ਬਾਈਬਲ ਦੀਆਂ ਸਿੱਖਿਆਵਾਂ—ਅੱਜ ਵੀ ਫ਼ਾਇਦੇਮੰਦ
ਕਲਪਨਾ ਕਰੋ: ਤੁਸੀਂ ਇਕ ਮਿਊਜ਼ੀਅਮ ਵਿਚ ਹੋ ਜੋ ਪੁਰਾਣੀਆਂ ਚੀਜ਼ਾਂ ਨਾਲ ਭਰਿਆ ਪਿਆ ਹੈ। ਇਨ੍ਹਾਂ ਵਿੱਚੋਂ ਕੁਝ ਚੀਜ਼ਾਂ ਵਿਚ ਛੇਕ ਹੋ ਗਏ ਹਨ, ਕਈਆਂ ਦੇ ਜ਼ਿਆਦਾਤਰ ਹਿੱਸੇ ਟੁੱਟ ਚੁੱਕੇ ਹਨ ਅਤੇ ਕਈ ਤਾਂ ਬਿਲਕੁਲ ਖ਼ਰਾਬ ਹੋ ਚੁੱਕੀਆਂ ਹਨ। ਪਰ ਇਕ ਚੀਜ਼ ਬਿਲਕੁਲ ਸਹੀ-ਸਲਾਮਤ ਹੈ ਅਤੇ ਇਸ ਦਾ ਗੁੰਝਲਦਾਰ ਡੀਜ਼ਾਈਨ ਵੀ ਚੰਗੀ ਤਰ੍ਹਾਂ ਦੇਖਿਆ ਜਾ ਸਕਦਾ ਹੈ। ਤੁਸੀਂ ਟੂਰ ਕਰਾਉਣ ਵਾਲੇ ਨੂੰ ਪੁੱਛਦੇ ਹੋ: “ਕੀ ਇਹ ਬਾਕੀ ਚੀਜ਼ਾਂ ਨਾਲੋਂ ਨਵੀਂ ਹੈ?” ਉਹ ਕਹਿੰਦਾ ਹੈ: “ਨਹੀਂ, ਇਹ ਤਾਂ ਸਭ ਤੋਂ ਪੁਰਾਣੀ ਹੈ ਅਤੇ ਇਸ ਨੂੰ ਕਦੇ ਵੀ ਮੁਰੰਮਤ ਦੀ ਲੋੜ ਨਹੀਂ ਪਈ।” ਤੁਸੀਂ ਪੁੱਛਦੇ ਹੋ: “ਕੀ ਇਸ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਚੀਜ਼ਾਂ ਤੋਂ ਬਚਾ ਕੇ ਰੱਖਿਆ ਗਿਆ ਸੀ?” ਉਹ ਕਹਿੰਦਾ ਹੈ: “ਨਹੀਂ। ਇਸ ਚੀਜ਼ ਨੇ ਤਾਂ ਤੂਫ਼ਾਨ ਤੇ ਝੱਖੜ ਦਾ ਸਾਮ੍ਹਣਾ ਕੀਤਾ। ਨਾਲੇ ਬਹੁਤ ਸਾਰੇ ਲੁਟੇਰਿਆਂ ਨੇ ਵੀ ਇਸ ਨੂੰ ਨੁਕਸਾਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ।” ਤੁਸੀਂ ਸ਼ਾਇਦ ਸੋਚੋ: ‘ਇਸ ਚੀਜ਼ ਵਿਚ ਕੀ ਖ਼ਾਸ ਹੈ?’
ਇਸੇ ਤਰ੍ਹਾਂ, ਬਾਈਬਲ ਵੀ ਉਸ ਸ਼ਾਨਦਾਰ ਪੁਰਾਣੀ ਚੀਜ਼ ਵਰਗੀ ਹੈ। ਇਹ ਸਭ ਤੋਂ ਪੁਰਾਣੀ ਕਿਤਾਬ ਹੈ। ਦਰਅਸਲ, ਹੋਰ ਵੀ ਪੁਰਾਣੀਆਂ ਕਿਤਾਬਾਂ ਹਨ। ਪਰ ਜਿੱਦਾਂ ਸਮੇਂ ਦੇ ਬੀਤਣ ਨਾਲ ਮਿਊਜ਼ੀਅਮ ਵਿਚ ਰੱਖੀਆਂ ਚੀਜ਼ਾਂ ਖ਼ਰਾਬ ਹੋ ਚੁੱਕੀਆਂ ਹਨ, ਉਸੇ ਤਰ੍ਹਾਂ ਬਹੁਤ ਸਾਰੀਆਂ ਪੁਰਾਣੀਆਂ ਕਿਤਾਬਾਂ ਵੀ ਖ਼ਰਾਬ ਹੋ ਚੁੱਕੀਆਂ ਹਨ। ਮਿਸਾਲ ਲਈ, ਪੁਰਾਣੀਆਂ ਕਿਤਾਬਾਂ ਵਿਚ ਵਿਗਿਆਨ ਸੰਬੰਧੀ ਲਿਖੀਆਂ ਗੱਲਾਂ ਅੱਜ-ਕੱਲ੍ਹ ਦੀ ਜਾਣਕਾਰੀ ਨਾਲ ਮੇਲ ਨਹੀਂ ਖਾਂਦੀਆਂ। ਉਨ੍ਹਾਂ ਵਿਚ ਦੱਸੀਆਂ ਇਲਾਜ ਸੰਬੰਧੀ ਗੱਲਾਂ ਅੱਜ ਫ਼ਾਇਦੇਮੰਦ ਹੋਣ ਦੀ ਬਜਾਇ ਜ਼ਿਆਦਾਤਰ ਨੁਕਸਾਨਦੇਹ ਹਨ। ਨਾਲੇ ਕਈ ਪੁਰਾਣੀਆਂ ਕਿਤਾਬਾਂ ਦੇ ਕੁਝ ਹਿੱਸੇ ਹੀ ਬਚੇ ਹਨ। ਕੁਝ ਹਿੱਸੇ ਗੁਆਚ ਗਏ ਹਨ ਜਾਂ ਬੁਰੀ ਤਰ੍ਹਾਂ ਖ਼ਰਾਬ ਹੋ ਚੁੱਕੇ ਹਨ।
ਪਰ ਬਾਈਬਲ ਨਾਲ ਇੱਦਾਂ ਨਹੀਂ ਹੋਇਆ। ਇਹ ਤਕਰੀਬਨ 3,500 ਸਾਲ ਪਹਿਲਾਂ ਲਿਖਣੀ ਸ਼ੁਰੂ ਹੋਈ ਸੀ, ਪਰ ਅਜੇ ਵੀ ਬਾਈਬਲ ਦਾ ਕੁਝ ਨਹੀਂ ਵਿਗੜਿਆ। ਸਦੀਆਂ ਦੌਰਾਨ ਲੋਕਾਂ ਨੇ ਇਸ ਦਾ ਨਾਮੋ-ਨਿਸ਼ਾਨ ਮਿਟਾਉਣ ਦੀਆਂ ਲੱਖ ਕੋਸ਼ਿਸ਼ਾਂ ਕੀਤੀਆਂ, ਕਦੇ ਜਲਾ ਕੇ, ਕਦੇ ਪੜ੍ਹਨ ʼਤੇ ਪਾਬੰਦੀ ਲਾ ਕੇ ਅਤੇ ਕਦੇ ਇਸ ਦੀ ਅਹਿਮੀਅਤ ਘਟਾ ਕੇ, ਪਰ ਉਹ ਇਸ ਤਰ੍ਹਾਂ ਕਰਨ ਵਿਚ ਨਾਕਾਮ ਰਹੇ! ਇਸ ਵਿਚ ਦਿੱਤੀਆਂ ਗੱਲਾਂ ਨਾ ਸਿਰਫ਼ ਅੱਜ-ਕੱਲ੍ਹ ਦੀ ਜਾਣਕਾਰੀ ਨਾਲ ਮੇਲ ਖਾਂਦੀਆਂ ਹਨ, ਸਗੋਂ ਇਸ ਵਿਚ ਉਹ ਗੱਲਾਂ ਵੀ ਪਹਿਲਾਂ ਹੀ ਦੱਸ ਦਿੱਤੀਆਂ ਗਈਆਂ ਸਨ ਜਿਨ੍ਹਾਂ ਬਾਰੇ ਅੱਜ ਪਤਾ ਲੱਗਾ ਹੈ!—“ਪੁਰਾਣੇ ਜ਼ਮਾਨੇ ਦੀ ਜਾਂ ਹਰ ਜ਼ਮਾਨੇ ਦੀ?” ਨਾਂ ਦੀ ਡੱਬੀ ਦੇਖੋ।
ਫ਼ਾਇਦੇਮੰਦ ਨੈਤਿਕ ਕਦਰਾਂ-ਕੀਮਤਾਂ
ਪਰ ਤੁਸੀਂ ਸ਼ਾਇਦ ਸੋਚੋ: ‘ਕੀ ਬਾਈਬਲ ਦੀਆਂ ਸਿੱਖਿਆਵਾਂ ਤੋਂ ਸਾਨੂੰ ਅੱਜ ਵੀ ਫ਼ਾਇਦਾ ਹੁੰਦਾ ਹੈ?’ ਇਸ ਦਾ ਜਵਾਬ ਜਾਣਨ ਲਈ ਆਪਣੇ ਆਪ ਤੋਂ ਪੁੱਛੋ: ‘ਅੱਜ ਲੋਕਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਭ ਤੋਂ ਜ਼ਿਆਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ? ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਸਭ ਤੋਂ ਔਖਾ ਹੈ?’ ਸ਼ਾਇਦ ਤੁਹਾਡੇ ਮਨ ਵਿਚ ਆਵੇ ਪ੍ਰਦੂਸ਼ਣ, ਅਪਰਾਧ, ਯੁੱਧ ਜਾਂ ਭ੍ਰਿਸ਼ਟਾਚਾਰ। ਆਓ ਆਪਾਂ ਬਾਈਬਲ ਦੀਆਂ ਕੁਝ ਬੁਨਿਆਦੀ ਸਿੱਖਿਆਵਾਂ ʼਤੇ ਗੌਰ ਕਰੀਏ। ਇਨ੍ਹਾਂ ʼਤੇ ਗੌਰ ਕਰਦਿਆਂ ਆਪਣੇ ਆਪ ਤੋਂ ਪੁੱਛੋ: ‘ਜੇ ਸਾਰੇ ਜਣੇ ਇਨ੍ਹਾਂ ਅਸੂਲਾਂ ʼਤੇ ਚੱਲਣ, ਤਾਂ ਕੀ ਦੁਨੀਆਂ ਦੇ ਹਾਲਾਤ ਸੁਧਰ ਸਕਦੇ ਹਨ?’
ਸ਼ਾਂਤੀ ਪਸੰਦ
“ਖ਼ੁਸ਼ ਹਨ ਮੇਲ-ਮਿਲਾਪ ਰੱਖਣ ਵਾਲੇ; ਕਿਉਂਕਿ ਉਹ ਪਰਮੇਸ਼ੁਰ ਦੇ ਪੁੱਤਰ ਕਹਾਉਣਗੇ।” (ਮੱਤੀ 5:9) “ਜੇ ਹੋ ਸਕੇ, ਤਾਂ ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰੋ।”—ਰੋਮੀਆਂ 12:18.
ਦਇਆ, ਮਾਫ਼ੀ
“ਖ਼ੁਸ਼ ਹਨ ਦਇਆਵਾਨ; ਕਿਉਂਕਿ ਉਨ੍ਹਾਂ ਉੱਤੇ ਦਇਆ ਕੀਤੀ ਜਾਵੇਗੀ।” (ਮੱਤੀ 5:7) “ਜੇ ਕਿਸੇ ਨੇ ਤੁਹਾਨੂੰ ਕਿਸੇ ਗੱਲੋਂ ਨਾਰਾਜ਼ ਕੀਤਾ ਵੀ ਹੈ, ਤਾਂ ਵੀ ਤੁਸੀਂ ਇਕ-ਦੂਜੇ ਦੀ ਸਹਿੰਦੇ ਰਹੋ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹੋ। ਜਿਵੇਂ ਯਹੋਵਾਹa ਨੇ ਤੁਹਾਨੂੰ ਦਿਲੋਂ ਮਾਫ਼ ਕੀਤਾ ਹੈ, ਤੁਸੀਂ ਵੀ ਇਸੇ ਤਰ੍ਹਾਂ ਕਰੋ।”—ਕੁਲੁੱਸੀਆਂ 3:13.
ਅਲੱਗ-ਅਲੱਗ ਕੌਮਾਂ ਦੇ ਲੋਕਾਂ ਵਿਚ ਏਕਤਾ
ਰੱਬ ਨੇ “ਇਕ ਆਦਮੀ ਤੋਂ ਸਾਰੀਆਂ ਕੌਮਾਂ ਬਣਾਈਆਂ ਹਨ ਕਿ ਉਹ ਪੂਰੀ ਧਰਤੀ ਉੱਤੇ ਵਸਣ।” (ਰਸੂਲਾਂ ਦੇ ਕੰਮ 17:26) “ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ, ਪਰ ਹਰ ਕੌਮ ਵਿਚ ਜਿਹੜਾ ਵੀ ਇਨਸਾਨ ਉਸ ਤੋਂ ਡਰਦਾ ਹੈ ਅਤੇ ਸਹੀ ਕੰਮ ਕਰਦਾ ਹੈ, ਪਰਮੇਸ਼ੁਰ ਉਸ ਨੂੰ ਕਬੂਲ ਕਰਦਾ ਹੈ।”—ਰਸੂਲਾਂ ਦੇ ਕੰਮ 10:34, 35.
ਧਰਤੀ ਦੀ ਦੇਖ-ਭਾਲ
“ਯਹੋਵਾਹ ਪਰਮੇਸ਼ੁਰ ਨੇ ਉਸ ਆਦਮੀ ਨੂੰ ਲੈਕੇ ਅਦਨ ਦੇ ਬਾਗ ਵਿੱਚ ਰੱਖਿਆ ਤਾਂਜੋ ਉਹ ਉਸ ਦੀ ਵਾਹੀ ਤੇ ਰਾਖੀ ਕਰੇ।” (ਉਤਪਤ 2:15) ਰੱਬ “ਧਰਤੀ ਨੂੰ ਤਬਾਹ ਕਰਨ ਵਾਲੇ ਲੋਕਾਂ ਨੂੰ ਖ਼ਤਮ” ਕਰੇਗਾ।—ਪ੍ਰਕਾਸ਼ ਦੀ ਕਿਤਾਬ 11:18.
ਲਾਲਚ ਅਤੇ ਅਨੈਤਿਕਤਾ ਤੋਂ ਦੂਰ ਰਹੋ
“ਹਰ ਤਰ੍ਹਾਂ ਦੇ ਲੋਭ ਤੋਂ ਖ਼ਬਰਦਾਰ ਰਹੋ ਕਿਉਂਕਿ ਭਾਵੇਂ ਕਿਸੇ ਇਨਸਾਨ ਕੋਲ ਜਿੰਨੀਆਂ ਮਰਜ਼ੀ ਚੀਜ਼ਾਂ ਹੋਣ, ਪਰ ਉਸ ਦੀ ਜ਼ਿੰਦਗੀ ਇਨ੍ਹਾਂ ਚੀਜ਼ਾਂ ਉੱਤੇ ਨਿਰਭਰ ਨਹੀਂ ਕਰਦੀ।” (ਲੂਕਾ 12:15) “ਤੁਹਾਡੇ ਵਿਚ ਹਰਾਮਕਾਰੀ ਦਾ ਅਤੇ ਹਰ ਤਰ੍ਹਾਂ ਦੇ ਗੰਦੇ-ਮੰਦੇ ਕੰਮਾਂ ਦਾ ਜਾਂ ਲੋਭ ਦਾ ਜ਼ਿਕਰ ਤਕ ਨਾ ਕੀਤਾ ਜਾਵੇ ਕਿਉਂਕਿ ਪਵਿੱਤਰ ਸੇਵਕਾਂ ਲਈ ਇਸ ਤਰ੍ਹਾਂ ਕਰਨਾ ਠੀਕ ਨਹੀਂ ਹੈ।”—ਅਫ਼ਸੀਆਂ 5:3.
ਈਮਾਨਦਾਰੀ ਤੇ ਸਖ਼ਤ ਮਿਹਨਤ
“ਅਸੀਂ ਹਰ ਗੱਲ ਵਿਚ ਈਮਾਨਦਾਰੀ ਤੋਂ ਕੰਮ ਲੈਣਾ ਚਾਹੁੰਦੇ ਹਾਂ।” (ਇਬਰਾਨੀਆਂ 13:18) “ਜਿਹੜਾ ਚੋਰੀ ਕਰਦਾ ਹੈ ਉਹ ਹੁਣ ਚੋਰੀ ਨਾ ਕਰੇ, ਸਗੋਂ ਸਖ਼ਤ ਮਿਹਨਤ ਕਰੇ।”—ਅਫ਼ਸੀਆਂ 4:28.
ਲੋੜਵੰਦਾਂ ਦੀ ਮਦਦ ਕਰਨ ਦੀ ਅਹਿਮੀਅਤ
“ਨਿਰਾਸ਼ ਲੋਕਾਂ ਨੂੰ ਦਿਲਾਸਾ ਦਿਓ, ਕਮਜ਼ੋਰਾਂ ਨੂੰ ਸਹਾਰਾ ਦਿਓ ਅਤੇ ਸਾਰਿਆਂ ਨਾਲ ਧੀਰਜ ਨਾਲ ਪੇਸ਼ ਆਓ।” (1 ਥੱਸਲੁਨੀਕੀਆਂ 5:14) “ਮੁਸੀਬਤਾਂ ਵਿਚ ਯਤੀਮਾਂ ਅਤੇ ਵਿਧਵਾਵਾਂ ਦਾ ਧਿਆਨ” ਰੱਖੋ।—ਯਾਕੂਬ 1:27.
ਬਾਈਬਲ ਸਿਰਫ਼ ਅਸੂਲ ਹੀ ਨਹੀਂ ਦੱਸਦੀ। ਪਰ ਇਹ ਵੀ ਦੱਸਦੀ ਹੈ ਕਿ ਅਸੀਂ ਇਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹਾਂ। ਜੇ ਜ਼ਿਆਦਾ ਤੋਂ ਜ਼ਿਆਦਾ ਲੋਕ ਉੱਪਰ ਦੱਸੀਆਂ ਸਿੱਖਿਆਵਾਂ ʼਤੇ ਚੱਲਣ, ਤਾਂ ਕੀ ਮਨੁੱਖਜਾਤੀ ਦੀਆਂ ਮੁਸ਼ਕਲਾਂ ਘੱਟ ਨਹੀਂ ਜਾਣਗੀਆਂ? ਵਾਕਈ, ਬਾਈਬਲ ਦੇ ਅਸੂਲ ਹਰ ਜ਼ਮਾਨੇ ਵਿਚ ਫ਼ਾਇਦੇਮੰਦ ਹਨ! ਅੱਜ ਤੁਹਾਨੂੰ ਬਾਈਬਲ ਦੀਆਂ ਸਿੱਖਿਆਵਾਂ ਤੋਂ ਕੀ ਫ਼ਾਇਦੇ ਹੋ ਸਕਦੇ ਹਨ?
ਅੱਜ ਬਾਈਬਲ ਦੀਆਂ ਸਿੱਖਿਆਵਾਂ ਦੇ ਫ਼ਾਇਦੇ
ਇਕ ਬੁੱਧੀਮਾਨ ਵਿਅਕਤੀ ਨੇ ਕਿਹਾ: “ਇਨਸਾਨ ਦੇ ਨੇਕ ਕੰਮਾਂ ਤੋਂ ਹੀ ਸਾਬਤ ਹੁੰਦਾ ਹੈ ਕਿ ਉਹ ਬੁੱਧੀਮਾਨ ਹੈ।” (ਮੱਤੀ 11:19) ਤੁਸੀਂ ਕੀ ਸੋਚਦੇ ਹੋ? ਕਿਸੇ ਸਲਾਹ ਨੂੰ ਲਾਗੂ ਕਰਨ ਦੇ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਉਹ ਸਲਾਹ ਬੁੱਧੀਮਾਨੀ ਦੀ ਸੀ ਕਿ ਨਹੀਂ? ਤੁਸੀਂ ਸ਼ਾਇਦ ਸੋਚੋ: ‘ਜੇ ਬਾਈਬਲ ਦੀ ਸਲਾਹ ਅੱਜ ਵੀ ਫ਼ਾਇਦੇਮੰਦ ਹੈ, ਤਾਂ ਕੀ ਇਸ ਦਾ ਅਸਰ ਮੇਰੀ ਜ਼ਿੰਦਗੀ ਵਿਚ ਨਹੀਂ ਦਿਖਣਾ ਚਾਹੀਦਾ? ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਬਾਈਬਲ ਮੇਰੀ ਕਿੱਦਾਂ ਮਦਦ ਕਰ ਸਕਦੀ ਹੈ?’ ਇਕ ਮਿਸਾਲ ʼਤੇ ਗੌਰ ਕਰੋ।
ਡੈਲਫੀਨb ਦੀ ਜ਼ਿੰਦਗੀ ਵਿਚ ਸਭ ਕੁਝ ਵਧੀਆ ਚੱਲ ਰਿਹਾ ਸੀ। ਪਰ ਅਚਾਨਕ ਉਸ ਨੂੰ ਇਕ ਤੋਂ ਬਾਅਦ ਇਕ ਮੁਸੀਬਤ ਦਾ ਸਾਮ੍ਹਣਾ ਕਰਨਾ ਪਿਆ। ਉਸ ਦਾ ਪਤੀ ਉਸ ਨੂੰ ਛੱਡ ਕੇ ਚਲਾ ਗਿਆ। ਉਸ ਦੀ ਜਵਾਨ ਧੀ ਦੀ ਮੌਤ ਹੋ ਗਈ। ਉਸ ਨੂੰ ਪੈਸੇ ਦੀ ਤੰਗੀ ਆ ਗਈ। ਉਹ ਕਹਿੰਦੀ ਹੈ: “ਮੇਰਾ ਸਭ ਕੁਝ ਉਜੜ ਗਿਆ। ਹੁਣ ਨਾ ਮੇਰੀ ਧੀ ਸੀ, ਨਾ ਪਤੀ ਤੇ ਨਾ ਹੀ ਘਰ। ਮੇਰਾ ਵਜੂਦ ਖ਼ਤਮ ਹੋ ਚੁੱਕਾ ਸੀ। ਮੈਂ ਸੋਚਦੀ ਸੀ ਕਿ ਹੁਣ ਮੇਰੇ ਜੀਉਣ ਦਾ ਕੀ ਫ਼ਾਇਦਾ।”
ਡੈਲਫੀਨ ਨੂੰ ਇਨ੍ਹਾਂ ਸ਼ਬਦਾਂ ਦੀ ਸੱਚਾਈ ਹੁਣ ਸਮਝ ਲੱਗੀ ਸੀ: “ਸਾਡੀ ਉਮਰ ਦੇ ਦਿਨ ਸੱਤ੍ਰ ਵਰ੍ਹੇ ਹਨ, ਪਰ ਜੇ ਸਾਹ ਸਤ ਹੋਵੇ ਤਾਂ ਅੱਸੀ ਵਰ੍ਹੇ, ਪਰ ਉਨ੍ਹਾਂ ਦੀ ਆਕੜ ਕਸ਼ਟ ਅਤੇ ਸੋਗ ਹੀ ਹੈ, ਉਹ ਛੇਤੀ ਬੀਤ ਜਾਂਦੇ ਹਨ ਅਤੇ ਅਸੀਂ ਉਡਾਰੀ ਮਾਰ ਜਾਂਦੇ ਹਾਂ।”—ਜ਼ਬੂਰਾਂ ਦੀ ਪੋਥੀ 90:10.
ਡੈਲਫੀਨ ਨੂੰ ਇਨ੍ਹਾਂ ਮੁਸ਼ਕਲ ਸਮਿਆਂ ਵਿਚ ਬਾਈਬਲ ਤੋਂ ਮਦਦ ਮਿਲੀ। ਬਾਈਬਲ ਦਾ ਉਸ ਦੀ ਜ਼ਿੰਦਗੀ ʼਤੇ ਬਹੁਤ ਅਸਰ ਪਿਆ। ਅਗਲੇ ਤਿੰਨ ਲੇਖਾਂ ਵਿਚ ਦੱਸਿਆ ਜਾਵੇਗਾ ਕਿ ਹੋਰ ਲੋਕਾਂ ਨੂੰ ਵੀ ਮੁਸ਼ਕਲ ਘੜੀਆਂ ਵਿਚ ਬਾਈਬਲ ਦੀਆਂ ਸਲਾਹਾਂ ਲਾਗੂ ਕਰ ਕੇ ਕਿਵੇਂ ਫ਼ਾਇਦਾ ਹੋਇਆ। ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਬਾਈਬਲ ਉਸ ਪੁਰਾਣੀ ਚੀਜ਼ ਵਾਂਗ ਹੈ ਜਿਸ ਬਾਰੇ ਇਸ ਲੇਖ ਦੇ ਸ਼ੁਰੂ ਵਿਚ ਦੱਸਿਆ ਗਿਆ ਸੀ। ਇਹ ਉਨ੍ਹਾਂ ਅਣਗਿਣਤ ਕਿਤਾਬਾਂ ਤੋਂ ਬਿਲਕੁਲ ਵੱਖਰੀ ਹੈ ਜੋ ਪੁਰਾਣੀਆਂ ਹੋ ਚੁੱਕੀਆਂ ਹਨ ਅਤੇ ਜਿਨ੍ਹਾਂ ਦੀਆਂ ਸਲਾਹਾਂ ਅੱਜ ਫ਼ਾਇਦੇਮੰਦ ਨਹੀਂ ਹਨ। ਕਿਹੜੀ ਚੀਜ਼ ਕਰਕੇ ਬਾਈਬਲ ਇਕ ਖ਼ਾਸ ਕਿਤਾਬ ਹੈ? ਇਸ ਵਿਚ ਇਨਸਾਨਾਂ ਦੀਆਂ ਨਹੀਂ, ਸਗੋਂ ਰੱਬ ਦੀਆਂ ਗੱਲਾਂ ਦੱਸੀਆਂ ਗਈਆਂ ਹਨ।—1 ਥੱਸਲੁਨੀਕੀਆਂ 2:13.
ਤੁਸੀਂ ਵੀ ਦੇਖਿਆ ਹੋਣਾ ਕਿ ਜ਼ਿੰਦਗੀ ਬਹੁਤ ਛੋਟੀ ਅਤੇ ਮੁਸ਼ਕਲਾਂ ਭਰੀ ਹੈ। ਜਦੋਂ ਤੁਸੀਂ ਮੁਸ਼ਕਲਾਂ ਦੇ ਭਾਰ ਹੇਠ ਦੱਬੇ ਹੋਏ ਮਹਿਸੂਸ ਕਰਦੇ ਹੋ, ਤਾਂ ਤੁਸੀਂ ਦਿਲਾਸਾ, ਮਦਦ ਅਤੇ ਸਲਾਹ ਕਿੱਥੋਂ ਪਾ ਸਕਦੇ ਹੋ?
ਆਓ ਆਪਾਂ ਤਿੰਨ ਗੱਲਾਂ ʼਤੇ ਗੌਰ ਕਰੀਏ ਜਿਨ੍ਹਾਂ ਤੋਂ ਸਾਬਤ ਹੁੰਦਾ ਹੈ ਕਿ ਬਾਈਬਲ ਅੱਜ ਵੀ ਸਾਡੀ ਜ਼ਿੰਦਗੀ ਵਿਚ ਫ਼ਾਇਦੇਮੰਦ ਹੈ। ਆਓ ਦੇਖੀਏ ਕਿ
ਜਿੰਨਾ ਹੋ ਸਕੇ, ਅਸੀਂ ਮੁਸ਼ਕਲਾਂ ਤੋਂ ਕਿਵੇਂ ਬਚ ਸਕਦੇ ਹਾਂ।
ਮੁਸ਼ਕਲਾਂ ਪੈਦਾ ਹੋਣ ʼਤੇ ਅਸੀਂ ਇਨ੍ਹਾਂ ਨੂੰ ਕਿਵੇਂ ਹੱਲ ਕਰ ਸਕਦੇ ਹਾਂ।
ਅਸੀਂ ਉਨ੍ਹਾਂ ਹਾਲਾਤਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ ਜਿਨ੍ਹਾਂ ʼਤੇ ਸਾਡਾ ਵੱਸ ਨਹੀਂ ਚੱਲਦਾ।
ਅਗਲੇ ਤਿੰਨ ਲੇਖਾਂ ਵਿਚ ਇਨ੍ਹਾਂ ਗੱਲਾਂ ʼਤੇ ਚਰਚਾ ਕੀਤੀ ਜਾਵੇਗੀ।
a ਬਾਈਬਲ ਵਿਚ ਰੱਬ ਦਾ ਨਾਂ ਯਹੋਵਾਹ ਦੱਸਿਆ ਗਿਆ ਹੈ।—ਜ਼ਬੂਰਾਂ ਦੀ ਪੋਥੀ 83:18.
b ਇਸ ਲੇਖ ਅਤੇ ਅਗਲੇ ਤਿੰਨ ਲੇਖਾਂ ਵਿਚ ਕੁਝ ਨਾਂ ਬਦਲੇ ਗਏ ਹਨ।