ਦੋਸਤੀ ਕਰ ਕੇ ਇਕੱਲੇਪਣ ʼਤੇ ਪਾਓ ਜਿੱਤ—ਬਾਈਬਲ ਕਿੱਦਾਂ ਮਦਦ ਕਰ ਸਕਦੀ ਹੈ?
2023 ਵਿਚ ਸਿਹਤ ਮਾਹਰਾਂ ਨੇ ਦੱਸਿਆ ਕਿ ਇਕੱਲਾਪਣ ਇਕ ਗੰਭੀਰ ਮਾਨਸਿਕ ਸਮੱਸਿਆ ਹੈ ਅਤੇ ਇਸ ਬਾਰੇ ਸਾਨੂੰ ਕੁਝ ਕਰਨ ਦੀ ਲੋੜ ਹੈ। ਕੀ ਅਸੀਂ ਇਸ ਉੱਤੇ ਜਿੱਤ ਹਾਸਲ ਕਰ ਸਕਦੇ ਹਾਂ?
ਡਾਕਟਰ ਵਿਵੇਕ ਮੁਰਥੀ ਕਹਿੰਦਾ ਹੈ: “ਜਦੋਂ ਅਸੀਂ ਇਕੱਲਾਪਣ ਮਹਿਸੂਸ ਕਰਦੇ ਹਾਂ ਅਤੇ ਦੂਜਿਆਂ ਤੋਂ ਦੂਰ-ਦੂਰ ਰਹਿੰਦੇ ਹਾਂ, ਤਾਂ ਇਸ ਦਾ ਸਾਡੀ ਖ਼ੁਸ਼ੀ ਅਤੇ ਸਿਹਤ ʼਤੇ ਬਹੁਤ ਬੁਰਾ ਅਸਰ ਪੈ ਸਕਦਾ ਹੈ।” ਪਰ ਉਸ ਨੇ ਇਹ ਵੀ ਕਿਹਾ: “ਅਸੀਂ ਇਸ ਸਮੱਸਿਆ ਨਾਲ ਲੜ ਸਕਦੇ ਹਾਂ।” ਕਿਵੇਂ? “ਜਦੋਂ ਅਸੀਂ ਰੋਜ਼ ਛੋਟੇ-ਛੋਟੇ ਕਦਮ ਚੁੱਕ ਕੇ ਦੂਜਿਆਂ ਨਾਲ ਆਪਣੀ ਦੋਸਤੀ ਗੂੜ੍ਹੀ ਕਰਦੇ ਹਾਂ, ਤਾਂ ਅਸੀਂ ਇਸ ਸਮੱਸਿਆ ਨਾਲ ਲੜ ਸਕਦੇ ਹਾਂ।”a
ਅਸੀਂ ਸਿਰਫ਼ ਉਦੋਂ ਹੀ ਇਕੱਲਾਪਣ ਮਹਿਸੂਸ ਨਹੀਂ ਕਰਦੇ ਜਦੋਂ ਅਸੀਂ ਦੂਜਿਆਂ ਤੋਂ ਦੂਰ-ਦੂਰ ਰਹਿੰਦੇ ਹਾਂ। ਕੁਝ ਜਣੇ ਸ਼ਾਇਦ ਭੀੜ ਵਿਚ ਵੀ ਇਕੱਲਾਪਣ ਮਹਿਸੂਸ ਕਰਨ। ਸਾਡੇ ਇਕੱਲੇਪਣ ਦੀ ਵਜ੍ਹਾ ਚਾਹੇ ਜੋ ਮਰਜ਼ੀ ਹੋਵੇ, ਪਰ ਬਾਈਬਲ ਇਸ ਨਾਲ ਲੜਨ ਵਿਚ ਸਾਡੀ ਮਦਦ ਕਰ ਸਕਦੀ ਹੈ। ਇਸ ਵਿਚ ਦਿੱਤੀਆਂ ਸਲਾਹਾਂ ਨੂੰ ਲਾਗੂ ਕਰ ਕੇ ਅਸੀਂ ਦੂਜਿਆਂ ਨਾਲ ਗੂੜ੍ਹੀ ਦੋਸਤੀ ਕਰ ਸਕਦੇ ਹਾਂ ਜਿਸ ਕਰਕੇ ਸਾਨੂੰ ਘੱਟ ਇਕੱਲਾਪਣ ਮਹਿਸੂਸ ਹੋਵੇਗਾ।
ਬਾਈਬਲ ਦੇ ਅਸੂਲ ਸਾਡੀ ਮਦਦ ਕਰ ਸਕਦੇ ਹਨ
ਚੰਗੀ ਤਰ੍ਹਾਂ ਗੱਲਬਾਤ ਕਰੋ। ਚੰਗੀ ਤਰ੍ਹਾਂ ਗੱਲਬਾਤ ਕਰਨ ਵਿਚ ਸਿਰਫ਼ ਆਪਣੀਆਂ ਭਾਵਨਾਵਾਂ ਦੱਸਣੀਆਂ ਹੀ ਕਾਫ਼ੀ ਨਹੀਂ ਹਨ, ਸਗੋਂ ਦੂਜਿਆਂ ਦੀ ਵੀ ਗੱਲ ਧਿਆਨ ਨਾਲ ਸੁਣਨੀ ਜ਼ਰੂਰੀ ਹੈ। ਜਿੰਨੀ ਜ਼ਿਆਦਾ ਤੁਸੀਂ ਦੂਜਿਆਂ ਵਿਚ ਦਿਲਚਸਪੀ ਲਵੋਗੇ, ਉੱਨੀ ਜ਼ਿਆਦਾ ਦੂਜਿਆਂ ਨਾਲ ਤੁਹਾਡੀ ਦੋਸਤੀ ਗੂੜ੍ਹੀ ਹੋਵੇਗੀ।
ਬਾਈਬਲ ਦਾ ਅਸੂਲ: “ਤੁਸੀਂ ਆਪਣੇ ਬਾਰੇ ਹੀ ਨਾ ਸੋਚੋ, ਸਗੋਂ ਦੂਸਰਿਆਂ ਦੇ ਭਲੇ ਬਾਰੇ ਵੀ ਸੋਚੋ।”—ਫ਼ਿਲਿੱਪੀਆਂ 2:4.
ਦੋਸਤੀ ਦਾ ਦਾਇਰਾ ਵਧਾਓ। ਆਪਣੇ ਤੋਂ ਛੋਟੀ ਜਾਂ ਵੱਡੀ ਉਮਰ ਦਿਆਂ ਨਾਲ ਜਾਂ ਫਿਰ ਅਲੱਗ ਸਭਿਆਚਾਰ ਜਾਂ ਦੇਸ਼ ਦੇ ਲੋਕਾਂ ਨਾਲ ਦੋਸਤੀ ਕਰੋ।
ਬਾਈਬਲ ਦਾ ਅਸੂਲ: “ਆਪਣੇ ਦਿਲਾਂ ਦੇ ਦਰਵਾਜ਼ੇ ਖੋਲ੍ਹੋ।”—2 ਕੁਰਿੰਥੀਆਂ 6:13.
ਅਸੀਂ ਦੂਜਿਆਂ ਨਾਲ ਗੂੜ੍ਹੀ ਦੋਸਤੀ ਕਿਵੇਂ ਕਰ ਸਕਦੇ ਹਾਂ, ਇਸ ਬਾਰੇ ਹੋਰ ਜਾਣਨ ਲਈ “ਤੁਸੀਂ ਦੋਸਤੀ ਕਿਵੇਂ ਕਰ ਸਕਦੇ ਹੋ” ਨਾਂ ਦਾ ਲੇਖ ਪੜ੍ਹੋ।
a Our Epidemic of Loneliness and Isolation: The U.S. Surgeon General’s Advisory on the Healing Effects of Social Connection and Community, 2023.