ਦੂਜਾ ਰਾਜਿਆਂ
23 ਇਸ ਲਈ ਰਾਜੇ ਨੇ ਸੰਦੇਸ਼ ਭੇਜਿਆ ਅਤੇ ਉਨ੍ਹਾਂ ਨੇ ਯਹੂਦਾਹ ਤੇ ਯਰੂਸ਼ਲਮ ਦੇ ਸਾਰੇ ਬਜ਼ੁਰਗਾਂ ਨੂੰ ਬੁਲਵਾਇਆ।+ 2 ਇਸ ਤੋਂ ਬਾਅਦ ਰਾਜਾ ਯਹੂਦਾਹ ਦੇ ਸਾਰੇ ਆਦਮੀਆਂ, ਯਰੂਸ਼ਲਮ ਦੇ ਸਾਰੇ ਵਾਸੀਆਂ, ਪੁਜਾਰੀਆਂ, ਨਬੀਆਂ, ਹਾਂ, ਸਾਰੇ ਛੋਟੇ-ਵੱਡੇ ਲੋਕਾਂ ਨੂੰ ਨਾਲ ਲੈ ਕੇ ਯਹੋਵਾਹ ਦੇ ਭਵਨ ਨੂੰ ਗਿਆ। ਉਸ ਨੇ ਉਨ੍ਹਾਂ ਨੂੰ ਯਹੋਵਾਹ ਦੇ ਭਵਨ ਵਿੱਚੋਂ ਮਿਲੀ+ ਇਕਰਾਰ+ ਦੀ ਕਿਤਾਬ+ ਦੀਆਂ ਸਾਰੀਆਂ ਗੱਲਾਂ ਪੜ੍ਹ ਕੇ ਸੁਣਾਈਆਂ। 3 ਰਾਜਾ ਥੰਮ੍ਹ ਕੋਲ ਖੜ੍ਹ ਗਿਆ ਅਤੇ ਉਸ ਨੇ ਯਹੋਵਾਹ ਅੱਗੇ ਇਕਰਾਰ ਕੀਤਾ*+ ਕਿ ਉਹ ਇਸ ਕਿਤਾਬ ਵਿਚ ਦਰਜ ਇਕਰਾਰ ਦੀਆਂ ਗੱਲਾਂ ਮੰਨਦੇ ਹੋਏ ਆਪਣੇ ਪੂਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਯਹੋਵਾਹ ਦੇ ਮਗਰ ਚੱਲੇਗਾ, ਉਸ ਦੇ ਹੁਕਮ ਤੇ ਉਸ ਦੀਆਂ ਨਸੀਹਤਾਂ* ਮੰਨੇਗਾ ਤੇ ਉਸ ਦੇ ਨਿਯਮਾਂ ਦੀ ਪਾਲਣਾ ਕਰੇਗਾ। ਸਾਰੇ ਲੋਕਾਂ ਨੇ ਇਸ ਇਕਰਾਰ ਲਈ ਰਜ਼ਾਮੰਦੀ ਜਤਾਈ।+
4 ਫਿਰ ਰਾਜੇ ਨੇ ਮਹਾਂ ਪੁਜਾਰੀ ਹਿਲਕੀਯਾਹ,+ ਦੂਜੇ ਦਰਜੇ ਦੇ ਪੁਜਾਰੀਆਂ ਅਤੇ ਦਰਬਾਨਾਂ ਨੂੰ ਹੁਕਮ ਦਿੱਤਾ ਕਿ ਉਹ ਯਹੋਵਾਹ ਦੇ ਭਵਨ ਵਿੱਚੋਂ ਉਹ ਸਾਰੀਆਂ ਚੀਜ਼ਾਂ ਬਾਹਰ ਲੈ ਆਉਣ ਜੋ ਬਆਲ, ਪੂਜਾ-ਖੰਭੇ*+ ਅਤੇ ਆਕਾਸ਼ ਦੀ ਸਾਰੀ ਫ਼ੌਜ ਲਈ ਬਣਾਈਆਂ ਗਈਆਂ ਸਨ। ਇਸ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਯਰੂਸ਼ਲਮ ਤੋਂ ਬਾਹਰ ਕਿਦਰੋਨ ਘਾਟੀ ਦੀਆਂ ਢਲਾਣਾਂ ਉੱਤੇ ਸਾੜ ਦਿੱਤਾ ਅਤੇ ਉਨ੍ਹਾਂ ਦੀ ਸੁਆਹ ਬੈਤੇਲ ਲੈ ਗਿਆ।+ 5 ਉਸ ਨੇ ਝੂਠੇ ਦੇਵਤਿਆਂ ਦੇ ਪੁਜਾਰੀਆਂ ਨੂੰ ਸੇਵਾ ਕਰਨੋਂ ਹਟਾ ਦਿੱਤਾ ਜਿਨ੍ਹਾਂ ਨੂੰ ਯਹੂਦਾਹ ਦੇ ਰਾਜਿਆਂ ਨੇ ਯਹੂਦਾਹ ਦੇ ਸਾਰੇ ਸ਼ਹਿਰਾਂ ਅਤੇ ਯਰੂਸ਼ਲਮ ਦੇ ਆਲੇ-ਦੁਆਲੇ ਬਣੀਆਂ ਉੱਚੀਆਂ ਥਾਵਾਂ ʼਤੇ ਬਲ਼ੀਆਂ* ਚੜ੍ਹਾਉਣ ਲਈ ਨਿਯੁਕਤ ਕੀਤਾ ਸੀ। ਨਾਲੇ ਉਸ ਨੇ ਉਨ੍ਹਾਂ ਨੂੰ ਵੀ ਹਟਾ ਦਿੱਤਾ ਜੋ ਬਆਲ, ਸੂਰਜ, ਚੰਦ, ਰਾਸ਼ੀ ਦੇ ਤਾਰਾ-ਮੰਡਲ ਅਤੇ ਆਕਾਸ਼ ਦੀ ਸਾਰੀ ਫ਼ੌਜ ਅੱਗੇ ਬਲ਼ੀਆਂ ਚੜ੍ਹਾਉਂਦੇ ਸਨ ਤਾਂਕਿ ਇਨ੍ਹਾਂ ਦਾ ਧੂੰਆਂ ਉੱਠੇ।+ 6 ਉਹ ਪੂਜਾ-ਖੰਭੇ*+ ਨੂੰ ਯਹੋਵਾਹ ਦੇ ਭਵਨ ਵਿੱਚੋਂ ਯਰੂਸ਼ਲਮ ਤੋਂ ਬਾਹਰ ਕਿਦਰੋਨ ਘਾਟੀ ਵਿਚ ਲੈ ਆਇਆ ਅਤੇ ਉਸ ਨੇ ਇਸ ਨੂੰ ਕਿਦਰੋਨ ਘਾਟੀ ਵਿਚ ਸਾੜ ਦਿੱਤਾ+ ਅਤੇ ਇਸ ਦਾ ਚੂਰਾ-ਭੂਰਾ ਕਰ ਕੇ ਇਸ ਨੂੰ ਆਮ ਲੋਕਾਂ ਦੀਆਂ ਕਬਰਾਂ ʼਤੇ ਖਿਲਾਰ ਦਿੱਤਾ।+ 7 ਨਾਲੇ ਉਸ ਨੇ ਮੰਦਰ ਵਿਚ ਵੇਸਵਾਗਿਰੀ ਕਰਨ ਵਾਲੇ ਆਦਮੀਆਂ ਦੇ ਘਰਾਂ ਨੂੰ ਢਾਹ ਦਿੱਤਾ+ ਜੋ ਯਹੋਵਾਹ ਦੇ ਭਵਨ ਵਿਚ ਸਨ ਅਤੇ ਜਿੱਥੇ ਔਰਤਾਂ ਪੂਜਾ-ਖੰਭੇ* ਲਈ ਤੰਬੂ ਦੇ ਪਰਦੇ ਬੁਣਦੀਆਂ ਸਨ।
8 ਫਿਰ ਉਹ ਸਾਰੇ ਪੁਜਾਰੀਆਂ ਨੂੰ ਯਹੂਦਾਹ ਦੇ ਸ਼ਹਿਰਾਂ ਤੋਂ ਬਾਹਰ ਲਿਆਇਆ ਅਤੇ ਉਸ ਨੇ ਗਬਾ+ ਤੋਂ ਲੈ ਕੇ ਬਏਰ-ਸ਼ਬਾ+ ਤਕ ਉਨ੍ਹਾਂ ਉੱਚੀਆਂ ਥਾਵਾਂ ਨੂੰ ਭ੍ਰਿਸ਼ਟ ਕਰ ਦਿੱਤਾ ਜਿੱਥੇ ਪੁਜਾਰੀ ਬਲ਼ੀਆਂ ਚੜ੍ਹਾਉਂਦੇ ਸਨ ਤਾਂਕਿ ਇਨ੍ਹਾਂ ਦਾ ਧੂੰਆਂ ਉੱਠੇ। ਉਸ ਨੇ ਸ਼ਹਿਰ ਦੇ ਮੁਖੀ ਯਹੋਸ਼ੁਆ ਦੇ ਦਰਵਾਜ਼ੇ ਦੇ ਲਾਂਘੇ ਕੋਲ ਬਣੀਆਂ ਦਰਵਾਜ਼ਿਆਂ ਦੀਆਂ ਉੱਚੀਆਂ ਥਾਵਾਂ ਨੂੰ ਵੀ ਢਾਹ ਦਿੱਤਾ ਜੋ ਸ਼ਹਿਰ ਦੇ ਦਰਵਾਜ਼ੇ ਅੰਦਰ ਦਾਖ਼ਲ ਹੋਣ ਵਾਲੇ ਦੇ ਖੱਬੇ ਪਾਸੇ ਸਨ। 9 ਉੱਚੀਆਂ ਥਾਵਾਂ ਦੇ ਪੁਜਾਰੀ ਯਰੂਸ਼ਲਮ ਵਿਚ ਯਹੋਵਾਹ ਦੀ ਵੇਦੀ ʼਤੇ ਸੇਵਾ ਨਹੀਂ ਕਰਦੇ ਸਨ,+ ਪਰ ਉਹ ਆਪਣੇ ਭਰਾਵਾਂ ਨਾਲ ਬੇਖਮੀਰੀ ਰੋਟੀ ਖਾਂਦੇ ਹੁੰਦੇ ਸਨ। 10 ਉਸ ਨੇ ਹਿੰਨੋਮ ਦੇ ਪੁੱਤਰਾਂ ਦੀ ਵਾਦੀ*+ ਵਿਚ ਤੋਫਥ+ ਨੂੰ ਵੀ ਭ੍ਰਿਸ਼ਟ ਕਰ ਦਿੱਤਾ ਤਾਂਕਿ ਕੋਈ ਵੀ ਮੋਲਕ ਲਈ ਆਪਣੇ ਪੁੱਤਰ ਜਾਂ ਧੀ ਦੀ ਅੱਗ ਵਿਚ ਬਲ਼ੀ ਨਾ ਦੇ ਸਕੇ।*+ 11 ਅਤੇ ਉਸ ਨੇ ਯਹੂਦਾਹ ਦੇ ਰਾਜਿਆਂ ਵੱਲੋਂ ਸੂਰਜ ਨੂੰ ਅਰਪਿਤ ਕੀਤੇ* ਘੋੜਿਆਂ ਨੂੰ ਯਹੋਵਾਹ ਦੇ ਭਵਨ ਵਿਚ ਜਾਣ ਤੋਂ ਰੋਕ ਦਿੱਤਾ ਜੋ ਬਰਾਂਡੇ ਵਿਚ ਪੈਂਦੇ ਦਰਬਾਰੀ ਨਾਥਾਨ-ਮਲਕ ਦੇ ਕਮਰੇ* ਵਿੱਚੋਂ ਦੀ ਦਾਖ਼ਲ ਹੁੰਦੇ ਸਨ; ਅਤੇ ਉਸ ਨੇ ਸੂਰਜ ਦੇ ਰਥਾਂ+ ਨੂੰ ਅੱਗ ਵਿਚ ਸਾੜ ਸੁੱਟਿਆ। 12 ਰਾਜੇ ਨੇ ਉਨ੍ਹਾਂ ਵੇਦੀਆਂ ਨੂੰ ਵੀ ਢਾਹ ਦਿੱਤਾ ਜੋ ਯਹੂਦਾਹ ਦੇ ਰਾਜਿਆਂ ਨੇ ਆਹਾਜ਼ ਦੇ ਉੱਪਰਲੇ ਕਮਰੇ ਦੀ ਛੱਤ+ ʼਤੇ ਬਣਾਈਆਂ ਸਨ ਅਤੇ ਉਨ੍ਹਾਂ ਵੇਦੀਆਂ ਨੂੰ ਵੀ ਢਾਹ ਦਿੱਤਾ ਜੋ ਮਨੱਸ਼ਹ ਨੇ ਯਹੋਵਾਹ ਦੇ ਭਵਨ ਦੇ ਦੋ ਵਿਹੜਿਆਂ ਵਿਚ ਬਣਾਈਆਂ ਸਨ।+ ਉਸ ਨੇ ਉਨ੍ਹਾਂ ਦਾ ਚੂਰਾ-ਭੂਰਾ ਕਰ ਕੇ ਇਸ ਨੂੰ ਕਿਦਰੋਨ ਘਾਟੀ ਵਿਚ ਖਿਲਾਰ ਦਿੱਤਾ। 13 ਰਾਜੇ ਨੇ ਉਨ੍ਹਾਂ ਉੱਚੀਆਂ ਥਾਵਾਂ ਨੂੰ ਭ੍ਰਿਸ਼ਟ ਕਰ ਦਿੱਤਾ ਜੋ ਯਰੂਸ਼ਲਮ ਦੇ ਸਾਮ੍ਹਣੇ ਅਤੇ ਤਬਾਹੀ ਦੇ ਪਹਾੜ* ਦੇ ਦੱਖਣ* ਵੱਲ ਸਨ ਜੋ ਇਜ਼ਰਾਈਲ ਦੇ ਰਾਜਾ ਸੁਲੇਮਾਨ ਨੇ ਸੀਦੋਨੀਆਂ ਦੀ ਘਿਣਾਉਣੀ ਦੇਵੀ ਅਸ਼ਤਾਰੋਥ ਲਈ, ਮੋਆਬ ਦੇ ਘਿਣਾਉਣੇ ਦੇਵਤੇ ਕਮੋਸ਼ ਲਈ ਅਤੇ ਅੰਮੋਨੀਆਂ+ ਦੇ ਘਿਣਾਉਣੇ ਦੇਵਤੇ ਮਿਲਕੋਮ+ ਲਈ ਬਣਾਈਆਂ ਸਨ। 14 ਉਸ ਨੇ ਪੂਜਾ-ਥੰਮ੍ਹਾਂ ਦੇ ਟੋਟੇ-ਟੋਟੇ ਕਰ ਦਿੱਤੇ ਅਤੇ ਪੂਜਾ-ਖੰਭਿਆਂ* ਨੂੰ ਵੱਢ ਸੁੱਟਿਆ+ ਤੇ ਉਨ੍ਹਾਂ ਥਾਵਾਂ ਨੂੰ ਇਨਸਾਨਾਂ ਦੀਆਂ ਹੱਡੀਆਂ ਨਾਲ ਭਰ ਦਿੱਤਾ। 15 ਉਸ ਨੇ ਬੈਤੇਲ ਵਿਚ ਬਣੀ ਵੇਦੀ ਅਤੇ ਨਬਾਟ ਦੇ ਪੁੱਤਰ ਯਾਰਾਬੁਆਮ ਦੁਆਰਾ ਬਣਾਈ ਉੱਚੀ ਥਾਂ ਨੂੰ ਢਾਹ ਸੁੱਟਿਆ ਜਿਸ ਕਰਕੇ ਇਜ਼ਰਾਈਲੀਆਂ ਨੇ ਪਾਪ ਕੀਤਾ ਸੀ।+ ਉਸ ਵੇਦੀ ਅਤੇ ਉੱਚੀ ਥਾਂ ਨੂੰ ਢਾਹੁਣ ਤੋਂ ਬਾਅਦ ਉਸ ਨੇ ਉੱਚੀ ਥਾਂ ਨੂੰ ਸਾੜ ਸੁੱਟਿਆ ਤੇ ਇਸ ਦਾ ਚੂਰਾ-ਭੂਰਾ ਕਰ ਦਿੱਤਾ ਅਤੇ ਪੂਜਾ-ਖੰਭੇ* ਨੂੰ ਸਾੜ ਸੁੱਟਿਆ।+
16 ਜਦੋਂ ਯੋਸੀਯਾਹ ਨੇ ਮੁੜ ਕੇ ਪਹਾੜ ʼਤੇ ਕਬਰਾਂ ਦੇਖੀਆਂ, ਤਾਂ ਉਸ ਨੇ ਕਬਰਾਂ ਤੋਂ ਹੱਡੀਆਂ ਮੰਗਵਾ ਕੇ ਵੇਦੀ ʼਤੇ ਸਾੜ ਦਿੱਤੀਆਂ ਜਿਸ ਕਰਕੇ ਇਹ ਭ੍ਰਿਸ਼ਟ ਹੋ ਗਈ। ਇਹ ਯਹੋਵਾਹ ਦੇ ਉਸ ਬਚਨ ਅਨੁਸਾਰ ਹੋਇਆ ਜੋ ਸੱਚੇ ਪਰਮੇਸ਼ੁਰ ਦੇ ਬੰਦੇ ਨੇ ਬੋਲਿਆ ਸੀ।+ 17 ਫਿਰ ਉਸ ਨੇ ਕਿਹਾ: “ਔਹ ਕਿਹਦਾ ਯਾਦਗਾਰੀ ਪੱਥਰ ਹੈ ਜੋ ਮੈਂ ਦੇਖਦਾ ਹਾਂ?” ਇਹ ਸੁਣ ਕੇ ਸ਼ਹਿਰ ਦੇ ਆਦਮੀਆਂ ਨੇ ਉਸ ਨੂੰ ਕਿਹਾ: “ਇਹ ਸੱਚੇ ਪਰਮੇਸ਼ੁਰ ਦੇ ਬੰਦੇ ਦੀ ਕਬਰ ਹੈ ਜੋ ਯਹੂਦਾਹ ਤੋਂ ਸੀ।+ ਤੂੰ ਬੈਤੇਲ ਦੀ ਵੇਦੀ ਨਾਲ ਜੋ ਕੁਝ ਕੀਤਾ ਹੈ, ਉਸ ਦੀ ਭਵਿੱਖਬਾਣੀ ਉਸ ਨੇ ਹੀ ਕੀਤੀ ਸੀ।” 18 ਇਸ ਲਈ ਉਸ ਨੇ ਕਿਹਾ: “ਉਹਨੂੰ ਰਹਿਣ ਦਿਓ। ਕੋਈ ਉਸ ਦੀਆਂ ਹੱਡੀਆਂ ਨੂੰ ਨਾ ਛੇੜੇ।” ਇਸ ਲਈ ਉਨ੍ਹਾਂ ਨੇ ਉਸ ਦੀਆਂ ਹੱਡੀਆਂ ਅਤੇ ਸਾਮਰਿਯਾ ਤੋਂ ਆਏ ਨਬੀ ਦੀਆਂ ਹੱਡੀਆਂ ਨੂੰ ਨਹੀਂ ਛੇੜਿਆ।+
19 ਯੋਸੀਯਾਹ ਨੇ ਸਾਮਰਿਯਾ ਦੇ ਸ਼ਹਿਰਾਂ ਦੀਆਂ ਉੱਚੀਆਂ ਥਾਵਾਂ ʼਤੇ ਬਣੇ ਪੂਜਾ-ਘਰਾਂ ਨੂੰ ਵੀ ਹਟਾ ਦਿੱਤਾ+ ਜੋ ਇਜ਼ਰਾਈਲ ਦੇ ਰਾਜਿਆਂ ਨੇ ਪਰਮੇਸ਼ੁਰ ਦਾ ਕ੍ਰੋਧ ਭੜਕਾਉਣ ਲਈ ਬਣਾਏ ਸਨ ਅਤੇ ਉਸ ਨੇ ਉਨ੍ਹਾਂ ਨਾਲ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਬੈਤੇਲ ਵਿਚ ਕੀਤਾ ਸੀ।+ 20 ਉਸ ਨੇ ਵੇਦੀਆਂ ਉੱਤੇ ਉੱਚੀਆਂ ਥਾਵਾਂ ਦੇ ਉਨ੍ਹਾਂ ਸਾਰੇ ਪੁਜਾਰੀਆਂ ਦੀ ਬਲ਼ੀ ਚੜ੍ਹਾ ਦਿੱਤੀ ਜੋ ਉੱਥੇ ਮੌਜੂਦ ਸਨ ਅਤੇ ਉਨ੍ਹਾਂ ʼਤੇ ਇਨਸਾਨਾਂ ਦੀਆਂ ਹੱਡੀਆਂ ਸਾੜੀਆਂ।+ ਇਸ ਤੋਂ ਬਾਅਦ ਉਹ ਯਰੂਸ਼ਲਮ ਨੂੰ ਮੁੜ ਗਿਆ।
21 ਫਿਰ ਰਾਜੇ ਨੇ ਸਾਰੇ ਲੋਕਾਂ ਨੂੰ ਹੁਕਮ ਦਿੱਤਾ: “ਆਪਣੇ ਪਰਮੇਸ਼ੁਰ ਯਹੋਵਾਹ ਲਈ ਪਸਾਹ ਮਨਾਓ+ ਜਿਵੇਂ ਇਕਰਾਰ ਦੀ ਇਸ ਕਿਤਾਬ ਵਿਚ ਲਿਖਿਆ ਹੋਇਆ ਹੈ।”+ 22 ਅਜਿਹਾ ਪਸਾਹ ਦਾ ਤਿਉਹਾਰ ਇਜ਼ਰਾਈਲ ਦਾ ਨਿਆਂ ਕਰਨ ਵਾਲੇ ਨਿਆਂਕਾਰਾਂ ਦੇ ਦਿਨਾਂ ਤੋਂ ਲੈ ਕੇ ਅੱਜ ਤਕ ਨਹੀਂ ਮਨਾਇਆ ਗਿਆ ਅਤੇ ਨਾ ਹੀ ਇਜ਼ਰਾਈਲ ਦੇ ਰਾਜਿਆਂ ਤੇ ਯਹੂਦਾਹ ਦੇ ਰਾਜਿਆਂ ਦੇ ਸਾਰੇ ਦਿਨਾਂ ਵਿਚ ਮਨਾਇਆ ਗਿਆ ਸੀ।+ 23 ਪਰ ਰਾਜਾ ਯੋਸੀਯਾਹ ਦੇ ਰਾਜ ਦੇ 18ਵੇਂ ਸਾਲ ਯਰੂਸ਼ਲਮ ਵਿਚ ਯਹੋਵਾਹ ਲਈ ਇਹ ਪਸਾਹ ਮਨਾਇਆ ਗਿਆ ਸੀ।
24 ਯੋਸੀਯਾਹ ਨੇ ਯਹੂਦਾਹ ਅਤੇ ਯਰੂਸ਼ਲਮ ਵਿੱਚੋਂ ਚੇਲੇ-ਚਾਂਟਿਆਂ,* ਭਵਿੱਖ ਦੱਸਣ ਵਾਲਿਆਂ,+ ਬੁੱਤਾਂ,*+ ਘਿਣਾਉਣੀਆਂ ਮੂਰਤਾਂ* ਅਤੇ ਸਾਰੀਆਂ ਘਿਣਾਉਣੀਆਂ ਚੀਜ਼ਾਂ ਨੂੰ ਵੀ ਕੱਢ ਦਿੱਤਾ। ਉਸ ਨੇ ਇਹ ਸਭ ਕਾਨੂੰਨ ਦੀਆਂ ਗੱਲਾਂ ਦੀ ਪਾਲਣਾ ਕਰਨ ਲਈ ਕੀਤਾ+ ਜੋ ਉਸ ਕਿਤਾਬ ਵਿਚ ਲਿਖੀਆਂ ਸਨ ਜੋ ਪੁਜਾਰੀ ਹਿਲਕੀਯਾਹ ਨੂੰ ਯਹੋਵਾਹ ਦੇ ਭਵਨ ਵਿੱਚੋਂ ਲੱਭੀ ਸੀ।+ 25 ਉਸ ਤੋਂ ਪਹਿਲਾਂ ਉਸ ਵਰਗਾ ਕੋਈ ਰਾਜਾ ਨਹੀਂ ਸੀ ਹੋਇਆ ਜੋ ਮੂਸਾ ਦੇ ਸਾਰੇ ਕਾਨੂੰਨ ਅਨੁਸਾਰ ਆਪਣੇ ਪੂਰੇ ਦਿਲ, ਆਪਣੀ ਪੂਰੀ ਜਾਨ ਅਤੇ ਆਪਣੀ ਪੂਰੀ ਤਾਕਤ ਨਾਲ ਯਹੋਵਾਹ ਵੱਲ ਮੁੜਿਆ ਹੋਵੇ;+ ਨਾ ਹੀ ਉਸ ਤੋਂ ਬਾਅਦ ਉਸ ਵਰਗਾ ਕੋਈ ਰਾਜਾ ਹੋਇਆ।
26 ਪਰ ਯਹੋਵਾਹ ਦਾ ਕ੍ਰੋਧ ਭੜਕਾਉਣ ਲਈ ਮਨੱਸ਼ਹ ਨੇ ਜੋ ਘਿਣਾਉਣੇ ਕੰਮ ਕੀਤੇ ਸਨ, ਉਨ੍ਹਾਂ ਸਾਰੇ ਕੰਮਾਂ ਕਰਕੇ ਉਸ ਨੇ ਯਹੂਦਾਹ ਖ਼ਿਲਾਫ਼ ਭੜਕੀ ਆਪਣੇ ਕ੍ਰੋਧ ਦੀ ਅੱਗ ਬੁਝਣ ਨਹੀਂ ਦਿੱਤੀ।+ 27 ਯਹੋਵਾਹ ਨੇ ਕਿਹਾ: “ਮੈਂ ਯਹੂਦਾਹ ਨੂੰ ਵੀ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਦਿਆਂਗਾ+ ਜਿਵੇਂ ਮੈਂ ਇਜ਼ਰਾਈਲ ਨੂੰ ਕੀਤਾ ਹੈ;+ ਅਤੇ ਮੈਂ ਆਪਣੇ ਚੁਣੇ ਹੋਏ ਇਸ ਸ਼ਹਿਰ, ਹਾਂ, ਯਰੂਸ਼ਲਮ ਨੂੰ ਠੁਕਰਾ ਦਿਆਂਗਾ ਅਤੇ ਉਸ ਭਵਨ ਨੂੰ ਵੀ ਜਿਸ ਬਾਰੇ ਮੈਂ ਕਿਹਾ ਸੀ, ‘ਮੇਰਾ ਨਾਂ ਉੱਥੇ ਰਹੇਗਾ।’”+
28 ਯੋਸੀਯਾਹ ਦੀ ਬਾਕੀ ਕਹਾਣੀ ਤੇ ਉਸ ਦੇ ਸਾਰੇ ਕੰਮਾਂ ਬਾਰੇ ਯਹੂਦਾਹ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ। 29 ਉਸ ਦੇ ਦਿਨਾਂ ਵਿਚ ਮਿਸਰ ਦਾ ਰਾਜਾ ਫ਼ਿਰਊਨ ਨਕੋਹ ਅੱਸ਼ੂਰ ਦੇ ਰਾਜੇ ਨੂੰ ਫ਼ਰਾਤ ਦਰਿਆ ਕੋਲ ਮਿਲਣ ਆਇਆ ਅਤੇ ਰਾਜਾ ਯੋਸੀਯਾਹ ਉਸ ਦਾ ਸਾਮ੍ਹਣਾ ਕਰਨ ਲਈ ਨਿਕਲਿਆ; ਪਰ ਜਦੋਂ ਨਕੋਹ ਨੇ ਉਸ ਨੂੰ ਦੇਖਿਆ, ਤਾਂ ਉਸ ਨੇ ਉਸ ਨੂੰ ਮਗਿੱਦੋ ਵਿਚ ਮੌਤ ਦੇ ਘਾਟ ਉਤਾਰ ਦਿੱਤਾ।+ 30 ਫਿਰ ਉਸ ਦੇ ਸੇਵਕ ਮਗਿੱਦੋ ਤੋਂ ਉਸ ਦੀ ਲਾਸ਼ ਨੂੰ ਰਥ ਵਿਚ ਯਰੂਸ਼ਲਮ ਲੈ ਆਏ ਅਤੇ ਉਸ ਨੂੰ ਉਸ ਦੀ ਕਬਰ ਵਿਚ ਦਫ਼ਨਾ ਦਿੱਤਾ। ਫਿਰ ਦੇਸ਼ ਦੇ ਲੋਕਾਂ ਨੇ ਯੋਸੀਯਾਹ ਦੇ ਪੁੱਤਰ ਯਹੋਆਹਾਜ਼ ਨੂੰ ਲੈ ਕੇ ਨਿਯੁਕਤ* ਕੀਤਾ ਤੇ ਉਸ ਦੇ ਪਿਤਾ ਦੀ ਜਗ੍ਹਾ ਰਾਜਾ ਬਣਾ ਦਿੱਤਾ।+
31 ਯਹੋਆਹਾਜ਼+ 23 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ ਯਰੂਸ਼ਲਮ ਵਿਚ ਤਿੰਨ ਮਹੀਨੇ ਰਾਜ ਕੀਤਾ। ਉਸ ਦੀ ਮਾਤਾ ਦਾ ਨਾਂ ਹਮੂਟਲ+ ਸੀ ਜੋ ਲਿਬਨਾਹ ਦੇ ਰਹਿਣ ਵਾਲੇ ਯਿਰਮਿਯਾਹ ਦੀ ਧੀ ਸੀ। 32 ਉਹ ਉਹੀ ਕੰਮ ਕਰਨ ਲੱਗਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰੇ ਸਨ, ਠੀਕ ਜਿਵੇਂ ਉਸ ਦੇ ਪਿਉ-ਦਾਦਿਆਂ ਨੇ ਕੀਤੇ ਸਨ।+ 33 ਫ਼ਿਰਊਨ ਨਕੋਹ+ ਨੇ ਉਸ ਨੂੰ ਯਰੂਸ਼ਲਮ ਵਿਚ ਰਾਜ ਕਰਨ ਤੋਂ ਰੋਕਣ ਲਈ ਹਮਾਥ ਦੇਸ਼ ਦੇ ਰਿਬਲਾਹ ਵਿਚ ਕੈਦ ਕਰ ਕੇ ਰੱਖ ਲਿਆ+ ਅਤੇ ਫਿਰ ਦੇਸ਼ ਨੂੰ 100 ਕਿੱਕਾਰ* ਚਾਂਦੀ ਅਤੇ ਇਕ ਕਿੱਕਾਰ ਸੋਨਾ ਜੁਰਮਾਨਾ ਲਾ ਦਿੱਤਾ।+ 34 ਇਸ ਤੋਂ ਇਲਾਵਾ, ਫ਼ਿਰਊਨ ਨਕੋਹ ਨੇ ਯੋਸੀਯਾਹ ਦੇ ਪੁੱਤਰ ਅਲਯਾਕੀਮ ਨੂੰ ਉਸ ਦੇ ਪਿਤਾ ਯੋਸੀਯਾਹ ਦੀ ਜਗ੍ਹਾ ਰਾਜਾ ਬਣਾ ਦਿੱਤਾ ਅਤੇ ਉਸ ਦਾ ਨਾਂ ਬਦਲ ਕੇ ਯਹੋਯਾਕੀਮ ਰੱਖ ਦਿੱਤਾ; ਪਰ ਉਹ ਯਹੋਆਹਾਜ਼ ਨੂੰ ਮਿਸਰ ਲੈ ਆਇਆ+ ਜਿੱਥੇ ਅਖ਼ੀਰ ਉਹ ਮਰ ਗਿਆ।+ 35 ਯਹੋਯਾਕੀਮ ਨੇ ਫ਼ਿਰਊਨ ਨੂੰ ਚਾਂਦੀ ਤੇ ਸੋਨਾ ਦਿੱਤਾ, ਪਰ ਫ਼ਿਰਊਨ ਦੀ ਮੰਗ ਅਨੁਸਾਰ ਚਾਂਦੀ ਦੇਣ ਲਈ ਉਸ ਨੂੰ ਦੇਸ਼ ʼਤੇ ਟੈਕਸ ਲਾਉਣਾ ਪਿਆ। ਉਸ ਨੇ ਫ਼ਿਰਊਨ ਨਕੋਹ ਨੂੰ ਦੇਣ ਲਈ ਦੇਸ਼ ਦੇ ਹਰ ਵਾਸੀ ਤੋਂ ਹਰੇਕ ਦੀ ਜ਼ਮੀਨ ਦੀ ਕੀਮਤ ਅਨੁਸਾਰ ਚਾਂਦੀ ਤੇ ਸੋਨਾ ਵਸੂਲ ਕੀਤਾ।
36 ਯਹੋਯਾਕੀਮ+ 25 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ 11 ਸਾਲ ਯਰੂਸ਼ਲਮ ਵਿਚ ਰਾਜ ਕੀਤਾ।+ ਉਸ ਦੀ ਮਾਤਾ ਦਾ ਨਾਂ ਜ਼ਬੂਦਾਹ ਸੀ ਜੋ ਰੂਮਾਹ ਦੇ ਰਹਿਣ ਵਾਲੇ ਪਦਾਯਾਹ ਦੀ ਧੀ ਸੀ। 37 ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ,+ ਠੀਕ ਜਿਵੇਂ ਉਸ ਦੇ ਪਿਉ-ਦਾਦਿਆਂ ਨੇ ਕੀਤਾ ਸੀ।+