ਰੱਬ ਔਰਤਾਂ ਨੂੰ ਆਦਰ-ਮਾਣ ਦਿੰਦਾ ਹੈ
ਧਰਤੀ ʼਤੇ ਹੁੰਦਿਆਂ ਯਿਸੂ ਨੇ ਆਪਣੇ ਸਵਰਗੀ ਪਿਤਾ ਦੇ ਗੁਣਾਂ ਦੀ ਹੂ-ਬਹੂ ਰੀਸ ਕੀਤੀ ਅਤੇ ਉਸ ਵਾਂਗ ਕੰਮ ਕੀਤੇ। ਉਸ ਨੇ ਕਿਹਾ: “ਮੈਂ ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਕਰਦਾ; ਪਰ ਜੋ ਸਿੱਖਿਆ ਮੇਰੇ ਪਿਤਾ ਨੇ ਮੈਨੂੰ ਦਿੱਤੀ ਹੈ, ਉਹੀ ਸਿੱਖਿਆ ਮੈਂ ਦਿੰਦਾ ਹਾਂ। . . . ਮੈਂ ਹਮੇਸ਼ਾ ਉਹੀ ਕੰਮ ਕਰਦਾ ਹਾਂ ਜਿਸ ਤੋਂ ਉਹ ਖ਼ੁਸ਼ ਹੁੰਦਾ ਹੈ।” (ਯੂਹੰਨਾ 8:28, 29; ਕੁਲੁੱਸੀਆਂ 1:15) ਇਸ ਲਈ ਜਦੋਂ ਅਸੀਂ ਇਸ ਗੱਲ ʼਤੇ ਗੌਰ ਕਰਾਂਗੇ ਕਿ ਯਿਸੂ ਔਰਤਾਂ ਨਾਲ ਕਿਵੇਂ ਪੇਸ਼ ਆਉਂਦਾ ਸੀ ਅਤੇ ਉਨ੍ਹਾਂ ਪ੍ਰਤੀ ਉਸ ਦਾ ਕੀ ਰਵੱਈਆ ਸੀ, ਤਾਂ ਅਸੀਂ ਸਮਝ ਸਕਾਂਗੇ ਕਿ ਰੱਬ ਔਰਤਾਂ ਬਾਰੇ ਕਿਹੋ ਜਿਹਾ ਨਜ਼ਰੀਆ ਰੱਖਦਾ ਹੈ ਅਤੇ ਉਨ੍ਹਾਂ ਤੋਂ ਕੀ ਉਮੀਦ ਰੱਖਦਾ ਹੈ।
ਇੰਜੀਲ ਦੇ ਬਿਰਤਾਂਤਾਂ ਦੇ ਆਧਾਰ ʼਤੇ ਬਹੁਤ ਸਾਰੇ ਵਿਦਵਾਨਾਂ ਨੇ ਮੰਨਿਆ ਹੈ ਕਿ ਔਰਤਾਂ ਪ੍ਰਤੀ ਯਿਸੂ ਦਾ ਨਜ਼ਰੀਆ ਉਸ ਵੇਲੇ ਦੇ ਸਮਾਜ ਨਾਲੋਂ ਬਿਲਕੁਲ ਵੱਖਰਾ ਸੀ। ਕਿਵੇਂ? ਨਾਲੇ ਕੀ ਉਸ ਦੀਆਂ ਸਿੱਖਿਆਵਾਂ ਤੋਂ ਅੱਜ ਵੀ ਔਰਤਾਂ ਨੂੰ ਆਜ਼ਾਦੀ ਮਿਲਦੀ ਹੈ?
ਯਿਸੂ ਔਰਤਾਂ ਨਾਲ ਕਿਵੇਂ ਪੇਸ਼ ਆਇਆ?
ਯਿਸੂ ਔਰਤਾਂ ਨੂੰ ਜਿਸਮ ਦੀ ਭੁੱਖ ਮਿਟਾਉਣ ਵਾਲੀਆਂ ਚੀਜ਼ਾਂ ਨਹੀਂ ਸਮਝਦਾ ਸੀ। ਕੁਝ ਯਹੂਦੀ ਆਗੂ ਸੋਚਦੇ ਸਨ ਕਿ ਔਰਤਾਂ ਨਾਲ ਗੱਲ ਕਰਨ ਕਰਕੇ ਆਦਮੀਆਂ ਵਿਚ ਕਾਮ-ਵਾਸ਼ਨਾ ਪੈਦਾ ਹੋ ਸਕਦੀ ਸੀ। ਇਸ ਕਰਕੇ ਉਹ ਨਾ ਤਾਂ ਜਨਤਕ ਥਾਵਾਂ ʼਤੇ ਆਦਮੀਆਂ ਨਾਲ ਗੱਲ ਕਰ ਸਕਦੀਆਂ ਸਨ ਤੇ ਨਾ ਹੀ ਸਿਰ ਢਕੇ ਬਗੈਰ ਬਾਹਰ ਜਾ ਸਕਦੀਆਂ ਸਨ। ਇਸ ਦੇ ਉਲਟ, ਯਿਸੂ ਨੇ ਸਲਾਹ ਦਿੱਤੀ ਕਿ ਔਰਤਾਂ ਨੂੰ ਸਮਾਜ ਤੋਂ ਦੂਰ ਰੱਖਣ ਦੀ ਬਜਾਇ ਆਦਮੀ ਨੂੰ ਆਪਣੀਆਂ ਇੱਛਾਵਾਂ ʼਤੇ ਕਾਬੂ ਰੱਖਣਾ ਅਤੇ ਔਰਤਾਂ ਨਾਲ ਇੱਜ਼ਤ ਨਾਲ ਪੇਸ਼ ਆਉਣਾ ਚਾਹੀਦਾ ਹੈ।—ਮੱਤੀ 5:28.
ਯਿਸੂ ਨੇ ਇਹ ਵੀ ਕਿਹਾ: “ਜਿਹੜਾ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ ਅਤੇ ਕਿਸੇ ਹੋਰ ਨਾਲ ਵਿਆਹ ਕਰਾਉਂਦਾ ਹੈ, ਉਹ ਹਰਾਮਕਾਰੀ ਕਰਦਾ ਹੈ।” (ਮਰਕੁਸ 10:11, 12) ਇਸ ਤਰ੍ਹਾਂ ਯਿਸੂ ਨੇ ਯਹੂਦੀ ਧਾਰਮਿਕ ਆਗੂਆਂ ਦੀ ਸਿੱਖਿਆ ਨੂੰ ਰੱਦ ਕੀਤਾ ਕਿ ਆਦਮੀ “ਕਿਸੇ ਵੀ ਗੱਲ ʼਤੇ” ਆਪਣੀਆਂ ਪਤਨੀਆਂ ਨੂੰ ਤਲਾਕ ਦੇ ਸਕਦੇ ਸਨ। (ਮੱਤੀ 19:3, 9) ਜ਼ਿਆਦਾਤਰ ਯਹੂਦੀ ਸੋਚ ਵੀ ਨਹੀਂ ਸਕਦੇ ਸਨ ਕਿ ਕੋਈ ਪਤੀ ਆਪਣੀ ਪਤਨੀ ਨਾਲ ਬੇਵਫ਼ਾਈ ਕਰ ਸਕਦਾ। ਯਹੂਦੀ ਧਾਰਮਿਕ ਆਗੂ ਸਿਖਾਉਂਦੇ ਸੀ ਕਿ ਪਤੀ ਕਦੀ ਵੀ ਆਪਣੀ ਪਤਨੀ ਖ਼ਿਲਾਫ਼ ਹਰਾਮਕਾਰੀ ਨਹੀਂ ਕਰ ਸਕਦਾ, ਸਿਰਫ਼ ਪਤਨੀ ਹੀ ਬੇਵਫ਼ਾਈ ਕਰ ਸਕਦੀ ਸੀ। ਬਾਈਬਲ ʼਤੇ ਲਿਖੀ ਇਕ ਕਿਤਾਬ ਵਿਚ ਕਿਹਾ ਗਿਆ ਹੈ, “ਯਿਸੂ ਨੇ ਚਾਲ-ਚਲਣ ਦੇ ਮਾਮਲੇ ਵਿਚ ਆਦਮੀਆਂ ʼਤੇ ਵੀ ਉਹੀ ਗੱਲ ਲਾਗੂ ਕੀਤੀ ਜੋ ਔਰਤਾਂ ʼਤੇ ਲਾਗੂ ਹੁੰਦੀ ਹੈ। ਇੱਦਾਂ ਕਰ ਕੇ ਉਸ ਨੇ ਸਮਾਜ ਵਿਚ ਔਰਤਾਂ ਦਾ ਰੁਤਬਾ ਤੇ ਮਾਣ ਵਧਾ ਦਿੱਤਾ।”
ਅੱਜ ਉਸ ਦੀ ਸਿੱਖਿਆ ਦਾ ਅਸਰ: ਅੱਜ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਔਰਤਾਂ ਖੁੱਲ੍ਹ ਕੇ ਆਦਮੀਆਂ ਨਾਲ ਗੱਲ ਕਰਦੀਆਂ ਹਨ। ਉਨ੍ਹਾਂ ਨੂੰ ਡਰਨ ਦੀ ਲੋੜ ਨਹੀਂ ਹੁੰਦੀ ਕਿ ਕੋਈ ਉਨ੍ਹਾਂ ਨੂੰ ਗੰਦੀ ਨਜ਼ਰ ਨਾਲ ਦੇਖੇਗਾ ਕਿਉਂਕਿ ਮਸੀਹੀ ਆਦਮੀ “ਸਿਆਣੀ ਉਮਰ ਦੀਆਂ ਤੀਵੀਆਂ ਨੂੰ ਮਾਵਾਂ ਸਮਝ ਕੇ ਅਤੇ ਆਪਣੇ ਤੋਂ ਛੋਟੀਆਂ ਕੁੜੀਆਂ ਨੂੰ ਸਾਫ਼ ਦਿਲ ਨਾਲ ਭੈਣਾਂ ਸਮਝ ਕੇ” ਪੇਸ਼ ਆਉਂਦੇ ਹਨ।—1 ਤਿਮੋਥਿਉਸ 5:2.
ਯਿਸੂ ਨੇ ਔਰਤਾਂ ਨੂੰ ਸਿਖਾਉਣ ਲਈ ਸਮਾਂ ਕੱਢਿਆ। ਉਸ ਸਮੇਂ ਧਾਰਮਿਕ ਆਗੂ ਮੰਨਦੇ ਸਨ ਕਿ ਔਰਤਾਂ ਨੂੰ ਗਿਆਨ ਨਹੀਂ ਦਿੱਤਾ ਜਾਣਾ ਚਾਹੀਦਾ। ਪਰ ਯਿਸੂ ਨੇ ਔਰਤਾਂ ਨੂੰ ਸਿਖਾਇਆ ਤੇ ਉਨ੍ਹਾਂ ਨੂੰ ਖੁੱਲ੍ਹ ਕੇ ਗੱਲ ਕਰਨ ਦੀ ਹੱਲਾਸ਼ੇਰੀ ਦਿੱਤੀ। ਯਿਸੂ ਨੇ ਮਰੀਅਮ ਨੂੰ ਉਸ ਖ਼ੁਸ਼ੀ ਤੋਂ ਵਾਂਝਾ ਨਹੀਂ ਰੱਖਿਆ ਜੋ ਉਸ ਨੂੰ ਸਿੱਖ ਕੇ ਮਿਲ ਰਹੀ ਸੀ। ਇਸ ਤਰ੍ਹਾਂ ਯਿਸੂ ਨੇ ਦਿਖਾਇਆ ਕਿ ਔਰਤਾਂ ਦੀ ਜਗ੍ਹਾ ਸਿਰਫ਼ ਰਸੋਈ ਵਿਚ ਨਹੀਂ ਹੈ। (ਲੂਕਾ 10:38-42) ਲਾਜ਼ਰ ਦੀ ਮੌਤ ʼਤੇ ਮਰੀਅਮ ਦੀ ਭੈਣ ਮਾਰਥਾ ਨੇ ਯਿਸੂ ਦੇ ਸਵਾਲਾਂ ਦੇ ਜੋ ਜਵਾਬ ਦਿੱਤੇ ਸਨ, ਉਨ੍ਹਾਂ ਤੋਂ ਪਤਾ ਲੱਗਾ ਕਿ ਉਸ ਨੂੰ ਵੀ ਯਿਸੂ ਦੀਆਂ ਸਿੱਖਿਆਵਾਂ ਤੋਂ ਫ਼ਾਇਦਾ ਹੋਇਆ ਸੀ।—ਯੂਹੰਨਾ 11:21-27.
ਔਰਤਾਂ ਦੀ ਸੋਚ ਯਿਸੂ ਲਈ ਮਾਅਨੇ ਰੱਖਦੀ ਸੀ। ਉਸ ਸਮੇਂ ਜ਼ਿਆਦਾਤਰ ਯਹੂਦੀ ਔਰਤਾਂ ਮੰਨਦੀਆਂ ਸਨ ਕਿ ਉਨ੍ਹਾਂ ਨੂੰ ਖ਼ੁਸ਼ੀ ਤਾਂ ਹੀ ਮਿਲ ਸਕਦੀ ਹੈ ਜੇ ਉਨ੍ਹਾਂ ਦੇ ਘਰ ਮੁੰਡਾ ਹੋਵੇ ਤੇ ਜੇ ਨਬੀ ਹੋਵੇ, ਤਾਂ ਹੋਰ ਵੀ ਵਧੀਆ ਹੋਵੇਗਾ। ਜਦੋਂ ਇਕ ਔਰਤ ਉੱਚੀ-ਉੱਚੀ ਉਸ ਨੂੰ ਕਹਿਣ ਲੱਗੀ: “ਧੰਨ ਹੈ ਤੇਰੀ ਮਾਤਾ ਜਿਸ ਨੇ ਤੈਨੂੰ ਜਨਮ ਦਿੱਤਾ,” ਤਾਂ ਯਿਸੂ ਨੇ ਇਸ ਮੌਕੇ ਦਾ ਫ਼ਾਇਦਾ ਉਠਾਉਂਦਿਆਂ ਉਸ ਨੂੰ ਵਧੀਆ ਗੱਲ ਦੱਸੀ। (ਲੂਕਾ 11:27, 28) ਯਿਸੂ ਨੇ ਉਸ ਨੂੰ ਕਿਹਾ ਕਿ ਔਰਤਾਂ ਲਈ ਮੁੰਡੇ ਪੈਦਾ ਕਰਨ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਉਹ ਰੱਬ ਦਾ ਕਹਿਣਾ ਮੰਨਣ।—ਯੂਹੰਨਾ 8:32.
ਅੱਜ ਉਸ ਦੀ ਸਿੱਖਿਆ ਦਾ ਅਸਰ: ਮੰਡਲੀ ਵਿਚ ਅਗਵਾਈ ਲੈਣ ਵਾਲੇ ਆਦਮੀ ਸਭਾਵਾਂ ਵਿਚ ਔਰਤਾਂ ਨੂੰ ਵੀ ਟਿੱਪਣੀਆਂ ਦੇਣ ਦਿੰਦੇ ਹਨ। ਉਹ ਸਮਝਦਾਰ ਔਰਤਾਂ ਦਾ ਆਦਰ ਕਰਦੇ ਹਨ ਜੋ ਦੂਜਿਆਂ ਨੂੰ ਇਕੱਲਿਆਂ ਵਿਚ ਅਤੇ ਆਪਣੀ ਮਿਸਾਲ ਰਾਹੀਂ “ਚੰਗੀਆਂ ਗੱਲਾਂ” ਸਿਖਾਉਂਦੀਆਂ ਹਨ। (ਤੀਤੁਸ 2:3) ਉਹ ਇਸ ਗੱਲ ʼਤੇ ਵੀ ਭਰੋਸਾ ਰੱਖਦੇ ਹਨ ਕਿ ਉਹ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਖੁੱਲ੍ਹੇ-ਆਮ ਪ੍ਰਚਾਰ ਕਰ ਸਕਦੀਆਂ ਹਨ।—ਜ਼ਬੂਰ 68:11; ਸਫ਼ੇ 9 ʼਤੇ “ਕੀ ਪੌਲੁਸ ਰਸੂਲ ਨੇ ਤੀਵੀਆਂ ਨੂੰ ਬੋਲਣ ਤੋਂ ਰੋਕਿਆ ਸੀ?” ਨਾਂ ਦੀ ਡੱਬੀ ਦੇਖੋ।
ਯਿਸੂ ਔਰਤਾਂ ਦੀ ਪਰਵਾਹ ਕਰਦਾ ਸੀ। ਬਾਈਬਲ ਜ਼ਮਾਨੇ ਵਿਚ ਕੁੜੀਆਂ ਨੂੰ ਮੁੰਡਿਆਂ ਨਾਲੋਂ ਘੱਟ ਸਮਝਿਆ ਜਾਂਦਾ ਸੀ। ਇਹ ਨਜ਼ਰੀਆ ਯਹੂਦੀ ਧਾਰਮਿਕ ਆਗੂਆਂ ਦੀ ਕਿਤਾਬ (ਤਾਲਮੂਦ) ਵਿਚ ਦਿਖਾਈ ਦਿੰਦਾ ਹੈ, ਜਿਵੇਂ ਕਿ ਇਸ ਵਿਚ ਲਿਖਿਆ ਹੈ: “ਖ਼ੁਸ਼ ਹੈ ਉਹ ਆਦਮੀ ਜਿਸ ਦੇ ਮੁੰਡੇ ਹਨ ਅਤੇ ਹਾਇ ਉਸ ʼਤੇ ਜਿਸ ਦੇ ਕੁੜੀਆਂ ਹਨ।” ਕੁਝ ਮਾਪੇ ਕੁੜੀਆਂ ਨੂੰ ਬਹੁਤ ਜ਼ਿਆਦਾ ਬੋਝ ਸਮਝਦੇ ਸਨ। ਉਹ ਸੋਚਦੇ ਸਨ ਕਿ ਉਨ੍ਹਾਂ ਨੂੰ ਉਸ ਲਈ ਸਾਥੀ ਲੱਭਣਾ ਪੈਣਾ, ਦਾਜ ਦੇਣਾ ਪੈਣਾ ਅਤੇ ਬੁਢਾਪੇ ਵਿਚ ਉਹ ਆਪਣੀ ਕੁੜੀ ʼਤੇ ਨਿਰਭਰ ਨਹੀਂ ਹੋ ਸਕਦੇ।
ਯਿਸੂ ਨੇ ਜੈਰੁਸ ਦੀ ਧੀ ਅਤੇ ਨਾਇਨ ਨਾਂ ਦੇ ਸ਼ਹਿਰ ਦੀ ਵਿਧਵਾ ਦੇ ਮੁੰਡੇ ਨੂੰ ਜੀਉਂਦਾ ਕੀਤਾ। ਇੱਦਾਂ ਕਰ ਕੇ ਉਸ ਨੇ ਦਿਖਾਇਆ ਕਿ ਕੁੜੀ ਦੀ ਜ਼ਿੰਦਗੀ ਵੀ ਮੁੰਡੇ ਦੀ ਜ਼ਿੰਦਗੀ ਜਿੰਨੀ ਅਹਿਮ ਹੈ। (ਮਰਕੁਸ 5:35, 41, 42; ਲੂਕਾ 7:11-15) ਯਿਸੂ ਨੇ ਉਸ ਔਰਤ ਨੂੰ ਠੀਕ ਕੀਤਾ “ਜਿਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਸੀ ਜਿਸ ਕਰਕੇ ਉਹ 18 ਸਾਲਾਂ ਤੋਂ ਬੀਮਾਰ ਸੀ।” ਉਸ ਨੂੰ ਠੀਕ ਕਰਨ ਤੋਂ ਬਾਅਦ ਯਿਸੂ ਨੇ ਉਸ ਨੂੰ “ਅਬਰਾਹਾਮ ਦੀ ਧੀ” ਕਿਹਾ। ਇਹ ਸ਼ਬਦ ਯਹੂਦੀ ਲਿਖਤਾਂ ਵਿਚ ਨਹੀਂ ਆਉਂਦੇ। (ਲੂਕਾ 13:10-16) ਇੱਦਾਂ ਦੇ ਪਿਆਰ ਤੇ ਇੱਜ਼ਤ-ਮਾਣ ਵਾਲੇ ਸ਼ਬਦ ਵਰਤ ਕੇ ਉਸ ਨੇ ਨਾ ਸਿਰਫ਼ ਇਹ ਦਿਖਾਇਆ ਕਿ ਸਮਾਜ ਵਿਚ ਉਸ ਦੀ ਬਾਕੀਆਂ ਜਿੰਨੀ ਅਹਿਮੀਅਤ ਸੀ, ਸਗੋਂ ਇਹ ਵੀ ਦਿਖਾਇਆ ਕਿ ਉਸ ਵਿਚ ਕਿੰਨੀ ਨਿਹਚਾ ਸੀ।—ਲੂਕਾ 19:9; ਗਲਾਤੀਆਂ 3:7.
ਅੱਜ ਉਸ ਦੀ ਸਿੱਖਿਆ ਦਾ ਅਸਰ: ਇਕ ਪੰਜਾਬੀ ਕਹਾਵਤ ਕਹਿੰਦੀ ਹੈ ਕਿ “ਧੀਆਂ ਬੇਗਾਨਾ ਧਨ ਹੁੰਦੀਆਂ ਹਨ।” ਪਰ ਮਸੀਹੀ ਪਿਤਾ ਇੱਦਾਂ ਨਹੀਂ ਸੋਚਦੇ। ਉਹ ਆਪਣੇ ਸਾਰੇ ਬੱਚਿਆਂ ਦੀ ਦੇਖ-ਭਾਲ ਕਰਦੇ ਹਨ, ਚਾਹੇ ਉਹ ਧੀਆਂ ਹੋਣ ਜਾਂ ਪੁੱਤਰ। ਮਸੀਹੀ ਮਾਪੇ ਆਪਣੇ ਸਾਰੇ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਦੇ ਹਨ ਤੇ ਉਨ੍ਹਾਂ ਨੂੰ ਵਧੀਆ ਪੜ੍ਹਾਈ-ਲਿਖਾਈ ਕਰਾਉਂਦੇ ਹਨ।
ਯਿਸੂ ਔਰਤਾਂ ʼਤੇ ਭਰੋਸਾ ਕਰਦਾ ਸੀ। ਯਹੂਦੀ ਅਦਾਲਤਾਂ ਵਿਚ ਔਰਤਾਂ ਦੀ ਗਵਾਹੀ ਨੂੰ ਇਕ ਗ਼ੁਲਾਮ ਦੀ ਗਵਾਹੀ ਜਿੰਨੀ ਅਹਿਮੀਅਤ ਦਿੱਤੀ ਜਾਂਦੀ ਸੀ। ਪਹਿਲੀ ਸਦੀ ਦੇ ਇਤਿਹਾਸਕਾਰ ਜੋਸੀਫ਼ਸ ਨੇ ਸਲਾਹ ਦਿੱਤੀ ਸੀ: “ਔਰਤਾਂ ਵੱਲੋਂ ਪੇਸ਼ ਕੀਤੇ ਗਏ ਕਿਸੇ ਵੀ ਸਬੂਤ ʼਤੇ ਵਿਸ਼ਵਾਸ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਉਹ ਬਿਨਾਂ ਸੋਚੇ-ਸਮਝੇ ਬੋਲਦੀਆਂ ਹਨ ਤੇ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੀਆਂ।”
ਇਸ ਦੇ ਉਲਟ, ਯਿਸੂ ਨੇ ਆਪਣੇ ਜੀਉਂਦੇ ਹੋਣ ਦੀ ਖ਼ਬਰ ਦੇਣ ਲਈ ਔਰਤਾਂ ਨੂੰ ਚੁਣਿਆ। (ਮੱਤੀ 28:1, 8-10) ਭਾਵੇਂ ਕਿ ਇਨ੍ਹਾਂ ਵਫ਼ਾਦਾਰ ਔਰਤਾਂ ਨੇ ਆਪਣੇ ਪ੍ਰਭੂ ਨੂੰ ਸੂਲ਼ੀ ʼਤੇ ਟੰਗਿਆ ਅਤੇ ਕਬਰ ਵਿਚ ਦਫ਼ਨਾਉਂਦਿਆਂ ਆਪਣੀ ਅੱਖੀਂ ਦੇਖਿਆ ਸੀ, ਪਰ ਰਸੂਲਾਂ ਲਈ ਉਨ੍ਹਾਂ ਦੀਆਂ ਗੱਲਾਂ ʼਤੇ ਯਕੀਨ ਕਰਨਾ ਔਖਾ ਸੀ। (ਮੱਤੀ 27:55, 56, 61; ਲੂਕਾ 24:10, 11) ਪਰ ਜੀਉਂਦਾ ਹੋਣ ਤੋਂ ਬਾਅਦ ਯਿਸੂ ਨੇ ਪਹਿਲਾਂ ਔਰਤਾਂ ਸਾਮ੍ਹਣੇ ਪ੍ਰਗਟ ਹੋ ਕੇ ਦਿਖਾਇਆ ਕਿ ਉਹ ਵੀ ਉਸ ਦੇ ਬਾਕੀ ਚੇਲਿਆਂ ਵਾਂਗ ਗਵਾਹੀ ਦੇਣ ਦੇ ਯੋਗ ਸਨ।—ਰਸੂਲਾਂ ਦੇ ਕੰਮ 1:8, 14.
ਅੱਜ ਉਸ ਦੀ ਸਿੱਖਿਆ ਦਾ ਅਸਰ: ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਜਿਹੜੇ ਆਦਮੀ ਅਗਵਾਈ ਕਰਦੇ ਹਨ, ਉਹ ਔਰਤਾਂ ਵੱਲੋਂ ਦੱਸੀਆਂ ਜਾਂਦੀਆਂ ਗੱਲਾਂ ʼਤੇ ਗੌਰ ਕਰ ਕੇ ਉਨ੍ਹਾਂ ਲਈ ਆਦਰ ਦਿਖਾਉਂਦੇ ਹਨ। ਨਾਲੇ ਮਸੀਹੀ ਪਤੀ ਆਪਣੀਆਂ ਪਤਨੀਆਂ ਦੀ ਧਿਆਨ ਨਾਲ ਗੱਲ ਸੁਣ ਕੇ “ਉਨ੍ਹਾਂ ਦਾ ਖ਼ਿਆਲ” ਰੱਖਦੇ ਹਨ।—1 ਪਤਰਸ 3:7; ਉਤਪਤ 21:12.
ਬਾਈਬਲ ਦੇ ਅਸੂਲ ਔਰਤਾਂ ਦੀ ਖ਼ੁਸ਼ੀ ਵਿਚ ਵਾਧਾ ਕਰਦੇ ਹਨ
ਆਦਮੀ ਯਿਸੂ ਮਸੀਹ ਦੀ ਰੀਸ ਕਰਦਿਆਂ ਔਰਤਾਂ ਨੂੰ ਉਹ ਇੱਜ਼ਤ ਤੇ ਆਜ਼ਾਦੀ ਦਿੰਦੇ ਹਨ ਜੋ ਪਰਮੇਸ਼ੁਰ ਸ਼ੁਰੂ ਤੋਂ ਹੀ ਉਨ੍ਹਾਂ ਲਈ ਚਾਹੁੰਦਾ ਸੀ। (ਉਤਪਤ 1:27, 28) ਮਸੀਹੀ ਪਤੀ ਹੋਰ ਆਦਮੀਆਂ ਵਾਂਗ ਔਰਤਾਂ ਨੂੰ ਘਟੀਆ ਨਹੀਂ ਸਮਝਦੇ। ਇਸ ਦੀ ਬਜਾਇ, ਉਹ ਬਾਈਬਲ ਦੇ ਅਸੂਲਾਂ ਅਨੁਸਾਰ ਚੱਲਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਦੀਆਂ ਪਤਨੀਆਂ ਨੂੰ ਖ਼ੁਸ਼ੀ ਮਿਲਦੀ ਹੈ।—ਅਫ਼ਸੀਆਂ 5:28, 29.
ਜਦੋਂ ਜੇਲੇਨਾ ਨੇ ਬਾਈਬਲ ਤੋਂ ਸਿੱਖਣਾ ਸ਼ੁਰੂ ਕੀਤਾ, ਤਾਂ ਉਹ ਆਪਣੇ ਪਤੀ ਦੇ ਹੱਥੋਂ ਜ਼ੁਲਮ ਸਹਿ ਰਹੀ ਸੀ। ਇਸ ਬਾਰੇ ਉਸ ਨੇ ਕਿਸੇ ਨੂੰ ਨਹੀਂ ਦੱਸਿਆ ਸੀ। ਉਸ ਦੇ ਪਤੀ ਦੀ ਪਰਵਰਿਸ਼ ਲੜਾਈ-ਝਗੜੇ ਵਾਲੇ ਮਾਹੌਲ ਵਿਚ ਹੋਈ ਸੀ ਜਿੱਥੇ ਔਰਤਾਂ ਨੂੰ ਅਗਵਾ ਕਰ ਕੇ ਉਨ੍ਹਾਂ ਨਾਲ ਜ਼ਬਰਦਸਤੀ ਵਿਆਹ ਕਰ ਲਿਆ ਜਾਂਦਾ ਸੀ। ਨਾਲੇ ਔਰਤਾਂ ਨਾਲ ਮਾਰ-ਕੁੱਟ ਆਮ ਸੀ। ਜੇਲੇਨਾ ਦੱਸਦੀ ਹੈ: “ਮੈਂ ਬਾਈਬਲ ਤੋਂ ਜੋ ਸਿੱਖਿਆ, ਉਸ ਤੋਂ ਮੈਨੂੰ ਹਿੰਮਤ ਮਿਲੀ। ਮੈਂ ਜਾਣਿਆ ਕਿ ਕੋਈ ਮੈਨੂੰ ਬਹੁਤ ਪਿਆਰ ਕਰਦਾ ਹੈ, ਮੇਰੀ ਪਰਵਾਹ ਕਰਦਾ ਤੇ ਮੈਨੂੰ ਅਨਮੋਲ ਸਮਝਦਾ ਹੈ। ਨਾਲੇ ਮੈਨੂੰ ਪਤਾ ਸੀ ਕਿ ਜੇ ਮੇਰੇ ਪਤੀ ਵੀ ਬਾਈਬਲ ਤੋਂ ਸਿੱਖਣ ਲੱਗ ਪੈਣ, ਤਾਂ ਉਨ੍ਹਾਂ ਦਾ ਰਵੱਈਆ ਮੇਰੇ ਪ੍ਰਤੀ ਬਦਲ ਸਕਦਾ ਸੀ।” ਜੇਲੇਨਾ ਦਾ ਸੁਪਨਾ ਸੱਚ ਹੋ ਗਿਆ ਜਦੋਂ ਉਸ ਦੇ ਪਤੀ ਨੇ ਬਾਈਬਲ ਤੋਂ ਸਿੱਖਣਾ ਸ਼ੁਰੂ ਕਰ ਦਿੱਤਾ ਤੇ ਫਿਰ ਯਹੋਵਾਹ ਦੇ ਗਵਾਹ ਵਜੋਂ ਬਪਤਿਸਮਾ ਲੈ ਲਿਆ। ਜੇਲੇਨਾ ਦੱਸਦੀ ਹੈ: “ਮੇਰੇ ਪਤੀ ਨੇ ਸੰਜਮ ਰੱਖਣਾ ਸ਼ੁਰੂ ਕਰ ਦਿੱਤਾ। ਅਸੀਂ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਨਾ ਸਿੱਖਿਆ।” ਉਸ ਨੇ ਅਖ਼ੀਰ ਵਿਚ ਕਿਹਾ: “ਬਾਈਬਲ ਦੇ ਅਸੂਲਾਂ ਨੇ ਮੇਰੀ ਇਹ ਦੇਖਣ ਵਿਚ ਮਦਦ ਕੀਤੀ ਕਿ ਇਸ ਰਿਸ਼ਤੇ ਨੂੰ ਨਿਭਾਉਣ ਵਿਚ ਮੇਰੀ ਵੀ ਅਹਿਮੀਅਤ ਹੈ। ਨਾਲੇ ਇਨ੍ਹਾਂ ਅਸੂਲਾਂ ਕਰਕੇ ਮੇਰਾ ਵਿਆਹੁਤਾ ਰਿਸ਼ਤਾ ਵਧੀਆ ਬਣਿਆ ਹੈ।”—ਕੁਲੁੱਸੀਆਂ 3:13, 18, 19.
ਜੇਲੇਨਾ ਨਾਲ ਹੀ ਇਸ ਤਰ੍ਹਾਂ ਨਹੀਂ ਹੋਇਆ। ਲੱਖਾਂ ਹੀ ਮਸੀਹੀ ਔਰਤਾਂ ਖ਼ੁਸ਼ ਹਨ ਕਿਉਂਕਿ ਉਹ ਅਤੇ ਉਨ੍ਹਾਂ ਦੇ ਪਤੀ ਆਪਣੇ ਵਿਆਹੁਤਾ ਰਿਸ਼ਤੇ ਵਿਚ ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਨ। ਆਪਣੇ ਮਸੀਹੀ ਭੈਣਾਂ-ਭਰਾਵਾਂ ਨਾਲ ਹੁੰਦਿਆਂ ਉਨ੍ਹਾਂ ਨੂੰ ਡਰ ਨਹੀਂ ਹੁੰਦਾ, ਉਨ੍ਹਾਂ ਨੂੰ ਆਦਰ-ਮਾਣ ਅਤੇ ਹੌਸਲਾ ਮਿਲਦਾ ਹੈ।—ਯੂਹੰਨਾ 13:34, 35.
ਮਸੀਹੀ ਆਦਮੀਆਂ ਤੇ ਔਰਤਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਉਹ ਪਾਪੀ ਹਨ ਜਿਸ ਕਰਕੇ ਉਹ ਪਰਮੇਸ਼ੁਰ ਦੀ ਸ੍ਰਿਸ਼ਟੀ ਦਾ ਹਿੱਸਾ ਹਨ ਜਿਸ ਨੂੰ “ਵਿਅਰਥ ਜ਼ਿੰਦਗੀ ਜੀਉਣ ਲਈ ਛੱਡ ਦਿੱਤਾ ਗਿਆ ਸੀ।” ਪਰ ਆਪਣੇ ਪਿਤਾ ਯਹੋਵਾਹ ਦੇ ਨੇੜੇ ਜਾ ਕੇ ਉਨ੍ਹਾਂ ਨੂੰ ਉਮੀਦ ਮਿਲੀ ਹੈ ਕਿ ਉਹ “ਵਿਨਾਸ਼ ਦੀ ਗ਼ੁਲਾਮੀ” ਤੋਂ ਛੁਡਾਏ ਜਾਣਗੇ ਅਤੇ “ਪਰਮੇਸ਼ੁਰ ਦੇ ਬੱਚਿਆਂ ਦੀ ਸ਼ਾਨਦਾਰ ਆਜ਼ਾਦੀ” ਦਾ ਆਨੰਦ ਮਾਣਨਗੇ। ਆਦਮੀਆਂ ਤੇ ਔਰਤਾਂ ਲਈ ਕਿੰਨਾ ਹੀ ਸ਼ਾਨਦਾਰ ਭਵਿੱਖ!—ਰੋਮੀਆਂ 8:20, 21.