ਤੁਸੀਂ “ਜਾਜਕਾਂ ਦੀ ਬਾਦਸ਼ਾਹੀ” ਬਣੋਗੇ
“ਤੁਸੀਂ ਮੇਰੇ ਲਈ ਜਾਜਕਾਂ ਦੀ ਬਾਦਸ਼ਾਹੀ ਅਤੇ ਪਵਿੱਤ੍ਰ ਕੌਮ ਹੋਵੋਗੇ।”—ਕੂਚ 19:6.
1, 2. ਤੀਵੀਂ ਦੀ ਸੰਤਾਨ ਨੂੰ ਕਿਸ ਤਰ੍ਹਾਂ ਦੇ ਬਚਾਅ ਦੀ ਲੋੜ ਸੀ ਅਤੇ ਕਿਉਂ?
ਬਾਈਬਲ ਦੀ ਪਹਿਲੀ ਭਵਿੱਖਬਾਣੀ ਦਾ ਧਰਤੀ ਲਈ ਯਹੋਵਾਹ ਦੇ ਮਕਸਦ ਪੂਰਾ ਹੋਣ ਨਾਲ ਗਹਿਰਾ ਸੰਬੰਧ ਹੈ। ਅਦਨ ਦੇ ਬਾਗ਼ ਵਿਚ ਵਾਅਦਾ ਕਰਦਿਆਂ ਪਰਮੇਸ਼ੁਰ ਨੇ ਕਿਹਾ ਸੀ: “ਤੇਰੇ [ਸ਼ੈਤਾਨ] ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ।” ਇਹ ਦੁਸ਼ਮਣੀ ਕਿੰਨੀ ਕੁ ਖ਼ਤਰਨਾਕ ਹੋਵੇਗੀ? ਯਹੋਵਾਹ ਨੇ ਕਿਹਾ: “ਉਹ [ਤੀਵੀਂ ਦੀ ਸੰਤਾਨ] ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹ ਦੀ ਅੱਡੀ ਨੂੰ ਡੰਗ ਮਾਰੇਂਗਾ।” (ਉਤ. 3:15) ਇਹ ਇਕ-ਦੂਜੇ ਦੇ ਜਾਨੀ ਦੁਸ਼ਮਣ ਹੋਣਗੇ ਤੇ ਸ਼ੈਤਾਨ ਤੀਵੀਂ ਦੀ ਸੰਤਾਨ ਨੂੰ ਖ਼ਤਮ ਕਰਨ ਲਈ ਕੋਈ ਕਸਰ ਨਹੀਂ ਛੱਡੇਗਾ।
2 ਤਾਂ ਫਿਰ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਜ਼ਬੂਰਾਂ ਦੇ ਇਕ ਲਿਖਾਰੀ ਨੇ ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਬਾਰੇ ਪ੍ਰਾਰਥਨਾ ਕਰਦੇ ਹੋਏ ਦੁਹਾਈ ਦਿੱਤੀ: “ਵੇਖ ਤਾਂ, ਤੇਰੇ ਵੈਰੀ ਹੁੱਲੜ ਕਰਦੇ ਹਨ, ਅਤੇ ਤੇਰੇ ਦੁਸ਼ਮਨ ਸਿਰ ਉਠਾਉਂਦੇ ਹਨ! ਓਹ ਤੇਰੇ ਲੋਕਾਂ ਦੇ ਵਿਰੁੱਧ ਛਲ ਨਾਲ ਮਤਾ ਮਤਾਉਂਦੇ ਹਨ, ਅਤੇ ਤੇਰੇ ਰਾਖਵੇਂ ਲੋਕਾਂ ਦੇ ਵਿਰੁੱਧ ਗੋਸ਼ਟਾਂ ਗੰਢਦੇ ਹਨ। ਉਨ੍ਹਾਂ ਨੇ ਆਖਿਆ, ਆਓ ਅਸੀਂ ਉਨ੍ਹਾਂ ਨੂੰ ਕੌਮ ਹੋਣ ਤੋਂ ਮਿਟਾ ਦੇਈਏ।” (ਜ਼ਬੂ. 83:2-4) ਜਿਸ ਪੀੜ੍ਹੀ ਵਿੱਚੋਂ ਸੰਤਾਨ ਨੇ ਪੈਦਾ ਹੋਣਾ ਸੀ, ਉਸ ਨੂੰ ਨਾਸ਼ ਅਤੇ ਭ੍ਰਿਸ਼ਟ ਹੋਣ ਤੋਂ ਬਚਾਇਆ ਜਾਣਾ ਜ਼ਰੂਰੀ ਸੀ। ਯਹੋਵਾਹ ਨੇ ਸੰਤਾਨ ਨੂੰ ਬਚਾਉਣ ਵਾਸਤੇ ਅਤੇ ਆਪਣਾ ਮਕਸਦ ਪੂਰਾ ਕਰਨ ਵਾਸਤੇ ਕਾਨੂੰਨੀ ਇਕਰਾਰ ਕੀਤੇ।
ਸੰਤਾਨ ਦੀ ਰਖਵਾਲੀ ਕਰਨ ਵਾਲਾ ਇਕਰਾਰ
3, 4. (ੳ) ਮੂਸਾ ਰਾਹੀਂ ਕੀਤਾ ਗਿਆ ਇਕਰਾਰ ਕਦੋਂ ਲਾਗੂ ਹੋਇਆ ਸੀ ਅਤੇ ਇਜ਼ਰਾਈਲੀਆਂ ਨੇ ਕਿਸ ਗੱਲ ਦੀ ਹਾਮੀ ਭਰੀ ਸੀ? (ਅ) ਇਸ ਇਕਰਾਰ ਦਾ ਕੀ ਮਕਸਦ ਸੀ?
3 ਅਬਰਾਹਾਮ, ਇਸਹਾਕ ਤੇ ਯਾਕੂਬ ਦੀ ਔਲਾਦ ਦੀ ਗਿਣਤੀ ਲੱਖਾਂ ਵਿਚ ਹੋ ਗਈ ਤੇ ਯਹੋਵਾਹ ਨੇ ਉਨ੍ਹਾਂ ਨੂੰ ਸੰਗਠਿਤ ਕਰ ਕੇ ਇਜ਼ਰਾਈਲ ਕੌਮ ਬਣਾਈ। ਯਹੋਵਾਹ ਨੇ ਮੂਸਾ ਰਾਹੀਂ ਕਾਨੂੰਨ ਦੇ ਕੇ ਪੂਰੀ ਕੌਮ ਨਾਲ ਇਕ ਇਕਰਾਰ ਕੀਤਾ ਅਤੇ ਇਜ਼ਰਾਈਲ ਕੌਮ ਨੇ ਉਸ ਇਕਰਾਰ ਦੀਆਂ ਸ਼ਰਤਾਂ ਮੰਨਣ ਦੀ ਹਾਮੀ ਭਰੀ। ਬਾਈਬਲ ਦੱਸਦੀ ਹੈ: “[ਮੂਸਾ] ਨੇ ਨੇਮ [ਜਾਂ ਇਕਰਾਰ] ਦੀ ਪੋਥੀ ਲੈਕੇ ਲੋਕਾਂ ਦੇ ਕੰਨਾਂ ਵਿੱਚ ਪੜ੍ਹਕੇ ਸੁਣਾਈ ਅਤੇ ਉਨ੍ਹਾਂ ਨੇ ਆਖਿਆ, ਅਸੀਂ ਸਭ ਕੁਝ ਜੋ ਯਹੋਵਾਹ ਬੋਲਿਆ ਹੈ ਕਰਾਂਗੇ ਅਤੇ ਮੰਨਾਂਗੇ। ਉਪਰੰਤ ਮੂਸਾ ਨੇ ਲਹੂ ਲੈਕੇ ਲੋਕਾਂ ਉੱਤੇ ਛਿੜਕਿਆ ਅਰ ਆਖਿਆ, ਵੇਖੋ ਏਹ ਲਹੂ ਉਸ ਨੇਮ ਦਾ ਹੈ ਜਿਹੜਾ ਯਹੋਵਾਹ ਨੇ ਇਨ੍ਹਾਂ ਸਾਰੀਆਂ ਗੱਲਾਂ ਵਿੱਚ ਤੁਹਾਡੇ ਨਾਲ ਬੰਨ੍ਹਿਆ ਹੈ।”—ਕੂਚ 24:3-8.
4 ਜਦੋਂ ਇਜ਼ਰਾਈਲੀ 1513 ਈਸਵੀ ਪੂਰਵ ਵਿਚ ਸੀਨਈ ਪਹਾੜ ਦੇ ਸਾਮ੍ਹਣੇ ਇਕੱਠੇ ਹੋਏ ਸਨ, ਉਦੋਂ ਮੂਸਾ ਰਾਹੀਂ ਕੀਤਾ ਗਿਆ ਇਕਰਾਰ ਲਾਗੂ ਹੋਇਆ ਸੀ। ਇਸ ਇਕਰਾਰ ਦੇ ਰਾਹੀਂ ਪਰਮੇਸ਼ੁਰ ਨੇ ਇਜ਼ਰਾਈਲ ਕੌਮ ਨੂੰ ਆਪਣੀ ਖ਼ਾਸ ਕੌਮ ਵਜੋਂ ਚੁਣਿਆ। ਯਹੋਵਾਹ ਉਨ੍ਹਾਂ ਦਾ ‘ਨਿਆਈ, ਬਿਧੀਆਂ ਦੇਣ ਵਾਲਾ ਤੇ ਪਾਤਸ਼ਾਹ’ ਬਣ ਗਿਆ। (ਯਸਾ. 33:22) ਇਜ਼ਰਾਈਲ ਕੌਮ ਦੇ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਧਰਮੀ ਅਸੂਲਾਂ ʼਤੇ ਚੱਲਣ ਜਾਂ ਨਾ ਚੱਲਣ ਦਾ ਕੀ ਨਤੀਜਾ ਨਿਕਲਦਾ ਹੈ। ਮੂਸਾ ਦੁਆਰਾ ਦਿੱਤਾ ਗਿਆ ਕਾਨੂੰਨ ਅਬਰਾਹਾਮ ਦੀ ਪੀੜ੍ਹੀ ਨੂੰ ਭ੍ਰਿਸ਼ਟ ਹੋਣ ਤੋਂ ਬਚਾਉਣ ਲਈ ਦਿੱਤਾ ਗਿਆ ਸੀ। ਇਸ ਲਈ ਇਜ਼ਰਾਈਲੀਆਂ ਨੂੰ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਨਾਲ ਵਿਆਹ ਕਰਾਉਣ ਅਤੇ ਉਨ੍ਹਾਂ ਦੀ ਭਗਤੀ ਵਿਚ ਸ਼ਾਮਲ ਹੋਣ ਤੋਂ ਮਨ੍ਹਾ ਕੀਤਾ ਗਿਆ ਸੀ।—ਕੂਚ 20:4-6; 34:12-16.
5. (ੳ) ਮੂਸਾ ਰਾਹੀਂ ਕੀਤੇ ਇਕਰਾਰ ਦੁਆਰਾ ਇਜ਼ਰਾਈਲੀਆਂ ਨੂੰ ਕਿਹੜਾ ਮੌਕਾ ਮਿਲਿਆ? (ਅ) ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਕਿਉਂ ਤਿਆਗ ਦਿੱਤਾ?
5 ਇਸ ਇਕਰਾਰ ਰਾਹੀਂ ਜਾਜਕਾਂ (ਪੁਜਾਰੀਆਂ) ਦਾ ਪ੍ਰਬੰਧ ਕੀਤਾ ਗਿਆ ਸੀ। ਇਹ ਸਾਰੇ ਪੁਜਾਰੀ ਭਵਿੱਖ ਵਿਚ ਸੇਵਾ ਕਰਨ ਵਾਲੇ ਪੁਜਾਰੀਆਂ ਦੇ ਇਕ ਵੱਡੇ ਦਲ ਨੂੰ ਦਰਸਾਉਂਦੇ ਸਨ ਜੋ ਇਨਸਾਨਾਂ ਦੀ ਹੋਰ ਵਧੀਆ ਤਰੀਕੇ ਨਾਲ ਮਦਦ ਕਰਨਗੇ। (ਇਬ. 7:11; 10:1) ਅਸਲ ਵਿਚ ਇਸ ਇਕਰਾਰ ਰਾਹੀਂ ਇਜ਼ਰਾਈਲੀਆਂ ਨੂੰ “ਜਾਜਕਾਂ ਦੀ ਬਾਦਸ਼ਾਹੀ” ਬਣਨ ਦਾ ਸਨਮਾਨ ਮਿਲਿਆ ਸੀ, ਬਸ਼ਰਤੇ ਕਿ ਉਹ ਯਹੋਵਾਹ ਦੇ ਕਾਨੂੰਨ ਨੂੰ ਮੰਨਦੇ। (ਕੂਚ 19:5, 6 ਪੜ੍ਹੋ।) ਪਰ ਇਜ਼ਰਾਈਲੀਆਂ ਨੇ ਯਹੋਵਾਹ ਦੇ ਕਾਨੂੰਨਾਂ ਦੀ ਪਾਲਣਾ ਨਹੀਂ ਕੀਤੀ। ਉਨ੍ਹਾਂ ਨੇ ਮਸੀਹ ਦਾ ਸੁਆਗਤ ਕਰਨ ਦੀ ਬਜਾਇ, ਉਸ ਨੂੰ ਠੁਕਰਾ ਦਿੱਤਾ ਜਿਹੜਾ ਅਬਰਾਹਾਮ ਦੀ ਮੁੱਖ ਸੰਤਾਨ ਸੀ। ਇਸ ਕਰਕੇ ਪਰਮੇਸ਼ੁਰ ਨੇ ਵੀ ਉਨ੍ਹਾਂ ਨੂੰ ਤਿਆਗ ਦਿੱਤਾ।
6. ਮੂਸਾ ਦੁਆਰਾ ਦਿੱਤੇ ਗਏ ਕਾਨੂੰਨ ਦਾ ਕੀ ਮਕਸਦ ਸੀ?
6 ਇਜ਼ਰਾਈਲੀ ਯਹੋਵਾਹ ਦੇ ਵਫ਼ਾਦਾਰ ਨਹੀਂ ਰਹੇ ਜਿਸ ਕਰਕੇ ਉਨ੍ਹਾਂ ਵਿੱਚੋਂ “ਜਾਜਕਾਂ ਦੀ ਪਾਤਸ਼ਾਹੀ” ਦਾ ਪ੍ਰਬੰਧ ਨਹੀਂ ਹੋ ਸਕਿਆ। ਪਰ ਇਸ ਦਾ ਮਤਲਬ ਇਹ ਨਹੀਂ ਸੀ ਕਿ ਮੂਸਾ ਦੁਆਰਾ ਦਿੱਤੇ ਗਏ ਕਾਨੂੰਨ ਵਿਚ ਕੋਈ ਖ਼ਰਾਬੀ ਸੀ। ਉਸ ਕਾਨੂੰਨ ਨੇ ਸੰਤਾਨ ਦੀ ਰੱਖਿਆ ਕਰਨੀ ਸੀ ਅਤੇ ਇਜ਼ਰਾਈਲੀਆਂ ਨੂੰ ਮਸੀਹ ਕੋਲ ਲੈ ਕੇ ਜਾਣਾ ਸੀ। ਪਰ ਜਦੋਂ ਮਸੀਹ ਆ ਗਿਆ ਤੇ ਉਸ ਦੀ ਪਛਾਣ ਹੋ ਗਈ, ਤਾਂ ਇਸ ਨਾਲ ਉਸ ਕਾਨੂੰਨ ਦਾ ਮਕਸਦ ਪੂਰਾ ਹੋ ਗਿਆ। ਬਾਈਬਲ ਵਿਚ ਦੱਸਿਆ ਹੈ: “ਮਸੀਹ ਦੀ ਮੌਤ ਨਾਲ ਮੂਸਾ ਦਾ ਕਾਨੂੰਨ ਖ਼ਤਮ ਹੋ ਗਿਆ ਸੀ।” (ਰੋਮੀ. 10:4) ਪਰ ਇਸ ਸਵਾਲ ਦਾ ਜਵਾਬ ਮਿਲਣਾ ਅਜੇ ਬਾਕੀ ਹੈ: ਕਿਨ੍ਹਾਂ ਨੂੰ ਜਾਜਕਾਂ ਦੀ ਪਾਤਸ਼ਾਹੀ ਬਣਨ ਦਾ ਮੌਕਾ ਮਿਲੇਗਾ? ਯਹੋਵਾਹ ਪਰਮੇਸ਼ੁਰ ਨੇ ਇਕ ਨਵੀਂ ਕੌਮ ਬਣਾਉਣ ਲਈ ਇਕ ਹੋਰ ਕਾਨੂੰਨੀ ਇਕਰਾਰ ਕੀਤਾ।
ਇਕ ਨਵੀਂ ਕੌਮ ਬਣੀ
7. ਯਹੋਵਾਹ ਨੇ ਯਿਰਮਿਯਾਹ ਰਾਹੀਂ ਨਵੇਂ ਇਕਰਾਰ ਬਾਰੇ ਪਹਿਲਾਂ ਹੀ ਕੀ ਦੱਸਿਆ ਸੀ?
7 ਮੂਸਾ ਰਾਹੀਂ ਕੀਤੇ ਗਏ ਇਕਰਾਰ ਦੇ ਖ਼ਤਮ ਹੋਣ ਤੋਂ ਬਹੁਤ ਸਮਾਂ ਪਹਿਲਾਂ, ਯਹੋਵਾਹ ਨੇ ਯਿਰਮਿਯਾਹ ਨਬੀ ਰਾਹੀਂ ਭਵਿੱਖਬਾਣੀ ਕੀਤੀ ਸੀ ਕਿ ਉਹ ਇਜ਼ਰਾਈਲ ਕੌਮ ਨਾਲ “ਇੱਕ ਨਵਾਂ ਨੇਮ” ਜਾਂ ਇਕਰਾਰ ਕਰੇਗਾ। (ਯਿਰਮਿਯਾਹ 31:31-33 ਪੜ੍ਹੋ।) ਇਹ ਨਵਾਂ ਇਕਰਾਰ ਪੁਰਾਣੇ ਇਕਰਾਰ ਨਾਲੋਂ ਇਸ ਗੱਲ ਵਿਚ ਵੱਖਰਾ ਹੋਵੇਗਾ ਕਿ ਇਸ ਵਿਚ ਪਾਪਾਂ ਦੀ ਮਾਫ਼ੀ ਪਾਉਣ ਲਈ ਜਾਨਵਰਾਂ ਦੀਆਂ ਬਲ਼ੀਆਂ ਚੜ੍ਹਾਉਣ ਦੀ ਲੋੜ ਨਹੀਂ ਪਵੇਗੀ। ਇਸ ਤਰ੍ਹਾਂ ਕਿਵੇਂ ਹੋਵੇਗਾ?
8, 9. (ੳ) ਯਿਸੂ ਦੇ ਵਹਾਏ ਗਏ ਲਹੂ ਨਾਲ ਕੀ ਮੁਮਕਿਨ ਹੋਇਆ ਹੈ? (ਅ) ਨਵੇਂ ਇਕਰਾਰ ਵਿਚ ਸ਼ਾਮਲ ਲੋਕਾਂ ਨੂੰ ਕਿਹੜਾ ਮੌਕਾ ਮਿਲੇਗਾ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
8 ਸਦੀਆਂ ਬਾਅਦ, ਯਿਸੂ ਨੇ 14 ਨੀਸਾਨ 33 ਈਸਵੀ ਨੂੰ ਆਪਣੀ ਮੌਤ ਦੀ ਯਾਦਗਾਰ ਮਨਾਉਣ ਦੀ ਰੀਤ ਸ਼ੁਰੂ ਕੀਤੀ। ਦਾਖਰਸ ਦੇ ਪਿਆਲੇ ਬਾਰੇ ਗੱਲ ਕਰਦੇ ਹੋਏ ਉਸ ਨੇ ਆਪਣੇ 11 ਵਫ਼ਾਦਾਰ ਰਸੂਲਾਂ ਨੂੰ ਦੱਸਿਆ: “ਇਹ ਦਾਖਰਸ ਮੇਰੇ ਲਹੂ ਦੁਆਰਾ ਕੀਤੇ ਗਏ ਨਵੇਂ ਇਕਰਾਰ ਨੂੰ ਦਰਸਾਉਂਦਾ ਹੈ ਜੋ ਤੁਹਾਡੇ ਲਈ ਵਹਾਇਆ ਜਾਵੇਗਾ।” (ਲੂਕਾ 22:20) ਦਾਖਰਸ ਬਾਰੇ ਯਿਸੂ ਦੇ ਸ਼ਬਦਾਂ ਦਾ ਹਵਾਲਾ ਦਿੰਦਿਆਂ ਮੱਤੀ ਨੇ ਲਿਖਿਆ: “ਇਹ ਦਾਖਰਸ ਮੇਰੇ ਲਹੂ ਨੂੰ ਅਰਥਾਤ ‘ਇਕਰਾਰ ਦੇ ਲਹੂ’ ਨੂੰ ਦਰਸਾਉਂਦਾ ਹੈ ਜੋ ਬਹੁਤ ਸਾਰੇ ਲੋਕਾਂ ਦੇ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਵੇਗਾ।”—ਮੱਤੀ 26:27, 28.
9 ਯਿਸੂ ਦੇ ਵਹਾਏ ਲਹੂ ਨਾਲ ਨਵਾਂ ਇਕਰਾਰ ਜਾਇਜ਼ ਠਹਿਰਾਇਆ ਜਾਂਦਾ ਹੈ ਅਤੇ ਇਸ ਦੇ ਜ਼ਰੀਏ ਹਮੇਸ਼ਾ ਲਈ ਪਾਪਾਂ ਦੀ ਮਾਫ਼ੀ ਮਿਲਣੀ ਮੁਮਕਿਨ ਹੋਈ ਹੈ। ਯਿਸੂ ਇਸ ਨਵੇਂ ਇਕਰਾਰ ਵਿਚ ਸ਼ਾਮਲ ਨਹੀਂ ਹੈ ਕਿਉਂਕਿ ਕੋਈ ਪਾਪ ਨਾ ਕਰਨ ਕਰਕੇ ਉਸ ਨੂੰ ਮਾਫ਼ੀ ਦੀ ਲੋੜ ਨਹੀਂ ਹੈ। ਪਰ ਪਰਮੇਸ਼ੁਰ ਇਨਸਾਨਾਂ ਦੇ ਫ਼ਾਇਦੇ ਲਈ ਯਿਸੂ ਦੇ ਲਹੂ ਦੀ ਕੀਮਤ ਨੂੰ ਇਸਤੇਮਾਲ ਕਰ ਸਕਦਾ ਹੈ। ਉਹ ਪਵਿੱਤਰ ਸ਼ਕਤੀ ਨਾਲ ਕੁਝ ਲੋਕਾਂ ਨੂੰ ਚੁਣ ਕੇ “ਪੁੱਤਰਾਂ ਵਜੋਂ” ਅਪਣਾ ਸਕਦਾ ਹੈ। (ਰੋਮੀਆਂ 8:14-17 ਪੜ੍ਹੋ।) ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਹ ਲੋਕ ਪਾਪੀ ਨਹੀਂ ਹਨ, ਇਸ ਕਰਕੇ ਇਹ ਯਿਸੂ ਵਰਗੇ ਹਨ। ਇਹ ਚੁਣੇ ਹੋਏ ਲੋਕ “ਮਸੀਹ ਨਾਲ ਸਾਂਝੇ ਵਾਰਸ” ਬਣਨਗੇ ਅਤੇ ਉਨ੍ਹਾਂ ਨੂੰ “ਜਾਜਕਾਂ ਦੀ ਪਾਤਸ਼ਾਹੀ” ਬਣਨ ਦਾ ਸਨਮਾਨ ਮਿਲੇਗਾ ਜੋ ਕਾਨੂੰਨ ਅਧੀਨ ਇਜ਼ਰਾਈਲੀਆਂ ਨੂੰ ਮਿਲਣਾ ਸੀ। ‘ਮਸੀਹ ਨਾਲ ਸਾਂਝੇ ਵਾਰਸਾਂ’ ਬਾਰੇ ਪਤਰਸ ਰਸੂਲ ਨੇ ਕਿਹਾ ਸੀ: “ਤੁਸੀਂ ‘ਚੁਣਿਆ ਹੋਇਆ ਵੰਸ, ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ, ਪਵਿੱਤਰ ਕੌਮ ਅਤੇ ਪਰਮੇਸ਼ੁਰ ਦੇ ਖ਼ਾਸ ਲੋਕ ਹੋ, ਤਾਂਕਿ ਤੁਸੀਂ ਹਰ ਪਾਸੇ ਉਸ ਦੇ ਗੁਣ ਗਾਓ’ ਜਿਹੜਾ ਤੁਹਾਨੂੰ ਹਨੇਰੇ ਵਿੱਚੋਂ ਕੱਢ ਕੇ ਆਪਣੇ ਸ਼ਾਨਦਾਰ ਚਾਨਣ ਵਿਚ ਲਿਆਇਆ ਹੈ।” (1 ਪਤ. 2:9) ਸੋ ਇਸ ਨਵੇਂ ਇਕਰਾਰ ਦੀ ਕਿੰਨੀ ਅਹਿਮੀਅਤ ਹੈ! ਇਸ ਰਾਹੀਂ ਯਿਸੂ ਦੇ ਚੇਲਿਆਂ ਨੂੰ ਵੀ ਅਬਰਾਹਾਮ ਦੀ ਸੰਤਾਨ ਵਿਚ ਸ਼ਾਮਲ ਕੀਤਾ ਜਾਂਦਾ ਹੈ।
ਨਵਾਂ ਇਕਰਾਰ ਲਾਗੂ ਹੋਇਆ
10. ਨਵਾਂ ਇਕਰਾਰ ਕਦੋਂ ਲਾਗੂ ਹੋਇਆ ਸੀ ਅਤੇ ਉਸ ਤੋਂ ਪਹਿਲਾਂ ਕਿਉਂ ਨਹੀਂ ਲਾਗੂ ਹੋਇਆ ਸੀ?
10 ਨਵਾਂ ਇਕਰਾਰ ਕਦੋਂ ਲਾਗੂ ਹੋਇਆ ਸੀ? ਉਸ ਵੇਲੇ ਨਹੀਂ ਜਦੋਂ ਯਿਸੂ ਨੇ ਧਰਤੀ ਉੱਤੇ ਆਪਣੀ ਆਖ਼ਰੀ ਰਾਤ ਨੂੰ ਇਸ ਬਾਰੇ ਗੱਲ ਕੀਤੀ ਸੀ। ਇਸ ਦੇ ਲਾਗੂ ਹੋਣ ਲਈ ਯਿਸੂ ਦਾ ਲਹੂ ਵਹਾਇਆ ਜਾਣਾ ਜ਼ਰੂਰੀ ਸੀ ਅਤੇ ਇਸ ਦੀ ਕੀਮਤ ਸਵਰਗ ਵਿਚ ਯਹੋਵਾਹ ਅੱਗੇ ਪੇਸ਼ ਕੀਤੀ ਜਾਣੀ ਜ਼ਰੂਰੀ ਸੀ। ਇਸ ਤੋਂ ਇਲਾਵਾ, ‘ਮਸੀਹ ਨਾਲ ਸਾਂਝੇ ਵਾਰਸਾਂ’ ਨੂੰ ਪਵਿੱਤਰ ਸ਼ਕਤੀ ਦਿੱਤੇ ਜਾਣ ਦੀ ਵੀ ਲੋੜ ਸੀ। ਇਸ ਲਈ ਨਵਾਂ ਇਕਰਾਰ ਪੰਤੇਕੁਸਤ 33 ਈਸਵੀ ਵਿਚ ਉਦੋਂ ਲਾਗੂ ਹੋਇਆ ਜਦੋਂ ਯਿਸੂ ਦੇ ਵਫ਼ਾਦਾਰ ਚੇਲਿਆਂ ਨੂੰ ਪਵਿੱਤਰ ਸ਼ਕਤੀ ਨਾਲ ਚੁਣਿਆ ਗਿਆ ਸੀ।
11. ਨਵੇਂ ਇਕਰਾਰ ਰਾਹੀਂ ਯਹੂਦੀਆਂ ਤੇ ਗ਼ੈਰ-ਯਹੂਦੀਆਂ ਲਈ “ਪਰਮੇਸ਼ੁਰ ਦੇ ਇਜ਼ਰਾਈਲ” ਵਿਚ ਸ਼ਾਮਲ ਹੋਣਾ ਕਿਵੇਂ ਮੁਮਕਿਨ ਹੋਇਆ ਅਤੇ ਇਸ ਇਕਰਾਰ ਵਿਚ ਸ਼ਾਮਲ ਲੋਕਾਂ ਦੀ ਗਿਣਤੀ ਕਿੰਨੀ ਹੈ?
11 ਜਦੋਂ ਯਹੋਵਾਹ ਨੇ ਯਿਰਮਿਯਾਹ ਰਾਹੀਂ ਐਲਾਨ ਕੀਤਾ ਸੀ ਕਿ ਉਹ ਇਜ਼ਰਾਈਲੀਆਂ ਨਾਲ ਇਕ ਨਵਾਂ ਇਕਰਾਰ ਕਰੇਗਾ, ਤਾਂ ਉਸ ਵੇਲੇ ਮੂਸਾ ਰਾਹੀਂ ਕੀਤਾ ਗਿਆ ਇਕਰਾਰ ਇਕ ਤਰ੍ਹਾਂ ਨਾਲ “ਰੱਦ” ਹੋ ਗਿਆ ਸੀ। ਪਰ ਅਸਲ ਵਿਚ ਇਹ ਇਕਰਾਰ ਨਵੇਂ ਇਕਰਾਰ ਦੇ ਲਾਗੂ ਹੋਣ ਤਕ ਚੱਲਦਾ ਰਿਹਾ। (ਇਬ. 8:13) ਜਦੋਂ ਇਹ ਖ਼ਤਮ ਹੋਇਆ, ਤਾਂ ਪਰਮੇਸ਼ੁਰ ਨੇ ਯਹੂਦੀਆਂ ਤੇ ਗ਼ੈਰ-ਯਹੂਦੀਆਂ ਨੂੰ ਇੱਕੋ ਨਜ਼ਰ ਨਾਲ ਦੇਖਣਾ ਸ਼ੁਰੂ ਕੀਤਾ ਕਿਉਂਕਿ “ਅਸਲੀ ਸੁੰਨਤ ਦਿਲ ਦੀ ਸੁੰਨਤ ਹੈ ਜਿਹੜੀ ਪਵਿੱਤਰ ਸ਼ਕਤੀ ਅਨੁਸਾਰ ਹੈ, ਨਾ ਕਿ ਕਾਨੂੰਨ ਅਨੁਸਾਰ।” (ਰੋਮੀ. 2:29) ਉਨ੍ਹਾਂ ਨਾਲ ਨਵਾਂ ਇਕਰਾਰ ਕਰਕੇ ਪਰਮੇਸ਼ੁਰ ਨੇ ਆਪਣੇ ਕਾਨੂੰਨ ‘ਉਨ੍ਹਾਂ ਦੇ ਮਨਾਂ ਵਿਚ ਪਾਏ ਅਤੇ ਇਹ ਕਾਨੂੰਨ ਉਨ੍ਹਾਂ ਦੇ ਦਿਲਾਂ ʼਤੇ ਲਿਖੇ।’ (ਇਬ. 8:10) ਨਵੇਂ ਇਕਰਾਰ ਵਿਚ ਸ਼ਾਮਲ ਲੋਕਾਂ ਦੀ ਕੁੱਲ ਗਿਣਤੀ 1,44,000 ਹੈ ਜੋ ਇਕ ਨਵੀਂ ਕੌਮ “ਪਰਮੇਸ਼ੁਰ ਦਾ ਇਜ਼ਰਾਈਲ” ਹੈ।—ਗਲਾ. 6:16; ਪ੍ਰਕਾ. 14:1, 4.
12. ਮੂਸਾ ਰਾਹੀਂ ਕੀਤੇ ਗਏ ਇਕਰਾਰ ਤੇ ਨਵੇਂ ਇਕਰਾਰ ਵਿਚ ਕਿਹੜੀਆਂ ਗੱਲਾਂ ਇੱਕੋ ਜਿਹੀਆਂ ਹਨ?
12 ਮੂਸਾ ਰਾਹੀਂ ਕੀਤੇ ਗਏ ਇਕਰਾਰ ਤੇ ਨਵੇਂ ਇਕਰਾਰ ਵਿਚ ਕਿਹੜੀਆਂ ਗੱਲਾਂ ਇੱਕੋ ਜਿਹੀਆਂ ਹਨ? ਮੂਸਾ ਰਾਹੀਂ ਕੀਤਾ ਗਿਆ ਇਕਰਾਰ ਯਹੋਵਾਹ ਅਤੇ ਪੈਦਾਇਸ਼ੀ ਇਜ਼ਰਾਈਲੀਆਂ ਵਿਚ ਸੀ, ਨਵਾਂ ਇਕਰਾਰ ਯਹੋਵਾਹ ਤੇ “ਪਰਮੇਸ਼ੁਰ ਦੇ ਇਜ਼ਰਾਈਲ” ਵਿਚ ਹੈ। ਮੂਸਾ ਪੁਰਾਣੇ ਇਕਰਾਰ ਦਾ ਵਿਚੋਲਾ ਸੀ, ਯਿਸੂ ਨਵੇਂ ਇਕਰਾਰ ਦਾ ਵਿਚੋਲਾ ਹੈ। ਪੁਰਾਣੇ ਇਕਰਾਰ ਨੂੰ ਜਾਨਵਰਾਂ ਦੇ ਲਹੂ ਨਾਲ ਜਾਇਜ਼ ਠਹਿਰਾਇਆ ਗਿਆ ਸੀ, ਨਵੇਂ ਇਕਰਾਰ ਨੂੰ ਯਿਸੂ ਦੇ ਵਹਾਏ ਗਏ ਲਹੂ ਨਾਲ ਜਾਇਜ਼ ਠਹਿਰਾਇਆ ਗਿਆ ਸੀ। ਪੁਰਾਣੇ ਇਕਰਾਰ ਰਾਹੀਂ ਮੂਸਾ ਦੇ ਅਧੀਨ ਇਜ਼ਰਾਈਲ ਕੌਮ ਨੂੰ ਸੰਗਠਿਤ ਕੀਤਾ ਗਿਆ ਸੀ, ਨਵੇਂ ਇਕਰਾਰ ਵਿਚ ਸ਼ਾਮਲ ਲੋਕਾਂ ਨੂੰ ਮੰਡਲੀ ਦੇ ਮੁਖੀ ਯਿਸੂ ਅਧੀਨ ਸੰਗਠਿਤ ਕੀਤਾ ਗਿਆ ਹੈ।—ਅਫ਼. 1:22.
13, 14. (ੳ) ਨਵੇਂ ਇਕਰਾਰ ਦਾ ਪਰਮੇਸ਼ੁਰ ਦੇ ਰਾਜ ਨਾਲ ਕੀ ਸੰਬੰਧ ਹੈ? (ਅ) ਸਵਰਗ ਵਿਚ ਮਸੀਹ ਨਾਲ ਰਾਜ ਕਰਨ ਲਈ ਚੁਣੇ ਹੋਏ ਮਸੀਹੀਆਂ ਵਾਸਤੇ ਕੀ ਜ਼ਰੂਰੀ ਹੈ?
13 ਨਵੇਂ ਇਕਰਾਰ ਦਾ ਪਰਮੇਸ਼ੁਰ ਦੇ ਰਾਜ ਨਾਲ ਕੀ ਸੰਬੰਧ ਹੈ? ਇਸ ਇਕਰਾਰ ਰਾਹੀਂ ਪਵਿੱਤਰ ਕੌਮ ਨੂੰ ਸਵਰਗ ਵਿਚ ਰਾਜ ਕਰਨ ਤੇ ਪੁਜਾਰੀਆਂ ਵਜੋਂ ਸੇਵਾ ਕਰਨ ਦਾ ਮੌਕਾ ਮਿਲਦਾ ਹੈ। ਇਹ ਕੌਮ ਅਬਰਾਹਾਮ ਦੀ ਸੰਤਾਨ ਵਿਚ ਸ਼ਾਮਲ ਹੈ। (ਗਲਾ. 3:29) ਸੋ ਨਵਾਂ ਇਕਰਾਰ ਗਾਰੰਟੀ ਦਿੰਦਾ ਹੈ ਕਿ ਅਬਰਾਹਾਮ ਨਾਲ ਕੀਤਾ ਗਿਆ ਇਕਰਾਰ ਜ਼ਰੂਰ ਪੂਰਾ ਹੋਵੇਗਾ।
14 ਨਵੇਂ ਇਕਰਾਰ ਰਾਹੀਂ ਨਵੀਂ ਕੌਮ ‘ਪਰਮੇਸ਼ੁਰ ਦਾ ਇਜ਼ਰਾਈਲ’ ਬਣਾਈ ਗਈ ਤੇ ਚੁਣੇ ਹੋਏ ਮਸੀਹੀਆਂ ਨੂੰ “ਮਸੀਹ ਨਾਲ ਸਾਂਝੇ ਵਾਰਸ” ਬਣਨ ਦਾ ਕਾਨੂੰਨੀ ਹੱਕ ਮਿਲਿਆ। ਪਰ ਚੁਣੇ ਹੋਏ ਮਸੀਹੀ ਯਿਸੂ ਨਾਲ ਸਵਰਗ ਵਿਚ ਰਾਜਿਆਂ ਤੇ ਪੁਜਾਰੀਆਂ ਵਜੋਂ ਸੇਵਾ ਕਿਵੇਂ ਕਰ ਸਕਦੇ ਹਨ? ਇਸ ਨੂੰ ਮੁਮਕਿਨ ਬਣਾਉਣ ਲਈ ਇਕ ਹੋਰ ਕਾਨੂੰਨੀ ਇਕਰਾਰ ਕੀਤਾ ਗਿਆ।
ਦੂਸਰਿਆਂ ਨੂੰ ਮਸੀਹ ਨਾਲ ਰਾਜ ਕਰਨ ਦਾ ਹੱਕ ਦੇਣ ਵਾਲਾ ਇਕਰਾਰ
15. ਯਿਸੂ ਨੇ ਆਪਣੇ ਵਫ਼ਾਦਾਰ ਚੇਲਿਆਂ ਨਾਲ ਕਿਹੜਾ ਇਕਰਾਰ ਕੀਤਾ ਸੀ?
15 ਪ੍ਰਭੂ ਦੇ ਭੋਜਨ ਦੀ ਰੀਤ ਸ਼ੁਰੂ ਕਰਨ ਤੋਂ ਬਾਅਦ ਯਿਸੂ ਨੇ ਆਪਣੇ ਵਫ਼ਾਦਾਰ ਚੇਲਿਆਂ ਨਾਲ ਰਾਜ ਦਾ ਇਕਰਾਰ ਕੀਤਾ ਸੀ। (ਲੂਕਾ 22:28-30 ਪੜ੍ਹੋ।) ਦੂਸਰੇ ਇਕਰਾਰਾਂ ਵਿਚ ਯਹੋਵਾਹ ਇਕ ਧਿਰ ਸੀ, ਪਰ ਰਾਜ ਦਾ ਇਕਰਾਰ ਯਿਸੂ ਅਤੇ ਉਸ ਦੇ ਚੁਣੇ ਹੋਏ ਚੇਲਿਆਂ ਵਿਚਕਾਰ ਕੀਤਾ ਗਿਆ ਸੀ। ਜਦੋਂ ਯਿਸੂ ਨੇ ਕਿਹਾ ਸੀ ਕਿ “ਜਿਵੇਂ ਮੇਰੇ ਪਿਤਾ ਨੇ ਵੀ ਮੈਨੂੰ ਰਾਜ ਦੇਣ ਦਾ ਇਕਰਾਰ ਕੀਤਾ ਹੈ,” ਉਦੋਂ ਸ਼ਾਇਦ ਉਹ ਉਸ ਇਕਰਾਰ ਦੀ ਗੱਲ ਕਰ ਰਿਹਾ ਸੀ ਜੋ ਯਹੋਵਾਹ ਨੇ ਉਸ ਨਾਲ ਕੀਤਾ ਸੀ। ਉਸ ਇਕਰਾਰ ਮੁਤਾਬਕ ਯਿਸੂ ਨੇ “ਮਲਕਿਸਿਦਕ ਵਾਂਗ ਪੁਜਾਰੀ” ਬਣਨਾ ਸੀ ਤੇ ‘ਹਮੇਸ਼ਾ ਪੁਜਾਰੀ ਰਹਿਣਾ’ ਸੀ।—ਇਬ. 5:5, 6.
16. ਰਾਜ ਦੇ ਇਕਰਾਰ ਰਾਹੀਂ ਚੁਣੇ ਹੋਏ ਮਸੀਹੀਆਂ ਲਈ ਕੀ ਕਰਨਾ ਮੁਮਕਿਨ ਹੁੰਦਾ ਹੈ?
16 ਯਿਸੂ ਦੇ 11 ਵਫ਼ਾਦਾਰ ਰਸੂਲਾਂ ਨੇ ‘ਅਜ਼ਮਾਇਸ਼ਾਂ ਦੌਰਾਨ ਯਿਸੂ ਦਾ ਸਾਥ ਨਿਭਾਇਆ।’ ਰਾਜ ਦੇ ਇਕਰਾਰ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਸਵਰਗ ਵਿਚ ਰਾਜੇ ਬਣ ਕੇ ਉਸ ਨਾਲ ਰਾਜ ਕਰਨਗੇ ਤੇ ਪੁਜਾਰੀਆਂ ਵਜੋਂ ਸੇਵਾ ਕਰਨਗੇ। ਪਰ 11 ਰਸੂਲਾਂ ਤੋਂ ਇਲਾਵਾ ਹੋਰਨਾਂ ਨੂੰ ਵੀ ਇਹ ਸਨਮਾਨ ਮਿਲਣਾ ਸੀ। ਮਹਿਮਾਵਾਨ ਯਿਸੂ ਨੇ ਯੂਹੰਨਾ ਰਸੂਲ ਨੂੰ ਦਰਸ਼ਣ ਦੇ ਕੇ ਕਿਹਾ: “ਜਿਹੜਾ ਜਿੱਤੇਗਾ, ਉਸ ਨੂੰ ਮੈਂ ਆਪਣੇ ਸਿੰਘਾਸਣ ਉੱਤੇ ਆਪਣੇ ਨਾਲ ਬਿਠਾਵਾਂਗਾ, ਜਿਵੇਂ ਮੈਂ ਜਿੱਤ ਹਾਸਲ ਕਰ ਕੇ ਆਪਣੇ ਪਿਤਾ ਨਾਲ ਉਸ ਦੇ ਸਿੰਘਾਸਣ ਉੱਤੇ ਬੈਠ ਗਿਆ ਸੀ।” (ਪ੍ਰਕਾ. 3:21) ਇਸ ਤੋਂ ਪਤਾ ਲੱਗਦਾ ਹੈ ਕਿ ਰਾਜ ਦਾ ਇਕਰਾਰ 1,44,000 ਚੁਣੇ ਹੋਏ ਮਸੀਹੀਆਂ ਨਾਲ ਕੀਤਾ ਗਿਆ ਹੈ। (ਪ੍ਰਕਾ. 5:9, 10; 7:4) ਇਸ ਇਕਰਾਰ ਦੇ ਰਾਹੀਂ ਉਨ੍ਹਾਂ ਨੂੰ ਸਵਰਗ ਵਿਚ ਯਿਸੂ ਨਾਲ ਰਾਜ ਕਰਨ ਦਾ ਕਾਨੂੰਨੀ ਹੱਕ ਮਿਲਦਾ ਹੈ। ਮਿਸਾਲ ਲਈ, ਜਦੋਂ ਇਕ ਉੱਚੇ ਖ਼ਾਨਦਾਨ ਦੀ ਕੁੜੀ ਦਾ ਵਿਆਹ ਕਿਸੇ ਰਾਜੇ ਨਾਲ ਹੁੰਦਾ ਹੈ, ਤਾਂ ਵਿਆਹ ਹੋਣ ਤੋਂ ਬਾਅਦ ਉਸ ਨੂੰ ਵੀ ਰਾਜੇ ਨਾਲ ਰਾਜ ਕਰਨ ਦਾ ਹੱਕ ਮਿਲਦਾ ਹੈ। ਬਾਈਬਲ ਵਿਚ ਚੁਣੇ ਹੋਏ ਮਸੀਹੀਆਂ ਨੂੰ ਮਸੀਹ ਦੀ “ਲਾੜੀ” ਤੇ “ਪਾਕ ਕੁਆਰੀ” ਕਿਹਾ ਗਿਆ ਹੈ ਜਿਸ ਦੀ ਕੁੜਮਾਈ ਮਸੀਹ ਨਾਲ ਹੋਈ ਹੈ।—ਪ੍ਰਕਾ. 19:7, 8; 21:9; 2 ਕੁਰਿੰ. 11:2.
ਪਰਮੇਸ਼ੁਰ ਦੇ ਰਾਜ ਉੱਤੇ ਪੱਕੀ ਨਿਹਚਾ ਰੱਖੋ
17, 18. (ੳ) ਥੋੜ੍ਹੇ ਸ਼ਬਦਾਂ ਵਿਚ ਸਮਝਾਓ ਕਿ ਛੇ ਇਕਰਾਰਾਂ ਦਾ ਰਾਜ ਨਾਲ ਕੀ ਸੰਬੰਧ ਹੈ। (ਅ) ਅਸੀਂ ਰਾਜ ਉੱਤੇ ਪੱਕੀ ਨਿਹਚਾ ਕਿਉਂ ਰੱਖ ਸਕਦੇ ਹਾਂ?
17 ਇਨ੍ਹਾਂ ਦੋ ਲੇਖਾਂ ਵਿਚ ਅਸੀਂ ਜਿਨ੍ਹਾਂ ਇਕਰਾਰਾਂ ਉੱਤੇ ਗੌਰ ਕੀਤਾ ਹੈ, ਉਨ੍ਹਾਂ ਦਾ ਰਾਜ ਦੇ ਕਈ ਜ਼ਰੂਰੀ ਪਹਿਲੂਆਂ ਨਾਲ ਸੰਬੰਧ ਹੈ। (“ਪਰਮੇਸ਼ੁਰ ਆਪਣਾ ਮਕਸਦ ਕਿਵੇਂ ਪੂਰਾ ਕਰੇਗਾ?” ਨਾਂ ਦਾ ਚਾਰਟ ਦੇਖੋ।) ਇਹ ਇਕਰਾਰ ਇਸ ਗੱਲ ਦੀ ਗਾਰੰਟੀ ਦਿੰਦੇ ਹਨ ਕਿ ਪਰਮੇਸ਼ੁਰ ਦੇ ਰਾਜ ਦਾ ਮਕਸਦ ਜ਼ਰੂਰ ਪੂਰਾ ਹੋਵੇਗਾ। ਇਸ ਲਈ ਅਸੀਂ ਇਸ ਗੱਲ ʼਤੇ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਮਸੀਹ ਦੇ ਰਾਜ ਦੇ ਜ਼ਰੀਏ ਯਹੋਵਾਹ ਧਰਤੀ ਅਤੇ ਇਨਸਾਨਾਂ ਲਈ ਆਪਣਾ ਮਕਸਦ ਜ਼ਰੂਰ ਪੂਰਾ ਕਰੇਗਾ।—ਪ੍ਰਕਾ. 11:15.
18 ਇਸ ਗੱਲ ʼਤੇ ਕੋਈ ਸ਼ੱਕ ਨਹੀਂ ਹੈ ਕਿ ਇਨਸਾਨਾਂ ਨੂੰ ਇਸ ਰਾਜ ਦੇ ਕੰਮਾਂ ਦੇ ਫ਼ਾਇਦੇ ਹਮੇਸ਼ਾ ਹੋਣਗੇ। ਅਸੀਂ ਪੂਰੇ ਭਰੋਸੇ ਨਾਲ ਐਲਾਨ ਕਰ ਸਕਦੇ ਹਾਂ ਕਿ ਪਰਮੇਸ਼ੁਰ ਦਾ ਰਾਜ ਹੀ ਦੁਨੀਆਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਕਰੇਗਾ। ਆਓ ਆਪਾਂ ਜੋਸ਼ ਨਾਲ ਦੂਸਰਿਆਂ ਨੂੰ ਇਹ ਸੱਚਾਈ ਦੱਸੀਏ!—ਮੱਤੀ 24:14.