“ਕੀ ਤੂੰ ਮੈਨੂੰ ਇਨ੍ਹਾਂ ਨਾਲੋਂ ਵੀ ਜ਼ਿਆਦਾ ਪਿਆਰ ਕਰਦਾ ਹੈਂ?”
“ਹੇ ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੈਨੂੰ ਇਨ੍ਹਾਂ ਨਾਲੋਂ ਵੀ ਜ਼ਿਆਦਾ ਪਿਆਰ ਕਰਦਾ ਹੈਂ?”—ਯੂਹੰ. 21:15.
1, 2. ਸਾਰੀ ਰਾਤ ਮੱਛੀਆਂ ਫੜਨ ਦੀ ਕੋਸ਼ਿਸ਼ ਕਰਨ ਤੋਂ ਬਾਅਦ ਪਤਰਸ ਨੇ ਕਿਹੜਾ ਸਬਕ ਸਿੱਖਿਆ?
ਯਿਸੂ ਦੇ ਸੱਤ ਚੇਲਿਆਂ ਨੇ ਸਾਰੀ ਰਾਤ ਗਲੀਲ ਦੀ ਝੀਲ ਵਿਚ ਮੱਛੀਆਂ ਫੜਨ ਨੂੰ ਲਾਈ। ਪਰ ਉਨ੍ਹਾਂ ਦੇ ਹੱਥ ਇਕ ਵੀ ਮੱਛੀ ਨਹੀਂ ਲੱਗੀ। ਹੁਣ ਸਵੇਰ ਹੋ ਗਈ ਹੈ। ਜੀ ਉਠਾਏ ਜਾਣ ਤੋਂ ਬਾਅਦ ਯਿਸੂ ਝੀਲ ਦੇ ਕੰਢੇ ਤੋਂ ਉਨ੍ਹਾਂ ਵੱਲ ਦੇਖ ਰਿਹਾ ਹੈ। “ਉਸ ਨੇ ਉਨ੍ਹਾਂ ਨੂੰ ਕਿਹਾ: ‘ਕਿਸ਼ਤੀ ਦੇ ਸੱਜੇ ਪਾਸੇ ਜਾਲ਼ ਪਾਓ, ਤਾਂ ਤੁਹਾਨੂੰ ਕੁਝ ਮੱਛੀਆਂ ਮਿਲਣਗੀਆਂ।’ ਉਨ੍ਹਾਂ ਨੇ ਇਸੇ ਤਰ੍ਹਾਂ ਕੀਤਾ, ਪਰ ਜਾਲ਼ ਵਿਚ ਬਹੁਤ ਸਾਰੀਆਂ ਮੱਛੀਆਂ ਫਸ ਜਾਣ ਕਰਕੇ ਉਹ ਜਾਲ਼ ਨੂੰ ਕਿਸ਼ਤੀ ਉੱਤੇ ਖਿੱਚ ਨਾ ਸਕੇ।”—ਯੂਹੰ. 21:1-6.
2 ਯਿਸੂ ਨੇ ਉਨ੍ਹਾਂ ਨੂੰ ਨਾਸ਼ਤੇ ਵਿਚ ਰੋਟੀ ਅਤੇ ਮੱਛੀ ਖਾਣ ਨੂੰ ਦਿੱਤੀ। ਫਿਰ ਉਸ ਨੇ ਸ਼ਮਊਨ ਪਤਰਸ ਵੱਲ ਦੇਖ ਕੇ ਕਿਹਾ: “ਹੇ ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੈਨੂੰ ਇਨ੍ਹਾਂ ਨਾਲੋਂ ਵੀ ਜ਼ਿਆਦਾ ਪਿਆਰ ਕਰਦਾ ਹੈਂ?” ਯਿਸੂ ਕਿਸ ਚੀਜ਼ ਵੱਲ ਇਸ਼ਾਰਾ ਕਰ ਰਿਹਾ ਸੀ? ਪਤਰਸ ਨੂੰ ਮੱਛੀਆਂ ਫੜਨ ਦਾ ਕੰਮ ਬਹੁਤ ਪਸੰਦ ਸੀ। ਸਵਾਲ ਪੁੱਛ ਕੇ ਯਿਸੂ ਸ਼ਾਇਦ ਪਤਰਸ ਦੇ ਮੂੰਹੋਂ ਇਹ ਗੱਲ ਸੁਣਨੀ ਚਾਹੁੰਦਾ ਸੀ ਕਿ ਉਹ ਯਿਸੂ ਅਤੇ ਉਸ ਦੀਆਂ ਸਿੱਖਿਆਵਾਂ ਨੂੰ ਆਪਣੇ ਕੰਮ-ਧੰਦੇ ਨਾਲੋਂ ਜ਼ਿਆਦਾ ਪਿਆਰ ਕਰਦਾ ਸੀ। ਪਤਰਸ ਨੇ ਯਿਸੂ ਨੂੰ ਜਵਾਬ ਦਿੰਦਿਆਂ ਕਿਹਾ: “ਹਾਂ ਪ੍ਰਭੂ, ਤੂੰ ਜਾਣਦਾ ਹੈਂ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ।” (ਯੂਹੰ. 21:15) ਉਸ ਦਿਨ ਤੋਂ ਬਾਅਦ ਪਤਰਸ ਆਪਣੇ ਕਹੇ ਸ਼ਬਦਾਂ ʼਤੇ ਖਰਾ ਉੱਤਰਿਆ। ਪ੍ਰਚਾਰ ਦੇ ਕੰਮ ਵਿਚ ਰੁੱਝ ਕੇ ਉਸ ਨੇ ਯਿਸੂ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਬਾਅਦ ਵਿਚ ਉਹ ਮੰਡਲੀਆਂ ਲਈ ਇਕ ਬਰਕਤ ਸਾਬਤ ਹੋਇਆ।
3. ਮਸੀਹੀਆਂ ਨੂੰ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ?
3 ਪਤਰਸ ਨੂੰ ਕਹੇ ਯਿਸੂ ਦੇ ਸ਼ਬਦਾਂ ਤੋਂ ਅਸੀਂ ਕੀ ਸਿੱਖਦੇ ਹਾਂ? ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਯਿਸੂ ਲਈ ਸਾਡਾ ਪਿਆਰ ਕਿਤੇ ਠੰਢਾ ਨਾ ਪੈ ਜਾਵੇ। ਯਿਸੂ ਚੰਗੀ ਤਰ੍ਹਾਂ ਜਾਣਦਾ ਸੀ ਕਿ ਸਾਡੇ ਉੱਤੇ ਔਖੇ ਹਾਲਾਤ ਆਉਣਗੇ ਜਿਸ ਕਰਕੇ ਸਾਨੂੰ ਕਈ ਚਿੰਤਾਵਾਂ ਘੇਰ ਲੈਣਗੀਆਂ। ਬੀ ਬੀਜਣ ਵਾਲੇ ਦੀ ਮਿਸਾਲ ਦਿੰਦੇ ਹੋਏ ਯਿਸੂ ਨੇ ਕਿਹਾ ਕਿ ਕੁਝ ਲੋਕ “ਰਾਜ ਬਾਰੇ ਪਰਮੇਸ਼ੁਰ ਦਾ ਬਚਨ” ਸੁਣਨਗੇ ਅਤੇ ਸ਼ੁਰੂ-ਸ਼ੁਰੂ ਵਿਚ ਜੋਸ਼ ਦਿਖਾਉਣਗੇ। ਪਰ ਬਾਅਦ ਵਿਚ ‘ਜ਼ਿੰਦਗੀ ਦੀਆਂ ਚਿੰਤਾਵਾਂ ਅਤੇ ਧਨ ਦੀ ਧੋਖਾ ਦੇਣ ਵਾਲੀ ਤਾਕਤ ਬਚਨ ਨੂੰ ਦਬਾ ਲਵੇਗੀ’ ਅਤੇ ਉਨ੍ਹਾਂ ਦਾ ਜੋਸ਼ ਠੰਢਾ ਪੈ ਜਾਵੇਗਾ। (ਮੱਤੀ 13:19-22; ਮਰ. 4:19) ਜੇ ਅਸੀਂ ਧਿਆਨ ਨਹੀਂ ਰੱਖਦੇ, ਤਾਂ ਸਾਡੀਆਂ ਰੋਜ਼ ਦੀਆਂ ਚਿੰਤਾਵਾਂ ਯਹੋਵਾਹ ਦੀ ਸੇਵਾ ਵਿਚ ਰੋੜਾ ਬਣ ਸਕਦੀਆਂ ਹਨ। ਇਸ ਲਈ ਯਿਸੂ ਨੇ ਆਪਣੇ ਚੇਲਿਆਂ ਨੂੰ ਖ਼ਬਰਦਾਰ ਕਰਦਿਆਂ ਕਿਹਾ: “ਤੁਸੀਂ ਧਿਆਨ ਰੱਖੋ ਕਿ ਹੱਦੋਂ ਵੱਧ ਖਾਣ ਅਤੇ ਬੇਹਿਸਾਬੀ ਸ਼ਰਾਬ ਪੀਣ ਕਰਕੇ ਅਤੇ ਜ਼ਿੰਦਗੀ ਦੀਆਂ ਚਿੰਤਾਵਾਂ ਕਰਕੇ ਕਿਤੇ ਤੁਹਾਡੇ ਮਨ ਬੋਝ ਹੇਠ ਨਾ ਦੱਬੇ ਜਾਣ।”—ਲੂਕਾ 21:34.
4. ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਯਿਸੂ ਲਈ ਸਾਡਾ ਪਿਆਰ ਠੰਢਾ ਤਾਂ ਨਹੀਂ ਪੈ ਰਿਹਾ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
4 ਪਤਰਸ ਵਾਂਗ ਅਸੀਂ ਵੀ ਪ੍ਰਚਾਰ ਦੇ ਕੰਮ ਨੂੰ ਪਹਿਲ ਦੇ ਕੇ ਯਿਸੂ ਲਈ ਆਪਣੇ ਪਿਆਰ ਦਾ ਇਜ਼ਹਾਰ ਕਰ ਸਕਦੇ ਹਾਂ। ਪਰ ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਯਿਸੂ ਲਈ ਸਾਡਾ ਪਿਆਰ ਕਿਤੇ ਠੰਢਾ ਤਾਂ ਨਹੀਂ ਪੈ ਰਿਹਾ? ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਕੀ ਮੈਨੂੰ ਜ਼ਿਆਦਾ ਖ਼ੁਸ਼ੀ ਆਪਣੇ ਕੰਮਾਂ ਤੋਂ ਮਿਲਦੀ ਹੈ ਜਾਂ ਯਹੋਵਾਹ ਦੀ ਸੇਵਾ ਤੋਂ? ਮੈਂ ਆਪਣੀ ਜ਼ਿੰਦਗੀ ਵਿਚ ਸਭ ਤੋਂ ਜ਼ਿਆਦਾ ਪਿਆਰ ਕਿਸ ਨੂੰ ਕਰਦਾ ਹਾਂ?’ ਸੋ ਆਓ ਆਪਾਂ ਤਿੰਨ ਗੱਲਾਂ ʼਤੇ ਗੌਰ ਕਰੀਏ ਜੋ ਯਿਸੂ ਲਈ ਸਾਡੇ ਪਿਆਰ ਨੂੰ ਠੰਢਾ ਕਰ ਸਕਦੀਆਂ ਹਨ। ਇਹ ਤਿੰਨ ਗੱਲਾਂ ਹਨ: (1) ਕੰਮ-ਧੰਦਾ, (2) ਮਨੋਰੰਜਨ ਅਤੇ (3) ਧਨ-ਦੌਲਤ।
ਕੰਮ-ਧੰਦੇ ਬਾਰੇ ਸਹੀ ਨਜ਼ਰੀਆ
5. ਪਰਿਵਾਰ ਦੇ ਮੁਖੀ ਨੂੰ ਕਿਹੜੀ ਜ਼ਿੰਮੇਵਾਰੀ ਮਿਲੀ ਹੈ?
5 ਪਤਰਸ ਲਈ ਮੱਛੀਆਂ ਫੜਨ ਦਾ ਕੰਮ ਸਿਰਫ਼ ਇਕ ਸ਼ੌਂਕ ਹੀ ਨਹੀਂ ਸੀ, ਸਗੋਂ ਉਸ ਦੀ ਰੋਜ਼ੀ-ਰੋਟੀ ਸੀ। ਅੱਜ ਵੀ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਦੀ ਜ਼ਿੰਮੇਵਾਰੀ ਯਹੋਵਾਹ ਨੇ ਘਰ ਦੇ ਮੁਖੀਏ ਨੂੰ ਦਿੱਤੀ ਹੈ। (1 ਤਿਮੋ. 5:8) ਇਸ ਤਰ੍ਹਾਂ ਕਰਨ ਲਈ ਉਨ੍ਹਾਂ ਨੂੰ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਪਰ ਇਨ੍ਹਾਂ ਆਖ਼ਰੀ ਦਿਨਾਂ ਵਿਚ ਲੋਕਾਂ ਨੂੰ ਆਪਣੇ ਕੰਮ-ਧੰਦੇ ਕਰਕੇ ਕਈ ਪਰੇਸ਼ਾਨੀਆਂ ਝੱਲਣੀਆਂ ਪੈਂਦੀਆਂ ਹਨ।
6. ਅੱਜ ਲੋਕ ਆਪਣੇ ਕੰਮ-ਧੰਦੇ ਤੋਂ ਕਿਉਂ ਪਰੇਸ਼ਾਨ ਹਨ?
6 ਅੱਜ ਇਹ ਗੱਲ ਸੱਚ ਹੈ ਕਿ ਕੰਮ ਕਰਨ ਵਾਲੇ ਕਈ ਹਨ, ਪਰ ਕੰਮ ਬਹੁਤ ਘੱਟ ਹੈ। ਇਸ ਕਰਕੇ ਲੋਕਾਂ ਵਿਚ ਕੰਮ ਪਾਉਣ ਦੀ ਹੋੜ ਲੱਗੀ ਹੋਈ ਹੈ। ਲੋਕ ਘੱਟ ਪੈਸਿਆਂ ਵਿਚ ਵੀ ਜ਼ਿਆਦਾ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ। ਅੱਜ ਕੰਪਨੀਆਂ ਪਹਿਲਾਂ ਨਾਲੋਂ ਘੱਟ ਬੰਦਿਆਂ ਨੂੰ ਰੱਖ ਕੇ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਾਉਂਦੀਆਂ ਹਨ। ਇਸ ਲਈ ਕੰਮ ਕਰਨ ਵਾਲੇ ਲੋਕ ਪਰੇਸ਼ਾਨ, ਬੀਮਾਰ ਅਤੇ ਥੱਕੇ-ਟੁੱਟੇ ਰਹਿੰਦੇ ਹਨ। ਕਾਮਿਆਂ ਨੂੰ ਨੌਕਰੀ ਤੋਂ ਕੱਢੇ ਜਾਣ ਦਾ ਇੰਨਾ ਡਰ ਹੁੰਦਾ ਹੈ ਕਿ ਉਹ ਆਪਣੇ ਮਾਲਕ ਲਈ ਕਿਸੇ ਵੀ ਤਰ੍ਹਾਂ ਦਾ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ।
7, 8. (ੳ) ਸਾਡੀ ਵਫ਼ਾਦਾਰੀ ਦਾ ਪਹਿਲਾ ਹੱਕਦਾਰ ਕੌਣ ਹੈ? (ਅ) ਥਾਈਲੈਂਡ ਵਿਚ ਰਹਿਣ ਵਾਲੇ ਭਰਾ ਨੇ ਆਪਣੇ ਕੰਮ ਤੋਂ ਕੀ ਸਿੱਖਿਆ?
7 ਮਸੀਹੀ ਹੋਣ ਦੇ ਨਾਤੇ ਸਾਡੀ ਵਫ਼ਾਦਾਰੀ ਦਾ ਪਹਿਲਾ ਹੱਕਦਾਰ ਯਹੋਵਾਹ ਹੈ ਨਾ ਕਿ ਸਾਡਾ ਕੰਮ ਜਾਂ ਮਾਲਕ। (ਲੂਕਾ 10:27) ਅਸੀਂ ਕੰਮ ਇਸ ਲਈ ਕਰਦੇ ਹਾਂ ਤਾਂਕਿ ਅਸੀਂ ਆਪਣੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਪ੍ਰਚਾਰ ਦਾ ਕੰਮ ਵੀ ਕਰ ਸਕੀਏ। ਪਰ ਜੇ ਅਸੀਂ ਧਿਆਨ ਨਹੀਂ ਰੱਖਦੇ, ਤਾਂ ਇਹੀ ਕੰਮ ਸਾਡੀ ਭਗਤੀ ਦੇ ਕੰਮਾਂ ਵਿਚ ਰੁਕਾਵਟ ਬਣ ਸਕਦਾ ਹੈ। ਅਸੀਂ ਥਾਈਲੈਂਡ ਵਿਚ ਰਹਿਣ ਵਾਲੇ ਇਕ ਭਰਾ ਦੀ ਮਿਸਾਲ ਤੋਂ ਸਿੱਖ ਸਕਦੇ ਹਾਂ। ਉਹ ਦੱਸਦਾ ਹੈ: “ਮੈਂ ਕੰਪਿਊਟਰ ਠੀਕ ਕਰਨ ਦਾ ਕੰਮ ਕਰਦਾ ਸੀ। ਮੈਨੂੰ ਇਹ ਕੰਮ ਬੜਾ ਪਸੰਦ ਸੀ, ਪਰ ਮੈਨੂੰ ਕਈ-ਕਈ ਘੰਟੇ ਕੰਮ ਕਰਨਾ ਪੈਂਦਾ ਸੀ। ਮੇਰੇ ਕੋਲ ਪਰਮੇਸ਼ੁਰ ਦੇ ਕੰਮਾਂ ਲਈ ਬਹੁਤ ਘੱਟ ਸਮਾਂ ਬਚਦਾ ਸੀ। ਅਖ਼ੀਰ ਵਿਚ ਮੈਨੂੰ ਲੱਗਾ ਕਿ ਰਾਜ ਦੇ ਕੰਮਾਂ ਨੂੰ ਪਹਿਲ ਦੇਣ ਲਈ ਮੈਨੂੰ ਆਪਣਾ ਕੰਮ ਬਦਲਣਾ ਚਾਹੀਦਾ ਹੈ।” ਇਸ ਭਰਾ ਨੇ ਕੀ ਕੀਤਾ?
8 ਉਹ ਦੱਸਦਾ ਹੈ: “ਮੈਂ ਯੋਜਨਾ ਬਣਾਈ ਅਤੇ ਇਕ ਸਾਲ ਪਹਿਲਾਂ ਹੀ ਪੈਸੇ ਜੋੜਨੇ ਸ਼ੁਰੂ ਕੀਤੇ। ਮੈਂ ਆਈਸ-ਕ੍ਰੀਮ ਦੀ ਰੇੜ੍ਹੀ ਲਾਉਣ ਲੱਗਾ। ਸ਼ੁਰੂ-ਸ਼ੁਰੂ ਵਿਚ ਮੇਰਾ ਕੰਮ ਨਹੀਂ ਚੱਲਿਆ। ਪੈਸਿਆਂ ਦੀ ਤੰਗੀ ਕਰਕੇ ਮੈਂ ਨਿਰਾਸ਼ ਹੋ ਗਿਆ। ਜਦੋਂ ਮੇਰੇ ਨਾਲ ਪਹਿਲਾਂ ਕੰਮ ਕਰਨ ਵਾਲੇ ਮੈਨੂੰ ਦੇਖਦੇ ਸੀ, ਤਾਂ ਉਹ ਮੇਰਾ ਮਜ਼ਾਕ ਉਡਾਉਂਦੇ ਸੀ। ਉਹ ਮੈਨੂੰ ਕਹਿੰਦੇ ਸੀ, ‘ਆਈਸ-ਕ੍ਰੀਮ ਵੇਚਣ ਨਾਲੋਂ ਤੈਨੂੰ ਏ. ਸੀ. ਆਫ਼ਿਸ ਵਿਚ ਬੈਠ ਕੇ ਕੰਮ ਕਰਨਾ ਚੰਗਾ ਨਹੀਂ ਸੀ ਲੱਗਦਾ?’ ਮੈਂ ਯਹੋਵਾਹ ਨੂੰ ਹਿੰਮਤ ਲਈ ਬਹੁਤ ਪ੍ਰਾਰਥਨਾ ਕੀਤੀ ਅਤੇ ਕਿਹਾ ਕਿ ਮੈਂ ਉਸ ਦੀ ਸੇਵਾ ਵਿਚ ਹੋਰ ਸਮਾਂ ਲਾਉਣਾ ਚਾਹੁੰਦਾ ਹਾਂ। ਜਲਦੀ ਹੀ ਹਾਲਾਤ ਸੁਧਰਨ ਲੱਗੇ। ਮੈਨੂੰ ਪਤਾ ਲੱਗਾ ਗਿਆ ਕਿ ਮੇਰੇ ਗਾਹਕਾਂ ਨੂੰ ਕਿਹੜੀ ਆਈਸ-ਕ੍ਰੀਮ ਪਸੰਦ ਸੀ ਅਤੇ ਮੈਂ ਆਈਸ-ਕ੍ਰੀਮ ਬਣਾਉਣ ਵਿਚ ਮਾਹਰ ਹੋ ਗਿਆ। ਜਲਦੀ ਹੀ ਸਾਰੀ ਦੀ ਸਾਰੀ ਆਈਸ-ਕ੍ਰੀਮ ਵਿਕਣ ਲੱਗ ਪਈ। ਸੱਚ ਦੱਸਾਂ, ਹੁਣ ਮੈਂ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਕਮਾਉਂਦਾ ਹਾਂ। ਮੈਂ ਬਹੁਤ ਖ਼ੁਸ਼ ਹਾਂ ਕਿ ਹੁਣ ਮੈਨੂੰ ਪਿਛਲੀ ਨੌਕਰੀ ਵਾਂਗ ਚਿੰਤਾਵਾਂ ਅਤੇ ਪਰੇਸ਼ਾਨੀਆਂ ਨਹੀਂ ਝੱਲਣੀਆਂ ਪੈਂਦੀਆਂ। ਪਰ ਸਭ ਤੋਂ ਜ਼ਿਆਦਾ ਖ਼ੁਸ਼ੀ ਮੈਨੂੰ ਇਸ ਗੱਲ ਦੀ ਹੈ ਕਿ ਮੈਂ ਯਹੋਵਾਹ ਦੇ ਹੋਰ ਵੀ ਨੇੜੇ ਆਇਆ ਹਾਂ।”—ਮੱਤੀ 5:3, 6 ਪੜ੍ਹੋ।
9. ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਕੰਮ ਪ੍ਰਤੀ ਸਾਡਾ ਨਜ਼ਰੀਆ ਸਹੀ ਹੈ?
9 ਯਹੋਵਾਹ ਸਾਡੀ ਸਖ਼ਤ ਮਿਹਨਤ ਦੀ ਕਦਰ ਕਰਦਾ ਹੈ। ਮਿਹਨਤ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ। (ਕਹਾ. 12:14) ਪਰ ਧਿਆਨ ਰੱਖੋਂ ਕਿ ਕਿਤੇ ਇੱਦਾਂ ਨਾ ਹੋਵੇ ਕਿ ਅਸੀਂ ਯਹੋਵਾਹ ਨੂੰ ਛੱਡ ਕੇ ਕੰਮ ਨੂੰ ਆਪਣਾ ਰੱਬ ਬਣਾ ਲਈਏ। ਰੋਜ਼ਮੱਰਾ ਦੀਆਂ ਲੋੜਾਂ ਬਾਰੇ ਗੱਲ ਕਰਦਿਆਂ ਯਿਸੂ ਨੇ ਕਿਹਾ: “ਪਰਮੇਸ਼ੁਰ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਪਹਿਲ ਦਿਓ ਅਤੇ ਉਸ ਦੀਆਂ ਨਜ਼ਰਾਂ ਵਿਚ ਜੋ ਸਹੀ ਹੈ ਉਹੀ ਕਰਦੇ ਰਹੋ, ਅਤੇ ਇਹ ਸਭ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਣਗੀਆਂ।” (ਮੱਤੀ 6:33) ਪਰ ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਕੰਮ ਪ੍ਰਤੀ ਸਾਡਾ ਨਜ਼ਰੀਆ ਸਹੀ ਹੈ? ਅਸੀਂ ਖ਼ੁਦ ਨੂੰ ਪੁੱਛ ਸਕਦੇ ਹਾਂ, ‘ਕੀ ਮੇਰੇ ਨਾਲ ਇੱਦਾਂ ਤਾਂ ਨਹੀਂ ਹੁੰਦਾ ਕਿ ਮੈਨੂੰ ਆਪਣੇ ਕੰਮ-ਧੰਦੇ ਤੋਂ ਜ਼ਿਆਦਾ ਖ਼ੁਸ਼ੀ ਮਿਲਦੀ ਹੈ, ਪਰ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਮਜ਼ਾ ਨਹੀਂ ਆਉਂਦਾ?’ ਇਸ ਸਵਾਲ ʼਤੇ ਸੋਚ-ਵਿਚਾਰ ਕਰ ਕੇ ਸਾਨੂੰ ਪਤਾ ਲੱਗੇਗਾ ਕਿ ਅਸਲ ਵਿਚ ਅਸੀਂ ਕਿਸ ਨਾਲ ਜ਼ਿਆਦਾ ਪਿਆਰ ਕਰਦੇ ਹਾਂ।
10. ਯਿਸੂ ਨੇ ਕਿਹੜਾ ਅਹਿਮ ਸਬਕ ਸਿਖਾਇਆ?
10 ਯਿਸੂ ਨੇ ਸਿਖਾਇਆ ਕਿ ਸਾਨੂੰ ਜ਼ਿੰਦਗੀ ਵਿਚ ਕਿਸ ਨੂੰ ਪਹਿਲੀ ਥਾਂ ਦੇਣੀ ਚਾਹੀਦੀ ਹੈ। ਇਕ ਵਾਰ ਉਹ ਮਰੀਅਮ ਅਤੇ ਮਾਰਥਾ ਨਾਂ ਦੀਆਂ ਭੈਣਾਂ ਦੇ ਘਰ ਗਿਆ। ਮਾਰਥਾ ਨੇ ਫਟਾਫਟ ਉਸ ਲਈ ਖਾਣਾ ਬਣਾਉਣਾ ਸ਼ੁਰੂ ਕਰ ਦਿੱਤਾ, ਪਰ ਮਰੀਅਮ ਯਿਸੂ ਦੇ ਨੇੜੇ ਬਹਿ ਕੇ ਉਸ ਦੀਆਂ ਗੱਲਾਂ ਸੁਣਨ ਲੱਗੀ। ਮਾਰਥਾ ਨੇ ਯਿਸੂ ਨੂੰ ਆਪਣੀ ਭੈਣ ਦੀ ਸ਼ਿਕਾਇਤ ਕਰਦਿਆਂ ਕਿਹਾ ਕਿ ਮਰੀਅਮ ਉਸ ਨਾਲ ਕੰਮ ਨਹੀਂ ਕਰਾ ਰਹੀ। ਯਿਸੂ ਨੇ ਮਾਰਥਾ ਨੂੰ ਕਿਹਾ: “ਮਰੀਅਮ ਨੇ ਤਾਂ ਆਪਣੇ ਲਈ ਚੰਗਾ ਹਿੱਸਾ ਚੁਣਿਆ ਹੈ ਜੋ ਉਸ ਤੋਂ ਖੋਹਿਆ ਨਹੀਂ ਜਾਵੇਗਾ।” (ਲੂਕਾ 10:38-42) ਯਿਸੂ ਇਕ ਅਹਿਮ ਸਬਕ ਸਿਖਾ ਰਿਹਾ ਸੀ। ਜੇ ਅਸੀਂ ਯਿਸੂ ਲਈ ਆਪਣੇ ਪਿਆਰ ਦਾ ਸਬੂਤ ਦੇਣਾ ਚਾਹੁੰਦੇ ਹਾਂ ਅਤੇ ਕੰਮ-ਧੰਦੇ ਕਰਕੇ ਆਪਣਾ ਧਿਆਨ ਭਟਕਣ ਤੋਂ ਬਚਾਉਣਾ ਚਾਹੁੰਦੇ ਹਾਂ, ਤਾਂ ਸਾਨੂੰ “ਚੰਗਾ ਹਿੱਸਾ” ਚੁਣਨਾ ਚਾਹੀਦਾ ਹੈ। ਇਸ ਦਾ ਮਤਲਬ ਹੈ ਕਿ ਸਾਨੂੰ ਯਹੋਵਾਹ ਨੂੰ ਆਪਣੀ ਜ਼ਿੰਦਗੀ ਵਿਚ ਸਭ ਤੋਂ ਜ਼ਿਆਦਾ ਪਿਆਰ ਕਰਨ ਦੀ ਲੋੜ ਹੈ।
ਮਨੋਰੰਜਨ ਬਾਰੇ ਸਾਡਾ ਨਜ਼ਰੀਆ
11. ਬਾਈਬਲ ਆਰਾਮ ਅਤੇ ਮਨੋਰੰਜਨ ਕਰਨ ਬਾਰੇ ਕੀ ਕਹਿੰਦੀ ਹੈ?
11 ਵਿਅਸਤ ਜ਼ਿੰਦਗੀ ਹੋਣ ਕਰਕੇ ਸਾਨੂੰ ਆਰਾਮ ਤੇ ਮਨੋਰੰਜਨ ਦੀ ਲੋੜ ਹੈ। ਬਾਈਬਲ ਕਹਿੰਦੀ ਹੈ: “ਸੋ ਮਨੁੱਖ ਦੇ ਲਈ ਇਸ ਨਾਲੋਂ ਹੋਰ ਕੁਝ ਚੰਗਾ ਨਹੀਂ ਜੋ ਖਾਵੇ ਪੀਵੇ ਅਤੇ ਆਪਣੇ ਸਾਰੇ ਧੰਦੇ ਦੇ ਵਿੱਚ ਆਪਣਾ ਜੀ ਪਰਚਾਵੇ।” (ਉਪ. 2:24) ਯਿਸੂ ਜਾਣਦਾ ਸੀ ਕਿ ਕਦੀ-ਕਦੀ ਆਰਾਮ ਕਰਨਾ ਵੀ ਜ਼ਰੂਰੀ ਹੈ। ਮਿਸਾਲ, ਪ੍ਰਚਾਰ ਵਿਚ ਕਾਫ਼ੀ ਸਮਾਂ ਲਾਉਣ ਕਰਕੇ ਉਸ ਦੇ ਚੇਲੇ ਥੱਕੇ ਹੋਏ ਸਨ। ਯਿਸੂ ਨੇ ਉਨ੍ਹਾਂ ਨੂੰ ਕਿਹਾ: “ਆਓ ਆਪਾਂ ਕਿਸੇ ਇਕਾਂਤ ਜਗ੍ਹਾ ਚੱਲੀਏ ਅਤੇ ਥੋੜ੍ਹਾ ਆਰਾਮ ਕਰੀਏ।”—ਮਰ. 6:31, 32.
12. ਮਨੋਰੰਜਨ ਕਰਦਿਆਂ ਸਾਨੂੰ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ? ਮਿਸਾਲ ਦਿਓ।
12 ਮਨੋਰੰਜਨ ਕਰਨ ਨਾਲ ਸਾਨੂੰ ਮਜ਼ਾ ਆਉਂਦਾ ਹੈ ਅਤੇ ਤਾਜ਼ਗੀ ਮਿਲਦੀ ਹੈ। ਪਰ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਮਨੋਰੰਜਨ ਕਰਨ ਤੋਂ ਇਲਾਵਾ ਬਾਕੀ ਕੰਮ ਕਰਨੇ ਨਾ ਭੁੱਲ ਜਾਈਏ। ਪਹਿਲੀ ਸਦੀ ਦੇ ਕਈ ਲੋਕਾਂ ਦਾ ਕਹਿਣਾ ਸੀ: “ਆਓ ਆਪਾਂ ਖਾਈਏ-ਪੀਏ ਕਿਉਂਕਿ ਕੱਲ੍ਹ ਨੂੰ ਤਾਂ ਅਸੀਂ ਮਰ ਹੀ ਜਾਣਾ ਹੈ।” (1 ਕੁਰਿੰ. 15:32) ਇਹੀ ਸੋਚ ਅੱਜ ਵੀ ਚਾਰੇ ਪਾਸੇ ਫੈਲੀ ਹੋਈ ਹੈ। ਮਿਸਾਲ ਲਈ, ਪੱਛਮੀ ਯੂਰਪ ਵਿਚ ਰਹਿਣ ਵਾਲਾ ਇਕ ਜਵਾਨ ਮੁੰਡਾ ਸਭਾਵਾਂ ਵਿਚ ਆਉਣ ਲੱਗ ਪਿਆ। ਪਰ ਉਸ ਦਾ ਜ਼ਿਆਦਾ ਧਿਆਨ ਮਨੋਰੰਜਨ ਵੱਲ ਹੀ ਲੱਗਾ ਰਹਿੰਦਾ ਸੀ। ਇਸ ਲਈ ਉਸ ਨੇ ਯਹੋਵਾਹ ਦੇ ਗਵਾਹਾਂ ਨੂੰ ਮਿਲਣਾ ਛੱਡ ਦਿੱਤਾ। ਬਾਅਦ ਵਿਚ ਉਸ ਨੂੰ ਅਹਿਸਾਸ ਹੋਇਆ ਕਿ ਮਨੋਰੰਜਨ ਵਿਚ ਲੱਗੇ ਰਹਿਣ ਕਰਕੇ ਉਸ ਨੇ ਆਪਣੇ ਸਿਰ ʼਤੇ ਮੁਸੀਬਤਾਂ ਦੀ ਪੰਡ ਇਕੱਠੀ ਕਰ ਲਈ ਸੀ। ਫਿਰ ਉਸ ਨੇ ਦੁਬਾਰਾ ਤੋਂ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ ਅਤੇ ਕੁਝ ਸਮੇਂ ਬਾਅਦ ਪ੍ਰਚਾਰ ʼਤੇ ਵੀ ਜਾਣ ਲੱਗ ਪਿਆ। ਬਪਤਿਸਮੇ ਤੋਂ ਬਾਅਦ ਉਸ ਨੇ ਕਿਹਾ: “ਮੈਨੂੰ ਸਿਰਫ਼ ਇੱਕੋ ਗੱਲ ਦਾ ਪਛਤਾਵਾ ਹੈ ਕਿ ਮੈਂ ਕਿੰਨਾ ਸਮਾਂ ਬਰਬਾਦ ਕੀਤਾ। ਕਾਸ਼ ਮੈਨੂੰ ਪਹਿਲਾਂ ਹੀ ਸਮਝ ਆ ਜਾਂਦੀ ਕਿ ਮਨੋਰੰਜਨ ਕਰਨ ਤੋਂ ਉਹ ਖ਼ੁਸ਼ੀ ਨਹੀਂ ਮਿਲਦੀ ਜੋ ਯਹੋਵਾਹ ਦੀ ਸੇਵਾ ਕਰ ਕੇ ਮਿਲਦੀ ਹੈ।”
13. (ੳ) ਮਿਸਾਲ ਦੇ ਕੇ ਸਮਝਾਓ ਕਿ ਹੱਦੋਂ ਵੱਧ ਮਨੋਰੰਜਨ ਕਰਨਾ ਹਾਨੀਕਾਰਕ ਕਿਉਂ ਹੈ। (ਅ) ਅਸੀਂ ਮਨੋਰੰਜਨ ਪ੍ਰਤੀ ਸਹੀ ਨਜ਼ਰੀਆ ਕਿਵੇਂ ਰੱਖ ਸਕਦੇ ਹਾਂ?
13 ਸਾਨੂੰ ਇਸ ਤਰ੍ਹਾਂ ਦਾ ਮਨੋਰੰਜਨ ਕਰਨਾ ਚਾਹੀਦਾ ਹੈ ਜਿਸ ਨਾਲ ਅਸੀਂ ਤਰੋ-ਤਾਜ਼ਾ ਮਹਿਸੂਸ ਕਰੀਏ ਨਾ ਕਿ ਥੱਕ-ਟੁੱਟ ਜਾਈਏ। ਸੋ ਮਨੋਰੰਜਨ ਕਰਨ ਵਿਚ ਸਾਨੂੰ ਕਿੰਨਾ ਕੁ ਸਮਾਂ ਲਾਉਣਾ ਚਾਹੀਦਾ ਹੈ? ਇਸ ਦਾ ਜਵਾਬ ਪਾਉਣ ਲਈ, ਆਓ ਆਪਾਂ ਇਕ ਮਿਸਾਲ ʼਤੇ ਗੌਰ ਕਰੀਏ। ਸਾਨੂੰ ਸਾਰਿਆਂ ਨੂੰ ਮਿੱਠਾ ਪਸੰਦ ਹੈ। ਪਰ ਜੇ ਅਸੀਂ ਹਰ ਵੇਲੇ ਮਿੱਠਾ ਹੀ ਖਾਂਦੇ ਰਹੀਏ, ਤਾਂ ਸਾਡੀ ਸਿਹਤ ਖ਼ਰਾਬ ਹੋ ਸਕਦੀ ਹੈ। ਪਰ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਸਿਹਤ ਠੀਕ ਰਹੇ, ਤਾਂ ਬਹੁਤ ਜ਼ਰੂਰੀ ਹੈ ਕਿ ਅਸੀਂ ਪੌਸ਼ਟਿਕ ਖਾਣਾ ਖਾਈਏ। ਉਸੇ ਤਰ੍ਹਾਂ, ਜੇ ਅਸੀਂ ਮਨੋਰੰਜਨ ਹੀ ਕਰਦੇ ਰਹੀਏ, ਤਾਂ ਯਹੋਵਾਹ ਨਾਲ ਸਾਡਾ ਰਿਸ਼ਤਾ ਖ਼ਰਾਬ ਹੋ ਸਕਦਾ ਹੈ। ਸੋ ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਮਨੋਰੰਜਨ ਪ੍ਰਤੀ ਸਾਡਾ ਨਜ਼ਰੀਆ ਸਹੀ ਹੈ? ਅਸੀਂ ਹਿਸਾਬ ਲਾ ਸਕਦੇ ਹਾਂ ਕਿ ਅਸੀਂ ਹਫ਼ਤੇ ਦੌਰਾਨ ਕਿੰਨਾ ਸਮਾਂ ਯਹੋਵਾਹ ਦੇ ਕੰਮਾਂ ਵਿਚ ਅਤੇ ਕਿੰਨਾ ਸਮਾਂ ਮਨੋਰੰਜਨ ਕਰਨ ਵਿਚ ਬਿਤਾਇਆ ਹੈ। ਮਿਸਾਲ ਲਈ, ਅਸੀਂ ਲਿਖ ਸਕਦੇ ਹਾਂ ਕਿ ਅਸੀਂ ਸਭਾਵਾਂ, ਪ੍ਰਚਾਰ ਅਤੇ ਬਾਈਬਲ ਸਟੱਡੀ ਕਰਨ ਵਿਚ ਕਿੰਨੇ ਘੰਟੇ ਲਾਏ ਅਤੇ ਦੂਜੇ ਪਾਸੇ ਅਸੀਂ ਖੇਡਾਂ ਖੇਡਣ, ਟੀ. ਵੀ. ਦੇਖਣ ਜਾਂ ਵੀਡੀਓ ਗੇਮਾਂ ਖੇਡਣ ਵਿਚ ਕਿੰਨੇ ਘੰਟੇ ਲਾਏ। ਜਦੋਂ ਅਸੀਂ ਦੋਨਾਂ ਦਾ ਹਿਸਾਬ ਲਾਵਾਂਗੇ, ਤਾਂ ਸਾਨੂੰ ਪਤਾ ਲੱਗੇਗਾ ਕਿ ਸਾਨੂੰ ਕਿੱਥੇ ਸੁਧਾਰ ਕਰਨ ਦੀ ਲੋੜ ਹੈ। ਕੀ ਸਾਨੂੰ ਕਿਤੇ ਮਿੱਠਾ ਘਟਾਉਣ ਦੀ ਲੋੜ ਤਾਂ ਨਹੀਂ?—ਅਫ਼ਸੀਆਂ 5:15, 16 ਪੜ੍ਹੋ।
14. ਅਸੀਂ ਚੰਗੇ ਮਨੋਰੰਜਨ ਦੀ ਚੋਣ ਕਿਵੇਂ ਕਰ ਸਕਦੇ ਹਾਂ?
14 ਯਹੋਵਾਹ ਨੇ ਸਾਨੂੰ ਮਨੋਰੰਜਨ ਦੀ ਚੋਣ ਕਰਨ ਦੀ ਆਜ਼ਾਦੀ ਦਿੱਤੀ ਹੈ। ਪਰਿਵਾਰ ਦਾ ਮੁਖੀ ਵੀ ਇਹ ਫ਼ੈਸਲਾ ਕਰ ਸਕਦਾ ਹੈ ਕਿ ਉਸ ਦਾ ਪਰਿਵਾਰ ਕਿਹੜਾ ਮਨੋਰੰਜਨ ਕਰੇਗਾ। ਬਾਈਬਲ ਵਿਚ ਯਹੋਵਾਹ ਨੇ ਅਸੂਲ ਦਿੱਤੇ ਹਨ ਜਿਨ੍ਹਾਂ ਤੋਂ ਪਰਮੇਸ਼ੁਰ ਦੀ ਸੋਚ ਬਾਰੇ ਪਤਾ ਲੱਗਦਾ ਹੈ। ਇਨ੍ਹਾਂ ਅਸੂਲਾਂ ਦੀ ਮਦਦ ਨਾਲ ਅਸੀਂ ਚੰਗੇ ਫ਼ੈਸਲੇ ਕਰ ਸਕਦੇ ਹਾਂ।a ਚੰਗਾ ਮਨੋਰੰਜਨ ‘ਪਰਮੇਸ਼ੁਰ ਵੱਲੋਂ ਦਾਤ ਹੈ।’ (ਉਪ. 3:12, 13) ਹਾਂ, ਇਹ ਗੱਲ ਸੱਚ ਹੈ ਕਿ ਸਾਰੇ ਅਲੱਗ-ਅਲੱਗ ਤਰ੍ਹਾਂ ਦਾ ਮਨੋਰੰਜਨ ਕਰਨਾ ਪਸੰਦ ਕਰਦੇ ਹਨ। (ਗਲਾ. 6:4, 5) ਪਰ ਫਿਰ ਵੀ ਸਾਨੂੰ ਧਿਆਨ ਨਾਲ ਮਨੋਰੰਜਨ ਦੀ ਚੋਣ ਕਰਨੀ ਚਾਹੀਦੀ ਹੈ। ਯਿਸੂ ਨੇ ਕਿਹਾ: “ਜਿੱਥੇ ਤੇਰਾ ਧਨ ਹੈ ਉੱਥੇ ਹੀ ਤੇਰਾ ਮਨ ਹੈ।” (ਮੱਤੀ 6:21) ਅਸੀਂ ਸਾਰੇ ਯਿਸੂ ਨੂੰ ਪਿਆਰ ਕਰਦੇ ਹਾਂ। ਇਸ ਲਈ ਅਸੀਂ ਆਪਣੀ ਸੋਚਣੀ, ਕਹਿਣੀ ਅਤੇ ਕਰਨੀ ਤੋਂ ਦਿਖਾਉਂਦੇ ਹਾਂ ਕਿ ਬਾਕੀ ਕੰਮਾਂ ਨਾਲੋਂ ਸਾਡੇ ਲਈ ਪਰਮੇਸ਼ੁਰ ਦੇ ਕੰਮ ਜ਼ਿਆਦਾ ਮਾਅਨੇ ਰੱਖਦੇ ਹਨ।—ਫ਼ਿਲਿ. 1:9, 10.
ਧਨ-ਦੌਲਤ ਦੇ ਫੰਦੇ ਤੋਂ ਬਚਣਾ
15, 16. (ੳ) ਧਨ-ਦੌਲਤ ਸਾਡੇ ਲਈ ਇਕ ਫੰਦਾ ਕਿਵੇਂ ਬਣ ਸਕਦੀ ਹੈ? (ਅ) ਯਿਸੂ ਨੇ ਪੈਸਿਆਂ ਸੰਬੰਧੀ ਕਿਹੜੀ ਵਧੀਆ ਸਲਾਹ ਦਿੱਤੀ ਸੀ?
15 ਅੱਜ ਬਹੁਤ ਸਾਰੇ ਲੋਕ ਧਨ-ਦੌਲਤ ਦੇ ਫੰਦੇ ਵਿਚ ਫਸ ਚੁੱਕੇ ਹਨ। ਉਹ ਬੱਸ ਨਵੇਂ ਤੋਂ ਨਵੇਂ ਕੱਪੜੇ, ਫ਼ੋਨ ਅਤੇ ਕੰਪਿਊਟਰ ਆਦਿ ਚੀਜ਼ਾਂ ਇਕੱਠਿਆਂ ਕਰਨ ਵਿਚ ਲੱਗੇ ਹੋਏ ਹਨ। ਉਨ੍ਹਾਂ ਲਈ ਚੀਜ਼ਾਂ ਅਤੇ ਪੈਸਾ ਹੀ ਸਭ ਕੁਝ ਹੈ। ਇਸ ਲਈ ਹਰ ਇਕ ਮਸੀਹੀ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਮੇਰੇ ਲਈ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਜ਼ਰੂਰੀ ਹੈ? ਕੀ ਮੈਂ ਨਵੀਆਂ-ਨਵੀਆਂ ਗੱਡੀਆਂ ਅਤੇ ਕੱਪੜੇ ਖ਼ਰੀਦਣ ਦੇ ਸੁਪਨੇ ਲੈਂਦਾ ਰਹਿੰਦਾ ਹਾਂ? ਜਾਂ ਕੀ ਮੈਂ ਜ਼ਿਆਦਾ ਸਮਾਂ ਸਭਾਵਾਂ ਦੀ ਤਿਆਰੀ ਕਰਨ ਵਿਚ ਲਾਉਂਦਾ ਹਾਂ? ਕੀ ਮੈਂ ਆਪਣੇ ਕੰਮਾਂ ਵਿਚ ਇੰਨਾ ਜ਼ਿਆਦਾ ਰੁੱਝ ਗਿਆ ਹਾਂ ਕਿ ਪ੍ਰਾਰਥਨਾ ਕਰਨ ਅਤੇ ਬਾਈਬਲ ਪੜ੍ਹਨ ਲਈ ਹੁਣ ਮੇਰੇ ਕੋਲ ਬਹੁਤ ਘੱਟ ਸਮਾਂ ਬਚਦਾ ਹੈ?’ ਜੇ ਅਸੀਂ ਧਿਆਨ ਨਹੀਂ ਰੱਖਦੇ, ਤਾਂ ਚੀਜ਼ਾਂ ਲਈ ਪਿਆਰ ਇੰਨਾ ਵਧ ਸਕਦਾ ਹੈ ਕਿ ਸਾਡੇ ਦਿਲ ਵਿਚ ਯਿਸੂ ਲਈ ਪਿਆਰ ਦੀ ਜਗ੍ਹਾ ਹੀ ਨਾ ਬਚੇ। ਸਾਨੂੰ ਯਿਸੂ ਦੀ ਇਹ ਗੱਲ ਗੰਭੀਰਤਾ ਨਾਲ ਲੈਣੀ ਚਾਹੀਦੀ ਹੈ: “ਹਰ ਤਰ੍ਹਾਂ ਦੇ ਲੋਭ ਤੋਂ ਖ਼ਬਰਦਾਰ ਰਹੋ।” (ਲੂਕਾ 12:15) ਉਸ ਨੇ ਇਹ ਗੱਲ ਕਿਉਂ ਕਹੀ?
16 ਯਿਸੂ ਨੇ ਕਿਹਾ: “ਕੋਈ ਵੀ ਇਨਸਾਨ ਦੋ ਮਾਲਕਾਂ ਦੀ ਗ਼ੁਲਾਮੀ ਨਹੀਂ ਕਰ ਸਕਦਾ।” ਉਸ ਨੇ ਅੱਗੇ ਕਿਹਾ: “ਤੁਸੀਂ ਪਰਮੇਸ਼ੁਰ ਅਤੇ ਪੈਸੇ ਦੋਵਾਂ ਦੀ ਗ਼ੁਲਾਮੀ ਨਹੀਂ ਕਰ ਸਕਦੇ।” ਇਹ ਹੋ ਹੀ ਨਹੀਂ ਸਕਦਾ ਕਿ ਅਸੀਂ ਚੀਜ਼ਾਂ ਇਕੱਠੀਆਂ ਕਰਨ ਦੇ ਨਾਲ-ਨਾਲ ਯਹੋਵਾਹ ਦੀ ਸੇਵਾ ਵੀ ਕਰਦੇ ਰਹੀਏ। ਯਿਸੂ ਨੇ ਇਹ ਵੀ ਦੱਸਿਆ ਕਿ ਅਸੀਂ “ਇਕ ਨੂੰ ਪਿਆਰ ਤੇ ਦੂਜੇ ਨੂੰ ਨਫ਼ਰਤ” ਕਰਾਂਗੇ ਜਾਂ “ਇਕ ਦੀ ਦਿਲੋਂ ਸੇਵਾ” ਕਰਾਂਗੇ ਅਤੇ “ਦੂਜੇ ਨਾਲ ਘਿਰਣਾ” ਕਰਾਂਗੇ। (ਮੱਤੀ 6:24) ਨਾਮੁਕੰਮਲ ਹੋਣ ਕਰਕੇ ਸਾਨੂੰ ਆਪਣੇ “ਸਰੀਰ ਦੀਆਂ ਇੱਛਾਵਾਂ” ਨਾਲ ਲੜਦੇ ਰਹਿਣ ਦੀ ਲੋੜ ਹੈ। ਇਸ ਵਿਚ ਚੀਜ਼ਾਂ ਇਕੱਠੀਆਂ ਕਰਨੀਆਂ ਵੀ ਸ਼ਾਮਲ ਹਨ।—ਅਫ਼. 2:3.
17. (ੳ) ਕਈ ਲੋਕ ਚੀਜ਼ਾਂ ਅਤੇ ਪੈਸੇ ਪ੍ਰਤੀ ਸਹੀ ਨਜ਼ਰੀਆ ਕਿਉਂ ਨਹੀਂ ਰੱਖ ਪਾਉਂਦੇ? (ਅ) ਅਸੀਂ ਧਨ-ਦੌਲਤ ਦੇ ਫੰਦੇ ਤੋਂ ਕਿਵੇਂ ਬਚ ਸਕਦੇ ਹਾਂ?
17 ਬਹੁਤ ਸਾਰੇ ਲੋਕ ਆਪਣੀਆਂ ਹੀ ਇੱਛਾਵਾਂ ਪੂਰੀਆਂ ਕਰਨ ਵਿਚ ਇੰਨੇ ਖੁੱਭੇ ਹੋਏ ਹਨ ਕਿ ਉਹ ਚੀਜ਼ਾਂ ਤੇ ਪੈਸੇ ਪ੍ਰਤੀ ਸਹੀ ਨਜ਼ਰੀਆ ਨਹੀਂ ਰੱਖ ਪਾਉਂਦੇ। (1 ਕੁਰਿੰਥੀਆਂ 2:14 ਪੜ੍ਹੋ।) ਸੋਚਣ-ਸਮਝਣ ਦੀ ਕਾਬਲੀਅਤ ਵਿਚ ਕਮਜ਼ੋਰ ਹੋਣ ਕਰਕੇ ਉਹ ਸਹੀ-ਗ਼ਲਤ ਵਿਚ ਫ਼ਰਕ ਨਹੀਂ ਦੇਖ ਪਾਉਂਦੇ। (ਇਬ. 5:11-14) ਉਨ੍ਹਾਂ ਦੀ ਚੀਜ਼ਾਂ ਇਕੱਠੀਆਂ ਕਰਨ ਦੀ ਲਾਲਸਾ ਸ਼ਾਇਦ ਦਿਨ-ਬ-ਦਿਨ ਵਧਦੀ ਜਾਵੇ। ਚੀਜ਼ਾਂ ਇਕੱਠੀਆਂ ਕਰ-ਕਰ ਕੇ ਵੀ ਉਹ ਰੱਜਦੇ ਨਹੀਂ। (ਉਪ. 5:10) ਪਰ ਅਸੀਂ ਇਸ ਫੰਦੇ ਤੋਂ ਕਿਵੇਂ ਬਚ ਸਕਦੇ ਹਾਂ? ਲਗਾਤਾਰ ਬਾਈਬਲ ਪੜ੍ਹ ਕੇ। (1 ਪਤ. 2:2) ਯਿਸੂ ਨੇ ਪਰਮੇਸ਼ੁਰ ਦੇ ਬਚਨ ʼਤੇ ਭਰੋਸਾ ਰੱਖਿਆ ਜਿਸ ਕਰਕੇ ਉਹ ਸ਼ੈਤਾਨ ਦੀਆਂ ਪਰੀਖਿਆਵਾਂ ਤੋਂ ਬਚ ਸਕਿਆ। ਜੇ ਅਸੀਂ ਵੀ ਸ਼ੈਤਾਨ ਦੀਆਂ ਪਰੀਖਿਆਵਾਂ ਤੋਂ ਬਚਣਾ ਚਾਹੁੰਦਾ ਹਾਂ, ਤਾਂ ਸਾਨੂੰ ਵੀ ਬਾਈਬਲ ਵਿਚ ਦਿੱਤੇ ਅਸੂਲ ਲਾਗੂ ਕਰਨੇ ਚਾਹੀਦੇ ਹਨ। (ਮੱਤੀ 4:8-10) ਇੱਦਾਂ ਕਰਨ ਨਾਲ ਅਸੀਂ ਦਿਖਾਵਾਂਗੇ ਕਿ ਅਸੀਂ ਚੀਜ਼ਾਂ ਨੂੰ ਨਹੀਂ, ਸਗੋਂ ਯਿਸੂ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੇ ਹਾਂ।
18. ਤੁਸੀਂ ਕੀ ਕਰਨ ਦੀ ਠਾਣੀ ਹੈ?
18 ਜਦੋਂ ਯਿਸੂ ਨੇ ਪਤਰਸ ਨੂੰ ਪੁੱਛਿਆ, “ਕੀ ਤੂੰ ਮੈਨੂੰ ਇਨ੍ਹਾਂ ਨਾਲੋਂ ਵੀ ਜ਼ਿਆਦਾ ਪਿਆਰ ਕਰਦਾ ਹੈਂ?” ਤਾਂ ਉਹ ਪਤਰਸ ਨੂੰ ਇਹ ਸਮਝਾ ਰਿਹਾ ਸੀ ਕਿ ਉਹ ਯਹੋਵਾਹ ਦੀ ਸੇਵਾ ਨੂੰ ਪਹਿਲ ਦੇਵੇ। ਪਤਰਸ ਦੇ ਨਾਂ ਦਾ ਮਤਲਬ “ਚਟਾਨ” ਜਾਂ “ਪੱਥਰ” ਹੈ। ਪਤਰਸ ਨੇ ਚਟਾਨ ਵਰਗੇ ਗੁਣ ਦਿਖਾਏ ਅਤੇ ਹੋਰਨਾਂ ਨੂੰ ਵੀ ਮਜ਼ਬੂਤ ਕੀਤਾ। (ਰਸੂ. 4:5-20) ਅੱਜ ਅਸੀਂ ਵੀ ਮਸੀਹ ਲਈ ਆਪਣੇ ਪਿਆਰ ਨੂੰ ਗੂੜ੍ਹਾ ਕਰਨਾ ਚਾਹੁੰਦੇ ਹਾਂ। ਇਸ ਲਈ ਸਾਨੂੰ ਕੰਮ-ਧੰਦੇ, ਮਨੋਰੰਜਨ ਅਤੇ ਧੰਨ-ਦੌਲਤ ਪ੍ਰਤੀ ਸਹੀ ਨਜ਼ਰੀਆ ਰੱਖਣਾ ਚਾਹੀਦਾ ਹੈ। ਫਿਰ ਅਸੀਂ ਵੀ ਪਤਸਰ ਵਾਂਗ ਕਹਿ ਸਕਾਂਗੇ: “ਪ੍ਰਭੂ, ਤੂੰ ਜਾਣਦਾ ਹੈਂ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ।”