“ਨਰ ਨਾਰੀ ਉਸ ਨੇ ਉਨ੍ਹਾਂ ਨੂੰ ਉਤਪਤ ਕੀਤਾ”
“ਪਰਮੇਸ਼ੁਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ। ਪਰਮੇਸ਼ੁਰ ਦੇ ਸਰੂਪ ਉੱਤੇ ਉਹ ਨੂੰ ਉਤਪਤ ਕੀਤਾ। ਨਰ ਨਾਰੀ ਉਸ ਨੇ ਉਨ੍ਹਾਂ ਨੂੰ ਉਤਪਤ ਕੀਤਾ।”—ਉਤਪਤ 1:27.
1. ਮਸੀਹੀ ਆਦਮੀਆਂ ਅਤੇ ਔਰਤਾਂ ਲਈ ਸੱਚਾਈ ਕਿਸ ਤਰ੍ਹਾਂ ਇਕ ਬਰਕਤ ਹੈ?
ਯਹੋਵਾਹ ਦੇ ਲੋਕਾਂ ਵਿਚ ਸ਼ਾਮਲ ਹੋਣਾ ਅਤੇ ਉਨ੍ਹਾਂ ਆਦਮੀਆਂ ਤੇ ਔਰਤਾਂ, ਨਾਲੇ ਮੁੰਡੇ ਅਤੇ ਕੁੜੀਆਂ ਨਾਲ ਮੇਲ ਜੋਲ ਰੱਖਣਾ ਜੋ ਜੀਵਨ ਵਿਚ ਪਰਮੇਸ਼ੁਰ ਨੂੰ ਪ੍ਰੇਮ ਕਰਨ ਅਤੇ ਉਸ ਦੀ ਆਗਿਆ ਮੰਨਣ ਨੂੰ ਪਹਿਲ ਦਿੰਦੇ ਹਨ, ਕਿੰਨਾ ਹੀ ਸੁਹਾਵਣਾ ਹੈ! ਸੱਚਾਈ ਸਾਨੂੰ ਉਸ ਰਵੱਈਏ ਅਤੇ ਆਚਰਣ ਤੋਂ ਵੀ ਆਜ਼ਾਦ ਕਰਦੀ ਹੈ ਜੋ ਯਹੋਵਾਹ ਪਰਮੇਸ਼ੁਰ ਨੂੰ ਨਾਖ਼ੁਸ਼ ਕਰਦਾ ਹੈ, ਅਤੇ ਇਹ ਸਾਨੂੰ ਸਿਖਾਉਂਦੀ ਹੈ ਕਿ ਮਸੀਹੀ ਹੋਣ ਦੇ ਨਾਤੇ ਸਾਨੂੰ ਕਿਸ ਤਰ੍ਹਾਂ ਜੀਵਨ ਬਤੀਤ ਕਰਨਾ ਚਾਹੀਦਾ ਹੈ। (ਯੂਹੰਨਾ 8:32; ਕੁਲੁੱਸੀਆਂ 3:8-10) ਉਦਾਹਰਣ ਲਈ, ਹਰ ਜਗ੍ਹਾ ਦੇ ਲੋਕਾਂ ਦੀਆਂ ਆਪਣੀਆਂ ਰੀਤਾਂ ਜਾਂ ਧਾਰਣਾਵਾਂ ਹੁੰਦੀਆਂ ਹਨ ਕਿ ਆਦਮੀਆਂ ਨੂੰ ਆਪਣੀ ਮਰਦਾਨਗੀ ਅਤੇ ਔਰਤਾਂ ਨੂੰ ਆਪਣਾ ਨਾਰੀਤਵ ਕਿਸ ਤਰ੍ਹਾਂ ਜ਼ਾਹਰ ਕਰਨਾ ਚਾਹੀਦਾ ਹੈ। ਕੀ ਇਹੀ ਕਾਰਨ ਹੈ ਕਿ ਆਦਮੀ ਮਰਦਾਵੇਂ ਗੁਣਾਂ ਨਾਲ ਅਤੇ ਔਰਤਾਂ ਇਸਤਰੀਵੀ ਗੁਣਾਂ ਨਾਲ ਪੈਦਾ ਹੁੰਦੇ ਹਨ? ਜਾਂ ਕੀ ਹੋਰ ਦੂਸਰੇ ਕਾਰਨ ਵੀ ਹਨ ਜਿਨ੍ਹਾਂ ਉੱਤੇ ਵਿਚਾਰ ਕਰਨਾ ਚਾਹੀਦਾ ਹੈ?
2. (ੳ) ਮਰਦਾਨਗੀ ਅਤੇ ਨਾਰੀਤਵ ਬਾਰੇ ਸਾਡਾ ਦ੍ਰਿਸ਼ਟੀਕੋਣ ਕਿਹੜੀ ਚੀਜ਼ ਦੁਆਰਾ ਨਿਰਧਾਰਿਤ ਹੋਣਾ ਚਾਹੀਦਾ ਹੈ? (ਅ) ਲਿੰਗ ਸੰਬੰਧੀ ਵਿਚਾਰ ਨੂੰ ਕੀ ਹੋ ਗਿਆ ਹੈ?
2 ਮਸੀਹੀਆਂ ਲਈ, ਪਰਮੇਸ਼ੁਰ ਦਾ ਬਚਨ ਇਕ ਉਹ ਅਧਿਕਾਰੀ ਹੈ ਜਿਸ ਦੇ ਅਧੀਨ ਅਸੀਂ ਹੁੰਦੇ ਹਾਂ, ਭਾਵੇਂ ਕਿ ਅਸੀਂ ਕਿਸੇ ਵੀ ਤਰ੍ਹਾਂ ਦੇ ਵਿਅਕਤੀਗਤ, ਸਭਿਆਚਾਰਕ, ਜਾਂ ਰਵਾਇਤੀ ਵਿਚਾਰ ਕਿਉਂ ਨਾ ਪ੍ਰਾਪਤ ਕੀਤੇ ਹੋਣ। (ਮੱਤੀ 15:1-9) ਬਾਈਬਲ ਮਰਦਾਨਗੀ ਅਤੇ ਨਾਰੀਤਵ ਦੇ ਸਾਰੇ ਪਹਿਲੂਆਂ ਦਾ ਵਿਸਤਾਰ ਨਹੀਂ ਦਿੰਦੀ ਹੈ। ਇਸ ਦੀ ਬਜਾਇ, ਇਹ ਵੰਨਸੁਵੰਨਤਾ ਲਈ ਗੁੰਜਾਇਸ਼ ਦਿੰਦੀ ਹੈ, ਜਿਸ ਤਰ੍ਹਾਂ ਅਸੀਂ ਵੱਖਰੇ-ਵੱਖਰੇ ਸਭਿਆਚਾਰਾਂ ਵਿਚ ਪਾਉਂਦੇ ਹਾਂ। ਉਹੀ ਹੋਣ ਲਈ ਜੋ ਪਰਮੇਸ਼ੁਰ ਨੇ ਉਨ੍ਹਾਂ ਨੂੰ ਹੋਣ ਲਈ ਰਚਿਆ ਸੀ, ਆਦਮੀਆਂ ਨੂੰ ਮਰਦਾਵੇਂ ਸੁਭਾਉ ਦੇ, ਅਤੇ ਔਰਤਾਂ ਨੂੰ ਇਸਤਰੀਵੀ ਸੁਭਾਉ ਦੀਆਂ ਹੋਣਾ ਚਾਹੀਦਾ ਹੈ। ਕਿਉਂ? ਕਿਉਂਕਿ ਆਦਮੀ ਅਤੇ ਔਰਤਾਂ ਨੂੰ ਸਰੀਰਕ ਤੌਰ ਤੇ ਇਕ ਦੂਸਰੇ ਦੇ ਪੂਰਕ ਬਣਾਏ ਜਾਣ ਤੋਂ ਇਲਾਵਾ ਉਨ੍ਹਾਂ ਨੂੰ ਮਰਦਾਵੇਂ ਅਤੇ ਇਸਤਰੀਵੀ ਗੁਣਾਂ ਦੁਆਰਾ ਵੀ ਇਕ ਦੂਸਰੇ ਦੇ ਪੂਰਕ ਬਣਨਾ ਸੀ। (ਉਤਪਤ 2:18, 23, 24; ਮੱਤੀ 19:4, 5) ਫਿਰ ਵੀ, ਲਿੰਗ ਸੰਬੰਧੀ ਵਿਚਾਰ ਵਿਗੜ ਗਏ ਹਨ। ਅਨੇਕ ਵਿਅਕਤੀ ਮਰਦਾਨਗੀ ਨੂੰ ਸਖ਼ਤ ਪ੍ਰਧਾਨਤਾ, ਕਰੜਾਈ, ਜਾਂ ਮਰਦਊਪਣੇ ਦੇ ਬਰਾਬਰ ਠਹਿਰਾਉਂਦੇ ਹਨ। ਖ਼ਾਸ ਸਭਿਆਚਾਰਾਂ ਵਿਚ ਇਕ ਆਦਮੀ ਲਈ ਚਾਹੇ ਪਬਲਿਕ ਜਾਂ ਏਕਾਂਤ ਵਿਚ ਵੀ ਰੋਣਾ ਬਹੁਤ ਹੀ ਅਨੋਖੀ ਜਾਂ ਸ਼ਰਮਨਾਕ ਗੱਲ ਹੋਵੇਗੀ। ਫਿਰ ਵੀ, ਲਾਜ਼ਰ ਦੀ ਕਬਰ ਦੇ ਬਾਹਰ ਭੀੜ ਵਿਚ ਖੜ੍ਹਾ, “ਯਿਸੂ ਰੋਇਆ।” (ਯੂਹੰਨਾ 11:35) ਇਹ ਯਿਸੂ ਲਈ ਅਨੁਚਿਤ ਗੱਲ ਨਹੀਂ ਸੀ, ਜਿਸ ਦੀ ਮਰਦਾਨਗੀ ਸੰਪੂਰਣ ਸੀ। ਅੱਜ ਬਹੁਤ ਸਾਰੇ ਲੋਕ ਨਾਰੀਤਵ ਨੂੰ ਸਿਰਫ਼ ਸਰੀਰਕ ਅਤੇ ਜਿਨਸੀ ਖਿੱਚ ਵਜੋਂ ਵਿਚਾਰਦੇ ਹੋਏ ਇਸ ਬਾਰੇ ਅਸੰਤੁਲਿਤ ਵਿਚਾਰ ਰੱਖਦੇ ਹਨ।
ਸੱਚੀ ਮਰਦਾਨਗੀ ਅਤੇ ਸੱਚਾ ਨਾਰੀਤਵ
3. ਆਦਮੀ ਅਤੇ ਔਰਤਾਂ ਕਿਸ ਤਰ੍ਹਾਂ ਭਿੰਨ ਹੁੰਦੇ ਹਨ?
3 ਸੱਚੀ ਮਰਦਾਨਗੀ ਕੀ ਹੈ, ਅਤੇ ਸੱਚਾ ਨਾਰੀਤਵ ਕੀ ਹੈ? ਵਰਲਡ ਬੁੱਕ ਐਨਸਾਈਕਲੋਪੀਡੀਆ ਬਿਆਨ ਕਰਦਾ ਹੈ: “ਜ਼ਿਆਦਾਤਰ ਆਦਮੀ ਅਤੇ ਔਰਤਾਂ ਸਿਰਫ਼ ਸਰੀਰਕ ਬਣਤਰ ਵਿਚ ਹੀ ਇਕ ਦੂਸਰੇ ਤੋਂ ਭਿੰਨ ਨਹੀਂ ਹੁੰਦੇ ਹਨ, ਪਰੰਤੂ ਵਤੀਰੇ ਅਤੇ ਰੁਚੀਆਂ ਵਿਚ ਵੀ। ਇਨ੍ਹਾਂ ਵਿੱਚੋਂ ਕੁਝ ਭਿੰਨਤਾਵਾਂ ਜਿਸਮਾਨੀ ਬਣਤਰ ਦੁਆਰਾ ਨਿਸ਼ਚਿਤ ਹੁੰਦੀਆਂ ਹਨ। . . . ਪਰੰਤੂ ਬਹੁਤ ਸਾਰੀਆਂ ਗ਼ੈਰ-ਸਰੀਰਕ ਭਿੰਨਤਾਵਾਂ ਹਰ ਵਿਅਕਤੀ ਦੁਆਰਾ ਸਿੱਖੀਆਂ ਗਈਆਂ ਲਿੰਗੀ ਭੂਮਿਕਾਵਾਂ ਉੱਤੇ ਆਧਾਰਿਤ ਜਾਪਦੀਆਂ ਹਨ। ਲੋਕ ਨਰ ਅਤੇ ਨਾਰੀ ਪੈਦਾ ਹੁੰਦੇ ਹਨ, ਪਰੰਤੂ ਉਹ ਮਰਦਾਵੇਂ ਸੁਭਾਉ ਵਾਲੇ ਅਤੇ ਇਸਤਰੀਵੀ ਸੁਭਾਉ ਵਾਲੇ ਬਣਨਾ ਸਿੱਖਦੇ ਹਨ।” ਸਾਡੀ ਜਿਸਮਾਨੀ ਬਣਤਰ ਸ਼ਾਇਦ ਬਹੁਤ ਸਾਰੀਆਂ ਚੀਜ਼ਾਂ ਲਈ ਜਵਾਬਦੇਹ ਹੋਵੇ, ਪਰੰਤੂ ਉਚਿਤ ਮਰਦਾਨਗੀ ਅਤੇ ਨਾਰੀਤਵ ਦਾ ਵਿਕਾਸ, ਪਰਮੇਸ਼ੁਰ ਵੱਲੋਂ ਮੰਗਾਂ ਬਾਰੇ ਸਿੱਖਣ ਉੱਤੇ ਅਤੇ ਜੀਵਨ ਵਿਚ ਜੋ ਵੀ ਅਸੀਂ ਕਰਦੇ ਹਾਂ ਉੱਤੇ ਨਿਰਭਰ ਕਰਦਾ ਹੈ।
4. ਆਦਮੀ ਅਤੇ ਔਰਤ ਦੀਆਂ ਭੂਮਿਕਾਵਾਂ ਬਾਰੇ ਬਾਈਬਲ ਕੀ ਪ੍ਰਗਟ ਕਰਦੀ ਹੈ?
4 ਬਾਈਬਲ ਇਤਿਹਾਸ ਪ੍ਰਗਟ ਕਰਦਾ ਹੈ ਕਿ ਆਦਮ ਦੀ ਭੂਮਿਕਾ ਆਪਣੀ ਪਤਨੀ ਅਤੇ ਬੱਚਿਆਂ ਦੇ ਸਿਰ ਵਜੋਂ ਉਨ੍ਹਾਂ ਦੀ ਅਗਵਾਈ ਕਰਨੀ ਸੀ। ਉਸ ਨੇ ਧਰਤੀ ਨੂੰ ਭਰਨ, ਇਸ ਨੂੰ ਵਸ ਵਿਚ ਕਰਨ ਅਤੇ ਆਪਣੇ ਤੋਂ ਨੀਵੀਂ ਸਾਰੀ ਪਾਰਥਿਵ ਸ੍ਰਿਸ਼ਟੀ ਉੱਤੇ ਰਾਜ ਕਰਨ ਦੀ ਪਰਮੇਸ਼ੁਰ ਦੀ ਇੱਛਾ ਵੀ ਪੂਰੀ ਕਰਨੀ ਸੀ। (ਉਤਪਤ 1:28) ਹੱਵਾਹ ਦੀ ਇਸਤਰੀਵੀ ਪਰਿਵਾਰਕ ਭੂਮਿਕਾ, ਆਦਮ ਦੀ “ਸਹਾਇਕਣ” ਅਤੇ “ਪੂਰਕ” (ਨਿ ਵ) ਬਣਨਾ ਸੀ, ਜੋ ਉਸ ਦੀ ਸਰਦਾਰੀ ਦੇ ਅਧੀਨ ਰਹਿੰਦੀ, ਅਤੇ ਉਨ੍ਹਾਂ ਲਈ ਪਰਮੇਸ਼ੁਰ ਦੁਆਰਾ ਐਲਾਨ ਕੀਤੇ ਗਏ ਮਕਸਦਾਂ ਨੂੰ ਪੂਰਾ ਕਰਨ ਵਿਚ ਉਸ ਨੂੰ ਸਹਿਯੋਗ ਦਿੰਦੀ।—ਉਤਪਤ 2:18; 1 ਕੁਰਿੰਥੀਆਂ 11:3.
5. ਆਦਮੀ ਅਤੇ ਔਰਤ ਵਿਚਕਾਰ ਸੰਬੰਧ ਕਿਸ ਤਰ੍ਹਾਂ ਵਿਗੜਿਆ?
5 ਪਰੰਤੂ ਆਦਮ ਆਪਣੀ ਜ਼ਿੰਮੇਵਾਰੀ ਤੇ ਪੂਰਾ ਨਹੀਂ ਉੱਤਰਿਆ, ਅਤੇ ਹੱਵਾਹ ਨੇ ਪਰਮੇਸ਼ੁਰ ਦੀ ਅਵੱਗਿਆ ਕਰਨ ਵਿਚ ਆਪਣੇ ਨਾਲ ਸ਼ਾਮਲ ਹੋਣ ਲਈ ਆਦਮ ਨੂੰ ਭਰਮਾਉਣ ਵਾਸਤੇ ਆਪਣਾ ਨਾਰੀਤਵ ਵਰਗਲਾਊ ਤਰੀਕੇ ਨਾਲ ਪ੍ਰਯੋਗ ਕੀਤਾ। (ਉਤਪਤ 3:6) ਆਪਣੇ ਆਪ ਨੂੰ ਉਹ ਕਰਨ ਦੀ ਇਜਾਜ਼ਤ ਦੇਣ ਨਾਲ ਜੋ ਉਹ ਜਾਣਦਾ ਸੀ ਕਿ ਗ਼ਲਤ ਸੀ, ਆਦਮ ਸੱਚੀ ਮਰਦਾਨਗੀ ਵਿਖਾਉਣ ਤੋਂ ਅਸਫ਼ਲ ਹੋ ਗਿਆ। ਉਸ ਨੇ ਆਪਣੇ ਪਿਤਾ ਅਤੇ ਸ੍ਰਿਸ਼ਟੀਕਰਤਾ ਦੀ ਗੱਲ ਸੁਣਨ ਦੀ ਥਾਂ ਆਪਣੀ ਬਹਿਕਾਈ ਗਈ ਪਤਨੀ ਦੀ ਦੁਰਬਲਤਾ ਨਾਲ ਗੱਲ ਸੁਣਨ ਨੂੰ ਚੁਣਿਆ। (ਉਤਪਤ 2:16, 17) ਜਲਦੀ ਹੀ ਪ੍ਰਥਮ ਜੋੜਾ ਪਰਮੇਸ਼ੁਰ ਦੁਆਰਾ ਉਨ੍ਹਾਂ ਪਹਿਲਾਂ ਹੀ ਦੇਖੇ ਗਏ ਅਵੱਗਿਆ ਦੇ ਨਤੀਜਿਆਂ ਨੂੰ ਅਨੁਭਵ ਕਰਨ ਲੱਗ ਪਿਆ। ਆਦਮ ਜਿਸ ਨੇ ਪਹਿਲਾਂ ਆਪਣੀ ਪਤਨੀ ਦਾ ਵਰਣਨ ਜੋਸ਼ੀਲੇ ਅਤੇ ਕਾਵਿਕ ਸ਼ਬਦਾਂ ਵਿਚ ਕੀਤਾ ਸੀ, ਹੁਣ ਰੁੱਖੇਪਣ ਨਾਲ ਉਸ ਦਾ ਉਸ ‘ਤੀਵੀਂ ਜਿਸ ਨੂੰ ਤੂੰ ਮੈਨੂੰ ਦਿਤਾ ਸੀ’ ਵਜੋਂ ਜ਼ਿਕਰ ਕੀਤਾ। ਹੁਣ ਉਸ ਦੀ ਅਪੂਰਣਤਾ ਨੇ ਉਸ ਦੀ ਮਰਦਾਨਗੀ ਨੂੰ ਵਿਗਾੜ ਦਿੱਤਾ ਅਤੇ ਉਸ ਨੂੰ ਕੁਰਾਹੇ ਪਾ ਦਿੱਤਾ, ਜਿਸ ਦਾ ਨਤੀਜਾ ਆਪਣੀ ‘ਪਤਨੀ ਉੱਤੇ ਹੁਕਮ ਚਲਾਉਣਾ’ ਹੋਇਆ। ਅਤੇ ਹੱਵਾਹ ਆਪਣੇ ਪਤੀ ਲਈ “ਚਾਹ” ਰੱਖੇਗੀ, ਸੰਭਵ ਤੌਰ ਤੇ ਬੇਹੱਦ ਜਾਂ ਅਸੰਤੁਲਿਤ ਤਰੀਕੇ ਨਾਲ।—ਉਤਪਤ 3:12, 16.
6, 7. (ੳ) ਜਲ-ਪਰਲੋ ਤੋਂ ਪਹਿਲਾਂ ਮਰਦਾਨਗੀ ਵਿਚ ਕਿਹੜੇ ਵਿਗਾੜ ਦਾ ਵਿਕਾਸ ਹੋਇਆ? (ਅ) ਜਲ-ਪਰਲੋ ਤੋਂ ਪਹਿਲਾਂ ਦੀ ਸਥਿਤੀ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
6 ਜਲ-ਪਰਲੋ ਤੋਂ ਪਹਿਲਾਂ ਮਰਦਾਨਗੀ ਅਤੇ ਨਾਰੀਤਵ ਦਾ ਦੁਰਉਪਯੋਗ ਉੱਕਾ ਹੀ ਪ੍ਰਤੱਖ ਹੋ ਗਿਆ। ਸਵਰਗ ਵਿਚ ਆਪਣੀਆਂ ਅਸਲੀ ਪਦਵੀਆਂ ਨੂੰ ਛੱਡਣ ਵਾਲੇ ਦੂਤਾਂ ਨੇ ਔਰਤਾਂ ਨਾਲ ਲਿੰਗੀ ਸੰਬੰਧਾਂ ਦਾ ਆਨੰਦ ਮਾਣਨ ਲਈ ਮਾਨਵੀ ਸਰੀਰ ਧਾਰ ਲਏ। (ਉਤਪਤ 6:1, 2) ਰਿਕਾਰਡ ਅਨੁਸਾਰ ਉਨ੍ਹਾਂ ਦੇ ਗ਼ੈਰ-ਕੁਦਰਤੀ ਮੇਲ ਨਾਲ ਸਿਰਫ਼ ਨਰ ਸੰਤਾਨ ਹੀ ਪੈਦਾ ਹੋਈ। ਅਤੇ ਇਸ ਤਰ੍ਹਾਂ ਲੱਗਦਾ ਹੈ ਕਿ ਸੰਤਾਨ ਦੋਗਲੀ ਸੀ, ਅਰਥਾਤ ਔਲਾਦ ਪੈਦਾ ਕਰਨ ਦੇ ਅਯੋਗ ਸੀ। ਉਹ ਸੂਰਬੀਰਾਂ, ਨੈਫ਼ਲਿਮ, ਜਾਂ ਢਾਹੂਆਂ ਵਜੋਂ ਜਾਣੇ ਗਏ, ਕਿਉਂਕਿ ਉਹ ਦੂਸਰਿਆਂ ਨੂੰ ਢਾਹੁੰਦੇ ਸਨ। (ਉਤਪਤ 6:4, ਨਿ ਵ, ਫੁਟਨੋਟ) ਜ਼ਾਹਰਾ ਤੌਰ ਤੇ ਉਹ ਹਿੰਸਕ ਅਤੇ ਲੜਾਕੇ ਸਨ, ਅਤੇ ਕੋਈ ਵੀ ਕੋਮਲ ਦਇਆ ਨਹੀਂ ਦਿਖਾਉਂਦੇ ਸਨ।
7 ਸਪੱਸ਼ਟ ਤੌਰ ਤੇ, ਸਰੀਰਕ ਸੁੰਦਰਤਾ, ਡੀਲ-ਡੌਲ, ਆਕਾਰ, ਜਾਂ ਤਾਕਤ ਆਪਣੇ ਆਪ ਵਿਚ ਸਵੀਕਾਰਯੋਗ ਮਰਦਾਨਗੀ ਜਾਂ ਨਾਰੀਤਵ ਪ੍ਰਦਾਨ ਨਹੀਂ ਕਰਦੇ ਹਨ। ਇਹ ਸੰਭਵ ਹੈ ਕਿ ਉਹ ਭੌਤਿਕ ਸਰੀਰ ਧਾਰਣ ਵਾਲੇ ਦੂਤ ਸੋਹਣੇ ਸਨ। ਅਤੇ ਨੈਫ਼ਲਿਮ ਉੱਚੇ ਅਤੇ ਹੱਟੇ-ਕੱਟੇ ਸਨ, ਪਰੰਤੂ ਉਨ੍ਹਾਂ ਦੀ ਮਾਨਸਿਕ ਮਨੋਬਿਰਤੀ ਭ੍ਰਿਸ਼ਟ ਸੀ। ਅਵੱਗਿਆਕਾਰ ਦੂਤਾਂ ਅਤੇ ਉਨ੍ਹਾਂ ਦੀ ਸੰਤਾਨ ਨੇ ਧਰਤੀ ਨੂੰ ਲਿੰਗੀ ਅਨੈਤਿਕਤਾ ਅਤੇ ਹਿੰਸਾ ਨਾਲ ਭਰ ਦਿੱਤਾ। ਇਸ ਲਈ, ਯਹੋਵਾਹ ਨੇ ਉਸ ਸੰਸਾਰ ਦਾ ਨਾਸ਼ ਕੀਤਾ। (ਉਤਪਤ 6:5-7) ਫਿਰ ਵੀ, ਜਲ-ਪਰਲੋ ਨੇ ਪਿਸ਼ਾਚੀ ਪ੍ਰਭਾਵਾਂ ਨੂੰ ਖ਼ਤਮ ਨਹੀਂ ਕੀਤਾ, ਅਤੇ ਨਾ ਹੀ ਇਸ ਨੇ ਆਦਮ ਦੇ ਪਾਪ ਦੇ ਨਤੀਜਿਆਂ ਨੂੰ ਖ਼ਤਮ ਕੀਤਾ। ਜਲ-ਪਰਲੋ ਤੋਂ ਬਾਅਦ ਮਰਦਾਨਗੀ ਅਤੇ ਨਾਰੀਤਵ ਦਾ ਅਨੁਚਿਤ ਵਿਚਾਰ ਦੁਬਾਰਾ ਉਭਰਿਆ, ਅਤੇ ਬਾਈਬਲ ਵਿਚ ਦੋਵੇਂ ਚੰਗੀਆਂ ਤੇ ਬੁਰੀਆਂ ਉਦਾਹਰਣਾਂ ਹਨ, ਜਿਨ੍ਹਾਂ ਤੋਂ ਅਸੀਂ ਸਿੱਖ ਸਕਦੇ ਹਾਂ।
8. ਯੂਸੁਫ਼ ਨੇ ਉਚਿਤ ਮਰਦਾਨਗੀ ਦੀ ਕਿਹੜੀ ਵਧੀਆ ਉਦਾਹਰਣ ਪੇਸ਼ ਕੀਤੀ?
8 ਯੂਸੁਫ਼ ਅਤੇ ਪੋਟੀਫ਼ਰ ਦੀ ਪਤਨੀ ਬਾਰੇ ਬਿਰਤਾਂਤ, ਉਚਿਤ ਮਰਦਾਨਗੀ ਅਤੇ ਸੰਸਾਰਕ ਨਾਰੀਤਵ ਵਿਚਕਾਰ ਵਿਸ਼ੇਸ਼ ਭਿੰਨਤਾ ਨੂੰ ਜ਼ਬਰਦਸਤ ਤਰੀਕੇ ਵਿਚ ਦਰਸਾਉਂਦਾ ਹੈ। ਪੋਟੀਫ਼ਰ ਦੀ ਪਤਨੀ, ਜੋ ਸੋਹਣੇ ਯੂਸੁਫ਼ ਦੀ ਦੀਵਾਨੀ ਹੋ ਗਈ, ਨੇ ਉਸ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ। ਉਸ ਸਮੇਂ, ਵਿਭਚਾਰ ਜਾਂ ਜ਼ਨਾਹ ਨੂੰ ਵਰਜਦੀ ਕੋਈ ਵੀ ਲਿਖਤੀ ਈਸ਼ਵਰੀ ਬਿਵਸਥਾ ਨਹੀਂ ਸੀ। ਫਿਰ ਵੀ, ਯੂਸੁਫ਼ ਨੇ ਉਸ ਅਨੈਤਿਕ ਔਰਤ ਤੋਂ ਭੱਜ ਕੇ ਆਪਣੇ ਆਪ ਨੂੰ ਪਰਮੇਸ਼ੁਰ ਦਾ ਸੱਚਾ ਬੰਦਾ ਸਾਬਤ ਕੀਤਾ, ਜੋ ਉਹ ਮਰਦਾਨਗੀ ਦਿਖਾਉਂਦਾ ਹੈ ਜਿਸ ਨੂੰ ਪਰਮੇਸ਼ੁਰ ਪ੍ਰਵਾਨ ਕਰਦਾ ਹੈ।—ਉਤਪਤ 39:7-9, 12.
9, 10. (ੳ) ਰਾਣੀ ਵਸ਼ਤੀ ਨੇ ਆਪਣੇ ਨਾਰੀਤਵ ਦਾ ਕਿਸ ਤਰ੍ਹਾਂ ਦੁਰਉਪਯੋਗ ਕੀਤਾ? (ਅ) ਅਸਤਰ ਨੇ ਸਾਡੇ ਲਈ ਨਾਰੀਤਵ ਦੀ ਕਿਹੜੀ ਵਧੀਆ ਉਦਾਹਰਣ ਪੇਸ਼ ਕੀਤੀ?
9 ਅਸਤਰ ਅਤੇ ਰਾਣੀ ਵਸ਼ਤੀ ਨੇ ਔਰਤਾਂ ਲਈ ਇਕ ਮਾਅਰਕੇ ਦੀ ਭਿੰਨਤਾ ਪੇਸ਼ ਕੀਤੀ। ਜ਼ਾਹਰਾ ਤੌਰ ਤੇ ਵਸ਼ਤੀ ਇਹ ਸੋਚਦੀ ਸੀ ਕਿ ਉਹ ਇੰਨੀ ਸੁੰਦਰ ਸੀ ਕਿ ਰਾਜਾ ਅਹਸ਼ਵੇਰੋਸ਼ ਹਮੇਸ਼ਾ ਹੀ ਉਸ ਦੀਆਂ ਸਾਰੀਆਂ ਖਾਹਸ਼ਾਂ ਪੂਰੀਆਂ ਕਰੇਗਾ। ਪਰੰਤੂ ਉਸ ਦੀ ਸੁੰਦਰਤਾ ਅੱਜ-ਕੱਲ੍ਹ ਵਿਕਣ ਵਾਲੀਆਂ ਅਨੇਕਾਂ ਕ੍ਰੀਮਾਂ ਦੇ ਵਾਂਗ ਕੇਵਲ ਉਤਲੀ-ਉਤਲੀ ਹੀ ਸੀ। ਉਸ ਵਿਚ ਨਿਮਰਤਾ ਅਤੇ ਨਾਰੀਤਵ ਦੀ ਘਾਟ ਸੀ, ਕਿਉਂਕਿ ਉਸ ਨੇ ਆਪਣੇ ਪਤੀ ਅਤੇ ਰਾਜਾ ਦੇ ਪ੍ਰਤੀ ਅਧੀਨਗੀ ਨਹੀਂ ਦਿਖਾਈ। ਰਾਜਾ ਨੇ ਉਸ ਨੂੰ ਠੁਕਰਾ ਦਿੱਤਾ ਅਤੇ ਇਕ ਸੱਚ-ਮੁੱਚ ਇਸਤਰੀਵੀ ਸੁਭਾਉ ਵਾਲੀ ਔਰਤ ਨੂੰ ਆਪਣੀ ਰਾਣੀ ਬਣਨ ਲਈ ਚੁਣਿਆ ਜੋ, ਅਸਲ ਵਿਚ, ਯਹੋਵਾਹ ਦਾ ਭੈ ਮੰਨਦੀ ਸੀ।—ਅਸਤਰ 1:10-12; 2:15-17.
10 ਅਸਤਰ ਮਸੀਹੀ ਔਰਤਾਂ ਲਈ ਇਕ ਅਦਭੁਤ ਉਦਾਹਰਣ ਪੇਸ਼ ਕਰਦੀ ਹੈ। ਉਹ “ਵੇਖਣ ਪਾਖਣ ਵਿੱਚ ਸੋਹਣੀ ਸੀ,” ਫਿਰ ਵੀ ਉਸ ਨੇ “ਮਨ ਦੀ ਗੁਪਤ ਇਨਸਾਨੀਅਤ” ਦੇ ਸਦਗੁਣ ਨੂੰ ਪ੍ਰਗਟ ਕੀਤਾ “ਜਿਹੜੀ ਓਸ ਅਵਨਾਸੀ ਸਿੰਗਾਰ ਨਾਲ ਹੈ ਅਰਥਾਤ ਕੋਮਲ ਅਤੇ ਗੰਭੀਰ ਆਤਮਾ ਨਾਲ” ਹੈ। (ਅਸਤਰ 2:7; 1 ਪਤਰਸ 3:4) ਉਸ ਨੇ ਦਿਖਾਵਟੀ ਸ਼ਿੰਗਾਰ ਨੂੰ ਪ੍ਰਮੁੱਖ ਚੀਜ਼ ਵਜੋਂ ਨਹੀਂ ਵਿਚਾਰਿਆ। ਅਸਤਰ ਨੇ ਆਪਣੇ ਪਤੀ, ਅਹਸ਼ਵੇਰੋਸ਼ ਦੇ ਅਧੀਨ ਰਹਿ ਕੇ ਸੁਚੱਜ ਅਤੇ ਆਤਮ-ਸੰਜਮ ਦਿਖਾਇਆ, ਉਦੋਂ ਵੀ ਜਦੋਂ ਉਸ ਦੇ ਲੋਕਾਂ ਦਾ ਜੀਵਨ ਖ਼ਤਰੇ ਵਿਚ ਸੀ। ਅਸਤਰ ਚੁੱਪ ਰਹੀ ਜਦੋਂ ਚੁੱਪ ਰਹਿਣ ਵਿਚ ਬੁੱਧੀਮਤਾ ਸੀ ਪਰੰਤੂ ਲੋੜ ਪੈਣ ਤੇ ਅਤੇ ਉਚਿਤ ਸਮੇਂ ਤੇ ਉਹ ਨਿਡਰਤਾ ਨਾਲ ਬੋਲੀ। (ਅਸਤਰ 2:10; 7:3-6) ਉਸ ਨੇ ਆਪਣੇ ਪ੍ਰੌੜ੍ਹ ਚਚੇਰੇ ਭਰਾ ਮਾਰਦਕਈ ਦੀ ਸਲਾਹ ਮੰਨੀ। (ਅਸਤਰ 4:12-16) ਉਸ ਨੇ ਆਪਣੇ ਲੋਕਾਂ ਦੇ ਪ੍ਰਤੀ ਪਿਆਰ ਅਤੇ ਨਿਸ਼ਠਾ ਪ੍ਰਦਰਸ਼ਿਤ ਕੀਤੀ।
ਬਾਹਰੀ ਦਿੱਖ
11. ਬਾਹਰੀ ਦਿੱਖ ਦੇ ਸੰਬੰਧ ਵਿਚ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?
11 ਉਚਿਤ ਨਾਰੀਤਵ ਦੀ ਕੁੰਜੀ ਕੀ ਹੈ? ਇਕ ਮਾਂ ਨੇ ਬਿਆਨ ਕੀਤਾ: “ਸੁੰਦਰਤਾ ਛਲ ਹੈ ਤੇ ਸੁਹੱਪਣ ਮਿੱਥਿਆ, ਪਰ ਉਹ ਇਸਤ੍ਰੀ ਜੋ ਯਹੋਵਾਹ ਦਾ ਭੈ ਮੰਨਦੀ ਹੈ ਸਲਾਹੀ ਜਾਵੇਗੀ।” (ਕਹਾਉਤਾਂ 31:30) ਇਸ ਲਈ ਪਰਮੇਸ਼ੁਰ ਦਾ ਸ਼ਰਧਾਮਈ ਡਰ ਲਾਜ਼ਮੀ ਹੈ, ਅਤੇ ਪ੍ਰੇਮਪੂਰਣ-ਦਿਆਲਗੀ, ਸੁਹਾਵਣਾਪਣ, ਨਿਮਰਤਾ, ਅਤੇ ਨਰਮ ਬੋਲੀ ਨਾਰੀਤਵ ਨੂੰ ਸਰੀਰਕ ਸੁੰਦਰਤਾ ਤੋਂ ਜ਼ਿਆਦਾ ਯੋਗਦਾਨ ਦਿੰਦੇ ਹਨ।—ਕਹਾਉਤਾਂ 31:26.
12, 13. (ੳ) ਦੁੱਖ ਦੀ ਗੱਲ ਹੈ ਕਿ ਬਹੁਤਿਆਂ ਦੀ ਬੋਲੀ ਵਿਚ ਕੀ ਵਿਸ਼ੇਸ਼ਤਾ ਹੈ? (ਅ) ਕਹਾਉਤਾਂ 11:22 ਦਾ ਕੀ ਮਤਲਬ ਹੈ?
12 ਦੁੱਖ ਦੀ ਗੱਲ ਹੈ ਕਿ ਬਹੁਤ ਸਾਰੇ ਆਦਮੀ ਅਤੇ ਔਰਤਾਂ ਆਪਣੇ ਮੂੰਹ ਬੁੱਧ ਨਾਲ ਨਹੀਂ ਖੋਲ੍ਹਦੇ ਹਨ, ਅਤੇ ਨਾ ਹੀ ਉਨ੍ਹਾਂ ਦੀ ਜ਼ਬਾਨ ਉੱਤੇ ਪ੍ਰੇਮਪੂਰਣ-ਦਿਆਲਗੀ ਹੁੰਦੀ ਹੈ। ਉਨ੍ਹਾਂ ਦੀ ਬੋਲੀ ਗੰਦੀ, ਚੁਭਵੀਂ, ਲੱਚਰ, ਅਤੇ ਬੇਲਿਹਾਜ਼ੀ ਹੁੰਦੀ ਹੈ। ਕੁਝ ਆਦਮੀ ਸੋਚਦੇ ਹਨ ਕਿ ਗੰਦੀ ਬੋਲੀ ਮਰਦਾਨਗੀ ਦੀ ਇਕ ਨਿਸ਼ਾਨੀ ਹੈ, ਅਤੇ ਕੁਝ ਔਰਤਾਂ ਮੂਰਖਤਾ ਨਾਲ ਉਨ੍ਹਾਂ ਦੀ ਨਕਲ ਕਰਦੀਆਂ ਹਨ। ਫਿਰ ਵੀ, ਜੇਕਰ ਇਕ ਔਰਤ ਸੋਹਣੀ ਹੈ ਪਰ ਉਸ ਕੋਲ ਸਮਝ ਦੀ ਘਾਟ ਹੈ ਅਤੇ ਉਹ ਬਹਿਸੀ, ਚੁਭਵੀਂ, ਜਾਂ ਘਮੰਡੀ ਹੈ, ਕੀ ਉਹ ਅਸਲ ਅਰਥ ਵਿਚ ਸੋਹਣੀ, ਵਾਕਈ ਇਸਤਰੀਵੀ ਸੁਭਾਉ ਵਾਲੀ ਹੋ ਸਕਦੀ ਹੈ? “ਸੂਰ ਦੇ ਨੱਕ ਵਿੱਚ ਸੋਨੇ ਦੀ ਨੱਥ,—ਰੂਪਵੰਤ ਇਸਤ੍ਰੀ ਜੋ ਬਿਬੇਕਹੀਨ ਹੈ ਇਹੋ ਜਿਹੀ ਹੈ।”—ਕਹਾਉਤਾਂ 11:22.
13 ਸੁੰਦਰਤਾ ਦੇ ਨਾਲ-ਨਾਲ ਗੰਦੀ ਬੋਲੀ, ਤਾਅਨੇ, ਜਾਂ ਸਮਝ ਦੀ ਘਾਟ ਅਜਿਹੀ ਕਿਸੇ ਵੀ ਇਸਤਰੀਵੀ ਦਿੱਖ ਦੇ ਇਕਸੁਰ ਨਹੀਂ ਹੋਵੇਗੀ ਜੋ ਇਕ ਵਿਅਕਤੀ ਸ਼ਾਇਦ ਪੇਸ਼ ਕਰੇ। ਅਸਲ ਵਿਚ, ਅਜਿਹਾ ਅਧਰਮੀ ਆਚਰਣ ਇਕ ਸਰੀਰਕ ਤੌਰ ਤੇ ਸੁੰਦਰ ਵਿਅਕਤੀ ਨੂੰ ਬਦਸ਼ਕਲ ਵੀ ਬਣਾ ਸਕਦਾ ਹੈ। ਅਸੀਂ ਆਸਾਨੀ ਨਾਲ ਇਸ ਗੱਲ ਨੂੰ ਸਮਝ ਸਕਦੇ ਹਾਂ ਕਿ ਆਦਮੀ ਜਾਂ ਔਰਤ ਦੀ ਸਰੀਰਕ ਦਿੱਖ ਗੁੱਸੇ ਦੇ ਉਬਾਲ, ਚੀਕਾਂ, ਜਾਂ ਗੰਦੀ ਬੋਲੀ ਨੂੰ ਨਕਾਰ ਜਾਂ ਉਚਿਤ ਸਿੱਧ ਨਹੀਂ ਕਰ ਸਕਦੀ ਹੈ। ਆਪਣੀ ਬਾਈਬਲ-ਆਧਾਰਿਤ ਬੋਲੀ ਅਤੇ ਆਚਰਣ ਦੁਆਰਾ ਸਾਰੇ ਮਸੀਹੀ ਆਪਣੇ ਆਪ ਨੂੰ ਪਰਮੇਸ਼ੁਰ ਅਤੇ ਆਪਣੇ ਸੰਗੀ ਮਾਨਵ ਲਈ ਆਕਰਸ਼ਕ ਬਣਾ ਸਕਦੇ ਹਨ ਅਤੇ ਬਣਾਉਣਾ ਵੀ ਚਾਹੀਦਾ ਹੈ।—ਅਫ਼ਸੀਆਂ 4:31.
14. ਪਹਿਲੇ ਪਤਰਸ 3:3-5 ਵਿਚ ਕਿਸ ਤਰ੍ਹਾਂ ਦੇ ਸ਼ਿੰਗਾਰ ਦੀ ਪ੍ਰਸ਼ੰਸਾ ਕੀਤੀ ਗਈ ਹੈ, ਅਤੇ ਤੁਸੀਂ ਇਸ ਬਾਰੇ ਕੀ ਮਹਿਸੂਸ ਕਰਦੇ ਹੋ?
14 ਜਦ ਕਿ ਜਾਇਜ਼ ਨਾਰੀਤਵ ਜਾਂ ਮਰਦਾਨਗੀ ਅਧਿਆਤਮਿਕ ਗੁਣਾਂ ਉੱਤੇ ਆਧਾਰਿਤ ਹੁੰਦੇ ਹਨ, ਸਰੀਰਕ ਚਾਲ-ਢਾਲ ਅਤੇ ਦਿੱਖ, ਜਿਸ ਵਿਚ ਉਹ ਕੱਪੜੇ ਜੋ ਅਸੀਂ ਪਹਿਨਦੇ ਹਾਂ ਅਤੇ ਸਾਡਾ ਪਹਿਨਣ ਦਾ ਢੰਗ ਵੀ ਸ਼ਾਮਲ ਹਨ, ਸਾਡੇ ਬਾਰੇ ਸੰਦੇਸ਼ ਦਿੰਦੇ ਹਨ। ਰਸੂਲ ਪਤਰਸ ਨਿਰਸੰਦੇਹ ਪਹਿਲੀ ਸਦੀ ਦੇ ਪਹਿਰਾਵੇ ਅਤੇ ਸ਼ਿੰਗਾਰ ਕਰਨ ਦੀਆਂ ਖ਼ਾਸ ਸਟਾਈਲਾਂ ਬਾਰੇ ਸੋਚ ਰਿਹਾ ਸੀ, ਜਦੋਂ ਉਸ ਨੇ ਮਸੀਹੀ ਔਰਤਾਂ ਨੂੰ ਸਲਾਹ ਦਿੱਤੀ: “ਤੁਹਾਡਾ ਸਿੰਗਾਰ ਸਿਰ ਗੁੰਦਣ ਅਤੇ ਸੋਨੇ ਦੇ ਗਹਿਣੇ ਪਾਉਣ ਅਥਵਾ ਬਸਤਰ ਪਹਿਨਣ ਦੇ ਨਾਲ ਬਾਹਰਲਾ ਨਾ ਹੋਵੇ। ਪਰ ਉਹ ਮਨ ਦੀ ਗੁਪਤ ਇਨਸਾਨੀਅਤ ਹੋਵੇ ਜਿਹੜੀ ਓਸ ਅਵਨਾਸੀ ਸਿੰਗਾਰ ਨਾਲ ਹੈ ਅਰਥਾਤ ਕੋਮਲ ਅਤੇ ਗੰਭੀਰ ਆਤਮਾ ਨਾਲ ਕਿਉਂ ਜੋ ਇਹ ਪਰਮੇਸ਼ੁਰ ਦੇ ਲੇਖੇ ਵੱਡੇ ਮੁੱਲ ਦਾ ਹੈ। ਕਿਉਂ ਜੋ ਇਸੇ ਤਰਾਂ ਅਗਲੇ ਸਮਿਆਂ ਵਿੱਚ ਪਵਿੱਤਰ ਇਸਤ੍ਰੀਆਂ ਜਿਹੜੀਆਂ ਪਰਮੇਸ਼ੁਰ ਉੱਤੇ ਆਸ ਰੱਖਦੀਆਂ ਸਨ ਆਪਣਿਆਂ ਪੁਰਸ਼ਾਂ ਦੇ ਅਧੀਨ ਹੋ ਕੇ ਆਪਣੇ ਆਪ ਨੂੰ ਸਿੰਗਾਰਦੀਆਂ ਸਨ।”—1 ਪਤਰਸ 3:3-5.
15. ਮਸੀਹੀ ਔਰਤਾਂ ਨੂੰ ਆਪਣੀ ਪੁਸ਼ਾਕ ਦੁਆਰਾ ਕੀ ਪ੍ਰਦਰਿਸ਼ਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ?
15 ਪਹਿਲੇ ਤਿਮੋਥਿਉਸ 2:9, 10 ਵਿਚ, ਅਸੀਂ ਇਸਤਰੀਵੀ ਪਹਿਰਾਵੇ ਬਾਰੇ ਪੌਲੁਸ ਦੀ ਟਿੱਪਣੀ ਪੜ੍ਹਦੇ ਹਾਂ: “[ਮੈਂ] ਚਾਹੁੰਦਾ ਹਾਂ ਭਈ ਇਸਤ੍ਰੀਆਂ ਲਾਜ ਅਤੇ ਸੰਜਮ ਸਹਿਤ ਆਪਣੇ ਆਪ ਨੂੰ ਸੁਹਾਉਣੀ ਪੁਸ਼ਾਕੀ ਨਾਲ ਸੁਆਰਨ, . . . ਸ਼ੁਭ ਕਰਮਾਂ ਦੇ ਵਸੀਲੇ ਨਾਲ ਕਿਉਂ ਜੋ ਇਹ ਉਨ੍ਹਾਂ ਇਸਤ੍ਰੀਆਂ ਨੂੰ ਫਬਦਾ ਹੈ ਜਿਹੜੀਆਂ ਪਰਮੇਸ਼ੁਰ ਦੀ ਭਗਤੀ ਨੂੰ ਮੰਨਦੀਆਂ ਹਨ।” ਇੱਥੇ ਉਸ ਨੇ ਲਾਜ ਅਤੇ ਸੁਹਾਉਣੀ ਪੁਸ਼ਾਕ ਦੀ ਲੋੜ ਉੱਤੇ ਜ਼ੋਰ ਦਿੱਤਾ ਜੋ ਸੰਜਮ ਨੂੰ ਪ੍ਰਤਿਬਿੰਬਤ ਕਰਦੀ ਹੈ।
16, 17. (ੳ) ਅੱਜ ਬਹੁਤ ਸਾਰੇ ਆਦਮੀਆਂ ਅਤੇ ਔਰਤਾਂ ਨੇ ਕਿਸ ਤਰ੍ਹਾਂ ਪਹਿਰਾਵੇ ਦੀ ਗ਼ਲਤ ਵਰਤੋਂ ਕੀਤੀ ਹੈ? (ਅ) ਬਿਵਸਥਾ ਸਾਰ 22:5 ਵਿਚ ਦਿੱਤੀ ਗਈ ਸਲਾਹ ਤੋਂ ਅਸੀਂ ਕੀ ਨਤੀਜਾ ਕੱਢ ਸਕਦੇ ਹਾਂ?
16 ਇਕ ਆਦਮੀ ਜਾਂ ਔਰਤ ਲਈ, ਮੁੰਡੇ ਜਾਂ ਕੁੜੀ ਲਈ, ਲਿੰਗੀ ਤੌਰ ਤੇ ਉਕਸਾਊ ਵਰਤਾਉ ਕਰਨਾ ਜਾਂ ਕੱਪੜੇ ਪਹਿਨਣੇ ਸੱਚੀ ਮਰਦਾਨਗੀ ਜਾਂ ਨਾਰੀਤਵ ਦੀ ਕਦਰ ਨਹੀਂ ਵਧਾਵੇਗਾ, ਅਤੇ ਯਕੀਨਨ ਇਹ ਪਰਮੇਸ਼ੁਰ ਦਾ ਆਦਰ ਨਹੀਂ ਕਰਦਾ ਹੈ। ਬਹੁਤ ਸਾਰੇ ਲੋਕ ਪਹਿਰਾਵੇ ਜਾਂ ਆਚਰਣ ਦੁਆਰਾ ਮਰਦਾਵੀਂ ਜਾਂ ਇਸਤਰੀਵੀ ਕਾਮੁਕਤਾ ਦਾ ਦਿਖਾਵਾ ਕਰਨ ਲਈ ਸਾਰੀਆਂ ਹੱਦਾਂ ਪਾਰ ਕਰ ਜਾਂਦੇ ਹਨ। ਦੂਸਰੇ ਲੋਕ ਅਨੈਤਿਕ ਲਕਸ਼ਾਂ ਦੇ ਕਾਰਨ ਲਿੰਗ ਵਿਚ ਅੰਤਰ ਅਸਪੱਸ਼ਟ ਬਣਾ ਦਿੰਦੇ ਹਨ। ਅਸੀਂ ਮਸੀਹੀ ਕਿੰਨੇ ਸ਼ੁਕਰਗੁਜ਼ਾਰ ਹੋ ਸਕਦੇ ਹਾਂ ਕਿ ਬਾਈਬਲ ਪਰਮੇਸ਼ੁਰ ਦੇ ਸੋਚ-ਵਿਚਾਰਾਂ ਨੂੰ ਪ੍ਰਗਟ ਕਰਦੀ ਹੈ! ਯਹੋਵਾਹ ਨੇ ਪ੍ਰਾਚੀਨ ਇਸਰਾਏਲ ਨੂੰ ਐਲਾਨ ਕੀਤਾ: “ਜ਼ਨਾਨੀ ਉੱਤੇ ਮਰਦ ਦਾ ਭੇਸ ਨਾ ਹੋਵੇ ਨਾ ਮਰਦ ਜ਼ਨਾਨੀ ਦਾ ਬਸਤ੍ਰ ਪਾਵੇ ਕਿਉਂ ਜੋ ਹਰ ਇੱਕ ਜਿਹੜਾ ਏਹ ਕੰਮ ਕਰੇ ਉਹ ਯਹੋਵਾਹ ਤੇਰੇ ਪਰਮੇਸ਼ੁਰ ਦੇ ਅੱਗੇ ਘਿਣਾਉਣਾ ਹੈ।”—ਬਿਵਸਥਾ ਸਾਰ 22:5.
17 ਇਸ ਸੰਬੰਧ ਵਿਚ, ਇਹ ਸੰਭਵ ਹੈ ਕਿ ਤੁਸੀਂ ਅਗਸਤ 15, 1988 ਦੇ ਪਹਿਰਾਬੁਰਜ਼ (ਅਗ੍ਰੇਜ਼ੀ), ਦੇ ਸਫ਼ਾ 17 ਉੱਤੇ ਦਿੱਤੀ ਗਈ ਜਾਣਕਾਰੀ ਉੱਤੇ ਪੁਨਰ-ਵਿਚਾਰ ਕਰਨ ਦਾ ਆਨੰਦ ਮਾਣੋਗੇ: “ਵਾਦ-ਵਿਸ਼ਾ ਇਹ ਨਹੀਂ ਹੈ ਕਿ ਇਕ ਖ਼ਾਸ ਸਟਾਈਲ ਬਹੁਤ ਜ਼ਿਆਦਾ ਫ਼ੈਸ਼ਨੇਦਾਰ ਹੈ ਜਾਂ ਨਹੀਂ ਪਰੰਤੂ ਇਹ ਕਿ ਪਰਮੇਸ਼ੁਰ ਦਾ ਸੇਵਕ ਹੋਣ ਦਾ ਦਾਅਵਾ ਕਰਨ ਵਾਲੇ ਇਕ ਵਿਅਕਤੀ ਲਈ ਇਹ ਉਚਿਤ ਹੈ ਜਾਂ ਨਹੀਂ। (ਰੋਮੀਆਂ 12:2; 2 ਕੁਰਿੰਥੀਆਂ 6:3) ਅਤਿ ਬੇਢੰਗੇ ਜਾਂ ਭੀੜੇ ਕੱਪੜੇ ਸਾਡੇ ਸੰਦੇਸ਼ ਦੀ ਕਦਰ ਘਟਾ ਸਕਦੇ ਹਨ। ਉਹ ਸਟਾਈਲਾਂ ਜੋ ਨਿਰਲੱਜਤਾ ਨਾਲ ਅਤੇ ਜਾਣ ਬੁੱਝ ਕੇ ਆਦਮੀਆਂ ਨੂੰ ਔਰਤਾਂ ਅਤੇ ਔਰਤਾਂ ਨੂੰ ਆਦਮੀ ਬਣਾਉਂਦੀਆਂ ਹਨ ਉਚਿਤ ਨਹੀਂ ਹਨ। (ਤੁਲਨਾ ਕਰੋ ਬਿਵਸਥਾ ਸਾਰ 22:5.) ਨਿਰਸੰਦੇਹ, ਮੌਸਮ, ਕਾਰੋਬਾਰੀ ਜ਼ਰੂਰਤਾਂ, ਇਤਿਆਦਿ ਕਰਕੇ ਸਥਾਨਕ ਰਿਵਾਜ ਭਿੰਨ ਹੋ ਸਕਦੇ ਹਨ, ਇਸ ਲਈ ਵਿਸ਼ਵ-ਵਿਆਪੀ ਭਾਈਚਾਰੇ ਉੱਤੇ ਲਾਗੂ ਕਰਨ ਲਈ, ਮਸੀਹੀ ਕਲੀਸਿਯਾ ਸਖ਼ਤ ਕਾਨੂੰਨ ਨਹੀਂ ਬਣਾਉਂਦੀ ਹੈ।”
18. ਪਹਿਰਾਵੇ ਅਤੇ ਸ਼ਿੰਗਾਰ ਬਾਰੇ ਬਾਈਬਲੀ ਸਲਾਹ ਨੂੰ ਲਾਗੂ ਕਰਨ ਲਈ ਅਸੀਂ ਕਿਹੜੇ ਕਦਮ ਚੁੱਕ ਸਕਦੇ ਹਾਂ?
18 ਕਿੰਨੀ ਸੰਤੁਲਿਤ ਅਤੇ ਢੁਕਵੀਂ ਸਲਾਹ! ਦੁੱਖ ਦੀ ਗੱਲ ਹੈ ਕਿ ਕੁਝ ਮਸੀਹੀ, ਨਰ ਅਤੇ ਨਾਰੀਆਂ, ਸੰਸਾਰ ਦੁਆਰਾ ਉਤਸ਼ਾਹਿਤ ਕੀਤੇ ਗਏ ਕਿਸੇ ਵੀ ਪਹਿਰਾਵੇ ਅਤੇ ਸ਼ਿੰਗਾਰ ਦੀ ਭੇਡ-ਚਾਲ ਕਰਨ ਲੱਗ ਪੈਂਦੇ ਹਨ, ਬਿਨਾਂ ਵਿਚਾਰ ਕੀਤਿਆਂ ਕਿ ਇਹ ਯਹੋਵਾਹ ਅਤੇ ਮਸੀਹੀ ਕਲੀਸਿਯਾ ਉੱਤੇ ਕਿਸ ਤਰ੍ਹਾਂ ਅਸਰ ਪਾ ਸਕਦਾ ਹੈ। ਸਾਡੇ ਵਿੱਚੋਂ ਹਰੇਕ ਵਿਅਕਤੀ ਇਹ ਦੇਖਣ ਲਈ ਸਵੈ-ਜਾਂਚ ਕਰ ਸਕਦਾ ਹੈ ਕਿ ਅਸੀਂ ਸੰਸਾਰਕ ਸੋਚ ਤੋਂ ਪ੍ਰਭਾਵਿਤ ਤਾਂ ਨਹੀਂ ਹੋ ਗਏ ਹਾਂ। ਜਾਂ ਅਸੀਂ ਇਕ ਇੱਜ਼ਤਦਾਰ, ਤਜਰਬੇਕਾਰ ਭਰਾ ਜਾਂ ਭੈਣ ਕੋਲ ਜਾ ਸਕਦੇ ਹਾਂ ਅਤੇ ਆਪਣੇ ਪਹਿਰਾਵੇ ਦੇ ਢੰਗ ਵਿਚ ਕੋਈ ਸੁਧਾਰ ਲਿਆਉਣ ਸੰਬੰਧੀ ਰਾਇ ਮੰਗ ਸਕਦੇ ਹਾਂ ਅਤੇ ਫਿਰ ਗੰਭੀਰਤਾਪੂਰਵਕ ਸੁਝਾਵਾਂ ਉੱਤੇ ਵਿਚਾਰ ਕਰ ਸਕਦੇ ਹਾਂ।
ਮਸੀਹੀ ਆਦਮੀ ਅਤੇ ਔਰਤਾਂ —ਸੱਚੇ ਆਦਮੀ ਅਤੇ ਔਰਤਾਂ
19. ਸਾਨੂੰ ਕਿਹੜੇ ਅਣਚਾਹੇ ਪ੍ਰਭਾਵਾਂ ਦੇ ਵਿਰੁੱਧ ਲੜਨ ਦੀ ਲੋੜ ਹੈ?
19 ਇਸ ਜਗਤ ਦਾ ਈਸ਼ਵਰ ਸ਼ਤਾਨ ਹੈ, ਅਤੇ ਲਿੰਗ ਸੰਬੰਧੀ ਉਲਝਣ ਵਿਚ ਉਸ ਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ, ਅਤੇ ਇਹ ਸਿਰਫ਼ ਕੱਪੜਿਆਂ ਤਕ ਹੀ ਸੀਮਿਤ ਨਹੀਂ ਹੈ। (2 ਕੁਰਿੰਥੀਆਂ 4:4) ਕੁਝ ਦੇਸ਼ਾਂ ਵਿਚ ਔਰਤਾਂ ਬਾਈਬਲ ਦੇ ਸਿਧਾਂਤਾਂ ਨੂੰ ਅਣਡਿੱਠ ਕਰਦੀਆਂ ਹੋਈਆਂ ਸਰਦਾਰੀ ਲਈ ਆਦਮੀਆਂ ਨਾਲ ਮੁਕਾਬਲਾ ਕਰਦੀਆਂ ਹਨ। ਦੂਸਰੇ ਪਾਸੇ, ਬਹੁਤ ਸਾਰੇ ਆਦਮੀ ਸਹਿਜੇ ਹੀ ਆਪਣੀ ਸਰਦਾਰੀ ਦੀਆਂ ਜ਼ਿੰਮੇਵਾਰੀਆਂ ਛੱਡ ਦਿੰਦੇ ਹਨ, ਜਿਵੇਂ ਆਦਮ ਨੇ ਕੀਤਾ ਸੀ। ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਹਨ ਜਿਹੜੇ ਜੀਵਨ ਵਿਚ ਆਪਣੀ ਲਿੰਗੀ ਭੂਮਿਕਾ ਨੂੰ ਇਕ ਤੋਂ ਦੂਸਰੀ ਵਿਚ ਬਦਲਣ ਦੀ ਕੋਸ਼ਿਸ਼ ਕਰਦੇ ਹਨ। (ਰੋਮੀਆਂ 1:26, 27) ਬਾਈਬਲ, ਪਰਮੇਸ਼ੁਰ ਦੁਆਰਾ ਪ੍ਰਵਾਨਿਤ ਕਿਸੇ ਵੀ ਬਦਲਵੇਂ ਜੀਵਨ-ਢੰਗ ਨੂੰ ਨਹੀਂ ਪੈਸ਼ ਕਰਦੀ ਹੈ। ਮਸੀਹੀ ਬਣਨ ਤੋਂ ਪਹਿਲਾਂ, ਕੋਈ ਵੀ ਵਿਅਕਤੀ ਜੋ ਆਪਣੀ ਪਛਾਣ ਜਾਂ ਲਿੰਗੀ ਪਸੰਦ ਬਾਰੇ ਉਲਝੇ ਹੋਏ ਸਨ, ਉਹ ਭਰੋਸਾ ਰੱਖ ਸਕਦੇ ਹਨ ਕਿ ਪਰਮੇਸ਼ੁਰ ਦੇ ਮਿਆਰ ਅਨੁਸਾਰ ਜੀਉਣਾ ਉਨ੍ਹਾਂ ਦੇ ਸਦੀਵੀ ਲਾਭ ਲਈ ਹੋਵੇਗਾ, ਅਜਿਹਾ ਇਕ ਮਿਆਰ ਜਿਸ ਦੀ ਕਦਰ ਮਾਨਵੀ ਸੰਪੂਰਣਤਾ ਤਕ ਪਹੁੰਚਣ ਵਾਲੇ ਸਾਰੇ ਲੋਕਾਂ ਦੁਆਰਾ ਨਿਸ਼ਚਿਤ ਕੀਤੀ ਜਾਵੇਗੀ।
20. ਮਰਦਾਨਗੀ ਅਤੇ ਨਾਰੀਤਵ ਦੇ ਪ੍ਰਤੀ ਸਾਡੇ ਦ੍ਰਿਸ਼ਟੀਕੋਣ ਉੱਤੇ ਗਲਾਤੀਆਂ 5:22, 23 ਦਾ ਕੀ ਪ੍ਰਭਾਵ ਪੈਣਾ ਚਾਹੀਦਾ ਹੈ
20 ਸ਼ਾਸਤਰ ਦਿਖਾਉਂਦਾ ਹੈ ਕਿ ਮਸੀਹੀ ਆਦਮੀਆਂ ਅਤੇ ਔਰਤਾਂ ਨੂੰ ਪਰਮੇਸ਼ੁਰ ਦੀ ਆਤਮਾ ਦੇ ਫਲ—ਪ੍ਰੇਮ, ਆਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ, ਅਤੇ ਸੰਜਮ—ਪੈਦਾ ਕਰਨ ਅਤੇ ਪ੍ਰਗਟ ਕਰਨ ਦੀ ਜ਼ਰੂਰਤ ਹੈ। (ਗਲਾਤੀਆਂ 5:22, 23) ਪਰਮੇਸ਼ੁਰ ਨੇ, ਆਪਣੀ ਮਹਾਨ ਬੁੱਧੀ ਨਾਲ, ਇਨ੍ਹਾਂ ਗੁਣਾਂ ਨੂੰ ਪੈਦਾ ਕਰਨ ਦੁਆਰਾ ਆਦਮੀਆਂ ਨੂੰ ਆਪਣੀ ਮਰਦਾਨਗੀ ਅਤੇ ਔਰਤਾਂ ਨੂੰ ਆਪਣੇ ਨਾਰੀਤਵ ਦੀ ਕਦਰ ਵਧਾਉਣ ਦੇ ਯੋਗ ਬਣਾਇਆ ਹੈ। ਇਕ ਆਦਮੀ ਜੋ ਆਤਮਾ ਦੇ ਫਲ ਪ੍ਰਦਰਸ਼ਿਤ ਕਰਦਾ ਹੈ ਉਸ ਦੀ ਆਸਾਨੀ ਨਾਲ ਕਦਰ ਕੀਤੀ ਜਾਂਦੀ ਹੈ, ਅਤੇ ਜੋ ਔਰਤ ਅਜਿਹਾ ਕਰਦੀ ਹੈ ਉਸ ਦੇ ਨਾਲ ਆਸਾਨੀ ਨਾਲ ਪਿਆਰ ਕੀਤਾ ਜਾਂਦਾ ਹੈ।
21, 22. (ੳ) ਜੀਵਨ-ਢੰਗ ਦੇ ਸੰਬੰਧ ਵਿਚ ਯਿਸੂ ਨੇ ਕਿਹੜਾ ਨਮੂਨਾ ਪੇਸ਼ ਕੀਤਾ? (ਅ) ਯਿਸੂ ਨੇ ਆਪਣੀ ਮਰਦਾਨਗੀ ਕਿਸ ਤਰ੍ਹਾਂ ਪ੍ਰਦਰਸ਼ਿਤ ਕੀਤੀ?
21 ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਯਿਸੂ ਮਸੀਹ ਸੀ, ਅਤੇ ਮਸੀਹੀਆਂ ਨੂੰ ਉਸ ਦੇ ਜੀਵਨ-ਢੰਗ ਦੀ ਨਕਲ ਕਰਨੀ ਚਾਹੀਦੀ ਹੈ। (1 ਪਤਰਸ 2:21-23) ਜਿਸ ਤਰ੍ਹਾਂ ਯਿਸੂ ਨੇ ਕੀਤਾ ਸੀ, ਆਦਮੀਆਂ ਅਤੇ ਔਰਤਾਂ ਦੋਨਾਂ ਨੂੰ ਪਰਮੇਸ਼ੁਰ ਦੇ ਪ੍ਰਤੀ ਨਿਸ਼ਠਾਵਾਨ ਅਤੇ ਉਸ ਦੇ ਬਚਨ ਪ੍ਰਤੀ ਆਗਿਆਕਾਰ ਰਹਿਣਾ ਚਾਹੀਦਾ ਹੈ। ਯਿਸੂ ਨੇ ਪ੍ਰੇਮ, ਕੋਮਲਤਾ, ਅਤੇ ਦਇਆ ਦੇ ਅਦਭੁਤ ਗੁਣ ਪ੍ਰਦਰਸ਼ਿਤ ਕੀਤੇ ਸਨ। ਸੱਚੇ ਮਸੀਹੀਆਂ ਵਜੋਂ, ਇਹ ਸਾਬਤ ਕਰਨ ਲਈ ਕਿ ਅਸੀਂ ਉਸ ਦੇ ਚੇਲੇ ਹਾਂ ਸਾਡੇ ਕੋਲੋਂ ਉਸ ਦੀ ਨਕਲ ਕਰਨ ਦੀ ਆਸ ਕੀਤੀ ਜਾਂਦੀ ਹੈ।—ਯੂਹੰਨਾ 13:35.
22 ਯਿਸੂ ਮਸੀਹ ਇਕ ਸੱਚਾ ਆਦਮੀ ਸੀ, ਅਤੇ ਅਸੀਂ ਉਸ ਦੇ ਮਰਦਾਵੇਂ ਗੁਣਾਂ ਨੂੰ ਦੇਖ ਸਕਦੇ ਹਾਂ ਜਿਉਂ-ਜਿਉਂ ਅਸੀਂ ਸ਼ਾਸਤਰ ਵਿਚ ਦਰਜ ਉਸ ਦੇ ਜੀਵਨ ਦਾ ਅਧਿਐਨ ਕਰਦੇ ਹਾਂ। ਉਸ ਨੇ ਕਦੀ ਵਿਆਹ ਨਹੀਂ ਕੀਤਾ, ਪਰੰਤੂ ਬਾਈਬਲ ਦਿਖਾਉਂਦੀ ਹੈ ਕਿ ਉਸ ਨੇ ਔਰਤਾਂ ਨਾਲ ਸੰਤੁਲਿਤ ਸੰਗਤ ਦਾ ਆਨੰਦ ਮਾਣਿਆ। (ਲੂਕਾ 10:38, 39) ਆਦਮੀਆਂ ਅਤੇ ਔਰਤਾਂ ਨਾਲ ਉਸ ਦੇ ਸੰਬੰਧ ਹਮੇਸ਼ਾ ਪਵਿੱਤਰ ਅਤੇ ਸਨਮਾਨਯੋਗ ਸਨ। ਉਹ ਮਰਦਾਨਗੀ ਦਾ ਸੰਪੂਰਣ ਨਮੂਨਾ ਹੈ। ਉਸ ਨੇ ਕਿਸੇ ਵੀ—ਆਦਮੀ, ਔਰਤ, ਜਾਂ ਅਵੱਗਿਆਕਾਰ ਦੂਤ—ਨੂੰ ਉਸ ਤੋਂ ਉਸ ਦੀ ਈਸ਼ਵਰੀ ਮਰਦਾਨਗੀ ਅਤੇ ਯਹੋਵਾਹ ਪ੍ਰਤੀ ਵਫ਼ਾਦਾਰੀ ਨੂੰ ਖੋਹ ਲੈਣ ਨਹੀਂ ਦਿੱਤੀ। ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਵੀਕਾਰ ਕਰਨ ਤੋਂ ਹਿਚਕਚਾਇਆ ਨਹੀਂ, ਅਤੇ ਉਸ ਨੇ ਬਿਨਾਂ ਸ਼ਿਕਾਇਤ ਕੀਤਿਆਂ ਇਨ੍ਹਾਂ ਨੂੰ ਸਵੀਕਾਰ ਕੀਤਾ।—ਮੱਤੀ 26:39.
23. ਲਿੰਗਾਂ ਦੀ ਭੂਮਿਕਾ ਦੇ ਸੰਬੰਧ ਵਿਚ, ਸੱਚੇ ਮਸੀਹੀਆਂ ਨੂੰ ਕਿਸ ਤਰ੍ਹਾਂ ਸਪੱਸ਼ਟ ਰੂਪ ਵਿਚ ਬਰਕਤ ਦਿੱਤੀ ਗਈ ਹੈ?
23 ਯਹੋਵਾਹ ਦੇ ਲੋਕਾਂ ਵਿਚ ਸ਼ਾਮਲ ਹੋਣਾ ਅਤੇ ਉਨ੍ਹਾਂ ਆਦਮੀਆਂ ਅਤੇ ਔਰਤਾਂ, ਨਾਲੇ ਮੁੰਡੇ ਅਤੇ ਕੁੜੀਆਂ ਨਾਲ ਮੇਲ ਜੋਲ ਰੱਖਣਾ, ਜਿਹੜੇ ਆਪਣੇ ਜੀਵਨ ਵਿਚ ਯਹੋਵਾਹ ਪਰਮੇਸ਼ੁਰ ਨੂੰ ਪ੍ਰੇਮ ਕਰਨ ਅਤੇ ਉਸ ਦੀ ਆਗਿਆ ਮੰਨਣ ਨੂੰ ਪਹਿਲ ਦਿੰਦੇ ਹਨ, ਕਿੰਨਾ ਹੀ ਆਨੰਦਾਇਕ ਹੈ! ਅਸੀਂ ਪਰਮੇਸ਼ੁਰ ਦੇ ਬਚਨ ਦੀ ਆਗਿਆ ਮੰਨਣ ਕਾਰਨ ਸੀਮਿਤ ਨਹੀਂ ਹਾਂ। ਇਸ ਦੀ ਬਜਾਇ, ਅਸੀਂ ਇਸ ਸੰਸਾਰ ਅਤੇ ਇਸ ਦੇ ਤੌਰ ਤਰੀਕਿਆਂ ਤੋਂ ਆਜ਼ਾਦ ਕੀਤੇ ਗਏ ਹਾਂ ਜੋ ਲਿੰਗਾਂ ਦੀ ਸੁੰਦਰਤਾ, ਮਕਸਦ, ਅਤੇ ਉਨ੍ਹਾਂ ਦੀਆਂ ਵਿਭਿੰਨ ਭੂਮਿਕਾਵਾਂ ਨੂੰ ਵਿਗਾੜਦੇ ਹਨ। ਅਸੀਂ ਅਸਲੀ ਖ਼ੁਸ਼ੀ ਅਨੁਭਵ ਕਰ ਸਕਦੇ ਹਾਂ ਜੋ ਜੀਵਨ ਵਿਚ ਪਰਮੇਸ਼ੁਰ-ਦਿੱਤ ਜ਼ਿੰਮੇਵਾਰੀ ਨੂੰ ਪੂਰਾ ਕਰਨ ਤੋਂ ਆਉਂਦੀ ਹੈ, ਭਾਵੇਂ ਅਸੀਂ ਨਰ ਜਾਂ ਨਾਰੀ ਹਾਂ। ਜੀ ਹਾਂ, ਅਸੀਂ ਸ੍ਰਿਸ਼ਟੀਕਰਤਾ, ਯਹੋਵਾਹ ਪਰਮੇਸ਼ੁਰ ਦੇ ਪ੍ਰਤੀ ਉਨ੍ਹਾਂ ਪ੍ਰੇਮਮਈ ਪ੍ਰਬੰਧਾਂ ਲਈ ਜੋ ਉਸ ਨੇ ਸਾਡੇ ਲਈ ਕੀਤੇ ਹਨ ਅਤੇ ਸਾਨੂੰ ਨਰ ਅਤੇ ਨਾਰੀ ਸ੍ਰਿਸ਼ਟ ਕਰਨ ਲਈ, ਕਿੰਨੇ ਸ਼ੁਕਰਗੁਜ਼ਾਰ ਹਾਂ!
ਤੁਸੀਂ ਕਿਵੇਂ ਜਵਾਬ ਦਿਓਗੇ?
◻ ਬਾਈਬਲ ਆਦਮੀਆਂ ਅਤੇ ਔਰਤਾਂ ਲਈ ਕਿਹੜੀਆਂ ਉਚਿਤ ਭੂਮਿਕਾਵਾਂ ਦਾ ਵਰਣਨ ਕਰਦੀ ਹੈ?
◻ ਜਲ-ਪਰਲੋ ਤੋਂ ਪਹਿਲਾਂ ਮਰਦਾਨਗੀ ਕਿਸ ਤਰ੍ਹਾਂ ਵਿਗਾੜੀ ਗਈ ਸੀ, ਅਤੇ ਇਹ ਅਤੇ ਨਾਰੀਤਵ ਸਾਡੇ ਸਮੇਂ ਵਿਚ ਕਿਸ ਤਰ੍ਹਾਂ ਵਿਗੜੇ ਗਏ ਹਨ?
◻ ਦਿੱਖ ਬਾਰੇ ਬਾਈਬਲ ਦੀ ਕਿਹੜੀ ਸਲਾਹ ਤੁਸੀਂ ਲਾਗੂ ਕਰਨ ਦੀ ਕੋਸ਼ਿਸ਼ ਕਰੋਗੇ?
◻ ਮਸੀਹੀ ਆਦਮੀ ਅਤੇ ਔਰਤਾਂ ਕਿਸ ਤਰ੍ਹਾਂ ਆਪਣੇ ਆਪ ਨੂੰ ਸੱਚੇ ਆਦਮੀ ਅਤੇ ਔਰਤਾਂ ਸਾਬਤ ਕਰ ਸਕਦੇ ਹਨ?
[ਸਫ਼ੇ 21 ਉੱਤੇ ਤਸਵੀਰ]
ਭਾਵੇਂ ਕਿ ਉਹ ਸੁੰਦਰ ਸੀ, ਅਸਤਰ ਖ਼ਾਸ ਤੌਰ ਤੇ ਆਪਣੀ ਨਿਮਰਤਾ ਅਤੇ ਆਪਣੇ ਸੁਭਾਉ ਕਰ ਕੇ ਯਾਦ ਕੀਤੀ ਜਾਂਦੀ ਹੈ
[ਸਫ਼ੇ 23 ਉੱਤੇ ਤਸਵੀਰ]
ਸ਼ਿੰਗਾਰ ਵੱਲ ਉਚਿਤ ਧਿਆਨ ਦਿੰਦੇ ਹੋਏ ਅੰਦਰੂਨੀ ਸੁੰਦਰਤਾ ਉਤੇ ਵਧੇਰਾ ਜ਼ੋਰ ਦਿਓ