ਅਧਿਐਨ ਲੇਖ 20
ਅਸੀਂ ਆਪਣੀਆਂ ਪ੍ਰਾਰਥਨਾਵਾਂ ਵਿਚ ਹੋਰ ਸੁਧਾਰ ਕਿਵੇਂ ਕਰ ਸਕਦੇ ਹਾਂ?
“ਉਸ ਦੇ ਸਾਮ੍ਹਣੇ ਆਪਣੇ ਦਿਲ ਖੋਲ੍ਹ ਦਿਓ।”—ਜ਼ਬੂ. 62:8.
ਗੀਤ 45 ਮੇਰੇ ਮਨ ਦੇ ਖ਼ਿਆਲ
ਖ਼ਾਸ ਗੱਲਾਂa
1. ਯਹੋਵਾਹ ਆਪਣੇ ਸੇਵਕਾਂ ਨੂੰ ਕੀ ਕਰਨ ਦੀ ਹੱਲਾਸ਼ੇਰੀ ਦਿੰਦਾ ਹੈ? (ਤਸਵੀਰ ਵੀ ਦੇਖੋ।)
ਜਦੋਂ ਵੀ ਸਾਨੂੰ ਦਿਲਾਸੇ ਅਤੇ ਸੇਧ ਦੀ ਲੋੜ ਹੁੰਦੀ ਹੈ, ਤਾਂ ਅਸੀਂ ਕਿਸ ਕੋਲ ਜਾ ਸਕਦੇ ਹਾਂ? ਸਾਨੂੰ ਸਾਰਿਆਂ ਨੂੰ ਇਸ ਸਵਾਲ ਦਾ ਜਵਾਬ ਪਤਾ ਹੈ। ਅਸੀਂ ਯਹੋਵਾਹ ਪਰਮੇਸ਼ੁਰ ਨੂੰ ਪ੍ਰਾਰਥਨਾ ਕਰ ਸਕਦੇ ਹਾਂ। ਯਹੋਵਾਹ ਸਾਨੂੰ ਇੱਦਾਂ ਕਰਨ ਦੀ ਹੱਲਾਸ਼ੇਰੀ ਵੀ ਦਿੰਦਾ ਹੈ। ਬਾਈਬਲ ਵਿਚ ਲਿਖਿਆ ਹੈ: “ਲਗਾਤਾਰ ਪ੍ਰਾਰਥਨਾ ਕਰਦੇ ਰਹੋ।” (1 ਥੱਸ. 5:17) ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਬੇਝਿਜਕ ਉਸ ਨੂੰ ਪ੍ਰਾਰਥਨਾ ਕਰੀਏ ਅਤੇ ਉਸ ਤੋਂ ਜ਼ਿੰਦਗੀ ਦੇ ਸਾਰੇ ਮਾਮਲਿਆਂ ਬਾਰੇ ਸਲਾਹ ਲਈਏ। (ਕਹਾ. 3:5, 6) ਯਹੋਵਾਹ ਬਹੁਤ ਖੁੱਲ੍ਹੇ ਦਿਲ ਵਾਲਾ ਪਰਮੇਸ਼ੁਰ ਹੈ। ਇਸ ਲਈ ਅਸੀਂ ਉਸ ਨੂੰ ਜਿੰਨੀ ਵਾਰ ਮਰਜ਼ੀ ਪ੍ਰਾਰਥਨਾ ਕਰ ਸਕਦੇ ਹਾਂ।
2. ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?
2 ਅਸੀਂ ਯਹੋਵਾਹ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਸਾਨੂੰ ਪ੍ਰਾਰਥਨਾ ਕਰਨ ਦਾ ਸਨਮਾਨ ਦਿੱਤਾ ਹੈ। ਪਰ ਸਾਨੂੰ ਹਰ ਰੋਜ਼ ਬਹੁਤ ਸਾਰੇ ਕੰਮ ਕਰਨੇ ਪੈਂਦੇ ਹਨ ਜਿਸ ਕਰਕੇ ਸ਼ਾਇਦ ਸਾਨੂੰ ਪ੍ਰਾਰਥਨਾ ਕਰਨ ਲਈ ਸਮਾਂ ਕੱਢਣਾ ਔਖਾ ਲੱਗੇ। ਜਾਂ ਸ਼ਾਇਦ ਸਾਨੂੰ ਲੱਗੇ ਕਿ ਸਾਨੂੰ ਆਪਣੀਆਂ ਪ੍ਰਾਰਥਨਾਵਾਂ ਵਿਚ ਸੁਧਾਰ ਕਰਨ ਦੀ ਲੋੜ ਹੈ। ਖ਼ੁਸ਼ੀ ਦੀ ਗੱਲ ਹੈ ਕਿ ਪਰਮੇਸ਼ੁਰ ਦਾ ਬਚਨ ਸਾਨੂੰ ਇੱਦਾਂ ਕਰਨ ਦੀ ਹੱਲਾਸ਼ੇਰੀ ਅਤੇ ਸੇਧ ਦਿੰਦਾ ਹੈ। ਇਸ ਲੇਖ ਵਿਚ ਅਸੀਂ ਯਿਸੂ ਦੀ ਮਿਸਾਲ ਤੋਂ ਸਿੱਖਾਂਗੇ ਕਿ ਅਸੀਂ ਪ੍ਰਾਰਥਨਾ ਕਰਨ ਲਈ ਸਮਾਂ ਕਿਵੇਂ ਕੱਢ ਸਕਦੇ ਹਾਂ। ਨਾਲੇ ਅਸੀਂ ਪੰਜ ਜ਼ਰੂਰੀ ਗੱਲਾਂ ʼਤੇ ਚਰਚਾ ਕਰਾਂਗੇ ਜਿਨ੍ਹਾਂ ਦੀ ਮਦਦ ਨਾਲ ਅਸੀਂ ਆਪਣੀਆਂ ਪ੍ਰਾਰਥਨਾਵਾਂ ਵਿਚ ਸੁਧਾਰ ਕਰ ਸਕਾਂਗੇ।
ਯਿਸੂ ਨੇ ਪ੍ਰਾਰਥਨਾ ਕਰਨ ਲਈ ਸਮਾਂ ਕੱਢਿਆ
3. ਯਿਸੂ ਪ੍ਰਾਰਥਨਾਵਾਂ ਬਾਰੇ ਕੀ ਜਾਣਦਾ ਸੀ?
3 ਯਿਸੂ ਜਾਣਦਾ ਸੀ ਕਿ ਸਾਡੀਆਂ ਪ੍ਰਾਰਥਨਾਵਾਂ ਯਹੋਵਾਹ ਲਈ ਕਿੰਨੀਆਂ ਮਾਅਨੇ ਰੱਖਦੀਆਂ ਹਨ। ਧਰਤੀ ʼਤੇ ਆਉਣ ਤੋਂ ਪਹਿਲਾਂ ਉਸ ਨੇ ਦੇਖਿਆ ਸੀ ਕਿ ਉਸ ਦਾ ਪਿਤਾ ਆਪਣੇ ਵਫ਼ਾਦਾਰ ਸੇਵਕਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ। ਉਦਾਹਰਣ ਲਈ, ਜਦੋਂ ਯਹੋਵਾਹ ਨੇ ਹੰਨਾਹ, ਦਾਊਦ ਅਤੇ ਏਲੀਯਾਹ ਵਰਗੇ ਵਫ਼ਾਦਾਰ ਸੇਵਕਾਂ ਦੀਆਂ ਦਿਲੋਂ ਕੀਤੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ, ਤਾਂ ਯਿਸੂ ਆਪਣੇ ਪਿਤਾ ਦੇ ਨਾਲ ਸੀ। (1 ਸਮੂ. 1:10, 11, 20; 1 ਰਾਜ. 19:4-6; ਜ਼ਬੂ. 32:5) ਇਸ ਕਰਕੇ ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਉਹ ਵਾਰ-ਵਾਰ ਅਤੇ ਪੂਰੇ ਭਰੋਸੇ ਨਾਲ ਪ੍ਰਾਰਥਨਾ ਕਰਨ!—ਮੱਤੀ 7:7-11.
4. ਪ੍ਰਾਰਥਨਾ ਕਰਨ ਬਾਰੇ ਅਸੀਂ ਯਿਸੂ ਤੋਂ ਕੀ ਸਿੱਖਦੇ ਹਾਂ?
4 ਯਿਸੂ ਨੇ ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਆਪਣੇ ਚੇਲਿਆਂ ਲਈ ਇਕ ਵਧੀਆ ਮਿਸਾਲ ਰੱਖੀ। ਆਪਣੀ ਸੇਵਕਾਈ ਦੌਰਾਨ ਯਿਸੂ ਨੇ ਵਾਰ-ਵਾਰ ਪ੍ਰਾਰਥਨਾ ਕੀਤੀ। ਭਾਵੇਂ ਕਿ ਉਹ ਅਕਸਰ ਬਿਜ਼ੀ ਰਹਿੰਦਾ ਸੀ ਅਤੇ ਲੋਕਾਂ ਨਾਲ ਘਿਰਿਆ ਰਹਿੰਦਾ ਸੀ, ਫਿਰ ਵੀ ਉਹ ਪ੍ਰਾਰਥਨਾ ਕਰਨ ਲਈ ਸਮਾਂ ਕੱਢਦਾ ਸੀ। (ਮਰ. 6:31, 45, 46) ਉਹ ਸਵੇਰੇ ਜਲਦੀ ਉੱਠਦਾ ਸੀ ਤਾਂਕਿ ਉਸ ਨੂੰ ਇਕੱਲਿਆਂ ਪ੍ਰਾਰਥਨਾ ਕਰਨ ਦਾ ਸਮਾਂ ਮਿਲ ਸਕੇ। (ਮਰ. 1:35) ਇਕ ਵਾਰ ਤਾਂ ਉਸ ਨੇ ਇਕ ਜ਼ਰੂਰੀ ਫ਼ੈਸਲਾ ਕਰਨ ਤੋਂ ਪਹਿਲਾਂ ਸਾਰੀ ਰਾਤ ਪ੍ਰਾਰਥਨਾ ਕੀਤੀ। (ਲੂਕਾ 6:12, 13) ਨਾਲੇ ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਨੇ ਵਾਰ-ਵਾਰ ਪ੍ਰਾਰਥਨਾ ਕੀਤੀ ਕਿਉਂਕਿ ਉਦੋਂ ਉਸ ਨੇ ਧਰਤੀ ʼਤੇ ਯਹੋਵਾਹ ਵੱਲੋਂ ਮਿਲੀ ਸਭ ਤੋਂ ਔਖੀ ਜ਼ਿੰਮੇਵਾਰੀ ਪੂਰੀ ਕਰਨੀ ਸੀ।—ਮੱਤੀ 26:39, 42, 44.
5. ਅਸੀਂ ਪ੍ਰਾਰਥਨਾ ਕਰਨ ਦੇ ਮਾਮਲੇ ਵਿਚ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ?
5 ਯਿਸੂ ਦੀ ਮਿਸਾਲ ਤੋਂ ਅਸੀਂ ਸਿੱਖਦੇ ਹਾਂ ਕਿ ਚਾਹੇ ਅਸੀਂ ਜਿੰਨੇ ਮਰਜ਼ੀ ਬਿਜ਼ੀ ਹੋਈਏ, ਪਰ ਸਾਨੂੰ ਪ੍ਰਾਰਥਨਾ ਕਰਨ ਲਈ ਸਮਾਂ ਕੱਢਣ ਦੀ ਲੋੜ ਹੈ। ਯਿਸੂ ਵਾਂਗ ਸਾਨੂੰ ਵੀ ਪ੍ਰਾਰਥਨਾ ਕਰਨ ਲਈ ਪੱਕਾ ਸਮਾਂ ਰੱਖਣਾ ਚਾਹੀਦਾ ਹੈ। ਇੱਦਾਂ ਕਰਨ ਲਈ ਅਸੀਂ ਸਵੇਰੇ ਜਲਦੀ ਉੱਠ ਸਕਦੇ ਹਾਂ ਜਾਂ ਰਾਤ ਨੂੰ ਲੇਟ ਸੌਂ ਸਕਦੇ ਹਾਂ। ਇੱਦਾਂ ਅਸੀਂ ਯਹੋਵਾਹ ਨੂੰ ਦਿਖਾਵਾਂਗੇ ਕਿ ਅਸੀਂ ਪ੍ਰਾਰਥਨਾ ਦੇ ਖ਼ਾਸ ਸਨਮਾਨ ਦੀ ਕਿੰਨੀ ਕਦਰ ਕਰਦੇ ਹਾਂ। ਭੈਣ ਲਿਨ ਯਾਦ ਕਰਦੀ ਹੈ ਕਿ ਜਦੋਂ ਉਸ ਨੂੰ ਪਹਿਲੀ ਵਾਰ ਪ੍ਰਾਰਥਨਾ ਕਰਨ ਦੇ ਸਨਮਾਨ ਬਾਰੇ ਪਤਾ ਲੱਗਾ, ਤਾਂ ਉਹ ਬਹੁਤ ਖ਼ੁਸ਼ ਹੋਈ। ਉਹ ਦੱਸਦੀ ਹੈ: “ਜਦੋਂ ਮੈਂ ਸਿੱਖਿਆ ਕਿ ਮੈਂ ਕਿਸੇ ਵੀ ਵੇਲੇ ਯਹੋਵਾਹ ਨਾਲ ਗੱਲ ਕਰ ਸਕਦੀ ਹਾਂ, ਤਾਂ ਮੈਨੂੰ ਅਹਿਸਾਸ ਹੋਇਆ ਕਿ ਯਹੋਵਾਹ ਮੇਰਾ ਕਰੀਬੀ ਦੋਸਤ ਹੈ ਅਤੇ ਮੈਨੂੰ ਆਪਣੀਆਂ ਪ੍ਰਾਰਥਨਾਵਾਂ ਵਿਚ ਸੁਧਾਰ ਕਰਨਾ ਚਾਹੀਦਾ ਹੈ।” ਬਿਨਾਂ ਸ਼ੱਕ, ਸਾਡੇ ਵਿੱਚੋਂ ਬਹੁਤ ਜਣੇ ਇੱਦਾਂ ਹੀ ਮਹਿਸੂਸ ਕਰਦੇ ਹਨ। ਇਸ ਲਈ ਆਓ ਆਪਾਂ ਪੰਜ ਜ਼ਰੂਰੀ ਗੱਲਾਂ ʼਤੇ ਚਰਚਾ ਕਰੀਏ ਜਿਨ੍ਹਾਂ ਬਾਰੇ ਅਸੀਂ ਪ੍ਰਾਰਥਨਾ ਕਰ ਸਕਦੇ ਹਾਂ।
ਪ੍ਰਾਰਥਨਾ ਬਾਰੇ ਪੰਜ ਜ਼ਰੂਰੀ ਗੱਲਾਂ
6. ਪ੍ਰਕਾਸ਼ ਦੀ ਕਿਤਾਬ 4:10, 11 ਮੁਤਾਬਕ ਯਹੋਵਾਹ ਕੀ ਪਾਉਣ ਦਾ ਹੱਕਦਾਰ ਹੈ?
6 ਯਹੋਵਾਹ ਦੀ ਮਹਿਮਾ ਕਰੋ। ਯੂਹੰਨਾ ਰਸੂਲ ਨੇ ਇਕ ਸ਼ਾਨਦਾਰ ਦਰਸ਼ਣ ਵਿਚ ਦੇਖਿਆ ਕਿ 24 ਬਜ਼ੁਰਗ ਸਵਰਗ ਵਿਚ ਯਹੋਵਾਹ ਦੀ ਭਗਤੀ ਕਰ ਰਹੇ ਸਨ। ਉਹ ਯਹੋਵਾਹ ਦੀ ਵਡਿਆਈ ਕਰ ਰਹੇ ਸਨ ਅਤੇ ਕਹਿ ਰਹੇ ਸਨ ਕਿ ਉਹੀ “ਮਹਿਮਾ, ਆਦਰ ਅਤੇ ਤਾਕਤ” ਪਾਉਣ ਦਾ ਹੱਕਦਾਰ ਹੈ। (ਪ੍ਰਕਾਸ਼ ਦੀ ਕਿਤਾਬ 4:10, 11 ਪੜ੍ਹੋ।) ਵਫ਼ਾਦਾਰ ਦੂਤਾਂ ਕੋਲ ਵੀ ਯਹੋਵਾਹ ਦੀ ਮਹਿਮਾ ਕਰਨ ਦੇ ਬਹੁਤ ਸਾਰੇ ਕਾਰਨ ਹਨ। ਉਹ ਯਹੋਵਾਹ ਨਾਲ ਸਵਰਗ ਵਿਚ ਹਨ ਅਤੇ ਉਹ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਯਹੋਵਾਹ ਜੋ ਵੀ ਕਰਦਾ ਹੈ, ਉਸ ਨੂੰ ਦੇਖ ਕੇ ਉਹ ਸਮਝ ਪਾਉਂਦੇ ਹਨ ਕਿ ਉਸ ਵਿਚ ਕਿਹੜੇ-ਕਿਹੜੇ ਗੁਣ ਹਨ। ਇਸ ਕਰਕੇ ਉਹ ਆਪਣੇ ਆਪ ਨੂੰ ਉਸ ਦੀ ਵਡਿਆਈ ਕਰਨ ਤੋਂ ਰੋਕ ਨਹੀਂ ਪਾਉਂਦੇ।—ਅੱਯੂ. 38:4-7.
7. ਅਸੀਂ ਕਿਹੜੀਆਂ ਗੱਲਾਂ ਲਈ ਯਹੋਵਾਹ ਦੀ ਮਹਿਮਾ ਕਰ ਸਕਦੇ ਹਾਂ?
7 ਅਸੀਂ ਵੀ ਆਪਣੀਆਂ ਪ੍ਰਾਰਥਨਾਵਾਂ ਵਿਚ ਯਹੋਵਾਹ ਦੀ ਮਹਿਮਾ ਕਰਨੀ ਚਾਹੁੰਦੇ ਹਾਂ। ਇੱਦਾਂ ਕਰਨ ਲਈ ਸਾਨੂੰ ਉਸ ਨੂੰ ਦੱਸਣਾ ਚਾਹੀਦਾ ਹੈ ਕਿ ਸਾਨੂੰ ਉਸ ਦੀਆਂ ਕਿਹੜੀਆਂ ਗੱਲਾਂ ਚੰਗੀਆਂ ਲੱਗਦੀਆਂ ਹਨ ਅਤੇ ਅਸੀਂ ਉਸ ਦਾ ਆਦਰ ਕਿਉਂ ਕਰਦੇ ਹਾਂ। ਬਾਈਬਲ ਪੜ੍ਹਦਿਆਂ ਅਤੇ ਉਸ ਦਾ ਗਹਿਰਾਈ ਨਾਲ ਅਧਿਐਨ ਕਰਦਿਆਂ ਸੋਚੋ ਕਿ ਯਹੋਵਾਹ ਦੇ ਕਿਹੜੇ ਗੁਣ ਤੁਹਾਨੂੰ ਬਹੁਤ ਚੰਗੇ ਲੱਗਦੇ ਹਨ। (ਅੱਯੂ. 37:23; ਰੋਮੀ. 11:33) ਫਿਰ ਯਹੋਵਾਹ ਨੂੰ ਪ੍ਰਾਰਥਨਾ ਵਿਚ ਦੱਸੋ ਕਿ ਤੁਹਾਨੂੰ ਇਨ੍ਹਾਂ ਗੁਣਾਂ ਬਾਰੇ ਕਿੱਦਾਂ ਲੱਗਦਾ ਹੈ। ਅਸੀਂ ਯਹੋਵਾਹ ਦੀ ਇਸ ਗੱਲੋਂ ਵੀ ਮਹਿਮਾ ਕਰ ਸਕਦੇ ਹਾਂ ਕਿ ਉਹ ਸਾਡੇ ਅਤੇ ਸਾਡੇ ਸਾਰੇ ਭੈਣਾਂ-ਭਰਾਵਾਂ ਲਈ ਕਿੰਨਾ ਕੁਝ ਕਰਦਾ ਹੈ। ਉਹ ਹਮੇਸ਼ਾ ਸਾਡੀ ਦੇਖ-ਭਾਲ ਅਤੇ ਰਾਖੀ ਕਰਦਾ ਹੈ।—1 ਸਮੂ. 1:27; 2:1, 2.
8. ਅਸੀਂ ਕਿਹੜੀਆਂ ਗੱਲਾਂ ਲਈ ਯਹੋਵਾਹ ਦਾ ਧੰਨਵਾਦ ਕਰ ਸਕਦੇ ਹਾਂ? (1 ਥੱਸਲੁਨੀਕੀਆਂ 5:18)
8 ਯਹੋਵਾਹ ਦਾ ਧੰਨਵਾਦ ਕਰੋ। ਸਾਡੇ ਕੋਲ ਯਹੋਵਾਹ ਦਾ ਧੰਨਵਾਦ ਕਰਨ ਦੇ ਬਹੁਤ ਸਾਰੇ ਕਾਰਨ ਹਨ। (1 ਥੱਸਲੁਨੀਕੀਆਂ 5:18 ਪੜ੍ਹੋ।) ਅਸੀਂ ਹਰ ਚੰਗੀ ਚੀਜ਼ ਲਈ ਉਸ ਦਾ ਧੰਨਵਾਦ ਕਰ ਸਕਦੇ ਹਾਂ ਕਿਉਂਕਿ ਹਰ ਚੰਗੀ ਦਾਤ ਉਸੇ ਤੋਂ ਹੀ ਮਿਲਦੀ ਹੈ। (ਯਾਕੂ. 1:17) ਉਦਾਹਰਣ ਲਈ, ਅਸੀਂ ਸੋਹਣੀ ਧਰਤੀ ਅਤੇ ਸ਼ਾਨਦਾਰ ਸ੍ਰਿਸ਼ਟੀ ਲਈ ਯਹੋਵਾਹ ਦੇ ਸ਼ੁਕਰਗੁਜ਼ਾਰ ਹੋ ਸਕਦੇ ਹਾਂ। ਅਸੀਂ ਆਪਣੀ ਜ਼ਿੰਦਗੀ, ਪਰਿਵਾਰ, ਦੋਸਤਾਂ ਅਤੇ ਉਮੀਦ ਲਈ ਵੀ ਸ਼ੁਕਰਗੁਜ਼ਾਰੀ ਦਿਖਾ ਸਕਦੇ ਹਾਂ। ਨਾਲੇ ਸਾਨੂੰ ਇਸ ਗੱਲ ਲਈ ਵੀ ਯਹੋਵਾਹ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਉਸ ਨੇ ਸਾਨੂੰ ਆਪਣੇ ਨਾਲ ਦੋਸਤੀ ਕਰਨ ਦਾ ਖ਼ਾਸ ਸਨਮਾਨ ਦਿੱਤਾ ਹੈ।
9. ਸਾਨੂੰ ਸ਼ੁਕਰਗੁਜ਼ਾਰੀ ਦਾ ਗੁਣ ਕਿਉਂ ਪੈਦਾ ਕਰਨਾ ਚਾਹੀਦਾ ਹੈ?
9 ਸਾਨੂੰ ਸ਼ਾਇਦ ਇਹ ਸੋਚਣ ਲਈ ਕਾਫ਼ੀ ਮਿਹਨਤ ਕਰਨੀ ਪਵੇ ਕਿ ਅਸੀਂ ਕਿਨ੍ਹਾਂ ਗੱਲਾਂ ਲਈ ਯਹੋਵਾਹ ਦੇ ਸ਼ੁਕਰਗੁਜ਼ਾਰ ਹੋ ਸਕਦੇ ਹਾਂ। ਅਸੀਂ ਇੱਦਾਂ ਦੀ ਦੁਨੀਆਂ ਵਿਚ ਰਹਿੰਦੇ ਹਾਂ ਜਿੱਥੇ ਜ਼ਿਆਦਾਤਰ ਲੋਕ ਨਾਸ਼ੁਕਰੇ ਹਨ। ਉਹ ਉਨ੍ਹਾਂ ਚੀਜ਼ਾਂ ਦੀ ਕੋਈ ਕਦਰ ਨਹੀਂ ਕਰਦੇ ਜੋ ਉਨ੍ਹਾਂ ਕੋਲ ਹਨ। ਇਸ ਦੀ ਬਜਾਇ, ਉਨ੍ਹਾਂ ਦਾ ਧਿਆਨ ਸਿਰਫ਼ ਇਸ ਗੱਲ ʼਤੇ ਲੱਗਾ ਰਹਿੰਦਾ ਹੈ ਕਿ ਉਨ੍ਹਾਂ ਨੂੰ ਹੋਰ ਕੀ-ਕੀ ਚਾਹੀਦਾ ਹੈ ਅਤੇ ਉਹ ਇਨ੍ਹਾਂ ਨੂੰ ਕਿਵੇਂ ਪਾ ਸਕਦੇ ਹਨ। ਜੇ ਅਸੀਂ ਵੀ ਉਨ੍ਹਾਂ ਵਰਗਾ ਰਵੱਈਆ ਰੱਖਣ ਲੱਗ ਪਈਏ, ਤਾਂ ਅਸੀਂ ਪ੍ਰਾਰਥਨਾ ਵਿਚ ਸਿਰਫ਼ ਮੰਗਦੇ ਹੀ ਰਹਾਂਗੇ। ਜੇ ਅਸੀਂ ਚਾਹੁੰਦੇ ਹਾਂ ਕਿ ਇੱਦਾਂ ਨਾ ਹੋਵੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਯਹੋਵਾਹ ਨੇ ਸਾਡੇ ਲਈ ਜੋ ਕੁਝ ਕੀਤਾ ਹੈ, ਉਸ ਲਈ ਸਾਨੂੰ ਸ਼ੁਕਰਗੁਜ਼ਾਰੀ ਦਾ ਗੁਣ ਪੈਦਾ ਕਰਨ ਦੇ ਨਾਲ-ਨਾਲ ਦਿਖਾਉਂਦੇ ਵੀ ਰਹਿਣਾ ਚਾਹੀਦਾ ਹੈ।—ਲੂਕਾ 6:45.
10. ਸ਼ੁਕਰਗੁਜ਼ਾਰ ਹੋਣ ਕਰਕੇ ਇਕ ਭੈਣ ਦੀ ਮੁਸ਼ਕਲ ਸਹਿਣ ਵਿਚ ਕਿਵੇਂ ਮਦਦ ਹੋਈ? (ਤਸਵੀਰ ਵੀ ਦੇਖੋ।)
10 ਸ਼ੁਕਰਗੁਜ਼ਾਰ ਹੋਣ ਕਰਕੇ ਅਸੀਂ ਮੁਸ਼ਕਲਾਂ ਝੱਲ ਸਕਦੇ ਹਾਂ। ਭੈਣ ਕਯੌਂਗ-ਸੂਕ ਦੇ ਤਜਰਬੇ ʼਤੇ ਗੌਰ ਕਰੋ ਜਿਸ ਦਾ ਤਜਰਬਾ 15 ਜਨਵਰੀ 2015 ਦੇ ਪਹਿਰਾਬੁਰਜ ਵਿਚ ਆਇਆ ਸੀ। ਭੈਣ ਨੂੰ ਫੇਫੜਿਆਂ ਦਾ ਕੈਂਸਰ ਸੀ। ਉਹ ਕਹਿੰਦੀ ਹੈ: “ਇਸ ਬੀਮਾਰੀ ਨੇ ਮੈਨੂੰ ਅੰਦਰੋਂ ਤੋੜ ਦਿੱਤਾ। ਮੈਨੂੰ ਲੱਗਾ ਕਿ ਮੇਰਾ ਸਭ ਕੁਝ ਤਬਾਹ ਹੋ ਗਿਆ ਤੇ ਮੈਂ ਬਹੁਤ ਡਰ ਗਈ।” ਇਸ ਮੁਸ਼ਕਲ ਨੂੰ ਸਹਿਣ ਵਿਚ ਕਿਹੜੀ ਗੱਲ ਨੇ ਉਸ ਦੀ ਮਦਦ ਕੀਤੀ? ਉਹ ਦੱਸਦੀ ਹੈ ਕਿ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਉਹ ਕੋਠੇ ʼਤੇ ਜਾ ਕੇ ਉੱਚੀ ਆਵਾਜ਼ ਵਿਚ ਪ੍ਰਾਰਥਨਾ ਕਰ ਕੇ ਪੰਜ ਚੀਜ਼ਾਂ ਲਈ ਯਹੋਵਾਹ ਧੰਨਵਾਦ ਕਰਦੀ ਸੀ। ਇਸ ਨਾਲ ਉਸ ਦਾ ਭਰੋਸਾ ਵਧਿਆ ਅਤੇ ਉਹ ਯਹੋਵਾਹ ਪ੍ਰਤੀ ਪਿਆਰ ਦਿਖਾਉਣ ਲਈ ਪ੍ਰੇਰਿਤ ਹੋਈ। ਉਸ ਨੇ ਦੇਖਿਆ ਕਿ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਅਜ਼ਮਾਇਸ਼ਾਂ ਵਿਚ ਸੰਭਾਲਦਾ ਹੈ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੀ ਜ਼ਿੰਦਗੀ ਵਿਚ ਅਜ਼ਮਾਇਸ਼ਾਂ ਨਾਲੋਂ ਕਿਤੇ ਜ਼ਿਆਦਾ ਬਰਕਤਾਂ ਹਨ। ਕਯੌਂਗ-ਸੂਕ ਵਾਂਗ ਸਾਡੇ ਕੋਲ ਵੀ ਯਹੋਵਾਹ ਦੇ ਸ਼ੁਕਰਗੁਜ਼ਾਰ ਹੋਣ ਦੇ ਬਹੁਤ ਸਾਰੇ ਕਾਰਨ ਹੁੰਦੇ ਹਨ, ਫਿਰ ਚਾਹੇ ਅਸੀਂ ਕਿਸੇ ਵੀ ਮੁਸ਼ਕਲ ਵਿੱਚੋਂ ਹੀ ਕਿਉਂ ਨਾ ਲੰਘ ਰਹੇ ਹੋਈਏ। ਜਦੋਂ ਅਸੀਂ ਪ੍ਰਾਰਥਨਾ ਵਿਚ ਯਹੋਵਾਹ ਦੇ ਸ਼ੁਕਰਗੁਜ਼ਾਰ ਹੁੰਦੇ ਹਾਂ, ਤਾਂ ਮੁਸ਼ਕਲਾਂ ਦੌਰਾਨ ਧੀਰਜ ਰੱਖਣ ਅਤੇ ਸ਼ਾਂਤ ਰਹਿਣ ਵਿਚ ਸਾਡੀ ਮਦਦ ਹੁੰਦੀ ਹੈ।
11. ਯਿਸੂ ਦੇ ਸਵਰਗ ਵਾਪਸ ਜਾਣ ਤੋਂ ਬਾਅਦ ਉਸ ਦੇ ਚੇਲਿਆਂ ਨੂੰ ਹਿੰਮਤ ਦੀ ਕਿਉਂ ਲੋੜ ਸੀ?
11 ਪ੍ਰਚਾਰ ਕਰਨ ਲਈ ਯਹੋਵਾਹ ਤੋਂ ਹਿੰਮਤ ਮੰਗੋ। ਸਵਰਗ ਵਾਪਸ ਜਾਣ ਤੋਂ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਯਾਦ ਕਰਾਇਆ ਕਿ ਉਨ੍ਹਾਂ ਨੂੰ ਇਕ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਨੇ “ਯਰੂਸ਼ਲਮ, ਪੂਰੇ ਯਹੂਦਿਯਾ, ਸਾਮਰਿਯਾ ਅਤੇ ਧਰਤੀ ਦੇ ਕੋਨੇ-ਕੋਨੇ ਵਿਚ” ਉਸ ਬਾਰੇ ਗਵਾਹੀ ਦੇਣੀ ਸੀ। (ਰਸੂ. 1:8; ਲੂਕਾ 24:46-48) ਇਸ ਤੋਂ ਥੋੜ੍ਹੇ ਸਮੇਂ ਬਾਅਦ ਯਹੂਦੀ ਧਾਰਮਿਕ ਆਗੂਆਂ ਨੇ ਪਤਰਸ ਅਤੇ ਯੂਹੰਨਾ ਰਸੂਲ ਨੂੰ ਫੜ ਲਿਆ ਅਤੇ ਉਨ੍ਹਾਂ ਨੂੰ ਮਹਾਸਭਾ ਸਾਮ੍ਹਣੇ ਪੇਸ਼ ਕੀਤਾ। ਉਨ੍ਹਾਂ ਨੇ ਰਸੂਲਾਂ ਨੂੰ ਡਰਾਇਆ-ਧਮਕਾਇਆ ਅਤੇ ਹੁਕਮ ਦਿੱਤਾ ਕਿ ਉਹ ਪ੍ਰਚਾਰ ਕਰਨਾ ਬੰਦ ਕਰ ਦੇਣ। (ਰਸੂ. 4:18, 21) ਫਿਰ ਪਤਰਸ ਅਤੇ ਯੂਹੰਨਾ ਨੇ ਕੀ ਕੀਤਾ?
12. ਰਸੂਲਾਂ ਦੇ ਕੰਮ 4:29, 31 ਮੁਤਾਬਕ ਚੇਲਿਆਂ ਨੇ ਕੀ ਕੀਤਾ?
12 ਯਹੂਦੀ ਧਾਰਮਿਕ ਆਗੂਆਂ ਦੀਆਂ ਧਮਕੀਆਂ ਦੇ ਬਾਵਜੂਦ ਪਤਰਸ ਅਤੇ ਯੂਹੰਨਾ ਨੇ ਕਿਹਾ: “ਤੁਸੀਂ ਆਪ ਸੋਚੋ, ਕੀ ਪਰਮੇਸ਼ੁਰ ਦੀ ਨਜ਼ਰ ਵਿਚ ਇਹ ਸਹੀ ਹੋਵੇਗਾ ਕਿ ਅਸੀਂ ਉਸ ਦੀ ਗੱਲ ਸੁਣਨ ਦੀ ਬਜਾਇ ਤੁਹਾਡੀ ਗੱਲ ਸੁਣੀਏ? ਪਰ ਅਸੀਂ ਜੋ ਦੇਖਿਆ ਅਤੇ ਸੁਣਿਆ ਹੈ, ਉਸ ਬਾਰੇ ਗੱਲ ਕਰਨੋਂ ਹਟ ਨਹੀਂ ਸਕਦੇ।” (ਰਸੂ. 4:19, 20) ਜਦੋਂ ਪਤਰਸ ਅਤੇ ਯੂਹੰਨਾ ਨੂੰ ਰਿਹਾ ਕੀਤਾ ਗਿਆ, ਤਾਂ ਉਨ੍ਹਾਂ ਨੇ ਯਹੋਵਾਹ ਦੀ ਮਰਜ਼ੀ ਪੂਰੀ ਕਰਨ ਬਾਰੇ ਉੱਚੀ ਆਵਾਜ਼ ਵਿਚ ਬੇਨਤੀ ਕੀਤੀ। ਉਨ੍ਹਾਂ ਨੇ ਕਿਹਾ: “ਆਪਣੇ ਦਾਸਾਂ ਨੂੰ ਇਸ ਕਾਬਲ ਬਣਾ ਕਿ ਅਸੀਂ ਦਲੇਰੀ ਨਾਲ ਤੇਰੇ ਬਚਨ ਦਾ ਐਲਾਨ ਕਰਦੇ ਰਹੀਏ।” ਯਹੋਵਾਹ ਨੇ ਦਿਲੋਂ ਕੀਤੀ ਇਸ ਪ੍ਰਾਰਥਨਾ ਦਾ ਜਵਾਬ ਦਿੱਤਾ।—ਰਸੂਲਾਂ ਦੇ ਕੰਮ 4:29, 31 ਪੜ੍ਹੋ।
13. ਭਰਾ ਜਿਨ-ਹਿਯੂਕ ਦੀ ਮਿਸਾਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
13 ਜੇ ਸਰਕਾਰੀ ਅਧਿਕਾਰੀ ਸਾਨੂੰ ਪ੍ਰਚਾਰ ਕਰਨ ਤੋਂ ਮਨ੍ਹਾ ਕਰਦੇ ਹਨ, ਤਾਂ ਅਸੀਂ ਰਸੂਲਾਂ ਦੀ ਰੀਸ ਕਰਦਿਆਂ ਪ੍ਰਚਾਰ ਕਰਦੇ ਰਹਿ ਸਕਦੇ ਹਾਂ। ਜ਼ਰਾ ਭਰਾ ਜਿਨ-ਹਿਯੂਕ ਦੀ ਮਿਸਾਲ ʼਤੇ ਗੌਰ ਕਰੋ। ਨਿਰਪੱਖ ਰਹਿਣ ਕਰਕੇ ਉਸ ਨੂੰ ਜੇਲ੍ਹ ਹੋ ਗਈ ਸੀ। ਜੇਲ੍ਹ ਵਿਚ ਉਸ ਨੂੰ ਕਾਲ-ਕੋਠੜੀ ਵਿਚ ਰਹਿਣ ਵਾਲੇ ਕੁਝ ਕੈਦੀਆਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ। ਪਰ ਉਸ ਨੂੰ ਉਨ੍ਹਾਂ ਨਾਲ ਕੰਮ ਤੋਂ ਇਲਾਵਾ ਹੋਰ ਕੋਈ ਵੀ ਗੱਲ ਕਰਨ ਦੀ ਇਜਾਜ਼ਤ ਨਹੀਂ ਸੀ, ਇੱਥੋਂ ਤਕ ਕਿ ਬਾਈਬਲ ਬਾਰੇ ਵੀ ਨਹੀਂ। ਭਰਾ ਨੇ ਪ੍ਰਾਰਥਨਾ ਵਿਚ ਯਹੋਵਾਹ ਤੋਂ ਹਿੰਮਤ ਤੇ ਬੁੱਧ ਮੰਗੀ ਤਾਂਕਿ ਮੌਕਾ ਮਿਲਣ ʼਤੇ ਉਹ ਸੋਚ-ਸਮਝ ਕੇ ਉਨ੍ਹਾਂ ਨੂੰ ਗਵਾਹੀ ਦੇ ਸਕੇ। (ਰਸੂ. 5:29) ਭਰਾ ਕਹਿੰਦਾ ਹੈ: “ਯਹੋਵਾਹ ਨੇ ਮੈਨੂੰ ਹਿੰਮਤ ਤੇ ਬੁੱਧ ਦੇ ਕੇ ਮੇਰੀ ਪ੍ਰਾਰਥਨਾ ਦਾ ਜਵਾਬ ਦਿੱਤਾ। ਇਸ ਕਰਕੇ ਮੈਂ ਕਈ ਬਾਈਬਲ ਸਟੱਡੀਆਂ ਸ਼ੁਰੂ ਕਰਵਾ ਸਕਿਆ। ਮੈਂ ਕਾਲ-ਕੋਠੜੀ ਦੇ ਦਰਵਾਜ਼ੇ ʼਤੇ ਖੜ੍ਹਾ ਹੋ ਕੇ ਪੰਜ-ਪੰਜ ਮਿੰਟਾਂ ਲਈ ਸਟੱਡੀ ਕਰਾਉਂਦਾ ਸੀ। ਫਿਰ ਰਾਤ ਨੂੰ ਮੈਂ ਚਿੱਠੀਆਂ ਲਿਖਦਾ ਸੀ ਅਤੇ ਅਗਲੇ ਦਿਨ ਉਨ੍ਹਾਂ ਨੂੰ ਦੇ ਕੇ ਆਉਂਦਾ ਸੀ।” ਅਸੀਂ ਵੀ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਪ੍ਰਚਾਰ ਦਾ ਕੰਮ ਪੂਰਾ ਕਰਨ ਵਿਚ ਜ਼ਰੂਰ ਸਾਡੀ ਮਦਦ ਕਰੇਗਾ। ਭਰਾ ਜਿਨ-ਹਿਯੂਕ ਵਾਂਗ ਅਸੀਂ ਵੀ ਹਿੰਮਤ ਅਤੇ ਬੁੱਧ ਲਈ ਪ੍ਰਾਰਥਨਾ ਕਰ ਸਕਦੇ ਹਾਂ।
14. ਮੁਸ਼ਕਲਾਂ ਸਹਿਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? (ਜ਼ਬੂਰ 37:3, 5)
14 ਮੁਸ਼ਕਲਾਂ ਸਹਿਣ ਲਈ ਯਹੋਵਾਹ ਤੋਂ ਮਦਦ ਮੰਗੋ। ਸਾਡੇ ਵਿੱਚੋਂ ਕਈ ਜਣੇ ਬੀਮਾਰ ਹਨ, ਕਿਸੇ ਕਾਰਨ ਕਰਕੇ ਨਿਰਾਸ਼-ਪਰੇਸ਼ਾਨ ਹਨ, ਕਈ ਆਪਣਿਆਂ ਦੀ ਮੌਤ ਦਾ ਗਮ ਸਹਿ ਰਹੇ ਹਨ, ਕਈਆਂ ਦੇ ਪਰਿਵਾਰ ਵਿਚ ਕੋਈ ਸਮੱਸਿਆ ਹੈ, ਕਈਆਂ ਦਾ ਵਿਰੋਧ ਕੀਤਾ ਜਾਂਦਾ ਹੈ ਜਾਂ ਕਈ ਜਣੇ ਹੋਰ ਮੁਸ਼ਕਲਾਂ ਸਹਿ ਰਹੇ ਹਨ। ਮਹਾਂਮਾਰੀਆਂ ਅਤੇ ਯੁੱਧਾਂ ਵਗੈਰਾ ਕਰਕੇ ਇਹ ਮੁਸ਼ਕਲਾਂ ਸਹਿਣੀਆਂ ਹੋਰ ਵੀ ਔਖੀਆਂ ਹੋ ਗਈਆਂ ਹਨ। ਇਸ ਤਰ੍ਹਾਂ ਦੇ ਹਾਲਾਤਾਂ ਵਿਚ ਯਹੋਵਾਹ ਅੱਗੇ ਆਪਣਾ ਦਿਲ ਜ਼ਰੂਰ ਖੋਲ੍ਹੋ। ਜਿਸ ਤਰ੍ਹਾਂ ਤੁਸੀਂ ਆਪਣੇ ਕਿਸੇ ਕਰੀਬੀ ਦੋਸਤ ਨੂੰ ਆਪਣੇ ਦਿਲ ਦਾ ਹਾਲ ਦੱਸਦੇ ਹੋ, ਉਸੇ ਤਰ੍ਹਾਂ ਯਹੋਵਾਹ ਨੂੰ ਵੀ ਦੱਸੋ ਕਿ ਤੁਹਾਡੇ ʼਤੇ ਕੀ ਬੀਤ ਰਹੀ ਹੈ। ਪੂਰਾ ਭਰੋਸਾ ਰੱਖੋ ਕਿ ਯਹੋਵਾਹ ਤੁਹਾਡੀ “ਖ਼ਾਤਰ ਕਦਮ ਚੁੱਕੇਗਾ।”—ਜ਼ਬੂਰ 37:3, 5 ਪੜ੍ਹੋ।
15. ਪ੍ਰਾਰਥਨਾ ‘ਧੀਰਜ ਨਾਲ ਕਸ਼ਟ ਸਹਿਣ’ ਵਿਚ ਸਾਡੀ ਕਿਵੇਂ ਮਦਦ ਕਰ ਸਕਦੀ ਹੈ? ਇਕ ਮਿਸਾਲ ਦਿਓ।
15 ਪ੍ਰਾਰਥਨਾ ਕਰਦੇ ਰਹਿਣ ਨਾਲ ਅਸੀਂ ‘ਧੀਰਜ ਨਾਲ ਕਸ਼ਟ ਸਹਿ’ ਸਕਾਂਗੇ। (ਰੋਮੀ. 12:12) ਯਹੋਵਾਹ ਜਾਣਦਾ ਹੈ ਕਿ ਉਸ ਦੇ ਸੇਵਕ ਕਿਹੋ ਜਿਹੇ ਹਾਲਾਤਾਂ ਵਿੱਚੋਂ ਲੰਘ ਰਹੇ ਹਨ ਅਤੇ “ਉਹ ਮਦਦ ਲਈ ਉਨ੍ਹਾਂ ਦੀ ਦੁਹਾਈ ਸੁਣਦਾ ਹੈ।” (ਜ਼ਬੂ. 145:18, 19) 29 ਸਾਲਾਂ ਦੀ ਪਾਇਨੀਅਰ ਭੈਣ ਕ੍ਰਿਸਟੀ ਨੇ ਵੀ ਇਹ ਗੱਲ ਦੇਖੀ ਹੈ। ਅਚਾਨਕ ਹੀ ਉਸ ਦੀ ਸਿਹਤ ਬਹੁਤ ਜ਼ਿਆਦਾ ਖ਼ਰਾਬ ਰਹਿਣ ਲੱਗ ਪਈ ਜਿਸ ਕਰਕੇ ਉਹ ਨਿਰਾਸ਼ਾ ਵਿਚ ਡੁੱਬ ਗਈ। ਬਾਅਦ ਵਿਚ ਉਸ ਨੂੰ ਪਤਾ ਲੱਗਾ ਕਿ ਉਸ ਦੀ ਮੰਮੀ ਨੂੰ ਇਕ ਜਾਨਲੇਵਾ ਬੀਮਾਰੀ ਹੈ। ਕ੍ਰਿਸਟੀ ਦੱਸਦੀ ਹੈ: “ਮੈਂ ਹਰ ਰੋਜ਼ ਗਿੜਗਿੜਾ ਕੇ ਯਹੋਵਾਹ ਨੂੰ ਪ੍ਰਾਰਥਨਾ ਕਰਦੀ ਸੀ ਅਤੇ ਉਸ ਤੋਂ ਤਾਕਤ ਮੰਗਦੀ ਸੀ। ਮੈਂ ਭਗਤੀ ਦੇ ਕੰਮਾਂ ਵਿਚ ਲੱਗੇ ਰਹਿਣ ਦੀ ਪੂਰੀ ਕੋਸ਼ਿਸ਼ ਕੀਤੀ। ਇਸ ਲਈ ਮੈਂ ਬਾਕਾਇਦਾ ਮੀਟਿੰਗਾਂ ʼਤੇ ਜਾਂਦੀ ਰਹੀ ਅਤੇ ਨਿੱਜੀ ਤੌਰ ਤੇ ਬਾਈਬਲ ਦਾ ਅਧਿਐਨ ਕਰਦੀ ਰਹੀ।” ਉਹ ਅੱਗੇ ਦੱਸਦੀ ਹੈ: “ਪ੍ਰਾਰਥਨਾ ਕਰਨ ਨਾਲ ਮੈਂ ਸਭ ਤੋਂ ਔਖੀਆਂ ਘੜੀਆਂ ਨੂੰ ਵੀ ਸਹਿ ਸਕੀ। ਮੈਨੂੰ ਪਤਾ ਸੀ ਕਿ ਯਹੋਵਾਹ ਹਮੇਸ਼ਾ ਮੇਰੇ ਨਾਲ ਹੈ ਅਤੇ ਇਸ ਗੱਲ ਤੋਂ ਮੈਨੂੰ ਬਹੁਤ ਦਿਲਾਸਾ ਮਿਲਿਆ। ਚਾਹੇ ਕਿ ਮੇਰੀ ਸਿਹਤ ਇਕਦਮ ਠੀਕ ਨਹੀਂ ਹੋਈ, ਪਰ ਯਹੋਵਾਹ ਨੇ ਮੈਨੂੰ ਮਨ ਦੀ ਸ਼ਾਂਤੀ ਅਤੇ ਸਕੂਨ ਦੇ ਕੇ ਮੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ।” ਆਓ ਆਪਾਂ ਵੀ ਹਮੇਸ਼ਾ ਯਾਦ ਰੱਖੀਏ ਕਿ “ਯਹੋਵਾਹ ਭਗਤੀ ਕਰਨ ਵਾਲੇ ਲੋਕਾਂ ਨੂੰ ਅਜ਼ਮਾਇਸ਼ਾਂ ਵਿੱਚੋਂ ਕੱਢਣਾ ਜਾਣਦਾ ਹੈ।”—2 ਪਤ. 2:9.
16. ਗ਼ਲਤ ਇੱਛਾਵਾਂ ʼਤੇ ਕਾਬੂ ਪਾਉਣ ਲਈ ਸਾਨੂੰ ਯਹੋਵਾਹ ਦੀ ਮਦਦ ਦੀ ਲੋੜ ਕਿਉਂ ਹੈ?
16 ਗ਼ਲਤ ਇੱਛਾਵਾਂ ʼਤੇ ਕਾਬੂ ਪਾਉਣ ਲਈ ਯਹੋਵਾਹ ਤੋਂ ਮਦਦ ਮੰਗੋ। ਨਾਮੁਕੰਮਲ ਹੋਣ ਕਰਕੇ ਸਾਨੂੰ ਹਮੇਸ਼ਾ ਗ਼ਲਤ ਕੰਮ ਕਰਨ ਦੀ ਇੱਛਾ ʼਤੇ ਕਾਬੂ ਪਾਉਣ ਲਈ ਜੱਦੋ-ਜਹਿਦ ਕਰਨੀ ਪੈਂਦੀ ਹੈ। ਸ਼ੈਤਾਨ ਵੀ ਪੂਰੀ ਵਾਹ ਲਾਉਂਦਾ ਹੈ ਤਾਂਕਿ ਅਸੀਂ ਇਸ ਜੱਦੋ-ਜਹਿਦ ਵਿਚ ਅਸਫ਼ਲ ਹੋ ਜਾਈਏ। ਉਹ ਅਨੈਤਿਕ ਮਨੋਰੰਜਨ ਰਾਹੀਂ ਸਾਡੀ ਸੋਚ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਤਰ੍ਹਾਂ ਦੇ ਮਨੋਰੰਜਨ ਕਰਕੇ ਸਾਡਾ ਮਨ ਗੰਦੇ ਖ਼ਿਆਲਾਂ ਨਾਲ ਭਰ ਸਕਦਾ ਹੈ। ਇਸ ਕਰਕੇ ਅਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਅਸ਼ੁੱਧ ਹੋ ਸਕਦੇ ਹਾਂ ਅਤੇ ਸਾਡੇ ਤੋਂ ਕੋਈ ਗੰਭੀਰ ਪਾਪ ਹੋ ਸਕਦਾ ਹੈ।—ਮਰ. 7:21-23; ਯਾਕੂ. 1:14, 15.
17. ਗ਼ਲਤ ਇੱਛਾਵਾਂ ʼਤੇ ਕਾਬੂ ਪਾਉਣ ਲਈ ਅਸੀਂ ਆਪਣੀਆਂ ਪ੍ਰਾਰਥਨਾਵਾਂ ਮੁਤਾਬਕ ਕੀ ਕਰ ਸਕਦੇ ਹਾਂ? (ਤਸਵੀਰ ਵੀ ਦੇਖੋ।)
17 ਜੇ ਸਾਡੇ ਮਨ ਵਿਚ ਗ਼ਲਤ ਕੰਮ ਕਰਨ ਦੀ ਇੱਛਾ ਪੈਦਾ ਹੁੰਦੀ ਹੈ, ਤਾਂ ਇਸ ਤੋਂ ਬਚਣ ਲਈ ਸਾਨੂੰ ਯਹੋਵਾਹ ਦੀ ਮਦਦ ਦੀ ਲੋੜ ਹੈ। ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ, ਤਾਂ ਉਸ ਨੇ ਉਨ੍ਹਾਂ ਨੂੰ ਇਹ ਬੇਨਤੀ ਕਰਨ ਲਈ ਵੀ ਕਿਹਾ: “ਸਾਨੂੰ ਪਰੀਖਿਆ ਵਿਚ ਨਾ ਪੈਣ ਦੇ ਤੇ ਸਾਨੂੰ ਸ਼ੈਤਾਨ ਤੋਂ ਬਚਾ।” (ਮੱਤੀ 6:13) ਯਹੋਵਾਹ ਸਾਡੀ ਮਦਦ ਕਰਨੀ ਚਾਹੁੰਦਾ ਹੈ, ਪਰ ਸਾਨੂੰ ਉਸ ਤੋਂ ਮਦਦ ਮੰਗਣ ਦੀ ਲੋੜ ਹੈ। ਨਾਲੇ ਸਾਨੂੰ ਆਪਣੀਆਂ ਪ੍ਰਾਰਥਨਾਵਾਂ ਮੁਤਾਬਕ ਕੰਮ ਵੀ ਕਰਨੇ ਚਾਹੀਦੇ ਹਨ। ਸ਼ੈਤਾਨ ਦੀ ਦੁਨੀਆਂ ਵਿਚ ਫੈਲੀ ਗ਼ਲਤ ਸੋਚ ਤੋਂ ਬਚਣ ਲਈ ਅਸੀਂ ਕੁਝ ਵਧੀਆ ਕਦਮ ਚੁੱਕ ਸਕਦੇ ਹਾਂ। (ਜ਼ਬੂ. 97:10) ਅਸੀਂ ਬਾਈਬਲ ਪੜ੍ਹ ਕੇ ਅਤੇ ਇਸ ਦਾ ਅਧਿਐਨ ਕਰ ਕੇ ਆਪਣੇ ਮਨ ਵਿਚ ਚੰਗੀਆਂ ਗੱਲਾਂ ਭਰ ਸਕਦੇ ਹਾਂ। ਨਾਲੇ ਮੀਟਿੰਗਾਂ ਅਤੇ ਪ੍ਰਚਾਰ ʼਤੇ ਜਾਣ ਨਾਲ ਵੀ ਸਾਡਾ ਮਨ ਚੰਗੀਆਂ ਗੱਲਾਂ ʼਤੇ ਲੱਗਾ ਰਹੇਗਾ। ਯਹੋਵਾਹ ਵਾਅਦਾ ਕਰਦਾ ਹੈ ਕਿ ਜੇ ਅਸੀਂ ਇੱਦਾਂ ਕਰਾਂਗੇ, ਤਾਂ ਜਿੰਨਾ ਅਸੀਂ ਬਰਦਾਸ਼ਤ ਕਰ ਸਕਦੇ ਹਾਂ, ਉਸ ਤੋਂ ਵੱਧ ਉਹ ਸਾਨੂੰ ਪਰੀਖਿਆ ਵਿਚ ਨਹੀਂ ਪੈਣ ਦੇਵੇਗਾ।—1 ਕੁਰਿੰ. 10:12, 13.
18. ਪ੍ਰਾਰਥਨਾ ਕਰਨ ਦੇ ਮਾਮਲੇ ਵਿਚ ਸਾਨੂੰ ਸਾਰਿਆਂ ਨੂੰ ਕੀ ਕਰਨ ਦੀ ਲੋੜ ਹੈ?
18 ਇਨ੍ਹਾਂ ਆਖ਼ਰੀ ਦਿਨਾਂ ਦੌਰਾਨ ਸਾਨੂੰ ਸਾਰਿਆਂ ਨੂੰ ਯਹੋਵਾਹ ਦੇ ਵਫ਼ਾਦਾਰ ਰਹਿਣ ਲਈ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਪ੍ਰਾਰਥਨਾ ਕਰਨ ਦੀ ਲੋੜ ਹੈ। ਇਸ ਲਈ ਹਰ ਰੋਜ਼ ਦਿਲੋਂ ਪ੍ਰਾਰਥਨਾ ਕਰਨ ਲਈ ਸਮਾਂ ਕੱਢੋ। ਯਹੋਵਾਹ ਚਾਹੁੰਦਾ ਹੈ ਕਿ ਅਸੀਂ “ਉਸ ਦੇ ਸਾਮ੍ਹਣੇ ਆਪਣੇ ਦਿਲ ਖੋਲ੍ਹ” ਦੇਈਏ। (ਜ਼ਬੂ. 62:8) ਯਹੋਵਾਹ ਦੀ ਮਹਿਮਾ ਕਰੋ ਅਤੇ ਉਹ ਜੋ ਕੁਝ ਵੀ ਕਰਦਾ ਹੈ, ਉਸ ਲਈ ਉਸ ਦਾ ਧੰਨਵਾਦ ਕਰੋ। ਪ੍ਰਚਾਰ ਕਰਨ ਲਈ ਉਸ ਤੋਂ ਹਿੰਮਤ ਮੰਗੋ। ਉਸ ਨੂੰ ਬੇਨਤੀ ਕਰੋ ਕਿ ਉਹ ਮੁਸ਼ਕਲਾਂ ਨੂੰ ਸਹਿਣ ਅਤੇ ਗ਼ਲਤ ਇੱਛਾਵਾਂ ਤੇ ਕੰਮਾਂ ਤੋਂ ਬਚਣ ਵਿਚ ਤੁਹਾਡੀ ਮਦਦ ਕਰੇ। ਕਿਸੇ ਵੀ ਗੱਲ ਜਾਂ ਇਨਸਾਨ ਕਰਕੇ ਯਹੋਵਾਹ ਨੂੰ ਪ੍ਰਾਰਥਨਾ ਕਰਨ ਤੋਂ ਪਿੱਛੇ ਨਾ ਹਟੋ। ਪਰ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦਿੰਦਾ ਹੈ? ਇਸ ਸਵਾਲ ਦਾ ਜਵਾਬ ਅਸੀਂ ਅਗਲੇ ਲੇਖ ਵਿਚ ਜਾਣਾਂਗੇ।
ਗੀਤ 42 ਪਰਮੇਸ਼ੁਰ ਦੇ ਦਾਸ ਦੀ ਦੁਆ
a ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਪ੍ਰਾਰਥਨਾਵਾਂ ਕਿਸੇ ਕਰੀਬੀ ਦੋਸਤ ਨੂੰ ਦਿਲੋਂ ਲਿਖੀਆਂ ਚਿੱਠੀਆਂ ਵਾਂਗ ਹੋਣ। ਪਰ ਪ੍ਰਾਰਥਨਾ ਕਰਨ ਲਈ ਸਮਾਂ ਕੱਢਣਾ ਹਮੇਸ਼ਾ ਸੌਖਾ ਨਹੀਂ ਹੁੰਦਾ। ਨਾਲੇ ਸ਼ਾਇਦ ਸਾਨੂੰ ਸਮਝ ਨਾ ਆਵੇ ਕਿ ਅਸੀਂ ਕਿਨ੍ਹਾਂ ਚੀਜ਼ਾਂ ਬਾਰੇ ਪ੍ਰਾਰਥਨਾ ਕਰੀਏ। ਇਸ ਲੇਖ ਵਿਚ ਅਸੀਂ ਇਨ੍ਹਾਂ ਦੋਹਾਂ ਜ਼ਰੂਰੀ ਗੱਲਾਂ ʼਤੇ ਚਰਚਾ ਕਰਾਂਗੇ।