ਮਸੀਹੀ ਪਰਿਵਾਰੋ ‘ਜਾਗਦੇ ਰਹੋ’
“[ਆਓ] ਜਾਗਦੇ ਰਹੀਏ ਅਰ ਸੁਚੇਤ ਰਹੀਏ।”—1 ਥੱਸ. 5:6.
1, 2. ਜੇ ਪਰਿਵਾਰ ਨੇ ਜਾਗਦੇ ਰਹਿਣ ਵਿਚ ਸਫ਼ਲ ਹੋਣਾ ਹੈ, ਤਾਂ ਕੀ ਕਰਨ ਦੀ ਲੋੜ ਹੈ?
“ਯਹੋਵਾਹ ਦੇ ਵੱਡੇ ਤੇ ਹੌਲਨਾਕ ਦਿਨ” ਬਾਰੇ ਗੱਲ ਕਰਦਿਆਂ ਥੱਸਲੁਨੀਕਾ ਦੇ ਮਸੀਹੀਆਂ ਨੂੰ ਪੌਲੁਸ ਰਸੂਲ ਨੇ ਲਿਖਿਆ: “ਹੇ ਭਰਾਵੋ, ਤੁਸੀਂ ਅਨ੍ਹੇਰੇ ਵਿੱਚ ਨਹੀਂ ਹੋ ਜੋ ਤੁਹਾਡੇ ਉੱਤੇ ਉਹ ਦਿਨ ਚੋਰ ਦੀ ਨਿਆਈਂ ਆਣ ਪਵੇ। ਕਿਉਂ ਜੋ ਤੁਸੀਂ ਸੱਭੇ ਚਾਨਣ ਦੇ ਪੁੱਤ੍ਰ ਅਤੇ ਦਿਨ ਦੇ ਪੁੱਤ੍ਰ ਹੋ। ਅਸੀਂ ਰਾਤ ਦੇ ਨਹੀਂ, ਨਾ ਅਨ੍ਹੇਰੇ ਦੇ ਹਾਂ।” ਪੌਲੁਸ ਨੇ ਅੱਗੇ ਕਿਹਾ: “ਸੋ ਇਸ ਲਈ ਅਸੀਂ ਹੋਰਨਾਂ ਵਾਂਙੁ ਨਾ ਸਵੀਏਂ ਸਗੋਂ ਜਾਗਦੇ ਰਹੀਏ ਅਰ ਸੁਚੇਤ ਰਹੀਏ।”—ਯੋਏ. 2:31; 1 ਥੱਸ. 5:4-6.
2 ਥੱਸਲੁਨੀਕੀਆਂ ਨੂੰ ਦਿੱਤੀ ਪੌਲੁਸ ਦੀ ਸਲਾਹ ਖ਼ਾਸਕਰ “ਓੜਕ ਦੇ ਸਮੇਂ” ਵਿਚ ਜੀ ਰਹੇ ਮਸੀਹੀਆਂ ਲਈ ਢੁਕਵੀਂ ਹੈ। (ਦਾਨੀ. 12:4) ਜਿਉਂ-ਜਿਉਂ ਸ਼ਤਾਨ ਦੀ ਦੁਸ਼ਟ ਦੁਨੀਆਂ ਦਾ ਅੰਤ ਨੇੜੇ ਆ ਰਿਹਾ ਹੈ, ਉਸ ਨੇ ਜ਼ਿਆਦਾ ਤੋਂ ਜ਼ਿਆਦਾ ਸੱਚੇ ਭਗਤਾਂ ਨੂੰ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਹਟਾਉਣ ਲਈ ਲੱਕ ਬੰਨ੍ਹਿਆਂ ਹੋਇਆ ਹੈ। ਇਸ ਲਈ ਅਕਲਮੰਦੀ ਦੀ ਗੱਲ ਹੈ ਕਿ ਅਸੀਂ ਜਾਗਦੇ ਰਹਿਣ ਬਾਰੇ ਦਿੱਤੀ ਪੌਲੁਸ ਦੀ ਸਲਾਹ ਮੰਨੀਏ। ਜੇ ਮਸੀਹੀ ਪਰਿਵਾਰ ਨੇ ਜਾਗਦੇ ਰਹਿਣ ਵਿਚ ਸਫ਼ਲ ਹੋਣਾ ਹੈ, ਤਾਂ ਹਰ ਮੈਂਬਰ ਲਈ ਜ਼ਰੂਰੀ ਹੈ ਕਿ ਉਹ ਬਾਈਬਲ ਵਿਚ ਦੱਸੀ ਆਪਣੀ-ਆਪਣੀ ਜ਼ਿੰਮੇਵਾਰੀ ਨਿਭਾਵੇ। ਤਾਂ ਫਿਰ ਪਤੀ, ਪਤਨੀਆਂ ਅਤੇ ਬੱਚੇ ਪਰਿਵਾਰ ਦੇ ‘ਜਾਗਦੇ ਰਹਿਣ’ ਵਿਚ ਮਦਦ ਕਰਨ ਲਈ ਕਿਹੜੀ ਭੂਮਿਕਾ ਨਿਭਾਉਂਦੇ ਹਨ?
ਪਤੀਓ—‘ਅੱਛੇ ਅਯਾਲੀ’ ਦੀ ਰੀਸ ਕਰੋ
3. ਇਕ ਤਿਮੋਥਿਉਸ 5:8 ਮੁਤਾਬਕ ਪਰਿਵਾਰ ਦੇ ਮੁਖੀ ਵਜੋਂ ਆਦਮੀ ਦੀ ਜ਼ਿੰਮੇਵਾਰੀ ਵਿਚ ਕੀ ਕੁਝ ਸ਼ਾਮਲ ਹੈ?
3 ਬਾਈਬਲ ਕਹਿੰਦੀ ਹੈ: “ਇਸਤ੍ਰੀ ਦਾ ਸਿਰ ਪੁਰਖ ਹੈ।” (1 ਕੁਰਿੰ. 11:3) ਪਰਿਵਾਰ ਦੇ ਮੁਖੀ ਵਜੋਂ ਆਦਮੀ ਦੀ ਜ਼ਿੰਮੇਵਾਰੀ ਵਿਚ ਕੀ ਕੁਝ ਸ਼ਾਮਲ ਹੈ? ਇਸ ਦੇ ਇਕ ਪਹਿਲੂ ਬਾਰੇ ਬਾਈਬਲ ਕਹਿੰਦੀ ਹੈ: “ਜੇ ਕੋਈ ਆਪਣਿਆਂ ਲਈ ਅਤੇ ਖਾਸ ਕਰਕੇ ਆਪਣੇ ਘਰਾਣੇ ਲਈ ਅੱਗੋਂ ਹੀ ਤਰੱਦਦ ਨਹੀਂ ਕਰਦਾ ਤਾਂ ਉਹ ਨਿਹਚਾ ਤੋਂ ਬੇਮੁਖ ਹੋਇਆ ਅਤੇ ਬੇਪਰਤੀਤੇ ਨਾਲੋਂ ਭੀ ਬੁਰਾ ਹੈ।” (1 ਤਿਮੋ. 5:8) ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪਤੀ ਨੂੰ ਆਪਣੇ ਪਰਿਵਾਰ ਦੀਆਂ ਭੌਤਿਕ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਜੇ ਉਸ ਨੇ ਆਪਣੇ ਪਰਿਵਾਰ ਦੀ ਜਾਗਦੇ ਰਹਿਣ ਵਿਚ ਮਦਦ ਕਰਨੀ ਹੈ, ਤਾਂ ਉਸ ਨੂੰ ਰੋਜ਼ੀ-ਰੋਟੀ ਕਮਾਉਣ ਨਾਲੋਂ ਜ਼ਿਆਦਾ ਕੁਝ ਕਰਨ ਦੀ ਲੋੜ ਹੈ। ਉਸ ਨੂੰ ਆਪਣੇ ਪਰਿਵਾਰ ਦੀ ਨਿਹਚਾ ਤਕੜੀ ਕਰਨ ਦੀ ਲੋੜ ਹੈ ਜਿਸ ਸਦਕਾ ਸਾਰੇ ਪਰਿਵਾਰ ਦਾ ਪਰਮੇਸ਼ੁਰ ਨਾਲ ਰਿਸ਼ਤਾ ਮਜ਼ਬੂਤ ਹੋਵੇਗਾ। (ਕਹਾ. 24:3, 4) ਉਹ ਇਸ ਤਰ੍ਹਾਂ ਕਿਵੇਂ ਕਰ ਸਕਦਾ ਹੈ?
4. ਕਿਹੜੀ ਗੱਲ ਦੀ ਮਦਦ ਨਾਲ ਇਕ ਆਦਮੀ ਆਪਣੇ ਘਰਦਿਆਂ ਦੀ ਨਿਹਚਾ ਮਜ਼ਬੂਤ ਕਰ ਸਕਦਾ ਹੈ?
4 “ਪਤੀ ਪਤਨੀ ਦਾ ਸਿਰ ਹੈ ਜਿਵੇਂ ਮਸੀਹ ਭੀ ਕਲੀਸਿਯਾ ਦਾ ਸਿਰ ਹੈ,” ਇਸ ਲਈ ਵਿਆਹੁਤਾ ਆਦਮੀ ਨੂੰ ਦੇਖਣ ਦੀ ਲੋੜ ਹੈ ਕਿ ਸਿਰ ਵਜੋਂ ਯਿਸੂ ਨੇ ਕਲੀਸਿਯਾ ਲਈ ਕਿਵੇਂ ਵਧੀਆ ਮਿਸਾਲ ਕਾਇਮ ਕੀਤੀ ਅਤੇ ਫਿਰ ਇਸ ਉੱਤੇ ਚੱਲਣਾ ਚਾਹੀਦਾ ਹੈ। (ਅਫ਼. 5:23) ਧਿਆਨ ਦਿਓ ਕਿ ਯਿਸੂ ਨੇ ਆਪਣੇ ਚੇਲਿਆਂ ਨਾਲ ਆਪਣੇ ਰਿਸ਼ਤੇ ਬਾਰੇ ਕਿਵੇਂ ਸਮਝਾਇਆ। (ਯੂਹੰਨਾ 10:14, 15 ਪੜ੍ਹੋ।) ਜਿਹੜਾ ਆਦਮੀ ਆਪਣੇ ਘਰਦਿਆਂ ਦੀ ਨਿਹਚਾ ਮਜ਼ਬੂਤ ਕਰਨੀ ਚਾਹੁੰਦਾ ਹੈ, ਉਸ ਦੀ ਕਾਮਯਾਬੀ ਦਾ ਰਾਜ਼ ਕੀ ਹੈ? ਇਹ ਹੈ: ਉਨ੍ਹਾਂ ਗੱਲਾਂ ਦਾ ਅਧਿਐਨ ਕਰੋ ਜਿਹੜੀਆਂ ਯਿਸੂ ਨੇ ‘ਅੱਛੇ ਅਯਾਲੀ’ ਵਜੋਂ ਕਹੀਆਂ ਤੇ ਕੀਤੀਆਂ ਅਤੇ ਫਿਰ “ਉਹ ਦੀ ਪੈੜ ਉੱਤੇ ਤੁਰੋ।”—1 ਪਤ. 2:21.
5. ਅੱਛੇ ਚਰਵਾਹੇ ਨੂੰ ਕਲੀਸਿਯਾ ਬਾਰੇ ਕਿਹੜੀ ਜਾਣਕਾਰੀ ਹੈ?
5 ਚਰਵਾਹੇ ਅਤੇ ਉਸ ਦੀਆਂ ਭੇਡਾਂ ਵਿਚਕਾਰ ਜੋ ਰਿਸ਼ਤਾ ਹੁੰਦਾ ਹੈ, ਉਹ ਚੰਗੀ ਜਾਣ-ਪਛਾਣ ਅਤੇ ਭਰੋਸੇ ਉੱਤੇ ਆਧਾਰਿਤ ਹੁੰਦਾ ਹੈ। ਚਰਵਾਹਾ ਆਪਣੀਆਂ ਭੇਡਾਂ ਬਾਰੇ ਸਾਰਾ ਕੁਝ ਜਾਣਦਾ ਹੈ ਅਤੇ ਭੇਡਾਂ ਚਰਵਾਹੇ ਨੂੰ ਜਾਣਦੀਆਂ ਹਨ ਤੇ ਉਸ ਉੱਤੇ ਭਰੋਸਾ ਰੱਖਦੀਆਂ ਹਨ। ਉਹ ਉਸ ਦੀ ਆਵਾਜ਼ ਪਛਾਣਦੀਆਂ ਅਤੇ ਉਸ ਮੁਤਾਬਕ ਚੱਲਦੀਆਂ ਹਨ। ਯਿਸੂ ਨੇ ਕਿਹਾ: “ਮੈਂ ਆਪਣੀਆਂ ਭੇਡਾਂ ਨੂੰ ਸਿਆਣਦਾ ਹਾਂ ਅਤੇ ਮੇਰੀਆਂ ਆਪਣੀਆਂ ਭੇਡਾਂ ਮੈਨੂੰ ਸਿਆਣਦੀਆਂ ਹਨ।” ਯਿਸੂ ਕਲੀਸਿਯਾ ਬਾਰੇ ਮਾੜੀ-ਮੋਟੀ ਜਾਣਕਾਰੀ ਨਹੀਂ ਰੱਖਦਾ। ਇੱਥੇ ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਸਿਆਣਦਾ” ਕੀਤਾ ਗਿਆ ਹੈ, ਉਹ “ਜ਼ਾਤੀ ਤੌਰ ਤੇ ਜਾਣਨ” ਦਾ ਭਾਵ ਰੱਖਦਾ ਹੈ। ਹਾਂ, ਅੱਛਾ ਅਯਾਲੀ ਆਪਣੀਆਂ ਭੇਡਾਂ ਨੂੰ ਜ਼ਾਤੀ ਤੌਰ ਤੇ ਜਾਣਦਾ ਹੈ। ਉਹ ਇਕੱਲੀ-ਇਕੱਲੀ ਭੇਡ ਦੀਆਂ ਲੋੜਾਂ, ਕਮਜ਼ੋਰੀਆਂ ਅਤੇ ਖੂਬੀਆਂ ਨੂੰ ਜਾਣਦਾ ਹੈ। ਉਸ ਦੀਆਂ ਭੇਡਾਂ ਦੀ ਕੋਈ ਵੀ ਗੱਲ ਉਸ ਤੋਂ ਲੁਕੀ ਹੋਈ ਨਹੀਂ ਹੈ। ਭੇਡਾਂ ਵੀ ਚਰਵਾਹੇ ਨੂੰ ਚੰਗੀ ਤਰ੍ਹਾਂ ਜਾਣਦੀਆਂ ਹਨ ਅਤੇ ਉਸ ਦੀ ਅਗਵਾਈ ਉੱਤੇ ਭਰੋਸਾ ਰੱਖਦੀਆਂ ਹਨ।
6. ਪਤੀ ਕਿਵੇਂ ਚੰਗੇ ਚਰਵਾਹੇ ਦੀ ਰੀਸ ਕਰ ਸਕਦੇ ਹਨ?
6 ਮਸੀਹ ਵਾਂਗ ਸਿਰ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਜ਼ਰੂਰੀ ਹੈ ਕਿ ਪਤੀ ਆਪਣੇ ਆਪ ਨੂੰ ਚਰਵਾਹਾ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਭੇਡਾਂ ਸਮਝਣਾ ਸਿੱਖੇ। ਉਸ ਨੂੰ ਆਪਣੇ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕੀ ਇਕ ਪਤੀ ਸੱਚ-ਮੁੱਚ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣ ਸਕਦਾ ਹੈ? ਹਾਂ, ਜੇ ਉਹ ਆਪਣੇ ਪਰਿਵਾਰ ਨਾਲ ਚੰਗੀ ਤਰ੍ਹਾਂ ਗੱਲਬਾਤ ਕਰੇ, ਉਨ੍ਹਾਂ ਦੀ ਗੱਲ ਸੁਣੇ, ਪਰਿਵਾਰ ਦੇ ਕੰਮਾਂ-ਕਾਰਾਂ ਵਿਚ ਅਗਵਾਈ ਕਰੇ। ਉਸ ਨੂੰ ਪਰਿਵਾਰਕ ਸਟੱਡੀ, ਮੀਟਿੰਗਾਂ ਤੇ ਜਾਣ, ਪ੍ਰਚਾਰ ਅਤੇ ਮਨੋਰੰਜਨ ਕਰਨ ਸੰਬੰਧੀ ਫ਼ੈਸਲੇ ਕਰਨ ਤੋਂ ਪਹਿਲਾਂ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਹਾਲਾਤਾਂ ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ। ਇਕ ਮਸੀਹੀ ਪਤੀ ਜਦੋਂ ਪਰਮੇਸ਼ੁਰ ਦੇ ਬਚਨ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਚੰਗੀ ਤਰ੍ਹਾਂ ਜਾਣਨ ਅਨੁਸਾਰ ਅਗਵਾਈ ਕਰਦਾ ਹੈ, ਤਾਂ ਪਰਿਵਾਰ ਦੇ ਮੈਂਬਰ ਭਰੋਸਾ ਕਰਨਗੇ ਕਿ ਉਹ ਸਿਰ ਵਜੋਂ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਿਭਾਉਂਦਾ ਹੈ। ਉਹ ਆਪ ਵੀ ਸਾਰੇ ਪਰਿਵਾਰ ਨੂੰ ਸੱਚੀ ਭਗਤੀ ਕਰਦਾ ਦੇਖ ਕੇ ਖ਼ੁਸ਼ ਹੋਵੇਗਾ।
7, 8. ਪਤੀ ਆਪਣੀ ਦੇਖ-ਰੇਖ ਅਧੀਨ ਰਹਿਣ ਵਾਲਿਆਂ ਨਾਲ ਪਿਆਰ ਕਰਨ ਦੇ ਮਾਮਲੇ ਵਿਚ ਕਿਵੇਂ ਚੰਗੇ ਚਰਵਾਹੇ ਦੀ ਰੀਸ ਕਰ ਸਕਦੇ ਹਨ?
7 ਚੰਗਾ ਚਰਵਾਹਾ ਆਪਣੀਆਂ ਭੇਡਾਂ ਨਾਲ ਪਿਆਰ ਵੀ ਕਰਦਾ ਹੈ। ਜਦੋਂ ਅਸੀਂ ਯਿਸੂ ਦੀ ਜ਼ਿੰਦਗੀ ਅਤੇ ਪ੍ਰਚਾਰ ਬਾਰੇ ਬਿਰਤਾਂਤਾਂ ਦਾ ਅਧਿਐਨ ਕਰਦੇ ਹਾਂ, ਤਾਂ ਸਾਡੇ ਦਿਲ ਕਦਰਦਾਨੀ ਨਾਲ ਭਰ ਜਾਂਦੇ ਹਨ ਕਿ ਯਿਸੂ ਆਪਣੇ ਚੇਲਿਆਂ ਨਾਲ ਕਿੰਨਾ ਪਿਆਰ ਕਰਦਾ ਸੀ। ਇੱਥੋਂ ਤਕ ਕਿ ਉਸ ਨੇ ‘ਆਪਣੀਆਂ ਭੇਡਾਂ ਦੇ ਬਦਲੇ ਆਪਣੀ ਜਾਨ ਦੇ ਦਿੱਤੀ।’ ਯਿਸੂ ਵਾਂਗ ਪਤੀਆਂ ਨੂੰ ਵੀ ਆਪਣੀ ਦੇਖ-ਰੇਖ ਅਧੀਨ ਰਹਿਣ ਵਾਲਿਆਂ ਨਾਲ ਪਿਆਰ ਕਰਨਾ ਚਾਹੀਦਾ ਹੈ। ਪਰਮੇਸ਼ੁਰ ਦੀ ਮਿਹਰ ਪਾਉਣ ਦੀ ਚਾਹਤ ਰੱਖਣ ਵਾਲਾ ਪਤੀ ਆਪਣੀ ਪਤਨੀ ਉੱਤੇ ਧੌਂਸ ਜਮਾਉਣ ਦੀ ਬਜਾਇ ਉਸ ਨੂੰ ਪਿਆਰ ਕਰਦਾ ਰਹੇਗਾ “ਜਿਵੇਂ ਮਸੀਹ ਨੇ ਵੀ ਕਲੀਸਿਯਾ ਨਾਲ ਪ੍ਰੇਮ ਕੀਤਾ।” (ਅਫ਼. 5:25) ਉਸ ਦੀਆਂ ਗੱਲਾਂ ਤੋਂ ਪਿਆਰ ਅਤੇ ਪਰਵਾਹ ਝਲਕਣੀ ਚਾਹੀਦੀ ਹੈ ਕਿਉਂਕਿ ਪਤਨੀ ਆਦਰ ਦੇ ਯੋਗ ਹੈ।—1 ਪਤ. 3:7.
8 ਬੱਚਿਆਂ ਨੂੰ ਸਿੱਖਿਆ ਦੇਣ ਲੱਗਿਆਂ ਪਰਿਵਾਰ ਦੇ ਮੁਖੀ ਨੂੰ ਪਰਮੇਸ਼ੁਰ ਦੇ ਅਸੂਲਾਂ ਉੱਤੇ ਡਟੇ ਰਹਿਣਾ ਚਾਹੀਦਾ ਹੈ। ਪਰ ਉਸ ਨੂੰ ਆਪਣੇ ਬੱਚਿਆਂ ਨਾਲ ਪਿਆਰ ਵੀ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਪਿਆਰ ਨਾਲ ਲੋੜੀਂਦਾ ਅਨੁਸ਼ਾਸਨ ਦੇਣਾ ਚਾਹੀਦਾ ਹੈ। ਕੁਝ ਬੱਚਿਆਂ ਨੂੰ ਸ਼ਾਇਦ ਹੋਰਨਾਂ ਬੱਚਿਆਂ ਨਾਲੋਂ ਇਹ ਸਮਝਣ ਵਿਚ ਜ਼ਿਆਦਾ ਸਮਾਂ ਲੱਗੇ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਦੇ ਬੱਚਿਆਂ ਨਾਲ ਪਿਤਾ ਨੂੰ ਜ਼ਿਆਦਾ ਧੀਰਜ ਨਾਲ ਪੇਸ਼ ਆਉਣ ਦੀ ਲੋੜ ਹੈ। ਜਦੋਂ ਆਦਮੀ ਹਮੇਸ਼ਾ ਯਿਸੂ ਦੀ ਮਿਸਾਲ ਉੱਤੇ ਚੱਲਦੇ ਹਨ, ਤਾਂ ਉਹ ਘਰ ਦੇ ਮਾਹੌਲ ਨੂੰ ਵਧੀਆ ਬਣਾਉਂਦੇ ਹਨ। ਉਨ੍ਹਾਂ ਦੇ ਪਰਿਵਾਰ ਉਸ ਸੁਰੱਖਿਆ ਦਾ ਆਨੰਦ ਮਾਣਦੇ ਹਨ ਜਿਸ ਬਾਰੇ ਜ਼ਬੂਰਾਂ ਦੇ ਲਿਖਾਰੀ ਨੇ ਗਾਇਆ ਸੀ।—ਜ਼ਬੂਰਾਂ ਦੀ ਪੋਥੀ 23:1-6 ਪੜ੍ਹੋ।
9. ਨੂਹ ਵਾਂਗ ਮਸੀਹੀ ਪਤੀਆਂ ਦੀ ਕਿਹੜੀ ਜ਼ਿੰਮੇਵਾਰੀ ਹੈ ਅਤੇ ਇਸ ਨੂੰ ਨਿਭਾਉਣ ਵਿਚ ਕਿਹੜੀ ਗੱਲ ਉਨ੍ਹਾਂ ਦੀ ਮਦਦ ਕਰੇਗੀ?
9 ਨੂਹ ਆਪਣੇ ਜ਼ਮਾਨੇ ਦੀ ਦੁਨੀਆਂ ਦੇ ਆਖ਼ਰੀ ਸਮੇਂ ਵਿਚ ਰਹਿੰਦਾ ਸੀ। ਪਰ ਯਹੋਵਾਹ ਨੇ ਉਸ ਨੂੰ “ਸੱਤਾਂ ਹੋਰਨਾਂ ਸਣੇ ਬਚਾ ਲਿਆ” ਜਦੋਂ ਉਸ ਨੇ “ਕੁਧਰਮੀਆਂ ਦੇ ਸੰਸਾਰ ਉੱਤੇ ਪਰਲੋ ਆਂਦੀ।” (2 ਪਤ. 2:5) ਨੂਹ ਦੀ ਜ਼ਿੰਮੇਵਾਰੀ ਸੀ ਕਿ ਉਹ ਜਲ-ਪਰਲੋ ਵਿੱਚੋਂ ਬਚਣ ਵਿਚ ਆਪਣੇ ਪਰਿਵਾਰ ਦੀ ਮਦਦ ਕਰੇ। ਇਨ੍ਹਾਂ ਆਖ਼ਰੀ ਦਿਨਾਂ ਵਿਚ ਮਸੀਹੀ ਪਰਿਵਾਰਾਂ ਦੇ ਮੁਖੀਆਂ ਦੀ ਵੀ ਇਹੋ ਜ਼ਿੰਮੇਵਾਰੀ ਹੈ। (ਮੱਤੀ 24:37) ਤਾਂ ਫਿਰ ਕਿੰਨਾ ਜ਼ਰੂਰੀ ਹੈ ਕਿ ਉਹ ‘ਅੱਛੇ ਅਯਾਲੀ’ ਯਿਸੂ ਦੀ ਮਿਸਾਲ ਦਾ ਅਧਿਐਨ ਕਰਨ ਅਤੇ ਉਸ ਦੀ ਰੀਸ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰਨ!
ਪਤਨੀਓ—‘ਆਪਣਾ ਘਰ ਬਣਾਓ’
10. ਪਤਨੀ ਲਈ ਆਪਣੇ ਪਤੀ ਦੇ ਅਧੀਨ ਹੋਣ ਦਾ ਕੀ ਮਤਲਬ ਹੈ?
10 ਪੌਲੁਸ ਰਸੂਲ ਨੇ ਲਿਖਿਆ: “ਹੇ ਪਤਨੀਓ, ਤੁਸੀਂ ਆਪਣਿਆਂ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੁ ਦੇ।” (ਅਫ਼. 5:22) ਇਸ ਆਇਤ ਦਾ ਮਤਲਬ ਪਤਨੀਆਂ ਨੂੰ ਨੀਵਾਂ ਦਰਜਾ ਦੇਣਾ ਨਹੀਂ ਹੈ। ਪਹਿਲੀ ਔਰਤ ਹੱਵਾਹ ਨੂੰ ਸਿਰਜਣ ਤੋਂ ਪਹਿਲਾਂ ਸੱਚੇ ਪਰਮੇਸ਼ੁਰ ਨੇ ਕਿਹਾ: “ਭਈ ਚੰਗਾ ਨਹੀਂ ਕਿ ਆਦਮੀ ਇਕੱਲਾ ਰਹੇ ਸੋ ਮੈਂ ਉਹ ਦੇ ਲਈ ਉਹ ਦੇ ਵਾਂਙੁ ਇੱਕ ਸਹਾਇਕਣ ਬਣਾਵਾਂਗਾ।” (ਉਤ. 2:18) ਜਿਉਂ-ਜਿਉਂ ਪਤੀ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦਾ ਹੈ, ਤਿਉਂ-ਤਿਉਂ ਪਤਨੀ “ਸਹਾਇਕਣ” ਵਜੋਂ ਉਸ ਦਾ ਸਾਥ ਨਿਭਾਉਂਦੀ ਹੈ ਜੋ ਕਿ ਆਦਰ ਦੀ ਗੱਲ ਹੈ।
11. ਇਕ ਮਿਸਾਲੀ ਪਤਨੀ ਕਿਵੇਂ “ਆਪਣਾ ਘਰ ਬਣਾਉਂਦੀ ਹੈ”?
11 ਇਕ ਚੰਗੀ ਪਤਨੀ ਆਪਣੇ ਪਰਿਵਾਰ ਦੇ ਭਲੇ ਲਈ ਮਿਹਨਤ ਕਰਦੀ ਹੈ। (ਕਹਾਉਤਾਂ 14:1 ਪੜ੍ਹੋ।) ਮੂਰਖ ਪਤਨੀ ਆਪਣੇ ਪਤੀ ਦੇ ਅਧੀਨ ਰਹਿਣ ਦੇ ਇੰਤਜ਼ਾਮ ਦਾ ਨਿਰਾਦਰ ਕਰਦੀ ਹੈ, ਪਰ ਬੁੱਧਵਾਨ ਤੀਵੀਂ ਇਸ ਇੰਤਜ਼ਾਮ ਦਾ ਗਹਿਰਾ ਆਦਰ ਕਰਦੀ ਹੈ। ਉਹ ਦੁਨੀਆਂ ਵਾਂਗ ਅਣਆਗਿਆਕਾਰ ਹੋਣ ਅਤੇ ਆਪਣੀ ਮਨ-ਮਰਜ਼ੀ ਕਰਨ ਦੀ ਬਜਾਇ ਆਪਣੇ ਪਤੀ ਦੇ ਅਧੀਨ ਰਹਿੰਦੀ ਹੈ। (ਅਫ਼. 2:2) ਮੂਰਖ ਪਤਨੀ ਆਪਣੇ ਪਤੀ ਬਾਰੇ ਬੁਰਾ-ਭਲਾ ਕਹਿਣ ਤੋਂ ਝਿਜਕਦੀ ਨਹੀਂ, ਜਦਕਿ ਬੁੱਧਵਾਨ ਪਤਨੀ ਬੱਚਿਆਂ ਅਤੇ ਦੂਜਿਆਂ ਦੀਆਂ ਨਜ਼ਰਾਂ ਵਿਚ ਉਸ ਦੀ ਇੱਜ਼ਤ ਨੂੰ ਵਧਾਉਣ ਲਈ ਮਿਹਨਤ ਕਰਦੀ ਹੈ। ਅਜਿਹੀ ਪਤਨੀ ਧਿਆਨ ਰੱਖਦੀ ਹੈ ਕਿ ਉਹ ਆਪਣੇ ਪਤੀ ਨੂੰ ਖਿਝਾ ਕੇ ਜਾਂ ਉਸ ਨਾਲ ਬਹਿਸ ਕਰ ਕੇ ਪਰਿਵਾਰ ਦੇ ਮੁਖੀ ਵਜੋਂ ਉਸ ਦੇ ਅਧਿਕਾਰ ਦਾ ਨਿਰਾਦਰ ਨਹੀਂ ਕਰੇਗੀ। ਪੈਸਾ ਖ਼ਰਚਣ ਦੇ ਮਾਮਲੇ ਉੱਤੇ ਵੀ ਗੌਰ ਕਰੋ। ਮੂਰਖ ਪਤਨੀ ਮਿਹਨਤ-ਮੁਸ਼ੱਕਤ ਨਾਲ ਕੀਤੀ ਕਮਾਈ ਉਡਾ ਦਿੰਦੀ ਹੈ। ਪਰ ਸਾਥ ਦੇਣ ਵਾਲੀ ਪਤਨੀ ਇਹੋ ਜਿਹੀ ਨਹੀਂ। ਉਹ ਪੈਸੇ ਦੇ ਮਾਮਲੇ ਵਿਚ ਆਪਣੇ ਪਤੀ ਦਾ ਸਾਥ ਦਿੰਦੀ ਹੈ। ਉਹ ਜੋ ਵੀ ਕਰਦੀ ਹੈ, ਸਮਝਦਾਰੀ ਨਾਲ ਕਰਦੀ ਹੈ ਤੇ ਫ਼ਜ਼ੂਲ-ਖ਼ਰਚੀ ਨਹੀਂ ਕਰਦੀ। ਉਹ ਆਪਣੇ ਪਤੀ ਉੱਤੇ ਓਵਰਟਾਈਮ ਕਰਨ ਦਾ ਦਬਾਅ ਨਹੀਂ ਪਾਉਂਦੀ।
12. ਪਰਿਵਾਰ ਦੇ ‘ਜਾਗਦੇ ਰਹਿਣ’ ਵਿਚ ਮਦਦ ਕਰਨ ਲਈ ਪਤਨੀ ਕੀ ਕਰ ਸਕਦੀ ਹੈ?
12 ਬੱਚਿਆਂ ਨੂੰ ਯਹੋਵਾਹ ਬਾਰੇ ਸਿੱਖਿਆ ਦੇਣ ਵਿਚ ਆਪਣੇ ਪਤੀ ਦਾ ਸਾਥ ਦੇ ਕੇ ਮਿਸਾਲੀ ਪਤਨੀ ਆਪਣੇ ਪਰਿਵਾਰ ਦੀ ‘ਜਾਗਦੇ ਰਹਿਣ’ ਵਿਚ ਮਦਦ ਕਰਦੀ ਹੈ। (ਕਹਾ. 1:8) ਉਹ ਪਰਿਵਾਰਕ ਸਟੱਡੀ ਕਰਨ ਵਿਚ ਵੀ ਪੂਰਾ-ਪੂਰਾ ਸਾਥ ਦਿੰਦੀ ਹੈ। ਉਹ ਆਪਣੇ ਪਤੀ ਦਾ ਉਦੋਂ ਵੀ ਸਹਿਯੋਗ ਦਿੰਦੀ ਹੈ ਜਦੋਂ ਉਹ ਬੱਚਿਆਂ ਨੂੰ ਸਲਾਹ ਅਤੇ ਤਾੜਨਾ ਦਿੰਦਾ ਹੈ। ਉਹ ਉਸ ਅਸਹਿਯੋਗੀ ਪਤਨੀ ਤੋਂ ਕਿੰਨੀ ਵੱਖਰੀ ਹੈ ਜਿਸ ਦੇ ਬੱਚਿਆਂ ਨੂੰ ਨਾ ਸਿਰਫ਼ ਸਰੀਰਕ ਤੌਰ ਤੇ ਨੁਕਸਾਨ ਹੁੰਦਾ ਹੈ, ਸਗੋਂ ਉਨ੍ਹਾਂ ਨੂੰ ਪਰਮੇਸ਼ੁਰ ਦੇ ਗਿਆਨ ਦੀ ਵੀ ਘਾਟ ਹੁੰਦੀ ਹੈ।
13. ਪਤਨੀ ਲਈ ਕਿਉਂ ਜ਼ਰੂਰੀ ਹੈ ਕਿ ਉਹ ਪਰਮੇਸ਼ੁਰ ਦੇ ਕੰਮਾਂ ਵਿਚ ਰੁੱਝੇ ਆਪਣੇ ਪਤੀ ਦਾ ਸਾਥ ਦੇਵੇ?
13 ਸਹਿਯੋਗੀ ਪਤਨੀ ਜਦੋਂ ਆਪਣੇ ਪਤੀ ਨੂੰ ਕਲੀਸਿਯਾ ਵਿਚ ਕੋਈ ਜ਼ਿੰਮੇਵਾਰੀ ਨਿਭਾਉਂਦਿਆਂ ਦੇਖਦੀ ਹੈ, ਤਾਂ ਉਸ ਨੂੰ ਕਿਵੇਂ ਲੱਗਦਾ ਹੈ? ਉਹ ਖ਼ੁਸ਼ ਹੁੰਦੀ ਹੈ! ਉਸ ਦਾ ਪਤੀ ਭਾਵੇਂ ਸਹਾਇਕ ਸੇਵਕ ਹੈ, ਬਜ਼ੁਰਗ ਹੈ ਜਾਂ ਸ਼ਾਇਦ ਹਸਪਤਾਲ ਸੰਪਰਕ ਕਮੇਟੀ ਜਾਂ ਉਸਾਰੀ ਦਾ ਕੰਮ ਕਰਨ ਵਾਲੀ ਕਮੇਟੀ ਦਾ ਮੈਂਬਰ ਹੈ, ਉਹ ਉਸ ਦੇ ਇਸ ਸਨਮਾਨ ਕਾਰਨ ਖ਼ੁਸ਼ ਹੈ। ਆਪਣੀ ਕਹਿਣੀ ਤੇ ਕਰਨੀ ਦੁਆਰਾ ਆਪਣੇ ਪਤੀ ਦਾ ਸਾਥ ਦੇਣ ਲਈ ਉਸ ਨੂੰ ਕੁਰਬਾਨੀਆਂ ਕਰਨੀਆਂ ਪੈਣਗੀਆਂ। ਪਰ ਉਸ ਨੂੰ ਪਤਾ ਹੈ ਕਿ ਪਰਮੇਸ਼ੁਰ ਦੇ ਕੰਮਾਂ ਵਿਚ ਉਸ ਦੇ ਰੁੱਝੇ ਰਹਿਣ ਨਾਲ ਸਾਰੇ ਪਰਿਵਾਰ ਦੀ ਨਿਹਚਾ ਤਕੜੀ ਹੁੰਦੀ ਹੈ।
14. (ੳ) ਸਾਥ ਦੇਣ ਵਾਲੀ ਪਤਨੀ ਲਈ ਕਿਹੜੀ ਗੱਲ ਇਕ ਚੁਣੌਤੀ ਹੋ ਸਕਦੀ ਹੈ ਅਤੇ ਉਹ ਇਸ ਨੂੰ ਕਿਵੇਂ ਪਾਰ ਕਰ ਸਕਦੀ ਹੈ? (ਅ) ਸਾਰੇ ਪਰਿਵਾਰ ਦੀ ਭਲਾਈ ਵਿਚ ਪਤਨੀ ਕਿਵੇਂ ਯੋਗਦਾਨ ਪਾਉਂਦੀ ਹੈ?
14 ਪਤਨੀ ਲਈ ਆਪਣੇ ਪਤੀ ਦਾ ਸਾਥ ਦੇਣ ਵਿਚ ਮਿਸਾਲੀ ਬਣਨਾ ਸ਼ਾਇਦ ਉਦੋਂ ਇਕ ਚੁਣੌਤੀ ਹੋਵੇ ਜਦ ਪਤੀ ਕੋਈ ਫ਼ੈਸਲਾ ਕਰਦਾ ਹੈ ਜਿਸ ਨਾਲ ਉਹ ਸਹਿਮਤ ਨਹੀਂ ਹੁੰਦੀ। ਉਦੋਂ ਵੀ ਉਹ ਸ਼ਾਂਤ ਤੇ ਨਿਮਰ ਰਹਿੰਦੀ ਹੈ ਅਤੇ ਉਸ ਦਾ ਸਾਥ ਦੇ ਕੇ ਉਸ ਦਾ ਫ਼ੈਸਲਾ ਸਿਰੇ ਚੜ੍ਹਨ ਦਿੰਦੀ ਹੈ। (1 ਪਤ. 3:4) ਚੰਗੀ ਪਤਨੀ ਪੁਰਾਣੇ ਸਮਿਆਂ ਵਿਚ ਪਰਮੇਸ਼ੁਰ ਨੂੰ ਮੰਨਣ ਵਾਲੀਆਂ ਤੀਵੀਆਂ ਦੀਆਂ ਚੰਗੀਆਂ ਮਿਸਾਲਾਂ ਉੱਤੇ ਚੱਲਣ ਦੀ ਕੋਸ਼ਿਸ਼ ਕਰਦੀ ਹੈ ਜਿਵੇਂ ਸਾਰਾਹ, ਰੂਥ, ਅਬੀਗੈਲ ਅਤੇ ਯਿਸੂ ਦੀ ਮਾਤਾ ਮਰਿਯਮ। (1 ਪਤ. 3:5, 6) ਉਹ ਆਧੁਨਿਕ ਸਮਿਆਂ ਦੀਆਂ ਸਿਆਣੀਆਂ ਔਰਤਾਂ ਦੀ ਵੀ ਰੀਸ ਕਰਦੀ ਹੈ ਜਿਨ੍ਹਾਂ ਦਾ “ਚਾਲ ਚਲਣ ਅਦਬ ਵਾਲਾ” ਹੈ। (ਤੀਤੁ. 2:3, 4) ਆਪਣੇ ਪਤੀ ਲਈ ਪਿਆਰ ਅਤੇ ਆਦਰ ਦਿਖਾ ਕੇ ਚੰਗੀ ਪਤਨੀ ਆਪਣੇ ਵਿਆਹੁਤਾ-ਜੀਵਨ ਨੂੰ ਸਫ਼ਲ ਬਣਾਉਣ ਤੇ ਸਾਰੇ ਪਰਿਵਾਰ ਦੀ ਭਲਾਈ ਵਿਚ ਕਾਫ਼ੀ ਯੋਗਦਾਨ ਪਾਉਂਦੀ ਹੈ। ਉਸ ਦੇ ਘਰ ਸੁੱਖ-ਚੈਨ ਹੁੰਦਾ ਹੈ। ਸਾਥ ਦੇਣ ਵਾਲੀ ਅਜਿਹੀ ਪਤਨੀ ਉਸ ਆਦਮੀ ਲਈ ਅਨਮੋਲ ਹੁੰਦੀ ਹੈ ਜਿਹੜਾ ਯਹੋਵਾਹ ਨੂੰ ਪਿਆਰ ਕਰਦਾ ਤੇ ਮਿਹਨਤੀ ਹੈ!—ਕਹਾ. 18:22.
ਨੌਜਵਾਨੋ—‘ਅਣਡਿੱਠ ਵਸਤਾਂ ਵੱਲ ਧਿਆਨ ਕਰੋ’
15. ਬੱਚੇ ਆਪਣੇ ਮਾਪਿਆਂ ਦਾ ਕਿਵੇਂ ਸਾਥ ਦੇ ਸਕਦੇ ਹਨ ਤਾਂਕਿ ਪਰਿਵਾਰ ‘ਜਾਗਦਾ ਰਹੇ’?
15 ਬੱਚਿਓ, ਤੁਸੀਂ ਕਿਵੇਂ ਆਪਣੇ ਮਾਪਿਆਂ ਦਾ ਸਾਥ ਦੇ ਸਕਦੇ ਹੋ ਤਾਂਕਿ ਸਾਰਾ ਪਰਿਵਾਰ ‘ਜਾਗਦਾ ਰਹੇ’? ਸੋਚੋ ਕਿ ਯਹੋਵਾਹ ਨੇ ਭਵਿੱਖ ਵਿਚ ਤੁਹਾਡੇ ਲਈ ਕਿਹੜਾ ਇਨਾਮ ਰੱਖਿਆ ਹੈ। ਸ਼ਾਇਦ ਬਚਪਨ ਵਿਚ ਤੁਹਾਨੂੰ ਤੁਹਾਡੇ ਮਾਪਿਆਂ ਨੇ ਤਸਵੀਰਾਂ ਦਿਖਾਈਆਂ ਸਨ ਜਿਨ੍ਹਾਂ ਵਿਚ ਦਿਖਾਇਆ ਸੀ ਕਿ ਨਵੀਂ ਦੁਨੀਆਂ ਵਿਚ ਜ਼ਿੰਦਗੀ ਕਿਹੋ ਜਿਹੀ ਹੋਵੇਗੀ। ਜਿਉਂ-ਜਿਉਂ ਤੁਸੀਂ ਵੱਡੇ ਹੋਣ ਲੱਗੇ, ਤੁਹਾਡੀ ਮਦਦ ਲਈ ਉਨ੍ਹਾਂ ਨੇ ਬਾਈਬਲ ਅਤੇ ਮਸੀਹੀ ਪ੍ਰਕਾਸ਼ਨ ਵਰਤੇ ਤਾਂਕਿ ਤੁਸੀਂ ਕਲਪਨਾ ਕਰ ਸਕੋ ਕਿ ਨਵੀਂ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੋਵੇਗੀ। ਆਪਣਾ ਧਿਆਨ ਯਹੋਵਾਹ ਦੀ ਸੇਵਾ ਕਰਨ ਉੱਤੇ ਲਾਈ ਰੱਖਣ ਅਤੇ ਉਸ ਮੁਤਾਬਕ ਜੀਣ ਨਾਲ ਤੁਹਾਨੂੰ ‘ਜਾਗਦੇ ਰਹਿਣ’ ਵਿਚ ਮਦਦ ਮਿਲੇਗੀ।
16, 17. ਕਾਮਯਾਬੀ ਨਾਲ ਜ਼ਿੰਦਗੀ ਦੀ ਦੌੜ ਦੌੜਨ ਲਈ ਨੌਜਵਾਨ ਕੀ ਕਰ ਸਕਦੇ ਹਨ?
16 ਪਹਿਲਾ ਕੁਰਿੰਥੀਆਂ 9:24 (ਪੜ੍ਹੋ।) ਵਿਚ ਪੌਲੁਸ ਰਸੂਲ ਦੇ ਸ਼ਬਦਾਂ ਅਨੁਸਾਰ ਚੱਲੋ। ਜ਼ਿੰਦਗੀ ਦੀ ਦੌੜ ਇਸ ਪੱਕੇ ਇਰਾਦੇ ਨਾਲ ਦੌੜੋ ਕਿ ਤੁਸੀਂ ਜਿੱਤੋਗੇ। ਅਜਿਹਾ ਰਾਹ ਫੜੋ ਕਿ ਤੁਹਾਨੂੰ ਅੰਤ ਵਿਚ ਸਦਾ ਦੀ ਜ਼ਿੰਦਗੀ ਦਾ ਇਨਾਮ ਮਿਲੇ। ਬਹੁਤ ਸਾਰਿਆਂ ਨੇ ਭੌਤਿਕ ਚੀਜ਼ਾਂ ਪਿੱਛੇ ਲੱਗ ਕੇ ਉਸ ਇਨਾਮ ਤੋਂ ਆਪਣੀਆਂ ਨਜ਼ਰਾਂ ਹਟਾ ਲਈਆਂ। ਕਿੰਨੀ ਬੇਵਕੂਫ਼ੀ ਦੀ ਗੱਲ ਹੈ! ਜ਼ਿੰਦਗੀ ਵਿਚ ਸਿਰਫ਼ ਧਨ-ਦੌਲਤ ਪਾਉਣ ਉੱਤੇ ਧਿਆਨ ਲਾਈ ਰੱਖਣ ਨਾਲ ਸੱਚੀ ਖ਼ੁਸ਼ੀ ਨਹੀਂ ਮਿਲਦੀ। ਪੈਸੇ ਨਾਲ ਜੋ ਚੀਜ਼ਾਂ ਖ਼ਰੀਦੀਆਂ ਜਾ ਸਕਦੀਆਂ ਹਨ, ਉਹ ਥੋੜ੍ਹੇ ਚਿਰ ਲਈ ਰਹਿੰਦੀਆਂ ਹਨ। ਪਰ ਤੁਸੀਂ “ਅਣਡਿੱਠ ਵਸਤਾਂ ਵੱਲ ਧਿਆਨ ਕਰਦੇ” ਰਹੋ। ਕਿਉਂ? ਕਿਉਂਕਿ “ਅਣਡਿੱਠ ਵਸਤਾਂ ਨਿੱਤ” ਯਾਨੀ ਹਮੇਸ਼ਾ ਰਹਿੰਦੀਆਂ ਹਨ।—2 ਕੁਰਿੰ. 4:18.
17 “ਅਣਡਿੱਠ ਵਸਤਾਂ” ਵਿਚ ਉਹ ਬਰਕਤਾਂ ਵੀ ਸ਼ਾਮਲ ਹਨ ਜੋ ਪਰਮੇਸ਼ੁਰ ਦੇ ਰਾਜ ਵਿਚ ਮਿਲਣਗੀਆਂ। ਸੋਚੋ ਕਿ ਉਹ ਬਰਕਤਾਂ ਪਾਉਣ ਲਈ ਤੁਹਾਨੂੰ ਕਿਸ ਢੰਗ ਨਾਲ ਜੀਣ ਦੀ ਲੋੜ ਹੈ। ਆਪਣੀ ਜ਼ਿੰਦਗੀ ਯਹੋਵਾਹ ਦੀ ਸੇਵਾ ਵਿਚ ਲਾ ਕੇ ਸੱਚੀ ਖ਼ੁਸ਼ੀ ਮਿਲਦੀ ਹੈ। ਸੱਚੇ ਪਰਮੇਸ਼ੁਰ ਦੀ ਸੇਵਾ ਕਰਨ ਨਾਲ ਤੁਹਾਨੂੰ ਛੋਟੇ ਅਤੇ ਵੱਡੇ ਟੀਚੇ ਰੱਖਣ ਦੇ ਮੌਕੇ ਮਿਲਦੇ ਹਨ।a ਸੰਭਵ ਟੀਚੇ ਰੱਖਣ ਨਾਲ ਤੁਹਾਨੂੰ ਹਮੇਸ਼ਾ ਦੀ ਜ਼ਿੰਦਗੀ ਦਾ ਇਨਾਮ ਪਾਉਣ ਦੇ ਇਰਾਦੇ ਨਾਲ ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹਿਣ ਵਿਚ ਮਦਦ ਮਿਲ ਸਕਦੀ ਹੈ।—1 ਯੂਹੰ. 2:17.
18, 19. ਇਕ ਨੌਜਵਾਨ ਕਿਵੇਂ ਪੱਕਾ ਕਰ ਸਕਦਾ ਹੈ ਕਿ ਉਸ ਨੇ ਆਪ ਯਹੋਵਾਹ ਨਾਲ ਆਪਣਾ ਰਿਸ਼ਤਾ ਜੋੜਿਆ ਹੈ?
18 ਬੱਚਿਓ, ਜ਼ਿੰਦਗੀ ਦੇ ਰਾਹ ਉੱਤੇ ਤੁਰਨ ਲਈ ਪਹਿਲਾ ਕਦਮ ਹੈ ਕਿ ਤੁਸੀਂ ਆਪ ਯਹੋਵਾਹ ਨਾਲ ਰਿਸ਼ਤਾ ਜੋੜੋ। ਕੀ ਤੁਸੀਂ ਇਹ ਕਦਮ ਚੁੱਕਿਆ ਹੈ? ਆਪਣੇ ਤੋਂ ਪੁੱਛੋ: ‘ਕੀ ਮੈਂ ਅਜਿਹਾ ਇਨਸਾਨ ਹਾਂ ਜੋ ਯਹੋਵਾਹ ਦੇ ਕੰਮ ਆਪ ਕਰਦਾ ਹਾਂ ਜਾਂ ਕੀ ਮੈਂ ਆਪਣੇ ਮਾਪਿਆਂ ਦੇ ਕਹਿਣ ਤੇ ਇਨ੍ਹਾਂ ਕੰਮਾਂ ਵਿਚ ਹਿੱਸਾ ਲੈਂਦਾ ਹਾਂ? ਕੀ ਮੈਂ ਆਪਣੇ ਵਿਚ ਅਜਿਹੇ ਗੁਣ ਪੈਦਾ ਕਰਦਾ ਹਾਂ ਜਿਨ੍ਹਾਂ ਕਾਰਨ ਪਰਮੇਸ਼ੁਰ ਮੇਰੇ ਤੋਂ ਖ਼ੁਸ਼ ਹੁੰਦਾ ਹੈ? ਕੀ ਮੈਂ ਸੱਚੀ ਭਗਤੀ ਨਾਲ ਸੰਬੰਧਿਤ ਕੰਮਾਂ ਵਿਚ ਹਿੱਸਾ ਲੈਣ ਦੀ ਆਪਣੀ ਆਦਤ ਬਣਾਉਣ ਦਾ ਜਤਨ ਕਰਦਾ ਹਾਂ ਜਿਵੇਂ ਲਗਾਤਾਰ ਪ੍ਰਾਰਥਨਾ ਕਰਨੀ, ਅਧਿਐਨ ਕਰਨਾ, ਮੀਟਿੰਗਾਂ ਅਤੇ ਪ੍ਰਚਾਰ ਵਿਚ ਜਾਣਾ? ਕੀ ਮੈਂ ਪਰਮੇਸ਼ੁਰ ਨਾਲ ਆਪਣਾ ਨਿੱਜੀ ਰਿਸ਼ਤਾ ਗੂੜ੍ਹਾ ਕਰ ਰਿਹਾ ਹਾਂ?’—ਯਾਕੂ. 4:8.
19 ਮੂਸਾ ਦੀ ਮਿਸਾਲ ਉੱਤੇ ਸੋਚ-ਵਿਚਾਰ ਕਰੋ। ਭਾਵੇਂ ਕਿ ਉਸ ਨੂੰ ਕਿਸੇ ਹੋਰ ਦੇਸ਼ ਦੇ ਸਭਿਆਚਾਰ ਮੁਤਾਬਕ ਜੀਣਾ ਪਿਆ, ਫਿਰ ਵੀ ਉਸ ਨੇ ਫ਼ਿਰਊਨ ਦੀ ਧੀ ਦੇ ਪੁੱਤ ਵਜੋਂ ਪਛਾਣੇ ਜਾਣ ਦੀ ਬਜਾਇ ਯਹੋਵਾਹ ਦੇ ਭਗਤ ਵਜੋਂ ਪਛਾਣੇ ਜਾਣਾ ਪਸੰਦ ਕੀਤਾ। (ਇਬਰਾਨੀਆਂ 11:24-27 ਪੜ੍ਹੋ।) ਮਸੀਹੀ ਨੌਜਵਾਨੋ, ਤੁਹਾਨੂੰ ਵੀ ਯਹੋਵਾਹ ਦੀ ਸੇਵਾ ਵਫ਼ਾਦਾਰੀ ਨਾਲ ਕਰਨ ਦੀ ਠਾਣ ਲੈਣ ਦੀ ਲੋੜ ਹੈ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਸੱਚੀ ਖ਼ੁਸ਼ੀ ਮਿਲੇਗੀ ਅਤੇ ਹੁਣ ਬਿਹਤਰ ਜ਼ਿੰਦਗੀ ਮਿਲਣ ਦੇ ਨਾਲ-ਨਾਲ ਤੁਸੀਂ ‘ਅਸਲ ਜੀਵਨ ਨੂੰ ਫੜ’ ਸਕੋਗੇ।—1 ਤਿਮੋ. 6:19.
20. ਜ਼ਿੰਦਗੀ ਦੀ ਦੌੜ ਵਿਚ ਕਿਨ੍ਹਾਂ ਨੂੰ ਇਨਾਮ ਮਿਲਦਾ ਹੈ?
20 ਪੁਰਾਣੇ ਸਮੇਂ ਦੀਆਂ ਖੇਡਾਂ ਵਿਚ ਸਿਰਫ਼ ਇਕ ਦੌੜਾਕ ਦੌੜ ਜਿੱਤਦਾ ਸੀ। ਪਰ ਜ਼ਿੰਦਗੀ ਦੀ ਦੌੜ ਵਿਚ ਇਸ ਤਰ੍ਹਾਂ ਦੀ ਗੱਲ ਨਹੀਂ। ਇਹ ਪਰਮੇਸ਼ੁਰ ਦੀ ਇੱਛਾ ਹੈ ਕਿ “ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” (1 ਤਿਮੋ. 2:3, 4) ਤੁਹਾਡੇ ਤੋਂ ਪਹਿਲਾਂ ਬਹੁਤ ਸਾਰਿਆਂ ਨੇ ਕਾਮਯਾਬੀ ਨਾਲ ਇਹ ਦੌੜ ਦੌੜੀ ਹੈ ਅਤੇ ਬਹੁਤ ਸਾਰੇ ਤੁਹਾਡੇ ਨਾਲ-ਨਾਲ ਦੌੜ ਰਹੇ ਹਨ। (ਇਬ. 12:1, 2) ਉਨ੍ਹਾਂ ਸਾਰਿਆਂ ਨੂੰ ਇਨਾਮ ਮਿਲੇਗਾ ਜਿਹੜੇ ਹਾਰ ਨਹੀਂ ਮੰਨਦੇ। ਇਸ ਲਈ ਜਿੱਤਣ ਲਈ ਲੱਕ ਬੰਨ੍ਹ ਲਓ!
21. ਅਗਲੇ ਲੇਖ ਵਿਚ ਕਿਹੜੀ ਚਰਚਾ ਕੀਤੀ ਜਾਵੇਗੀ?
21 “ਯਹੋਵਾਹ ਦਾ ਵੱਡਾ ਅਤੇ ਭੈ ਦਾਇਕ ਦਿਨ” ਜ਼ਰੂਰ ਆਵੇਗਾ। (ਮਲਾ. 4:5) ਉਹ ਦਿਨ ਮਸੀਹੀ ਪਰਿਵਾਰਾਂ ਨੂੰ ਅਚਾਨਕ ਆਪਣੀ ਗਰਿਫ਼ਤ ਵਿਚ ਨਾ ਲੈ ਲਵੇ, ਇਸ ਲਈ ਜ਼ਰੂਰੀ ਹੈ ਕਿ ਪਰਿਵਾਰ ਦਾ ਹਰ ਮੈਂਬਰ ਬਾਈਬਲ ਵਿਚ ਦੱਸੀ ਆਪਣੀ-ਆਪਣੀ ਜ਼ਿੰਮੇਵਾਰੀ ਨਿਭਾਵੇ। ਜਾਗਦੇ ਰਹਿਣ ਅਤੇ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨ ਲਈ ਤੁਸੀਂ ਹੋਰ ਕੀ ਕਰ ਸਕਦੇ ਹੋ? ਅਗਲੇ ਲੇਖ ਵਿਚ ਤਿੰਨ ਗੱਲਾਂ ਉੱਤੇ ਚਰਚਾ ਕੀਤੀ ਜਾਵੇਗੀ ਜਿਨ੍ਹਾਂ ਦੀ ਮਦਦ ਨਾਲ ਸਾਰੇ ਪਰਿਵਾਰ ਦੀ ਨਿਹਚਾ ਮਜ਼ਬੂਤ ਹੋਵੇਗੀ।
[ਫੁਟਨੋਟ]
ਤੁਸੀਂ ਕੀ ਸਿੱਖਿਆ?
• ਮਸੀਹੀ ਪਰਿਵਾਰਾਂ ਲਈ ‘ਜਾਗਦੇ ਰਹਿਣਾ’ ਕਿਉਂ ਜ਼ਰੂਰੀ ਹੈ?
• ਇਕ ਪਤੀ ਅੱਛੇ ਅਯਾਲੀ ਦੀ ਕਿਵੇਂ ਰੀਸ ਕਰ ਸਕਦਾ ਹੈ?
• ਇਕ ਚੰਗੀ ਪਤਨੀ ਆਪਣੇ ਪਤੀ ਦਾ ਸਾਥ ਦੇਣ ਲਈ ਕੀ-ਕੀ ਕਰ ਸਕਦੀ ਹੈ?
• ਬੱਚੇ ਆਪਣੇ ਮਾਪਿਆਂ ਦਾ ਕਿਵੇਂ ਸਾਥ ਦੇ ਸਕਦੇ ਹਨ ਤਾਂਕਿ ਉਨ੍ਹਾਂ ਦੇ ਪਰਿਵਾਰ ਜਾਗਦੇ ਰਹਿਣ?
[ਸਫ਼ਾ 9 ਉੱਤੇ ਤਸਵੀਰ]
ਮਿਹਨਤੀ ਅਤੇ ਯਹੋਵਾਹ ਨੂੰ ਪਿਆਰ ਕਰਨ ਵਾਲੇ ਆਦਮੀ ਲਈ ਸਾਥ ਦੇਣ ਵਾਲੀ ਪਤਨੀ ਅਨਮੋਲ ਹੁੰਦੀ ਹੈ