ਯਹੋਵਾਹ ਦਾ ਬਚਨ ਜੀਉਂਦਾ ਹੈ
ਲੇਵੀਆਂ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ
ਇਸਰਾਏਲੀਆਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਆਜ਼ਾਦ ਹੋਇਆਂ ਨੂੰ ਅਜੇ ਇਕ ਸਾਲ ਵੀ ਨਹੀਂ ਹੋਇਆ ਸੀ। ਇਕ ਨਵੀਂ ਕੌਮ ਵਜੋਂ ਇਹ ਲੋਕ ਕਨਾਨ ਦੇਸ਼ ਵੱਲ ਜਾ ਰਹੇ ਸਨ। ਕਨਾਨੀ ਲੋਕਾਂ ਦੀ ਰਹਿਣੀ-ਬਹਿਣੀ ਅਤੇ ਉਨ੍ਹਾਂ ਦੇ ਧਾਰਮਿਕ ਰੀਤੀ-ਰਿਵਾਜ ਬਹੁਤ ਭੈੜੇ ਸਨ। ਪਰ ਯਹੋਵਾਹ ਦਾ ਇਹ ਮਕਸਦ ਸੀ ਕਿ ਉਸ ਦੀ ਇਹ ਪਵਿੱਤਰ ਕੌਮ ਕਨਾਨ ਦੇਸ਼ ਵਿਚ ਵੱਸੇ। ਇਸ ਲਈ ਉਸ ਨੇ ਇਸਰਾਏਲੀਆਂ ਨੂੰ ਕਾਨੂੰਨ ਦਿੱਤੇ ਸਨ ਤਾਂਕਿ ਉਹ ਕਨਾਨੀਆਂ ਤੋਂ ਦੂਰ ਰਹਿ ਕੇ ਉਸ ਦੀ ਪਵਿੱਤਰ ਸੇਵਾ ਕਰ ਸਕਣ। ਇਹ ਕਾਨੂੰਨ ਲੇਵੀਆਂ ਦੀ ਕਿਤਾਬ ਵਿਚ ਦਰਜ ਕੀਤੇ ਗਏ ਹਨ। ਮੂਸਾ ਨੇ ਤਕਰੀਬਨ 3,515 ਸਾਲ ਪਹਿਲਾਂ ਇਹ ਕਿਤਾਬ ਸੀਨਈ ਉਜਾੜ ਵਿਚ ਲਿਖੀ ਸੀ। ਇਸ ਵਿਚ ਤਕਰੀਬਨ ਇਕ ਮਹੀਨੇ ਦਾ ਇਸਰਾਏਲੀ ਇਤਿਹਾਸ ਦਰਜ ਹੈ। (ਕੂਚ 40:17; ਗਿਣਤੀ 1:1-3) ਇਸ ਵਿਚ ਯਹੋਵਾਹ ਨੇ ਆਪਣੇ ਦਾਸਾਂ ਨੂੰ ਪਵਿੱਤਰ ਬਣਨ ਲਈ ਵਾਰ-ਵਾਰ ਅਰਜ਼ ਕੀਤੀ ਸੀ।—ਲੇਵੀਆਂ 11:44; 19:2; 20:7, 26.
ਅੱਜ ਮਸੀਹੀ ਉਨ੍ਹਾਂ ਕਾਨੂੰਨਾਂ ਦੇ ਅਧੀਨ ਨਹੀਂ ਹਨ ਜੋ ਮੂਸਾ ਨੂੰ ਦਿੱਤੇ ਗਏ ਸਨ। ਯਿਸੂ ਦੀ ਮੌਤ ਨੇ ਇਨ੍ਹਾਂ ਕਾਨੂੰਨਾਂ ਯਾਨੀ ਸ਼ਰਾ ਨੂੰ ਖ਼ਤਮ ਕਰ ਦਿੱਤਾ ਸੀ। (ਰੋਮੀਆਂ 6:14; ਅਫ਼ਸੀਆਂ 2:11-16) ਪਰ ਫਿਰ ਵੀ ਜਿਹੜੇ ਕਾਨੂੰਨ ਅਸੀਂ ਲੇਵੀਆਂ ਦੀ ਕਿਤਾਬ ਵਿਚ ਪਾਉਂਦੇ ਹਾਂ, ਇਹ ਸਾਡੇ ਲਈ ਫ਼ਾਇਦੇਮੰਦ ਹੋ ਸਕਦੇ ਹਨ ਅਤੇ ਇਨ੍ਹਾਂ ਤੋਂ ਸਾਨੂੰ ਯਹੋਵਾਹ ਦੀ ਪੂਜਾ ਕਰਨ ਬਾਰੇ ਵੀ ਬਹੁਤ ਕੁਝ ਪਤਾ ਲੱਗ ਸਕਦਾ ਹੈ।
ਲਾਜ਼ਮੀ ਤੇ ਮਰਜ਼ੀ ਨਾਲ ਚੜ੍ਹਾਏ ਜਾਣ ਵਾਲੇ ਪਵਿੱਤਰ ਚੜ੍ਹਾਵੇ
ਸ਼ਰਾ ਦੇ ਅਨੁਸਾਰ ਕੁਝ ਭੇਟਾਂ ਅਤੇ ਬਲੀਆਂ ਆਪਣੀ ਮਰਜ਼ੀ ਨਾਲ ਚੜ੍ਹਾਈਆਂ ਜਾ ਸਕਦੀਆਂ ਸਨ, ਪਰ ਕੁਝ ਲਾਜ਼ਮੀ ਸਨ। ਮਿਸਾਲ ਵਜੋਂ ਹੋਮ ਬਲੀਆਂ ਆਪਣੀ ਮਰਜ਼ੀ ਨਾਲ ਚੜ੍ਹਾਈਆਂ ਜਾ ਸਕਦੀਆਂ ਸਨ। ਪੂਰੇ ਦਾ ਪੂਰਾ ਜਾਨਵਰ ਹੋਮ ਬਲੀ ਵਜੋਂ ਯਹੋਵਾਹ ਨੂੰ ਚੜ੍ਹਾਇਆ ਜਾਂਦਾ ਸੀ, ਠੀਕ ਜਿਵੇਂ ਯਿਸੂ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਯਹੋਵਾਹ ਨੂੰ ਦਿੱਤਾ ਸੀ। ਇਸ ਤੋਂ ਉਲਟ, ਸੁਖ ਸਾਂਦ ਦੀ ਬਲੀ ਸਾਂਝੀ ਕੀਤੀ ਜਾਂਦੀ ਸੀ। ਇਸ ਦਾ ਇਕ ਹਿੱਸਾ ਪਰਮੇਸ਼ੁਰ ਨੂੰ ਜਗਵੇਦੀ ਤੇ ਚੜ੍ਹਾਇਆ ਜਾਂਦਾ ਸੀ, ਇਕ ਹਿੱਸਾ ਜਾਜਕ ਦੇ ਖਾਣ ਵਾਸਤੇ ਸੀ ਅਤੇ ਆਖ਼ਰੀ ਹਿੱਸਾ ਭੇਟ ਦੇਣ ਵਾਲੇ ਨੂੰ ਦਿੱਤਾ ਜਾਂਦਾ ਸੀ। ਇਸੇ ਤਰ੍ਹਾਂ ਮਸਹ ਕੀਤੇ ਹੋਏ ਮਸੀਹੀਆਂ ਲਈ ਯਿਸੂ ਦੀ ਮੌਤ ਦੀ ਯਾਦਗਾਰ ਇਕ ਸਾਂਝਾ ਭੋਜਨ ਹੈ।—1 ਕੁਰਿੰਥੀਆਂ 10:16-22.
ਪਾਪ ਦੀਆਂ ਭੇਟਾਂ ਅਤੇ ਦੋਸ਼ ਦੀਆਂ ਭੇਟਾਂ ਚੜ੍ਹਾਉਣੀਆਂ ਲਾਜ਼ਮੀ ਸਨ। ਪਾਪ ਦੀਆਂ ਭੇਟਾਂ ਗ਼ਲਤੀਆਂ ਲਈ ਜਾਂ ਅਣਜਾਣੇ ਵਿਚ ਕੀਤੇ ਪਾਪਾਂ ਲਈ ਚੜ੍ਹਾਈਆਂ ਜਾਂਦੀਆਂ ਸਨ। ਦੋਸ਼ ਦੀਆਂ ਭੇਟਾਂ ਕਿਸੇ ਹੋਰ ਦੇ ਹੱਕਾਂ ਦੀ ਉਲੰਘਣਾ ਕਰਨ ਕਰਕੇ ਚੜ੍ਹਾਈਆਂ ਜਾਂਦੀਆਂ ਸਨ। ਇਹ ਉਦੋਂ ਵੀ ਚੜ੍ਹਾਈਆਂ ਜਾਂਦੀਆਂ ਸਨ ਜਦੋਂ ਤੋਬਾ ਕਰਨ ਤੇ ਦੋਸ਼ੀ ਤੋਂ ਪਾਬੰਦੀਆਂ ਹਟਾਈਆਂ ਜਾਂਦੀਆਂ ਸਨ। ਪਰ ਕਦੀ-ਕਦੀ ਇਹ ਭੇਟ ਦੋਹਾਂ ਗੱਲਾਂ ਲਈ ਚੜ੍ਹਾਈ ਜਾਂਦੀ ਸੀ। ਮੈਦੇ ਦੀਆਂ ਭੇਟਾਂ ਵੀ ਹੁੰਦੀਆਂ ਸਨ। ਇਹ ਯਹੋਵਾਹ ਦੇ ਪ੍ਰਬੰਧਾਂ ਲਈ ਧੰਨਵਾਦ ਕਰਨ ਲਈ ਚੜ੍ਹਾਈਆਂ ਜਾਂਦੀਆਂ ਸਨ। ਇਹ ਸਾਰੀਆਂ ਭੇਟਾਂ ਅੱਜ ਸਾਡੇ ਲਈ ਬਹੁਤ ਮਾਅਨੇ ਰੱਖਦੀਆਂ ਹਨ ਕਿਉਂਕਿ ਜੋ ਭੇਟਾਂ ਸ਼ਰਾ ਦੇ ਅਧੀਨ ਚੜ੍ਹਾਈਆਂ ਗਈਆਂ ਸਨ, ਇਹ ਯਿਸੂ ਮਸੀਹ ਅਤੇ ਉਸ ਦੇ ਬਲੀਦਾਨ ਜਾਂ ਇਸ ਤੋਂ ਮਿਲਣ ਵਾਲੇ ਫ਼ਾਇਦਿਆਂ ਨੂੰ ਦਰਸਾਉਂਦੀਆਂ ਹਨ।—ਇਬਰਾਨੀਆਂ 8:3-6; 9:9-14; 10:5-10.
ਕੁਝ ਸਵਾਲਾਂ ਦੇ ਜਵਾਬ:
2:11, 12—“ਅੱਗ ਦੀ ਭੇਟ” ਵਜੋਂ ਸ਼ਹਿਦ ਸਾੜਨਾ ਪਰਮੇਸ਼ੁਰ ਨੂੰ ਮਨਜ਼ੂਰ ਕਿਉਂ ਨਹੀਂ ਸੀ? ਇੱਥੇ ਮਧੂ-ਮੱਖੀਆਂ ਦੇ ਸ਼ਹਿਦ ਬਾਰੇ ਗੱਲ ਨਹੀਂ ਕੀਤੀ ਜਾ ਰਹੀ। ਭਾਵੇਂ ਕਿ ਇਸ ਸ਼ਹਿਦ ਨੂੰ “ਅੱਗ ਦੀ ਭੇਟ” ਵਜੋਂ ਨਹੀਂ ਸਾੜਿਆ ਜਾ ਸਕਦਾ ਸੀ, ਪਰ ਇਹ “ਖੇਤ ਦੀ ਪਹਿਲੀ ਪੈਦਾਵਾਰ” ਵਿਚ ਗਿਣਿਆ ਜਾਂਦਾ ਸੀ। (2 ਇਤਹਾਸ 31:5) ਸਪੱਸ਼ਟ ਹੈ ਕਿ ਇੱਥੇ ਜ਼ਿਕਰ ਕੀਤਾ ਗਿਆ ਸ਼ਹਿਦ ਫਲਾਂ ਦਾ ਰਸ ਜਾਂ ਸ਼ਰਬਤ ਸੀ। ਇਹ ਸ਼ਹਿਦ ਖ਼ਮੀਰਾ ਹੋ ਸਕਦਾ ਸੀ ਜਿਸ ਕਰਕੇ ਇਸ ਨੂੰ ਜਗਵੇਦੀ ਤੇ ਚੜ੍ਹਾਉਣਾ ਮਨ੍ਹਾ ਸੀ।
2:13—ਲੂਣ “ਸਭਨਾਂ ਚੜ੍ਹਾਵਿਆਂ” ਵਿਚ ਕਿਉਂ ਰਲਾਉਣਾ ਪੈਂਦਾ ਸੀ? ਲੂਣ ਚੜ੍ਹਾਵੇ ਨੂੰ ਸੁਆਦਲਾ ਬਣਾਉਣ ਲਈ ਨਹੀਂ ਰਲਾਇਆ ਜਾਂਦਾ ਸੀ। ਦੁਨੀਆਂ ਭਰ ਵਿਚ ਲੂਣ ਚੀਜ਼ਾਂ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਵਰਤਿਆ ਜਾਂਦਾ ਹੈ। ਤਾਂ ਫਿਰ ਲੂਣ ਬਲੀਆਂ ਨਾਲ ਇਸ ਲਈ ਚੜ੍ਹਾਇਆ ਜਾਂਦਾ ਸੀ ਕਿਉਂਕਿ ਇਹ ਸ਼ੁੱਧਤਾ ਨੂੰ ਦਰਸਾਉਂਦਾ ਸੀ।
ਸਾਡੇ ਲਈ ਸਬਕ:
3:17. ਜਾਨਵਰ ਦੀ ਚਰਬੀ ਨੂੰ ਉਸ ਦਾ ਸਭ ਤੋਂ ਵਧੀਆ ਹਿੱਸਾ ਸਮਝਿਆ ਜਾਂਦਾ ਸੀ। ਚਰਬੀ ਨੂੰ ਖਾਣ ਤੋਂ ਮਨਾਹੀ ਇਸਰਾਏਲੀਆਂ ਨੂੰ ਯਾਦ ਕਰਾਉਂਦਾ ਸੀ ਕਿ ਸਭ ਤੋਂ ਵਧੀਆ ਹਿੱਸਾ ਯਹੋਵਾਹ ਨੂੰ ਦਿੱਤਾ ਜਾਣਾ ਚਾਹੀਦਾ ਸੀ। (ਉਤਪਤ 45:18) ਇਸ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਵੀ ਯਹੋਵਾਹ ਦੀ ਸੇਵਾ ਨੂੰ ਆਪਣੀਆਂ ਜ਼ਿੰਦਗੀਆਂ ਵਿਚ ਪਹਿਲੇ ਦਰਜੇ ਤੇ ਰੱਖਣਾ ਚਾਹੀਦਾ ਹੈ।—ਕਹਾਉਤਾਂ 3:9, 10; ਕੁਲੁੱਸੀਆਂ 3:23, 24.
7:26, 27. ਇਸਰਾਏਲੀਆਂ ਨੂੰ ਲਹੂ ਖਾਣ ਤੋਂ ਮਨ੍ਹਾ ਕੀਤਾ ਗਿਆ ਸੀ। ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਲਹੂ ਜਾਨ ਨੂੰ ਦਰਸਾਉਂਦਾ ਹੈ। ਲੇਵੀਆਂ 17:11 ਵਿਚ ਲਿਖਿਆ ਹੈ: “ਸਰੀਰ ਦੀ ਜਿੰਦ ਉਸ ਦੇ ਲਹੂ ਵਿੱਚ ਹੈ।” ਅੱਜ ਵੀ ਪਰਮੇਸ਼ੁਰ ਦੇ ਭਗਤਾਂ ਨੂੰ ਉਸ ਦੇ ਇਸ ਹੁਕਮ ਦੀ ਪਾਲਣਾ ਕਰ ਕੇ ਲਹੂ ਤੋਂ ਬਚੇ ਰਹਿਣ ਦੀ ਲੋੜ ਹੈ।—ਰਸੂਲਾਂ ਦੇ ਕਰਤੱਬ 15:28, 29.
ਪਵਿੱਤਰ ਜਾਜਕਾਈ ਦੀ ਸਥਾਪਨਾ
ਭੇਟਾਂ ਅਤੇ ਬਲੀਆਂ ਚੜ੍ਹਾਉਣ ਦੀਆਂ ਜ਼ਿੰਮੇਵਾਰੀਆਂ ਕਿਨ੍ਹਾਂ ਨੂੰ ਦਿੱਤੀਆਂ ਗਈਆਂ ਸਨ? ਇਹ ਜਾਜਕਾਂ ਦਾ ਕੰਮ ਸੀ। ਪਰਮੇਸ਼ੁਰ ਦੇ ਹੁਕਮ ਅਨੁਸਾਰ ਮੂਸਾ ਨੇ ਹਾਰੂਨ ਨੂੰ ਪ੍ਰਧਾਨ ਜਾਜਕ ਵਜੋਂ ਨਿਯੁਕਤ ਕੀਤਾ ਅਤੇ ਉਸ ਦੇ ਚਾਰ ਪੁੱਤਰਾਂ ਨੂੰ ਉਪ-ਜਾਜਕਾਂ ਵਜੋਂ ਠਹਿਰਾਇਆ। ਉਨ੍ਹਾਂ ਨੂੰ ਮਸਹ ਕਰਨ ਦੀ ਇਹ ਧਾਰਮਿਕ ਰੀਤ ਸੱਤ ਦਿਨਾਂ ਤਕ ਚੱਲਦੀ ਸੀ ਅਤੇ ਉਨ੍ਹਾਂ ਨੇ ਅੱਠਵੇਂ ਦਿਨ ਤੇ ਜਾਜਕਾਂ ਵਜੋਂ ਆਪਣਾ ਕੰਮ ਸ਼ੁਰੂ ਕਰਨਾ ਸੀ।
ਕੁਝ ਸਵਾਲਾਂ ਦੇ ਜਵਾਬ:
9:9—ਜਗਵੇਦੀ ਦੇ ਹੇਠ ਲਹੂ ਡੋਲ੍ਹਣ ਅਤੇ ਇਸ ਨੂੰ ਹੋਰ ਚੀਜ਼ਾਂ ਤੇ ਲਾਉਣ ਦਾ ਕੀ ਮਤਲਬ ਸੀ? ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਪਾਪਾਂ ਦੇ ਪ੍ਰਾਸਚਿਤ ਲਈ ਲਹੂ ਸਵੀਕਾਰ ਕਰਦਾ ਸੀ। ਸਿਰਫ਼ ਲਹੂ ਨਾਲ ਹੀ ਪ੍ਰਾਸਚਿਤ ਕੀਤਾ ਜਾ ਸਕਦਾ ਸੀ। ਪੌਲੁਸ ਰਸੂਲ ਨੇ ਲਿਖਿਆ: “ਸ਼ਰਾ ਦੇ ਅਨੁਸਾਰ ਲਗ ਭਗ ਸਾਰੀਆਂ ਵਸਤਾਂ ਲਹੂ ਨਾਲ ਸ਼ੁੱਧ ਕੀਤੀਆਂ ਜਾਂਦੀਆਂ ਹਨ ਅਤੇ ਬਿਨਾ ਲਹੂ ਵਹਾਏ ਮਾਫ਼ੀ ਹੁੰਦੀ ਹੀ ਨਹੀਂ।”—ਇਬਰਾਨੀਆਂ 9:22.
10:1, 2—ਹਾਰੂਨ ਦੇ ਪੁੱਤਰਾਂ ਨਾਦਾਬ ਅਤੇ ਅਬੀਹੂ ਨੇ ਸ਼ਾਇਦ ਕਿਹੜੀ ਗੰਭੀਰ ਗ਼ਲਤੀ ਕੀਤੀ? ਜਾਜਕਾਂ ਵਜੋਂ ਸੇਵਾ ਕਰਦੇ ਨਾਦਾਬ ਅਤੇ ਅਬੀਹੂ ਦੇ ਪਾਪ ਤੋਂ ਬਾਅਦ ਯਹੋਵਾਹ ਨੇ ਜਾਜਕਾਂ ਨੂੰ ਸ਼ਰਾਬ ਪੀ ਕੇ ਡੇਹਰੇ ਵਿਚ ਸੇਵਾ ਕਰਨ ਤੋਂ ਮਨ੍ਹਾ ਕੀਤਾ ਸੀ। (ਲੇਵੀਆਂ 10:9) ਇਸ ਤੋਂ ਪਤਾ ਲੱਗਦਾ ਹੈ ਕਿ ਸ਼ਾਇਦ ਹਾਰੂਨ ਦੇ ਪੁੱਤਰ ਗ਼ਲਤੀ ਕਰਨ ਵੇਲੇ ਸ਼ਰਾਬੀ ਹੋਏ ਪਏ ਸਨ। ਪਰ, ਉਨ੍ਹਾਂ ਨੇ ਇਸ ਲਈ ਨਹੀਂ ਆਪਣੀਆਂ ਜਾਨਾਂ ਗੁਆਈਆਂ, ਸਗੋਂ ਇਸ ਲਈ ਕਿ ਉਨ੍ਹਾਂ ਨੇ “ਓਪਰਾ ਧੂਪ ਧੁਖਾਇਆ ਜਿਸ ਤੋਂ [ਯਹੋਵਾਹ] ਨੇ ਵਰਜਿਆ ਸੀ।”
ਸਾਡੇ ਲਈ ਸਬਕ:
10:1, 2. ਅੱਜ ਯਹੋਵਾਹ ਦੇ ਜਿਨ੍ਹਾਂ ਸੇਵਕਾਂ ਨੂੰ ਕਲੀਸਿਯਾ ਵਿਚ ਖ਼ਾਸ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਹਨ, ਉਨ੍ਹਾਂ ਲਈ ਉਸ ਦੇ ਹੁਕਮਾਂ ਤੇ ਚੱਲਣਾ ਅਤਿ ਜ਼ਰੂਰੀ ਹੈ। ਇਸ ਦੇ ਨਾਲ-ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਉਨ੍ਹਾਂ ਨੂੰ ਆਪਣੀਆਂ ਹੱਦਾਂ ਦੇ ਅੰਦਰ ਰਹਿਣਾ ਚਾਹੀਦਾ ਹੈ।
10:9. ਪਰਮੇਸ਼ੁਰ ਤੋਂ ਮਿਲੀਆਂ ਆਪਣੀਆਂ ਜ਼ਿੰਮੇਵਾਰੀਆਂ ਸਾਨੂੰ ਸ਼ਰਾਬ ਦੇ ਨਸ਼ੇ ਵਿਚ ਨਹੀਂ ਨਿਭਾਉਣੀਆਂ ਚਾਹੀਦੀਆਂ।
ਪਵਿੱਤਰ ਸੇਵਾ ਕਰਨ ਵਾਸਤੇ ਸ਼ੁੱਧ ਹੋਣ ਦੀ ਲੋੜ ਹੈ
ਸ਼ੁੱਧ ਅਤੇ ਅਸ਼ੁੱਧ ਜਾਨਵਰਾਂ ਦੇ ਖਾਣ ਸੰਬੰਧੀ ਨਿਯਮਾਂ ਤੋਂ ਇਸਰਾਏਲੀਆਂ ਨੂੰ ਖ਼ਾਸ ਕਰਕੇ ਦੋ ਤਰੀਕਿਆਂ ਨਾਲ ਫ਼ਾਇਦਾ ਹੋਇਆ। ਇਨ੍ਹਾਂ ਨਿਯਮਾਂ ਨੇ ਉਨ੍ਹਾਂ ਨੂੰ ਬੀਮਾਰੀਆਂ ਤੋਂ ਬਚਾਇਆ ਅਤੇ ਉਨ੍ਹਾਂ ਨੂੰ ਆਲੇ-ਦੁਆਲੇ ਦੇ ਲੋਕਾਂ ਤੋਂ ਅਲੱਗ ਰੱਖਿਆ ਸੀ। ਇਸ ਤੋਂ ਇਲਾਵਾ, ਲਾਸ਼ਾਂ ਤੋਂ ਅਸ਼ੁੱਧ ਨਾ ਹੋਣ, ਜਣੇਪੇ ਬਾਅਦ ਸ਼ੁੱਧ ਹੋਣ, ਕੋੜ੍ਹ ਤੋਂ ਰੱਖਿਆ ਕਰਨ ਅਤੇ ਮਰਦ ਅਤੇ ਔਰਤਾਂ ਦੇ ਗੁਪਤ ਅੰਗਾਂ ਵਿੱਚੋਂ ਤਰਲ ਵਗਣ ਕਾਰਨ ਅਸ਼ੁੱਧਤਾ ਸੰਬੰਧੀ ਨਿਯਮ ਵੀ ਸਨ। ਲੋਕਾਂ ਦੀ ਅਸ਼ੁੱਧਤਾ ਸੰਬੰਧੀ ਮਾਮਲਿਆਂ ਦੀ ਦੇਖ-ਭਾਲ ਕਰਨੀ ਜਾਜਕਾਂ ਦੀ ਜ਼ਿੰਮੇਵਾਰੀ ਸੀ।
ਕੁਝ ਸਵਾਲਾਂ ਦੇ ਜਵਾਬ:
12:2, 5—ਇਕ ਔਰਤ ਬੱਚਾ ਜਣਨ ਤੇ “ਅਪਵਿੱਤ੍ਰ” ਕਿਸ ਤਰ੍ਹਾਂ ਬਣ ਜਾਂਦੀ ਸੀ? ਜਣਨ ਅੰਗ ਸੰਪੂਰਣ ਬੱਚੇ ਪੈਦਾ ਕਰਨ ਲਈ ਬਣਾਏ ਗਏ ਸਨ। ਪਰ ਪਹਿਲੇ ਤੀਵੀਂ-ਆਦਮੀ ਦੇ ਪਾਪ ਦੇ ਨਤੀਜੇ ਵਜੋਂ ਸਾਰਿਆਂ ਨੇ ਵਿਰਸੇ ਵਿਚ ਪਾਪ ਹਾਸਲ ਕੀਤਾ ਹੈ। ਬੱਚੇ ਜਣਨ, ਮਾਹਵਾਰੀ ਆਉਣ ਤੇ ਮਣੀ ਨਿਕਲਣ ਵਰਗੀਆਂ ਗੱਲਾਂ ਦੇ ਕਾਰਨ ਲੋਕ ‘ਅਸ਼ੁੱਧ’ ਹੋ ਜਾਂਦੇ ਸਨ। ‘ਅਸ਼ੁੱਧਤਾ’ ਦੀ ਹਾਲਤ ਵਿਚ ਲੋਕਾਂ ਨੂੰ ਵਿਰਸੇ ਵਿਚ ਮਿਲੇ ਆਪਣੇ ਪਾਪ ਬਾਰੇ ਯਾਦ ਦਿਲਾਇਆ ਜਾਂਦਾ ਸੀ। (ਲੇਵੀਆਂ 15:16-24; ਜ਼ਬੂਰਾਂ ਦੀ ਪੋਥੀ 51:5; ਰੋਮੀਆਂ 5:12) ਸ਼ਰਾ ਦੇ ਮੁਤਾਬਕ ਸ਼ੁੱਧ ਹੋਣ ਸੰਬੰਧੀ ਕਾਨੂੰਨ ਇਸਰਾਏਲੀਆਂ ਨੂੰ ਇਹ ਗੱਲ ਸਮਝਣ ਵਿਚ ਮਦਦ ਕਰਦੇ ਸਨ ਕਿ ਉਨ੍ਹਾਂ ਨੂੰ ਇਕ ਖ਼ਾਸ ਬਲੀਦਾਨ ਦੀ ਲੋੜ ਸੀ ਜਿਸ ਰਾਹੀਂ ਪਾਪ ਤੋਂ ਛੁਟਕਾਰਾ ਅਤੇ ਸੰਪੂਰਣ ਜ਼ਿੰਦਗੀ ਮਿਲ ਸਕਦੀ ਸੀ। ਇਸ ਤਰ੍ਹਾਂ ਸ਼ਰਾ ਉਨ੍ਹਾਂ ਲਈ ‘ਮਸੀਹ ਦੇ ਆਉਣ ਤੀਕੁਰ ਨਿਗਾਹਬਾਨ ਬਣੀ।’—ਗਲਾਤੀਆਂ 3:24.
15:16-18—ਇਨ੍ਹਾਂ ਆਇਤਾਂ ਵਿਚ ‘ਬਿੰਦ ਨਿੱਕਲਣ’ ਦਾ ਮਤਲਬ ਕੀ ਹੈ? ਇੱਥੇ ਰਾਤ ਨੂੰ ਮਣੀ ਦੇ ਕੁਦਰਤੀ ਵਹਾਅ ਅਤੇ ਜਿਨਸੀ ਸੰਬੰਧਾਂ ਦੌਰਾਨ ਵਹਾਅ ਬਾਰੇ ਗੱਲ ਕੀਤੀ ਜਾ ਰਹੀ ਹੈ।
ਸਾਡੇ ਲਈ ਸਬਕ:
11:45. ਯਹੋਵਾਹ ਪਰਮੇਸ਼ੁਰ ਪਵਿੱਤਰ ਹੈ, ਇਸ ਲਈ ਉਹ ਚਾਹੁੰਦਾ ਹੈ ਕਿ ਉਸ ਦੇ ਭਗਤ ਵੀ ਪਵਿੱਤਰ ਹੋਣ। ਉਨ੍ਹਾਂ ਲਈ ਜ਼ਰੂਰੀ ਹੈ ਕਿ ਉਹ ਰੂਹਾਨੀ ਅਤੇ ਸਰੀਰਕ ਤੌਰ ਤੇ ਸ਼ੁੱਧ ਰਹਿਣ।—2 ਕੁਰਿੰਥੀਆਂ 7:1; 1 ਪਤਰਸ 1:15, 16.
12:8. ਯਹੋਵਾਹ ਨੇ ਗ਼ਰੀਬਾਂ ਨੂੰ ਪਾਪ ਦੀ ਭੇਟ ਵਜੋਂ ਮਹਿੰਗੀਆਂ ਭੇਡਾਂ ਦੀ ਬਜਾਇ ਪੰਛੀ ਚੜ੍ਹਾਉਣ ਦੀ ਇਜਾਜ਼ਤ ਦਿੱਤੀ ਸੀ। ਉਹ ਗ਼ਰੀਬਾਂ ਦੀ ਚਿੰਤਾ ਕਰਦਾ ਹੈ।
ਪਵਿੱਤਰ ਬਣੇ ਰਹਿਣਾ ਅਤਿ ਜ਼ਰੂਰੀ ਹੈ
ਪਾਪਾਂ ਲਈ ਸਭ ਤੋਂ ਜ਼ਰੂਰੀ ਬਲੀਆਂ ਪ੍ਰਾਸਚਿਤ ਦੇ ਦਿਨ ਤੇ ਚੜ੍ਹਾਈਆਂ ਜਾਂਦੀਆਂ ਸਨ। ਜਾਜਕਾਂ ਅਤੇ ਲੇਵੀਆਂ ਦੇ ਗੋਤ ਲਈ ਇਕ ਬਲਦ ਚੜ੍ਹਾਇਆ ਜਾਂਦਾ ਸੀ। ਇਸਰਾਏਲ ਦੇ ਗ਼ੈਰ-ਜਾਜਕੀ ਗੋਤਾਂ ਲਈ ਇਕ ਬੱਕਰਾ ਚੜ੍ਹਾਇਆ ਜਾਂਦਾ ਸੀ ਅਤੇ ਦੂਜੇ ਬੱਕਰੇ ਉੱਤੇ ਲੋਕਾਂ ਦੇ ਗੁਨਾਹਾਂ ਦਾ ਇਕਬਾਲ ਕਰ ਕੇ ਉਸ ਨੂੰ ਉਜਾੜ ਵਿਚ ਭੇਜਿਆ ਜਾਂਦਾ ਸੀ। ਇਨ੍ਹਾਂ ਦੋਵਾਂ ਬੱਕਰਿਆਂ ਨੂੰ ਪਾਪ ਦੀ ਇੱਕੋ ਭੇਟ ਵਜੋਂ ਸਮਝਿਆ ਜਾਂਦਾ ਸੀ। ਇਹ ਭੇਟ ਇਸ ਗੱਲ ਨੂੰ ਦਰਸਾਉਂਦੀ ਸੀ ਕਿ ਯਿਸੂ ਦੀ ਬਲੀ ਦਿੱਤੀ ਜਾਣੀ ਸੀ ਅਤੇ ਇਸ ਰਾਹੀਂ ਲੋਕਾਂ ਦੇ ਪਾਪ ਚੁੱਕ ਕੇ ਲੈ ਜਾਣੇ ਸਨ।
ਮੀਟ ਖਾਣ ਅਤੇ ਹੋਰ ਗੱਲਾਂ ਬਾਰੇ ਨਿਯਮ ਇਸ ਗੱਲ ਤੇ ਜ਼ੋਰ ਪਾਉਂਦੇ ਹਨ ਕਿ ਯਹੋਵਾਹ ਦੇ ਭਗਤਾਂ ਨੂੰ ਪਵਿੱਤਰ ਹੋਣ ਦੀ ਲੋੜ ਹੈ। ਇਹ ਵੀ ਜ਼ਰੂਰੀ ਸੀ ਕਿ ਜਾਜਕ ਆਪਣੇ ਆਪ ਨੂੰ ਪਵਿੱਤਰ ਰੱਖਣ। ਸਾਲ ਵਿਚ ਤਿੰਨ ਤਿਉਹਾਰ ਮਨਾਏ ਜਾਂਦੇ ਸਨ ਅਤੇ ਇਹ ਖ਼ੁਸ਼ੀ-ਭਰੇ ਮੌਕੇ ਹੁੰਦੇ ਸਨ ਜਿਨ੍ਹਾਂ ਦੌਰਾਨ ਪਰਮੇਸ਼ੁਰ ਦਾ ਸ਼ੁਕਰੀਆ ਕੀਤਾ ਜਾਂਦਾ ਸੀ। ਯਹੋਵਾਹ ਨੇ ਉਸ ਦੇ ਨਾਂ ਦੀ ਬਦਨਾਮੀ, ਸਬਤ ਅਤੇ ਜੁਬਲੀਆਂ ਮਨਾਉਣ, ਗ਼ਰੀਬਾਂ ਅਤੇ ਦਾਸਾਂ ਨਾਲ ਪੇਸ਼ ਆਉਣ ਅਤੇ ਹੋਰ ਕਈ ਚੀਜ਼ਾਂ ਬਾਰੇ ਵੀ ਨਿਯਮ ਦਿੱਤੇ ਸਨ। ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਣ ਦੀਆਂ ਬਰਕਤਾਂ ਦੀ ਤੁਲਨਾ ਉਨ੍ਹਾਂ ਨੂੰ ਰੱਦ ਕਰਨ ਦੇ ਸਰਾਪਾਂ ਨਾਲ ਕੀਤੀ ਗਈ ਹੈ। ਸਹੁੰ ਖਾਣ, ਕਿਸੇ ਚੀਜ਼ ਤੇ ਮੁੱਲ ਲਾਉਣ, ਜਾਨਵਰਾਂ ਦੇ ਪਲੇਠਿਆਂ ਅਤੇ ਦਸਵੰਧ ਹਿੱਸੇ ਨੂੰ “ਯਹੋਵਾਹ ਦੇ ਅੱਗੇ ਪਵਿੱਤ੍ਰ” ਠਹਿਰਾਉਣ ਨਾਲ ਸੰਬੰਧਿਤ ਬਲੀਆਂ ਬਾਰੇ ਵੀ ਨਿਯਮ ਹਨ।
ਕੁਝ ਸਵਾਲਾਂ ਦੇ ਜਵਾਬ:
16:29—ਇਸਰਾਏਲੀਆਂ ਨੇ “ਆਪਣੇ ਪ੍ਰਾਣਾਂ ਨੂੰ ਦੁਖ” ਕਿਸ ਤਰੀਕੇ ਨਾਲ ਦੇਣਾ ਸੀ? ਇਹ ਪਾਪਾਂ ਦੀ ਮਾਫ਼ੀ ਨਾਲ ਸੰਬੰਧ ਰੱਖਦਾ ਸੀ। ਉਨ੍ਹਾਂ ਸਮਿਆਂ ਵਿਚ ਲੋਕ ਆਪਣੇ ਪਾਪ ਕਬੂਲ ਕਰਨ ਲਈ ਵਰਤ ਰੱਖਦੇ ਹੁੰਦੇ ਸਨ। ਤਾਂ ਫਿਰ, ਇਸ ਤਰ੍ਹਾਂ ਲੱਗਦਾ ਹੈ ਕਿ ਪ੍ਰਾਸਚਿਤ ਦੇ ਦਿਨ ਦੇ ਮਗਰੋਂ ‘ਆਪਣੇ ਪ੍ਰਾਣਾਂ ਨੂੰ ਦੁੱਖ ਦੇਣ’ ਦਾ ਮਤਲਬ ਵਰਤ ਰੱਖਣਾ ਸੀ।
19:27—ਇਸ ਹੁਕਮ ਦਾ ਮਤਲਬ ਕੀ ਹੈ ਕਿ “ਤੁਸਾਂ ਆਪਣਿਆਂ ਸਿਰਾਂ ਦੀਆਂ ਨੁੱਕਰਾਂ ਨਾ ਮੁੰਨਾਵਣੀਆਂ, ਨਾ ਤੂੰ ਆਪਣੀ ਦਾੜ੍ਹੀ ਦੀਆਂ ਨੁੱਕਰਾਂ ਨੂੰ ਵਿਗਾੜ?” ਜ਼ਾਹਰ ਹੈ ਕਿ ਇਹ ਹੁਕਮ ਇਸਰਾਏਲੀਆਂ ਨੂੰ ਇਸ ਲਈ ਦਿੱਤਾ ਗਿਆ ਸੀ ਤਾਂਕਿ ਉਹ ਆਲੇ-ਦੁਆਲੇ ਦੇ ਦੇਸ਼ਾਂ ਦੀਆਂ ਗ਼ਲਤ ਰੀਤਾਂ ਅਨੁਸਾਰ ਆਪਣੇ ਵਾਲ ਨਾ ਮੁੰਨਵਾਉਣ। (ਯਿਰਮਿਯਾਹ 9:25, 26; 25:23; 49:32) ਪਰ ਯਹੋਵਾਹ ਦੇ ਇਸ ਹੁਕਮ ਦਾ ਇਹ ਮਤਲਬ ਨਹੀਂ ਸੀ ਕਿ ਇਸਰਾਏਲੀ ਆਪਣੀਆਂ ਦਾੜ੍ਹੀਆਂ ਵਗੈਰਾ ਸਵਾਰ ਨਹੀਂ ਸਕਦੇ ਸਨ।—2 ਸਮੂਏਲ 19:24.
25:35-37—ਕੀ ਇਸਰਾਏਲੀਆਂ ਲਈ ਕਰਜ਼ੇ ਤੇ ਵਿਆਜ ਲਾਉਣਾ ਹਮੇਸ਼ਾ ਗ਼ਲਤ ਸੀ? ਜੇ ਪੈਸਾ ਕਾਰੋਬਾਰ ਲਈ ਉਧਾਰ ਦਿੱਤਾ ਜਾਂਦਾ ਸੀ, ਤਾਂ ਦੇਣ ਵਾਲਾ ਵਿਆਜ ਲਾ ਸਕਦਾ ਸੀ। ਪਰ, ਪਰਮੇਸ਼ੁਰ ਦੀ ਬਿਵਸਥਾ ਦੇ ਅਧੀਨ ਜੇ ਕਿਸੇ ਗ਼ਰੀਬ ਦੀ ਮਦਦ ਲਈ ਉਸ ਨੂੰ ਉਧਾਰ ਪੈਸੇ ਦਿੱਤੇ ਜਾਣ, ਤਾਂ ਉਸ ਤੋਂ ਵਿਆਜ ਨਹੀਂ ਮੰਗਿਆ ਜਾਣਾ ਚਾਹੀਦਾ ਸੀ। ਕਿਸੇ ਗ਼ਰੀਬ ਦਾ ਫ਼ਾਇਦਾ ਉਠਾਉਣਾ ਬਿਲਕੁਲ ਗ਼ਲਤ ਸੀ।—ਕੂਚ 22:25.
26:19—‘ਅਕਾਸ਼ ਲੋਹੇ ਵਰਗਾ ਅਤੇ ਧਰਤੀ ਪਿੱਤਲ ਵਰਗੀ’ ਕਿਸ ਤਰ੍ਹਾਂ ਬਣ ਸਕਦੇ ਹਨ? ਕਨਾਨ ਦੇਸ਼ ਵਿਚ ਮੀਂਹ ਘੱਟ ਪੈਣ ਕਰਕੇ ਆਸਮਾਨ ਲੋਹੇ ਵਾਂਗ (ਜਿਸ ਵਿਚ ਪਾਣੀ ਨਹੀਂ ਰਚਦਾ) ਲੱਗਣ ਲੱਗ ਪਏ ਸਨ। ਮੀਂਹ ਤੋਂ ਬਿਨਾਂ ਧਰਤੀ ਦਾ ਪਿੱਤਲ ਵਰਗਾ ਚਮਕੀਲਾ ਰੰਗ ਹੋ ਗਿਆ ਹੋਣਾ।
26:26—ਇਸ ਦਾ ਕੀ ਮਤਲਬ ਹੈ ਕਿ “ਦਸ ਤੀਵੀਆਂ ਇੱਕੇ ਤੰਦੂਰ ਵਿੱਚ ਪਕਾਉਣਗੀਆਂ”? ਆਮ ਤੌਰ ਤੇ ਹਰੇਕ ਤੀਵੀਂ ਨੂੰ ਰੋਟੀ ਵਗੈਰਾ ਪਕਾਉਣ ਲਈ ਆਪੋ-ਆਪਣੇ ਤੰਦੂਰ ਦੀ ਲੋੜ ਸੀ। ਪਰ ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਖਾਣੇ ਦੀ ਇੰਨੀ ਥੁੜ੍ਹ ਹੋਵੇਗੀ ਕਿ ਦਸਾਂ ਤੀਵੀਆਂ ਕੋਲ ਇਕ ਤੰਦੂਰ ਵਿਚ ਬਣਾਉਣ ਜੋਗਾ ਹੀ ਖਾਣਾ ਹੋਵੇਗਾ। ਇਹ ਪਵਿੱਤਰ ਨਾ ਰਹਿਣ ਦਾ ਇਕ ਨਤੀਜਾ ਦੱਸਿਆ ਗਿਆ ਸੀ।
ਸਾਡੇ ਲਈ ਸਬਕ:
20:9. ਇਕ ਜ਼ਾਲਮ ਵਿਅਕਤੀ ਜੋ ਹੋਰਾਂ ਨਾਲ ਡਾਢੀ ਨਫ਼ਰਤ ਕਰਦਾ ਹੈ, ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਇਕ ਖ਼ੂਨੀ ਦੇ ਬਰਾਬਰ ਹੈ। ਇਸ ਲਈ ਜੋ ਇਨਸਾਨ ਆਪਣੇ ਮਾਪਿਆਂ ਨੂੰ ਫਿਟਕਾਰਦਾ ਹੈ, ਉਹ ਉਸੇ ਸਜ਼ਾ ਦੇ ਲਾਇਕ ਹੈ ਜੋ ਕਿਸੇ ਨੂੰ ਆਪਣੇ ਮਾਪਿਆਂ ਦੇ ਕਤਲ ਕਰਨ ਤੇ ਦਿੱਤੀ ਜਾਂਦੀ ਸੀ। ਕੀ ਇਹ ਗੱਲ ਸਾਨੂੰ ਆਪਣੇ ਭੈਣਾਂ-ਭਰਾਵਾਂ ਨਾਲ ਪਿਆਰ ਕਰਨ ਲਈ ਨਹੀਂ ਪ੍ਰੇਰਿਤ ਕਰਦੀ?
22:32; 24:10-16, 23. ਯਹੋਵਾਹ ਦੇ ਨਾਂ ਦੀ ਬਦਨਾਮੀ ਨਹੀਂ ਕੀਤੀ ਜਾਣੀ ਚਾਹੀਦੀ। ਇਸ ਦੀ ਬਜਾਇ, ਸਾਨੂੰ ਉਸ ਦੀ ਵਡਿਆਈ ਕਰਨੀ ਚਾਹੀਦੀ ਅਤੇ ਉਸ ਦੇ ਨਾਮ ਦੇ ਪਾਕ ਮੰਨੇ ਜਾਣ ਬਾਰੇ ਪ੍ਰਾਰਥਨਾ ਕਰਨੀ ਚਾਹੀਦੀ ਹੈ।—ਜ਼ਬੂਰਾਂ ਦੀ ਪੋਥੀ 7:17; ਮੱਤੀ 6:9.
ਲੇਵੀਆਂ ਦੀ ਕਿਤਾਬ ਦਾ ਸਾਡੀ ਭਗਤੀ ਤੇ ਅਸਰ
ਅੱਜ ਯਹੋਵਾਹ ਦੇ ਗਵਾਹ ਮੂਸਾ ਦੀ ਬਿਵਸਥਾ ਦੇ ਅਧੀਨ ਨਹੀਂ ਹਨ। (ਗਲਾਤੀਆਂ 3:23-25) ਪਰ ਲੇਵੀਆਂ ਦੀ ਕਿਤਾਬ ਵਿਚ ਕਈ ਗੱਲਾਂ ਬਾਰੇ ਸਾਨੂੰ ਯਹੋਵਾਹ ਦੇ ਵਿਚਾਰ ਪਤਾ ਲੱਗਦੇ ਹਨ, ਇਸ ਲਈ ਇਹ ਸਾਡੀ ਭਗਤੀ ਤੇ ਅਸਰ ਪਾ ਸਕਦੀ ਹੈ।
ਹਰੇਕ ਹਫ਼ਤੇ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਲਈ ਤਿਆਰੀ ਕਰਦੇ ਸਮੇਂ ਬਿਨਾਂ ਸ਼ੱਕ ਤੁਸੀਂ ਬਾਈਬਲ ਦੀ ਇਹ ਕਿਤਾਬ ਪੜ੍ਹ ਕੇ ਜ਼ਰੂਰ ਪ੍ਰਭਾਵਿਤ ਹੋਵੋਗੇ ਕਿ ਪਰਮੇਸ਼ੁਰ ਆਪਣੇ ਸੇਵਕਾਂ ਤੋਂ ਪਵਿੱਤਰ ਰਹਿਣ ਦੀ ਮੰਗ ਕਰਦਾ ਹੈ। ਇਸ ਕਿਤਾਬ ਤੋਂ ਮਿਲਦੀ ਜਾਣਕਾਰੀ ਤੁਹਾਨੂੰ ਅੱਤ ਮਹਾਨ ਪਰਮੇਸ਼ੁਰ ਦੀ ਪੂਰੇ ਦਿਲ ਨਾਲ ਸੇਵਾ ਕਰਨ ਅਤੇ ਹਮੇਸ਼ਾ ਪਵਿੱਤਰ ਬਣੇ ਰਹਿਣ ਲਈ ਪ੍ਰੇਰੇਗੀ।
[ਸਫ਼ੇ 21 ਉੱਤੇ ਤਸਵੀਰ]
ਮੂਸਾ ਦੀ ਬਿਵਸਥਾ ਅਧੀਨ ਬਲੀਆਂ ਭਵਿੱਖ ਵਿਚ ਯਿਸੂ ਅਤੇ ਉਸ ਦੀ ਬਲੀ ਵੱਲ ਇਸ਼ਾਰਾ ਕਰਦੀਆਂ ਸਨ
[ਸਫ਼ੇ 22 ਉੱਤੇ ਤਸਵੀਰ]
ਪਤੀਰੀ ਰੋਟੀ ਦਾ ਪਰਬ ਖ਼ੁਸ਼ੀ-ਭਰਿਆ ਮੌਕਾ ਸੀ
[ਸਫ਼ੇ 23 ਉੱਤੇ ਤਸਵੀਰ]
ਡੇਹਰਿਆਂ ਦੇ ਪਰਬ ਵਰਗੇ ਸਾਲਾਨਾ ਪਰਬ ਯਹੋਵਾਹ ਨੂੰ ਧੰਨਵਾਦ ਕਰਨ ਦੇ ਖ਼ੁਸ਼ੀ-ਭਰੇ ਮੌਕੇ ਸਨ