ਮੁੱਖ ਪੰਨੇ ਤੋਂ | ਸਭ ਤੋਂ ਉੱਤਮ ਤੋਹਫ਼ਾ ਕਿਹੜਾ ਹੈ?
ਸਭ ਤੋਂ ਉੱਤਮ ਤੋਹਫ਼ਾ ਕਿਹੜਾ ਹੈ?
“ਹਰ ਚੰਗੀ ਦਾਤ ਅਤੇ ਉੱਤਮ ਸੁਗਾਤ ਉੱਪਰੋਂ, ਯਾਨੀ ਆਕਾਸ਼ ਦੀਆਂ ਜੋਤਾਂ ਦੇ ਸਿਰਜਣਹਾਰ ਤੋਂ ਮਿਲਦੀ ਹੈ।” (ਯਾਕੂਬ 1:17) ਇਸ ਹਵਾਲੇ ਤੋਂ ਸਾਨੂੰ ਆਪਣੇ ਸਵਰਗੀ ਪਿਤਾ ਯਹੋਵਾਹ ਪਰਮੇਸ਼ੁਰ ਦੀ ਖੁੱਲ੍ਹ-ਦਿਲੀ ਦਾ ਪਤਾ ਲੱਗਦਾ ਹੈ। ਰੱਬ ਨੇ ਇਨਸਾਨਾਂ ਨੂੰ ਬਹੁਤ ਸਾਰੇ ਤੋਹਫ਼ੇ ਦਿੱਤੇ ਹਨ, ਪਰ ਇਨ੍ਹਾਂ ਵਿੱਚੋਂ ਇਕ ਤੋਹਫ਼ਾ ਸਭ ਤੋਂ ਉੱਤਮ ਹੈ। ਇਹ ਤੋਹਫ਼ਾ ਕਿਹੜਾ ਹੈ? ਯੂਹੰਨਾ 3:16 ਵਿਚ ਦਿੱਤੇ ਯਿਸੂ ਦੇ ਸ਼ਬਦ ਸਾਨੂੰ ਇਸ ਤੋਹਫ਼ੇ ਬਾਰੇ ਦੱਸਦੇ ਹਨ: “ਪਰਮੇਸ਼ੁਰ ਨੇ ਦੁਨੀਆਂ ਨਾਲ ਇੰਨਾ ਪਿਆਰ ਕੀਤਾ ਕਿ ਉਸ ਨੇ ਲੋਕਾਂ ਦੀ ਖ਼ਾਤਰ ਆਪਣਾ ਇਕਲੌਤਾ ਪੁੱਤਰ ਵਾਰ ਦਿੱਤਾ ਤਾਂਕਿ ਜਿਹੜਾ ਵੀ ਉਸ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਨਾਸ਼ ਨਾ ਹੋਵੇ, ਸਗੋਂ ਹਮੇਸ਼ਾ ਦੀ ਜ਼ਿੰਦਗੀ ਪਾਵੇ।”
ਰੱਬ ਦੇ ਇਕਲੌਤੇ ਪੁੱਤਰ ਦਾ ਤੋਹਫ਼ਾ ਸੱਚ-ਮੁੱਚ ਸਾਡੇ ਲਈ ਸਭ ਤੋਂ ਉੱਤਮ ਤੋਹਫ਼ਾ ਹੈ। ਇਸ ਤੋਹਫ਼ੇ ਕਰਕੇ ਅਸੀਂ ਪਾਪ, ਬੁਢਾਪੇ ਅਤੇ ਮੌਤ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਹੋ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 51:5; ਯੂਹੰਨਾ 8:34) ਭਾਵੇਂ ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰਦੇ, ਤਾਂ ਵੀ ਅਸੀਂ ਇਸ ਗ਼ੁਲਾਮੀ ਤੋਂ ਆਪਣੇ ਆਪ ਆਜ਼ਾਦ ਨਹੀਂ ਹੋ ਸਕਦੇ ਸੀ। ਪਰ ਰੱਬ ਨੇ ਪਿਆਰ ਦਿਖਾਉਂਦੇ ਹੋਏ ਇਨ੍ਹਾਂ ਚੀਜ਼ਾਂ ਤੋਂ ਆਜ਼ਾਦ ਹੋਣ ਦਾ ਪ੍ਰਬੰਧ ਕੀਤਾ। ਯਹੋਵਾਹ ਨੇ ਆਪਣੇ ਇਕਲੌਤੇ ਪੁੱਤਰ, ਯਿਸੂ ਮਸੀਹ, ਦੀ ਰਿਹਾਈ ਦੀ ਕੀਮਤ ਦੇ ਕੇ ਆਗਿਆਕਾਰ ਇਨਸਾਨਾਂ ਲਈ ਹਮੇਸ਼ਾ ਦੀ ਜ਼ਿੰਦਗੀ ਦਾ ਰਾਹ ਖੋਲ੍ਹਿਆ। ਪਰ ਰਿਹਾਈ ਦੀ ਕੀਮਤ ਦਾ ਮਤਲਬ ਕੀ ਹੈ? ਇਸ ਦੀ ਲੋੜ ਕਿਉਂ ਪਈ? ਅਸੀਂ ਇਸ ਤੋਂ ਕਿਵੇਂ ਫ਼ਾਇਦਾ ਲੈ ਸਕਦੇ ਹਾਂ?
ਰਿਹਾਈ ਦੀ ਕੀਮਤ ਉਹ ਕੀਮਤ ਹੈ ਜੋ ਉਸ ਚੀਜ਼ ਦੇ ਬਦਲੇ ਦਿੱਤੀ ਜਾਂਦੀ ਹੈ ਜੋ ਕੋਈ ਗੁਆ ਚੁੱਕਾ ਹੈ ਜਾਂ ਜੋ ਕਿਸੇ ਨੂੰ ਗ਼ੁਲਾਮੀ ਤੋਂ ਆਜ਼ਾਦ ਕਰਾਉਣ ਲਈ ਦਿੱਤੀ ਜਾਂਦੀ ਹੈ। ਬਾਈਬਲ ਦੱਸਦੀ ਹੈ ਕਿ ਸਾਡੇ ਪਹਿਲੇ ਮਾਪੇ, ਆਦਮ ਅਤੇ ਹੱਵਾਹ, ਨੂੰ ਪਾਪ ਰਹਿਤ ਬਣਾਇਆ ਗਿਆ ਸੀ। ਉਨ੍ਹਾਂ ਕੋਲ ਅਤੇ ਭਵਿੱਖ ਵਿਚ ਹੋਣ ਵਾਲੇ ਉਨ੍ਹਾਂ ਦੇ ਬੱਚਿਆਂ ਕੋਲ ਬਾਗ਼ ਵਰਗੀ ਧਰਤੀ ʼਤੇ ਹਮੇਸ਼ਾ ਜੀਉਂਦੇ ਰਹਿਣ ਦੀ ਉਮੀਦ ਸੀ। (ਉਤਪਤ 1:26-28) ਅਫ਼ਸੋਸ ਦੀ ਗੱਲ ਹੈ ਕਿ ਰੱਬ ਦਾ ਕਹਿਣਾ ਨਾ ਮੰਨ ਕੇ ਉਨ੍ਹਾਂ ਨੇ ਸਭ ਕੁਝ ਗੁਆ ਲਿਆ ਅਤੇ ਉਨ੍ਹਾਂ ਵਿਚ ਪਾਪ ਆ ਗਿਆ। ਇਸ ਦਾ ਨਤੀਜਾ ਕੀ ਨਿਕਲਿਆ? ਬਾਈਬਲ ਦੱਸਦੀ ਹੈ: “ਇਕ ਆਦਮੀ ਰਾਹੀਂ ਪਾਪ ਦੁਨੀਆਂ ਵਿਚ ਆਇਆ ਅਤੇ ਪਾਪ ਰਾਹੀਂ ਮੌਤ ਆਈ ਅਤੇ ਮੌਤ ਸਾਰੇ ਇਨਸਾਨਾਂ ਵਿਚ ਫੈਲ ਗਈ ਕਿਉਂਕਿ ਸਾਰਿਆਂ ਨੇ ਪਾਪ ਕੀਤਾ।” (ਰੋਮੀਆਂ 5:12) ਆਪਣੇ ਬੱਚਿਆਂ ਨੂੰ ਮੁਕੰਮਲ ਜ਼ਿੰਦਗੀ ਦੇਣ ਦੀ ਬਜਾਇ ਆਦਮ ਨੇ ਉਨ੍ਹਾਂ ਨੂੰ ਵਿਰਸੇ ਵਿਚ ਪਾਪ ਦਿੱਤਾ ਜਿਸ ਦਾ ਨਤੀਜਾ ਮੌਤ ਹੈ।
ਜੋ ਚੀਜ਼ ਗੁਆਈ ਗਈ ਹੁੰਦੀ ਹੈ, ਉਸ ਦੇ ਬਰਾਬਰ ਹੀ ਰਿਹਾਈ ਦੀ ਕੀਮਤ ਦਿੱਤੀ ਜਾਣੀ ਚਾਹੀਦੀ ਹੈ। ਆਦਮ ਨੇ ਜਾਣ-ਬੁੱਝ ਕੇ ਰੱਬ ਦਾ ਕਹਿਣਾ ਨਹੀਂ ਮੰਨਿਆ ਤੇ ਪਾਪ ਕੀਤਾ। ਨਤੀਜੇ ਵਜੋਂ, ਉਸ ਨੇ ਮੁਕੰਮਲ ਜ਼ਿੰਦਗੀ ਗੁਆ ਲਈ। ਬਾਈਬਲ ਅਨੁਸਾਰ ਇਸ ਕਰਕੇ ਆਦਮ ਦੇ ਬੱਚੇ ਪਾਪ ਅਤੇ ਮੌਤ ਦੇ ਗ਼ੁਲਾਮ ਬਣ ਗਏ। ਇਸ ਗ਼ੁਲਾਮੀ ਤੋਂ ਆਜ਼ਾਦ ਹੋਣ ਲਈ ਕਿਸੇ ਹੋਰ ਮੁਕੰਮਲ ਇਨਸਾਨ ਦੀ ਜ਼ਿੰਦਗੀ ਲੋੜ ਪਈ। ਰੱਬ ਨੇ ਯਿਸੂ ਦੀ ਕੁਰਬਾਨੀ ਦਿੱਤੀ। (ਰੋਮੀਆਂ 5:19; ਅਫ਼ਸੀਆਂ 1:7) ਇਹ ਸਿਰਫ਼ ਰੱਬ ਦੇ ਪਿਆਰ ਕਰਕੇ ਹੀ ਮੁਮਕਿਨ ਹੋਇਆ। ਉਸ ਨੇ ਇਹ ਰਿਹਾਈ ਦੀ ਕੀਮਤ ਦਿੱਤੀ ਤਾਂਕਿ ਮਨੁੱਖਜਾਤੀ ਨੂੰ ਸੋਹਣੀ ਧਰਤੀ ʼਤੇ ਹਮੇਸ਼ਾ ਦੀ ਜ਼ਿੰਦਗੀ ਦਾ ਆਨੰਦ ਮਾਣਨ ਦੀ ਉਮੀਦ ਮਿਲ ਸਕੇ ਜੋ ਆਦਮ ਤੇ ਹੱਵਾਹ ਨੇ ਗੁਆ ਦਿੱਤੀ ਸੀ।—ਪ੍ਰਕਾਸ਼ ਦੀ ਕਿਤਾਬ 21:3-5.
ਬਿਨਾਂ ਸ਼ੱਕ, ਰੱਬ ਵੱਲੋਂ ਦਿੱਤਾ ਰਿਹਾਈ ਦੀ ਕੀਮਤ ਦਾ ਤੋਹਫ਼ਾ ਸਭ ਤੋਂ ਉੱਤਮ ਤੋਹਫ਼ਾ ਹੈ। ਇਸ ਨਾਲ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਮਿਲਣੀ ਮੁਮਕਿਨ ਹੋਈ ਹੈ। ਇਸ “ਉੱਤਮ ਤੋਹਫ਼ੇ” ਪ੍ਰਤੀ ਕਦਰ ਪੈਦਾ ਕਰਨ ਲਈ ਆਓ ਆਪਾਂ ਦੇਖੀਏ ਕਿ ਇਹ ਤੋਹਫ਼ਾ ਕਿਵੇਂ ਸਭ ਤੋਂ ਵਧੀਆ ਤੋਹਫ਼ਾ ਹੋਣ ਦੀਆਂ ਉਹ ਸਾਰੀਆਂ ਮੰਗਾਂ ਪੂਰੀਆਂ ਕਰਦਾ ਹੈ, ਜਿਹੜੀਆਂ ਅਸੀਂ ਪਿਛਲੇ ਲੇਖ ਵਿਚ ਦੇਖੀਆਂ ਸਨ।
ਸਾਡੀ ਇੱਛਾ ਪੂਰੀ ਕਰਦਾ ਹੈ। ਅਸੀਂ ਹਮੇਸ਼ਾ ਲਈ ਜੀਉਂਦੇ ਰਹਿਣਾ ਚਾਹੁੰਦੇ ਹਾਂ। (ਉਪਦੇਸ਼ਕ ਦੀ ਪੋਥੀ 3:11) ਭਾਵੇਂ ਅਸੀਂ ਆਪਣੇ ਆਪ ਕਦੀ ਵੀ ਇਸ ਇੱਛਾ ਨੂੰ ਪੂਰਾ ਨਹੀਂ ਕਰ ਸਕਦੇ ਸੀ, ਪਰ ਰਿਹਾਈ ਦੀ ਕੀਮਤ ਨੇ ਸਾਡੇ ਲਈ ਇਸ ਤਰ੍ਹਾਂ ਕਰਨਾ ਮੁਮਕਿਨ ਕੀਤਾ ਹੈ। ਬਾਈਬਲ ਦੱਸਦੀ ਹੈ: “ਸੋ ਪਾਪ ਕਰਨ ਦੀ ਮਜ਼ਦੂਰੀ ਮੌਤ ਹੈ, ਪਰ ਪਰਮੇਸ਼ੁਰ ਜੋ ਵਰਦਾਨ ਦਿੰਦਾ ਹੈ, ਉਹ ਹੈ ਸਾਡੇ ਪ੍ਰਭੂ ਮਸੀਹ ਯਿਸੂ ਰਾਹੀਂ ਹਮੇਸ਼ਾ ਦੀ ਜ਼ਿੰਦਗੀ।”—ਰੋਮੀਆਂ 6:23.
ਸਾਡੀ ਲੋੜ ਪੂਰੀ ਕਰਦਾ ਹੈ। ਇਨਸਾਨ ਰਿਹਾਈ ਦੀ ਕੀਮਤ ਨਹੀਂ ਦੇ ਸਕਦੇ ਸਨ। ਬਾਈਬਲ ਸਮਝਾਉਂਦੀ ਹੈ: “ਕਿਉਂ ਜੋ ਉਨ੍ਹਾਂ ਦੀ ਜਾਨ ਦਾ ਨਿਸਤਾਰਾ ਮਹਿੰਗਾ ਹੈ, ਅਤੇ ਉਹ ਸਦਾ ਤੀਕ ਅਸਾਧ ਹੈ।” (ਜ਼ਬੂਰਾਂ ਦੀ ਪੋਥੀ 49:8) ਇਸ ਲਈ ਪਾਪ ਅਤੇ ਮੌਤ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਹੋਣ ਲਈ ਸਾਨੂੰ ਰੱਬ ਦੀ ਮਦਦ ਦੀ ਬਹੁਤ ਲੋੜ ਸੀ। ਰੱਬ ਨੇ ‘ਯਿਸੂ ਮਸੀਹ ਦੁਆਰਾ ਰਿਹਾਈ ਦੀ ਕੀਮਤ’ ਦੇ ਕੇ ਸਾਡੀ ਲੋੜ ਪੂਰੀ ਕੀਤੀ।—ਰੋਮੀਆਂ 3:23, 24.
ਸਹੀ ਸਮੇਂ ʼਤੇ ਦਿੱਤਾ ਗਿਆ। ਬਾਈਬਲ ਦੱਸਦੀ ਹੈ: “ਜਦੋਂ ਅਸੀਂ ਅਜੇ ਪਾਪੀ ਹੀ ਸਾਂ, ਤਾਂ ਮਸੀਹ ਸਾਡੇ ਲਈ ਮਰਿਆ।” (ਰੋਮੀਆਂ 5:8) ਇਹ ਰਿਹਾਈ ਦੀ ਕੀਮਤ ਉਦੋਂ ਦਿੱਤੀ ਗਈ, “ਜਦੋਂ ਅਸੀਂ ਅਜੇ ਪਾਪੀ ਹੀ ਸਾਂ।’ ਇਸ ਤੋਂ ਸਾਨੂੰ ਪੱਕਾ ਯਕੀਨ ਹੁੰਦਾ ਹੈ ਕਿ ਰੱਬ ਸਾਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਭਾਵੇਂ ਅਸੀਂ ਪਾਪੀ ਹਾਂ। ਅੱਜ ਸਾਨੂੰ ਪਾਪ ਦੇ ਨਤੀਜੇ ਭੁਗਤਣੇ ਪੈਂਦੇ ਹਨ, ਪਰ ਇਸ ਰਿਹਾਈ ਦੀ ਕੀਮਤ ਕਰਕੇ ਅਸੀਂ ਭਵਿੱਖ ਵਿਚ ਮਿਲਣ ਵਾਲੀਆਂ ਬਰਕਤਾਂ ਦਾ ਇੰਤਜ਼ਾਰ ਕਰ ਸਕਦੇ ਹਾਂ।
ਨੇਕ ਅਤੇ ਨਿਰਸੁਆਰਥ ਇਰਾਦੇ ਨਾਲ ਦਿੱਤਾ ਗਿਆ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ਰੱਬ ਨੇ ਆਪਣੇ ਪੁੱਤਰ ਦੀ ਰਿਹਾਈ ਦੀ ਕੀਮਤ ਕਿਉਂ ਦਿੱਤੀ ਸੀ। 1 ਯੂਹੰਨਾ 4:9, 10 ਵਿਚ ਲਿਖਿਆ ਹੈ: “ਸਾਡੇ ਲਈ ਪਰਮੇਸ਼ੁਰ ਦਾ ਪਿਆਰ ਇਸ ਤਰ੍ਹਾਂ ਜ਼ਾਹਰ ਹੋਇਆ ਸੀ ਕਿ ਪਰਮੇਸ਼ੁਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਦੁਨੀਆਂ ਵਿਚ ਘੱਲਿਆ ਤਾਂਕਿ ਉਸ ਰਾਹੀਂ ਸਾਨੂੰ ਜ਼ਿੰਦਗੀ ਮਿਲੇ। ਪਰਮੇਸ਼ੁਰ ਨੇ ਆਪਣਾ ਪਿਆਰ ਇਸ ਕਰਕੇ ਜ਼ਾਹਰ ਨਹੀਂ ਕੀਤਾ ਕਿ ਅਸੀਂ ਉਸ ਨੂੰ ਪਿਆਰ ਕੀਤਾ, ਸਗੋਂ ਉਸ ਨੇ ਸਾਡੇ ਨਾਲ ਪਿਆਰ ਕੀਤਾ।”
ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ ਇਸ ਉੱਤਮ ਤੋਹਫ਼ੇ ਦੀ ਕਦਰ ਕਰਦੇ ਹੋ? ਯੂਹੰਨਾ 3:16 ਵਿਚ ਦਰਜ ਯਿਸੂ ਦੇ ਸ਼ਬਦ ਯਾਦ ਕਰੋ ਜੋ ਦੱਸਦੇ ਹਨ ਕਿ ਸਿਰਫ਼ ਉਸ ਵਿਚ “ਨਿਹਚਾ ਦਾ ਸਬੂਤ” ਦੇਣ ਵਾਲੇ ਹੀ ਬਚਾਏ ਜਾਣਗੇ। ਬਾਈਬਲ ਦੇ ਅਨੁਸਾਰ ਨਿਹਚਾ “ਇਸ ਗੱਲ ਦਾ ਪੱਕਾ ਭਰੋਸਾ ਹੈ ਕਿ ਜਿਨ੍ਹਾਂ ਚੀਜ਼ਾਂ ਦੀ ਉਮੀਦ ਰੱਖੀ ਗਈ ਹੈ, ਉਹ ਜ਼ਰੂਰ ਮਿਲਣਗੀਆਂ।” (ਇਬਰਾਨੀਆਂ 11:1) ਪੱਕਾ ਭਰੋਸਾ ਰੱਖਣ ਲਈ ਗਿਆਨ ਲੈਣਾ ਜ਼ਰੂਰੀ ਹੈ। ਇਸੇ ਕਰਕੇ ਅਸੀਂ ਤੁਹਾਨੂੰ ਹੱਲਾਸ਼ੇਰੀ ਦਿੰਦੇ ਹਾਂ ਕਿ ਤੁਸੀਂ ਇਹ “ਉੱਤਮ ਸੁਗਾਤ” ਦੇਣ ਵਾਲੇ ਪਰਮੇਸ਼ੁਰ ਯਹੋਵਾਹ ਬਾਰੇ ਸਿੱਖੋ। ਨਾਲੇ ਸਿੱਖੋ ਕਿ ਯਿਸੂ ਦੀ ਰਿਹਾਈ ਕੀਮਤ ਕਰਕੇ ਮਿਲਣ ਵਾਲੀ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ।
ਤੁਸੀਂ www.jw.org/pa ʼਤੇ ਦਿੱਤੀ ਬਾਈਬਲ-ਆਧਾਰਿਤ ਜਾਣਕਾਰੀ ਦੀ ਜਾਂਚ ਕਰ ਕੇ ਇਸ ਤਰ੍ਹਾਂ ਕਰ ਸਕਦੇ ਹੋ। ਯਹੋਵਾਹ ਦੇ ਗਵਾਹਾਂ ਨੂੰ ਤੁਹਾਡੇ ਨਾਲ ਅਧਿਐਨ ਕਰ ਕੇ ਖ਼ੁਸ਼ੀ ਹੋਵੇਗੀ। ਸਾਨੂੰ ਪੱਕਾ ਭਰੋਸਾ ਹੈ ਕਿ ਜਿੱਦਾਂ-ਜਿੱਦਾਂ ਤੁਸੀਂ ਸਭ ਤੋਂ ਉੱਤਮ ਤੋਹਫ਼ੇ ਬਾਰੇ ਸਿੱਖੋਗੇ ਅਤੇ ਇਸ ਤੋਂ ਫ਼ਾਇਦਾ ਲਓਗੇ, ਤਾਂ ਤੁਸੀਂ ਇਹ ਕਹਿਣ ਲਈ ਪ੍ਰੇਰਿਤ ਹੋਵੋਗੇ: “ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਜੋ ਮੈਨੂੰ ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਬਚਾਏਗਾ।”—ਰੋਮੀਆਂ 7:25.