ਅਧਿਐਨ ਲੇਖ 47
ਅਸੀਂ ਲੇਵੀਆਂ ਦੀ ਕਿਤਾਬ ਤੋਂ ਕਿਹੜੇ ਸਬਕ ਸਿੱਖ ਸਕਦੇ ਹਾਂ?
“ਪੂਰਾ ਧਰਮ-ਗ੍ਰੰਥ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖਿਆ ਗਿਆ ਹੈ ਅਤੇ . . . ਫ਼ਾਇਦੇਮੰਦ ਹੈ।”—2 ਤਿਮੋ. 3:16.
ਗੀਤ 37 ਪਰਮੇਸ਼ੁਰ ਦਾ ਬਚਨ
ਖ਼ਾਸ ਗੱਲਾਂa
1-2. ਅੱਜ ਮਸੀਹੀਆਂ ਨੂੰ ਲੇਵੀਆਂ ਦੀ ਕਿਤਾਬ ਵਿਚ ਦਿਲਚਸਪੀ ਕਿਉਂ ਲੈਣੀ ਚਾਹੀਦੀ ਹੈ?
ਪੌਲੁਸ ਰਸੂਲ ਨੇ ਆਪਣੇ ਨੌਜਵਾਨ ਦੋਸਤ ਤਿਮੋਥਿਉਸ ਨੂੰ ਯਾਦ ਕਰਾਇਆ ਕਿ “ਪੂਰਾ ਧਰਮ-ਗ੍ਰੰਥ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖਿਆ ਗਿਆ ਹੈ ਅਤੇ . . . ਫ਼ਾਇਦੇਮੰਦ ਹੈ।” (2 ਤਿਮੋ. 3:16) ਬਾਈਬਲ ਵਿਚ ਲੇਵੀਆਂ ਦੀ ਕਿਤਾਬ ਵੀ ਸ਼ਾਮਲ ਹੈ। ਤੁਸੀਂ ਇਸ ਕਿਤਾਬ ਬਾਰੇ ਕੀ ਸੋਚਦੇ ਹੋ? ਕੁਝ ਲੋਕ ਸ਼ਾਇਦ ਸੋਚਦੇ ਹਨ ਕਿ ਇਸ ਕਿਤਾਬ ਵਿਚ ਬਹੁਤ ਸਾਰੇ ਕਾਨੂੰਨ ਦਿੱਤੇ ਗਏ ਹਨ ਜੋ ਅੱਜ ਲਾਗੂ ਨਹੀਂ ਹੁੰਦੇ। ਪਰ ਸੱਚੇ ਮਸੀਹੀ ਇੱਦਾਂ ਨਹੀਂ ਸੋਚਦੇ।
2 ਲੇਵੀਆਂ ਦੀ ਕਿਤਾਬ ਤਕਰੀਬਨ 3,500 ਸਾਲ ਪਹਿਲਾਂ ਲਿਖੀ ਗਈ ਸੀ, ਪਰ ਯਹੋਵਾਹ ਨੇ ਇਹ ਕਿਤਾਬ “ਸਾਨੂੰ ਸਿੱਖਿਆ ਦੇਣ ਲਈ” ਸੰਭਾਲ ਕੇ ਰੱਖੀ। (ਰੋਮੀ. 15:4) ਲੇਵੀਆਂ ਦੀ ਕਿਤਾਬ ਤੋਂ ਸਾਨੂੰ ਯਹੋਵਾਹ ਦੀ ਸੋਚ ਪਤਾ ਲੱਗਦੀ ਹੈ। ਇਸ ਲਈ ਸਾਨੂੰ ਇਸ ਨੂੰ ਪੜ੍ਹਨ ਲਈ ਉਤਾਵਲੇ ਹੋਣਾ ਚਾਹੀਦਾ ਹੈ। ਅਸਲ ਵਿਚ, ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖੀ ਇਸ ਕਿਤਾਬ ਤੋਂ ਅਸੀਂ ਕਾਫ਼ੀ ਸਾਰੇ ਸਬਕ ਸਿੱਖ ਸਕਦੇ ਹਾਂ। ਆਓ ਆਪਾਂ ਇਨ੍ਹਾਂ ਵਿੱਚੋਂ ਚਾਰ ਸਬਕਾਂ ʼਤੇ ਗੌਰ ਕਰੀਏ।
ਅਸੀਂ ਯਹੋਵਾਹ ਦੀ ਮਨਜ਼ੂਰੀ ਕਿਵੇਂ ਪਾ ਸਕਦੇ ਹਾਂ?
3. ਹਰ ਸਾਲ ਪ੍ਰਾਸਚਿਤ ਦੇ ਦਿਨ ਬਲ਼ੀਆਂ ਕਿਉਂ ਚੜ੍ਹਾਈਆਂ ਜਾਂਦੀਆਂ ਸਨ?
3 ਪਹਿਲਾ ਸਬਕ: ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੀਆਂ ਬਲ਼ੀਆਂ ਸਵੀਕਾਰ ਕਰੇ, ਤਾਂ ਸਾਨੂੰ ਉਸ ਦੀ ਮਨਜ਼ੂਰੀ ਪਾਉਣ ਦੀ ਲੋੜ ਹੈ। ਹਰ ਸਾਲ ਪ੍ਰਾਸਚਿਤ ਦੇ ਦਿਨ ਇਜ਼ਰਾਈਲ ਕੌਮ ਇਕੱਠੀ ਹੋ ਕੇ ਬਲ਼ੀਆਂ ਚੜ੍ਹਾਉਣ ਆਉਂਦੀ ਸੀ। ਇਨ੍ਹਾਂ ਬਲ਼ੀਆਂ ਤੋਂ ਇਜ਼ਰਾਈਲੀਆਂ ਨੂੰ ਯਾਦ ਰਹਿੰਦਾ ਸੀ ਕਿ ਉਨ੍ਹਾਂ ਨੂੰ ਪਾਪ ਤੋਂ ਸ਼ੁੱਧ ਹੋਣ ਦੀ ਲੋੜ ਸੀ! ਪਰ ਉਸ ਦਿਨ ਅੱਤ ਪਵਿੱਤਰ ਕਮਰੇ ਵਿਚ ਬਲ਼ੀਆਂ ਦਾ ਖ਼ੂਨ ਲੈ ਕੇ ਜਾਣ ਤੋਂ ਪਹਿਲਾਂ ਮਹਾਂ ਪੁਜਾਰੀ ਨੂੰ ਇਕ ਹੋਰ ਜ਼ਰੂਰੀ ਕੰਮ ਕਰਨ ਦੀ ਲੋੜ ਹੁੰਦੀ ਸੀ। ਦਰਅਸਲ, ਇਹ ਕੰਮ ਇਜ਼ਰਾਈਲੀਆਂ ਨੂੰ ਪਾਪਾਂ ਦੀ ਮਾਫ਼ੀ ਦੁਆਉਣ ਨਾਲੋਂ ਜ਼ਿਆਦਾ ਜ਼ਰੂਰੀ ਸੀ।
4. ਲੇਵੀਆਂ 16:12, 13 ਮੁਤਾਬਕ ਮਹਾਂ ਪੁਜਾਰੀ ਪਹਿਲੀ ਵਾਰ ਪ੍ਰਾਸਚਿਤ ਦੇ ਦਿਨ ਅੱਤ ਪਵਿੱਤਰ ਕਮਰੇ ਵਿਚ ਜਾ ਕੇ ਕੀ ਕਰਦਾ ਸੀ? (ਪਹਿਲੇ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ।)
4 ਲੇਵੀਆਂ 16:12,13 ਪੜ੍ਹੋ। ਕਲਪਨਾ ਕਰੋ ਕਿ ਪ੍ਰਾਸਚਿਤ ਦੇ ਦਿਨ ਕੀ ਹੋ ਰਿਹਾ ਹੈ। ਮਹਾਂ ਪੁਜਾਰੀ ਡੇਰੇ ਵਿਚ ਜਾਂਦਾ ਹੈ। ਉਸ ਦਿਨ ਮਹਾਂ ਪੁਜਾਰੀ ਨੇ ਅੱਤ ਪਵਿੱਤਰ ਕਮਰੇ ਵਿਚ ਤਿੰਨ ਵਾਰੀ ਜਾਣਾ ਹੈ। ਉਹ ਪਹਿਲੀ ਵਾਰ ਅੱਤ ਪਵਿੱਤਰ ਕਮਰੇ ਵਿਚ ਜਾ ਰਿਹਾ ਹੈ। ਇਕ ਹੱਥ ਵਿਚ ਉਸ ਨੇ ਉਹ ਭਾਂਡਾ ਫੜਿਆ ਹੋਇਆ ਹੈ ਜਿਸ ਵਿਚ ਖ਼ੁਸ਼ਬੂਦਾਰ ਧੂਪ ਹੈ ਅਤੇ ਦੂਸਰੇ ਹੱਥ ਵਿਚ ਉਸ ਨੇ ਸੋਨੇ ਦੀ ਧੂਪਦਾਨੀ ਫੜੀ ਹੋਈ ਹੈ ਜਿਸ ਵਿਚ ਬਲ਼ਦੇ ਕੋਲੇ ਹਨ। ਉਹ ਉਸ ਪਰਦੇ ਅੱਗੇ ਖੜ੍ਹ ਜਾਂਦਾ ਹੈ ਜੋ ਅੱਤ ਪਵਿੱਤਰ ਕਮਰੇ ਤੋਂ ਪਹਿਲਾਂ ਹੈ। ਪੂਰੀ ਸ਼ਰਧਾ ਨਾਲ ਉਹ ਅੱਤ ਪਵਿੱਤਰ ਕਮਰੇ ਵਿਚ ਜਾਂਦਾ ਹੈ ਅਤੇ ਇਕਰਾਰ ਦੇ ਸੰਦੂਕ ਅੱਗੇ ਖੜ੍ਹਾ ਹੋ ਜਾਂਦਾ ਹੈ। ਇਕ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਉਹ ਯਹੋਵਾਹ ਪਰਮੇਸ਼ੁਰ ਦੀ ਹਜ਼ੂਰੀ ਵਿਚ ਖੜ੍ਹਾ ਹੈ! ਫਿਰ ਪੁਜਾਰੀ ਬੜੇ ਧਿਆਨ ਨਾਲ ਧੂਪ ਨੂੰ ਬਲ਼ਦੇ ਕੋਲਿਆਂ ʼਤੇ ਪਾਉਂਦਾ ਹੈ ਅਤੇ ਕਮਰਾ ਖ਼ੁਸ਼ਬੂ ਨਾਲ ਭਰ ਜਾਂਦਾ ਹੈ।b ਬਾਅਦ ਵਿਚ ਉਹ ਪਾਪ ਬਲ਼ੀਆਂ ਦਾ ਖ਼ੂਨ ਲੈ ਕੇ ਫਿਰ ਤੋਂ ਅੱਤ ਪਵਿੱਤਰ ਕਮਰੇ ਵਿਚ ਆਵੇਗਾ। ਧਿਆਨ ਦਿਓ ਕਿ ਉਹ ਪਾਪ ਬਲ਼ੀਆਂ ਦਾ ਖ਼ੂਨ ਚੜ੍ਹਾਉਣ ਤੋਂ ਪਹਿਲਾਂ ਧੂਪ ਧੁਖਾਉਂਦਾ ਹੈ।
5. ਪ੍ਰਾਸਚਿਤ ਦੇ ਦਿਨ ਵਰਤੇ ਜਾਂਦੇ ਧੂਪ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
5 ਪ੍ਰਾਸਚਿਤ ਦੇ ਦਿਨ ਵਰਤੇ ਜਾਂਦੇ ਧੂਪ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਬਾਈਬਲ ਵਿਚ ਯਹੋਵਾਹ ਦੇ ਵਫ਼ਾਦਾਰ ਭਗਤਾਂ ਦੀਆਂ ਉਨ੍ਹਾਂ ਪ੍ਰਾਰਥਨਾਵਾਂ ਦੀ ਤੁਲਨਾ ਧੂਪ ਨਾਲ ਕੀਤੀ ਗਈ ਹੈ ਜਿਨ੍ਹਾਂ ਨੂੰ ਪਰਮੇਸ਼ੁਰ ਸਵੀਕਾਰ ਕਰਦਾ ਹੈ। (ਜ਼ਬੂ. 141:2; ਪ੍ਰਕਾ. 5:8) ਯਾਦ ਕਰੋ ਕਿ ਮਹਾਂ ਪੁਜਾਰੀ ਬੜੀ ਸ਼ਰਧਾ ਨਾਲ ਧੂਪ ਨੂੰ ਯਹੋਵਾਹ ਦੀ ਹਜ਼ੂਰੀ ਵਿਚ ਲੈ ਕੇ ਗਿਆ। ਇਸੇ ਤਰ੍ਹਾਂ ਜਦੋਂ ਅਸੀਂ ਪ੍ਰਾਰਥਨਾ ਰਾਹੀਂ ਯਹੋਵਾਹ ਕੋਲ ਜਾਂਦੇ ਹਾਂ, ਤਾਂ ਅਸੀਂ ਇੱਦਾਂ ਪੂਰੇ ਆਦਰ ਨਾਲ ਕਰਦੇ ਹਾਂ। ਸਾਡਾ ਦਿਲ ਸ਼ਰਧਾ ਨਾਲ ਭਰਿਆ ਹੁੰਦਾ ਹੈ। ਅਸੀਂ ਇਸ ਗੱਲ ਦੀ ਬਹੁਤ ਕਦਰ ਕਰਦੇ ਹਾਂ ਕਿ ਪੂਰੀ ਕਾਇਨਾਤ ਦਾ ਸਿਰਜਣਹਾਰ ਸਾਨੂੰ ਆਪਣੇ ਨੇੜੇ ਆਉਣ ਦਿੰਦਾ ਹੈ ਜਿਵੇਂ ਬੱਚਾ ਆਪਣੇ ਪਿਤਾ ਕੋਲ ਜਾਂਦਾ ਹੈ। (ਯਾਕੂ. 4:8) ਉਹ ਸਾਨੂੰ ਆਪਣੇ ਦੋਸਤਾਂ ਵਜੋਂ ਕਬੂਲ ਕਰਦਾ ਹੈ! (ਕਹਾ. 3:32) ਅਸੀਂ ਇਸ ਸਨਮਾਨ ਦੀ ਇੰਨੀ ਕਦਰ ਕਰਦੇ ਹਾਂ ਕਿ ਅਸੀਂ ਕਦੇ ਵੀ ਉਸ ਦਾ ਦਿਲ ਨਹੀਂ ਦੁਖਾਉਣਾ ਚਾਹੁੰਦੇ।
6. ਮਹਾਂ ਪੁਜਾਰੀ ਬਲ਼ੀਆਂ ਚੜ੍ਹਾਉਣ ਤੋਂ ਪਹਿਲਾਂ ਧੂਪ ਧੁਖਾਉਂਦਾ ਸੀ, ਇਸ ਗੱਲ ਤੋਂ ਅਸੀਂ ਯਿਸੂ ਬਾਰੇ ਕੀ ਸਿੱਖ ਸਕਦੇ ਹਾਂ?
6 ਯਾਦ ਕਰੋ ਕਿ ਮਹਾਂ ਪੁਜਾਰੀ ਨੂੰ ਬਲ਼ੀਆਂ ਚੜ੍ਹਾਉਣ ਤੋਂ ਪਹਿਲਾਂ ਧੂਪ ਧੁਖਾਉਣੀ ਪੈਂਦੀ ਸੀ। ਇੱਦਾਂ ਕਰਨਾ ਮਹਾਂ ਪੁਜਾਰੀ ਲਈ ਬਹੁਤ ਜ਼ਿਆਦਾ ਜ਼ਰੂਰੀ ਸੀ ਤਾਂਕਿ ਉਹ ਮਰ ਨਾ ਜਾਵੇ (ਯਾਨੀ ਧੂਪ ਧੁਖਾ ਕੇ ਉਹ ਯਹੋਵਾਹ ਲਈ ਗਹਿਰਾ ਆਦਰ ਦਿਖਾਉਂਦਾ ਸੀ ਅਤੇ ਉਸ ਦੀ ਮਨਜ਼ੂਰੀ ਪਾਉਣੀ ਚਾਹੁੰਦਾ ਸੀ।) ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? ਧਰਤੀ ʼਤੇ ਹੁੰਦਿਆਂ ਯਿਸੂ ਨੂੰ ਇਕ ਜ਼ਰੂਰੀ ਕੰਮ ਕਰਨਾ ਪੈਣਾ ਸੀ ਜੋ ਇਨਸਾਨਾਂ ਨੂੰ ਮੁਕਤੀ ਦਿਵਾਉਣ ਤੋਂ ਵੀ ਜ਼ਿਆਦਾ ਜ਼ਰੂਰੀ ਸੀ। ਉਸ ਨੇ ਇਹ ਕੰਮ ਆਪਣੀ ਕੁਰਬਾਨੀ ਦੇਣ ਤੋਂ ਪਹਿਲਾਂ ਕਰਨਾ ਸੀ। ਇਹ ਕੰਮ ਕਿਹੜਾ ਸੀ? ਉਸ ਨੂੰ ਆਪਣੀ ਪੂਰੀ ਜ਼ਿੰਦਗੀ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣਾ ਪੈਣਾ ਸੀ ਤਾਂਕਿ ਯਹੋਵਾਹ ਉਸ ਦੀ ਕੁਰਬਾਨੀ ਨੂੰ ਕਬੂਲ ਕਰ ਸਕੇ। ਇਸ ਤਰ੍ਹਾਂ ਯਿਸੂ ਨੇ ਸਾਬਤ ਕਰਨਾ ਸੀ ਕਿ ਯਹੋਵਾਹ ਮੁਤਾਬਕ ਕੰਮ ਕਰਨਾ ਹੀ ਜ਼ਿੰਦਗੀ ਜੀਉਣ ਦਾ ਸਹੀ ਤਰੀਕਾ ਹੈ। ਯਿਸੂ ਨੇ ਦਿਖਾਉਣਾ ਸੀ ਕਿ ਉਸ ਦੇ ਪਿਤਾ ਦਾ ਰਾਜ ਕਰਨ ਦਾ ਹੱਕ ਸਹੀ ਹੈ।
7. ਧਰਤੀ ʼਤੇ ਹੁੰਦਿਆਂ ਯਿਸੂ ਨੇ ਜੋ ਵੀ ਕੀਤਾ, ਉਸ ਤੋਂ ਯਹੋਵਾਹ ਖ਼ੁਸ਼ ਕਿਉਂ ਸੀ?
7 ਧਰਤੀ ʼਤੇ ਆਪਣੀ ਪੂਰੀ ਜ਼ਿੰਦਗੀ ਦੌਰਾਨ ਯਿਸੂ ਪੂਰੀ ਤਰ੍ਹਾਂ ਯਹੋਵਾਹ ਦੇ ਆਗਿਆਕਾਰ ਰਹਿ ਕੇ ਉਸ ਦੇ ਧਰਮੀ ਮਿਆਰਾਂ ਮੁਤਾਬਕ ਚੱਲਿਆ। ਭਾਵੇਂ ਕਿ ਉਸ ਨੇ ਬਹੁਤ ਸਾਰੀਆਂ ਅਜ਼ਮਾਇਸ਼ਾਂ ਅਤੇ ਮੁਸ਼ਕਲਾਂ ਝੱਲੀਆਂ ਤੇ ਉਸ ਨੂੰ ਪਤਾ ਸੀ ਕਿ ਉਸ ਨੂੰ ਦਰਦਨਾਕ ਮੌਤ ਮਰਨਾ ਪੈਣਾ, ਫਿਰ ਵੀ ਉਸ ਨੇ ਇਹ ਦਿਖਾਉਣ ਦਾ ਪੱਕਾ ਇਰਾਦਾ ਕੀਤਾ ਹੋਇਆ ਸੀ ਕਿ ਉਸ ਦਾ ਪਿਤਾ ਹੀ ਸਭ ਤੋਂ ਵਧੀਆ ਰਾਜਾ ਹੈ। (ਫ਼ਿਲਿ. 2:8) ਮੁਸ਼ਕਲਾਂ ਦਾ ਸਾਮ੍ਹਣਾ ਕਰਦਿਆਂ ਯਿਸੂ ਨੇ “ਧਾਹਾਂ ਮਾਰ-ਮਾਰ ਕੇ ਅਤੇ ਹੰਝੂ ਵਹਾ-ਵਹਾ ਕੇ” ਪ੍ਰਾਰਥਨਾ ਕੀਤੀ। (ਇਬ. 5:7) ਉਸ ਦੀਆਂ ਦਿਲੋਂ ਕੀਤੀਆਂ ਪ੍ਰਾਰਥਨਾਵਾਂ ਨੇ ਦਿਖਾਇਆ ਕਿ ਉਹ ਯਹੋਵਾਹ ਪ੍ਰਤੀ ਵਫ਼ਾਦਾਰ ਸੀ ਅਤੇ ਇਨ੍ਹਾਂ ਨੇ ਆਗਿਆਕਾਰ ਰਹਿਣ ਦੇ ਉਸ ਦੇ ਇਰਾਦੇ ਨੂੰ ਹੋਰ ਪੱਕਾ ਕੀਤਾ। ਯਹੋਵਾਹ ਲਈ ਯਿਸੂ ਦੀਆਂ ਪ੍ਰਾਰਥਨਾਵਾਂ ਖ਼ੁਸ਼ਬੂਦਾਰ ਧੂਪ ਵਾਂਗ ਸਨ। ਯਿਸੂ ਦੇ ਜ਼ਿੰਦਗੀ ਜੀਉਣ ਦੇ ਤਰੀਕੇ ਤੋਂ ਉਸ ਦਾ ਪਿਤਾ ਬਹੁਤ ਖ਼ੁਸ਼ ਸੀ ਅਤੇ ਉਸ ਨੇ ਪਰਮੇਸ਼ੁਰ ਦੇ ਰਾਜ ਕਰਨ ਦੇ ਹੱਕ ਨੂੰ ਸਹੀ ਠਹਿਰਾਇਆ ਸੀ।
8. ਅਸੀਂ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ?
8 ਪੂਰੇ ਦਿਲ ਨਾਲ ਯਹੋਵਾਹ ਦੇ ਰਾਹਾਂ ਉੱਤੇ ਚੱਲ ਕੇ ਅਤੇ ਉਸ ਦੇ ਕਾਨੂੰਨਾਂ ਪ੍ਰਤੀ ਵਫ਼ਾਦਾਰ ਰਹਿ ਕੇ ਅਸੀਂ ਯਿਸੂ ਦੀ ਰੀਸ ਕਰ ਸਕਦੇ ਹਾਂ। ਮੁਸ਼ਕਲਾਂ ਦਾ ਸਾਮ੍ਹਣਾ ਕਰਦਿਆਂ ਅਸੀਂ ਦਿਲੋਂ ਯਹੋਵਾਹ ਨੂੰ ਮਦਦ ਲਈ ਪ੍ਰਾਰਥਨਾ ਕਰਦੇ ਹਾਂ ਕਿਉਂਕਿ ਅਸੀਂ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ। ਇੱਦਾਂ ਕਰ ਕੇ ਅਸੀਂ ਯਹੋਵਾਹ ਦੇ ਰਾਜ ਕਰਨ ਦੇ ਹੱਕ ਦਾ ਪੱਖ ਲੈਂਦੇ ਹਾਂ। ਸਾਨੂੰ ਪਤਾ ਹੈ ਕਿ ਜੇ ਅਸੀਂ ਉਹ ਕੰਮ ਕਰਦੇ ਹਾਂ ਜੋ ਯਹੋਵਾਹ ਮਨ੍ਹਾ ਕਰਦਾ ਹੈ, ਤਾਂ ਉਹ ਸਾਡੀਆਂ ਪ੍ਰਾਰਥਨਾਵਾਂ ਸਵੀਕਾਰ ਨਹੀਂ ਕਰੇਗਾ। ਪਰ ਯਹੋਵਾਹ ਦੇ ਮਿਆਰਾਂ ਮੁਤਾਬਕ ਜ਼ਿੰਦਗੀ ਜੀ ਕੇ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਲਈ ਸਾਡੀਆਂ ਦਿਲੋਂ ਕੀਤੀਆਂ ਪ੍ਰਾਰਥਨਾਵਾਂ ਖ਼ੁਸ਼ਬੂਦਾਰ ਧੂਪ ਵਾਂਗ ਹੋਣਗੀਆਂ। ਨਾਲੇ ਅਸੀਂ ਇਹ ਵੀ ਭਰੋਸਾ ਰੱਖ ਸਕਦੇ ਹਾਂ ਕਿ ਸਾਡੀ ਵਫ਼ਾਦਾਰੀ ਤੋਂ ਸਾਡਾ ਸਵਰਗੀ ਪਿਤਾ ਖ਼ੁਸ਼ ਹੁੰਦਾ ਹੈ।—ਕਹਾ. 27:11.
ਸ਼ੁਕਰਗੁਜ਼ਾਰ ਅਤੇ ਪਿਆਰ ਹੋਣ ਕਰਕੇ ਅਸੀਂ ਸੇਵਾ ਕਰਦੇ ਹਾਂ
9. ਸੁੱਖ-ਸਾਂਦ ਦੀਆਂ ਬਲ਼ੀਆਂ ਕਿਉਂ ਚੜ੍ਹਾਈਆਂ ਜਾਂਦੀਆਂ ਸਨ?
9 ਦੂਜਾ ਸਬਕ: ਸ਼ੁਕਰਗੁਜ਼ਾਰ ਹੋਣ ਕਰਕੇ ਅਸੀਂ ਯਹੋਵਾਹ ਦੀ ਸੇਵਾ ਕਰਦੇ ਹਾਂ। ਇਸ ਨੂੰ ਧਿਆਨ ਵਿਚ ਰੱਖਦਿਆਂ ਆਓ ਆਪਾਂ ਸੁੱਖ-ਸਾਂਦ ਦੀਆਂ ਬਲ਼ੀਆਂ ʼਤੇ ਗੌਰ ਕਰੀਏ ਜੋ ਇਜ਼ਰਾਈਲੀ ਚੜ੍ਹਾਉਂਦੇ ਸਨ।c ਲੇਵੀਆਂ ਦੀ ਕਿਤਾਬ ਵਿਚ ਅਸੀਂ ਪੜ੍ਹਦੇ ਹਾਂ ਕਿ ਇਕ ਇਜ਼ਰਾਈਲੀ ਸੁੱਖ-ਸਾਂਦ ਦੀ ਬਲ਼ੀ “ਧੰਨਵਾਦ ਦੀ ਭੇਟ” ਵਜੋਂ ਚੜ੍ਹਾਉਂਦਾ ਸੀ। (ਲੇਵੀ. 7:11-13, 16-18) ਉਹ ਇਹ ਬਲ਼ੀ ਇਸ ਲਈ ਨਹੀਂ ਚੜ੍ਹਾਉਂਦਾ ਸੀ ਕਿਉਂਕਿ ਉਸ ਨੂੰ ਚੜ੍ਹਾਉਣੀ ਹੀ ਪੈਂਦੀ ਸੀ, ਸਗੋਂ ਉਹ ਆਪਣੀ ਮਰਜ਼ੀ ਨਾਲ ਚੜ੍ਹਾਉਂਦਾ ਸੀ। ਇਸ ਲਈ ਸੁੱਖ-ਸਾਂਦ ਦੀ ਬਲ਼ੀ ਆਪਣੀ ਖ਼ੁਸ਼ੀ ਨਾਲ ਚੜ੍ਹਾਈ ਜਾਂਦੀ ਸੀ। ਇੱਦਾਂ ਕਰਕੇ ਉਹ ਵਿਅਕਤੀ ਦਿਖਾਉਂਦਾ ਸੀ ਕਿ ਉਹ ਆਪਣੇ ਪਰਮੇਸ਼ੁਰ ਯਹੋਵਾਹ ਨਾਲ ਪਿਆਰ ਕਰਦਾ ਸੀ। ਬਲ਼ੀ ਚੜ੍ਹਾਉਣ ਵਾਲਾ ਵਿਅਕਤੀ, ਉਸ ਦਾ ਪਰਿਵਾਰ ਅਤੇ ਪੁਜਾਰੀ ਬਲ਼ੀ ਕੀਤੇ ਜਾਨਵਰ ਦਾ ਮਾਸ ਇਕੱਠੇ ਮਿਲ ਕੇ ਖਾਂਦੇ ਸਨ। ਪਰ ਬਲ਼ੀ ਕੀਤੇ ਜਾਨਵਰ ਦੇ ਕੁਝ ਖ਼ਾਸ ਅੰਗ ਸਿਰਫ਼ ਯਹੋਵਾਹ ਨੂੰ ਹੀ ਚੜ੍ਹਾਏ ਜਾਂਦੇ ਸਨ। ਉਹ ਕਿਹੜੇ ਅੰਗ ਸਨ?
10. ਲੇਵੀਆਂ 3:6, 12, 14-16 ਵਿਚ ਦੱਸੀਆਂ ਸੁੱਖ-ਸਾਂਦ ਦੀਆਂ ਬਲ਼ੀਆਂ ਤੋਂ ਆਪਣੇ ਪਿਤਾ ਦੀ ਇੱਛਾ ਪੂਰੀ ਕਰਨ ਦੇ ਯਿਸੂ ਦੇ ਇਰਾਦੇ ਤੋਂ ਅਸੀਂ ਕੀ ਸਿੱਖਦੇ ਹਾਂ?
10 ਤੀਜਾ ਸਬਕ: ਪਿਆਰ ਹੋਣ ਕਰਕੇ ਅਸੀਂ ਯਹੋਵਾਹ ਨੂੰ ਸਭ ਤੋਂ ਵਧੀਆ ਹਿੱਸਾ ਦਿੰਦੇ ਹਾਂ। ਯਹੋਵਾਹ ਦੀਆਂ ਨਜ਼ਰਾਂ ਵਿਚ ਜਾਨਵਰ ਦੀ ਚਰਬੀ ਸਭ ਤੋਂ ਵਧੀਆ ਹੁੰਦੀ ਸੀ। ਉਸ ਨੇ ਇਹ ਵੀ ਦੱਸਿਆ ਕਿ ਕੁਝ ਖ਼ਾਸ ਅੰਗ ਬਹੁਤ ਅਹਿਮ ਹੁੰਦੇ ਸਨ, ਜਿਵੇਂ ਗੁਰਦੇ, ਜਿਗਰ। (ਲੇਵੀਆਂ 3:6, 12, 14-16 ਪੜ੍ਹੋ।) ਸੋ ਜਦੋਂ ਕੋਈ ਇਜ਼ਰਾਈਲੀ ਯਹੋਵਾਹ ਨੂੰ ਖ਼ੁਸ਼ੀ ਨਾਲ ਚਰਬੀ ਜਾਂ ਖ਼ਾਸ ਅੰਗ ਚੜ੍ਹਾਉਂਦਾ ਸੀ, ਤਾਂ ਉਹ ਉਸ ਤੋਂ ਬਹੁਤ ਖ਼ੁਸ਼ ਹੁੰਦਾ ਸੀ। ਇਸ ਤਰ੍ਹਾਂ ਦੀ ਬਲ਼ੀ ਚੜ੍ਹਾ ਕੇ ਇਕ ਇਜ਼ਰਾਈਲੀ ਦਿਖਾਉਂਦਾ ਸੀ ਕਿ ਉਹ ਯਹੋਵਾਹ ਨੂੰ ਸਭ ਤੋਂ ਵਧੀਆ ਹਿੱਸਾ ਦੇਣਾ ਚਾਹੁੰਦਾ ਸੀ। ਇਸੇ ਤਰ੍ਹਾਂ ਪਿਆਰ ਹੋਣ ਕਰਕੇ ਯਿਸੂ ਨੇ ਯਹੋਵਾਹ ਦੀ ਸੇਵਾ ਵਿਚ ਆਪਣੀ ਪੂਰੀ ਵਾਹ ਲਾਈ ਅਤੇ ਸਭ ਤੋਂ ਵਧੀਆ ਹਿੱਸਾ ਦਿੱਤਾ। (ਯੂਹੰ. 14:31) ਯਿਸੂ ਨੂੰ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਕੇ ਖ਼ੁਸ਼ੀ ਮਿਲਦੀ ਸੀ ਅਤੇ ਉਸ ਨੂੰ ਪਰਮੇਸ਼ੁਰ ਦੇ ਕਾਨੂੰਨਾਂ ਨਾਲ ਗਹਿਰਾ ਲਗਾਅ ਸੀ। (ਜ਼ਬੂ. 40:8) ਯਿਸੂ ਨੂੰ ਦਿਲੋਂ ਸੇਵਾ ਕਰਦਿਆਂ ਦੇਖ ਕੇ ਯਹੋਵਾਹ ਨੂੰ ਕਿੰਨੀ ਖ਼ੁਸ਼ੀ ਮਿਲੀ ਹੋਣੀ!
11. ਸਾਡੀ ਸੇਵਾ ਸੁੱਖ-ਸਾਂਦ ਦੀਆਂ ਬਲ਼ੀਆਂ ਵਾਂਗ ਕਿਵੇਂ ਹੈ ਅਤੇ ਇਸ ਤੋਂ ਸਾਨੂੰ ਦਿਲਾਸਾ ਕਿਵੇਂ ਮਿਲ ਸਕਦਾ ਹੈ?
11 ਜਿੱਦਾਂ ਸੁੱਖ-ਸਾਂਦ ਦੀਆਂ ਬਲ਼ੀਆਂ ਆਪਣੀ ਖ਼ੁਸ਼ੀ ਨਾਲ ਚੜ੍ਹਾਈਆਂ ਜਾਂਦੀਆਂ ਸਨ, ਉਸੇ ਤਰ੍ਹਾਂ ਅਸੀਂ ਵੀ ਯਹੋਵਾਹ ਦੀ ਸੇਵਾ ਖ਼ੁਸ਼ੀ-ਖ਼ੁਸ਼ੀ ਕਰ ਕੇ ਦਿਖਾਉਂਦੇ ਹਾਂ ਕਿ ਅਸੀਂ ਉਸ ਬਾਰੇ ਕਿਵੇਂ ਮਹਿਸੂਸ ਕਰਦੇ ਹਾਂ। ਅਸੀਂ ਯਹੋਵਾਹ ਨੂੰ ਆਪਣਾ ਸਭ ਤੋਂ ਵਧੀਆ ਹਿੱਸਾ ਦਿੰਦੇ ਹਾਂ ਕਿਉਂਕਿ ਅਸੀਂ ਉਸ ਨੂੰ ਆਪਣੇ ਪੂਰੇ ਦਿਲ ਨਾਲ ਪਿਆਰ ਕਰਦੇ ਹਾਂ। ਯਹੋਵਾਹ ਨੂੰ ਇਹ ਦੇਖ ਕੇ ਕਿੰਨੀ ਖ਼ੁਸ਼ੀ ਮਿਲਦੀ ਹੋਣੀ ਕਿ ਉਸ ਦੇ ਲੱਖਾਂ ਹੀ ਭਗਤ ਉਸ ਲਈ ਅਤੇ ਉਸ ਦੇ ਰਾਹਾਂ ਲਈ ਦਿਲੋਂ ਪਿਆਰ ਹੋਣ ਕਰਕੇ ਸੇਵਾ ਕਰਦੇ ਹਨ! ਸਾਨੂੰ ਇਹ ਜਾਣ ਕੇ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਨਾ ਸਿਰਫ਼ ਸਾਡੇ ਕੰਮਾਂ ਨੂੰ, ਸਗੋਂ ਸਾਡੇ ਇਰਾਦਿਆਂ ਨੂੰ ਵੀ ਦੇਖਦਾ ਹੈ। ਮਿਸਾਲ ਲਈ, ਜੇ ਤੁਸੀਂ ਸਿਆਣੀ ਉਮਰ ਦੇ ਹੋ ਅਤੇ ਉੱਨਾ ਨਹੀਂ ਕਰ ਸਕਦੇ ਜਿੰਨਾ ਤੁਸੀਂ ਕਰਨਾ ਚਾਹੁੰਦੇ ਹੋ, ਤਾਂ ਭਰੋਸਾ ਰੱਖੋ ਕਿ ਯਹੋਵਾਹ ਤੁਹਾਡੇ ਹਾਲਾਤ ਸਮਝਦਾ ਹੈ। ਸ਼ਾਇਦ ਤੁਹਾਨੂੰ ਲੱਗੇ ਕਿ ਤੁਸੀਂ ਜ਼ਿਆਦਾ ਨਹੀਂ ਕਰ ਰਹੇ, ਪਰ ਯਹੋਵਾਹ ਦੇਖ ਸਕਦਾ ਹੈ ਕਿ ਉਸ ਲਈ ਗਹਿਰਾ ਪਿਆਰ ਹੋਣ ਕਰਕੇ ਤੁਸੀਂ ਉਹ ਕਰ ਰਹੇ ਹੋ ਜੋ ਤੁਸੀਂ ਕਰ ਸਕਦੇ ਹੋ। ਜਦੋਂ ਤੁਸੀਂ ਆਪਣੇ ਵੱਲੋਂ ਸਭ ਤੋਂ ਵਧੀਆ ਹਿੱਸਾ ਦਿੰਦੇ ਹੋ, ਤਾਂ ਪਰਮੇਸ਼ੁਰ ਨੂੰ ਖ਼ੁਸ਼ੀ ਹੁੰਦੀ ਹੈ।
12. ਯਹੋਵਾਹ ਸੁੱਖ-ਸਾਂਦ ਦੀਆਂ ਬਲ਼ੀਆਂ ਬਾਰੇ ਕੀ ਸੋਚਦਾ ਹੈ ਅਤੇ ਇਸ ਤੋਂ ਸਾਨੂੰ ਹੌਸਲਾ ਕਿਵੇਂ ਮਿਲਦਾ ਹੈ?
12 ਅਸੀਂ ਸੁੱਖ-ਸਾਂਦ ਦੀਆਂ ਬਲ਼ੀਆਂ ਤੋਂ ਕੀ ਸਿੱਖ ਸਕਦੇ ਹਾਂ? ਜਦੋਂ ਅੱਗ ਵਿਚ ਜਾਨਵਰ ਦਾ ਸਭ ਤੋਂ ਵਧੀਆ ਹਿੱਸਾ ਭਸਮ ਹੋ ਜਾਂਦਾ ਸੀ ਤੇ ਉਸ ਵਿੱਚੋਂ ਨਿਕਲਣ ਵਾਲਾ ਧੂੰਆਂ ਉੱਪਰ ਉੱਠਦਾ ਸੀ, ਤਾਂ ਯਹੋਵਾਹ ਖ਼ੁਸ਼ ਹੁੰਦਾ ਸੀ। ਯਕੀਨ ਰੱਖੋ ਕਿ ਯਹੋਵਾਹ ਤੁਹਾਡੀ ਦਿਲੋਂ ਕੀਤੀ ਸੇਵਾ ਤੋਂ ਖ਼ੁਸ਼ ਹੁੰਦਾ ਹੈ। (ਕੁਲੁ. 3:23) ਜ਼ਰਾ ਕਲਪਨਾ ਕਰੋ ਕਿ ਉਹ ਤੁਹਾਡੇ ਵੱਲ ਦੇਖ ਕੇ ਮੁਸਕਰਾ ਰਿਹਾ ਹੈ। ਭਾਵੇਂ ਤੁਸੀਂ ਯਹੋਵਾਹ ਦੀ ਸੇਵਾ ਵਿਚ ਥੋੜ੍ਹਾ ਕਰਦੇ ਹੋ ਜਾਂ ਜ਼ਿਆਦਾ, ਉਹ ਪਿਆਰ ਨਾਲ ਕੀਤੀ ਤੁਹਾਡੀ ਮਿਹਨਤ ਦੇਖਦਾ ਹੈ ਤੇ ਇਹ ਉਸ ਲਈ ਬਹੁਤ ਮਾਅਨੇ ਰੱਖਦੀ ਹੈ। ਉਹ ਹਮੇਸ਼ਾ ਇਸ ਨੂੰ ਯਾਦ ਰੱਖੇਗਾ।—ਮੱਤੀ 6:20; ਇਬ. 6:10.
ਯਹੋਵਾਹ ਆਪਣੇ ਸੰਗਠਨ ਨੂੰ ਅਸੀਸ ਦਿੰਦਾ ਹੈ
13. ਲੇਵੀਆਂ 9:23, 24 ਮੁਤਾਬਕ ਯਹੋਵਾਹ ਨੇ ਕਿਵੇਂ ਦਿਖਾਇਆ ਕਿ ਉਹ ਪੁਜਾਰੀਆਂ ਤੋਂ ਖ਼ੁਸ਼ ਸੀ?
13 ਚੌਥਾ ਸਬਕ: ਯਹੋਵਾਹ ਧਰਤੀ ʼਤੇ ਆਪਣੇ ਸੰਗਠਨ ਦੇ ਹਿੱਸੇ ਨੂੰ ਅਸੀਸ ਦੇ ਰਿਹਾ ਹੈ। ਜ਼ਰਾ ਸੋਚੋ ਕਿ 1512 ਈਸਵੀ ਪੂਰਵ ਵਿਚ ਕੀ ਹੋਇਆ ਜਦੋਂ ਸੀਨਈ ਪਹਾੜ ਦੇ ਥੱਲੇ ਡੇਰਾ ਖੜ੍ਹਾ ਕੀਤਾ ਗਿਆ ਸੀ। (ਕੂਚ 40:17) ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਪੁਜਾਰੀ ਨਿਯੁਕਤ ਕਰਨ ਦੀ ਰਸਮ ਕੀਤੀ। ਜਦੋਂ ਪੁਜਾਰੀਆਂ ਨੇ ਸਭ ਤੋਂ ਪਹਿਲੀ ਬਲ਼ੀ ਚੜ੍ਹਾਈ, ਤਾਂ ਇਜ਼ਰਾਈਲ ਕੌਮ ਇਹ ਦੇਖਣ ਲਈ ਇਕੱਠੀ ਹੋਈ। (ਲੇਵੀ. 9:1-5) ਯਹੋਵਾਹ ਨੇ ਕਿਵੇਂ ਦਿਖਾਇਆ ਕਿ ਉਹ ਹੁਣੇ-ਹੁਣੇ ਨਿਯੁਕਤ ਕੀਤੇ ਇਨ੍ਹਾਂ ਪੁਜਾਰੀਆਂ ਤੋਂ ਖ਼ੁਸ਼ ਸੀ? ਜਦੋਂ ਹਾਰੂਨ ਅਤੇ ਮੂਸਾ ਲੋਕਾਂ ਨੂੰ ਅਸੀਸ ਦੇ ਰਹੇ ਸਨ, ਉਦੋਂ ਯਹੋਵਾਹ ਨੇ ਅੱਗ ਭੇਜ ਕੇ ਵੇਦੀ ਉੱਤੇ ਪਈ ਬਲ਼ੀ ਨੂੰ ਭਸਮ ਕਰ ਦਿੱਤਾ।—ਲੇਵੀਆਂ 9:23, 24 ਪੜ੍ਹੋ।
14. ਅੱਜ ਸਾਡੇ ਲਈ ਇਹ ਗੱਲ ਮਾਅਨੇ ਕਿਉਂ ਰੱਖਦੀ ਹੈ ਕਿ ਯਹੋਵਾਹ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਪੁਜਾਰੀ ਬਣਨ ਤੇ ਖ਼ੁਸ਼ ਸੀ?
14 ਮਹਾਂ ਪੁਜਾਰੀ ਦੀ ਨਿਯੁਕਤੀ ਵੇਲੇ ਸਵਰਗ ਤੋਂ ਆਈ ਅੱਗ ਨੇ ਕੀ ਜ਼ਾਹਰ ਕੀਤਾ? ਇਸ ਤੋਂ ਯਹੋਵਾਹ ਨੇ ਦਿਖਾਇਆ ਕਿ ਉਹ ਹਾਰੂਨ ਅਤੇ ਉਸ ਦੇ ਪੁੱਤਰਾਂ ਤੋਂ ਖ਼ੁਸ਼ ਸੀ ਜਿਨ੍ਹਾਂ ਨੂੰ ਉਸ ਨੇ ਪੁਜਾਰੀਆਂ ਵਜੋਂ ਨਿਯੁਕਤ ਕੀਤਾ ਸੀ। ਜਦੋਂ ਇਜ਼ਰਾਈਲੀਆਂ ਨੇ ਦੇਖਿਆ ਕਿ ਯਹੋਵਾਹ ਨੇ ਪੁਜਾਰੀਆਂ ਦਾ ਸਾਥ ਦਿੱਤਾ, ਤਾਂ ਉਹ ਸਮਝ ਗਏ ਹੋਣੇ ਕਿ ਉਨ੍ਹਾਂ ਨੂੰ ਵੀ ਪੁਜਾਰੀਆਂ ਦਾ ਸਾਥ ਦੇਣ ਦੀ ਲੋੜ ਸੀ। ਕੀ ਇਹ ਗੱਲ ਅੱਜ ਵੀ ਸਾਡੇ ਲਈ ਮਾਅਨੇ ਰੱਖਦੀ ਹੈ? ਹਾਂਜੀ! ਇਜ਼ਰਾਈਲ ਵਿਚ ਪੁਜਾਰੀ ਭਵਿੱਖ ਵਿਚ ਬਣਨ ਵਾਲੇ ਹੋਰ ਵਧੀਆ ਤੇ ਅਹਿਮ ਪੁਜਾਰੀ ਦਾ ਪਰਛਾਵਾਂ ਸਨ। ਮਸੀਹ ਮਹਾਂ ਪੁਜਾਰੀ ਹੈ ਅਤੇ 1,44,000 ਪੁਜਾਰੀ ਹਨ। ਇਹ ਸਾਰੇ ਜਣੇ ਸਵਰਗ ਵਿਚ ਯਿਸੂ ਨਾਲ ਸੇਵਾ ਕਰਨਗੇ।—ਇਬਰਾਨੀਆਂ 4:14; 8:3-5; 10:1.
15-16. ਯਹੋਵਾਹ ਨੇ ਕਿਵੇਂ ਦਿਖਾਇਆ ਹੈ ਕਿ ਉਸ ਨੇ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਦਾ ਸਾਥ ਦਿੱਤਾ ਹੈ?
15 1919 ਵਿਚ ਯਿਸੂ ਨੇ ਚੁਣੇ ਹੋਏ ਮਸੀਹੀਆਂ ਵਿੱਚੋਂ ਕੁਝ ਭਰਾਵਾਂ ਨੂੰ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਵਜੋਂ ਨਿਯੁਕਤ ਕੀਤਾ। ਇਹ ਨੌਕਰ ਪ੍ਰਚਾਰ ਦੇ ਕੰਮ ਦੀ ਅਗਵਾਈ ਕਰਦਾ ਹੈ ਅਤੇ ਮਸੀਹ ਦੇ ਚੇਲਿਆਂ ਨੂੰ “ਸਹੀ ਸਮੇਂ ਤੇ ਭੋਜਨ” ਦਿੰਦਾ ਹੈ। (ਮੱਤੀ 24:45) ਕੀ ਅਸੀਂ ਸਾਫ਼-ਸਾਫ਼ ਦੇਖਦੇ ਹਾਂ ਕਿ ਪਰਮੇਸ਼ੁਰ ਵਫ਼ਾਦਾਰ ਅਤੇ ਸਮਝਦਾਰ ਨੌਕਰ ਤੋਂ ਖ਼ੁਸ਼ ਹੈ?
16 ਸ਼ੈਤਾਨ ਅਤੇ ਉਸ ਦੇ ਸਾਥੀਆਂ ਨੇ ਵਫ਼ਾਦਾਰ ਨੌਕਰ ਦੇ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਜੇ ਯਹੋਵਾਹ ਇਸ ਨੌਕਰ ਦਾ ਸਾਥ ਨਾ ਦਿੰਦਾ, ਤਾਂ ਇਹ ਕੰਮ ਕਰਨਾ ਨਾਮੁਮਕਿਨ ਹੁੰਦਾ। ਦੋ ਵਿਸ਼ਵ ਯੁੱਧਾਂ, ਸਖ਼ਤ ਅਤਿਆਚਾਰਾਂ, ਦੁਨੀਆਂ ਭਰ ਵਿਚ ਆਰਥਿਕ ਤੰਗੀ ਅਤੇ ਅਨਿਆਂ ਦੇ ਬਾਵਜੂਦ ਵਫ਼ਾਦਾਰ ਅਤੇ ਸਮਝਦਾਰ ਨੌਕਰ ਧਰਤੀ ʼਤੇ ਮਸੀਹ ਦੇ ਚੇਲਿਆਂ ਨੂੰ ਪਰਮੇਸ਼ੁਰ ਨਾਲ ਰਿਸ਼ਤਾ ਮਜ਼ਬੂਤ ਕਰਨ ਲਈ ਲਗਾਤਾਰ ਭੋਜਨ ਦੇ ਰਿਹਾ ਹੈ। ਜ਼ਰਾ ਵੱਖੋ-ਵੱਖਰੇ ਪ੍ਰਕਾਸ਼ਨਾਂ ਬਾਰੇ ਸੋਚੋ ਜੋ ਅੱਜ ਸਾਡੇ ਕੋਲ 900 ਤੋਂ ਵੀ ਜ਼ਿਆਦਾ ਭਾਸ਼ਾਵਾਂ ਵਿਚ ਹਨ ਤੇ ਉਹ ਵੀ ਮੁਫ਼ਤ ਵਿਚ! ਇਸ ਤੋਂ ਸਬੂਤ ਮਿਲਦਾ ਹੈ ਕਿ ਪਰਮੇਸ਼ੁਰ ਇਸ ਨੌਕਰ ਦਾ ਸਾਥ ਦੇ ਰਿਹਾ ਹੈ। ਪ੍ਰਚਾਰ ਦੇ ਕੰਮ ਤੋਂ ਵੀ ਸਬੂਤ ਮਿਲਦਾ ਹੈ ਕਿ ਯਹੋਵਾਹ ਅਸੀਸ ਦੇ ਰਿਹਾ ਹੈ। ਖ਼ੁਸ਼ ਖ਼ਬਰੀ ਦਾ ਪ੍ਰਚਾਰ ਸੱਚ-ਮੁੱਚ “ਪੂਰੀ ਦੁਨੀਆਂ ਵਿਚ ਕੀਤਾ” ਜਾ ਰਿਹਾ ਹੈ। (ਮੱਤੀ 24:14) ਬਿਨਾਂ ਸ਼ੱਕ, ਅੱਜ ਯਹੋਵਾਹ ਆਪਣੇ ਸੰਗਠਨ ਨੂੰ ਸੇਧ ਦੇਣ ਦੇ ਨਾਲ-ਨਾਲ ਖੁੱਲ੍ਹੇ ਦਿਲ ਨਾਲ ਅਸੀਸ ਵੀ ਦੇ ਰਿਹਾ ਹੈ।
17. ਅਸੀਂ ਯਹੋਵਾਹ ਦੇ ਸੰਗਠਨ ਦਾ ਸਾਥ ਕਿਵੇਂ ਦੇ ਸਕਦੇ ਹਾਂ?
17 ਆਪਣੇ ਆਪ ਤੋਂ ਪੁੱਛੋ, ‘ਕੀ ਮੈਂ ਇਸ ਗੱਲ ਲਈ ਸ਼ੁਕਰਗੁਜ਼ਾਰ ਹਾਂ ਕਿ ਮੈਂ ਧਰਤੀ ʼਤੇ ਯਹੋਵਾਹ ਦੇ ਸੰਗਠਨ ਦਾ ਹਿੱਸਾ ਹਾਂ?’ ਜਿਵੇਂ ਯਹੋਵਾਹ ਨੇ ਮੂਸਾ ਅਤੇ ਹਾਰੂਨ ਦੇ ਦਿਨਾਂ ਵਿਚ ਸਵਰਗੋਂ ਅੱਗ ਭੇਜ ਕੇ ਆਪਣੀ ਮਨਜ਼ੂਰੀ ਦਾ ਸਬੂਤ ਦਿੱਤਾ ਸੀ, ਉਸੇ ਤਰ੍ਹਾਂ ਯਹੋਵਾਹ ਨੇ ਸਾਨੂੰ ਪੱਕਾ ਸਬੂਤ ਦਿੱਤਾ ਹੈ ਕਿ ਉਹ ਆਪਣੇ ਸੰਗਠਨ ਨੂੰ ਵਰਤ ਰਿਹਾ ਹੈ। ਵਾਕਈ, ਸਾਡੇ ਕੋਲ ਸ਼ੁਕਰਗੁਜ਼ਾਰੀ ਦਿਖਾਉਣ ਦੇ ਬਹੁਤ ਸਾਰੇ ਕਾਰਨ ਹਨ। (1 ਥੱਸ. 5:18, 19) ਅਸੀਂ ਯਹੋਵਾਹ ਦੇ ਸੰਗਠਨ ਦਾ ਸਾਥ ਕਿਵੇਂ ਦੇ ਸਕਦੇ ਹਾਂ? ਬਾਈਬਲ-ਆਧਾਰਿਤ ਪ੍ਰਕਾਸ਼ਨਾਂ, ਸਭਾਵਾਂ ਅਤੇ ਸੰਮੇਲਨਾਂ ਵਿਚ ਦਿੱਤੀਆਂ ਜਾਂਦੀਆਂ ਹਿਦਾਇਤਾਂ ਮੰਨ ਕੇ। ਨਾਲੇ ਅਸੀਂ ਪੂਰੀ ਵਾਹ ਲਾ ਕੇ ਪ੍ਰਚਾਰ ਅਤੇ ਸਿਖਾਉਣ ਦੇ ਕੰਮ ਵਿਚ ਹਿੱਸਾ ਲੈ ਕੇ ਸੰਗਠਨ ਦਾ ਸਾਥ ਦੇ ਸਕਦੇ ਹਾਂ।—1 ਕੁਰਿੰ. 15:58.
18. ਤੁਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ?
18 ਆਓ ਆਪਾਂ ਲੇਵੀਆਂ ਦੀ ਕਿਤਾਬ ਵਿੱਚੋਂ ਸਿੱਖੇ ਸਬਕਾਂ ਨੂੰ ਲਾਗੂ ਕਰਨ ਦਾ ਪੱਕਾ ਇਰਾਦਾ ਕਰੀਏ। ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੀਆਂ ਬਲ਼ੀਆਂ ਕਬੂਲ ਕਰ ਕੇ ਸਾਨੂੰ ਮਨਜ਼ੂਰ ਕਰੇ। ਅਸੀਂ ਸ਼ੁਕਰਗੁਜ਼ਾਰ ਹੋ ਕੇ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹਾਂ। ਨਾਲੇ ਦਿਲੋਂ ਪਿਆਰ ਹੋਣ ਕਰਕੇ ਅਸੀਂ ਯਹੋਵਾਹ ਨੂੰ ਆਪਣਾ ਸਭ ਤੋਂ ਵਧੀਆ ਹਿੱਸਾ ਦੇਣਾ ਚਾਹੁੰਦੇ ਹਾਂ। ਆਓ ਆਪਾਂ ਯਹੋਵਾਹ ਦੇ ਸੰਗਠਨ ਦਾ ਪੂਰੇ ਦਿਲ ਨਾਲ ਸਾਥ ਦੇਈਏ ਜਿਸ ਨੂੰ ਉਹ ਅੱਜ ਅਸੀਸ ਦੇ ਰਿਹਾ ਹੈ। ਇਹ ਸਾਰੇ ਕੰਮ ਕਰ ਕੇ ਅਸੀਂ ਯਹੋਵਾਹ ਨੂੰ ਦਿਖਾ ਸਕਦੇ ਹਾਂ ਕਿ ਗਵਾਹ ਵਜੋਂ ਉਸ ਦੀ ਸੇਵਾ ਕਰਨ ਦੇ ਸਨਮਾਨ ਦੀ ਅਸੀਂ ਕਦਰ ਕਰਦੇ ਹਾਂ!
ਗੀਤ 48 ਰੋਜ਼ ਯਹੋਵਾਹ ਦੇ ਅੰਗ-ਸੰਗ ਚੱਲੋ
a ਲੇਵੀਆਂ ਦੀ ਕਿਤਾਬ ਵਿਚ ਕਾਨੂੰਨ ਦਿੱਤੇ ਗਏ ਹਨ ਜੋ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਦਿੱਤੇ ਸਨ। ਮਸੀਹੀ ਹੋਣ ਦੇ ਨਾਤੇ, ਚਾਹੇ ਅਸੀਂ ਇਨ੍ਹਾਂ ਕਾਨੂੰਨਾਂ ਦੇ ਅਧੀਨ ਨਹੀਂ ਹਾਂ, ਪਰ ਫਿਰ ਵੀ ਅਸੀਂ ਇਨ੍ਹਾਂ ਤੋਂ ਫ਼ਾਇਦਾ ਪਾ ਸਕਦੇ ਹਾਂ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਲੇਵੀਆਂ ਦੀ ਕਿਤਾਬ ਤੋਂ ਕਿਹੜੇ ਕੁਝ ਜ਼ਰੂਰੀ ਸਬਕ ਸਿੱਖ ਸਕਦੇ ਹਾਂ।
b ਡੇਰੇ ਵਿਚ ਧੁਖਾਇਆ ਜਾਂਦਾ ਧੂਪ ਪਵਿੱਤਰ ਮੰਨਿਆ ਜਾਂਦਾ ਸੀ ਅਤੇ ਇਜ਼ਰਾਈਲੀ ਇਸ ਨੂੰ ਸਿਰਫ਼ ਯਹੋਵਾਹ ਦੀ ਭਗਤੀ ਕਰਨ ਲਈ ਹੀ ਵਰਤਦੇ ਸਨ। (ਕੂਚ 30:34-38) ਇਸ ਤਰ੍ਹਾਂ ਦਾ ਕੋਈ ਰਿਕਾਰਡ ਨਹੀਂ ਹੈ ਕਿ ਪਹਿਲੀ ਸਦੀ ਦੇ ਮਸੀਹੀ ਧੂਪ ਨੂੰ ਭਗਤੀ ਦੇ ਕੰਮਾਂ ਲਈ ਵਰਤਦੇ ਸਨ।
c ਸੁੱਖ-ਸਾਂਦ ਦੀਆਂ ਬਲ਼ੀਆਂ ਬਾਰੇ ਹੋਰ ਜਾਣਕਾਰੀ ਲੈਣ ਲਈ ਇਨਸਾਈਟ ਔਨ ਦ ਸਕ੍ਰਿਪਚਰਸ, ਖੰਡ 2 ਦਾ ਸਫ਼ਾ 526 ਅਤੇ 15 ਜਨਵਰੀ 2012 ਦੇ ਪਹਿਰਾਬੁਰਜ ਦੇ ਸਫ਼ੇ 19 ʼਤੇ ਪੈਰਾ 11 ਦੇਖੋ।
d ਤਸਵੀਰਾਂ ਬਾਰੇ ਜਾਣਕਾਰੀ: ਪ੍ਰਾਸਚਿਤ ਦੇ ਦਿਨ ʼਤੇ ਇਜ਼ਰਾਈਲ ਦਾ ਮਹਾਂ ਪੁਜਾਰੀ ਧੂਪ ਅਤੇ ਬਲ਼ਦੇ ਕੋਲੇ ਲੈ ਕੇ ਅੱਤ ਪਵਿੱਤਰ ਕਮਰੇ ਵਿਚ ਗਿਆ ਤਾਂਕਿ ਸਾਰਾ ਕਮਰਾ ਖ਼ੁਸ਼ਬੂ ਨਾਲ ਭਰ ਜਾਵੇ। ਬਾਅਦ ਵਿਚ, ਉਹ ਪਾਪ ਬਲ਼ੀਆਂ ਦਾ ਲਹੂ ਲੈ ਕੇ ਦੁਬਾਰਾ ਅੱਤ ਪਵਿੱਤਰ ਕਮਰੇ ਵਿਚ ਗਿਆ।
e ਤਸਵੀਰਾਂ ਬਾਰੇ ਜਾਣਕਾਰੀ: ਆਪਣੇ ਪਰਿਵਾਰ ਵੱਲੋਂ ਯਹੋਵਾਹ ਨੂੰ ਸ਼ੁਕਰਗੁਜ਼ਾਰੀ ਦਿਖਾਉਣ ਲਈ ਇਕ ਇਜ਼ਰਾਈਲੀ ਇਕ ਭੇਡ ਨੂੰ ਸੁੱਖ-ਸਾਂਦ ਦੀ ਬਲ਼ੀ ਵਜੋਂ ਪੁਜਾਰੀ ਨੂੰ ਦਿੰਦਾ ਹੋਇਆ।
f ਤਸਵੀਰਾਂ ਬਾਰੇ ਜਾਣਕਾਰੀ: ਧਰਤੀ ʼਤੇ ਹੁੰਦਿਆਂ ਯਿਸੂ ਨੇ ਯਹੋਵਾਹ ਦੇ ਹੁਕਮ ਮੰਨ ਕੇ ਅਤੇ ਆਪਣੇ ਚੇਲਿਆਂ ਦੀ ਵੀ ਇੱਦਾਂ ਕਰਨ ਵਿਚ ਮਦਦ ਕਰ ਕੇ ਆਪਣਾ ਗਹਿਰਾ ਪਿਆਰ ਦਿਖਾਇਆ।
g ਤਸਵੀਰਾਂ ਬਾਰੇ ਜਾਣਕਾਰੀ: ਇਕ ਬਜ਼ੁਰਗ ਭੈਣ ਸਿਹਤ ਸਮੱਸਿਆਵਾਂ ਦੇ ਬਾਵਜੂਦ ਚਿੱਠੀਆਂ ਦੇ ਜ਼ਰੀਏ ਗਵਾਹੀ ਦੇ ਕੇ ਯਹੋਵਾਹ ਨੂੰ ਆਪਣਾ ਸਭ ਤੋਂ ਵਧੀਆ ਹਿੱਸਾ ਦਿੰਦੀ ਹੋਈ।
h ਤਸਵੀਰਾਂ ਬਾਰੇ ਜਾਣਕਾਰੀ: ਫਰਵਰੀ 2019 ਵਿਚ ਪ੍ਰਬੰਧਕ ਸਭਾ ਦਾ ਭਰਾ ਗੇਰਟ ਲੋਸ਼ ਜਰਮਨ ਭਾਸ਼ਾ ਵਿਚ ਨਿਊ ਵਰਲਡ ਟ੍ਰਾਂਸਲੇਸ਼ਨ ਨੂੰ ਰੀਲੀਜ਼ ਕਰਦਾ ਹੋਇਆ। ਅੱਜ ਜਰਮਨੀ ਦੇ ਪ੍ਰਚਾਰਕ ਇਨ੍ਹਾਂ ਦੋ ਭੈਣਾਂ ਵਾਂਗ ਖ਼ੁਸ਼ੀ-ਖ਼ੁਸ਼ੀ ਨਵੀਂ ਰੀਲੀਜ਼ ਕੀਤੀ ਬਾਈਬਲ ਨੂੰ ਵਰਤਦੇ ਹਨ।