ਸੱਚੇ ਪਰਮੇਸ਼ੁਰ ਤੋਂ ਹੁਣ ਕਿਉਂ ਡਰੀਏ?
“ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ।”—ਉਪਦੇਸ਼ਕ ਦੀ ਪੋਥੀ 12:13.
1, 2. ਪਰਮੇਸ਼ੁਰ ਦਾ ਉਚਿਤ ਡਰ ਵਾਜਬ ਕਿਉਂ ਹੈ?
ਪਰਮੇਸ਼ੁਰ ਦਾ ਸੁਅਸਥਕਾਰੀ ਅਤੇ ਸ਼ਰਧਾਮਈ ਡਰ ਮਨੁੱਖ ਦੇ ਲਈ ਚੰਗਾ ਹੈ। ਜੀ ਹਾਂ, ਭਾਵੇਂ ਕਿ ਅਨੇਕ ਮਾਨਵੀ ਡਰ ਭਾਵਾਤਮਕ ਤੌਰ ਤੇ ਪਰੇਸ਼ਾਨ ਕਰਦੇ ਹਨ, ਇਥੋਂ ਤਕ ਕਿ ਸਾਡੀ ਕਲਿਆਣ ਲਈ ਹਾਨੀਕਾਰਕ ਹੁੰਦੇ ਹਨ, ਯਹੋਵਾਹ ਪਰਮੇਸ਼ੁਰ ਤੋਂ ਡਰਨਾ ਸਾਡੇ ਲਈ ਚੰਗਾ ਹੈ।—ਜ਼ਬੂਰ 112:1; ਉਪਦੇਸ਼ਕ ਦੀ ਪੋਥੀ 8:12.
2 ਸ੍ਰਿਸ਼ਟੀਕਰਤਾ ਇਹ ਜਾਣਦਾ ਹੈ। ਆਪਣੀ ਸ੍ਰਿਸ਼ਟੀ ਦੇ ਲਈ ਪ੍ਰੇਮ ਰੱਖਣ ਦੇ ਕਾਰਨ, ਉਹ ਸਾਰਿਆਂ ਨੂੰ ਹੁਕਮ ਦਿੰਦਾ ਹੈ ਕਿ ਉਹ ਉਸ ਤੋਂ ਡਰਨ ਅਤੇ ਉਸ ਦੀ ਉਪਾਸਨਾ ਕਰਨ। ਅਸੀਂ ਪੜ੍ਹਦੇ ਹਾਂ: “ਮੈਂ ਇੱਕ ਹੋਰ ਦੂਤ ਨੂੰ ਸਦੀਪਕਾਲ ਦੀ ਇੰਜੀਲ ਨਾਲ ਅਕਾਸ਼ ਵਿੱਚ ਉੱਡਦਿਆਂ ਡਿੱਠਾ ਭਈ ਧਰਤੀ ਦੇ ਵਾਸੀਆਂ ਨੂੰ ਅਤੇ ਹਰੇਕ ਕੌਮ ਅਤੇ ਗੋਤ ਅਤੇ ਭਾਖਿਆ ਅਤੇ ਉੱਮਤ ਨੂੰ ਖੁਸ਼ ਖਬਰੀ ਸੁਣਾਵੇ। ਅਤੇ ਓਸ ਨੇ ਵੱਡੀ ਅਵਾਜ਼ ਨਾਲ ਆਖਿਆ ਭਈ ਪਰਮੇਸ਼ੁਰ ਤੋਂ ਡਰੋ ਅਤੇ ਉਹ ਦੀ ਵਡਿਆਈ ਕਰੋ ਇਸ ਲਈ ਜੋ ਉਹ ਦੇ ਨਿਆਉਂ ਦਾ ਸਮਾ ਆ ਪੁੱਜਾ ਹੈ ਅਤੇ ਜਿਹ ਨੇ ਅਕਾਸ਼ ਅਤੇ ਧਰਤੀ . . . ਨੂੰ ਬਣਾਇਆ ਤੁਸੀਂ ਉਹ ਨੂੰ ਮੱਥਾ ਟੇਕੋ!”—ਪਰਕਾਸ਼ ਦੀ ਪੋਥੀ 14:6, 7.
3. ਸ੍ਰਿਸ਼ਟੀਕਰਤਾ ਨੇ ਸਾਡੇ ਪਹਿਲੇ ਮਾਪਿਆਂ ਲਈ ਕੀ ਕੁਝ ਕੀਤਾ?
3 ਸਾਨੂੰ ਯਕੀਨਨ ਸਾਰੀਆਂ ਚੀਜ਼ਾਂ ਦੇ ਸ੍ਰਿਸ਼ਟੀਕਰਤਾ, ਅਰਥਾਤ ਜੀਵਨ ਦੇ ਸ੍ਰੋਤ, ਨੂੰ ਅਣਡਿੱਠ ਨਹੀਂ ਕਰਨਾ ਚਾਹੀਦਾ ਹੈ, ਕਿਉਂਕਿ ਉਹ ਸਾਡਾ ਅਤੇ ਇਸ ਗ੍ਰਹਿ ਦਾ ਮਾਲਕ ਹੈ। (ਜ਼ਬੂਰ 24:1) ਆਪਣੇ ਮਹਾਨ ਪ੍ਰੇਮ ਨੂੰ ਪ੍ਰਗਟ ਕਰਦੇ ਹੋਏ, ਯਹੋਵਾਹ ਨੇ ਆਪਣੇ ਪਾਰਥਿਵ ਬੱਚਿਆਂ ਨੂੰ ਜੀਵਨ ਦਿੱਤਾ ਅਤੇ ਉਨ੍ਹਾਂ ਦੇ ਰਹਿਣ ਦੇ ਲਈ ਇਕ ਅਦਭੁਤ ਜਗ੍ਹਾ—ਇਕ ਸੁੰਦਰ ਪਰਾਦੀਸ ਪ੍ਰਦਾਨ ਕੀਤਾ। ਫਿਰ ਵੀ, ਇਹ ਸ਼ਾਨਦਾਰ ਤੋਹਫਾ ਸ਼ਰਤ-ਰਹਿਤ ਨਹੀਂ ਸੀ। ਅਸਲ ਵਿਚ, ਇਸ ਨੂੰ ਭਰੋਸੇ ਦੇ ਆਧਾਰ ਤੇ ਦਿੱਤਾ ਗਿਆ ਸੀ। ਸਾਡੇ ਪਹਿਲੇ ਮਾਪਿਆਂ ਨੇ ਆਪਣੇ ਘਰ ਦੀ ਦੇਖ-ਰੇਖ ਕਰਨੀ ਸੀ ਅਤੇ ਇਸ ਨੂੰ ਤਦ ਤਕ ਫੈਲਾਉਣਾ ਸੀ ਜਦ ਤਕ ਕਿ ਉਹ ਪੂਰੀ ਧਰਤੀ ਨੂੰ ਆਬਾਦ ਕਰ ਕੇ ਆਪਣੇ ਵਸ ਵਿਚ ਨਾ ਕਰ ਲੈਂਦੇ। ਜ਼ਮੀਨ ਦੇ ਜਾਨਵਰਾਂ, ਪੰਛੀਆਂ, ਅਤੇ ਮੱਛੀਆਂ—ਅਰਥਾਤ ਦੂਜੇ ਸਾਰੇ ਜੀਵਿਤ ਪ੍ਰਾਣੀ, ਜੋ ਉਨ੍ਹਾਂ ਦੇ ਨਾਲ ਅਤੇ ਉਨ੍ਹਾਂ ਦੀ ਸੰਤਾਨ ਦੇ ਨਾਲ ਧਰਤੀ ਉੱਤੇ ਰਹਿੰਦੇ, ਦੇ ਸੰਬੰਧ ਵਿਚ ਉਨ੍ਹਾਂ ਦੇ ਕੋਲ ਵਿਸ਼ੇਸ਼-ਸਨਮਾਨ ਅਤੇ ਜ਼ਿੰਮੇਵਾਰੀਆਂ ਸਨ। ਇਸ ਵੱਡੀ ਅਮਾਨਤ ਦੇ ਲਈ, ਮਨੁੱਖ ਜਵਾਬਦੇਹ ਹੋਣਗੇ।
4. ਮਨੁੱਖ ਨੇ ਪਰਮੇਸ਼ੁਰ ਦੀ ਸ੍ਰਿਸ਼ਟੀ ਨੂੰ ਕੀ ਕੀਤਾ ਹੈ?
4 ਉਸ ਸ਼ਾਨਦਾਰ ਸ਼ੁਰੂਆਤ ਦੇ ਬਾਵਜੂਦ, ਵੇਖੋ ਮਨੁੱਖ ਨੇ ਆਪਣੇ ਸੁੰਦਰ ਪਾਰਥਿਵ ਘਰ ਨੂੰ ਦੂਸ਼ਿਤ ਕਰਨ ਲਈ ਕੀ ਕੁਝ ਕੀਤਾ ਹੈ! ਇਸ ਗੱਲ ਲਈ ਗੁਸਤਾਖ ਅਨਾਦਰ ਦਿਖਾਉਂਦੇ ਹੋਏ ਕਿ ਪਰਮੇਸ਼ੁਰ ਇਸ ਰਤਨ ਦਾ ਮਾਲਕ ਹੈ, ਮਨੁੱਖਾਂ ਨੇ ਧਰਤੀ ਨੂੰ ਗੰਦਗੀ ਨਾਲ ਭਰ ਦਿੱਤਾ ਹੈ। ਪ੍ਰਦੂਸ਼ਣ ਇਸ ਹੱਦ ਤਕ ਵੱਧ ਗਿਆ ਹੈ ਕਿ ਵਧਦੀ ਗਿਣਤੀ ਵਿਚ ਜਾਨਵਰਾਂ, ਪੰਛੀਆਂ, ਅਤੇ ਮੱਛੀਆਂ ਦੀਆਂ ਜਾਤੀਆਂ ਦੀ ਹੋਂਦ ਖ਼ਤਰੇ ਵਿਚ ਹੈ। ਸਾਡਾ ਨਿਆਂਪੂਰਣ ਅਤੇ ਪ੍ਰੇਮਮਈ ਪਰਮੇਸ਼ੁਰ ਇਸ ਨੂੰ ਸਦਾ ਦੇ ਲਈ ਸਹਿਣ ਨਹੀਂ ਕਰੇਗਾ। ਧਰਤੀ ਦਾ ਉਜਾੜਾ ਨਿਆਉਂ ਮੰਗਦਾ ਹੈ, ਜਿਸ ਦੀ ਵਜ੍ਹਾ ਅਨੇਕਾਂ ਕੋਲ ਡਰਨ ਦਾ ਕਾਰਨ ਹੈ। ਦੂਜੇ ਪਾਸੇ, ਪਰਮੇਸ਼ੁਰ ਉੱਤੇ ਆਦਰ-ਸਹਿਤ ਭਰੋਸਾ ਰੱਖਣ ਵਾਲਿਆਂ ਲਈ ਇਹ ਜਾਣਨਾ ਕਿ ਕੀ ਵਾਪਰੇਗਾ, ਦਿਲਾਸਾ ਦਾ ਕਾਰਨ ਬਣਦਾ ਹੈ। ਯਹੋਵਾਹ ਜਵਾਬਤਲਬੀ ਕਰੇਗਾ, ਅਤੇ ਧਰਤੀ ਮੁੜ ਬਹਾਲ ਕੀਤੀ ਜਾਵੇਗੀ। ਇਹ ਸੱਚ-ਮੁੱਚ ਹੀ ਧਰਤੀ ਉੱਤੇ ਸਾਰੇ ਨੇਕਦਿਲ ਵਿਅਕਤੀਆਂ ਲਈ ਖ਼ੁਸ਼ ਖ਼ਬਰੀ ਹੈ।
5, 6. ਯਹੋਵਾਹ ਉਸ ਦੇ ਪ੍ਰਤੀ ਕਿਵੇਂ ਪ੍ਰਤਿਕ੍ਰਿਆ ਦਿਖਾਏਗਾ ਜੋ ਮਨੁੱਖ ਨੇ ਸ੍ਰਿਸ਼ਟੀ ਨੂੰ ਕੀਤਾ ਹੈ?
5 ਪਰਮੇਸ਼ੁਰ ਆਪਣੇ ਨਿਆਉਂ ਨੂੰ ਕਿਸ ਜ਼ਰੀਏ ਦੁਆਰਾ ਪੂਰਾ ਕਰੇਗਾ? ਯਿਸੂ ਮਸੀਹ ਦੇ ਦੁਆਰਾ, ਜੋ ਹੁਣ ਪਰਮੇਸ਼ੁਰ ਦੇ ਸਵਰਗੀ ਰਾਜ ਦੇ ਰਾਜਾ ਦੇ ਤੌਰ ਤੇ ਸਿੰਘਾਸਣ ਉੱਤੇ ਬੈਠਾ ਹੋਇਆ ਹੈ। ਉਸ ਸਵਰਗੀ ਪੁੱਤਰ ਦੇ ਰਾਹੀਂ, ਯਹੋਵਾਹ ਇਸ ਵਰਤਮਾਨ ਦੂਸ਼ਿਤ, ਬਾਗ਼ੀ ਵਿਵਸਥਾ ਨੂੰ ਸਮਾਪਤ ਕਰੇਗਾ। (2 ਥੱਸਲੁਨੀਕੀਆਂ 1:6-9; ਪਰਕਾਸ਼ ਦੀ ਪੋਥੀ 19:11) ਇਸ ਤਰੀਕੇ ਨਾਲ ਉਹ ਉਸ ਤੋਂ ਡਰਨ ਵਾਲਿਆਂ ਨੂੰ ਰਾਹਤ ਪਹੁੰਚਾਵੇਗਾ ਅਤੇ, ਨਾਲ ਹੀ, ਸਾਡੇ ਪਾਰਥਿਵ ਘਰ ਨੂੰ ਬਚਾਵੇਗਾ ਅਤੇ ਸੁਰੱਖਿਅਤ ਰੱਖੇਗਾ।
6 ਇਹ ਕਿਵੇਂ ਹੋਵੇਗਾ? ਬਾਈਬਲ ਇਕ ਆਉਣ ਵਾਲੀ ਵੱਡੀ ਬਿਪਤਾ ਦੇ ਬਾਰੇ ਦੱਸਦੀ ਹੈ ਜਿਸ ਦਾ ਸਿਖਰ ਆਰਮਾਗੇਡਨ ਦਾ ਯੁੱਧ ਹੋਵੇਗਾ। (ਪਰਕਾਸ਼ ਦੀ ਪੋਥੀ 7:14; 16:16) ਇਹ ਇਸ ਦੂਸ਼ਿਤ ਰੀਤੀ-ਵਿਵਸਥਾ ਅਤੇ ਇਸ ਨੂੰ ਦੂਸ਼ਿਤ ਕਰਨ ਵਾਲਿਆਂ ਦੇ ਵਿਰੁੱਧ ਪਰਮੇਸ਼ੁਰ ਦਾ ਨਿਆਉਂ ਹੋਵੇਗਾ। ਕੀ ਕੋਈ ਮਾਨਵ ਜੀਵਿਤ ਬਚਣਗੇ? ਜੀ ਹਾਂ! ਇਹ ਉਹ ਹੋਣਗੇ ਜੋ, ਪਰਮੇਸ਼ੁਰ ਦਾ ਹਾਨੀਕਾਰਕ, ਅਸਵਸਥ ਡਰ ਰੱਖਣ ਦੀ ਬਜਾਇ, ਉਸ ਦਾ ਆਦਰਪੂਰਣ, ਸ਼ਰਧਾਮਈ ਡਰ ਰੱਖਦੇ ਹਨ। ਉਹ ਉੱਧਾਰ ਪਾਉਣਗੇ।—ਕਹਾਉਤਾਂ 2:21, 22.
ਸ਼ਕਤੀ ਦਾ ਇਕ ਹੈਰਾਨਕੁਨ ਪ੍ਰਦਰਸ਼ਨ
7. ਮੂਸਾ ਦੇ ਦਿਨਾਂ ਵਿਚ ਪਰਮੇਸ਼ੁਰ ਨੇ ਕਿਉਂ ਇਸਰਾਏਲ ਦੇ ਨਿਮਿੱਤ ਦਖਲ ਦਿੱਤਾ?
7 ਯਹੋਵਾਹ ਪਰਮੇਸ਼ੁਰ ਦੇ ਇਸ ਨਾਟਕੀ ਕਾਰਵਾਈ ਦਾ ਪੂਰਵ-ਪਰਛਾਵਾਂ ਇਕ ਸ਼ਕਤੀਸ਼ਾਲੀ ਕਾਰਜ ਦੁਆਰਾ ਦਿੱਤਾ ਗਿਆ ਸੀ ਜੋ ਉਸ ਨੇ ਸਾਡੇ ਸਾਧਾਰਣ ਯੁਗ ਤੋਂ ਕੁਝ 1,500 ਸਾਲ ਪਹਿਲਾਂ ਆਪਣੇ ਉਪਾਸਕਾਂ ਦੇ ਨਿਮਿੱਤ ਕੀਤਾ ਸੀ। ਮਿਸਰ ਦੀ ਵੱਡੀ ਫ਼ੌਜੀ ਸ਼ਕਤੀ ਨੇ ਆਪਣੇ ਆਵਾਸੀ ਇਸਰਾਏਲੀ ਮਜ਼ਦੂਰਾਂ ਨੂੰ ਗੁਲਾਮ ਬਣਾ ਲਿਆ ਸੀ, ਇੱਥੋਂ ਤਕ ਕਿ ਇਕ ਕਿਸਮ ਦਾ ਕੁਲ-ਨਾਸ਼ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ, ਜਦੋਂ ਉਸ ਦੇ ਸ਼ਾਸਕ, ਫਿਰਊਨ, ਨੇ ਸਾਰੇ ਨਵ-ਜਨਮੇ ਨਰ ਇਸਰਾਏਲੀਆਂ ਦੀ ਮੌਤ ਦਾ ਹੁਕਮ ਦਿੱਤਾ। ਮਿਸਰ ਉੱਤੇ ਪਰਮੇਸ਼ੁਰ ਦੀ ਜਿੱਤ ਦਾ ਮਕਸਦ ਇਸਰਾਏਲ ਨੂੰ ਉਸ ਦਮਨਕਾਰੀ ਰਾਜਨੀਤਿਕ ਵਿਵਸਥਾ ਤੋਂ ਛੁਡਾਉਣਾ ਸੀ, ਜੀ ਹਾਂ, ਇਕ ਅਜਿਹੀ ਕੌਮ ਤੋਂ ਆਜ਼ਾਦੀ ਜੋ ਅਨੇਕ ਈਸ਼ਵਰਾਂ ਦੀ ਉਪਾਸਨਾ ਦੇ ਕਾਰਨ ਦੂਸ਼ਿਤ ਸੀ।
8, 9. ਪਰਮੇਸ਼ੁਰ ਦੇ ਦਖਲ ਦੇ ਪ੍ਰਤੀ ਮੂਸਾ ਅਤੇ ਇਸਰਾਏਲੀਆਂ ਨੇ ਕਿਵੇਂ ਪ੍ਰਤਿਕ੍ਰਿਆ ਦਿਖਾਈ?
8 ਕੂਚ ਅਧਿਆਇ 15 ਮਿਸਰ ਤੋਂ ਛੁਟਕਾਰਾ ਹਾਸਲ ਕਰਨ ਤੇ ਇਸਰਾਏਲ ਦੀ ਪ੍ਰਤਿਕ੍ਰਿਆ ਦਰਜ ਕਰਦਾ ਹੈ। ਇਸ ਬਿਰਤਾਂਤ ਦਾ ਵਿਸ਼ਲੇਸ਼ਣ, ਸਾਨੂੰ ਇਸ ਗੱਲ ਦੀ ਕਦਰ ਕਰਨ ਵਿਚ ਸਹਾਇਤਾ ਕਰੇਗਾ ਕਿ ਮਸੀਹੀ ਕਿਵੇਂ ਵਰਤਮਾਨ ਸਮੇਂ ਦੀ ਅਧਿਆਤਮਿਕ ਅਤੇ ਸਰੀਰਕ ਤੌਰ ਤੇ ਦੂਸ਼ਿਤ ਵਿਵਸਥਾ ਤੋਂ ਮੁਕਤ ਕੀਤੇ ਜਾ ਸਕਦੇ ਹਨ। ਇਹ ਜਾਣਨ ਦੇ ਲਈ ਕਿ ਸਾਨੂੰ ਸੱਚੇ ਪਰਮੇਸ਼ੁਰ, ਯਹੋਵਾਹ ਤੋਂ ਕਿਉਂ ਡਰਨਾ ਚਾਹੀਦਾ ਹੈ, ਆਓ ਅਸੀਂ ਕੂਚ ਅਧਿਆਇ 15 ਉੱਤੇ ਵਿਚਾਰ ਕਰੀਏ, ਅਤੇ ਕੁਝ ਚੁਣੀਆਂ ਹੋਈਆਂ ਆਇਤਾਂ ਉੱਤੇ ਧਿਆਨ ਦੇਈਏ। ਅਸੀਂ ਆਇਤ 1 ਅਤੇ 2 ਤੋਂ ਸ਼ੁਰੂ ਕਰਦੇ ਹਾਂ:
9 “ਤਦ ਮੂਸਾ ਅਤੇ ਇਸਰਾਏਲੀਆਂ ਨੇ ਯਹੋਵਾਹ ਲਈ ਏਹ ਗੀਤ ਗਾਉਂਦੇ ਹੋਇਆਂ ਆਖਿਆ—ਮੈਂ ਯਹੋਵਾਹ ਲਈ ਗਾਵਾਂਗਾ ਕਿਉਂ ਕਿ ਉਹ ਅੱਤ ਉੱਚਾ ਹੋਇਆ ਹੈ, ਉਸ ਨੇ ਘੋੜੇ ਅਤੇ ਉਸ ਦੇ ਅਸਵਾਰ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਹੈ। ਯਹੋਵਾਹ ਮੇਰਾ ਬਲ ਅਤੇ ਮੇਰਾ ਭਜਨ ਹੈ, ਉਹ ਮੇਰਾ ਛੁਟਕਾਰਾ ਹੋਇਆ ਹੈ।”
10. ਪਰਮੇਸ਼ੁਰ ਵੱਲੋਂ ਮਿਸਰ ਦੀ ਫ਼ੌਜ ਦੇ ਵਿਨਾਸ਼ ਤੋਂ ਪਹਿਲਾਂ ਕਿਹੜੀਆਂ ਘਟਨਾਵਾਂ ਵਾਪਰੀਆਂ?
10 ਸੰਸਾਰ ਭਰ ਦੇ ਲੋਕ ਇਸ ਬਿਰਤਾਂਤ ਤੋਂ ਪਰਿਚਿਤ ਹਨ ਕਿ ਯਹੋਵਾਹ ਨੇ ਕਿਵੇਂ ਇਸਰਾਏਲ ਨੂੰ ਮਿਸਰ ਤੋਂ ਛੁਡਾਇਆ। ਉਸ ਨੇ ਉਸ ਸ਼ਕਤੀਸ਼ਾਲੀ ਵਿਸ਼ਵ ਸ਼ਕਤੀ ਉੱਤੇ ਬਿਪਤਾਵਾਂ ਲਿਆਂਦੀਆਂ ਜਦ ਤਕ ਕਿ ਫਿਰਊਨ ਨੇ ਆਖ਼ਰਕਾਰ ਇਸਰਾਏਲੀਆਂ ਨੂੰ ਜਾਣ ਨਾ ਦਿੱਤਾ। ਪਰੰਤੂ ਫਿਰ ਫਿਰਊਨ ਦੀਆਂ ਫ਼ੌਜਾਂ ਨੇ ਇਨ੍ਹਾਂ ਅਰੱਖਿਅਤ ਲੋਕਾਂ ਦਾ ਪਿੱਛਾ ਕੀਤਾ ਅਤੇ ਇੰਜ ਜਾਪਦਾ ਸੀ ਕਿ ਉਨ੍ਹਾਂ ਨੂੰ ਲਾਲ ਸਮੁੰਦਰ ਦੇ ਕੰਢੇ ਘੇਰ ਲਿਆ ਸੀ। ਭਾਵੇਂ ਕਿ ਇੰਜ ਜਾਪਿਆ ਕਿ ਇਸਰਾਏਲ ਦੀ ਸੰਤਾਨ ਆਪਣੀ ਨਵੀਂ ਲੱਭੀ ਆਜ਼ਾਦੀ ਨੂੰ ਜਲਦੀ ਹੀ ਖੋਹ ਬੈਠੇਗੀ, ਯਹੋਵਾਹ ਦਾ ਇਰਾਦਾ ਕੁਝ ਹੋਰ ਹੀ ਸੀ। ਉਸ ਨੇ ਚਮਤਕਾਰੀ ਢੰਗ ਨਾਲ ਸਮੁੰਦਰ ਦੇ ਵਿੱਚੋਂ ਇਕ ਰਾਹ ਕੱਢਿਆ ਅਤੇ ਆਪਣੇ ਲੋਕਾਂ ਨੂੰ ਖੈਰ ਨਾਲ ਦੂਜੇ ਪਾਸੇ ਪਹੁੰਚਾ ਦਿੱਤਾ। ਜਦੋਂ ਮਿਸਰੀਆਂ ਨੇ ਪਿੱਛਾ ਕੀਤਾ, ਤਾਂ ਉਸ ਨੇ ਲਾਲ ਸਮੁੰਦਰ ਨੂੰ ਉਨ੍ਹਾਂ ਉੱਤੇ ਬੰਦ ਕਰ ਦਿੱਤਾ ਅਤੇ ਫਿਰਊਨ ਅਤੇ ਉਸ ਦੀਆਂ ਫ਼ੌਜਾਂ ਨੂੰ ਡੁਬੋ ਦਿੱਤਾ।—ਕੂਚ 14:1-31.
11. ਮਿਸਰ ਦੇ ਵਿਰੁੱਧ ਪਰਮੇਸ਼ੁਰ ਦੀ ਕਾਰਵਾਈ ਦਾ ਕੀ ਨਤੀਜਾ ਹੋਇਆ?
11 ਯਹੋਵਾਹ ਵੱਲੋਂ ਮਿਸਰੀ ਫ਼ੌਜਾਂ ਦੇ ਵਿਨਾਸ਼ ਨੇ ਉਸ ਨੂੰ ਆਪਣੇ ਉਪਾਸਕਾਂ ਦੀਆਂ ਨਜ਼ਰਾਂ ਵਿਚ ਉੱਚਾ ਕਰ ਦਿੱਤਾ ਅਤੇ ਉਸ ਦੇ ਨਾਂ ਨੂੰ ਦੂਰ-ਦੂਰ ਤਕ ਮਸ਼ਹੂਰ ਕਰ ਦਿੱਤਾ। (ਯਹੋਸ਼ੁਆ 2:9, 10; 4:23, 24) ਜੀ ਹਾਂ, ਉਸ ਦਾ ਨਾਂ ਮਿਸਰ ਦੇ ਉਨ੍ਹਾਂ ਨਿਰਬਲ, ਝੂਠੇ ਈਸ਼ਵਰਾਂ ਤੋਂ ਉੱਪਰ ਉਠਾਇਆ ਗਿਆ, ਜੋ ਆਪਣੇ ਉਪਾਸਕਾਂ ਨੂੰ ਬਚਾਉਣ ਵਿਚ ਅਯੋਗ ਸਾਬਤ ਹੋਏ ਸਨ। ਆਪਣੇ ਦੇਵਤਿਆਂ ਅਤੇ ਨਾਸ਼ਵਾਨ ਮਨੁੱਖ ਅਤੇ ਫ਼ੌਜੀ ਸ਼ਕਤੀ ਉੱਤੇ ਭਰੋਸਾ ਉਨ੍ਹਾਂ ਲਈ ਦੁਖਦਾਈ ਨਿਰਾਸ਼ਾ ਦਾ ਕਾਰਨ ਬਣਿਆ। (ਜ਼ਬੂਰ 146:3) ਤਾਂ ਫਿਰ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਇਸਰਾਏਲੀ ਅਜਿਹੀ ਪ੍ਰਸ਼ੰਸਾ ਗਾਉਣ ਦੇ ਲਈ ਪ੍ਰੇਰਿਤ ਹੋਏ, ਜਿਸ ਨੇ ਉਸ ਜੀਵਿਤ ਪਰਮੇਸ਼ੁਰ ਦੇ ਸੁਅਸਥਕਾਰੀ ਡਰ ਨੂੰ ਪ੍ਰਤਿਬਿੰਬਤ ਕੀਤਾ, ਜੋ ਸ਼ਕਤੀਸ਼ਾਲੀ ਤਰੀਕੇ ਨਾਲ ਆਪਣੇ ਲੋਕਾਂ ਨੂੰ ਛੁਡਾਉਂਦਾ ਹੈ!
12, 13. ਲਾਲ ਸਮੁੰਦਰ ਵਿਖੇ ਪਰਮੇਸ਼ੁਰ ਦੀ ਵਿਜੇ ਤੋਂ ਸਾਨੂੰ ਕੀ ਸਿੱਖਣਾ ਚਾਹੀਦਾ ਹੈ?
12 ਉਸੇ ਤਰ੍ਹਾਂ, ਸਾਨੂੰ ਪਛਾਣਨਾ ਚਾਹੀਦਾ ਹੈ ਕਿ ਸਾਡੇ ਸਮੇਂ ਦੇ ਕੋਈ ਵੀ ਝੂਠੇ ਈਸ਼ਵਰ ਜਾਂ ਕੋਈ ਵੀ ਮਹਾਂ-ਸ਼ਕਤੀ, ਇੱਥੋਂ ਤਕ ਕਿ ਨਿਊਕਲੀ ਅਸਤਰ-ਸ਼ਸਤਰ ਦੇ ਨਾਲ ਵੀ ਯਹੋਵਾਹ ਦੀ ਬਰਾਬਰੀ ਨਹੀਂ ਕਰ ਸਕਦੇ ਹਨ। ਉਹ ਆਪਣੇ ਲੋਕਾਂ ਨੂੰ ਛੁਡਾ ਸਕਦਾ ਹੈ ਅਤੇ ਜ਼ਰੂਰ ਛੁਡਾਏਗਾ। “ਉਹ ਸੁਰਗ ਦੀਆਂ ਫੌਜਾਂ ਵਿੱਚ ਅਤੇ ਜਗਤ ਦੇ ਸਾਰੇ ਵਸਨੀਕਾਂ ਨਾਲ ਜੋ ਕੁਝ ਚਾਹੁੰਦਾ ਹੈ ਕਰਦਾ ਹੈ, ਅਤੇ ਕੋਈ ਨਹੀਂ ਜੋ ਉਹ ਦੇ ਹੱਥ ਨੂੰ ਰੋਕ ਸੱਕੇ, ਯਾ ਉਹ ਨੂੰ ਆਖੇ ਕਿ ਤੂੰ ਕੀ ਕਰਦਾ ਹੈਂ?” (ਦਾਨੀਏਲ 4:35) ਜਦੋਂ ਅਸੀਂ ਇਨ੍ਹਾਂ ਸ਼ਬਦਾਂ ਦੇ ਮਤਲਬ ਨੂੰ ਪੂਰੀ ਤਰ੍ਹਾਂ ਸਮਝ ਲੈਂਦੇ ਹਾਂ, ਤਾਂ ਅਸੀਂ ਵੀ ਖ਼ੁਸ਼ੀ ਦੇ ਨਾਲ ਉਸ ਦੀ ਪ੍ਰਸ਼ੰਸਾ ਕਰਨ ਦੇ ਲਈ ਪ੍ਰੇਰਿਤ ਹੁੰਦੇ ਹਾਂ।
13 ਲਾਲ ਸਮੁੰਦਰ ਦੇ ਵਿਖੇ ਉਹ ਵਿਜੇ ਗੀਤ ਅੱਗੇ ਕਹਿੰਦਾ ਹੈ: “ਯਹੋਵਾਹ ਜੋਧਾ ਪੁਰਸ਼ ਹੈ, ਯਹੋਵਾਹ ਉਸ ਦਾ ਨਾਮ ਹੈ।” ਇਸ ਲਈ, ਇਹ ਅਜਿੱਤ ਯੋਧਾ ਕਿਸੇ ਮਨੁੱਖ ਦੀ ਕਲਪਨਾ ਦਾ ਇਕ ਮਨਘੜਤ ਗੁਮਨਾਮ ਵਿਅਕਤੀ ਨਹੀਂ ਹੈ। ਉਸ ਦਾ ਇਕ ਨਾਂ ਹੈ! ਉਹ ‘ਉਹ ਵਿਅਕਤੀ ਹੈ ਜੋ ਹੋਂਦ ਵਿਚ ਲਿਆਉਂਦਾ ਹੈ,’ ਉਹ ਮਹਾਨ ਨਿਰਮਾਤਾ, ਅਰਥਾਤ ਉਹ ਵਿਅਕਤੀ ‘ਜਿਹ ਦਾ ਨਾਮ ਯਹੋਵਾਹ ਹੈ ਜੋ ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ।’ (ਕੂਚ 3:14; 15:3-5; ਜ਼ਬੂਰ 83:18) ਕੀ ਤੁਸੀਂ ਸਹਿਮਤ ਨਹੀਂ ਹੋ ਕਿ ਉਨ੍ਹਾਂ ਪ੍ਰਾਚੀਨ ਮਿਸਰੀਆਂ ਦੇ ਲਈ ਇਹ ਬੁੱਧੀਮੱਤਾ ਦੀ ਗੱਲ ਹੁੰਦੀ ਕਿ ਉਹ ਸਰਬਸ਼ਕਤੀਮਾਨ ਦਾ ਵਿਰੋਧ ਕਰਨ ਦੀ ਬਜਾਇ ਉਸ ਦੇ ਪ੍ਰਤੀ ਉਚਿਤ ਅਤੇ ਆਦਰਪੂਰਣ ਡਰ ਦੀ ਭਾਵਨਾ ਰੱਖਦੇ?
14. ਈਸ਼ਵਰੀ ਡਰ ਦੀ ਮਹੱਤਤਾ ਲਾਲ ਸਮੁੰਦਰ ਵਿਖੇ ਕਿਵੇਂ ਪ੍ਰਦਰਸ਼ਿਤ ਕੀਤੀ ਗਈ ਸੀ?
14 ਧਰਤੀ ਦੇ ਰੂਪਾਂਕਣਕਾਰ ਦੀ ਹੈਸੀਅਤ ਵਿਚ, ਸਮੁੰਦਰ ਦੇ ਨਿਰਮਾਤਾ ਕੋਲ ਪਾਣੀਆਂ ਉੱਤੇ ਪੂਰਾ ਨਿਯੰਤ੍ਰਣ ਹੈ। (ਕੂਚ 15:8) ਹਵਾ ਉੱਤੇ ਵੀ ਆਪਣੇ ਨਿਯੰਤ੍ਰਣ ਨੂੰ ਇਸਤੇਮਾਲ ਕਰਦੇ ਹੋਏ ਉਸ ਨੇ ਉਹ ਕਾਰਜ ਸੰਪੰਨ ਕੀਤਾ ਜੋ ਅਸੰਭਵ ਜਾਪਦਾ ਸੀ। ਉਸ ਨੇ ਪਾਣੀ ਦੇ ਡੂੰਘ ਨੂੰ ਇਕ ਖ਼ਾਸ ਥਾਂ ਤੋਂ ਦੋ ਭਾਗ ਕਰ ਕੇ ਉਸ ਨੂੰ ਉਲਟੇ ਦਿਸ਼ਾਵਾਂ ਵਿਚ ਪਿੱਛੇ ਧਕੇਲ ਦਿੱਤਾ ਤਾਂਕਿ ਉਹ ਆਪਣੇ ਲੋਕਾਂ ਦੇ ਪਾਰ ਕਰਨ ਲਈ ਇਕ ਪਾਣੀ ਦੀਆਂ ਕੰਧਾਂ ਵਾਲਾ ਲਾਂਘਾ ਬਣਾ ਸਕੇ। ਉਸ ਦ੍ਰਿਸ਼ ਦੀ ਕਲਪਨਾ ਕਰੋ: ਕਰੋੜਾਂ ਟਨਾਂ ਦੇ ਸਮੁੰਦਰੀ ਪਾਣੀ ਦੀਆਂ ਉੱਚੀਆਂ ਖੜ੍ਹੀਆਂ ਸਮਾਨਾਂਤਰ ਕੰਧਾਂ ਜੋ ਇਸਰਾਏਲ ਦੇ ਬਚ ਨਿਕਲਣ ਲਈ ਇਕ ਸੁਰੱਖਿਆ ਮਾਰਗ ਬਣ ਗਈਆਂ। ਜੀ ਹਾਂ, ਪਰਮੇਸ਼ੁਰ ਦਾ ਸੁਅਸਥਕਾਰੀ ਡਰ ਪ੍ਰਦਰਸ਼ਿਤ ਕਰਨ ਵਾਲਿਆਂ ਨੂੰ ਸੁਰੱਖਿਆ ਹਾਸਲ ਹੋਈ। ਫਿਰ ਯਹੋਵਾਹ ਨੇ ਪਾਣੀ ਨੂੰ ਇਕ ਵੱਡੇ ਹੜ੍ਹ ਵਾਂਗ ਵਾਪਸ ਵਗ ਲੈਣ ਦਿੰਦਿਆਂ ਛੱਡ ਦਿੱਤਾ, ਜਿਸ ਨੇ ਫਿਰਊਨ ਦੀਆਂ ਫ਼ੌਜਾਂ ਅਤੇ ਉਨ੍ਹਾਂ ਦੇ ਸਾਰੇ ਸਾਜ਼-ਸਾਮਾਨ ਨੂੰ ਆਪਣੇ ਲਪੇਟ ਵਿਚ ਲੈ ਲਿਆ। ਅਯੋਗ ਈਸ਼ਵਰਾਂ ਅਤੇ ਮਾਨਵੀ ਫ਼ੌਜੀ ਸ਼ਕਤੀ ਉੱਤੇ ਈਸ਼ਵਰੀ ਸ਼ਕਤੀ ਦਾ ਕੀ ਪ੍ਰਦਰਸ਼ਨ! ਨਿਰਸੰਦੇਹ, ਯਹੋਵਾਹ ਹੀ ਉਹ ਵਿਅਕਤੀ ਹੈ ਜਿਸ ਤੋਂ ਡਰਨਾ ਚਾਹੀਦਾ ਹੈ, ਹੈ ਕਿ ਨਹੀਂ?—ਕੂਚ 14:21, 22, 28; 15:8.
ਪਰਮੇਸ਼ੁਰ ਦੇ ਪ੍ਰਤੀ ਆਪਣਾ ਡਰ ਪ੍ਰਦਰਸ਼ਿਤ ਕਰਨਾ
15. ਪਰਮੇਸ਼ੁਰ ਦੇ ਸ਼ਕਤੀਸ਼ਾਲੀ ਉੱਧਾਰਕ ਕਾਰਜਾਂ ਦੇ ਪ੍ਰਤੀ ਸਾਡੀ ਕੀ ਪ੍ਰਤਿਕ੍ਰਿਆ ਹੋਣੀ ਚਾਹੀਦੀ ਹੈ?
15 ਜੇਕਰ ਅਸੀਂ ਮੂਸਾ ਦੇ ਨਾਲ ਸਹੀ-ਸਲਾਮਤ ਖੜ੍ਹੇ ਹੁੰਦੇ, ਤਾਂ ਯਕੀਨਨ ਅਸੀਂ ਇਹ ਗਾਉਣ ਦੇ ਲਈ ਪ੍ਰੇਰਿਤ ਹੁੰਦੇ: “ਕੌਣ ਹੈ ਤੇਰੇ ਵਰਗਾ ਹੇ ਯਹੋਵਾਹ ਦੇਵਤਿਆਂ ਵਿੱਚ? ਕੌਣ ਹੈ ਤੇਰੇ ਵਰਗਾ ਪਵਿੱਤ੍ਰਤਾਈ ਵਿੱਚ ਪਰਤਾਪ ਵਾਲਾ, ਉਸਤਤ ਵਿੱਚ ਭੈ ਦਾਇਕ ਅਤੇ ਅਚਰਜ ਕੰਮਾਂ ਵਾਲਾ?” (ਕੂਚ 15:11) ਅਜਿਹੀਆਂ ਭਾਵਨਾਵਾਂ ਉਸ ਸਮੇਂ ਤੋਂ ਲੈ ਕੇ ਸਦੀਆਂ ਦੇ ਦੌਰਾਨ ਗੂੰਜਦੀਆਂ ਆਈਆਂ ਹਨ। ਬਾਈਬਲ ਦੀ ਆਖ਼ਰੀ ਪੋਥੀ ਵਿਚ, ਰਸੂਲ ਯੂਹੰਨਾ ਪਰਮੇਸ਼ੁਰ ਦੇ ਮਸਹ ਕੀਤੇ ਹੋਏ ਵਫ਼ਾਦਾਰ ਸੇਵਕਾਂ ਦੇ ਇਕ ਸਮੂਹ ਦਾ ਵਰਣਨ ਕਰਦਾ ਹੈ: ‘ਓਹ ਪਰਮੇਸ਼ੁਰ ਦੇ ਦਾਸ ਮੂਸਾ ਦਾ ਗੀਤ ਅਤੇ ਲੇਲੇ ਦਾ ਗੀਤ ਗਾਉਂਦੇ ਹਨ।’ ਇਹ ਮਹਾਨ ਗੀਤ ਕੀ ਹੈ? “ਹੇ ਪ੍ਰਭੁ ਪਰਮੇਸ਼ੁਰ, ਸਰਬ ਸ਼ਕਤੀਮਾਨ, ਵੱਡੇ ਅਤੇ ਅਚਰਜ ਹਨ ਤੇਰੇ ਕੰਮ! ਹੇ ਕੌਮਾਂ ਦੇ ਪਾਤਸ਼ਾਹ, ਜਥਾਰਥ ਅਤੇ ਸਤ ਹਨ ਤੇਰੇ ਮਾਰਗ! ਹੇ ਪ੍ਰਭੁ, ਕੌਣ ਤੈਥੋਂ ਨਾ ਡਰੇਗਾ ਅਤੇ ਤੇਰੇ ਨਾਮ ਦੀ ਮਹਿਮਾ ਨਾ ਕਰੇਗਾ? ਤੂੰ ਹੀ ਤਾਂ ਇਕੱਲਾ ਪਵਿੱਤਰ ਹੈਂ।”—ਪਰਕਾਸ਼ ਦੀ ਪੋਥੀ 15:2-4.
16, 17. ਅੱਜ ਅਸੀਂ ਕਿਹੜੀਆਂ ਅਦਭੁਤ ਘਟਨਾਵਾਂ ਨੂੰ ਹੁੰਦੇ ਹੋਏ ਦੇਖਦੇ ਹਾਂ?
16 ਇਸ ਲਈ ਅੱਜ ਵੀ ਅਜਿਹੇ ਛੁਡਾਏ ਗਏ ਉਪਾਸਕ ਹਨ ਜੋ ਕੇਵਲ ਪਰਮੇਸ਼ੁਰ ਦੀ ਰਚਨਾਤਮਕ ਕਾਰੀਗਰੀਆਂ ਦੀ ਹੀ ਨਹੀਂ ਬਲਕਿ ਉਸ ਦੇ ਹੁਕਮਾਂ ਦੀ ਵੀ ਕਦਰ ਕਰਦੇ ਹਨ। ਸਾਰੀਆਂ ਕੌਮਾਂ ਵਿੱਚੋਂ ਲੋਕਾਂ ਨੂੰ ਅਧਿਆਤਮਿਕ ਤੌਰ ਤੇ ਛੁਡਾਇਆ ਗਿਆ ਹੈ, ਅਰਥਾਤ ਇਸ ਦੂਸ਼ਿਤ ਸੰਸਾਰ ਤੋਂ ਅਲੱਗ ਕੀਤਾ ਗਿਆ ਹੈ ਕਿਉਂਕਿ ਉਹ ਪਰਮੇਸ਼ੁਰ ਦੇ ਧਾਰਮਿਕ ਹੁਕਮਾਂ ਨੂੰ ਸਵੀਕਾਰ ਕਰਦੇ ਹਨ ਅਤੇ ਉਨ੍ਹਾਂ ਦੀ ਪਾਲਣਾ ਕਰਦੇ ਹਨ। ਹਰ ਸਾਲ, ਲੱਖਾਂ ਲੋਕ ਯਹੋਵਾਹ ਦਿਆਂ ਉਪਾਸਕਾਂ ਦੇ ਸ਼ੁੱਧ, ਖਰੇ ਸੰਗਠਨ ਦੇ ਨਾਲ ਵਸਣ ਦੇ ਲਈ ਇਸ ਭ੍ਰਿਸ਼ਟ ਸੰਸਾਰ ਤੋਂ ਬਾਹਰ ਨਿਕਲ ਆਉਂਦੇ ਹਨ। ਜਲਦੀ ਹੀ, ਝੂਠੇ ਧਰਮ ਅਤੇ ਇਸ ਦੁਸ਼ਟ ਵਿਵਸਥਾ ਦੇ ਬਾਕੀ ਹਿੱਸਿਆਂ ਦੇ ਵਿਰੁੱਧ ਪਰਮੇਸ਼ੁਰ ਵੱਲੋਂ ਅਗਨਮਈ ਨਿਆਉਂ ਕੀਤੇ ਜਾਣ ਤੋਂ ਬਾਅਦ, ਉਹ ਇਕ ਧਾਰਮਿਕ ਨਵੇਂ ਸੰਸਾਰ ਵਿਚ ਸਦਾ ਦੇ ਲਈ ਜੀਵਿਤ ਰਹਿਣਗੇ।
17 ਪਰਕਾਸ਼ ਦੀ ਪੋਥੀ 14:6, 7 ਦੇ ਅਨੁਸਾਰ, ਮਨੁੱਖਜਾਤੀ ਇਸ ਸਮੇਂ ਦੂਤਾਂ ਦੇ ਨਿਰਦੇਸ਼ਨ ਅਧੀਨ ਕੰਮ ਕਰ ਰਹੇ ਯਹੋਵਾਹ ਦੇ ਗਵਾਹਾਂ ਦੁਆਰਾ ਘੋਸ਼ਿਤ ਕੀਤੇ ਜਾ ਰਹੇ ਨਿਆਉਂ ਦਾ ਇਕ ਚੇਤਾਵਨੀ-ਸੂਚਕ ਸੰਦੇਸ਼ ਸੁਣ ਰਹੀ ਹੈ। ਪਿਛਲੇ ਸਾਲ 230 ਤੋਂ ਵੀ ਵੱਧ ਦੇਸ਼ਾਂ ਵਿਚ, ਕੁਝ 50 ਲੱਖ ਗਵਾਹਾਂ ਨੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਨੂੰ ਅਤੇ ਉਸ ਦੇ ਨਿਆਉਂ ਦੀ ਘੜੀ ਨੂੰ ਘੋਸ਼ਿਤ ਕੀਤਾ। ਬਚਾਉ ਦੇ ਲਈ ਆਪਣੇ ਸੰਗੀ ਮਨੁੱਖਾਂ ਨੂੰ ਸਿੱਖਿਆ ਦੇਣ ਲਈ, ਗਵਾਹਾਂ ਨੇ ਨਿਯਮਿਤ ਤੌਰ ਤੇ ਲੋਕਾਂ ਦੇ ਘਰਾਂ ਨੂੰ ਜਾ ਕੇ ਉਨ੍ਹਾਂ ਨਾਲ ਮੁਫ਼ਤ ਬਾਈਬਲ ਅਧਿਐਨ ਸੰਚਾਲਿਤ ਕੀਤੇ। ਇਸ ਤਰ੍ਹਾਂ ਹਰ ਸਾਲ ਲੱਖਾਂ ਹੀ ਲੋਕ ਸਿਆਣਪ ਨਾਲ ਸੱਚੇ ਪਰਮੇਸ਼ੁਰ ਤੋਂ ਡਰਨ, ਆਪਣੇ ਜੀਵਨ ਨੂੰ ਸਮਰਪਿਤ ਕਰਨ, ਅਤੇ ਬਪਤਿਸਮਾ ਹਾਸਲ ਕਰਨ ਦੇ ਲਈ ਚੋਖੀ ਸਿੱਖਿਆ ਹਾਸਲ ਕਰਦੇ ਹਨ। ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਅਜਿਹੇ ਵਿਅਕਤੀ ਸੱਚੇ ਪਰਮੇਸ਼ੁਰ ਤੋਂ ਡਰਨ ਲੱਗੇ ਹਨ!—ਲੂਕਾ 1:49-51; ਰਸੂਲਾਂ ਦੇ ਕਰਤੱਬ 9:31; ਤੁਲਨਾ ਕਰੋ ਇਬਰਾਨੀਆਂ 11:7.
18. ਕਿਹੜੀ ਗੱਲ ਦਰਸਾਉਂਦੀ ਹੈ ਕਿ ਦੂਤ ਸਾਡੇ ਪ੍ਰਚਾਰ ਕੰਮ ਵਿਚ ਸ਼ਾਮਲ ਹਨ?
18 ਕੀ ਇਹ ਸੱਚ ਹੈ ਕਿ ਇਸ ਪ੍ਰਚਾਰ ਕੰਮ ਵਿਚ ਦੂਤ ਵੀ ਸ਼ਾਮਲ ਹਨ? ਖ਼ੈਰ, ਇਹ ਨਿਸ਼ਚੇ ਹੀ ਸਪੱਸ਼ਟ ਜਾਪਦਾ ਹੈ ਕਿ ਦੂਤਾਂ ਦੇ ਮਾਰਗ-ਦਰਸ਼ਨ ਨੇ ਅਕਸਰ ਯਹੋਵਾਹ ਦੇ ਗਵਾਹਾਂ ਨੂੰ ਇਕ ਅਜਿਹੇ ਘਰ ਪਹੁੰਚਾਇਆ ਹੈ, ਜਿੱਥੇ ਕੋਈ ਦੁਖੀ ਵਿਅਕਤੀ ਅਧਿਆਤਮਿਕ ਸਹਾਇਤਾ ਲਈ ਲੋਚ ਰਿਹਾ ਸੀ, ਇੱਥੋਂ ਤਕ ਕਿ ਪ੍ਰਾਰਥਨਾ ਕਰ ਰਿਹਾ ਸੀ! ਮਿਸਾਲ ਲਈ, ਇਕ ਕੈਰੀਬੀਅਨ ਟਾਪੂ ਤੇ ਦੋ ਯਹੋਵਾਹ ਦੀਆਂ ਗਵਾਹਾਂ ਇਕ ਬੱਚੇ ਸਮੇਤ ਖ਼ੁਸ਼ ਖ਼ਬਰੀ ਸੁਣਾ ਰਹੀਆਂ ਸਨ। ਜਦੋਂ ਦੁਪਹਿਰ ਹੋਣ ਲੱਗੀ, ਤਾਂ ਉਨ੍ਹਾਂ ਦੋਹਾਂ ਸਿਆਣੀਆਂ ਨੇ ਘਰ ਜਾਣ ਦਾ ਫ਼ੈਸਲਾ ਕੀਤਾ। ਪਰੰਤੂ ਬੱਚਾ ਅਗਲੇ ਘਰ ਦੇ ਨਾਲ ਮੁਲਾਕਾਤ ਕਰਨ ਦੇ ਲਈ ਅਸਾਧਾਰਣ ਢੰਗ ਨਾਲ ਉਤਸੁਕ ਸੀ। ਜਦੋਂ ਉਸ ਨੇ ਵੇਖਿਆ ਕਿ ਸਿਆਣੀਆਂ ਉਸ ਸਮੇਂ ਇਹ ਨਹੀਂ ਕਰਨਾ ਚਾਹੁੰਦੀਆਂ ਸਨ, ਤਾਂ ਉਸ ਨੇ ਖ਼ੁਦ ਉੱਥੇ ਜਾ ਕੇ ਖਟਖਟਾਇਆ। ਇਕ ਜਵਾਨ ਔਰਤ ਨੇ ਬੂਹਾ ਖੋਲ੍ਹਿਆ। ਜਦੋਂ ਉਨ੍ਹਾਂ ਸਿਆਣੀਆਂ ਨੇ ਇਹ ਦੇਖਿਆ, ਤਾਂ ਉਨ੍ਹਾਂ ਨੇ ਉੱਥੇ ਜਾ ਕੇ ਉਸ ਦੇ ਨਾਲ ਗੱਲ ਕੀਤੀ। ਉਸ ਨੇ ਉਨ੍ਹਾਂ ਨੂੰ ਅੰਦਰ ਬੁਲਾਇਆ, ਅਤੇ ਦੱਸਿਆ ਕਿ ਠੀਕ ਜਿਸ ਵਕਤ ਉਸ ਨੇ ਦਸਤਕ ਸੁਣੀ ਸੀ, ਉਸ ਵੇਲੇ ਉਹ ਪ੍ਰਾਰਥਨਾ ਕਰ ਰਹੀ ਸੀ ਕਿ ਪਰਮੇਸ਼ੁਰ ਉਸ ਨੂੰ ਬਾਈਬਲ ਸਿਖਾਉਣ ਦੇ ਲਈ ਉਸ ਦੇ ਕੋਲ ਗਵਾਹਾਂ ਨੂੰ ਭੇਜੇ। ਇਕ ਬਾਈਬਲ ਅਧਿਐਨ ਦਾ ਪ੍ਰਬੰਧ ਕੀਤਾ ਗਿਆ।
19. ਪਰਮੇਸ਼ੁਰ ਤੋਂ ਡਰਨ ਦੇ ਕਿਹੜੇ ਇਕ ਲਾਭ ਵੱਲ ਅਸੀਂ ਸੰਕੇਤ ਕਰ ਸਕਦੇ ਹਾਂ?
19 ਜਿਉਂ-ਜਿਉਂ ਅਸੀਂ ਵਫ਼ਾਦਾਰੀ ਨਾਲ ਪਰਮੇਸ਼ੁਰ ਦੇ ਨਿਆਉਂ ਦਾ ਸੰਦੇਸ਼ ਸੁਣਾਉਂਦੇ ਹਾਂ, ਅਸੀਂ ਉਸ ਦੇ ਧਾਰਮਿਕ ਹੁਕਮਾਂ ਨੂੰ ਵੀ ਸਿਖਾਉਂਦੇ ਹਾਂ। ਜਦੋਂ ਇਹ ਲੋਕਾਂ ਦੇ ਜੀਵਨਾਂ ਵਿਚ ਲਾਗੂ ਕੀਤੇ ਜਾਂਦੇ ਹਨ, ਤਾਂ ਸਿੱਟੇ ਵਜੋਂ ਸਰੀਰਕ ਅਤੇ ਅਧਿਆਤਮਿਕ ਦੋਵੇਂ ਬਰਕਤਾਂ ਹਾਸਲ ਹੁੰਦੀਆਂ ਹਨ। ਮਿਸਾਲ ਲਈ, ਬਾਈਬਲ ਬਹੁਤ ਸਪੱਸ਼ਟ ਰੂਪ ਵਿਚ ਸਾਰੀ ਲਿੰਗੀ ਅਨੈਤਿਕਤਾ ਦੀ ਨਿੰਦਿਆ ਕਰਦੀ ਹੈ। (ਰੋਮੀਆਂ 1:26, 27, 32) ਅੱਜ ਸੰਸਾਰ ਵਿਚ ਈਸ਼ਵਰੀ ਮਿਆਰਾਂ ਨੂੰ ਵਿਆਪਕ ਰੂਪ ਵਿਚ ਅਣਡਿੱਠ ਕੀਤਾ ਜਾਂਦਾ ਹੈ। ਇਸ ਦਾ ਨਤੀਜਾ ਕੀ ਹੈ? ਵਿਆਹ ਟੁੱਟ ਰਹੇ ਹਨ। ਅਪਚਾਰ ਵਧ ਰਿਹਾ ਹੈ। ਲਿੰਗੀ ਤੌਰ ਤੇ ਸੰਚਾਰਿਤ ਨੁਕਸਾਨਦੇਹ ਰੋਗ ਫੈਲ ਰਹੇ ਹਨ, ਜੋ ਇਸ 20ਵੀਂ ਸਦੀ ਵਿਚ ਸੰਸਾਰ-ਵਿਆਪੀ ਮਹਾਂਮਰੀ ਬਣ ਗਏ ਹਨ। ਸੱਚ-ਮੁੱਚ ਹੀ, ਏਡਸ ਦਾ ਡਰਾਉਣਾ ਰੋਗ ਕਾਫ਼ੀ ਹੱਦ ਤਕ ਲਿੰਗੀ ਅਨੈਤਿਕਤਾ ਦੁਆਰਾ ਫੈਲਦਾ ਹੈ। ਪਰੰਤੂ ਕੀ ਪਰਮੇਸ਼ੁਰ ਦਾ ਆਦਰਪੂਰਣ ਡਰ ਸੱਚੇ ਉਪਾਸਕਾਂ ਦੇ ਲਈ ਇਕ ਵੱਡੀ ਸੁਰੱਖਿਆ ਸਾਬਤ ਨਹੀਂ ਹੋਇਆ ਹੈ?—2 ਕੁਰਿੰਥੀਆਂ 7:1; ਫ਼ਿਲਿੱਪੀਆਂ 2:12; ਨਾਲੇ ਦੇਖੋ ਰਸੂਲਾਂ ਦੇ ਕਰਤੱਬ 15:28, 29.
ਪਰਮੇਸ਼ੁਰ ਤੋਂ ਹੁਣ ਡਰਨ ਦੇ ਨਤੀਜੇ
20. ਕਿਹੜੀ ਗੱਲ ਦਿਖਾਉਂਦੀ ਹੈ ਕਿ ਦੂਜੇ ਲੋਕ ਯਹੋਵਾਹ ਦੇ ਗਵਾਹਾਂ ਦੀ ਨੇਕਨਾਮੀ ਦੇ ਬਾਰੇ ਜਾਣਦੇ ਹਨ?
20 ਪਰਮੇਸ਼ੁਰ ਤੋਂ ਡਰਨ ਅਤੇ ਉਸ ਦੇ ਹੁਕਮਾਂ ਨੂੰ ਮੰਨਣ ਵਾਲਿਆਂ ਲਈ ਭਰਪੂਰ ਬਰਕਤਾਂ ਹਨ। ਅਜਿਹੀ ਇਕ ਘਟਨਾ ਉੱਤੇ ਵਿਚਾਰ ਕਰੋ ਜੋ ਇਸ ਤੱਥ ਦੀ ਵਧਦੀ ਕਦਰ ਨੂੰ ਦਰਸਾਉਂਦੀ ਹੈ ਕਿ ਯਹੋਵਾਹ ਦੇ ਗਵਾਹ ਨੈਤਿਕ ਤੌਰ ਤੇ ਖਰੇ ਮਸੀਹੀਆਂ ਦਾ ਇਕ ਸ਼ਾਂਤਮਈ ਭਾਈਚਾਰਾ ਹੈ। ਦੱਖਣ ਅਮਰੀਕਾ ਵਿਚ ਇਕ ਅੰਤਰਰਾਸ਼ਟਰੀ ਮਹਾਂ-ਸੰਮੇਲਨ ਦੇ ਕਈ ਗਵਾਹ, ਅਰਥਾਤ ਪ੍ਰਤਿਨਿਧ ਇਕ ਹੋਟਲ ਵਿਚ ਰਹਿ ਰਹੇ ਸਨ ਜੋ ਇਕ ਰਾਤ ਦੇ ਲਈ ਉਸ ਦੇਸ਼ ਦੇ ਰਾਸ਼ਟਰਪਤੀ ਦੁਆਰਾ ਸੰਬੋਧਿਤ ਕੀਤੇ ਜਾਣ ਵਾਲੇ ਇਕ ਗ਼ੈਰ-ਗਵਾਹ ਜਲਸੇ ਲਈ ਵੀ ਇਸਤੇਮਾਲ ਕੀਤਾ ਜਾ ਰਿਹਾ ਸੀ। ਜਿਉਂ ਹੀ ਸੁਰੱਖਿਆ ਦਲ ਰਾਸ਼ਟਰਪਤੀ ਨੂੰ ਜਲਦੀ ਨਾਲ ਲਿਫਟ ਵਿਚ ਲੈ ਗਈ, ਇਕ ਗਵਾਹ ਜੋ ਨਹੀਂ ਜਾਣਦੀ ਸੀ ਕਿ ਲਿਫਟ ਵਿਚ ਕੌਣ ਹੈ, ਵੀ ਅੰਦਰ ਦਾਖ਼ਲ ਹੋਈ, ਜਿਸ ਤੋਂ ਸੁਰੱਖਿਆ ਕਰਮਚਾਰੀਆਂ ਨੂੰ ਕਾਫ਼ੀ ਹੈਰਾਨੀ ਹੋਈ! ਇਹ ਅਹਿਸਾਸ ਕਰਦੇ ਹੋਏ ਕਿ ਉਸ ਨੇ ਕੀ ਕੀਤਾ ਹੈ, ਉਸ ਗਵਾਹ ਨੇ ਅੰਦਰ ਦਾਖ਼ਲ ਹੋਣ ਦੇ ਲਈ ਮਾਫ਼ੀ ਮੰਗੀ। ਉਸ ਨੇ ਆਪਣਾ ਮਹਾਂ-ਸੰਮੇਲਨ ਬੈਜ ਦਿਖਾਇਆ, ਜਿਸ ਨੇ ਉਸ ਨੂੰ ਇਕ ਗਵਾਹ ਦੇ ਤੌਰ ਤੇ ਸ਼ਨਾਖਤ ਕੀਤਾ, ਅਤੇ ਕਿਹਾ ਕਿ ਉਹ ਰਾਸ਼ਟਰਪਤੀ ਦੇ ਲਈ ਕੋਈ ਖ਼ਤਰਾ ਨਹੀਂ ਸੀ। ਮੁਸਕਰਾਉਂਦੇ ਹੋਏ, ਇਕ ਸੁਰੱਖਿਆ ਕਰਮਚਾਰੀ ਨੇ ਕਿਹਾ: “ਜੇਕਰ ਸਾਰੇ ਲੋਕ ਯਹੋਵਾਹ ਦੇ ਗਵਾਹਾਂ ਦੀ ਤਰ੍ਹਾਂ ਹੁੰਦੇ, ਤਾਂ ਸਾਨੂੰ ਇਸ ਤਰ੍ਹਾਂ ਦੀ ਸੁਰੱਖਿਆ ਦੀ ਜ਼ਰੂਰਤ ਨਾ ਹੁੰਦੀ।”—ਯਸਾਯਾਹ 2:2-4.
21. ਅੱਜ ਲੋਕਾਂ ਦੇ ਸਾਮ੍ਹਣੇ ਕਾਰਵਾਈ ਦੇ ਕਿਹੜੇ ਮਾਰਗ ਖੁੱਲ੍ਹੇ ਹਨ?
21 ਇਸ ਵਿਵਸਥਾ ਨੂੰ ਅੰਤ ਕਰਨ ਵਾਲੀ ‘ਵੱਡੀ ਬਿਪਤਾ ਵਿੱਚੋਂ ਬਚ ਨਿਕਲਣ’ ਦੇ ਲਈ ਯਹੋਵਾਹ ਹੁਣ ਇਸੇ ਕਿਸਮ ਦੇ ਲੋਕਾਂ ਨੂੰ ਇਕੱਠੇ ਅਤੇ ਤਿਆਰ ਕਰ ਰਿਹਾ ਹੈ। (ਪਰਕਾਸ਼ ਦੀ ਪੋਥੀ 7:9, 10, 14) ਅਜਿਹਾ ਬਚਾਉ ਇਤਫ਼ਾਕੀ ਨਹੀਂ ਹੋਵੇਗਾ। ਇਕ ਉੱਤਰਜੀਵੀ ਹੋਣ ਦੇ ਲਈ, ਇਕ ਵਿਅਕਤੀ ਲਈ ਪਰਮੇਸ਼ੁਰ ਤੋਂ ਡਰਨਾ, ਉਸ ਨੂੰ ਹੱਕੀ ਸਰਬਸੱਤਾਵਾਨ ਵਜੋਂ ਸਵੀਕਾਰ ਕਰਨਾ, ਅਤੇ ਉਸ ਦੇ ਪ੍ਰਤੀ ਸਮਰਪਿਤ ਹੋਣਾ ਜ਼ਰੂਰੀ ਹੈ। ਪਰੰਤੂ, ਹਕੀਕਤ ਇਹ ਹੈ ਕਿ ਅਧਿਕਤਰ ਲੋਕ ਉਸ ਤਰ੍ਹਾਂ ਦਾ ਡਰ ਵਿਕਸਿਤ ਨਹੀਂ ਕਰਨਗੇ ਜੋ ਉਨ੍ਹਾਂ ਨੂੰ ਸੁਰੱਖਿਆ ਦੇ ਯੋਗ ਬਣਾਏਗਾ। (ਜ਼ਬੂਰ 2:1-6) ਸਾਰੇ ਉਪਲਬਧ ਸਬੂਤਾਂ ਦੇ ਅਨੁਸਾਰ, ਯਹੋਵਾਹ ਦਾ ਚੁਣਿਆ ਹੋਇਆ ਸ਼ਾਸਕ, ਯਿਸੂ ਮਸੀਹ, ਸੰਕ੍ਰਾਂਤੀ ਸਾਲ 1914 ਤੋਂ ਰਾਜਾ ਦੇ ਤੌਰ ਤੇ ਸ਼ਾਸਨ ਕਰ ਰਿਹਾ ਹੈ। ਇਸ ਦਾ ਮਤਲਬ ਹੈ ਕਿ ਯਹੋਵਾਹ ਦੇ ਲਈ ਸੁਅਸਥਕਾਰੀ ਡਰ ਵਿਕਸਿਤ ਕਰਨ ਅਤੇ ਪ੍ਰਦਰਸ਼ਿਤ ਕਰਨ ਦੇ ਲਈ ਲੋਕਾਂ ਦਾ ਬਾਕੀ ਰਹਿੰਦਾ ਸਮਾਂ ਤੇਜ਼ੀ ਨਾਲ ਖ਼ਤਮ ਹੋ ਰਿਹਾ ਹੈ। ਫਿਰ ਵੀ, ਸਾਡਾ ਸ੍ਰਿਸ਼ਟੀਕਰਤਾ ਹਰ ਵਿਅਕਤੀ ਨੂੰ, ਇੱਥੋਂ ਤਕ ਕਿ ਪ੍ਰਭਾਵਸ਼ਾਲੀ ਪਦਵੀ ਵਾਲਿਆਂ ਨੂੰ ਵੀ, ਪ੍ਰਤਿਕ੍ਰਿਆ ਦਿਖਾਉਣ ਦਾ ਮੌਕਾ ਦੇ ਰਿਹਾ ਹੈ: “ਸੋ ਹੁਣ ਹੇ ਰਾਜਿਓ, ਸਿਆਣੇ ਬਣੋ, ਅਤੇ ਹੇ ਧਰਤੀ ਦੇ ਨਿਆਈਓ, ਤੁਸੀਂ ਸਮਝ ਜਾਓ। ਭੈ ਨਾਲ ਯਹੋਵਾਹ ਦੀ ਸੇਵਾ ਕਰੋ ਅਤੇ ਕੰਬਦੇ ਕੰਬਦੇ ਖੁਸ਼ੀ ਮਨਾਓ, ਪੁੱਤ੍ਰ ਨੂੰ ਚੁੰਮੋ ਮਤੇ ਉਹ ਕ੍ਰੋਧ ਵਿੱਚ ਆਵੇ, ਅਤੇ ਤੁਸੀਂ ਰਾਹ ਵਿੱਚ ਹੀ ਨਾਸ ਹੋ ਜਾਓ, ਕਿਉਂ ਜੋ ਉਸ ਦਾ ਕ੍ਰੋਧ ਝੱਟ ਭੜਕ ਉੱਠੇਗਾ। ਧੰਨ ਹਨ ਓਹ ਜਿਹੜੇ ਉਸ ਵਿੱਚ ਪਨਾਹ ਲੈਂਦੇ ਹਨ।”—ਜ਼ਬੂਰ 2:7-12.
22. ਪਰਮੇਸ਼ੁਰ ਤੋਂ ਹੁਣ ਡਰਨ ਵਾਲਿਆਂ ਲਈ ਭਵਿੱਖ ਵਿਚ ਕੀ ਰੱਖਿਆ ਹੋਇਆ ਹੈ?
22 ਇੰਜ ਹੋਵੇ ਕਿ ਅਸੀਂ ਉਨ੍ਹਾਂ ਲੋਕਾਂ ਦੇ ਵਿਚ ਸ਼ਾਮਲ ਹੋਈਏ ਜੋ ਸਾਡੇ ਸ੍ਰਿਸ਼ਟੀਕਰਤਾ ਦੀ ਪ੍ਰਸ਼ੰਸਾ ਇਸ ਵਜੋਂ ਕਰਨਗੇ ਕਿ ਉਸੇ ਨੇ ਸਾਨੂੰ ਬਚਾਇਆ ਹੈ। ਪਰੰਤੂ, ਇਹ ਸਾਡੇ ਤੋਂ ਮੰਗ ਕਰਦੀ ਹੈ ਕਿ ਅਸੀਂ ਹੁਣ ਸੱਚੇ ਪਰਮੇਸ਼ੁਰ ਤੋਂ ਡਰੀਏ! (ਤੁਲਨਾ ਕਰੋ ਜ਼ਬੂਰ 2:11; ਇਬਰਾਨੀਆਂ 12:28; 1 ਪਤਰਸ 1:17.) ਸਾਨੂੰ ਉਸ ਦੇ ਧਾਰਮਿਕ ਹੁਕਮਾਂ ਨੂੰ ਸਿੱਖਦੇ ਅਤੇ ਉਨ੍ਹਾਂ ਨੂੰ ਮੰਨਦੇ ਰਹਿਣਾ ਚਾਹੀਦਾ ਹੈ। ਪਰਕਾਸ਼ ਦੀ ਪੋਥੀ 15:3, 4 ਵਿਚ ਦਰਜ, ਮੂਸਾ ਅਤੇ ਲੇਲੇ ਦਾ ਗੀਤ ਆਪਣੇ ਉਤਕਰਸ਼ ਤੇ ਪਹੁੰਚੇਗਾ ਜਦੋਂ ਯਹੋਵਾਹ ਧਰਤੀ ਉੱਤੋਂ ਸਾਰੀ ਦੁਸ਼ਟਤਾ ਨੂੰ ਮਿਟਾਉਂਦਾ ਹੈ ਅਤੇ ਦੂਸ਼ਿਤ ਕਰਨ ਵਾਲੇ ਪਾਪ ਦਿਆਂ ਅਸਰਾਂ ਤੋਂ ਮਨੁੱਖਾਂ ਨੂੰ ਅਤੇ ਉਸ ਦੇ ਪਾਰਥਿਵ ਘਰ ਨੂੰ ਠੀਕ ਕਰਨਾ ਸ਼ੁਰੂ ਕਰਦਾ ਹੈ। ਤਦ, ਆਪਣੇ ਪੂਰੇ ਦਿਲ ਨਾਲ ਅਸੀਂ ਗਾਵਾਂਗੇ: “ਹੇ ਪ੍ਰਭੁ ਪਰਮੇਸ਼ੁਰ, ਸਰਬ ਸ਼ਕਤੀਮਾਨ, ਵੱਡੇ ਅਤੇ ਅਚਰਜ ਹਨ ਤੇਰੇ ਕੰਮ! ਹੇ ਕੌਮਾਂ ਦੇ ਪਾਤਸ਼ਾਹ, ਜਥਾਰਥ ਅਤੇ ਸਤ ਹਨ ਤੇਰੇ ਮਾਰਗ! ਹੇ ਪ੍ਰਭੁ, ਕੌਣ ਤੈਥੋਂ ਨਾ ਡਰੇਗਾ ਅਤੇ ਤੇਰੇ ਨਾਮ ਦੀ ਮਹਿਮਾ ਨਾ ਕਰੇਗਾ?” (w95 10/15)
ਕੀ ਤੁਹਾਨੂੰ ਯਾਦ ਹੈ?
◻ ਯਹੋਵਾਹ ਸਾਡੇ ਸੁਅਸਥਕਾਰੀ ਡਰ ਦੇ ਯੋਗ ਕਿਉਂ ਹੈ?
◻ ਲਾਲ ਸਮੁੰਦਰ ਵਿਖੇ ਪਰਮੇਸ਼ੁਰ ਦੀਆਂ ਕਾਮਯਾਬੀਆਂ ਤੋਂ ਕੀ ਪ੍ਰਗਟ ਕੀਤਾ ਗਿਆ?
◻ ਯਹੋਵਾਹ ਦੇ ਪ੍ਰਤੀ ਸਾਡੇ ਆਦਰਪੂਰਣ ਡਰ ਤੋਂ ਕਿਹੜੇ ਲਾਭ ਮਿਲਦੇ ਹਨ?
◻ ਸੱਚੇ ਪਰਮੇਸ਼ੁਰ ਤੋਂ ਹੁਣ ਡਰਨ ਵਾਲਿਆਂ ਦਾ ਕੀ ਭਵਿੱਖ ਹੋਵੇਗਾ?