“ਪਰਾਹੁਣਚਾਰੀ ਪੁੱਜ ਕੇ ਕਰੋ”
“ਸੰਤਾਂ ਦੀਆਂ ਲੋੜਾਂ ਦੇ ਸਾਂਝੀ ਬਣੋ, ਪਰਾਹੁਣਚਾਰੀ ਪੁੱਜ ਕੇ ਕਰੋ।”—ਰੋਮੀਆਂ 12:13.
1. ਮਾਨਵ ਦੀ ਇਕ ਬੁਨਿਆਦੀ ਲੋੜ ਕੀ ਹੈ, ਅਤੇ ਇਹ ਕਿਵੇਂ ਪ੍ਰਗਟ ਕੀਤੀ ਜਾਂਦੀ ਹੈ?
ਦੇਰ ਰਾਤ ਵੇਲੇ ਇਕ ਓਪਰੇ ਗੁਆਂਢ ਵਿਚ ਇਕ ਸੁਨਸਾਨ ਸੜਕ ਤੇ ਚੱਲਣਾ ਅੱਜਕਲ੍ਹ ਇਕ ਕਸ਼ਟਕਾਰੀ ਅਨੁਭਵ ਹੋ ਸਕਦਾ ਹੈ। ਲੇਕਨ ਇਕ ਭੀੜ ਵਿਚ ਹੋਣਾ ਅਤੇ ਕਿਸੇ ਨਾਲ ਪਰਿਚਿਤ ਨਾ ਹੋਣਾ ਜਾਂ ਪਛਾਣੇ ਨਾ ਜਾਣਾ ਵੀ ਉੱਨਾ ਹੀ ਤਣਾਉ-ਭਰਪੂਰ ਹੋ ਸਕਦਾ ਹੈ। ਸੱਚ-ਮੁੱਚ ਹੀ, ਦੂਜਿਆਂ ਵੱਲੋਂ ਪਰਵਾਹ, ਜ਼ਰੂਰਤ, ਅਤੇ ਪ੍ਰੇਮ ਹਾਸਲ ਕਰਨ ਦੀ ਲੋੜ, ਮਾਨਵ ਸੁਭਾਉ ਦਾ ਇਕ ਅਟੁੱਟ ਭਾਗ ਹੈ। ਕੋਈ ਵੀ ਵਿਅਕਤੀ ਇਹ ਪਸੰਦ ਨਹੀਂ ਕਰਦਾ ਹੈ ਕਿ ਉਸ ਨਾਲ ਇਕ ਓਪਰੇ ਜਾਂ ਬਾਹਰਲੇ ਵਿਅਕਤੀ ਦੇ ਤੌਰ ਤੇ ਵਰਤਾਉ ਕੀਤਾ ਜਾਵੇ।
2. ਯਹੋਵਾਹ ਨੇ ਸੰਗਤ ਦੀ ਸਾਡੀ ਲੋੜ ਦੇ ਲਈ ਕਿਵੇਂ ਪ੍ਰਬੰਧ ਕੀਤਾ ਹੈ?
2 ਸਾਰੀਆਂ ਚੀਜ਼ਾਂ ਦਾ ਬਣਾਉਣ ਵਾਲਾ ਅਤੇ ਸ੍ਰਿਸ਼ਟੀਕਰਤਾ, ਯਹੋਵਾਹ ਪਰਮੇਸ਼ੁਰ, ਸੰਗਤ ਦੇ ਲਈ ਮਾਨਵੀ ਲੋੜ ਤੋਂ ਜਾਣੂ ਹੈ। ਆਪਣੀ ਮਾਨਵ ਸ੍ਰਿਸ਼ਟੀ ਦੇ ਡੀਜ਼ਾਈਨਕਾਰ ਦੇ ਤੌਰ ਤੇ, ਪਰਮੇਸ਼ੁਰ ਆਰੰਭ ਤੋਂ ਹੀ ਜਾਣਦਾ ਸੀ ਕਿ “ਚੰਗਾ ਨਹੀਂ ਕਿ ਆਦਮੀ ਇਕੱਲਾ ਰਹੇ,” ਅਤੇ ਉਸ ਨੇ ਇਸ ਬਾਰੇ ਕੁਝ ਕੀਤਾ। (ਉਤਪਤ 2:18, 21, 22) ਬਾਈਬਲ ਰਿਕਾਰਡ, ਯਹੋਵਾਹ ਅਤੇ ਉਸ ਦੇ ਸੇਵਕਾਂ ਦੇ ਦੁਆਰਾ ਮਾਨਵ ਦੇ ਪ੍ਰਤੀ ਪ੍ਰਗਟ ਕੀਤੀ ਗਈ ਦਿਆਲਗੀ ਦੀਆਂ ਮਿਸਾਲਾਂ ਨਾਲ ਭਰਿਆ ਹੋਇਆ ਹੈ। ਇਹ ਸਾਡੇ ਲਈ ਇਹ ਸਿੱਖਣਾ ਸੰਭਵ ਕਰਦਾ ਹੈ ਕਿ ਕਿਵੇਂ ‘ਪਰਾਹੁਣਚਾਰੀ ਪੁੱਜ ਕੇ ਕਰਨੀ’ ਚਾਹੀਦੀ ਹੈ, ਜਿਸ ਨਾਲ ਦੂਜਿਆਂ ਨੂੰ ਆਨੰਦ ਅਤੇ ਪ੍ਰਸੰਨਤਾ ਅਤੇ ਸਾਨੂੰ ਖ਼ੁਦ ਨੂੰ ਸੰਤੁਸ਼ਟਤਾ ਮਿਲੇ।—ਰੋਮੀਆਂ 12:13.
ਓਪਰਿਆਂ ਦੇ ਲਈ ਪ੍ਰੀਤ
3. ਪਰਾਹੁਣਚਾਰੀ ਦੇ ਬੁਨਿਆਦੀ ਅਰਥ ਦੀ ਵਿਆਖਿਆ ਕਰੋ।
3 ਸ਼ਬਦ “ਪਰਾਹੁਣਚਾਰੀ” ਜਿਸ ਤਰ੍ਹਾਂ ਬਾਈਬਲ ਵਿਚ ਵਰਤਿਆ ਗਿਆ ਹੈ, ਯੂਨਾਨੀ ਸ਼ਬਦ ਫ਼ੀਲੋਜ਼ੇਨੀਆ ਤੋਂ ਅਨੁਵਾਦ ਕੀਤਾ ਗਿਆ ਹੈ, ਜੋ ਕਿ ਉਨ੍ਹਾਂ ਦੋ ਮੂਲ ਸ਼ਬਦਾਂ ਤੋਂ ਬਣਿਆ ਹੈ ਜਿਨ੍ਹਾਂ ਦਾ ਅਰਥ “ਪ੍ਰੇਮ” ਅਤੇ “ਓਪਰਾ” ਹੈ। ਇਸ ਲਈ, ਮੂਲ ਰੂਪ ਵਿਚ ਪਰਾਹੁਣਚਾਰੀ ਦਾ ਅਰਥ ਹੈ “ਓਪਰਿਆਂ ਦੇ ਲਈ ਪ੍ਰੇਮ।” ਪਰੰਤੂ, ਇਹ ਕੇਵਲ ਇਕ ਰਸਮੀ ਕਾਰਵਾਈ ਜਾਂ ਸੁਸ਼ੀਲਤਾ ਦਾ ਮਾਮਲਾ ਨਹੀਂ ਹੈ। ਇਹ ਇਕ ਵਿਅਕਤੀ ਦੀਆਂ ਭਾਵਨਾਵਾਂ ਅਤੇ ਸਨੇਹਾਂ ਨੂੰ ਅੰਤਰਗ੍ਰਸਤ ਕਰਦਾ ਹੈ। ਜੇਮਜ਼ ਸਟਰੌਂਗ ਦੀ ਬਾਈਬਲ ਦੀ ਤਫ਼ਸੀਲੀ ਸ਼ਬਦ-ਅਨੁਕ੍ਰਮਣਿਕਾ (ਅੰਗ੍ਰੇਜ਼ੀ) ਦੇ ਅਨੁਸਾਰ, ਕ੍ਰਿਆ ਫ਼ੀਲੀਓ ਦਾ ਅਰਥ ਹੈ “ਦੇ ਇਕ ਮਿੱਤਰ ਹੋਣਾ ([ਇਕ ਵਿਅਕਤੀ ਜਾਂ ਚੀਜ਼] ਦੇ ਲਈ ਪ੍ਰੀਤ), ਅਰਥਾਤ, ਦੇ ਲਈ ਸਨੇਹ ਰੱਖਣਾ (ਜਜ਼ਬਾਤ ਜਾਂ ਭਾਵਨਾ ਦੇ ਮਾਮਲੇ ਵਿਚ, ਨਿੱਜੀ ਲਗਾਉ ਨੂੰ ਸੂਚਿਤ ਕਰਦਾ ਹੈ)।” ਇਸ ਲਈ, ਪਰਾਹੁਣਚਾਰੀ ਕੇਵਲ ਸਿਧਾਂਤ ਉੱਤੇ ਆਧਾਰਿਤ ਪ੍ਰੇਮ, ਜੋ ਸ਼ਾਇਦ ਫ਼ਰਜ਼ ਵਜੋਂ ਦਿਖਾਈ ਜਾਂਦੀ ਹੈ, ਤੋਂ ਵੱਧ ਅੰਤਰਗ੍ਰਸਤ ਕਰਦੀ ਹੈ। ਇਹ ਆਮ ਤੌਰ ਤੇ ਅਸਲੀ ਪ੍ਰੀਤ, ਸਨੇਹ, ਅਤੇ ਮਿੱਤਰਤਾ ਦਾ ਇਕ ਪ੍ਰਗਟਾਉ ਹੁੰਦੀ ਹੈ।
4. ਪਰਾਹੁਣਚਾਰੀ ਕਿਨ੍ਹਾਂ ਦੇ ਪ੍ਰਤੀ ਪ੍ਰਗਟ ਕੀਤੀ ਜਾਣੀ ਚਾਹੀਦੀ ਹੈ?
4 ਇਸ ਪ੍ਰੀਤ ਅਤੇ ਸਨੇਹ ਨੂੰ ਪ੍ਰਾਪਤ ਕਰਨ ਵਾਲਾ “ਓਪਰਾ” (ਯੂਨਾਨੀ, ਜ਼ੇਨੌਸ) ਹੁੰਦਾ ਹੈ। ਇਹ ਕੌਣ ਹੋ ਸਕਦਾ ਹੈ? ਇਕ ਵਾਰ ਫਿਰ, ਸਟਰੌਂਗ ਦੀ ਸ਼ਬਦ-ਅਨੁਕ੍ਰਮਣਿਕਾ ਸ਼ਬਦ ਜ਼ੇਨੌਸ ਨੂੰ ‘ਵਿਦੇਸ਼ੀ (ਸ਼ਾਬਦਿਕ ਤੌਰ ਤੇ ਪਰਾਇਆ, ਜਾਂ ਲਾਖਣਿਕ ਤੌਰ ਤੇ ਵਿਲੱਖਣ); ਭਾਵ-ਅਰਥ ਅਨੁਸਾਰ ਇਕ ਮਹਿਮਾਨ ਜਾਂ (ਇਸ ਦੇ ਉਲਟ) ਇਕ ਓਪਰਾ’ ਪਰਿਭਾਸ਼ਿਤ ਕਰਦੀ ਹੈ। ਇਸ ਤਰ੍ਹਾਂ ਪਰਾਹੁਣਚਾਰੀ, ਜਿਵੇਂ ਕਿ ਬਾਈਬਲ ਵਿਚ ਮਿਸਾਲ ਪੇਸ਼ ਕੀਤੀ ਗਈ ਹੈ, ਕਿਸੇ ਵਿਅਕਤੀ ਜਿਸ ਦੇ ਲਈ ਅਸੀਂ ਪ੍ਰੀਤ ਰੱਖਦੇ ਹਾਂ, ਦੇ ਪ੍ਰਤੀ ਪ੍ਰਗਟ ਕੀਤੀ ਗਈ ਦਿਆਲਗੀ ਨੂੰ ਪ੍ਰਤਿਬਿੰਬਤ ਕਰ ਸਕਦੀ ਹੈ, ਜਾਂ ਇਹ ਇਕ ਪੂਰਣ ਓਪਰੇ ਦੇ ਪ੍ਰਤੀ ਵੀ ਪੇਸ਼ ਕੀਤੀ ਜਾ ਸਕਦੀ ਹੈ। ਯਿਸੂ ਨੇ ਸਮਝਾਇਆ: “ਜੇ ਤੁਸੀਂ ਉਨ੍ਹਾਂ ਨਾਲ ਹੀ ਪਿਆਰ ਕਰੋ ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਹਨ ਤਾਂ ਤੁਹਾਡਾ ਕੀ ਫਲ ਹੈ? ਭਲਾ, ਮਸੂਲੀਏ ਭੀ ਇਹੋ ਨਹੀਂ ਕਰਦੇ? ਅਤੇ ਜੇਕਰ ਤੁਸੀਂ ਨਿਰਾ ਆਪਣੇ ਭਾਈਆਂ ਨੂੰ ਪਰਨਾਮ ਕਰੋ ਤਾਂ ਤੁਸੀਂ ਕੀ ਵੱਧ ਕਰਦੇ ਹੋ? ਭਲਾ, ਪਰਾਈ ਕੌਮ ਦੇ ਲੋਕ ਭੀ ਇਹੋ ਨਹੀਂ ਕਰਦੇ?” (ਮੱਤੀ 5:46, 47) ਅਸਲੀ ਪਰਾਹੁਣਚਾਰੀ ਪੱਖਪਾਤ ਅਤੇ ਭੈ ਦੇ ਦੁਆਰਾ ਸਥਾਪਿਤ ਕੀਤੇ ਗਏ ਵਿਭਾਜਨ ਅਤੇ ਭੇਦ-ਭਾਵ ਤੋਂ ਪਰੇ ਹੈ।
ਯਹੋਵਾਹ, ਸੰਪੂਰਣ ਮੀਜ਼ਬਾਨ
5, 6. (ੳ) ਯਿਸੂ ਦੇ ਮਨ ਵਿਚ ਕਿਹੜੀ ਗੱਲ ਸੀ ਜਦੋਂ ਉਸ ਨੇ ਕਿਹਾ, “ਤੁਹਾਡਾ ਸੁਰਗੀ ਪਿਤਾ ਸੰਪੂਰਣ ਹੈ”? (ਅ) ਯਹੋਵਾਹ ਦੀ ਉਦਾਰਤਾ ਕਿਵੇਂ ਦੇਖੀ ਜਾਂਦੀ ਹੈ?
5 ਮਾਨਵ ਵੱਲੋਂ ਇਕ ਦੂਜੇ ਦੇ ਪ੍ਰਤੀ ਦਿਖਾਏ ਗਏ ਪ੍ਰੇਮ ਦੀਆਂ ਕਮੀਆਂ ਦੱਸਣ ਮਗਰੋਂ, ਜਿਵੇਂ ਕਿ ਉਪਰੋਕਤ ਹਵਾਲਾ ਦਿੱਤਾ ਗਿਆ ਹੈ, ਯਿਸੂ ਨੇ ਅੱਗੇ ਇਹ ਟਿੱਪਣੀ ਕੀਤੀ: “ਸੋ ਜਿਵੇਂ ਤੁਹਾਡਾ ਸੁਰਗੀ ਪਿਤਾ ਸੰਪੂਰਣ ਹੈ ਤਿਵੇਂ ਤੁਸੀਂ ਵੀ ਸੰਪੂਰਣ ਹੋਵੋ।” (ਮੱਤੀ 5:48) ਬੇਸ਼ੱਕ, ਯਹੋਵਾਹ ਹਰ ਲਿਹਾਜ਼ ਤੋਂ ਸੰਪੂਰਣ ਹੈ। (ਬਿਵਸਥਾ ਸਾਰ 32:4) ਲੇਕਨ, ਯਿਸੂ ਯਹੋਵਾਹ ਦੀ ਸੰਪੂਰਣਤਾ ਦੇ ਇਕ ਖ਼ਾਸ ਪਹਿਲੂ ਨੂੰ ਉਜਾਗਰ ਕਰ ਰਿਹਾ ਸੀ, ਜਿਵੇਂ ਕਿ ਉਸ ਨੇ ਪਹਿਲਾਂ ਵੀ ਕਿਹਾ ਸੀ: “[ਪਰਮੇਸ਼ੁਰ] ਆਪਣਾ ਸੂਰਜ ਬੁਰਿਆਂ ਅਤੇ ਭਲਿਆਂ ਉੱਤੇ ਚਾੜ੍ਹਦਾ ਹੈ ਅਤੇ ਧਰਮੀਆਂ ਅਤੇ ਕੁਧਰਮੀਆਂ ਉੱਤੇ ਮੀਂਹ ਵਰਸਾਉਂਦਾ ਹੈ।” (ਮੱਤੀ 5:45) ਜਦੋਂ ਦਿਆਲਗੀ ਦਿਖਾਉਣ ਦੀ ਗੱਲ ਆਉਂਦੀ ਹੈ, ਤਾਂ ਯਹੋਵਾਹ ਕੋਈ ਪੱਖਪਾਤ ਨਹੀਂ ਕਰਦਾ ਹੈ।
6 ਸ੍ਰਿਸ਼ਟੀਕਰਤਾ ਹੋਣ ਦੇ ਨਾਤੇ, ਯਹੋਵਾਹ ਹਰ ਚੀਜ਼ ਦਾ ਮਾਲਕ ਹੈ। “ਜੰਗਲ ਦੇ ਸਾਰੇ ਦਰਿੰਦੇ ਮੇਰੇ ਹਨ, ਨਾਲੇ ਹਜ਼ਾਰਾਂ ਪਹਾੜਾਂ ਦੇ ਡੰਗਰ। ਪਹਾੜਾਂ ਦੇ ਸਾਰੇ ਪੰਖੇਰੂਆਂ ਨੂੰ ਮੈਂ ਜਾਣਦਾ ਹਾਂ, ਅਤੇ ਰੜ ਦੇ ਜਾਨਵਰ ਮੇਰੇ ਹਨ,” ਯਹੋਵਾਹ ਕਹਿੰਦਾ ਹੈ। (ਜ਼ਬੂਰ 50:10, 11) ਫਿਰ ਵੀ, ਉਹ ਸੁਆਰਥ ਨਾਲ ਆਪਣੇ ਕੋਲ ਕੋਈ ਵੀ ਚੀਜ਼ ਜੋੜ ਕੇ ਹੀ ਨਹੀਂ ਰੱਖਦਾ ਹੈ। ਆਪਣੀ ਉਦਾਰਤਾ ਵਿਚ, ਉਹ ਆਪਣੇ ਸਭ ਜੀਆਂ ਲਈ ਪ੍ਰਬੰਧ ਕਰਦਾ ਹੈ। ਜ਼ਬੂਰਾਂ ਦੇ ਲਿਖਾਰੀ ਨੇ ਯਹੋਵਾਹ ਬਾਰੇ ਕਿਹਾ: “ਤੂੰ ਆਪਣਾ ਹੱਥ ਖੋਲ੍ਹਦਾ ਹੈਂ, ਅਤੇ ਸਾਰੇ ਜੀਆਂ ਦੀ ਇੱਛਿਆ ਪੂਰੀ ਕਰਦਾ ਹੈਂ।”—ਜ਼ਬੂਰ 145:16.
7. ਯਹੋਵਾਹ ਜਿਸ ਤਰ੍ਹਾਂ ਓਪਰਿਆਂ ਅਤੇ ਲੋੜਵੰਦ ਵਿਅਕਤੀਆਂ ਦੇ ਨਾਲ ਵਰਤਾਉ ਕਰਦਾ ਹੈ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
7 ਯਹੋਵਾਹ ਲੋਕਾਂ ਨੂੰ ਉਨ੍ਹਾਂ ਲਈ ਲੋੜੀਂਦੀਆਂ ਚੀਜ਼ਾਂ ਦਿੰਦਾ ਹੈ—ਇੱਥੋਂ ਤਕ ਕਿ ਉਨ੍ਹਾਂ ਲੋਕਾਂ ਨੂੰ ਵੀ ਜੋ ਉਸ ਨੂੰ ਨਹੀਂ ਜਾਣਦੇ ਹਨ, ਜੋ ਉਸ ਲਈ ਓਪਰੇ ਹਨ। ਪੌਲੁਸ ਅਤੇ ਬਰਨਬਾਸ ਨੇ ਲੁਸਤ੍ਰਾ ਦੇ ਸ਼ਹਿਰ ਵਿਚ ਮੂਰਤੀ-ਪੂਜਕਾਂ ਨੂੰ ਚੇਤੇ ਕਰਵਾਇਆ ਕਿ ਯਹੋਵਾਹ “ਨੇ ਆਪ ਨੂੰ ਬਿਨਾਂ ਸਾਖੀ ਨਾ ਰੱਖਿਆ ਇਸ ਲਈ ਜੋ ਉਹ ਨੇ ਭਲਾ ਕੀਤਾ ਅਰ ਅਕਾਸ਼ ਤੋਂ ਵਰਖਾ ਅਤੇ ਫਲ ਦੇਣ ਵਾਲੀਆਂ ਰੁੱਤਾਂ ਤੁਹਾਨੂੰ ਦੇ ਕੇ ਤੁਹਾਡਿਆਂ ਮਨਾਂ ਨੂੰ ਅਹਾਰ ਅਤੇ ਅਨੰਦ ਨਾਲ ਭਰਪੂਰ ਕੀਤਾ।” (ਰਸੂਲਾਂ ਦੇ ਕਰਤੱਬ 14:17) ਖ਼ਾਸ ਕਰਕੇ ਲੋੜਵੰਦ ਵਿਅਕਤੀਆਂ ਦੇ ਪ੍ਰਤੀ, ਯਹੋਵਾਹ ਦਿਆਲੂ ਅਤੇ ਉਦਾਰ ਹੁੰਦਾ ਹੈ। (ਬਿਵਸਥਾ ਸਾਰ 10:17, 18) ਦੂਜਿਆਂ ਨੂੰ ਦਿਆਲਗੀ ਅਤੇ ਉਦਾਰਤਾ ਦਿਖਾਉਣ—ਪਰਾਹੁਣਾਚਾਰ ਹੋਣ ਵਿਚ—ਅਸੀਂ ਯਹੋਵਾਹ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ।
8. ਯਹੋਵਾਹ ਨੇ ਸਾਡੀਆਂ ਅਧਿਆਤਮਿਕ ਲੋੜਾਂ ਨੂੰ ਪੂਰਿਆਂ ਕਰਨ ਵਿਚ ਆਪਣੀ ਉਦਾਰਤਾ ਕਿਵੇਂ ਦਿਖਾਈ ਹੈ?
8 ਆਪਣੇ ਜੀਆਂ ਦੀਆਂ ਭੌਤਿਕ ਲੋੜਾਂ ਦੇ ਲਈ ਭਰਪੂਰਤਾ ਨਾਲ ਪ੍ਰਬੰਧ ਕਰਨ ਤੋਂ ਇਲਾਵਾ, ਯਹੋਵਾਹ ਅਧਿਆਤਮਿਕ ਤਰੀਕੇ ਵਿਚ ਵੀ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ। ਯਹੋਵਾਹ ਨੇ ਸਾਡੀ ਅਧਿਆਤਮਿਕ ਕਲਿਆਣ ਦੇ ਲਈ ਸਭ ਤੋਂ ਉਦਾਰ-ਚਿੱਤ ਤਰੀਕੇ ਨਾਲ ਕਾਰਵਾਈ ਕੀਤੀ, ਇਸ ਤੋਂ ਵੀ ਪਹਿਲਾਂ ਕਿ ਸਾਡੇ ਵਿੱਚੋਂ ਕਿਸੇ ਨੂੰ ਅਹਿਸਾਸ ਹੋਇਆ ਕਿ ਅਸੀਂ ਅਧਿਆਤਮਿਕ ਤੌਰ ਤੇ ਇਕ ਨਿਰਾਸ਼ਾਜਨਕ ਸਥਿਤੀ ਵਿਚ ਸਨ। ਅਸੀਂ ਰੋਮੀਆਂ 5:8, 10 ਵਿਚ ਪੜ੍ਹਦੇ ਹਾਂ: “ਪਰਮੇਸ਼ੁਰ ਆਪਣਾ ਪ੍ਰੇਮ ਸਾਡੇ ਉੱਤੇ ਇਉਂ ਪਰਗਟ ਕਰਦਾ ਹੈ ਭਈ ਜਾਂ ਅਸੀਂ ਅਜੇ ਪਾਪੀ ਹੀ ਸਾਂ ਤਾਂ ਮਸੀਹ ਸਾਡੇ ਲਈ ਮੋਇਆ। . . . ਅਸੀਂ ਵੈਰੀ ਹੋ ਕੇ ਪਰਮੇਸ਼ੁਰ ਨਾਲ ਉਹ ਦੇ ਪੁੱਤ੍ਰ ਦੀ ਮੌਤ ਦੇ ਵਸੀਲੇ ਮਿਲਾਏ ਗਏ।” ਉਹ ਪ੍ਰਬੰਧ ਪਾਪੀ ਮਾਨਵ ਦੇ ਲਈ ਆਪਣੇ ਸਵਰਗੀ ਪਿਤਾ ਦੇ ਨਾਲ ਇਕ ਸੁਖੀ ਪਰਿਵਾਰਕ ਸੰਬੰਧ ਵਿਚ ਪ੍ਰਵੇਸ਼ ਕਰਨਾ ਸੰਭਵ ਬਣਾਉਂਦਾ ਹੈ। (ਰੋਮੀਆਂ 8:20, 21) ਯਹੋਵਾਹ ਨੇ ਇਹ ਵੀ ਨਿਸ਼ਚਿਤ ਕੀਤਾ ਕਿ ਸਾਨੂੰ ਸਹੀ ਮਾਰਗ-ਦਰਸ਼ਨ ਅਤੇ ਨਿਰਦੇਸ਼ਨ ਹਾਸਲ ਹੋਵੇ ਤਾਂ ਜੋ ਅਸੀਂ ਆਪਣੀ ਪਾਪੀ ਅਤੇ ਅਪੂਰਣ ਸਥਿਤੀ ਦੇ ਬਾਵਜੂਦ ਵੀ ਜੀਵਨ ਨੂੰ ਸਫ਼ਲ ਬਣਾ ਸਕੀਏ।—ਜ਼ਬੂਰ 119:105; 2 ਤਿਮੋਥਿਉਸ 3:16.
9, 10. (ੳ) ਅਸੀਂ ਇਹ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਸੰਪੂਰਣ ਮੀਜ਼ਬਾਨ ਹੈ? (ਅ) ਸੱਚੇ ਉਪਾਸਕਾਂ ਨੂੰ ਇਸ ਸੰਬੰਧ ਵਿਚ ਯਹੋਵਾਹ ਦੀ ਕਿਵੇਂ ਰੀਸ ਕਰਨੀ ਚਾਹੀਦੀ ਹੈ?
9 ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਅਸੀਂ ਕਹਿ ਸਕਦੇ ਹਾਂ ਕਿ ਯਹੋਵਾਹ ਕਿੰਨੇ ਹੀ ਤਰੀਕਿਆਂ ਵਿਚ ਸੱਚ-ਮੁੱਚ ਹੀ ਸੰਪੂਰਣ ਮੀਜ਼ਬਾਨ ਹੈ। ਉਹ ਲੋੜਵੰਦ, ਨਿਮਾਣੇ, ਅਤੇ ਮਸਕੀਨ ਲੋਕਾਂ ਨੂੰ ਨਜ਼ਰਅੰਦਾਜ਼ ਨਹੀਂ ਕਰਦਾ ਹੈ। ਉਹ ਓਪਰਿਆਂ, ਇੱਥੋਂ ਤਕ ਕਿ ਆਪਣੇ ਵੈਰੀਆਂ ਵਿਚ ਵੀ ਅਸਲੀ ਰੁਚੀ ਅਤੇ ਉਨ੍ਹਾਂ ਲਈ ਚਿੰਤਾ ਦਿਖਾਉਂਦਾ ਹੈ, ਅਤੇ ਉਹ ਕੋਈ ਵੀ ਭੌਤਿਕ ਪ੍ਰਤਿਫਲ ਦੀ ਆਸ ਨਹੀਂ ਰੱਖਦਾ ਹੈ। ਇਨ੍ਹਾਂ ਸਭ ਗੱਲਾਂ ਵਿਚ, ਕੀ ਉਹ ਇਕ ਸੰਪੂਰਣ ਮੀਜ਼ਬਾਨ ਦੀ ਚਰਮ ਮਿਸਾਲ ਨਹੀਂ ਹੈ?
10 ਅਜਿਹੀ ਪ੍ਰੇਮਪੂਰਣ-ਦਿਆਲਗੀ ਅਤੇ ਉਦਾਰਤਾ ਦੇ ਇਕ ਪਰਮੇਸ਼ੁਰ ਵਜੋਂ, ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਉਪਾਸਕ ਉਸ ਦੀ ਰੀਸ ਕਰਨ। ਪੂਰੀ ਬਾਈਬਲ ਵਿਚ, ਅਸੀਂ ਇਸ ਦਿਆਲੂ ਗੁਣ ਦੀਆਂ ਸਿਰਕੱਢਵੀਆਂ ਮਿਸਾਲਾਂ ਦੇਖਦੇ ਹਾਂ। ਐਨਸਾਈਕਲੋਪੀਡੀਆ ਜੁਡੇਈਕਾ ਟਿੱਪਣੀ ਕਰਦਾ ਹੈ ਕਿ “ਪ੍ਰਾਚੀਨ ਇਸਰਾਏਲ ਵਿਚ, ਪਰਾਹੁਣਚਾਰੀ ਕੇਵਲ ਚੰਗੇ ਸ਼ਿਸ਼ਟਾਚਾਰ ਦਾ ਹੀ ਮਾਮਲਾ ਨਹੀਂ, ਬਲਕਿ ਇਕ ਨੈਤਿਕ ਪ੍ਰਥਾ ਸੀ . . . ਥੱਕੇ-ਹਾਰੇ ਮੁਸਾਫ਼ਰ ਦਾ ਸੁਆਗਤ ਕਰਨ ਅਤੇ ਓਪਰੇ ਨੂੰ ਆਪਣੇ ਦਰਮਿਆਨ ਜੀ ਆਇਆਂ ਕਹਿਣ ਦਾ ਬਾਈਬਲੀ ਰਿਵਾਜ ਉਹ ਸ੍ਰੋਤ ਸੀ ਜਿਸ ਵਿੱਚੋਂ ਪਰਾਹੁਣਚਾਰੀ ਅਤੇ ਇਸ ਨਾਲ ਸੰਬੰਧਿਤ ਸਾਰੇ ਪਹਿਲੂ ਵਿਕਸਿਤ ਹੋ ਕੇ ਯਹੂਦੀ ਪਰੰਪਰਾ ਦੀ ਇਕ ਅਤਿਅੰਤ ਆਦਰਯੋਗ ਖੂਬੀ ਬਣ ਗਏ।” ਕਿਸੇ ਖ਼ਾਸ ਕੌਮੀਅਤ ਜਾਂ ਨਸਲੀ ਸਮੂਹ ਦਾ ਵਿਸ਼ੇਸ਼ ਲੱਛਣ ਹੋਣ ਦੀ ਬਜਾਇ, ਪਰਾਹੁਣਚਾਰੀ ਯਹੋਵਾਹ ਦੇ ਸਭ ਸੱਚੇ ਉਪਾਸਕਾਂ ਦੀ ਵਿਸ਼ੇਸ਼ਤਾ ਹੋਣੀ ਚਾਹੀਦੀ ਹੈ।
ਦੂਤਾਂ ਦਾ ਮੀਜ਼ਬਾਨ
11. ਕਿਹੜੀ ਸਿਰਕੱਢਵੀਂ ਮਿਸਾਲ ਦਿਖਾਉਂਦੀ ਹੈ ਕਿ ਪਰਾਹੁਣਚਾਰੀ ਦੇ ਕਾਰਨ ਅਕਲਪਿਤ ਬਰਕਤਾਂ ਮਿਲੀਆਂ? (ਨਾਲੇ ਦੇਖੋ ਉਤਪਤ 19:1-3; ਨਿਆਈਆਂ 13:11-16.)
11 ਪਰਾਹੁਣਚਾਰੀ ਦੇ ਪ੍ਰਗਟਾਉ ਦਾ ਇਕ ਸਭ ਤੋਂ ਪ੍ਰਸਿੱਧ ਬਾਈਬਲ ਬਿਰਤਾਂਤ ਅਬਰਾਹਾਮ ਅਤੇ ਸਾਰਾਹ ਦਾ ਹੈ ਜਦੋਂ ਉਹ ਹਬਰੋਨ ਦੇ ਨਜ਼ਦੀਕ, ਮਮਰੇ ਦੇ ਵੱਡੇ ਦਰਖ਼ਤਾਂ ਦੇ ਵਿਚਕਾਰ ਡੇਰਾ ਕਰ ਰਹੇ ਸਨ। (ਉਤਪਤ 18:1-10; 23:19) ਰਸੂਲ ਪੌਲੁਸ ਦੇ ਮਨ ਵਿਚ ਨਿਰਸੰਦੇਹ ਇਹੋ ਘਟਨਾ ਸੀ ਜਦੋਂ ਉਸ ਨੇ ਇਹ ਉਪਦੇਸ਼ ਦਿੱਤਾ: “ਪਰਾਹੁਣਚਾਰੀ ਕਰਨੀ ਨਾ ਭੁੱਲਿਓ ਕਿਉਂ ਜੋ ਇਹ ਕਰ ਕੇ ਕਿੰਨਿਆਂ ਨੇ ਦੂਤਾਂ ਨੂੰ ਬਿਨ ਪਛਾਣੇ ਘਰ ਉਤਾਰਿਆ ਹੈ।” (ਇਬਰਾਨੀਆਂ 13:2) ਇਸ ਬਿਰਤਾਂਤ ਦੀ ਜਾਂਚ ਸਾਨੂੰ ਇਹ ਦੇਖਣ ਵਿਚ ਮਦਦ ਕਰੇਗੀ ਕਿ ਪਰਾਹੁਣਚਾਰੀ ਕੇਵਲ ਰਿਵਾਜ ਜਾਂ ਪਾਲਣ-ਪੋਸਣ ਦੀ ਗੱਲ ਨਹੀਂ ਹੈ। ਇਸ ਦੀ ਬਜਾਇ, ਇਹ ਇਕ ਈਸ਼ਵਰੀ ਗੁਣ ਹੈ ਜੋ ਅਦਭੁਤ ਬਰਕਤਾਂ ਲਿਆਉਂਦਾ ਹੈ।
12. ਅਬਰਾਹਾਮ ਨੇ ਓਪਰਿਆਂ ਦੇ ਲਈ ਆਪਣਾ ਪ੍ਰੇਮ ਕਿਵੇਂ ਪ੍ਰਦਰਸ਼ਿਤ ਕੀਤਾ?
12 ਉਤਪਤ 18:1, 2 ਸੰਕੇਤ ਕਰਦਾ ਹੈ ਕਿ ਅਬਰਾਹਾਮ ਉਨ੍ਹਾਂ ਪਰਾਹੁਣਿਆਂ ਤੋਂ ਅਪਰਿਚਿਤ ਸੀ ਅਤੇ ਉਨ੍ਹਾਂ ਦਾ ਰਾਹ ਨਹੀਂ ਦੇਖ ਰਿਹਾ ਸੀ, ਯਾਨੀ ਕਿ ਤਿੰਨ ਹੀ ਓਪਰੇ ਜੋ ਉੱਥੋਂ ਲੰਘ ਰਹੇ ਸਨ। ਕੁਝ ਟੀਕਾਕਾਰਾਂ ਦੇ ਅਨੁਸਾਰ, ਪੂਰਬ-ਵਾਸੀਆਂ ਦੇ ਵਿਚਕਾਰ ਰਿਵਾਜ ਸੀ ਕਿ ਇਕ ਓਪਰੇ ਦੇਸ਼ ਵਿਚ ਇਕ ਮੁਸਾਫ਼ਰ ਨੂੰ ਪਰਾਹੁਣਚਾਰੀ ਦੀ ਆਸ ਰੱਖਣ ਦਾ ਹੱਕ ਸੀ ਭਾਵੇਂ ਕਿ ਉਹ ਉੱਥੇ ਕਿਸੇ ਨੂੰ ਵੀ ਨਹੀਂ ਜਾਣਦਾ ਸੀ। ਪਰੰਤੂ ਅਬਰਾਹਾਮ ਨੇ ਉਨ੍ਹਾਂ ਓਪਰਿਆਂ ਨੂੰ ਆਪਣਾ ਵਿਸ਼ੇਸ਼ ਅਧਿਕਾਰ ਵਰਤਣ ਦੀ ਉਡੀਕ ਨਹੀਂ ਕੀਤੀ; ਉਸ ਨੇ ਪਹਿਲ ਕੀਤੀ। ਉਹ ਇਨ੍ਹਾਂ ਓਪਰਿਆਂ ਨੂੰ, ਜੋ ਉਸ ਤੋਂ ਕੁਝ ਦੂਰੀ ਤੇ ਸਨ, ਮਿਲਣ ਦੇ ਲਈ “ਨੱਸਿਆ”—ਇਹ ਸਭ ਕੁਝ ਜਦ ਕਿ ‘ਦਿਨ ਦੀ ਧੁੱਪ ਦਾ ਵੇਲਾ’ ਸੀ ਅਤੇ ਅਬਰਾਹਾਮ 99 ਸਾਲ ਦੀ ਉਮਰ ਦਾ ਸੀ! ਕੀ ਇਹ ਨਹੀਂ ਦਿਖਾਉਂਦਾ ਹੈ ਕਿ ਪੌਲੁਸ ਨੇ ਸਾਡੇ ਅਨੁਕਰਣ ਕਰਨ ਦੇ ਲਈ ਇਕ ਆਦਰਸ਼ ਵਜੋਂ ਅਬਰਾਹਾਮ ਵੱਲ ਕਿਉਂ ਸੰਕੇਤ ਕੀਤਾ ਸੀ? ਇਹੋ ਹੀ ਪਰਾਹੁਣਚਾਰੀ ਹੈ, ਓਪਰਿਆਂ ਦੇ ਲਈ ਪ੍ਰੀਤ ਜਾਂ ਪ੍ਰੇਮ, ਉਨ੍ਹਾਂ ਦੀਆਂ ਲੋੜਾਂ ਦੇ ਲਈ ਚਿੰਤਾ। ਇਹ ਇਕ ਸਦਗੁਣ ਹੈ।
13. ਅਬਰਾਹਾਮ ਪਰਾਹੁਣਿਆਂ ਦੇ ਅੱਗੇ ਕਿਉਂ “ਝੁਕਿਆ”?
13 ਬਿਰਤਾਂਤ ਸਾਨੂੰ ਇਹ ਵੀ ਦੱਸਦਾ ਹੈ ਕਿ ਓਪਰਿਆਂ ਨੂੰ ਮਿਲਣ ਮਗਰੋਂ, ਅਬਰਾਹਾਮ “ਧਰਤੀ ਤੀਕ ਝੁਕਿਆ।” ਨਿਰੇ ਓਪਰਿਆਂ ਅੱਗੇ ਝੁਕਣਾ? ਖ਼ੈਰ, ਇਕ ਝੁਕਣ ਦੀ ਕ੍ਰਿਆ, ਜਿਵੇਂ ਕਿ ਅਬਰਾਹਾਮ ਨੇ ਕੀਤਾ, ਇਕ ਸਨਮਾਨਿਤ ਮਹਿਮਾਨ ਜਾਂ ਉੱਚ ਪਦਵੀ ਵਾਲੇ ਵਿਅਕਤੀ ਦਾ ਸੁਆਗਤ ਕਰਨ ਦਾ ਇਕ ਤਰੀਕਾ ਸੀ, ਜਿਸ ਨੂੰ ਉਪਾਸਨਾ, ਜੋ ਕਿ ਸਿਰਫ਼ ਪਰਮੇਸ਼ੁਰ ਦੇ ਲਈ ਰਾਖਵੀਂ ਹੈ, ਦੀ ਇਕ ਕ੍ਰਿਆ ਦੇ ਨਾਲ ਗ਼ਲਤੀ ਨਹੀਂ ਖਾਣੀ ਚਾਹੀਦੀ ਹੈ। (ਤੁਲਨਾ ਕਰੋ ਰਸੂਲਾਂ ਦੇ ਕਰਤੱਬ 10:25, 26; ਪਰਕਾਸ਼ ਦੀ ਪੋਥੀ 19:10.) ਝੁਕਣ ਦੇ ਦੁਆਰਾ, ਨਾ ਕੇਵਲ ਸਿਰ ਨਿਵਾਉਣਾ ਬਲਕਿ “ਧਰਤੀ ਤੀਕ” ਝੁਕਣਾ, ਅਬਰਾਹਾਮ ਨੇ ਇਨ੍ਹਾਂ ਓਪਰਿਆਂ ਨੂੰ ਮਹੱਤਵਪੂਰਣ ਹੋਣ ਦਾ ਸਨਮਾਨ ਦਿੱਤਾ। ਉਹ ਇਕ ਵੱਡੇ, ਖ਼ੁਸ਼ਹਾਲ ਪਿਤਾ-ਪ੍ਰਧਾਨ ਪਰਿਵਾਰ ਦਾ ਸਿਰ ਸੀ, ਫਿਰ ਵੀ ਉਸ ਨੇ ਇਨ੍ਹਾਂ ਓਪਰਿਆਂ ਨੂੰ ਆਪਣੇ ਨਾਲੋਂ ਵੀ ਅਧਿਕ ਸਨਮਾਨ ਦੇ ਯੋਗ ਸਮਝਿਆ। ਇਹ ਓਪਰਿਆਂ ਦੇ ਪ੍ਰਤੀ ਆਮ ਸ਼ੱਕ, ਅਰਥਾਤ ਸੰਦੇਹਵਾਦੀ ਰਵੱਈਏ ਤੋਂ ਕਿੰਨਾ ਹੀ ਭਿੰਨ ਹੈ! ਅਬਰਾਹਾਮ ਨੇ ਸੱਚ-ਮੁੱਚ ਹੀ ਇਸ ਕਥਨ ਦੇ ਅਰਥ ਨੂੰ ਪ੍ਰਦਰਸ਼ਿਤ ਕੀਤਾ: “ਆਦਰ ਵਿੱਚ ਦੂਏ ਨੂੰ ਚੰਗਾ ਸਮਝੋ।”—ਰੋਮੀਆਂ 12:10.
14. ਓਪਰਿਆਂ ਨੂੰ ਪਰਾਹੁਣਚਾਰੀ ਦਿਖਾਉਣ ਵਿਚ ਅਬਰਾਹਾਮ ਵੱਲੋਂ ਕਿਹੜੇ ਜਤਨ ਅਤੇ ਬਲੀਦਾਨ ਸ਼ਾਮਲ ਸਨ?
14 ਬਾਕੀ ਦਾ ਬਿਰਤਾਂਤ ਦਿਖਾਉਂਦਾ ਹੈ ਕਿ ਅਬਰਾਹਾਮ ਦੀ ਭਾਵਨਾ ਅਸਲੀ ਸੀ। ਭੋਜਨ ਆਪਣੇ ਆਪ ਵਿਚ ਹੀ ਵਿਸ਼ੇਸ਼ ਸੀ। ਕਾਫ਼ੀ ਪਸ਼ੂ-ਧਨ ਵਾਲੇ ਇਕ ਵੱਡੇ ਘਰਾਣੇ ਵਿਚ ਵੀ, “ਇੱਕ ਵੱਛਾ ਨਰਮ ਅਰ ਚੰਗਾ” ਆਮ ਭੋਜਨ ਨਹੀਂ ਹੁੰਦਾ। ਉਸ ਇਲਾਕੇ ਦੇ ਪ੍ਰਚਲਿਤ ਰਿਵਾਜ ਦੇ ਸੰਬੰਧ ਵਿਚ, ਜੌਨ ਕਿੱਟੋ ਦੀ ਡੇਲੀ ਬਾਈਬਲ ਇਲਸਟ੍ਰੇਸ਼ਨਸ ਟਿੱਪਣੀ ਕਰਦੀ ਹੈ: “ਕਿਸੇ ਤਿਉਹਾਰ, ਜਾਂ ਇਕ ਓਪਰੇ ਦੇ ਆਗਮਨ ਨੂੰ ਛੱਡ, ਸੁਖ-ਸਾਧਨ ਦਾ ਕਦੇ ਵੀ ਆਨੰਦ ਨਹੀਂ ਮਾਣਿਆਂ ਜਾਂਦਾ ਹੈ; ਅਤੇ ਕੇਵਲ ਅਜਿਹੇ ਹੀ ਮੌਕਿਆਂ ਤੇ ਕਦੇ ਮਾਸ ਖਾਧਾ ਜਾਂਦਾ ਹੈ, ਇੱਥੋਂ ਤਕ ਕਿ ਉਨ੍ਹਾਂ ਦੁਆਰਾ ਵੀ ਜੋ ਅਨੇਕ ਝੁੰਡਾਂ ਅਤੇ ਇੱਜੜਾਂ ਦੇ ਮਾਲਕ ਹਨ।” ਗਰਮ ਮੌਸਮ ਦੇ ਕਾਰਨ ਕਿਸੇ ਵੀ ਨਾਸ਼ਵਾਨ ਭੋਜਨ ਨੂੰ ਸਾਂਭਣਾ ਅਸੰਭਵ ਸੀ, ਇਸ ਲਈ ਅਜਿਹਾ ਇਕ ਭੋਜਨ ਤਿਆਰ ਕਰਨ ਦੇ ਲਈ, ਸਭ ਕੁਝ ਉਸੇ ਵੇਲੇ ਕਰਨਾ ਪੈਂਦਾ ਸੀ। ਤਾਂ ਫਿਰ ਇਹ ਕੋਈ ਅਚੰਭੇ ਦੀ ਗੱਲ ਨਹੀਂ ਹੈ ਕਿ ਇਸ ਸੰਖੇਪ ਬਿਰਤਾਂਤ ਵਿਚ, ਸ਼ਬਦ “ਝੱਟ” ਜਾਂ “ਛੇਤੀ” ਤਿੰਨ ਵਾਰੀ ਵਾਪਰਦਾ ਹੈ, ਅਤੇ ਅਬਰਾਹਾਮ ਭੋਜਨ ਤਿਆਰ ਕਰਵਾਉਣ ਦੇ ਲਈ ਅਸਲ ਵਿਚ ‘ਨੱਸਿਆ!’—ਉਤਪਤ 18:6-8.
15. ਪਰਾਹੁਣਚਾਰੀ ਦਿਖਾਉਣ ਵਿਚ ਭੌਤਿਕ ਪ੍ਰਬੰਧ ਦੇ ਬਾਰੇ ਉਚਿਤ ਦ੍ਰਿਸ਼ਟੀਕੋਣ ਕੀ ਹੈ, ਜਿਵੇਂ ਕਿ ਅਬਰਾਹਾਮ ਨੇ ਮਿਸਾਲ ਪੇਸ਼ ਕੀਤੀ?
15 ਪਰੰਤੂ, ਉਦੇਸ਼ ਕੇਵਲ ਕਿਸੇ ਨੂੰ ਪ੍ਰਭਾਵਿਤ ਕਰਨ ਦੇ ਲਈ ਇਕ ਵੱਡੀ ਦਾਅਵਤ ਤਿਆਰ ਕਰਨਾ ਹੀ ਨਹੀਂ ਹੈ। ਹਾਲਾਂਕਿ ਅਬਰਾਹਾਮ ਅਤੇ ਸਾਰਾਹ ਨੇ ਉਹ ਭੋਜਨ ਤਿਆਰ ਕਰਨ ਅਤੇ ਪੇਸ਼ ਕਰਨ ਦੇ ਲਈ ਇੰਨਾ ਕੁਝ ਕੀਤਾ, ਧਿਆਨ ਦਿਓ ਕਿ ਅਬਰਾਹਾਮ ਨੇ ਪਹਿਲਾਂ ਇਸ ਦਾ ਕਿਵੇਂ ਜ਼ਿਕਰ ਕੀਤਾ: “ਥੋਹੜਾ ਜਿਹਾ ਪਾਣੀ ਲਿਆਇਆ ਜਾਵੇ ਤਾਂਜੋ ਤੁਸੀਂ ਆਪਣੇ ਚਰਨ ਧੋਕੇ ਰੁੱਖ ਹੇਠ ਅਰਾਮ ਕਰੋ। ਮੈਂ ਥੋਹੜੀ ਜਿਹੀ ਰੋਟੀ ਵੀ ਲਿਆਉਂਦਾ ਹਾਂ ਸੋ ਆਪਣੇ ਮਨਾਂ ਨੂੰ ਤਰਿਪਤ ਕਰੋ। ਫੇਰ ਤੁਸੀਂ ਅੱਗੇ ਲੰਘ ਜਾਇਓ ਕਿਉਂਕਿ ਏਸੇ ਲਈ ਤੁਸੀਂ ਆਪਣੇ ਦਾਸ ਕੋਲ ਆਏ ਹੋ।” (ਉਤਪਤ 18:4, 5) ਉਹ “ਥੋਹੜੀ ਜਿਹੀ ਰੋਟੀ” ਮੋਟੇ-ਤਾਜ਼ੇ ਵੱਛੇ ਸਮੇਤ ਮੈਦੇ ਦੇ ਫੁਲਕੇ, ਮੱਖਣ, ਅਤੇ ਦੁੱਧ ਦੀ ਦਾਅਵਤ—ਅਰਥਾਤ, ਇਕ ਸ਼ਾਨਦਾਰ ਭੋਜਨ ਦੀ ਦਾਅਵਤ—ਸਾਬਤ ਹੋਈ। ਸਬਕ ਕੀ ਹੈ? ਜਦੋਂ ਪਰਾਹੁਣਚਾਰੀ ਦਿਖਾਈ ਜਾਂਦੀ ਹੈ, ਤਾਂ ਮਹੱਤਵਪੂਰਣ ਗੱਲ, ਜਾਂ ਜਿਸ ਉੱਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ, ਇਹ ਨਹੀਂ ਹੈ ਕਿ ਭੋਜਨ ਅਤੇ ਪੇਉ ਪਦਾਰਥ ਕਿੰਨੇ ਸ਼ਾਨਦਾਰ ਹੋਣਗੇ, ਜਾਂ ਕਿਹੜੇ ਬਾ-ਕਮਾਲ ਮਨੋਰੰਜਨ ਪ੍ਰਦਾਨ ਕੀਤੇ ਜਾਣਗੇ, ਇਤਿਆਦਿ। ਪਰਾਹੁਣਚਾਰੀ ਇਸ ਉੱਤੇ ਨਿਰਭਰ ਨਹੀਂ ਕਰਦੀ ਹੈ ਕਿ ਇਕ ਵਿਅਕਤੀ ਮਹਿੰਗੀਆਂ ਚੀਜ਼ਾਂ ਪ੍ਰਦਾਨ ਕਰ ਸਕਦਾ ਹੈ ਜਾਂ ਨਹੀਂ। ਇਸ ਦੀ ਬਜਾਇ, ਇਹ ਦੂਜਿਆਂ ਦੀ ਕਲਿਆਣ ਦੇ ਲਈ ਅਸਲੀ ਚਿੰਤਾ ਉੱਤੇ ਅਤੇ ਦੂਜਿਆਂ ਦੇ ਪ੍ਰਤੀ ਆਪਣੀ ਸਮਰਥਾ ਅਨੁਸਾਰ ਭਲਿਆਈ ਕਰਨ ਦੀ ਇੱਛਾ ਉੱਤੇ ਆਧਾਰਿਤ ਹੈ। “ਸਾਗ ਪੱਤ ਦਾ ਖਾਣਾ ਜਿੱਥੇ ਪ੍ਰੇਮ ਹੈ, ਪਲੇ ਹੋਏ ਬਲਦ ਨਾਲੋਂ ਜਿੱਥੇ ਵੈਰ ਹੈ, ਚੰਗਾ ਹੈ,” ਇਕ ਬਾਈਬਲ ਕਹਾਵਤ ਕਹਿੰਦੀ ਹੈ, ਅਤੇ ਇਸ ਵਿਚ ਹੀ ਅਸਲੀ ਪਰਾਹੁਣਚਾਰੀ ਦੀ ਕੁੰਜੀ ਹੈ।—ਕਹਾਉਤਾਂ 15:17.
16. ਅਬਰਾਹਾਮ ਨੇ ਪਰਾਹੁਣਿਆਂ ਦੇ ਲਈ ਜੋ ਕੁਝ ਕੀਤਾ, ਉਸ ਵਿਚ ਉਸ ਨੇ ਅਧਿਆਤਮਿਕ ਚੀਜ਼ਾਂ ਦੇ ਲਈ ਕਿਵੇਂ ਕਦਰ ਦਿਖਾਈ?
16 ਪਰੰਤੂ, ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਉਸ ਪੂਰੀ ਘਟਨਾ ਵਿਚ ਇਕ ਅਧਿਆਤਮਿਕ ਗੌਣ ਭਾਵ ਵੀ ਸੀ। ਅਬਰਾਹਾਮ ਨੇ ਕਿਸੇ ਤਰ੍ਹਾਂ ਇਹ ਭਾਂਪ ਲਿਆ ਸੀ ਕਿ ਇਹ ਪਰਾਹੁਣੇ ਯਹੋਵਾਹ ਵੱਲੋਂ ਸੰਦੇਸ਼ਵਾਹਕ ਸਨ। ਇਸ ਗੱਲ ਦਾ ਸੰਕੇਤ ਉਸ ਦਾ ਇਨ੍ਹਾਂ ਸ਼ਬਦਾਂ ਨਾਲ ਉਨ੍ਹਾਂ ਨੂੰ ਸੰਬੋਧਿਤ ਕਰਨ ਤੋਂ ਮਿਲਦਾ ਹੈ: “ਹੇ [ਯਹੋਵਾਹ] ਜੇ ਮੇਰੇ ਉੱਤੇ ਤੇਰੀ ਕਿਰਪਾ ਦੀ ਨਿਗਾਹ ਹੋਈ ਹੈ ਤਾਂ ਆਪਣੇ ਦਾਸ ਦੇ ਕੋਲੋਂ ਚੱਲਿਆ ਨਾ ਜਾਣਾ।”a (ਉਤਪਤ 18:3; ਤੁਲਨਾ ਕਰੋ ਕੂਚ 33:20.) ਅਬਰਾਹਾਮ ਪਹਿਲਾਂ ਤੋਂ ਹੀ ਨਹੀਂ ਜਾਣਦਾ ਸੀ ਕਿ ਉਨ੍ਹਾਂ ਕੋਲ ਉਸ ਲਈ ਇਕ ਸੰਦੇਸ਼ ਸੀ ਜਾਂ ਕਿ ਉਹ ਕੇਵਲ ਉਧਰੋਂ ਹੀ ਲੰਘ ਰਹੇ ਸਨ। ਗੱਲ ਜੋ ਵੀ ਸੀ, ਉਸ ਨੇ ਕਦਰ ਪਾਈ ਕਿ ਯਹੋਵਾਹ ਦੇ ਮਕਸਦ ਦੀ ਪੂਰਤੀ ਹੋ ਰਹੀ ਸੀ। ਇਹ ਵਿਅਕਤੀ ਯਹੋਵਾਹ ਵੱਲੋਂ ਕੋਈ ਕਾਰਜ ਵਿਚ ਲੱਗੇ ਹੋਏ ਸਨ। ਜੇਕਰ ਉਹ ਇਸ ਪ੍ਰਤੀ ਯੋਗਦਾਨ ਦੇਣ ਲਈ ਕੁਝ ਕਰ ਸਕਦਾ ਸੀ, ਤਾਂ ਇਹ ਉਸ ਲਈ ਖ਼ੁਸ਼ੀ ਦੀ ਗੱਲ ਹੁੰਦੀ। ਉਸ ਨੇ ਅਹਿਸਾਸ ਕੀਤਾ ਕਿ ਯਹੋਵਾਹ ਦੇ ਸੇਵਕ ਸਰਬੋਤਮ ਦੇ ਯੋਗ ਹਨ, ਅਤੇ ਉਹ ਉਨ੍ਹਾਂ ਹਾਲਤਾਂ ਅਧੀਨ ਸਰਬੋਤਮ ਹੀ ਪ੍ਰਦਾਨ ਕਰੇਗਾ। ਇੰਜ ਕਰਨ ਨਾਲ ਅਧਿਆਤਮਿਕ ਬਰਕਤ ਸਾਬਤ ਹੋਵੇਗੀ, ਭਾਵੇਂ ਖ਼ੁਦ ਉਸ ਦੇ ਲਈ ਜਾਂ ਕਿਸੇ ਹੋਰ ਦੇ ਲਈ। ਹੋਇਆ ਇੰਜ ਕਿ ਅਬਰਾਹਾਮ ਅਤੇ ਸਾਰਾਹ ਆਪਣੀ ਸੁਹਿਰਦ ਪਰਾਹੁਣਚਾਰੀ ਦੇ ਲਈ ਅਤਿਅਧਿਕ ਵਰੋਸਾਏ ਗਏ।—ਉਤਪਤ 18:9-15; 21:1, 2.
ਪਰਾਹੁਣਾਚਾਰ ਲੋਕ
17. ਯਹੋਵਾਹ ਨੇ ਇਸਰਾਏਲੀਆਂ ਤੋਂ ਉਨ੍ਹਾਂ ਦੇ ਵਿਚਕਾਰ ਰਹਿ ਰਹੇ ਓਪਰਿਆਂ ਅਤੇ ਲੋੜਵੰਦ ਵਿਅਕਤੀਆਂ ਦੇ ਸੰਬੰਧ ਵਿਚ ਕੀ ਮੰਗ ਕੀਤੀ?
17 ਅਬਰਾਹਾਮ ਵਿੱਚੋਂ ਉਤਪੰਨ ਹੋਈ ਕੌਮ ਨੂੰ ਉਸ ਦੀ ਸਿਰਕੱਢਵੀਂ ਮਿਸਾਲ ਨਹੀਂ ਭੁੱਲਣੀ ਚਾਹੀਦੀ ਸੀ। ਯਹੋਵਾਹ ਵੱਲੋਂ ਇਸਰਾਏਲੀਆਂ ਨੂੰ ਦਿੱਤੀ ਗਈ ਬਿਵਸਥਾ ਵਿਚ ਉਨ੍ਹਾਂ ਦੇ ਵਿਚਕਾਰ ਓਪਰਿਆਂ ਨੂੰ ਪਰਾਹੁਣਚਾਰੀ ਦਿਖਾਉਣ ਦੇ ਲਈ ਪ੍ਰਬੰਧ ਸ਼ਾਮਲ ਸਨ। “ਜਿਹੜਾ ਓਪਰਾ ਤੁਹਾਡੇ ਵਿੱਚ ਵੱਸਦਾ ਹੈ ਸੋ ਤੁਹਾਨੂੰ ਅਜਿਹਾ ਹੋਵੇ ਜਿਹਾ ਆਪਣੇ ਵਿੱਚ ਜੰਮਿਆ ਹੋਵੇ ਅਤੇ ਤੂੰ ਉਸ ਦੇ ਨਾਲ ਆਪਣੇ ਜਿਹਾ ਪਿਆਰ ਕਰੀਂ ਕਿਉਂ ਜੋ ਤੁਸੀਂ ਮਿਸਰ ਦੇ ਦੇਸ ਵਿੱਚ ਓਪਰੇ ਸਾਓ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।” (ਲੇਵੀਆਂ 19:34) ਲੋਕਾਂ ਨੇ ਭੌਤਿਕ ਸਹਾਰੇ ਵਾਲੇ ਲੋੜਵੰਦ ਵਿਅਕਤੀਆਂ ਨੂੰ ਖ਼ਾਸ ਧਿਆਨ ਦੇਣਾ ਸੀ ਅਤੇ ਉਨ੍ਹਾਂ ਨੂੰ ਉਦਾਸੀਨਤਾਪੂਰਵਕ ਰੱਦ ਨਹੀਂ ਕਰਨਾ ਸੀ। ਜਦੋਂ ਯਹੋਵਾਹ ਉਨ੍ਹਾਂ ਨੂੰ ਭਰਪੂਰ ਫ਼ਸਲ ਦੇ ਨਾਲ ਬਰਕਤ ਦਿੰਦਾ ਸੀ, ਜਦੋਂ ਉਹ ਆਪਣੇ ਤਿਉਹਾਰਾਂ ਵਿਚ ਆਨੰਦ ਮਨਾਉਂਦੇ ਸਨ, ਜਦੋਂ ਉਹ ਸਬਤ ਦੇ ਸਾਲਾਂ ਦੇ ਦੌਰਾਨ ਆਪਣੇ ਉੱਦਮ ਤੋਂ ਆਰਾਮ ਕਰਦੇ ਸਨ, ਅਤੇ ਦੂਜੇ ਮੌਕਿਆਂ ਤੇ, ਲੋਕਾਂ ਨੇ ਆਪਣੇ ਤੋਂ ਘੱਟ ਸੁਭਾਗੇ ਵਿਅਕਤੀਆਂ—ਵਿਧਵਾਵਾਂ, ਯਤੀਮਾਂ, ਅਤੇ ਪਰਦੇਸੀਆਂ—ਨੂੰ ਚੇਤੇ ਰੱਖਣਾ ਸੀ।—ਬਿਵਸਥਾ ਸਾਰ 16:9-14; 24:19-21; 26:12, 13.
18. ਯਹੋਵਾਹ ਦੀ ਕਿਰਪਾ ਅਤੇ ਬਰਕਤ ਹਾਸਲ ਕਰਨ ਦੇ ਸੰਬੰਧ ਵਿਚ ਪਰਾਹੁਣਚਾਰੀ ਕਿੰਨੀ ਮਹੱਤਵਪੂਰਣ ਹੈ?
18 ਦੂਜਿਆਂ ਦੇ ਪ੍ਰਤੀ, ਖ਼ਾਸ ਕਰਕੇ ਲੋੜਵੰਦ ਵਿਅਕਤੀਆਂ ਦੇ ਪ੍ਰਤੀ, ਦਿਆਲਗੀ, ਉਦਾਰਤਾ, ਅਤੇ ਪਰਾਹੁਣਚਾਰੀ ਦਿਖਾਉਣ ਦੀ ਮਹੱਤਤਾ ਇਸ ਵਿਚ ਦੇਖੀ ਜਾ ਸਕਦੀ ਹੈ ਜਿਸ ਤਰੀਕੇ ਵਿਚ ਯਹੋਵਾਹ ਨੇ ਇਸਰਾਏਲੀਆਂ ਦੇ ਨਾਲ ਵਰਤਾਉ ਕੀਤਾ ਜਦੋਂ ਉਨ੍ਹਾਂ ਨੇ ਇਨ੍ਹਾਂ ਗੁਣਾਂ ਦਾ ਅਭਿਆਸ ਕਰਨ ਵਿਚ ਲਾਪਰਵਾਹੀ ਕੀਤੀ। ਯਹੋਵਾਹ ਨੇ ਸਪੱਸ਼ਟ ਕੀਤਾ ਕਿ ਉਸ ਦੀ ਲਗਾਤਾਰ ਬਰਕਤ ਹਾਸਲ ਕਰਨ ਦੇ ਲਈ ਉਸ ਦੀ ਪਰਜਾ ਤੋਂ ਮੰਗ ਕੀਤੀਆਂ ਗਈਆਂ ਗੱਲਾਂ ਵਿਚ ਓਪਰਿਆਂ ਅਤੇ ਲੋੜਵੰਦਾਂ ਦੇ ਪ੍ਰਤੀ ਦਿਆਲਗੀ ਅਤੇ ਉਦਾਰਤਾ ਵੀ ਸ਼ਾਮਲ ਹੈ। (ਜ਼ਬੂਰ 82:2, 3; ਯਸਾਯਾਹ 1:17; ਯਿਰਮਿਯਾਹ 7:5-7; ਹਿਜ਼ਕੀਏਲ 22:7; ਜ਼ਕਰਯਾਹ 7:9-11) ਜਦੋਂ ਇਹ ਕੌਮ ਇਨ੍ਹਾਂ ਅਤੇ ਹੋਰ ਮੰਗਾਂ ਨੂੰ ਪੂਰਾ ਕਰਨ ਵਿਚ ਉੱਦਮੀ ਸੀ, ਉਦੋਂ ਉਹ ਖ਼ੁਸ਼ਹਾਲ ਹੋਏ ਅਤੇ ਉਨ੍ਹਾਂ ਨੇ ਭੌਤਿਕ ਤੇ ਅਧਿਆਤਮਿਕ ਬਹੁਲਤਾ ਦਾ ਆਨੰਦ ਮਾਣਿਆ। ਜਦੋਂ ਉਹ ਆਪਣੇ ਹੀ ਸੁਆਰਥੀ ਨਿੱਜੀ ਕਿੱਤਿਆਂ ਵਿਚ ਰੁੱਝ ਗਏ ਸਨ ਅਤੇ ਲੋੜਵੰਦ ਵਿਅਕਤੀਆਂ ਦੇ ਪ੍ਰਤੀ ਇਨ੍ਹਾਂ ਦਿਆਲੂ ਗੁਣਾਂ ਨੂੰ ਦਿਖਾਉਣ ਵਿਚ ਲਾਪਰਵਾਹੀ ਕੀਤੀ, ਉਦੋਂ ਉਨ੍ਹਾਂ ਨੂੰ ਯਹੋਵਾਹ ਦੀ ਨਿਖੇਧੀ ਹਾਸਲ ਹੋਈ, ਅਤੇ ਆਖ਼ਰਕਾਰ ਉਨ੍ਹਾਂ ਉੱਤੇ ਪ੍ਰਤਿਕੂਲ ਨਿਆਉਂ ਦੀ ਪੂਰਤੀ ਹੋਈ।—ਬਿਵਸਥਾ ਸਾਰ 27:19; 28:15, 45.
19. ਸਾਨੂੰ ਅੱਗੇ ਕਿਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ?
19 ਤਾਂ ਫਿਰ, ਇਹ ਕਿੰਨਾ ਹੀ ਮਹੱਤਵਪੂਰਣ ਹੈ ਕਿ ਅਸੀਂ ਖ਼ੁਦ ਦੀ ਜਾਂਚ ਕਰੀਏ ਅਤੇ ਦੇਖੀਏ ਕਿ ਅਸੀਂ ਇਸ ਸੰਬੰਧ ਵਿਚ ਯਹੋਵਾਹ ਦੀਆਂ ਆਸਾਂ ਉੱਤੇ ਪੂਰਾ ਉੱਤਰ ਰਹੇ ਹਾਂ ਜਾਂ ਨਹੀਂ! ਸੰਸਾਰ ਵਿਚ ਸੁਆਰਥ-ਭਰੀ ਅਤੇ ਵਿਭਾਜਕ ਮਨੋਬਿਰਤੀ ਨੂੰ ਧਿਆਨ ਵਿਚ ਰੱਖਦੇ ਹੋਏ, ਇਹ ਖ਼ਾਸ ਕਰਕੇ ਅੱਜ ਜ਼ਰੂਰੀ ਹੈ। ਅਸੀਂ ਇਕ ਵਿਭਾਜਿਤ ਸੰਸਾਰ ਵਿਚ ਮਸੀਹੀ ਪਰਾਹੁਣਚਾਰੀ ਕਿਵੇਂ ਦਿਖਾ ਸਕਦੇ ਹਾਂ? ਇਸੇ ਵਿਸ਼ੇ ਦੀ ਚਰਚਾ ਅਗਲੇ ਲੇਖ ਵਿਚ ਕੀਤੀ ਗਈ ਹੈ। (w96 10/1)
[ਫੁਟਨੋਟ]
a ਇਸ ਨੁਕਤੇ ਉੱਤੇ ਹੋਰ ਵਿਸਤ੍ਰਿਤ ਚਰਚੇ ਦੇ ਲਈ, ਮਈ 15, 1988, ਦਾ ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 21-3 ਉੱਤੇ ਲੇਖ “ਕੀ ਕਿਸੇ ਨੇ ਪਰਮੇਸ਼ੁਰ ਨੂੰ ਦੇਖਿਆ ਹੈ?” ਦੇਖੋ।
ਕੀ ਤੁਹਾਨੂੰ ਯਾਦ ਹੈ?
◻ “ਪਰਾਹੁਣਚਾਰੀ” ਅਨੁਵਾਦ ਕੀਤੇ ਗਏ ਬਾਈਬਲ ਸ਼ਬਦ ਦਾ ਕੀ ਅਰਥ ਹੈ?
◻ ਪਰਾਹੁਣਚਾਰੀ ਦਿਖਾਉਣ ਵਿਚ ਯਹੋਵਾਹ ਕਿਨ੍ਹਾਂ ਤਰੀਕਿਆਂ ਵਿਚ ਇਕ ਸੰਪੂਰਣ ਮਿਸਾਲ ਹੈ?
◻ ਅਬਰਾਹਾਮ ਪਰਾਹੁਣਾਚਾਰ ਹੋਣ ਦੇ ਲਈ ਕਿਸ ਹੱਦ ਤਕ ਗਿਆ?
◻ ਸਾਰੇ ਸੱਚੇ ਉਪਾਸਕਾਂ ਨੂੰ ਕਿਉਂ ‘ਪਰਾਹੁਣਚਾਰੀ ਪੁੱਜ ਕੇ ਕਰਨੀ’ ਚਾਹੀਦੀ ਹੈ?