ਯਹੋਵਾਹ ਵਾਂਗ ਹਮਦਰਦ ਬਣੋ
“ਯਹੋਵਾਹ, ਯਹੋਵਾਹ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ।”—ਕੂਚ 34:6.
1. ਯਹੋਵਾਹ ਨੇ ਮੂਸਾ ਨੂੰ ਆਪਣੀ ਪਛਾਣ ਕਿਵੇਂ ਕਰਾਈ? ਇਹ ਗੱਲ ਸਾਡੇ ਲਈ ਕਿਉਂ ਮਾਅਨੇ ਰੱਖਦੀ ਹੈ?
ਇਕ ਮੌਕੇ ʼਤੇ ਯਹੋਵਾਹ ਨੇ ਮੂਸਾ ਨੂੰ ਆਪਣੀ ਪਛਾਣ ਕਰਾਉਂਦਿਆਂ ਆਪਣੇ ਨਾਂ ਅਤੇ ਆਪਣੇ ਗੁਣਾਂ ਬਾਰੇ ਦੱਸਿਆ। ਯਹੋਵਾਹ ਪਹਿਲਾਂ ਆਪਣੀ ਤਾਕਤ ਅਤੇ ਬੁੱਧ ਬਾਰੇ ਦੱਸ ਸਕਦਾ ਸੀ, ਪਰ ਉਸ ਨੇ ਆਪਣੀ ਦਇਆ ਅਤੇ ਹਮਦਰਦੀ ਬਾਰੇ ਦੱਸਿਆ। (ਕੂਚ 34:5-7 ਪੜ੍ਹੋ।) ਮੂਸਾ ਜਾਣਨਾ ਚਾਹੁੰਦਾ ਸੀ ਕਿ ਯਹੋਵਾਹ ਉਸ ਦਾ ਸਾਥ ਦੇਵੇਗਾ ਜਾਂ ਨਹੀਂ। ਇਸ ਲਈ ਯਹੋਵਾਹ ਨੇ ਆਪਣੇ ਉਨ੍ਹਾਂ ਗੁਣਾਂ ʼਤੇ ਜ਼ੋਰ ਦਿੱਤਾ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਹ ਸੱਚ-ਮੁੱਚ ਆਪਣੇ ਸੇਵਕਾਂ ਦੀ ਮਦਦ ਕਰਨੀ ਚਾਹੁੰਦਾ ਹੈ। (ਕੂਚ 33:13) ਤੁਹਾਨੂੰ ਇਹ ਜਾਣ ਕੇ ਕਿਵੇਂ ਲੱਗਦਾ ਹੈ ਕਿ ਯਹੋਵਾਹ ਤੁਹਾਡੀ ਬਹੁਤ ਪਰਵਾਹ ਕਰਦਾ ਹੈ? ਇਸ ਲੇਖ ਵਿਚ ਅਸੀਂ ਹਮਦਰਦੀ ਬਾਰੇ ਗੱਲ ਕਰਾਂਗੇ। ਹਮਦਰਦੀ ਦਾ ਮਤਲਬ ਹੈ ਕਿਸੇ ਦੇ ਦੁੱਖ ਵਿਚ ਦੁਖੀ ਹੋਣਾ ਅਤੇ ਦਿਲੋਂ ਉਨ੍ਹਾਂ ਦੀ ਮਦਦ ਕਰਨੀ।
2, 3. (ੳ) ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਸਾਰੇ ਇਨਸਾਨ ਹਮਦਰਦੀ ਦਿਖਾ ਸਕਦੇ ਹਨ? (ਅ) ਸਾਨੂੰ ਹਮਦਰਦੀ ਦੇ ਗੁਣ ਬਾਰੇ ਹੋਰ ਜਾਣਨ ਦੀ ਕਿਉਂ ਲੋੜ ਹੈ?
2 ਯਹੋਵਾਹ ਨੇ ਇਨਸਾਨਾਂ ਨੂੰ ਆਪਣੇ ਸਰੂਪ ʼਤੇ ਬਣਾਇਆ ਹੈ। ਇਸ ਲਈ ਸਾਰੇ ਇਨਸਾਨ ਯਹੋਵਾਹ ਵਾਂਗ ਹਮਦਰਦੀ ਦਿਖਾ ਸਕਦੇ ਹਨ, ਚਾਹੇ ਉਹ ਪਰਮੇਸ਼ੁਰ ਨੂੰ ਨਾ ਵੀ ਮੰਨਦੇ ਹੋਣ। (ਉਤ. 1:27) ਬਾਈਬਲ ਵਿਚ ਬਹੁਤ ਸਾਰੇ ਹਮਦਰਦ ਲੋਕਾਂ ਬਾਰੇ ਦੱਸਿਆ ਗਿਆ ਹੈ। ਮਿਸਾਲ ਲਈ, ਸੁਲੇਮਾਨ ਨੇ ਇਕ ਬੱਚੇ ਦੀ ਅਸਲੀ ਮਾਂ ਦੀ ਪਛਾਣ ਕਰਨ ਲਈ ਦੋ ਔਰਤਾਂ ਦੀ ਪਰੀਖਿਆ ਲਈ। ਉਸ ਨੇ ਬੱਚੇ ਦੇ ਦੋ ਹਿੱਸੇ ਕਰਨ ਦਾ ਹੁਕਮ ਦਿੱਤਾ। ਪਰ ਆਪਣੇ ਬੱਚੇ ਨਾਲ ਮਮਤਾ ਹੋਣ ਕਰਕੇ ਅਸਲੀ ਮਾਂ ਨੇ ਰਾਜੇ ਅੱਗੇ ਤਰਲੇ ਕੀਤੇ ਕਿ ਉਹ ਬੱਚੇ ਨੂੰ ਮਾਰਨ ਦੀ ਬਜਾਇ ਦੂਸਰੀ ਔਰਤ ਨੂੰ ਦੇ ਦੇਵੇ। (1 ਰਾਜ. 3:23-27) ਫ਼ਿਰਊਨ ਦੀ ਧੀ ਨੇ ਵੀ ਹਮਦਰਦੀ ਦਿਖਾਈ। ਜਦੋਂ ਉਸ ਨੂੰ ਨੰਨ੍ਹਾ-ਮੁੰਨਾ ਮੂਸਾ ਮਿਲਿਆ, ਤਾਂ ਉਹ ਜਾਣਦੀ ਸੀ ਕਿ ਉਹ ਇਕ ਇਬਰਾਨੀ ਦਾ ਬੱਚਾ ਸੀ ਅਤੇ ਉਸ ਦਾ ਕਤਲ ਕਰ ਦੇਣਾ ਚਾਹੀਦਾ ਸੀ। ਪਰ “ਉਸ ਨੂੰ ਉਸ ਉੱਤੇ ਤਰਸ ਆਇਆ” ਅਤੇ ਉਸ ਨੇ ਮੂਸਾ ਨੂੰ ਆਪਣਾ ਮੁੰਡਾ ਸਮਝ ਕੇ ਪਾਲ਼ਿਆ।—ਕੂਚ 2:5, 6.
3 ਸਾਨੂੰ ਹਮਦਰਦੀ ਦੇ ਗੁਣ ਬਾਰੇ ਹੋਰ ਕਿਉਂ ਜਾਣਨ ਦੀ ਲੋੜ ਹੈ? ਕਿਉਂਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦੀ ਰੀਸ ਕਰੀਏ। (ਅਫ਼. 5:1) ਚਾਹੇ ਯਹੋਵਾਹ ਨੇ ਸਾਡੇ ਵਿਚ ਇਹ ਗੁਣ ਪਾਇਆ ਹੈ, ਪਰ ਪਾਪੀ ਹੋਣ ਕਰਕੇ ਕਦੇ-ਕਦੇ ਅਸੀਂ ਮਤਲਬੀ ਬਣ ਜਾਂਦੇ ਹਾਂ। ਇਸ ਕਰਕੇ ਕਦੇ-ਕਦੇ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਲੋਕਾਂ ਦੀ ਮਦਦ ਕਰੀਏ ਜਾਂ ਆਪਣੇ ਬਾਰੇ ਸੋਚੀਏ। ਕਿਹੜੀਆਂ ਗੱਲਾਂ ਸਾਡੀ ਹੋਰ ਜ਼ਿਆਦਾ ਹਮਦਰਦ ਬਣਨ ਵਿਚ ਮਦਦ ਕਰਨਗੀਆਂ? ਪਹਿਲਾ, ਆਓ ਆਪਾਂ ਦੇਖੀਏ ਕਿ ਯਹੋਵਾਹ ਅਤੇ ਦੂਸਰੇ ਕੁਝ ਲੋਕਾਂ ਨੇ ਹਮਦਰਦੀ ਕਿਵੇਂ ਦਿਖਾਈ। ਦੂਜਾ, ਅਸੀਂ ਯਹੋਵਾਹ ਵਾਂਗ ਹਮਦਰਦ ਕਿਵੇਂ ਬਣ ਸਕਦੇ ਹਾਂ ਅਤੇ ਇਸ ਤਰ੍ਹਾਂ ਕਰਨ ਵਿਚ ਸਾਡਾ ਕਿਵੇਂ ਭਲਾ ਹੁੰਦਾ ਹੈ।
ਯਹੋਵਾਹ ਜਿੰਨਾ ਕੋਈ ਹਮਦਰਦ ਨਹੀਂ
4. (ੳ) ਯਹੋਵਾਹ ਨੇ ਦੂਤਾਂ ਨੂੰ ਸਦੂਮ ਕਿਉਂ ਭੇਜਿਆ? (ਅ) ਲੂਤ ਦੇ ਪਰਿਵਾਰ ਨਾਲ ਜੋ ਹੋਇਆ ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
4 ਬਾਈਬਲ ਵਿਚ ਕਈ ਵਾਰ ਯਹੋਵਾਹ ਦੀ ਹਮਦਰਦੀ ਬਾਰੇ ਦੱਸਿਆ ਗਿਆ ਹੈ। ਮਿਸਾਲ ਲਈ, ਸੋਚੋ ਕਿ ਉਸ ਨੇ ਲੂਤ ਲਈ ਕੀ ਕੀਤਾ। ਧਰਮੀ ਲੂਤ ਸਦੂਮ ਅਤੇ ਗਮੋਰਾ ਦੇ ਲੋਕਾਂ ਦੇ ਗੰਦੇ ਕੰਮ ਦੇਖ ਕੇ “ਬੜਾ ਦੁਖੀ ਹੁੰਦਾ ਸੀ।” ਉਹ ਲੋਕ ਬਿਲਕੁਲ ਵੀ ਪਰਮੇਸ਼ੁਰ ਦੀ ਇੱਜ਼ਤ ਨਹੀਂ ਸੀ ਕਰਦੇ, ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਨ ਦਾ ਫ਼ੈਸਲਾ ਕੀਤਾ। (2 ਪਤ. 2:7, 8) ਯਹੋਵਾਹ ਨੇ ਲੂਤ ਨੂੰ ਦੂਤਾਂ ਰਾਹੀਂ ਦੱਸਿਆ ਕਿ ਉਹ ਸਦੂਮ ਅਤੇ ਗਮੋਰਾ ਦਾ ਨਾਸ਼ ਕਰਨ ਵਾਲਾ ਸੀ ਅਤੇ ਲੂਤ ਨੂੰ ਉੱਥੋਂ ਭੱਜਣ ਲਈ ਕਿਹਾ। ਬਾਈਬਲ ਕਹਿੰਦੀ ਹੈ: “ਜਦ ਉਹ ਢਿੱਲ ਕਰ ਰਿਹਾ ਸੀ ਤਾਂ ਉਨ੍ਹਾਂ ਮਨੁੱਖਾਂ [ਯਾਨੀ ਦੂਤਾਂ] ਨੇ ਯਹੋਵਾਹ ਦੀ ਕਿਰਪਾ ਦੇ ਕਾਰਨ ਜੋ ਉਸ ਦੇ ਉੱਤੇ ਸੀ ਉਹ ਦੇ ਹੱਥ ਅਰ ਉਹ ਦੀ ਤੀਵੀਂ ਦੇ ਹੱਥ ਅਰ ਉਹ ਦੀਆਂ ਦੋਹਾਂ ਧੀਆਂ ਦੇ ਹੱਥਾਂ ਨੂੰ ਫੜਕੇ ਉਨ੍ਹਾਂ ਨੂੰ ਬਾਹਰ ਪੁਚਾ ਦਿੱਤਾ।” (ਉਤ. 19:16) ਜਿਵੇਂ ਯਹੋਵਾਹ ਨੇ ਲੂਤ ਦੇ ਹਾਲਾਤਾਂ ਨੂੰ ਸਮਝਿਆ ਬਿਲਕੁਲ ਉਸੇ ਤਰ੍ਹਾਂ ਉਹ ਸਾਡੀਆਂ ਮੁਸ਼ਕਲਾਂ ਨੂੰ ਵੀ ਸਮਝਦਾ ਹੈ।—ਯਸਾ. 63:7-9; ਯਾਕੂ. 5:11; 2 ਪਤ. 2:9.
5. ਪਰਮੇਸ਼ੁਰ ਦੇ ਬਚਨ ਤੋਂ ਅਸੀਂ ਹਮਦਰਦੀ ਬਾਰੇ ਕੀ ਸਿੱਖਦੇ ਹਾਂ?
5 ਯਹੋਵਾਹ ਆਪ ਵੀ ਹਮਦਰਦੀ ਦਿਖਾਉਂਦਾ ਹੈ ਅਤੇ ਆਪਣੇ ਲੋਕਾਂ ਨੂੰ ਵੀ ਹਮਦਰਦ ਬਣਨਾ ਸਿਖਾਉਂਦਾ ਹੈ। ਆਓ ਆਪਾਂ ਮੂਸਾ ਦੇ ਕਾਨੂੰਨ ਵਿੱਚੋਂ ਇਕ ਕਾਨੂੰਨ ਉੱਤੇ ਗੌਰ ਕਰੀਏ। ਜਦੋਂ ਕੋਈ ਵਿਅਕਤੀ ਕਿਸੇ ਤੋਂ ਪੈਸੇ ਉਧਾਰ ਲੈਂਦਾ ਸੀ, ਤਾਂ ਉਧਾਰ ਦੇਣ ਵਾਲਾ ਉਸ ਵਿਅਕਤੀ ਦੇ ਕੱਪੜੇ ਗਿਰਵੀ ਰੱਖ ਸਕਦਾ ਸੀ। ਇੱਦਾਂ ਕਰ ਕੇ ਉਧਾਰ ਦੇਣ ਵਾਲੇ ਨੂੰ ਇਹ ਤਸੱਲੀ ਹੁੰਦੀ ਸੀ ਕਿ ਉਸ ਨੂੰ ਆਪਣੇ ਪੈਸੇ ਵਾਪਸ ਮਿਲ ਜਾਣਗੇ। (ਕੂਚ 22:26, 27 ਪੜ੍ਹੋ।) ਪਰ ਉਧਾਰ ਦੇਣ ਵਾਲੇ ਨੂੰ ਸੂਰਜ ਡੁੱਬਣ ਤੋਂ ਪਹਿਲਾਂ ਉਸ ਵਿਅਕਤੀ ਦੇ ਕੱਪੜੇ ਮੋੜਨੇ ਪੈਂਦੇ ਸਨ, ਤਾਂਕਿ ਉਹ ਰਾਤ ਨੂੰ ਠੰਢ ਵਿਚ ਨਿੱਘਾ ਰਹਿ ਸਕੇ। ਜਿਹੜੇ ਲੋਕ ਹਮਦਰਦ ਨਹੀਂ ਸਨ ਉਹ ਸ਼ਾਇਦ ਕੱਪੜੇ ਵਾਪਸ ਨਾ ਮੋੜਦੇ ਹੋਣ। ਪਰ ਯਹੋਵਾਹ ਨੇ ਆਪਣੇ ਲੋਕਾਂ ਨੂੰ ਹਮਦਰਦ ਬਣਨਾ ਸਿਖਾਇਆ। ਅਸੀਂ ਇਸ ਕਾਨੂੰਨ ਵਿਚ ਦਿੱਤੇ ਅਸੂਲ ਤੋਂ ਕੀ ਸਿੱਖ ਸਕਦੇ ਹਾਂ? ਸਾਨੂੰ ਆਪਣੇ ਮਸੀਹੀ ਭੈਣਾਂ-ਭਰਾਵਾਂ ਦੀਆਂ ਜ਼ਰੂਰਤਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਜੇ ਸਾਡੇ ਹੱਥ ਵੱਸ ਹੋਵੇ, ਤਾਂ ਸਾਨੂੰ ਮੁਸੀਬਤਾਂ ਵਿੱਚੋਂ ਲੰਘ ਰਹੇ ਭੈਣਾਂ-ਭਰਾਵਾਂ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ।—ਕੁਲੁ. 3:12; ਯਾਕੂ. 2:15, 16; 1 ਯੂਹੰਨਾ 3:17 ਪੜ੍ਹੋ।
6. ਯਹੋਵਾਹ ਨੇ ਵਾਰ-ਵਾਰ ਪਾਪੀ ਇਜ਼ਰਾਈਲੀਆਂ ਨੂੰ ਹਮਦਰਦੀ ਦਿਖਾਈ। ਇਸ ਤੋਂ ਅਸੀਂ ਕੀ ਸਿੱਖਦੇ ਹਾਂ?
6 ਯਹੋਵਾਹ ਇਜ਼ਰਾਈਲੀਆਂ ਨਾਲ ਉਦੋਂ ਵੀ ਹਮਦਰਦੀ ਨਾਲ ਪੇਸ਼ ਆਉਂਦਾ ਸੀ ਜਦੋਂ ਉਹ ਉਸ ਦੇ ਖ਼ਿਲਾਫ਼ ਪਾਪ ਕਰਦੇ ਸਨ। ਬਾਈਬਲ ਕਹਿੰਦੀ ਹੈ: “ਯਹੋਵਾਹ ਉਨ੍ਹਾਂ ਦੇ ਪਿਉ ਦਾਦਿਆਂ ਦੇ ਪਰਮੇਸ਼ੁਰ ਨੇ ਆਪਣੇ ਦੂਤਾਂ ਦੇ ਰਾਹੀਂ ਓਹਨਾਂ ਨੂੰ ਜਤਨ ਨਾਲ ਘੱਲ ਕੇ ਉਨ੍ਹਾਂ ਦੇ ਕੋਲ ਸੁਨੇਹਾ ਭੇਜਿਆ ਕਿਉਂ ਜੋ ਉਸ ਨੂੰ ਆਪਣੇ ਲੋਕਾਂ ਅਤੇ ਧਾਮ ਉੱਤੇ ਤਰਸ ਆਉਂਦਾ ਸੀ।” (2 ਇਤ. 36:15) ਉਸੇ ਤਰ੍ਹਾਂ ਕੀ ਸਾਨੂੰ ਉਨ੍ਹਾਂ ਲੋਕਾਂ ਨੂੰ ਹਮਦਰਦੀ ਨਹੀਂ ਦਿਖਾਉਣੀ ਚਾਹੀਦੀ ਜੋ ਯਹੋਵਾਹ ਨੂੰ ਨਹੀਂ ਮੰਨਦੇ? ਕੀ ਪਤਾ ਸ਼ਾਇਦ ਉਹ ਵੀ ਤੋਬਾ ਕਰ ਕੇ ਯਹੋਵਾਹ ਦੇ ਦੋਸਤ ਬਣ ਜਾਣ। ਯਹੋਵਾਹ ਨਹੀਂ ਚਾਹੁੰਦਾ ਕਿ ਆਉਣ ਵਾਲੇ ਨਾਸ਼ ਵਿਚ ਕੋਈ ਵੀ ਇਨਸਾਨ ਮਾਰਿਆ ਜਾਵੇ। (2 ਪਤ. 3:9) ਇਸ ਲਈ, ਜਦ ਤਕ ਸਮਾਂ ਹੈ ਅਸੀਂ ਸਾਰਿਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਪਰਮੇਸ਼ੁਰ ਦੁਸ਼ਟਾ ਦਾ ਸਫ਼ਾਇਆ ਕਰਨ ਵਾਲਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਰੇ ਲੋਕਾਂ ਨੂੰ ਯਹੋਵਾਹ ਦੀ ਹਮਦਰਦੀ ਤੋਂ ਫ਼ਾਇਦਾ ਮਿਲੇ।
7, 8. ਇਕ ਪਰਿਵਾਰ ਨੂੰ ਕਿਉਂ ਯਕੀਨ ਸੀ ਕਿ ਯਹੋਵਾਹ ਨੇ ਉਨ੍ਹਾਂ ਨਾਲ ਹਮਦਰਦੀ ਦਿਖਾਈ?
7 ਅੱਜ ਬਹੁਤ ਸਾਰੇ ਸੇਵਕਾਂ ਨੇ ਯਹੋਵਾਹ ਦੀ ਹਮਦਰਦੀ ਆਪਣੀ ਅੱਖੀਂ ਦੇਖੀ ਹੈ। ਮਿਸਾਲ ਲਈ, 1990 ਦੇ ਦਹਾਕੇ ਦੌਰਾਨ ਬੋਸਨੀਆ ਦੇਸ਼ ਵਿਚ ਅਲੱਗ-ਅਲੱਗ ਕੌਮ ਦੇ ਲੋਕਾਂ ਨੇ ਖ਼ੂਨ ਦੀਆਂ ਨਦੀਆਂ ਵਹਾ ਦਿੱਤੀਆਂ। ਉਸ ਦੇਸ਼ ਵਿਚ ਮਿਲਾਨ ਨਾਂ ਦਾ 12 ਸਾਲਾਂ ਦਾ ਮੁੰਡਾ ਰਹਿੰਦਾ ਸੀ। ਮਿਲਾਨ ਆਪਣੇ ਮਾਪੇ, ਛੋਟੇ ਭਰਾ ਅਤੇ ਹੋਰ ਗਵਾਹਾਂ ਨਾਲ ਬੱਸ ਵਿਚ ਬੋਸਨੀਆ ਤੋਂ ਸਰਬੀਆ ਜਾ ਰਿਹਾ ਸੀ। ਉਹ ਸਾਰੇ ਜਣੇ ਵੱਡੇ ਸੰਮੇਲਨ ʼਤੇ ਜਾ ਰਹੇ ਸਨ ਜਿੱਥੇ ਮਿਲਾਨ ਦੇ ਮਾਪਿਆਂ ਦਾ ਬਪਤਿਸਮਾ ਹੋਣਾ ਸੀ। ਜਦੋਂ ਉਹ ਦੇਸ਼ ਦੀ ਸਰਹੱਦ ʼਤੇ ਪਹੁੰਚੇ, ਤਾਂ ਕੁਝ ਫ਼ੌਜੀਆਂ ਨੇ ਦੇਖਿਆ ਕਿ ਮਿਲਾਨ ਦਾ ਪਰਿਵਾਰ ਦੂਜੀ ਕੌਮ ਦਾ ਸੀ। ਫ਼ੌਜੀਆਂ ਨੇ ਇਨ੍ਹਾਂ ਨੂੰ ਬੱਸ ਵਿੱਚੋਂ ਬਹਾਰ ਕੱਢਿਆ, ਪਰ ਬਾਕੀ ਭੈਣਾਂ-ਭਰਾਵਾਂ ਨੂੰ ਜਾਣ ਦਿੱਤਾ। ਫ਼ੌਜੀਆਂ ਨੇ ਇਨ੍ਹਾਂ ਨੂੰ ਦੋ ਦਿਨ ਤਕ ਫੜੀ ਰੱਖਿਆ। ਫਿਰ ਇਕ ਫ਼ੌਜੀ ਅਫ਼ਸਰ ਨੇ ਆਪਣੇ ਵੱਡੇ ਅਫ਼ਸਰ ਨੂੰ ਪੁੱਛਿਆ ਕਿ ਉਹ ਇਸ ਪਰਿਵਾਰ ਨਾਲ ਕੀ ਕਰਨ। ਪਰਿਵਾਰ ਉਨ੍ਹਾਂ ਦੀ ਗੱਲਬਾਤ ਸੁਣ ਰਿਹਾ ਸੀ। ਵੱਡੇ ਅਫ਼ਸਰ ਨੇ ਕਿਹਾ, “ਇਨ੍ਹਾਂ ਨੂੰ ਬਾਹਰ ਲੈ ਜਾ ਕੇ ਗੋਲੀਆਂ ਨਾਲ ਉਡਾ ਦਿਓ!”
8 ਜਦੋਂ ਫ਼ੌਜੀ ਆਪਸ ਵਿਚ ਗੱਲਾਂ ਕਰ ਰਹੇ ਸਨ, ਤਾਂ ਦੋ ਅਜਨਬੀ ਆਦਮੀ ਉਸ ਪਰਿਵਾਰ ਕੋਲ ਆਏ। ਉਨ੍ਹਾਂ ਨੇ ਹੌਲੀ ਦੇਣੀ ਉਸ ਪਰਿਵਾਰ ਨੂੰ ਕਿਹਾ ਕਿ ਉਹ ਵੀ ਯਹੋਵਾਹ ਦੇ ਗਵਾਹ ਸਨ। ਬੱਸ ਵਿਚ ਸਫ਼ਰ ਕਰਨ ਵਾਲੇ ਭਰਾਵਾਂ ਨੇ ਇਨ੍ਹਾਂ ਦੋਨਾਂ ਗਵਾਹਾਂ ਨੂੰ ਸਾਰੀ ਗੱਲ ਦੱਸੀ ਸੀ। ਇਨ੍ਹਾਂ ਦੋ ਗਵਾਹਾਂ ਨੇ ਮਿਲਾਨ ਤੇ ਉਸ ਦੇ ਭਰਾ ਨੂੰ ਆਪਣੀ ਗੱਡੀ ਵਿਚ ਬੈਠਣ ਲਈ ਕਿਹਾ ਤਾਂਕਿ ਉਹ ਉਨ੍ਹਾਂ ਨੂੰ ਸਰਹੱਦ ਪਾਰ ਕਰਾ ਸਕਣ। ਸਰਹੱਦ ਦੇ ਨਾਕੇ ਉੱਤੇ ਫ਼ੌਜੀ ਬੱਚਿਆਂ ਦੇ ਕਾਨੂੰਨੀ ਦਸਤਾਵੇਜ਼ ਨਹੀਂ ਦੇਖ ਰਹੇ ਸਨ। ਫਿਰ ਉਨ੍ਹਾਂ ਭਰਾਵਾਂ ਨੇ ਮਿਲਾਨ ਦੇ ਮਾਪਿਆਂ ਨੂੰ ਕਿਹਾ ਕਿ ਉਹ ਨਾਕੇ ਤੋਂ ਦੂਰ ਜਾ ਕੇ ਕਿਸ ਹੋਰ ਰਸਤਿਓਂ ਸਰਹੱਦ ਪਾਰ ਕਰ ਕੇ ਉਨ੍ਹਾਂ ਨੂੰ ਮਿਲਣ। ਮਿਲਾਨ ਇੰਨਾ ਡਰਿਆ ਹੋਇਆ ਸੀ ਕਿ ਉਸ ਨੂੰ ਨਹੀਂ ਪਤਾ ਲੱਗ ਰਿਹਾ ਸੀ ਕਿ ਉਹ ਹੱਸੇ ਜਾਂ ਰੋਵੇ। ਮਿਲਾਨ ਦੇ ਮਾਪਿਆਂ ਨੇ ਗਵਾਹਾਂ ਨੂੰ ਕਿਹਾ: “ਤੁਹਾਨੂੰ ਕੀ ਲੱਗਦਾ, ਉਨ੍ਹਾਂ ਨੇ ਸਾਨੂੰ ਉੱਦਾਂ ਹੀ ਛੱਡ ਦੇਣਾ?” ਪਰ ਜਦੋਂ ਮਾਪੇ ਫ਼ੌਜੀਆਂ ਦੇ ਸਾਮ੍ਹਣਿਓਂ ਦੀ ਲੰਘੇ, ਤਾਂ ਇੱਦਾਂ ਲੱਗਾ ਜਿਵੇਂ ਕਿਸੇ ਵੀ ਫ਼ੌਜੀ ਨੇ ਉਨ੍ਹਾਂ ਨੂੰ ਦੇਖਿਆ ਹੀ ਨਹੀਂ। ਮਿਲਾਨ, ਉਸ ਦਾ ਛੋਟਾ ਭਰਾ ਅਤੇ ਉਸ ਦੇ ਮਾਪੇ ਸਰਹੱਦ ਦੇ ਦੂਜੇ ਪਾਸੇ ਇਕੱਠੇ ਹੋ ਗਏ ਅਤੇ ਵੱਡੇ ਸੰਮੇਲਨ ʼਤੇ ਚਲੇ ਗਏ। ਉਨ੍ਹਾਂ ਨੂੰ ਪੱਕਾ ਯਕੀਨ ਸੀ ਕਿ ਯਹੋਵਾਹ ਨੇ ਉਨ੍ਹਾਂ ਦੀ ਦੁਹਾਈ ਸੁਣ ਲਈ ਸੀ। ਪਰ ਬਾਈਬਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਹਮੇਸ਼ਾ ਆਪਣੇ ਲੋਕਾਂ ਨੂੰ ਚਮਤਕਾਰੀ ਢੰਗ ਨਾਲ ਨਹੀਂ ਬਚਾਉਂਦਾ। (ਰਸੂ. 7:58-60) ਮਿਲਾਨ ਨੇ ਇਸ ਘਟਣਾ ਬਾਰੇ ਕਿਹਾ: “ਮੈਨੂੰ ਲੱਗਾ ਜਿਵੇਂ ਯਹੋਵਾਹ ਨੇ ਆਪਣੇ ਦੂਤਾਂ ਰਾਹੀਂ ਫ਼ੌਜੀਆਂ ਨੂੰ ਅੰਨ੍ਹਾ ਕਰ ਕੇ ਸਾਨੂੰ ਬਚਾਇਆ।”—ਜ਼ਬੂ. 97:10.
9. ਭੀੜ ਨੂੰ ਆਉਂਦਾ ਦੇਖ ਕੇ ਯਿਸੂ ਨੂੰ ਕਿਵੇਂ ਲੱਗਾ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
9 ਅਸੀਂ ਹਮਦਰਦੀ ਦਿਖਾਉਣ ਦੇ ਮਾਮਲੇ ਵਿਚ ਯਿਸੂ ਤੋਂ ਵੀ ਬਹੁਤ ਕੁਝ ਸਿੱਖ ਸਕਦੇ ਹਾਂ। ਉਸ ਨੂੰ ਲੋਕਾਂ ʼਤੇ ਤਰਸ ਆਉਂਦਾ ਸੀ ਕਿਉਂਕਿ ਲੋਕ “ਉਨ੍ਹਾਂ ਭੇਡਾਂ ਵਰਗੇ ਸਨ ਜਿਨ੍ਹਾਂ ਦੀ ਚਮੜੀ ਉਧੇੜ ਦਿੱਤੀ ਗਈ ਹੋਵੇ ਅਤੇ ਜੋ ਚਰਵਾਹੇ ਤੋਂ ਬਿਨਾਂ ਇੱਧਰ-ਉੱਧਰ ਭਟਕ ਰਹੀਆਂ ਹੋਣ।” ਫਿਰ ਯਿਸੂ ਨੇ ਕੀ ਕੀਤਾ? “ਉਹ ਉਨ੍ਹਾਂ ਨੂੰ ਬਹੁਤ ਗੱਲਾਂ ਸਿਖਾਉਣ ਲੱਗ ਪਿਆ।” (ਮੱਤੀ 9:36; ਮਰਕੁਸ 6:34 ਪੜ੍ਹੋ।) ਪਰ ਯਿਸੂ ਦੇ ਉਲਟ ਫ਼ਰੀਸੀ ਹਮਦਰਦ ਨਹੀਂ ਸਨ ਅਤੇ ਲੋਕਾਂ ਦੀ ਬਿਲਕੁਲ ਵੀ ਮਦਦ ਨਹੀਂ ਸੀ ਕਰਦੇ। (ਮੱਤੀ 12:9-14; 23:4; ਯੂਹੰ. 7:49) ਕੀ ਤੁਸੀਂ ਯਿਸੂ ਵਾਂਗ ਉਨ੍ਹਾਂ ਲੋਕਾਂ ਦੀ ਮਦਦ ਕਰਨੀ ਚਾਹੁੰਦੇ ਹੋ ਜੋ ਸੱਚਾਈ ਦੇ ਭੁੱਖੇ ਹਨ?
10, 11. ਕੀ ਸਾਨੂੰ ਹਰ ਮੌਕੇ ʼਤੇ ਹਮਦਰਦੀ ਦਿਖਾਉਣੀ ਚਾਹੀਦੀ ਹੈ? ਸਮਝਾਓ।
10 ਇਹ ਜ਼ਰੂਰੀ ਨਹੀਂ ਕਿ ਅਸੀਂ ਹਰ ਮੌਕੇ ʼਤੇ ਹਮਦਰਦੀ ਦਿਖਾਈਏ। ਮਿਸਾਲ ਲਈ, ਯਹੋਵਾਹ ਨੇ ਰਾਜਾ ਸ਼ਾਊਲ ਨੂੰ ਹੁਕਮ ਦਿੱਤਾ ਸੀ ਕਿ ਉਹ ਦੁਸ਼ਮਣ ਅਮਾਲੇਕੀਆਂ ਅਤੇ ਉਨ੍ਹਾਂ ਦੇ ਸਾਰੇ ਜਾਨਵਰਾਂ ਨੂੰ ਮਾਰ ਦੇਵੇ। ਪਰ ਸ਼ਾਊਲ ਨੇ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ। ਸ਼ਾਊਲ ਨੂੰ ਲੱਗਾ ਕਿ ਰਾਜਾ ਅਗਾਗ ਅਤੇ ਚੰਗੇ-ਚੰਗੇ ਜਾਨਵਰਾਂ ਨੂੰ ਬਚਾ ਕੇ ਉਹ ਹਮਦਰਦੀ ਦਿਖਾ ਰਿਹਾ ਸੀ। ਇਸ ਲਈ ਯਹੋਵਾਹ ਨੇ ਸ਼ਾਊਲ ਨੂੰ ਰਾਜੇ ਵਜੋਂ ਰੱਦ ਕਰ ਦਿੱਤਾ। (1 ਸਮੂ. 15:3, 9, 15) ਯਹੋਵਾਹ ਇਕ ਧਰਮੀ ਨਿਆਂਕਾਰ ਹੈ ਜੋ ਲੋਕਾਂ ਦੇ ਦਿਲ ਪੜ੍ਹ ਸਕਦਾ ਹੈ। ਇਸ ਲਈ ਉਹ ਜਾਣਦਾ ਹੈ ਕਿ ਉਸ ਨੂੰ ਕਦੋਂ ਹਮਦਰਦੀ ਦਿਖਾਉਣ ਦੀ ਲੋੜ ਹੈ ਤੇ ਕਦੋਂ ਨਹੀਂ। (ਵਿਰ. 2:17; ਹਿਜ਼. 5:11) ਪਰਮੇਸ਼ੁਰ ਜਲਦ ਹੀ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵੇਗਾ ਜੋ ਉਸ ਦੇ ਆਖੇ ਨਹੀਂ ਲੱਗਦੇ। (2 ਥੱਸ. 1:6-10) ਉਸ ਸਮੇਂ ਉਹ ਦੁਸ਼ਟਾਂ ਨਾਲ ਕੋਈ ਹਮਦਰਦੀ ਨਹੀਂ ਦਿਖਾਵੇਗਾ। ਦੁਸ਼ਟਾਂ ਨੂੰ ਨਾਸ਼ ਕਰ ਕੇ ਅਤੇ ਧਰਮੀਆਂ ਨੂੰ ਬਚਾ ਕੇ ਉਹ ਧਰਮੀਆਂ ਨਾਲ ਹਮਦਰਦੀ ਦਿਖਾਵੇਗਾ।
11 ਕੌਣ ਬਚਾਇਆ ਜਾਵੇਗਾ ਤੇ ਕੌਣ ਮਾਰਿਆ ਜਾਵੇਗਾ ਇਹ ਤੈਅ ਕਰਨਾ ਸਾਡਾ ਕੰਮ ਨਹੀਂ। ਪਰ ਲੋਕਾਂ ਦੀ ਮਦਦ ਕਰਨ ਲਈ ਸਾਨੂੰ ਪੂਰੀ ਵਾਹ ਲਾਉਣੀ ਚਾਹੀਦੀ ਹੈ। ਅਸੀਂ ਦੂਸਰਿਆਂ ਨਾਲ ਹਮਦਰਦੀ ਕਿਵੇਂ ਦਿਖਾ ਸਕਦੇ ਹਾਂ? ਆਓ ਆਪਾਂ ਕੁਝ ਸੁਝਾਵਾਂ ʼਤੇ ਗੌਰ ਕਰੀਏ।
ਹਮਦਰਦ ਕਿਵੇਂ ਬਣੀਏ
12. ਅਸੀਂ ਦੂਜਿਆਂ ਨੂੰ ਹਮਦਰਦੀ ਕਿਵੇਂ ਦਿਖਾ ਸਕਦੇ ਹਾਂ?
12 ਹਰ ਰੋਜ਼ ਦੂਜਿਆਂ ਦੀ ਮਦਦ ਕਰੋ। ਯਹੋਵਾਹ ਚਾਹੁੰਦਾ ਹੈ ਕਿ ਮਸੀਹੀ ਆਪਣੇ ਗੁਆਂਢੀਆਂ ਅਤੇ ਆਪਣੇ ਭੈਣਾਂ-ਭਰਾਵਾਂ ਨਾਲ ਹਮਦਰਦੀ ਦਿਖਾਉਣ। (ਯੂਹੰ. 13:34, 35; 1 ਪਤ. 3:8) ਹਮਦਰਦੀ ਰੱਖਣ ਦਾ ਇਕ ਹੋਰ ਮਤਲਬ ਹੈ, “ਇਕੱਠੇ ਦੁੱਖ ਝੱਲਣੇ।” ਇਕ ਹਮਦਰਦ ਇਨਸਾਨ ਦੁੱਖ ਝੱਲ ਰਹੇ ਲੋਕਾਂ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਸਾਨੂੰ ਵੀ ਦੂਜਿਆਂ ਦੀ ਮਦਦ ਕਰਨ ਦੇ ਮੌਕੇ ਭਾਲਣੇ ਚਾਹੀਦੇ ਹਨ। ਅਸੀਂ ਸ਼ਾਇਦ ਉਨ੍ਹਾਂ ਲਈ ਛੋਟੇ-ਮੋਟੇ ਕੰਮ ਕਰ ਸਕਦੇ ਹਾਂ।—ਮੱਤੀ 7:12.
13. ਕੁਦਰਤੀ ਆਫ਼ਤਾਂ ਆਉਣ ʼਤੇ ਪਰਮੇਸ਼ੁਰ ਦੇ ਲੋਕ ਕੀ ਕਰਦੇ ਹਨ?
13 ਰਾਹਤ ਦੇ ਕੰਮ ਵਿਚ ਹੱਥ ਵਟਾਓ। ਜਦੋਂ ਕਿਸੇ ਆਫ਼ਤ ਕਰਕੇ ਅਸੀਂ ਲੋਕਾਂ ਨੂੰ ਦੁੱਖ ਝੱਲਦਿਆਂ ਦੇਖਦੇ ਹਾਂ, ਤਾਂ ਅਸੀਂ ਉਨ੍ਹਾਂ ਨੂੰ ਹਮਦਰਦੀ ਦਿਖਾਉਣੀ ਚਾਹੁੰਦੇ ਹਾਂ। ਯਹੋਵਾਹ ਦੇ ਲੋਕ ਅਜਿਹੇ ਮੌਕਿਆਂ ʼਤੇ ਲੋਕਾਂ ਦੀ ਮਦਦ ਕਰਨ ਵਾਲਿਆਂ ਵਜੋਂ ਜਾਣੇ ਜਾਂਦੇ ਹਨ। (1 ਪਤ. 2:17) ਮਿਸਾਲ ਲਈ, 2011 ਵਿਚ ਭੁਚਾਲ਼ ਅਤੇ ਸੁਨਾਮੀ ਕਰਕੇ ਜਪਾਨ ਦੇ ਇਕ ਇਲਾਕੇ ਵਿਚ ਬਹੁਤ ਜ਼ਿਆਦਾ ਤਬਾਹੀ ਹੋਈ। ਭੈਣਾਂ-ਭਰਾਵਾਂ ਦੇ ਘਰਾਂ ਅਤੇ ਕਿੰਗਡਮ ਹਾਲਾਂ ਦੀ ਮੁਰੰਮਤ ਕਰਨ ਲਈ ਜਪਾਨ ਅਤੇ ਦੂਸਰੇ ਦੇਸ਼ਾਂ ਤੋਂ ਭੈਣ-ਭਰਾ ਆਏ। ਉਸ ਇਲਾਕੇ ਵਿਚ ਰਹਿਣ ਵਾਲੀ ਇਕ ਭੈਣ ਨੇ ਇਹ ਸਭ ਕੁਝ ਦੇਖ ਕੇ ਕਿਹਾ ਕਿ ਉਸ ਨੂੰ “ਬਹੁਤ ਹੌਸਲਾ ਅਤੇ ਦਿਲਾਸਾ ਮਿਲਿਆ।” ਉਸ ਨੇ ਅੱਗੇ ਕਿਹਾ: “ਇਨ੍ਹਾਂ ਸਾਰੀਆਂ ਗੱਲਾਂ ਤੋਂ ਮੈਨੂੰ ਅਹਿਸਾਸ ਹੋਇਆ ਕਿ ਯਹੋਵਾਹ ਸਾਡੀ ਬੇਹੱਦ ਪਰਵਾਹ ਕਰਦਾ ਹੈ। ਨਾਲੇ ਦੁਨੀਆਂ ਭਰ ਦੇ ਭੈਣ-ਭਰਾ ਇਕ-ਦੂਜੇ ਦੀ ਪਰਵਾਹ ਕਰਦੇ ਹਨ ਅਤੇ ਸਾਡੇ ਲਈ ਪ੍ਰਾਰਥਨਾ ਵੀ ਕਰ ਰਹੇ ਹਨ।”
14. ਤੁਸੀਂ ਬੀਮਾਰਾਂ ਅਤੇ ਬਜ਼ੁਰਗਾਂ ਦੀ ਮਦਦ ਕਿਵੇਂ ਕਰ ਸਕਦੇ ਹੋ?
14 ਬੀਮਾਰਾਂ ਅਤੇ ਬਜ਼ੁਰਗਾਂ ਦੀ ਮਦਦ ਕਰੋ। ਕੀ ਬੀਮਾਰਾਂ ਤੇ ਬਜ਼ੁਰਗਾਂ ਨੂੰ ਦੇਖ ਕੇ ਸਾਡਾ ਦਿਲ ਹਮਦਰਦੀ ਨਾਲ ਨਹੀਂ ਭਰ ਜਾਂਦਾ? ਅਸੀਂ ਉਸ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ ਜਦੋਂ ਬੀਮਾਰੀ ਅਤੇ ਬੁਢਾਪਾ ਨਹੀਂ ਹੋਵੇਗਾ। ਇਸ ਲਈ ਅਸੀਂ ਪਰਮੇਸ਼ੁਰ ਦੇ ਰਾਜ ਲਈ ਪ੍ਰਾਰਥਨਾ ਕਰਦੇ ਹਾਂ। ਫਿਲਹਾਲ ਅਸੀਂ ਬੀਮਾਰਾਂ ਅਤੇ ਬਜ਼ੁਰਗਾਂ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਜ਼ਰਾ ਗੌਰ ਕਰੋ ਕਿ ਇਕ ਲਿਖਾਰੀ ਨੇ ਆਪਣੀ ਬਜ਼ੁਰਗ ਮਾਂ ਬਾਰੇ ਕੀ ਲਿਖਿਆ ਜਿਸ ਨੂੰ ਭੁੱਲਣ ਦੀ ਬੀਮਾਰੀ (ਅਲਜ਼ਾਇਮਰ) ਸੀ। ਇਕ ਦਿਨ ਉਸ ਦੀ ਮਾਂ ਗੁਸਲਖ਼ਾਨੇ ਤਕ ਨਹੀਂ ਪਹੁੰਚ ਸਕੀ ਜਿਸ ਕਰਕੇ ਉਸ ਦੇ ਕੱਪੜੇ ਗੰਦੇ ਹੋ ਗਏ। ਉਹ ਹਾਲੇ ਆਪਣੇ ਕੱਪੜੇ ਸਾਫ਼ ਕਰ ਹੀ ਰਹੀ ਸੀ ਕਿ ਘਰ ਦੀ ਘੰਟੀ ਵੱਜੀ। ਦੋ ਭੈਣਾਂ ਉਸ ਨੂੰ ਮਿਲਣ ਆਈਆਂ ਸਨ ਜੋ ਲਗਾਤਾਰ ਉਸ ਨੂੰ ਮਿਲਣ ਆਉਂਦੀਆਂ ਸਨ। ਭੈਣਾਂ ਨੇ ਉਸ ਨੂੰ ਪੁੱਛਿਆ ਕਿ ਉਸ ਨੂੰ ਮਦਦ ਤਾਂ ਨਹੀਂ ਚਾਹੀਦੀ ਸੀ। ਉਸ ਬਜ਼ੁਰਗ ਮਾਂ ਨੇ ਕਿਹਾ: “ਮੈਨੂੰ ਚੰਗਾ ਤਾਂ ਨਹੀਂ ਲੱਗ ਰਿਹਾ, ਪਰ ਤੁਸੀਂ ਮੇਰੀ ਮਦਦ ਕਰ ਦਿਓ।” ਭੈਣਾਂ ਨੇ ਉਸ ਦੀ ਮਦਦ ਕੀਤੀ। ਫਿਰ ਉਨ੍ਹਾਂ ਨੇ ਉਸ ਲਈ ਚਾਹ ਬਣਾਈ ਅਤੇ ਉਸ ਨਾਲ ਗੱਲਾਂ ਕੀਤੀਆਂ। ਬਜ਼ੁਰਗ ਔਰਤ ਦੇ ਮੁੰਡੇ ਨੇ ਭੈਣਾਂ ਦਾ ਬਹੁਤ ਧੰਨਵਾਦ ਕੀਤਾ ਤੇ ਕਿਹਾ ਕਿ ਗਵਾਹ “ਜੋ ਕਹਿੰਦੇ ਹਨ ਉਹ ਕਰਦੇ ਵੀ ਹਨ।” ਹਮਦਰਦ ਹੋਣ ਕਰਕੇ ਕੀ ਤੁਹਾਡਾ ਦਿਲ ਨਹੀਂ ਕਰਦਾ ਕਿ ਤੁਸੀਂ ਬੀਮਾਰਾਂ ਅਤੇ ਬਜ਼ੁਰਗਾਂ ਦੀ ਮਦਦ ਕਰੋ?—ਫ਼ਿਲਿ. 2:3, 4.
15. ਪ੍ਰਚਾਰ ਕਰ ਕੇ ਅਸੀਂ ਦੂਸਰਿਆਂ ਦਾ ਭਲਾ ਕਿਵੇਂ ਕਰਦੇ ਹਾਂ?
15 ਯਹੋਵਾਹ ਨੂੰ ਜਾਣਨ ਵਿਚ ਲੋਕਾਂ ਦੀ ਮਦਦ ਕਰੋ। ਲੋਕਾਂ ਦੀ ਮਦਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਅਸੀਂ ਉਨ੍ਹਾਂ ਨੂੰ ਪਰਮੇਸ਼ੁਰ ਅਤੇ ਉਸ ਦੇ ਰਾਜ ਬਾਰੇ ਦੱਸੀਏ। ਅਸੀਂ ਉਨ੍ਹਾਂ ਦੀ ਇਹ ਦੇਖਣ ਵਿਚ ਮਦਦ ਕਰ ਸਕਦੇ ਹਾਂ ਕਿ ਯਹੋਵਾਹ ਦੇ ਰਾਹਾਂ ʼਤੇ ਚੱਲਣਾ ਉਨ੍ਹਾਂ ਲਈ ਵਧੀਆ ਕਿਉਂ ਹੈ। (ਯਸਾ. 48:17, 18) ਪ੍ਰਚਾਰ ਕਰ ਕੇ ਅਸੀਂ ਯਹੋਵਾਹ ਦੀ ਵਡਿਆਈ ਕਰਦੇ ਹਾਂ ਅਤੇ ਲੋਕਾਂ ਨੂੰ ਹਮਦਰਦੀ ਦਿਖਾਉਂਦੇ ਹਾਂ। ਕੀ ਤੁਸੀਂ ਹੋਰ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰ ਸਕਦੇ ਹੋ?—1 ਤਿਮੋ. 2:3, 4.
ਹਮਦਰਦ ਬਣਨ ਦੇ ਫ਼ਾਇਦੇ
16. ਹਮਦਰਦੀ ਦਿਖਾਉਣ ਦੇ ਸਾਨੂੰ ਕੀ ਫ਼ਾਇਦੇ ਹੁੰਦੇ ਹਨ?
16 ਡਾਕਟਰ ਕਹਿੰਦੇ ਹਨ ਕਿ ਹਮਦਰਦੀ ਦਿਖਾਉਣ ਨਾਲ ਸਾਡੀ ਸਿਹਤ ਉੱਤੇ ਚੰਗਾ ਅਸਰ ਪੈਂਦਾ ਹੈ ਅਤੇ ਦੂਜਿਆਂ ਨਾਲ ਸਾਡੇ ਰਿਸ਼ਤੇ ਵੀ ਵਧੀਆ ਬਣਦੇ ਹਨ। ਦੁੱਖ ਝੱਲ ਰਹੇ ਲੋਕਾਂ ਦੀ ਮਦਦ ਕਰਨ ਨਾਲ ਅਸੀਂ ਜ਼ਿਆਦਾ ਖ਼ੁਸ਼ ਤੇ ਆਸ਼ਾਵਾਦੀ ਰਹਿੰਦੇ ਹਾਂ ਅਤੇ ਘੱਟ ਨਿਰਾਸ਼ ਤੇ ਇਕੱਲਾਪਣ ਮਹਿਸੂਸ ਕਰਦੇ ਹਾਂ। ਹਮਦਰਦੀ ਦਿਖਾਉਣੀ ਸਾਡੇ ਲਈ ਚੰਗੀ ਹੈ। (ਅਫ਼. 4:31, 32) ਪਿਆਰ ਹੋਣ ਕਰਕੇ ਜਦੋਂ ਅਸੀਂ ਦੂਸਰਿਆਂ ਦੀ ਮਦਦ ਕਰਦੇ ਹਾਂ, ਤਾਂ ਸਾਡੀ ਜ਼ਮੀਰ ਸਾਫ਼ ਰਹਿੰਦੀ ਹੈ। ਕਿਉਂ? ਕਿਉਂਕਿ ਅਸੀਂ ਯਹੋਵਾਹ ਦੀ ਮਰਜ਼ੀ ਮੁਤਾਬਕ ਕੰਮ ਕਰ ਰਹੇ ਹੁੰਦੇ ਹਾਂ। ਹਮਦਰਦੀ ਰੱਖਣ ਨਾਲ ਅਸੀਂ ਹੋਰ ਚੰਗੇ ਮਾਪੇ, ਜੀਵਨ ਸਾਥੀ ਅਤੇ ਦੋਸਤ ਬਣ ਸਕਦੇ ਹਾਂ। ਲੋਕ ਅਕਸਰ ਉਨ੍ਹਾਂ ਦੀ ਮਦਦ ਕਰਦੇ ਹਨ ਜਿਹੜੇ ਦੂਜਿਆਂ ਨਾਲ ਹਮਦਰਦੀ ਦਿਖਾਉਂਦੇ ਹਨ।—ਮੱਤੀ 5:7; ਲੂਕਾ 6:38 ਪੜ੍ਹੋ।
17. ਤੁਸੀਂ ਹਮਦਰਦ ਕਿਉਂ ਬਣਨਾ ਚਾਹੁੰਦੇ ਹੋ?
17 ਹਮਦਰਦੀ ਦਿਖਾਉਣ ਨਾਲ ਸਾਡਾ ਭਲਾ ਹੁੰਦਾ ਹੈ। ਪਰ ਹਮਦਰਦੀ ਦਿਖਾਉਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਸੀਂ ਯਹੋਵਾਹ ਦੀ ਰੀਸ ਅਤੇ ਮਹਿਮਾ ਕਰਨੀ ਚਾਹੁੰਦੇ ਹਾਂ। ਉਹ ਹੀ ਪਿਆਰ ਅਤੇ ਹਮਦਰਦੀ ਦਾ ਸੋਮਾ ਹੈ। (ਕਹਾ. 14:31) ਉਹ ਸਾਡੇ ਲਈ ਸਭ ਤੋਂ ਉੱਤਮ ਮਿਸਾਲ ਹੈ। ਆਓ ਆਪਾਂ ਹਮਦਰਦੀ ਦਿਖਾ ਕੇ ਉਸ ਦੀ ਰੀਸ ਕਰਨ ਦੀ ਪੂਰੀ ਕੋਸ਼ਿਸ਼ ਕਰੀਏ। ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੇ ਭੈਣਾਂ-ਭਰਾਵਾਂ ਦੇ ਹੋਰ ਨੇੜੇ ਜਾਵਾਂਗੇ ਅਤੇ ਆਪਣੇ ਗੁਆਂਢੀਆਂ ਨਾਲ ਵੀ ਵਧੀਆ ਰਿਸ਼ਤਾ ਬਣਾਈ ਰੱਖ ਸਕਾਂਗੇ।—ਗਲਾ. 6:10; 1 ਯੂਹੰ. 4:16.