ਪਰਮੇਸ਼ੁਰ ਦੇ ਰਾਜ ਉੱਤੇ ਪੱਕੀ ਨਿਹਚਾ ਰੱਖੋ
“ਨਿਹਚਾ ਇਸ ਗੱਲ ਦਾ ਪੱਕਾ ਭਰੋਸਾ ਹੈ ਕਿ ਜਿਨ੍ਹਾਂ ਚੀਜ਼ਾਂ ਦੀ ਉਮੀਦ ਰੱਖੀ ਗਈ ਹੈ, ਉਹ ਜ਼ਰੂਰ ਮਿਲਣਗੀਆਂ।”—ਇਬ. 11:1.
1, 2. ਸਾਡਾ ਇਸ ਗੱਲ ʼਤੇ ਯਕੀਨ ਕਿਵੇਂ ਪੱਕਾ ਹੋਵੇਗਾ ਕਿ ਇਨਸਾਨਾਂ ਲਈ ਪਰਮੇਸ਼ੁਰ ਦਾ ਮਕਸਦ ਜ਼ਰੂਰ ਪੂਰਾ ਹੋਵੇਗਾ ਅਤੇ ਕਿਉਂ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਅਸੀਂ ਖ਼ੁਸ਼ੀ-ਖ਼ੁਸ਼ੀ ਲੋਕਾਂ ਨੂੰ ਦੱਸਦੇ ਹਾਂ ਕਿ ਪਰਮੇਸ਼ੁਰ ਦਾ ਰਾਜ ਸਾਡੀਆਂ ਸਾਰੀਆਂ ਸਮੱਸਿਆਵਾਂ ਖ਼ਤਮ ਕਰੇਗਾ। ਇਸ ਰਾਜ ਵਿਚ ਮਿਲਣ ਵਾਲੀਆਂ ਬਰਕਤਾਂ ਬਾਰੇ ਸੋਚ ਕੇ ਸਾਨੂੰ ਵੀ ਦਿਲਾਸਾ ਮਿਲਦਾ ਹੈ। ਪਰ ਸਾਨੂੰ ਕਿੰਨਾ ਕੁ ਯਕੀਨ ਹੈ ਕਿ ਇਹ ਰਾਜ ਜ਼ਰੂਰ ਆਵੇਗਾ ਅਤੇ ਇਹ ਪਰਮੇਸ਼ੁਰ ਦਾ ਮਕਸਦ ਪੂਰਾ ਕਰੇਗਾ? ਅਸੀਂ ਇਸ ਰਾਜ ਉੱਤੇ ਪੱਕੀ ਨਿਹਚਾ ਕਿਉਂ ਰੱਖ ਸਕਦੇ ਹਾਂ?—ਇਬ. 11:1.
2 ਮਸੀਹ ਦੇ ਰਾਜ ਦੇ ਜ਼ਰੀਏ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਧਰਤੀ ਤੇ ਇਨਸਾਨਾਂ ਲਈ ਆਪਣਾ ਮਕਸਦ ਪੂਰਾ ਕਰੇਗਾ। ਇਸ ਰਾਜ ਦੀ ਪੱਕੀ ਨੀਂਹ ਇਸ ਗੱਲ ਉੱਤੇ ਟਿਕੀ ਹੋਈ ਹੈ ਕਿ ਸਿਰਫ਼ ਯਹੋਵਾਹ ਨੂੰ ਹੀ ਰਾਜ ਕਰਨ ਦਾ ਹੱਕ ਹੈ। ਇਸ ਰਾਜ ਦਾ ਰਾਜਾ ਕੌਣ ਹੈ? ਉਸ ਨਾਲ ਹੋਰ ਕੌਣ ਰਾਜ ਕਰਨਗੇ? ਉਹ ਕਿਨ੍ਹਾਂ ਉੱਤੇ ਰਾਜ ਕਰਨਗੇ? ਯਹੋਵਾਹ ਨੇ ਇਕਰਾਰਾਂ ਦੇ ਜ਼ਰੀਏ ਇਨ੍ਹਾਂ ਸਭ ਜ਼ਰੂਰੀ ਗੱਲਾਂ ਨੂੰ ਜ਼ਾਹਰ ਕੀਤਾ ਹੈ। ਇਹ ਇਕਰਾਰ ਯਹੋਵਾਹ ਜਾਂ ਉਸ ਦੇ ਪੁੱਤਰ ਯਿਸੂ ਮਸੀਹ ਨੇ ਕੀਤੇ ਹਨ। ਇਨ੍ਹਾਂ ਇਕਰਾਰਾਂ ਦੀ ਜਾਂਚ ਕਰਨ ਨਾਲ ਸਾਨੂੰ ਚੰਗੀ ਤਰ੍ਹਾਂ ਸਮਝ ਆਵੇਗਾ ਕਿ ਯਹੋਵਾਹ ਦਾ ਮਕਸਦ ਕਿਵੇਂ ਪੂਰਾ ਹੋਵੇਗਾ ਅਤੇ ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਇਹ ਰਾਜ ਹਮੇਸ਼ਾ ਰਹੇਗਾ।—ਅਫ਼ਸੀਆਂ 2:12 ਪੜ੍ਹੋ।
3. ਅਸੀਂ ਇਸ ਲੇਖ ਵਿਚ ਤੇ ਅਗਲੇ ਲੇਖ ਵਿਚ ਕੀ ਦੇਖਾਂਗੇ?
3 ਬਾਈਬਲ ਵਿਚ ਖ਼ਾਸ ਤੌਰ ਤੇ ਛੇ ਇਕਰਾਰਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਦਾ ਸੰਬੰਧ ਮਸੀਹ ਦੇ ਰਾਜ ਨਾਲ ਹੈ। ਇਹ ਹਨ (1) ਅਬਰਾਹਾਮ ਨਾਲ ਕੀਤਾ ਗਿਆ ਇਕਰਾਰ, (2) ਮੂਸਾ ਰਾਹੀਂ ਕੀਤਾ ਗਿਆ ਇਕਰਾਰ, (3) ਦਾਊਦ ਨਾਲ ਕੀਤਾ ਗਿਆ ਇਕਰਾਰ, (4) ਮਲਕਿਸਿਦਕ ਵਾਂਗ ਪੁਜਾਰੀ ਦਾ ਇਕਰਾਰ, (5) ਨਵਾਂ ਇਕਰਾਰ ਅਤੇ (6) ਰਾਜ ਦਾ ਇਕਰਾਰ। ਆਓ ਆਪਾਂ ਦੇਖੀਏ ਕਿ ਹਰ ਇਕਰਾਰ ਦਾ ਇਸ ਰਾਜ ਨਾਲ ਕੀ ਸੰਬੰਧ ਹੈ ਅਤੇ ਇਨ੍ਹਾਂ ਰਾਹੀਂ ਪਰਮੇਸ਼ੁਰ ਦਾ ਮਕਸਦ ਕਿਵੇਂ ਪੂਰਾ ਹੁੰਦਾ ਹੈ।—“ਪਰਮੇਸ਼ੁਰ ਆਪਣਾ ਮਕਸਦ ਕਿਵੇਂ ਪੂਰਾ ਕਰੇਗਾ?” ਨਾਂ ਦਾ ਚਾਰਟ ਦੇਖੋ।
ਪਰਮੇਸ਼ੁਰ ਦੇ ਮਕਸਦ ਦੀ ਪੂਰਤੀ ਬਾਰੇ ਦੱਸਣ ਵਾਲਾ ਇਕ ਵਾਅਦਾ
4. ਉਤਪਤ ਦੀ ਕਿਤਾਬ ਮੁਤਾਬਕ ਯਹੋਵਾਹ ਨੇ ਇਨਸਾਨਾਂ ਦੇ ਸੰਬੰਧ ਵਿਚ ਕਿਹੜੇ ਫ਼ਰਮਾਨ ਜਾਰੀ ਕੀਤੇ ਸਨ?
4 ਇਨਸਾਨਾਂ ਦੇ ਰਹਿਣ ਲਈ ਸੋਹਣੀ ਧਰਤੀ ਬਣਾਉਣ ਤੋਂ ਬਾਅਦ ਯਹੋਵਾਹ ਨੇ ਇਨਸਾਨਾਂ ਦੇ ਸੰਬੰਧ ਵਿਚ ਤਿੰਨ ਫ਼ਰਮਾਨ ਜਾਰੀ ਕੀਤੇ। ਪਹਿਲਾ ਫ਼ਰਮਾਨ ਇਹ ਸੀ ਕਿ ਪਰਮੇਸ਼ੁਰ ਆਪਣੇ ਸਰੂਪ ʼਤੇ ਇਨਸਾਨਾਂ ਨੂੰ ਬਣਾਵੇਗਾ। ਦੂਜਾ ਇਹ ਸੀ ਕਿ ਇਨਸਾਨ ਪੂਰੀ ਧਰਤੀ ਨੂੰ ਸੋਹਣੇ ਬਾਗ਼ ਵਰਗੀ ਬਣਾਉਣ ਤੇ ਇਸ ਨੂੰ ਆਪਣੇ ਨੇਕ ਬੱਚਿਆਂ ਨਾਲ ਭਰਨ। ਤੀਸਰਾ ਇਹ ਸੀ ਕਿ ਇਨਸਾਨ ਭਲੇ-ਬੁਰੇ ਦੇ ਗਿਆਨ ਦੇ ਦਰਖ਼ਤ ਦਾ ਫਲ ਨਾ ਖਾਣ। (ਉਤ. 1:26, 28; 2:16, 17) ਇਨ੍ਹਾਂ ਤੋਂ ਇਲਾਵਾ ਹੋਰ ਫ਼ਰਮਾਨਾਂ ਦੀ ਲੋੜ ਨਹੀਂ ਸੀ। ਆਦਮ ਨੂੰ ਬਣਾਉਣ ਤੋਂ ਬਾਅਦ ਪਰਮੇਸ਼ੁਰ ਦੇ ਮਕਸਦ ਦੀ ਪੂਰਤੀ ਲਈ ਬਾਕੀ ਦੋ ਫ਼ਰਮਾਨਾਂ ਦੀ ਪਾਲਣਾ ਕਰਨ ਦੀ ਲੋੜ ਸੀ। ਤਾਂ ਫਿਰ ਪਰਮੇਸ਼ੁਰ ਨੂੰ ਕੁਝ ਇਕਰਾਰ ਕਰਨ ਦੀ ਲੋੜ ਕਿਉਂ ਪਈ?
5, 6. (ੳ) ਸ਼ੈਤਾਨ ਨੇ ਯਹੋਵਾਹ ਦੇ ਮਕਸਦ ਵਿਚ ਰੁਕਾਵਟ ਪਾਉਣ ਦੀ ਕਿਵੇਂ ਕੋਸ਼ਿਸ਼ ਕੀਤੀ? (ਅ) ਯਹੋਵਾਹ ਨੇ ਸ਼ੈਤਾਨ ਦੀ ਚੁਣੌਤੀ ਦਾ ਕਿਵੇਂ ਜਵਾਬ ਦਿੱਤਾ?
5 ਯਹੋਵਾਹ ਦੇ ਮਕਸਦ ਵਿਚ ਰੁਕਾਵਟ ਪਾਉਣ ਲਈ ਸ਼ੈਤਾਨ ਨੇ ਬਗਾਵਤ ਦੀ ਚੰਗਿਆੜੀ ਭੜਕਾਈ। ਉਸ ਨੂੰ ਪਤਾ ਸੀ ਕਿ ਇਨਸਾਨ ਤੋਂ ਭਲੇ-ਬੁਰੇ ਦੇ ਗਿਆਨ ਦੇ ਦਰਖ਼ਤ ਦਾ ਫਲ ਨਾ ਖਾਣ ਦੇ ਫ਼ਰਮਾਨ ਦੀ ਉਲੰਘਣਾ ਕਰਵਾਉਣੀ ਸਭ ਤੋਂ ਆਸਾਨ ਸੀ। ਇਸ ਕਰਕੇ ਉਸ ਨੇ ਹੱਵਾਹ ਨੂੰ ਉਸ ਦਰਖ਼ਤ ਦਾ ਫਲ ਖਾਣ ਲਈ ਭਰਮਾਇਆ। (ਉਤ. 3:1-5; ਪ੍ਰਕਾ. 12:9) ਇਸ ਤਰ੍ਹਾਂ ਕਰਕੇ ਸ਼ੈਤਾਨ ਨੇ ਪਰਮੇਸ਼ੁਰ ਦੇ ਰਾਜ ਕਰਨ ਦੇ ਹੱਕ ਨੂੰ ਚੁਣੌਤੀ ਦਿੱਤੀ। ਬਾਅਦ ਵਿਚ ਸ਼ੈਤਾਨ ਨੇ ਇਨਸਾਨਾਂ ʼਤੇ ਵੀ ਦੋਸ਼ ਲਾਇਆ ਕਿ ਉਹ ਆਪਣੇ ਸੁਆਰਥ ਲਈ ਪਰਮੇਸ਼ੁਰ ਦੀ ਭਗਤੀ ਕਰਦੇ ਹਨ।—ਅੱਯੂ. 1:9-11; 2:4, 5.
6 ਯਹੋਵਾਹ ਨੇ ਸ਼ੈਤਾਨ ਦੀ ਚੁਣੌਤੀ ਦਾ ਜਵਾਬ ਕਿਵੇਂ ਦਿੱਤਾ? ਜੇ ਉਹ ਚਾਹੁੰਦਾ, ਤਾਂ ਬਾਗ਼ੀਆਂ ਨੂੰ ਤੁਰੰਤ ਖ਼ਤਮ ਕਰ ਕੇ ਬਗਾਵਤ ਨੂੰ ਦਬਾ ਸਕਦਾ ਸੀ। ਪਰ ਇਸ ਤਰ੍ਹਾਂ ਕਰਨ ਨਾਲ ਪਰਮੇਸ਼ੁਰ ਦਾ ਧਰਤੀ ਨੂੰ ਆਦਮ ਤੇ ਹੱਵਾਹ ਦੀ ਆਗਿਆਕਾਰ ਸੰਤਾਨ ਨਾਲ ਭਰਨ ਦਾ ਮਕਸਦ ਅਧੂਰਾ ਰਹਿ ਜਾਣਾ ਸੀ। ਉਸੇ ਵੇਲੇ ਬਾਗ਼ੀਆਂ ਨੂੰ ਖ਼ਤਮ ਕਰਨ ਦੀ ਬਜਾਇ, ਸਾਡੇ ਬੁੱਧੀਮਾਨ ਸਿਰਜਣਹਾਰ ਨੇ ਅਦਨ ਦੇ ਬਾਗ਼ ਵਿਚ ਇਕ ਵਾਅਦਾ ਕਰਦੇ ਹੋਏ ਭਵਿੱਖਬਾਣੀ ਕੀਤੀ ਕਿ ਉਸ ਦੇ ਮਕਸਦ ਦੀ ਇਕ-ਇਕ ਗੱਲ ਪੂਰੀ ਹੋਵੇਗੀ।—ਉਤਪਤ 3:15 ਪੜ੍ਹੋ।
7. ਅਦਨ ਦੇ ਬਾਗ਼ ਵਿਚ ਕੀਤੇ ਗਏ ਵਾਅਦੇ ਤੋਂ ਸ਼ੈਤਾਨ ਅਤੇ ਉਸ ਦੀ ਸੰਤਾਨ ਦੇ ਅੰਜਾਮ ਬਾਰੇ ਕੀ ਪਤਾ ਲੱਗਦਾ ਹੈ?
7 ਅਦਨ ਦੇ ਬਾਗ਼ ਵਿਚ ਕੀਤੇ ਵਾਅਦੇ ਰਾਹੀਂ ਯਹੋਵਾਹ ਨੇ ਸ਼ੈਤਾਨ ਅਤੇ ਉਸ ਦੀ ਸੰਤਾਨ ਯਾਨੀ ਉਨ੍ਹਾਂ ਸਾਰਿਆਂ ਦੇ ਖ਼ਿਲਾਫ਼ ਸਜ਼ਾ ਸੁਣਾਈ ਜੋ ਸ਼ੈਤਾਨ ਦਾ ਪੱਖ ਲੈਣਗੇ। ਸੱਚੇ ਪਰਮੇਸ਼ੁਰ ਨੇ ਸ਼ੈਤਾਨ ਨੂੰ ਖ਼ਤਮ ਕਰਨ ਦਾ ਅਧਿਕਾਰ ਆਪਣੀ ਸਵਰਗੀ ਤੀਵੀਂ ਦੀ ਸੰਤਾਨ ਨੂੰ ਦਿੱਤਾ। ਇਸ ਤਰ੍ਹਾਂ ਅਦਨ ਦੇ ਬਾਗ਼ ਵਿਚ ਕੀਤੇ ਗਏ ਵਾਅਦੇ ਤੋਂ ਸਿਰਫ਼ ਇਹੀ ਪਤਾ ਨਹੀਂ ਲੱਗਦਾ ਕਿ ਬਗਾਵਤ ਕਰਨ ਵਾਲੇ ਨੂੰ ਅਤੇ ਬਗਾਵਤ ਦੇ ਮਾੜੇ ਅਸਰਾਂ ਨੂੰ ਖ਼ਤਮ ਕੀਤਾ ਜਾਵੇਗਾ, ਸਗੋਂ ਇਹ ਵੀ ਪਤਾ ਲੱਗਦਾ ਹੈ ਕਿ ਇਹ ਸਭ ਕੁਝ ਕਿਸ ਤਰ੍ਹਾਂ ਹੋਵੇਗਾ।
8. ਤੀਵੀਂ ਅਤੇ ਉਸ ਦੀ ਸੰਤਾਨ ਦੀ ਪਛਾਣ ਬਾਰੇ ਕੀ ਕਿਹਾ ਜਾ ਸਕਦਾ ਹੈ?
8 ਤੀਵੀਂ ਦੀ ਸੰਤਾਨ ਕੌਣ ਸਾਬਤ ਹੋਵੇਗੀ? ਸ਼ੈਤਾਨ ਇਕ ਸਵਰਗੀ ਪ੍ਰਾਣੀ ਹੈ ਜਿਸ ਕਰਕੇ ਉਸ ਨੂੰ ‘ਖ਼ਤਮ ਕਰਨ’ ਵਾਲੀ ਸੰਤਾਨ ਵੀ ਸਵਰਗੀ ਪ੍ਰਾਣੀ ਹੋਣੀ ਚਾਹੀਦੀ ਹੈ। (ਇਬ. 2:14) ਇਸੇ ਤਰ੍ਹਾਂ ਇਸ ਸੰਤਾਨ ਨੂੰ ਜਨਮ ਦੇਣ ਵਾਲੀ ਤੀਵੀਂ ਵੀ ਸਵਰਗੀ ਪ੍ਰਾਣੀ ਹੈ। ਭਾਵੇਂ ਕਿ ਸ਼ੈਤਾਨ ਦੀ ਸੰਤਾਨ ਤਾਂ ਵਧਦੀ ਗਈ, ਪਰ ਅਦਨ ਦੇ ਬਾਗ਼ ਵਿਚ ਵਾਅਦਾ ਕੀਤੇ ਜਾਣ ਤੋਂ ਬਾਅਦ ਲਗਭਗ 4,000 ਸਾਲ ਤਕ ਤੀਵੀਂ ਤੇ ਉਸ ਦੀ ਸੰਤਾਨ ਦੀ ਪਛਾਣ ਇਕ ਰਾਜ਼ ਰਹੀ। ਇਸ ਸਮੇਂ ਦੌਰਾਨ ਯਹੋਵਾਹ ਨੇ ਕੁਝ ਇਕਰਾਰ ਕੀਤੇ ਜਿਨ੍ਹਾਂ ਰਾਹੀਂ ਸੰਤਾਨ ਦੀ ਪਛਾਣ ਹੋਈ ਅਤੇ ਉਸ ਦੇ ਸੇਵਕਾਂ ਨੂੰ ਭਰੋਸਾ ਹੋਇਆ ਕਿ ਇਸ ਸੰਤਾਨ ਦੇ ਜ਼ਰੀਏ ਪਰਮੇਸ਼ੁਰ ਸ਼ੈਤਾਨ ਦੁਆਰਾ ਇਨਸਾਨਾਂ ਉੱਤੇ ਲਿਆਂਦੇ ਸਾਰੇ ਦੁੱਖਾਂ ਨੂੰ ਖ਼ਤਮ ਕਰੇਗਾ।
ਸੰਤਾਨ ਦੀ ਪਛਾਣ ਕਰਾਉਣ ਵਾਲਾ ਇਕਰਾਰ
9. ਅਬਰਾਹਾਮ ਨਾਲ ਕੀਤਾ ਇਕਰਾਰ ਕਦੋਂ ਲਾਗੂ ਹੋਇਆ ਸੀ?
9 ਸ਼ੈਤਾਨ ਨੂੰ ਸਜ਼ਾ ਸੁਣਾਉਣ ਤੋਂ ਲਗਭਗ 2,000 ਸਾਲ ਬਾਅਦ ਯਹੋਵਾਹ ਨੇ ਅਬਰਾਹਾਮ ਨੂੰ ਹੁਕਮ ਦਿੱਤਾ ਕਿ ਉਹ ਮੈਸੋਪੋਟਾਮੀਆ ਦੇ ਊਰ ਸ਼ਹਿਰ ਵਿਚ ਆਪਣਾ ਘਰ ਛੱਡ ਕੇ ਕਨਾਨ ਦੇਸ਼ ਚਲਾ ਜਾਵੇ। (ਰਸੂ. 7:2, 3) ਯਹੋਵਾਹ ਨੇ ਉਸ ਨੂੰ ਕਿਹਾ: “ਤੂੰ ਆਪਣੇ ਦੇਸ ਤੋਂ ਅਰ ਆਪਣੇ ਸਾਕਾਂ ਤੋਂ ਅਰ ਆਪਣੇ ਪਿਤਾ ਦੇ ਘਰ ਤੋਂ ਉਸ ਦੇਸ ਨੂੰ ਜੋ ਮੈਂ ਤੈਨੂੰ ਵਿਖਾਵਾਂਗਾ ਨਿੱਕਲ ਤੁਰ। ਅਤੇ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਅਰ ਮੈਂ ਤੈਨੂੰ ਅਸੀਸ ਦਿਆਂਗਾ ਅਰ ਮੈਂ ਤੇਰਾ ਨਾਉਂ ਵੱਡਾ ਕਰਾਂਗਾ ਅਰ ਤੂੰ ਬਰਕਤ ਦਾ ਕਾਰਨ ਹੋ। ਜੋ ਤੈਨੂੰ ਅਸੀਸ ਦਿੰਦੇ ਹਨ ਮੈਂ ਉਨ੍ਹਾਂ ਨੂੰ ਅਸੀਸ ਦਿਆਂਗਾ ਅਤੇ ਜੋ ਤੈਨੂੰ ਤੁੱਛ ਜਾਣਦਾ ਹੈ ਮੈਂ ਉਹ ਨੂੰ ਸਰਾਪ ਦਿਆਂਗਾ ਅਤੇ ਤੇਰੇ ਕਾਰਨ ਸਰਿਸ਼ਟੀ ਦੇ ਸਾਰੇ ਘਰਾਣੇ ਮੁਬਾਰਕ ਹੋਣਗੇ।” (ਉਤ. 12:1-3) ਯਹੋਵਾਹ ਨੇ ਅਬਰਾਹਾਮ ਨਾਲ ਜੋ ਇਕਰਾਰ ਕੀਤਾ ਸੀ, ਉਸ ਦਾ ਬਾਈਬਲ ਵਿਚ ਇੱਥੇ ਪਹਿਲੀ ਵਾਰ ਜ਼ਿਕਰ ਕੀਤਾ ਗਿਆ ਹੈ। ਸਾਨੂੰ ਇਹ ਨਹੀਂ ਪਤਾ ਕਿ ਯਹੋਵਾਹ ਨੇ ਅਬਰਾਹਾਮ ਨਾਲ ਕਦੋਂ ਇਕਰਾਰ ਕੀਤਾ ਸੀ। ਪਰ ਇਹ 1943 ਈਸਵੀ ਪੂਰਵ ਵਿਚ ਲਾਗੂ ਹੋਇਆ ਜਦੋਂ 75 ਸਾਲ ਦੀ ਉਮਰ ਵਿਚ ਅਬਰਾਹਾਮ ਨੇ ਹਾਰਾਨ ਦਾ ਇਲਾਕਾ ਛੱਡ ਕੇ ਫ਼ਰਾਤ ਦਰਿਆ ਪਾਰ ਕੀਤਾ ਸੀ।
10. (ੳ) ਅਬਰਾਹਾਮ ਨੇ ਪਰਮੇਸ਼ੁਰ ਦੇ ਵਾਅਦਿਆਂ ਉੱਤੇ ਆਪਣੀ ਪੱਕੀ ਨਿਹਚਾ ਦਾ ਕਿਵੇਂ ਸਬੂਤ ਦਿੱਤਾ? (ਅ) ਯਹੋਵਾਹ ਨੇ ਹੌਲੀ-ਹੌਲੀ ਤੀਵੀਂ ਦੀ ਸੰਤਾਨ ਦੀ ਪਛਾਣ ਬਾਰੇ ਕਿਹੜੀਆਂ ਗੱਲਾਂ ਦੱਸੀਆਂ?
10 ਯਹੋਵਾਹ ਨੇ ਇਸ ਵਾਅਦੇ ਬਾਰੇ ਅਬਰਾਹਾਮ ਨਾਲ ਕਈ ਵਾਰ ਗੱਲ ਕੀਤੀ ਤੇ ਉਸ ਨੂੰ ਇਸ ਸੰਬੰਧੀ ਹੋਰ ਗੱਲਾਂ ਦੱਸੀਆਂ। (ਉਤ. 13:15-17; 17:1-8, 16) ਪਰਮੇਸ਼ੁਰ ਦੇ ਵਾਅਦਿਆਂ ਉੱਤੇ ਅਬਰਾਹਾਮ ਦੀ ਨਿਹਚਾ ਇੰਨੀ ਪੱਕੀ ਸੀ ਕਿ ਉਹ ਆਪਣੇ ਇਕਲੌਤੇ ਪੁੱਤਰ ਦੀ ਕੁਰਬਾਨੀ ਦੇਣ ਲਈ ਵੀ ਤਿਆਰ ਹੋ ਗਿਆ ਸੀ। ਉਸ ਦੀ ਨਿਹਚਾ ਦੇਖ ਕੇ ਯਹੋਵਾਹ ਨੇ ਆਪਣੇ ਇਕਰਾਰ ਨੂੰ ਹੋਰ ਪੱਕਾ ਕਰਨ ਲਈ ਇਹ ਗਾਰੰਟੀ ਦਿੱਤੀ ਕਿ ਉਸ ਦਾ ਵਾਅਦਾ ਹਰ ਹਾਲ ਵਿਚ ਪੂਰਾ ਹੋਵੇਗਾ। (ਉਤਪਤ 22:15-18; ਇਬਰਾਨੀਆਂ 11:17, 18 ਪੜ੍ਹੋ।) ਅਬਰਾਹਾਮ ਨਾਲ ਕੀਤਾ ਇਕਰਾਰ ਲਾਗੂ ਹੋਣ ਤੋਂ ਬਾਅਦ ਯਹੋਵਾਹ ਨੇ ਹੌਲੀ-ਹੌਲੀ ਤੀਵੀਂ ਦੀ ਸੰਤਾਨ ਦੀ ਪਛਾਣ ਬਾਰੇ ਜ਼ਰੂਰੀ ਗੱਲਾਂ ਦੱਸਣੀਆਂ ਸ਼ੁਰੂ ਕੀਤੀਆਂ। ਮਿਸਾਲ ਲਈ, ਇਹ ਸੰਤਾਨ ਅਬਰਾਹਾਮ ਦੀ ਪੀੜ੍ਹੀ ਵਿਚ ਪੈਦਾ ਹੋਵੇਗੀ, ਇਸ ਦੀ ਗਿਣਤੀ ਬਹੁਤ ਹੋਵੇਗੀ, ਇਹ ਰਾਜ ਕਰੇਗੀ, ਸਾਰੇ ਦੁਸ਼ਮਣਾਂ ਨੂੰ ਖ਼ਤਮ ਕਰੇਗੀ ਅਤੇ ਇਸ ਰਾਹੀਂ ਬਹੁਤ ਸਾਰੇ ਲੋਕਾਂ ਨੂੰ ਬਰਕਤਾਂ ਮਿਲਣਗੀਆਂ।
11, 12. ਬਾਈਬਲ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਅਬਰਾਹਾਮ ਦੇ ਇਕਰਾਰ ਦੀ ਵੱਡੀ ਪੂਰਤੀ ਹੋਵੇਗੀ ਅਤੇ ਇਸ ਤੋਂ ਸਾਨੂੰ ਕੀ ਫ਼ਾਇਦਾ ਹੋਵੇਗਾ?
11 ਅਬਰਾਹਾਮ ਨਾਲ ਕੀਤਾ ਇਕਰਾਰ ਪਹਿਲਾਂ ਉਦੋਂ ਪੂਰਾ ਹੋਇਆ ਸੀ ਜਦੋਂ ਉਸ ਦੀ ਔਲਾਦ ਨੂੰ ਵਾਅਦਾ ਕੀਤਾ ਹੋਇਆ ਦੇਸ਼ ਮਿਲਿਆ। ਪਰ ਬਾਈਬਲ ਵਿਚ ਦੱਸਿਆ ਹੈ ਕਿ ਭਵਿੱਖ ਵਿਚ ਇਸ ਇਕਰਾਰ ਦੀ ਵੱਡੀ ਪੂਰਤੀ ਵੀ ਹੋਵੇਗੀ। (ਗਲਾ. 4:22-25) ਪੌਲੁਸ ਰਸੂਲ ਨੇ ਸਮਝਾਇਆ ਕਿ ਇਸ ਵੱਡੀ ਪੂਰਤੀ ਮੁਤਾਬਕ ਅਬਰਾਹਾਮ ਦੀ ਸੰਤਾਨ ਮੁੱਖ ਤੌਰ ਤੇ ਮਸੀਹ ਹੈ ਅਤੇ ਇਸ ਸੰਤਾਨ ਵਿਚ ਪਵਿੱਤਰ ਸ਼ਕਤੀ ਨਾਲ ਚੁਣੇ ਹੋਏ 1,44,000 ਮਸੀਹੀ ਵੀ ਸ਼ਾਮਲ ਹਨ। (ਗਲਾ. 3:16, 29; ਪ੍ਰਕਾ. 5:9, 10; 14:1, 4) ਸੰਤਾਨ ਨੂੰ ਜਨਮ ਦੇਣ ਵਾਲੀ ਤੀਵੀਂ “ਸਵਰਗੀ ਯਰੂਸ਼ਲਮ” ਯਾਨੀ ਪਰਮੇਸ਼ੁਰ ਦੇ ਸੰਗਠਨ ਦਾ ਸਵਰਗੀ ਹਿੱਸਾ ਹੈ ਜਿਸ ਵਿਚ ਵਫ਼ਾਦਾਰ ਸਵਰਗੀ ਪ੍ਰਾਣੀ ਹਨ। (ਗਲਾ. 4:26, 31) ਜਿਵੇਂ ਅਬਰਾਹਾਮ ਨਾਲ ਕੀਤੇ ਇਕਰਾਰ ਵਿਚ ਵਾਅਦਾ ਕੀਤਾ ਗਿਆ ਸੀ, ਤੀਵੀਂ ਦੀ ਸੰਤਾਨ ਰਾਹੀਂ ਮਨੁੱਖਜਾਤੀ ਨੂੰ ਬਰਕਤਾਂ ਮਿਲਣਗੀਆਂ।
12 ਅਬਰਾਹਾਮ ਨਾਲ ਕੀਤਾ ਇਕਰਾਰ ਗਾਰੰਟੀ ਦਿੰਦਾ ਹੈ ਕਿ ਸਵਰਗ ਵਿਚ ਰਾਜ ਜ਼ਰੂਰ ਸਥਾਪਿਤ ਹੋਵੇਗਾ ਅਤੇ ਰਾਜੇ ਤੇ ਉਸ ਦੇ ਨਾਲ ਰਾਜ ਕਰਨ ਵਾਲੇ ਹੋਰ ਲੋਕਾਂ ਲਈ ਹਕੂਮਤ ਕਰਨ ਦਾ ਰਾਹ ਖੁੱਲ੍ਹੇਗਾ। (ਇਬ. 6:13-18) ਇਹ ਇਕਰਾਰ ਕਿੰਨਾ ਚਿਰ ਰਹੇਗਾ? ਉਤਪਤ 17:7 ਮੁਤਾਬਕ ਇਹ “ਅਨੰਤ ਨੇਮ” ਹੈ ਯਾਨੀ ਇਹ ਹਮੇਸ਼ਾ ਰਹੇਗਾ। ਇਹ ਉਦੋਂ ਤਕ ਰਹੇਗਾ ਜਦੋਂ ਤਕ ਯਿਸੂ ਮਸੀਹ ਆਪਣੇ ਰਾਜ ਵਿਚ ਪਰਮੇਸ਼ੁਰ ਦੇ ਸਾਰੇ ਦੁਸ਼ਮਣਾਂ ਦਾ ਖ਼ਾਤਮਾ ਨਹੀਂ ਕਰ ਦਿੰਦਾ ਅਤੇ ਧਰਤੀ ਉੱਤੇ ਸਾਰੇ ਇਨਸਾਨਾਂ ਨੂੰ ਬਰਕਤਾਂ ਨਹੀਂ ਮਿਲ ਜਾਂਦੀਆਂ। (1 ਕੁਰਿੰ. 15:23-26) ਅਸਲ ਵਿਚ ਉਸ ਵੇਲੇ ਧਰਤੀ ਉੱਤੇ ਜਿਹੜੇ ਲੋਕ ਜੀਉਣਗੇ, ਉਨ੍ਹਾਂ ਨੂੰ ਇਸ ਇਕਰਾਰ ਤੋਂ ਹਮੇਸ਼ਾ ਫ਼ਾਇਦੇ ਹੋਣਗੇ। ਅਬਰਾਹਾਮ ਨਾਲ ਕੀਤਾ ਇਹ ਇਕਰਾਰ ਦਿਖਾਉਂਦਾ ਹੈ ਕਿ ਯਹੋਵਾਹ ਨੇ ਆਪਣਾ ਮਕਸਦ ਪੂਰਾ ਕਰਨ ਅਤੇ ਨੇਕ ਇਨਸਾਨਾਂ ਨਾਲ ‘ਧਰਤੀ ਨੂੰ ਭਰਨ’ ਦਾ ਪੱਕਾ ਇਰਾਦਾ ਕੀਤਾ ਹੈ।—ਉਤ. 1:28.
ਇਕ ਇਕਰਾਰ ਜੋ ਗਾਰੰਟੀ ਦਿੰਦਾ ਹੈ ਕਿ ਰਾਜ ਹਮੇਸ਼ਾ ਰਹੇਗਾ
13, 14. ਦਾਊਦ ਨਾਲ ਕੀਤਾ ਗਿਆ ਇਕਰਾਰ ਮਸੀਹ ਦੇ ਰਾਜ ਬਾਰੇ ਕੀ ਗਾਰੰਟੀ ਦਿੰਦਾ ਹੈ?
13 ਅਦਨ ਵਿਚ ਕੀਤੇ ਗਏ ਵਾਅਦੇ ਅਤੇ ਅਬਰਾਹਾਮ ਨਾਲ ਕੀਤੇ ਇਕਰਾਰ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦੀ ਹਕੂਮਤ ਦੀ ਨੀਂਹ ਉਸ ਦੇ ਧਰਮੀ ਅਸੂਲਾਂ ਉੱਤੇ ਟਿਕੀ ਹੋਈ ਹੈ। ਇਸ ਲਈ ਮਸੀਹ ਦਾ ਰਾਜ ਵੀ ਉਨ੍ਹਾਂ ਧਰਮੀ ਅਸੂਲਾਂ ਉੱਤੇ ਟਿਕਿਆ ਹੋਇਆ ਹੈ। (ਜ਼ਬੂ. 89:14) ਕੀ ਮਸੀਹ ਦਾ ਰਾਜ ਕਦੀ ਭ੍ਰਿਸ਼ਟ ਹੋਵੇਗਾ ਤੇ ਇਸ ਨੂੰ ਹਟਾਉਣ ਦੀ ਲੋੜ ਪਵੇਗੀ? ਆਓ ਇਕ ਹੋਰ ਇਕਰਾਰ ʼਤੇ ਗੌਰ ਕਰੀਏ ਜੋ ਇਸ ਗੱਲ ਦੀ ਗਾਰੰਟੀ ਦਿੰਦਾ ਹੈ ਕਿ ਇਸ ਤਰ੍ਹਾਂ ਕਦੀ ਨਹੀਂ ਹੋਵੇਗਾ।
14 ਧਿਆਨ ਦਿਓ ਯਹੋਵਾਹ ਨੇ ਪੁਰਾਣੇ ਇਜ਼ਰਾਈਲ ਦੇ ਰਾਜਾ ਦਾਊਦ ਨਾਲ ਇਕਰਾਰ ਕਰ ਕੇ ਕੀ ਵਾਅਦਾ ਕੀਤਾ ਸੀ। (2 ਸਮੂਏਲ 7:12, 16 ਪੜ੍ਹੋ।) ਯਹੋਵਾਹ ਨੇ ਦਾਊਦ ਨਾਲ ਇਕਰਾਰ ਉਦੋਂ ਕੀਤਾ ਸੀ ਜਦੋਂ ਉਹ ਯਰੂਸ਼ਲਮ ਵਿਚ ਰਾਜ ਕਰ ਰਿਹਾ ਸੀ। ਪਰਮੇਸ਼ੁਰ ਨੇ ਉਸ ਨਾਲ ਵਾਅਦਾ ਕੀਤਾ ਕਿ ਮਸੀਹ ਉਸ ਦੀ ਪੀੜ੍ਹੀ ਵਿਚ ਪੈਦਾ ਹੋਵੇਗਾ। (ਲੂਕਾ 1:30-33) ਇਸ ਤਰ੍ਹਾਂ, ਯਹੋਵਾਹ ਨੇ ਇਹ ਗੱਲ ਹੋਰ ਸਾਫ਼ ਕਰ ਦਿੱਤੀ ਕਿ ਸੰਤਾਨ ਕਿਹਦੀ ਪੀੜ੍ਹੀ ਵਿਚ ਪੈਦਾ ਹੋਵੇਗੀ ਅਤੇ ਦਾਊਦ ਦੇ ਇਕ ਵਾਰਸ ਕੋਲ ਮਸੀਹ ਦੇ ਰਾਜ ਦੇ ਸਿੰਘਾਸਣ ਉੱਤੇ ਬੈਠਣ ਦਾ “ਹੱਕ” ਹੋਵੇਗਾ। (ਹਿਜ਼. 21:25-27) ਯਿਸੂ ਰਾਹੀਂ ਦਾਊਦ ਦੀ ਰਾਜ-ਗੱਦੀ ਹਮੇਸ਼ਾ “ਕਾਇਮ ਰਹੇਗੀ।” ਦਾਊਦ ਦੀ ਸੰਤਾਨ ‘ਅੰਤਕਾਲ ਤੀਕ, ਅਤੇ ਉਹ ਦੀ ਰਾਜ ਗੱਦੀ ਸੂਰਜ ਵਾਂਙੁ ਬਣੀ ਰਹੇਗੀ।’ (ਜ਼ਬੂ. 89:34-37) ਜੀ ਹਾਂ, ਮਸੀਹ ਦਾ ਰਾਜ ਕਦੀ ਭ੍ਰਿਸ਼ਟ ਨਹੀਂ ਹੋਵੇਗਾ ਅਤੇ ਇਸ ਦੁਆਰਾ ਕੀਤੇ ਕੰਮਾਂ ਦੇ ਫ਼ਾਇਦੇ ਮਨੁੱਖਜਾਤੀ ਨੂੰ ਹਮੇਸ਼ਾ ਹੋਣਗੇ।
ਪੁਜਾਰੀ ਦੀ ਲੋੜ ਪੂਰੀ ਕਰਨ ਵਾਲਾ ਇਕਰਾਰ
15-17. ਮਲਕਿਸਿਦਕ ਵਾਂਗ ਪੁਜਾਰੀ ਦੇ ਇਕਰਾਰ ਅਨੁਸਾਰ ਸੰਤਾਨ ਹੋਰ ਕਿੱਦਾਂ ਸੇਵਾ ਕਰੇਗੀ ਅਤੇ ਕਿਉਂ?
15 ਅਬਰਾਹਾਮ ਤੇ ਦਾਊਦ ਨਾਲ ਕੀਤੇ ਗਏ ਇਕਰਾਰਾਂ ਨੇ ਇਸ ਗੱਲ ਦੀ ਗਾਰੰਟੀ ਦਿੱਤੀ ਕਿ ਤੀਵੀਂ ਦੀ ਸੰਤਾਨ ਰਾਜੇ ਵਜੋਂ ਰਾਜ ਕਰੇਗੀ। ਪਰ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਬਰਕਤਾਂ ਦੇਣ ਲਈ ਸਿਰਫ਼ ਰਾਜ ਕਰਨਾ ਹੀ ਕਾਫ਼ੀ ਨਹੀਂ ਹੈ। ਬਰਕਤਾਂ ਪਾਉਣ ਵਾਸਤੇ ਮਨੁੱਖਜਾਤੀ ਨੂੰ ਪਾਪ ਤੋਂ ਮੁਕਤ ਕਰਾ ਕੇ ਯਹੋਵਾਹ ਦੇ ਪਰਿਵਾਰ ਦਾ ਹਿੱਸਾ ਬਣਾਉਣ ਦੀ ਵੀ ਲੋੜ ਹੈ। ਇਸ ਲਈ ਜ਼ਰੂਰੀ ਹੈ ਕਿ ਸੰਤਾਨ ਪੁਜਾਰੀ ਵਜੋਂ ਵੀ ਸੇਵਾ ਕਰੇ। ਸਾਡੇ ਬੁੱਧੀਮਾਨ ਸਿਰਜਣਹਾਰ ਨੇ ਮਲਕਿਸਿਦਕ ਵਾਂਗ ਪੁਜਾਰੀ ਦੇ ਇਕਰਾਰ ਦੇ ਜ਼ਰੀਏ ਇਸ ਦਾ ਪ੍ਰਬੰਧ ਕੀਤਾ ਹੈ।
16 ਰਾਜਾ ਦਾਊਦ ਦੇ ਜ਼ਰੀਏ ਯਹੋਵਾਹ ਨੇ ਜ਼ਾਹਰ ਕੀਤਾ ਕਿ ਉਹ ਯਿਸੂ ਨਾਲ ਇਕ ਇਕਰਾਰ ਕਰੇਗਾ ਜਿਸ ਵਿਚ ਦੋ ਗੱਲਾਂ ਸ਼ਾਮਲ ਹੋਣਗੀਆਂ। ਇਕ ਤਾਂ ਇਹ ਕਿ ਉਹ ਉਦੋਂ ਤਕ ‘ਪਰਮੇਸ਼ੁਰ ਦੇ ਸੱਜੇ ਪਾਸੇ ਬੈਠੇਗਾ’ ਜਦੋਂ ਤਕ ਉਹ ਆਪਣੇ ਦੁਸ਼ਮਣਾਂ ਨੂੰ ਖ਼ਤਮ ਨਹੀਂ ਕਰ ਦਿੰਦਾ। ਦੂਜੀ ਇਹ ਕਿ “ਮਲਕਿ-ਸਿਦਕ ਦੀ ਪਦਵੀ ਦੇ ਅਨੁਸਾਰ ਸਦਾ ਤੀਕ ਦਾ ਜਾਜਕ” ਬਣੇਗਾ। (ਜ਼ਬੂਰਾਂ ਦੀ ਪੋਥੀ 110:1, 2, 4 ਪੜ੍ਹੋ।) “ਮਲਕਿ-ਸਿਦਕ ਦੀ ਪਦਵੀ ਦੇ ਅਨੁਸਾਰ” ਹੀ ਕਿਉਂ? ਕਿਉਂਕਿ ਅਬਰਾਹਾਮ ਦੀ ਸੰਤਾਨ ਨੂੰ ਵਾਅਦਾ ਕੀਤਾ ਹੋਇਆ ਦੇਸ਼ ਮਿਲਣ ਤੋਂ ਬਹੁਤ ਲੰਬਾ ਸਮਾਂ ਪਹਿਲਾਂ ਸ਼ਾਲੇਮ ਦਾ ਰਾਜਾ ਮਲਕਿਸਿਦਕ “ਅੱਤ ਮਹਾਨ ਪਰਮੇਸ਼ੁਰ ਦਾ ਪੁਜਾਰੀ ਸੀ।” (ਇਬ. 7:1-3) ਯਹੋਵਾਹ ਨੇ ਉਸ ਨੂੰ ਆਪ ਪੁਜਾਰੀ ਬਣਾਇਆ ਸੀ। ਇਬਰਾਨੀ ਲਿਖਤਾਂ ਵਿਚ ਸਿਰਫ਼ ਉਸੇ ਦਾ ਜ਼ਿਕਰ ਆਉਂਦਾ ਹੈ ਕਿ ਉਸ ਨੇ ਰਾਜੇ ਅਤੇ ਪੁਜਾਰੀ ਵਜੋਂ ਸੇਵਾ ਕੀਤੀ ਸੀ। ਇਸ ਤੋਂ ਇਲਾਵਾ, ਇਸ ਗੱਲ ਦਾ ਕੋਈ ਰਿਕਾਰਡ ਨਹੀਂ ਕਿ ਉਸ ਤੋਂ ਪਹਿਲਾਂ ਜਾਂ ਬਾਅਦ ਵਿਚ ਕਿਸੇ ਨੇ ਰਾਜੇ ਤੇ ਪੁਜਾਰੀ ਵਜੋਂ ਸੇਵਾ ਕੀਤੀ ਹੋਵੇ, ਇਸ ਲਈ ਕਿਹਾ ਜਾ ਸਕਦਾ ਹੈ ਕਿ ਉਹ “ਹਮੇਸ਼ਾ ਪੁਜਾਰੀ ਰਹਿੰਦਾ ਹੈ।”
17 ਯਹੋਵਾਹ ਨੇ ਯਿਸੂ ਨਾਲ ਇਹ ਇਕਰਾਰ ਕਰ ਕੇ ਉਸ ਨੂੰ ਆਪ ਪੁਜਾਰੀ ਨਿਯੁਕਤ ਕੀਤਾ ਸੀ ਅਤੇ ਉਹ ‘ਮਲਕਿਸਿਦਕ ਵਾਂਗ ਪੁਜਾਰੀ ਹੈ ਤੇ ਹਮੇਸ਼ਾ ਪੁਜਾਰੀ ਰਹੇਗਾ।’ (ਇਬ. 5:4-6) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਆਪ ਗਾਰੰਟੀ ਦਿੱਤੀ ਹੈ ਕਿ ਉਹ ਮਸੀਹ ਦੇ ਰਾਜ ਦੇ ਜ਼ਰੀਏ ਧਰਤੀ ਅਤੇ ਇਨਸਾਨਾਂ ਲਈ ਆਪਣੇ ਮਕਸਦ ਨੂੰ ਜ਼ਰੂਰ ਪੂਰਾ ਕਰੇਗਾ।
ਰਾਜ ਨੂੰ ਜਾਇਜ਼ ਠਹਿਰਾਉਣ ਵਾਲੇ ਕਾਨੂੰਨੀ ਇਕਰਾਰ
18, 19. (ੳ) ਜਿਨ੍ਹਾਂ ਇਕਰਾਰਾਂ ʼਤੇ ਅਸੀਂ ਚਰਚਾ ਕੀਤੀ ਹੈ, ਉਨ੍ਹਾਂ ਤੋਂ ਰਾਜ ਬਾਰੇ ਕੀ ਪਤਾ ਲੱਗਦਾ ਹੈ? (ਅ) ਅਸੀਂ ਕਿਹੜੇ ਸਵਾਲ ਦਾ ਜਵਾਬ ਜਾਣਾਂਗੇ?
18 ਇਸ ਲੇਖ ਵਿਚ ਅਸੀਂ ਜਿਨ੍ਹਾਂ ਇਕਰਾਰਾਂ ʼਤੇ ਗੌਰ ਕੀਤਾ ਹੈ, ਉਨ੍ਹਾਂ ਤੋਂ ਸਾਨੂੰ ਪਤਾ ਲੱਗਾ ਹੈ ਕਿ ਇਨ੍ਹਾਂ ਦਾ ਮਸੀਹ ਦੇ ਰਾਜ ਨਾਲ ਕੀ ਸੰਬੰਧ ਹੈ ਅਤੇ ਇਹ ਰਾਜ ਕਾਨੂੰਨੀ ਇਕਰਾਰਾਂ ਮੁਤਾਬਕ ਪੂਰੀ ਤਰ੍ਹਾਂ ਜਾਇਜ਼ ਹੈ। ਅਦਨ ਦੇ ਬਾਗ਼ ਵਿਚ ਵਾਅਦਾ ਕਰ ਕੇ ਯਹੋਵਾਹ ਨੇ ਗਾਰੰਟੀ ਦਿੱਤੀ ਸੀ ਕਿ ਉਹ ਤੀਵੀਂ ਦੀ ਸੰਤਾਨ ਦੇ ਜ਼ਰੀਏ ਧਰਤੀ ਅਤੇ ਇਨਸਾਨਾਂ ਲਈ ਆਪਣਾ ਮਕਸਦ ਪੂਰਾ ਕਰੇਗਾ। ਅਬਰਾਹਾਮ ਨਾਲ ਕੀਤੇ ਗਏ ਇਕਰਾਰ ਤੋਂ ਪਤਾ ਲੱਗਦਾ ਹੈ ਕਿ ਉਹ ਸੰਤਾਨ ਕੌਣ ਹੈ ਅਤੇ ਕੀ-ਕੀ ਕਰੇਗੀ।
19 ਦਾਊਦ ਨਾਲ ਕੀਤੇ ਗਏ ਇਕਰਾਰ ਤੋਂ ਚੰਗੀ ਤਰ੍ਹਾਂ ਪਤਾ ਲੱਗਿਆ ਕਿ ਸੰਤਾਨ ਕਿਸ ਦੀ ਪੀੜ੍ਹੀ ਵਿਚ ਪੈਦਾ ਹੋਵੇਗੀ। ਨਾਲੇ ਇਹ ਵੀ ਪਤਾ ਲੱਗਾ ਕਿ ਉਸ ਨੂੰ ਧਰਤੀ ਉੱਤੇ ਰਾਜ ਕਰਨ ਦਾ ਹੱਕ ਦਿੱਤਾ ਜਾਵੇਗਾ ਤਾਂਕਿ ਉਸ ਦੇ ਰਾਜ ਦੇ ਕੰਮਾਂ ਦੇ ਫ਼ਾਇਦੇ ਹਮੇਸ਼ਾ ਹੋਣ। ਮਲਕਿਸਿਦਕ ਵਾਂਗ ਪੁਜਾਰੀ ਦੇ ਇਕਰਾਰ ਦੇ ਆਧਾਰ ʼਤੇ ਸੰਤਾਨ ਪੁਜਾਰੀ ਵਜੋਂ ਸੇਵਾ ਕਰੇਗੀ। ਪਰ ਯਿਸੂ ਇਕੱਲਾ ਹੀ ਇਨਸਾਨਾਂ ਨੂੰ ਮੁਕੰਮਲ ਨਹੀਂ ਬਣਾਵੇਗਾ। ਹੋਰ ਲੋਕਾਂ ਨੂੰ ਰਾਜਿਆਂ ਤੇ ਪੁਜਾਰੀਆਂ ਵਜੋਂ ਸੇਵਾ ਕਰਨ ਲਈ ਪਵਿੱਤਰ ਸ਼ਕਤੀ ਨਾਲ ਚੁਣਿਆ ਗਿਆ ਹੈ। ਉਹ ਕੌਣ ਹਨ? ਇਸ ਬਾਰੇ ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ।