ਪੁਰਾਣੇ ਜ਼ਮਾਨੇ ਵਿਚ ਯਹੋਵਾਹ “ਛੁਡਾਉਣ ਵਾਲਾ” ਸਾਬਤ ਹੋਇਆ
“ਹੇ ਪਰਮੇਸ਼ੁਰ, ਮੇਰੇ ਲਈ ਛੇਤੀ ਕਰ, ਤੂੰ ਹੀ ਮੇਰਾ ਸਹਾਇਕ ਅਤੇ ਮੇਰਾ ਛੁਡਾਉਣ ਵਾਲਾ ਹੈਂ।”—ਜ਼ਬੂ. 70:5.
1, 2. (ੳ) ਯਹੋਵਾਹ ਦੇ ਸੇਵਕ ਖ਼ਾਸ ਕਰਕੇ ਉਸ ਤੋਂ ਮਦਦ ਕਦੋਂ ਮੰਗਦੇ ਹਨ? (ਅ) ਕੋਈ ਸ਼ਾਇਦ ਕਿਹੜਾ ਸਵਾਲ ਪੁੱਛੇ ਅਤੇ ਸਾਨੂੰ ਇਸ ਦਾ ਜਵਾਬ ਕਿੱਥੋਂ ਮਿਲ ਸਕਦਾ ਹੈ?
ਜਦ ਯਹੋਵਾਹ ਦੇ ਸੇਵਕ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਨ, ਤਾਂ ਉਹ ਉਸੇ ਤੋਂ ਮਦਦ ਮੰਗਦੇ ਹਨ। ਮਿਸਾਲ ਲਈ, ਇਕ ਤੀਵੀਂ-ਆਦਮੀ ਘਰੋਂ ਦੂਰ ਛੁੱਟੀ ਮਨਾਉਣ ਗਏ ਸੀ ਜਦ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਉਨ੍ਹਾਂ ਦੀ 23 ਸਾਲਾਂ ਦੀ ਸ਼ਾਦੀ-ਸ਼ੁਦਾ ਧੀ ਬੜੇ ਸ਼ੱਕੀ ਹਾਲਾਤਾਂ ਵਿਚ ਲਾਪਤਾ ਸੀ। ਉਨ੍ਹਾਂ ਨੇ ਇਕਦਮ ਆਪਣੀਆਂ ਚੀਜ਼ਾਂ ਪੈਕ ਕੀਤੀਆਂ ਅਤੇ ਘਰ ਲਈ ਰਵਾਨਾ ਹੋ ਗਏ। ਉਹ ਸਾਰੀ ਵਾਟ ਰੱਬ ਅੱਗੇ ਤਰਲੇ ਕਰਦੇ ਰਹੇ। ਇਕ 20 ਸਾਲਾਂ ਦੇ ਭਰਾ ਨੂੰ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਬੀਮਾਰੀ ਕਾਰਨ ਉਸ ਨੂੰ ਲਕਵਾ ਹੋ ਜਾਵੇਗਾ ਅਤੇ ਉਹ ਆਪਣੇ ਲਈ ਕੁਝ ਨਹੀਂ ਕਰ ਪਾਵੇਗਾ। ਉਸ ਨੇ ਉਸੇ ਸਮੇਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਇਕ ਮਾਂ ਇਕੱਲੀ ਆਪਣੀ 12 ਸਾਲਾਂ ਦੀ ਧੀ ਨੂੰ ਪਾਲਦੀ ਸੀ। ਉਸ ਕੋਲ ਨਾ ਨੌਕਰੀ ਸੀ ਤੇ ਨਾ ਹੀ ਖਾਣਾ ਖ਼ਰੀਦਣ ਲਈ ਪੈਸੇ ਸਨ। ਉਸ ਨੇ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹਿਆ। ਕੀ ਤੁਸੀਂ ਵੀ ਕਿਸੇ ਮੁਸ਼ਕਲ ਸਮੇਂ ਤੇ ਯਹੋਵਾਹ ਨੂੰ ਪੁਕਾਰਿਆ ਹੈ?
2 ਪਰ ਕੋਈ ਸ਼ਾਇਦ ਸੋਚੇ: ਕੀ ਯਹੋਵਾਹ ਸੱਚ-ਮੁੱਚ ਸਾਡੀਆਂ ਪ੍ਰਾਰਥਨਾਵਾਂ ਸੁਣ ਕੇ ਸਾਡੀ ਮਦਦ ਕਰਦਾ ਹੈ? 70ਵੇਂ ਜ਼ਬੂਰ ਵਿਚ ਇਸ ਸਵਾਲ ਦਾ ਜਵਾਬ ਪੜ੍ਹ ਕੇ ਸਾਡੀ ਨਿਹਚਾ ਮਜ਼ਬੂਤ ਹੋਵੇਗੀ। ਇਹ ਜ਼ਬੂਰ ਯਹੋਵਾਹ ਦੇ ਵਫ਼ਾਦਾਰ ਸੇਵਕ ਦਾਊਦ ਨੇ ਲਿਖਿਆ ਸੀ ਜਿਸ ਨੇ ਆਪਣੀ ਜ਼ਿੰਦਗੀ ਦੌਰਾਨ ਕਈ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਸੀ। ਉਸ ਨੇ ਯਹੋਵਾਹ ਨੂੰ ਕਿਹਾ: “ਹੇ ਪਰਮੇਸ਼ੁਰ . . . ਤੂੰ ਹੀ ਮੇਰਾ ਸਹਾਇਕ ਅਤੇ ਮੇਰਾ ਛੁਡਾਉਣ ਵਾਲਾ ਹੈਂ।” (ਜ਼ਬੂ. 70:5) 70ਵੇਂ ਜ਼ਬੂਰ ਦੀ ਸਟੱਡੀ ਕਰ ਕੇ ਅਸੀਂ ਸਿੱਖਾਂਗੇ ਕਿ ਅਸੀਂ ਵੀ ਯਹੋਵਾਹ ਤੋਂ ਮਦਦ ਮੰਗ ਸਕਦੇ ਹਾਂ ਅਤੇ ਉਸ ਉੱਤੇ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਉਹ ਸਾਡਾ “ਛੁਡਾਉਣ ਵਾਲਾ” ਸਾਬਤ ਹੋਵੇਗਾ।
“ਤੂੰ ਹੀ . . . ਛੁਡਾਉਣ ਵਾਲਾ ਹੈਂ”
3. (ੳ) 70ਵੇਂ ਜ਼ਬੂਰ ਵਿਚ ਯਹੋਵਾਹ ਦੀ ਮਦਦ ਲਈ ਕਿਹੜੀ ਪੁਕਾਰ ਹੈ? (ਅ) 70ਵੇਂ ਜ਼ਬੂਰ ਵਿਚ ਦਾਊਦ ਨੇ ਕਿਵੇਂ ਦਿਖਾਇਆ ਕਿ ਉਸ ਨੂੰ ਯਹੋਵਾਹ ਤੇ ਪੂਰਾ ਯਕੀਨ ਸੀ?
3 70ਵੇਂ ਜ਼ਬੂਰ ਦੇ ਸ਼ੁਰੂ ਅਤੇ ਅਖ਼ੀਰ ਵਿਚ ਯਹੋਵਾਹ ਦੀ ਮਦਦ ਲਈ ਪੁਕਾਰ ਹੈ। (ਜ਼ਬੂਰਾਂ ਦੀ ਪੋਥੀ 70:1-5 ਪੜ੍ਹੋ।) ਦਾਊਦ ਨੇ ਯਹੋਵਾਹ ਨੂੰ ਕਿਹਾ ਕਿ “ਛੇਤੀ ਕਰ” ਅਤੇ “ਢਿੱਲ ਨਾ ਲਾ।” 2-4 ਆਇਤਾਂ ਵਿਚ ਦਾਊਦ ਨੇ ਯਹੋਵਾਹ ਤੋਂ ਪੰਜ ਚੀਜ਼ਾਂ ਮੰਗੀਆਂ ਸਨ। ਪਹਿਲੀਆਂ ਤਿੰਨ ਉਸ ਦੇ ਦੁਸ਼ਮਣਾਂ ਬਾਰੇ ਸਨ ਜੋ ਉਸ ਨੂੰ ਜਾਨੋਂ ਮਾਰਨਾ ਚਾਹੁੰਦੇ ਸਨ। ਦਾਊਦ ਨੇ ਯਹੋਵਾਹ ਨੂੰ ਕਿਹਾ ਕਿ ਉਹ ਉਸ ਦੇ ਦੁਸ਼ਮਣਾਂ ਨੂੰ ਸ਼ਰਮਿੰਦਾ ਕਰੇ ਤੇ ਉਨ੍ਹਾਂ ਨੂੰ ਹਰਾ ਦੇਵੇ। ਚੌਥੀ ਆਇਤ ਵਿਚ ਯਹੋਵਾਹ ਦੇ ਪ੍ਰੇਮੀਆਂ ਬਾਰੇ ਦੋ ਹੋਰ ਮੰਗਾਂ ਹਨ। ਦਾਊਦ ਨੇ ਪ੍ਰਾਰਥਨਾ ਕੀਤੀ ਕਿ ਯਹੋਵਾਹ ਦੇ ਭਾਲਣ ਵਾਲੇ ਖ਼ੁਸ਼ ਹੋਣ ਅਤੇ ਉਸ ਦੀ ਵਡਿਆਈ ਕਰਨ। ਇਸ ਜ਼ਬੂਰ ਦੇ ਅਖ਼ੀਰ ਵਿਚ ਦਾਊਦ ਨੇ ਯਹੋਵਾਹ ਨੂੰ ਕਿਹਾ: “ਤੂੰ ਹੀ ਮੇਰਾ ਸਹਾਇਕ ਅਤੇ ਮੇਰਾ ਛੁਡਾਉਣ ਵਾਲਾ ਹੈਂ।” ਧਿਆਨ ਦਿਓ ਕਿ ਦਾਊਦ ਨੇ ਇਹ ਨਹੀਂ ਕਿਹਾ ਕਿ ਯਹੋਵਾਹ ਉਸ ਦਾ ਸਹਾਇਕ ਤੇ ਛੁਡਾਉਣ ਵਾਲਾ ਹੋਵੇ, ਪਰ ਸਹਾਇਕ ਤੇ ਛੁਡਾਉਣ ਵਾਲਾ ਹੈ। ਦਾਊਦ ਨੂੰ ਪੂਰਾ ਯਕੀਨ ਸੀ ਕਿ ਯਹੋਵਾਹ ਉਸ ਦੀ ਮਦਦ ਕਰੇਗਾ।
4, 5. 70ਵੇਂ ਜ਼ਬੂਰ ਤੋਂ ਸਾਨੂੰ ਦਾਊਦ ਬਾਰੇ ਕੀ ਪਤਾ ਲੱਗਦਾ ਹੈ ਅਤੇ ਸਾਨੂੰ ਕਿਸ ਗੱਲ ਦਾ ਪੱਕਾ ਭਰੋਸਾ ਹੈ?
4 70ਵੇਂ ਜ਼ਬੂਰ ਤੋਂ ਸਾਨੂੰ ਦਾਊਦ ਬਾਰੇ ਕੀ ਪਤਾ ਲੱਗਦਾ ਹੈ? ਜਦ ਉਸ ਨੂੰ ਜਾਨੀ ਦੁਸ਼ਮਣਾਂ ਦਾ ਸਾਮ੍ਹਣਾ ਕਰਨਾ ਪਿਆ, ਤਾਂ ਉਸ ਨੇ ਮਾਮਲਾ ਆਪਣੇ ਹੱਥਾਂ ਵਿਚ ਨਹੀਂ ਲਿਆ। ਇਸ ਦੀ ਬਜਾਇ ਉਸ ਨੇ ਯਹੋਵਾਹ ਤੇ ਭਰੋਸਾ ਰੱਖਿਆ ਕਿ ਉਹ ਆਪਣੇ ਸਮੇਂ ਵਿਚ ਅਤੇ ਆਪਣੇ ਤਰੀਕੇ ਨਾਲ ਉਸ ਦੇ ਵਿਰੋਧੀਆਂ ਨੂੰ ਸਜ਼ਾ ਦੇਵੇਗਾ। (1 ਸਮੂ. 26:10) ਦਾਊਦ ਨੂੰ ਪੂਰਾ ਯਕੀਨ ਸੀ ਕਿ ਯਹੋਵਾਹ ਉਨ੍ਹਾਂ ਦੀ ਮਦਦ ਕਰਦਾ ਹੈ ਜੋ ਉਸ ਨੂੰ ਭਾਲਦੇ ਹਨ। (ਇਬ. 11:6) ਉਹ ਮੰਨਦਾ ਸੀ ਕਿ ਯਹੋਵਾਹ ਦੇ ਸੇਵਕਾਂ ਕੋਲ ਖ਼ੁਸ਼ ਹੋਣ ਅਤੇ ਹੋਰਨਾਂ ਨੂੰ ਉਸ ਦੀ ਮਹਾਨਤਾ ਬਾਰੇ ਦੱਸਣ ਦਾ ਹਰ ਕਾਰਨ ਹੈ।—ਜ਼ਬੂ. 5:11; 35:27.
5 ਦਾਊਦ ਵਾਂਗ ਅਸੀਂ ਵੀ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡਾ ਸਹਾਇਕ ਅਤੇ “ਛੁਡਾਉਣ ਵਾਲਾ” ਹੈ। ਇਸ ਕਰਕੇ ਜਦ ਅਸੀਂ ਔਖੀਆਂ ਘੜੀਆਂ ਵਿੱਚੋਂ ਲੰਘ ਰਹੇ ਹੁੰਦੇ ਹਾਂ, ਤਾਂ ਅਸੀਂ ਪ੍ਰਾਰਥਨਾ ਕਰ ਸਕਦੇ ਹਾਂ ਕਿ ਯਹੋਵਾਹ ਸਾਡੀ ਮਦਦ ਕਰਨ ਵਿਚ ਦੇਰ ਨਾ ਕਰੇ। (ਜ਼ਬੂ. 71:12) ਯਹੋਵਾਹ ਸ਼ਾਇਦ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦੇਵੇ? ਇਹ ਦੇਖਣ ਤੋਂ ਪਹਿਲਾਂ ਕਿ ਯਹੋਵਾਹ ਸਾਡੀ ਮਦਦ ਕਿਵੇਂ ਕਰੇਗਾ ਆਓ ਆਪਾਂ ਦੇਖੀਏ ਕਿ ਉਸ ਨੇ ਦਾਊਦ ਦੀ ਮਦਦ ਕਿਨ੍ਹਾਂ ਤਿੰਨ ਤਰੀਕਿਆਂ ਨਾਲ ਕੀਤੀ ਸੀ।
ਵਿਰੋਧੀਆਂ ਤੋਂ ਬਚਾਅ
6. ਦਾਊਦ ਕਿਵੇਂ ਜਾਣਦਾ ਸੀ ਕਿ ਯਹੋਵਾਹ ਆਪਣੇ ਸੇਵਕਾਂ ਦੀ ਮਦਦ ਕਰਦਾ ਹੈ?
6 ਦਾਊਦ ਦੇ ਜ਼ਮਾਨੇ ਵਿਚ ਬਾਈਬਲ ਦੀਆਂ ਜੋ ਪੋਥੀਆਂ ਸਨ ਉਨ੍ਹਾਂ ਤੋਂ ਉਹ ਜਾਣਦਾ ਸੀ ਕਿ ਯਹੋਵਾਹ ਆਪਣੇ ਸੇਵਕਾਂ ਦੀ ਮਦਦ ਕਰਦਾ ਹੈ। ਜਦੋਂ ਯਹੋਵਾਹ ਨੇ ਧਰਤੀ ਤੇ ਜਲ-ਪਰਲੋ ਲਿਆਂਦੀ ਸੀ, ਤਾਂ ਉਸ ਨੇ ਨੂਹ ਅਤੇ ਉਸ ਦੇ ਪਰਿਵਾਰ ਨੂੰ ਬਚਾ ਲਿਆ ਸੀ। (ਉਤ. 7:23) ਜਦੋਂ ਯਹੋਵਾਹ ਨੇ ਸਦੂਮ ਅਤੇ ਅਮੂਰਾਹ ਦੇ ਵਾਸੀਆਂ ਤੇ ਗੰਧਕ ਅਤੇ ਅੱਗ ਵਰਸਾਈ ਸੀ, ਤਾਂ ਉਸ ਨੇ ਧਰਮੀ ਲੂਤ ਅਤੇ ਉਸ ਦੀਆਂ ਦੋ ਲੜਕੀਆਂ ਨੂੰ ਬਚਾਇਆ ਸੀ। (ਉਤ. 19:12-26) ਜਦ ਯਹੋਵਾਹ ਨੇ ਲਾਲ ਸਮੁੰਦਰ ਵਿਚ ਘਮੰਡੀ ਫਿਰਊਨ ਤੇ ਉਸ ਦੀ ਫ਼ੌਜ ਨੂੰ ਮਾਰ-ਮੁਕਾਇਆ ਸੀ, ਤਾਂ ਉਸ ਨੇ ਆਪਣੇ ਲੋਕਾਂ ਨੂੰ ਨਸ਼ਟ ਨਹੀਂ ਹੋਣ ਦਿੱਤਾ। (ਕੂਚ. 14:19-28) ਤਾਂ ਫਿਰ, ਕੋਈ ਹੈਰਾਨੀ ਦੀ ਗੱਲ ਨਹੀਂ ਕਿ ਦਾਊਦ ਨੇ ਇਕ ਹੋਰ ਜ਼ਬੂਰ ਵਿਚ ਯਹੋਵਾਹ ਬਾਰੇ ਕਿਹਾ: “ਪਰਮੇਸ਼ੁਰ ਸਾਡੇ ਲਈ ਬਚਾਵਾਂ ਦਾ ਪਰਮੇਸ਼ੁਰ ਹੈ।”—ਜ਼ਬੂ. 68:20.
7-9. (ੳ) ਦਾਊਦ ਕੋਲ ਯਹੋਵਾਹ ਉੱਤੇ ਭਰੋਸਾ ਰੱਖਣ ਦਾ ਕੀ ਕਾਰਨ ਸੀ? (ਅ) ਦਾਊਦ ਨੇ ਆਪਣੇ ਛੁਟਕਾਰੇ ਦਾ ਸਿਹਰਾ ਕਿਸ ਨੂੰ ਦਿੱਤਾ ਸੀ?
7 ਦਾਊਦ ਕੋਲ ਯਹੋਵਾਹ ਉੱਤੇ ਭਰੋਸਾ ਰੱਖਣ ਦਾ ਇਕ ਹੋਰ ਵੀ ਕਾਰਨ ਸੀ। ਉਸ ਨੂੰ ਖ਼ੁਦ ਯਹੋਵਾਹ ਦੀਆਂ “ਅਨੰਤ ਕਾਲ ਤਕ ਰਹਿਣ ਵਾਲੀਆਂ ਬਾਹਾਂ” ਦਾ ਤਜਰਬਾ ਸੀ ਜਿਨ੍ਹਾਂ ਨਾਲ ਉਹ ਆਪਣੇ ਸੇਵਕਾਂ ਨੂੰ ਬਚਾਉਣ ਲਈ ਹਮੇਸ਼ਾ ਤਿਆਰ ਹੈ। (ਬਿਵ. 33:27, CL) ਯਹੋਵਾਹ ਨੇ ਦਾਊਦ ਨੂੰ ਉਸ ਦੇ “ਵੈਰੀਆਂ” ਤੋਂ ਛੁਡਾਇਆ ਸੀ। (ਜ਼ਬੂ. 18:17-19, 48) ਆਓ ਆਪਾਂ ਇਕ ਮਿਸਾਲ ਵੱਲ ਧਿਆਨ ਦੇਈਏ।
8 ਜਦ ਦਾਊਦ ਜੰਗ ਜਿੱਤ ਕੇ ਵਾਪਸ ਆਇਆ, ਤਾਂ ਇਸਰਾਏਲੀ ਔਰਤਾਂ ਨੇ ਉਸ ਦੀ ਜੈ-ਜੈਕਾਰ ਕੀਤੀ। ਇਹ ਸੁਣ ਕਿ ਰਾਜਾ ਸ਼ਾਊਲ ਜਲ-ਬਲ ਉੱਠਿਆ। ਉਸ ਨੇ ਆਪਣੇ ਬਰਛੇ ਨਾਲ ਦਾਊਦ ਨੂੰ ਦੋ ਵਾਰ ਮਾਰਨ ਦੀ ਕੋਸ਼ਿਸ਼ ਕੀਤੀ। (1 ਸਮੂ. 18:6-9) ਦੋਨੋਂ ਵਾਰੀ ਦਾਊਦ ਬਰਛੇ ਅੱਗਿਓਂ ਬਚ ਨਿਕਲਿਆ। ਕੀ ਇਹ ਸਿਰਫ਼ ਦਾਊਦ ਦੀ ਫੁਰਤੀ ਕਾਰਨ ਸੀ? ਨਹੀਂ। ਬਾਈਬਲ ਸਾਨੂੰ ਦੱਸਦੀ ਹੈ ਕਿ “ਯਹੋਵਾਹ ਉਹ ਦੇ ਨਾਲ ਸੀ।” (1 ਸਮੂਏਲ 18:11-14 ਪੜ੍ਹੋ।) ਇਸ ਤੋਂ ਬਾਅਦ ਜਦ ਸ਼ਾਊਲ ਫਲਿਸਤੀਆਂ ਦੇ ਹੱਥੋਂ ਦਾਊਦ ਨੂੰ ਮਰਵਾਉਣ ਵਿਚ ਅਸਫ਼ਲ ਹੋਇਆ, ਤਾਂ “ਇਹ ਵੇਖ ਕੇ ਸ਼ਾਊਲ ਨੇ ਜਾਤਾ ਭਈ ਯਹੋਵਾਹ ਦਾਊਦ ਦੇ ਸੰਗ ਹੈ।”—1 ਸਮੂ. 18:17-28.
9 ਦਾਊਦ ਨੇ ਆਪਣੇ ਛੁਟਕਾਰੇ ਦਾ ਸਿਹਰਾ ਕਿਸ ਨੂੰ ਦਿੱਤਾ ਸੀ? 18ਵੇਂ ਜ਼ਬੂਰ ਦੇ ਉੱਪਰ ਲਿਖੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ‘ਦਾਊਦ ਯਹੋਵਾਹ ਦੇ ਦਾਸ ਨੇ ਇਸ ਗੀਤ ਦੇ ਸ਼ਬਦ ਯਹੋਵਾਹ ਲਈ ਉਦੋਂ ਬੋਲੇ ਸਨ ਜਿਸ ਵੇਲੇ ਯਹੋਵਾਹ ਨੇ ਉਹ ਨੂੰ ਸ਼ਾਊਲ ਦੇ ਹੱਥੋਂ ਛਡਾਇਆ ਸੀ।’ ਦਾਊਦ ਨੇ ਇਸ ਗੀਤ ਵਿਚ ਕਿਹਾ: “ਯਹੋਵਾਹ ਮੇਰੀ ਚਟਾਨ, ਮੇਰਾ ਗੜ੍ਹ ਅਤੇ ਮੇਰਾ ਛੁਡਾਉਣ ਵਾਲਾ ਹੈ, ਮੇਰਾ ਪਰਮੇਸ਼ੁਰ, ਮੇਰਾ ਟਿੱਲਾ, ਜਿਹ ਦੀ ਸ਼ਰਨੀ ਮੈਂ ਆਇਆ ਹਾਂ। ” (ਜ਼ਬੂ. 18:2) ਕੀ ਇਹ ਜਾਣ ਕੇ ਸਾਡੀ ਨਿਹਚਾ ਮਜ਼ਬੂਤ ਨਹੀਂ ਹੁੰਦੀ ਕਿ ਯਹੋਵਾਹ ਆਪਣੇ ਲੋਕਾਂ ਨੂੰ ਛੁਡਾਉਣ ਦੇ ਕਾਬਲ ਹੈ?—ਜ਼ਬੂ. 35:10.
ਬੀਮਾਰੀ ਦੀ ਹਾਲਤ ਵਿਚ ਸੰਭਾਲਿਆ ਗਿਆ
10, 11. ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਰਾਜਾ ਦਾਊਦ ਕਦੋਂ ਬੀਮਾਰ ਹੋਇਆ ਸੀ?
10 41ਵੇਂ ਜ਼ਬੂਰ ਤੋਂ ਪਤਾ ਲੱਗਦਾ ਹੈ ਕਿ ਇਕ ਵਾਰ ਰਾਜਾ ਦਾਊਦ ਇੰਨਾ ਬੀਮਾਰ ਹੋ ਗਿਆ ਸੀ ਕਿ ਉਹ ਆਪਣੇ ਮੰਜੇ ਤੋਂ ਉੱਠ ਨਹੀਂ ਸਕਦਾ ਸੀ। ਉਸ ਦੇ ਦੁਸ਼ਮਣਾਂ ਨੂੰ ਲੱਗਾ ਕਿ ਉਹ “ਮੁੜ ਉੱਠੇਗਾ ਨਹੀਂ।” (ਆਇਤਾਂ 7, 8) ਦਾਊਦ ਇੰਨਾ ਬੀਮਾਰ ਕਦੋਂ ਹੋਇਆ ਸੀ? ਹੋ ਸਕਦਾ ਹੈ ਕਿ ਇਹ ਉਦੋਂ ਸੀ ਜਦੋਂ ਉਸ ਦੇ ਪੁੱਤਰ ਅਬਸ਼ਾਲੋਮ ਨੇ ਉਸ ਦੀ ਪਦਵੀ ਹੜੱਪਣ ਦੀ ਕੋਸ਼ਿਸ਼ ਕੀਤੀ ਸੀ।—2 ਸਮੂ. 15:6, 13, 14.
11 ਉਸ ਸਮੇਂ ਦਾਊਦ ਨੇ ਆਪਣੇ ਇਕ ਜਿਗਰੀ ਦੋਸਤ ਦੀ ਵੀ ਗੱਲ ਕੀਤੀ ਜੋ ਪਹਿਲਾਂ ਉਸ ਨਾਲ ਰੋਟੀ ਖਾਂਦਾ ਹੁੰਦਾ ਸੀ ਅਤੇ ਫਿਰ ਜਿਸ ਨੇ ਉਸ ਨੂੰ ਧੋਖਾ ਦਿੱਤਾ। (ਆਇਤ 9) ਦਾਊਦ ਸ਼ਾਇਦ ਆਪਣੇ ਸਲਾਹਕਾਰ ਅਹੀਥੋਫ਼ਲ ਦੀ ਗੱਲ ਕਰ ਰਿਹਾ ਸੀ ਜਿਸ ਨੇ ਅਬਸ਼ਾਲੋਮ ਦੀ ਬਗਾਵਤ ਸਮੇਂ ਦਾਊਦ ਨਾਲ ਦਗ਼ਾ ਕਰ ਕੇ ਅਬਸ਼ਾਲੋਮ ਦਾ ਸਾਥ ਦਿੱਤਾ ਸੀ। (2 ਸਮੂ. 15:31; 16:15) ਜ਼ਰਾ ਬੇਚਾਰੇ ਦਾਊਦ ਦੀ ਹਾਲਤ ਬਾਰੇ ਸੋਚੋ ਜੋ ਇੰਨਾ ਕਮਜ਼ੋਰ ਸੀ ਕਿ ਉਹ ਮੰਜੇ ਤੋਂ ਉੱਠ ਨਹੀਂ ਸਕਦਾ ਸੀ। ਉਸ ਦੇ ਚਾਰੇ ਪਾਸੇ ਉਸ ਦੇ ਦੁਸ਼ਮਣ ਉਸ ਦੀ ਮੌਤ ਚਾਹੁੰਦੇ ਸਨ ਤਾਂਕਿ ਉਹ ਆਪਣੀ ਮਰਜ਼ੀ ਕਰ ਸਕਣ।—ਆਇਤ 5.
12, 13. (ੳ) ਦਾਊਦ ਨੂੰ ਕਿਸ ਗੱਲ ਦਾ ਭਰੋਸਾ ਸੀ? (ਅ) ਯਹੋਵਾਹ ਨੇ ਦਾਊਦ ਦੀ ਮਦਦ ਕਿਵੇਂ ਕੀਤੀ ਸੀ?
12 ਦਾਊਦ ਦਾ ਭਰੋਸਾ ਆਪਣੇ ‘ਛੁਡਾਉਣ ਵਾਲੇ’ ਉੱਤੇ ਪੱਕਾ ਰਿਹਾ। ਉਸ ਨੇ ਯਹੋਵਾਹ ਦੇ ਹਰ ਬੀਮਾਰ ਸੇਵਕ ਬਾਰੇ ਕਿਹਾ: “ਯਹੋਵਾਹ ਉਹ ਨੂੰ ਬੁਰਿਆਈ ਦੇ ਵੇਲੇ ਛੁਡਾਵੇਗਾ। ਯਹੋਵਾਹ ਉਹ ਦੀ ਮਾਂਦਗੀ ਦੇ ਮੰਜੇ ਉੱਤੇ ਉਹ ਨੂੰ ਸੰਭਾਲੇਗਾ। ਤੂੰ ਉਹ ਦੀ ਬਿਮਾਰੀ ਦੇ ਵੇਲੇ ਉਹ ਦਾ ਸਾਰਾ ਬਿਸਤਰਾ ਉਲਟਾ ਕੇ ਵਿਛਾਵੇਂਗਾ।” (ਜ਼ਬੂ. 41:1, 3) ਧਿਆਨ ਦਿਓ ਕਿ ਦਾਊਦ ਦੇ ਮਨ ਵਿਚ ਕੋਈ ਸ਼ੱਕ ਨਹੀਂ ਸੀ ਕਿ ਯਹੋਵਾਹ ਜ਼ਰੂਰ ਕੁਝ ਕਰੇਗਾ। ਦਾਊਦ ਨੂੰ ਪੂਰਾ ਯਕੀਨ ਸੀ ਕਿ ਯਹੋਵਾਹ ਉਸ ਨੂੰ ਛੁਡਾਵੇਗਾ। ਕਿਵੇਂ?
13 ਦਾਊਦ ਨੇ ਇਹ ਉਮੀਦ ਨਹੀਂ ਰੱਖੀ ਸੀ ਕਿ ਯਹੋਵਾਹ ਕੋਈ ਚਮਤਕਾਰ ਕਰ ਕੇ ਉਸ ਨੂੰ ਠੀਕ ਕਰ ਦੇਵੇਗਾ। ਇਸ ਦੀ ਬਜਾਇ ਦਾਊਦ ਨੂੰ ਇਹ ਭਰੋਸਾ ਸੀ ਕਿ ਯਹੋਵਾਹ ਉਸ ਨੂੰ ਭੁੱਲੇਗਾ ਨਹੀਂ, ਸਗੋਂ ਉਸ ਨੂੰ “ਸੰਭਾਲੇਗਾ। ” ਦਾਊਦ ਨੂੰ ਮਦਦ ਦੀ ਸਖ਼ਤ ਲੋੜ ਸੀ। ਬੀਮਾਰੀ ਤੋਂ ਇਲਾਵਾ ਉਸ ਦੇ ਚਾਰੇ ਪਾਸੇ ਉਸ ਦੇ ਦੁਸ਼ਮਣ ਉਸ ਬਾਰੇ ਬੁਰਾ-ਭਲਾ ਕਹਿੰਦੇ ਸਨ। (ਆਇਤਾਂ 5, 6) ਦਾਊਦ ਨੂੰ ਯਹੋਵਾਹ ਬਾਰੇ ਸੋਚ ਕੇ ਜ਼ਰੂਰ ਹੌਸਲਾ ਮਿਲਿਆ ਹੋਣਾ। ਉਸ ਨੇ ਕਿਹਾ: “ਮੈਨੂੰ ਮੇਰੀ ਸਿਧਿਆਈ ਵਿੱਚ ਤੂੰ ਸੰਭਾਲਦਾ ਹੈਂ।” (ਆਇਤ 12) ਦਾਊਦ ਨੂੰ ਇਸ ਬਾਰੇ ਵੀ ਸੋਚ ਕੇ ਤਾਕਤ ਮਿਲੀ ਹੋਵੇਗੀ ਕਿ ਉਸ ਦੀ ਬੀਮਾਰੀ ਅਤੇ ਉਸ ਦੇ ਦੁਸ਼ਮਣਾਂ ਦੀਆਂ ਬੁਰੀਆਂ ਗੱਲਾਂ ਦੇ ਬਾਵਜੂਦ ਯਹੋਵਾਹ ਦੀਆਂ ਨਜ਼ਰਾਂ ਵਿਚ ਉਹ ਇਕ ਵਫ਼ਾਦਾਰ ਇਨਸਾਨ ਸੀ। ਅਖ਼ੀਰ ਵਿਚ ਦਾਊਦ ਠੀਕ ਹੋ ਗਿਆ ਸੀ। ਕੀ ਇਸ ਤੋਂ ਸਾਨੂੰ ਦਿਲਾਸਾ ਨਹੀਂ ਮਿਲਦਾ ਕਿ ਯਹੋਵਾਹ ਬੀਮਾਰਾਂ ਨੂੰ ਸੰਭਾਲਦਾ ਹੈ?—2 ਕੁਰਿੰ. 1:3.
ਖਾਣ-ਪੀਣ ਦਾ ਪ੍ਰਬੰਧ
14, 15. ਦਾਊਦ ਅਤੇ ਉਸ ਦੇ ਸਾਥੀਆਂ ਨੂੰ ਰੋਟੀ-ਪਾਣੀ ਦੀ ਜ਼ਰੂਰਤ ਕਦ ਪਈ ਸੀ ਅਤੇ ਉਨ੍ਹਾਂ ਦੀ ਮਦਦ ਕਿਨ੍ਹਾਂ ਨੇ ਕੀਤੀ ਸੀ?
14 ਇਸਰਾਏਲ ਦਾ ਰਾਜਾ ਹੋਣ ਦੇ ਨਾਤੇ ਦਾਊਦ ਸਭ ਤੋਂ ਵਧੀਆ ਕਿਸਮ ਦੇ ਖਾਣੇ ਦਾ ਆਨੰਦ ਮਾਣ ਸਕਦਾ ਸੀ ਅਤੇ ਹੋਰਨਾਂ ਨੂੰ ਵੀ ਰੋਟੀ ਖਾਣ ਲਈ ਬੁਲਾ ਸਕਦਾ ਸੀ। (2 ਸਮੂ. 9:10) ਪਰ ਦਾਊਦ ਭੁੱਖਾ ਵੀ ਰਹਿ ਚੁੱਕਾ ਸੀ। ਕਦੋਂ? ਜਦ ਅਬਸ਼ਾਲੋਮ ਨੇ ਰਾਜੇ ਦੀ ਪਦਵੀ ਹੜੱਪਣ ਲਈ ਬਗਾਵਤ ਕੀਤੀ ਸੀ। ਉਸ ਸਮੇਂ ਦਾਊਦ ਤੇ ਉਸ ਦੇ ਸਾਥੀਆਂ ਨੂੰ ਯਰੂਸ਼ਲਮ ਤੋਂ ਬਾਹਰ ਜਾਣਾ ਪਿਆ। ਉਹ ਯਰਦਨੋਂ ਪਾਰ ਗਿਲਆਦ ਨੂੰ ਨੱਸ ਗਏ ਸਨ। (2 ਸਮੂ. 17:22, 24) ਇਸ ਇਲਾਕੇ ਵਿਚ ਉਨ੍ਹਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਭੱਜਣਾ ਪਿਆ ਅਤੇ ਉਨ੍ਹਾਂ ਨੂੰ ਰੋਟੀ-ਪਾਣੀ ਅਤੇ ਆਰਾਮ ਦੀ ਲੋੜ ਸੀ। ਪਰ ਉਸ ਬੰਜਰ ਇਲਾਕੇ ਵਿਚ ਉਨ੍ਹਾਂ ਨੂੰ ਇਹ ਚੀਜ਼ਾਂ ਕਿੱਥੋਂ ਮਿਲਣੀਆਂ ਸਨ?
15 ਇੱਧਰ-ਉੱਧਰ ਫਿਰਨ ਤੋਂ ਬਾਅਦ ਦਾਊਦ ਤੇ ਉਸ ਦੇ ਸਾਥੀ ਮਹਨਇਨ ਸ਼ਹਿਰ ਪਹੁੰਚੇ। ਉੱਥੇ ਉਨ੍ਹਾਂ ਨੂੰ ਸ਼ੋਬੀ, ਮਾਕੀਰ ਅਤੇ ਬਰਜਿੱਲਈ ਨਾਂ ਦੇ ਬਹਾਦਰ ਆਦਮੀ ਮਿਲੇ। ਉਹ ਜਾਨ ਤਲੀ ਤੇ ਰੱਖ ਕੇ ਯਹੋਵਾਹ ਦੇ ਚੁਣੇ ਹੋਏ ਰਾਜੇ ਦੀ ਮਦਦ ਕਰਨ ਨੂੰ ਤਿਆਰ ਸਨ। ਉਹ ਜਾਣਦੇ ਸਨ ਕਿ ਜੇ ਅਬਸ਼ਾਲੋਮ ਰਾਜਾ ਬਣ ਗਿਆ, ਤਾਂ ਉਸ ਨੇ ਦਾਊਦ ਦੀ ਮਦਦ ਕਰਨ ਵਾਲਿਆਂ ਨੂੰ ਛੱਡਣਾ ਨਹੀਂ ਸੀ। ਇਨ੍ਹਾਂ ਤਿੰਨ ਵਫ਼ਾਦਾਰ ਆਦਮੀਆਂ ਨੇ ਦਾਊਦ ਅਤੇ ਉਸ ਦੇ ਸਾਥੀਆਂ ਦੀ ਮਜਬੂਰੀ ਸਮਝ ਕੇ ਮੰਜੇ, ਕਣਕ, ਜੌਂ, ਭੁੰਨੇ ਹੋਏ ਅਨਾਜ, ਫਲੀਆਂ, ਮਸਰ, ਸ਼ਹਿਤ, ਮੱਖਣ ਅਤੇ ਭੇਡਾਂ ਲਿਆਂਦੀਆਂ। (2 ਸਮੂਏਲ 17:27-29 ਪੜ੍ਹੋ।) ਦਾਊਦ ਇਨ੍ਹਾਂ ਤਿੰਨ ਆਦਮੀਆਂ ਦੀ ਵਫ਼ਾਦਾਰੀ ਅਤੇ ਖੁੱਲ੍ਹ-ਦਿਲੀ ਦੇਖ ਕੇ ਕਿੰਨਾ ਸ਼ੁਕਰਗੁਜ਼ਾਰ ਹੋਇਆ ਹੋਣਾ ਅਤੇ ਉਨ੍ਹਾਂ ਦੀ ਕੀਤੀ ਕਦੀ ਨਹੀਂ ਭੁਲਾ ਸਕਿਆ ਹੋਣਾ।
16. ਅਸਲ ਵਿਚ ਦਾਊਦ ਅਤੇ ਉਸ ਦੇ ਸਾਥੀਆਂ ਦੀ ਮਦਦ ਕਿਸ ਨੇ ਕੀਤੀ ਸੀ?
16 ਜੇ ਸੋਚਿਆ ਜਾਵੇ, ਤਾਂ ਅਸਲ ਵਿਚ ਦਾਊਦ ਅਤੇ ਉਸ ਦੇ ਸਾਥੀਆਂ ਦੀ ਮਦਦ ਕਿਸ ਨੇ ਕੀਤੀ ਸੀ? ਦਾਊਦ ਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਆਪਣੇ ਲੋਕਾਂ ਦੀ ਦੇਖ-ਭਾਲ ਕਰਦਾ ਹੈ। ਯਹੋਵਾਹ ਆਪਣੇ ਸੇਵਕਾਂ ਨੂੰ ਪ੍ਰੇਰ ਸਕਦਾ ਹੈ ਕਿ ਉਹ ਇਕ-ਦੂਜੇ ਦੀ ਮਦਦ ਕਰਨ। ਗਿਲਆਦ ਦੇਸ਼ ਦੇ ਉਨ੍ਹਾਂ ਤਿੰਨ ਆਦਮੀਆਂ ਦੀ ਖੁੱਲ੍ਹ-ਦਿਲੀ ਬਾਰੇ ਸੋਚ ਕੇ ਦਾਊਦ ਨੇ ਇਸ ਨੂੰ ਯਹੋਵਾਹ ਦੇ ਪਿਆਰ ਦਾ ਸਬੂਤ ਸਮਝਿਆ ਹੋਣਾ। ਜ਼ਿੰਦਗੀ ਦੇ ਸਫ਼ਰ ਦੇ ਅਖ਼ੀਰ ਵਿਚ ਆ ਕੇ ਦਾਊਦ ਨੇ ਲਿਖਿਆ: “ਮੈਂ ਜੁਆਨ ਸਾਂ ਅਤੇ ਹੁਣ ਬੁੱਢਾ ਹੋ ਗਿਆ ਹਾਂ, ਪਰ ਮੈਂ ਨਾ ਧਰਮੀ ਨੂੰ ਤਿਆਗਿਆ ਹੋਇਆ, ਨਾ ਉਸ ਦੀ ਅੰਸ ਨੂੰ ਟੁਕੜੇ ਮੰਗਦਿਆਂ ਡਿੱਠਾ ਹੈ।” (ਜ਼ਬੂ. 37:25) ਕੀ ਇਹ ਜਾਣ ਕੇ ਸਾਨੂੰ ਦਿਲਾਸਾ ਨਹੀਂ ਮਿਲਦਾ ਕਿ ਯਹੋਵਾਹ ਆਪਣੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰ ਸਕਦਾ ਹੈ?—ਕਹਾ. 10:3.
‘ਯਹੋਵਾਹ ਭਗਤਾਂ ਨੂੰ ਪਰਤਾਵੇ ਵਿੱਚੋਂ ਕੱਢਣਾ ਜਾਣਦਾ ਹੈ’
17. ਯਹੋਵਾਹ ਨੇ ਵਾਰ-ਵਾਰ ਕੀ ਸਾਬਤ ਕੀਤਾ ਹੈ?
17 ਪੁਰਾਣੇ ਜ਼ਮਾਨੇ ਵਿਚ ਦਾਊਦ ਤੋਂ ਇਲਾਵਾ ਯਹੋਵਾਹ ਨੇ ਆਪਣੇ ਹੋਰਨਾਂ ਸੇਵਕਾਂ ਦੀ ਵੀ ਮਦਦ ਕੀਤੀ ਸੀ। ਯਹੋਵਾਹ ਨੇ ਵਾਰ-ਵਾਰ ਸਾਬਤ ਕੀਤਾ ਹੈ ਕਿ ਪਤਰਸ ਰਸੂਲ ਦੇ ਇਹ ਸ਼ਬਦ ਸੱਚ ਹਨ: ‘ਯਹੋਵਾਹ ਭਗਤਾਂ ਨੂੰ ਪਰਤਾਵੇ ਵਿੱਚੋਂ ਕੱਢਣਾ ਜਾਣਦਾ ਹੈ।’ (2 ਪਤ. 2:9) ਆਓ ਆਪਾਂ ਦੋ ਹੋਰ ਉਦਾਹਰਣਾਂ ਉੱਤੇ ਗੌਰ ਕਰੀਏ।
18. ਹਿਜ਼ਕੀਯਾਹ ਦੇ ਜ਼ਮਾਨੇ ਵਿਚ ਯਹੋਵਾਹ ਨੇ ਆਪਣੇ ਸੇਵਕਾਂ ਨੂੰ ਕਿਵੇਂ ਬਚਾਇਆ ਸੀ?
18 ਅੱਜ ਤੋਂ ਲਗਭਗ 2,700 ਸਾਲ ਪਹਿਲਾਂ ਅੱਸ਼ੂਰੀ ਫ਼ੌਜ ਨੇ ਯਹੂਦਾਹ ਉੱਤੇ ਚੜਾਾਈ ਕੀਤੀ ਅਤੇ ਯਰੂਸ਼ਲਮ ਉੱਤੇ ਹਮਲਾ ਕਰਨ ਦੀ ਧਮਕੀ ਦਿੱਤੀ। ਉਸ ਵੇਲੇ ਰਾਜਾ ਹਿਜ਼ਕੀਯਾਹ ਨੇ ਦੁਆ ਕੀਤੀ: “ਹੁਣ, ਹੇ ਯਹੋਵਾਹ, ਸਾਡੇ ਪਰਮੇਸ਼ੁਰ, ਸਾਨੂੰ . . . ਬਚਾ ਭਈ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਜਾਣ ਲੈਣ ਕਿ ਤੂੰ ਹੀ ਇਕੱਲਾ ਯਹੋਵਾਹ ਹੈਂ!” (ਯਸਾ. 37:20) ਸਭ ਤੋਂ ਵਧ ਹਿਜ਼ਕੀਯਾਹ ਨੂੰ ਯਹੋਵਾਹ ਦਾ ਨਾਂ ਬਦਨਾਮ ਹੋਣ ਦਾ ਫ਼ਿਕਰ ਸੀ। ਯਹੋਵਾਹ ਨੇ ਉਸ ਦੁਆ ਦਾ ਜਵਾਬ ਕਿਵੇਂ ਦਿੱਤਾ? ਇੱਕੋ ਰਾਤ ਵਿਚ ਯਹੋਵਾਹ ਦੇ ਇੱਕੋ ਦੂਤ ਨੇ 1,85,000 ਅੱਸ਼ੂਰੀ ਫ਼ੌਜੀ ਮਾਰ ਸੁੱਟੇ ਅਤੇ ਇਸ ਤਰ੍ਹਾਂ ਯਹੋਵਾਹ ਦੇ ਵਫ਼ਾਦਾਰ ਸੇਵਕ ਬਚਾਏ ਗਏ।—ਯਸਾ. 37:32, 36.
19. ਯਿਸੂ ਦੇ ਚੇਲੇ ਕਿਹੜੀ ਚੇਤਾਵਨੀ ਵੱਲ ਧਿਆਨ ਦੇ ਕੇ ਤਬਾਹੀ ਵਿੱਚੋਂ ਬਚ ਨਿਕਲੇ ਸਨ?
19 ਆਪਣੀ ਮੌਤ ਤੋਂ ਕੁਝ ਹੀ ਦਿਨ ਪਹਿਲਾਂ ਯਿਸੂ ਨੇ ਯਹੂਦਿਯਾ ਵਿਚ ਰਹਿੰਦੇ ਆਪਣੇ ਚੇਲਿਆਂ ਨੂੰ ਆਉਣ ਵਾਲੀ ਘਟਨਾ ਦੀ ਇਕ ਚੇਤਾਵਨੀ ਦਿੱਤੀ ਸੀ। (ਲੂਕਾ 21:20-22 ਪੜ੍ਹੋ।) ਕਈ ਸਾਲ ਲੰਘ ਗਏ, ਪਰ ਕੁਝ ਨਹੀਂ ਹੋਇਆ। ਫਿਰ 66 ਈਸਵੀ ਵਿਚ ਯਹੂਦੀਆਂ ਦੀ ਬਗਾਵਤ ਕਾਰਨ ਰੋਮੀ ਫ਼ੌਜਾਂ ਨੇ ਯਰੂਸ਼ਲਮ ਉੱਤੇ ਹੱਲਾ ਬੋਲਿਆ। ਫ਼ੌਜ ਦਾ ਕਮਾਂਡਰ ਸੈਸਟੀਅਸ ਗੈਲਸ ਸੀ ਅਤੇ ਉਸ ਦੀ ਫ਼ੌਜ ਨੇ ਹੈਕਲ ਦੀ ਕੰਧ ਨੂੰ ਤੋੜਨਾ ਸ਼ੁਰੂ ਕਰ ਦਿੱਤਾ। ਫਿਰ ਅਚਾਨਕ ਉਹ ਫ਼ੌਜ ਪਿੱਛੇ ਹਟ ਗਈ। ਯਿਸੂ ਦੇ ਚੇਲਿਆਂ ਨੇ ਉਸ ਦੀ ਚੇਤਾਵਨੀ ਯਾਦ ਕੀਤੀ ਅਤੇ ਇਸ ਮੌਕੇ ਦਾ ਫ਼ਾਇਦਾ ਉਠਾ ਕੇ ਉਹ ਪਹਾੜਾਂ ਨੂੰ ਭੱਜ ਗਏ। ਰੋਮੀ ਫ਼ੌਜਾਂ 70 ਈਸਵੀ ਵਿਚ ਵਾਪਸ ਆਈਆਂ। ਇਸ ਵਾਰ ਉਨ੍ਹਾਂ ਨੇ ਯਰੂਸ਼ਲਮ ਨੂੰ ਤਬਾਹ ਕਰ ਛੱਡਿਆ। ਯਿਸੂ ਦੇ ਜਿਹੜੇ ਚੇਲਿਆਂ ਨੇ ਉਸ ਦੀ ਚੇਤਾਵਨੀ ਵੱਲ ਧਿਆਨ ਦਿੱਤਾ ਸੀ, ਉਹ ਉਸ ਤਬਾਹੀ ਵਿੱਚੋਂ ਬਚ ਨਿਕਲੇ।—ਲੂਕਾ 19:41-44.
20. ਅਸੀਂ ਪੂਰਾ ਵਿਸ਼ਵਾਸ ਕਿਉਂ ਰੱਖ ਸਕਦੇ ਹਾਂ ਕਿ ਯਹੋਵਾਹ ਸਾਡਾ “ਛੁਡਾਉਣ ਵਾਲਾ” ਸਾਬਤ ਹੋਵੇਗਾ?
20 ਅਸੀਂ ਦੇਖਿਆ ਹੈ ਕਿ ਯਹੋਵਾਹ ਆਪਣੇ ਲੋਕਾਂ ਦੀ ਸਹਾਇਤਾ ਕਰਦਾ ਹੈ। ਇਸ ਉੱਤੇ ਸੋਚ-ਵਿਚਾਰ ਕਰ ਕੇ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ ਅਤੇ ਯਹੋਵਾਹ ਉੱਤੇ ਸਾਡਾ ਭਰੋਸਾ ਹੋਰ ਵੀ ਪੱਕਾ ਹੁੰਦਾ ਹੈ। ਅਸੀਂ ਚਾਹੇ ਹੁਣ ਜਿਹੜੀਆਂ ਮਰਜ਼ੀ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹਾਂ ਜਾਂ ਅਗਾਹਾਂ ਨੂੰ ਕਰਾਂਗੇ, ਫਿਰ ਵੀ ਅਸੀਂ ਪੂਰਾ ਵਿਸ਼ਵਾਸ ਰੱਖ ਸਕਦੇ ਹਾਂ ਕਿ ਯਹੋਵਾਹ ਸਾਡਾ “ਛੁਡਾਉਣ ਵਾਲਾ” ਸਾਬਤ ਹੋਵੇਗਾ। ਪਰ ਯਹੋਵਾਹ ਸਾਡੀ ਮਦਦ ਕਿਵੇਂ ਕਰਦਾ ਹੈ? ਉਨ੍ਹਾਂ ਭੈਣਾਂ-ਭਰਾਵਾਂ ਦਾ ਕੀ ਹੋਇਆ ਜਿਨ੍ਹਾਂ ਦਾ ਇਸ ਲੇਖ ਦੇ ਸ਼ੁਰੂ ਵਿਚ ਜ਼ਿਕਰ ਕੀਤਾ ਗਿਆ ਸੀ? ਆਓ ਆਪਾਂ ਅਗਲੇ ਲੇਖ ਵਿਚ ਦੇਖੀਏ।
ਕੀ ਤੁਹਾਨੂੰ ਯਾਦ ਹੈ?
• 70ਵੇਂ ਜ਼ਬੂਰ ਤੋਂ ਸਾਨੂੰ ਕਿਹੜੀ ਗੱਲ ਦਾ ਭਰੋਸਾ ਮਿਲਦਾ ਹੈ?
• ਦਾਊਦ ਦੀ ਬੀਮਾਰੀ ਦੇ ਵੇਲੇ ਉਹ ਕਿਵੇਂ ਸੰਭਾਲਿਆ ਗਿਆ ਸੀ?
• ਉਦਾਹਰਣ ਦੇ ਕੇ ਦੱਸੋ ਕਿ ਯਹੋਵਾਹ ਆਪਣੇ ਲੋਕਾਂ ਨੂੰ ਵਿਰੋਧੀਆਂ ਤੋਂ ਕਿਵੇਂ ਬਚਾਉਂਦਾ ਹੈ।
[ਸਫ਼ਾ 6 ਉੱਤੇ ਤਸਵੀਰ]
ਯਹੋਵਾਹ ਨੇ ਹਿਜ਼ਕੀਯਾਹ ਦੀ ਦੁਆ ਦਾ ਜਵਾਬ ਦਿੱਤਾ ਸੀ