ਆਖ਼ਰੀ ਦਿਨਾਂ ਵਿਚ ਵਿਆਹ ਕਰਨ ਤੇ ਮਾਂ-ਬਾਪ ਬਣਨ ਦੀ ਭਾਰੀ ਜ਼ਿੰਮੇਵਾਰੀ
“ਸਾਡੇ ਕੋਲ ਬਹੁਤਾ ਸਮਾਂ ਨਹੀਂ ਬਚਿਆ।”—1 ਕੁਰਿੰ. 7:29, ERV.
1. (ੳ) ਅੱਜ ਦੇ ‘ਭੈੜੇ ਸਮਿਆਂ’ ਵਿਚ ਸ਼ਾਇਦ ਸਾਨੂੰ ਕਿਨ੍ਹਾਂ ਤਬਦੀਲੀਆਂ ਦਾ ਸਾਮ੍ਹਣਾ ਕਰਨਾ ਪਵੇ? (ਅ) ਪਰਿਵਾਰਕ ਕਦਰਾਂ-ਕੀਮਤਾਂ ਵਿਚ ਆਈਆਂ ਤਬਦੀਲੀਆਂ ਬਾਰੇ ਸਾਨੂੰ ਕਿਉਂ ਸੋਚਣਾ ਚਾਹੀਦਾ ਹੈ?
ਬਾਈਬਲ ਵਿਚ ਦੱਸਿਆ ਗਿਆ ਸੀ ਕਿ ਅੰਤ ਦੇ ਸਮੇਂ ਵਿਚ ਲੜਾਈਆਂ, ਭੁਚਾਲ, ਕਾਲ ਤੇ ਮਹਾਂਮਾਰੀਆਂ ਪੈਣਗੀਆਂ। (ਦਾਨੀ. 8:17, 19; ਲੂਕਾ 21:10, 11) ਬਾਈਬਲ ਵਿਚ ਇਹ ਚੇਤਾਵਨੀ ਵੀ ਦਿੱਤੀ ਗਈ ਸੀ ਕਿ ਇਸ ਸਮੇਂ ਦੌਰਾਨ ਲੋਕਾਂ ਦੀਆਂ ਜ਼ਿੰਦਗੀਆਂ ਵਿਚ ਵੱਡੀਆਂ-ਵੱਡੀਆਂ ਤਬਦੀਲੀਆਂ ਆਉਣਗੀਆਂ। ਇਨ੍ਹਾਂ “ਅੰਤ ਦਿਆਂ ਦਿਨਾਂ” ਵਿਚ ਪਰਿਵਾਰਕ ਕਦਰਾਂ-ਕੀਮਤਾਂ ਵਿਚ ਵੀ ਤਬਦੀਲੀਆਂ ਆਉਣਗੀਆਂ। ਵਾਕਈ ਅੱਜ ਅਸੀਂ ਇਨ੍ਹਾਂ ‘ਭੈੜੇ ਸਮਿਆਂ’ ਵਿਚ ਜੀ ਰਹੇ ਹਾਂ। (2 ਤਿਮੋ. 3:1-4) ਇਨ੍ਹਾਂ ਤਬਦੀਲੀਆਂ ਬਾਰੇ ਸਾਨੂੰ ਕਿਉਂ ਸੋਚਣਾ ਚਾਹੀਦਾ ਹੈ? ਕਿਉਂਕਿ ਇਨ੍ਹਾਂ ਦਾ ਪ੍ਰਭਾਵ ਇੰਨੀ ਦੂਰ-ਦੂਰ ਤਕ ਫੈਲਿਆ ਹੋਇਆ ਹੈ ਕਿ ਇਨ੍ਹਾਂ ਦਾ ਅਸਰ ਸਾਡੇ ʼਤੇ ਵੀ ਪੈ ਸਕਦਾ ਹੈ। ਅਸੀਂ ਪਤੀ-ਪਤਨੀ ਦੇ ਰਿਸ਼ਤੇ ਜਾਂ ਮਾਂ-ਬਾਪ ਅਤੇ ਬੱਚਿਆਂ ਦੇ ਰਿਸ਼ਤੇ ਨੂੰ ਦੁਨੀਆਂ ਦੇ ਲੋਕਾਂ ਵਾਂਗ ਵਿਚਾਰਨ ਲੱਗ ਸਕਦੇ ਹਾਂ। ਕਿਸ ਤਰ੍ਹਾਂ?
2. ਆਮ ਕਰਕੇ ਦੁਨੀਆਂ ਦੇ ਲੋਕਾਂ ਦਾ ਵਿਆਹ-ਸ਼ਾਦੀ ਤੇ ਤਲਾਕ ਬਾਰੇ ਕੀ ਵਿਚਾਰ ਹੈ?
2 ਅੱਜ-ਕੱਲ੍ਹ ਲੋਕ ਛੋਟੀਆਂ-ਛੋਟੀਆਂ ਗੱਲਾਂ ਨੂੰ ਪਹਾੜ ਜਿੱਡੀਆਂ ਬਣਾ ਕੇ ਝੱਟ ਹੀ ਛੱਡ-ਛਡਾਈ ਕਰ ਬੈਠਦੇ ਹਨ। ਕਈਆਂ ਦੇਸ਼ਾਂ ਵਿਚ ਤਲਾਕ ਦੀ ਦਰ ਆਸਮਾਨ ਨੂੰ ਛੋਹ ਰਹੀ ਹੈ। ਪਰ ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਵਿਆਹ-ਸ਼ਾਦੀ ਤੇ ਤਲਾਕ ਬਾਰੇ ਯਹੋਵਾਹ ਦੇ ਨਜ਼ਰੀਏ ਅਤੇ ਦੁਨੀਆਂ ਦੇ ਨਜ਼ਰੀਏ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਆਓ ਆਪਾਂ ਦੇਖੀਏ ਕਿ ਯਹੋਵਾਹ ਦਾ ਨਜ਼ਰੀਆ ਕੀ ਹੈ।
3. ਵਿਆਹ-ਸ਼ਾਦੀ ਬਾਰੇ ਯਹੋਵਾਹ ਅਤੇ ਯਿਸੂ ਦਾ ਕੀ ਨਜ਼ਰੀਆ ਹੈ?
3 ਯਹੋਵਾਹ ਦੇ ਸਿਧਾਂਤਾਂ ਮੁਤਾਬਕ ਪਤੀ-ਪਤਨੀ ਨੂੰ ਉਮਰ ਭਰ ਇਕ-ਦੂਜੇ ਦੇ ਵਫ਼ਾਦਾਰ ਰਹਿਣਾ ਚਾਹੀਦਾ ਹੈ। ਜਦ ਰੱਬ ਨੇ ਪਹਿਲੇ ਤੀਵੀਂ-ਆਦਮੀ ਦਾ ਵਿਆਹ ਕੀਤਾ ਸੀ, ਤਾਂ ਉਸ ਨੇ ਕਿਹਾ: “ਮਰਦ . . . ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਇੱਕ ਸਰੀਰ ਹੋਣਗੇ।” ਯਿਸੂ ਨੇ ਇਹੋ ਗੱਲ ਦੁਹਰਾਉਣ ਤੋਂ ਬਾਅਦ ਕਿਹਾ: “ਜੋ ਕੁਝ ਪਰਮੇਸ਼ੁਰ ਨੇ ਜੋੜ ਦਿੱਤਾ ਹੈ ਉਹ ਨੂੰ ਮਨੁੱਖ ਅੱਡ ਨਾ ਕਰੇ। . . . ਜੋ ਕੋਈ ਆਪਣੀ ਤੀਵੀਂ ਨੂੰ ਬਿਨਾ ਹਰਾਮਕਾਰੀ ਦੇ ਕਿਸੇ ਹੋਰ ਕਾਰਨ ਤੋਂ ਤਿਆਗ ਦੇਵੇ ਅਤੇ ਦੂਈ ਨਾਲ ਵਿਆਹ ਕਰੇ ਸੋ ਜਨਾਹ ਕਰਦਾ ਹੈ।” (ਉਤ. 2:24; ਮੱਤੀ 19:3-6, 9) ਇਸ ਤੋਂ ਅਸੀਂ ਸਾਫ਼ ਦੇਖ ਸਕਦੇ ਹਾਂ ਕਿ ਯਹੋਵਾਹ ਅਤੇ ਯਿਸੂ ਦੀਆਂ ਨਜ਼ਰਾਂ ਵਿਚ ਵਿਆਹ ਦਾ ਬੰਧਨ ਜ਼ਿੰਦਗੀ ਭਰ ਦਾ ਸਾਥ ਹੈ। (1 ਕੁਰਿੰ. 7:39) ਵਿਆਹ ਦੀ ਸ਼ੁਰੂਆਤ ਪਰਮੇਸ਼ੁਰ ਨੇ ਕੀਤੀ ਹੈ ਜਿਸ ਕਰਕੇ ਤਲਾਕ ਲੈਣਾ ਕੋਈ ਛੋਟੀ ਜਿਹੀ ਗੱਲ ਨਹੀਂ। ਦਰਅਸਲ ਬਾਈਬਲ ਵਿਚ ਸਾਫ਼-ਸਾਫ਼ ਕਿਹਾ ਗਿਆ ਕਿ ਯਹੋਵਾਹ ਨੂੰ ਤਿਆਗ ਪੱਤਰ ਯਾਨੀ ਤਲਾਕ ਤੋਂ ਘਿਣ ਆਉਂਦੀ ਹੈ।a—ਮਲਾਕੀ 2:13-16; 3:6 ਪੜ੍ਹੋ।
ਵਿਆਹ ਹੈ ਉਮਰ ਭਰ ਦਾ ਸਾਥ
4. ਕੁਝ ਨੌਜਵਾਨ ਜੋੜੇ ਛੋਟੀ ਉਮਰ ਵਿਚ ਵਿਆਹ ਕਰਾਉਣ ਤੋਂ ਬਾਅਦ ਕਿਉਂ ਪਛਤਾਉਂਦੇ ਹਨ?
4 ਸ਼ਤਾਨ ਦੀ ਇਹ ਦੁਸ਼ਟ ਦੁਨੀਆਂ ਸੈਕਸ ਲਈ ਪਾਗਲ ਹੋ ਚੁੱਕੀ ਹੈ। ਅੱਜ-ਕੱਲ੍ਹ ਜਿੱਥੇ ਵੀ ਦੇਖੋ ਗੰਦੀਆਂ ਤਸਵੀਰਾਂ ਨਜ਼ਰ ਆਉਂਦੀਆਂ ਹਨ। ਅਸੀਂ ਇਹ ਨਹੀਂ ਕਹਿ ਸਕਦੇ ਕਿ ਇਨ੍ਹਾਂ ਦਾ ਸਾਡੇ ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਸਾਨੂੰ ਖ਼ਾਸ ਕਰਕੇ ਕਲੀਸਿਯਾਵਾਂ ਵਿਚ ਆਪਣੇ ਨੌਜਵਾਨਾਂ ਦਾ ਫ਼ਿਕਰ ਹੈ। ਇਹ ਜਵਾਨ ਭੈਣ-ਭਰਾ ਇਸ ਮਾੜੇ ਪ੍ਰਭਾਵ ਤੋਂ ਕਿਵੇਂ ਬਚ ਸਕਦੇ ਹਨ ਜੋ ਉਨ੍ਹਾਂ ਵਿਚ ਮੱਲੋ-ਮੱਲੀ ਕਾਮ-ਵਾਸ਼ਨਾ ਜਗਾ ਸਕਦਾ ਹੈ? ਕਈਆਂ ਨੇ ਛੋਟੀ ਉਮਰ ਵਿਚ ਵਿਆਹ ਕਰਵਾ ਕੇ ਇਸ ਮੁਸ਼ਕਲ ਦਾ ਸਾਮ੍ਹਣਾ ਕਰਨਾ ਚਾਹਿਆ ਹੈ। ਉਹ ਸੋਚਦੇ ਹਨ ਕਿ ਜਲਦੀ ਵਿਆਹ ਕਰਾ ਕੇ ਉਹ ਹਰਾਮਕਾਰੀ ਕਰਨ ਤੋਂ ਬਚ ਸਕਦੇ ਹਨ। ਪਰ ਇਨ੍ਹਾਂ ਵਿੱਚੋਂ ਕੁਝ ਆਪਣੇ ਇਸ ਫ਼ੈਸਲੇ ਤੇ ਪਛਤਾਏ ਹਨ। ਕਿਉਂ? ਕਿਉਂਕਿ ਜਦ ਨਵੇਂ-ਨਵੇਂ ਵਿਆਹ ਦਾ ਚਾਹ ਲਹਿ ਜਾਂਦਾ ਹੈ, ਤਾਂ ਉਨ੍ਹਾਂ ਨੂੰ ਅਹਿਸਾਸ ਹੋਣ ਲੱਗਦਾ ਹੈ ਕਿ ਉਨ੍ਹਾਂ ਦੀ ਆਪਸ ਵਿਚ ਬਿਲਕੁਲ ਨਹੀਂ ਬਣਦੀ। ਫਿਰ ਹੌਲੀ-ਹੌਲੀ ਉਨ੍ਹਾਂ ਵਿਚ ਫਿੱਕ ਪੈਣ ਲੱਗ ਪੈਂਦੀ ਹੈ। ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਅਜਿਹੇ ਜੋੜਿਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਕਿਉਂ ਸਾਮ੍ਹਣਾ ਕਰਨਾ ਪੈ ਰਿਹਾ ਹੈ।
5. ਵਿਆਹ ਦੀਆਂ ਕਸਮਾਂ ਨਿਭਾਉਣ ਲਈ ਵਿਆਹੁਤਾ ਜੋੜਿਆਂ ਨੂੰ ਮਦਦ ਕਿੱਥੋਂ ਮਿਲ ਸਕਦੀ ਹੈ? (ਫੁਟਨੋਟ ਵੀ ਦੇਖੋ।)
5 ਵਿਆਹ ਕਰਾਉਣ ਤੋਂ ਬਾਅਦ ਜਦ ਮੁੰਡੇ-ਕੁੜੀ ਨੂੰ ਅਹਿਸਾਸ ਹੋਣ ਲੱਗਦਾ ਕਿ ਸੱਚਾਈ ਵਿਚ ਹੋਣ ਦੇ ਬਾਵਜੂਦ ਉਨ੍ਹਾਂ ਦਾ ਜੀਵਨ-ਸਾਥੀ ਉਨ੍ਹਾਂ ਦੇ ਸੁਪਨਿਆਂ ਦਾ ਰਾਜਕੁਮਾਰ ਜਾਂ ਰਾਜਕੁਮਾਰੀ ਨਹੀਂ, ਤਾਂ ਮੁਸ਼ਕਲਾਂ ਜ਼ਰੂਰ ਆਉਣਗੀਆਂ। (1 ਕੁਰਿੰ. 7:28) ਪਰ ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਅਸੀਂ ਜਾਣਦੇ ਹਾਂ ਕਿ ਮਸਲੇ ਦਾ ਹੱਲ ਤਲਾਕ ਲੈਣਾ ਨਹੀਂ ਹੈ ਕਿਉਂਕਿ ਪਰਮੇਸ਼ੁਰ ਦੇ ਅਸੂਲਾਂ ਮੁਤਾਬਕ ਤਲਾਕ ਲੈਣ ਦਾ ਸਿਰਫ਼ ਇੱਕੋ ਹੀ ਕਾਰਨ ਹੈ—ਹਰਾਮਕਾਰੀ। ਇਸ ਲਈ ਸਾਨੂੰ ਆਪਣੇ ਉਨ੍ਹਾਂ ਭੈਣ-ਭਾਈਆਂ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਜੋ ਮੁਸ਼ਕਲਾਂ ਦੇ ਬਾਵਜੂਦ ਸਖ਼ਤ ਮਿਹਨਤ ਕਰ ਕੇ ਆਪਣੇ ਜੀਵਨ-ਸਾਥੀ ਦੇ ਵਫ਼ਾਦਾਰ ਰਹਿਣ ਦੀ ਕਸਮ ਨਿਭਾਉਂਦੇ ਹਨ।b
6. ਵਿਆਹ ਕਰਾਉਣ ਬਾਰੇ ਨੌਜਵਾਨਾਂ ਦਾ ਕੀ ਵਿਚਾਰ ਹੋਣਾ ਚਾਹੀਦਾ ਹੈ?
6 ਕੀ ਤੁਸੀਂ ਅਣਵਿਆਹੇ ਹੋ? ਤਾਂ ਫਿਰ ਵਿਆਹ ਕਰਾਉਣ ਬਾਰੇ ਤੁਹਾਡਾ ਕੀ ਵਿਚਾਰ ਹੋਣਾ ਚਾਹੀਦਾ ਹੈ? ਤੁਸੀਂ ਵਾਧੂ ਦੀ ਸਿਰ ਦਰਦੀ ਲੈਣ ਤੋਂ ਬਚ ਸਕਦੇ ਹੋ ਜੇ ਤੁਸੀਂ ਵਿਆਹ ਉਦੋਂ ਹੀ ਕਰਵਾਓ ਜਦ ਤੁਸੀਂ ਘਰ-ਬਾਰ ਦੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਣ ਲਈ ਪੂਰੀ ਤਰ੍ਹਾਂ ਤਿਆਰ ਹੋ। ਇਸ ਦਾ ਮਤਲਬ ਹੈ ਕਿ ਤੁਸੀਂ ਸਰੀਰਕ, ਜਜ਼ਬਾਤੀ ਅਤੇ ਰੂਹਾਨੀ ਤੌਰ ਤੇ ਵਿਆਹ ਦੀ ਜ਼ਿੰਮੇਵਾਰੀ ਚੁੱਕਣ ਦੇ ਲਾਇਕ ਹੋ ਗਏ ਹੋ। ਸਾਰੇ ਵਿਅਕਤੀ ਅਲੱਗ-ਅਲੱਗ ਉਮਰ ਤੇ ਵਿਆਹ ਕਰਾਉਣ ਲਈ ਤਿਆਰ ਹੁੰਦੇ ਹਨ, ਇਸ ਲਈ ਬਾਈਬਲ ਇਹ ਨਹੀਂ ਕਹਿੰਦੀ ਕਿ ਸਾਨੂੰ ਵਿਆਹ ਕਰਾਉਣ ਲਈ ਕਿੰਨੀ ਉਮਰ ਦੇ ਹੋਣਾ ਚਾਹੀਦਾ ਹੈ।c ਪਰ ਚੰਗਾ ਹੋਵੇਗਾ ਜੇ ਮੁੰਡਾ-ਕੁੜੀ ਅੱਲੜ੍ਹ ਉਮਰ ਲੰਘ ਕੇ ਵਿਆਹ ਕਰਵਾਉਣ ਬਾਰੇ ਸੋਚਣ। ਇਸ ਤਰ੍ਹਾਂ ਕਰਨ ਦਾ ਕੀ ਫ਼ਾਇਦਾ ਹੈ? ਅੱਲੜ੍ਹ ਉਮਰ ਵਿਚ ਕਾਮ-ਵਾਸ਼ਨਾ ਆਪਣੇ ਸਿਖਰ ਤੇ ਹੁੰਦੀ ਹੈ। ਇਸ ਦੇ ਨਸ਼ੇ ਵਿਚ ਅਕਲ ਤੋਂ ਕੰਮ ਲੈਣਾ ਮੁਸ਼ਕਲ ਹੁੰਦਾ ਹੈ। ਨਤੀਜੇ ਵਜੋਂ ਮੁੰਡਾ-ਕੁੜੀ ਜਲਦਬਾਜ਼ੀ ਵਿਚ ਫ਼ੈਸਲਾ ਕਰ ਕੇ ਸ਼ਾਇਦ ਬਾਅਦ ਵਿਚ ਬਹੁਤ ਪਛਤਾਉਣ। ਯਾਦ ਰੱਖੋ ਕਿ ਸਾਡੇ ਪਿਤਾ ਯਹੋਵਾਹ ਨੇ ਵਿਆਹ-ਸ਼ਾਦੀ ਬਾਰੇ ਬਾਈਬਲ ਵਿਚ ਜੋ ਸਲਾਹ ਦਿੱਤੀ ਹੈ, ਉਹ ਸਾਡੇ ਲਾਭ ਤੇ ਖ਼ੁਸ਼ੀ ਲਈ ਹੈ।—ਯਸਾਯਾਹ 48:17, 18 ਪੜ੍ਹੋ।
ਮਾਂ-ਬਾਪ ਬਣਨ ਦੀ ਭਾਰੀ ਜ਼ਿੰਮੇਵਾਰੀ
7. ਕੁਝ ਛੋਟੀ ਉਮਰ ਦੇ ਜੋੜਿਆਂ ਤੇ ਕੀ ਬੀਤਦੀ ਹੈ ਅਤੇ ਇਸ ਕਾਰਨ ਉਹ ਕਿਵੇਂ ਮਹਿਸੂਸ ਕਰਨ ਲੱਗ ਸਕਦੇ ਹਨ?
7 ਕੁਝ ਜੋੜੇ ਅਜੇ ਆਪ ਛੋਟੀ ਉਮਰ ਦੇ ਹੁੰਦੇ ਹਨ ਜਦ ਉਹ ਮਾਪੇ ਬਣ ਜਾਂਦੇ ਹਨ। ਉਹ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਨ ਵੀ ਨਹੀਂ ਲੱਗਦੇ, ਉੱਤੋਂ ਉਨ੍ਹਾਂ ਨੂੰ ਨਵੇਂ ਜੰਮੇ ਬੱਚੇ ਦੀ 24-ਘੰਟੇ ਦੇਖ-ਭਾਲ ਕਰਨੀ ਪੈਂਦੀ ਹੈ। ਜਦ ਪਤਨੀ ਆਪਣਾ ਪੂਰਾ ਧਿਆਨ ਬੱਚੇ ਵੱਲ ਲਾਉਣ ਲੱਗ ਪੈਂਦੀ ਹੈ, ਤਾਂ ਪਤੀ ਅੰਦਰੋਂ-ਅੰਦਰੀਂ ਸੜਨ ਲੱਗ ਪੈਂਦਾ ਹੈ ਕਿ ਪਤਨੀ ਪਹਿਲਾਂ ਵਾਂਗ ਉਸ ਦੀ ਸੇਵਾ ਕਿਉਂ ਨਹੀਂ ਕਰਦੀ। ਇਸ ਤੋਂ ਇਲਾਵਾ ਸਾਰੀ-ਸਾਰੀ ਰਾਤ ਜਾਗਣ ਕਾਰਨ ਪਤੀ-ਪਤਨੀ ਵਿਚ ਟੈਂਸ਼ਨ ਵੱਧ ਜਾਂਦੀ ਹੈ ਤੇ ਉਹ ਛੋਟੀ-ਛੋਟੀ ਗੱਲ ਤੇ ਖਿਝਣ ਲੱਗ ਪੈਂਦੇ ਹਨ। ਉਹ ਕੈਦ ਵਿਚ ਬੰਦ ਮਹਿਸੂਸ ਕਰਦੇ ਹਨ ਕਿਉਂਕਿ ਉਹ ਪਹਿਲਾਂ ਵਾਂਗ ਆਪਣੀ ਮਰਜ਼ੀ ਮੁਤਾਬਕ ਕਿਤੇ ਆ ਜਾ ਵੀ ਨਹੀਂ ਸਕਦੇ। ਉਨ੍ਹਾਂ ਦਾ ਆਪਣੇ ਬਦਲੇ ਹੋਏ ਹਾਲਾਤਾਂ ਬਾਰੇ ਕੀ ਵਿਚਾਰ ਹੋਣਾ ਚਾਹੀਦਾ ਹੈ?
8. ਮਾਂ-ਬਾਪ ਬਣਨ ਦੀ ਜ਼ਿੰਮੇਵਾਰੀ ਬਾਰੇ ਪਤੀ-ਪਤਨੀ ਦਾ ਕੀ ਵਿਚਾਰ ਹੋਣਾ ਚਾਹੀਦਾ ਹੈ ਅਤੇ ਕਿਉਂ?
8 ਠੀਕ ਜਿਵੇਂ ਵਿਆਹ ਕਰਵਾਉਣ ਤੋਂ ਬਾਅਦ ਉਮਰ ਭਰ ਦਾ ਸਾਥ ਨਿਭਾਉਣ ਦੀ ਕਸਮ ਪੂਰੀ ਕਰਨ ਦੀ ਜ਼ਿੰਮੇਵਾਰੀ ਚੁੱਕੀ ਜਾਂਦੀ ਹੈ, ਉਸੇ ਤਰ੍ਹਾਂ ਪਤੀ-ਪਤਨੀ ਨੂੰ ਮਾਂ-ਬਾਪ ਬਣਨ ਦੀ ਜ਼ਿੰਮੇਵਾਰੀ ਵੀ ਗੰਭੀਰਤਾ ਨਾਲ ਲੈਣੀ ਚਾਹੀਦੀ ਹੈ। ਬੱਚੇ ਦਾ ਜਨਮ ਹੋਣ ਕਾਰਨ ਮਾਂ-ਬਾਪ ਨੂੰ ਘਰ ਦੇ ਬਦਲਦੇ ਹਾਲਾਤਾਂ ਦਾ ਸਾਮ੍ਹਣਾ ਤਾਂ ਕਰਨਾ ਪਵੇਗਾ ਹੀ, ਪਰ ਉਹ ਇਨ੍ਹਾਂ ਦਾ ਸਾਮ੍ਹਣਾ ਇਕੱਠੇ ਮਿਲ ਕੇ ਕਰ ਸਕਦੇ ਹਨ। ਯਹੋਵਾਹ ਪਰਮੇਸ਼ੁਰ ਨੇ ਮਾਪਿਆਂ ਨੂੰ ਬੱਚੇ ਪੈਦਾ ਕਰਨ ਦੀ ਕਾਬਲੀਅਤ ਦਿੱਤੀ ਹੈ, ਇਸ ਲਈ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ “ਯਹੋਵਾਹ ਵੱਲੋਂ ਮਿਰਾਸ” ਸਮਝਣਾ ਚਾਹੀਦਾ ਹੈ। (ਜ਼ਬੂ. 127:3) ਰੱਬ ਨੇ ਬੱਚਿਆਂ ਦਾ ਪਾਲਣ-ਪੋਸਣ ਕਰਨ ਦੀ ਜ਼ਿੰਮੇਵਾਰੀ ਮਾਪਿਆਂ ਨੂੰ ਦਿੱਤੀ ਹੈ। ਇਸ ਲਈ ਉਨ੍ਹਾਂ ਨੂੰ ਚਾਹੀਦਾ ਹੈ ਕਿ ਇਸ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਉਣ ਲਈ ਉਹ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਸਿੱਖਿਆ ਦੇਣ।—ਅਫ਼. 6:1.
9. (ੳ) ਬੱਚੇ ਦੀ ਪਰਵਰਿਸ਼ ਕਰਨ ਵਿਚ ਕੀ-ਕੀ ਸ਼ਾਮਲ ਹੈ? (ਅ) ਇਕ ਪਤੀ ਆਪਣੀ ਪਤਨੀ ਦੀ ਮਦਦ ਕਿਵੇਂ ਕਰ ਸਕਦਾ ਹੈ ਤਾਂਕਿ ਉਸ ਦੀ ਨਿਹਚਾ ਮਜ਼ਬੂਤ ਰਹੇ?
9 ਸਾਲਾਂ-ਬੱਧੀ ਆਪਾ ਭੁੱਲ ਕੇ ਬੱਚੇ ਦੀ ਪਰਵਰਿਸ਼ ਕੀਤੀ ਜਾਂਦੀ ਹੈ ਕਿਉਂਕਿ ਮਾਂ-ਬਾਪ ਨੂੰ ਆਪਣਾ ਪੂਰਾ ਸਮਾਂ ਤੇ ਬਲ ਲਾ ਕੇ ਇਹ ਕੰਮ ਕਰਨਾ ਪੈਂਦਾ ਹੈ। ਬੱਚੇ ਦੇ ਜਨਮ ਤੋਂ ਬਾਅਦ ਕਈ ਸਾਲਾਂ ਲਈ ਉਸ ਦੀ ਮਾਂ ਮੀਟਿੰਗਾਂ ਵਿਚ ਪੂਰਾ ਧਿਆਨ ਨਹੀਂ ਲਾ ਪਾਏਗੀ ਤੇ ਨਾ ਹੀ ਉਹ ਆਪ ਘਰ ਬੈਠ ਕੇ ਪੂਰੇ ਧਿਆਨ ਨਾਲ ਬਾਈਬਲ ਸਟੱਡੀ ਅਤੇ ਮਨਨ ਕਰ ਪਾਏਗੀ। ਯਹੋਵਾਹ ਦਾ ਗਵਾਹ ਹੋਣ ਦੇ ਨਾਤੇ ਪਤੀ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਇਸ ਸਮੇਂ ਦੌਰਾਨ ਉਸ ਦੀ ਪਤਨੀ ਦੀ ਨਿਹਚਾ ਕਮਜ਼ੋਰ ਹੋ ਸਕਦੀ ਹੈ। ਇਸ ਕਰਕੇ ਜ਼ਰੂਰੀ ਹੈ ਕਿ ਉਹ ਯਾਦ ਰੱਖੇ ਕਿ ਿਨੱਕੇ ਬੱਚੇ ਦੀ ਦੇਖ-ਭਾਲ ਕਰਨੀ ਸਿਰਫ਼ ਮਾਂ ਦਾ ਕੰਮ ਨਹੀਂ, ਸਗੋਂ ਉਸ ਨੂੰ ਵੀ ਹੱਥ ਵਟਾਉਣਾ ਚਾਹੀਦਾ ਹੈ। ਮੀਟਿੰਗ ਤੋਂ ਬਾਅਦ ਉਹ ਆਪਣੀ ਪਤਨੀ ਨਾਲ ਮੀਟਿੰਗ ਦੇ ਖ਼ਾਸ ਨੁਕਤੇ ਸਾਂਝੇ ਕਰ ਸਕਦਾ ਹੈ। ਉਹ ਕੁਝ ਸਮੇਂ ਲਈ ਬੱਚੇ ਨੂੰ ਸੰਭਾਲ ਵੀ ਸਕਦਾ ਹੈ, ਤਾਂਕਿ ਉਸ ਦੀ ਪਤਨੀ ਨੂੰ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣ ਦਾ ਮੌਕਾ ਮਿਲੇ।—ਫ਼ਿਲਿੱਪੀਆਂ 2:3, 4 ਪੜ੍ਹੋ।
10, 11. (ੳ) ਬੱਚਿਆਂ ਨੂੰ “ਮੱਤ” ਦੇਣ ਦਾ ਕੀ ਮਤਲਬ ਹੈ? (ਅ) ਕਲੀਸਿਯਾ ਵਿਚ ਕਿਨ੍ਹਾਂ ਭੈਣ-ਭਾਈਆਂ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ?
10 ਬੱਚਿਆਂ ਨੂੰ ਸਿਰਫ਼ ਰੋਟੀ, ਕੱਪੜੇ ਤੇ ਮਕਾਨ ਦੀ ਹੀ ਲੋੜ ਨਹੀਂ। ਇਨ੍ਹਾਂ ਆਖ਼ਰੀ ਦਿਨਾਂ ਵਿਚ ਜ਼ਰੂਰੀ ਹੈ ਕਿ ਬੱਚਿਆਂ ਦੀ ਸਰੀਰਕ ਦੇਖ-ਰੇਖ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਛੋਟੀ ਉਮਰ ਤੋਂ ਹੀ ਸਿੱਖਿਆ ਦਿੱਤੀ ਜਾਵੇ ਕਿ ਕੀ ਸਹੀ ਹੈ ਤੇ ਕੀ ਗ਼ਲਤ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਯਹੋਵਾਹ ਪਰਮੇਸ਼ੁਰ ਦੀ ‘ਸਿੱਖਿਆ ਅਰ ਮੱਤ ਦੇ ਕੇ ਉਨ੍ਹਾਂ ਦੀ ਪਾਲਣਾ ਕਰਨ।’ (ਅਫ਼. 6:4) “ਮੱਤ” ਦੇਣ ਦਾ ਮਤਲਬ ਹੈ ਕਿ ਮਾਪੇ ਬਚਪਨ ਤੋਂ ਲੈ ਕੇ ਜਵਾਨੀ ਤਕ ਆਪਣੇ ਬੱਚਿਆਂ ਦੇ ਦਿਲਾਂ ਵਿਚ ਯਹੋਵਾਹ ਪਰਮੇਸ਼ੁਰ ਦੇ ਖ਼ਿਆਲ ਬਿਠਾਉਣ।—2 ਤਿਮੋ. 3:14, 15.
11 ਯਿਸੂ ਨੇ ਆਪਣੇ ਚੇਲਿਆਂ ਨੂੰ ‘ਸਾਰੀਆਂ ਕੌਮਾਂ ਨੂੰ ਚੇਲੇ ਬਣਾਉਣ’ ਦਾ ਹੁਕਮ ਦਿੱਤਾ ਸੀ। (ਮੱਤੀ 28:19, 20) ਇਸ ਵਿਚ ਇਹ ਵੀ ਸ਼ਾਮਲ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਯਿਸੂ ਦੇ ਚੇਲੇ ਬਣਾਉਣ। ਇਹ ਕੰਮ ਸੌਖਾ ਨਹੀਂ ਕਿਉਂਕਿ ਸ਼ਤਾਨ ਦੀ ਦੁਨੀਆਂ ਸਾਡੇ ਨੌਜਵਾਨਾਂ ਨੂੰ ਆਪਣੇ ਵੱਲ ਖਿੱਚਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਇਸ ਕਰਕੇ ਸਾਨੂੰ ਉਨ੍ਹਾਂ ਭੈਣ-ਭਾਈਆਂ ਦੀ ਦਿਲੋਂ ਸ਼ਲਾਘਾ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਸਹੀ ਰਾਹ ਤੇ ਤੁਰਨਾ ਸਿਖਾਇਆ ਹੈ। ਉਨ੍ਹਾਂ ਨੇ ਵਫ਼ਾਦਾਰੀ ਨਾਲ ਮਾਪਿਆਂ ਦੀ ਭਾਰੀ ਜ਼ਿੰਮੇਵਾਰੀ ਪੂਰੀ ਕਰ ਕੇ ਦੁਨੀਆਂ ਦੇ ਭੈੜੇ ਪ੍ਰਭਾਵਾਂ ਤੇ “ਫ਼ਤਹ ਪਾਈ” ਹੈ।—1 ਯੂਹੰ. 5:4.
ਅਣਵਿਆਹੇ ਜਾਂ ਬੇਔਲਾਦ ਰਹਿਣ ਦਾ ਫ਼ੈਸਲਾ
12. ਯਹੋਵਾਹ ਦੇ ਕੁਝ ਗਵਾਹ ਜਵਾਨੀ ਲੰਘਣ ਤੋਂ ਕਈ ਸਾਲ ਬਾਅਦ ਵਿਆਹ ਕਿਉਂ ਕਰਵਾਉਂਦੇ ਹਨ?
12 ਸਾਨੂੰ ਵਿਆਹ ਨਾ ਕਰਵਾਉਣ ਦੇ ਫ਼ਾਇਦਿਆਂ ਬਾਰੇ ਸੋਚਣਾ ਚਾਹੀਦਾ ਹੈ ਕਿਉਂਕਿ ਬਾਈਬਲ ਕਹਿੰਦੀ ਹੈ ਕਿ “ਸਾਡੇ ਕੋਲ ਬਹੁਤਾ ਸਮਾਂ ਨਹੀਂ ਬਚਿਆ” ਅਤੇ “ਸੰਸਾਰ ਦਾ ਵਰਤਮਾਨ ਰੂਪ ਬਦਲ ਰਿਹਾ ਹੈ।” (1 ਕੁਰਿੰ. 7:29-31, ERV ) ਇਸ ਕਰਕੇ ਯਹੋਵਾਹ ਦੇ ਕਈ ਗਵਾਹ ਉਮਰ ਭਰ ਵਿਆਹ ਨਹੀਂ ਕਰਵਾਉਂਦੇ ਜਾਂ ਉਹ ਜਵਾਨੀ ਲੰਘਣ ਤੋਂ ਕਈ ਸਾਲ ਬਾਅਦ ਵਿਆਹ ਕਰਵਾਉਂਦੇ ਹਨ। ਇਹ ਉਹ ਆਪਣੇ ਮਤਲਬ ਲਈ ਨਹੀਂ ਕਰਦੇ, ਸਗੋਂ “ਬਿਨਾਂ ਘਾਬਰੇ” ਯਾਨੀ ਆਪਾ ਵਾਰ ਕੇ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣ ਲਈ ਕਰਦੇ ਹਨ। (1 ਕੁਰਿੰਥੀਆਂ 7:32-35 ਪੜ੍ਹੋ।) ਯਹੋਵਾਹ ਦੇ ਕੁਝ ਅਣਵਿਆਹੇ ਗਵਾਹ ਪਾਇਨੀਅਰੀ ਜਾਂ ਬੈਥਲ ਵਿਚ ਸੇਵਾ ਕਰਦੇ ਹਨ। ਕਈ ਭਰਾ ਯਹੋਵਾਹ ਦੇ ਸੰਗਠਨ ਦੇ ਹੋਰ ਕੰਮ ਆਉਣ ਲਈ ਮਿਨਿਸਟੀਰੀਅਲ ਟ੍ਰੇਨਿੰਗ ਸਕੂਲ ਵਿਚ ਸਿੱਖਿਆ ਪ੍ਰਾਪਤ ਕਰਦੇ ਹਨ। ਕੀ ਅਣਵਿਆਹੇ ਰਹਿ ਕੇ ਇਨ੍ਹਾਂ ਤਰੀਕਿਆਂ ਨਾਲ ਯਹੋਵਾਹ ਦੀ ਸੇਵਾ ਕਰਨ ਦਾ ਇਨ੍ਹਾਂ ਭੈਣ-ਭਰਾਵਾਂ ਨੂੰ ਕੋਈ ਫ਼ਾਇਦਾ ਹੋਇਆ ਹੈ? ਜੀ ਹਾਂ, ਇਨ੍ਹਾਂ ਵਿੱਚੋਂ ਜਿਨ੍ਹਾਂ ਨੇ ਕੁਝ ਸਮੇਂ ਬਾਅਦ ਵਿਆਹ ਕਰਾਇਆ, ਉਹ ਦੱਸਦੇ ਹਨ ਕਿ ਇਸ ਸੇਵਕਾਈ ਦੌਰਾਨ ਜਿਹੜੇ ਸਬਕ ਉਨ੍ਹਾਂ ਨੇ ਸਿੱਖੇ ਸਨ ਉਨ੍ਹਾਂ ਤੋਂ ਉਹ ਵਿਆਹ ਕਰਵਾਉਣ ਤੋਂ ਬਾਅਦ ਵੀ ਲਾਭ ਉਠਾ ਰਹੇ ਹਨ।
13. ਕੁਝ ਸ਼ਾਦੀ-ਸ਼ੁਦਾ ਗਵਾਹਾਂ ਨੇ ਬੇਔਲਾਦ ਰਹਿਣ ਦਾ ਫ਼ੈਸਲਾ ਕਿਉਂ ਕੀਤਾ ਹੈ?
13 ਦੁਨੀਆਂ ਦੇ ਕੁਝ ਦੇਸ਼ਾਂ ਵਿਚ ਇਕ ਹੋਰ ਗੱਲ ਦੇਖਣ ਨੂੰ ਮਿਲੀ ਹੈ। ਕੁਝ ਜੋੜੇ ਫ਼ੈਸਲਾ ਕਰਦੇ ਹਨ ਕਿ ਉਹ ਮਾਂ-ਬਾਪ ਨਹੀਂ ਬਣਨਗੇ। ਅਜਿਹਾ ਫ਼ੈਸਲਾ ਕਿਉਂ? ਕੁਝ ਆਰਥਿਕ ਤੰਗੀ ਕਾਰਨ ਤੇ ਕੁਝ ਚੰਗੀ-ਖ਼ਾਸੀ ਕਮਾਈ ਵਾਲੀ ਨੌਕਰੀ ਕਾਰਨ ਅਜਿਹਾ ਫ਼ੈਸਲਾ ਕਰਦੇ ਹਨ। ਯਹੋਵਾਹ ਦੇ ਗਵਾਹਾਂ ਵਿਚ ਵੀ ਅਜਿਹੇ ਜੋੜੇ ਹਨ ਜਿਨ੍ਹਾਂ ਨੇ ਬੇਔਲਾਦ ਰਹਿਣ ਦਾ ਫ਼ੈਸਲਾ ਕੀਤਾ ਹੈ। ਪਰ ਉਨ੍ਹਾਂ ਨੇ ਇਹ ਫ਼ੈਸਲਾ ਯਹੋਵਾਹ ਦੀ ਸੇਵਾ ਨੂੰ ਪਹਿਲ ਦੇਣ ਲਈ ਕੀਤਾ ਹੈ। ਇਹ ਗੱਲ ਨਹੀਂ ਕਿ ਇਹ ਜੋੜੇ ਆਪਣੇ ਵਿਆਹ ਦਾ ਆਨੰਦ ਨਹੀਂ ਮਾਣ ਰਹੇ। ਆਨੰਦ ਤਾਂ ਉਹ ਜ਼ਰੂਰ ਮਾਣਦੇ ਹਨ, ਪਰ ਆਪਣੀ ਮਰਜ਼ੀ ਨਾਲ ਉਨ੍ਹਾਂ ਨੇ ਆਪਣੀਆਂ ਕੁਝ ਖ਼ਾਹਸ਼ਾਂ ਨੂੰ ਮਾਰਿਆ ਹੈ ਤਾਂਕਿ ਉਹ ਪਰਮੇਸ਼ੁਰ ਦੇ ਕੰਮਾਂ ਵੱਲ ਆਪਣਾ ਪੂਰਾ ਧਿਆਨ ਲਾ ਸਕਣ। (1 ਕੁਰਿੰ. 7:3-5) ਅਜਿਹੇ ਕੁਝ ਜੋੜੇ ਡਿਸਟ੍ਰਿਕਟ ਤੇ ਸਰਕਟ ਸੇਵਾ ਕਰਦੇ ਹਨ। ਕਈ ਬੈਥਲ ਵਿਚ ਸੇਵਾ ਕਰਦੇ ਹਨ। ਕਈ ਮਿਸ਼ਨਰੀ ਸੇਵਾ ਜਾਂ ਪਾਇਨੀਅਰੀ ਕਰਦੇ ਹਨ। ਯਹੋਵਾਹ ਉਨ੍ਹਾਂ ਦੇ ਕੰਮ ਅਤੇ ਪਿਆਰ ਨੂੰ ਕਦੇ ਨਹੀਂ ਭੁੱਲੇਗਾ।—ਇਬ. 6:10.
“ਸਰੀਰ ਵਿੱਚ ਦੁਖ”
14, 15. ਮਾਪਿਆਂ ਨੂੰ ਕਿਹੋ ਜਿਹੇ “ਦੁਖ” ਭੋਗਣੇ ਪੈ ਸਕਦੇ ਹਨ?
14 ਪੌਲੁਸ ਰਸੂਲ ਨੇ ਸ਼ਾਦੀ-ਸ਼ੁਦਾ ਲੋਕਾਂ ਨੂੰ ਸਾਫ਼-ਸਾਫ਼ ਦੱਸਿਆ ਸੀ ਕਿ ਉਹ “ਸਰੀਰ ਵਿੱਚ ਦੁਖ ਭੋਗਣਗੇ।” (1 ਕੁਰਿੰ. 7:28) ਕਿਹੋ ਜਿਹੇ ਦੁੱਖ? ਹੋ ਸਕਦਾ ਉਨ੍ਹਾਂ ਦੀ, ਉਨ੍ਹਾਂ ਦੇ ਬੱਚਿਆਂ ਦੀ ਜਾਂ ਉਨ੍ਹਾਂ ਦੇ ਸਿਆਣੇ ਮਾਪਿਆਂ ਦੀ ਸਿਹਤ ਠੀਕ ਨਾ ਰਹੇ। ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਬੱਚਿਆਂ ਦੀ ਪਰਵਰਿਸ਼ ਵਿਚ ਉਨ੍ਹਾਂ ਨੂੰ ਦਿਲ-ਚੀਰਵੀਆਂ ਪਰੇਸ਼ਾਨੀਆਂ ਦਾ ਸਾਮ੍ਹਣਾ ਕਰਨਾ ਪਵੇ। ਜਿਵੇਂ ਇਸ ਲੇਖ ਦੇ ਸ਼ੁਰੂ ਵਿਚ ਕਿਹਾ ਗਿਆ ਸੀ, ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ “ਅੰਤ ਦਿਆਂ ਦਿਨਾਂ ਵਿੱਚ ਭੈੜੇ ਸਮੇਂ” ਜ਼ਰੂਰ ਆਉਣਗੇ। ਭੈੜੇ ਸਮਿਆਂ ਦੀ ਇਕ ਗੱਲ ਇਹ ਦੱਸੀ ਗਈ ਸੀ ਕਿ ਬੱਚੇ “ਮਾਪਿਆਂ ਦੇ ਅਣਆਗਿਆਕਾਰ” ਹੋਣਗੇ।—2 ਤਿਮੋ. 3:1-3.
15 ਇਸ ਜ਼ਮਾਨੇ ਵਿਚ ਬੱਚਿਆਂ ਦੀ ਪਰਵਰਿਸ਼ ਕਰਨੀ ਕੋਈ ਸੌਖੀ ਗੱਲ ਨਹੀਂ ਹੈ। ਇਨ੍ਹਾਂ ‘ਭੈੜੇ ਸਮਿਆਂ’ ਵਿਚ ਸਾਨੂੰ ਵੀ ਆਸਾਨੀ ਨਾਲ ਦੁਨੀਆਂ ਦੀ ਹਵਾ ਲੱਗ ਸਕਦੀ ਹੈ। ਇਸ ਕਰਕੇ ਸਾਨੂੰ ਆਪਣੇ ਬੱਚਿਆਂ ਦਾ ਪਾਲਣ-ਪੋਸਣ ਕਰਦੇ ਹੋਏ ਉਨ੍ਹਾਂ ਨੂੰ “ਸੰਸਾਰ” ਦੇ ਖ਼ਤਰਨਾਕ ਅਸਰ ਤੋਂ ਦੂਰ ਰੱਖਣ ਅਤੇ ਸੱਚਾਈ ਸਿਖਾਉਣ ਦੀ ਪੁਰਜ਼ੋਰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। (ਅਫ਼. 2:2, 3) ਕਈ ਵਾਰ ਸਾਡੇ ਭੈਣ-ਭਾਈਆਂ ਦੀ ਪੂਰੀ ਕੋਸ਼ਿਸ਼ ਦੇ ਬਾਵਜੂਦ ਉਨ੍ਹਾਂ ਦੇ ਬੱਚੇ ਤੇ ਦੁਨੀਆਂ ਦਾ ਅਸਰ ਪੈ ਜਾਂਦਾ ਹੈ। ਜੀ ਹਾਂ, ਇਹ ਕਿੰਨੇ “ਦੁਖ” ਦੀ ਗੱਲ ਹੁੰਦੀ ਹੈ ਜਦ ਉਨ੍ਹਾਂ ਦਾ ਧੀ-ਪੁੱਤ ਯਹੋਵਾਹ ਤੋਂ ਮੂੰਹ ਮੋੜ ਲੈਂਦਾ ਹੈ।—ਕਹਾ. 17:25.
“ਵੱਡਾ ਕਸ਼ਟ ਹੋਵੇਗਾ”
16. ਯਿਸੂ ਨੇ ਕਿਹੜੇ “ਕਸ਼ਟ” ਬਾਰੇ ਭਵਿੱਖਬਾਣੀ ਕੀਤੀ ਸੀ?
16 ਦੁਨੀਆਂ ਦੇ ਅੰਤ ਬਾਰੇ ਭਵਿੱਖਬਾਣੀ ਕਰਦੇ ਹੋਏ ਯਿਸੂ ਨੇ ਕਿਹਾ ਸੀ ਕਿ “ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਤੋੜੀ ਹੋਇਆ ਅਤੇ ਨਾ ਕਦੇ ਹੋਵੇਗਾ।” (ਮੱਤੀ 24:3, 21) ਉਸ ਵੇਲੇ ਅਸੀਂ ਉਹ ਸਾਰਾ “ਦੁਖ” ਭੁੱਲ ਜਾਵਾਂਗੇ ਜੋ ਹੁਣ ਅਸੀਂ ਘਰੇਲੂ ਜ਼ਿੰਦਗੀ ਵਿਚ ਜਾਂ ਬੱਚਿਆਂ ਦੀ ਪਰਵਰਿਸ਼ ਕਰਨ ਵਿਚ ਸਹਿ ਰਹੇ ਹਾਂ। ਯਿਸੂ ਨੇ ਇਹ ਵੀ ਦੱਸਿਆ ਸੀ ਕਿ ਇਕ ਵੱਡੀ ਭੀੜ ਇਸ ‘ਵੱਡੇ ਕਸ਼ਟ’ ਵਿੱਚੋਂ ਬਚ ਨਿਕਲੇਗੀ। ਪਰ ਸ਼ਤਾਨ ਦੀ ਦੁਨੀਆਂ ਜਲਦੀ ਕਿਤੇ ਹਾਰ ਮੰਨਣ ਵਾਲੀ ਨਹੀਂ। ਉਹ ਇਕ ਆਖ਼ਰੀ ਵਾਰ ਯਹੋਵਾਹ ਦੇ ਗਵਾਹਾਂ ਤੇ ਵਾਰ ਕਰੇਗੀ। ਉਹ ਸਮਾਂ ਸਾਡੇ ਸਾਰਿਆਂ ਲਈ ਮੁਸ਼ਕਲ ਭਰਿਆ ਹੋਵੇਗਾ ਚਾਹੇ ਅਸੀਂ ਕਿਸੇ ਵੀ ਉਮਰ ਦੇ ਕਿਉਂ ਨਾ ਹੋਈਏ।
17. (ੳ) ਭਵਿੱਖ ਬਾਰੇ ਸੋਚ ਕੇ ਸਾਨੂੰ ਕਿਉਂ ਨਹੀਂ ਡਰਨਾ ਚਾਹੀਦਾ? (ਅ) ਵਿਆਹ-ਸ਼ਾਦੀ ਕਰਨ ਅਤੇ ਮਾਂ-ਬਾਪ ਬਣਨ ਤੋਂ ਪਹਿਲਾਂ ਅਸੀਂ ਕਿਹੜੀ ਗੱਲ ਯਾਦ ਰੱਖਾਂਗੇ?
17 ਪਰ ਸਾਨੂੰ ਭਵਿੱਖ ਬਾਰੇ ਸੋਚ ਕੇ ਹੱਦੋਂ ਵੱਧ ਡਰਨਾ ਨਹੀਂ ਚਾਹੀਦਾ। ਯਹੋਵਾਹ ਦੇ ਵਫ਼ਾਦਾਰ ਰਹਿਣ ਵਾਲੇ ਮਾਂ-ਬਾਪ ਇਹ ਆਸ ਰੱਖ ਸਕਦੇ ਹਨ ਕਿ ਉਹ ਤੇ ਉਨ੍ਹਾਂ ਦੇ ਬੱਚੇ ਬਚਾਏ ਜਾਣਗੇ। (ਯਸਾਯਾਹ 26:20, 21 ਪੜ੍ਹੋ; ਸਫ਼. 2:2, 3; 1 ਕੁਰਿੰ. 7:14) ਪਰ ਇਸ ਸਮੇਂ ਦੌਰਾਨ ਵਿਆਹ-ਸ਼ਾਦੀ ਕਰਨ ਅਤੇ ਮਾਂ-ਬਾਪ ਬਣਨ ਦੀਆਂ ਗੰਭੀਰ ਜ਼ਿੰਮੇਵਾਰੀਆਂ ਚੁੱਕਣ ਤੋਂ ਪਹਿਲਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਅੰਤਿਮ ਦਿਨਾਂ ਵਿਚ ਰਹਿ ਰਹੇ ਹਾਂ। (2 ਪਤ. 3:10-13) ਸੋਚ-ਸਮਝ ਕੇ ਕਦਮ ਚੁੱਕਣ ਨਾਲ ਅਸੀਂ ਯਹੋਵਾਹ ਅਤੇ ਕਲੀਸਿਯਾ ਦੇ ਨਾਂ ਤੇ ਕੋਈ ਕਲੰਕ ਲੱਗਣ ਨਹੀਂ ਦਿਆਂਗੇ ਭਾਵੇਂ ਅਸੀਂ ਸ਼ਾਦੀ-ਸ਼ੁਦਾ ਹੋਈਏ ਜਾਂ ਨਾ, ਭਾਵੇਂ ਸਾਡੇ ਬੱਚੇ ਹੋਣ ਜਾਂ ਨਾ।
[ਫੁਟਨੋਟ]
a 1 ਮਈ 2002 ਦੇ ਪਹਿਰਾਬੁਰਜ ਰਸਾਲੇ ਦੇ 14-18 ਸਫ਼ਿਆਂ ਤੇ “ਯਹੋਵਾਹ ਧੋਖੇਬਾਜ਼ੀ ਤੋਂ ਨਫ਼ਰਤ ਕਰਦਾ ਹੈ” ਨਾਮਕ ਲੇਖ ਦੇਖੋ।
b ਜੋ ਘਰੇਲੂ ਮੁਸ਼ਕਲਾਂ ਨਾਲ ਜੂਝ ਰਹੇ ਹਨ, ਉਨ੍ਹਾਂ ਨੂੰ 15 ਸਤੰਬਰ 2003 ਦੇ ਪਹਿਰਾਬੁਰਜ ਅਤੇ ਜਨਵਰੀ-ਮਾਰਚ 2001 ਦੇ ਜਾਗਰੂਕ ਬਣੋ! ਰਸਾਲਿਆਂ ਵਿਚ ਦਰਜ ਵਿਆਹੁਤਾ ਜੀਵਨ ਬਾਰੇ ਲੇਖ ਪੜ੍ਹ ਕੇ ਮਦਦ ਮਿਲੇਗੀ।
c 15 ਮਈ 2001 ਦੇ ਪਹਿਰਾਬੁਰਜ ਵਿਚ 16-20 ਸਫ਼ਿਆਂ ਤੇ “ਪਰਮੇਸ਼ੁਰ ਦੀ ਮਦਦ ਨਾਲ ਜੀਵਨ-ਸਾਥੀ ਪਸੰਦ ਕਰੋ” ਨਾਮਕ ਲੇਖ ਦੇਖੋ।
ਇਨ੍ਹਾਂ ਸਵਾਲਾਂ ਉੱਤੇ ਗੌਰ ਕਰੋ
• ਨੌਜਵਾਨਾਂ ਨੂੰ ਵਿਆਹ ਕਰਾਉਣ ਵਿਚ ਕਾਹਲੀ ਕਿਉਂ ਨਹੀਂ ਕਰਨੀ ਚਾਹੀਦੀ?
• ਬੱਚੇ ਦੀ ਪਰਵਰਿਸ਼ ਕਰਨ ਵਿਚ ਕੀ-ਕੀ ਸ਼ਾਮਲ ਹੈ?
• ਯਹੋਵਾਹ ਦੇ ਕਈ ਗਵਾਹ ਅਣਵਿਆਹੇ ਜਾਂ ਬੇਔਲਾਦ ਰਹਿਣ ਦਾ ਫ਼ੈਸਲਾ ਕਿਉਂ ਕਰਦੇ ਹਨ?
• ਮਾਪਿਆਂ ਨੂੰ ਕਿਹੋ ਜਿਹੇ “ਦੁਖ” ਭੋਗਣੇ ਪੈ ਸਕਦੇ ਹਨ?
[ਸਫ਼ਾ 17 ਉੱਤੇ ਤਸਵੀਰ]
ਇਹ ਅਕਲਮੰਦੀ ਦੀ ਗੱਲ ਕਿਉਂ ਹੈ ਕਿ ਅੱਲੜ੍ਹ ਉਮਰ ਲੰਘਣ ਤੋਂ ਬਾਅਦ ਹੀ ਵਿਆਹ ਕੀਤਾ ਜਾਵੇ?
[ਸਫ਼ਾ 18 ਉੱਤੇ ਤਸਵੀਰ]
ਇਕ ਪਤੀ ਆਪਣੀ ਪਤਨੀ ਦੀ ਕਾਫ਼ੀ ਮਦਦ ਕਰ ਸਕਦਾ ਹੈ ਤਾਂਕਿ ਉਹ ਮਨ ਲਾ ਕੇ ਰੱਬ ਦੀ ਭਗਤੀ ਵੱਲ ਧਿਆਨ ਦੇ ਸਕੇ
[ਸਫ਼ਾ 19 ਉੱਤੇ ਤਸਵੀਰ]
ਯਹੋਵਾਹ ਦੇ ਕੁਝ ਸ਼ਾਦੀ-ਸ਼ੁਦਾ ਗਵਾਹਾਂ ਨੇ ਬੇਔਲਾਦ ਰਹਿਣ ਦਾ ਫ਼ੈਸਲਾ ਕਿਉਂ ਕੀਤਾ ਹੈ?