ਆਪਣੇ ਅੰਦਰ ਦੀ ਆਵਾਜ਼ ਸੁਣੋ
“ਪਰਾਈਆਂ ਕੌਮਾਂ ਜਿਹੜੀਆਂ ਸ਼ਰਾ ਹੀਨ ਹਨ ਆਪਣੇ ਸੁਭਾਉ ਤੋਂ ਸ਼ਰਾ ਦੇ ਕੰਮ ਕਰਦੀਆਂ ਹਨ।”—ਰੋਮੀਆਂ 2:14.
1, 2. (ੳ) ਹੋਰਨਾਂ ਦੀ ਮਦਦ ਕਰਨ ਲਈ ਕਈਆਂ ਨੇ ਕੀ ਕੀਤਾ ਹੈ? (ਅ) ਦੂਸਰਿਆਂ ਦੀ ਮਦਦ ਕਰਨ ਸੰਬੰਧੀ ਬਾਈਬਲ ਵਿਚ ਕਿਹੜੀਆਂ ਮਿਸਾਲਾਂ ਦਿੱਤੀਆਂ ਗਈਆਂ ਹਨ?
ਰੇਲਵੇ ਪਲੇਟਫਾਰਮ ਤੇ ਇਕ 20 ਸਾਲ ਦੇ ਨੌਜਵਾਨ ਨੂੰ ਮਿਰਗੀ ਦਾ ਦੌਰਾ ਪਿਆ ਤੇ ਉਹ ਰੇਲ ਦੀ ਪਟੜੀ ਉੱਤੇ ਡਿੱਗ ਪਿਆ। ਇਕ ਬੰਦੇ ਨੇ ਉਸ ਨੂੰ ਦੇਖ ਕੇ ਆਪਣੀਆਂ ਦੋਹਾਂ ਧੀਆਂ ਦੇ ਹੱਥ ਛੱਡੇ ਤੇ ਪਲੇਟਫਾਰਮ ਤੋਂ ਪਟੜੀ ਤੇ ਛਾਲ ਮਾਰ ਦਿੱਤੀ। ਉਸ ਨੇ ਮਿਰਗੀ ਦੇ ਸ਼ਿਕਾਰ ਮੁੰਡੇ ਨੂੰ ਖਿੱਚ ਕੇ ਦੋਹਾਂ ਪਟੜੀਆਂ ਦੇ ਵਿਚਕਾਰ ਕਰ ਲਿਆ ਤੇ ਆਪ ਉਸ ਦੇ ਉੱਪਰ ਲੰਮਾ ਪੈ ਗਿਆ ਤਾਂਕਿ ਉਨ੍ਹਾਂ ਦੇ ਉੱਪਰੋਂ ਦੀ ਗੱਡੀ ਲੰਘਦੇ ਸਮੇਂ ਮੁੰਡੇ ਨੂੰ ਕੋਈ ਨੁਕਸਾਨ ਨਾ ਪਹੁੰਚੇ। ਕੁਝ ਲੋਕ ਇਹੋ ਜਿਹੇ ਬੰਦੇ ਨੂੰ ਹੀਰੋ ਕਹਿਣਗੇ, ਪਰ ਉਸ ਆਦਮੀ ਨੇ ਕਿਹਾ: “ਸਾਨੂੰ ਸਹੀ ਕੰਮ ਕਰਨਾ ਚਾਹੀਦਾ ਹੈ। ਮੈਂ ਇਹ ਕੰਮ ਇਨਸਾਨੀਅਤ ਦੇ ਨਾਤੇ ਕੀਤਾ। ਨਾਂ ਕਮਾਉਣ ਜਾਂ ਵਡਿਆਈ ਕਰਾਉਣ ਲਈ ਨਹੀਂ।”
2 ਤੁਸੀਂ ਵੀ ਕਿਸੇ ਨੂੰ ਜਾਣਦੇ ਹੋਵੋਗੇ ਜਿਸ ਨੇ ਹੋਰਨਾਂ ਦੀ ਮਦਦ ਕਰਨ ਲਈ ਆਪਣੀ ਜਾਨ ਦੀ ਬਾਜ਼ੀ ਲਾਈ। ਦੂਜੇ ਵਿਸ਼ਵ ਯੁੱਧ ਦੌਰਾਨ ਬਹੁਤ ਸਾਰੇ ਲੋਕਾਂ ਨੇ ਇਸ ਤਰ੍ਹਾਂ ਕੀਤਾ ਸੀ ਜਦ ਉਨ੍ਹਾਂ ਨੇ ਦੁਸ਼ਮਣਾਂ ਤੋਂ ਭੱਜ ਰਹੇ ਅਜਨਬੀਆਂ ਦੀ ਜਾਨ ਬਚਾਉਣ ਲਈ ਉਨ੍ਹਾਂ ਨੂੰ ਆਪਣੇ ਘਰਾਂ ਵਿਚ ਛੁਪਾਇਆ। ਪੌਲੁਸ ਅਤੇ ਉਸ ਨਾਲ ਦੇ 275 ਮੁਸਾਫ਼ਰਾਂ ਦੇ ਤਜਰਬੇ ਨੂੰ ਵੀ ਚੇਤੇ ਕਰੋ ਜਿਨ੍ਹਾਂ ਦਾ ਜਹਾਜ਼ ਸਿਸਲੀ ਦੇ ਨੇੜੇ ਮਾਲਟਾ ਟਾਪੂ ਤੇ ਤਬਾਹ ਹੋ ਗਿਆ ਸੀ। ਉਸ ਟਾਪੂ ਦੇ ਅਜਨਬੀ ਲੋਕਾਂ ਨੇ ਉਨ੍ਹਾਂ ਨਾਲ ਬਹੁਤ ਚੰਗਾ ਸਲੂਕ ਕੀਤਾ। (ਰਸੂਲਾਂ ਦੇ ਕਰਤੱਬ 27:27–28:2) ਉਸ ਇਸਰਾਏਲੀ ਕੁੜੀ ਬਾਰੇ ਵੀ ਸੋਚੋ ਜਿਸ ਨੇ ਸ਼ਾਇਦ ਆਪਣੀ ਜਾਨ ਤਾਂ ਖ਼ਤਰੇ ਵਿਚ ਨਹੀਂ ਪਾਈ, ਪਰ ਆਪਣੇ ਸੀਰੀਆਈ ਮਾਲਕ ਦੀ ਭਲਾਈ ਬਾਰੇ ਸੋਚਿਆ। (2 ਰਾਜਿਆਂ 5:1-4) ਨਾਲੇ ਦਿਆਲੂ ਸਾਮਰੀ ਦੇ ਦ੍ਰਿਸ਼ਟਾਂਤ ਉੱਤੇ ਗੌਰ ਕਰੋ। ਇਕ ਜਾਜਕ ਤੇ ਇਕ ਲੇਵੀ ਰਾਹ ਵਿਚ ਪਏ ਅਧਮੋਏ ਯਹੂਦੀ ਬੰਦੇ ਨੂੰ ਅਣਡਿੱਠ ਕਰ ਕੇ ਅੱਗੇ ਲੰਘ ਗਏ, ਪਰ ਇਕ ਸਾਮਰੀ ਨੇ ਉਸ ਯਹੂਦੀ ਦੀ ਮਦਦ ਕੀਤੀ। ਸਦੀਆਂ ਤੋਂ ਯਿਸੂ ਦੇ ਇਸ ਦ੍ਰਿਸ਼ਟਾਂਤ ਨੇ ਬਹੁਤ ਸਾਰੇ ਸਭਿਆਚਾਰਾਂ ਦੇ ਲੋਕਾਂ ਦੇ ਦਿਲਾਂ ਉੱਤੇ ਗਹਿਰਾ ਅਸਰ ਕੀਤਾ ਹੈ।—ਲੂਕਾ 10:29-37.
3, 4. ਇਨਸਾਨਾਂ ਵਿਚ ਨਿਰਸੁਆਰਥ ਭਾਵਨਾ ਵਿਕਾਸਵਾਦ ਦੀ ਥਿਊਰੀ ਨਾਲ ਕਿੰਨਾ ਕੁ ਮੇਲ ਖਾਂਦੀ ਹੈ?
3 ਅਸੀਂ ‘ਭੈੜੇ ਸਮਿਆਂ’ ਵਿਚ ਜੀ ਰਹੇ ਹਾਂ। ਬਹੁਤ ਸਾਰੇ ਲੋਕ “ਕਰੜੇ” ਅਤੇ “ਨੇਕੀ ਦੇ ਵੈਰੀ” ਹਨ। (2 ਤਿਮੋਥਿਉਸ 3:1-3) ਇਸ ਦੇ ਬਾਵਜੂਦ, ਕੀ ਅਸੀਂ ਭਲਾਈ ਦੇ ਕੰਮ ਹੁੰਦੇ ਨਹੀਂ ਦੇਖਦੇ ਜਿਨ੍ਹਾਂ ਤੋਂ ਸ਼ਾਇਦ ਸਾਨੂੰ ਵੀ ਫ਼ਾਇਦਾ ਹੋਇਆ ਹੈ? ਆਪਣੀ ਜਾਨ ਤੇ ਖੇਲ ਕੇ ਦੂਜਿਆਂ ਦੀ ਮਦਦ ਕਰਨ ਦਾ ਝੁਕਾਅ ਇੰਨਾ ਸੁਭਾਵਕ ਹੈ ਕਿ ਕੁਝ ਲੋਕ ਇਸ ਨੂੰ “ਇਨਸਾਨੀਅਤ” ਦਾ ਨਾਂ ਦਿੰਦੇ ਹਨ।
4 ਹਰ ਜਾਤ ਤੇ ਸਭਿਆਚਾਰ ਦੇ ਅਜਿਹੇ ਲੋਕ ਹਨ ਜੋ ਕਿਸੇ ਦੀ ਮਦਦ ਕਰਨ ਲਈ ਆਪਣੀ ਜਾਨ ਵਾਰਨ ਲਈ ਤਿਆਰ ਰਹਿੰਦੇ ਹਨ। ਇਹ ਭਾਵਨਾ ਇਸ ਗੱਲ ਨੂੰ ਝੁਠਲਾਉਂਦੀ ਹੈ ਕਿ ਇਨਸਾਨ ਪਸ਼ੂਆਂ ਤੋਂ ਆਇਆ ਹੈ ਕਿਉਂਕਿ ਜ਼ਿਆਦਾਤਰ ਪਸ਼ੂ ਹੋਰਨਾਂ ਦਾ ਭਲਾ ਚਾਹੁਣ ਦੀ ਬਜਾਇ ਸਿਰਫ਼ ਆਪਣੀ ਪਰਵਾਹ ਕਰਦੇ ਹਨ। ਉਤਪੱਤੀ-ਵਿਗਿਆਨੀ ਫ਼ਰਾਂਸਿਸ ਐੱਸ. ਕੌਲਿੰਜ਼, ਜੋ ਮਨੁੱਖੀ ਜੀਨੋਮ (ਡੀ. ਐੱਨ. ਏ.) ਦਾ ਨਕਸ਼ਾ ਤਿਆਰ ਕਰਨ ਵਾਲੇ ਵਿਗਿਆਨੀਆਂ ਦੀ ਟੀਮ ਦਾ ਮੋਢੀ ਸੀ, ਨੇ ਕਿਹਾ: ‘ਇਨਸਾਨ ਦੀ ਨਿਰਸੁਆਰਥ ਭਾਵਨਾ ਵਿਕਾਸਵਾਦੀਆਂ ਲਈ ਵੱਡਾ ਮਸਲਾ ਬਣੀ ਹੋਈ ਹੈ ਕਿਉਂਕਿ ਉਨ੍ਹਾਂ ਦੀਆਂ ਥਿਊਰੀਆਂ ਮੁਤਾਬਕ ਹਰ ਨਸਲ ਨੂੰ ਆਪਣੇ ਹੀ ਲਾਭ ਤੇ ਬਚਾਅ ਦੀ ਪਈ ਹੋਈ ਹੈ, ਨਿਰਸੁਆਰਥ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।’ ਉਸ ਨੇ ਇਹ ਵੀ ਕਿਹਾ: “ਕੁਝ ਲੋਕ ਉਨ੍ਹਾਂ ਲੋਕਾਂ ਲਈ ਆਪਣੀ ਜਾਨ ਵਾਰ ਦਿੰਦੇ ਹਨ ਜੋ ਕਿਸੇ ਹੋਰ ਨਸਲ ਜਾਂ ਜਾਤ ਦੇ ਹੁੰਦੇ ਹਨ ਤੇ ਜਿਨ੍ਹਾਂ ਨਾਲ ਉਨ੍ਹਾਂ ਦੀ ਕੋਈ ਗੱਲ ਮਿਲਦੀ-ਜੁਲਦੀ ਨਹੀਂ। . . . ਇਹ ਗੱਲ ਡਾਰਵਿਨ ਦੀ ਵਿਕਾਸਵਾਦ ਦੀ ਥਿਊਰੀ ਦੇ ਉਲਟ ਜਾਪਦੀ ਹੈ।”
“ਜ਼ਮੀਰ ਦੀ ਆਵਾਜ਼”
5. ਲੋਕਾਂ ਵਿਚ ਕਿਹੜੀ ਗੱਲ ਆਮ ਦੇਖਣ ਨੂੰ ਮਿਲਦੀ ਹੈ?
5 ਡਾਕਟਰ ਕੌਲਿੰਜ਼ ਨਿਰਸੁਆਰਥ ਭਾਵਨਾ ਦਾ ਇਕ ਪਹਿਲੂ ਉਜਾਗਰ ਕਰਦਾ ਹੈ: “ਜ਼ਮੀਰ ਦੀ ਆਵਾਜ਼ ਸਾਨੂੰ ਬਿਨਾਂ ਕਿਸੇ ਸੁਆਰਥ ਦੇ ਦੂਸਰਿਆਂ ਦਾ ਭਲਾ ਕਰਨ ਲਈ ਪ੍ਰੇਰਿਤ ਕਰਦੀ ਹੈ।”a “ਜ਼ਮੀਰ” ਬਾਰੇ ਉਸ ਦਾ ਜ਼ਿਕਰ ਪੜ੍ਹ ਕੇ ਸ਼ਾਇਦ ਪੌਲੁਸ ਰਸੂਲ ਦੀ ਕਹੀ ਗੱਲ ਸਾਨੂੰ ਚੇਤੇ ਆਵੇ: “ਜਦ ਪਰਾਈਆਂ ਕੌਮਾਂ ਜਿਹੜੀਆਂ ਸ਼ਰਾ ਹੀਨ ਹਨ ਆਪਣੇ ਸੁਭਾਉ ਤੋਂ ਸ਼ਰਾ ਦੇ ਕੰਮ ਕਰਦੀਆਂ ਹਨ ਤਾਂ ਸ਼ਰਾ ਦੇ ਨਾ ਹੁੰਦਿਆਂ ਓਹ ਆਪਣੇ ਲਈ ਆਪ ਹੀ ਸ਼ਰਾ ਹਨ। ਸੋ ਓਹ ਸ਼ਰਾ ਦਾ ਕੰਮ ਆਪਣੇ ਹਿਰਦਿਆਂ ਵਿੱਚ ਲਿਖਿਆ ਹੋਇਆ ਵਿਖਾਲਦੀਆਂ ਹਨ ਨਾਲੇ ਉਨ੍ਹਾਂ ਦਾ ਅੰਤਹਕਰਨ ਉਹ ਦੀ ਸਾਖੀ ਦਿੰਦਾ ਹੈ ਅਤੇ ਉਨ੍ਹਾਂ ਦੇ ਖਿਆਲ ਉਨ੍ਹਾਂ ਨੂੰ ਆਪੋ ਵਿੱਚੀਂ ਦੋਸ਼ੀ ਅਥਵਾ ਨਿਰਦੋਸ਼ੀ ਠਹਿਰਾਉਂਦੇ ਹਨ।”—ਰੋਮੀਆਂ 2:14, 15.
6. ਸਾਰੇ ਲੋਕ ਸਿਰਜਣਹਾਰ ਨੂੰ ਜਵਾਬਦੇਹ ਕਿਉਂ ਹਨ?
6 ਰੋਮੀਆਂ ਨੂੰ ਲਿਖੀ ਚਿੱਠੀ ਵਿਚ ਪੌਲੁਸ ਨੇ ਕਿਹਾ ਕਿ ‘ਜਗਤ ਦੀ ਉਤਪਤੀ’ ਦੇ ਸਮੇਂ ਤੋਂ ਨਜ਼ਰ ਆਉਂਦੀਆਂ ਚੀਜ਼ਾਂ ਪਰਮੇਸ਼ੁਰ ਦੀ ਹੋਂਦ ਅਤੇ ਉਸ ਦੇ ਗੁਣਾਂ ਦਾ ਠੋਸ ਸਬੂਤ ਦੇ ਰਹੀਆਂ ਹਨ। (ਰੋਮੀਆਂ 1:18-20; ਜ਼ਬੂਰਾਂ ਦੀ ਪੋਥੀ 19:1-4) ਹਾਂ ਪਰਮੇਸ਼ੁਰ ਹੈ, ਇਸ ਲਈ ਇਨਸਾਨ ਪਰਮੇਸ਼ੁਰ ਨੂੰ ਜਵਾਬਦੇਹ ਹਨ। ਪਰ ਕਈ ਲੋਕ ਆਪਣੇ ਸਿਰਜਣਹਾਰ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਤੇ ਅਯਾਸ਼ੀ ਭਰਿਆ ਜੀਵਨ ਜੀਉਂਦੇ ਹਨ। ਪਰਮੇਸ਼ੁਰ ਚਾਹੁੰਦਾ ਹੈ ਕਿ ਇਨਸਾਨ ਉਸ ਦੇ ਧਰਮੀ ਮਿਆਰਾਂ ਉੱਤੇ ਚੱਲਣ ਅਤੇ ਬੁਰੇ ਕੰਮਾਂ ਤੋਂ ਤੋਬਾ ਕਰਨ। (ਰੋਮੀਆਂ 1:22–2:6) ਯਹੂਦੀ ਲੋਕਾਂ ਕੋਲ ਇਸ ਤਰ੍ਹਾਂ ਕਰਨ ਦਾ ਠੋਸ ਕਾਰਨ ਸੀ ਕਿਉਂਕਿ ਪਰਮੇਸ਼ੁਰ ਨੇ ਮੂਸਾ ਨਬੀ ਦੇ ਜ਼ਰੀਏ ਉਨ੍ਹਾਂ ਨੂੰ ਆਪਣੀ ਬਿਵਸਥਾ ਦਿੱਤੀ ਸੀ। ਪਰ ਜਿਨ੍ਹਾਂ ਲੋਕਾਂ ਕੋਲ “ਪਰਮੇਸ਼ੁਰ ਦੀਆਂ ਬਾਣੀਆਂ” ਨਹੀਂ ਵੀ ਸਨ, ਉਨ੍ਹਾਂ ਨੂੰ ਵੀ ਇਹ ਜਾਣ ਲੈਣਾ ਚਾਹੀਦਾ ਸੀ ਕਿ ਪਰਮੇਸ਼ੁਰ ਹੈ।—ਰੋਮੀਆਂ 2:8-13; 3:2.
7, 8. ਇਨਸਾਫ਼ ਦੀ ਭਾਵਨਾ ਕਿੰਨੀ ਕੁ ਦੇਖਣ ਨੂੰ ਮਿਲਦੀ ਹੈ ਤੇ ਇਹ ਕਿਸ ਗੱਲ ਨੂੰ ਸੰਕੇਤ ਕਰਦੀ ਹੈ?
7 ਪਰਮੇਸ਼ੁਰ ਵਿਚ ਵਿਸ਼ਵਾਸ ਕਰਨ ਅਤੇ ਉਸ ਵਿਸ਼ਵਾਸ ਅਨੁਸਾਰ ਚੱਲਣ ਦਾ ਇਕ ਹੋਰ ਠੋਸ ਕਾਰਨ ਇਹ ਹੈ ਕਿ ਉਸ ਨੇ ਸਾਨੂੰ ਸਹੀ-ਗ਼ਲਤ ਵਿਚ ਫ਼ਰਕ ਪਛਾਣਨ ਦੀ ਯੋਗਤਾ ਯਾਨੀ ਜ਼ਮੀਰ ਦਿੱਤੀ ਹੈ। ਇਹ ਸਾਨੂੰ ਕਿਵੇਂ ਪਤਾ? ਅਸੀਂ ਸਾਰੇ ਇਨਸਾਫ਼ ਚਾਹੁੰਦੇ ਹਾਂ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਸਾਡੇ ਕੋਲ ਜ਼ਮੀਰ ਹੈ। ਜ਼ਰਾ ਇਹ ਕਲਪਨਾ ਕਰੋ: ਕੁਝ ਬੱਚੇ ਪੀਂਘ ਝੂਟਣ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ। ਫਿਰ ਇਕ ਬੱਚਾ ਇਨ੍ਹਾਂ ਸਾਰਿਆਂ ਬੱਚਿਆਂ ਨੂੰ ਨਜ਼ਰਅੰਦਾਜ਼ ਕਰ ਕੇ ਅੱਗੇ ਚਲੇ ਜਾਂਦਾ ਹੈ ਤੇ ਪੀਂਘ ਝੂਟਣ ਲੱਗ ਪੈਂਦਾ ਹੈ। ਕਈ ਬੱਚੇ ਕਹਿ ਉੱਠਦੇ ਹਨ, ‘ਇਹ ਠੀਕ ਨਹੀਂ! ਇਸ ਤਰ੍ਹਾਂ ਕਰਨਾ ਗ਼ਲਤ ਹੈ।’ ਹੁਣ ਜ਼ਰਾ ਆਪਣੇ ਆਪ ਤੋਂ ਪੁੱਛੋ, ‘ਇਹ ਕਿੱਦਾਂ ਹੋ ਸਕਦਾ ਕਿ ਬੱਚੇ ਵੀ ਸਹੀ ਤੇ ਗ਼ਲਤ ਵਿਚ ਫ਼ਰਕ ਜਾਣਦੇ ਹਨ?’ ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਵਿਚ ਸਹੀ-ਗ਼ਲਤ ਨੂੰ ਪਛਾਣਨ ਦੀ ਅੰਦਰੂਨੀ ਸਮਝ ਹੈ। ਪੌਲੁਸ ਨੇ ਲਿਖਿਆ: “ਪਰਾਈਆਂ ਕੌਮਾਂ ਜਿਹੜੀਆਂ ਸ਼ਰਾ ਹੀਨ ਹਨ ਆਪਣੇ ਸੁਭਾਉ ਤੋਂ ਸ਼ਰਾ ਦੇ ਕੰਮ ਕਰਦੀਆਂ ਹਨ।” ਪੌਲੁਸ ਦੇ ਕਹਿਣ ਦਾ ਮਤਲਬ ਇਹ ਸੀ ਕਿ ਲੋਕ ਆਪਣੇ ਅੰਦਰੋਂ ਪ੍ਰੇਰਿਤ ਹੋ ਕੇ ਅਜਿਹੇ ਕੰਮ ਕਰਦੇ ਹਨ ਜਿਨ੍ਹਾਂ ਬਾਰੇ ਅਸੀਂ ਪਰਮੇਸ਼ੁਰ ਦੇ ਬਚਨ ਵਿਚ ਪੜ੍ਹਦੇ ਹਾਂ।
8 ਇਹ ਨੈਤਿਕ ਝੁਕਾਅ ਬਹੁਤ ਸਾਰੇ ਦੇਸ਼ਾਂ ਵਿਚ ਦੇਖਿਆ ਜਾਂਦਾ ਹੈ। ਕੇਮਬ੍ਰਿਜ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਨੇ ਲਿਖਿਆ ਕਿ ਬਾਬਲੀਆਂ, ਮਿਸਰੀਆਂ, ਯੂਨਾਨੀਆਂ, ਆਸਟ੍ਰੇਲੀਆਈ ਅਤੇ ਅਮਰੀਕੀ ਆਦਿਵਾਸੀਆਂ ਦੇ ਕਾਇਦੇ-ਕਾਨੂੰਨਾਂ ਵਿਚ “ਅਤਿਆਚਾਰ, ਕਤਲ, ਧੋਖੇਬਾਜ਼ੀ ਅਤੇ ਝੂਠ ਨੂੰ ਨਿੰਦਿਆ ਗਿਆ ਹੈ। ਉਨ੍ਹਾਂ ਦੀ ਰੀਤ ਮੁਤਾਬਕ ਬਿਰਧਾਂ, ਬੱਚਿਆਂ ਅਤੇ ਕਮਜ਼ੋਰਾਂ ਉੱਤੇ ਦਇਆ ਕੀਤੀ ਜਾਣੀ ਚਾਹੀਦੀ ਸੀ।” ਡਾਕਟਰ ਕੌਲਿੰਜ਼ ਨੇ ਲਿਖਿਆ: “ਸਹੀ ਅਤੇ ਗ਼ਲਤ ਨੂੰ ਪਛਾਣਨ ਦੀ ਯੋਗਤਾ ਦੁਨੀਆਂ ਭਰ ਦੇ ਲੋਕਾਂ ਵਿਚ ਪਾਈ ਜਾਂਦੀ ਹੈ।” ਕੀ ਇਹ ਗੱਲ ਤੁਹਾਨੂੰ ਰੋਮੀਆਂ 2:14 ਚੇਤੇ ਨਹੀਂ ਕਰਾਉਂਦੀ?
ਜ਼ਮੀਰ ਕਿਵੇਂ ਕੰਮ ਕਰਦੀ ਹੈ?
9. ਜ਼ਮੀਰ ਕੀ ਹੈ ਅਤੇ ਸਾਡੀ ਇਹ ਕਿਵੇਂ ਮਦਦ ਕਰ ਸਕਦੀ ਹੈ ਜਦ ਅਸੀਂ ਕੋਈ ਕੰਮ ਕਰਨ ਬਾਰੇ ਸੋਚ ਰਹੇ ਹੁੰਦੇ ਹਾਂ?
9 ਬਾਈਬਲ ਅਨੁਸਾਰ ਜ਼ਮੀਰ ਸਾਡੇ ਆਪਣੇ ਕੰਮਾਂ ਨੂੰ ਵਿਚਾਰਨ ਤੇ ਜਾਂਚਣ ਦੀ ਅੰਦਰੂਨੀ ਕਾਬਲੀਅਤ ਹੈ। ਮਾਨੋ ਸਾਡੇ ਅੰਦਰੋਂ ਕੋਈ ਆਵਾਜ਼ ਕਹਿ ਰਹੀ ਹੋਵੇ ਕਿ ਕੋਈ ਗੱਲ ਗ਼ਲਤ ਹੈ ਜਾਂ ਸਹੀ। ਪੌਲੁਸ ਨੇ ਆਪਣੀ ਇਸ ਅੰਦਰਲੀ ਆਵਾਜ਼ ਬਾਰੇ ਕਿਹਾ: “ਮੇਰਾ ਅੰਤਹਕਰਨ ਪਵਿੱਤਰ ਆਤਮਾ ਵਿੱਚ ਮੇਰਾ ਗਵਾਹ ਹੈ।” (ਰੋਮੀਆਂ 9:1) ਮਿਸਾਲ ਲਈ, ਜਦ ਅਸੀਂ ਕੋਈ ਫ਼ੈਸਲਾ ਕਰਨ ਬਾਰੇ ਸੋਚ ਰਹੇ ਹੁੰਦੇ ਹਾਂ, ਤਾਂ ਸ਼ਾਇਦ ਇਹ ਆਵਾਜ਼ ਸਾਨੂੰ ਪਹਿਲਾਂ ਤੋਂ ਹੀ ਦੱਸ ਦੇਵੇ ਕਿ ਸਾਡਾ ਫ਼ੈਸਲਾ ਸਹੀ ਹੈ ਜਾਂ ਗ਼ਲਤ। ਇਹ ਉਸ ਕੰਮ ਦੀ ਜਾਂਚ ਕਰਨ ਵਿਚ ਸਾਡੀ ਮਦਦ ਕਰ ਸਕਦੀ ਹੈ ਜੋ ਅਸੀਂ ਕਰਨ ਵਾਲੇ ਹਾਂ ਅਤੇ ਇਹ ਵੀ ਦੱਸਦੀ ਹੈ ਕਿ ਇਹ ਕੰਮ ਕਰਨ ਤੋਂ ਬਾਅਦ ਸਾਨੂੰ ਕਿਵੇਂ ਮਹਿਸੂਸ ਹੋਵੇਗਾ।
10. ਜ਼ਮੀਰ ਅਕਸਰ ਕਿਵੇਂ ਕੰਮ ਕਰਦੀ ਹੈ?
10 ਜ਼ਿਆਦਾਤਰ ਇੱਦਾਂ ਹੁੰਦਾ ਹੈ ਕਿ ਸਾਡੇ ਕੁਝ ਕਰਨ ਤੋਂ ਬਾਅਦ ਸਾਡੀ ਜ਼ਮੀਰ ਸਾਨੂੰ ਕੋਸਦੀ ਹੈ। ਜਦ ਦਾਊਦ ਰਾਜਾ ਸ਼ਾਊਲ ਦੇ ਡਰੋਂ ਥਾਂ-ਥਾਂ ਭਟਕ ਰਿਹਾ ਸੀ, ਤਾਂ ਉਸ ਨੂੰ ਇਕ ਮੌਕਾ ਮਿਲਿਆ ਜਿਸ ਦਾ ਫ਼ਾਇਦਾ ਉਠਾ ਕੇ ਉਸ ਨੇ ਅਜਿਹਾ ਕੁਝ ਕੀਤਾ ਜਿਸ ਨਾਲ ਪਰਮੇਸ਼ੁਰ ਦੇ ਚੁਣੇ ਹੋਏ ਰਾਜੇ ਸ਼ਾਊਲ ਦਾ ਅਨਾਦਰ ਹੋਇਆ। ਬਾਅਦ ਵਿਚ “ਦਾਊਦ ਦੇ ਦਿਲ ਵਿਚ ਦੁਖ ਹੋਣ ਲਗਾ।” (1 ਸਮੂਏਲ 24:1-5, ਪਵਿੱਤਰ ਬਾਈਬਲ ਨਵਾਂ ਅਨੁਵਾਦ; ਜ਼ਬੂਰਾਂ ਦੀ ਪੋਥੀ 32:3, 5) ਭਾਵੇਂ ਇੱਥੇ “ਜ਼ਮੀਰ” ਦਾ ਜ਼ਿਕਰ ਨਹੀਂ ਕੀਤਾ ਗਿਆ, ਪਰ ਦਾਊਦ ਨੂੰ ਜਿਸ ਤਰ੍ਹਾਂ ਮਹਿਸੂਸ ਹੋਇਆ, ਉਹ ਉਸ ਦੀ ਜ਼ਮੀਰ ਦੀ ਬਦੌਲਤ ਸੀ। ਇਸੇ ਤਰ੍ਹਾਂ ਸਾਡੀ ਜ਼ਮੀਰ ਨੇ ਵੀ ਸਾਨੂੰ ਲਾਨ੍ਹਤਾਂ ਪਾਈਆਂ ਹੋਣਗੀਆਂ। ਪਹਿਲਾਂ ਅਸੀਂ ਕੁਝ ਕਰ ਬੈਠੇ ਤੇ ਫਿਰ ਆਪਣੇ ਕੀਤੇ ਨੂੰ ਯਾਦ ਕਰ-ਕਰ ਕੇ ਪਛਤਾਏ। ਕੁਝ ਲੋਕਾਂ ਨਾਲ ਇੱਦਾਂ ਵੀ ਹੋਇਆ ਹੈ ਕਿ ਪਹਿਲਾਂ ਉਨ੍ਹਾਂ ਨੇ ਟੈਕਸ ਨਹੀਂ ਦਿੱਤਾ, ਪਰ ਜਦ ਉਨ੍ਹਾਂ ਦੀ ਜ਼ਮੀਰ ਨੇ ਉਨ੍ਹਾਂ ਨੂੰ ਕੋਸਿਆ, ਤਾਂ ਉਨ੍ਹਾਂ ਨੇ ਟੈਕਸ ਦੇ ਦਿੱਤਾ। ਹੋਰਨਾਂ ਨੇ ਜ਼ਮੀਰ ਦੀ ਸੁਣ ਕੇ ਆਪਣੇ ਜੀਵਨ-ਸਾਥੀ ਦੇ ਅੱਗੇ ਵਿਭਚਾਰ ਨੂੰ ਕਬੂਲ ਕੀਤਾ। (ਇਬਰਾਨੀਆਂ 13:4) ਜਦ ਕੋਈ ਆਪਣੀ ਜ਼ਮੀਰ ਦੇ ਹਿਸਾਬ ਨਾਲ ਚੱਲਦਾ ਹੈ, ਤਾਂ ਉਸ ਨੂੰ ਮਨ ਦੀ ਸ਼ਾਂਤੀ ਮਿਲਦੀ ਹੈ।
11. ਹਮੇਸ਼ਾ ਆਪਣੀ ਜ਼ਮੀਰ ਦੀ ਸੁਣਦੇ ਰਹਿਣਾ ਖ਼ਤਰਨਾਕ ਕਿਉਂ ਹੋ ਸਕਦਾ ਹੈ? ਉਦਾਹਰਣ ਦਿਓ।
11 ਤਾਂ ਫਿਰ ਕੀ ਸਾਨੂੰ ਆਪਣੀ ਜ਼ਮੀਰ ਦੀ ਹਮੇਸ਼ਾ ਸੁਣ ਲੈਣੀ ਚਾਹੀਦੀ ਹੈ? ਆਪਣੀ ਜ਼ਮੀਰ ਦੀ ਸੁਣਨੀ ਚੰਗੀ ਗੱਲ ਹੈ, ਪਰ ਇਹ ਸਾਨੂੰ ਗ਼ਲਤ ਕੰਮ ਕਰਨ ਦੀ ਇਜਾਜ਼ਤ ਵੀ ਦੇ ਸਕਦੀ ਹੈ। ਜੀ ਹਾਂ, ਸਾਡੇ ਅੰਦਰਲੇ ਇਨਸਾਨ ਦੀ ਆਵਾਜ਼ ਸਾਨੂੰ ਗੁਮਰਾਹ ਕਰ ਸਕਦੀ ਹੈ। (2 ਕੁਰਿੰਥੀਆਂ 4:16) ਇਕ ਉਦਾਹਰਣ ਤੇ ਗੌਰ ਕਰੋ। ਬਾਈਬਲ ਦੱਸਦੀ ਹੈ ਕਿ ਯਿਸੂ ਮਸੀਹ ਦਾ ਚੇਲਾ ਇਸਤੀਫ਼ਾਨ “ਕਿਰਪਾ ਅਰ ਸ਼ਕਤੀ ਨਾਲ ਭਰਪੂਰ” ਸੀ। ਕੁਝ ਯਹੂਦੀਆਂ ਨੇ ਉਸ ਨੂੰ ਯਰੂਸ਼ਲਮ ਦੇ ਬਾਹਰ ਸੁੱਟ ਦਿੱਤਾ ਅਤੇ ਪੱਥਰ ਮਾਰ-ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਲਾਗੇ ਖੜ੍ਹਾ ਸੌਲੁਸ (ਜੋ ਬਾਅਦ ਵਿਚ ਪੌਲੁਸ ਰਸੂਲ ਬਣਿਆ) ਇਸਤੀਫ਼ਾਨ ਦੇ “ਮਾਰ ਦੇਣ ਉੱਤੇ ਰਾਜ਼ੀ ਸੀ।” ਇੰਜ ਜਾਪਦਾ ਹੈ ਕਿ ਉਨ੍ਹਾਂ ਯਹੂਦੀਆਂ ਨੂੰ ਪੂਰਾ ਵਿਸ਼ਵਾਸ ਸੀ ਕਿ ਉਨ੍ਹਾਂ ਨੇ ਜੋ ਕੀਤਾ ਸਹੀ ਕੀਤਾ ਸੀ ਕਿਉਂਕਿ ਉਨ੍ਹਾਂ ਦੀ ਜ਼ਮੀਰ ਨੇ ਉਨ੍ਹਾਂ ਨੂੰ ਤੰਗ ਨਹੀਂ ਕੀਤਾ। ਸੌਲੁਸ ਨੇ ਵੀ ਇਸੇ ਤਰ੍ਹਾਂ ਮਹਿਸੂਸ ਕੀਤਾ ਹੋਣਾ ਕਿਉਂਕਿ ਉਹ ਇਸਤੀਫ਼ਾਨ ਦੀ ਮੌਤ ਤੋਂ ਬਾਅਦ ਵੀ “ਪ੍ਰਭੁ ਦੇ ਚੇਲਿਆਂ ਦੇ ਦਬਕਾਉਣ ਅਤੇ ਕਤਲ ਕਰਨ” ਦੇ ਪੱਖ ਵਿਚ ਸੀ। ਇਸ ਤੋਂ ਸਪੱਸ਼ਟ ਹੈ ਕਿ ਉਸ ਵੇਲੇ ਉਸ ਦੀ ਜ਼ਮੀਰ ਚੰਗੀ ਤਰ੍ਹਾਂ ਕੰਮ ਨਹੀਂ ਕਰ ਰਹੀ ਸੀ।—ਰਸੂਲਾਂ ਦੇ ਕਰਤੱਬ 6:8; 7:57-60; 9:1.
12. ਸਾਡੀ ਜ਼ਮੀਰ ਤੇ ਕਿਹੜੇ ਤਰੀਕੇ ਨਾਲ ਅਸਰ ਪੈ ਸਕਦਾ ਹੈ?
12 ਸੌਲੁਸ ਦੀ ਜ਼ਮੀਰ ਉੱਤੇ ਕਿਸ ਨੇ ਅਸਰ ਪਾਇਆ ਹੋਵੇਗਾ? ਇਕ ਤਾਂ ਸ਼ਾਇਦ ਉਨ੍ਹਾਂ ਲੋਕਾਂ ਨੇ ਅਸਰ ਪਾਇਆ ਹੋਵੇਗਾ ਜਿਨ੍ਹਾਂ ਨਾਲ ਉਹ ਉੱਠਦਾ-ਬੈਠਦਾ ਸੀ। ਮਿਸਾਲ ਲਈ, ਸਾਡੇ ਵਿੱਚੋਂ ਕਈਆਂ ਨੇ ਫ਼ੋਨ ਉੱਤੇ ਅਜਿਹੇ ਬੰਦੇ ਨਾਲ ਗੱਲ ਕੀਤੀ ਹੋਵੇਗੀ ਜਿਸ ਦੀ ਆਵਾਜ਼ ਉਸ ਦੇ ਪਿਤਾ ਦੀ ਆਵਾਜ਼ ਨਾਲ ਬਹੁਤ ਮਿਲਦੀ-ਜੁਲਦੀ ਹੈ। ਇਹ ਆਵਾਜ਼ ਉਸ ਨੇ ਵਿਰਸੇ ਵਿਚ ਪਾਈ ਹੈ, ਪਰ ਉਸ ਉੱਤੇ ਉਸ ਦੇ ਪਿਤਾ ਦੇ ਬੋਲਣ ਦੇ ਢੰਗ ਦਾ ਵੀ ਅਸਰ ਹੋ ਸਕਦਾ ਹੈ। ਇਸੇ ਤਰ੍ਹਾਂ ਸੌਲੁਸ ਉੱਤੇ ਉਨ੍ਹਾਂ ਯਹੂਦੀਆਂ ਦਾ ਅਸਰ ਪਿਆ ਹੋਣਾ ਜਿਨ੍ਹਾਂ ਨਾਲ ਉਹ ਉੱਠਦਾ-ਬੈਠਦਾ ਸੀ। ਉਹ ਯਿਸੂ ਨੂੰ ਨਫ਼ਰਤ ਕਰਦੇ ਸੀ ਤੇ ਉਸ ਦੀਆਂ ਸਿੱਖਿਆਵਾਂ ਦਾ ਵਿਰੋਧ ਕਰਦੇ ਸਨ। (ਯੂਹੰਨਾ 11:47-50; 18:14; ਰਸੂਲਾਂ ਦੇ ਕਰਤੱਬ 5:27, 28, 33) ਜੀ ਹਾਂ, ਸੌਲੁਸ ਦੇ ਸਾਥੀਆਂ ਨੇ ਉਸ ਉੱਤੇ ਅਸਰ ਪਾਇਆ ਹੋਵੇਗਾ।
13. ਇਕ ਵਿਅਕਤੀ ਦੀ ਜ਼ਮੀਰ ਉੱਤੇ ਮਾਹੌਲ ਕਿਵੇਂ ਅਸਰ ਕਰ ਸਕਦਾ ਹੈ?
13 ਇਕ ਇਨਸਾਨ ਜਿਹੋ ਜਿਹੇ ਸਭਿਆਚਾਰ ਜਾਂ ਮਾਹੌਲ ਵਿਚ ਰਹਿੰਦਾ ਹੈ, ਉਸ ਦੁਆਰਾ ਵੀ ਉਸ ਦੀ ਜ਼ਮੀਰ ਢਲ਼ ਸਕਦੀ ਹੈ, ਠੀਕ ਉਸੇ ਤਰ੍ਹਾਂ ਜਿਵੇਂ ਕੋਈ ਬੰਦਾ ਆਪਣੇ ਆਲੇ-ਦੁਆਲੇ ਦੇ ਲੋਕਾਂ ਦੇ ਲਹਿਜੇ ਜਾਂ ਬੋਲੀ ਵਿਚ ਬੋਲਣ ਲੱਗ ਪੈਂਦਾ ਹੈ। (ਮੱਤੀ 26:73) ਮਿਸਾਲ ਲਈ, ਪ੍ਰਾਚੀਨ ਅੱਸ਼ੂਰ ਦੇ ਲੋਕਾਂ ਉੱਤੇ ਉਸ ਸਮੇਂ ਦੇ ਮਾਹੌਲ ਦਾ ਅਸਰ ਸੀ। ਉਹ ਆਪਣੀ ਫ਼ੌਜੀ ਤਾਕਤ ਲਈ ਮਸ਼ਹੂਰ ਸਨ ਅਤੇ ਉਨ੍ਹਾਂ ਦੇ ਸ਼ਿਲਾ-ਲੇਖਾਂ ਉੱਤੇ ਉਨ੍ਹਾਂ ਨੂੰ ਆਪਣੇ ਗ਼ੁਲਾਮਾਂ ਉੱਤੇ ਜ਼ੁਲਮ ਕਰਦਿਆਂ ਦਿਖਾਇਆ ਗਿਆ ਹੈ। (ਨਹੂਮ 2:11, 12; 3:1) ਯੂਨਾਹ ਦੇ ਜ਼ਮਾਨੇ ਵਿਚ ਰਹਿੰਦੇ ਨੀਨਵਾਹ ਦੇ ਲੋਕਾਂ ਬਾਰੇ ਕਿਹਾ ਗਿਆ ਸੀ ਕਿ ਉਹ “ਆਪਣੇ ਸੱਜੇ ਖੱਬੇ ਹੱਥ ਨੂੰ ਵੀ ਨਹੀਂ ਸਿਆਣ ਸੱਕਦੇ” ਸਨ। ਕਹਿਣ ਦਾ ਮਤਲਬ ਹੈ ਕਿ ਉਨ੍ਹਾਂ ਕੋਲ ਕੋਈ ਸਹੀ ਮਿਆਰ ਨਹੀਂ ਸੀ ਜਿਸ ਦੀ ਮਦਦ ਨਾਲ ਉਹ ਦੇਖ ਸਕਦੇ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਕੀ ਸਹੀ ਜਾਂ ਗ਼ਲਤ ਸੀ। ਜ਼ਰਾ ਕਲਪਨਾ ਕਰ ਕੇ ਦੇਖੋ ਕਿ ਉਹ ਮਾਹੌਲ ਨੀਨਵਾਹ ਵਿਚ ਜੰਮੇ-ਪਲੇ ਲੋਕਾਂ ਦੀ ਜ਼ਮੀਰ ਨੂੰ ਕਿੰਨਾ ਪ੍ਰਭਾਵਿਤ ਕਰ ਸਕਦਾ ਸੀ! (ਯੂਨਾਹ 3:4, 5; 4:11) ਉਸੇ ਤਰ੍ਹਾਂ ਅੱਜ ਵੀ ਇਕ ਵਿਅਕਤੀ ਦੀ ਜ਼ਮੀਰ ਉੱਤੇ ਉਸ ਦੇ ਆਲੇ-ਦੁਆਲੇ ਦੇ ਲੋਕਾਂ ਦੇ ਰਵੱਈਏ ਦਾ ਬਹੁਤ ਅਸਰ ਪੈ ਸਕਦਾ ਹੈ।
ਅੰਦਰਲੀ ਆਵਾਜ਼ ਨੂੰ ਸੁਧਾਰੋ
14. ਉਤਪਤ 1:27 ਤੋਂ ਜ਼ਮੀਰ ਬਾਰੇ ਕੀ ਸੰਕੇਤ ਮਿਲਦਾ ਹੈ?
14 ਯਹੋਵਾਹ ਨੇ ਆਦਮ ਤੇ ਹੱਵਾਹ ਨੂੰ ਜ਼ਮੀਰ ਦਿੱਤੀ ਸੀ ਤੇ ਉਨ੍ਹਾਂ ਤੋਂ ਹੀ ਸਾਨੂੰ ਜ਼ਮੀਰ ਮਿਲੀ ਹੈ। ਉਤਪਤ 1:27 ਦੱਸਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਸਰੂਪ ਤੇ ਬਣਾਏ ਗਏ ਹਾਂ। ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਸਰੀਰਕ ਪੱਖੋਂ ਪਰਮੇਸ਼ੁਰ ਵਰਗੇ ਹਾਂ ਕਿਉਂਕਿ ਉਹ ਤਾਂ ਆਤਮਾ ਹੈ ਤੇ ਅਸੀਂ ਹੱਡ-ਮਾਸ ਦੇ ਬਣੇ ਹਾਂ। ਪਰਮੇਸ਼ੁਰ ਦੇ ਸਰੂਪ ਤੇ ਬਣੇ ਹੋਣ ਦਾ ਮਤਲਬ ਹੈ ਕਿ ਸਾਡੇ ਵਿਚ ਉਸ ਵਰਗੇ ਗੁਣ ਹਨ ਅਤੇ ਭਲੇ-ਬੁਰੇ ਵਿਚ ਫ਼ਰਕ ਪਛਾਣਨ ਦੀ ਯੋਗਤਾ ਯਾਨੀ ਜ਼ਮੀਰ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਜਿੰਨਾ ਜ਼ਿਆਦਾ ਅਸੀਂ ਆਪਣੇ ਸਿਰਜਣਹਾਰ ਨੂੰ ਜਾਣਨ ਤੇ ਉਸ ਵਰਗੇ ਬਣਨ ਦੀ ਕੋਸ਼ਿਸ਼ ਕਰਾਂਗੇ, ਉੱਨਾ ਹੀ ਅਸੀਂ ਆਪਣੀ ਜ਼ਮੀਰ ਨੂੰ ਸੁਧਾਰ ਕੇ ਭਰੋਸੇਯੋਗ ਬਣਾ ਸਕਾਂਗੇ।
15. ਸਾਨੂੰ ਆਪਣੇ ਪਿਤਾ ਯਹੋਵਾਹ ਨੂੰ ਜਾਣਨ ਦਾ ਕੀ ਫ਼ਾਇਦਾ ਹੁੰਦਾ ਹੈ?
15 ਯਹੋਵਾਹ ਸਾਡਾ ਜੀਵਨਦਾਤਾ ਹੈ ਤੇ ਇਸ ਤਰ੍ਹਾਂ ਉਹ ਸਾਡੇ ਸਾਰਿਆਂ ਦਾ ਪਿਤਾ ਹੈ। (ਯਸਾਯਾਹ 64:8) ਸਾਰੇ ਵਫ਼ਾਦਾਰ ਮਸੀਹੀ ਪਰਮੇਸ਼ੁਰ ਨੂੰ ਪਿਤਾ ਬੁਲਾ ਸਕਦੇ ਹਨ, ਭਾਵੇਂ ਉਨ੍ਹਾਂ ਦੀ ਆਸ ਸਵਰਗ ਜਾਣ ਦੀ ਹੈ ਜਾਂ ਇਸ ਧਰਤੀ ਉੱਤੇ ਸਦਾ ਦਾ ਜੀਵਨ ਪਾਉਣ ਦੀ। (ਮੱਤੀ 6:9) ਸਾਡੀ ਇੱਛਾ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੇ ਪਿਤਾ ਦੇ ਹੋਰ ਨੇੜੇ ਜਾਈਏ ਅਤੇ ਉਸ ਦੇ ਵਿਚਾਰਾਂ ਤੇ ਅਸੂਲਾਂ ਬਾਰੇ ਸਿੱਖੀਏ। (ਯਾਕੂਬ 4:8) ਜ਼ਿਆਦਾਤਰ ਲੋਕਾਂ ਦੀ ਇਸ ਤਰ੍ਹਾਂ ਕਰਨ ਵਿਚ ਕੋਈ ਰੁਚੀ ਨਹੀਂ। ਉਹ ਉਨ੍ਹਾਂ ਯਹੂਦੀਆਂ ਵਰਗੇ ਹਨ ਜਿਨ੍ਹਾਂ ਨੂੰ ਯਿਸੂ ਨੇ ਕਿਹਾ ਸੀ: “ਤੁਸਾਂ ਨਾ ਕਦੇ ਉਹ ਦੀ ਅਵਾਜ਼ ਸੁਣੀ, ਨਾ ਉਹ ਦਾ ਰੂਪ ਡਿੱਠਾ ਹੈ। ਉਹ ਦਾ ਬਚਨ ਤੁਹਾਡੇ ਵਿੱਚ ਨਹੀਂ ਟਿਕਦਾ ਇਸ ਲਈ ਕਿ ਜਿਸ ਨੂੰ ਉਨ ਭੇਜਿਆ ਤੁਸੀਂ ਉਹ ਦੀ ਪਰਤੀਤ ਨਹੀਂ ਕਰਦੇ ਹੋ।” (ਯੂਹੰਨਾ 5:37, 38) ਇਹ ਸੱਚ ਹੈ ਕਿ ਅਸੀਂ ਪਰਮੇਸ਼ੁਰ ਦੀ ਆਵਾਜ਼ ਨਹੀਂ ਸੁਣੀ, ਪਰ ਸਾਡੇ ਕੋਲ ਉਸ ਦਾ ਬਚਨ ਹੈ ਜਿਸ ਨੂੰ ਪੜ੍ਹ ਕੇ ਅਸੀਂ ਉਸ ਦੀ ਸੋਚਣੀ ਬਾਰੇ ਜਾਣ ਸਕਦੇ ਹਾਂ ਤੇ ਉਸ ਦੀ ਰੀਸ ਕਰ ਸਕਦੇ ਹਾਂ।
16. ਯੂਸੁਫ਼ ਦੀ ਉਦਾਹਰਣ ਤੋਂ ਜ਼ਮੀਰ ਬਾਰੇ ਸਾਨੂੰ ਕੀ ਪਤਾ ਲੱਗਦਾ ਹੈ?
16 ਯੂਸੁਫ਼ ਦੀ ਉਦਾਹਰਣ ਤੇ ਗੌਰ ਕਰੋ। ਜਦ ਉਹ ਪੋਟੀਫ਼ਰ ਦੇ ਘਰ ਹੁੰਦਾ ਸੀ, ਤਾਂ ਪੋਟੀਫ਼ਰ ਦੀ ਤੀਵੀਂ ਨੇ ਯੂਸੁਫ਼ ਨੂੰ ਗ਼ਲਤ ਕੰਮ ਵਾਸਤੇ ਲੁਭਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਯੂਸੁਫ਼ ਉਸ ਜ਼ਮਾਨੇ ਵਿਚ ਰਹਿੰਦਾ ਸੀ ਜਦ ਅਜੇ ਬਾਈਬਲ ਦੀ ਕੋਈ ਕਿਤਾਬ ਨਹੀਂ ਲਿਖੀ ਗਈ ਸੀ ਤੇ ਨਾ ਹੀ ਦਸ ਹੁਕਮ ਦਿੱਤੇ ਗਏ ਸਨ, ਪਰ ਫਿਰ ਵੀ ਯੂਸੁਫ਼ ਨੇ ਕਿਹਾ: “ਮੈਂ ਐੱਡੀ ਵੱਡੀ ਬੁਰਿਆਈ ਅਤੇ ਪਾਪ ਪਰਮੇਸ਼ੁਰ ਦੇ ਵਿਰੁੱਧ ਕਿਵੇਂ ਕਰਾਂ?” (ਉਤਪਤ 39:9) ਇਹ ਗੱਲ ਉਹ ਆਪਣੇ ਘਰਦਿਆਂ ਨੂੰ ਖ਼ੁਸ਼ ਕਰਨ ਲਈ ਨਹੀਂ ਕਹਿ ਰਿਹਾ ਸੀ ਕਿਉਂਕਿ ਉਹ ਤਾਂ ਬਹੁਤ ਦੂਰ ਰਹਿੰਦੇ ਸੀ। ਉਹ ਖ਼ਾਸ ਕਰਕੇ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ। ਯੂਸੁਫ਼ ਵਿਆਹ ਬਾਰੇ ਪਰਮੇਸ਼ੁਰ ਦਾ ਅਸੂਲ ਜਾਣਦਾ ਸੀ—ਇਕ ਆਦਮੀ ਦੀ ਇੱਕੋ ਪਤਨੀ ਹੋਵੇਗੀ ਤੇ ਉਹ ਦੋਵੇਂ “ਇੱਕ ਸਰੀਰ” ਹੋਣਗੇ। ਹੋ ਸਕਦਾ ਹੈ ਕਿ ਉਸ ਨੇ ਇਹ ਵੀ ਸੁਣ ਰੱਖਿਆ ਸੀ ਕਿ ਅਬੀਮਲਕ ਨੂੰ ਉਦੋਂ ਕਿਵੇਂ ਲੱਗਾ ਸੀ ਜਦ ਉਸ ਨੂੰ ਪਤਾ ਲੱਗਾ ਕਿ ਰਿਬਕਾਹ ਵਿਆਹੀ ਹੋਈ ਸੀ। ਉਸ ਨੇ ਰਿਬਕਾਹ ਨਾਲ ਜਿਨਸੀ ਸੰਬੰਧ ਕਾਇਮ ਨਹੀਂ ਕੀਤੇ ਕਿਉਂਕਿ ਇਸ ਪਾਪ ਕਾਰਨ ਉਸ ਦੇ ਲੋਕਾਂ ਤੇ ਪਰਮੇਸ਼ੁਰ ਦਾ ਕ੍ਰੋਧ ਭੜਕ ਪੈਣਾ ਸੀ। ਇਸ ਤਰ੍ਹਾਂ ਯਹੋਵਾਹ ਨੇ ਰਿਬਕਾਹ ਦੀ ਇੱਜ਼ਤ ਬਚਾਈ ਤੇ ਵਿਭਚਾਰ ਬਾਰੇ ਆਪਣਾ ਨਜ਼ਰੀਆ ਪ੍ਰਗਟ ਕੀਤਾ। ਇਹ ਜਾਣਕਾਰੀ ਹੋਣ ਨਾਲ ਯੂਸੁਫ਼ ਦੀ ਜ਼ਮੀਰ ਨੇ ਉਸ ਨੂੰ ਵਿਭਚਾਰ ਕਰਨ ਤੋਂ ਰੋਕਿਆ।—ਉਤਪਤ 2:24; 12:17-19; 20:1-18; 26:7-14.
17. ਆਪਣੇ ਪਿਤਾ ਦੀ ਸੋਚ ਮੁਤਾਬਕ ਚੱਲਣ ਲਈ ਅਸੀਂ ਯੂਸੁਫ਼ ਨਾਲੋਂ ਵਧੀਆ ਸਥਿਤੀ ਵਿਚ ਕਿਉਂ ਹਾਂ?
17 ਪਰ ਅਸੀਂ ਯੂਸੁਫ਼ ਨਾਲੋਂ ਵਧੀਆ ਸਥਿਤੀ ਵਿਚ ਹਾਂ। ਸਾਡੇ ਕੋਲ ਪੂਰੀ ਬਾਈਬਲ ਹੈ ਜਿਸ ਨੂੰ ਪੜ੍ਹ ਕੇ ਅਸੀਂ ਆਪਣੇ ਪਿਤਾ ਯਹੋਵਾਹ ਦੀ ਸੋਚ, ਉਸ ਦੀਆਂ ਭਾਵਨਾਵਾਂ ਤੇ ਪਸੰਦ-ਨਾਪਸੰਦ ਬਾਰੇ ਜਾਣ ਸਕਦੇ ਹਾਂ। ਅਸੀਂ ਜਿੰਨਾ ਜ਼ਿਆਦਾ ਬਾਈਬਲ ਤੋਂ ਵਾਕਫ਼ ਹੋਵਾਂਗੇ, ਉੱਨਾ ਹੀ ਅਸੀਂ ਆਪਣੇ ਪਿਤਾ ਦੇ ਨੇੜੇ ਜਾਵਾਂਗੇ ਤੇ ਉਸ ਵਰਗੇ ਬਣਾਂਗੇ। ਸਾਡੀ ਜ਼ਮੀਰ ਸਾਡੇ ਪਿਤਾ ਦੀ ਸੋਚ ਤੇ ਇੱਛਾ ਅਨੁਸਾਰ ਕੰਮ ਕਰੇਗੀ।—ਅਫ਼ਸੀਆਂ 5:1-5.
18. ਅਤੀਤ ਵਿਚ ਪਏ ਪ੍ਰਭਾਵ ਦੇ ਬਾਵਜੂਦ ਅਸੀਂ ਆਪਣੀ ਜ਼ਮੀਰ ਨੂੰ ਹੋਰ ਭਰੋਸੇਯੋਗ ਕਿਵੇਂ ਬਣਾ ਸਕਦੇ ਹਾਂ?
18 ਜ਼ਮੀਰ ਉੱਤੇ ਮਾਹੌਲ ਦੇ ਅਸਰ ਬਾਰੇ ਕੀ ਕਿਹਾ ਜਾ ਸਕਦਾ ਹੈ? ਸਾਡੇ ਉੱਤੇ ਸ਼ਾਇਦ ਸਾਡੇ ਰਿਸ਼ਤੇਦਾਰਾਂ ਦੀ ਸੋਚ ਤੇ ਉਨ੍ਹਾਂ ਦੇ ਕੰਮਾਂ ਅਤੇ ਉਸ ਮਾਹੌਲ ਦਾ ਅਸਰ ਹੋਵੇ ਜਿਸ ਵਿਚ ਅਸੀਂ ਵੱਡੇ ਹੋਏ ਹਾਂ। ਇਸ ਕਰਕੇ ਸਾਡੀ ਜ਼ਮੀਰ ਦੀ ਆਵਾਜ਼ ਸ਼ਾਇਦ ਦੱਬ ਗਈ ਜਾਂ ਸਾਨੂੰ ਗ਼ਲਤ ਸੇਧ ਦੇਣ ਲੱਗ ਪਈ ਹੋਵੇ। ਇਹ ਠੀਕ ਹੈ ਕਿ ਅਸੀਂ ਆਪਣੇ ਅਤੀਤ ਨੂੰ ਬਦਲ ਨਹੀਂ ਸਕਦੇ, ਪਰ ਅਸੀਂ ਅਜਿਹੇ ਸਾਥੀ ਅਤੇ ਮਾਹੌਲ ਨੂੰ ਚੁਣ ਸਕਦੇ ਹਾਂ ਜਿਸ ਦਾ ਸਾਡੀ ਜ਼ਮੀਰ ਉੱਤੇ ਚੰਗਾ ਅਸਰ ਪਵੇ। ਇਸ ਤਰ੍ਹਾਂ ਕਰਨ ਦਾ ਇਕ ਮਹੱਤਵਪੂਰਣ ਤਰੀਕਾ ਹੈ ਕਿ ਅਸੀਂ ਸਭਾਵਾਂ ਵਿਚ ਬਾਕਾਇਦਾ ਉਨ੍ਹਾਂ ਭੈਣਾਂ-ਭਰਾਵਾਂ ਨਾਲ ਮਿਲੀਏ-ਜੁਲੀਏ ਜਿਨ੍ਹਾਂ ਨੇ ਚਿਰਾਂ ਤੋਂ ਆਪਣੇ ਪਿਤਾ ਯਹੋਵਾਹ ਵਰਗੇ ਬਣਨ ਦੀ ਕੋਸ਼ਿਸ਼ ਕੀਤੀ ਹੈ। ਸਭਾਵਾਂ ਤੋਂ ਪਹਿਲਾਂ ਅਤੇ ਬਾਅਦ ਵਿਚ ਉਨ੍ਹਾਂ ਨੂੰ ਮਿਲਣ-ਗਿਲਣ ਦਾ ਸਾਡੇ ਕੋਲ ਵਧੀਆ ਮੌਕਾ ਹੁੰਦਾ ਹੈ। ਅਸੀਂ ਗਹੁ ਨਾਲ ਦੇਖ ਸਕਦੇ ਹਾਂ ਕਿ ਭੈਣ-ਭਰਾ ਕਿਵੇਂ ਬਾਈਬਲ ਅਨੁਸਾਰ ਸੋਚਦੇ ਤੇ ਕੰਮ ਕਰਦੇ ਹਨ। ਅਤੇ ਉਹ ਕਿਵੇਂ ਆਪਣੀ ਜ਼ਮੀਰ ਦੀ ਝੱਟ ਸੁਣਦੇ ਹਨ ਜਦੋਂ ਇਹ ਉਨ੍ਹਾਂ ਨੂੰ ਪਰਮੇਸ਼ੁਰ ਦੇ ਨਜ਼ਰੀਏ ਅਤੇ ਰਾਹਾਂ ਅਨੁਸਾਰ ਕੰਮ ਕਰਨ ਲਈ ਪ੍ਰੇਰਦੀ ਹੈ। ਇਸ ਤਰ੍ਹਾਂ ਸਾਨੂੰ ਆਪਣੀ ਜ਼ਮੀਰ ਬਾਈਬਲ ਦੇ ਸਿਧਾਂਤਾਂ ਅਨੁਸਾਰ ਢਾਲ਼ਣ ਵਿਚ ਮਦਦ ਮਿਲੇਗੀ ਤੇ ਅਸੀਂ ਪਰਮੇਸ਼ੁਰ ਦੇ ਗੁਣਾਂ ਨੂੰ ਹੋਰ ਚੰਗੀ ਤਰ੍ਹਾਂ ਨਾਲ ਪ੍ਰਗਟ ਕਰ ਸਕਾਂਗੇ। ਜਦ ਅਸੀਂ ਆਪਣੀ ਜ਼ਮੀਰ ਨੂੰ ਆਪਣੇ ਪਿਤਾ ਦੇ ਅਸੂਲਾਂ ਅਨੁਸਾਰ ਢਾਲ਼ਦੇ ਹਾਂ ਅਤੇ ਆਪਣੇ ਉੱਤੇ ਭੈਣ-ਭਰਾਵਾਂ ਦਾ ਚੰਗਾ ਪ੍ਰਭਾਵ ਪੈਣ ਦਿੰਦੇ ਹਾਂ, ਤਾਂ ਸਾਡੀ ਜ਼ਮੀਰ ਜ਼ਿਆਦਾ ਭਰੋਸੇਯੋਗ ਬਣੇਗੀ ਅਤੇ ਅਸੀਂ ਇਸ ਦੀ ਆਵਾਜ਼ ਜ਼ਿਆਦਾ ਧਿਆਨ ਨਾਲ ਸੁਣਾਂਗੇ।—ਯਸਾਯਾਹ 30:21.
19. ਅਗਲੇ ਲੇਖ ਵਿਚ ਅਸੀਂ ਜ਼ਮੀਰ ਦੇ ਹੋਰ ਕਿਹੜੇ ਪਹਿਲੂਆਂ ਵੱਲ ਧਿਆਨ ਦੇਵਾਂਗੇ?
19 ਪਰ ਕਈਆਂ ਨੂੰ ਹਾਲੇ ਵੀ ਦਿਨ-ਬ-ਦਿਨ ਆਪਣੀ ਜ਼ਮੀਰ ਅਨੁਸਾਰ ਚੱਲਣ ਲਈ ਜੱਦੋ-ਜਹਿਦ ਕਰਨੀ ਪੈਂਦੀ ਹੈ। ਅਗਲੇ ਲੇਖ ਵਿਚ ਕੁਝ ਹਾਲਾਤਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਦਾ ਭੈਣਾਂ-ਭਰਾਵਾਂ ਨੂੰ ਸਾਮ੍ਹਣਾ ਕਰਨਾ ਪਿਆ। ਇਨ੍ਹਾਂ ਹਾਲਾਤਾਂ ਦੀ ਜਾਂਚ ਕਰਨ ਨਾਲ ਅਸੀਂ ਹੋਰ ਚੰਗੀ ਤਰ੍ਹਾਂ ਦੇਖ ਪਾਵਾਂਗੇ ਕਿ ਜ਼ਮੀਰ ਕੀ ਕੰਮ ਕਰਦੀ ਹੈ, ਸਭ ਦੀ ਜ਼ਮੀਰ ਵੱਖੋ-ਵੱਖਰੀ ਕਿਉਂ ਹੋ ਸਕਦੀ ਹੈ ਅਤੇ ਅਸੀਂ ਆਪਣੀ ਜ਼ਮੀਰ ਅਨੁਸਾਰ ਹੋਰ ਚੰਗੀ ਤਰ੍ਹਾਂ ਕਿਵੇਂ ਚੱਲ ਸਕਦੇ ਹਾਂ।—ਇਬਰਾਨੀਆਂ 6:11, 12.
[ਫੁਟਨੋਟ]
a ਹਾਰਵਰਡ ਯੂਨੀਵਰਸਿਟੀ ਵਿਚ ਖਗੋਲ-ਵਿਗਿਆਨ ਦੇ ਪ੍ਰੋਫ਼ੈਸਰ ਓਅਨ ਗਿੰਗਰਿਚ ਨੇ ਲਿਖਿਆ: “ਜੀਵ-ਜੰਤੂਆਂ ਦੀਆਂ ਹਰਕਤਾਂ ਨੂੰ ਦੇਖ ਕੇ ਕੋਈ ਵਿਗਿਆਨਕ ਜਵਾਬ ਨਹੀਂ ਲੱਭਦਾ ਕਿ ਇਨਸਾਨ ਵਿਚ ਨਿਰਸੁਆਰਥ ਭਾਵਨਾ ਕਿੱਥੋਂ ਆਈ। ਇਸ ਗੱਲ ਦਾ ਜਵਾਬ ਸਾਨੂੰ ਇਹ ਮੰਨਣ ਨਾਲ ਮਿਲ ਸਕਦਾ ਹੈ ਕਿ ਇਨਸਾਨ ਵਿਚ ਇਹੋ ਜਿਹੇ ਗੁਣ ਰੱਬ ਨੇ ਪਾਏ ਹਨ ਤੇ ਜ਼ਮੀਰ ਵੀ ਉਸ ਦੀ ਹੀ ਦੇਣ ਹੈ।”
ਤੁਸੀਂ ਕੀ ਸਿੱਖਿਆ?
• ਸਾਰੇ ਸਭਿਆਚਾਰਾਂ ਦੇ ਲੋਕਾਂ ਵਿਚ ਸਹੀ-ਗ਼ਲਤ ਵਿਚ ਫ਼ਰਕ ਕਰਨ ਦੀ ਕਾਬਲੀਅਤ ਯਾਨੀ ਜ਼ਮੀਰ ਕਿਉਂ ਹੈ?
• ਹਮੇਸ਼ਾ ਆਪਣੀ ਜ਼ਮੀਰ ਦੀ ਸੁਣਨ ਤੋਂ ਸਾਵਧਾਨ ਰਹਿਣ ਦੀ ਕਿਉਂ ਲੋੜ ਹੈ?
• ਕਿਹੜੇ ਕੁਝ ਤਰੀਕਿਆਂ ਨਾਲ ਅਸੀਂ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਧਾਰ ਸਕਦੇ ਹਾਂ?
[ਸਫ਼ਾ 23 ਉੱਤੇ ਤਸਵੀਰਾਂ]
ਦਾਊਦ ਦੀ ਜ਼ਮੀਰ ਨੇ ਉਸ ਨੂੰ ਸਤਾਇਆ . . .
ਪਰ ਸੌਲੁਸ ਦੀ ਜ਼ਮੀਰ ਨੇ ਉਸ ਨੂੰ ਨਹੀਂ ਸਤਾਇਆ
[ਸਫ਼ਾ 24 ਉੱਤੇ ਤਸਵੀਰ]
ਅਸੀਂ ਆਪਣੀ ਜ਼ਮੀਰ ਨੂੰ ਸੁਧਾਰ ਸਕਦੇ ਹਾਂ