ਦੋ ਭਰਾ ਜਿਨ੍ਹਾਂ ਨੇ ਵੱਖਰੇ-ਵੱਖਰੇ ਰਵੱਈਏ ਅਪਣਾਏ
ਮਾਪਿਆਂ ਦੁਆਰਾ ਕੀਤੇ ਗਏ ਫ਼ੈਸਲੇ ਬੱਚਿਆਂ ਉੱਤੇ ਜ਼ਰੂਰ ਅਸਰ ਪਾਉਂਦੇ ਹਨ। ਇਹ ਗੱਲ ਅੱਜ ਵੀ ਉੱਨੀ ਹੀ ਸੱਚ ਹੈ ਜਿੰਨੀ ਅਦਨ ਦੇ ਬਾਗ਼ ਵਿਚ ਸੀ। ਆਦਮ ਅਤੇ ਹੱਵਾਹ ਦੀ ਬਗਾਵਤ ਨੇ ਸਾਰੀ ਮਨੁੱਖਜਾਤੀ ਉੱਤੇ ਗਹਿਰਾ ਅਸਰ ਪਾਇਆ ਹੈ। (ਉਤਪਤ 2:15, 16; 3:1-6; ਰੋਮੀਆਂ 5:12) ਲੇਕਿਨ, ਸਾਡੇ ਸਾਰਿਆਂ ਕੋਲ ਆਪਣੇ ਸ੍ਰਿਸ਼ਟੀਕਰਤਾ ਨਾਲ ਚੰਗਾ ਰਿਸ਼ਤਾ ਜੋੜਨ ਦਾ ਮੌਕਾ ਹੈ ਜੇ ਅਸੀਂ ਇਵੇਂ ਕਰਨਾ ਚਾਹੀਏ। ਇਹ ਗੱਲ ਕਇਨ ਅਤੇ ਹਾਬਲ ਦੀ ਕਹਾਣੀ ਤੋਂ ਜ਼ਾਹਰ ਹੁੰਦੀ ਹੈ ਜੋ ਕਿ ਇਨਸਾਨ ਦੇ ਇਤਿਹਾਸ ਦੇ ਪਹਿਲੇ ਭਰਾ ਸਨ।
ਬਾਈਬਲ ਵਿਚ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਅਦਨ ਤੋਂ ਕੱਢੇ ਜਾਣ ਤੋਂ ਬਾਅਦ ਪਰਮੇਸ਼ੁਰ ਨੇ ਆਦਮ ਅਤੇ ਹੱਵਾਹ ਨਾਲ ਗੱਲ ਕੀਤੀ ਸੀ ਕਿ ਨਹੀਂ। ਫਿਰ ਵੀ ਯਹੋਵਾਹ ਨੇ ਆਪਣੇ ਆਪ ਨੂੰ ਉਨ੍ਹਾਂ ਦੇ ਪੁੱਤਰਾਂ ਤੋਂ ਦੂਰ ਨਹੀਂ ਰੱਖਿਆ ਸੀ। ਕਇਨ ਅਤੇ ਹਾਬਲ ਨੇ ਆਪਣੇ ਮਾਪਿਆਂ ਤੋਂ ਵਾਪਰੀਆਂ ਗੱਲਾਂ ਬਾਰੇ ਜ਼ਰੂਰ ਸੁਣਿਆ ਹੋਇਆ ਹੋਵੇਗਾ। ਉਹ “ਦੂਤਾਂ ਨੂੰ ਅਤੇ ਚੌਪਾਸੇ ਘੁੰਮਣ ਵਾਲੇ ਖੰਡੇ ਦੀ ਲਸ਼ਕ ਨੂੰ” ਦੇਖ ਸਕਦੇ ਸਨ ਜੋ ‘ਜੀਵਣ ਦੇ ਬਿਰਛ ਦੇ ਰਾਹ ਦੀ ਰਾਖੀ ਕਰ ਰਹੇ ਸਨ।’ (ਉਤਪਤ 3:24) ਇਨ੍ਹਾਂ ਬੰਦਿਆਂ ਨੇ ਪਰਮੇਸ਼ੁਰ ਦੇ ਉਸ ਐਲਾਨ ਦੀ ਸੱਚਾਈ ਵੀ ਦੇਖੀ ਸੀ ਕਿ ਪਸੀਨਾ ਅਤੇ ਦੁੱਖ ਜੀਵਨ ਦਾ ਹਿੱਸਾ ਬਣ ਜਾਣਗੇ।—ਉਤਪਤ 3:16, 19.
ਕਇਨ ਅਤੇ ਹਾਬਲ ਨੂੰ ਉਸ ਗੱਲ ਬਾਰੇ ਵੀ ਪਤਾ ਹੋਣਾ ਸੀ ਜੋ ਯਹੋਵਾਹ ਨੇ ਸੱਪ ਨੂੰ ਕਹੀ ਸੀ: “ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹ ਦੀ ਅੱਡੀ ਨੂੰ ਡੰਗ ਮਾਰੇਂਗਾ।” (ਉਤਪਤ 3:15) ਜਿਹੜੀਆਂ ਗੱਲਾਂ ਕਇਨ ਅਤੇ ਹਾਬਲ ਯਹੋਵਾਹ ਬਾਰੇ ਜਾਣਦੇ ਸਨ ਉਨ੍ਹਾਂ ਕਰਕੇ ਉਹ ਉਸ ਨਾਲ ਇਕ ਚੰਗਾ ਰਿਸ਼ਤਾ ਜੋੜ ਸਕਦੇ ਸਨ।
ਕਇਨ ਅਤੇ ਹਾਬਲ ਨੇ ਯਹੋਵਾਹ ਦੀ ਇਸ ਭਵਿੱਖਬਾਣੀ ਉੱਤੇ, ਅਤੇ ਉਪਕਾਰ ਕਰਨ ਵਾਲੇ ਵਜੋਂ ਉਸ ਦੇ ਗੁਣਾਂ ਉੱਤੇ ਵਿਚਾਰ ਕੀਤਾ ਹੋਵੇਗਾ। ਇਸ ਕਰਕੇ ਉਨ੍ਹਾਂ ਵਿਚ ਉਸ ਦੀ ਪ੍ਰਵਾਨਗੀ ਹਾਸਲ ਕਰਨ ਦੀ ਇੱਛਾ ਜ਼ਰੂਰ ਪੈਦਾ ਹੋਈ ਹੋਣੀ ਸੀ। ਪਰ ਉਹ ਇਸ ਇੱਛਾ ਅਨੁਸਾਰ ਕਿਸ ਹੱਦ ਤਕ ਚੱਲਣਗੇ? ਕੀ ਉਹ ਪਰਮੇਸ਼ੁਰ ਦੀ ਉਪਾਸਨਾ ਕਰਨ ਦੀ ਆਪਣੀ ਕੁਦਰਤੀ ਇੱਛਾ ਅਨੁਸਾਰ ਚੱਲਣਗੇ? ਅਤੇ ਕੀ ਉਹ ਆਪਣੀ ਰੂਹਾਨੀਅਤ ਨੂੰ ਵਧਾ ਕੇ ਉਸ ਉੱਤੇ ਪੱਕੀ ਨਿਹਚਾ ਕਰਨਗੇ?—ਮੱਤੀ 5:3.
ਭਰਾ ਭੇਟ ਲਿਆਉਂਦੇ ਹਨ
ਸਮੇਂ ਦੇ ਬੀਤਣ ਨਾਲ, ਕਇਨ ਅਤੇ ਹਾਬਲ ਨੇ ਪਰਮੇਸ਼ੁਰ ਨੂੰ ਚੜ੍ਹਾਉਣ ਲਈ ਭੇਟਾਂ ਲਿਆਂਦੀਆਂ। ਕਇਨ ਨੇ ਜ਼ਮੀਨ ਦੇ ਫਲ ਚੜ੍ਹਾਏ ਅਤੇ ਹਾਬਲ ਨੇ ਇੱਜੜ ਦੇ ਪਲੌਠੇ ਚੜ੍ਹਾਏ। (ਉਤਪਤ 4:3, 4) ਹੋ ਸਕਦਾ ਹੈ ਕਿ ਇਹ ਬੰਦੇ ਲਗਭਗ 100 ਕੁ ਸਾਲਾਂ ਦੇ ਸਨ ਕਿਉਂ ਜੋ ਆਦਮ 130 ਸਾਲਾਂ ਦਾ ਸੀ ਜਦੋਂ ਉਸ ਦੇ ਤੀਜੇ ਪੁੱਤਰ, ਸੇਥ, ਦਾ ਜਨਮ ਹੋਇਆ।—ਉਤਪਤ 4:25; 5:3.
ਭੇਟਾਂ ਚੜ੍ਹਾ ਕੇ ਕਇਨ ਅਤੇ ਹਾਬਲ ਨੇ ਦਿਖਾਇਆ ਕਿ ਉਹ ਆਪਣੀ ਪਾਪੀ ਸਥਿਤੀ ਨੂੰ ਪਛਾਣਦੇ ਸਨ ਅਤੇ ਪਰਮੇਸ਼ੁਰ ਦੀ ਪ੍ਰਵਾਨਗੀ ਹਾਸਲ ਕਰਨੀ ਚਾਹੁੰਦੇ ਸਨ। ਉਨ੍ਹਾਂ ਨੇ ਸੱਪ ਅਤੇ ਤੀਵੀਂ ਦੀ ਸੰਤਾਨ ਦੇ ਸੰਬੰਧ ਵਿਚ ਯਹੋਵਾਹ ਦੇ ਵਾਅਦੇ ਬਾਰੇ ਜ਼ਰੂਰ ਸੋਚਿਆ ਹੋਵੇਗਾ। ਇਹ ਨਹੀਂ ਦੱਸਿਆ ਜਾਂਦਾ ਕਿ ਕਇਨ ਅਤੇ ਹਾਬਲ ਨੇ ਯਹੋਵਾਹ ਨਾਲ ਇਕ ਚੰਗਾ ਰਿਸ਼ਤਾ ਜੋੜਨ ਵਿਚ ਕਿੰਨਾ ਕੁ ਸਮਾਂ ਲਗਾਇਆ ਜਾਂ ਕਿੰਨੀ ਕੁ ਕੋਸ਼ਿਸ਼ ਕੀਤੀ ਸੀ। ਪਰ ਉਨ੍ਹਾਂ ਦੀਆਂ ਭੇਟਾਂ ਪ੍ਰਤੀ ਪਰਮੇਸ਼ੁਰ ਦੇ ਜਵਾਬ ਤੋਂ ਸਾਨੂੰ ਉਨ੍ਹਾਂ ਦੇ ਗਹਿਰੇ ਸੋਚ-ਵਿਚਾਰਾਂ ਬਾਰੇ ਜਾਣਕਾਰੀ ਮਿਲਦੀ ਹੈ।
ਕੁਝ ਵਿਦਵਾਨ ਇਹ ਕਹਿੰਦੇ ਹਨ ਕਿ ਹੱਵਾਹ ਕਇਨ ਨੂੰ ਉਹ “ਸੰਤਾਨ” ਸਮਝਦੀ ਸੀ ਜੋ ਸੱਪ ਨੂੰ ਮਾਰੇਗੀ ਕਿਉਂ ਜੋ ਕਇਨ ਦੇ ਜਨਮ ਤੇ ਉਸ ਨੇ ਕਿਹਾ: “ਮੈਂ ਇੱਕ ਮਨੁੱਖ ਯਹੋਵਾਹ ਕੋਲੋਂ ਪ੍ਰਾਪਤ ਕੀਤਾ।” (ਉਤਪਤ 4:1) ਜੇਕਰ ਕਇਨ ਵੀ ਇਸ ਤਰ੍ਹਾਂ ਸੋਚਦਾ ਸੀ ਤਾਂ ਉਸ ਨੂੰ ਬਹੁਤ ਵੱਡੀ ਗ਼ਲਤਫ਼ਹਿਮੀ ਹੋਈ ਸੀ। ਇਸ ਤੋਂ ਉਲਟ, ਹਾਬਲ ਨੇ ਨਿਹਚਾ ਨਾਲ ਭੇਟ ਚੜ੍ਹਾਈ ਸੀ। ਇਸੇ ਲਈ “ਨਿਹਚਾ ਨਾਲ ਹਾਬਲ ਨੇ ਕਇਨ ਨਾਲੋਂ ਪਰਮੇਸ਼ੁਰ ਦੇ ਅੱਗੇ ਉੱਤਮ ਬਲੀਦਾਨ ਚੜ੍ਹਾਇਆ।”—ਇਬਰਾਨੀਆਂ 11:4.
ਇਨ੍ਹਾਂ ਦੋਹਾਂ ਭਰਾਵਾਂ ਵਿਚ ਸਿਰਫ਼ ਇਹੀ ਫ਼ਰਕ ਨਹੀਂ ਸੀ ਕਿ ਹਾਬਲ ਰੂਹਾਨੀ ਤੌਰ ਤੇ ਸਮਝਦਾਰ ਸੀ ਅਤੇ ਕਇਨ ਬੇਸਮਝ ਸੀ। ਇਨ੍ਹਾਂ ਦੇ ਰਵੱਈਏ ਵਿਚ ਵੀ ਫ਼ਰਕ ਸੀ। ਇਸ ਲਈ ‘ਜਦ ਕਿ ਯਹੋਵਾਹ ਨੇ ਹਾਬਲ ਨੂੰ ਅਰ ਉਹ ਦੀ ਭੇਟ ਨੂੰ ਪਸੰਦ ਕੀਤਾ, ਉਸ ਨੇ ਕਇਨ ਅਰ ਉਹ ਦੀ ਭੇਟ ਨੂੰ ਪਸੰਦ ਨਾ ਕੀਤਾ।’ ਇਹ ਸੰਭਵ ਹੈ ਕਿ ਕਇਨ ਨੇ ਆਪਣੀ ਭੇਟ ਬਾਰੇ ਡੂੰਘੀ ਤਰ੍ਹਾਂ ਨਹੀਂ ਸੋਚਿਆ ਸੀ ਅਤੇ ਸਿਰਫ਼ ਦਿਖਾਵੇ ਲਈ ਹੀ ਭੇਟ ਚੜ੍ਹਾਈ ਸੀ। ਪਰ ਪਰਮੇਸ਼ੁਰ ਨੂੰ ਅਜਿਹੀ ਦਿਖਾਵੇ ਵਾਲੀ ਉਪਾਸਨਾ ਮਨਜ਼ੂਰ ਨਹੀਂ ਸੀ। ਕਇਨ ਦਾ ਦਿਲ ਬੁਰਾ ਹੋ ਚੁੱਕਾ ਸੀ ਅਤੇ ਯਹੋਵਾਹ ਨੇ ਪਛਾਣਿਆ ਕਿ ਉਸ ਦੇ ਇਰਾਦੇ ਗ਼ਲਤ ਸਨ। ਉਸ ਦੀ ਭੇਟ ਦੀ ਨਾਮਨਜ਼ੂਰੀ ਕਾਰਨ ਕਇਨ ਦਾ ਅਸਲੀ ਰੂਪ ਜਾਂ ਰਵੱਈਆ ਸਾਮ੍ਹਣੇ ਆਇਆ। ਆਪਣੇ ਰਵੱਈਏ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨ ਦੀ ਬਜਾਇ “ਕਇਨ ਬਹੁਤ ਕਰੋਧਵਾਨ ਹੋਇਆ ਅਰ ਉਹ ਦਾ ਮੂੰਹ ਉੱਤਰ ਗਿਆ।” (ਉਤਪਤ 4:5) ਉਸ ਦੇ ਚਾਲ-ਚੱਲਣ ਨੇ ਦੁਸ਼ਟ ਖ਼ਿਆਲ ਅਤੇ ਇਰਾਦੇ ਪ੍ਰਗਟ ਕੀਤੇ।
ਚੇਤਾਵਨੀ ਪ੍ਰਤੀ ਕਇਨ ਦਾ ਰਵੱਈਆ
ਪਰਮੇਸ਼ੁਰ ਕਇਨ ਦੇ ਰਵੱਈਏ ਬਾਰੇ ਜਾਣਦਾ ਸੀ ਅਤੇ ਉਸ ਨੇ ਉਸ ਨੂੰ ਸਲਾਹ ਦਿੱਤੀ ਕਿ “ਤੂੰ ਕਿਉਂ ਕਰੋਧਵਾਨ ਹੈਂ ਅਤੇ ਤੇਰਾ ਮੂੰਹ ਨੀਵਾਂ ਕਿਉਂ ਹੋ ਗਿਆ? ਜੇ ਤੂੰ ਭਲਾ ਕਰੇਂ ਕੀ ਉਹ ਉਤਾਹਾਂ ਨਾ ਕੀਤਾ ਜਾਵੇ? ਜੇ ਤੂੰ ਭਲਾ ਨਾ ਕਰੇਂ ਤਾਂ ਪਾਪ ਬੂਹੇ ਉੱਤੇ ਛੈਹ ਵਿੱਚ ਬੈਠਾ ਹੈ ਅਤੇ ਉਹ ਤੈਨੂੰ ਲੋਚਦਾ ਹੈ ਪਰ ਤੂੰ ਉਹ ਦੇ ਉੱਤੇ ਪਰਬਲ ਹੋ।”—ਉਤਪਤ 4:6, 7.
ਇਸ ਵਿਚ ਸਾਡੇ ਲਈ ਵੀ ਇਕ ਸਬਕ ਹੈ। ਪਾਪ ਕਰਨ ਦੇ ਮੌਕੇ ਸਾਡੇ ਸਾਮ੍ਹਣੇ ਵੀ ਲੁਕ-ਛਿਪ ਕੇ ਆਉਂਦੇ ਹਨ ਤਾਂਕਿ ਅਸੀਂ ਉਨ੍ਹਾਂ ਦੇ ਸ਼ਿਕਾਰ ਹੋ ਜਾਈਏ। ਲੇਕਿਨ ਪਰਮੇਸ਼ੁਰ ਨੇ ਸਾਨੂੰ ਸਹੀ ਅਤੇ ਗ਼ਲਤ ਚੁਣਨ ਦੀ ਅਜ਼ਾਦੀ ਦਿੱਤੀ ਹੈ। ਯਹੋਵਾਹ ਨੇ ਕਇਨ ਨੂੰ ‘ਭਲਾ ਕਰਨ’ ਦੀ ਸਲਾਹ ਦਿੱਤੀ ਸੀ, ਪਰ ਉਸ ਨੂੰ ਬਦਲਣ ਲਈ ਮਜਬੂਰ ਨਹੀਂ ਕੀਤਾ ਸੀ। ਕਇਨ ਨੇ ਖ਼ੁਦ ਆਪਣਾ ਫ਼ੈਸਲਾ ਕੀਤਾ ਸੀ।
ਪ੍ਰੇਰਿਤ ਬਿਰਤਾਂਤ ਅੱਗੇ ਕਹਿੰਦਾ ਹੈ: “ਫੇਰ ਕਇਨ ਨੇ ਆਪਣੇ ਭਰਾ ਹਾਬਲ ਨੂੰ ਕੁਝ ਕਿਹਾ ਅਤੇ ਜਦ ਓਹ ਖੇਤ ਵਿੱਚ ਸਨ ਤਾਂ ਐਉਂ ਹੋਇਆ ਕਿ ਕਇਨ ਨੇ ਆਪਣੇ ਭਰਾ ਹਾਬਲ ਦੇ ਵਿਰੁੱਧ ਉੱਠਕੇ ਉਹ ਨੂੰ ਮਾਰ ਸੁੱਟਿਆ।” (ਉਤਪਤ 4:8) ਇਸ ਤਰ੍ਹਾਂ ਕਇਨ ਇਕ ਅਣਆਗਿਆਕਾਰ ਅਤੇ ਬੇਰਹਿਮ ਖ਼ੂਨੀ ਬਣਿਆ। ਅਤੇ ਜਦੋਂ ਯਹੋਵਾਹ ਨੇ ਉਸ ਨੂੰ ਪੁੱਛਿਆ ਕਿ “ਤੇਰਾ ਭਰਾ ਹਾਬਲ ਕਿੱਥੇ ਹੈ?” ਤਾਂ ਉਸ ਨੂੰ ਥੋੜ੍ਹਾ ਜਿਹਾ ਵੀ ਪਛਤਾਵਾ ਨਹੀਂ ਸੀ। ਇਸ ਦੀ ਬਜਾਇ, ਉਸ ਨੇ ਇਕ ਬੇਦਰਦ ਅਤੇ ਢੀਠ ਤਰੀਕੇ ਵਿਚ ਜਵਾਬ ਦਿੱਤਾ ਕਿ “ਮੈਂ ਨਹੀਂ ਜਾਣਦਾ। ਭਲਾ, ਮੈਂ ਆਪਣੇ ਭਰਾ ਦਾ ਰਾਖਾ ਹਾਂ?” (ਉਤਪਤ 4:9) ਇੰਨਾ ਵੱਡਾ ਝੂਠ ਬੋਲ ਕੇ ਜਵਾਬਦੇਹੀ ਤੋਂ ਮੁਕਰਨ ਦੁਆਰਾ ਕਇਨ ਦੀ ਬੇਰਹਿਮੀ ਪ੍ਰਗਟ ਹੋਈ।
ਯਹੋਵਾਹ ਨੇ ਕਇਨ ਨੂੰ ਸਰਾਪ ਦਿੱਤਾ ਅਤੇ ਉਸ ਨੂੰ ਅਦਨ ਦੇ ਆਲੇ-ਦੁਆਲੇ ਦੀ ਜਗ੍ਹਾ ਤੋਂ ਕੱਢ ਦਿੱਤਾ। ਜ਼ਮੀਨ ਉੱਤੇ ਜੋ ਸਰਾਪ ਪਹਿਲਾਂ ਹੀ ਲੱਗਾ ਹੋਇਆ ਸੀ ਕਇਨ ਦੇ ਸੰਬੰਧ ਵਿਚ ਜ਼ਿਆਦਾ ਸਖ਼ਤ ਹੋਵੇਗਾ, ਅਤੇ ਜ਼ਮੀਨ ਉਸ ਦੀ ਵਾਹੀ ਤੋਂ ਫ਼ਸਲ ਨਹੀਂ ਦੇਵੇਗੀ। ਉਸ ਨੇ ਧਰਤੀ ਉੱਤੇ ਭਗੌੜੇ ਵਾਂਗ ਘੁੰਮਣਾ-ਫਿਰਨਾ ਸੀ। ਕਇਨ ਨੇ ਸਜ਼ਾ ਦੀ ਸਖ਼ਤੀ ਬਾਰੇ ਸ਼ਿਕਾਇਤ ਕੀਤੀ ਕਿਉਂਕਿ ਉਸ ਨੂੰ ਫ਼ਿਕਰ ਸੀ ਕਿ ਉਸ ਦੇ ਭਰਾ ਦੀ ਮੌਤ ਦਾ ਬਦਲਾ ਉਸ ਉੱਤੇ ਲਿਆ ਜਾਵੇਗਾ। ਲੇਕਿਨ ਉਸ ਨੇ ਸੱਚੇ ਦਿਲੋਂ ਪਛਤਾਵਾ ਨਹੀਂ ਕੀਤਾ। ਇਸ ਲਈ ਯਹੋਵਾਹ ਨੇ ਕਇਨ ਲਈ “ਇੱਕ ਨਿਸ਼ਾਨ ਠਹਿਰਾਇਆ।” ਸੰਭਵ ਹੈ ਕਿ ਇਹ ਨਿਸ਼ਾਨ ਅਜਿਹਾ ਫ਼ਰਮਾਨ ਸੀ ਜੋ ਦੂਸਰਿਆਂ ਦੁਆਰਾ ਜਾਣਿਆ ਅਤੇ ਮੰਨਿਆ ਜਾਂਦਾ ਸੀ, ਅਤੇ ਜਿਸ ਕਰਕੇ ਕਇਨ ਉੱਤੇ ਬਦਲਾ ਨਹੀਂ ਲਿਆ ਜਾ ਸਕਦਾ ਸੀ।—ਉਤਪਤ 4:10-15.
ਫਿਰ ਕਇਨ “ਯਹੋਵਾਹ ਦੇ ਹਜੂਰੋਂ ਚੱਲਿਆ ਗਿਆ ਅਰ ਅਦਨ ਦੇ ਚੜ੍ਹਦੇ ਪਾਸੇ ਨੋਦ ਦੇਸ ਵਿੱਚ ਜਾ ਵੱਸਿਆ।” (ਉਤਪਤ 4:16) ਆਪਣੀਆਂ ਭੈਣਾਂ ਜਾਂ ਭਤੀਜੀਆਂ-ਭਾਣਜੀਆਂ ਵਿੱਚੋਂ ਪਤਨੀ ਚੁਣਨ ਤੋਂ ਬਾਅਦ ਉਸ ਨੇ ਇਕ ਨਗਰ ਬਣਾਇਆ ਅਤੇ ਉਸ ਨੇ ਆਪਣੇ ਪਹਿਲੇ ਪੁੱਤਰ ਦੇ ਨਾਂ ਤੇ ਇਸ ਨੂੰ ਹਨੋਕ ਸੱਦਿਆ। ਕਇਨ ਦੀ ਵੰਸ ਵਿੱਚੋਂ ਲਾਮਕ ਨਾਂ ਦਾ ਆਦਮੀ ਆਪਣੇ ਅਧਰਮੀ ਪੂਰਵਜ ਵਾਂਗ ਹਿੰਸਕ ਨਿਕਲਿਆ। ਪਰ ਕਇਨ ਦੀ ਵੰਸ਼ਾਵਲੀ ਨੂਹ ਦੇ ਦਿਨਾਂ ਦੀ ਜਲ-ਪਰਲੋ ਵਿਚ ਖ਼ਤਮ ਹੋ ਗਈ।—ਉਤਪਤ 4:17-24.
ਸਾਡੇ ਲਈ ਸਬਕ
ਅਸੀਂ ਅੱਜ ਕਇਨ ਅਤੇ ਹਾਬਲ ਦੇ ਬਿਰਤਾਂਤਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਯੂਹੰਨਾ ਰਸੂਲ ਨੇ ਮਸੀਹੀਆਂ ਨੂੰ ਇਕ ਦੂਸਰੇ ਨਾਲ ਪਿਆਰ ਕਰਨ ਦੀ ਸਲਾਹ ਦਿੱਤੀ ਸੀ, ਅਤੇ ਕਿ ਉਹ “ਤਿਵੇਂ ਨਹੀਂ [ਕਰਨ] ਜਿਵੇਂ ਕਇਨ” ਨੇ ਕੀਤਾ ਸੀ, ਕਿਉਂ ਜੋ ਉਹ ‘ਦੁਸ਼ਟ ਤੋਂ ਸੀ ਅਤੇ ਉਸ ਨੇ ਆਪਣੇ ਭਰਾ ਨੂੰ ਮਾਰ ਸੁੱਟਿਆ।’ ਕਇਨ ਦੇ “ਕੰਮ ਬੁਰੇ ਅਤੇ ਉਹ ਦੇ ਭਰਾ ਦੇ ਕੰਮ ਭਲੇ ਸਨ।” ਯੂਹੰਨਾ ਨੇ ਇਹ ਵੀ ਕਿਹਾ ਸੀ ਕਿ “ਹਰ ਕੋਈ ਜਿਹੜਾ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਸੋ ਖੂਨੀ ਹੈ ਅਤੇ ਤੁਸੀਂ ਜਾਣਦੇ ਹੋ ਭਈ ਕਿਸੇ ਖੂਨੀ ਵਿੱਚ ਸਦੀਪਕ ਜੀਵਨ ਨਹੀਂ ਟਿਕਦਾ।” ਜੀ ਹਾਂ, ਸੰਗੀ ਮਸੀਹੀਆਂ ਨਾਲ ਸਾਡਾ ਸਲੂਕ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਉੱਤੇ ਅਤੇ ਜੀਵਨ ਦੀ ਸਾਡੀ ਉਮੀਦ ਉੱਤੇ ਅਸਰ ਪਾ ਸਕਦਾ ਹੈ। ਜੇ ਅਸੀਂ ਆਪਣੇ ਕਿਸੇ ਵੀ ਸੰਗੀ ਮਸੀਹੀ ਨਾਲ ਨਫ਼ਰਤ ਕਰਦੇ ਹਾਂ, ਤਾਂ ਅਸੀਂ ਪਰਮੇਸ਼ੁਰ ਨਾਲ ਚੰਗੇ ਰਿਸ਼ਤੇ ਦਾ ਆਨੰਦ ਨਹੀਂ ਮਾਣ ਸਕਦੇ।—1 ਯੂਹੰਨਾ 3:11-15; 4:20.
ਸੰਭਵ ਹੈ ਕਿ ਕਇਨ ਅਤੇ ਹਾਬਲ ਦਾ ਇੱਕੋ ਤਰੀਕੇ ਵਿਚ ਪਾਲਣ-ਪੋਸਣ ਕੀਤਾ ਗਿਆ ਸੀ ਪਰ ਕਇਨ ਨੇ ਪਰਮੇਸ਼ੁਰ ਵਿਚ ਨਿਹਚਾ ਨਹੀਂ ਕੀਤੀ ਸੀ। ਦਰਅਸਲ ਉਸ ਦਾ ਰਵੱਈਆ ਸ਼ਤਾਨ ਵਰਗਾ ਸੀ, ਜੋ ਕਿ ਪਹਿਲਾ ‘ਘਾਤਕ ਅਤੇ ਝੂਠ ਦਾ ਪਤੰਦਰ ਹੈ।’ (ਯੂਹੰਨਾ 8:44) ਕਇਨ ਦੇ ਫ਼ੈਸਲੇ ਦਿਖਾਉਂਦੇ ਹਨ ਕਿ ਸਾਡੇ ਸਾਰਿਆਂ ਕੋਲ ਚੋਣ ਕਰਨ ਦਾ ਮੌਕਾ ਹੈ। ਜੋ ਪਾਪ ਕਰਨ ਦੀ ਚੋਣ ਕਰਦੇ ਹਨ ਉਹ ਆਪਣੇ ਆਪ ਨੂੰ ਪਰਮੇਸ਼ੁਰ ਤੋਂ ਅਲੱਗ ਕਰਦੇ ਹਨ, ਅਤੇ ਯਹੋਵਾਹ ਅਪਸ਼ਚਾਤਾਪੀ ਲੋਕਾਂ ਨੂੰ ਸਜ਼ਾ ਦਿੰਦਾ ਹੈ।
ਦੂਸਰੇ ਪਾਸੇ, ਹਾਬਲ ਨੇ ਯਹੋਵਾਹ ਵਿਚ ਨਿਹਚਾ ਦਿਖਾਈ। ਸੱਚ-ਮੁੱਚ ਹੀ “ਨਿਹਚਾ ਨਾਲ ਹਾਬਲ ਨੇ ਕਇਨ ਨਾਲੋਂ ਪਰਮੇਸ਼ੁਰ ਦੇ ਅੱਗੇ ਉੱਤਮ ਬਲੀਦਾਨ ਚੜ੍ਹਾਇਆ ਜਿਸ ਕਰਕੇ ਇਹ ਸਾਖੀ ਦਿੱਤੀ ਗਈ ਭਈ ਉਹ ਧਰਮੀ ਹੈ ਕਿਉਂ ਜੋ ਪਰਮੇਸ਼ੁਰ ਨੇ ਉਹ ਦੀਆਂ ਭੇਟਾਂ ਦੇ ਵਿਖੇ ਸਾਖੀ ਦਿੱਤੀ।” ਭਾਵੇਂ ਕਿ ਬਾਈਬਲ ਵਿਚ ਹਾਬਲ ਦੇ ਮੂੰਹੋਂ ਬੋਲਿਆ ਗਿਆ ਇਕ ਵੀ ਸ਼ਬਦ ਨਹੀਂ, ਫਿਰ ਵੀ ਆਪਣੀ ਮਿਸਾਲੀ ਨਿਹਚਾ ਦੁਆਰਾ “ਉਹ ਹੁਣ ਤੀਕੁਰ ਬੋਲਦਾ ਹੈ।”—ਇਬਰਾਨੀਆਂ 11:4.
ਖਰਿਆਈ ਕਾਇਮ ਰੱਖਣ ਵਾਲਿਆਂ ਦੀ ਲੰਬੀ ਸੂਚੀ ਵਿਚ ਹਾਬਲ ਪਹਿਲਾ ਆਦਮੀ ਸੀ। ਉਸ ਦਾ ਲਹੂ, ਜਿਸ ਨੇ ‘ਜ਼ਮੀਨ ਵੱਲੋਂ ਯਹੋਵਾਹ ਅੱਗੇ ਦੁਹਾਈ ਦਿੱਤੀ ਸੀ’ ਭੁੱਲਿਆ ਨਹੀਂ ਗਿਆ। (ਉਤਪਤ 4:10; ਲੂਕਾ 11:48-51) ਜੇਕਰ ਅਸੀਂ ਹਾਬਲ ਵਾਂਗ ਨਿਹਚਾ ਦਿਖਾਵਾਂਗੇ ਤਾਂ ਅਸੀਂ ਵੀ ਯਹੋਵਾਹ ਨਾਲ ਇਕ ਵਧੀਆ ਅਤੇ ਪੱਕਾ ਰਿਸ਼ਤਾ ਕਾਇਮ ਕਰ ਸਕਾਂਗੇ।
[ਸਫ਼ੇ 22 ਉੱਤੇ ਡੱਬੀ]
ਕਿਸਾਨ ਅਤੇ ਚਰਵਾਹਾ
ਪਰਮੇਸ਼ੁਰ ਨੇ ਆਦਮ ਨੂੰ ਕਈ ਜ਼ਿੰਮੇਵਾਰੀਆਂ ਦਿੱਤੀਆਂ ਸਨ, ਜਿਵੇਂ ਕਿ ਜ਼ਮੀਨ ਦੀ ਵਾਹੀ ਕਰਨੀ ਅਤੇ ਜਾਨਵਰਾਂ ਦੀ ਦੇਖ-ਭਾਲ ਕਰਨੀ। (ਉਤਪਤ 1:28; 2:15; 3:23) ਉਸ ਦਾ ਪੁੱਤਰ ਕਇਨ ਖੇਤੀ-ਬਾੜੀ ਦੇ ਕੰਮ ਵਿਚ ਲੱਗ ਪਿਆ, ਅਤੇ ਹਾਬਲ ਚਰਵਾਹਾ ਬਣ ਗਿਆ। (ਉਤਪਤ 4:2) ਪਰ ਜਲ-ਪਰਲੋ ਤੋਂ ਪਹਿਲਾਂ ਇਨਸਾਨਾਂ ਦੇ ਖ਼ੁਰਾਕ ਵਿਚ ਸਿਰਫ਼ ਫਲ-ਸਬਜ਼ੀਆਂ ਹੀ ਸਨ, ਤਾਂ ਫਿਰ ਭੇਡਾਂ ਪਾਲਣ ਦੀ ਕੀ ਜ਼ਰੂਰਤ ਸੀ?—ਉਤਪਤ 1:29; 9:3, 4.
ਵਧਣ-ਫੁੱਲਣ ਲਈ ਭੇਡਾਂ ਨੂੰ ਇਨਸਾਨੀ ਦੇਖ-ਭਾਲ ਦੀ ਜ਼ਰੂਰਤ ਹੈ। ਹਾਬਲ ਦੇ ਕੰਮ ਨੇ ਦਿਖਾਇਆ ਕਿ ਇਨਸਾਨ ਦੇ ਇਤਿਹਾਸ ਦੇ ਸ਼ੁਰੂ ਤੋਂ ਹੀ ਆਦਮੀ ਇਨ੍ਹਾਂ ਜਾਨਵਰਾਂ ਨੂੰ ਪਾਲਦੇ ਆਏ ਹਨ। ਬਾਈਬਲ ਇਹ ਨਹੀਂ ਦੱਸਦੀ ਕਿ ਇਨਸਾਨ ਆਪਣੀ ਖ਼ੁਰਾਕ ਵਿਚ ਜਾਨਵਰਾਂ ਦਾ ਦੁੱਧ ਵਰਤਦੇ ਸਨ ਕਿ ਨਹੀਂ, ਪਰ ਸ਼ਾਕਾਹਾਰੀ ਲੋਕ ਵੀ ਭੇਡਾਂ ਦੀ ਉੱਨ ਵਰਤ ਸਕਦੇ ਸਨ। ਅਤੇ ਜਦੋਂ ਭੇਡਾਂ ਮਰ ਜਾਂਦੀਆਂ ਸਨ ਤਾਂ ਉਨ੍ਹਾਂ ਦੀ ਖੱਲ ਵਰਤੀ ਜਾ ਸਕਦੀ ਸੀ। ਮਿਸਾਲ ਲਈ, ਯਹੋਵਾਹ ਨੇ ਆਦਮ ਅਤੇ ਹੱਵਾਹ ਨੂੰ “ਚਮੜੇ ਦੇ ਚੋਲੇ” ਪਹਿਨਣ ਲਈ ਦਿੱਤੇ ਸਨ।—ਉਤਪਤ 3:21.
ਪਰ ਜੋ ਵੀ ਹੋਵੇ, ਇਹ ਮੰਨਣਾ ਜਾਇਜ਼ ਹੈ ਕਿ ਪਹਿਲਾ ਕਇਨ ਅਤੇ ਹਾਬਲ ਮਿਲ ਕੇ ਕੰਮ ਕਰਦੇ ਸਨ। ਉਹ ਮਿਲ ਕੇ ਪਰਿਵਾਰ ਲਈ ਕੱਪੜੇ ਅਤੇ ਖਾਣੇ ਦਾ ਪ੍ਰਬੰਧ ਕਰਦੇ ਸਨ।
[ਸਫ਼ੇ 23 ਉੱਤੇ ਤਸਵੀਰ]
ਕਇਨ “ਦੇ ਕੰਮ ਬੁਰੇ ਅਤੇ ਉਹ ਦੇ ਭਰਾ ਦੇ ਕੰਮ ਭਲੇ ਸਨ”