ਵੀ ਕਰਨ ਦੇਵੇ। ਇਨ੍ਹਾਂ ਹਾਲਾਤਾਂ ਵਿਚ ਸਾਨੂੰ ਇਹ ਦਿਖਾਉਣ ਦਾ ਮੌਕਾ ਮਿਲਦਾ ਹੈ ਕਿ ਅਸੀਂ ਪੂਰੇ ਦਿਲ ਨਾਲ ਯਹੋਵਾਹ ਦੀ ਭਗਤੀ ਕਰਦੇ ਹਾਂ ਅਤੇ ਉਸ ਨੂੰ ਪਿਆਰ ਕਰਦੇ ਹਾਂ। ਜਦ ਸਾਡੀ ਨਿਹਚਾ ਪਰਖੀ ਜਾਂਦੀ ਹੈ, ਤਾਂ ਇਹ ਹੋਰ ਵੀ ਮਜ਼ਬੂਤ ਹੁੰਦੀ ਹੈ। ਇਨ੍ਹਾਂ ਪਰੀਖਿਆਵਾਂ ਦਾ ਸਾਮ੍ਹਣਾ ਕਰ ਕੇ ਅਸੀਂ ਦਿਖਾ ਸਕਦੇ ਹਾਂ ਕਿ ‘ਅਸੀਂ ਸਿੱਧ ਅਤੇ ਸੰਪੂਰਨ ਹਾਂ ਅਤੇ ਸਾਨੂੰ ਕਿਸੇ ਗੱਲ ਦਾ ਘਾਟਾ ਨਹੀਂ ਹੈ।’—ਯਾਕੂਬ 1:2-4.
ਅਬਰਾਹਾਮ ਦੀ ਪਰਖੀ ਗਈ ਨਿਹਚਾ
ਇਹ ਕੋਈ ਨਵੀਂ ਗੱਲ ਨਹੀਂ ਕਿ ਯਹੋਵਾਹ ਦੇ ਸੇਵਕਾਂ ਦੀ ਨਿਹਚਾ ਪਰਖੀ ਜਾਂਦੀ ਹੈ। ਜ਼ਰਾ ਅਬਰਾਹਾਮ ਦੀ ਉਦਾਹਰਣ ਤੇ ਗੌਰ ਕਰੋ। ਉਤਪਤ 22:1 ਵਿਚ ਲਿਖਿਆ ਹੈ ਕਿ “ਪਰਮੇਸ਼ੁਰ ਨੇ ਅਬਰਾਹਾਮ ਨੂੰ ਪਰਤਾਇਆ।” ਇਸ ਪਰੀਖਿਆ ਤੋਂ ਕਾਫ਼ੀ ਚਿਰ ਪਹਿਲਾਂ ਵੀ ਅਬਰਾਹਾਮ ਦੀ ਨਿਹਚਾ ਪਰਖੀ ਗਈ ਸੀ। ਉਸ ਸਮੇਂ ਯਹੋਵਾਹ ਨੇ ਅਬਰਾਹਾਮ ਨੂੰ ਕਿਹਾ ਸੀ ਕਿ ਉਹ ਆਪਣੇ ਟੱਬਰ ਸਣੇ ਊਰ ਨਾਂ ਦੇ ਖ਼ੁਸ਼ਹਾਲ ਸ਼ਹਿਰ ਤੋਂ ਇਕ ਅਣਜਾਣ ਦੇਸ਼ ਨੂੰ ਤੁਰ ਪਵੇ। (ਉਤਪਤ 11:31; ਰਸੂਲਾਂ ਦੇ ਕਰਤੱਬ 7:2-4) ਸੰਭਵ ਹੈ ਕਿ ਊਰ ਸ਼ਹਿਰ ਵਿਚ ਅਬਰਾਹਾਮ ਦਾ ਘਰ-ਬਾਰ ਸਭ ਕੁਝ ਸੀ, ਪਰ ਕਨਾਨ ਵਿਚ ਉਹ ਤਕਰੀਬਨ ਸੌ ਸਾਲਾਂ ਲਈ ਤੰਬੂਆਂ ਵਿਚ ਹੀ ਰਿਹਾ। (ਇਬਰਾਨੀਆਂ 11:9) ਕੋਈ ਪੱਕਾ ਟਿਕਾਣਾ ਨਾ ਹੋਣ ਕਰਕੇ ਅਬਰਾਹਾਮ ਤੇ ਉਸ ਦੇ ਟੱਬਰ ਨੂੰ ਡਾਕੂਆਂ ਤੇ ਗੁੰਡਿਆਂ ਦੀਆਂ ਟੋਲੀਆਂ ਤੋਂ ਖ਼ਤਰਾ ਰਹਿੰਦਾ ਸੀ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਸੋਕੇ ਤੇ ਮੂਰਤੀ-ਪੂਜਕ ਹਾਕਮਾਂ ਦਾ ਵੀ ਸਾਮ੍ਹਣਾ ਕਰਨਾ ਪਿਆ ਸੀ। ਇਸ ਸਾਰੇ ਸਮੇਂ ਦੌਰਾਨ ਅਬਰਾਹਾਮ ਨੇ ਯਹੋਵਾਹ ਤੇ ਭਰੋਸਾ ਕਰਨਾ ਨਹੀਂ ਛੱਡਿਆ। ਉਸ ਦੀ ਨਿਹਚਾ ਮਜ਼ਬੂਤ ਹੁੰਦੀ ਗਈ।
ਫਿਰ ਯਹੋਵਾਹ ਨੇ ਇਹ ਕਹਿ ਕੇ ਅਬਰਾਹਾਮ ਦੀ ਨਿਹਚਾ ਦਾ ਵੱਡਾ ਇਮਤਿਹਾਨ ਲਿਆ: “ਹੁਣ ਤੂੰ ਆਪਣੇ ਪੁੱਤ੍ਰ ਨੂੰ, ਹਾਂ, ਆਪਣੇ ਇਕਲੌਤੇ ਨੂੰ ਜਿਸ ਨੂੰ ਤੂੰ ਪਿਆਰ ਕਰਦਾ ਹੈਂ ਅਰਥਾਤ ਇਸਹਾਕ ਨੂੰ ਲੈਕੇ . . . ਹੋਮ ਦੀ ਬਲੀ ਕਰਕੇ ਚੜ੍ਹਾ।” (ਉਤਪਤ 22:2) ਅਬਰਾਹਾਮ ਲਈ ਇਸਹਾਕ ਸਭ ਕੁਝ ਸੀ। ਉਹ ਉਸ ਦੀ ਪਤਨੀ ਸਾਰਾਹ ਤੋਂ ਉਸ ਦਾ ਇਕਲੌਤਾ ਬੇਟਾ ਸੀ। ਇਸਹਾਕ ਦੇ ਪੈਦਾ ਹੋਣ ਕਰਕੇ ਹੀ ਅਬਰਾਹਾਮ ਨਾਲ ਕੀਤਾ ਗਿਆ ਇਹ ਵਾਅਦਾ ਪੂਰਾ ਹੋਇਆ ਸੀ ਕਿ ਉਸ ਦੀ “ਅੰਸ” ਕਨਾਨ ਦੇਸ਼ ਦੀ ਵਾਰਸ ਹੋਵੇਗੀ ਅਤੇ ਉਸ ਦੇ ਜ਼ਰੀਏ ਬਹੁਤ ਸਾਰੇ ਲੋਕਾਂ ਨੂੰ ਬਰਕਤਾਂ ਮਿਲਣਗੀਆਂ। ਦਰਅਸਲ ਇਸਹਾਕ ਅਬਰਾਹਾਮ ਦਾ ਉਹ ਪੁੱਤਰ ਸੀ ਜਿਸ ਦਾ ਜਨਮ ਪਰਮੇਸ਼ੁਰ ਦੀ ਕਰਾਮਾਤ ਸਦਕਾ ਹੋਇਆ ਸੀ।—ਉਤਪਤ 15:2-4, 7.
ਜ਼ਰਾ ਸੋਚੋ ਕਿ ਅਬਰਾਹਾਮ ਲਈ ਇਸ ਹੁਕਮ ਨੂੰ ਸਮਝਣਾ ਕਿੰਨਾ ਮੁਸ਼ਕਲ ਹੋਇਆ ਹੋਣਾ। ਉਸ ਦੇ ਦਿਮਾਗ਼ ਵਿਚ ਅਜਿਹੇ ਸਵਾਲ ਘੁੰਮ ਰਹੇ ਹੋਣੇ: ਕੀ ਯਹੋਵਾਹ ਇਨਸਾਨ ਦੀ ਬਲੀ ਚਾਹੁੰਦਾ ਸੀ? ਕੀ ਉਸ ਨੇ ਮੇਰੀ ਜ਼ਿੰਦਗੀ ਦੀ ਢਲ਼ਦੀ ਸ਼ਾਮ ਵੇਲੇ ਮੈਨੂੰ ਇਸ ਲਈ ਪੁੱਤਰ ਦਾ ਬਾਪ ਬਣਨ ਦੀ ਖ਼ੁਸ਼ੀ ਦਿੱਤੀ ਸੀ ਤਾਂਕਿ ਬਾਅਦ ਵਿਚ ਮੈਂ ਉਸੇ ਪੁੱਤਰ ਦੀ ਕੁਰਬਾਨੀ ਦੇ ਦੇਵਾਂ?
ਭਾਵੇਂ ਉਸ ਕੋਲ ਇਨ੍ਹਾਂ ਸਵਾਲਾਂ ਦੇ ਸਪੱਸ਼ਟ ਜਵਾਬ ਨਹੀਂ ਸਨ, ਫਿਰ ਵੀ ਅਬਰਾਹਾਮ ਇਸ ਹੁਕਮ ਦੀ ਪਾਲਣਾ ਕਰਨ ਲਈ ਝੱਟ ਤਿਆਰ ਹੋ ਗਿਆ। ਉਸ ਨੂੰ ਉਸ ਪਹਾੜ ਤਕ ਪਹੁੰਚਣ ਲਈ ਤਿੰਨ ਦਿਨ ਲੱਗੇ ਜਿੱਥੇ ਯਹੋਵਾਹ ਨੇ ਬਲੀ ਚੜ੍ਹਾਉਣ ਲਈ ਕਿਹਾ ਸੀ। ਉੱਥੇ ਉਸ ਨੇ ਇਕ ਜਗਵੇਦੀ ਬਣਾਈ ਅਤੇ ਉਸ ਉੱਤੇ ਬਾਲਣ ਲਈ ਲੱਕੜੀਆਂ ਟਿਕਾ ਦਿੱਤੀਆਂ। ਫਿਰ ਇਮਤਿਹਾਨ ਦਾ ਵੇਲਾ ਆ ਗਿਆ। ਅਬਰਾਹਾਮ ਨੇ ਆਪਣੇ ਬੇਟੇ ਨੂੰ ਮਾਰਨ ਲਈ ਛੁਰੀ ਅਜੇ ਚੁੱਕੀ ਹੀ ਸੀ ਕਿ ਯਹੋਵਾਹ ਨੇ ਆਪਣੇ ਇਕ ਦੂਤ ਦੇ ਜ਼ਰੀਏ ਉਸ ਨੂੰ ਰੋਕ ਦਿੱਤਾ ਅਤੇ ਕਿਹਾ: “ਹੁਣ ਮੈਂ ਜਾਣ ਗਿਆ ਹਾਂ ਕਿ ਤੂੰ ਪਰਮੇਸ਼ੁਰ ਤੋਂ ਭੈ ਖਾਂਦਾ ਹੈਂ ਕਿਉਂਜੋ ਤੈਂ ਆਪਣੇ ਪੁੱਤ੍ਰ, ਹਾਂ, ਆਪਣੇ ਇਕਲੌਤੇ ਪੁੱਤ੍ਰ ਦਾ ਵੀ ਮੈਥੋਂ ਸਰਫਾ ਨਹੀਂ ਕੀਤਾ।” (ਉਤਪਤ 22:3, 11, 12) ਜ਼ਰਾ ਸੋਚੋ ਕਿ ਅਬਰਾਹਾਮ ਨੇ ਕਿਵੇਂ ਮਹਿਸੂਸ ਕੀਤਾ ਹੋਣਾ ਜਦ ਉਸ ਨੇ ਇਹ ਗੱਲ ਸੁਣੀ। ਯਹੋਵਾਹ ਨੇ ਅਬਰਾਹਾਮ ਦੀ ਨਿਹਚਾ ਦਾ ਸਹੀ ਅਨੁਮਾਨ ਲਾ ਲਿਆ ਸੀ। (ਉਤਪਤ 15:5, 6) ਫਲਸਰੂਪ, ਅਬਰਾਹਾਮ ਨੇ ਇਸਹਾਕ ਦੀ ਥਾਂ ਇਕ ਛਤਰੇ ਦੀ ਬਲੀ ਚੜ੍ਹਾਈ। ਇਸ ਤੋਂ ਬਾਅਦ ਯਹੋਵਾਹ ਨੇ ਅਬਰਾਹਾਮ ਦੀ ਸੰਤਾਨ ਰਾਹੀਂ ਬਰਕਤਾਂ ਦੇਣ ਦਾ ਵਾਅਦਾ ਮੁੜ ਦੁਹਰਾਇਆ ਸੀ। ਹੁਣ ਅਸੀਂ ਸਮਝ ਸਕਦੇ ਹਾਂ ਕਿ ਅਬਰਾਹਾਮ ਨੂੰ ਯਹੋਵਾਹ ਦਾ ਮਿੱਤਰ ਕਿਉਂ ਕਿਹਾ ਗਿਆ ਹੈ।—ਉਤਪਤ 22:13-18; ਯਾਕੂਬ 2:21-23.
ਸਾਡੀ ਨਿਹਚਾ ਵੀ ਪਰਖੀ ਜਾਂਦੀ ਹੈ
ਅੱਜ ਸਾਨੂੰ ਵੀ ਪਰਮੇਸ਼ੁਰ ਦੇ ਸੇਵਕਾਂ ਵਜੋਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਬੱਸ ਫ਼ਰਕ ਸਿਰਫ਼ ਇੰਨਾ ਹੈ ਕਿ ਅੱਜ ਯਹੋਵਾਹ ਸਾਨੂੰ ਕੋਈ ਹੁਕਮ ਦੇ ਕੇ ਸਾਡੀ ਪਰੀਖਿਆ ਨਹੀਂ ਲੈਂਦਾ, ਸਗੋਂ ਸਾਡੀ ਨਿਹਚਾ ਉਨ੍ਹਾਂ ਅਜ਼ਮਾਇਸ਼ਾਂ ਕਾਰਨ ਪਰਖੀ ਜਾਂਦੀ ਹੈ ਜੋ ਯਹੋਵਾਹ ਸਾਡੇ ਤੇ ਆਉਣ ਦਿੰਦਾ ਹੈ।
ਪੌਲੁਸ ਰਸੂਲ ਨੇ ਲਿਖਿਆ: “ਸੱਭੇ ਜਿੰਨੇ ਮਸੀਹ ਯਿਸੂ ਵਿੱਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ ਸੋ ਸਤਾਏ ਜਾਣਗੇ।” (2 ਤਿਮੋਥਿਉਸ 3:12) ਹੋ ਸਕਦਾ ਹੈ ਕਿ ਸਾਡੇ ਨਾਲ ਸਕੂਲ ਵਿਚ ਪੜ੍ਹਨ ਵਾਲੇ ਬੱਚੇ, ਸਾਡੇ ਦੋਸਤ ਜਾਂ ਰਿਸ਼ਤੇਦਾਰ ਜਾਂ ਅਜਿਹੇ ਸਰਕਾਰੀ ਅਧਿਕਾਰੀ ਜਿਨ੍ਹਾਂ ਨੂੰ ਯਹੋਵਾਹ ਦੇ ਗਵਾਹਾਂ ਬਾਰੇ ਗ਼ਲਤਫ਼ਹਿਮੀਆਂ ਹਨ, ਸਾਨੂੰ ਸਤਾਉਣ। ਸ਼ਾਇਦ ਲੋਕ ਸਾਨੂੰ ਗਾਲ਼ਾਂ ਕੱਢਣ ਜਾਂ ਸਾਨੂੰ ਮਾਰਨ-ਕੁੱਟਣ। ਸਾਡੇ ਕੁਝ ਭੈਣ-ਭਾਈ ਨੌਕਰੀਓਂ ਵੀ ਕੱਢ ਦਿੱਤੇ ਗਏ ਹਨ। ਇਸ ਤੋਂ ਇਲਾਵਾ ਬਾਕੀ ਦੀ ਦੁਨੀਆਂ ਵਾਂਗ ਸਾਨੂੰ ਵੀ ਬੀਮਾਰੀਆਂ, ਨਿਰਾਸ਼ਾ ਅਤੇ ਬੇਇਨਸਾਫ਼ੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਇਨ੍ਹਾਂ ਸਾਰੀਆਂ ਗੱਲਾਂ ਨਾਲ ਸਾਡੀ ਨਿਹਚਾ ਪਰਖੀ ਜਾਂਦੀ ਹੈ।
ਕੀ ਨਿਹਚਾ ਦੇ ਪਰਖੇ ਜਾਣ ਦੇ ਲਾਭ ਹਨ? ਪਤਰਸ ਰਸੂਲ ਨੇ ਲਿਖਿਆ: ‘ਤੁਸੀਂ ਭਾਂਤ ਭਾਂਤ ਦੇ ਪਰਤਾਵਿਆਂ ਨਾਲ ਦੁਖੀ ਹੋਏ ਹੋਏ ਹੋ ਤਾਂ ਜੋ ਤੁਹਾਡੀ ਪਰਖੀ ਹੋਈ ਨਿਹਚਾ ਜਿਹੜੀ ਨਾਸ ਹੋਣ ਵਾਲੇ ਸੋਨੇ ਨਾਲੋਂ ਭਾਵੇਂ ਉਹ ਅੱਗ ਵਿੱਚ ਤਾਇਆ ਵੀ ਜਾਵੇ ਅੱਤ ਭਾਰੇ ਮੁੱਲ ਦੀ ਹੈ ਯਿਸੂ ਮਸੀਹ ਦੇ ਪਰਗਟ ਹੋਣ ਦੇ ਸਮੇਂ ਉਸਤਤ, ਮਹਿਮਾ ਅਤੇ ਆਦਰ ਦੇ ਜੋਗ ਨਿੱਕਲੇ।’ (1 ਪਤਰਸ 1:6, 7) ਜੀ ਹਾਂ, ਨਿਹਚਾ ਦੇ ਪਰਖੇ ਜਾਣ ਦੀ ਤੁਲਨਾ ਸੋਨੇ ਨੂੰ ਅੱਗ ਨਾਲ ਤਾਉਣ ਨਾਲ ਕੀਤੀ ਗਈ ਹੈ। ਸੋਨੇ ਨੂੰ ਪਿਘਲਾ ਕੇ ਉਸ ਵਿੱਚੋਂ ਸਾਰੀ ਮੈਲ ਜਾਂ ਮਿਲਾਵਟ ਕੱਢੀ ਜਾਂਦੀ ਹੈ ਤੇ ਫਿਰ ਜਾ ਕੇ ਸੋਨਾ ਸ਼ੁੱਧ ਬਣਦਾ ਹੈ। ਇਸੇ ਤਰ੍ਹਾਂ ਜਦ ਅਸੀਂ ਅਗਨੀ ਪਰੀਖਿਆ ਵਿੱਚੋਂ ਗੁਜ਼ਰਦੇ ਹਾਂ, ਤਾਂ ਸਾਡੀ ਨਿਹਚਾ ਵਿਚ ਨਿਖਾਰ ਆਉਂਦਾ ਹੈ।
ਮਿਸਾਲ ਲਈ, ਕਿਸੇ ਹਾਦਸੇ ਜਾਂ ਕੁਦਰਤੀ ਆਫ਼ਤ ਦੇ ਕਾਰਨ ਸਾਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ। ਜੇ ਸਾਡੀ ਨਿਹਚਾ ਮਜ਼ਬੂਤ ਹੈ, ਤਾਂ ਅਸੀਂ ਚਿੰਤਾ ਵਿਚ ਡੁੱਬੇ ਨਹੀਂ ਰਹਾਂਗੇ। ਅਸੀਂ ਯਹੋਵਾਹ ਦੇ ਇਸ ਵਾਅਦੇ ਤੋਂ ਹੌਸਲਾ ਪਾਵਾਂਗੇ: “ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ।” (ਇਬਰਾਨੀਆਂ 13:5) ਮੁਸ਼ਕਲਾਂ ਦੇ ਬਾਵਜੂਦ ਅਸੀਂ ਆਪਣੀ ਜ਼ਿੰਦਗੀ ਵਿਚ ਯਹੋਵਾਹ ਦੀ ਭਗਤੀ ਨੂੰ ਪਹਿਲੀ ਥਾਂ ਦਿੰਦੇ ਰਹਾਂਗੇ ਕਿਉਂਕਿ ਸਾਨੂੰ ਪੂਰਾ ਯਕੀਨ ਹੈ ਕਿ ਯਹੋਵਾਹ ਸਾਡੀਆਂ ਲੋੜਾਂ ਪੂਰੀਆਂ ਕਰਨ ਵਿਚ ਸਾਡੀ ਮਦਦ ਕਰੇਗਾ। ਚਿੰਤਾ ਕਰਦੇ ਰਹਿਣ ਨਾਲ ਕੁਝ ਹਾਸਲ ਨਹੀਂ ਹੁੰਦਾ। ਸਾਡੀ ਨਿਹਚਾ ਸਾਨੂੰ ਔਖੀਆਂ ਘੜੀਆਂ ਵਿਚ ਸੰਭਾਲਦੀ ਹੈ ਤੇ ਸਾਨੂੰ ਹੱਦੋਂ ਵੱਧ ਫ਼ਿਕਰ ਕਰਨ ਤੋਂ ਬਚਾਉਂਦੀ ਹੈ।
ਮੁਸ਼ਕਲਾਂ ਸਹਿੰਦੇ ਸਮੇਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਸਾਡੀ ਨਿਹਚਾ ਕਮਜ਼ੋਰ ਹੈ ਜਾਂ ਨਹੀਂ। ਇਹ ਵੀ ਲਾਹੇਵੰਦ ਹੈ ਕਿਉਂਕਿ ਹੁਣ ਅਸੀਂ ਆਪਣੀ ਨਿਹਚਾ ਨੂੰ ਮਜ਼ਬੂਤ ਬਣਾਉਣ ਲਈ ਕੁਝ ਕਰ ਸਕਦੇ ਹਾਂ। ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਮੈਂ ਆਪਣੀ ਨਿਹਚਾ ਨੂੰ ਮਜ਼ਬੂਤ ਕਿਵੇਂ ਬਣਾ ਸਕਦਾ ਹਾਂ? ਕੀ ਮੈਨੂੰ ਪੂਰੀ ਲਗਨ ਨਾਲ ਬਾਈਬਲ ਦੀ ਸਟੱਡੀ ਕਰਨ ਵਿਚ ਹੋਰ ਸਮਾਂ ਬਿਤਾਉਣ ਦੀ ਲੋੜ ਹੈ? ਕੀ ਮੈਂ ਆਪਣੇ ਮਸੀਹੀ ਭੈਣ-ਭਰਾਵਾਂ ਨਾਲ ਸਾਰੀਆਂ ਮੀਟਿੰਗਾਂ ਵਿਚ ਹਾਜ਼ਰ ਹੁੰਦਾ ਹਾਂ? ਔਖਿਆਈਆਂ ਦਾ ਸਾਮ੍ਹਣਾ ਕਰਦੇ ਵਕਤ, ਕੀ ਮੈਂ ਆਪਣੇ ਆਪ ਤੇ ਇਤਬਾਰ ਕਰਦਾ ਹਾਂ ਜਾਂ ਕੀ ਮੈਂ ਪ੍ਰਾਰਥਨਾ ਰਾਹੀਂ ਆਪਣੀ ਸਾਰੀ ਚਿੰਤਾ ਯਹੋਵਾਹ ਉੱਤੇ ਸੁੱਟ ਦਿੰਦਾ ਹਾਂ?’ ਇਸ ਤਰੀਕੇ ਨਾਲ ਆਪਣੀ ਜਾਂਚ ਕਰ ਕੇ ਅਸੀਂ ਆਪਣੀ ਨਿਹਚਾ ਨੂੰ ਮਜ਼ਬੂਤ ਕਰਨ ਦਾ ਪਹਿਲਾ ਕਦਮ ਚੁੱਕਦੇ ਹਾਂ।
ਫਿਰ ਸਾਨੂੰ ਪਰਮੇਸ਼ੁਰ ਦੀਆਂ ਗੱਲਾਂ ਲਈ ਆਪਣੀ ਭੁੱਖ ਵਧਾਉਣ ਦੀ ਲੋੜ ਹੈ ਜਿਸ ਬਾਰੇ ਬਾਈਬਲ ਕਹਿੰਦੀ ਹੈ: “ਆਤਮਕ ਅਤੇ ਖਾਲਸ ਦੁੱਧ ਦੀ ਲੋਚ ਕਰੋ।” (1 ਪਤਰਸ 2:2; ਇਬਰਾਨੀਆਂ 5:12-14) ਸਾਨੂੰ ਉਸ ਆਦਮੀ ਵਰਗੇ ਹੋਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਸ ਬਾਰੇ ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਉਹ ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ, ਅਤੇ ਦਿਨ ਰਾਤ ਉਸ ਦੀ ਬਿਵਸਥਾ ਉੱਤੇ ਧਿਆਨ ਕਰਦਾ ਹੈ।”—ਜ਼ਬੂਰਾਂ ਦੀ ਪੋਥੀ 1:2.
ਇਸ ਦਾ ਮਤਲਬ ਸਿਰਫ਼ ਬਾਈਬਲ ਨੂੰ ਪੜ੍ਹਨਾ ਹੀ ਨਹੀਂ ਹੈ। ਸਾਨੂੰ ਪੜ੍ਹੀਆਂ ਗੱਲਾਂ ਉੱਤੇ ਸੋਚ-ਵਿਚਾਰ ਕਰਨ ਦੀ ਵੀ ਲੋੜ ਹੈ ਤੇ ਫਿਰ ਉਨ੍ਹਾਂ ਤੇ ਅਮਲ ਕਰਨਾ ਚਾਹੀਦਾ ਹੈ। (ਯਾਕੂਬ 1:22-25) ਇਸ ਤਰ੍ਹਾਂ ਕਰਨ ਦੇ ਕੀ ਫ਼ਾਇਦੇ ਹੋਣਗੇ? ਪਰਮੇਸ਼ੁਰ ਲਈ ਸਾਡਾ ਪਿਆਰ ਵਧੇਗਾ, ਅਸੀਂ ਦਿਲੋਂ ਉਸ ਨੂੰ ਆਪਣੇ ਨਿੱਜੀ ਮਾਮਲਿਆਂ ਬਾਰੇ ਦੁਆ ਕਰ ਸਕਾਂਗੇ ਅਤੇ ਸਾਡੀ ਨਿਹਚਾ ਮਜ਼ਬੂਤ ਹੁੰਦੀ ਜਾਵੇਗੀ।
ਪਰਖੀ ਹੋਈ ਨਿਹਚਾ ਦਾ ਭਾਰਾ ਮੁੱਲ
ਜਦ ਸਾਨੂੰ ਅਹਿਸਾਸ ਹੁੰਦਾ ਹੈ ਕਿ ਪਰਮੇਸ਼ੁਰ ਨੂੰ ਪ੍ਰਸੰਨ ਕਰਨ ਲਈ ਨਿਹਚਾ ਦਾ ਹੋਣਾ ਅੱਤ ਜ਼ਰੂਰੀ ਹੈ, ਤਾਂ ਅਸੀਂ ਨਿਹਚਾ ਨੂੰ ਮਜ਼ਬੂਤ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰਦੇ ਹਾਂ। ਬਾਈਬਲ ਵਿਚ ਸਾਨੂੰ ਯਾਦ ਦਿਲਾਇਆ ਜਾਂਦਾ ਹੈ ਕਿ “ਨਿਹਚਾ ਬਾਝੋਂ ਉਹ ਦੇ ਮਨ ਨੂੰ ਭਾਉਣਾ ਅਣਹੋਣਾ ਹੈ ਕਿਉਂਕਿ ਜਿਹੜਾ ਪਰਮੇਸ਼ੁਰ ਦੀ ਵੱਲ ਆਉਂਦਾ ਹੈ ਉਹ ਨੂੰ ਪਰਤੀਤ ਕਰਨੀ ਚਾਹੀਦੀ ਹੈ ਭਈ ਉਹ ਹੈ, ਨਾਲੇ ਇਹ ਭਈ ਉਹ ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।” (ਇਬਰਾਨੀਆਂ 11:6) ਇਸੇ ਕਰਕੇ ਸਾਨੂੰ ਉਸ ਆਦਮੀ ਵਰਗੇ ਬਣਨ ਦੀ ਲੋੜ ਹੈ ਜਿਸ ਨੇ ਯਿਸੂ ਅੱਗੇ ਤਰਲੇ ਕੀਤੇ: “ਮੇਰੇ ਤੇ ਕਿਰਪਾ ਕਰੋ ਕਿ ਮੈਂ ਹੋਰ ਪਰਤੀਤੀ ਕਰਨ ਵਾਲਾ ਬਣਾਂ।”—ਮਰਕੁਸ 9:24, ਈਜ਼ੀ ਟੂ ਰੀਡ ਵਰਯਨ।
ਸਾਡੀ ਨਿਹਚਾ ਦੇਖ ਕੇ ਹੋਰਨਾਂ ਦੀ ਵੀ ਮਦਦ ਹੋ ਸਕਦੀ ਹੈ। ਮਿਸਾਲ ਲਈ, ਜਦ ਸਾਡੇ ਕਿਸੇ ਅਜ਼ੀਜ਼ ਦੀ ਮੌਤ ਹੋ ਜਾਂਦੀ ਹੈ, ਤਾਂ ਪਰਮੇਸ਼ੁਰ ਦਾ ਇਹ ਵਾਅਦਾ ਯਾਦ ਕਰ ਕੇ ਸਾਨੂੰ ਹੌਸਲਾ ਮਿਲਦਾ ਹੈ ਕਿ ਉਹ ਸਾਡੇ ਅਜ਼ੀਜ਼ ਨੂੰ ਦੁਬਾਰਾ ਜ਼ਿੰਦਾ ਕਰੇਗਾ। ਇਸੇ ਕਰਕੇ ਅਸੀਂ “ਹੋਰਨਾਂ ਵਾਂਙੁ ਜਿਨ੍ਹਾਂ ਨੂੰ ਕੋਈ ਆਸ ਨਹੀਂ ਸੋਗ” ਨਹੀਂ ਕਰਦੇ। (1 ਥੱਸਲੁਨੀਕੀਆਂ 4:13, 14) ਸਾਡਾ ਜਿਗਰਾ ਦੇਖ ਕੇ ਕੁਝ ਲੋਕ ਸ਼ਾਇਦ ਸਮਝ ਜਾਣ ਕਿ ਸਾਡੀ ਨਿਹਚਾ ਭਾਰੇ ਮੁੱਲ ਦੀ ਹੈ। ਸ਼ਾਇਦ ਉਹ ਵੀ ਸਾਡੇ ਵਾਂਗ ਬਾਈਬਲ ਵਿਚ ਵਿਸ਼ਵਾਸ ਕਰਨਾ ਚਾਹੁਣ। ਨਤੀਜੇ ਵਜੋਂ ਸ਼ਾਇਦ ਉਹ ਬਾਈਬਲ ਦੀ ਸਟੱਡੀ ਕਰਨ ਲੱਗ ਪੈਣ ਤੇ ਯਹੋਵਾਹ ਦੇ ਗਵਾਹ ਬਣ ਜਾਣ।
ਯਹੋਵਾਹ ਜਾਣਦਾ ਹੈ ਕਿ ਪਰਖੀ ਹੋਈ ਨਿਹਚਾ ਦਾ ਭਾਰਾ ਮੁੱਲ ਹੈ। ਇਸ ਤੋਂ ਇਲਾਵਾ, ਜਦ ਸਾਡੀ ਨਿਹਚਾ ਪਰਖੀ ਜਾਂਦੀ ਹੈ, ਤਾਂ ਸਾਨੂੰ ਉਸ ਦੀ ਮਜ਼ਬੂਤੀ ਜਾਂਚਣ ਦਾ ਮੌਕਾ ਮਿਲਦਾ ਹੈ। ਅਸੀਂ ਆਪਣੀ ਨਿਹਚਾ ਦੀ ਕਮਜ਼ੋਰੀ ਪਛਾਣ ਸਕਦੇ ਹਾਂ ਤੇ ਉਸ ਕਮਜ਼ੋਰੀ ਤੇ ਕਾਬੂ ਪਾਉਣ ਲਈ ਕੁਝ ਕਰ ਵੀ ਸਕਦੇ ਹਾਂ। ਅਖ਼ੀਰ ਵਿਚ, ਜਦ ਦੂਜੇ ਲੋਕ ਸਾਨੂੰ ਪਰੀਖਿਆਵਾਂ ਦਾ ਸਾਮ੍ਹਣਾ ਕਾਮਯਾਬੀ ਨਾਲ ਕਰਦੇ ਦੇਖਦੇ ਹਨ, ਤਾਂ ਉਨ੍ਹਾਂ ਦੇ ਦਿਲ ਵਿਚ ਵੀ ਯਿਸੂ ਦੇ ਚੇਲੇ ਬਣਨ ਦੀ ਖ਼ਾਹਸ਼ ਪੈਦਾ ਹੁੰਦੀ ਹੈ। ਤਾਂ ਫਿਰ ਆਓ ਆਪਾਂ ਆਪਣੀ ਨਿਹਚਾ ਨੂੰ ਮਜ਼ਬੂਤ ਬਣਾਉਣ ਦੀ ਪੁਰਜ਼ੋਰ ਕੋਸ਼ਿਸ਼ ਕਰੀਏ। ਅਜਿਹੀ ਨਿਹਚਾ ਜੋ ਅੱਗ ਵਰਗੀਆਂ ਪਰੀਖਿਆਵਾਂ ਨਾਲ ਤਾਈ ਹੋਣ ਕਰਕੇ “ਯਿਸੂ ਮਸੀਹ ਦੇ ਪਰਗਟ ਹੋਣ ਦੇ ਸਮੇਂ ਉਸਤਤ, ਮਹਿਮਾ ਅਤੇ ਆਦਰ ਦੇ ਜੋਗ ਨਿੱਕਲੇ।”—1 ਪਤਰਸ 1:7.
[ਸਫ਼ਾ 13 ਉੱਤੇ ਤਸਵੀਰ]
ਅਬਰਾਹਾਮ ਨਿਹਚਾ ਦੇ ਕੰਮ ਕਰ ਕੇ ਯਹੋਵਾਹ ਦਾ ਮਿੱਤਰ ਬਣਿਆ
[ਸਫ਼ਾ 15 ਉੱਤੇ ਤਸਵੀਰਾਂ]
ਪਰੀਖਿਆਵਾਂ ਸਾਡੀ ਨਿਹਚਾ ਨੂੰ ਮਜ਼ਬੂਤ ਬਣਾਉਂਦੀਆਂ ਹਨ
[ਸਫ਼ਾ 12 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
From the Illustrated Edition of the Holy Scriptures, by Cassell, Petter, & Galpin