ਆਪਣੀ ਜ਼ਮੀਰ ਦੀ ਸੁਣ ਕੇ ਚੱਲੋ
“ਸੁੱਚਿਆਂ ਲਈ ਸੱਭੋ ਕੁਝ ਸੁੱਚਾ ਹੈ ਪਰ ਭਰਿਸ਼ਟਾਂ ਅਤੇ ਬੇਪਰਤੀਤਿਆਂ ਲਈ ਕੁਝ ਵੀ ਸੁੱਚਾ ਨਹੀਂ।”—ਤੀਤੁਸ 1:15.
1. ਕ੍ਰੀਟ ਟਾਪੂ ਦੀਆਂ ਕਲੀਸਿਯਾਵਾਂ ਦੀ ਮਦਦ ਕਰਨ ਲਈ ਪੌਲੁਸ ਨੇ ਕੀ ਕੀਤਾ ਸੀ?
ਪੌਲੁਸ ਰਸੂਲ ਨੇ ਤਿੰਨ ਮਿਸ਼ਨਰੀ ਦੌਰੇ ਪੂਰੇ ਕਰ ਲਏ ਸਨ ਜਦ ਉਸ ਨੂੰ ਗਿਰਫ਼ਤਾਰ ਕਰ ਕੇ ਰੋਮ ਭੇਜਿਆ ਗਿਆ ਜਿੱਥੇ ਉਸ ਨੂੰ ਦੋ ਸਾਲ ਕੈਦ ਰੱਖਿਆ ਗਿਆ ਸੀ। ਰਿਹਾ ਹੋਣ ਤੋਂ ਬਾਅਦ ਉਸ ਨੇ ਕੀ ਕੀਤਾ? ਉਹ ਤੀਤੁਸ ਨਾਲ ਕ੍ਰੀਟ ਟਾਪੂ ਤੇ ਗਿਆ ਸੀ। ਬਾਅਦ ਵਿਚ ਪੌਲੁਸ ਨੇ ਉਸ ਨੂੰ ਚਿੱਠੀ ਲਿਖੀ: ‘ਮੈਂ ਤੈਨੂੰ ਕਰੇਤ [ਕ੍ਰੀਟ] ਵਿੱਚ ਛੱਡਿਆ ਸੀ ਭਈ ਜਿਹੜੀਆਂ ਗੱਲਾਂ ਰਹਿ ਗਈਆਂ ਸਨ ਤੂੰ ਓਹਨਾਂ ਨੂੰ ਸੁਆਰੇਂ ਅਤੇ ਬਜ਼ੁਰਗ ਥਾਪ ਦੇਵੇਂ।’ (ਤੀਤੁਸ 1:5) ਤੀਤੁਸ ਨੇ ਇਹ ਜ਼ਿੰਮੇਵਾਰੀ ਉਨ੍ਹਾਂ ਭੈਣਾਂ-ਭਰਾਵਾਂ ਵਿਚ ਜਾ ਕੇ ਨਿਭਾਉਣੀ ਸੀ ਜਿਨ੍ਹਾਂ ਵਿੱਚੋਂ ਕਈਆਂ ਦੀ ਜ਼ਮੀਰ ਸਹੀ ਤਰੀਕੇ ਨਾਲ ਕੰਮ ਕਰਦੀ ਸੀ ਤੇ ਕਈਆਂ ਦੀ ਨਹੀਂ।
2. ਕ੍ਰੀਟ ਟਾਪੂ ਉੱਤੇ ਤੀਤੁਸ ਨੂੰ ਕਿਹੜੀ ਸਮੱਸਿਆ ਦਾ ਸਾਮ੍ਹਣਾ ਕਰਨਾ ਪਿਆ?
2 ਪਹਿਲਾਂ ਪੌਲੁਸ ਨੇ ਤੀਤੁਸ ਨੂੰ ਦੱਸਿਆ ਕਿ ਕਲੀਸਿਯਾ ਦੇ ਨਿਗਾਹਬਾਨਾਂ ਵਿਚ ਕਿਹੜੀਆਂ ਯੋਗਤਾਵਾਂ ਹੋਣੀਆਂ ਜ਼ਰੂਰੀ ਸਨ। ਫਿਰ ਉਸ ਨੇ ਕਿਹਾ ਕਿ ਕਲੀਸਿਯਾ ਵਿਚ “ਬਾਹਲੇ ਢੀਠ, ਬਕਵਾਦੀ ਅਤੇ ਛਲੀਏ” ਸਨ। ਉਹ ਗ਼ਲਤ “ਸਿੱਖਿਆ ਦੇ ਕੇ ਘਰਾਂ ਦੇ ਘਰ ਉਲਦ” ਰਹੇ ਸਨ। ਤੀਤੁਸ ਨੂੰ ਕਿਹਾ ਗਿਆ ਸੀ ਕਿ ਉਹ ‘ਉਨ੍ਹਾਂ ਨੂੰ ਕਰੜਾਈ ਨਾਲ ਝਿੜਕੇ।’ (ਤੀਤੁਸ 1:10-14; 1 ਤਿਮੋਥਿਉਸ 4:7) ਪੌਲੁਸ ਨੇ ਕਿਹਾ ਕਿ ਉਨ੍ਹਾਂ ਦੇ ਮਨ ਅਤੇ ਜ਼ਮੀਰ “ਭਰਿਸ਼ਟ” ਜਾਂ ਗੰਦੇ ਹੋ ਚੁੱਕੇ ਸਨ ਜਿਵੇਂ ਕਿਸੇ ਬਹੁਤ ਵਧੀਆ ਕੱਪੜੇ ਤੇ ਦਾਗ਼ ਲੱਗ ਕੇ ਕੱਪੜਾ ਗੰਦਾ ਹੋ ਜਾਂਦਾ ਹੈ। (ਤੀਤੁਸ 1:15) ਇਨ੍ਹਾਂ ਵਿੱਚੋਂ ਕੁਝ ਲੋਕ ਸ਼ਾਇਦ ਯਹੂਦੀ ਪਿਛੋਕੜ ਦੇ ਸਨ ਕਿਉਂਕਿ ਉਹ ਕਹਿੰਦੇ ਸਨ ਕਿ ‘ਸੁੰਨਤ’ ਹੋਣੀ ਜ਼ਰੂਰੀ ਸੀ। ਅੱਜ ਹਾਲਾਂਕਿ ਕਲੀਸਿਯਾਵਾਂ ਨੂੰ ਅਜਿਹੀ ਸੋਚ ਰੱਖਣ ਵਾਲੇ ਆਦਮੀਆਂ ਦੁਆਰਾ ਨੁਕਸਾਨ ਨਹੀਂ ਪਹੁੰਚਾਇਆ ਜਾਂਦਾ, ਪਰ ਫਿਰ ਵੀ ਅਸੀਂ ਤੀਤੁਸ ਨੂੰ ਦਿੱਤੀ ਪੌਲੁਸ ਦੀ ਸਲਾਹ ਤੋਂ ਜ਼ਮੀਰ ਬਾਰੇ ਕਾਫ਼ੀ ਕੁਝ ਸਿੱਖ ਸਕਦੇ ਹਾਂ।
ਭ੍ਰਿਸ਼ਟ ਅੰਤਹਕਰਨ ਵਾਲੇ
3. ਜ਼ਮੀਰ ਬਾਰੇ ਪੌਲੁਸ ਨੇ ਤੀਤੁਸ ਨੂੰ ਕੀ ਲਿਖਿਆ ਸੀ?
3 ਧਿਆਨ ਦਿਓ ਕਿ ਪੌਲੁਸ ਨੇ ਆਪਣੀ ਚਿੱਠੀ ਵਿਚ ਜ਼ਮੀਰ ਦਾ ਜ਼ਿਕਰ ਕਿਉਂ ਕੀਤਾ ਸੀ। ਉਸ ਨੇ ਕਿਹਾ: “ਸੁੱਚਿਆਂ ਲਈ ਸੱਭੋ ਕੁਝ ਸੁੱਚਾ ਹੈ ਪਰ ਭਰਿਸ਼ਟਾਂ ਅਤੇ ਬੇਪਰਤੀਤਿਆਂ ਲਈ ਕੁਝ ਵੀ ਸੁੱਚਾ ਨਹੀਂ ਸਗੋਂ ਉਨ੍ਹਾਂ ਦੀ ਬੁੱਧ ਅਤੇ ਅੰਤਹਕਰਨ ਭਰਿਸ਼ਟ ਹੋਏ ਹੋਏ ਹਨ। ਓਹ ਆਖਦੇ ਹਨ ਭਈ ਅਸੀਂ ਪਰਮੇਸ਼ੁਰ ਨੂੰ ਜਾਣਦੇ ਹਾਂ ਪਰ ਆਪਣੀਆਂ ਕਰਨੀਆਂ ਦੇ ਰਾਹੀਂ ਉਹ ਦਾ ਇਨਕਾਰ ਕਰਦੇ ਹਨ।” ਜ਼ਾਹਰ ਹੈ ਕਿ ਉਸ ਵੇਲੇ ਕੁਝ ਮਸੀਹੀਆਂ ਨੂੰ “ਨਿਹਚਾ ਵਿੱਚ ਪੱਕੇ ਹੋਣ” ਲਈ ਆਪਣੇ ਵਿਚ ਤਬਦੀਲੀਆਂ ਕਰਨ ਦੀ ਲੋੜ ਸੀ। (ਤੀਤੁਸ 1:13, 15, 16) ਉਨ੍ਹਾਂ ਦੀ ਸਮੱਸਿਆ ਸੀ ਕਿ ਉਹ ਸ਼ੁੱਧ ਤੇ ਅਸ਼ੁੱਧ ਵਿਚ ਫ਼ਰਕ ਨਹੀਂ ਕਰ ਪਾ ਰਹੇ ਸਨ ਤੇ ਇਸ ਸਮੱਸਿਆ ਦਾ ਕਾਰਨ ਸੀ ਉਨ੍ਹਾਂ ਦੀ ਜ਼ਮੀਰ।
4, 5. ਕਲੀਸਿਯਾਵਾਂ ਵਿਚ ਕੁਝ ਮਸੀਹੀਆਂ ਦੀ ਕੀ ਸਮੱਸਿਆ ਸੀ ਤੇ ਇਸ ਦਾ ਉਨ੍ਹਾਂ ਤੇ ਕੀ ਅਸਰ ਪਿਆ?
4 ਇਸ ਤੋਂ ਦਸ ਸਾਲ ਪਹਿਲਾਂ ਪ੍ਰਬੰਧਕ ਸਭਾ ਨੇ ਫ਼ੈਸਲਾ ਕੀਤਾ ਸੀ ਕਿ ਪਰਮੇਸ਼ੁਰ ਦਾ ਭਗਤ ਬਣਨ ਲਈ ਸੁੰਨਤ ਕਰਾਉਣ ਦੀ ਕੋਈ ਲੋੜ ਨਹੀਂ ਤੇ ਫਿਰ ਸਾਰੀਆਂ ਕਲੀਸਿਯਾਵਾਂ ਨੂੰ ਇਸ ਫ਼ੈਸਲੇ ਤੋਂ ਜਾਣੂ ਕਰਵਾਇਆ ਗਿਆ। (ਰਸੂਲਾਂ ਦੇ ਕਰਤੱਬ 15:1, 2, 19-29) ਪਰ ਕ੍ਰੀਟ ਵਿਚ ਰਹਿੰਦੇ ਕੁਝ ਮਸੀਹੀ ਅਜੇ ਵੀ ਕਹਿੰਦੇ ਸਨ ਕਿ ‘ਸੁੰਨਤ’ ਹੋਣੀ ਚਾਹੀਦੀ ਸੀ। ਉਨ੍ਹਾਂ ਨੇ ਖੁੱਲ੍ਹੇ-ਆਮ ਪ੍ਰਬੰਧਕ ਸਭਾ ਨਾਲ ਅਸਹਿਮਤੀ ਪ੍ਰਗਟ ਕੀਤੀ ਤੇ “ਅਜੇਹੀ ਸਿੱਖਿਆ” ਦੇਣ ਲੱਗ ਪਏ ਜੋ ਨਹੀਂ ਦੇਣੀ ਚਾਹੀਦੀ ਸੀ। (ਤੀਤੁਸ 1:10, 11) ਗ਼ਲਤ ਸਿੱਖਿਆ ਦੇਣ ਲਈ ਉਹ ਸ਼ਾਇਦ ਬਿਵਸਥਾ ਵਿੱਚੋਂ ਖਾਣ-ਪੀਣ ਬਾਰੇ ਅਤੇ ਸਾਫ਼-ਸਫ਼ਾਈ ਬਾਰੇ ਨਿਯਮਾਂ ਦਾ ਸਹਾਰਾ ਲੈ ਰਹੇ ਸਨ। ਉਹ ਸ਼ਾਇਦ ਮਿਰਚ-ਮਸਾਲਾ ਲਾ ਕੇ ਬਿਵਸਥਾ ਦੀਆਂ ਗੱਲਾਂ ਦੱਸ ਰਹੇ ਸਨ ਜਿਵੇਂ ਯਿਸੂ ਦੇ ਜ਼ਮਾਨੇ ਦੇ ਧਾਰਮਿਕ ਆਗੂ ਯਹੂਦੀਆਂ ਦੀਆਂ ਖ਼ਿਆਲੀ ਕਹਾਣੀਆਂ ਤੇ ਮਨੁੱਖਾਂ ਦੇ ਹੁਕਮਾਂ ਉੱਤੇ ਜ਼ਿਆਦਾ ਜ਼ੋਰ ਦੇ ਰਹੇ ਸਨ।—ਮਰਕੁਸ 7:2, 3, 5, 15; 1 ਤਿਮੋਥਿਉਸ 4:3.
5 ਉਨ੍ਹਾਂ ਦੀ ਭ੍ਰਿਸ਼ਟ ਸੋਚਣੀ ਦਾ ਉਨ੍ਹਾਂ ਦੀ ਜ਼ਮੀਰ ਅਤੇ ਉਨ੍ਹਾਂ ਦੇ ਫ਼ੈਸਲਿਆਂ ਉੱਤੇ ਬੁਰਾ ਅਸਰ ਪਿਆ। ਪੌਲੁਸ ਨੇ ਲਿਖਿਆ: “ਭਰਿਸ਼ਟਾਂ ਅਤੇ ਬੇਪਰਤੀਤਿਆਂ ਲਈ ਕੁਝ ਵੀ ਸੁੱਚਾ ਨਹੀਂ।” ਉਨ੍ਹਾਂ ਦੀ ਜ਼ਮੀਰ ਇੰਨੀ ਵਿਗੜ ਗਈ ਸੀ ਕਿ ਉਹ ਆਪਣੇ ਕੰਮ ਅਤੇ ਫ਼ੈਸਲੇ ਕਰਨ ਲਈ ਇਸ ਉੱਤੇ ਭਰੋਸਾ ਨਹੀਂ ਕਰ ਸਕਦੇ ਸੀ। ਇਸ ਤੋਂ ਇਲਾਵਾ, ਉਹ ਆਪਣੇ ਮਸੀਹੀ ਭੈਣਾਂ-ਭਰਾਵਾਂ ਦੇ ਨਿੱਜੀ ਮਾਮਲਿਆਂ ਵਿਚ ਦਖ਼ਲ ਦੇਣ ਲੱਗ ਪਏ ਸਨ। ਇਹ ਅਜਿਹੇ ਮਾਮਲੇ ਹੁੰਦੇ ਸਨ ਜਿਨ੍ਹਾਂ ਸੰਬੰਧੀ ਇਕ ਮਸੀਹੀ ਦਾ ਫ਼ੈਸਲਾ ਦੂਜੇ ਨਾਲੋਂ ਵੱਖਰਾ ਹੋ ਸਕਦਾ ਸੀ। ਉਹ ਉਨ੍ਹਾਂ ਕੰਮਾਂ ਤੇ ਫ਼ੈਸਲਿਆਂ ਨੂੰ ਮਾੜਾ ਕਹਿ ਰਹੇ ਸਨ ਜੋ ਅਸਲ ਵਿਚ ਮਾੜੇ ਨਹੀਂ ਸਨ। (ਰੋਮੀਆਂ 14:17; ਕੁਲੁੱਸੀਆਂ 2:16) ਉਹ ਕਹਿੰਦੇ ਸਨ ਕਿ ਉਹ ਪਰਮੇਸ਼ੁਰ ਨੂੰ ਜਾਣਦੇ ਸਨ, ਪਰ ਉਨ੍ਹਾਂ ਦੇ ਕੰਮ ਦੱਸਦੇ ਕੁਝ ਹੋਰ ਸਨ।—ਤੀਤੁਸ 1:16.
“ਸੁੱਚਿਆਂ ਲਈ ਸੱਭੋ ਕੁਝ ਸੁੱਚਾ”
6. ਪੌਲੁਸ ਨੇ ਕਿਹੜੇ ਦੋ ਤਰ੍ਹਾਂ ਦੇ ਲੋਕਾਂ ਦਾ ਜ਼ਿਕਰ ਕੀਤਾ ਸੀ?
6 ਤੀਤੁਸ ਨੂੰ ਪੌਲੁਸ ਨੇ ਜੋ ਕੁਝ ਲਿਖਿਆ, ਉਸ ਤੋਂ ਸਾਨੂੰ ਕਿਵੇਂ ਫ਼ਾਇਦਾ ਹੋ ਸਕਦਾ ਹੈ? ਜ਼ਰਾ ਗੌਰ ਕਰੋ ਕਿ ਪੌਲੁਸ ਨੇ ਕੁਝ ਭੈਣ-ਭਰਾਵਾਂ ਦੀ ਕਿਵੇਂ ਤੁਲਨਾ ਕੀਤੀ: “ਸੁੱਚਿਆਂ ਲਈ ਸੱਭੋ ਕੁਝ ਸੁੱਚਾ ਹੈ ਪਰ ਭਰਿਸ਼ਟਾਂ ਅਤੇ ਬੇਪਰਤੀਤਿਆਂ ਲਈ ਕੁਝ ਵੀ ਸੁੱਚਾ ਨਹੀਂ ਸਗੋਂ ਉਨ੍ਹਾਂ ਦੀ ਬੁੱਧ ਅਤੇ ਅੰਤਹਕਰਨ ਭਰਿਸ਼ਟ ਹੋਏ ਹੋਏ ਹਨ।” (ਤੀਤੁਸ 1:15) ਇੱਥੇ ਪੌਲੁਸ ਇਹ ਨਹੀਂ ਕਹਿ ਰਿਹਾ ਸੀ ਕਿ ਨੈਤਿਕ ਤੌਰ ਤੇ ਸ਼ੁੱਧ ਭੈਣ-ਭਰਾਵਾਂ ਨੂੰ ਸਭ ਕੁਝ ਕਰਨ ਦੀ ਇਜਾਜ਼ਤ ਸੀ। ਅਸੀਂ ਇਸ ਗੱਲ ਦਾ ਯਕੀਨ ਕਰ ਸਕਦੇ ਹਾਂ ਕਿਉਂਕਿ ਪੌਲੁਸ ਨੇ ਇਕ ਹੋਰ ਚਿੱਠੀ ਵਿਚ ਸਾਫ਼-ਸਾਫ਼ ਲਿਖਿਆ ਸੀ ਕਿ ਵਿਭਚਾਰ, ਮੂਰਤੀ-ਪੂਜਾ ਅਤੇ ਜਾਦੂ-ਟੂਣੇ ਕਰਨ ਵਾਲੇ “ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਨਹੀਂ ਹੋਣਗੇ।” (ਗਲਾਤੀਆਂ 5:19-21) ਸੋ ਅਸੀਂ ਇਸ ਸਿੱਟੇ ਤੇ ਪਹੁੰਚਦੇ ਹਾਂ ਕਿ ਪੌਲੁਸ ਦੋ ਤਰ੍ਹਾਂ ਦੇ ਲੋਕਾਂ ਬਾਰੇ ਆਮ ਸੱਚਾਈ ਦੱਸ ਰਿਹਾ ਸੀ ਜੋ ਨੈਤਿਕ ਤੇ ਰੂਹਾਨੀ ਤੌਰ ਤੇ ਸ਼ੁੱਧ ਹਨ ਅਤੇ ਜੋ ਨਹੀਂ ਹਨ।
7. ਇਬਰਾਨੀਆਂ 13:4 ਕੀ ਕਹਿੰਦਾ ਹੈ, ਪਰ ਕਿਹੜਾ ਸਵਾਲ ਉੱਠ ਸਕਦਾ ਹੈ?
7 ਗੱਲ ਇਹ ਨਹੀਂ ਹੈ ਕਿ ਮਸੀਹੀਆਂ ਨੂੰ ਸਿਰਫ਼ ਉਨ੍ਹਾਂ ਚੀਜ਼ਾਂ ਤੋਂ ਪਰਹੇਜ਼ ਕਰਨ ਦੀ ਲੋੜ ਹੈ ਜਿਨ੍ਹਾਂ ਨੂੰ ਸਿੱਧੇ ਤੌਰ ਤੇ ਬਾਈਬਲ ਵਿਚ ਮਨ੍ਹਾ ਕੀਤਾ ਗਿਆ ਹੈ। ਮਿਸਾਲ ਲਈ ਇਸ ਸਪੱਸ਼ਟ ਗੱਲ ਤੇ ਗੌਰ ਕਰੋ: “ਵਿਆਹ ਕਰਨਾ ਸਭਨਾਂ ਵਿੱਚ ਆਦਰ ਜੋਗ ਗਿਣਿਆ ਜਾਵੇ ਅਤੇ ਵਿਛਾਉਣਾ ਬੇਦਾਗ ਰਹੇ ਕਿਉਂ ਜੋ ਪਰਮੇਸ਼ੁਰ ਹਰਾਮਕਾਰਾਂ ਅਤੇ ਵਿਭਚਾਰੀਆਂ ਦਾ ਨਿਆਉਂ ਕਰੇਗਾ।” (ਇਬਰਾਨੀਆਂ 13:4) ਹੋਰਨਾਂ ਧਰਮਾਂ ਦੇ ਲੋਕ ਜੋ ਬਾਈਬਲ ਬਾਰੇ ਕੁਝ ਵੀ ਨਹੀਂ ਜਾਣਦੇ, ਉਹ ਵੀ ਸਮਝ ਸਕਦੇ ਹਨ ਕਿ ਇਸ ਹਵਾਲੇ ਮੁਤਾਬਕ ਵਿਭਚਾਰ ਕਰਨਾ ਮਨ੍ਹਾ ਹੈ। ਇਸ ਹਵਾਲੇ ਦੇ ਨਾਲ-ਨਾਲ ਬਾਈਬਲ ਦੇ ਹੋਰ ਹਵਾਲਿਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਪਰਮੇਸ਼ੁਰ ਕਿਸੇ ਪਤੀ-ਪਤਨੀ ਦੁਆਰਾ ਕਿਸੇ ਗ਼ੈਰ ਮਰਦ ਜਾਂ ਔਰਤ ਨਾਲ ਸੈਕਸ ਕਰਨ ਨੂੰ ਨਿੰਦਦਾ ਹੈ। ਪਰ ਦੋ ਅਣਵਿਆਹੇ ਵਿਅਕਤੀਆਂ ਬਾਰੇ ਕੀ ਜੋ ਮੌਖਿਕ ਯਾਨੀ ਮੂੰਹ ਨਾਲ ਸੈਕਸ ਕਰਦੇ ਹਨ? ਕਈ ਅੱਲੜ੍ਹ ਉਮਰ ਦੇ ਮੁੰਡੇ-ਕੁੜੀਆਂ ਕਹਿੰਦੇ ਹਨ ਕਿ ਮੂੰਹ ਨਾਲ ਸੈਕਸ ਕਰਨ ਦਾ ਕੋਈ ਨੁਕਸਾਨ ਨਹੀਂ ਹੁੰਦਾ ਕਿਉਂਕਿ ਇਹ ਜਿਨਸੀ ਸੰਬੰਧ ਨਹੀਂ ਹਨ। ਕੀ ਇਕ ਮਸੀਹੀ ਮੂੰਹ ਨਾਲ ਸੈਕਸ ਕਰਨ ਨੂੰ ਸ਼ੁੱਧ ਜਾਂ ਜਾਇਜ਼ ਕਹਿ ਸਕਦਾ ਹੈ?
8. ਮੂੰਹ ਨਾਲ ਸੈਕਸ ਕਰਨ ਬਾਰੇ ਸੱਚੇ ਮਸੀਹੀਆਂ ਦਾ ਨਜ਼ਰੀਆ ਦੁਨੀਆਂ ਦੇ ਬਹੁਤ ਸਾਰੇ ਲੋਕਾਂ ਤੋਂ ਕਿਵੇਂ ਵੱਖਰਾ ਹੈ?
8 ਇਬਰਾਨੀਆਂ 13:4 ਅਤੇ 1 ਕੁਰਿੰਥੀਆਂ 6:9 ਤੋਂ ਸਾਬਤ ਹੁੰਦਾ ਹੈ ਕਿ ਪਰਮੇਸ਼ੁਰ ਹਰਾਮਕਾਰੀ (ਯੂਨਾਨੀ, ਪੋਰਨੀਆ) ਦੀ ਨਿੰਦਿਆ ਕਰਦਾ ਹੈ ਭਾਵੇਂ ਇਹ ਵਿਆਹੇ ਲੋਕ ਕਰਦੇ ਹਨ ਜਾਂ ਅਣਵਿਆਹੇ। ਅਣਵਿਆਹੇ ਲੋਕਾਂ ਦੁਆਰਾ ਕੀਤੀ ਜਾਂਦੀ ਹਰਾਮਕਾਰੀ ਵਿਚ ਕੀ-ਕੀ ਸ਼ਾਮਲ ਹੈ? ਗ਼ਲਤ ਮਕਸਦ ਲਈ ਆਪਣੇ ਗੁਪਤ ਅੰਗਾਂ ਨੂੰ ਕੁਦਰਤੀ ਜਾਂ ਗ਼ੈਰ-ਕੁਦਰਤੀ ਢੰਗ ਨਾਲ ਵਰਤਣਾ। ਇਸ ਵਿਚ ਵਿਆਹ ਤੋਂ ਬਾਹਰੇ ਹਰ ਤਰ੍ਹਾਂ ਦੇ ਨਾਜਾਇਜ਼ ਜਿਨਸੀ ਸੰਬੰਧ ਸ਼ਾਮਲ ਹਨ। ਇਸ ਵਿਚ ਮੂੰਹ ਨਾਲ ਸੈਕਸ ਕਰਨਾ ਵੀ ਸ਼ਾਮਲ ਹੈ ਭਾਵੇਂ ਕਿ ਦੁਨੀਆਂ ਭਰ ਵਿਚ ਬਹੁਤ ਸਾਰੇ ਮੁੰਡੇ-ਕੁੜੀਆਂ ਨੂੰ ਕਿਹਾ ਗਿਆ ਹੈ ਜਾਂ ਉਹ ਆਪ ਕਹਿੰਦੇ ਹਨ ਕਿ ਮੂੰਹ ਨਾਲ ਸੈਕਸ ਕਰਨਾ ਗ਼ਲਤ ਨਹੀਂ ਹੈ। ਸੱਚੇ ਮਸੀਹੀ ਆਪਣੀ ਸੋਚ ਅਤੇ ਕੰਮਾਂ ਨੂੰ ਇਨ੍ਹਾਂ “ਬਕਵਾਦੀ ਅਤੇ ਛਲੀਏ” ਲੋਕਾਂ ਦੇ ਖ਼ਿਆਲਾਂ ਤੋਂ ਪ੍ਰਭਾਵਿਤ ਨਹੀਂ ਹੋਣ ਦਿੰਦੇ। (ਤੀਤੁਸ 1:10) ਉਹ ਬਾਈਬਲ ਦੇ ਉੱਚੇ ਮਿਆਰਾਂ ਤੇ ਚੱਲਦੇ ਹਨ। ਮੂੰਹ ਨਾਲ ਸੈਕਸ ਕਰਨ ਨੂੰ ਸਹੀ ਠਹਿਰਾਉਣ ਦੀ ਬਜਾਇ ਉਹ ਬਾਈਬਲ ਦੇ ਅਨੁਸਾਰ ਇਸ ਨੂੰ ਹਰਾਮਕਾਰੀ (ਪੋਰਨੀਆ) ਸਮਝਦੇ ਹਨ ਅਤੇ ਆਪਣੀ ਜ਼ਮੀਰ ਨੂੰ ਸਿਖਾਉਂਦੇ ਹਨ ਕਿ ਇਹ ਬੁਰਾ ਕੰਮ ਹੈ।a—ਰਸੂਲਾਂ ਦੇ ਕਰਤੱਬ 21:25; 1 ਕੁਰਿੰਥੀਆਂ 6:18; ਅਫ਼ਸੀਆਂ 5:3.
ਵੱਖੋ-ਵੱਖਰੀ ਜ਼ਮੀਰ ਦਾ ਵੱਖੋ-ਵੱਖਰਾ ਫ਼ੈਸਲਾ
9. ਜੇ “ਸੱਭੋ ਕੁਝ ਸੁੱਚਾ ਹੈ,” ਤਾਂ ਫਿਰ ਜ਼ਮੀਰ ਕਿਵੇਂ ਕੰਮ ਕਰਦੀ ਹੈ?
9 ਪਰ ਪੌਲੁਸ ਦੇ ਇਹ ਕਹਿਣ ਦਾ ਕੀ ਮਤਲਬ ਸੀ ਕਿ “ਸੁੱਚਿਆਂ ਲਈ ਸੱਭੋ ਕੁਝ ਸੁੱਚਾ ਹੈ”? ਪੌਲੁਸ ਉਨ੍ਹਾਂ ਮਸੀਹੀਆਂ ਦੀ ਗੱਲ ਕਰ ਰਿਹਾ ਸੀ ਜਿਨ੍ਹਾਂ ਨੇ ਆਪਣੀ ਸੋਚ ਅਤੇ ਜ਼ਮੀਰ ਨੂੰ ਬਾਈਬਲ ਵਿਚ ਦਿੱਤੇ ਪਰਮੇਸ਼ੁਰ ਦੇ ਅਸੂਲਾਂ ਅਨੁਸਾਰ ਢਾਲ਼ ਲਿਆ ਹੈ। ਇਹ ਮਸੀਹੀ ਜਾਣਦੇ ਹਨ ਕਿ ਕਈ ਗੱਲਾਂ ਨੂੰ ਪਰਮੇਸ਼ੁਰ ਨੇ ਸਿੱਧੇ ਤੌਰ ਤੇ ਨਹੀਂ ਨਿੰਦਿਆ ਜਿਸ ਕਰਕੇ ਉਨ੍ਹਾਂ ਦੇ ਵਿਚਾਰ ਹੋਰਨਾਂ ਭੈਣਾਂ-ਭਰਾਵਾਂ ਨਾਲੋਂ ਵੱਖਰੇ ਹੋ ਸਕਦੇ ਹਨ। ਕਿਸੇ ਦੀ ਆਲੋਚਨਾ ਕਰਨ ਦੀ ਬਜਾਇ ਉਹ ਉਨ੍ਹਾਂ ਚੀਜ਼ਾਂ ਨੂੰ ‘ਸੁੱਚੀਆਂ’ ਮੰਨਦੇ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਨਹੀਂ ਨਿੰਦਦਾ। ਉਹ ਇਹ ਉਮੀਦ ਨਹੀਂ ਰੱਖਦੇ ਕਿ ਦੂਸਰੇ ਭੈਣ-ਭਰਾ ਉਨ੍ਹਾਂ ਵਾਂਗ ਜ਼ਿੰਦਗੀ ਦੇ ਪਹਿਲੂਆਂ ਬਾਰੇ ਸੋਚਣਗੇ ਜਿਨ੍ਹਾਂ ਸੰਬੰਧੀ ਬਾਈਬਲ ਵਿਚ ਕੋਈ ਖ਼ਾਸ ਸੇਧ ਨਹੀਂ ਦਿੱਤੀ ਗਈ। ਆਓ ਆਪਾਂ ਦੇਖੀਏ ਕਿ ਇੱਦਾਂ ਕਿਵੇਂ ਹੋ ਸਕਦਾ ਹੈ।
10. ਵਿਆਹ (ਜਾਂ ਦਾਹ-ਸੰਸਕਾਰ) ਦਾ ਸੱਦਾ ਸਮੱਸਿਆ ਕਿਵੇਂ ਖੜ੍ਹੀ ਕਰ ਸਕਦਾ ਹੈ?
10 ਅਜਿਹੇ ਕਈ ਪਤੀ-ਪਤਨੀ ਹਨ ਜਿਨ੍ਹਾਂ ਵਿੱਚੋਂ ਇਕ ਜਣਾ ਸੱਚਾਈ ਵਿਚ ਨਹੀਂ ਹੈ। (1 ਪਤਰਸ 3:1; 4:3) ਇਸ ਕਰਕੇ ਉਨ੍ਹਾਂ ਨੂੰ ਵੱਖੋ-ਵੱਖਰੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਜਦ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਦਾ ਵਿਆਹ ਜਾਂ ਦਾਹ-ਸੰਸਕਾਰ ਹੁੰਦਾ ਹੈ। ਕਲਪਨਾ ਕਰੋ ਕਿ ਸਾਡੀ ਇਕ ਭੈਣ ਦਾ ਪਤੀ ਸੱਚਾਈ ਵਿਚ ਨਹੀਂ। ਉਸ ਦੇ ਇਕ ਰਿਸ਼ਤੇਦਾਰ ਦਾ ਵਿਆਹ ਆ ਗਿਆ ਤੇ ਵਿਆਹ ਗੁਰਦੁਆਰੇ, ਮੰਦਰ ਜਾਂ ਚਰਚ ਵਿਚ ਹੋਣਾ ਹੈ। (ਜਾਂ ਹੋ ਸਕਦਾ ਕਿ ਉਸ ਦਾ ਕੋਈ ਰਿਸ਼ਤੇਦਾਰ ਗੁਜ਼ਰ ਗਿਆ ਤੇ ਉਸ ਦੇ ਦਾਹ-ਸੰਸਕਾਰ ਸਮੇਂ ਧਾਰਮਿਕ ਰਸਮਾਂ-ਰੀਤਾਂ ਨਿਭਾਈਆਂ ਜਾਣਗੀਆਂ।) ਪਤੀ-ਪਤਨੀ ਨੂੰ ਇਸ ਮੌਕੇ ਤੇ ਸੱਦਿਆ ਗਿਆ ਹੈ ਤੇ ਪਤੀ ਚਾਹੁੰਦਾ ਹੈ ਕਿ ਪਤਨੀ ਵੀ ਉਸ ਨਾਲ ਜਾਵੇ। ਸਾਡੀ ਭੈਣ ਦੀ ਜ਼ਮੀਰ ਇਸ ਬਾਰੇ ਉਸ ਨੂੰ ਕੀ ਕਹੇਗੀ? ਉਹ ਕੀ ਕਰੇਗੀ? ਆਓ ਆਪਾਂ ਦੋ ਸੰਭਾਵਨਾਵਾਂ ਦੀ ਕਲਪਨਾ ਕਰੀਏ।
11. ਇਕ ਭੈਣ ਚਰਚ ਵਿਚ ਹੋਣ ਵਾਲੇ ਵਿਆਹ ਤੇ ਜਾਣ ਜਾਂ ਨਾ ਜਾਣ ਬਾਰੇ ਕਿਵੇਂ ਸੋਚ-ਵਿਚਾਰ ਕਰਦੀ ਹੈ ਤੇ ਅਖ਼ੀਰ ਕੀ ਫ਼ੈਸਲਾ ਕਰਦੀ ਹੈ?
11 ਲਵੀਨਾ ਬਾਈਬਲ ਦੇ ਇਸ ਹੁਕਮ ਤੇ ਸੋਚ-ਵਿਚਾਰ ਕਰਦੀ ਹੈ, ‘ਬਾਬੁਲ, ਵੱਡੀ ਨਗਰੀ ਵਿੱਚੋਂ ਨਿੱਕਲ ਆਓ’ ਜੋ ਸਾਰੇ ਝੂਠੇ ਧਰਮਾਂ ਨੂੰ ਦਰਸਾਉਂਦੀ ਹੈ। (ਪਰਕਾਸ਼ ਦੀ ਪੋਥੀ 18:2, 4) ਪਹਿਲਾਂ ਉਹ ਉਸੇ ਚਰਚ ਵਿਚ ਜਾਂਦੀ ਹੁੰਦੀ ਸੀ ਤੇ ਉੱਥੇ ਕਿਸੇ ਦਾ ਵਿਆਹ ਹੋਣ ਤੇ ਲੋਕਾਂ ਨੂੰ ਪ੍ਰਾਰਥਨਾ ਕਰਨ, ਭਜਨ ਗਾਉਣ ਜਾਂ ਹੋਰ ਧਾਰਮਿਕ ਰਸਮਾਂ-ਰੀਤਾਂ ਨਿਭਾਉਣ ਲਈ ਕਿਹਾ ਜਾਂਦਾ ਸੀ। ਲਵੀਨਾ ਨੇ ਪੱਕਾ ਇਰਾਦਾ ਕੀਤਾ ਹੋਇਆ ਹੈ ਕਿ ਉਹ ਇਨ੍ਹਾਂ ਕੰਮਾਂ ਵਿਚ ਹਿੱਸਾ ਨਹੀਂ ਲਵੇਗੀ ਤੇ ਨਾ ਹੀ ਉੱਥੇ ਹਾਜ਼ਰ ਹੋਵੇਗੀ ਕਿਉਂਕਿ ਉੱਥੇ ਉਸ ਉੱਤੇ ਪਰਮੇਸ਼ੁਰ ਦੇ ਨਿਯਮ ਤੋੜਨ ਦਾ ਦਬਾਅ ਪਾਇਆ ਜਾਵੇਗਾ। ਉਹ ਆਪਣੇ ਪਤੀ ਦਾ ਆਦਰ ਕਰਦੀ ਹੈ ਤੇ ਉਸ ਨੂੰ ਆਪਣਾ ਸਿਰ ਮੰਨਦੀ ਹੋਈ ਉਸ ਦਾ ਸਾਥ ਦੇਣਾ ਚਾਹੁੰਦੀ ਹੈ। ਪਰ ਇਸ ਦੇ ਨਾਲ ਹੀ ਉਹ ਬਾਈਬਲ ਦੇ ਸਿਧਾਂਤਾਂ ਨੂੰ ਵੀ ਨਹੀਂ ਤੋੜਨਾ ਚਾਹੁੰਦੀ। (ਰਸੂਲਾਂ ਦੇ ਕਰਤੱਬ 5:29) ਇਸ ਲਈ ਉਹ ਸਮਝਦਾਰੀ ਨਾਲ ਆਪਣੇ ਪਤੀ ਨੂੰ ਸਮਝਾਉਂਦੀ ਹੈ ਕਿ ਉਹ ਉਸ ਦੇ ਨਾਲ ਨਹੀਂ ਜਾ ਸਕਦੀ। ਉਹ ਸ਼ਾਇਦ ਉਸ ਨੂੰ ਦੱਸੇ ਕਿ ਜੇ ਉਹ ਉੱਥੇ ਗਈ ਅਤੇ ਉਸ ਨੇ ਕੁਝ ਕਰਨ ਤੋਂ ਇਨਕਾਰ ਕਰ ਦਿੱਤਾ, ਤਾਂ ਉਸ ਦੇ ਪਤੀ ਨੂੰ ਸ਼ਰਮਿੰਦਾ ਹੋਣਾ ਪਵੇਗਾ। ਸੋ ਉਸ ਦਾ ਨਾ ਜਾਣਾ ਹੀ ਬਿਹਤਰ ਹੋਵੇਗਾ। ਇਹ ਫ਼ੈਸਲਾ ਕਰ ਕੇ ਉਹ ਆਪਣੀ ਜ਼ਮੀਰ ਸਾਫ਼ ਰੱਖਦੀ ਹੈ।
12. ਚਰਚ, ਗੁਰਦੁਆਰੇ ਜਾਂ ਮੰਦਰ ਵਿਚ ਹੋਣ ਵਾਲੇ ਵਿਆਹ ਵਿਚ ਜਾਣ ਸੰਬੰਧੀ ਕੋਈ ਕਿਵੇਂ ਸੋਚ-ਵਿਚਾਰ ਅਤੇ ਫ਼ੈਸਲਾ ਕਰ ਸਕਦਾ ਹੈ?
12 ਪ੍ਰੀਤੀ ਅੱਗੇ ਵੀ ਇਹੋ ਸਮੱਸਿਆ ਹੈ। ਉਹ ਆਪਣੇ ਪਤੀ ਦਾ ਆਦਰ ਕਰਦੀ ਹੈ ਤੇ ਉਸ ਨੇ ਇਹ ਵੀ ਇਰਾਦਾ ਕੀਤਾ ਹੈ ਕਿ ਉਹ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹੇਗੀ ਅਤੇ ਆਪਣੀ ਜ਼ਮੀਰ ਦੀ ਸੁਣੇਗੀ ਜੋ ਬਾਈਬਲ ਅਨੁਸਾਰ ਢਲ਼ੀ ਹੋਈ ਹੈ। ਲਵੀਨਾ ਵਾਂਗ ਕੁਝ ਗੱਲਾਂ ਤੇ ਵਿਚਾਰ ਤੇ ਪ੍ਰਾਰਥਨਾ ਕਰਨ ਤੋਂ ਬਾਅਦ ਪ੍ਰੀਤੀ 15 ਮਈ 2002 ਦੇ ਪਹਿਰਾਬੁਰਜ ਵਿਚ “ਪਾਠਕਾਂ ਵੱਲੋਂ ਸਵਾਲ” ਨਾਂ ਦੇ ਲੇਖ ਉੱਤੇ ਗੌਰ ਕਰਦੀ ਹੈ। ਉਹ ਯਾਦ ਕਰਦੀ ਹੈ ਕਿ ਤਿੰਨ ਇਬਰਾਨੀ ਮੁੰਡੇ ਰਾਜੇ ਦੇ ਹੁਕਮ ਅਨੁਸਾਰ ਉਸ ਥਾਂ ਤੇ ਗਏ ਸਨ ਜਿੱਥੇ ਮੂਰਤੀ-ਪੂਜਾ ਹੋਣੀ ਸੀ, ਪਰ ਉਨ੍ਹਾਂ ਨੇ ਮੂਰਤੀ ਅੱਗੇ ਮੱਥਾ ਨਹੀਂ ਟੇਕਿਆ, ਸਗੋਂ ਪਰਮੇਸ਼ੁਰ ਪ੍ਰਤੀ ਵਫ਼ਾਦਾਰੀ ਬਣਾਈ ਰੱਖੀ। (ਦਾਨੀਏਲ 3:15-18) ਪ੍ਰੀਤੀ ਆਪਣੇ ਪਤੀ ਨਾਲ ਜਾਣ ਦਾ ਫ਼ੈਸਲਾ ਕਰਦੀ ਹੈ, ਪਰ ਉਹ ਕਿਸੇ ਤਰ੍ਹਾਂ ਦੀਆਂ ਧਾਰਮਿਕ ਰੀਤਾਂ ਵਿਚ ਹਿੱਸਾ ਨਹੀਂ ਲਵੇਗੀ। ਇਸ ਤਰ੍ਹਾਂ ਉਹ ਆਪਣੀ ਜ਼ਮੀਰ ਦੇ ਹਿਸਾਬ ਨਾਲ ਫ਼ੈਸਲਾ ਕਰਦੀ ਹੈ। ਉਹ ਸਮਝਦਾਰੀ ਨਾਲ ਆਪਣੇ ਪਤੀ ਨੂੰ ਸਾਫ਼-ਸਾਫ਼ ਦੱਸਦੀ ਹੈ ਕਿ ਉਹ ਆਪਣੀ ਜ਼ਮੀਰ ਦੀ ਸੁਣ ਕੇ ਕੀ ਕੁਝ ਕਰੇਗੀ ਤੇ ਕੀ ਨਹੀਂ ਕਰ ਸਕਦੀ। ਪ੍ਰੀਤੀ ਉਮੀਦ ਕਰਦੀ ਹੈ ਕਿ ਉਸ ਦਾ ਪਤੀ ਸੱਚੀ ਤੇ ਝੂਠੀ ਭਗਤੀ ਵਿਚਲੇ ਫ਼ਰਕ ਨੂੰ ਪਛਾਣ ਲਵੇਗਾ।—ਰਸੂਲਾਂ ਦੇ ਕਰਤੱਬ 24:16.
13. ਜਦ ਦੋ ਮਸੀਹੀ ਵੱਖੋ-ਵੱਖਰੇ ਫ਼ੈਸਲੇ ਕਰਦੇ ਹਨ, ਤਾਂ ਸਾਨੂੰ ਪਰੇਸ਼ਾਨ ਹੋਣ ਦੀ ਲੋੜ ਕਿਉਂ ਨਹੀਂ ਹੈ?
13 ਕੀ ਇਨ੍ਹਾਂ ਦੋ ਭੈਣਾਂ ਦੁਆਰਾ ਕੀਤੇ ਵੱਖੋ-ਵੱਖਰੇ ਫ਼ੈਸਲਿਆਂ ਤੋਂ ਇਹ ਸਾਬਤ ਹੁੰਦਾ ਹੈ ਕਿ ਕੋਈ ਭਾਵੇਂ ਜੋ ਮਰਜ਼ੀ ਕਰੇ, ਇਸ ਨਾਲ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ? ਜਾਂ ਕੀ ਇਨ੍ਹਾਂ ਦੋਨਾਂ ਭੈਣਾਂ ਵਿੱਚੋਂ ਇਕ ਦੀ ਜ਼ਮੀਰ ਸਹੀ ਤਰ੍ਹਾਂ ਕੰਮ ਨਹੀਂ ਕਰਦੀ? ਨਹੀਂ। ਲਵੀਨਾ ਆਪਣੇ ਤਜਰਬੇ ਤੋਂ ਜਾਣਦੀ ਹੈ ਕਿ ਚਰਚ ਵਿਚ ਕੀਤੇ ਜਾਂਦੇ ਵਿਆਹਾਂ ਦੇ ਤੌਰ-ਤਰੀਕੇ ਅਤੇ ਗੀਤ-ਸੰਗੀਤ ਕਾਰਨ ਉਸ ਦਾ ਉੱਥੇ ਜਾਣਾ ਉਹ ਦੇ ਲਈ ਖ਼ਤਰਨਾਕ ਹੋ ਸਕਦਾ ਹੈ। ਆਪਣੇ ਪਤੀ ਨਾਲ ਧਰਮ ਬਾਰੇ ਪਹਿਲਾਂ ਹੋਈ ਗੱਲਬਾਤ ਤੋਂ ਉਹ ਜਾਣਦੀ ਹੈ ਕਿ ਉਸ ਦਾ ਪਤੀ ਉਸ ਨਾਲ ਸਹਿਮਤ ਨਹੀਂ। ਚਰਚ ਜਾਣ ਨਾਲ ਉਸ ਦੀ ਜ਼ਮੀਰ ਤੇ ਮਾੜਾ ਅਸਰ ਪੈ ਸਕਦਾ ਹੈ। ਇਸ ਲਈ ਉਸ ਨੂੰ ਯਕੀਨ ਹੈ ਕਿ ਉਸ ਦਾ ਫ਼ੈਸਲਾ ਉਸ ਲਈ ਸਹੀ ਹੈ।
14. ਨਿੱਜੀ ਫ਼ੈਸਲਾ ਕਰਨ ਸੰਬੰਧੀ ਮਸੀਹੀਆਂ ਨੂੰ ਕਿਹੜੀ ਸਲਾਹ ਧਿਆਨ ਵਿਚ ਰੱਖਣੀ ਚਾਹੀਦੀ ਹੈ?
14 ਪਰ ਕੀ ਪ੍ਰੀਤੀ ਦਾ ਫ਼ੈਸਲਾ ਗ਼ਲਤ ਹੈ? ਇਸ ਬਾਰੇ ਕੋਈ ਸਿੱਟਾ ਕੱਢਣਾ ਦੂਜਿਆਂ ਦਾ ਕੰਮ ਨਹੀਂ। ਵਿਆਹ ਜਾਣਾ ਤੇ ਉੱਥੇ ਜਾ ਕੇ ਕਿਸੇ ਧਾਰਮਿਕ ਰੀਤ ਵਿਚ ਹਿੱਸਾ ਨਾ ਲੈਣਾ ਉਸ ਦਾ ਆਪਣਾ ਫ਼ੈਸਲਾ ਹੈ, ਇਸ ਕਰਕੇ ਦੂਜਿਆਂ ਨੂੰ ਉਸ ਦੀ ਨਿੰਦਿਆ ਜਾਂ ਆਲੋਚਨਾ ਨਹੀਂ ਕਰਨੀ ਚਾਹੀਦੀ। ਖਾਣ-ਪੀਣ ਸੰਬੰਧੀ ਨਿੱਜੀ ਫ਼ੈਸਲੇ ਕਰਨ ਬਾਰੇ ਪੌਲੁਸ ਦੀ ਇਸ ਸਲਾਹ ਨੂੰ ਧਿਆਨ ਵਿਚ ਰੱਖੋ: “ਜਿਹੜਾ ਵਿਅਕਤੀ ਇਹ ਜਾਣਦਾ ਹੈ ਕਿ ਉਹ ਕਿਸੇ ਵੀ ਭਾਂਤ ਦਾ ਭੋਜਨ ਖਾ ਸਕਦਾ ਹੈ ਉਸ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਦੂਜੇ ਵਿਅਕਤੀ ਨਾਲੋਂ ਚੰਗਾ ਹੈ ਜੋ ਕੇਵਲ ਸਬਜ਼ੀਆਂ ਖਾਂਦਾ ਹੈ। ਅਤੇ ਜਿਹੜਾ ਵਿਅਕਤੀ ਕੇਵਲ ਸਬਜ਼ੀਆਂ ਖਾਂਦਾ ਹੈ ਉਸ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਵਿਅਕਤੀ, ਜੋ ਸਭ ਕੁਝ ਖਾਂਦਾ ਹੈ, ਗਲਤ ਹੈ . . . ਸਿਰਫ਼ ਉਸ ਦੇ ਮਾਲਕ ਨੂੰ ਇਹੀ ਫੈਸਲਾ ਕਰਨਾ ਚਾਹੀਦਾ ਹੈ ਕਿ ਉਹ ਗਲਤ ਹੈ ਜਾਂ ਸਹੀ। ਅਤੇ ਪ੍ਰਭੂ [ਯਹੋਵਾਹ] ਦਾ ਸੇਵਕ ਸਹੀ ਹੋਵੇਗਾ ਕਿਉਂਕਿ ਪ੍ਰਭੂ ਉਸ ਨੂੰ ਸਹੀ ਬਨਾਉਣ ਦੇ ਸਮਰੱਥ ਹੈ।” (ਰੋਮੀਆਂ 14:3, 4, ਈਜ਼ੀ ਟੂ ਰੀਡ ਵਰਯਨ) ਯਕੀਨਨ, ਕੋਈ ਵੀ ਸੱਚਾ ਮਸੀਹੀ ਕਿਸੇ ਨੂੰ ਇਹ ਨਹੀਂ ਕਹੇਗਾ ਕਿ ਉਹ ਆਪਣੀ ਜ਼ਮੀਰ ਦੀ ਆਵਾਜ਼ ਨੂੰ ਨਾ ਸੁਣੇ। ਇਹ ਉਸ ਆਵਾਜ਼ ਨੂੰ ਨਜ਼ਰਅੰਦਾਜ਼ ਕਰਨ ਦੇ ਬਰਾਬਰ ਹੋਵੇਗਾ ਜਿਸ ਨੂੰ ਸੁਣ ਕੇ ਕਿਸੇ ਦੀ ਜਾਨ ਬਚ ਸਕਦੀ ਹੈ।
15. ਸਾਨੂੰ ਦੂਜਿਆਂ ਦੀ ਜ਼ਮੀਰ ਅਤੇ ਭਾਵਨਾਵਾਂ ਬਾਰੇ ਗੰਭੀਰਤਾ ਨਾਲ ਕਿਉਂ ਸੋਚਣਾ ਚਾਹੀਦਾ ਹੈ?
15 ਲਵੀਨਾ ਤੇ ਪ੍ਰੀਤੀ ਦੋਹਾਂ ਨੂੰ ਹੋਰਨਾਂ ਗੱਲਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ, ਜਿਵੇਂ ਕਿ ਉਹ ਜੋ ਵੀ ਕਰਨਗੀਆਂ, ਉਸ ਦਾ ਦੂਜਿਆਂ ਤੇ ਵੀ ਅਸਰ ਪੈ ਸਕਦਾ ਹੈ। ਪੌਲੁਸ ਨੇ ਸਾਨੂੰ ਸਲਾਹ ਦਿੱਤੀ ਹੈ: “ਤੁਸੀਂ ਇਹ ਵਿਚਾਰੋ ਭਈ ਠੇਡੇ ਅਥਵਾ ਠੋਕਰ ਵਾਲੀ ਵਸਤ ਤੁਸੀਂ ਆਪਣੇ ਭਰਾ ਦੇ ਰਾਹ ਵਿੱਚ ਨਾ ਰੱਖੋ।” (ਰੋਮੀਆਂ 14:13) ਲਵੀਨਾ ਨੂੰ ਪਤਾ ਹੈ ਕਿ ਇਸੇ ਤਰ੍ਹਾਂ ਦੀਆਂ ਸਮੱਸਿਆਵਾਂ ਕਾਰਨ ਕਲੀਸਿਯਾ ਜਾਂ ਉਸ ਦੇ ਪਰਿਵਾਰ ਨੂੰ ਪਹਿਲਾਂ ਵੀ ਪਰੇਸ਼ਾਨੀ ਆਈ ਹੈ ਅਤੇ ਹੁਣ ਉਹ ਜੋ ਵੀ ਕਰੇਗੀ, ਉਸ ਦਾ ਅਸਰ ਉਸ ਦੇ ਬੱਚਿਆਂ ਤੇ ਪੈ ਸਕਦਾ ਹੈ। ਇਸ ਦੇ ਉਲਟ, ਪ੍ਰੀਤੀ ਜਾਣਦੀ ਹੈ ਕਿ ਇਹੋ ਜਿਹੇ ਮਾਮਲਿਆਂ ਕਾਰਨ ਉਸ ਦੀ ਕਲੀਸਿਯਾ ਜਾਂ ਹੋਰਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਈ। ਇਨ੍ਹਾਂ ਦੋਹਾਂ ਉਦਾਹਰਣਾਂ ਤੋਂ ਅਸੀਂ ਸਿੱਖਦੇ ਹਾਂ ਕਿ ਜੇ ਅਸੀਂ ਆਪਣੀ ਜ਼ਮੀਰ ਨੂੰ ਸਹੀ ਢੰਗ ਨਾਲ ਸੁਧਾਰਿਆ ਹੋਇਆ ਹੈ, ਤਾਂ ਸਾਨੂੰ ਪਤਾ ਹੋਵੇਗਾ ਕਿ ਸਾਡੇ ਫ਼ੈਸਲਿਆਂ ਦਾ ਹੋਰਨਾਂ ਤੇ ਕੀ ਅਸਰ ਪਵੇਗਾ। ਯਿਸੂ ਨੇ ਕਿਹਾ ਸੀ: “ਜੋ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਜਿਹੜੇ ਮੇਰੇ ਉੱਤੇ ਨਿਹਚਾ ਕਰਦੇ ਹਨ ਇੱਕ ਨੂੰ ਠੋਕਰ ਖੁਆਵੇ ਉਹ ਦੇ ਲਈ ਚੰਗਾ ਸੀ ਜੋ ਖਰਾਸ ਦਾ ਪੁੜ ਉਹ ਦੇ ਗਲ ਵਿੱਚ ਬੰਨ੍ਹਿਆ ਜਾਂਦਾ ਅਤੇ ਉਹ ਸਮੁੰਦਰ ਦੇ ਡੂੰਘਾਣ ਵਿੱਚ ਡੋਬਿਆ ਜਾਂਦਾ।” (ਮੱਤੀ 18:6) ਜੇ ਕੋਈ ਇਹ ਪਰਵਾਹ ਨਹੀਂ ਕਰਦਾ ਕਿ ਉਸ ਦੇ ਕੰਮਾਂ ਕਾਰਨ ਕਿਸੇ ਨੂੰ ਠੋਕਰ ਲੱਗ ਸਕਦੀ ਹੈ, ਤਾਂ ਇਸ ਦਾ ਮਤਲਬ ਹੋਵੇਗਾ ਕਿ ਉਸ ਦੀ ਜ਼ਮੀਰ ਕ੍ਰੀਟ ਦੇ ਕੁਝ ਭੈਣਾਂ-ਭਰਾਵਾਂ ਦੀ ਤਰ੍ਹਾਂ ਭ੍ਰਿਸ਼ਟ ਹੋ ਚੁੱਕੀ ਹੈ।
16. ਸਮੇਂ ਦੇ ਬੀਤਣ ਨਾਲ ਕੋਈ ਭਰਾ ਜਾਂ ਭੈਣ ਆਪਣੀ ਜ਼ਮੀਰ ਦੀ ਸੁਣ ਕੇ ਸ਼ਾਇਦ ਕਿਹੜੀਆਂ ਤਬਦੀਲੀਆਂ ਕਰੇ?
16 ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਮਜ਼ਬੂਤ ਹੁੰਦਾ ਜਾਣਾ ਚਾਹੀਦਾ ਹੈ ਅਤੇ ਸਾਨੂੰ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਉਸ ਅਨੁਸਾਰ ਚੱਲਦੇ ਰਹਿਣਾ ਚਾਹੀਦਾ ਹੈ। ਆਓ ਹੁਣ ਆਪਾਂ ਰੋਹਿਤ ਦੀ ਕਲਪਨਾ ਕਰੀਏ ਜਿਸ ਨੇ ਹੁਣੇ-ਹੁਣੇ ਬਪਤਿਸਮਾ ਲਿਆ ਹੈ। ਉਸ ਨੇ ਆਪਣੀ ਜ਼ਮੀਰ ਦੀ ਸੁਣ ਕੇ ਉਹ ਕੰਮ ਕਰਨੇ ਛੱਡ ਦਿੱਤੇ ਹਨ ਜਿਨ੍ਹਾਂ ਨੂੰ ਸਿੱਧੇ ਤੌਰ ਤੇ ਬਾਈਬਲ ਵਿਚ ਨਿੰਦਿਆ ਗਿਆ ਹੈ। ਸ਼ਾਇਦ ਇਹ ਕੰਮ ਮੂਰਤੀ-ਪੂਜਾ ਜਾਂ ਲਹੂ ਨਾਲ ਸੰਬੰਧਿਤ ਸਨ। (ਰਸੂਲਾਂ ਦੇ ਕਰਤੱਬ 21:25) ਦਰਅਸਲ ਹੁਣ ਉਹ ਉਨ੍ਹਾਂ ਕੰਮਾਂ ਤੋਂ ਵੀ ਪਰਹੇਜ਼ ਕਰਨ ਲੱਗ ਪਿਆ ਹੈ ਜੋ ਉਸ ਨੂੰ ਕੁਝ-ਕੁਝ ਗ਼ਲਤ ਲੱਗਦੇ ਹਨ। ਦੂਜੇ ਪਾਸੇ ਉਹ ਉਲਝਣ ਵਿਚ ਪੈ ਜਾਂਦਾ ਹੈ ਕਿਉਂਕਿ ਕੁਝ ਭੈਣ-ਭਰਾ ਉਨ੍ਹਾਂ ਗੱਲਾਂ ਤੋਂ ਪਰਹੇਜ਼ ਕਰਦੇ ਹਨ ਜੋ ਉਸ ਨੂੰ ਠੀਕ ਲੱਗਦੀਆਂ ਹਨ ਜਿਵੇਂ ਕਿ ਕੁਝ ਟੈਲੀਵਿਯਨ ਪ੍ਰੋਗ੍ਰਾਮ।
17. ਉਦਾਹਰਣ ਦਿਓ ਕਿ ਜਿੱਦਾਂ-ਜਿੱਦਾਂ ਇਕ ਭੈਣ ਜਾਂ ਭਰਾ ਬਾਈਬਲ ਦਾ ਗਿਆਨ ਹਾਸਲ ਕਰਦਾ ਜਾਂਦਾ ਹੈ, ਉਸ ਦਾ ਉਸ ਦੀ ਜ਼ਮੀਰ ਅਤੇ ਫ਼ੈਸਲਿਆਂ ਉੱਤੇ ਕੀ ਅਸਰ ਪੈ ਸਕਦਾ ਹੈ?
17 ਜਿੱਦਾਂ-ਜਿੱਦਾਂ ਸਮਾਂ ਬੀਤਦਾ ਗਿਆ, ਰੋਹਿਤ ਦਾ ਗਿਆਨ ਵਧਦਾ ਗਿਆ ਤੇ ਪਰਮੇਸ਼ੁਰ ਨਾਲ ਉਸ ਦਾ ਰਿਸ਼ਤਾ ਗੂੜ੍ਹਾ ਹੁੰਦਾ ਗਿਆ। (ਕੁਲੁੱਸੀਆਂ 1:9, 10) ਇਸ ਦਾ ਕੀ ਅਸਰ ਹੋਇਆ? ਉਸ ਦੀ ਜ਼ਮੀਰ ਵਿਚ ਸੁਧਾਰ ਆਉਣ ਲੱਗਾ। ਹੁਣ ਰੋਹਿਤ ਫ਼ੈਸਲੇ ਕਰਨ ਵੇਲੇ ਆਪਣੀ ਜ਼ਮੀਰ ਦੀ ਆਵਾਜ਼ ਨੂੰ ਹੋਰ ਧਿਆਨ ਨਾਲ ਸੁਣਦਾ ਹੈ ਤੇ ਬਾਈਬਲ ਦੇ ਸਿਧਾਂਤਾਂ ਉੱਤੇ ਸੋਚ-ਵਿਚਾਰ ਕਰਦਾ ਹੈ। ਉਸ ਨੂੰ ਅਹਿਸਾਸ ਹੋਣ ਲੱਗਾ ਹੈ ਕਿ ਜਿਹੜੇ ਕੰਮਾਂ ਨੂੰ ਉਹ ਮਾੜੇ-ਮੋਟੇ ਗ਼ਲਤ ਸਮਝ ਕੇ ਉਨ੍ਹਾਂ ਤੋਂ ਪਰਹੇਜ਼ ਕਰਨ ਲੱਗਾ ਸੀ, ਉਹ ਦਰਅਸਲ ਪਰਮੇਸ਼ੁਰ ਦੀ ਸੋਚ ਦੇ ਉਲਟ ਨਹੀਂ ਹਨ। ਇਸ ਤੋਂ ਇਲਾਵਾ, ਬਾਈਬਲ ਦੇ ਸਿਧਾਂਤਾਂ ਅਨੁਸਾਰ ਢਾਲ਼ੀ ਹੋਈ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਉਹ ਹੁਣ ਉਨ੍ਹਾਂ ਪ੍ਰੋਗ੍ਰਾਮਾਂ ਨੂੰ ਦੇਖਣ ਤੋਂ ਪਰਹੇਜ਼ ਕਰਦਾ ਹੈ ਜੋ ਪਹਿਲਾਂ ਉਸ ਨੂੰ ਠੀਕ ਲੱਗਦੇ ਸਨ। ਜੀ ਹਾਂ, ਹੁਣ ਉਸ ਦੀ ਜ਼ਮੀਰ ਸੁਧਰ ਗਈ ਹੈ।—ਜ਼ਬੂਰਾਂ ਦੀ ਪੋਥੀ 37:31.
18. ਸਾਡੇ ਕੋਲ ਖ਼ੁਸ਼ ਹੋਣ ਦਾ ਕੀ ਕਾਰਨ ਹੈ?
18 ਕਲੀਸਿਯਾਵਾਂ ਵਿਚ ਕਈ ਭੈਣਾਂ-ਭਰਾਵਾਂ ਨੂੰ ਕੁਝ ਹੀ ਸਮਾਂ ਸੱਚਾਈ ਵਿਚ ਆਇਆਂ ਨੂੰ ਹੋਇਆ ਹੈ ਤੇ ਕੁਝ ਚਿਰਾਂ ਤੋਂ ਸੱਚਾਈ ਵਿਚ ਹਨ। ਜਿਹੜੇ ਨਵੇਂ-ਨਵੇਂ ਸੱਚਾਈ ਵਿਚ ਆਏ ਹਨ, ਸ਼ਾਇਦ ਉਨ੍ਹਾਂ ਵਿੱਚੋਂ ਕੁਝ ਭੈਣ-ਭਰਾ ਕਈਆਂ ਗੱਲਾਂ ਵਿਚ ਆਪਣੇ ਫ਼ੈਸਲੇ ਆਪਣੀ ਜ਼ਮੀਰ ਦੀ ਸੁਣ ਕੇ ਕਰਨ, ਪਰ ਕੁਝ ਗੱਲਾਂ ਬਾਰੇ ਉਨ੍ਹਾਂ ਦੀ ਜ਼ਮੀਰ ਹਾਲੇ ਚੁੱਪ ਹੈ। ਉਨ੍ਹਾਂ ਨੂੰ ਸਮੇਂ ਅਤੇ ਮਦਦ ਦੀ ਲੋੜ ਹੈ ਤਾਂਕਿ ਉਹ ਯਹੋਵਾਹ ਦੀ ਸੇਧ ਮੁਤਾਬਕ ਆਪਣੀ ਜ਼ਮੀਰ ਨੂੰ ਸੁਧਾਰ ਸਕਣ। (ਅਫ਼ਸੀਆਂ 4:14, 15) ਖ਼ੁਸ਼ੀ ਦੀ ਗੱਲ ਹੈ ਕਿ ਇਨ੍ਹਾਂ ਹੀ ਕਲੀਸਿਯਾਵਾਂ ਵਿਚ ਸ਼ਾਇਦ ਅਜਿਹੇ ਕਈ ਭੈਣ-ਭਰਾ ਹੋਣ ਜਿਨ੍ਹਾਂ ਨੂੰ ਕਾਫ਼ੀ ਗਿਆਨ ਹੈ, ਬਾਈਬਲ ਦੇ ਸਿਧਾਂਤਾਂ ਨੂੰ ਲਾਗੂ ਕਰਨ ਦਾ ਤਜਰਬਾ ਹੈ ਤੇ ਉਨ੍ਹਾਂ ਦੀ ਜ਼ਮੀਰ ਕਾਫ਼ੀ ਹੱਦ ਤਕ ਪਰਮੇਸ਼ੁਰ ਦੀ ਸੋਚ ਦੇ ਮੁਤਾਬਕ ਕੰਮ ਕਰਦੀ ਹੈ। ਇਨ੍ਹਾਂ “ਸੁੱਚਿਆਂ” ਭੈਣਾਂ-ਭਰਾਵਾਂ ਨਾਲ ਮਿਲਣਾ-ਜੁਲਣਾ ਵਾਕਈ ਖ਼ੁਸ਼ੀ ਦੀ ਗੱਲ ਹੈ ਜੋ ਉਨ੍ਹਾਂ ਨੈਤਿਕ ਤੇ ਰੂਹਾਨੀ ਗੱਲਾਂ ਨੂੰ ‘ਸੁੱਚੀਆਂ’ ਮੰਨਦੇ ਹਨ ਜੋ ਪਰਮੇਸ਼ੁਰ ਨੂੰ ਪਸੰਦ ਹਨ। (ਅਫ਼ਸੀਆਂ 5:10) ਆਓ ਆਪਾਂ ਵੀ ਉਨ੍ਹਾਂ ਭੈਣਾਂ-ਭਰਾਵਾਂ ਵਰਗੇ ਬਣਨ ਦੀ ਕੋਸ਼ਿਸ਼ ਕਰੀਏ ਅਤੇ ਆਪਣੀ ਜ਼ਮੀਰ ਨੂੰ ਜ਼ਿੰਦਾ ਰੱਖੀਏ ਜੋ ਸਤ ਦੇ ਗਿਆਨ ਅਤੇ ਭਗਤੀ ਦੇ ਅਨੁਸਾਰ ਢਲ਼ੀ ਹੋਈ ਹੈ।—ਤੀਤੁਸ 1:1.
[ਫੁਟਨੋਟ]
a 15 ਮਾਰਚ 1983 ਦੇ ਪਹਿਰਾਬੁਰਜ, ਸਫ਼ਾ 30-31 (ਅੰਗ੍ਰੇਜ਼ੀ) ਉੱਤੇ ਵਿਆਹੁਤਾ ਜੋੜਿਆਂ ਲਈ ਜਾਣਕਾਰੀ ਦਿੱਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ: “ਉਹ ਉਸ ਹਰ ਗੱਲ ਨੂੰ ਨਫ਼ਰਤ ਕਰਨ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਅਸ਼ੁੱਧ ਹੈ ਜਿਵੇਂ ਕਿ ਗ਼ੈਰ-ਕੁਦਰਤੀ ਜਿਨਸੀ ਸੰਬੰਧ। ਵਿਆਹੇ ਲੋਕਾਂ ਨੂੰ ਉਹ ਕੰਮ ਕਰਨੇ ਚਾਹੀਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਦੀ ਜ਼ਮੀਰ ਸਾਫ਼ ਰਹੇ . . . ਉਨ੍ਹਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਜਿਨਸੀ ਸੰਬੰਧ ਆਦਰਯੋਗ ਹੋਣ ਅਤੇ ਉਨ੍ਹਾਂ ਨੂੰ ਇਕ-ਦੂਜੇ ਲਈ ਪਿਆਰ ਦਾ ਸਬੂਤ ਮਿਲੇ। ਉਨ੍ਹਾਂ ਨੂੰ ਇੱਦਾਂ ਦਾ ਕੁਝ ਵੀ ਕਰਨ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਸ ਨਾਲ ਪਤੀ ਜਾਂ ਪਤਨੀ ਨੂੰ ਨੁਕਸਾਨ ਪਹੁੰਚੇ ਜਾਂ ਦੁੱਖ ਹੋਵੇ।—ਅਫ਼ਸੀਆਂ 5:28-30; 1 ਪਤਰਸ 3:1, 7.”
ਤੁਸੀਂ ਕਿਵੇਂ ਜਵਾਬ ਦਿਓਗੇ?
• ਕ੍ਰੀਟ ਵਿਚ ਰਹਿੰਦੇ ਕੁਝ ਮਸੀਹੀਆਂ ਦੀ ਜ਼ਮੀਰ ਭ੍ਰਿਸ਼ਟ ਕਿਉਂ ਹੋ ਗਈ ਸੀ?
• ਇਹ ਕਿਵੇਂ ਹੋ ਸਕਦਾ ਹੈ ਕਿ ਦੋ ਮਸੀਹੀਆਂ ਦੀ ਜ਼ਮੀਰ ਵੱਖੋ-ਵੱਖਰੇ ਫ਼ੈਸਲੇ ਕਰ ਸਕਦੀ ਹੈ?
• ਸਮੇਂ ਦੇ ਬੀਤਣ ਨਾਲ ਸਾਡੀ ਜ਼ਮੀਰ ਨੂੰ ਕੀ ਹੋਣਾ ਚਾਹੀਦਾ ਹੈ?
[ਸਫ਼ਾ 26 ਉੱਤੇ ਨਕਸ਼ਾ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਸਿਸਲੀ
ਯੂਨਾਨ
ਕ੍ਰੀਟ
ਏਸ਼ੀਆ ਮਾਈਨਰ
ਸਾਈਪ੍ਰਸ
ਭੂਮੱਧ ਸਾਗਰ
[ਸਫ਼ਾ 28 ਉੱਤੇ ਤਸਵੀਰ]
ਇੱਕੋ ਜਿਹੇ ਹਾਲਾਤ ਵਿੱਚੋਂ ਗੁਜ਼ਰਨ ਵਾਲੇ ਭੈਣ-ਭਰਾਵਾਂ ਦੇ ਫ਼ੈਸਲੇ ਵੱਖੋ-ਵੱਖਰੇ ਹੋ ਸਕਦੇ ਹਨ