ਅਧਿਐਨ ਲੇਖ 21
ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦਿੰਦਾ ਹੈ?
“ਸਾਨੂੰ ਇਹ ਭਰੋਸਾ ਹੈ ਕਿ ਅਸੀਂ ਉਸ ਤੋਂ ਜੋ ਵੀ ਮੰਗਦੇ ਹਾਂ, ਉਹ ਸਾਨੂੰ ਜ਼ਰੂਰ ਮਿਲੇਗਾ ਕਿਉਂਕਿ ਅਸੀਂ ਉਸ ਤੋਂ ਮੰਗਿਆ ਹੈ।”—1 ਯੂਹੰ. 5:15.
ਗੀਤ 41 ਮੇਰੀ ਪ੍ਰਾਰਥਨਾ ਸੁਣ
ਖ਼ਾਸ ਗੱਲਾਂa
1-2. ਪ੍ਰਾਰਥਨਾਵਾਂ ਬਾਰੇ ਸਾਨੂੰ ਕੀ ਲੱਗ ਸਕਦਾ ਹੈ?
ਕੀ ਤੁਹਾਨੂੰ ਕਦੇ ਇੱਦਾਂ ਲੱਗਾ ਕਿ ਯਹੋਵਾਹ ਤੁਹਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦੇ ਵੀ ਰਿਹਾ ਹੈ ਜਾਂ ਨਹੀਂ? ਜੇ ਹਾਂ, ਤਾਂ ਤੁਸੀਂ ਇਕੱਲੇ ਨਹੀਂ ਹੋ। ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਵੀ ਇੱਦਾਂ ਹੀ ਲੱਗਾ ਹੈ, ਖ਼ਾਸ ਕਰਕੇ ਉਦੋਂ ਜਦੋਂ ਉਹ ਮੁਸ਼ਕਲਾਂ ਵਿੱਚੋਂ ਲੰਘ ਰਹੇ ਸਨ। ਜੇ ਅਸੀਂ ਵੀ ਕਿਸੇ ਮੁਸ਼ਕਲ ਵਿੱਚੋਂ ਲੰਘ ਰਹੇ ਹਾਂ, ਤਾਂ ਸਾਡੇ ਲਈ ਵੀ ਇਹ ਸਮਝਣਾ ਔਖਾ ਹੋ ਸਕਦਾ ਹੈ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦੇ ਰਿਹਾ ਹੈ।
2 ਆਓ ਆਪਾਂ ਦੇਖੀਏ ਕਿ ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਆਪਣੇ ਸੇਵਕਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ। (1 ਯੂਹੰ. 5:15) ਇਸ ਲੇਖ ਵਿਚ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਵੀ ਜਾਣਾਂਗੇ: ਕਦੇ-ਕਦਾਈਂ ਸਾਨੂੰ ਕਿਉਂ ਲੱਗ ਸਕਦਾ ਹੈ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਨਹੀਂ ਦੇ ਰਿਹਾ? ਯਹੋਵਾਹ ਅੱਜ ਕਿਹੜੇ ਤਰੀਕਿਆਂ ਨਾਲ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ?
ਯਹੋਵਾਹ ਸ਼ਾਇਦ ਸਾਡੀਆਂ ਉਮੀਦਾਂ ਮੁਤਾਬਕ ਜਵਾਬ ਨਾ ਦੇਵੇ
3. ਯਹੋਵਾਹ ਕਿਉਂ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਪ੍ਰਾਰਥਨਾ ਕਰੀਏ?
3 ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ ਯਹੋਵਾਹ ਸਾਨੂੰ ਬਹੁਤ ਪਿਆਰ ਕਰਦਾ ਹੈ ਅਤੇ ਅਸੀਂ ਉਸ ਦੀਆਂ ਨਜ਼ਰਾਂ ਵਿਚ ਅਨਮੋਲ ਹਾਂ। (ਹੱਜ. 2:7; 1 ਯੂਹੰ. 4:10) ਇਸੇ ਕਰਕੇ ਉਹ ਸਾਨੂੰ ਪ੍ਰਾਰਥਨਾ ਕਰਨ ਦਾ ਸੱਦਾ ਦਿੰਦਾ ਹੈ। (1 ਪਤ. 5:6, 7) ਉਹ ਚਾਹੁੰਦਾ ਹੈ ਕਿ ਸਾਡਾ ਉਸ ਨਾਲ ਵਧੀਆ ਰਿਸ਼ਤਾ ਬਣਿਆ ਰਹੇ ਅਤੇ ਅਸੀਂ ਡਟ ਕੇ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਰਹੀਏ। ਇਸ ਲਈ ਉਹ ਸਾਡੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ।
4. ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਆਪਣੇ ਸੇਵਕਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ? (ਤਸਵੀਰ ਵੀ ਦੇਖੋ।)
4 ਬਾਈਬਲ ਵਿਚ ਅਸੀਂ ਅਕਸਰ ਪੜ੍ਹਦੇ ਹਾਂ ਕਿ ਯਹੋਵਾਹ ਨੇ ਆਪਣੇ ਸੇਵਕਾਂ ਦੀਆਂ ਪ੍ਰਾਰਥਨਾਵਾਂ ਦੇ ਜਵਾਬ ਦਿੱਤੇ ਸਨ। ਕੀ ਤੁਹਾਡੇ ਮਨ ਵਿਚ ਕਿਸੇ ਦਾ ਨਾਂ ਆਉਂਦਾ ਹੈ? ਰਾਜਾ ਦਾਊਦ ਬਾਰੇ ਕੀ? ਉਸ ਨੇ ਆਪਣੀ ਪੂਰੀ ਜ਼ਿੰਦਗੀ ਬਹੁਤ ਸਾਰੇ ਖ਼ਤਰਨਾਕ ਦੁਸ਼ਮਣਾਂ ਦਾ ਸਾਮ੍ਹਣਾ ਕੀਤਾ। ਇਸ ਲਈ ਉਹ ਅਕਸਰ ਮਦਦ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਹੁੰਦਾ ਸੀ। ਇਕ ਮੌਕੇ ʼਤੇ ਉਸ ਨੇ ਯਹੋਵਾਹ ਨੂੰ ਤਰਲੇ ਕਰਦਿਆਂ ਕਿਹਾ: “ਹੇ ਯਹੋਵਾਹ, ਮੇਰੀ ਪ੍ਰਾਰਥਨਾ ਸੁਣ; ਮਦਦ ਲਈ ਮੇਰੀ ਦੁਹਾਈ ਸੁਣ। ਤੂੰ ਵਫ਼ਾਦਾਰ ਅਤੇ ਨਿਆਂ-ਪਸੰਦ ਪਰਮੇਸ਼ੁਰ ਹੈਂ, ਇਸ ਕਰਕੇ ਮੈਨੂੰ ਜਵਾਬ ਦੇ।” (ਜ਼ਬੂ. 143:1) ਯਹੋਵਾਹ ਨੇ ਦਾਊਦ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ ਅਤੇ ਉਸ ਨੂੰ ਦੁਸ਼ਮਣਾਂ ਤੋਂ ਛੁਡਾਇਆ। (1 ਸਮੂ. 19:10, 18-20; 2 ਸਮੂ. 5:17-25) ਇਸ ਲਈ ਦਾਊਦ ਪੂਰੇ ਭਰੋਸੇ ਨਾਲ ਕਹਿ ਸਕਿਆ: “ਯਹੋਵਾਹ ਉਨ੍ਹਾਂ ਸਾਰਿਆਂ ਦੇ ਨੇੜੇ ਹੈ ਜੋ ਉਸ ਨੂੰ ਪੁਕਾਰਦੇ ਹਨ।” ਅਸੀਂ ਵੀ ਇਹੀ ਭਰੋਸਾ ਰੱਖ ਸਕਦੇ ਹਾਂ।—ਜ਼ਬੂ. 145:18.
5. ਕੀ ਯਹੋਵਾਹ ਨੇ ਆਪਣੇ ਸੇਵਕਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਉੱਦਾਂ ਦਿੱਤਾ ਜਿੱਦਾਂ ਉਨ੍ਹਾਂ ਨੇ ਉਮੀਦ ਕੀਤੀ ਸੀ? ਇਕ ਮਿਸਾਲ ਦਿਓ। (ਤਸਵੀਰ ਵੀ ਦੇਖੋ।)
5 ਯਹੋਵਾਹ ਸ਼ਾਇਦ ਸਾਡੀਆਂ ਉਮੀਦਾਂ ਮੁਤਾਬਕ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਨਾ ਦੇਵੇ। ਪੌਲੁਸ ਰਸੂਲ ਦੇ ਮਾਮਲੇ ਵਿਚ ਵੀ ਇਹ ਗੱਲ ਸੱਚ ਸਾਬਤ ਹੋਈ ਸੀ। ਪੌਲੁਸ ਰਸੂਲ ਦੇ “ਸਰੀਰ ਵਿਚ ਇਕ ਕੰਡਾ” ਚੋਭਿਆ ਗਿਆ ਸੀ। ਉਸ ਨੇ ਪਰਮੇਸ਼ੁਰ ਨੂੰ ਬੇਨਤੀ ਕੀਤੀ ਕਿ ਉਹ ਇਸ ਕੰਡੇ ਨੂੰ ਕੱਢ ਦੇਵੇ। ਪੌਲੁਸ ਰਸੂਲ ਨੇ ਖ਼ਾਸ ਕਰਕੇ ਤਿੰਨ ਮੌਕਿਆਂ ʼਤੇ ਇਸ ਮੁਸ਼ਕਲ ਬਾਰੇ ਪ੍ਰਾਰਥਨਾ ਕੀਤੀ। ਕੀ ਯਹੋਵਾਹ ਨੇ ਉਸ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ? ਹਾਂਜੀ, ਪਰ ਉਸ ਤਰੀਕੇ ਨਾਲ ਨਹੀਂ ਜਿੱਦਾਂ ਪੌਲੁਸ ਨੇ ਉਮੀਦ ਕੀਤੀ ਸੀ। ਉਸ ਦੀ ਮੁਸ਼ਕਲ ਖ਼ਤਮ ਕਰਨ ਦੀ ਬਜਾਇ ਯਹੋਵਾਹ ਨੇ ਉਸ ਨੂੰ ਤਾਕਤ ਦਿੱਤੀ ਤਾਂਕਿ ਉਹ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਦਾ ਰਹਿ ਸਕੇ।—2 ਕੁਰਿੰ. 12:7-10.
6. ਕਦੀ-ਕਦਾਈਂ ਸਾਨੂੰ ਕਿਉਂ ਲੱਗ ਸਕਦਾ ਹੈ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਨਹੀਂ ਦੇ ਰਿਹਾ?
6 ਹੋ ਸਕਦਾ ਹੈ ਕਿ ਕਦੇ-ਕਦਾਈਂ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਵੀ ਉਸ ਤਰੀਕੇ ਨਾਲ ਨਾ ਦੇਵੇ ਜਿੱਦਾਂ ਅਸੀਂ ਉਮੀਦ ਕੀਤੀ ਹੋਵੇ। ਪਰ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਸਾਡੇ ਲਈ ਸਭ ਤੋਂ ਵਧੀਆ ਕੀ ਹੈ। ਉਹ ਤਾਂ “ਸਾਡੀਆਂ ਮੰਗਾਂ ਅਤੇ ਸੋਚਾਂ ਤੋਂ ਵੀ ਕਿਤੇ ਵੱਧ ਸਾਡੇ ਲਈ ਕਰ ਸਕਦਾ ਹੈ।” (ਅਫ਼. 3:20) ਇਸ ਲਈ ਉਹ ਸ਼ਾਇਦ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਉਸ ਸਮੇਂ ਜਾਂ ਉਸ ਤਰੀਕੇ ਨਾਲ ਦੇਵੇ ਜਿੱਦਾਂ ਅਸੀਂ ਉਮੀਦ ਵੀ ਨਾ ਕੀਤੀ ਹੋਵੇ।
7. ਸ਼ਾਇਦ ਸਾਨੂੰ ਆਪਣੀਆਂ ਪ੍ਰਾਰਥਨਾਵਾਂ ਵਿਚ ਫੇਰ-ਬਦਲ ਕਰਨ ਦੀ ਕਿਉਂ ਲੋੜ ਪਵੇ? ਇਕ ਮਿਸਾਲ ਦਿਓ।
7 ਜਦੋਂ ਸਾਨੂੰ ਸਾਫ਼-ਸਾਫ਼ ਪਤਾ ਲੱਗ ਜਾਂਦਾ ਹੈ ਕਿ ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ, ਤਾਂ ਸ਼ਾਇਦ ਸਾਨੂੰ ਆਪਣੀਆਂ ਪ੍ਰਾਰਥਨਾਵਾਂ ਵਿਚ ਫੇਰ-ਬਦਲ ਕਰਨ ਦੀ ਲੋੜ ਪਵੇ। ਜ਼ਰਾ ਭਰਾ ਮਾਰਟਿਨ ਪੋਇਟਸਿੰਗਰ ਦੀ ਮਿਸਾਲ ʼਤੇ ਗੌਰ ਕਰੋ। ਵਿਆਹ ਤੋਂ ਛੇਤੀ ਬਾਅਦ ਭਰਾ ਪੋਇਟਸਿੰਗਰ ਨੂੰ ਨਾਜ਼ੀ ਤਸ਼ੱਦਦ ਕੈਂਪ ਵਿਚ ਸੁੱਟ ਦਿੱਤਾ ਗਿਆ। ਪਹਿਲਾਂ-ਪਹਿਲ ਤਾਂ ਉਹ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਸੀ ਕਿ ਯਹੋਵਾਹ ਉਸ ਨੂੰ ਕੈਦ ਵਿੱਚੋਂ ਕੱਢ ਦੇਵੇ ਤਾਂਕਿ ਉਹ ਆਪਣੀ ਪਤਨੀ ਦੀ ਦੇਖ-ਭਾਲ ਕਰ ਸਕੇ ਅਤੇ ਦੁਬਾਰਾ ਤੋਂ ਪ੍ਰਚਾਰ ਦਾ ਕੰਮ ਸ਼ੁਰੂ ਕਰ ਸਕੇ। ਪਰ ਉਸ ਨੇ ਦੇਖਿਆ ਕਿ ਦੋ ਹਫ਼ਤਿਆਂ ਬਾਅਦ ਵੀ ਯਹੋਵਾਹ ਉਸ ਲਈ ਉੱਥੋਂ ਨਿਕਲਣ ਦਾ ਕੋਈ ਰਾਹ ਨਹੀਂ ਖੋਲ੍ਹ ਰਿਹਾ ਸੀ। ਫਿਰ ਉਸ ਨੇ ਪ੍ਰਾਰਥਨਾ ਕਰਦਿਆਂ ਕਿਹਾ: “ਯਹੋਵਾਹ, ਮੈਨੂੰ ਦੱਸ ਕਿ ਤੂੰ ਮੇਰੇ ਤੋਂ ਕੀ ਚਾਹੁੰਦਾ ਹੈਂ।” ਇਸ ਤੋਂ ਬਾਅਦ ਉਸ ਨੇ ਹੋਰ ਭਰਾਵਾਂ ਬਾਰੇ ਸੋਚਣਾ ਸ਼ੁਰੂ ਕੀਤਾ ਜੋ ਕੈਦ ਵਿਚ ਸਨ। ਬਹੁਤ ਸਾਰੇ ਭਰਾ ਆਪਣੀਆਂ ਪਤਨੀਆਂ ਅਤੇ ਬੱਚਿਆਂ ਲਈ ਪਰੇਸ਼ਾਨ ਸਨ। ਫਿਰ ਭਰਾ ਪੋਇਟਸਿੰਗਰ ਨੇ ਪ੍ਰਾਰਥਨਾ ਕੀਤੀ: “ਯਹੋਵਾਹ, ਨਵੀਂ ਜ਼ਿੰਮੇਵਾਰੀ ਦੇਣ ਲਈ ਤੇਰਾ ਧੰਨਵਾਦ। ਮੇਰੀ ਮਦਦ ਕਰ ਕਿ ਮੈਂ ਆਪਣੇ ਭਰਾਵਾਂ ਨੂੰ ਹੌਸਲਾ ਦੇ ਸਕਾ ਅਤੇ ਉਨ੍ਹਾਂ ਦੀ ਨਿਹਚਾ ਤਕੜੀ ਕਰ ਸਕਾਂ।” ਭਰਾ ਨੇ ਨੌਂ ਸਾਲਾਂ ਤਕ ਅਲੱਗ-ਅਲੱਗ ਕੈਂਪਾਂ ਵਿਚ ਇਸ ਜ਼ਿੰਮੇਵਾਰੀ ਨੂੰ ਨਿਭਾਇਆ।
8. ਪ੍ਰਾਰਥਨਾ ਕਰਦੇ ਵੇਲੇ ਸਾਨੂੰ ਕਿਹੜੀ ਜ਼ਰੂਰੀ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ?
8 ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਦਾ ਇਕ ਮਕਸਦ ਹੈ ਅਤੇ ਉਹ ਇਸ ਨੂੰ ਆਪਣੇ ਮਿੱਥੇ ਸਮੇਂ ʼਤੇ ਜ਼ਰੂਰ ਪੂਰਾ ਕਰੇਗਾ। ਉਸ ਦਾ ਮਕਸਦ ਸਾਡੀਆਂ ਸਾਰੀਆਂ ਮੁਸ਼ਕਲਾਂ ਨੂੰ ਜੜ੍ਹੋਂ ਪੁੱਟਣਾ ਹੈ, ਜਿਵੇਂ ਕਿ ਕੁਦਰਤੀ ਆਫ਼ਤਾਂ, ਬੀਮਾਰੀਆਂ ਅਤੇ ਮੌਤ। ਉਹ ਇਹ ਸਾਰਾ ਕੁਝ ਆਪਣੇ ਰਾਜ ਰਾਹੀਂ ਕਰੇਗਾ। (ਦਾਨੀ. 2:44; ਪ੍ਰਕਾ. 21:3, 4) ਪਰ ਉਸ ਸਮੇਂ ਤਕ ਯਹੋਵਾਹ ਨੇ ਸ਼ੈਤਾਨ ਨੂੰ ਇਸ ਦੁਨੀਆਂ ʼਤੇ ਰਾਜ ਕਰਨ ਦੀ ਇਜਾਜ਼ਤ ਦਿੱਤੀ ਹੈ।b (ਯੂਹੰ. 12:31; ਪ੍ਰਕਾ. 12:9) ਜੇ ਯਹੋਵਾਹ ਅੱਜ ਮਨੁੱਖਜਾਤੀ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਖ਼ਤਮ ਕਰ ਦੇਵੇ, ਤਾਂ ਲੱਗ ਸਕਦਾ ਹੈ ਕਿ ਸ਼ੈਤਾਨ ਇਸ ਦੁਨੀਆਂ ʼਤੇ ਵਧੀਆ ਤਰੀਕੇ ਨਾਲ ਰਾਜ ਕਰ ਰਿਹਾ ਹੈ। ਇਸ ਲਈ ਜਦ ਤਕ ਯਹੋਵਾਹ ਆਪਣੇ ਵਾਅਦੇ ਪੂਰੇ ਨਹੀਂ ਕਰ ਦਿੰਦਾ, ਉਦੋਂ ਤਕ ਸਾਨੂੰ ਇੰਤਜ਼ਾਰ ਕਰਦੇ ਰਹਿਣਾ ਚਾਹੀਦਾ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਉਸ ਨੇ ਸਾਨੂੰ ਇਕੱਲਿਆਂ ਛੱਡ ਦਿੱਤਾ ਹੈ। ਆਓ ਆਪਾਂ ਜਾਣੀਏ ਕਿ ਯਹੋਵਾਹ ਕਿਨ੍ਹਾਂ ਤਰੀਕਿਆਂ ਰਾਹੀਂ ਸਾਡੀ ਮਦਦ ਕਰਦਾ ਹੈ।
ਯਹੋਵਾਹ ਅੱਜ ਕਿਨ੍ਹਾਂ ਤਰੀਕਿਆਂ ਨਾਲ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ?
9. ਫ਼ੈਸਲੇ ਕਰਦੇ ਵੇਲੇ ਯਹੋਵਾਹ ਸਾਡੀ ਕਿਵੇਂ ਮਦਦ ਕਰ ਸਕਦਾ ਹੈ? ਇਕ ਮਿਸਾਲ ਦਿਓ?
9 ਯਹੋਵਾਹ ਸਾਨੂੰ ਬੁੱਧ ਦਿੰਦਾ ਹੈ। ਉਹ ਵਾਅਦਾ ਕਰਦਾ ਹੈ ਕਿ ਵਧੀਆ ਫ਼ੈਸਲੇ ਕਰਨ ਲਈ ਉਹ ਸਾਨੂੰ ਬੁੱਧ ਦੇਵੇਗਾ। ਸਾਨੂੰ ਖ਼ਾਸ ਕਰਕੇ ਯਹੋਵਾਹ ਦੀ ਬੁੱਧ ਦੀ ਜ਼ਿਆਦਾ ਲੋੜ ਕਦੋਂ ਹੁੰਦੀ ਹੈ? ਜਦੋਂ ਅਸੀਂ ਅਜਿਹੇ ਫ਼ੈਸਲੇ ਕਰਨੇ ਹੁੰਦੇ ਹਨ ਜਿਨ੍ਹਾਂ ਦਾ ਅਸਰ ਸਾਡੀ ਪੂਰੀ ਜ਼ਿੰਦਗੀ ʼਤੇ ਪਵੇਗਾ, ਜਿਵੇਂ ਕਿ ਕੁਆਰੇ ਰਹਿਣ ਜਾਂ ਵਿਆਹ ਕਰਾਉਣ ਬਾਰੇ। (ਯਾਕੂ. 1:5) ਜ਼ਰਾ ਇਕ ਕੁਆਰੀ ਭੈਣ ਮਾਰੀਆ ਦੀ ਮਿਸਾਲ ʼਤੇ ਗੌਰ ਕਰੋ।c ਉਹ ਖ਼ੁਸ਼ੀ-ਖ਼ੁਸ਼ੀ ਪਾਇਨੀਅਰ ਸੇਵਾ ਕਰ ਰਹੀ ਸੀ। ਫਿਰ ਉਸ ਦੀ ਮੁਲਾਕਾਤ ਇਕ ਭਰਾ ਨਾਲ ਹੋਈ। ਉਹ ਦੱਸਦੀ ਹੈ: “ਜਿੱਦਾਂ-ਜਿੱਦਾਂ ਅਸੀਂ ਇਕ-ਦੂਜੇ ਨੂੰ ਜਾਣਨ ਲੱਗੇ, ਅਸੀਂ ਇਕ-ਦੂਜੇ ਨੂੰ ਪਸੰਦ ਕਰਨ ਲੱਗ ਪਏ। ਮੈਨੂੰ ਪਤਾ ਸੀ ਕਿ ਫ਼ੈਸਲਾ ਮੈਨੂੰ ਹੀ ਕਰਨਾ ਪੈਣਾ। ਇਸ ਲਈ ਮੈਂ ਯਹੋਵਾਹ ਨੂੰ ਬਹੁਤ ਪ੍ਰਾਰਥਨਾ ਕੀਤੀ। ਮੈਨੂੰ ਯਹੋਵਾਹ ਦੀ ਅਗਵਾਈ ਦੀ ਲੋੜ ਸੀ, ਪਰ ਮੈਂ ਇਹ ਵੀ ਜਾਣਦੀ ਸੀ ਕਿ ਯਹੋਵਾਹ ਨੇ ਮੇਰੇ ਲਈ ਫ਼ੈਸਲਾ ਨਹੀਂ ਕਰਨਾ।” ਉਸ ਨੂੰ ਲੱਗਦਾ ਹੈ ਕਿ ਯਹੋਵਾਹ ਨੇ ਬੁੱਧ ਲਈ ਕੀਤੀਆਂ ਉਸ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ। ਉਹ ਕਿਵੇਂ? ਜਦੋਂ ਉਸ ਨੇ ਸਾਡੇ ਪ੍ਰਕਾਸ਼ਨਾਂ ਵਿੱਚੋਂ ਖੋਜਬੀਨ ਕੀਤੀ, ਤਾਂ ਉਸ ਨੂੰ ਖ਼ਾਸ ਕਰਕੇ ਅਜਿਹੇ ਲੇਖ ਮਿਲੇ ਜਿਨ੍ਹਾਂ ਤੋਂ ਉਸ ਨੂੰ ਆਪਣੇ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ। ਉਸ ਨੇ ਇਸ ਬਾਰੇ ਆਪਣੀ ਮੰਮੀ ਨਾਲ ਵੀ ਗੱਲ ਕੀਤੀ ਜੋ ਯਹੋਵਾਹ ਦੀ ਇਕ ਗਵਾਹ ਹੈ। ਉਸ ਦੀ ਮੰਮੀ ਨੇ ਉਸ ਨੂੰ ਵਧੀਆ ਸਲਾਹ ਦਿੱਤੀ ਜਿਸ ਕਰਕੇ ਉਸ ਨੇ ਭਾਵਨਾਵਾਂ ਵਿਚ ਵਹਿ ਕੇ ਫ਼ੈਸਲਾ ਨਹੀਂ ਕੀਤਾ। ਇਸ ਦੀ ਬਜਾਇ, ਉਸ ਨੇ ਚੰਗੀ ਤਰ੍ਹਾਂ ਸੋਚ-ਵਿਚਾਰ ਕਰ ਕੇ ਸਹੀ ਫ਼ੈਸਲਾ ਕੀਤਾ।
10. ਫ਼ਿਲਿੱਪੀਆਂ 4:13 ਮੁਤਾਬਕ ਯਹੋਵਾਹ ਕਿਵੇਂ ਆਪਣੇ ਸੇਵਕਾਂ ਦੀ ਮਦਦ ਕਰੇਗਾ? ਇਕ ਮਿਸਾਲ ਦਿਓ। (ਤਸਵੀਰ ਵੀ ਦੇਖੋ।)
10 ਯਹੋਵਾਹ ਸਾਨੂੰ ਸਹਿਣ ਦੀ ਤਾਕਤ ਦਿੰਦਾ ਹੈ। ਜਿੱਦਾਂ ਯਹੋਵਾਹ ਨੇ ਪੌਲੁਸ ਰਸੂਲ ਨੂੰ ਤਾਕਤ ਦਿੱਤੀ, ਉਸੇ ਤਰ੍ਹਾਂ ਉਹ ਸਾਨੂੰ ਵੀ ਮੁਸ਼ਕਲਾਂ ਸਹਿਣ ਦੀ ਤਾਕਤ ਦੇਵੇਗਾ। (ਫ਼ਿਲਿੱਪੀਆਂ 4:13 ਪੜ੍ਹੋ।) ਜ਼ਰਾ ਭਰਾ ਬੈਂਜਾਮਿਨ ਦੀ ਮਿਸਾਲ ʼਤੇ ਧਿਆਨ ਦਿਓ। ਗੌਰ ਕਰੋ ਕਿ ਯਹੋਵਾਹ ਨੇ ਉਸ ਨੂੰ ਮੁਸ਼ਕਲਾਂ ਸਹਿਣ ਦੀ ਤਾਕਤ ਕਿਵੇਂ ਦਿੱਤੀ। ਭਰਾ ਅਤੇ ਉਸ ਦੇ ਪਰਿਵਾਰ ਨੂੰ ਕਾਫ਼ੀ ਸਾਲਾਂ ਤਕ ਅਫ਼ਰੀਕਾ ਵਿਚ ਸ਼ਰਨਾਰਥੀ ਕੈਂਪਾਂ ਵਿਚ ਰਹਿਣਾ ਪਿਆ। ਭਰਾ ਦੀ ਪੂਰੀ ਜਵਾਨੀ ਇਨ੍ਹਾਂ ਕੈਂਪਾਂ ਵਿੱਚ ਹੀ ਲੰਘ ਗਈ। ਉਹ ਕਹਿੰਦਾ ਹੈ: “ਮੈਂ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਰਿਹਾ ਕਿ ਉਹ ਮੈਨੂੰ ਤਾਕਤ ਦੇਵੇ ਤਾਂਕਿ ਮੈਂ ਸਹੀ ਕੰਮ ਕਰ ਸਕਾਂ ਅਤੇ ਉਸ ਦੇ ਦਿਲ ਨੂੰ ਖ਼ੁਸ਼ ਕਰ ਸਕਾਂ। ਯਹੋਵਾਹ ਨੇ ਮੇਰੀਆਂ ਪ੍ਰਾਰਥਨਾਵਾਂ ਸੁਣੀਆਂ। ਉਸ ਨੇ ਮੈਨੂੰ ਮਨ ਦੀ ਸ਼ਾਂਤੀ ਦਿੱਤੀ, ਪ੍ਰਚਾਰ ਕਰਦੇ ਰਹਿਣ ਦੀ ਹਿੰਮਤ ਦਿੱਤੀ ਅਤੇ ਇੱਦਾਂ ਦੇ ਪ੍ਰਕਾਸ਼ਨ ਦਿੱਤੇ ਜਿਨ੍ਹਾਂ ਨੂੰ ਪੜ੍ਹ ਕੇ ਮੇਰਾ ਉਸ ਨਾਲ ਰਿਸ਼ਤਾ ਹੋਰ ਵੀ ਮਜ਼ਬੂਤ ਹੋਇਆ।” ਭਰਾ ਇਹ ਵੀ ਕਹਿੰਦਾ ਹੈ, “ਜਦੋਂ ਮੈਂ ਭੈਣਾਂ-ਭਰਾਵਾਂ ਦੇ ਤਜਰਬੇ ਪੜ੍ਹੇ ਅਤੇ ਜਾਣਿਆ ਕਿ ਯਹੋਵਾਹ ਨੇ ਉਨ੍ਹਾਂ ਦੀ ਮੁਸ਼ਕਲਾਂ ਸਹਿਣ ਵਿਚ ਕਿਵੇਂ ਮਦਦ ਕੀਤੀ, ਤਾਂ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਦਾ ਮੇਰਾ ਇਰਾਦਾ ਹੋਰ ਵੀ ਪੱਕਾ ਹੋ ਗਿਆ।”
11-12. ਯਹੋਵਾਹ ਭੈਣਾਂ-ਭਰਾਵਾਂ ਰਾਹੀਂ ਕਿਵੇਂ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦੇ ਸਕਦਾ ਹੈ? (ਤਸਵੀਰ ਵੀ ਦੇਖੋ।)
11 ਯਹੋਵਾਹ ਸਾਡੇ ਭੈਣਾਂ-ਭਰਾਵਾਂ ਰਾਹੀਂ ਸਾਡੀ ਮਦਦ ਕਰਦਾ ਹੈ। ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਯਿਸੂ ਨੇ ਗਿੜਗਿੜਾ ਕੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਉਸ ਨੇ ਬੇਨਤੀ ਕੀਤੀ ਕਿ ਉਸ ʼਤੇ ਯਹੋਵਾਹ ਦੀ ਨਿੰਦਿਆ ਕਰਨ ਦਾ ਦੋਸ਼ ਨਾ ਲਾਇਆ ਜਾਵੇ। ਪਰ ਯਹੋਵਾਹ ਨੇ ਇੱਦਾਂ ਹੋਣ ਤੋਂ ਰੋਕਿਆ ਨਹੀਂ, ਸਗੋਂ ਉਸ ਨੇ ਯਿਸੂ ਨੂੰ ਹੌਸਲਾ ਦੇਣ ਲਈ ਇਕ ਦੂਤ ਨੂੰ ਭੇਜਿਆ। (ਲੂਕਾ 22:42, 43) ਅੱਜ ਵੀ ਯਹੋਵਾਹ ਸਾਡੇ ਭੈਣਾਂ-ਭਰਾਵਾਂ ਰਾਹੀਂ ਸਾਡੀ ਮਦਦ ਕਰਦਾ ਹੈ। ਉਹ ਸ਼ਾਇਦ ਸਾਨੂੰ ਮਿਲਣ ਆਉਣ ਜਾਂ ਸਾਨੂੰ ਫ਼ੋਨ ਕਰ ਕੇ ਹੌਸਲਾ ਦੇਣ। ਇਸ ਲਈ ਸਾਨੂੰ ਸਾਰਿਆਂ ਨੂੰ ਅਜਿਹੇ ਮੌਕੇ ਲੱਭਣੇ ਚਾਹੀਦੇ ਹਨ ਜਦੋਂ ਅਸੀਂ ਕੋਈ “ਚੰਗੀ ਗੱਲ” ਕਹਿ ਕੇ ਇਕ-ਦੂਜੇ ਦਾ ਹੌਸਲਾ ਵਧਾ ਸਕੀਏ।—ਕਹਾ. 12:25.
12 ਜ਼ਰਾ ਭੈਣ ਮੀਰੀਅਮ ਦੇ ਤਜਰਬੇ ʼਤੇ ਗੌਰ ਕਰੋ। ਉਸ ਦੇ ਪਤੀ ਦੀ ਮੌਤ ਹੋਇਆਂ ਨੂੰ ਕੁਝ ਹਫ਼ਤੇ ਹੋ ਗਏ ਸਨ। ਇਕ ਦਿਨ ਉਹ ਆਪਣੇ ਘਰ ਵਿਚ ਇਕੱਲੀ ਸੀ ਅਤੇ ਬਹੁਤ ਦੁਖੀ ਸੀ। ਰੋ-ਰੋ ਕੇ ਉਸ ਦਾ ਬੁਰਾ ਹਾਲ ਹੋ ਗਿਆ ਸੀ ਅਤੇ ਉਹ ਕਿਸੇ ਨਾਲ ਗੱਲ ਕਰਨੀ ਚਾਹੁੰਦੀ ਸੀ। ਉਹ ਦੱਸਦੀ ਹੈ: “ਮੇਰੇ ਵਿਚ ਇੰਨੀ ਹਿੰਮਤ ਹੀ ਨਹੀਂ ਸੀ ਕਿ ਮੈਂ ਕਿਸੇ ਨੂੰ ਫ਼ੋਨ ਕਰਾਂ। ਇਸ ਲਈ ਮੈਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਮੈਂ ਰੋ-ਰੋ ਕੇ ਪ੍ਰਾਰਥਨਾ ਕਰ ਹੀ ਰਹੀ ਸੀ ਕਿ ਉਦੋਂ ਹੀ ਫ਼ੋਨ ਦੀ ਘੰਟੀ ਵੱਜੀ। ਇਕ ਬਜ਼ੁਰਗ ਦਾ ਫ਼ੋਨ ਸੀ।” ਉਸ ਬਜ਼ੁਰਗ ਤੇ ਉਸ ਦੀ ਪਤਨੀ ਦਾ ਭੈਣ ਮੀਰੀਅਮ ਨਾਲ ਵਧੀਆ ਰਿਸ਼ਤਾ ਸੀ। ਉਨ੍ਹਾਂ ਨਾਲ ਗੱਲਬਾਤ ਕਰ ਕੇ ਭੈਣ ਮੀਰੀਅਮ ਨੂੰ ਬਹੁਤ ਦਿਲਾਸਾ ਮਿਲਿਆ। ਭੈਣ ਨੂੰ ਯਕੀਨ ਹੋ ਗਿਆ ਕਿ ਯਹੋਵਾਹ ਨੇ ਹੀ ਉਸ ਭਰਾ ਨੂੰ ਫ਼ੋਨ ਕਰਨ ਲਈ ਪ੍ਰੇਰਿਤ ਕੀਤਾ ਸੀ।
13. ਇਕ ਉਦਾਹਰਣ ਦਿਓ ਕਿ ਯਹੋਵਾਹ ਕਿਵੇਂ ਉਨ੍ਹਾਂ ਲੋਕਾਂ ਰਾਹੀਂ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦੇ ਸਕਦਾ ਹੈ ਜਿਹੜੇ ਉਸ ਦੀ ਭਗਤੀ ਨਹੀਂ ਕਰਦੇ।
13 ਯਹੋਵਾਹ ਉਨ੍ਹਾਂ ਲੋਕਾਂ ਰਾਹੀਂ ਵੀ ਸਾਡੀ ਮਦਦ ਕਰ ਸਕਦਾ ਹੈ ਜਿਹੜੇ ਉਸ ਦੀ ਭਗਤੀ ਨਹੀਂ ਕਰਦੇ। (ਕਹਾ. 21:1) ਕਈ ਵਾਰ ਯਹੋਵਾਹ ਉਨ੍ਹਾਂ ਲੋਕਾਂ ਨੂੰ ਸਾਡੀ ਮਦਦ ਕਰਨ ਲਈ ਪ੍ਰੇਰਿਤ ਕਰਦਾ ਹੈ ਜੋ ਉਸ ਦੇ ਸੇਵਕ ਨਹੀਂ ਹਨ। ਉਦਾਹਰਣ ਲਈ, ਉਸ ਨੇ ਰਾਜਾ ਅਰਤਹਸ਼ਸਤਾ ਨੂੰ ਪ੍ਰੇਰਿਤ ਕੀਤਾ ਕਿ ਉਹ ਨਹਮਯਾਹ ਨੂੰ ਯਰੂਸ਼ਲਮ ਜਾਣ ਦੀ ਇਜਾਜ਼ਤ ਦੇਵੇ ਤਾਂਕਿ ਉਹ ਸ਼ਹਿਰ ਨੂੰ ਦੁਬਾਰਾ ਬਣਾਉਣ ਦਾ ਕੰਮ ਪੂਰਾ ਕਰਨ ਵਿਚ ਮਦਦ ਕਰ ਸਕੇ। (ਨਹ. 2:3-6) ਅੱਜ ਵੀ ਲੋੜ ਪੈਣ ʼਤੇ ਯਹੋਵਾਹ ਉਨ੍ਹਾਂ ਲੋਕਾਂ ਨੂੰ ਸਾਡੀ ਮਦਦ ਕਰਨ ਲਈ ਪ੍ਰੇਰਿਤ ਕਰ ਸਕਦਾ ਹੈ ਜਿਹੜੇ ਉਸ ਦੀ ਭਗਤੀ ਨਹੀਂ ਕਰਦੇ।
14. ਭੈਣ ਸੂ ਹਿੰਗ ਦੇ ਤਜਰਬੇ ਤੋਂ ਤੁਹਾਨੂੰ ਹੌਸਲਾ ਕਿਵੇਂ ਮਿਲਿਆ? (ਤਸਵੀਰ ਵੀ ਦੇਖੋ।)
14 ਭੈਣ ਸੂ ਹਿੰਗ ਨੂੰ ਅਹਿਸਾਸ ਹੋਇਆ ਕਿ ਯਹੋਵਾਹ ਨੇ ਇਕ ਡਾਕਟਰ ਰਾਹੀਂ ਉਸ ਦੀ ਮਦਦ ਕੀਤੀ। ਉਸ ਦੇ ਮੁੰਡੇ ਨੂੰ ਛੋਟੇ ਹੁੰਦਿਆਂ ਤੋਂ ਹੀ ਕਈ ਮਾਨਸਿਕ ਸਮੱਸਿਆਵਾਂ ਸਨ। ਕੁਝ ਸਾਲਾਂ ਬਾਅਦ ਉਸ ਦਾ ਮੁੰਡਾ ਇਕ ਉੱਚੀ ਥਾਂ ਤੋਂ ਡਿੱਗ ਗਿਆ ਜਿਸ ਕਰਕੇ ਉਸ ਦੇ ਕਾਫ਼ੀ ਸੱਟਾਂ ਲੱਗੀਆਂ। ਫਿਰ ਭੈਣ ਅਤੇ ਉਸ ਦੇ ਪਤੀ ਨੇ ਆਪਣੇ ਮੁੰਡੇ ਦੀ ਦੇਖ-ਭਾਲ ਕਰਨ ਲਈ ਆਪਣੀ ਨੌਕਰੀ ਛੱਡ ਦਿੱਤੀ। ਇਸ ਕਾਰਨ ਉਨ੍ਹਾਂ ਨੂੰ ਪੈਸਿਆਂ ਦੀ ਤੰਗੀ ਹੋ ਗਈ। ਭੈਣ ਨੂੰ ਲੱਗਾ ਕਿ ਹੁਣ ਉਹ ਹੋਰ ਬਰਦਾਸ਼ਤ ਨਹੀਂ ਕਰ ਸਕਦੀ। ਉਸ ਨੇ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹਿਆ ਅਤੇ ਉਸ ਤੋਂ ਮਦਦ ਮੰਗੀ। ਫਿਰ ਜਿਹੜਾ ਡਾਕਟਰ ਉਸ ਦੇ ਮੁੰਡੇ ਦਾ ਇਲਾਜ ਕਰ ਰਿਹਾ ਸੀ, ਉਸ ਨੇ ਉਨ੍ਹਾਂ ਦੀ ਮਦਦ ਕੀਤੀ। ਇਸ ਕਰਕੇ ਭੈਣ ਅਤੇ ਉਸ ਦੇ ਪਰਿਵਾਰ ਨੂੰ ਸਰਕਾਰ ਤੋਂ ਮਦਦ ਮਿਲੀ ਅਤੇ ਘੱਟ ਪੈਸਿਆਂ ਵਿਚ ਉਨ੍ਹਾਂ ਨੂੰ ਰਹਿਣ ਲਈ ਜਗ੍ਹਾ ਮਿਲ ਗਈ। ਬਾਅਦ ਵਿਚ ਭੈਣ ਸੂ ਹਿੰਗ ਨੇ ਕਿਹਾ: “ਅਸੀਂ ਸਾਫ਼-ਸਾਫ਼ ਦੇਖ ਪਾਏ ਕਿ ਇਸ ਸਭ ਦੇ ਪਿੱਛੇ ਯਹੋਵਾਹ ਦਾ ਹੀ ਹੱਥ ਸੀ। ਸੱਚੀਂ! ਉਹ ‘ਪ੍ਰਾਰਥਨਾ ਦਾ ਸੁਣਨ ਵਾਲਾ’ ਪਰਮੇਸ਼ੁਰ ਹੈ।”—ਜ਼ਬੂ. 65:2.
ਪ੍ਰਾਰਥਨਾ ਦਾ ਜਵਾਬ ਜਾਣਨ ਅਤੇ ਇਸ ਨੂੰ ਕਬੂਲ ਕਰਨ ਲਈ ਨਿਹਚਾ ਦੀ ਲੋੜ ਹੈ
15. ਇਕ ਭੈਣ ਨੂੰ ਕਿਵੇਂ ਅਹਿਸਾਸ ਹੋਇਆ ਕਿ ਯਹੋਵਾਹ ਉਸ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦੇ ਰਿਹਾ ਹੈ?
15 ਯਹੋਵਾਹ ਹਮੇਸ਼ਾ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਲਾਜਵਾਬ ਤਰੀਕੇ ਨਾਲ ਨਹੀਂ ਦਿੰਦਾ। ਪਰ ਉਹ ਸਾਨੂੰ ਜੋ ਵੀ ਜਵਾਬ ਦਿੰਦਾ ਹੈ, ਉਹ ਸਾਡੀ ਵਫ਼ਾਦਾਰੀ ਨੂੰ ਬਣਾਈ ਰੱਖਣ ਲਈ ਕਾਫ਼ੀ ਹੈ। ਇਸ ਲਈ ਹਮੇਸ਼ਾ ਧਿਆਨ ਦਿਓ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦਿੰਦਾ ਹੈ। ਭੈਣ ਯੋਕੋ ਨੂੰ ਲੱਗਾ ਕਿ ਯਹੋਵਾਹ ਉਸ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਨਹੀਂ ਦੇ ਰਿਹਾ। ਇਸ ਲਈ ਉਸ ਨੇ ਇਕ ਲਿਸਟ ਬਣਾਈ ਕਿ ਉਸ ਨੇ ਕਿਨ੍ਹਾਂ ਗੱਲਾਂ ਬਾਰੇ ਪ੍ਰਾਰਥਨਾ ਕੀਤੀ ਸੀ। ਕੁਝ ਸਮੇਂ ਬਾਅਦ ਜਦੋਂ ਉਸ ਨੇ ਲਿਸਟ ਦੇਖੀ, ਤਾਂ ਉਸ ਨੂੰ ਅਹਿਸਾਸ ਹੋਇਆ ਕਿ ਯਹੋਵਾਹ ਨੇ ਉਸ ਦੀਆਂ ਜ਼ਿਆਦਾਤਰ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ ਸੀ, ਇੱਥੋਂ ਤਕ ਕਿ ਉਨ੍ਹਾਂ ਪ੍ਰਾਰਥਨਾਵਾਂ ਦਾ ਵੀ ਜਿਨ੍ਹਾਂ ਬਾਰੇ ਉਹ ਖ਼ੁਦ ਭੁੱਲ ਗਈ ਸੀ। ਸਾਨੂੰ ਵੀ ਸਮੇਂ-ਸਮੇਂ ʼਤੇ ਰੁਕ ਕੇ ਸੋਚਣਾ ਚਾਹੀਦਾ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦੇ ਰਿਹਾ ਹੈ।—ਜ਼ਬੂ. 66:19, 20.
16. ਪ੍ਰਾਰਥਨਾ ਦੇ ਮਾਮਲੇ ਵਿਚ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਸਾਨੂੰ ਯਹੋਵਾਹ ʼਤੇ ਨਿਹਚਾ ਹੈ? (ਇਬਰਾਨੀਆਂ 11:6)
16 ਅਸੀਂ ਸਿਰਫ਼ ਪ੍ਰਾਰਥਨਾ ਕਰ ਕੇ ਹੀ ਨਹੀਂ ਦਿਖਾਉਂਦੇ ਕਿ ਸਾਨੂੰ ਯਹੋਵਾਹ ʼਤੇ ਨਿਹਚਾ ਹੈ, ਸਗੋਂ ਉਹ ਸਾਡੀਆਂ ਪ੍ਰਾਰਥਨਾਵਾਂ ਦਾ ਜੋ ਜਵਾਬ ਦਿੰਦਾ ਹੈ, ਉਸ ਨੂੰ ਕਬੂਲ ਕਰ ਕੇ ਵੀ ਅਸੀਂ ਆਪਣੀ ਨਿਹਚਾ ਦਾ ਸਬੂਤ ਦਿੰਦੇ ਹਾਂ। (ਇਬਰਾਨੀਆਂ 11:6 ਪੜ੍ਹੋ।) ਜ਼ਰਾ ਭਰਾ ਮਾਈਕ ਅਤੇ ਉਸ ਦੀ ਪਤਨੀ ਕ੍ਰਿਸੀ ਦੀ ਮਿਸਾਲ ʼਤੇ ਗੌਰ ਕਰੋ। ਉਹ ਦੋਵੇਂ ਬੈਥਲ ਵਿਚ ਸੇਵਾ ਕਰਨੀ ਚਾਹੁੰਦੇ ਸਨ। ਮਾਈਕ ਦੱਸਦਾ ਹੈ: “ਅਸੀਂ ਦੋਵਾਂ ਨੇ ਕਈ ਸਾਲਾਂ ਤਕ ਬੈਥਲ ਵਿਚ ਸੇਵਾ ਕਰਨ ਲਈ ਫ਼ਾਰਮ ਭਰਿਆ ਅਤੇ ਵਾਰ-ਵਾਰ ਯਹੋਵਾਹ ਨੂੰ ਇਸ ਬਾਰੇ ਪ੍ਰਾਰਥਨਾ ਕੀਤੀ। ਪਰ ਸਾਨੂੰ ਬੈਥਲ ਵਿਚ ਨਹੀਂ ਬੁਲਾਇਆ ਗਿਆ।” ਉਨ੍ਹਾਂ ਦੋਵਾਂ ਨੇ ਹਮੇਸ਼ਾ ਇਸ ਗੱਲ ਦਾ ਭਰੋਸਾ ਰੱਖਿਆ ਕਿ ਯਹੋਵਾਹ ਜਾਣਦਾ ਹੈ ਕਿ ਉਹ ਕਿਵੇਂ ਵਧੀਆ ਤਰੀਕੇ ਨਾਲ ਉਸ ਦੀ ਸੇਵਾ ਕਰ ਸਕਦੇ ਸਨ। ਨਾਲੇ ਉਨ੍ਹਾਂ ਤੋਂ ਜਿੰਨਾ ਹੋ ਸਕਦਾ ਸੀ, ਉਹ ਉੱਨਾ ਕਰਦੇ ਰਹੇ। ਉਨ੍ਹਾਂ ਨੇ ਅਜਿਹੀ ਜਗ੍ਹਾ ʼਤੇ ਜਾ ਕੇ ਪਾਇਨੀਅਰ ਸੇਵਾ ਕੀਤੀ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਨਾਲੇ ਉਨ੍ਹਾਂ ਨੇ ਭਗਤੀ ਨਾਲ ਜੁੜੀਆਂ ਇਮਾਰਤਾਂ ਦੀ ਉਸਾਰੀ ਕਰਨ ਵਿਚ ਵੀ ਹੱਥ ਵਟਾਇਆ। ਅੱਜ ਉਹ ਸਰਕਟ ਦਾ ਕੰਮ ਕਰਦੇ ਹਨ। ਭਰਾ ਕਹਿੰਦਾ ਹੈ: “ਯਹੋਵਾਹ ਨੇ ਹਮੇਸ਼ਾ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਉੱਦਾਂ ਨਹੀਂ ਦਿੱਤਾ ਜਿੱਦਾਂ ਅਸੀਂ ਉਮੀਦ ਕੀਤੀ ਸੀ। ਪਰ ਉਸ ਨੇ ਜਵਾਬ ਦਿੱਤਾ ਜ਼ਰੂਰ ਅਤੇ ਉਹ ਵੀ ਸਾਡੀਆਂ ਉਮੀਦਾਂ ਤੋਂ ਵੱਧ ਕੇ।”
17-18. ਜ਼ਬੂਰ 86:6, 7 ਮੁਤਾਬਕ ਅਸੀਂ ਕਿਸ ਗੱਲ ਦਾ ਭਰੋਸਾ ਰੱਖ ਸਕਦੇ ਹਾਂ?
17 ਜ਼ਬੂਰ 86:6, 7 ਪੜ੍ਹੋ। ਦਾਊਦ ਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਨੇ ਉਸ ਦੀਆਂ ਪ੍ਰਾਰਥਨਾਵਾਂ ਸੁਣੀਆਂ ਅਤੇ ਉਨ੍ਹਾਂ ਦਾ ਜਵਾਬ ਦਿੱਤਾ। ਦਾਊਦ ਵਾਂਗ ਅਸੀਂ ਵੀ ਇਹੀ ਭਰੋਸਾ ਰੱਖ ਸਕਦੇ ਹਾਂ। ਇਸ ਲੇਖ ਵਿਚ ਅਸੀਂ ਜਿਨ੍ਹਾਂ ਮਿਸਾਲਾਂ ʼਤੇ ਗੌਰ ਕੀਤਾ, ਉਨ੍ਹਾਂ ਤੋਂ ਸਾਨੂੰ ਯਕੀਨ ਹੋ ਜਾਂਦਾ ਹੈ ਕਿ ਯਹੋਵਾਹ ਸਾਨੂੰ ਵੀ ਬੁੱਧ ਅਤੇ ਮੁਸ਼ਕਲਾਂ ਸਹਿਣ ਦੀ ਤਾਕਤ ਦੇ ਸਕਦਾ ਹੈ। ਉਹ ਭੈਣਾਂ-ਭਰਾਵਾਂ ਰਾਹੀਂ ਵੀ ਸਾਡੀ ਮਦਦ ਕਰ ਸਕਦਾ ਹੈ ਜਾਂ ਉਨ੍ਹਾਂ ਰਾਹੀਂ ਵੀ ਜਿਹੜੇ ਉਸ ਦੀ ਭਗਤੀ ਨਹੀਂ ਕਰਦੇ।
18 ਸ਼ਾਇਦ ਯਹੋਵਾਹ ਹਰ ਵਾਰ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਉੱਦਾਂ ਨਾ ਦੇਵੇ ਜਿੱਦਾਂ ਅਸੀਂ ਉਮੀਦ ਕੀਤੀ ਹੋਵੇ। ਪਰ ਅਸੀਂ ਜਾਣਦੇ ਹਾਂ ਕਿ ਉਹ ਜਵਾਬ ਜ਼ਰੂਰ ਦੇਵੇਗਾ। ਉਹ ਜਾਣਦਾ ਹੈ ਕਿ ਸਾਨੂੰ ਕਦੋਂ ਕਿਸ ਚੀਜ਼ ਦੀ ਲੋੜ ਹੈ ਅਤੇ ਸਹੀ ਸਮੇਂ ʼਤੇ ਉਹ ਸਾਨੂੰ ਉਹੀ ਦੇਵੇਗਾ। ਇਸ ਲਈ ਨਿਹਚਾ ਰੱਖਦੇ ਹੋਏ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਰਹੋ ਅਤੇ ਭਰੋਸਾ ਰੱਖੋ ਕਿ ਉਹ ਅੱਜ ਵੀ ਤੁਹਾਡਾ ਖ਼ਿਆਲ ਰੱਖੇਗਾ। ਨਾਲੇ ਨਵੀਂ ਦੁਨੀਆਂ ਵਿਚ ਉਹ ਸਾਰੇ “ਜੀਉਂਦੇ ਪ੍ਰਾਣੀਆਂ ਦੀ ਇੱਛਾ ਪੂਰੀ” ਕਰੇਗਾ।—ਜ਼ਬੂ. 145:16.
ਗੀਤ 46 ਯਹੋਵਾਹ ਤੇਰਾ ਧੰਨਵਾਦ
a ਯਹੋਵਾਹ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਜੇ ਅਸੀਂ ਉਸ ਦੀ ਮਰਜ਼ੀ ਮੁਤਾਬਕ ਪ੍ਰਾਰਥਨਾ ਕਰਾਂਗੇ, ਤਾਂ ਉਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਜ਼ਰੂਰ ਦੇਵੇਗਾ। ਮੁਸ਼ਕਲਾਂ ਦੌਰਾਨ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਦੇ ਵਫ਼ਾਦਾਰ ਰਹਿਣ ਲਈ ਸਾਨੂੰ ਜੋ ਚਾਹੀਦਾ ਹੈ, ਉਹ ਸਾਨੂੰ ਜ਼ਰੂਰ ਦੇਵੇਗਾ। ਆਓ ਆਪਾਂ ਦੇਖੀਏ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦਿੰਦਾ ਹੈ।
b ਯਹੋਵਾਹ ਨੇ ਸ਼ੈਤਾਨ ਨੂੰ ਦੁਨੀਆਂ ʼਤੇ ਰਾਜ ਕਰਨ ਦੀ ਇਜਾਜ਼ਤ ਕਿਉਂ ਦਿੱਤੀ ਹੈ? ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਜੂਨ 2017 ਦੇ ਪਹਿਰਾਬੁਰਜ ਵਿਚ “ਸਭ ਤੋਂ ਅਹਿਮ ਮਸਲੇ ਨੂੰ ਯਾਦ ਰੱਖੋ” ਨਾਂ ਦਾ ਲੇਖ ਦੇਖੋ।
c ਕੁਝ ਨਾਂ ਬਦਲੇ ਗਏ ਹਨ।
d ਤਸਵੀਰ ਬਾਰੇ ਜਾਣਕਾਰੀ: ਇਕ ਮਾਂ ਅਤੇ ਉਸ ਦੀ ਕੁੜੀ ਇਕ ਦੇਸ਼ ਵਿਚ ਸ਼ਰਨਾਰਥੀਆਂ ਵਜੋਂ ਆਈਆਂ। ਉੱਥੇ ਦੇ ਭੈਣਾਂ-ਭਰਾਵਾਂ ਨੇ ਦਿਲੋਂ ਉਨ੍ਹਾਂ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਦਾ ਪ੍ਰਬੰਧ ਕੀਤਾ।