ਪਾਠ 44
ਕੀ ਪਰਮੇਸ਼ੁਰ ਸਾਰੇ ਦਿਨ-ਤਿਉਹਾਰਾਂ ਤੋਂ ਖ਼ੁਸ਼ ਹੁੰਦਾ ਹੈ?
ਯਹੋਵਾਹ ਚਾਹੁੰਦਾ ਹੈ ਕਿ ਅਸੀਂ ਖ਼ੁਸ਼ੀਆਂ ਮਨਾਈਏ ਅਤੇ ਜ਼ਿੰਦਗੀ ਦਾ ਮਜ਼ਾ ਲਈਏ। ਅਕਸਰ ਲੋਕ ਤਿਉਹਾਰਾਂ ʼਤੇ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਖ਼ੁਸ਼ੀਆਂ ਮਨਾਉਂਦੇ ਹਨ। ਪਰ ਕੀ ਯਹੋਵਾਹ ਸਾਰੇ ਦਿਨ-ਤਿਉਹਾਰਾਂ ਤੋਂ ਖ਼ੁਸ਼ ਹੁੰਦਾ ਹੈ? ਇਸ ਮਾਮਲੇ ਵਿਚ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ?
1. ਯਹੋਵਾਹ ਜ਼ਿਆਦਾਤਰ ਦਿਨ-ਤਿਉਹਾਰਾਂ ਤੋਂ ਖ਼ੁਸ਼ ਕਿਉਂ ਨਹੀਂ ਹੁੰਦਾ?
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜ਼ਿਆਦਾਤਰ ਦਿਨ-ਤਿਉਹਾਰ ਬਾਈਬਲ ਦੀਆਂ ਸਿੱਖਿਆਵਾਂ ਉੱਤੇ ਆਧਾਰਿਤ ਨਹੀਂ ਹਨ, ਸਗੋਂ ਕਈਆਂ ਦੀ ਸ਼ੁਰੂਆਤ ਝੂਠੇ ਧਰਮਾਂ ਤੋਂ ਹੋਈ ਹੈ। ਹੋ ਸਕਦਾ ਹੈ ਕਿ ਇਹ ਤਿਉਹਾਰ ਜਾਦੂ-ਟੂਣੇ ਨਾਲ ਜੁੜੇ ਹੋਣ ਜਾਂ ਅਮਰ ਆਤਮਾ ਦੀ ਝੂਠੀ ਸਿੱਖਿਆ ʼਤੇ ਆਧਾਰਿਤ ਹੋਣ। ਕੁਝ ਲੋਕ ਅੰਧਵਿਸ਼ਵਾਸਾਂ ਕਰਕੇ ਜਾਂ ਕਿਸਮਤ ʼਤੇ ਵਿਸ਼ਵਾਸ ਕਰਨ ਕਰਕੇ ਦਿਨ-ਤਿਉਹਾਰ ਮਨਾਉਂਦੇ ਹਨ। (ਯਸਾਯਾਹ 65:11) ਪਰ ਯਹੋਵਾਹ ਆਪਣੇ ਸੇਵਕਾਂ ਨੂੰ ਖ਼ਬਰਦਾਰ ਕਰਦਾ ਹੈ: “ਆਪਣੇ ਆਪ ਨੂੰ ਵੱਖ ਕਰੋ . . . ਕਿਸੇ ਵੀ ਅਸ਼ੁੱਧ ਚੀਜ਼ ਨੂੰ ਹੱਥ ਨਾ ਲਾਓ।”—2 ਕੁਰਿੰਥੀਆਂ 6:17.a
2. ਯਹੋਵਾਹ ਉਨ੍ਹਾਂ ਦਿਨ-ਤਿਉਹਾਰਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ ਜੋ ਇਨਸਾਨਾਂ ਨੂੰ ਆਦਰ ਦੇਣ ਲਈ ਮਨਾਏ ਜਾਂਦੇ ਹਨ?
ਕੁਝ ਦਿਨ ਰਾਜਿਆਂ, ਰਾਜਨੀਤਿਕ ਆਗੂਆਂ ਜਾਂ ਫ਼ੌਜੀਆਂ ਨੂੰ ਯਾਦ ਕਰਨ ਅਤੇ ਉਨ੍ਹਾਂ ਨੂੰ ਆਦਰ-ਮਾਣ ਦੇਣ ਲਈ ਮਨਾਏ ਜਾਂਦੇ ਹਨ। ਕੁਝ ਦੇਸ਼ਾਂ ਵਿਚ ਆਜ਼ਾਦੀ ਦਾ ਜਸ਼ਨ ਮਨਾਇਆ ਜਾਂਦਾ ਹੈ ਜਾਂ ਝੰਡੇ ਅਤੇ ਹੋਰ ਰਾਸ਼ਟਰੀ ਚਿੰਨ੍ਹਾਂ ਦੀ ਭਗਤੀ ਕੀਤੀ ਜਾਂਦੀ ਹੈ। (1 ਯੂਹੰਨਾ 5:21) ਕੁਝ ਹੋਰ ਦਿਨਾਂ ʼਤੇ ਰਾਜਨੀਤਿਕ ਜਾਂ ਸਮਾਜਕ ਅੰਦੋਲਨਾਂ ਨੂੰ ਯਾਦ ਕੀਤਾ ਜਾਂਦਾ ਹੈ। ਪਰ ਯਹੋਵਾਹ ਸਾਨੂੰ ਖ਼ਬਰਦਾਰ ਕਰਦਾ ਹੈ ਕਿ ਅਸੀਂ “ਇਨਸਾਨਾਂ ʼਤੇ ਭਰੋਸਾ” ਨਾ ਕਰੀਏ। (ਯਿਰਮਿਯਾਹ 17:5 ਪੜ੍ਹੋ।) ਜ਼ਰਾ ਸੋਚੋ: ਜੇ ਅਸੀਂ ਕਿਸੇ ਅਜਿਹੇ ਇਨਸਾਨ ਜਾਂ ਸੰਗਠਨ ਦਾ ਆਦਰ-ਮਾਣ ਕਰਾਂਗੇ ਜਿਸ ਦੀ ਸੋਚ ਯਹੋਵਾਹ ਦੀ ਮਰਜ਼ੀ ਦੇ ਖ਼ਿਲਾਫ਼ ਹੈ, ਤਾਂ ਉਸ ਨੂੰ ਕਿਵੇਂ ਲੱਗੇਗਾ?
3. ਜਸ਼ਨਾਂ ਅਤੇ ਤਿਉਹਾਰਾਂ ਵਿਚ ਲੋਕ ਕਿਹੜੇ ਕੰਮ ਕਰਦੇ ਹਨ ਜੋ ਯਹੋਵਾਹ ਨੂੰ ਬਿਲਕੁਲ ਪਸੰਦ ਨਹੀਂ?
ਬਾਈਬਲ ਵਿਚ ‘ਹੱਦੋਂ ਵੱਧ ਸ਼ਰਾਬਾਂ ਪੀਣ, ਪਾਰਟੀਆਂ ਵਿਚ ਰੰਗਰਲੀਆਂ ਮਨਾਉਣ ਅਤੇ ਸ਼ਰਾਬ ਦੀਆਂ ਮਹਿਫ਼ਲਾਂ ਲਾਉਣ’ ਨੂੰ ਗ਼ਲਤ ਦੱਸਿਆ ਗਿਆ ਹੈ। (1 ਪਤਰਸ 4:3) ਕੁਝ ਜਸ਼ਨਾਂ ਅਤੇ ਤਿਉਹਾਰਾਂ ʼਤੇ ਬਿਨਾਂ ਰੋਕ-ਟੋਕ ਦੇ ਮੌਜ-ਮਸਤੀ ਅਤੇ ਅਸ਼ਲੀਲ ਕੰਮ ਕੀਤੇ ਜਾਂਦੇ ਹਨ। ਜੇ ਅਸੀਂ ਯਹੋਵਾਹ ਦੇ ਦੋਸਤ ਬਣੇ ਰਹਿਣਾ ਚਾਹੁੰਦੇ ਹਾਂ, ਤਾਂ ਅਸੀਂ ਇੱਦਾਂ ਦੇ ਬੁਰੇ ਕੰਮਾਂ ਤੋਂ ਦੂਰ ਰਹਾਂਗੇ।
ਹੋਰ ਸਿੱਖੋ
ਆਓ ਜਾਣੀਏ ਕਿ ਅਸੀਂ ਦਿਨ-ਤਿਉਹਾਰਾਂ ਬਾਰੇ ਸਮਝਦਾਰੀ ਨਾਲ ਫ਼ੈਸਲਾ ਕਰ ਕੇ ਯਹੋਵਾਹ ਨੂੰ ਕਿਵੇਂ ਖ਼ੁਸ਼ ਕਰ ਸਕਦੇ ਹਾਂ।
4. ਉਨ੍ਹਾਂ ਦਿਨ-ਤਿਉਹਾਰਾਂ ਤੋਂ ਦੂਰ ਰਹੋ ਜਿਨ੍ਹਾਂ ਨਾਲ ਯਹੋਵਾਹ ਦਾ ਨਿਰਾਦਰ ਹੁੰਦਾ ਹੈ
ਅਫ਼ਸੀਆਂ 5:10 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਅਸੀਂ ਕੋਈ ਦਿਨ-ਤਿਉਹਾਰ ਮਨਾਵਾਂਗੇ ਜਾਂ ਨਹੀਂ, ਇਹ ਫ਼ੈਸਲਾ ਕਰਨ ਲਈ ਸਾਨੂੰ ਕੀ ਪੱਕਾ ਕਰਨਾ ਚਾਹੀਦਾ ਹੈ?
ਤੁਹਾਡੇ ਇਲਾਕੇ ਵਿਚ ਕਿਹੜੇ ਤਿਉਹਾਰ ਮਨਾਏ ਜਾਂਦੇ ਹਨ?
ਕੀ ਤੁਹਾਨੂੰ ਲੱਗਦਾ ਕਿ ਯਹੋਵਾਹ ਉਨ੍ਹਾਂ ਤਿਉਹਾਰਾਂ ਤੋਂ ਖ਼ੁਸ਼ ਹੁੰਦਾ ਹੈ?
ਮਿਸਾਲ ਲਈ, ਕੀ ਤੁਸੀਂ ਕਦੇ ਸੋਚਿਆ ਕਿ ਜਨਮ-ਦਿਨ ਮਨਾਉਣ ਬਾਰੇ ਯਹੋਵਾਹ ਕਿੱਦਾਂ ਮਹਿਸੂਸ ਕਰਦਾ ਹੈ? ਬਾਈਬਲ ਵਿਚ ਕਿਤੇ ਨਹੀਂ ਲਿਖਿਆ ਕਿ ਯਹੋਵਾਹ ਦੇ ਕਿਸੇ ਸੇਵਕ ਨੇ ਆਪਣਾ ਜਨਮ-ਦਿਨ ਮਨਾਇਆ ਹੋਵੇ। ਇਸ ਵਿਚ ਸਿਰਫ਼ ਦੋ ਜਣਿਆਂ ਦੇ ਜਨਮ-ਦਿਨ ਬਾਰੇ ਦੱਸਿਆ ਹੈ ਜੋ ਉਸ ਦੇ ਸੇਵਕ ਨਹੀਂ ਸਨ। ਉਤਪਤ 40:20-22 ਅਤੇ ਮੱਤੀ 14:6-10 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਉਨ੍ਹਾਂ ਦੋਵਾਂ ਦੇ ਜਨਮ-ਦਿਨ ʼਤੇ ਕੀ ਹੋਇਆ ਸੀ?
ਇਨ੍ਹਾਂ ਦੋਵੇਂ ਘਟਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਤੁਹਾਨੂੰ ਜਨਮ-ਦਿਨ ਸੰਬੰਧੀ ਯਹੋਵਾਹ ਦੀ ਸੋਚ ਬਾਰੇ ਕੀ ਪਤਾ ਲੱਗਦਾ ਹੈ?
ਫਿਰ ਵੀ ਸ਼ਾਇਦ ਤੁਸੀਂ ਸੋਚੋ, ‘ਕੀ ਯਹੋਵਾਹ ਨੂੰ ਕੋਈ ਫ਼ਰਕ ਪੈਂਦਾ ਹੈ ਕਿ ਮੈਂ ਜਨਮ-ਦਿਨ ਜਾਂ ਕੋਈ ਹੋਰ ਦਿਨ-ਤਿਉਹਾਰ ਮਨਾਉਂਦਾ ਹਾਂ ਜਾਂ ਨਹੀਂ?’ ਕੂਚ 32:1-8 ਪੜ੍ਹੋ। ਫਿਰ ਵੀਡੀਓ ਦੇਖੋ ਅਤੇ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।
ਸਾਨੂੰ ਕਿਉਂ ਪੱਕਾ ਕਰਦੇ ਰਹਿਣਾ ਚਾਹੀਦਾ ਹੈ ਕਿ ਯਹੋਵਾਹ ਨੂੰ ਕੀ ਮਨਜ਼ੂਰ ਹੈ?
ਅਸੀਂ ਇਹ ਕਿੱਦਾਂ ਕਰ ਸਕਦੇ ਹਾਂ?
ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਯਹੋਵਾਹ ਕਿਸ ਤਰ੍ਹਾਂ ਦੇ ਦਿਨ-ਤਿਉਹਾਰਾਂ ਤੋਂ ਖ਼ੁਸ਼ ਨਹੀਂ ਹੁੰਦਾ?
ਕੀ ਇਹ ਦਿਨ-ਤਿਉਹਾਰ ਬਾਈਬਲ ਦੀਆਂ ਸਿੱਖਿਆਵਾਂ ਦੇ ਖ਼ਿਲਾਫ਼ ਹਨ? ਖੋਜਬੀਨ ਕਰੋ ਕਿ ਇਨ੍ਹਾਂ ਦੀ ਸ਼ੁਰੂਆਤ ਕਿੱਦਾਂ ਹੋਈ।
ਕੀ ਇਨ੍ਹਾਂ ਦਿਨ-ਤਿਉਹਾਰਾਂ ʼਤੇ ਇਨਸਾਨਾਂ, ਸੰਗਠਨਾਂ ਜਾਂ ਰਾਸ਼ਟਰੀ ਚਿੰਨ੍ਹਾਂ ਦਾ ਆਦਰ-ਮਾਣ ਕੀਤਾ ਜਾਂਦਾ ਹੈ? ਅਸੀਂ ਸਭ ਤੋਂ ਜ਼ਿਆਦਾ ਯਹੋਵਾਹ ਦਾ ਆਦਰ ਕਰਦੇ ਹਾਂ ਅਤੇ ਮੰਨਦੇ ਹਾਂ ਕਿ ਉਹੀ ਦੁਨੀਆਂ ਦੀਆਂ ਸਮੱਸਿਆਵਾਂ ਨੂੰ ਖ਼ਤਮ ਕਰੇਗਾ।
ਕੀ ਇਨ੍ਹਾਂ ਤਿਉਹਾਰਾਂ ਨਾਲ ਜੁੜੇ ਰੀਤੀ-ਰਿਵਾਜ ਅਤੇ ਕੰਮ ਬਾਈਬਲ ਦੇ ਅਸੂਲਾਂ ਦੇ ਖ਼ਿਲਾਫ਼ ਹਨ? ਸਾਨੂੰ ਆਪਣਾ ਚਾਲ-ਚਲਣ ਸ਼ੁੱਧ ਰੱਖਣ ਦੀ ਲੋੜ ਹੈ।
5. ਆਪਣੇ ਵਿਸ਼ਵਾਸਾਂ ਬਾਰੇ ਦੂਸਰਿਆਂ ਨੂੰ ਸਮਝਾਓ
ਜਦੋਂ ਦੂਸਰੇ ਤੁਹਾਡੇ ʼਤੇ ਅਜਿਹੇ ਤਿਉਹਾਰ ਮਨਾਉਣ ਦਾ ਜ਼ੋਰ ਪਾਉਂਦੇ ਹਨ ਜਿਨ੍ਹਾਂ ਤੋਂ ਯਹੋਵਾਹ ਖ਼ੁਸ਼ ਨਹੀਂ ਹੁੰਦਾ, ਤਾਂ ਉਨ੍ਹਾਂ ਨੂੰ ਮਨ੍ਹਾ ਕਰਨਾ ਔਖਾ ਹੋ ਸਕਦਾ ਹੈ। ਪਰ ਉਨ੍ਹਾਂ ਨਾਲ ਬਹਿਸ ਨਾ ਕਰੋ, ਸਗੋਂ ਉਨ੍ਹਾਂ ਨੂੰ ਪਿਆਰ ਤੇ ਧੀਰਜ ਨਾਲ ਸਮਝਾਓ। ਤੁਸੀਂ ਇਹ ਕਿੱਦਾਂ ਕਰ ਸਕਦੇ ਹੋ? ਇਹ ਜਾਣਨ ਲਈ ਵੀਡੀਓ ਦੇਖੋ।
ਮੱਤੀ 7:12 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਇਸ ਆਇਤ ਮੁਤਾਬਕ ਕੀ ਆਪਣੇ ਘਰ ਦੇ ਅਵਿਸ਼ਵਾਸੀ ਮੈਂਬਰਾਂ ਨੂੰ ਇਹ ਕਹਿਣਾ ਸਹੀ ਹੋਵੇਗਾ ਕਿ ਉਨ੍ਹਾਂ ਨੂੰ ਫਲਾਨਾ ਦਿਨ-ਤਿਉਹਾਰ ਨਹੀਂ ਮਨਾਉਣਾ ਚਾਹੀਦਾ?
ਭਾਵੇਂ ਤੁਸੀਂ ਘਰਦਿਆਂ ਨਾਲ ਤਿਉਹਾਰ ਨਹੀਂ ਮਨਾਓਗੇ, ਫਿਰ ਵੀ ਤੁਸੀਂ ਉਨ੍ਹਾਂ ਨੂੰ ਕਿੱਦਾਂ ਯਕੀਨ ਦਿਵਾ ਸਕਦੇ ਹੋ ਕਿ ਤੁਸੀਂ ਉਨ੍ਹਾਂ ਨੂੰ ਪਿਆਰ ਕਰਦੇ ਹੋ?
6. ਯਹੋਵਾਹ ਚਾਹੁੰਦਾ ਹੈ ਕਿ ਸਾਨੂੰ ਖ਼ੁਸ਼ੀ ਮਿਲੇ
ਯਹੋਵਾਹ ਚਾਹੁੰਦਾ ਹੈ ਕਿ ਅਸੀਂ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਮਿਲ ਕੇ ਖ਼ੁਸ਼ੀਆਂ ਮਨਾਈਏ। ਉਪਦੇਸ਼ਕ ਦੀ ਕਿਤਾਬ 8:15 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਇਸ ਆਇਤ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਨੂੰ ਖ਼ੁਸ਼ ਦੇਖਣਾ ਚਾਹੁੰਦਾ ਹੈ?
ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਲੋਕ ਇਕੱਠੇ ਮਿਲ ਕੇ ਸਮਾਂ ਬਿਤਾਉਣ ਅਤੇ ਜ਼ਿੰਦਗੀ ਦਾ ਮਜ਼ਾ ਲੈਣ। ਇਹ ਗੱਲ ਸਾਡੇ ਅੰਤਰਰਾਸ਼ਟਰੀ ਸੰਮੇਲਨਾਂ ਵਿਚ ਸਾਫ਼ ਨਜ਼ਰ ਆਉਂਦੀ ਹੈ। ਵੀਡੀਓ ਦੇਖੋ।
ਗਲਾਤੀਆਂ 6:10 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਕੀ ਦੂਸਰਿਆਂ ਦਾ ‘ਭਲਾ ਕਰਨ’ ਲਈ ਸਾਨੂੰ ਉਨ੍ਹਾਂ ਦੇ ਦਿਨ-ਤਿਉਹਾਰ ਮਨਾਉਣ ਦੀ ਲੋੜ ਹੈ?
ਤੁਹਾਨੂੰ ਦੇਣ ਵਿਚ ਕਦੋਂ ਖ਼ੁਸ਼ੀ ਹੁੰਦੀ ਹੈ—ਜਦੋਂ ਤੁਸੀਂ ਦਿਲੋਂ ਕੁਝ ਦਿੰਦੇ ਹੋ ਜਾਂ ਜਦੋਂ ਤੁਹਾਨੂੰ ਤਿਉਹਾਰਾਂ ʼਤੇ ਕੁਝ ਦੇਣਾ ਪੈਂਦਾ ਹੈ?
ਮਸੀਹੀ ਮਾਪੇ ਕਿਸੇ ਮੌਕੇ ਦਾ ਇੰਤਜ਼ਾਰ ਨਹੀਂ ਕਰਦੇ। ਜਦੋਂ ਵੀ ਉਨ੍ਹਾਂ ਦਾ ਦਿਲ ਕਰਦਾ ਹੈ, ਤਾਂ ਉਹ ਆਪਣੇ ਬੱਚਿਆਂ ਲਈ ਕੁਝ ਖ਼ਾਸ ਕਰਦੇ ਹਨ ਜਾਂ ਕਦੇ-ਕਦੇ ਉਹ ਬਿਨਾਂ ਦੱਸੇ ਉਨ੍ਹਾਂ ਨੂੰ ਤੋਹਫ਼ੇ ਦਿੰਦੇ ਹਨ। ਜੇ ਤੁਹਾਡੇ ਬੱਚੇ ਹਨ, ਤਾਂ ਤੁਸੀਂ ਉਨ੍ਹਾਂ ਨੂੰ ਖ਼ੁਸ਼ ਕਰਨ ਲਈ ਕੀ ਕਰ ਸਕਦੇ ਹੋ?
ਕੁਝ ਲੋਕਾਂ ਦਾ ਕਹਿਣਾ ਹੈ: “ਅਸੀਂ ਤਾਂ ਬੱਸ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਸਮਾਂ ਬਿਤਾਉਣਾ ਚਾਹੁੰਦੇ ਹਾਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤਿਉਹਾਰ ਕਿੱਦਾਂ ਸ਼ੁਰੂ ਹੋਇਆ।”
ਤੁਸੀਂ ਕੀ ਜਵਾਬ ਦਿਓਗੇ?
ਹੁਣ ਤਕ ਅਸੀਂ ਸਿੱਖਿਆ
ਯਹੋਵਾਹ ਚਾਹੁੰਦਾ ਹੈ ਕਿ ਅਸੀਂ ਪਰਿਵਾਰ ਤੇ ਦੋਸਤਾਂ ਨਾਲ ਮਿਲ ਕੇ ਖ਼ੁਸ਼ੀਆਂ ਮਨਾਈਏ। ਪਰ ਉਹ ਇਹ ਵੀ ਚਾਹੁੰਦਾ ਹੈ ਕਿ ਅਸੀਂ ਅਜਿਹੇ ਦਿਨ-ਤਿਉਹਾਰ ਨਾ ਮਨਾਈਏ ਜਿਨ੍ਹਾਂ ਤੋਂ ਉਹ ਖ਼ੁਸ਼ ਨਹੀਂ ਹੈ।
ਤੁਸੀਂ ਕੀ ਕਹੋਗੇ?
ਕੋਈ ਤਿਉਹਾਰ ਯਹੋਵਾਹ ਨੂੰ ਮਨਜ਼ੂਰ ਹੈ ਜਾਂ ਨਹੀਂ, ਇਹ ਜਾਣਨ ਲਈ ਅਸੀਂ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛ ਸਕਦੇ ਹਾਂ?
ਅਸੀਂ ਆਪਣੇ ਘਰਦਿਆਂ ਅਤੇ ਦੋਸਤਾਂ ਨੂੰ ਕਿਵੇਂ ਸਮਝਾ ਸਕਦੇ ਹਾਂ ਕਿ ਅਸੀਂ ਕੋਈ ਦਿਨ-ਤਿਉਹਾਰ ਕਿਉਂ ਨਹੀਂ ਮਨਾਉਂਦੇ?
ਅਸੀਂ ਕਿੱਦਾਂ ਜਾਣਦੇ ਹਾਂ ਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਖ਼ੁਸ਼ੀ ਪਾਈਏ ਅਤੇ ਜ਼ਿੰਦਗੀ ਦਾ ਮਜ਼ਾ ਲਈਏ?
ਇਹ ਵੀ ਦੇਖੋ
ਮਸੀਹੀ ਕਿਹੜੇ ਕੁਝ ਖ਼ਾਸ ਦਿਨ-ਤਿਉਹਾਰ ਨਹੀਂ ਮਨਾਉਂਦੇ? ਆਓ ਦੇਖੀਏ।
“ਯਹੋਵਾਹ ਦੇ ਗਵਾਹ ਕੁਝ ਤਿਉਹਾਰ ਕਿਉਂ ਨਹੀਂ ਮਨਾਉਂਦੇ?” (jw.org ʼਤੇ ਲੇਖ)
ਅਸੀਂ ਕਿਉਂ ਮੰਨਦੇ ਹਾਂ ਕਿ ਜਨਮ-ਦਿਨ ਮਨਾਉਣਾ ਪਰਮੇਸ਼ੁਰ ਨੂੰ ਮਨਜ਼ੂਰ ਨਹੀਂ? ਆਓ ਇਸ ਦੇ ਚਾਰ ਕਾਰਨ ਦੇਖੀਏ।
“ਯਹੋਵਾਹ ਦੇ ਗਵਾਹ ਜਨਮ-ਦਿਨ ਕਿਉਂ ਨਹੀਂ ਮਨਾਉਂਦੇ?” (jw.org ʼਤੇ ਲੇਖ)
ਦੇਖੋ ਕਿ ਯਹੋਵਾਹ ਨੂੰ ਪਿਆਰ ਕਰਨ ਵਾਲੇ ਬੱਚੇ ਦਿਨ-ਤਿਉਹਾਰਾਂ ਸਮੇਂ ਕਿਵੇਂ ਯਹੋਵਾਹ ਨੂੰ ਖ਼ੁਸ਼ ਕਰ ਸਕਦੇ ਹਨ।
ਲੱਖਾਂ ਹੀ ਮਸੀਹੀਆਂ ਨੇ ਕ੍ਰਿਸਮਸ ਨਾ ਮਨਾਉਣ ਦਾ ਫ਼ੈਸਲਾ ਕੀਤਾ ਹੈ। ਆਪਣੇ ਇਸ ਫ਼ੈਸਲੇ ਬਾਰੇ ਉਹ ਕੀ ਕਹਿੰਦੇ ਹਨ? ਆਓ ਜਾਣੀਏ।
a ਹੋਰ ਜਾਣਕਾਰੀ 5 ਪੜ੍ਹੋ ਜਿਸ ਵਿਚ ਦੱਸਿਆ ਹੈ ਕਿ ਜਦੋਂ ਦੂਸਰੇ ਲੋਕ ਦਿਨ-ਤਿਉਹਾਰ ਮਨਾਉਂਦੇ ਹਨ, ਤਾਂ ਤੁਸੀਂ ਕੀ ਕਰ ਸਕਦੇ ਹੋ।