ਅਧਿਆਇ 9
“ਨਰਕ”—ਕੀ ਇਹ ਸੱਚ-ਮੁੱਚ ਹੋਂਦ ਵਿਚ ਹੈ?
1. ਧਰਮਾਂ ਨੇ ਨਰਕ ਬਾਰੇ ਕੀ ਸਿੱਖਿਆ ਦਿੱਤੀ ਹੈ?
ਲੱਖਾਂ ਹੀ ਵਿਅਕਤੀਆਂ ਨੂੰ ਉਨ੍ਹਾਂ ਦੇ ਧਰਮਾਂ ਦੁਆਰਾ ਇਹ ਸਿੱਖਿਆ ਦਿੱਤੀ ਗਈ ਹੈ ਕਿ ਸਦੀਪਕ ਤੜਫ਼ਾਉਣ ਦੀ ਇਕ ਅਜਿਹੀ ਜਗ੍ਹਾ ਹੈ ਜਿਸ ਨੂੰ “ਨਰਕ” ਆਖਿਆ ਜਾਂਦਾ ਹੈ। ਉਸ ਜਗ੍ਹਾ ਵਿਚ ਦੁਸ਼ਟ ਜਾਂਦੇ ਹਨ। ਐਨਸਾਈਕਲੋਪੀਡਿਆ ਬ੍ਰਿਟੈਨਿਕਾ ਦੇ ਅਨੁਸਾਰ, “ਰੋਮਨ ਕੈਥੋਲਿਕ ਚਰਚ ਸਿੱਖਿਆ ਦਿੰਦੀ ਹੈ ਕਿ ਨਰਕ . . . ਸਦਾ ਲਈ ਸਥਿਰ ਰਹੇਗਾ; ਉਸ ਦੇ ਕਸ਼ਟ ਦਾ ਕੋਈ ਅੰਤ ਨਹੀਂ ਹੋਵੇਗਾ।” ਇਹ ਐਨਸਾਈਕਲੋਪੀਡਿਆ ਅੱਗੇ ਆਖਦਾ ਹੈ ਕਿ ਇਹ ਕੈਥੋਲਿਕ ਸਿੱਖਿਆ, “ਹਾਲੇ ਵੀ ਅਨੇਕ ਰੂੜੀਵਾਦੀ ਪ੍ਰੋਟੈਸਟੈਂਟ ਸਮੂਹਾਂ ਵਿਚ ਪਾਈ ਜਾਂਦੀ ਹੈ।” ਹਿੰਦੂ, ਬੋਧੀ ਅਤੇ ਮੁਸਲਮਾਨ ਵੀ ਇਹ ਸਿੱਖਿਆ ਦਿੰਦੇ ਹਨ ਕਿ ਨਰਕ ਇਕ ਤੜਫ਼ਾਉਣ ਦੀ ਜਗ੍ਹਾ ਹੈ। ਕੋਈ ਹੈਰਾਨਗੀ ਦੀ ਗੱਲ ਨਹੀਂ ਹੈ ਕਿ ਜਿਹੜੇ ਲੋਕਾਂ ਨੂੰ ਇਹ ਸਿੱਖਿਆ ਦਿੱਤੀ ਗਈ ਹੈ ਉਹ ਅਕਸਰ ਆਖਦੇ ਹਨ ਕਿ ਅਗਰ ਨਰਕ ਇੰਨੀ ਬੁਰੀ ਜਗ੍ਹਾ ਹੈ ਤਾਂ ਉਹ ਇਸ ਬਾਰੇ ਗੱਲ ਹੀ ਨਹੀਂ ਕਰਨਾ ਚਾਹੁੰਦੇ ਹਨ।
2. ਬੱਚਿਆਂ ਨੂੰ ਅੱਗ ਵਿਚ ਸਾੜਣ ਬਾਰੇ ਪਰਮੇਸ਼ੁਰ ਦਾ ਕੀ ਵਿਚਾਰ ਸੀ?
2 ਇਸ ਤੋਂ ਸਵਾਲ ਪੈਦਾ ਹੁੰਦਾ ਹੈ: ਕੀ ਸਰਬਸ਼ਕਤੀਮਾਨ ਪਰਮੇਸ਼ੁਰ ਨੇ ਅਜਿਹੀ ਤੜਫ਼ਾਉਣ ਦੀ ਜਗ੍ਹਾ ਨੂੰ ਰਚਿਆ ਸੀ? ਭਲਾ, ਪਰਮੇਸ਼ੁਰ ਦਾ ਕੀ ਵਿਚਾਰ ਸੀ ਜਦੋਂ ਇਸਰਾਏਲੀਆਂ ਨੇ ਆਪਣੇ ਨਜ਼ਦੀਕ ਰਹਿੰਦੇ ਹੋਏ ਲੋਕਾਂ ਦੀ ਮਿਸਾਲ ਦਾ ਅਨੁਕਰਣ ਕਰਦੇ ਹੋਏ, ਆਪਣੇ ਬੱਚਿਆਂ ਨੂੰ ਅੱਗ ਵਿਚ ਸਾੜਨਾ ਸ਼ੁਰੂ ਕਰ ਦਿੱਤਾ ਸੀ? ਉਹ ਆਪਣੇ ਸ਼ਬਦ ਵਿਚ ਵਿਆਖਿਆ ਕਰਦਾ ਹੈ: “ਓਹਨਾਂ ਨੇ ਤੋਫਥ ਦੇ ਉੱਚੇ ਅਸਥਾਨ ਜਿਹੜੇ ਬਨ-ਹਿੰਨੋਮ ਦੀ ਵਾਦੀ ਵਿੱਚ ਹਨ ਬਣਾਏ ਭਈ ਆਪਣੇ ਪੁੱਤ੍ਰਾਂ ਅਤੇ ਧੀਆਂ ਨੂੰ ਅੱਗ ਵਿੱਚ ਸਾੜਨ, ਜਿਹ ਦਾ ਨਾ ਮੈਂ ਹੁਕਮ ਦਿੱਤਾ, ਨਾ ਹੀ ਮੇਰੇ ਮਨ ਵਿੱਚ ਇਹ ਆਇਆ।” (ਟੇਢੇ ਟਾਈਪ ਸਾਡੇ)—ਯਿਰਮਿਯਾਹ 7:31.
3. ਇਹ ਸੋਚਣਾ ਅਨੁਚਿਤ, ਨਾਲੇ ਸ਼ਾਸਤਰਾਂ ਦੇ ਵਿਰੁੱਧ ਕਿਉਂ ਹੈ ਕਿ ਪਰਮੇਸ਼ੁਰ ਲੋਕਾਂ ਨੂੰ ਤੜਫ਼ਾਏਗਾ?
3 ਇਸ ਗੱਲ ਉੱਤੇ ਵਿਚਾਰ ਕਰੋ। ਅਗਰ ਅੱਗ ਵਿਚ ਲੋਕਾਂ ਨੂੰ ਸਾੜਨ ਦਾ ਵਿਚਾਰ ਪਰਮੇਸ਼ੁਰ ਦੇ ਮਨ ਵਿਚ ਕਦੇ ਵੀ ਨਹੀਂ ਆਇਆ, ਕੀ ਇਹ ਤਰਕਸ਼ੀਲ ਲੱਗਦਾ ਹੈ ਕਿ ਉਸ ਨੇ ਉਨ੍ਹਾਂ ਵਿਅਕਤੀਆਂ ਲਈ ਇਕ ਅੱਗਦਾਰ ਨਰਕ ਬਣਾਇਆ ਜਿਹੜੇ ਉਸ ਦੀ ਸੇਵਾ ਨਹੀਂ ਕਰਦੇ ਹਨ? ਬਾਈਬਲ ਆਖਦੀ ਹੈ, “ਪਰਮੇਸ਼ੁਰ ਪ੍ਰੇਮ ਹੈ।” (1 ਯੂਹੰਨਾ 4:8) ਕੀ ਇਕ ਪ੍ਰੇਮਪੂਰਣ ਪਰਮੇਸ਼ੁਰ ਸੱਚ-ਮੁੱਚ ਲੋਕਾਂ ਨੂੰ ਸਦਾ ਲਈ ਤੜਫ਼ਾਏਗਾ? ਕੀ ਤੁਸੀਂ ਇਸ ਤਰ੍ਹਾਂ ਕਰੋਗੇ? ਪਰਮੇਸ਼ੁਰ ਦੇ ਪ੍ਰੇਮ ਬਾਰੇ ਗਿਆਨ ਨੂੰ ਸਾਨੂੰ ਉਸ ਦੇ ਸ਼ਬਦ ਵਿਚ ਭਾਲ ਕਰਨ ਲਈ ਉਤੇਜਿਤ ਕਰਨਾ ਚਾਹੀਦਾ ਹੈ ਕਿ ਕੀ “ਨਰਕ” ਸੱਚ-ਮੁੱਚ ਇਕ ਤੜਫ਼ਾਉਣ ਦੀ ਜਗ੍ਹਾ ਦੇ ਤੌਰ ਤੇ ਹੋਂਦ ਵਿਚ ਹੈ।
ਸ਼ੀਓਲ ਅਤੇ ਹੇਡੀਜ਼
4. (ੳ) ਬਾਈਬਲ ਕਿਸ ਤਰ੍ਹਾਂ ਦਿਖਾਉਂਦੀ ਹੈ ਕਿ ਸ਼ੀਓਲ ਅਤੇ ਹੇਡੀਜ਼ ਦਾ ਇਕੋ ਅਰਥ ਹੈ? (ਅ) ਇਸ ਹਕੀਕਤ ਤੋਂ ਕੀ ਪ੍ਰਦਰਸ਼ਿਤ ਹੁੰਦਾ ਹੈ ਕਿ ਯਿਸੂ ਹੇਡੀਜ਼ ਵਿਚ ਸੀ?
4 ਉਸ ਜਗ੍ਹਾ ਨੂੰ ਸੰਕੇਤ ਕਰਦੇ ਹੋਏ, ਜਿੱਥੇ ਮਨੁੱਖ ਮੌਤ ਹੋਣ ਤੇ ਜਾਂਦੇ ਹਨ, ਇਬਰਾਨੀ ਸ਼ਾਸਤਰਾਂ ਵਿਚ ਬਾਈਬਲ “ਸ਼ੀਓਲ” ਸ਼ਬਦ ਅਤੇ ਯੂਨਾਨੀ ਸ਼ਾਸਤਰਾਂ ਵਿਚ “ਹੇਡੀਜ਼” ਸ਼ਬਦ ਦਾ ਇਸਤੇਮਾਲ ਕਰਦੀ ਹੈ। ਇਹ ਹਕੀਕਤ ਕਿ ਇਨ੍ਹਾਂ ਸ਼ਬਦਾਂ ਦਾ ਇਕੋ ਹੀ ਅਰਥ ਹੈ ਜ਼ਬੂਰਾਂ ਦੀ ਪੋਥੀ 16:10 ਅਤੇ ਰਸੂਲਾਂ ਦੇ ਕਰਤੱਬ 2:31 ਵੱਲ ਨਜ਼ਰ ਮਾਰ ਕੇ ਦੇਖਿਆ ਜਾਂਦਾ ਹੈ, ਜਿਹੜੀਆਂ ਆਇਤਾਂ ਤੁਸੀਂ ਅਗਲੇ ਸਫ਼ੇ ਤੇ ਦੇਖ ਸਕਦੇ ਹੋ। ਧਿਆਨ ਦਿਓ ਕਿ ਜ਼ਬੂਰਾਂ ਦੀ ਪੋਥੀ 16:10 ਤੋਂ ਉਤਕਥਨ ਕਰਦੇ ਹੋਏ ਜਿੱਥੇ ਸ਼ੀਓਲ ਸ਼ਬਦ ਪਾਇਆ ਜਾਂਦਾ ਹੈ, ਰਸੂਲਾਂ ਦੇ ਕਰਤੱਬ 2:31 ਹੇਡੀਜ਼ ਇਸਤੇਮਾਲ ਕਰਦਾ ਹੈ। ਕਈਆਂ ਨੇ ਇਹ ਦਾਅਵਾ ਕੀਤਾ ਹੈ ਕਿ ਹੇਡੀਜ਼ ਇਕ ਸਦੀਪਕ ਤੜਫ਼ਾਉਣ ਦੀ ਜਗ੍ਹਾ ਹੈ। ਪਰ ਧਿਆਨ ਦਿਓ ਕਿ ਯਿਸੂ ਮਸੀਹ ਹੇਡੀਜ਼ ਵਿਚ ਸੀ। ਕੀ ਸਾਨੂੰ ਇਹ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਪਰਮੇਸ਼ੁਰ ਨੇ ਮਸੀਹ ਨੂੰ ਅੱਗ ਵਾਲੇ ਇਕ “ਨਰਕ” ਵਿਚ ਤੜਫ਼ਾਇਆ ਸੀ? ਬਿਲਕੁਲ ਹੀ ਨਹੀਂ! ਆਪਣੀ ਮੌਤ ਹੋਣ ਤੇ ਯਿਸੂ ਕੇਵਲ ਆਪਣੀ ਕਬਰ ਵਿਚ ਹੀ ਗਿਆ ਸੀ।
5, 6. ਯਾਕੂਬ ਅਤੇ ਉਸ ਦੇ ਪੁੱਤਰ ਯੂਸੁਫ਼, ਅਤੇ ਅੱਯੂਬ ਦੇ ਸੰਬੰਧ ਵਿਚ ਜੋ ਕਿਹਾ ਗਿਆ ਹੈ, ਇਹ ਕਿਸ ਤਰ੍ਹਾਂ ਸਾਬਤ ਕਰਦਾ ਹੈ ਕਿ ਸ਼ੀਓਲ ਇਕ ਤੜਫ਼ਾਉਣ ਦੀ ਜਗ੍ਹਾ ਨਹੀਂ ਹੈ?
5 ਉਤਪਤ 37:35 ਯਾਕੂਬ ਬਾਰੇ ਵਰਣਨ ਕਰਦਾ ਹੈ, ਜੋ ਆਪਣੇ ਪਿਆਰੇ ਪੁੱਤਰ ਯੂਸੁਫ਼ ਦੇ ਲਈ ਸੋਗ ਕਰ ਰਿਹਾ ਸੀ, ਜਿਸ ਬਾਰੇ ਉਹ ਨੇ ਸੋਚਿਆ ਕਿ ਉਹ ਮਾਰਿਆ ਗਿਆ ਸੀ। ਬਾਈਬਲ ਯਾਕੂਬ ਬਾਰੇ ਆਖਦੀ ਹੈ: “ਉਹ ਨੇ ਸ਼ਾਂਤ ਹੋਣਾ ਨਾ ਚਾਹਿਆ ਪਰ ਆਖਿਆ, ਮੈਂ ਪਤਾਲ [“ਸ਼ੀਓਲ,” ਨਿਵ] ਵਿਚ ਆਪਣੇ ਪੁੱਤ੍ਰ ਕੋਲ ਰੋਂਦਾ ਰੋਂਦਾ ਉੱਤਰਾਂਗਾ।” ਹੁਣ ਇਕ ਪਲ ਲਈ ਠਹਿਰੋ ਅਤੇ ਵਿਚਾਰ ਕਰੋ। ਕੀ ਸ਼ੀਓਲ ਇਕ ਤੜਫ਼ਾਉਣ ਦੀ ਜਗ੍ਹਾ ਸੀ? ਕੀ ਯਾਕੂਬ ਇਹ ਵਿਸ਼ਵਾਸ ਕਰਦਾ ਸੀ ਕਿ ਉਸ ਦਾ ਪੁੱਤਰ ਯੂਸੁਫ਼ ਇਕ ਅਜਿਹੀ ਜਗ੍ਹਾ ਵਿਚ ਸਦੀਪਕਾਲ ਬਤੀਤ ਕਰਨ ਲਈ ਗਿਆ ਹੈ, ਅਤੇ ਕੀ ਉਹ ਉਸ ਨੂੰ ਮਿਲਣ ਲਈ ਉਥੇ ਜਾਣਾ ਚਾਹੁੰਦਾ ਸੀ? ਯਾ, ਇਸ ਦੀ ਬਜਾਇ, ਕੀ ਯਾਕੂਬ ਕੇਵਲ ਇਹ ਹੀ ਵਿਚਾਰ ਕਰਦਾ ਸੀ ਕਿ ਉਸ ਦਾ ਪਿਆਰਾ ਪੁੱਤਰ ਮਰ ਕੇ ਕਬਰ ਵਿਚ ਸੀ ਅਤੇ ਯਾਕੂਬ ਆਪ ਵੀ ਮਰਨਾ ਚਾਹੁੰਦਾ ਸੀ?
6 ਹਾਂ, ਅੱਛੇ ਲੋਕ ਸ਼ੀਓਲ ਵਿਚ ਜਾਂਦੇ ਹਨ। ਉਦਾਹਰਣ ਦੇ ਤੌਰ ਤੇ, ਅੱਯੂਬ ਵੱਲ ਧਿਆਨ ਦਿਓ, ਜੋ ਪਰਮੇਸ਼ੁਰ ਦੇ ਪ੍ਰਤੀ ਆਪਣੀ ਵਫ਼ਾਦਾਰੀ ਅਤੇ ਖਰਿਆਈ ਲਈ ਜਾਣਿਆ ਗਿਆ ਹੈ। ਜਦੋਂ ਉਹ ਬਹੁਤ ਕਸ਼ਟ ਭੋਗ ਰਿਹਾ ਸੀ, ਉਸ ਨੇ ਪਰਮੇਸ਼ੁਰ ਨੂੰ ਉਸ ਦੀ ਸਹਾਇਤਾ ਕਰਨ ਲਈ ਬੇਨਤੀ ਕੀਤੀ। ਉਸ ਦੀ ਪ੍ਰਾਰਥਨਾ ਅੱਯੂਬ 14:13 ਵਿਚ ਦਰਜ ਕੀਤੀ ਗਈ ਹੈ: “ਕਾਸ਼ ਕਿ ਤੂੰ ਮੈਨੂੰ ਪਤਾਲ [“ਸ਼ੀਓਲ,” ਨਿਵ] ਵਿੱਚ ਲੁਕਾ ਦੇਵੇਂ, . . . ਅਤੇ ਮੇਰੇ ਲਈ ਖਾਸ ਵੇਲਾ ਠਹਿਰਾਵੇਂ ਅਤੇ ਮੈਨੂੰ ਚੇਤੇ ਰੱਖੇਂ!” ਹੁਣ ਵਿਚਾਰ ਕਰੋ: ਅਗਰ ਸ਼ੀਓਲ ਦਾ ਅਰਥ ਅੱਗ ਅਤੇ ਤੜਫ਼ਾਉਣ ਵਾਲੀ ਇਕ ਜਗ੍ਹਾ ਹੈ, ਤਾਂ ਕੀ ਅੱਯੂਬ ਉਥੇ ਜਾ ਕੇ ਉਦੋਂ ਤਕ ਆਪਣਾ ਸਮਾਂ ਬਤੀਤ ਕਰਨਾ ਚਾਹੇਗਾ ਜਦੋਂ ਪਰਮੇਸ਼ੁਰ ਉਸ ਨੂੰ ਚੇਤੇ ਕਰੇ? ਸਪੱਸ਼ਟ ਤੌਰ ਤੇ, ਅੱਯੂਬ ਮਰ ਕੇ ਕਬਰ ਵਿਚ ਜਾਣਾ ਚਾਹੁੰਦਾ ਸੀ ਤਾਂਕਿ ਉਸ ਦੇ ਕਸ਼ਟ ਖ਼ਤਮ ਹੋ ਜਾਣ।
7. (ੳ) ਉਨ੍ਹਾਂ ਦੀ ਕੀ ਸਥਿਤੀ ਹੈ ਜਿਹੜੇ ਸ਼ੀਓਲ ਵਿਚ ਹਨ? (ਅ) ਤਾਂ ਫਿਰ ਸ਼ੀਓਲ ਅਤੇ ਹੇਡੀਜ਼ ਕੀ ਹਨ?
7 ਉਨ੍ਹਾਂ ਸਾਰੇ ਸਥਾਨਾਂ ਤੇ ਜਿੱਥੇ ਬਾਈਬਲ ਵਿਚ ਸ਼ੀਓਲ ਸ਼ਬਦ ਪਾਇਆ ਜਾਂਦਾ ਹੈ ਇਸ ਦਾ ਸੰਬੰਧ ਕਦੇ ਵੀ ਜੀਵਨ, ਕ੍ਰਿਆ ਯਾ ਤੜਫ਼ਾਉਣ ਨਾਲ ਨਹੀਂ ਜੋੜਿਆ ਗਿਆ ਹੈ। ਇਸ ਦੀ ਬਜਾਇ, ਇਸ ਦਾ ਸੰਬੰਧ ਅਕਸਰ ਮੌਤ ਅਤੇ ਨਿਸ਼ਕ੍ਰਿਆ ਨਾਲ ਜੋੜਿਆ ਗਿਆ ਹੈ। ਉਦਾਹਰਣ ਦੇ ਤੌਰ ਤੇ, ਉਪਦੇਸ਼ਕ ਦੀ ਪੋਥੀ 9:10 ਬਾਰੇ ਵਿਚਾਰ ਕਰੋ, ਜਿੱਥੇ ਲਿਖਿਆ ਹੋਇਆ ਹੈ: “ਜਿਹੜਾ ਕੰਮ ਤੇਰੇ ਹੱਥ ਲੱਗਦਾ ਹੈ ਉਹੋ ਆਪਣੇ ਸਾਰੇ ਜ਼ੋਰ ਨਾਲ ਕਰ ਕਿਉਂ ਜੋ ਪਤਾਲ [“ਸ਼ੀਓਲ,” ਨਿਵ], ਵਿੱਚ ਜਿੱਥੇ ਤੂੰ ਜਾਂਦਾ ਹੈਂ ਕੋਈ ਕੰਮ, ਨਾ ਖਿਆਲ, ਨਾ ਗਿਆਨ, ਨਾ ਬੁੱਧ ਹੈ।” ਤਾਂ ਫਿਰ ਜਵਾਬ ਬਹੁਤ ਸਪੱਸ਼ਟ ਹੋ ਜਾਂਦਾ ਹੈ। ਸ਼ੀਓਲ ਅਤੇ ਹੇਡੀਜ਼ ਕਿਸੇ ਤੜਫ਼ਾਉਣ ਦੀ ਜਗ੍ਹਾ ਨੂੰ ਨਹੀਂ ਪਰ ਮਨੁੱਖਜਾਤੀ ਦੀ ਸਾਧਾਰਣ ਕਬਰ ਨੂੰ ਸੰਕੇਤ ਕਰਦੇ ਹਨ। (ਜ਼ਬੂਰਾਂ ਦੀ ਪੋਥੀ 139:8) ਅੱਛੇ ਲੋਕ ਅਤੇ ਬੁਰੇ ਲੋਕ ਵੀ ਸ਼ੀਓਲ, ਯਾ ਹੇਡੀਜ਼ ਵਿਚ ਜਾਂਦੇ ਹਨ।
ਨਰਕ ਵਿਚੋਂ ਨਿਕਲਣਾ
8, 9. ਜਦੋਂ ਯੂਨਾਹ ਮੱਛੀ ਦੇ ਢਿੱਡ ਵਿਚ ਸੀ, ਤਾਂ ਉਸ ਨੇ ਕਿਉਂ ਆਖਿਆ ਕਿ ਉਹ ਸ਼ੀਓਲ ਵਿਚ ਸੀ?
8 ਕੀ ਲੋਕ ਸ਼ੀਓਲ (ਹੇਡੀਜ਼) ਵਿਚੋਂ ਨਿਕਲ ਸਕਦੇ ਹਨ? ਯੂਨਾਹ ਦੇ ਮਾਮਲੇ ਬਾਰੇ ਵਿਚਾਰ ਕਰੋ। ਜਦੋਂ ਪਰਮੇਸ਼ੁਰ ਨੇ ਯੂਨਾਹ ਨੂੰ ਡੁੱਬਣ ਤੋਂ ਬਚਾਉਣ ਲਈ ਇਕ ਵੱਡੀ ਮੱਛੀ ਦੁਆਰਾ ਉਸ ਨੂੰ ਨਿਗਲਵਾ ਲਿਆ, ਤਾਂ ਯੂਨਾਹ ਨੇ ਮੱਛੀ ਦੇ ਢਿੱਡ ਵਿੱਚੋਂ ਪ੍ਰਾਰਥਨਾ ਕੀਤੀ: “ਮੈਂ ਆਪਣੀ ਔਖਿਆਈ ਵਿੱਚ ਯਹੋਵਾਹ ਨੂੰ ਪੁਕਾਰਿਆ, ਅਤੇ ਉਹ ਨੇ ਮੈਨੂੰ ਉੱਤਰ ਦਿੱਤਾ, ਮੈਂ ਪਤਾਲ [“ਸ਼ੀਓਲ,” ਨਿਵ] ਦੇ ਢਿੱਡ ਵਿਚੋਂ ਦੁਹਾਈ ਦਿੱਤੀ, ਤੈਂ ਮੇਰੀ ਅਵਾਜ਼ ਸੁਣੀ।”—ਯੂਨਾਹ 2:2.
9 ਯੂਨਾਹ ਦੇ ਇਹ ਆਖਣ “ਪਤਾਲ [“ਸ਼ੀਓਲ,” “ਨਿਵ”] ਦੇ ਢਿੱਡ ਵਿਚੋਂ” ਦਾ ਕੀ ਅਰਥ ਸੀ? ਭਲਾ, ਇਸ ਦਾ ਅਰਥ ਇਹ ਸੀ ਕਿ ਮੱਛੀ ਦਾ ਢਿੱਡ ਨਿਸ਼ਚੇ ਹੀ ਇਕ ਅੱਗਦਾਰ ਤੜਫ਼ਾਉਣ ਦੀ ਜਗ੍ਹਾ ਨਹੀਂ ਸੀ। ਮਗਰ ਉਹ ਯੂਨਾਹ ਦੀ ਕਬਰ ਬਣ ਸਕਦਾ ਸੀ। ਅਸਲ ਵਿਚ, ਯਿਸੂ ਮਸੀਹ ਨੇ ਆਪਣੇ ਆਪ ਬਾਰੇ ਕਿਹਾ: “ਜਿਸ ਤਰ੍ਹਾਂ ਯੂਨਾਹ ਤਿੰਨ ਦਿਨ ਅਤੇ ਤਿੰਨ ਰਾਤ ਮੱਛੀ ਦੇ ਢਿੱਡ ਵਿੱਚ ਸੀ ਉਸੇ ਤਰਾਂ ਮਨੁੱਖ ਦਾ ਪੁੱਤ੍ਰ ਤਿੰਨ ਦਿਨ ਅਤੇ ਤਿੰਨ ਰਾਤ ਧਰਤੀ ਦੇ ਅੰਦਰ ਹੋਵੇਗਾ।”—ਮੱਤੀ 12:40.
10. (ੳ) ਕੀ ਸਬੂਤ ਹੈ ਕਿ ਜਿਹੜੇ ਨਰਕ ਵਿਚ ਹਨ ਉਹ ਨਿਕਲ ਸਕਦੇ ਹਨ? (ਅ) ਹੋਰ ਅਤਿਰਿਕਤ ਸਬੂਤ ਕੀ ਹੈ ਕਿ “ਨਰਕ” ਦਾ ਅਰਥ “ਕਬਰ” ਹੈ?
10 ਯਿਸੂ ਮਰ ਕੇ ਆਪਣੀ ਕਬਰ ਵਿਚ ਤਿੰਨ ਦਿਨ ਲਈ ਰਿਹਾ। ਪਰ ਬਾਈਬਲ ਦੱਸਦੀ ਹੈ: “ਨਾ ਉਹ ਪਤਾਲ [“ਹੇਡੀਜ਼,” ਨਿਵ] ਵਿਚ ਛੱਡਿਆ ਗਿਆ . . . ਉਸੇ ਯਿਸੂ ਨੂੰ ਪਰਮੇਸ਼ੁਰ ਨੇ ਜੀਉਂਦਾ ਉਠਾਇਆ।” (ਰਸੂਲਾਂ ਦੇ ਕਰਤੱਬ 2:31, 32) ਉਸੇ ਹੀ ਤਰ੍ਹਾਂ, ਪਰਮੇਸ਼ੁਰ ਦੇ ਨਿਰਦੇਸ਼ਨ ਦੁਆਰਾ, ਯੂਨਾਹ ਸ਼ੀਓਲ ਵਿਚੋਂ ਜੀ ਉਠਾਇਆ ਗਿਆ, ਮਤਲਬ ਕਿ ਉਥੋਂ ਜੀ ਉਠਾਇਆ ਗਿਆ ਜੋ ਉਹ ਦੀ ਕਬਰ ਬਣ ਸਕਦੀ ਸੀ। ਇਹ ਉਦੋਂ ਹੋਇਆ ਜਦੋਂ ਮੱਛੀ ਨੇ ਉਸ ਨੂੰ ਸੁੱਕੀ ਧਰਤੀ ਉੱਤੇ ਉਗਲੱਛ ਦਿੱਤਾ। ਹਾਂ, ਲੋਕ ਸ਼ੀਓਲ ਵਿਚੋਂ ਨਿਕਲ ਸਕਦੇ ਹਨ! ਅਸਲ ਵਿਚ, ਪਰਕਾਸ਼ ਦੀ ਪੋਥੀ 20:13 ਵਿਚ ਦਿੱਤਾ ਗਿਆ ਦਿਲ ਨੂੰ ਖੁਸ਼ ਕਰਨ ਵਾਲਾ ਵਾਇਦਾ ਹੈ ਕਿ ‘ਜਿਹੜੇ ਉਨ੍ਹਾਂ ਵਿਚ ਮਰੇ ਹੋਏ ਹਨ ਮੌਤ ਅਤੇ ਨਰਕ [“ਹੇਡੀਜ਼,” ਨਿਵ] ਵਾਪਸ ਮੋੜ ਦੇਣਗੇ।’ ਮਰੇ ਹੋਇਆਂ ਦੀ ਸਥਿਤੀ ਦੇ ਸੰਬੰਧ ਵਿਚ ਬਾਈਬਲ ਦੀ ਸਿੱਖਿਆ ਉਸ ਨਾਲੋਂ ਕਿੰਨੀ ਵੱਖਰੀ ਹੈ ਜੋ ਅਨੇਕ ਧਰਮਾਂ ਨੇ ਸਿਖਾਇਆ ਹੈ!
ਗ਼ਹੈਨਾ ਅਤੇ ਅੱਗ ਦੀ ਝੀਲ
11. ਕਿੰਗ ਜੇਮਜ਼ ਵਰਯਨ ਵਿਚ ਕਿਹੜੇ ਯੂਨਾਨੀ ਸ਼ਬਦ ਦਾ ਤਰਜਮਾ “ਨਰਕ” ਕੀਤਾ ਗਿਆ ਹੈ ਜਿਹੜਾ ਬਾਈਬਲ ਵਿਚ 12 ਵਾਰ ਪਾਇਆ ਜਾਂਦਾ ਹੈ?
11 ਪਰ ਕੋਈ ਵਿਅਕਤੀ ਇਹ ਕਹਿੰਦੇ ਹੋਏ ਸ਼ਾਇਦ ਇਤਰਾਜ਼ ਕਰੇ: ‘ਬਾਈਬਲ ਨਰਕ ਦੀ ਅੱਗ ਅਤੇ ਅੱਗ ਦੀ ਝੀਲ ਬਾਰੇ ਜ਼ਰੂਰ ਜ਼ਿਕਰ ਕਰਦੀ ਹੈ। ਕੀ ਇਹ ਸਾਬਤ ਨਹੀਂ ਕਰਦਾ ਹੈ ਕਿ ਇਕ ਤੜਫ਼ਾਉਣ ਦੀ ਜਗ੍ਹਾ ਹੋਂਦ ਵਿਚ ਹੈ?’ ਇਹ ਸੱਚ ਹੈ, ਕੁਝ ਅਨੁਵਾਦ, ਜਿਵੇਂ ਕਿ ਕਿੰਗ ਜੇਮਜ਼ ਵਰਯਨ, “ਨਰਕ ਦੀ ਅੱਗ” ਅਤੇ ਉਸ “ਨਰਕ ਵਿਚ ਸੁੱਟੇ ਜਾਣ, ਉਹ ਅੱਗ ਜਿਹੜੀ ਕਦੇ ਵੀ ਨਹੀਂ ਬੁਝੇਗੀ” ਦਾ ਜ਼ਿਕਰ ਕਰਦੇ ਹਨ। (ਮੱਤੀ 5:22; ਮਰਕੁਸ 9:45) ਕੁਲ ਮਿਲਾ ਕੇ ਮਸੀਹੀ ਯੂਨਾਨੀ ਸ਼ਾਸਤਰਾਂ ਵਿਚ 12 ਆਇਤਾਂ ਹਨ ਜਿੱਥੇ ਕਿੰਗ ਜੇਮਜ਼ ਵਰਯਨ ਯੂਨਾਨੀ ਸ਼ਬਦ ਗ਼ਹੈਨਾ ਦਾ ਤਰਜਮਾ ਕਰਨ ਲਈ “ਨਰਕ” ਇਸਤੇਮਾਲ ਕਰਦਾ ਹੈ। ਕੀ ਗ਼ਹੈਨਾ ਵਾਸਤਵ ਵਿਚ ਇਕ ਅੱਗਦਾਰ ਤੜਫ਼ਾਉਣ ਦੀ ਜਗ੍ਹਾ ਹੈ, ਜਦੋਂ ਕਿ ਹੇਡੀਜ਼ ਦਾ ਅਰਥ ਕੇਵਲ ਕਬਰ ਹੈ?
12. ਗ਼ਹੈਨਾ ਕੀ ਹੈ, ਅਤੇ ਉਥੇ ਕੀ ਕੀਤਾ ਜਾਂਦਾ ਸੀ?
12 ਸਪੱਸ਼ਟ ਤੌਰ ਤੇ, ਇਬਰਾਨੀ ਸ਼ਬਦ “ਸ਼ੀਓਲ” ਅਤੇ ਯੂਨਾਨੀ ਸ਼ਬਦ “ਹੇਡੀਜ਼” ਦਾ ਅਰਥ ਕਬਰ ਹੀ ਹੈ। ਭਲਾ, ਤਾਂ ਫਿਰ, ਗ਼ਹੈਨਾ ਦਾ ਕੀ ਅਰਥ ਹੈ? ਇਬਰਾਨੀ ਸ਼ਾਸਤਰਾਂ ਵਿਚ ਗ਼ਹੈਨਾ “ਹਿੰਨੋਮ ਦੀ ਵਾਦੀ” ਹੈ। ਯਾਦ ਕਰੋ, ਹਿੰਨੋਮ ਯਰੂਸ਼ਲਮ ਦੀਆਂ ਦੀਵਾਰਾਂ ਦੇ ਬਾਹਰ ਉਸ ਵਾਦੀ ਦਾ ਨਾਂ ਸੀ ਜਿੱਥੇ ਇਸਰਾਏਲੀ ਆਪਣੇ ਬੱਚਿਆਂ ਨੂੰ ਅੱਗ ਵਿਚ ਬਲੀਦਾਨ ਕਰਦੇ ਸਨ। ਸਮਾਂ ਆਉਣ ਤੇ, ਅੱਛੇ ਰਾਜਾ ਯੋਸੀਯਾਹ ਨੇ ਇਸ ਵਾਦੀ ਨੂੰ ਅਜਿਹੇ ਖੌਫ਼ਨਾਕ ਅਭਿਆਸ ਦੀ ਵਰਤੋਂ ਲਈ ਅਯੋਗ ਬਣਵਾ ਦਿੱਤਾ। (2 ਰਾਜਿਆਂ 23:10) ਉਸ ਨੂੰ ਇਕ ਵੱਡਾ ਕੂੜਾ ਕਰਕਟ, ਯਾ ਗੰਦ-ਮੰਦ ਸੁੱਟਣ ਦਾ ਸਥਾਨ ਬਣਾ ਦਿੱਤਾ ਗਿਆ ਸੀ।
13. (ੳ) ਯਿਸੂ ਦੇ ਦਿਨਾਂ ਵਿਚ, ਗ਼ਹੈਨਾ ਕਿਸ ਮਕਸਦ ਲਈ ਇਸਤੇਮਾਲ ਕੀਤਾ ਜਾਂਦਾ ਸੀ? (ਅ) ਕਿਹੜੀ ਚੀਜ਼ ਉਥੇ ਕਦੇ ਵੀ ਨਹੀਂ ਸੁੱਟੀ ਜਾਂਦੀ ਸੀ?
13 ਇਸ ਲਈ ਜਿਸ ਸਮੇਂ ਯਿਸੂ ਧਰਤੀ ਉੱਤੇ ਸੀ ਗ਼ਹੈਨਾ ਯਰੂਸ਼ਲਮ ਦਾ ਕੂੜਾ ਕਰਕਟ ਸੁੱਟਣ ਦਾ ਸਥਾਨ ਸੀ। ਉਥੇ ਕੂੜਾ ਕਰਕਟ ਨੂੰ ਜਲਾਉਣ ਲਈ ਬੱਲਦੀ ਅੱਗ ਵਿਚ ਗੰਧਕ ਪਾ ਕੇ ਉਸ ਨੂੰ ਜਾਰੀ ਰੱਖਿਆ ਜਾਂਦਾ ਸੀ। ਸਮਿਥਸ ਡਿਕਸ਼ਨਰੀ ਆਫ਼ ਦ ਬਾਈਬਲ, ਖੰਡ 1, ਵਿਆਖਿਆ ਕਰਦੀ ਹੈ: “ਇਹ ਸ਼ਹਿਰ ਦੇ ਕੂੜਾ ਕਰਕਟ ਲਈ ਸਾਧਾਰਣ ਸਥਾਨ ਬਣ ਗਿਆ, ਜਿੱਥੇ ਮੁਜਰਮਾਂ ਦੀਆਂ ਲਾਸ਼ਾਂ, ਅਤੇ ਪਸ਼ੂਆਂ ਦੀਆਂ ਲੋਥਾਂ, ਅਤੇ ਹੋਰ ਹਰ ਪ੍ਰਕਾਰ ਦਾ ਗੰਦ-ਮੰਦ ਸੁੱਟਿਆ ਜਾਂਦਾ ਸੀ।” ਮਗਰ, ਕੋਈ ਜੀਉਂਦੇ ਜੀਵ ਨਹੀਂ ਉਥੇ ਸੁੱਟੇ ਜਾਂਦੇ ਸਨ।
14. ਕੀ ਸਬੂਤ ਹੈ ਕਿ ਗ਼ਹੈਨਾ ਨੂੰ ਸਦੀਪਕ ਵਿਨਾਸ਼ ਦੇ ਇਕ ਪ੍ਰਤੀਕ ਵਜੋਂ ਇਸਤੇਮਾਲ ਕੀਤਾ ਜਾਂਦਾ ਸੀ?
14 ਆਪਣੇ ਸ਼ਹਿਰ ਦੇ ਕੂੜਾ ਕਰਕਟ ਵਾਲੇ ਸਥਾਨ ਬਾਰੇ ਜਾਣਦੇ ਹੋਏ, ਯਰੂਸ਼ਲਮ ਦੇ ਨਿਵਾਸੀ ਸਮਝ ਗਏ ਕਿ ਯਿਸੂ ਦਾ ਕੀ ਅਰਥ ਸੀ ਜਦੋਂ ਉਸ ਨੇ ਉਨ੍ਹਾਂ ਦੁਸ਼ਟ ਧਾਰਮਿਕ ਆਗੂਆਂ ਨੂੰ ਆਖਿਆ: “ਹੇ ਸੱਪੋ, ਹੇ ਨਾਗਾਂ ਦੇ ਬੱਚਿਓ! ਤੁਸੀਂ ਨਰਕ [“ਗ਼ਹੈਨਾ,” ਨਿਵ] ਦੇ ਡੰਨੋਂ ਕਿਸ ਬਿਧ ਭੱਜੋਗੇ?” (ਮੱਤੀ 23:33) ਸਾਫ਼ ਤੌਰ ਤੇ ਯਿਸੂ ਦਾ ਇਹ ਅਰਥ ਨਹੀਂ ਸੀ ਕਿ ਇਹ ਧਾਰਮਿਕ ਆਗੂ ਤੜਫ਼ਾਏ ਜਾਣਗੇ। ਜਦੋਂ ਇਸਰਾਏਲੀ ਉਸ ਵਾਦੀ ਵਿਚ ਆਪਣੇ ਜੀਉਂਦੇ ਬੱਚੇ ਜਲਾ ਰਹੇ ਸਨ, ਕੀ ਪਰਮੇਸ਼ੁਰ ਨੇ ਇਹ ਨਹੀਂ ਕਿਹਾ ਸੀ ਕਿ ਅਜਿਹੀ ਖੌਫ਼ਨਾਕ ਚੀਜ਼ ਉਸ ਦੇ ਮਨ ਵਿਚ ਵੀ ਕਦੇ ਨਹੀਂ ਆਈ ਸੀ! ਤਾਂ ਇਸ ਤੋਂ ਸਪੱਸ਼ਟ ਸੀ ਕਿ ਯਿਸੂ ਗ਼ਹੈਨਾ ਨੂੰ ਪੂਰਣ ਅਤੇ ਸਦੀਪਕ ਵਿਨਾਸ਼ ਦਾ ਇਕ ਸਹੀ ਪ੍ਰਤੀਕ ਦੇ ਤੌਰ ਤੇ ਇਸਤੇਮਾਲ ਕਰ ਰਿਹਾ ਸੀ। ਉਸ ਦਾ ਮਤਲਬ ਸੀ ਕਿ ਇਹ ਦੁਸ਼ਟ ਧਾਰਮਿਕ ਆਗੂ ਪੁਨਰ-ਉਥਾਨ ਦੇ ਲਾਇਕ ਨਹੀਂ ਸਨ। ਜੋ ਯਿਸੂ ਦੀਆਂ ਗੱਲਾਂ ਸੁਣ ਰਹੇ ਸਨ, ਉਹ ਸਮਝ ਸਕਦੇ ਸੀ ਕਿ ਜਿਹੜੇ ਗ਼ਹੈਨਾ ਨੂੰ ਜਾਂਦੇ ਹਨ, ਉਹ ਇੰਨੇ ਸਾਰੇ ਕੂੜੇ ਕਰਕਟ ਵਾਂਗ, ਸਦਾ ਲਈ ਵਿਨਾਸ਼ ਹੋ ਜਾਣਗੇ।
15. “ਅੱਗ ਦੀ ਝੀਲ” ਕੀ ਹੈ, ਅਤੇ ਇਸ ਦਾ ਕੀ ਸਬੂਤ ਹੈ?
15 ਤਾਂ ਫਿਰ, ਪਰਕਾਸ਼ ਦੀ ਪੋਥੀ ਵਿਚ ਜ਼ਿਕਰ ਕੀਤੀ ਗਈ “ਅੱਗ ਦੀ ਝੀਲ” ਕੀ ਹੈ? ਇਸ ਦਾ ਅਰਥ ਗ਼ਹੈਨਾ ਦੇ ਅਰਥ ਵਰਗਾ ਹੈ। ਇਸ ਦਾ ਅਰਥ ਸਚੇਤ ਤੜਫ਼ਾਉਣਾ ਨਹੀਂ ਪਰ ਸਦੀਪਕ ਮੌਤ, ਯਾ ਵਿਨਾਸ਼ ਹੈ। ਇਸ ਉੱਤੇ ਧਿਆਨ ਦਿਓ ਕਿ ਬਾਈਬਲ ਕਿਵੇਂ ਆਪ ਹੀ ਪਰਕਾਸ਼ ਦੀ ਪੋਥੀ 20:14 ਵਿਚ ਇਹ ਆਖਦੀ ਹੈ: “ਤਾਂ ਕਾਲ ਅਤੇ ਪਤਾਲ [“ਮੌਤ ਅਤੇ ਹੇਡੀਜ਼,” ਨਿਵ] ਅੱਗ ਦੀ ਝੀਲ ਵਿੱਚ ਸੁੱਟੇ ਗਏ। ਇਹ ਦੂਈ ਮੌਤ ਹੈ ਅਰਥਾਤ ਅੱਗ ਦੀ ਝੀਲ।” (ਟੇਢੇ ਟਾਈਪ ਸਾਡੇ) ਹਾਂ, ਅੱਗ ਦੀ ਝੀਲ ਦਾ ਅਰਥ “ਦੂਈ ਮੌਤ” ਹੈ, ਉਹ ਮੌਤ ਜਿਸ ਤੋਂ ਕੋਈ ਪੁਨਰ-ਉਥਾਨ ਨਹੀਂ ਹੈ। ਇਹ ਜ਼ਾਹਰ ਹੈ ਕਿ ਇਹ “ਝੀਲ” ਇਕ ਪ੍ਰਤੀਕ ਹੈ, ਕਿਉਂਕਿ ਮੌਤ ਅਤੇ ਨਰਕ (ਹੇਡੀਜ਼) ਇਸ ਵਿਚ ਸੁੱਟੇ ਜਾਂਦੇ ਹਨ। ਮੌਤ ਅਤੇ ਨਰਕ ਨੂੰ ਸ਼ਾਬਦਿਕ ਤੌਰ ਤੇ ਜਲਾਇਆ ਨਹੀਂ ਜਾ ਸਕਦਾ ਹੈ। ਪਰ ਇਹ ਖ਼ਤਮ, ਯਾ ਵਿਨਾਸ਼ ਕੀਤੇ ਜਾ ਸਕਦੇ ਹਨ, ਅਤੇ ਕੀਤੇ ਵੀ ਜਾਣਗੇ।
16. ਇਸ ਦਾ ਕੀ ਅਰਥ ਹੈ ਕਿ ਇਬਲੀਸ “ਅੱਗ ਦੀ ਝੀਲ” ਵਿਚ ਜੁੱਗੋ ਜੁੱਗ ਕਸ਼ਟ ਭੋਗੇਗਾ?
16 ਸ਼ਾਇਦ ਕੋਈ ਵਿਅਕਤੀ ਆਖੇ, ‘ਪਰ ਬਾਈਬਲ ਆਖਦੀ ਹੈ ਕਿ ਇਬਲੀਸ ਅੱਗ ਦੀ ਝੀਲ ਵਿਚ ਜੁੱਗੋ ਜੁੱਗ ਕਸ਼ਟ ਭੋਗੇਗਾ।’ (ਪਰਕਾਸ਼ ਦੀ ਪੋਥੀ 20:10) ਇਸ ਦਾ ਕੀ ਅਰਥ ਹੈ? ਜਦੋਂ ਯਿਸੂ ਧਰਤੀ ਉੱਤੇ ਸੀ ਜੇਲ੍ਹਰਾਂ ਨੂੰ ਕਈ ਵਾਰ “ਤੜਫ਼ਾਉਣ ਵਾਲੇ” ਆਖਿਆ ਜਾਂਦਾ ਸੀ। ਜਿਵੇਂ ਯਿਸੂ ਨੇ ਇਕ ਖ਼ਾਸ ਮਨੁੱਖ ਬਾਰੇ ਆਪਣੀ ਇਕ ਦ੍ਰਿਸ਼ਟਾਂਤ ਵਿਚ ਆਖਿਆ: “ਅਤੇ ਉਸ ਦੇ ਮਾਲਕ ਨੇ ਕ੍ਰੋਧਿਤ ਹੋ ਕੇ, ਅਤੇ ਉਹ ਨੂੰ ਤੜਫ਼ਾਉਣ ਵਾਲਿਆਂ ਦੇ ਹੱਥੀਂ ਦੇ ਦਿੱਤਾ, ਜਦ ਤਕ ਉਹ ਉਸ ਦਾ ਸਾਰਾ ਕਰਜ ਨਾ ਚੁਕਾਵੇ।” (ਮੱਤੀ 18:34, ਕਿੰਗ ਜੇਮਜ਼ ਵਰਯਨ) ਕਿਉਂਕਿ ਉਹ ਜਿਹੜੇ “ਅੱਗ ਦੀ ਝੀਲ” ਵਿਚ ਸੁੱਟੇ ਜਾਂਦੇ ਹਨ, “ਦੂਈ ਮੌਤ” ਵਿਚ ਜਾਂਦੇ ਹਨ, ਜਿਸ ਵਿਚੋਂ ਕੋਈ ਪੁਨਰ-ਉਥਾਨ ਨਹੀਂ ਹੈ, ਕਹਿਣ ਦਾ ਮਤਲਬ, ਕਿ ਉਹ ਮੌਤ ਵਿਚ ਸਦਾ ਦੇ ਲਈ ਕੈਦ ਕੀਤੇ ਜਾਂਦੇ ਹਨ। ਉਹ ਮੌਤ ਵਿਚ ਕੈਦ ਰਹਿੰਦੇ ਹਨ ਜਿਵੇਂ ਕਿ ਉਹ ਸਾਰੇ ਸਦੀਪਕਾਲ ਲਈ ਜੇਲ੍ਹਰਾਂ ਦੇ ਕਬਜ਼ੇ ਵਿਚ ਹੋਣ। ਦੁਸ਼ਟ ਲੋਕਾਂ ਨੂੰ, ਨਿਸ਼ਚੇ ਹੀ, ਸ਼ਾਬਦਿਕ ਤੌਰ ਤੇ ਤੜਫ਼ਾਇਆ ਨਹੀਂ ਜਾਂਦਾ ਹੈ, ਕਿਉਂਕਿ, ਜਿਸ ਤਰ੍ਹਾਂ ਅਸੀਂ ਦੇਖ ਚੁੱਕੇ ਹਾਂ, ਜਦੋਂ ਇਕ ਵਿਅਕਤੀ ਮਰ ਜਾਂਦਾ ਹੈ ਉਹ ਪੂਰੀ ਤਰ੍ਹਾਂ ਹੋਂਦ ਵਿਚੋਂ ਖ਼ਤਮ ਹੋ ਜਾਂਦਾ ਹੈ। ਉਹ ਕਿਸੇ ਵੀ ਚੀਜ਼ ਬਾਰੇ ਸਚੇਤ ਨਹੀਂ ਹੁੰਦਾ ਹੈ।
ਧਨਵਾਨ ਮਨੁੱਖ ਅਤੇ ਲਾਜ਼ਰ
17. ਅਸੀਂ ਕਿਸ ਤਰ੍ਹਾਂ ਇਹ ਜਾਣਦੇ ਹਾਂ ਕਿ ਧਨਵਾਨ ਮਨੁੱਖ ਅਤੇ ਲਾਜ਼ਰ ਦੇ ਬਾਰੇ ਯਿਸੂ ਦੇ ਸ਼ਬਦ ਇਕ ਦ੍ਰਿਸ਼ਟਾਂਤ ਹਨ?
17 ਤਾਂ ਫਿਰ, ਯਿਸੂ ਦਾ ਕੀ ਅਰਥ ਸੀ ਜਦੋਂ ਉਹ ਨੇ ਆਪਣੇ ਇਕ ਦ੍ਰਿਸ਼ਟਾਂਤ ਵਿਚ ਆਖਿਆ: “ਉਹ ਕੰਗਾਲ ਮਰ ਗਿਆ ਅਰ ਦੂਤਾਂ ਨੇ ਉਸ ਨੂੰ ਅਬਰਾਹਾਮ ਦੀ ਗੋਦ ਵਿੱਚ ਲੈ ਜਾ ਰੱਖਿਆ, ਅਤੇ ਉਹ ਧਨਵਾਨ ਵੀ ਮਰਿਆ ਅਤੇ ਦੱਬਿਆ ਗਿਆ। ਅਰ ਪਤਾਲ [“ਹੇਡੀਜ਼,” ਨਿਵ] ਵਿੱਚ ਦੁਖੀ ਹੋ ਕੇ ਉਸ ਨੇ ਆਪਣੀਆਂ ਅੱਖੀਆਂ ਚੁੱਕੀਆਂ ਅਤੇ ਦੂਰੋਂ ਅਬਰਾਹਾਮ ਨੂੰ ਅਰ ਉਹ ਦੀ ਗੋਦ ਵਿੱਚ ਲਾਜ਼ਰ ਨੂੰ ਡਿੱਠਾ”? (ਲੂਕਾ 16:19-31) ਜਿਸ ਤਰ੍ਹਾਂ ਅਸੀਂ ਦੇਖ ਚੁੱਕੇ ਹਾਂ, ਕਿਉਂਕਿ ਹੇਡੀਜ਼ ਮਨੁੱਖਜਾਤੀ ਦੀ ਕਬਰ ਨੂੰ ਸੰਕੇਤ ਕਰਦਾ ਹੈ, ਅਤੇ ਨਾ ਕਿ ਕਿਸੇ ਤੜਫ਼ਾਉਣ ਦੀ ਜਗ੍ਹਾ ਨੂੰ, ਇਹ ਸਪੱਸ਼ਟ ਹੈ ਕਿ ਯਿਸੂ ਇੱਥੇ ਇਕ ਦ੍ਰਿਸ਼ਟਾਂਤ ਯਾ ਇਕ ਕਹਾਣੀ ਦੱਸ ਰਿਹਾ ਸੀ। ਹੋਰ ਸਬੂਤ ਲਈ ਕਿ ਇਹ ਇਕ ਸ਼ਾਬਦਿਕ ਬਿਰਤਾਂਤ ਨਹੀਂ ਹੈ ਪਰ ਇਕ ਦ੍ਰਿਸ਼ਟਾਂਤ ਹੈ, ਇਸ ਉੱਤੇ ਵਿਚਾਰ ਕਰੋ: ਕੀ ਨਰਕ ਸਵਰਗ ਤੋਂ ਸੱਚ-ਮੁੱਚ ਬੋਲਣ ਦੇ ਫ਼ਾਸਲੇ ਤੇ ਹੈ ਕਿ ਇਸ ਤਰ੍ਹਾਂ ਇਕ ਵਾਸਤਵ ਵਾਰਤਾਲਾਪ ਜਾਰੀ ਰੱਖਿਆ ਜਾ ਸਕੇ? ਇਸ ਦੇ ਅਤਿਰਿਕਤ, ਅਗਰ ਧਨਵਾਨ ਮਨੁੱਖ ਇਕ ਸ਼ਾਬਦਿਕ ਬਲਦੀ ਹੋਈ ਝੀਲ ਵਿਚ ਸੀ, ਤਾਂ ਅਬਰਾਹਾਮ ਕਿਸ ਤਰ੍ਹਾਂ ਲਾਜ਼ਰ ਨੂੰ ਘਲ ਸਕਦਾ ਸੀ ਕਿ ਉਹ ਆਪਣੀ ਉਂਗਲੀ ਤੋਂ ਪਾਣੀ ਦੇ ਇਕ ਤੁਪਕੇ ਨਾਲ ਉਸ ਦੀ ਜ਼ਬਾਨ ਨੂੰ ਠੰਡਾ ਕਰ ਸਕਦਾ ਸੀ? ਤਾਂ ਫਿਰ, ਯਿਸੂ ਕਿਸ ਚੀਜ਼ ਦਾ ਉਦਾਹਰਣ ਦੇ ਰਿਹਾ ਸੀ?
18. ਇਸ ਦ੍ਰਿਸ਼ਟਾਂਤ ਦਾ (ੳ) ਧਨਵਾਨ ਮਨੁੱਖ (ਅ) ਲਾਜ਼ਰ (ੲ) ਉਨ੍ਹਾਂ ਦੋਹਾਂ ਦੀ ਮੌਤ (ਸ) ਧਨਵਾਨ ਮਨੁੱਖ ਦੀਆਂ ਤੜਫ਼ਣਾਂ ਦੇ ਸੰਬੰਧ ਵਿਚ ਕੀ ਅਰਥ ਹੈ?
18 ਇਸ ਦ੍ਰਿਸ਼ਟਾਂਤ ਵਿਚ ਉਹ ਧਨਵਾਨ ਮਨੁੱਖ ਉਨ੍ਹਾਂ ਹੰਕਾਰੀ ਧਾਰਮਿਕ ਆਗੂਆਂ ਨੂੰ ਦਰਸਾਉਂਦਾ ਸੀ ਜਿਨ੍ਹਾਂ ਨੇ ਯਿਸੂ ਨੂੰ ਰੱਦ ਕੀਤਾ ਅਤੇ ਬਾਅਦ ਵਿਚ ਉਸ ਨੂੰ ਮਾਰ ਦਿੱਤਾ ਸੀ। ਲਾਜ਼ਰ ਉਨ੍ਹਾਂ ਆਮ ਲੋਕਾਂ ਨੂੰ ਦਰਸਾਉਂਦਾ ਸੀ ਜਿਨ੍ਹਾਂ ਨੇ ਪਰਮੇਸ਼ੁਰ ਦੇ ਪੁੱਤਰ ਨੂੰ ਸਵੀਕਾਰ ਕੀਤਾ ਸੀ। ਧਨਵਾਨ ਮਨੁੱਖ ਅਤੇ ਲਾਜ਼ਰ ਦੀ ਮੌਤ ਉਨ੍ਹਾਂ ਦੀ ਸਥਿਤੀ ਵਿਚ ਤਬਦੀਲੀ ਨੂੰ ਦਰਸਾਉਂਦੀ ਸੀ। ਇਹ ਤਬਦੀਲੀ ਉਦੋਂ ਆਈ ਜਦੋਂ ਯਿਸੂ ਨੇ ਉਨ੍ਹਾਂ ਅਣਗੌਲੇ ਲਾਜ਼ਰ ਵਰਗੇ ਲੋਕਾਂ ਨੂੰ ਅਧਿਆਤਮਿਕ ਤੌਰ ਤੇ ਖੁਆਇਆ, ਜਿਸ ਤੋਂ ਉਹ ਵੱਡੇ ਅਬਰਾਹਾਮ, ਯਹੋਵਾਹ ਪਰਮੇਸ਼ੁਰ ਦੀ ਕਿਰਪਾ ਵਿਚ ਆ ਗਏ। ਉਸੇ ਸਮੇਂ, ਉਹ ਝੂਠੇ ਧਾਰਮਿਕ ਆਗੂ ਪਰਮੇਸ਼ੁਰ ਦੀ ਕਿਰਪਾ ਪ੍ਰਾਪਤ ਕਰਨ ਦੇ ਸੰਬੰਧ ਵਿਚ “ਮਰ” ਗਏ। ਦੂਰ ਕੀਤੇ ਜਾਣ ਤੇ, ਉਨ੍ਹਾਂ ਨੇ ਤੜਫ਼ਣਾ ਅਨੁਭਵ ਕੀਤੀ ਜਦੋਂ ਮਸੀਹ ਦੇ ਅਨੁਯਾਈਆਂ ਨੇ ਉਨ੍ਹਾਂ ਦੇ ਬੁਰੇ ਕੰਮਾਂ ਦਾ ਭੇਤ ਖੋਲ੍ਹਿਆ। (ਰਸੂਲਾਂ ਦੇ ਕਰਤੱਬ 7:51-57) ਇਸ ਲਈ ਇਹ ਦ੍ਰਿਸ਼ਟਾਂਤ ਇਹ ਸਿੱਖਿਆ ਨਹੀਂ ਦਿੰਦਾ ਹੈ ਕਿ ਕੁਝ ਮਰੇ ਹੋਏ ਵਿਅਕਤੀਆਂ ਨੂੰ ਇਕ ਸ਼ਾਬਦਿਕ ਅੱਗਦਾਰ ਨਰਕ ਵਿਚ ਤੜਫ਼ਾਇਆ ਜਾਂਦਾ ਹੈ।
ਇਬਲੀਸ-ਪ੍ਰੇਰਿਤ ਸਿੱਖਿਆਵਾਂ
19. (ੳ) ਇਬਲੀਸ ਨੇ ਕਿਹੜੇ ਝੂਠ ਫ਼ੈਲਾਏ ਹਨ? (ਅ) ਅਸੀਂ ਕਿਉਂ ਨਿਸ਼ਚਿਤ ਹੋ ਸਕਦੇ ਹਾਂ ਕਿ ਸੋਧਣ-ਸਥਾਨ ਦੀ ਸਿੱਖਿਆ ਝੂਠੀ ਹੈ?
19 ਉਹ ਇਬਲੀਸ ਸੀ ਜਿਸ ਨੇ ਹੱਵਾਹ ਨੂੰ ਆਖਿਆ: “ਤੁਸੀਂ ਕਦੀ ਨਾ ਮਰੋਗੇ।” (ਉਤਪਤ 3:4; ਪਰਕਾਸ਼ ਦੀ ਪੋਥੀ 12:9) ਪਰ ਉਹ ਜ਼ਰੂਰ ਮਰੀ; ਉਸ ਦਾ ਕੋਈ ਵੀ ਹਿੱਸਾ ਜੀਉਂਦਾ ਨਹੀਂ ਰਿਹਾ। ਇਹ ਇਬਲੀਸ ਦਾ ਸ਼ੁਰੂ ਕੀਤਾ ਹੋਇਆ ਇਕ ਝੂਠ ਹੈ ਕਿ ਮੌਤ ਤੋਂ ਬਾਅਦ ਪ੍ਰਾਣ ਜੀਉਂਦਾ ਰਹਿੰਦਾ ਹੈ। ਅਤੇ ਉਹ ਵੀ ਇਕ ਝੂਠ ਹੈ, ਜਿਹੜਾ ਇਬਲੀਸ ਨੇ ਫ਼ੈਲਾਇਆ ਹੈ, ਕਿ ਦੁਸ਼ਟ ਵਿਅਕਤੀਆਂ ਦੇ ਪ੍ਰਾਣ ਕਿਸੇ ਨਰਕ ਯਾ ਸੋਧਨ-ਸਥਾਨ ਵਿਚ ਤੜਫ਼ਾਏ ਜਾਂਦੇ ਹਨ। ਜਦੋਂ ਕਿ ਬਾਈਬਲ ਸਪੱਸ਼ਟ ਤੌਰ ਤੇ ਇਹ ਦਿਖਾਉਂਦੀ ਹੈ ਕਿ ਮਰੇ ਹੋਏ ਵਿਅਕਤੀ ਅਚੇਤ ਹਨ, ਇਹ ਸਿੱਖਿਆਵਾਂ ਸੱਚ ਨਹੀਂ ਹੋ ਸਕਦੀਆਂ ਹਨ। ਅਸਲ ਵਿਚ, ਨਾ ਇਹ ਸ਼ਬਦ “ਸੋਧਨ-ਸਥਾਨ” ਅਤੇ ਨਾ ਹੀ ਸੋਧਨ-ਸਥਾਨ ਦਾ ਖ਼ਿਆਲ ਬਾਈਬਲ ਵਿਚ ਪਾਇਆ ਜਾਂਦਾ ਹੈ।
20. (ੳ) ਅਸੀਂ ਇਸ ਅਧਿਆਇ ਤੋਂ ਕੀ ਸਿੱਖਿਆ ਹੈ? (ਅ) ਇਸ ਗਿਆਨ ਦਾ ਤੁਹਾਡੇ ਉੱਤੇ ਕੀ ਅਸਰ ਹੋਇਆ ਹੈ?
20 ਅਸੀਂ ਇਹ ਦੇਖਿਆ ਹੈ ਕਿ ਸ਼ੀਓਲ, ਯਾ ਹੇਡੀਜ਼, ਮਰੇ ਹੋਇਆਂ ਲਈ ਉਮੀਦ ਵਿਚ ਠਹਿਰਣ ਦਾ ਇਕ ਸਥਾਨ ਹੈ। ਦੋਵੇਂ ਅੱਛੇ ਅਤੇ ਬੁਰੇ ਵਿਅਕਤੀ ਉਥੇ, ਪੁਨਰ-ਉਥਾਨ ਲਈ ਠਹਿਰਣ ਵਾਸਤੇ ਜਾਂਦੇ ਹਨ। ਅਸੀਂ ਇਹ ਵੀ ਸਿੱਖਿਆ ਹੈ ਕਿ ਗ਼ਹੈਨਾ ਦਾ ਅਰਥ ਇਕ ਤੜਫ਼ਾਉਣ ਦੀ ਜਗ੍ਹਾ ਨਹੀਂ ਹੈ, ਪਰ ਬਾਈਬਲ ਵਿਚ ਇਸ ਨੂੰ ਸਦੀਪਕ ਵਿਨਾਸ਼ ਲਈ ਇਕ ਪ੍ਰਤੀਕ ਦੇ ਰੂਪ ਵਿਚ ਇਸਤੇਮਾਲ ਕੀਤਾ ਜਾਂਦਾ ਹੈ। ਇਸੇ ਹੀ ਤਰ੍ਹਾਂ, “ਅੱਗ ਦੀ ਝੀਲ” ਅੱਗ ਦੀ ਇਕ ਸ਼ਾਬਦਿਕ ਜਗ੍ਹਾ ਨਹੀਂ ਹੈ, ਪਰ “ਦੂਈ ਮੌਤ” ਨੂੰ ਦਰਸਾਉਂਦੀ ਹੈ ਜਿਸ ਤੋਂ ਕੋਈ ਪੁਨਰ-ਉਥਾਨ ਨਹੀਂ ਹੈ। ਇਹ ਇਕ ਤੜਫ਼ਾਉਣ ਦੀ ਜਗ੍ਹਾ ਨਹੀਂ ਹੋ ਸਕਦੀ ਹੈ ਕਿਉਂਕਿ ਅਜਿਹਾ ਖ਼ਿਆਲ ਪਰਮੇਸ਼ੁਰ ਦੇ ਮਨ ਯਾ ਦਿਲ ਵਿਚ ਕਦੇ ਵੀ ਨਹੀਂ ਆਇਆ। ਇਸ ਦੇ ਅਤਿਰਿਕਤ, ਇਕ ਵਿਅਕਤੀ ਨੂੰ ਸਦਾ ਲਈ ਤੜਫ਼ਾਉਣਾ ਕਿਉਂਕਿ ਉਹ ਨੇ ਇਸ ਧਰਤੀ ਉੱਤੇ ਕੁਝ ਸਾਲਾਂ ਲਈ ਗ਼ਲਤ ਕੰਮ ਕੀਤਾ ਹੈ ਨਿਆਂ ਦੇ ਵਿਰੁੱਧ ਹੈ। ਮਰੇ ਹੋਇਆਂ ਬਾਰੇ ਸੱਚਾਈ ਜਾਣਨਾ ਕਿੰਨਾ ਅੱਛਾ ਹੈ! ਇਹ ਸੱਚ-ਮੁੱਚ ਹੀ ਇਕ ਵਿਅਕਤੀ ਨੂੰ ਡਰ ਅਤੇ ਅੰਧ-ਵਿਸ਼ਵਾਸ ਤੋਂ ਛੁਟਕਾਰਾ ਦੇ ਸਕਦਾ ਹੈ।—ਯੂਹੰਨਾ 8:32.
[ਸਫ਼ੇ 83 ਉੱਤੇ ਡੱਬੀ]
ਇਬਰਾਨੀ ਸ਼ਬਦ “ਸ਼ੀਓਲ” ਅਤੇ ਯੂਨਾਨੀ ਸ਼ਬਦ “ਹੇਡੀਜ਼” ਦਾ ਇਕੋ ਅਰਥ ਹੈ
ਅਮੈਰੀਕਨ ਸਟੈਂਡਡ ਵਰਯਨ
9 ਇਸ ਕਰਕੇ ਮੇਰਾ ਦਿਲ ਆਨੰਦਿਤ ਹੈ, ਅਤੇ ਮੇਰੀ ਮਹਿਮਾ ਖੁਸ਼ ਹੋਈ: ਮੇਰਾ ਸਰੀਰ ਵੀ ਸੁਰੱਖਿਆ ਵਿਚ ਵਸੇਗਾ, 10 ਕਿਉਂਕਿ ਤੂੰ ਮੇਰੇ ਪ੍ਰਾਣ ਨੂੰ ਸ਼ੀਓਲ ਵਿਚ ਨਹੀਂ ਛੱਡੇਂਗਾ; ਨਾ ਹੀ ਤੂੰ ਆਪਣੇ ਪਵਿੱਤਰ ਜਣੇ ਨੂੰ ਸੜਾਂਦ ਦੇਖਣ ਦੇਵੇਂਗਾ। 11 ਤੂੰ ਮੈਨੂੰ ਜੀਵਨ ਦਾ ਰਾਹ ਦਿਖਾਵੇਂਗਾ; ਤੇਰੀ ਹਜ਼ੂਰੀ ਵਿਚ ਆਨੰਦ ਦੀ ਭਰਪੂਰੀ ਹੈ;
30 ਇਕ ਨਬੀ ਹੋਣ ਦੇ ਕਾਰਨ, ਅਤੇ ਇਹ ਜਾਣਦੇ ਹੋਏ ਕਿ ਪਰਮੇਸ਼ੁਰ ਨੇ ਉਸ ਦੇ ਨਾਲ ਇਕ ਸੌਂਹ ਖਾਧੀ ਸੀ, ਕਿ ਉਸ ਦੀ ਸੰਤਾਨ ਵਿਚੋਂ ਇਕ ਨੂੰ ਉਸ ਦੀ ਗੱਦੀ ਉੱਤੇ ਬੱਠਾਲੇਗਾ; 31 ਉਹ ਇਹ ਅੱਗਿਓਂ ਹੀ ਦੇਖ ਕੇ ਮਸੀਹ ਦੇ ਪੁਨਰ-ਉਥਾਨ ਬਾਰੇ ਬੋਲਿਆ, ਕਿ ਉਹ ਨਾ ਹੇਡੀਜ਼ ਵਿਚ ਛੱਡਿਆ ਗਿਆ, ਨਾ ਹੀ ਉਸ ਦੇ ਸਰੀਰ ਨੇ ਸੜਾਂਦ ਦੇਖੀ। 32 ਉਸੇ ਯਿਸੂ ਨੂੰ ਪਰਮੇਸ਼ੁਰ ਨੇ ਜੀ ਉਠਾਇਆ, ਜਿਸ ਦੇ ਅਸੀਂ ਸਭ ਗਵਾਹ ਹਾਂ। 33 ਸੋ ਪਰਮੇਸ਼ੁਰ ਦੇ ਸੱਜੇ ਹੱਥ
[ਸਫ਼ੇ 84, 85 ਉੱਤੇ ਤਸਵੀਰ]
ਮੱਛੀ ਦੁਆਰਾ ਿਨੱਗਲੇ ਜਾਣ ਤੋਂ ਬਾਅਦ, ਯੂਨਾਹ ਨੇ ਕਿਉਂ ਆਖਿਆ: ‘ਮੈਂ ਪਤਾਲ (“ਸ਼ੀਓਲ,” ਨਿਵ) ਦੇ ਢਿੱਡ ਵਿਚੋਂ ਦੁਹਾਈ ਦਿੱਤੀ’?
[ਸਫ਼ੇ 86 ਉੱਤੇ ਤਸਵੀਰ]
ਗ਼ਹੈਨਾ ਯਰੂਸ਼ਲਮ ਦੇ ਬਾਹਰ ਇਕ ਵਾਦੀ ਸੀ। ਇਹ ਸਦੀਪਕ ਮੌਤ ਲਈ ਇਕ ਪ੍ਰਤੀਕ ਵਾਂਗ ਇਸਤੇਮਾਲ ਕੀਤਾ ਜਾਂਦਾ ਸੀ