-
ਬਾਈਬਲ ਦੀ ਸਲਾਹ ਤੁਹਾਡਾ ਵਿਆਹੁਤਾ ਜੀਵਨ ਸੁਖੀ ਬਣਾ ਸਕਦੀ ਹੈਪਹਿਰਾਬੁਰਜ—2003 | ਸਤੰਬਰ 15
-
-
ਬਾਈਬਲ ਦੀ ਸਲਾਹ ਤੁਹਾਡਾ ਵਿਆਹੁਤਾ ਜੀਵਨ ਸੁਖੀ ਬਣਾ ਸਕਦੀ ਹੈ
ਵਿਆਹ—ਕੁਝ ਲੋਕ ਇਹ ਸ਼ਬਦ ਸੁਣ ਕੇ ਖ਼ੁਸ਼ੀ ਨਾਲ ਖਿੜ੍ਹ ਉੱਠਦੇ ਹਨ। ਪਰ ਹੋਰ ਲੋਕ ਇਹ ਸ਼ਬਦ ਸੁਣ ਕੇ ਤੜਫ਼ ਉੱਠਦੇ ਹਨ। ਇਕ ਪਤਨੀ ਦੁਖੀ ਮਨ ਨਾਲ ਕਹਿੰਦੀ ਹੈ: “ਪਤੀ ਦੇ ਹੁੰਦੇ ਹੋਏ ਵੀ ਮੈਂ ਆਪਣੇ ਆਪ ਨੂੰ ਇਕੱਲੀ ਮਹਿਸੂਸ ਕਰਦੀ ਹਾਂ। ਉਹ ਨਾ ਤਾਂ ਮੇਰੇ ਵੱਲ ਧਿਆਨ ਦਿੰਦੇ ਹਨ ਤੇ ਨਾ ਹੀ ਦੋ ਘੜੀਆਂ ਬੈਠ ਕੇ ਮੇਰੇ ਨਾਲ ਗੱਲਾਂ ਕਰਦੇ ਹਨ।”
ਜੋ ਮੁੰਡਾ-ਕੁੜੀ ਕਦੇ ਇਕੱਠੇ ਜੀਉਣ-ਮਰਨ ਦੀਆਂ ਕਸਮਾਂ ਖਾਂਦੇ ਸਨ, ਉਹ ਇਕ-ਦੂਜੇ ਤੋਂ ਇੰਨੇ ਦੂਰ ਕਿਉਂ ਚਲੇ ਜਾਂਦੇ ਹਨ? ਇਸ ਦਾ ਇਕ ਕਾਰਨ ਇਹ ਹੈ ਕਿ ਵਿਆਹੁਤਾ ਜੀਵਨ ਨੂੰ ਸੁਖੀ ਬਣਾਉਣ ਬਾਰੇ ਉਨ੍ਹਾਂ ਨੂੰ ਕੋਈ ਸਿਖਲਾਈ ਨਹੀਂ ਦਿੱਤੀ ਜਾਂਦੀ। ਇਕ ਮੈਡੀਕਲ ਪੱਤਰਕਾਰ ਕਹਿੰਦਾ ਹੈ: “ਵਿਆਹ ਕਰਾਉਣ ਤੋਂ ਪਹਿਲਾਂ ਮੁੰਡੇ-ਕੁੜੀਆਂ ਨੂੰ ਇਸ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਬਾਰੇ ਕੁਝ ਵੀ ਪਤਾ ਨਹੀਂ ਹੁੰਦਾ।”
ਅਮਰੀਕਾ ਵਿਚ ਨਿਊ ਜਰਸੀ ਦੀ ਯੂਨੀਵਰਸਿਟੀ ਦੁਆਰਾ ਕੀਤਾ ਗਿਆ ਅਧਿਐਨ ਉੱਪਰ ਦੱਸੀ ਗੱਲ ਦੀ ਪੁਸ਼ਟੀ ਕਰਦਾ ਹੈ। ਇਸ ਅਧਿਐਨ ਦੇ ਡਾਇਰੈਕਟਰ ਲਿਖਦੇ ਹਨ: “ਇਸ ਅਧਿਐਨ ਵਿਚ ਸ਼ਾਮਲ ਜ਼ਿਆਦਾਤਰ ਪਤੀ-ਪਤਨੀ ਅਜਿਹੇ ਘਰਾਂ ਵਿਚ ਜੰਮੇ-ਪਲੇ ਸਨ ਜਿਨ੍ਹਾਂ ਵਿਚ ਉਨ੍ਹਾਂ ਦੇ ਮਾਤਾ-ਪਿਤਾ ਜਾਂ ਤਾਂ ਆਪਸ ਵਿਚ ਖ਼ੁਸ਼ ਨਹੀਂ ਸਨ ਜਾਂ ਉਨ੍ਹਾਂ ਦਾ ਤਲਾਕ ਹੋ ਚੁੱਕਾ ਸੀ। ਉਹ ਦੁਖੀ ਵਿਆਹੁਤਾ ਜੀਵਨ ਬਾਰੇ ਸਭ ਕੁਝ ਜਾਣਦੇ ਹਨ, ਪਰ ਸੁਖੀ ਵਿਆਹੁਤਾ ਜੀਵਨ ਬਾਰੇ ਉਹ ਕੁਝ ਨਹੀਂ ਜਾਣਦੇ। ਕੁਝ ਲੋਕਾਂ ਨੇ ਸਿਰਫ਼ ਇੰਨਾ ਹੀ ਕਿਹਾ ਕਿ ‘ਸੁਖੀ ਵਿਆਹੁਤਾ ਜੀਵਨ ਉਹ ਹੈ ਜੋ ਮੇਰੇ ਮਾਤਾ-ਪਿਤਾ ਦੀ ਜ਼ਿੰਦਗੀ ਤੋਂ ਉਲਟ ਹੈ।’”
ਕੀ ਮਸੀਹੀ ਜੋੜੇ ਸਮੱਸਿਆਵਾਂ ਤੋਂ ਬਚੇ ਹੋਏ ਹਨ? ਨਹੀਂ। ਇਸੇ ਕਾਰਨ ਪਹਿਲੀ ਸਦੀ ਵਿਚ ਕੁਝ ਮਸੀਹੀ ਆਪਣੇ ਜੀਵਨ ਸਾਥੀ ਤੋਂ ‘ਛੁਟਕਾਰਾ ਢੂੰਡ’ ਰਹੇ ਸਨ ਜਿਸ ਕਰਕੇ ਉਨ੍ਹਾਂ ਨੂੰ ਤਾੜਨਾ ਦਿੱਤੀ ਗਈ ਸੀ। (1 ਕੁਰਿੰਥੀਆਂ 7:27) ਹਰ ਵਿਆਹ ਵਿਚ ਸਮੱਸਿਆਵਾਂ ਆਉਂਦੀਆਂ ਹਨ ਕਿਉਂਕਿ ਵਿਆਹ ਦੋ ਨਾਮੁਕੰਮਲ ਇਨਸਾਨਾਂ ਦਾ ਮੇਲ ਹੁੰਦਾ ਹੈ। ਪਰ ਅਸੀਂ ਆਪਣੇ ਵਿਆਹੁਤਾ ਜੀਵਨ ਨੂੰ ਸਫ਼ਲ ਬਣਾ ਸਕਦੇ ਹਾਂ। ਪਤੀ-ਪਤਨੀ ਬਾਈਬਲ ਦੇ ਸਿਧਾਂਤਾਂ ਨੂੰ ਲਾਗੂ ਕਰ ਕੇ ਆਪਣੇ ਰਿਸ਼ਤੇ ਵਿਚ ਮਿਠਾਸ ਭਰ ਸਕਦੇ ਹਨ।
ਇਹ ਸੱਚ ਹੈ ਕਿ ਬਾਈਬਲ ਸਿਰਫ਼ ਵਿਆਹ ਦੀ ਕਿਤਾਬ ਨਹੀਂ ਹੈ। ਪਰ ਇਸ ਦਾ ਲੇਖਕ ਪਰਮੇਸ਼ੁਰ ਹੈ ਜਿਸ ਨੇ ਵਿਆਹ ਦੀ ਸ਼ੁਰੂਆਤ ਕੀਤੀ ਸੀ। ਇਸ ਲਈ ਅਸੀਂ ਆਸ ਰੱਖ ਸਕਦੇ ਹਾਂ ਕਿ ਇਸ ਵਿਚ ਦਿੱਤੇ ਸਿਧਾਂਤ ਸਾਡੀ ਮਦਦ ਕਰਨਗੇ। ਯਹੋਵਾਹ ਪਰਮੇਸ਼ੁਰ ਨੇ ਆਪਣੇ ਨਬੀ ਯਸਾਯਾਹ ਦੁਆਰਾ ਕਿਹਾ: “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ। ਕਾਸ਼ ਕਿ ਤੂੰ ਮੇਰੇ ਹੁਕਮਾਂ ਨੂੰ ਮੰਨਦਾ! ਤਾਂ ਤੇਰੀ ਸ਼ਾਂਤੀ ਨਦੀ ਵਾਂਙੁ, ਤਾਂ ਤੇਰਾ ਧਰਮ ਸਮੁੰਦਰ ਦੀਆਂ ਲਹਿਰਾਂ ਵਾਂਙੁ ਹੁੰਦਾ।”—ਯਸਾਯਾਹ 48:17, 18.
ਕੀ ਤੁਹਾਡੇ ਦੋਨਾਂ ਵਿਚ ਪਹਿਲਾਂ ਵਾਲਾ ਪਿਆਰ ਨਹੀਂ ਰਿਹਾ? ਕੀ ਪਿਆਰ ਤੋਂ ਵਾਂਝੇ ਵਿਆਹੁਤਾ ਜੀਵਨ ਵਿਚ ਤੁਹਾਡਾ ਦਮ ਘੁੱਟ ਰਿਹਾ ਹੈ? ਛੱਬੀ ਸਾਲਾਂ ਤੋਂ ਵਿਆਹੀ ਇਕ ਪਤਨੀ ਨੇ ਕਿਹਾ: “ਬਿਨਾਂ ਪਿਆਰ ਦੇ ਰਿਸ਼ਤੇ ਵਿਚ ਜ਼ਿੰਦਗੀ ਭਰ ਬੱਝੇ ਰਹਿਣਾ ਮੌਤ ਨਾਲੋਂ ਬਦਤਰ ਹੈ। ਮੈਂ ਦੱਸ ਨਹੀਂ ਸਕਦੀ ਕਿ ਮੈਂ ਕਿੰਨੀ ਦੁਖੀ ਹਾਂ।” ਪਰ ਹਾਰ ਮੰਨਣ ਦੀ ਬਜਾਇ, ਕਿਉਂ ਨਹੀਂ ਤੁਸੀਂ ਆਪਣੇ ਵਿਆਹੁਤਾ ਜੀਵਨ ਵਿਚ ਫਿਰ ਤੋਂ ਮਿਠਾਸ ਭਰਨ ਦੇ ਜਤਨ ਕਰੋ? ਵਿਆਹੁਤਾ ਜੀਵਨ ਨੂੰ ਸਫ਼ਲ ਬਣਾਉਣ ਲਈ ਇਕ-ਦੂਸਰੇ ਦਾ ਸਾਥ ਨਿਭਾਉਣ ਦਾ ਪੱਕਾ ਫ਼ੈਸਲਾ ਕਰਨਾ ਬਹੁਤ ਜ਼ਰੂਰੀ ਹੈ। ਅਗਲੇ ਲੇਖ ਵਿਚ ਦੱਸਿਆ ਗਿਆ ਹੈ ਕਿ ਇਸ ਮਾਮਲੇ ਵਿਚ ਬਾਈਬਲ ਦੇ ਸਿਧਾਂਤ ਪਤੀ-ਪਤਨੀ ਦੀ ਮਦਦ ਕਿਵੇਂ ਕਰ ਸਕਦੇ ਹਨ।
-
-
ਵਿਆਹ ਦੇ ਬੰਧਨ ਨੂੰ ਮਜ਼ਬੂਤ ਬਣਾਓਪਹਿਰਾਬੁਰਜ—2003 | ਸਤੰਬਰ 15
-
-
ਵਿਆਹ ਦੇ ਬੰਧਨ ਨੂੰ ਮਜ਼ਬੂਤ ਬਣਾਓ
ਜ਼ਰਾ ਇਕ ਟੁੱਟੇ-ਭੱਜੇ ਘਰ ਦੀ ਕਲਪਨਾ ਕਰੋ ਜਿਸ ਦਾ ਪੇਂਟ ਲੱਥ ਰਿਹਾ ਹੈ, ਛੱਤ ਟੁੱਟੀ ਪਈ ਹੈ ਅਤੇ ਬਗ਼ੀਚੇ ਦਾ ਵੀ ਬੁਰਾ ਹਾਲ ਹੈ। ਤੁਹਾਨੂੰ ਇਹ ਸਮਝਣ ਵਿਚ ਦੇਰ ਨਹੀਂ ਲੱਗੇਗੀ ਕਿ ਇਸ ਘਰ ਨੇ ਕਈ ਵੱਡੇ ਤੂਫ਼ਾਨ ਝੱਲੇ ਹਨ ਅਤੇ ਇਸ ਦੀ ਚੰਗੀ ਦੇਖ-ਭਾਲ ਨਹੀਂ ਕੀਤੀ ਗਈ ਹੈ। ਕੀ ਇਸ ਘਰ ਨੂੰ ਡੇਗ ਦੇਣਾ ਚਾਹੀਦਾ ਹੈ? ਜ਼ਰੂਰੀ ਨਹੀਂ, ਕਿਉਂਕਿ ਜੇ ਘਰ ਦੀ ਨੀਂਹ ਅਜੇ ਪੱਕੀ ਹੈ ਅਤੇ ਘਰ ਦਾ ਢਾਂਚਾ ਵੀ ਮਜ਼ਬੂਤ ਹੈ, ਤਾਂ ਘਰ ਦੀ ਮੁਰੰਮਤ ਕੀਤੀ ਜਾ ਸਕਦੀ ਹੈ।
ਕੀ ਤੁਹਾਡਾ ਵਿਆਹ ਵੀ ਇਸ ਘਰ ਵਰਗਾ ਹੈ? ਹੋ ਸਕਦਾ ਹੈ ਕਿ ਤੁਸੀਂ ਆਪਣੇ ਵਿਆਹੁਤਾ ਜੀਵਨ ਵਿਚ ਕਈ ਵੱਡੇ ਤੂਫ਼ਾਨ ਝੱਲੇ ਹਨ ਅਤੇ ਇਸ ਦਾ ਤੁਹਾਡੇ ਆਪਸੀ ਰਿਸ਼ਤੇ ਉੱਤੇ ਮਾੜਾ ਅਸਰ ਪਿਆ ਹੈ। ਸ਼ਾਇਦ ਤੁਸੀਂ ਦੋਨਾਂ ਨੇ ਜਾਂ ਤੁਹਾਡੇ ਵਿੱਚੋਂ ਇਕ ਨੇ ਆਪਣੇ ਰਿਸ਼ਤੇ ਦੀ ਚੰਗੀ ਦੇਖ-ਭਾਲ ਨਹੀਂ ਕੀਤੀ। ਹੋ ਸਕਦਾ ਹੈ ਕਿ ਤੁਸੀਂ ਸੈਂਡੀ ਨਾਂ ਦੀ ਤੀਵੀਂ ਵਾਂਗ ਮਹਿਸੂਸ ਕਰਦੇ ਹੋ। ਵਿਆਹ ਤੋਂ 15 ਸਾਲ ਬਾਅਦ ਉਸ ਨੇ ਕਿਹਾ: “ਸਾਡੇ ਸ਼ੌਕਾਂ, ਵਿਚਾਰਾਂ ਤੇ ਟੀਚਿਆਂ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਸੀ। ਸਾਡੇ ਵਿਚ ਇੱਕੋ ਸਾਂਝੀ ਗੱਲ ਇਹ ਸੀ ਕਿ ਅਸੀਂ ਵਿਆਹੇ ਹੋਏ ਸੀ ਅਤੇ ਇਹ ਸਾਡੇ ਰਿਸ਼ਤੇ ਨੂੰ ਬਚਾਈ ਰੱਖਣ ਲਈ ਕਾਫ਼ੀ ਨਹੀਂ ਸੀ।”
ਭਾਵੇਂ ਤੁਹਾਡੇ ਰਿਸ਼ਤੇ ਦਾ ਵੀ ਇਹੋ ਹਾਲ ਹੋਵੇ, ਫਿਰ ਵੀ ਇਹ ਨਾ ਸੋਚੋ ਕਿ ਤਲਾਕ ਲੈਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ। ਹੋ ਸਕਦਾ ਹੈ ਕਿ ਤੁਹਾਡੇ ਵਿਆਹ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ। ਬਹੁਤ ਕੁਝ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਦੋਨੋਂ ਇਕ-ਦੂਸਰੇ ਦਾ ਸਾਥ ਨਿਭਾਉਣ ਦੇ ਵਾਅਦੇ ਨੂੰ ਕਿੰਨੀ ਗੰਭੀਰਤਾ ਨਾਲ ਲੈਂਦੇ ਹੋ। ਜੇ ਤੁਸੀਂ ਇਕ-ਦੂਸਰੇ ਦਾ ਸਾਥ ਦੇਣ ਲਈ ਦ੍ਰਿੜ੍ਹ ਹੁੰਦੇ ਹੋ, ਤਾਂ ਤੁਸੀਂ ਔਖੀਆਂ ਅਜ਼ਮਾਇਸ਼ਾਂ ਦਾ ਮਿਲ ਕੇ ਸਾਮ੍ਹਣਾ ਕਰ ਸਕੋਗੇ। ਪਰ ਇਕ-ਦੂਸਰੇ ਦਾ ਸਾਥ ਨਿਭਾਉਣ ਦਾ ਕੀ ਮਤਲਬ ਹੈ? ਇਸ ਵਿਚ ਬਾਈਬਲ ਤੁਹਾਡੀ ਕਿੱਦਾਂ ਮਦਦ ਕਰ ਸਕਦੀ ਹੈ?
ਵਾਅਦਾ ਨਿਭਾਉਣਾ ਸਾਡਾ ਫ਼ਰਜ਼ ਹੈ
ਜਦੋਂ ਅਸੀਂ ਕੋਈ ਵਾਅਦਾ ਕਰਦੇ ਹਾਂ, ਤਾਂ ਇਸ ਨੂੰ ਪੂਰਾ ਕਰਨਾ ਸਾਡਾ ਫ਼ਰਜ਼ ਬਣਦਾ ਹੈ। ਮਿਸਾਲ ਲਈ, ਇਕ ਠੇਕੇਦਾਰ ਜਦੋਂ ਘਰ ਉਸਾਰਨ ਦਾ ਠੇਕਾ ਲੈਂਦਾ ਹੈ, ਤਾਂ ਉਹ ਇਸ ਕੰਮ ਨੂੰ ਪੂਰਾ ਕਰਨਾ ਆਪਣਾ ਫ਼ਰਜ਼ ਸਮਝਦਾ ਹੈ। ਉਹ ਸ਼ਾਇਦ ਘਰ ਦੇ ਮਾਲਕ ਨੂੰ ਨਿੱਜੀ ਤੌਰ ਤੇ ਨਹੀਂ ਜਾਣਦਾ, ਪਰ ਫਿਰ ਵੀ ਉਸ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਹੈ।
ਇਹ ਸੱਚ ਹੈ ਕਿ ਵਿਆਹ-ਸ਼ਾਦੀ ਕੋਈ ਵਪਾਰ ਨਹੀਂ ਹੈ, ਪਰ ਇਸ ਵਿਚ ਵੀ ਫ਼ਰਜ਼ ਨਿਭਾਉਣੇ ਪੈਂਦੇ ਹਨ। ਵਿਆਹ ਵੇਲੇ ਸ਼ਾਇਦ ਤੁਸਾਂ ਦੋਨਾਂ ਨੇ ਪਰਮੇਸ਼ੁਰ ਅਤੇ ਲੋਕਾਂ ਸਾਮ੍ਹਣੇ ਕਸਮ ਖਾਧੀ ਸੀ ਕਿ ਤੁਸੀਂ ਦੁੱਖ-ਸੁਖ ਵਿਚ ਇਕ-ਦੂਸਰੇ ਦਾ ਸਾਥ ਦਿਓਗੇ। ਯਿਸੂ ਨੇ ਕਿਹਾ ਸੀ: ‘ਜਿਸ ਨੇ ਆਦਮੀ ਤੇ ਔਰਤ ਨੂੰ ਬਣਾਇਆ ਉਹ ਨੇ ਮੁੱਢੋਂ ਉਨ੍ਹਾਂ ਨੂੰ ਨਰ ਅਤੇ ਨਾਰੀ ਬਣਾਇਆ ਅਤੇ ਕਿਹਾ ਜੋ ਏਸ ਲਈ ਮਰਦ ਆਪਣੇ ਮਾਪੇ ਛੱਡ ਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ।’ ਫਿਰ ਯਿਸੂ ਨੇ ਅੱਗੇ ਕਿਹਾ: “ਜੋ ਕੁਝ ਪਰਮੇਸ਼ੁਰ ਨੇ ਜੋੜ ਦਿੱਤਾ ਹੈ ਉਹ ਨੂੰ ਮਨੁੱਖ ਅੱਡ ਨਾ ਕਰੇ।” (ਮੱਤੀ 19:4-6) ਇਸ ਲਈ ਜਦੋਂ ਸਮੱਸਿਆਵਾਂ ਆਉਂਦੀਆਂ ਹਨ, ਤਾਂ ਤੁਹਾਨੂੰ ਦੋਨਾਂ ਨੂੰ ਇਕ-ਦੂਜੇ ਨਾਲ ਕੀਤਾ ਵਾਅਦਾ ਪੂਰਾ ਕਰਨ ਦਾ ਜਤਨ ਕਰਨਾ ਚਾਹੀਦਾ ਹੈ।a ਇਕ ਪਤਨੀ ਕਹਿੰਦੀ ਹੈ: “ਜਦੋਂ ਅਸੀਂ ਹਰ ਛੋਟੀ-ਮੋਟੀ ਗੱਲ ਤੇ ਤਲਾਕ ਦੇਣ ਦੀ ਧਮਕੀ ਦੇਣੀ ਛੱਡ ਦਿੱਤੀ, ਤਾਂ ਸਾਡੇ ਸੰਬੰਧਾਂ ਵਿਚ ਸੁਧਾਰ ਹੋਣ ਲੱਗਾ।”
ਪਰ ਵਿਆਹ ਵੇਲੇ ਕੀਤੇ ਵਾਅਦੇ ਨੂੰ ਸਿਰਫ਼ ਫ਼ਰਜ਼ ਸਮਝ ਕੇ ਨਿਭਾਉਣਾ ਕਾਫ਼ੀ ਨਹੀਂ ਹੈ। ਸਾਨੂੰ ਹੋਰ ਕੀ ਕਰਨ ਦੀ ਲੋੜ ਹੈ?
ਮਿਲ ਕੇ ਵਿਆਹ ਨੂੰ ਮਜ਼ਬੂਤ ਬਣਾਓ
ਆਪਣੇ ਸਾਥੀ ਦਾ ਸਾਥ ਦੇਣ ਦੇ ਵਾਅਦੇ ਦਾ ਇਹ ਮਤਲਬ ਨਹੀਂ ਕਿ ਪਤੀ-ਪਤਨੀ ਵਿਚ ਕਦੇ ਖਟਪਟ ਨਹੀਂ ਹੋਵੇਗੀ। ਮਤਭੇਦ ਤਾਂ ਜ਼ਰੂਰ ਹੋਣਗੇ, ਪਰ ਦੋਨਾਂ ਨੂੰ ਆਪਸੀ ਮਤਭੇਦਾਂ ਨੂੰ ਮਿਟਾਉਣ ਦੀ ਪੂਰੀ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ? ਨਾ ਸਿਰਫ਼ ਫ਼ਰਜ਼ ਨਿਭਾਉਣ ਲਈ, ਸਗੋਂ ਇਸ ਲਈ ਵੀ ਕਿ ਉਹ ਇਕ-ਦੂਸਰੇ ਨੂੰ ਬਹੁਤ ਪਿਆਰ ਕਰਦੇ ਹਨ। ਯਿਸੂ ਨੇ ਪਤੀ-ਪਤਨੀ ਬਾਰੇ ਕਿਹਾ ਸੀ ਕਿ “ਓਹ ਦੋਵੇਂ ਇੱਕ ਸਰੀਰ ਹੋਣਗੇ।”
ਪਤੀ-ਪਤਨੀ ਦਾ “ਇੱਕ ਸਰੀਰ” ਹੋਣ ਦਾ ਕੀ ਮਤਲਬ ਹੈ? ਪੌਲੁਸ ਰਸੂਲ ਨੇ ਲਿਖਿਆ ਕਿ ‘ਪਤੀਆਂ ਨੂੰ ਚਾਹੀਦਾ ਹੈ ਜੋ ਆਪਣੀਆਂ ਪਤਨੀਆਂ ਨਾਲ ਅਜਿਹਾ ਪ੍ਰੇਮ ਕਰਨ ਜਿਵੇਂ ਆਪਣੇ ਸਰੀਰਾਂ ਨਾਲ ਕਰਦੇ ਹਨ।’ (ਅਫ਼ਸੀਆਂ 5:28, 29) ਤਾਂ ਫਿਰ, “ਇੱਕ ਸਰੀਰ” ਹੋਣ ਦਾ ਮਤਲਬ ਹੈ ਕਿ ਤੁਸੀਂ ਆਪਣੇ ਜੀਵਨ-ਸਾਥੀ ਦੀ ਉੱਨੀ ਹੀ ਪਰਵਾਹ ਕਰੋਗੇ ਜਿੰਨੀ ਤੁਸੀਂ ਆਪਣੀ ਪਰਵਾਹ ਕਰਦੇ ਹੋ। ਸ਼ਾਦੀ-ਸ਼ੁਦਾ ਵਿਅਕਤੀਆਂ ਨੂੰ ਆਪਣੀ ਸੋਚਣੀ ਬਦਲਣ ਦੀ ਲੋੜ ਹੈ। ਕੁਆਰੇ ਹੁੰਦਿਆਂ ਉਹ ਸਿਰਫ਼ ਆਪਣੀ ਪਸੰਦ ਬਾਰੇ ਸੋਚਦੇ ਸਨ, ਪਰ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਇਕ-ਦੂਜੇ ਬਾਰੇ ਸੋਚਣਾ ਪਵੇਗਾ। ਵਿਆਹੁਤਾ ਜ਼ਿੰਦਗੀ ਬਾਰੇ ਲੋਕਾਂ ਨੂੰ ਸਲਾਹ ਦੇਣ ਵਾਲੀ ਇਕ ਮਹਿਲਾ ਨੇ ਲਿਖਿਆ: “ਵਿਆਹ ਤੋਂ ਬਾਅਦ ਵੀ ਆਪਣੇ ਆਪ ਨੂੰ ਕੁਆਰੇ ਸਮਝਣ ਦੀ ਬਜਾਇ, ਪਤੀ-ਪਤਨੀ ਨੂੰ ਇਕ-ਦੂਜੇ ਨਾਲ ਦਿਲ ਦਾ ਰਿਸ਼ਤਾ ਕਾਇਮ ਕਰਨਾ ਚਾਹੀਦਾ ਹੈ।”
ਕੀ ਤੁਹਾਡੇ ਦੋਨਾਂ ਵਿਚ “ਦਿਲ ਦਾ ਰਿਸ਼ਤਾ” ਹੈ? ਕਈ ਪਤੀ-ਪਤਨੀ ਬਹੁਤ ਸਾਲ ਇਕੱਠੇ ਗੁਜ਼ਾਰਨ ਦੇ ਬਾਵਜੂਦ ਵੀ ਇਸ ਭਾਵ ਵਿਚ “ਇੱਕ ਸਰੀਰ” ਨਹੀਂ ਹੁੰਦੇ ਹਨ। ਪਰ ਕਿਤਾਬ ਸਮਾਂ ਬੀਤਣ ਨਾਲ ਮਸਲੇ ਹੱਲ ਹੋ ਜਾਣਗੇ (ਅੰਗ੍ਰੇਜ਼ੀ) ਕਹਿੰਦੀ ਹੈ: “ਵਿਆਹ ਦਾ ਮਤਲਬ ਹੈ ਇਕ-ਦੂਸਰੇ ਨੂੰ ਆਪਣਾ ਹਮਸਫ਼ਰ ਬਣਾਉਣਾ। ਪਤੀ-ਪਤਨੀ ਜਿੰਨਾ ਜ਼ਿਆਦਾ ਰਲ-ਮਿਲ ਕੇ ਕੰਮ ਕਰਨਗੇ, ਉਨ੍ਹਾਂ ਦਾ ਪਿਆਰ ਉੱਨਾ ਹੀ ਜ਼ਿਆਦਾ ਵਧੇਗਾ।”
ਕੁਝ ਦੁਖੀ ਜੋੜੇ ਆਪਣੇ ਬੱਚਿਆਂ ਦੀ ਖ਼ਾਤਰ ਜਾਂ ਆਰਥਿਕ ਕਾਰਨਾਂ ਕਰਕੇ ਇਕੱਠੇ ਰਹਿ ਕੇ ਦਿਨ ਕੱਟੀ ਜਾਂਦੇ ਹਨ। ਹੋਰ ਜੋੜਿਆਂ ਦੀਆਂ ਨੈਤਿਕ ਕਦਰਾਂ-ਕੀਮਤਾਂ ਉਨ੍ਹਾਂ ਨੂੰ ਤਲਾਕ ਲੈਣ ਤੋਂ ਰੋਕਦੀਆਂ ਹਨ ਜਾਂ ਉਹ ਇਸ ਡਰ ਕਰਕੇ ਇਕੱਠੇ ਰਹਿੰਦੇ ਹਨ ਕਿ ਜੇ ਉਨ੍ਹਾਂ ਨੇ ਤਲਾਕ ਲੈ ਲਿਆ, ਤਾਂ ਲੋਕ ਕੀ ਕਹਿਣਗੇ। ਭਾਵੇਂ ਇਕੱਠੇ ਰਹਿਣ ਲਈ ਇਨ੍ਹਾਂ ਜੋੜਿਆਂ ਦੀ ਤਾਰੀਫ਼ ਕੀਤੀ ਜਾਣੀ ਚਾਹੀਦੀ ਹੈ, ਪਰ ਯਾਦ ਰੱਖੋ ਕਿ ਤੁਹਾਡਾ ਟੀਚਾ ਨਾ ਸਿਰਫ਼ ਵਿਆਹ ਦੇ ਬੰਧਨ ਨੂੰ ਟੁੱਟਣੋਂ ਬਚਾਉਣਾ ਹੈ, ਸਗੋਂ ਇਸ ਨੂੰ ਪਿਆਰ ਦੀ ਡੋਰੀ ਨਾਲ ਮਜ਼ਬੂਤ ਵੀ ਕਰਨਾ ਹੈ।
ਨਿਰਸੁਆਰਥ ਬਣੋ
ਬਾਈਬਲ ਨੇ ਸਦੀਆਂ ਪਹਿਲਾਂ ਇਹ ਦੱਸ ਦਿੱਤਾ ਸੀ ਕਿ “ਅੰਤ ਦਿਆਂ ਦਿਨਾਂ” ਵਿਚ ਲੋਕ “ਆਪ ਸੁਆਰਥੀ” ਹੋਣਗੇ। (2 ਤਿਮੋਥਿਉਸ 3:1, 2) ਅੱਜ ਇਹ ਭਵਿੱਖਬਾਣੀ ਪੂਰੀ ਹੋ ਰਹੀ ਹੈ ਕਿਉਂਕਿ ਜ਼ਿਆਦਾਤਰ ਲੋਕ ਸਿਰਫ਼ ਆਪਣੇ ਬਾਰੇ ਹੀ ਸੋਚਦੇ ਹਨ। ਕਈ ਪਤੀ-ਪਤਨੀ ਆਪਣੇ ਸਾਥੀ ਨੂੰ ਉਦੋਂ ਤਕ ਕੁਝ ਨਹੀਂ ਦਿੰਦੇ ਜਦੋਂ ਤਕ ਉਨ੍ਹਾਂ ਨੂੰ ਬਦਲੇ ਵਿਚ ਕੁਝ ਮਿਲਣ ਦੀ ਆਸ ਨਹੀਂ ਹੁੰਦੀ। ਪਰ ਸੁਖੀ ਵਿਆਹੁਤਾ ਜੀਵਨ ਵਿਚ ਪਤੀ-ਪਤਨੀ ਦੋਨਾਂ ਨੂੰ ਨਿਰਸੁਆਰਥ ਬਣਨਾ ਚਾਹੀਦਾ ਹੈ। ਤੁਸੀਂ ਨਿਰਸੁਆਰਥ ਕਿੱਦਾਂ ਬਣ ਸਕਦੇ ਹੋ?
ਇਹ ਸੋਚਣ ਦੀ ਬਜਾਇ ਕਿ ‘ਮੈਨੂੰ ਇਸ ਰਿਸ਼ਤੇ ਤੋਂ ਕੀ ਲਾਭ ਹੋ ਰਿਹਾ ਹੈ?,’ ਆਪਣੇ ਆਪ ਨੂੰ ਪੁੱਛੋ ਕਿ ‘ਕੀ ਮੈਂ ਆਪਣੇ ਵਿਆਹ ਨੂੰ ਸਫ਼ਲ ਬਣਾਉਣ ਲਈ ਕੁਝ ਕਰ ਰਿਹਾ ਹਾਂ?’ ਬਾਈਬਲ ਕਹਿੰਦੀ ਹੈ ਕਿ ਮਸੀਹੀਆਂ ਨੂੰ ‘ਆਪਣੇ ਹੀ ਹਾਲ ਉੱਤੇ ਨਹੀਂ ਸਗੋਂ ਦੂਜਿਆਂ ਦੇ ਹਾਲ ਉੱਤੇ ਵੀ ਨਿਗਾਹ ਕਰਨੀ’ ਚਾਹੀਦੀ ਹੈ। (ਫ਼ਿਲਿੱਪੀਆਂ 2:4) ਇਸ ਸਿਧਾਂਤ ਨੂੰ ਧਿਆਨ ਵਿਚ ਰੱਖਦੇ ਹੋਏ ਹੁਣ ਜ਼ਰਾ ਪਿਛਲੇ ਹਫ਼ਤੇ ਕੀਤੇ ਆਪਣੇ ਕੰਮਾਂ ਉੱਤੇ ਗੌਰ ਕਰੋ। ਕੀ ਤੁਸੀਂ ਸਿਰਫ਼ ਆਪਣੇ ਸਾਥੀ ਦੀ ਭਲਾਈ ਬਾਰੇ ਹੀ ਸੋਚ ਕੇ ਕੋਈ ਪਿਆਰ-ਭਰਿਆ ਕੰਮ ਕੀਤਾ ਸੀ? ਜਦੋਂ ਤੁਹਾਡਾ ਸਾਥੀ ਗੱਲ ਕਰਨੀ ਚਾਹੁੰਦਾ ਸੀ, ਤਾਂ ਕੀ ਤੁਸੀਂ ਮੂਡ ਨਾ ਹੁੰਦੇ ਹੋਏ ਵੀ ਉਸ ਦੀ ਗੱਲ ਸੁਣੀ ਸੀ? ਤੁਸੀਂ ਕਿੰਨੀ ਵਾਰੀ ਉਨ੍ਹਾਂ ਕੰਮਾਂ ਵਿਚ ਹਿੱਸਾ ਲਿਆ ਜਿਨ੍ਹਾਂ ਵਿਚ ਤੁਹਾਡੇ ਨਾਲੋਂ ਤੁਹਾਡੇ ਸਾਥੀ ਨੂੰ ਜ਼ਿਆਦਾ ਦਿਲਚਸਪੀ ਸੀ?
ਇਨ੍ਹਾਂ ਸਵਾਲਾਂ ਉੱਤੇ ਸੋਚ-ਵਿਚਾਰ ਕਰਦੇ ਸਮੇਂ ਇਸ ਗੱਲ ਦੀ ਚਿੰਤਾ ਨਾ ਕਰੋ ਕਿ ਤੁਹਾਡਾ ਸਾਥੀ ਤੁਹਾਡੇ ਚੰਗੇ ਕੰਮਾਂ ਵੱਲ ਕੋਈ ਧਿਆਨ ਨਹੀਂ ਦੇਵੇਗਾ ਜਾਂ ਉਹ ਇਨ੍ਹਾਂ ਦਾ ਹੁੰਗਾਰਾ ਨਹੀਂ ਭਰੇਗਾ। ਇਕ ਕਿਤਾਬ ਕਹਿੰਦੀ ਹੈ: “ਜ਼ਿਆਦਾਤਰ ਰਿਸ਼ਤਿਆਂ ਵਿਚ, ਜੇ ਕੋਈ ਕਿਸੇ ਲਈ ਚੰਗਾ ਕੰਮ ਕਰਦਾ ਹੈ, ਤਾਂ ਅਗਲਾ ਵਿਅਕਤੀ ਵੀ ਅੱਗੋਂ ਉਸ ਲਈ ਕੁਝ ਕਰਦਾ ਹੈ। ਇਸ ਲਈ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਸਾਥੀ ਤੁਹਾਡੇ ਨਾਲ ਚੰਗੀ ਤਰ੍ਹਾਂ ਪੇਸ਼ ਆਵੇ, ਤਾਂ ਆਪਣੇ ਸਾਥੀ ਨਾਲ ਪਿਆਰ ਨਾਲ ਪੇਸ਼ ਆਉਣ ਦੀ ਪੂਰੀ ਕੋਸ਼ਿਸ਼ ਕਰੋ।” ਜੇ ਤੁਸੀਂ ਬਿਨਾਂ ਸੁਆਰਥ ਦੇ ਕੋਈ ਕੰਮ ਕਰਦੇ ਹੋ, ਤਾਂ ਇਹ ਤੁਹਾਡੇ ਵਿਆਹ ਨੂੰ ਮਜ਼ਬੂਤ ਬਣਾਵੇਗਾ। ਅਜਿਹੇ ਕੰਮ ਕਰ ਕੇ ਤੁਸੀਂ ਆਪਣੇ ਸਾਥੀ ਨੂੰ ਦਿਖਾਉਂਦੇ ਹੋ ਕਿ ਤੁਸੀਂ ਆਪਣੇ ਵਿਆਹ ਦੇ ਬੰਧਨ ਨੂੰ ਬਹੁਤ ਕੀਮਤੀ ਸਮਝਦੇ ਹੋ ਅਤੇ ਇਸ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹੋ।
ਜ਼ਿੰਦਗੀ ਭਰ ਸਾਥ ਨਿਭਾਉਣ ਦਾ ਫ਼ੈਸਲਾ ਕਰਨਾ ਜ਼ਰੂਰੀ ਹੈ
ਯਹੋਵਾਹ ਪਰਮੇਸ਼ੁਰ ਵਫ਼ਾਦਾਰ ਇਨਸਾਨਾਂ ਨੂੰ ਪਸੰਦ ਕਰਦਾ ਹੈ। ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿਣ ਲਈ ਆਪਣੇ ਪਤੀ ਜਾਂ ਪਤਨੀ ਪ੍ਰਤੀ ਵਫ਼ਾਦਾਰ ਰਹਿਣਾ ਜ਼ਰੂਰੀ ਹੈ ਕਿਉਂਕਿ ਵਿਆਹ-ਸ਼ਾਦੀਆਂ ਪਰਮੇਸ਼ੁਰ ਨੇ ਹੀ ਸ਼ੁਰੂ ਕੀਤੀਆਂ ਸਨ।—ਉਤਪਤ 2:24.
ਜਦੋਂ ਪਤੀ-ਪਤਨੀ ਦੋਨੋਂ ਇਕ-ਦੂਜੇ ਪ੍ਰਤੀ ਵਫ਼ਾਦਾਰ ਰਹਿੰਦੇ ਹਨ, ਤਾਂ ਉਹ ਆਪਣੇ ਰਿਸ਼ਤੇ ਦੀ ਪਕਿਆਈ ਉੱਤੇ ਭਰੋਸਾ ਰੱਖ ਸਕਦੇ ਹਨ। ਜਦੋਂ ਉਹ ਆਉਣ ਵਾਲੇ ਮਹੀਨਿਆਂ, ਸਾਲਾਂ ਜਾਂ ਦਹਾਕਿਆਂ ਦੀ ਕਲਪਨਾ ਕਰਦੇ ਹਨ, ਤਾਂ ਉਹ ਹਰ ਕੰਮ ਇਕੱਠੇ ਮਿਲ ਕੇ ਕਰਨ ਦੀ ਸੋਚਦੇ ਹਨ। ਉਹ ਇਕ-ਦੂਸਰੇ ਤੋਂ ਅਲੱਗ ਹੋਣ ਬਾਰੇ ਸੋਚ ਵੀ ਨਹੀਂ ਸਕਦੇ। ਇਹੋ ਨਜ਼ਰੀਆ ਤੁਹਾਡੇ ਵਿਆਹ ਦੇ ਬੰਧਨ ਨੂੰ ਮਜ਼ਬੂਤ ਰੱਖੇਗਾ। ਇਕ ਪਤਨੀ ਕਹਿੰਦੀ ਹੈ: “ਕਈ ਵਾਰ ਮੈਂ [ਆਪਣੇ ਪਤੀ] ਨਾਲ ਬਹੁਤ ਗੁੱਸੇ ਹੁੰਦੀ ਹਾਂ ਅਤੇ ਖਟਪਟ ਹੋਣ ਕਰਕੇ ਮੈਂ ਬਹੁਤ ਪਰੇਸ਼ਾਨ ਹੋ ਜਾਂਦੀ ਹਾਂ, ਪਰ ਉਦੋਂ ਵੀ ਮੈਨੂੰ ਇਸ ਗੱਲ ਦੀ ਚਿੰਤਾ ਨਹੀਂ ਹੁੰਦੀ ਕਿ ਸਾਡਾ ਵਿਆਹ ਟੁੱਟ ਜਾਵੇਗਾ। ਮੈਂ ਇਹੋ ਸੋਚਦੀ ਰਹਿੰਦੀ ਹਾਂ ਕਿ ਅਸੀਂ ਇਸ ਮਤਭੇਦ ਨੂੰ ਕਿਵੇਂ ਮਿਟਾ ਸਕਦੇ ਹਾਂ। ਭਾਵੇਂ ਉਸ ਵੇਲੇ ਮਸਲੇ ਨੂੰ ਹੱਲ ਕਰਨ ਦਾ ਮੈਨੂੰ ਕੋਈ ਤਰੀਕਾ ਨਜ਼ਰ ਨਹੀਂ ਆਉਂਦਾ, ਪਰ ਮੈਨੂੰ ਪੱਕਾ ਯਕੀਨ ਹੁੰਦਾ ਹੈ ਕਿ ਸਾਡੀ ਖਟਪਟ ਜ਼ਿਆਦਾ ਦੇਰ ਤਕ ਨਹੀਂ ਰਹੇਗੀ।”
ਪਤੀ-ਪਤਨੀ ਲਈ ਜ਼ਿੰਦਗੀ ਭਰ ਇਕ-ਦੂਸਰੇ ਦਾ ਸਾਥ ਨਿਭਾਉਣ ਦਾ ਪੱਕਾ ਫ਼ੈਸਲਾ ਕਰਨਾ ਬਹੁਤ ਜ਼ਰੂਰੀ ਹੈ। ਪਰ ਅੱਜ-ਕੱਲ੍ਹ ਜ਼ਿਆਦਾਤਰ ਜੋੜੇ ਇਸ ਤਰ੍ਹਾਂ ਨਹੀਂ ਕਰਦੇ ਹਨ। ਝਗੜਾ ਹੋਣ ਤੇ ਅਕਸਰ ਪਤੀ-ਪਤਨੀ ਇਕ-ਦੂਜੇ ਨੂੰ ਛੱਡਣ ਦੀ ਧਮਕੀ ਦਿੰਦੇ ਹਨ। ਇਹ ਸੱਚ ਹੈ ਕਿ ਅਸੀਂ ਅਕਸਰ ਜੋ ਕਹਿੰਦੇ ਹਾਂ ਉਸ ਨੂੰ ਕਰਨ ਦਾ ਇਰਾਦਾ ਤਾਂ ਨਹੀਂ ਰੱਖਦੇ। ਪਰ ਫਿਰ ਵੀ ਬਾਈਬਲ ਕਹਿੰਦੀ ਹੈ ਕਿ ਜੀਭ “ਨਾਸ ਕਰਨ ਵਾਲੀ ਵਿੱਸ ਨਾਲ ਭਰੀ” ਹੋ ਸਕਦੀ ਹੈ। (ਯਾਕੂਬ 3:8) ਜਦੋਂ ਅਸੀਂ ਤਲਾਕ ਲੈਣ ਦੀ ਧਮਕੀ ਦਿੰਦੇ ਹਾਂ, ਤਾਂ ਇਕ ਤਰੀਕੇ ਨਾਲ ਅਸੀਂ ਕਹਿ ਰਹੇ ਹੁੰਦੇ ਹਾਂ ਕਿ ‘ਵਿਆਹ ਦਾ ਕੀ ਹੈ? ਇਹ ਕਦੇ ਵੀ ਤੋੜਿਆ ਜਾ ਸਕਦਾ ਹੈ।’ ਅਜਿਹਾ ਰਵੱਈਆ ਵਿਆਹੁਤਾ ਜੀਵਨ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ।
ਜਦੋਂ ਤੁਸੀਂ ਜ਼ਿੰਦਗੀ ਭਰ ਇਕੱਠੇ ਰਹਿਣ ਦਾ ਇਰਾਦਾ ਰੱਖਦੇ ਹੋ, ਤਾਂ ਤੁਸੀਂ ਦੁੱਖ-ਸੁਖ ਵਿਚ ਇਕ-ਦੂਸਰੇ ਦਾ ਸਾਥ ਦੇਣ ਲਈ ਤਿਆਰ ਹੋਵੋਗੇ। ਇਸ ਨਾਲ ਤੁਸੀਂ ਇਕ-ਦੂਸਰੇ ਦੀਆਂ ਕਮਜ਼ੋਰੀਆਂ ਅਤੇ ਗ਼ਲਤੀਆਂ ਨੂੰ ਨਜ਼ਰਅੰਦਾਜ਼ ਕਰੋਗੇ ਅਤੇ ਖੁੱਲ੍ਹ-ਦਿਲੀ ਨਾਲ ਇਕ-ਦੂਸਰੇ ਨੂੰ ਮਾਫ਼ ਕਰੋਗੇ। (ਕੁਲੁੱਸੀਆਂ 3:13) ਇਕ ਕਿਤਾਬ ਕਹਿੰਦੀ ਹੈ: “ਸੁਖੀ ਵਿਆਹੁਤਾ ਜੀਵਨ ਵਿਚ ਪਤੀ-ਪਤਨੀ ਗ਼ਲਤੀਆਂ ਕਰਨ ਦੇ ਬਾਵਜੂਦ ਵੀ ਇਕੱਠੇ ਰਹਿੰਦੇ ਹਨ।”
ਵਿਆਹ ਦੇ ਦਿਨ ਤੇ ਤੁਸੀਂ ਆਪਣੇ ਪਤੀ ਜਾਂ ਪਤਨੀ ਦਾ ਸਾਥ ਨਿਭਾਉਣ ਦਾ ਵਾਅਦਾ ਕੀਤਾ ਸੀ। ਹੁਣ ਵਿਆਹ ਤੋਂ ਬਾਅਦ ਤੁਹਾਨੂੰ ਹਰ ਗੱਲ ਵਿਚ ਆਪਣਾ ਇਹ ਵਾਅਦਾ ਯਾਦ ਰੱਖਣਾ ਚਾਹੀਦਾ ਹੈ। ਵਿਆਹ ਨੂੰ ਇਕ ਪਵਿੱਤਰ ਬੰਧਨ ਸਮਝ ਕੇ ਇਕੱਠੇ ਰਹਿਣਾ ਚੰਗੀ ਗੱਲ ਹੈ। ਪਰ ਆਪਣੇ ਪਤੀ ਜਾਂ ਪਤਨੀ ਦਾ ਸਾਥ ਨਿਭਾਉਣ ਦਾ ਸਭ ਤੋਂ ਵਧੀਆ ਕਾਰਨ ਇਹ ਹੋਣਾ ਚਾਹੀਦਾ ਹੈ ਕਿ ਤੁਸੀਂ ਉਸ ਨੂੰ ਬੇਹੱਦ ਪਿਆਰ ਕਰਦੇ ਹੋ।
[ਡੱਬੀ/ਸਫ਼ੇ 5 ਉੱਤੇ ਤਸਵੀਰ]
ਵਿਆਹ ਨੂੰ ਸਫ਼ਲ ਬਣਾਉਣ ਲਈ ਚੰਗੀ ਸਲਾਹ
ਤੁਸੀਂ ਇਕ-ਦੂਸਰੇ ਦਾ ਸਾਥ ਨਿਭਾਉਣ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਕਿੰਨੇ ਕੁ ਦ੍ਰਿੜ੍ਹ ਹੋ? ਕੀ ਤੁਸੀਂ ਇਸ ਮਾਮਲੇ ਵਿਚ ਸੁਧਾਰ ਕਰਨ ਦੀ ਲੋੜ ਦੇਖਦੇ ਹੋ? ਆਪਣੇ ਸਾਥੀ ਦਾ ਸਾਥ ਨਿਭਾਉਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਹੇਠਾਂ ਦਿੱਤੇ ਸੁਝਾਅ ਲਾਗੂ ਕਰੋ:
● ਆਪਣੀ ਜਾਂਚ ਕਰੋ। ਆਪਣੇ ਆਪ ਨੂੰ ਪੁੱਛੋ: ‘ਕੀ ਮੈਂ ਸੱਚ-ਮੁੱਚ ਆਪਣੇ ਆਪ ਨੂੰ ਸ਼ਾਦੀ-ਸ਼ੁਦਾ ਸਮਝਦਾ ਹਾਂ ਜਾਂ ਕੀ ਮੈਂ ਅਜੇ ਵੀ ਕੁਆਰੇ ਵਿਅਕਤੀ ਵਾਂਗ ਸੋਚਦਾ ਤੇ ਕੰਮ ਕਰਦਾ ਹਾਂ?’ ਇਸ ਬਾਰੇ ਆਪਣੇ ਸਾਥੀ ਦੀ ਰਾਇ ਪੁੱਛੋ ਕਿ ਉਹ ਤੁਹਾਡੇ ਬਾਰੇ ਕੀ ਸੋਚਦਾ ਹੈ।
● ਆਪਣੇ ਸਾਥੀ ਨਾਲ ਮਿਲ ਕੇ ਇਹ ਲੇਖ ਪੜ੍ਹੋ। ਫਿਰ ਸ਼ਾਂਤ ਸੁਭਾਅ ਨਾਲ ਚਰਚਾ ਕਰੋ ਕਿ ਤੁਸੀਂ ਦੋਨੋਂ ਇਕ-ਦੂਸਰੇ ਦਾ ਸਾਥ ਨਿਭਾਉਣ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਹੋਰ ਕੀ-ਕੀ ਕਰ ਸਕਦੇ ਹੋ।
● ਆਪਣੇ ਸਾਥੀ ਨਾਲ ਉਹ ਕੰਮ ਕਰੋ ਜਿਸ ਨਾਲ ਤੁਹਾਡਾ ਪਿਆਰ ਵਧੇ। ਮਿਸਾਲ ਲਈ: ਆਪਣੇ ਵਿਆਹ ਅਤੇ ਖ਼ੁਸ਼ੀ ਦੇ ਹੋਰ ਮੌਕਿਆਂ ਦੀਆਂ ਤਸਵੀਰਾਂ ਦੇਖੋ। ਫਿਰ ਤੋਂ ਉਹ ਕੰਮ ਕਰੋ ਜੋ ਤੁਸੀਂ ਵਿਆਹ ਤੋਂ ਪਹਿਲਾਂ ਜਾਂ ਵਿਆਹ ਦੇ ਪਹਿਲੇ ਕੁਝ ਸਾਲਾਂ ਦੌਰਾਨ ਮਿਲ ਕੇ ਕਰਦੇ ਸੀ। ਇਕੱਠੇ ਬੈਠ ਕੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਵਿੱਚੋਂ ਵਿਆਹ ਬਾਰੇ ਲੇਖ ਪੜ੍ਹੋ ਜਿਨ੍ਹਾਂ ਵਿਚ ਬਾਈਬਲ ਦੀ ਚੰਗੀ ਸਲਾਹ ਦਿੱਤੀ ਗਈ ਹੈ।
[ਡੱਬੀ/ਸਫ਼ੇ 6 ਉੱਤੇ ਤਸਵੀਰ]
ਇਕ-ਦੂਸਰੇ ਦਾ ਸਾਥ ਨਿਭਾਉਣ ਦਾ ਮਤਲਬ ਹੈ . . .
● ਫ਼ਰਜ਼ ਨਿਭਾਓ “ਜੋ ਸੁੱਖਣਾ ਤੈਂ ਸੁੱਖੀ ਹੈ ਸੋ ਦੇ ਛੱਡ। ਤੇਰੇ ਸੁੱਖਣਾ ਸੁੱਖ ਕੇ ਨਾ ਦੇਣ ਨਾਲੋਂ, ਨਾ ਹੀ ਸੁੱਖਣਾ ਚੰਗਾ ਹੈ।”—ਉਪਦੇਸ਼ਕ ਦੀ ਪੋਥੀ 5:4, 5.
● ਮਿਲ ਕੇ ਕੰਮ ਕਰੋ “ਇੱਕ ਨਾਲੋਂ ਦੋ ਚੰਗੇ ਹਨ . . . ਕਿਉਂਕਿ ਜੇ ਉਹ ਡਿੱਗ ਪੈਣ ਤਾਂ ਇੱਕ ਜਣਾ ਦੂਜੇ ਨੂੰ ਚੁੱਕੇਗਾ।”—ਉਪਦੇਸ਼ਕ ਦੀ ਪੋਥੀ 4:9, 10.
● ਨਿਰਸੁਆਰਥ ਬਣੋ “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।”—ਰਸੂਲਾਂ ਦੇ ਕਰਤੱਬ 20:35.
● ਜ਼ਿੰਦਗੀ ਭਰ ਸਾਥ ਨਿਭਾਉਣ ਦਾ ਫ਼ੈਸਲਾ ਕਰੋ “ਪ੍ਰੇਮ . . . ਸਭ ਕੁਝ ਸਹਿ ਲੈਂਦਾ।”—1 ਕੁਰਿੰਥੀਆਂ 13:4, 7.
[ਸਫ਼ੇ 7 ਉੱਤੇ ਤਸਵੀਰ]
ਜਦੋਂ ਤੁਹਾਡਾ ਸਾਥੀ ਗੱਲ ਕਰਨੀ ਚਾਹੁੰਦਾ ਹੈ, ਤਾਂ ਕੀ ਤੁਸੀਂ ਉਸ ਦੀ ਗੱਲ ਸੁਣਦੇ ਹੋ?
[ਫੁਟਨੋਟ]
a ਕੁਝ ਹਾਲਾਤਾਂ ਵਿਚ ਪਤੀ-ਪਤਨੀ ਕੋਲ ਅਲੱਗ ਹੋਣ ਦਾ ਜਾਇਜ਼ ਕਾਰਨ ਹੁੰਦਾ ਹੈ। (1 ਕੁਰਿੰਥੀਆਂ 7:10, 11; ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਪਰਿਵਾਰਕ ਖ਼ੁਸ਼ੀ ਦਾ ਰਾਜ਼ ਦੇ ਸਫ਼ੇ 160-161 ਦੇਖੋ।) ਇਸ ਤੋਂ ਇਲਾਵਾ, ਬਾਈਬਲ ਅਨੁਸਾਰ ਪਤੀ ਜਾਂ ਪਤਨੀ ਹਰਾਮਕਾਰੀ (ਜ਼ਨਾਹ) ਦੇ ਆਧਾਰ ਤੇ ਆਪਣੇ ਸਾਥੀ ਨੂੰ ਤਲਾਕ ਦੇ ਸਕਦੀ ਹੈ।—ਮੱਤੀ 19:9.
-