ਦੂਜਾ ਸਮੂਏਲ
17 ਫਿਰ ਅਹੀਥੋਫਲ ਨੇ ਅਬਸ਼ਾਲੋਮ ਨੂੰ ਕਿਹਾ: “ਕਿਰਪਾ ਕਰ ਕੇ ਮੈਨੂੰ ਇਜਾਜ਼ਤ ਦੇ ਕਿ ਮੈਂ 12,000 ਆਦਮੀ ਚੁਣਾਂ ਤੇ ਅੱਜ ਰਾਤ ਉੱਠ ਕੇ ਦਾਊਦ ਦਾ ਪਿੱਛਾ ਕਰਾਂ। 2 ਜਦੋਂ ਉਹ ਥੱਕਿਆ ਹੋਇਆ ਤੇ ਕਮਜ਼ੋਰ ਹੋਵੇਗਾ, ਉਦੋਂ ਮੈਂ ਉਸ ʼਤੇ ਟੁੱਟ ਪਵਾਂਗਾ+ ਅਤੇ ਉਹ ਮੇਰੇ ਤੋਂ ਖ਼ੌਫ਼ ਖਾਵੇਗਾ; ਉਸ ਦੇ ਨਾਲ ਦੇ ਸਾਰੇ ਲੋਕ ਭੱਜ ਜਾਣਗੇ ਤੇ ਜਦੋਂ ਰਾਜਾ ਇਕੱਲਾ ਰਹਿ ਜਾਵੇਗਾ, ਤਾਂ ਮੈਂ ਉਸ ਨੂੰ ਮਾਰ ਦਿਆਂਗਾ।+ 3 ਫਿਰ ਮੈਂ ਸਾਰੇ ਲੋਕਾਂ ਨੂੰ ਤੇਰੇ ਕੋਲ ਮੋੜ ਲਿਆਵਾਂਗਾ। ਉਨ੍ਹਾਂ ਸਾਰੇ ਲੋਕਾਂ ਦਾ ਮੁੜਨਾ ਇਸ ਗੱਲ ʼਤੇ ਨਿਰਭਰ ਕਰਦਾ ਹੈ ਕਿ ਉਸ ਆਦਮੀ ਨਾਲ ਕੀ ਹੋਵੇਗਾ ਜਿਸ ਨੂੰ ਤੂੰ ਲੱਭ ਰਿਹਾ ਹੈਂ। ਫਿਰ ਸਾਰੇ ਲੋਕ ਸੁੱਖ-ਸਾਂਦ ਨਾਲ ਰਹਿਣਗੇ।” 4 ਇਹ ਸੁਝਾਅ ਅਬਸ਼ਾਲੋਮ ਤੇ ਇਜ਼ਰਾਈਲ ਦੇ ਸਾਰੇ ਬਜ਼ੁਰਗਾਂ ਨੂੰ ਬਹੁਤ ਚੰਗਾ ਲੱਗਾ।
5 ਪਰ ਅਬਸ਼ਾਲੋਮ ਨੇ ਕਿਹਾ: “ਹੂਸ਼ਈ ਅਰਕੀ ਨੂੰ ਵੀ ਬੁਲਾ ਲਓ।+ ਉਸ ਦੀ ਵੀ ਸੁਣ ਲੈਂਦੇ ਹਾਂ ਕਿ ਉਹ ਕੀ ਕਹਿੰਦਾ ਹੈ।” 6 ਇਸ ਲਈ ਹੂਸ਼ਈ ਅਬਸ਼ਾਲੋਮ ਕੋਲ ਆਇਆ। ਫਿਰ ਅਬਸ਼ਾਲੋਮ ਨੇ ਉਸ ਨੂੰ ਕਿਹਾ: “ਅਹੀਥੋਫਲ ਨੇ ਇਹ ਸਲਾਹ ਦਿੱਤੀ ਹੈ। ਕੀ ਅਸੀਂ ਉਸ ਦੀ ਸਲਾਹ ਅਨੁਸਾਰ ਚੱਲੀਏ? ਜੇ ਨਹੀਂ, ਤਾਂ ਤੂੰ ਦੱਸ ਸਾਨੂੰ ਕੀ ਕਰਨਾ ਚਾਹੀਦਾ ਹੈ।” 7 ਇਹ ਸੁਣ ਕੇ ਹੂਸ਼ਈ ਨੇ ਅਬਸ਼ਾਲੋਮ ਨੂੰ ਕਿਹਾ: “ਇਸ ਮਾਮਲੇ ਵਿਚ ਅਹੀਥੋਫਲ ਦੀ ਸਲਾਹ ਚੰਗੀ ਨਹੀਂ ਹੈ!”+
8 ਹੂਸ਼ਈ ਨੇ ਅੱਗੇ ਕਿਹਾ: “ਤੂੰ ਚੰਗੀ ਤਰ੍ਹਾਂ ਜਾਣਦਾ ਹੈਂ ਕਿ ਤੇਰਾ ਪਿਤਾ ਅਤੇ ਉਸ ਦੇ ਆਦਮੀ ਕਿੰਨੇ ਤਾਕਤਵਰ ਹਨ+ ਅਤੇ ਉਹ ਉਸ ਰਿੱਛਣੀ ਵਾਂਗ ਬੇਚੈਨ* ਹੋਏ ਫਿਰਦੇ ਹਨ ਜਿਸ ਦੇ ਬੱਚੇ ਜੰਗਲ ਵਿਚ ਗੁਆਚ ਗਏ ਹਨ।+ ਇਸ ਤੋਂ ਇਲਾਵਾ, ਤੇਰਾ ਪਿਤਾ ਇਕ ਯੋਧਾ ਹੈ+ ਅਤੇ ਉਹ ਰਾਤ ਨੂੰ ਲੋਕਾਂ ਨਾਲ ਨਹੀਂ ਰਹੇਗਾ। 9 ਇਸ ਵਕਤ ਉਹ ਕਿਸੇ ਗੁਫਾ* ਵਿਚ ਜਾਂ ਕਿਤੇ ਹੋਰ ਲੁਕਿਆ ਹੋਇਆ ਹੈ;+ ਨਾਲੇ ਜੇ ਉਸ ਨੇ ਪਹਿਲਾਂ ਸਾਡੇ ʼਤੇ ਹਮਲਾ ਕਰ ਦਿੱਤਾ, ਤਾਂ ਇਸ ਬਾਰੇ ਸੁਣਨ ਵਾਲੇ ਕਹਿਣਗੇ, ‘ਅਬਸ਼ਾਲੋਮ ਨਾਲ ਰਲ਼ੇ ਲੋਕ ਹਰਾ ਦਿੱਤੇ ਗਏ ਹਨ!’ 10 ਸ਼ੇਰਦਿਲ+ ਤੇ ਹਿੰਮਤੀ ਆਦਮੀ ਵੀ ਡਰ ਨਾਲ ਦਹਿਲ ਜਾਵੇਗਾ ਕਿਉਂਕਿ ਸਾਰਾ ਇਜ਼ਰਾਈਲ ਜਾਣਦਾ ਹੈ ਕਿ ਤੇਰਾ ਪਿਤਾ ਕਿੰਨਾ ਤਾਕਤਵਰ ਹੈ+ ਅਤੇ ਉਸ ਦੇ ਨਾਲ ਦੇ ਆਦਮੀ ਦਲੇਰ ਹਨ। 11 ਮੈਂ ਇਹ ਸਲਾਹ ਦਿੰਦਾ ਹਾਂ: ਦਾਨ ਤੋਂ ਲੈ ਕੇ ਬਏਰ-ਸ਼ਬਾ+ ਤਕ ਸਾਰੇ ਇਜ਼ਰਾਈਲੀ ਤੇਰੇ ਕੋਲ ਇਕੱਠੇ ਹੋਣ ਤੇ ਉਨ੍ਹਾਂ ਦੀ ਗਿਣਤੀ ਸਮੁੰਦਰ ਦੇ ਕੰਢੇ ਦੀ ਰੇਤ ਦੇ ਕਿਣਕਿਆਂ ਜਿੰਨੀ ਹੋਵੇ।+ ਤੂੰ ਉਨ੍ਹਾਂ ਨੂੰ ਲੜਾਈ ਲਈ ਲੈ ਕੇ ਜਾਈਂ। 12 ਉਹ ਜਿੱਥੇ ਵੀ ਮਿਲਿਆ, ਅਸੀਂ ਉਸ ਉੱਤੇ ਹਮਲਾ ਕਰ ਦਿਆਂਗੇ ਅਤੇ ਅਸੀਂ ਉਸ ʼਤੇ ਇਵੇਂ ਜਾ ਪਵਾਂਗੇ ਜਿਵੇਂ ਜ਼ਮੀਨ ਉੱਤੇ ਤ੍ਰੇਲ ਪੈਂਦੀ ਹੈ; ਉਨ੍ਹਾਂ ਵਿੱਚੋਂ ਕੋਈ ਨਹੀਂ ਬਚੇਗਾ, ਨਾ ਉਹ ਤੇ ਨਾ ਹੀ ਉਹਦਾ ਕੋਈ ਆਦਮੀ। 13 ਜੇ ਉਹ ਕਿਸੇ ਸ਼ਹਿਰ ਵਿਚ ਵੜ ਗਿਆ, ਤਾਂ ਸਾਰਾ ਇਜ਼ਰਾਈਲ ਰੱਸੀਆਂ ਲੈ ਕੇ ਉਸ ਸ਼ਹਿਰ ਵਿਚ ਜਾਵੇਗਾ ਅਤੇ ਅਸੀਂ ਉਸ ਸ਼ਹਿਰ ਨੂੰ ਘੜੀਸ ਕੇ ਘਾਟੀ ਵਿਚ ਲੈ ਜਾਵਾਂਗੇ ਜਦ ਤਕ ਉੱਥੇ ਇਕ ਰੋੜਾ ਤਕ ਨਾ ਬਚੇ।”
14 ਫਿਰ ਅਬਸ਼ਾਲੋਮ ਅਤੇ ਇਜ਼ਰਾਈਲ ਦੇ ਸਾਰੇ ਆਦਮੀਆਂ ਨੇ ਕਿਹਾ: “ਅਰਕੀ ਹੂਸ਼ਈ ਦੀ ਸਲਾਹ ਅਹੀਥੋਫਲ ਦੀ ਸਲਾਹ ਨਾਲੋਂ ਬਿਹਤਰ ਹੈ!”+ ਯਹੋਵਾਹ ਨੇ ਅਹੀਥੋਫਲ ਦੀ ਵਧੀਆ ਸਲਾਹ ਨੂੰ ਨਾਕਾਮ ਕਰਨ ਦੀ ਠਾਣੀ ਹੋਈ* ਸੀ+ ਤਾਂਕਿ ਯਹੋਵਾਹ ਅਬਸ਼ਾਲੋਮ ʼਤੇ ਬਿਪਤਾ ਲਿਆਵੇ।+
15 ਬਾਅਦ ਵਿਚ ਹੂਸ਼ਈ ਨੇ ਸਾਦੋਕ ਤੇ ਅਬਯਾਥਾਰ+ ਪੁਜਾਰੀਆਂ ਨੂੰ ਕਿਹਾ: “ਅਹੀਥੋਫਲ ਨੇ ਅਬਸ਼ਾਲੋਮ ਅਤੇ ਇਜ਼ਰਾਈਲ ਦੇ ਬਜ਼ੁਰਗਾਂ ਨੂੰ ਇਹ ਸਲਾਹ ਦਿੱਤੀ ਸੀ ਤੇ ਮੈਂ ਇਹ ਸਲਾਹ ਦਿੱਤੀ ਹੈ। 16 ਹੁਣ ਫਟਾਫਟ ਦਾਊਦ ਨੂੰ ਸੰਦੇਸ਼ ਭੇਜ ਕੇ ਉਸ ਨੂੰ ਖ਼ਬਰਦਾਰ ਕਰੋ: ‘ਅੱਜ ਰਾਤ ਉਜਾੜ ਨਾਲ ਲੱਗਦੇ ਘਾਟਾਂ ʼਤੇ* ਨਾ ਰਹੀਂ, ਤੂੰ ਹਰ ਹਾਲਤ ਵਿਚ ਦਰਿਆ ਪਾਰ ਲੰਘ ਜਾਈਂ। ਨਹੀਂ ਤਾਂ ਰਾਜੇ ਅਤੇ ਉਸ ਦੇ ਨਾਲ ਦੇ ਸਾਰੇ ਲੋਕਾਂ ਨੂੰ ਖ਼ਤਮ ਕਰ ਦਿੱਤਾ* ਜਾਵੇਗਾ।’”+
17 ਯੋਨਾਥਾਨ+ ਅਤੇ ਅਹੀਮਆਸ+ ਸ਼ਹਿਰ ਦੇ ਬਾਹਰ ਏਨ-ਰੋਗੇਲ+ ਵਿਚ ਠਹਿਰੇ ਹੋਏ ਸਨ ਤਾਂਕਿ ਉਨ੍ਹਾਂ ਨੂੰ ਕੋਈ ਦੇਖੇ ਨਾ; ਇਸ ਲਈ ਇਕ ਨੌਕਰਾਣੀ ਨੇ ਜਾ ਕੇ ਉਨ੍ਹਾਂ ਨੂੰ ਖ਼ਬਰ ਦਿੱਤੀ ਅਤੇ ਉਹ ਫਟਾਫਟ ਰਾਜਾ ਦਾਊਦ ਨੂੰ ਦੱਸਣ ਲਈ ਨਿਕਲ ਤੁਰੇ। 18 ਪਰ ਇਕ ਨੌਜਵਾਨ ਨੇ ਉਨ੍ਹਾਂ ਨੂੰ ਦੇਖ ਲਿਆ ਤੇ ਅਬਸ਼ਾਲੋਮ ਨੂੰ ਦੱਸ ਦਿੱਤਾ। ਇਸ ਲਈ ਉਹ ਦੋਵੇਂ ਜਣੇ ਛੇਤੀ-ਛੇਤੀ ਉੱਥੋਂ ਚਲੇ ਗਏ ਤੇ ਬਹੁਰੀਮ+ ਵਿਚ ਇਕ ਆਦਮੀ ਦੇ ਘਰ ਆ ਗਏ ਜਿਸ ਦੇ ਵਿਹੜੇ ਵਿਚ ਇਕ ਖੂਹ ਸੀ। ਉਹ ਖੂਹ ਦੇ ਅੰਦਰ ਚਲੇ ਗਏ। 19 ਉਸ ਆਦਮੀ ਦੀ ਪਤਨੀ ਨੇ ਖੂਹ ਦੇ ਮੂੰਹ ਨੂੰ ਕੱਪੜੇ ਨਾਲ ਢਕ ਦਿੱਤਾ ਅਤੇ ਇਸ ਉੱਤੇ ਦਰੜੇ ਹੋਏ ਦਾਣੇ ਪਾ ਦਿੱਤੇ; ਇਸ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਾ। 20 ਅਬਸ਼ਾਲੋਮ ਦੇ ਨੌਕਰ ਉਸ ਔਰਤ ਦੇ ਘਰ ਆਏ ਤੇ ਪੁੱਛਿਆ: “ਅਹੀਮਆਸ ਤੇ ਯੋਨਾਥਾਨ ਕਿੱਥੇ ਹਨ?” ਉਸ ਔਰਤ ਨੇ ਜਵਾਬ ਦਿੱਤਾ: “ਉਹ ਪਾਣੀ ਵੱਲ ਨੂੰ ਚਲੇ ਗਏ।”+ ਫਿਰ ਉਨ੍ਹਾਂ ਆਦਮੀਆਂ ਨੇ ਉਨ੍ਹਾਂ ਦੀ ਭਾਲ ਕੀਤੀ, ਪਰ ਉਹ ਲੱਭੇ ਨਹੀਂ। ਇਸ ਲਈ ਉਹ ਯਰੂਸ਼ਲਮ ਵਾਪਸ ਚਲੇ ਗਏ।
21 ਉਨ੍ਹਾਂ ਆਦਮੀਆਂ ਦੇ ਚਲੇ ਜਾਣ ਤੋਂ ਬਾਅਦ ਉਹ ਖੂਹ ਵਿੱਚੋਂ ਬਾਹਰ ਆ ਗਏ ਤੇ ਜਾ ਕੇ ਰਾਜਾ ਦਾਊਦ ਨੂੰ ਖ਼ਬਰ ਦਿੱਤੀ। ਉਨ੍ਹਾਂ ਨੇ ਉਸ ਨੂੰ ਕਿਹਾ; “ਉੱਠ, ਫਟਾਫਟ ਪਾਣੀ ਤੋਂ ਪਾਰ ਲੰਘ ਜਾ ਕਿਉਂਕਿ ਅਹੀਥੋਫਲ ਨੇ ਤੇਰੇ ਵਿਰੁੱਧ ਇਹ ਸਲਾਹ ਦਿੱਤੀ ਹੈ।”+ 22 ਦਾਊਦ ਅਤੇ ਉਸ ਦੇ ਨਾਲ ਦੇ ਲੋਕ ਤੁਰੰਤ ਉੱਠੇ ਤੇ ਯਰਦਨ ਦਰਿਆ ਪਾਰ ਕਰ ਕੇ ਚਲੇ ਗਏ। ਸਵੇਰ ਦਾ ਚਾਨਣ ਹੋਣ ਤਕ ਹਰ ਇਕ ਨੇ ਯਰਦਨ ਦਰਿਆ ਪਾਰ ਕਰ ਲਿਆ ਸੀ।
23 ਜਦੋਂ ਅਹੀਥੋਫਲ ਨੇ ਦੇਖਿਆ ਕਿ ਉਸ ਦੀ ਸਲਾਹ ਨਹੀਂ ਮੰਨੀ ਗਈ, ਤਾਂ ਉਹ ਗਧੇ ʼਤੇ ਕਾਠੀ ਪਾ ਕੇ ਆਪਣੇ ਸ਼ਹਿਰ ਵਿਚ ਆਪਣੇ ਘਰ ਚਲਾ ਗਿਆ।+ ਆਪਣੇ ਘਰਾਣੇ ਨੂੰ ਹਿਦਾਇਤਾਂ ਦੇਣ ਤੋਂ ਬਾਅਦ+ ਉਸ ਨੇ ਫਾਹਾ ਲੈ* ਲਿਆ।+ ਉਸ ਦੀ ਮੌਤ ਹੋ ਗਈ ਤੇ ਉਸ ਨੂੰ ਉਸ ਦੇ ਪਿਉ-ਦਾਦਿਆਂ ਦੀ ਕਬਰ ਵਿਚ ਦਫ਼ਨਾਇਆ ਗਿਆ।
24 ਇਸ ਦੌਰਾਨ ਦਾਊਦ ਮਹਨਾਇਮ+ ਚਲਾ ਗਿਆ ਅਤੇ ਅਬਸ਼ਾਲੋਮ ਨੇ ਇਜ਼ਰਾਈਲ ਦੇ ਸਾਰੇ ਆਦਮੀਆਂ ਨਾਲ ਯਰਦਨ ਦਰਿਆ ਪਾਰ ਕੀਤਾ। 25 ਅਬਸ਼ਾਲੋਮ ਨੇ ਯੋਆਬ ਦੀ ਜਗ੍ਹਾ ਅਮਾਸਾ+ ਨੂੰ ਫ਼ੌਜ ਦਾ ਸੈਨਾਪਤੀ ਬਣਾ ਦਿੱਤਾ;+ ਅਮਾਸਾ ਯਿਥਰਾ ਨਾਂ ਦੇ ਇਕ ਇਜ਼ਰਾਈਲੀ ਆਦਮੀ ਦਾ ਪੁੱਤਰ ਸੀ ਜਿਸ ਨੇ ਅਬੀਗੈਲ ਨਾਲ ਸੰਬੰਧ ਬਣਾਏ ਸਨ।+ ਅਬੀਗੈਲ ਨਾਹਾਸ਼ ਦੀ ਧੀ ਅਤੇ ਯੋਆਬ ਦੀ ਮਾਤਾ ਸਰੂਯਾਹ ਦੀ ਭੈਣ ਸੀ। 26 ਇਜ਼ਰਾਈਲ ਅਤੇ ਅਬਸ਼ਾਲੋਮ ਨੇ ਗਿਲਆਦ ਵਿਚ ਡੇਰਾ ਲਾ ਲਿਆ।+
27 ਜਿਉਂ ਹੀ ਦਾਊਦ ਮਹਨਾਇਮ ਆਇਆ, ਤਾਂ ਅੰਮੋਨੀਆਂ ਦੇ ਰੱਬਾਹ+ ਤੋਂ ਨਾਹਾਸ਼ ਦਾ ਪੁੱਤਰ ਸ਼ੋਬੀ, ਲੋ-ਦੇਬਾਰ ਤੋਂ ਅਮੀਏਲ ਦਾ ਪੁੱਤਰ ਮਾਕੀਰ+ ਅਤੇ ਰੋਗਲੀਮ ਤੋਂ ਗਿਲਆਦ ਦਾ ਬਰਜ਼ਿੱਲਈ+ 28 ਇਹ ਸਭ ਕੁਝ ਲੈ ਕੇ ਆਏ: ਬਿਸਤਰੇ, ਬਾਟੇ, ਮਿੱਟੀ ਦੇ ਭਾਂਡੇ, ਕਣਕ, ਜੌਂ, ਆਟਾ, ਭੁੰਨੇ ਦਾਣੇ, ਰਵਾਂਹ ਦੀਆਂ ਫਲੀਆਂ, ਦਾਲਾਂ, ਸੁੱਕਾ ਅਨਾਜ, 29 ਸ਼ਹਿਦ, ਮੱਖਣ, ਭੇਡਾਂ ਅਤੇ ਪਨੀਰ।* ਉਹ ਇਹ ਸਭ ਕੁਝ ਦਾਊਦ ਅਤੇ ਉਸ ਦੇ ਨਾਲ ਦੇ ਲੋਕਾਂ ਦੇ ਖਾਣ ਲਈ ਲਿਆਏ+ ਕਿਉਂਕਿ ਉਨ੍ਹਾਂ ਨੇ ਕਿਹਾ: “ਉਜਾੜ ਵਿਚ ਉਹ ਲੋਕ ਭੁੱਖੇ-ਪਿਆਸੇ ਅਤੇ ਥੱਕੇ ਹੋਏ ਹਨ।”+