ਜ਼ਿੰਦਗੀ ਦੇ ਸਭ ਤੋਂ ਵਧੀਆ ਰਾਹ ਉੱਤੇ ਚੱਲੋ!
‘ਭਾਵੇਂ ਜੀਵੀਏ ਭਾਵੇਂ ਮਰੀਏ ਪਰ ਹਾਂ ਅਸੀਂ ਪ੍ਰਭੁ ਯਹੋਵਾਹ ਦੇ।’—ਰੋਮੀ. 14:8.
1. ਯਿਸੂ ਨੇ ਜੀਣ ਦੇ ਸਭ ਤੋਂ ਵਧੀਆ ਰਾਹ ਬਾਰੇ ਕੀ ਸਿਖਾਇਆ ਸੀ?
ਯਹੋਵਾਹ ਚਾਹੁੰਦਾ ਹੈ ਕਿ ਅਸੀਂ ਜ਼ਿੰਦਗੀ ਦੇ ਸਭ ਤੋਂ ਵਧੀਆ ਰਾਹ ʼਤੇ ਚੱਲੀਏ। ਲੋਕਾਂ ਦੇ ਜੀਣ ਦੇ ਤਰੀਕੇ ਵੱਖੋ-ਵੱਖਰੇ ਹਨ, ਪਰ ਸਭ ਤੋਂ ਵਧੀਆ ਤਰੀਕਾ ਇੱਕੋ ਹੈ। ਇਸ ਤੋਂ ਬਿਹਤਰ ਹੋਰ ਕੋਈ ਰਾਹ ਨਹੀਂ ਕਿ ਅਸੀਂ ਪਰਮੇਸ਼ੁਰ ਦੇ ਬਚਨ ʼਤੇ ਚੱਲੀਏ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਤੋਂ ਸਿੱਖੀਏ। ਯਿਸੂ ਨੇ ਆਪਣੇ ਚੇਲਿਆਂ ਨੂੰ ਪਰਮੇਸ਼ੁਰ ਦੀ ਭਗਤੀ ਸੱਚੇ ਦਿਲੋਂ ਕਰਨੀ ਸਿਖਾਈ ਸੀ ਅਤੇ ਚੇਲੇ ਬਣਾਉਣ ਦਾ ਹੁਕਮ ਦਿੱਤਾ ਸੀ। (ਮੱਤੀ 28:19, 20; ਯੂਹੰ. 4:24) ਅਸੀਂ ਯਿਸੂ ਦਾ ਇਹ ਕਹਿਣਾ ਮੰਨ ਕੇ ਯਹੋਵਾਹ ਨੂੰ ਖ਼ੁਸ਼ ਕਰਦੇ ਹਾਂ ਅਤੇ ਸਾਨੂੰ ਬਰਕਤਾਂ ਮਿਲਦੀਆਂ ਹਨ।
2. ਪਹਿਲੀ ਸਦੀ ਵਿਚ ਰਾਜ ਦਾ ਸੰਦੇਸ਼ ਸੁਣ ਕੇ ਕਈਆਂ ਨੇ ਕੀ ਕੀਤਾ ਅਤੇ “ਯਿਸੂ ਦੇ ਮਾਰਗ” ʼਤੇ ਚੱਲਣ ਦਾ ਕੀ ਮਤਲਬ ਸੀ?
2 ਜਦੋਂ ਨੇਕਦਿਲ ਲੋਕ ਸਿੱਖੀਆਂ ਗੱਲਾਂ ʼਤੇ ਵਿਸ਼ਵਾਸ ਕਰ ਕੇ ਬਪਤਿਸਮਾ ਲੈਂਦੇ ਹਨ, ਤਾਂ ਅਸੀਂ ਉਨ੍ਹਾਂ ਨੂੰ ਕਹਿੰਦੇ ਹਾਂ: “ਜ਼ਿੰਦਗੀ ਦੇ ਸਭ ਤੋਂ ਵਧੀਆ ਰਾਹ ʼਤੇ ਤੁਹਾਡਾ ਸੁਆਗਤ ਹੈ!” ਪਹਿਲੀ ਸਦੀ ਦੌਰਾਨ ਵੱਖੋ-ਵੱਖਰੀਆਂ ਕੌਮਾਂ ਦੇ ਹਜ਼ਾਰਾਂ ਲੋਕਾਂ ਨੇ ਸੱਚਾਈ ਅਪਣਾਈ। ਉਨ੍ਹਾਂ ਨੇ ਸਾਰਿਆਂ ਸਾਮ੍ਹਣੇ ਬਪਤਿਸਮਾ ਲੈ ਕੇ ਸਬੂਤ ਦਿੱਤਾ ਕਿ ਉਹ ਪਰਮੇਸ਼ੁਰ ਦੀ ਹੀ ਸੇਵਾ ਕਰਨਗੇ। (ਰਸੂ. 2:41) ਉਹ ਮੁਢਲੇ ਚੇਲੇ “ਯਿਸੂ ਦੇ ਮਾਰਗ” ʼਤੇ ਚੱਲਦੇ ਸਨ। (ਰਸੂ 9:2; 19:23, ERV) ਇਹ ਅਸੀਂ ਇਸ ਲਈ ਕਹਿੰਦੇ ਹਾਂ ਕਿਉਂਕਿ ਯਿਸੂ ਦੇ ਚੇਲਿਆਂ ਦੀ ਜ਼ਿੰਦਗੀ ਤੋਂ ਦਿੱਸਦਾ ਸੀ ਕਿ ਉਹ ਯਿਸੂ ਮਸੀਹ ਵਿਚ ਨਿਹਚਾ ਕਰਦੇ ਸਨ ਅਤੇ ਉਸ ਦੀ ਰੀਸ ਕਰਦੇ ਸਨ।—1 ਪਤ. 2:21.
3. ਯਹੋਵਾਹ ਦੇ ਲੋਕ ਕਿਉਂ ਬਪਤਿਸਮਾ ਲੈਂਦੇ ਹਨ ਅਤੇ ਪਿਛਲੇ ਦਸਾਂ ਸਾਲਾਂ ਵਿਚ ਕਿੰਨਿਆਂ ਨੇ ਬਪਤਿਸਮਾ ਲਿਆ ਹੈ?
3 ਇਸ ਸਮੇਂ 230 ਤੋਂ ਜ਼ਿਆਦਾ ਦੇਸ਼ਾਂ ਵਿਚ ਚੇਲੇ ਬਣਾਉਣ ਦਾ ਕੰਮ ਹੋਰ ਵੀ ਜ਼ੋਰਾਂ-ਸ਼ੋਰਾਂ ਨਾਲ ਹੋ ਰਿਹਾ ਹੈ। ਪਿਛਲੇ 10 ਸਾਲਾਂ ਦੌਰਾਨ 27,00,000 ਤੋਂ ਜ਼ਿਆਦਾ ਲੋਕਾਂ ਨੇ ਯਹੋਵਾਹ ਦੀ ਸੇਵਾ ਕਰਨ ਅਤੇ ਬਪਤਿਸਮਾ ਲੈਣ ਦਾ ਫ਼ੈਸਲਾ ਕੀਤਾ ਹੈ। ਇਸ ਦਾ ਮਤਲਬ ਹੈ ਕਿ ਹਰ ਹਫ਼ਤੇ ਔਸਤਨ 5,000 ਤੋਂ ਵੀ ਜ਼ਿਆਦਾ ਲੋਕ ਬਪਤਿਸਮਾ ਲੈਂਦੇ ਹਨ। ਉਹ ਇਸ ਲਈ ਬਪਤਿਸਮਾ ਲੈਂਦੇ ਹਨ ਕਿਉਂਕਿ ਉਹ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ, ਉਨ੍ਹਾਂ ਨੂੰ ਬਾਈਬਲ ਦਾ ਗਿਆਨ ਹੈ ਅਤੇ ਉਹ ਸਿੱਖੀਆਂ ਗੱਲਾਂ ਵਿਚ ਨਿਹਚਾ ਕਰਦੇ ਹਨ। ਬਪਤਿਸਮਾ ਸਾਡੀ ਜ਼ਿੰਦਗੀ ਵਿਚ ਇਕ ਮੀਲ-ਪੱਥਰ ਦੀ ਤਰ੍ਹਾਂ ਹੈ ਕਿਉਂਕਿ ਇੱਥੋਂ ਹੀ ਸਾਡਾ ਯਹੋਵਾਹ ਨਾਲ ਰਿਸ਼ਤਾ ਗੂੜ੍ਹਾ ਹੋਣਾ ਸ਼ੁਰੂ ਹੁੰਦਾ ਹੈ। ਇੱਦਾਂ ਕਰ ਕੇ ਅਸੀਂ ਉਸ ʼਤੇ ਆਪਣਾ ਭਰੋਸਾ ਜ਼ਾਹਰ ਕਰਦੇ ਹਾਂ ਕਿ ਉਹ ਵਫ਼ਾਦਾਰੀ ਨਾਲ ਸੇਵਾ ਕਰਨ ਵਿਚ ਸਾਡੀ ਮਦਦ ਕਰੇਗਾ ਜਿਵੇਂ ਉਸ ਨੇ ਪੁਰਾਣੇ ਜ਼ਮਾਨੇ ਦੇ ਸੇਵਕਾਂ ਦੀ ਕੀਤੀ ਸੀ।—ਯਸਾ. 30:21.
ਬਪਤਿਸਮਾ ਲੈਣਾ ਕਿਉਂ ਜ਼ਰੂਰੀ ਹੈ?
4, 5. ਬਪਤਿਸਮਾ ਲੈਣ ਨਾਲ ਮਿਲਦੀਆਂ ਕੁਝ ਬਰਕਤਾਂ ਅਤੇ ਫ਼ਾਇਦਿਆਂ ਬਾਰੇ ਦੱਸੋ।
4 ਸ਼ਾਇਦ ਤੁਸੀਂ ਪਰਮੇਸ਼ੁਰ ਬਾਰੇ ਸਿੱਖਿਆ ਹੈ, ਆਪਣੀ ਜ਼ਿੰਦਗੀ ਸੁਧਾਰੀ ਹੈ ਅਤੇ ਹੁਣ ਤੁਸੀਂ ਪਬਲੀਸ਼ਰ ਬਣ ਚੁੱਕੇ ਹੋ। ਇਸ ਲਈ ਤੁਸੀਂ ਤਾਰੀਫ਼ ਦੇ ਕਾਬਲ ਹੋ। ਪਰ ਕੀ ਤੁਸੀਂ ਪ੍ਰਾਰਥਨਾ ਕਰ ਕੇ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸੌਂਪੀ ਹੈ ਅਤੇ ਬਪਤਿਸਮਾ ਲੈਣ ਬਾਰੇ ਸੋਚ ਰਹੇ ਹੋ? ਬਾਈਬਲ ਦੀ ਸਟੱਡੀ ਕਰ ਕੇ ਤੁਸੀਂ ਸਿੱਖਿਆ ਹੈ ਕਿ ਜ਼ਿੰਦਗੀ ਵਿਚ ਤੁਹਾਨੂੰ ਯਹੋਵਾਹ ਦੀ ਵਡਿਆਈ ਕਰਨੀ ਚਾਹੀਦੀ ਹੈ, ਨਾ ਕਿ ਸਿਰਫ਼ ਆਪਣੇ-ਆਪ ਨੂੰ ਖ਼ੁਸ਼ ਕਰਨਾ ਜਾਂ ਧਨ-ਦੌਲਤ ਇਕੱਠਾ ਕਰਨਾ ਚਾਹੀਦਾ ਹੈ। (ਜ਼ਬੂਰਾਂ ਦੀ ਪੋਥੀ 148:11-13 ਪੜ੍ਹੋ; ਲੂਕਾ 12:15) ਤਾਂ ਫਿਰ, ਬਪਤਿਸਮਾ ਲੈਣ ਨਾਲ ਕਿਹੜੀਆਂ ਬਰਕਤਾਂ ਅਤੇ ਫ਼ਾਇਦੇ ਮਿਲਦੇ ਹਨ?
5 ਬਪਤਿਸਮਾ ਲੈਣ ਤੋਂ ਬਾਅਦ ਤੁਹਾਡਾ ਜੀਵਨ ਮਕਸਦ ਭਰਿਆ ਹੋਵੇਗਾ। ਤੁਸੀਂ ਖ਼ੁਸ਼ ਹੋਵੋਗੇ ਕਿ ਤੁਸੀਂ ਰੱਬ ਦੀ ਇੱਛਾ ਪੂਰੀ ਕਰ ਰਹੇ ਹੋ। (ਰੋਮੀ. 12:1, 2) ਯਹੋਵਾਹ ਦੀ ਪਵਿੱਤਰ ਸ਼ਕਤੀ ਤੁਹਾਡੇ ਵਿਚ ਸ਼ਾਂਤੀ ਅਤੇ ਨਿਹਚਾ ਵਰਗੇ ਗੁਣ ਪੈਦਾ ਕਰੇਗੀ। (ਗਲਾ. 5:22, 23) ਪਰਮੇਸ਼ੁਰ ਤੁਹਾਡੀਆਂ ਪ੍ਰਾਰਥਨਾਵਾਂ ਸੁਣੇਗਾ ਅਤੇ ਤੁਹਾਡੀਆਂ ਕੋਸ਼ਿਸ਼ਾਂ ʼਤੇ ਬਰਕਤ ਪਾਵੇਗਾ ਕਿਉਂਕਿ ਤੁਸੀਂ ਉਸ ਦੇ ਬਚਨ ਅਨੁਸਾਰ ਜੀਣਾ ਚਾਹੁੰਦੇ ਹੋ। ਪ੍ਰਚਾਰ ਕਰਨ ਵਿਚ ਤੁਹਾਨੂੰ ਖ਼ੁਸ਼ੀ ਮਿਲੇਗੀ ਅਤੇ ਪਰਮੇਸ਼ੁਰ ਦੇ ਕਹਿਣੇ ਮੁਤਾਬਕ ਚੱਲਣ ਨਾਲ ਤੁਹਾਡੀ ਹਮੇਸ਼ਾ ਲਈ ਜੀਣ ਦੀ ਉਮੀਦ ਪੱਕੀ ਹੋਵੇਗੀ। ਇਸ ਤੋਂ ਇਲਾਵਾ, ਸਮਰਪਣ ਤੋਂ ਬਾਅਦ ਬਪਤਿਸਮਾ ਲੈ ਕੇ ਤੁਸੀਂ ਦਿਖਾਓਗੇ ਕਿ ਤੁਸੀਂ ਸੱਚ-ਮੁੱਚ ਯਹੋਵਾਹ ਦੇ ਗਵਾਹ ਬਣਨਾ ਚਾਹੁੰਦੇ ਹੋ।—ਯਸਾ. 43:10-12.
6. ਬਪਤਿਸਮਾ ਲੈ ਕੇ ਅਸੀਂ ਕੀ ਦਿਖਾਉਂਦੇ ਹਾਂ?
6 ਪਰਮੇਸ਼ੁਰ ਨੂੰ ਸਮਰਪਣ ਕਰ ਕੇ ਅਤੇ ਬਪਤਿਸਮਾ ਲੈ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਦੀ ਅਮਾਨਤ ਹਾਂ। ਪੌਲੁਸ ਰਸੂਲ ਨੇ ਲਿਖਿਆ: ‘ਸਾਡੇ ਵਿੱਚੋਂ ਤਾਂ ਕੋਈ ਆਪਣੇ ਲਈ ਨਹੀਂ ਜੀਉਂਦਾ, ਨਾ ਕੋਈ ਆਪਣੇ ਲਈ ਮਰਦਾ ਹੈ। ਇਸ ਲਈ ਜੇ ਅਸੀਂ ਜੀਵੀਏ ਤਾਂ ਯਹੋਵਾਹ ਦੇ ਲਈ ਜੀਉਂਦੇ ਹਾਂ ਅਰ ਜੇ ਅਸੀਂ ਮਰੀਏ ਤਾਂ ਯਹੋਵਾਹ ਦੇ ਲਈ ਮਰਦੇ ਹਾਂ। ਗੱਲ ਕਾਹਦੀ ਭਾਵੇਂ ਜੀਵੀਏ ਭਾਵੇਂ ਮਰੀਏ ਪਰ ਹਾਂ ਅਸੀਂ ਯਹੋਵਾਹ ਦੇ ਹੀ।’ (ਰੋਮੀ. 14:7, 8) ਪਰਮੇਸ਼ੁਰ ਨੇ ਸਾਨੂੰ ਖ਼ੁਦ ਆਪਣੇ ਫ਼ੈਸਲੇ ਕਰਨ ਦੀ ਇਜਾਜ਼ਤ ਦੇ ਕੇ ਸਾਡਾ ਆਦਰ ਕੀਤਾ ਹੈ। ਅਸੀਂ ਪਰਮੇਸ਼ੁਰ ਨਾਲ ਪਿਆਰ ਦੀ ਖ਼ਾਤਰ ਉਸ ਦੇ ਰਾਹ ʼਤੇ ਚੱਲਣ ਦਾ ਪੱਕਾ ਫ਼ੈਸਲਾ ਕਰਦੇ ਹਾਂ। ਇਸ ਤਰ੍ਹਾਂ ਅਸੀਂ ਉਸ ਦਾ ਦਿਲ ਖ਼ੁਸ਼ ਕਰਦੇ ਹਾਂ। (ਕਹਾ. 27:11) ਬਪਤਿਸਮਾ ਲੈ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਆਪਣੀ ਜ਼ਿੰਦਗੀ ਯਹੋਵਾਹ ਨੂੰ ਸੌਂਪ ਦਿੱਤੀ ਹੈ ਅਤੇ ਸਾਰਿਆਂ ਦੇ ਸਾਮ੍ਹਣੇ ਐਲਾਨ ਕੀਤਾ ਹੈ ਕਿ ਉਹੀ ਸਾਡਾ ਮਾਲਕ ਹੈ। ਨਾਲੇ ਅਸੀਂ ਦਿਖਾਉਂਦੇ ਹਾਂ ਕਿ ਉਹੀ ਰਾਜ ਕਰਨ ਦਾ ਹੱਕ ਰੱਖਦਾ ਹੈ। (ਰਸੂ. 5:29, 32) ਇਸ ਦੇ ਬਦਲੇ ਯਹੋਵਾਹ ਸਾਡਾ ਸਾਥ ਦਿੰਦਾ ਹੈ। (ਜ਼ਬੂਰਾਂ ਦੀ ਪੋਥੀ 118:6 ਪੜ੍ਹੋ।) ਬਪਤਿਸਮਾ ਲੈਣ ਨਾਲ ਸਾਨੂੰ ਹੁਣ ਅਤੇ ਭਵਿੱਖ ਵਿਚ ਵੀ ਹੋਰ ਕਈ ਬਰਕਤਾਂ ਮਿਲਣਗੀਆਂ।
ਪਿਆਰੇ ਭਾਈਚਾਰੇ ਦੀ ਬਰਕਤ
7-9. (ੳ) ਯਿਸੂ ਨੇ ਉਨ੍ਹਾਂ ਨੂੰ ਕੀ ਭਰੋਸਾ ਦਿੱਤਾ ਜੋ ਆਪਣਾ ਸਾਰਾ ਕੁਝ ਛੱਡ ਕੇ ਉਸ ਦੇ ਪਿੱਛੇ ਹੋ ਤੁਰੇ? (ਅ) ਮਰਕੁਸ 10:29, 30 ਵਿਚ ਦਰਜ ਯਿਸੂ ਦਾ ਵਾਅਦਾ ਕਿਵੇਂ ਪੂਰਾ ਹੋ ਰਿਹਾ ਹੈ?
7 ਪਤਰਸ ਰਸੂਲ ਨੇ ਯਿਸੂ ਨੂੰ ਕਿਹਾ: “ਵੇਖ ਅਸੀਂ ਸੱਭੋ ਕੁਝ ਛੱਡ ਕੇ ਤੇਰੇ ਮਗਰ ਹੋ ਤੁਰੇ ਹਾਂ, ਫੇਰ ਸਾਨੂੰ ਕੀ ਲੱਭੂ?” (ਮੱਤੀ 19:27) ਰਾਜ ਦੇ ਪ੍ਰਚਾਰ ਵਿਚ ਪੂਰੀ ਤਰ੍ਹਾਂ ਲੱਗੇ ਰਹਿਣ ਲਈ ਚੇਲਿਆਂ ਨੇ ਬਹੁਤ ਕੁਝ ਕੁਰਬਾਨ ਕੀਤਾ ਸੀ। ਇਸ ਲਈ ਪਤਰਸ ਜਾਣਨਾ ਚਾਹੁੰਦਾ ਸੀ ਕਿ ਉਸ ਨੂੰ ਅਤੇ ਬਾਕੀ ਚੇਲਿਆਂ ਨੂੰ ਭਵਿੱਖ ਵਿਚ ਕੀ ਮਿਲੇਗਾ। (ਮੱਤੀ 4:18-22) ਯਿਸੂ ਨੇ ਉਨ੍ਹਾਂ ਨੂੰ ਕੀ ਭਰੋਸਾ ਦਿਵਾਇਆ?
8 ਮਰਕੁਸ ਦੇ ਬਿਰਤਾਂਤ ਮੁਤਾਬਕ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ਦੁਨੀਆਂ ਭਰ ਵਿਚ ਉਨ੍ਹਾਂ ਦੇ ਕਈ ਭੈਣ-ਭਰਾ ਹੋਣਗੇ। ਯਿਸੂ ਨੇ ਕਿਹਾ: “ਅਜੇਹਾ ਕੋਈ ਨਹੀਂ ਜਿਹ ਨੇ ਘਰ ਯਾ ਭਾਈਆਂ ਯਾ ਭੈਣਾਂ ਯਾ ਮਾਂ ਯਾ ਪਿਉ ਯਾ ਬਾਲ ਬੱਚਿਆਂ ਯਾ ਜਮੀਨਾਂ ਨੂੰ ਮੇਰੇ ਅਤੇ ਇੰਜੀਲ ਦੇ ਲਈ ਛੱਡਿਆ ਹੋਵੇ ਜਿਹੜਾ ਹੁਣ ਇਸ ਸਮੇ ਵਿੱਚ ਸੌ ਗੁਣਾ ਨਾ ਪਾਵੇ, ਘਰ ਅਤੇ ਭਾਈ ਅਤੇ ਭੈਣਾਂ ਅਤੇ ਮਾਵਾਂ ਅਤੇ ਬਾਲ ਬੱਚੇ ਅਤੇ ਜਮੀਨਾਂ ਪਰ ਦੁਖਾਂ ਨਾਲ ਅਤੇ ਅਗਲੇ ਜੁਗ ਵਿੱਚ ਸਦੀਪਕ ਜੀਉਣ।” (ਮਰ. 10:29, 30) ਯਿਸੂ ਦੇ ਵਾਅਦੇ ਮੁਤਾਬਕ ਪਹਿਲੀ ਸਦੀ ਦੇ ਮਸੀਹੀ ਜਿਵੇਂ ਲੁਦਿਯਾ, ਅਕੂਲਾ, ਪ੍ਰੀਸੀਲਾ ਅਤੇ ਗਾਯੁਸ ਉਨ੍ਹਾਂ ਵਿੱਚੋਂ ਸਨ ਜਿਨ੍ਹਾਂ ਨੇ ਹੋਰਨਾਂ ਭੈਣਾਂ-ਭਰਾਵਾਂ ਲਈ ਆਪਣੇ ‘ਘਰਾਂ’ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਅਤੇ ਉਨ੍ਹਾਂ ਨੂੰ ‘ਭਾਈਆਂ ਯਾ ਭੈਣਾਂ ਯਾ ਮਾਵਾਂ’ ਵਰਗਾ ਪਿਆਰ ਦਿੱਤਾ।—ਰਸੂ. 16:14, 15; 18:2-4; 3 ਯੂਹੰ. 1, 5-8.
9 ਯਿਸੂ ਦੀ ਗੱਲ ਅੱਜ ਜ਼ਿਆਦਾ ਸੱਚੀ ਹੋ ਰਹੀ ਹੈ। ਯਿਸੂ ਦੇ ਕਈ ਚੇਲੇ ਜਿਵੇਂ ਮਿਸ਼ਨਰੀ, ਬੈਥਲ ਪਰਿਵਾਰ ਦੇ ਮੈਂਬਰ, ਇੰਟਰਨੈਸ਼ਨਲ ਸਰਵੈਂਟ ਅਤੇ ਕਈ ਹੋਰ ਭੈਣ-ਭਰਾ ਖ਼ੁਸ਼ੀ ਨਾਲ ਆਪਣੀਆਂ “ਜਮੀਨਾਂ” ਯਾਨੀ ਨੌਕਰੀਆਂ ਵਗੈਰਾ ਪਿੱਛੇ ਛੱਡ ਦਿੰਦੇ ਹਨ ਤਾਂਕਿ ਉਹ ਵੱਖੋ-ਵੱਖਰੇ ਦੇਸ਼ਾਂ ਵਿਚ ਪਰਮੇਸ਼ੁਰ ਦੇ ਕੰਮ ਕਰ ਸਕਣ। ਕਈ ਭੈਣਾਂ-ਭਰਾਵਾਂ ਨੇ ਸਾਦੀ ਜ਼ਿੰਦਗੀ ਜੀਣ ਲਈ ਆਪਣਾ ਘਰ-ਬਾਰ ਛੱਡਿਆ ਹੈ। ਉਨ੍ਹਾਂ ਦੇ ਤਜਰਬੇ ਸੁਣ ਕੇ ਅਸੀਂ ਖ਼ੁਸ਼ ਹੁੰਦੇ ਹਾਂ ਕਿ ਯਹੋਵਾਹ ਨੇ ਉਨ੍ਹਾਂ ਦੀ ਕਿਵੇਂ ਦੇਖ-ਭਾਲ ਕੀਤੀ ਹੈ ਅਤੇ ਉਸ ਦੀ ਸੇਵਾ ਕਰ ਕੇ ਉਹ ਕਿੰਨੇ ਖ਼ੁਸ਼ ਹਨ। (ਰਸੂ. 20:35) ਇਸ ਤੋਂ ਇਲਾਵਾ, ਦੁਨੀਆਂ ਭਰ ਵਿਚ ਯਹੋਵਾਹ ਦੇ ਸਾਰੇ ਬਪਤਿਸਮਾ ਲੈ ਚੁੱਕੇ ਸੇਵਕ ਇਕ-ਦੂਜੇ ਨਾਲ ਮਿਲ ਕੇ ‘ਪਹਿਲਾਂ ਰਾਜ ਅਤੇ ਪਰਮੇਸ਼ੁਰ ਦੇ ਧਰਮ ਨੂੰ ਭਾਲਣ’ ਦੀ ਬਰਕਤ ਦਾ ਆਨੰਦ ਮਾਣਦੇ ਹਨ।—ਮੱਤੀ 6:33.
“ਓਟ” ਵਿਚ ਸੁਰੱਖਿਅਤ
10, 11. “ਅੱਤ ਮਹਾਨ ਦੀ ਓਟ” ਕੀ ਹੈ ਅਤੇ ਅਸੀਂ ਉਸ ਵਿਚ ਕਿਵੇਂ ਵੱਸ ਸਕਦੇ ਹਾਂ?
10 ਸਮਰਪਣ ਕਰਨ ਅਤੇ ਬਪਤਿਸਮਾ ਲੈਣ ਨਾਲ ਇਕ ਹੋਰ ਵੀ ਬਰਕਤ ਮਿਲਦੀ ਹੈ—“ਅੱਤ ਮਹਾਨ ਦੀ ਓਟ” ਵਿਚ ਵਸਣ ਦਾ ਸਨਮਾਨ। (ਜ਼ਬੂਰਾਂ ਦੀ ਪੋਥੀ 91:1 ਪੜ੍ਹੋ।) ਇਹ ਇਸ ਤਰ੍ਹਾਂ ਦੀ ਜਗ੍ਹਾ ਹੈ ਜਿੱਥੇ ਪਰਮੇਸ਼ੁਰ ਆਪਣੇ ਭਗਤਾਂ ਦੀ ਉਸ ਹਰ ਚੀਜ਼ ਤੋਂ ਰਾਖੀ ਕਰਦਾ ਹੈ ਜਿਸ ਤੋਂ ਉਨ੍ਹਾਂ ਦੀ ਨਿਹਚਾ ਨੂੰ ਖ਼ਤਰਾ ਹੈ। ਇਹ ਇਸ ਲਈ ਵੀ “ਓਟ” ਯਾਨੀ ਪਨਾਹ ਦੀ ਜਗ੍ਹਾ ਹੈ ਕਿਉਂਕਿ ਪਰਮੇਸ਼ੁਰ ਨੂੰ ਨਾ ਮੰਨਣ ਤੇ ਉਸ ਉੱਤੇ ਭਰੋਸਾ ਨਾ ਰੱਖਣ ਵਾਲੇ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਲੱਗਦਾ। ਆਪਣੇ ਸਮਰਪਣ ਦੇ ਵਾਅਦੇ ਅਨੁਸਾਰ ਜੀ ਕੇ ਤੇ ਉਸ ਉੱਤੇ ਪੂਰਾ ਭਰੋਸਾ ਕਰ ਕੇ ਅਸਲ ਵਿਚ ਅਸੀਂ ਯਹੋਵਾਹ ਨੂੰ ਕਹਿ ਰਹੇ ਹੁੰਦੇ ਹਾਂ: ‘ਤੂੰ ਮੇਰੀ ਪਨਾਹ ਅਤੇ ਮੇਰਾ ਗੜ੍ਹ ਹੈ, ਮੇਰਾ ਪਰਮੇਸ਼ੁਰ ਜਿਹ ਦੇ ਉੱਤੇ ਮੈਂ ਭਰੋਸਾ ਰੱਖਦਾ ਹਾਂ।’ (ਜ਼ਬੂ. 91:2) ਇਸ ਤਰ੍ਹਾਂ, ਯਹੋਵਾਹ ਪਰਮੇਸ਼ੁਰ ਸਾਡੀ ਪਨਾਹ ਬਣ ਜਾਂਦਾ ਹੈ। (ਜ਼ਬੂ. 91:9) ਇਸ ਤੋਂ ਜ਼ਿਆਦਾ ਸਾਨੂੰ ਹੋਰ ਕੀ ਚਾਹੀਦਾ ਹੈ?
11 ਯਹੋਵਾਹ ਦੀ “ਓਟ” ਵਿਚ ਵਸਣ ਦਾ ਇਹ ਵੀ ਮਤਲਬ ਹੈ ਕਿ ਸਾਨੂੰ ਉਸ ਨਾਲ ਰਿਸ਼ਤਾ ਕਾਇਮ ਕਰਨ ਦਾ ਸਨਮਾਨ ਮਿਲਿਆ ਹੈ। ਇਹ ਰਿਸ਼ਤਾ ਸਮਰਪਣ ਤੇ ਬਪਤਿਸਮੇ ਨਾਲ ਸ਼ੁਰੂ ਹੁੰਦਾ ਹੈ। ਇਸ ਤੋਂ ਬਾਅਦ ਅਸੀਂ ਬਾਈਬਲ ਸਟੱਡੀ ਕਰ ਕੇ, ਦਿਲੋਂ ਪ੍ਰਾਰਥਨਾ ਕਰ ਕੇ ਅਤੇ ਉਸ ਦੀ ਆਗਿਆ ਵਿਚ ਰਹਿ ਕੇ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਗੂੜ੍ਹਾ ਕਰਦੇ ਹਾਂ। (ਯਾਕੂ. 4:8) ਕੋਈ ਵੀ ਯਹੋਵਾਹ ਦੇ ਇੰਨੇ ਨੇੜੇ ਨਹੀਂ ਰਿਹਾ ਜਿੰਨਾ ਯਿਸੂ ਸੀ। ਯਹੋਵਾਹ ਵਿਚ ਉਸ ਦਾ ਭਰੋਸਾ ਕਦੇ ਡਾਵਾਂ-ਡੋਲ ਨਹੀਂ ਹੋਇਆ। (ਯੂਹੰ. 8:29) ਸਾਨੂੰ ਵੀ ਸ਼ੱਕ ਨਹੀਂ ਕਰਨਾ ਚਾਹੀਦਾ ਕਿ ਯਹੋਵਾਹ ਸਾਨੂੰ ਆਪਣਾ ਵਾਅਦਾ ਨਿਭਾਉਣ ਵਿਚ ਮਦਦ ਕਰੇਗਾ ਜਾਂ ਨਹੀਂ। (ਉਪ. 5:4) ਜੋ ਵੀ ਪ੍ਰਬੰਧ ਯਹੋਵਾਹ ਨੇ ਸਾਡੇ ਲਈ ਕੀਤੇ ਹਨ, ਉਹ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਉਹ ਸਾਨੂੰ ਪਿਆਰ ਕਰਦਾ ਹੈ ਅਤੇ ਚਾਹੁੰਦਾ ਕਿ ਅਸੀਂ ਉਸ ਦੀ ਸੇਵਾ ਕਰਦੇ ਰਹੀਏ।
ਸ਼ਾਂਤੀ ਤੇ ਏਕਤਾ ਦਾ ਮਾਹੌਲ ਬਣਾਈ ਰੱਖੋ
12, 13. (ੳ) ਅਸੀਂ ਕਿਸ ਮਾਹੌਲ ਦਾ ਆਨੰਦ ਮਾਣ ਰਹੇ ਹਾਂ? (ਅ) ਅਸੀਂ ਨਵੇਂ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ?
12 ਸਮਰਪਣ ਕਰਨ ਅਤੇ ਬਪਤਿਸਮਾ ਲੈਣ ਨਾਲ ਅਸੀਂ ਵਧੀਆ ਮਾਹੌਲ ਦਾ ਆਨੰਦ ਮਾਣ ਸਕਦੇ ਹਾਂ। ਇਹ ਅਜਿਹਾ ਮਾਹੌਲ ਹੈ ਜਿਸ ਵਿਚ ਭੈਣ-ਭਰਾ ਇਕ-ਦੂਜੇ ਨਾਲ ਸ਼ਾਂਤੀ ਨਾਲ ਰਹਿੰਦੇ ਹਨ ਅਤੇ ਯਹੋਵਾਹ ਦੀ ਮਿਹਰ ਪਾਉਂਦੇ ਹਨ। (ਜ਼ਬੂ. 29:11; ਯਸਾ. 54:13) ਇਸ ਤਰ੍ਹਾਂ ਦਾ ਮਾਹੌਲ ਦੁਨੀਆਂ ਵਿਚ ਕਿਤੇ ਵੀ ਦੇਖਣ ਨੂੰ ਨਹੀਂ ਮਿਲਦਾ। ਇਹ ਮਾਹੌਲ ਖ਼ਾਸ ਕਰਕੇ ਇੰਟਰਨੈਸ਼ਨਲ ਸੰਮੇਲਨਾਂ ਵਿਚ ਦੇਖਣ ਨੂੰ ਮਿਲਦਾ ਹੈ ਜਿਨ੍ਹਾਂ ਵਿਚ ਕਈ ਕੌਮਾਂ, ਭਾਸ਼ਾਵਾਂ ਅਤੇ ਨਸਲਾਂ ਦੇ ਭੈਣ-ਭਰਾ ਇਕੱਠੇ ਹੁੰਦੇ ਹਨ ਅਤੇ ਸ਼ਾਂਤੀ, ਏਕਤਾ ਅਤੇ ਪਿਆਰ ਦਾ ਆਨੰਦ ਮਾਣਦੇ ਹਨ।
13 ਦੁਨੀਆਂ ਦੇ ਮਾੜੇ ਹਾਲਾਤਾਂ ਦੀ ਤੁਲਨਾ ਵਿਚ ਇਹ ਮਾਹੌਲ ਕਿੰਨਾ ਵਧੀਆ ਹੈ! (ਯਸਾਯਾਹ 65:13, 14 ਪੜ੍ਹੋ।) ਰਾਜ ਦਾ ਪ੍ਰਚਾਰ ਕਰ ਕੇ ਅਸੀਂ ਹੋਰਨਾਂ ਨੂੰ ਵੀ ਇਸ ਮਾਹੌਲ ਵਿਚ ਆਉਣ ਦਾ ਸੱਦਾ ਦਿੰਦੇ ਹਾਂ। ਕਲੀਸਿਯਾ ਵਿਚ ਆਏ ਉਨ੍ਹਾਂ ਨਵੇਂ ਲੋਕਾਂ ਦੀ ਮਦਦ ਕਰਨੀ ਇਕ ਬਰਕਤ ਹੈ ਜਿਨ੍ਹਾਂ ਨੂੰ ਪ੍ਰਚਾਰ ਦੇ ਕੰਮ ਵਿਚ ਸਿਖਲਾਈ ਲੈਣ ਦੀ ਲੋੜ ਹੈ। ਬਜ਼ੁਰਗਾਂ ਦੇ ਕਹਿਣੇ ਤੇ ਅਸੀਂ ਸ਼ਾਇਦ ਕੁਝ ਨਵੇਂ ਭੈਣਾਂ-ਭਰਾਵਾਂ ਦੀ ਮਦਦ ਕਰ ਸਕੀਏ ਜਿਵੇਂ ਅਕੂਲਾ ਤੇ ਪ੍ਰੀਸੀਲਾ ਨੇ ਅਪੁੱਲੋਸ ਨੂੰ “ਪਰਮੇਸ਼ੁਰ ਦਾ ਰਾਹ ਹੋਰ ਵੀ ਠੀਕ ਤਰਾਂ ਨਾਲ ਦੱਸਿਆ” ਸੀ।—ਰਸੂ. 18:24-26.
ਯਿਸੂ ਤੋਂ ਸਿੱਖਦੇ ਰਹੋ
14, 15. ਯਿਸੂ ਤੋਂ ਸਿੱਖਦੇ ਰਹਿਣ ਦੇ ਸਾਡੇ ਕੋਲ ਕਿਹੜੇ ਵਧੀਆ ਕਾਰਨ ਹਨ?
14 ਸਾਡੇ ਕੋਲ ਯਿਸੂ ਤੋਂ ਸਿੱਖਦੇ ਰਹਿਣ ਦੇ ਵਧੀਆ ਕਾਰਨ ਹਨ। ਧਰਤੀ ʼਤੇ ਆਉਣ ਤੋਂ ਪਹਿਲਾਂ ਯਿਸੂ ਨੇ ਯਹੋਵਾਹ ਨਾਲ ਕੰਮ ਕਰਦਿਆਂ ਅਣਗਿਣਤ ਸਦੀਆਂ ਬਿਤਾਈਆਂ ਸਨ। (ਕਹਾ. 8:22, 30) ਯਿਸੂ ਨੂੰ ਪਤਾ ਸੀ ਕਿ ਪਰਮੇਸ਼ੁਰ ਦੀ ਸੇਵਾ ਕਰਨੀ ਅਤੇ ਲੋਕਾਂ ਨੂੰ ਸੱਚਾਈ ਬਾਰੇ ਦੱਸਣਾ ਹੀ ਜ਼ਿੰਦਗੀ ਦਾ ਸਭ ਤੋਂ ਵਧੀਆ ਰਾਹ ਹੈ। (ਯੂਹੰ. 18:37) ਉਹ ਇਹ ਵੀ ਜਾਣਦਾ ਸੀ ਕਿ ਜਿਹੜਾ ਇਨਸਾਨ ਇਸ ਰਾਹ ʼਤੇ ਨਹੀਂ ਚੱਲਦਾ, ਉਹ ਸੁਆਰਥੀ ਤੇ ਨਾਸਮਝ ਹੈ ਜੋ ਸਿਰਫ਼ ਅੱਜ ਲਈ ਜੀਉਂਦਾ ਹੈ। ਉਸ ਨੂੰ ਪਤਾ ਸੀ ਕਿ ਉਸ ਉੱਤੇ ਸਖ਼ਤ ਅਜ਼ਮਾਇਸ਼ਾਂ ਆਉਣਗੀਆਂ ਅਤੇ ਉਸ ਨੂੰ ਮਾਰ ਦਿੱਤਾ ਜਾਵੇਗਾ। (ਮੱਤੀ 20:18, 19; ਇਬ. 4:15) ਉਸ ਨੇ ਸਾਨੂੰ ਸਿਖਾਇਆ ਹੈ ਕਿ ਅਸੀਂ ਕਿਵੇਂ ਵਫ਼ਾਦਾਰ ਬਣੇ ਰਹਿ ਸਕਦੇ ਹਾਂ।
15 ਯਿਸੂ ਦੇ ਬਪਤਿਸਮਾ ਲੈਣ ਤੋਂ ਥੋੜ੍ਹੀ ਦੇਰ ਬਾਅਦ ਸ਼ਤਾਨ ਉਸ ਨੂੰ ਜ਼ਿੰਦਗੀ ਦੇ ਵਧੀਆ ਰਾਹ ਤੋਂ ਭਟਕਾਉਣਾ ਚਾਹੁੰਦਾ ਸੀ, ਪਰ ਸਫ਼ਲ ਨਹੀਂ ਹੋਇਆ। (ਮੱਤੀ 4:1-11) ਇਸ ਤੋਂ ਅਸੀਂ ਸਿੱਖਦੇ ਹਾਂ ਕਿ ਸ਼ਤਾਨ ਜੋ ਮਰਜ਼ੀ ਕਰੇ, ਅਸੀਂ ਵਫ਼ਾਦਾਰ ਰਹਿ ਸਕਦੇ ਹਾਂ। ਉਹ ਉਨ੍ਹਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਹੈ ਜਿਹੜੇ ਬਪਤਿਸਮਾ ਲੈਣ ਵਾਲੇ ਹਨ ਅਤੇ ਜਿਨ੍ਹਾਂ ਨੇ ਹੁਣੇ-ਹੁਣੇ ਬਪਤਿਸਮਾ ਲਿਆ ਹੈ। (1 ਪਤ. 5:8) ਸ਼ਾਇਦ ਪਰਿਵਾਰ ਦੇ ਮੈਂਬਰ ਤੁਹਾਡਾ ਵਿਰੋਧ ਕਰਨ ਕਿਉਂਕਿ ਕਿਸੇ ਨੇ ਯਹੋਵਾਹ ਦੇ ਗਵਾਹਾਂ ਖ਼ਿਲਾਫ਼ ਉਨ੍ਹਾਂ ਦੇ ਕੰਨ ਭਰੇ ਹਨ। ਪਰ ਅਜਿਹਾ ਹੋਣ ਤੇ ਜਦੋਂ ਅਸੀਂ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਅਤੇ ਗਵਾਹੀ ਦਿੰਦੇ ਹਾਂ, ਤਾਂ ਸਾਨੂੰ ਆਦਰ ਨਾਲ ਪੇਸ਼ ਆਉਣ ਤੇ ਸਮਝਦਾਰੀ ਦਿਖਾਉਣ ਦਾ ਮੌਕਾ ਮਿਲਦਾ ਹੈ। (1 ਪਤ. 3:15) ਅਜਿਹੇ ਤਜਰਬਿਆਂ ਦਾ ਸਾਡੀ ਗੱਲ ਸੁਣਨ ਵਾਲਿਆਂ ʼਤੇ ਚੰਗਾ ਅਸਰ ਪੈ ਸਕਦਾ ਹੈ।—1 ਤਿਮੋ. 4:16.
ਜ਼ਿੰਦਗੀ ਦੇ ਵਧੀਆ ਰਾਹ ʼਤੇ ਚੱਲਦੇ ਰਹੋ!
16, 17. (ੳ) ਬਿਵਸਥਾ ਸਾਰ 30:19, 20 ਵਿਚ ਕਿਹੜੀਆਂ ਤਿੰਨ ਮੰਗਾਂ ਦੱਸੀਆਂ ਹਨ? (ਅ) ਯਿਸੂ, ਯੂਹੰਨਾ ਅਤੇ ਪੌਲੁਸ ਨੇ ਮੂਸਾ ਦੀਆਂ ਲਿਖੀਆਂ ਗੱਲਾਂ ਦੀ ਕਿਵੇਂ ਹਿਮਾਇਤ ਕੀਤੀ?
16 ਯਿਸੂ ਦੇ ਧਰਤੀ ʼਤੇ ਆਉਣ ਤੋਂ 1,500 ਸਾਲ ਪਹਿਲਾਂ, ਮੂਸਾ ਨੇ ਇਸਰਾਏਲੀਆਂ ਨੂੰ ਜ਼ਿੰਦਗੀ ਦਾ ਸਭ ਤੋਂ ਵਧੀਆ ਰਾਹ ਚੁਣਨ ਲਈ ਕਿਹਾ ਸੀ। ਉਸ ਨੇ ਕਿਹਾ: “ਮੈਂ ਅੱਜੋ ਤੁਹਾਡੇ ਵਿਰੁੱਧ ਅਕਾਸ਼ ਅਤੇ ਧਰਤੀ ਨੂੰ ਗਵਾਹ ਬਣਾਉਂਦਾ ਹਾਂ ਭਈ ਮੈਂ ਤੁਹਾਡੇ ਅੱਗੇ ਜੀਵਨ ਅਤੇ ਮੌਤ, ਬਰਕਤ ਅਤੇ ਸਰਾਪ ਰੱਖਿਆ ਹੈ। ਏਸ ਲਈ ਜੀਵਨ ਨੂੰ ਚੁਣੋ ਤਾਂ ਜੋ ਤੁਸੀਂ ਅਤੇ ਤੁਹਾਡੀ ਅੰਸ ਜੀਉਂਦੇ ਰਹੋ। ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ, ਉਸ ਦੀ ਅਵਾਜ਼ ਨੂੰ ਸੁਣੋ ਅਤੇ ਉਸ ਦੇ ਅੰਗ ਸੰਗ ਲੱਗੇ ਰਹੋ।” (ਬਿਵ. 30:19, 20) ਭਾਵੇਂ ਇਸਰਾਏਲੀ ਪਰਮੇਸ਼ੁਰ ਦੇ ਵਫ਼ਾਦਾਰ ਨਹੀਂ ਰਹੇ, ਫਿਰ ਵੀ ਜੀਵਨ ਪਾਉਣ ਲਈ ਮੂਸਾ ਦੁਆਰਾ ਦੱਸੀਆਂ ਤਿੰਨ ਮੰਗਾਂ ਨਹੀਂ ਬਦਲੀਆਂ। ਯਿਸੂ ਅਤੇ ਦੂਸਰਿਆਂ ਨੇ ਵੀ ਇਹ ਮੰਗਾਂ ਦੁਹਰਾਈਆਂ ਸਨ।
17 ਪਹਿਲੀ ਮੰਗ, ਸਾਨੂੰ ‘ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖਣਾ’ ਚਾਹੀਦਾ ਹੈ। ਇਹ ਪ੍ਰੇਮ ਅਸੀਂ ਉਸ ਦੇ ਧਰਮੀ ਰਾਹਾਂ ʼਤੇ ਚੱਲ ਕੇ ਦਿਖਾਉਂਦੇ ਹਾਂ। (ਮੱਤੀ 22:37) ਦੂਜੀ ਮੰਗ, ਸਾਨੂੰ ਉਸ ਦੇ ਬਚਨ ਦੀ ਸਟੱਡੀ ਕਰ ਕੇ ਅਤੇ ਉਸ ਦੇ ਹੁਕਮਾਂ ਨੂੰ ਮੰਨ ਕੇ ‘ਉਸ ਦੀ ਅਵਾਜ਼ ਸੁਣਨੀ’ ਚਾਹੀਦੀ ਹੈ। (1 ਯੂਹੰ. 5:3) ਇਸ ਦੇ ਲਈ ਸਾਨੂੰ ਲਗਾਤਾਰ ਮੀਟਿੰਗਾਂ ਵਿਚ ਹਾਜ਼ਰ ਹੋਣ ਦੀ ਲੋੜ ਹੈ ਜਿੱਥੇ ਬਾਈਬਲ ਦੀਆਂ ਗੱਲਾਂ ਸਮਝਾਈਆਂ ਜਾਂਦੀਆਂ ਹਨ। (ਇਬ. 10:23-25) ਤੀਜੀ ਮੰਗ, ਸਾਨੂੰ ‘ਉਸ ਦੇ ਅੰਗ ਸੰਗ ਲੱਗੇ ਰਹਿਣਾ’ ਚਾਹੀਦਾ ਹੈ। ਸਾਡੇ ਉੱਤੇ ਜਿਹੜੀ ਮਰਜ਼ੀ ਮੁਸੀਬਤ ਆਵੇ, ਪਰ ਅਸੀਂ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਵਿਚ ਨਿਹਚਾ ਕਰਦੇ ਰਹਾਂਗੇ।—2 ਕੁਰਿੰ. 4:16-18.
18. (ੳ) 1914 ਵਿਚ ਪਹਿਰਾਬੁਰਜ ਨੇ ਕਿਹੜੀ ਸੱਚਾਈ ਬਿਆਨ ਕੀਤੀ? (ਅ) ਸੱਚਾਈ ਦੇ ਚਾਨਣ ਬਾਰੇ ਸਾਨੂੰ ਅੱਜ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ?
18 ਬਾਈਬਲ ਦੇ ਅਨੁਸਾਰ ਜੀਣਾ ਸੱਚ-ਮੁੱਚ ਇਕ ਬਰਕਤ ਹੈ! 1914 ਵਿਚ ਪਹਿਰਾਬੁਰਜ ਵਿਚ ਇਹ ਅਹਿਮ ਗੱਲਾਂ ਛਪੀਆਂ: “ਕੀ ਅਸੀਂ ਖ਼ੁਸ਼ ਲੋਕ ਨਹੀਂ ਹਾਂ? ਕੀ ਸਾਡਾ ਪਰਮੇਸ਼ੁਰ ਵਫ਼ਾਦਾਰ ਨਹੀਂ ਹੈ? ਜੇ ਕਿਸੇ ਨੂੰ ਕੋਈ ਹੋਰ ਬਿਹਤਰ ਗੱਲ ਪਤਾ ਹੈ, ਤਾਂ ਇਸ ਨੂੰ ਮੰਨੋ। ਜੇ ਤੁਹਾਡੇ ਵਿੱਚੋਂ ਕਿਸੇ ਨੂੰ ਵੀ ਇਸ ਤੋਂ ਬਿਹਤਰ ਕੋਈ ਗੱਲ ਪਤਾ ਲੱਗੇ, ਤਾਂ ਸਾਨੂੰ ਜ਼ਰੂਰ ਦੱਸਣਾ। ਸਾਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਜੋ ਪਤਾ ਲੱਗਾ ਹੈ, ਉਸ ਤੋਂ ਬਿਹਤਰ ਅਸੀਂ ਹੋਰ ਕੁਝ ਨਹੀਂ ਜਾਣਦੇ। . . . ਕੋਈ ਵੀ ਉਹ ਸ਼ਾਂਤੀ, ਖ਼ੁਸ਼ੀ ਅਤੇ ਬਰਕਤਾਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦਾ ਜੋ ਸਾਨੂੰ ਪਰਮੇਸ਼ੁਰ ਦਾ ਸੱਚਾ ਗਿਆਨ ਹਾਸਲ ਕਰ ਕੇ ਜ਼ਿੰਦਗੀ ਵਿਚ ਮਿਲੀਆਂ ਹਨ। ਪਰਮੇਸ਼ੁਰ ਦੀ ਬੁੱਧ, ਨਿਆਂ, ਤਾਕਤ ਅਤੇ ਪਿਆਰ ਦੀ ਕਹਾਣੀ ਸਾਡੇ ਦਿਲਾਂ-ਦਿਮਾਗ਼ਾਂ ਨੂੰ ਛੋਹ ਗਈ ਹੈ। ਸਾਨੂੰ ਹੋਰ ਪਾਸੇ ਦੇਖਣ ਦੀ ਲੋੜ ਨਹੀਂ। ਇਸ ਕਹਾਣੀ ਨਾਲੋਂ ਵਧੀਆ ਹੋਰ ਕੋਈ ਵੀ ਚੀਜ਼ ਸਾਡੇ ਦਿਲ ਨੂੰ ਨਹੀਂ ਛੋਹ ਸਕਦੀ।” (ਪਹਿਰਾਬੁਰਜ, 15 ਦਸੰਬਰ 1914, ਸਫ਼ੇ 377-378) ਪਰਮੇਸ਼ੁਰ ਦੇ ਚਾਨਣ ਅਤੇ ਸੱਚਾਈ ਲਈ ਸਾਡੀ ਕਦਰ ਘਟੀ ਨਹੀਂ। ਵਾਕਈ, ਅਸੀਂ ਹੁਣ ਹੋਰ ਵੀ ਖ਼ੁਸ਼ ਹਾਂ ਕਿ ਅਸੀਂ ‘ਯਹੋਵਾਹ ਦੇ ਚਾਨਣ ਵਿੱਚ ਚੱਲਦੇ ਹਾਂ।’—ਯਸਾ. 2:5; ਜ਼ਬੂ. 43:3; ਕਹਾ. 4:18.
19. ਬਪਤਿਸਮਾ ਲੈਣ ਲਈ ਤਿਆਰ ਲੋਕਾਂ ਨੂੰ ਇਹ ਕਦਮ ਚੁੱਕਣ ਵਿਚ ਕਿਉਂ ਦੇਰ ਨਹੀਂ ਕਰਨੀ ਚਾਹੀਦੀ?
19 ਜੇ ਤੁਸੀਂ ‘ਯਹੋਵਾਹ ਦੇ ਚਾਨਣ ਵਿੱਚ ਚੱਲਣਾ’ ਚਾਹੁੰਦੇ ਹੋ, ਪਰ ਤੁਸੀਂ ਅਜੇ ਤਕ ਸਮਰਪਣ ਕਰ ਕੇ ਬਪਤਿਸਮਾ ਨਹੀਂ ਲਿਆ, ਤਾਂ ਦੇਰ ਨਾ ਕਰੋ! ਬਾਈਬਲ ਵਿਚ ਬਪਤਿਸਮਾ ਲੈਣ ਬਾਰੇ ਜੋ ਵੀ ਮੰਗਾਂ ਹਨ, ਉਨ੍ਹਾਂ ਨੂੰ ਪੂਰੀਆਂ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰੋ। ਇਹੀ ਇਕ ਤਰੀਕਾ ਹੈ ਜਿਸ ਰਾਹੀਂ ਅਸੀਂ ਉਸ ਸਭ ਕਾਸੇ ਲਈ ਕਦਰ ਦਿਖਾ ਸਕਦੇ ਹਾਂ ਜੋ ਯਹੋਵਾਹ ਅਤੇ ਮਸੀਹ ਨੇ ਸਾਡੇ ਲਈ ਕੀਤਾ ਹੈ। ਯਹੋਵਾਹ ਨੂੰ ਆਪਣੀ ਸਭ ਤੋਂ ਕੀਮਤੀ ਚੀਜ਼ ਦਿਓ, ਉਹ ਹੈ ਤੁਹਾਡੀ ਜ਼ਿੰਦਗੀ। ਉਸ ਦੇ ਪੁੱਤਰ ਦੀ ਮਿਸਾਲ ʼਤੇ ਚੱਲ ਕੇ ਦਿਖਾਓ ਕਿ ਤੁਸੀਂ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨੀ ਚਾਹੁੰਦੇ ਹੋ। (2 ਕੁਰਿੰ. 5:14, 15) ਬਿਨਾਂ ਸ਼ੱਕ, ਇਹੀ ਜ਼ਿੰਦਗੀ ਦਾ ਸਭ ਤੋਂ ਵਧੀਆ ਰਾਹ ਹੈ!
ਤੁਸੀਂ ਕੀ ਜਵਾਬ ਦਿਓਗੇ?
• ਸਾਡਾ ਬਪਤਿਸਮਾ ਕਿਸ ਚੀਜ਼ ਨੂੰ ਦਰਸਾਉਂਦਾ ਹੈ?
• ਪਰਮੇਸ਼ੁਰ ਨੂੰ ਸਮਰਪਣ ਕਰਨ ਅਤੇ ਬਪਤਿਸਮਾ ਲੈਣ ਨਾਲ ਕਿਹੜੀਆਂ ਬਰਕਤਾਂ ਮਿਲਦੀਆਂ ਹਨ?
• ਯਿਸੂ ਤੋਂ ਸਿੱਖਣਾ ਇੰਨਾ ਜ਼ਰੂਰੀ ਕਿਉਂ ਹੈ?
• ਜ਼ਿੰਦਗੀ ਦੇ ਸਭ ਤੋਂ ਵਧੀਆ ਰਾਹ ʼਤੇ ਚੱਲਦੇ ਰਹਿਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?
[ਸਫ਼ਾ 25 ਉੱਤੇ ਤਸਵੀਰ]
ਬਪਤਿਸਮਾ ਲੈ ਕੇ ਤੁਸੀਂ ਦਿਖਾਉਂਦੇ ਹੋ ਕਿ ਤੁਸੀਂ ਜ਼ਿੰਦਗੀ ਦਾ ਸਭ ਤੋਂ ਵਧੀਆ ਰਾਹ ਚੁਣਿਆ ਹੈ
[ਸਫ਼ਾ 26 ਉੱਤੇ ਤਸਵੀਰਾਂ]
ਕੀ ਤੁਸੀਂ “ਓਟ ਵਿੱਚ” ਸੁਰੱਖਿਅਤ ਹੋ?