ਮੁੱਖ ਪੰਨੇ ਤੋਂ | ਬਾਈਬਲ—ਲੱਖ ਹਮਲਿਆਂ ਦੇ ਬਾਵਜੂਦ ਸਾਡੇ ਤਕ ਪਹੁੰਚੀ
ਬਾਈਬਲ ਬਚੀ ਰਹੀ ਜਦੋਂ ਇਸ ਦੇ ਸੰਦੇਸ਼ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਈ
ਖ਼ਤਰਾ: ਭਾਵੇਂ ਬਾਈਬਲ ਦੀਆਂ ਹੱਥ-ਲਿਖਤਾਂ ਸਦੀਆਂ ਦੌਰਾਨ ਖ਼ਰਾਬ ਹੋਣ ਤੋਂ ਬਚੀਆਂ ਰਹੀਆਂ ਤੇ ਵਿਰੋਧੀਆਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਬਾਈਬਲ ਸਹੀ-ਸਲਾਮਤ ਰਹੀ, ਪਰ ਕੁਝ ਨਕਲਨਵੀਸਾਂ ਅਤੇ ਅਨੁਵਾਦਕਾਂ ਨੇ ਬਾਈਬਲ ਦੇ ਸੰਦੇਸ਼ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਕਈ ਵਾਰ ਤਾਂ ਉਨ੍ਹਾਂ ਨੇ ਬਾਈਬਲ ਮੁਤਾਬਕ ਆਪਣੀਆਂ ਸਿੱਖਿਆਵਾਂ ਨੂੰ ਢਾਲ਼ਣ ਦੀ ਬਜਾਇ ਬਾਈਬਲ ਨੂੰ ਆਪਣੀਆਂ ਸਿੱਖਿਆਵਾਂ ਮੁਤਾਬਕ ਢਾਲ਼ਣ ਦੀ ਕੋਸ਼ਿਸ਼ ਕੀਤੀ। ਇਸ ਦੀਆਂ ਕੁਝ ਮਿਸਾਲਾਂ ʼਤੇ ਗੌਰ ਕਰੋ:
ਭਗਤੀ ਦੀ ਥਾਂ: ਚੌਥੀ ਅਤੇ ਦੂਜੀ ਸਦੀ ਈਸਵੀ ਪੂਰਵ ਦੌਰਾਨ ਸਾਮਰੀ ਤੌਰੇਤ ਦੇ ਲਿਖਾਰੀਆਂ ਨੇ ਕੂਚ 20:17 ਵਿਚ ਇਹ ਸ਼ਬਦ ਜੋੜ ਦਿੱਤੇ: “ਤੁਸੀਂ ਗਰਿੱਜ਼ੀਮ ਪਹਾੜ ʼਤੇ ਇਕ ਵੇਦੀ ਬਣਾਇਓ।” ਸਾਮਰੀਆਂ ਨੇ ਗਰਿੱਜ਼ੀਮ ਪਹਾੜ ਉੱਤੇ ਮੰਦਰ ਬਣਾਇਆ ਸੀ, ਇਸ ਲਈ ਉਨ੍ਹਾਂ ਨੇ ਆਇਤ ਵਿਚ ਇਹ ਸ਼ਬਦ ਜੋੜ ਦਿੱਤੇ ਤਾਂਕਿ ਲਿਖਤਾਂ ਇਸ ਗੱਲ ਦੀ ਹਾਮੀ ਭਰਨ।
ਤ੍ਰਿਏਕ ਦੀ ਸਿੱਖਿਆ: ਪੂਰੀ ਬਾਈਬਲ ਨੂੰ ਲਿਖਿਆਂ ਹਾਲੇ 300 ਸਾਲਾਂ ਤੋਂ ਘੱਟ ਹੀ ਸਮਾਂ ਹੋਇਆ ਸੀ ਕਿ ਤ੍ਰਿਏਕ ਦੀ ਸਿੱਖਿਆ ਨੂੰ ਸ਼ਹਿ ਦੇਣ ਵਾਲੇ ਇਕ ਲਿਖਾਰੀ ਨੇ 1 ਯੂਹੰਨਾ 5:7 ਵਿਚ ਇਹ ਸ਼ਬਦ ਜੋੜ ਦਿੱਤੇ: “ਸਵਰਗ ਵਿਚ ਪਿਤਾ, ਸ਼ਬਦ ਅਤੇ ਪਵਿੱਤਰ ਆਤਮਾ ਹਨ ਅਤੇ ਇਹ ਤਿੰਨੇ ਇਕ ਹਨ।” ਇਹ ਸ਼ਬਦ ਮੁਢਲੀਆਂ ਹੱਥ-ਲਿਖਤਾਂ ਵਿਚ ਨਹੀਂ ਪਾਏ ਜਾਂਦੇ। ਬਾਈਬਲ ਦਾ ਇਕ ਵਿਦਵਾਨ ਬਰੂਸ ਮੈਟਜ਼ਗਰ ਦੱਸਦਾ ਹੈ: “ਛੇਵੀਂ ਸਦੀ ਤੋਂ ਇਹ ਸ਼ਬਦ ਪੁਰਾਣੀ ਲਾਤੀਨੀ ਅਤੇ [ਲਾਤੀਨੀ] ਵਲਗੇਟ ਦੀਆਂ ਹੱਥ-ਲਿਖਤਾਂ ਵਿਚ ਜ਼ਿਆਦਾ ਤੋਂ ਜ਼ਿਆਦਾ ਨਜ਼ਰ ਆਉਣ ਲੱਗੇ।”
ਪਰਮੇਸ਼ੁਰ ਦਾ ਨਾਂ: ਬਾਈਬਲ ਦੇ ਬਹੁਤ ਸਾਰੇ ਅਨੁਵਾਦਕਾਂ ਨੇ ਯਹੂਦੀਆਂ ਦੀ ਰੀਤ ʼਤੇ ਚੱਲਦੇ ਹੋਏ ਬਾਈਬਲ ਵਿੱਚੋਂ ਪਰਮੇਸ਼ੁਰ ਦਾ ਨਾਂ ਕੱਢ ਦਿੱਤਾ। ਉਨ੍ਹਾਂ ਨੇ ਇਹ ਨਾਂ ਵਰਤਣ ਦੀ ਬਜਾਇ “ਪਰਮੇਸ਼ੁਰ” ਜਾਂ “ਪ੍ਰਭੂ” ਵਰਗੀਆਂ ਉਪਾਧੀਆਂ ਇਸਤੇਮਾਲ ਕੀਤੀਆਂ। ਇਹ ਉਪਾਧੀਆਂ ਬਾਈਬਲ ਵਿਚ ਨਾ ਸਿਰਫ਼ ਸਿਰਜਣਹਾਰ ਲਈ, ਸਗੋਂ ਇਨਸਾਨਾਂ, ਝੂਠੀ ਭਗਤੀ ਨਾਲ ਜੁੜੀਆਂ ਚੀਜ਼ਾਂ ਅਤੇ ਸ਼ੈਤਾਨ ਲਈ ਵੀ ਵਰਤੀਆਂ ਗਈਆਂ ਹਨ।—ਯੂਹੰਨਾ 10:34, 35; 1 ਕੁਰਿੰਥੀਆਂ 8:5, 6; 2 ਕੁਰਿੰਥੀਆਂ 4:4.a
ਬਾਈਬਲ ਕਿਵੇਂ ਬਚੀ ਰਹੀ: ਇਸ ਦੇ ਦੋ ਕਾਰਨ ਹਨ। ਪਹਿਲਾ, ਭਾਵੇਂ ਬਾਈਬਲ ਦੇ ਕੁਝ ਨਕਲਨਵੀਸਾਂ ਨੇ ਬਾਈਬਲ ਦੀ ਨਕਲ ਤਿਆਰ ਕਰਦਿਆਂ ਲਾਪਰਵਾਹੀ ਤੇ ਬੇਈਮਾਨੀ ਕੀਤੀ, ਪਰ ਕਈਆਂ ਨੇ ਬੜੀ ਕੁਸ਼ਲਤਾ ਅਤੇ ਈਮਾਨਦਾਰੀ ਨਾਲ ਇਹ ਕੰਮ ਕੀਤਾ। ਛੇਵੀਂ ਅਤੇ ਦਸਵੀਂ ਸਦੀ ਦੌਰਾਨ ਯਹੂਦੀ ਗ੍ਰੰਥੀ, ਜਿਨ੍ਹਾਂ ਨੂੰ ਮਸੋਰਾ ਦੇ ਲਿਖਾਰੀ ਵੀ ਕਿਹਾ ਜਾਂਦਾ ਹੈ, ਨੇ ਇਬਰਾਨੀ ਲਿਖਤਾਂ ਦੀਆਂ ਨਕਲਾਂ ਤਿਆਰ ਕੀਤੀਆਂ ਜਿਨ੍ਹਾਂ ਨੂੰ ਮਸੋਰਾ ਲਿਖਤਾਂ ਕਿਹਾ ਜਾਂਦਾ ਹੈ। ਉਨ੍ਹਾਂ ਨੇ ਨਕਲ ਉਤਾਰਦਿਆਂ ਇਕ-ਇਕ ਸ਼ਬਦ ਤੇ ਅੱਖਰ ਗਿਣਿਆ ਤਾਂਕਿ ਗ਼ਲਤੀ ਦੀ ਕੋਈ ਗੁੰਜਾਇਸ਼ ਹੀ ਨਾ ਰਹੇ। ਜਿਸ ਮੂਲ-ਪਾਠ ਤੋਂ ਉਹ ਨਕਲ ਤਿਆਰ ਕਰ ਰਹੇ ਹੁੰਦੇ ਸਨ, ਉਸ ਵਿਚ ਜੇ ਉਨ੍ਹਾਂ ਨੂੰ ਕੋਈ ਗ਼ਲਤੀ ਨਜ਼ਰ ਆਉਂਦੀ ਸੀ, ਤਾਂ ਉਹ ਨਕਲ ਦੀ ਕਾਪੀ ਉੱਤੇ ਛੋਟਾ ਜਿਹਾ ਨੋਟ ਲਿਖ ਦਿੰਦੇ ਸਨ। ਇਨ੍ਹਾਂ ਲਿਖਾਰੀਆਂ ਨੇ ਬਾਈਬਲ ਵਿਚ ਮਾੜਾ-ਮੋਟਾ ਵੀ ਫੇਰ-ਬਦਲ ਨਹੀਂ ਕੀਤਾ। ਇਸ ਬਾਰੇ ਪ੍ਰੋਫ਼ੈਸਰ ਮੋਸ਼ੇ ਗੋਸ਼ਨ-ਗੋਟਸਟਾਈਨ ਨੇ ਲਿਖਿਆ: “ਉਨ੍ਹਾਂ ਦੀ ਨਜ਼ਰ ਵਿਚ ਜਾਣ-ਬੁੱਝ ਕੇ ਬਾਈਬਲ ਵਿਚ ਕੋਈ ਫੇਰ-ਬਦਲ ਕਰਨਾ ਸਭ ਤੋਂ ਗੰਭੀਰ ਜੁਰਮ ਹੋਣਾ ਸੀ।”
ਦੂਜਾ ਕਾਰਨ, ਅੱਜ ਬਾਈਬਲ ਦੀਆਂ ਇੰਨੀਆਂ ਸਾਰੀਆਂ ਹੱਥ-ਲਿਖਤਾਂ ਮੌਜੂਦ ਹਨ ਕਿ ਜੇ ਕਿਸੇ ਹੱਥ-ਲਿਖਤ ਵਿਚ ਕੋਈ ਗ਼ਲਤੀ ਹੋਵੇ ਵੀ, ਤਾਂ ਬਾਈਬਲ ਦੇ ਵਿਦਵਾਨ ਇਸ ਨੂੰ ਸੌਖਿਆਂ ਹੀ ਲੱਭ ਲੈਂਦੇ ਹਨ। ਇਕ ਮਿਸਾਲ ʼਤੇ ਗੌਰ ਕਰੋ। ਕਈ ਸਦੀਆਂ ਤੋਂ ਧਾਰਮਿਕ ਆਗੂਆਂ ਨੇ ਲੋਕਾਂ ਨੂੰ ਸਿਖਾਇਆ ਕਿ ਲਾਤੀਨੀ ਤਰਜਮਾ ਬਾਈਬਲ ਦਾ ਬਿਲਕੁਲ ਸਹੀ ਤਰਜਮਾ ਹੈ। ਪਰ ਇਸ ਤਰਜਮੇ ਵਿਚ 1 ਯੂਹੰਨਾ 5:7 ਵਿਚ ਵੀ ਉਹੀ ਸ਼ਬਦ ਪਾਏ ਗਏ ਜਿਨ੍ਹਾਂ ਬਾਰੇ ਅਸੀਂ ਇਸ ਲੇਖ ਦੇ ਸ਼ੁਰੂ ਵਿਚ ਗੱਲ ਕੀਤੀ ਸੀ। ਬਾਅਦ ਵਿਚ ਇਹੀ ਗ਼ਲਤੀ ਅੰਗ੍ਰੇਜ਼ੀ ਦੇ ਕਿੰਗ ਜੇਮਜ਼ ਵਰਯਨ ਵਿਚ ਵੀ ਕੀਤੀ ਗਈ। ਪਰ ਬਾਅਦ ਵਿਚ ਜਦੋਂ ਹੋਰ ਹੱਥ-ਲਿਖਤਾਂ ਲੱਭੀਆਂ, ਤਾਂ ਕੀ ਪਤਾ ਲੱਗਾ? ਬਰੂਸ ਮੈਟਜ਼ਗਰ ਨੇ ਲਿਖਿਆ: “1 ਯੂਹੰਨਾ 5:7 ਵਿਚ ਪਾਏ ਜਾਂਦੇ ਸ਼ਬਦ ਲਾਤੀਨੀ ਅਨੁਵਾਦ ਤੋਂ ਇਲਾਵਾ ਹੋਰ ਕਿਸੇ ਵੀ ਪੁਰਾਣੇ ਅਨੁਵਾਦ (ਸੀਰੀਆਈ, ਕਬਤੀ, ਆਰਮੀਨੀ, ਇਥੋਪੀਆਈ, ਅਰਬੀ, ਸਲਾਵਾਨੀ) ਦੀਆਂ ਹੱਥ-ਲਿਖਤਾਂ ਵਿਚ ਨਹੀਂ ਪਾਏ ਜਾਂਦੇ।” ਨਤੀਜੇ ਵਜੋਂ, ਕਿੰਗ ਜੇਮਜ਼ ਵਰਯਨ ਅਤੇ ਹੋਰ ਬਾਈਬਲਾਂ ਦੇ ਨਵੇਂ ਸੰਸਕਰਣਾਂ ਵਿੱਚੋਂ ਇਹ ਸ਼ਬਦ ਕੱਢ ਦਿੱਤੇ ਗਏ।
ਕੀ ਸਦੀਆਂ ਪੁਰਾਣੀਆਂ ਹੱਥ-ਲਿਖਤਾਂ ਤੋਂ ਇਹ ਸਬੂਤ ਮਿਲਦਾ ਹੈ ਕਿ ਬਾਈਬਲ ਦਾ ਸੰਦੇਸ਼ ਬਦਲਿਆ ਨਹੀਂ ਹੈ? ਜਦੋਂ 1947 ਵਿਚ ਮ੍ਰਿਤ ਸਾਗਰ ਪੋਥੀਆਂ ਮਿਲੀਆਂ, ਤਾਂ ਵਿਦਵਾਨਾਂ ਨੇ ਇਨ੍ਹਾਂ ਦੀ ਤੁਲਨਾ ਇਬਰਾਨੀ ਮਸੋਰਾ ਲਿਖਤਾਂ ਨਾਲ ਕੀਤੀ ਜੋ ਇਨ੍ਹਾਂ ਪੋਥੀਆਂ ਤੋਂ ਹਜ਼ਾਰ ਤੋਂ ਵੀ ਵੱਧ ਸਾਲ ਬਾਅਦ ਲਿਖੀਆਂ ਗਈਆਂ ਸਨ। ਮ੍ਰਿਤ ਸਾਗਰ ਪੋਥੀਆਂ ਦੇ ਇਕ ਵਿਦਵਾਨ ਨੇ ਸਿੱਟਾ ਕੱਢਿਆ ਕਿ ਸਿਰਫ਼ ਇਕ ਪੋਥੀ ਤੋਂ ਹੀ “ਇਸ ਗੱਲ ਦਾ ਠੋਸ ਸਬੂਤ ਮਿਲ ਜਾਂਦਾ ਹੈ ਕਿ ਹਜ਼ਾਰ ਤੋਂ ਵੀ ਜ਼ਿਆਦਾ ਸਾਲਾਂ ਦੇ ਸਮੇਂ ਦੌਰਾਨ ਯਹੂਦੀ ਨਕਲਨਵੀਸਾਂ ਨੇ ਬਾਈਬਲ ਦੀ ਨਕਲ ਬੜੇ ਧਿਆਨ ਤੇ ਈਮਾਨਦਾਰੀ ਨਾਲ ਕੀਤੀ।”
ਆਇਰਲੈਂਡ ਦੇ ਡਬਲਿਨ ਸ਼ਹਿਰ ਦੀ ਚੈੱਸਟਰ ਬੀਟੀ ਲਾਇਬ੍ਰੇਰੀ ਵਿਚ ਪਪਾਇਰੀ ਹੱਥ-ਲਿਖਤਾਂ ਪਈਆਂ ਹਨ ਜਿਨ੍ਹਾਂ ਵਿਚ ਮਸੀਹੀ ਯੂਨਾਨੀ ਲਿਖਤਾਂ ਦੀ ਲਗਭਗ ਹਰ ਕਿਤਾਬ ਮੌਜੂਦ ਹੈ। ਇਨ੍ਹਾਂ ਵਿੱਚੋਂ ਕੁਝ ਹੱਥ-ਲਿਖਤਾਂ ਦੂਜੀ ਸਦੀ ਵਿਚ ਲਿਖੀਆਂ ਗਈਆਂ ਸਨ ਯਾਨੀ ਪੂਰੀ ਬਾਈਬਲ ਲਿਖੇ ਜਾਣ ਤੋਂ ਸਿਰਫ਼ 100 ਕੁ ਸਾਲ ਬਾਅਦ। ਦੀ ਐਂਕਰ ਬਾਈਬਲ ਡਿਕਸ਼ਨਰੀ ਕਹਿੰਦੀ ਹੈ: “ਭਾਵੇਂ ਇਨ੍ਹਾਂ ਪਪਾਇਰੀ ਹੱਥ-ਲਿਖਤਾਂ ਤੋਂ ਬਹੁਤ ਸਾਰੀ ਨਵੀਂ ਜਾਣਕਾਰੀ ਮਿਲਦੀ ਹੈ, ਪਰ ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਇਤਿਹਾਸ ਦੌਰਾਨ ਬਾਈਬਲ ਦੇ ਮੂਲ-ਪਾਠ ਵਿਚ ਕੋਈ ਫੇਰ-ਬਦਲ ਨਹੀਂ ਕੀਤਾ ਗਿਆ।”
“ਅਸੀਂ ਪੂਰੇ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਅਜਿਹੀ ਕੋਈ ਹੋਰ ਪ੍ਰਾਚੀਨ ਕਿਤਾਬ ਨਹੀਂ ਜਿਹੜੀ ਬਿਨਾਂ ਕਿਸੇ ਫੇਰ-ਬਦਲ ਦੇ ਸਾਡੇ ਕੋਲ ਪਹੁੰਚੀ ਹੋਵੇ”
ਨਤੀਜਾ: ਅੱਜ ਬਾਈਬਲ ਦੀਆਂ ਬਹੁਤ ਸਾਰੀਆਂ ਅਤੇ ਬਹੁਤ ਪੁਰਾਣੀਆਂ ਹੱਥ-ਲਿਖਤਾਂ ਮੌਜੂਦ ਹਨ, ਇਸ ਲਈ ਬਾਈਬਲ ਵਿਚ ਗ਼ਲਤੀਆਂ ਦੀ ਬਹੁਤ ਘੱਟ ਗੁੰਜਾਇਸ਼ ਹੈ। ਸਰ ਫ੍ਰੈਡਰਿਕ ਕੈਨਿਅਨ ਨੇ ਮਸੀਹੀ ਯੂਨਾਨੀ ਲਿਖਤਾਂ ਬਾਰੇ ਲਿਖਿਆ: “ਹੋਰ ਕਿਸੇ ਵੀ ਪੁਰਾਣੀ ਕਿਤਾਬ ਦੇ ਸਹੀ ਹੋਣ ਦੇ ਇੰਨੇ ਜ਼ਿਆਦਾ ਸਬੂਤ ਨਹੀਂ ਮਿਲਦੇ ਜਿੰਨੇ ਬਾਈਬਲ ਦੇ ਮਿਲਦੇ ਹਨ ਅਤੇ ਕੋਈ ਵੀ ਈਮਾਨਦਾਰ ਵਿਦਵਾਨ ਇਸ ਗੱਲ ਤੋਂ ਇਨਕਾਰ ਨਹੀਂ ਕਰੇਗਾ ਕਿ ਸਾਡੇ ਕੋਲ ਜੋ ਬਾਈਬਲ ਹੈ, ਉਸ ਦੇ ਸੰਦੇਸ਼ ਵਿਚ ਕੋਈ ਫੇਰ-ਬਦਲ ਨਹੀਂ ਕੀਤਾ ਗਿਆ।” ਨਾਲੇ ਵਿਲੀਅਮ ਹੈਨਰੀ ਗ੍ਰੀਨ ਨਾਂ ਦੇ ਵਿਦਵਾਨ ਨੇ ਇਬਰਾਨੀ ਲਿਖਤਾਂ ਬਾਰੇ ਕਿਹਾ: “ਅਸੀਂ ਪੂਰੇ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਅਜਿਹੀ ਕੋਈ ਹੋਰ ਪ੍ਰਾਚੀਨ ਕਿਤਾਬ ਨਹੀਂ ਜਿਹੜੀ ਬਿਨਾਂ ਕਿਸੇ ਫੇਰ-ਬਦਲ ਦੇ ਸਾਡੇ ਕੋਲ ਪਹੁੰਚੀ ਹੋਵੇ।”
a ਹੋਰ ਜਾਣਕਾਰੀ ਲਈ ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ ਵਿਚ ਵਧੇਰੇ ਜਾਣਕਾਰੀ 1.4 ਅਤੇ 1.5 ਦੇਖੋ। ਇਹ ਸਾਡੀ ਵੈੱਬਸਾਈਟ www.jw.org/pa ʼਤੇ ਵੀ ਉਪਲਬਧ ਹੈ।