ਸਫ਼ਾਈ ਰੱਖਣ ਨਾਲ ਯਹੋਵਾਹ ਦੀ ਮਹਿਮਾ ਹੁੰਦੀ ਹੈ
1 “ਸਾਰੇ ਆਦਮੀ ਬਹੁਤ ਹੀ ਸਾਫ਼-ਸੁਥਰੇ ਹਨ ਅਤੇ ਉਨ੍ਹਾਂ ਨੇ ਟਾਈਆਂ ਲਾਈਆਂ ਹੋਈਆਂ ਹਨ। ਔਰਤਾਂ ਨੇ ਸੋਹਣੇ ਅਤੇ ਢੰਗ ਦੇ ਕੱਪੜੇ ਪਾਏ ਹੋਏ ਹਨ।” ਇਕ ਹੋਰ ਆਦਮੀ, ਇਕ ਸੁਰੱਖਿਆ ਮੁਲਾਜ਼ਮ ਨੇ ਕਿਹਾ: “ਉਹ ਬਹੁਤ ਹੀ ਅਦਬ ਨਾਲ ਪੇਸ਼ ਆਉਂਦੇ ਹਨ। ਇਹ ਲੋਕ ਸਫ਼ਾਈ ਰੱਖਣੀ ਪਸੰਦ ਕਰਦੇ ਹਨ। ਮੈਨੂੰ ਉਨ੍ਹਾਂ ਨੂੰ ਦੇਖ ਕੇ ਬਹੁਤ ਚੰਗਾ ਲੱਗ ਰਿਹਾ ਹੈ। ਗੰਦ ਨਾਲ ਭਰੀ ਇਸ ਦੁਨੀਆਂ ਵਿਚ ਤੁਸੀਂ ਗੰਦਗੀ ਨੂੰ ਹਟਾ ਦਿੱਤਾ ਹੈ।” ਇਹ ਕਿਨ੍ਹਾਂ ਬਾਰੇ ਗੱਲ ਹੋ ਰਹੀ ਹੈ? ਕਿਸੇ ਸਿਆਸੀ ਸਮਾਰੋਹ ਬਾਰੇ? ਕ੍ਰਿਕਟ ਮੈਚ ਬਾਰੇ? ਵਿਆਹ ਦੀ ਪਾਰਟੀ ਬਾਰੇ? ਨਹੀਂ! ਇਹ ਪਿਛਲੇ ਸਾਲ ਹੋਏ ਇਕ ਵੱਡੇ ਜ਼ਿਲ੍ਹਾ ਸੰਮੇਲਨ ਵਿਚ ਇਕੱਠੇ ਹੋਏ ਸਾਡੇ ਭੈਣਾਂ-ਭਰਾਵਾਂ ਬਾਰੇ ਗੱਲ ਹੋ ਰਹੀ ਹੈ।
2 ਇਹ ਸਾਡੇ ਲਈ ਕਿੰਨੇ ਮਾਣ ਦੀ ਗੱਲ ਹੈ! ਕੀ ਅਸੀਂ ਆਪਣੇ ਭਰਾਵਾਂ ਦੀ ਪ੍ਰਸ਼ੰਸਾ ਸੁਣ ਕੇ ਖ਼ੁਸ਼ ਨਹੀਂ ਹੁੰਦੇ? ਸੰਮੇਲਨ ਵਿਚ ਇਕੱਠੇ ਹੋਏ ਸਾਰੇ ਭੈਣ-ਭਰਾਵਾਂ ਦੇ ਸਦਕਾ ਹੀ ਲੋਕਾਂ ਨੇ ਸਾਡੀ ਇਸ ਤਰ੍ਹਾਂ ਪ੍ਰਸ਼ੰਸਾ ਕੀਤੀ ਕਿਉਂਕਿ ਲੋਕਾਂ ਨੇ ਉਨ੍ਹਾਂ ਦੇ ਚੰਗੇ ਚਾਲ-ਚਲਣ ਨੂੰ ਦੇਖਿਆ। ਲੋਕਾਂ ਨੇ ਉਨ੍ਹਾਂ ਨੂੰ ਸਟੇਡੀਅਮ ਸਾਫ਼ ਕਰਦੇ ਵੀ ਦੇਖਿਆ ਸੀ। ਦੁਨੀਆਂ ਭਰ ਵਿਚ ਅਸੀਂ ਆਪਣੇ ਚੰਗੇ ਚਾਲ-ਚਲਣ ਲਈ ਜਾਣੇ ਜਾਂਦੇ ਹਾਂ। ਲੋਕ ਜਾਣਦੇ ਹਨ ਕਿ ਅਸੀਂ ਦੂਸਰਿਆਂ ਤੋਂ ਵੱਖਰੇ ਹਾਂ। (ਮਲਾ. 3:18) ਕਿਉਂ? ਕਿਉਂਕਿ ਅਸੀਂ ਯਹੋਵਾਹ ਦੇ ਇਸ ਹੁਕਮ ਨੂੰ ਮੰਨਦੇ ਹਾਂ: “ਤੁਸੀਂ ਪਵਿੱਤਰ ਬਣੋ ਇਸ ਲਈ ਜੋ ਮੈਂ ਪਵਿੱਤਰ ਹਾਂ।”—1 ਪਤ. 1:16.
3 “ਅਪਵਿੱਤਰ” ਨੂੰ ਪਵਿੱਤਰ ਕਰਨਾ? ਸੰਮੇਲਨਾਂ ਲਈ ਕਿਰਾਏ ਤੇ ਲਏ ਗਏ ਹਾਲ ਜਾਂ ਸਟੇਡੀਅਮ ਬਹੁਤ ਹੀ ਬੁਰੇ ਹਾਲ ਵਿਚ ਹੁੰਦੇ ਹਨ ਕਿਉਂਕਿ ਇਨ੍ਹਾਂ ਨੂੰ ਇਸਤੇਮਾਲ ਕਰਨ ਵਾਲੇ ਲੋਕਾਂ ਨੇ ਕਈ ਸਾਲਾਂ ਤੋਂ ਇਨ੍ਹਾਂ ਦੀ ਗ਼ਲਤ ਤਰੀਕੇ ਨਾਲ ਵਰਤੋਂ ਕੀਤੀ ਹੈ ਅਤੇ ਉੱਥੇ ਤੋੜ-ਫੋੜ ਕੀਤੀ ਹੈ ਤੇ ਗੰਦਗੀ ਫੈਲਾਈ ਹੈ। ਪਖ਼ਾਨੇ, ਸਟੇਜ ਨਾਲ ਲੱਗਦੇ ਕਮਰੇ ਅਤੇ ਹੋਰ ਥਾਵਾਂ ਸਾਡੇ ਪਵਿੱਤਰ ਪਰਮੇਸ਼ੁਰ ਦੇ ਸਫ਼ਾਈ ਦੇ ਮਿਆਰ ਉੱਤੇ ਪੂਰੇ ਨਹੀਂ ਉੱਤਰਦੇ ਹਨ। ਸਗੋਂ ਇਹ ਅਕਸਰ ਇਸ ਜਗਤ ਦੇ “ਅਪਵਿੱਤਰ” ਈਸ਼ਵਰ ਦੇ ਗੁਣਾਂ ਦੀ ਝਲਕ ਦਿੰਦੇ ਹਨ। (2 ਕੁਰਿੰ. 4:4) ਅਸੀਂ ਇਨ੍ਹਾਂ ਥਾਵਾਂ ਨੂੰ ਕਿੱਦਾਂ ਪਵਿੱਤਰ ਬਣਾ ਸਕਦੇ ਹਾਂ?
4 ਚਿੰਨਈ, ਕੋਚੀ ਅਤੇ ਮੁੰਬਈ ਵਿਚ ਪ੍ਰੋਗ੍ਰਾਮ ਸ਼ੁਰੂ ਹੋਣ ਤੋਂ ਦੋ-ਤਿੰਨ ਦਿਨ ਪਹਿਲਾਂ ਹਜ਼ਾਰਾਂ ਸਵੈ-ਸੇਵਕਾਂ ਦੀ ਲੋੜ ਪਵੇਗੀ ਤਾਂਕਿ ਸੰਮੇਲਨ ਵਾਲੀਆਂ ਥਾਂਵਾਂ ਨੂੰ ਸਾਫ਼ ਕਰ ਕੇ ਇੰਨਾ ਸੋਹਣਾ ਬਣਾਇਆ ਜਾ ਸਕੇ ਜਿੰਨਾ ਪਹਿਲਾਂ ਕਦੇ ਨਹੀਂ ਬਣਾਇਆ ਗਿਆ। ਸੰਮੇਲਨ ਦੇ ਤਿੰਨਾਂ ਦਿਨਾਂ ਦੌਰਾਨ ਵੀ ਸੈਂਕੜੇ ਹੋਰ ਭੈਣ-ਭਰਾਵਾਂ ਨੂੰ ਪਖ਼ਾਨਿਆਂ ਨੂੰ ਸਾਫ਼ ਕਰਨ, ਗੈਲਰੀਆਂ ਵਿਚ ਝਾੜੂ ਫੇਰਨ, ਸੀਟਾਂ ਨੂੰ ਪਾਣੀ ਨਾਲ ਧੋਣ ਅਤੇ ਦੂਸਰੇ ਜ਼ਰੂਰੀ ਕੰਮ ਕਰਨ ਲਈ ਨਿਯੁਕਤ ਕੀਤਾ ਜਾਵੇਗਾ। ਆਪਣੇ ਨਾਲ ਕੁਝ ਪੁਰਾਣੇ ਕੱਪੜੇ ਲੈ ਕੇ ਆਓ, ਤਾਂਕਿ ਤੁਸੀਂ ਵੀ ਇਸ ਖ਼ਾਸ ਸਫ਼ਾਈ ਦੇ ਕੰਮ ਵਿਚ ਹਿੱਸਾ ਲੈ ਕੇ ਯਹੋਵਾਹ ਦੀ ਮਹਿਮਾ ਕਰ ਸਕੋ।
5 ਬੀਤੇ ਸਾਲਾਂ ਵਿਚ ਅਸੀਂ ਸ਼ਾਇਦ ਸਿਰਫ਼ ਫ਼ਰਸ਼ ਉੱਤੇ ਝਾੜੂ-ਪੋਚਾ ਫੇਰਦੇ ਸਾਂ ਅਤੇ ਕੁਰਸੀਆਂ ਨੂੰ ਸਾਫ਼ ਕਰਦੇ ਸਾਂ। ਇਸ ਸਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਸੰਮੇਲਨ ਹਾਲ ਦਾ ਕੋਨਾ-ਕੋਨਾ ਸਾਫ਼ ਰਹੇ, ਤਾਂਕਿ ਸਾਡੇ ਸਫ਼ਾਈ-ਪਸੰਦ ਪਰਮੇਸ਼ੁਰ ਦੀ ਮਹਿਮਾ ਹੋਵੇ। ਇਸ ਵਿਚ ਸਾਰੇ ਹਿੱਸਾ ਲੈ ਸਕਦੇ ਹਨ। ਬੱਚਿਆਂ ਨੂੰ ਸਿਖਾਓ ਕਿ ਉਹ ਫ਼ਰਸ਼ ਤੋਂ ਕਾਗਜ਼ ਜਾਂ ਕੂੜਾ-ਕਰਕਟ ਚੁੱਕ ਕੇ ਕੂੜੇਦਾਨ ਵਿਚ ਸੁੱਟਣ। ਜੇ ਜ਼ਮੀਨ ਉੱਤੇ ਕੁਝ ਡੁਲ੍ਹਿਆ ਹੈ ਜਾਂ ਟੁੱਟਾ ਹੈ, ਤਾਂ ਸਫ਼ਾਈ ਵਿਭਾਗ ਦੇ ਭਰਾਵਾਂ ਨੂੰ ਇਸ ਬਾਰੇ ਦੱਸੋ ਤਾਂਕਿ ਉਹ ਇਸ ਨੂੰ ਸਾਫ਼ ਕਰ ਸਕਣ। ਜਦੋਂ ਸਾਡੇ ਭਰਾ ਪਖ਼ਾਨਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਦਿੰਦੇ ਹਨ, ਤਾਂ ਸਾਨੂੰ ਸਾਰਿਆਂ ਨੂੰ ਪਖ਼ਾਨਿਆਂ ਨੂੰ ਇਸੇ ਤਰ੍ਹਾਂ ਸਾਫ਼ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
6 ਸਾਡਾ ਪਹਿਰਾਵਾ: ਸਾਡੇ ਪਹਿਰਾਵੇ ਨੂੰ ਦੇਖ ਕੇ ਲੋਕ ਕੀ ਸੋਚਦੇ ਹਨ? ਹਰ ਸਾਲ ਸਾਡੇ ਭੈਣ-ਭਰਾਵਾਂ ਨੇ ਸਾਫ਼-ਸੁਥਰੇ ਅਤੇ ਸੋਹਣੇ ਕੱਪੜੇ ਪਾ ਕੇ ਚੰਗੀ ਮਿਸਾਲ ਕਾਇਮ ਕੀਤੀ ਹੈ। ਸਾਰੇ ਭੈਣ-ਭਰਾ ਆਪਣੇ ਸੋਹਣੇ-ਸੋਹਣੇ ਕੱਪੜੇ ਪਾ ਕੇ ਸੰਮੇਲਨ ਵਿਚ ਆਉਂਦੇ ਹਨ। ਸਾਨੂੰ ਇਹ ਦੇਖ ਕੇ ਬੜੀ ਖ਼ੁਸ਼ੀ ਹੁੰਦੀ ਹੈ ਕਿ ਸਾਡੀਆਂ ਭੈਣਾਂ ਢੰਗ ਦੀਆਂ ਸਾੜੀਆਂ, ਸਲਵਾਰ-ਕਮੀਜ਼ਾਂ ਜਾਂ ਸਕਰਟਾਂ ਪਾਉਂਦੀਆਂ ਹਨ। ਨੌਜਵਾਨ ਭੈਣ-ਭਰਾ ਵੀ ਸਾਡੀ ਪ੍ਰਸ਼ੰਸਾ ਦੇ ਯੋਗ ਹਨ ਕਿਉਂਕਿ ਉਹ ਇਸ ਦੁਨੀਆਂ ਦੇ ਨਵੇਂ ਤੋਂ ਨਵੇਂ ਫ਼ੈਸ਼ਨ ਦੀ ਰੀਸ ਨਹੀਂ ਕਰਦੇ। (ਰੋਮੀ. 12:2) ਢੰਗ ਦੇ ਕੱਪੜੇ ਪਾਉਣ ਨਾਲ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਸੱਚ-ਮੁੱਚ “ਪਰਮੇਸ਼ੁਰ ਦੀ ਵਡਿਆਈ” ਕਰਨੀ ਚਾਹੁੰਦੇ ਹਾਂ।—1 ਪਤ. 2:12.
7 ਇਸ ਗੱਲ ਨੂੰ ਚੇਤੇ ਰੱਖੋ ਕਿ ਮੁੰਬਈ ਦੇ ਸੰਮੇਲਨ ਵਿਚ ਬੈਠਣ ਲਈ ਕੁਰਸੀਆਂ ਨਹੀਂ ਹੋਣਗੀਆਂ। ਇਸ ਲਈ, ਉਹ ਕੱਪੜੇ ਪਾ ਕੇ ਆਓ ਜੋ ਸਟੇਡੀਅਮ ਦੀਆਂ ਪੌੜੀਆਂ ਉੱਤੇ ਬੈਠਣ ਲਈ ਆਰਾਮਦਾਇਕ ਹੋਣ। ਆਪਣੇ ਨਾਲ ਚਟਾਈ ਜਾਂ ਛੋਟਾ ਤਕੀਆ ਲਿਆਉਣਾ ਚੰਗਾ ਹੋਵੇਗਾ। ਕੋਚੀ ਸ਼ਹਿਰ ਦੇ ਸੰਮੇਲਨ ਵਿਚ ਵੀ ਆਰਾਮਦਾਇਕ ਕੱਪੜੇ ਪਾ ਕੇ ਆਓ ਕਿਉਂਕਿ ਹਾਲ ਵਿਚ ਇੰਨੇ ਸਾਰੇ ਲੋਕ ਇਕੱਠੇ ਹੋਣ ਨਾਲ ਅੰਦਰ ਕਾਫ਼ੀ ਗਰਮੀ ਹੋਵੇਗੀ।
8 ਆਓ ਆਪਾਂ ਇਸ ਸਾਲ ਦੇ “ਰਾਜ ਦੇ ਜੋਸ਼ੀਲੇ ਪ੍ਰਚਾਰਕ” ਜ਼ਿਲ੍ਹਾ ਸੰਮੇਲਨ ਵਿਚ ਇਹ ਸਾਬਤ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰੀਏ ਕਿ ਅਸੀਂ “ਯਹੋਵਾਹ ਆਪਣੇ ਪਰਮੇਸ਼ੁਰ ਦੀ ਪਵਿੱਤ੍ਰ ਪਰਜਾ” ਹਾਂ। ਜੇ ਲੋਕ ਸਾਡੇ ਬਾਰੇ ਚੰਗੀ ਰਾਇ ਕਾਇਮ ਕਰਨਗੇ, ਤਾਂ ਇਸ ਨਾਲ ਯਹੋਵਾਹ ਦੀ “ਉਸਤਤ, ਨਾਉਂ ਅਤੇ ਪਤ” ਵਿਚ ਵਾਧਾ ਹੋਵੇਗਾ।—ਬਿਵ. 26:19.
[ਸਫ਼ੇ 6 ਉੱਤੇ ਡੱਬੀ]
ਯਹੋਵਾਹ ਦੀ ਮਹਿਮਾ ਕਿੱਦਾਂ ਕਰੀਏ:
■ ਸੰਮੇਲਨ ਦੀ ਥਾਂ ਨੂੰ ਸਾਫ਼ ਕਰਨ ਵਿਚ ਹਿੱਸਾ ਲਓ।
■ ਸਭ ਕੁਝ ਸਾਫ਼-ਸੁਥਰਾ ਰੱਖਣ ਵਿਚ ਮਦਦ ਕਰੋ।
■ ਆਰਾਮਦਾਇਕ ਅਤੇ ਢੰਗ ਦੇ ਕੱਪੜੇ ਪਾਓ ਜੋ ਪਰਮੇਸ਼ੁਰ ਦੇ ਸੇਵਕਾਂ ਨੂੰ ਫਬਦੇ ਹਨ।