ਇਕੱਲੇਪਣ ਦੀ ਵਧ ਰਹੀ ਸਮੱਸਿਆ—ਬਾਈਬਲ ਕੀ ਕਹਿੰਦੀ ਹੈ?
ਹਾਲ ਹੀ ਵਿਚ ਦੁਨੀਆਂ ਦੇ ਵੱਖੋ-ਵੱਖਰੇ ਹਿੱਸਿਆਂ ਵਿਚ ਕੀਤੇ ਗਏ ਇਕ ਸਰਵੇa ਮੁਤਾਬਕ ਚਾਰਾਂ ਵਿਚੋਂ ਇਕ ਜਣਾ ਇਕੱਲੇਪਣ ਦਾ ਸ਼ਿਕਾਰ ਹੁੰਦਾ ਹੈ।
“ਚਾਹੇ ਕਿਸੇ ਵਿਅਕਤੀ ਦੀ ਉਮਰ ਜਿੰਨੀ ਮਰਜ਼ੀ ਹੋਵੇ ਅਤੇ ਉਹ ਜਿੱਥੇ ਮਰਜ਼ੀ ਰਹਿੰਦਾ ਹੋਵੇ, ਉਹ ਇਕੱਲੇਪਣ ਦਾ ਸ਼ਿਕਾਰ ਹੋ ਸਕਦਾ ਹੈ।”—ਚੀਡੋ ਪੈਮਬਾ, ਸਮਾਜਕ ਰਿਸ਼ਤਿਆਂ ਬਾਰੇ ਵਿਸ਼ਵ ਸਿਹਤ ਸੰਗਠਨ ਦੀ ਕਮਿਸ਼ਨ ਦਾ ਸਹਿ-ਚੇਅਰਮੈਨ।
ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਲੱਗੇ ਕਿ ਇਕੱਲੇਪਣ ਦੇ ਸ਼ਿਕਾਰ ਸਿਰਫ਼ ਸਿਆਣੇ ਜਾਂ ਉਹ ਲੋਕ ਹੀ ਹੁੰਦੇ ਹਨ ਜੋ ਦੂਜਿਆਂ ਤੋਂ ਦੂਰ-ਦੂਰ ਰਹਿੰਦੇ ਹਨ। ਪਰ ਸੱਚ ਤਾਂ ਇਹ ਹੈ ਕਿ ਇਸ ਦੇ ਸ਼ਿਕਾਰ ਨੌਜਵਾਨ, ਸਿਹਤਮੰਦ, ਕਾਮਯਾਬ ਅਤੇ ਵਿਆਹੇ ਲੋਕ ਵੀ ਹੁੰਦੇ ਹਨ। ਦੂਜਿਆਂ ਨਾਲ ਮੇਲ-ਜੋਲ ਨਾ ਰੱਖਣ ਦਾ ਅਤੇ ਇਕੱਲੇਪਣ ਦਾ ਇਕ ਵਿਅਕਤੀ ਦੀ ਸਿਹਤ ਅਤੇ ਭਾਵਨਾਵਾਂ ʼਤੇ ਬਹੁਤ ਮਾੜਾ ਅਸਰ ਪੈ ਸਕਦਾ ਹੈ।
ਅਮਰੀਕਾ ਤੋਂ ਸਰਜਨ ਜਨਰਲ ਡਾਕਟਰ ਵਿਵੇਕ ਮੁਰਥੀ ਕਹਿੰਦਾ ਹੈ: “ਇਕੱਲਾਪਣ ਸਿਰਫ਼ ਇਕ ਬੁਰੀ ਭਾਵਨਾ ਹੀ ਨਹੀਂ ਹੈ, ਸਗੋਂ ਇਹ ਇਸ ਤੋਂ ਕਿਤੇ ਵਧ ਕੇ ਹੈ। ਦੂਜਿਆਂ ਨਾਲ ਮੇਲ-ਜੋਲ ਨਾ ਰੱਖਣ ਵਾਲੇ ਨੂੰ ਮੌਤ ਦਾ ਉੱਨਾ ਹੀ ਖ਼ਤਰਾ ਹੈ ਜਿੰਨਾ ਇਕ ਦਿਨ ਵਿਚ 15 ਸਿਗਰਟਾਂ ਪੀਣ ਵਾਲੇ ਨੂੰ।”
ਬਾਈਬਲ ਕੀ ਕਹਿੰਦੀ ਹੈ?
ਸਾਡਾ ਸਿਰਜਣਹਾਰ ਨਹੀਂ ਚਾਹੁੰਦਾ ਕਿ ਅਸੀਂ ਇਕੱਲੇ-ਇਕੱਲੇ ਰਹੀਏ। ਰੱਬ ਦਾ ਸ਼ੁਰੂ ਤੋਂ ਇਹੀ ਮਕਸਦ ਹੈ ਕਿ ਸਾਰੇ ਇਨਸਾਨ ਮਿਲ-ਜੁਲ ਕੇ ਅਤੇ ਖ਼ੁਸ਼ ਰਹਿਣ।
ਬਾਈਬਲ ਦਾ ਅਸੂਲ: “ਪਰਮੇਸ਼ੁਰ ਨੇ ਕਿਹਾ: ‘ਇਹ ਚੰਗਾ ਨਹੀਂ ਕਿ ਆਦਮੀ ਇਕੱਲਾ ਰਹੇ।’”—ਉਤਪਤ 2:18.
ਰੱਬ ਚਾਹੁੰਦਾ ਹੈ ਕਿ ਅਸੀਂ ਉਸ ਨਾਲ ਰਿਸ਼ਤਾ ਜੋੜੀਏ। ਉਹ ਵਾਅਦਾ ਕਰਦਾ ਹੈ ਕਿ ਜੇ ਅਸੀਂ ਉਸ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਉਹ ਸਾਡੇ ਨੇੜੇ ਆਵੇਗਾ।—ਯਾਕੂਬ 4:8.
ਬਾਈਬਲ ਦਾ ਅਸੂਲ: “ਖ਼ੁਸ਼ ਹਨ ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ ਕਿਉਂਕਿ ਸਵਰਗ ਦਾ ਰਾਜ ਉਨ੍ਹਾਂ ਦਾ ਹੈ।”—ਮੱਤੀ 5:3.
ਰੱਬ ਚਾਹੁੰਦਾ ਹੈ ਕਿ ਅਸੀਂ ਦੂਜਿਆਂ ਨਾਲ ਮਿਲ ਕੇ ਉਸ ਦੀ ਭਗਤੀ ਕਰੀਏ। ਜਦੋਂ ਅਸੀਂ ਇੱਦਾਂ ਕਰਾਂਗੇ, ਤਾਂ ਅਸੀਂ ਖ਼ੁਸ਼ ਰਹਿ ਸਕਾਂਗੇ।
ਬਾਈਬਲ ਦਾ ਅਸੂਲ: “ਆਓ ਆਪਾਂ ਇਕ-ਦੂਜੇ ਦਾ ਧਿਆਨ ਰੱਖੀਏ ਤਾਂਕਿ ਅਸੀਂ ਇਕ-ਦੂਜੇ ਨੂੰ ਪਿਆਰ ਅਤੇ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ ਦੇ ਸਕੀਏ ਅਤੇ ਇਕ-ਦੂਜੇ ਨਾਲ ਇਕੱਠੇ ਹੋਣਾ ਨਾ ਛੱਡੀਏ, . . . ਸਗੋਂ ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੀਏ।”—ਇਬਰਾਨੀਆਂ 10:24, 25.
ਇਕੱਲੇਪਣ ਨਾਲ ਲੜਨਾ ਕਿਉਂ ਜ਼ਰੂਰੀ ਹੈ, ਇਸ ਬਾਰੇ ਹੋਰ ਜਾਣਨ ਲਈ “ਇਕੱਲਾਪਣ, ਇਕ ਸਮੱਸਿਆ—ਤੁਸੀਂ ਇਸ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹੋ?” ਨਾਂ ਦਾ ਲੇਖ ਪੜ੍ਹੋ।
a The Global State of Social Connections, by Meta and Gallup, 2023.