ਅਧਿਐਨ ਲੇਖ 13
ਸੱਚੀ ਭਗਤੀ ਕਰ ਕੇ ਸਾਡੀ ਖ਼ੁਸ਼ੀ ਵਧਦੀ ਹੈ
“ਹੇ ਸਾਡੇ ਪਰਮੇਸ਼ੁਰ ਯਹੋਵਾਹ, ਤੂੰ ਹੀ ਮਹਿਮਾ, ਆਦਰ ਅਤੇ ਤਾਕਤ ਪਾਉਣ ਦਾ ਹੱਕਦਾਰ ਹੈਂ।”—ਪ੍ਰਕਾ. 4:11.
ਗੀਤ 31 ਪਰਮੇਸ਼ੁਰ ਦੇ ਨਾਲ-ਨਾਲ ਚੱਲੋ!
ਖ਼ਾਸ ਗੱਲਾਂa
1-2. ਯਹੋਵਾਹ ਕਦੋਂ ਸਾਡੀ ਭਗਤੀ ਸਵੀਕਾਰ ਕਰੇਗਾ?
ਭਗਤੀ ਸ਼ਬਦ ਸੁਣ ਕੇ ਤੁਹਾਡੇ ਮਨ ਵਿਚ ਕੀ ਆਉਂਦਾ ਹੈ? ਸ਼ਾਇਦ ਤੁਹਾਡੇ ਮਨ ਵਿਚ ਇਕ ਅਜਿਹੇ ਭਰਾ ਦੀ ਤਸਵੀਰ ਆਵੇ ਜੋ ਗੋਡਿਆਂ ਭਾਰ ਬੈਠ ਕੇ ਯਹੋਵਾਹ ਸਾਮ੍ਹਣੇ ਆਪਣਾ ਦਿਲ ਖੋਲ੍ਹਦਾ ਹੈ। ਜਾਂ ਫਿਰ ਕਿਸੇ ਅਜਿਹੇ ਪਰਿਵਾਰ ਦੀ ਤਸਵੀਰ ਆਵੇ ਜੋ ਖ਼ੁਸ਼ੀ-ਖ਼ੁਸ਼ੀ ਮਿਲ ਕੇ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਦਾ ਹੈ।
2 ਜੀ ਹਾਂ, ਤੁਸੀਂ ਬਿਲਕੁਲ ਠੀਕ ਸੋਚਿਆ। ਇਹ ਭਰਾ ਅਤੇ ਪਰਿਵਾਰ ਜੋ ਕਰ ਰਿਹਾ ਹੈ, ਉਹ ਭਗਤੀ ਹੀ ਹੈ। ਕੀ ਯਹੋਵਾਹ ਉਨ੍ਹਾਂ ਦੀ ਭਗਤੀ ਸਵੀਕਾਰ ਕਰੇਗਾ? ਯਹੋਵਾਹ ਉਨ੍ਹਾਂ ਦੀ ਭਗਤੀ ਤਾਂ ਹੀ ਸਵੀਕਾਰ ਕਰੇਗਾ ਜੇ ਉਹ ਉਸ ਦੇ ਮਕਸਦ ਮੁਤਾਬਕ ਭਗਤੀ ਕਰਨਗੇ ਅਤੇ ਉਸ ਨਾਲ ਪਿਆਰ ਕਰਨਗੇ ਤੇ ਉਸ ਦਾ ਆਦਰ ਕਰਨਗੇ। ਅਸੀਂ ਯਹੋਵਾਹ ਨੂੰ ਬਹੁਤ ਪਿਆਰ ਕਰਦੇ ਹਾਂ। ਸਾਨੂੰ ਪਤਾ ਹੈ ਕਿ ਉਹੀ ਸਾਡੀ ਭਗਤੀ ਦਾ ਹੱਕਦਾਰ ਹੈ। ਇਸ ਲਈ ਅਸੀਂ ਆਪਣੇ ਵੱਲੋਂ ਯਹੋਵਾਹ ਨੂੰ ਭਗਤੀ ਦਾ ਸਭ ਤੋਂ ਬਿਹਤਰੀਨ ਤੋਹਫ਼ਾ ਦੇਣਾ ਚਾਹੁੰਦੇ ਹਾਂ।
3. ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?
3 ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਪੁਰਾਣੇ ਸਮੇਂ ਵਿਚ ਕਿਹੋ ਜਿਹੀ ਭਗਤੀ ਸਵੀਕਾਰ ਕਰਦਾ ਸੀ। ਨਾਲੇ ਅਸੀਂ ਭਗਤੀ ਦੇ ਅੱਠ ਤਰੀਕਿਆਂ ʼਤੇ ਵੀ ਗੌਰ ਕਰਾਂਗੇ ਜਿਨ੍ਹਾਂ ਨੂੰ ਯਹੋਵਾਹ ਅੱਜ ਮਨਜ਼ੂਰ ਕਰਦਾ ਹੈ। ਇਨ੍ਹਾਂ ʼਤੇ ਗੌਰ ਕਰਦਿਆਂ ਅਸੀਂ ਇਹ ਵੀ ਸੋਚ-ਵਿਚਾਰ ਕਰਾਂਗੇ ਕਿ ਅਸੀਂ ਹੋਰ ਵਧੀਆ ਢੰਗ ਨਾਲ ਭਗਤੀ ਕਿਵੇਂ ਕਰ ਸਕਦੇ ਹਾਂ। ਨਾਲੇ ਅਸੀਂ ਇਹ ਵੀ ਦੇਖਾਂਗੇ ਕਿ ਸੱਚੀ ਭਗਤੀ ਯਾਨੀ ਯਹੋਵਾਹ ਦੀ ਇੱਛਾ ਮੁਤਾਬਕ ਭਗਤੀ ਕਰ ਕੇ ਸਾਨੂੰ ਖ਼ੁਸ਼ੀ ਕਿਵੇਂ ਮਿਲੇਗੀ।
ਪੁਰਾਣੇ ਸਮੇਂ ਵਿਚ ਯਹੋਵਾਹ ਨੇ ਕਿਹੋ ਜਿਹੀ ਭਗਤੀ ਸਵੀਕਾਰ ਕੀਤੀ?
4. ਪੁਰਾਣੇ ਸਮੇਂ ਦੇ ਸੇਵਕਾਂ ਨੇ ਯਹੋਵਾਹ ਨੂੰ ਪਿਆਰ ਅਤੇ ਆਦਰ ਕਿਵੇਂ ਦਿਖਾਇਆ?
4 ਪੁਰਾਣੇ ਸਮਿਆਂ ਵਿਚ ਹਾਬਲ, ਨੂਹ, ਅਬਰਾਹਾਮ, ਅੱਯੂਬ ਅਤੇ ਹੋਰ ਵਫ਼ਾਦਾਰ ਸੇਵਕਾਂ ਨੇ ਯਹੋਵਾਹ ਲਈ ਪਿਆਰ ਤੇ ਆਦਰ ਦਿਖਾਇਆ। ਕਿਵੇਂ? ਉਨ੍ਹਾਂ ਨੇ ਯਹੋਵਾਹ ਦਾ ਕਹਿਣਾ ਮੰਨ ਕੇ, ਉਸ ਉੱਤੇ ਨਿਹਚਾ ਕਰ ਕੇ ਅਤੇ ਬਲ਼ੀਆਂ ਚੜ੍ਹਾ ਕੇ ਆਪਣੇ ਪਿਆਰ ਅਤੇ ਆਦਰ ਦਾ ਸਬੂਤ ਦਿੱਤਾ। ਬਾਈਬਲ ਵਿਚ ਇਹ ਸਾਫ਼-ਸਾਫ਼ ਨਹੀਂ ਦੱਸਿਆ ਗਿਆ ਕਿ ਉਨ੍ਹਾਂ ਨੇ ਕਿਹੜੇ-ਕਿਹੜੇ ਤਰੀਕੇ ਨਾਲ ਪਰਮੇਸ਼ੁਰ ਦੀ ਭਗਤੀ ਕੀਤੀ। ਪਰ ਇਹ ਗੱਲ ਤਾਂ ਪੱਕੀ ਹੈ ਕਿ ਉਨ੍ਹਾਂ ਨੇ ਪੂਰੀ ਜੀ-ਜਾਨ ਲਾ ਕੇ ਯਹੋਵਾਹ ਦੀ ਮਹਿਮਾ ਕੀਤੀ ਅਤੇ ਯਹੋਵਾਹ ਨੇ ਉਨ੍ਹਾਂ ਦੀ ਭਗਤੀ ਸਵੀਕਾਰ ਕੀਤੀ। ਬਾਅਦ ਵਿਚ ਯਹੋਵਾਹ ਨੇ ਅਬਰਾਹਾਮ ਦੀ ਔਲਾਦ ਨੂੰ ਮੂਸਾ ਦਾ ਕਾਨੂੰਨ ਦਿੱਤਾ। ਇਸ ਕਾਨੂੰਨ ਵਿਚ ਬਹੁਤ ਸਾਰੀਆਂ ਖ਼ਾਸ ਹਿਦਾਇਤਾਂ ਦਿੱਤੀਆਂ ਗਈਆਂ ਸਨ ਜਿਨ੍ਹਾਂ ਤੋਂ ਉਨ੍ਹਾਂ ਨੂੰ ਪਤਾ ਲੱਗਦਾ ਸੀ ਕਿ ਯਹੋਵਾਹ ਨੂੰ ਕਿਹੋ ਜਿਹੀ ਭਗਤੀ ਸਵੀਕਾਰ ਸੀ।
5. ਯਿਸੂ ਦੀ ਮੌਤ ਅਤੇ ਉਸ ਦੇ ਦੁਬਾਰਾ ਜੀ ਉਠਾਏ ਜਾਣ ਤੋਂ ਬਾਅਦ ਯਹੋਵਾਹ ਨੇ ਭਗਤੀ ਦਾ ਕਿਹੜਾ ਪ੍ਰਬੰਧ ਕੀਤਾ?
5 ਯਿਸੂ ਦੀ ਮੌਤ ਅਤੇ ਉਸ ਦੇ ਦੁਬਾਰਾ ਜੀ ਉਠਾਏ ਜਾਣ ਤੋਂ ਬਾਅਦ ਯਹੋਵਾਹ ਨੇ ਮੂਸਾ ਦੇ ਕਾਨੂੰਨ ਮੁਤਾਬਕ ਭਗਤੀ ਕਰਨ ਦੇ ਪ੍ਰਬੰਧ ਨੂੰ ਖ਼ਤਮ ਕਰ ਦਿੱਤਾ। (ਰੋਮੀ. 10:4) ਪਰ ਹੁਣ ਮਸੀਹੀਆਂ ਨੇ ਇਕ ਨਵੇਂ ਕਾਨੂੰਨ ਯਾਨੀ ‘ਮਸੀਹ ਦੇ ਕਾਨੂੰਨ’ ਮੁਤਾਬਕ ਚੱਲਣਾ ਸੀ। (ਗਲਾ. 6:2) ਇਸ “ਕਾਨੂੰਨ” ਮੁਤਾਬਕ ਚੱਲਣ ਲਈ ਉਨ੍ਹਾਂ ਨੂੰ ਨਾ ਤਾਂ ਹਿਦਾਇਤਾਂ ਦੀ ਲੰਬੀ-ਚੌੜੀ ਲਿਸਟ ਯਾਦ ਰੱਖਣ ਅਤੇ ਨਾ ਹੀ ਬਹੁਤ ਸਾਰੇ ਕਾਨੂੰਨ ਮੰਨਣ ਦੀ ਲੋੜ ਸੀ। ਪਰ ਹੁਣ ਉਨ੍ਹਾਂ ਨੇ ਸਿਰਫ਼ ਯਿਸੂ ਦੀ ਮਿਸਾਲ ਅਤੇ ਉਸ ਦੀਆਂ ਸਿੱਖਿਆਵਾਂ ʼਤੇ ਚੱਲਣਾ ਸੀ। ਅੱਜ ਵੀ ਮਸੀਹੀ ਯਹੋਵਾਹ ਨੂੰ ਖ਼ੁਸ਼ ਕਰਨ ਲਈ ਅਤੇ ਖ਼ੁਦ ਨੂੰ “ਤਾਜ਼ਗੀ” ਪਹੁੰਚਾਉਣ ਲਈ ਮਸੀਹ ਦੀ ਮਿਸਾਲ ʼਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਨ।—ਮੱਤੀ 11:29.
6. ਭਗਤੀ ਦੇ ਮਾਮਲੇ ਵਿਚ ਅਸੀਂ ਆਪਣੇ ਆਪ ਤੋਂ ਕੀ ਪੁੱਛ ਸਕਦੇ ਹਾਂ?
6 ਭਗਤੀ ਦੇ ਹਰੇਕ ਤਰੀਕੇ ʼਤੇ ਗੌਰ ਕਰਦਿਆਂ ਆਪਣੇ ਆਪ ਤੋਂ ਪੁੱਛੋ: ‘ਇਸ ਮਾਮਲੇ ਵਿਚ ਮੈਂ ਕਿੰਨਾ ਕੁ ਸੁਧਾਰ ਕੀਤਾ ਹੈ?’ ਤੁਸੀਂ ਆਪਣੇ ਆਪ ਤੋਂ ਇਹ ਵੀ ਪੁੱਛ ਸਕਦੇ ਹੋ: ‘ਕੀ ਮੈਂ ਹੋਰ ਸੁਧਾਰ ਕਰ ਸਕਦਾ ਹਾਂ?’ ਆਪਣੀ ਤਰੱਕੀ ʼਤੇ ਗੌਰ ਕਰ ਕੇ ਤੁਹਾਨੂੰ ਖ਼ੁਸ਼ੀ ਜ਼ਰੂਰ ਮਿਲੇਗੀ। ਫਿਰ ਵੀ ਤੁਸੀਂ ਹੋਰ ਸੁਧਾਰ ਕਰਨ ਲਈ ਯਹੋਵਾਹ ਤੋਂ ਪ੍ਰਾਰਥਨਾ ਵਿਚ ਮਦਦ ਮੰਗ ਸਕਦੇ ਹੋ।
ਭਗਤੀ ਕਰਨ ਦੇ ਕੁਝ ਤਰੀਕੇ
7. ਯਹੋਵਾਹ ਸਾਡੀਆਂ ਦਿਲੋਂ ਕੀਤੀਆਂ ਪ੍ਰਾਰਥਨਾਵਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ?
7 ਪ੍ਰਾਰਥਨਾ ਕਰ ਕੇ ਅਸੀਂ ਯਹੋਵਾਹ ਦੀ ਭਗਤੀ ਕਰਦੇ ਹਾਂ। ਬਾਈਬਲ ਵਿਚ ਸਾਡੀਆਂ ਪ੍ਰਾਰਥਨਾਵਾਂ ਦੀ ਤੁਲਨਾ ਧੂਪ ਨਾਲ ਕੀਤੀ ਗਈ ਹੈ। ਇਜ਼ਰਾਈਲੀਆਂ ਦੇ ਜ਼ਮਾਨੇ ਵਿਚ ਡੇਰੇ ਜਾਂ ਮੰਦਰ ਵਿਚ ਧੁਖਾਈ ਜਾਂਦੀ ਧੂਪ ਬੜੇ ਧਿਆਨ ਨਾਲ ਬਣਾਈ ਜਾਂਦੀ ਸੀ। (ਜ਼ਬੂ. 141:2) ਇਸ ਧੂਪ ਦੀ ਸੁਗੰਧ ਤੋਂ ਯਹੋਵਾਹ ਨੂੰ ਖ਼ੁਸ਼ੀ ਹੁੰਦੀ ਸੀ। ਇਸੇ ਤਰ੍ਹਾਂ ਸਾਡੀਆਂ ਦਿਲੋਂ ਕੀਤੀਆਂ ਪ੍ਰਾਰਥਨਾਵਾਂ ਤੋਂ ਉਹ “ਖ਼ੁਸ਼” ਹੁੰਦਾ ਹੈ, ਫਿਰ ਚਾਹੇ ਅਸੀਂ ਪ੍ਰਾਰਥਨਾ ਵਿਚ ਆਮ ਹੀ ਸ਼ਬਦ ਕਿਉਂ ਨਾ ਵਰਤੀਏ। (ਕਹਾ. 15:8; ਬਿਵ. 33:10) ਇਸ ਕਰਕੇ ਸਾਨੂੰ ਪੱਕਾ ਭਰੋਸਾ ਹੈ ਕਿ ਜਦੋਂ ਅਸੀਂ ਯਹੋਵਾਹ ਲਈ ਆਪਣਾ ਪਿਆਰ ਤੇ ਸ਼ੁਕਰਗੁਜ਼ਾਰੀ ਜ਼ਾਹਰ ਕਰਦੇ ਹਾਂ, ਤਾਂ ਉਹ ਖ਼ੁਸ਼ ਹੁੰਦਾ ਹੈ। ਉਹ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਆਪਣੀਆਂ ਚਿੰਤਾਵਾਂ, ਉਮੀਦਾਂ ਅਤੇ ਇੱਛਾਵਾਂ ਬਾਰੇ ਦੱਸੀਏ। ਕਿਉਂ ਨਾ ਯਹੋਵਾਹ ਨੂੰ ਪ੍ਰਾਰਥਨਾ ਕਰਨ ਤੋਂ ਪਹਿਲਾਂ ਤੁਸੀਂ ਧਿਆਨ ਨਾਲ ਸੋਚ-ਵਿਚਾਰ ਕਰੋ ਕਿ ਤੁਸੀਂ ਉਸ ਨੂੰ ਕੀ ਕਹੋਗੇ। ਇਸ ਤਰ੍ਹਾਂ ਕਰਨ ਨਾਲ ਤੁਸੀਂ ਆਪਣੇ ਸਵਰਗੀ ਪਿਤਾ ਨੂੰ ਬਹੁਤ ਹੀ ਵਧੀਆ “ਧੂਪ” ਧੁਖਾ ਸਕੋਗੇ।
8. ਯਹੋਵਾਹ ਦੀ ਮਹਿਮਾ ਕਰਨ ਦਾ ਸਾਡੇ ਕੋਲ ਕਿਹੜਾ ਖ਼ਾਸ ਮੌਕਾ ਹੈ?
8 ਅਸੀਂ ਯਹੋਵਾਹ ਦੀ ਮਹਿਮਾ ਕਰ ਕੇ ਉਸ ਦੀ ਭਗਤੀ ਕਰਦੇ ਹਾਂ। (ਜ਼ਬੂ. 34:1) ਜਦੋਂ ਅਸੀਂ ਯਹੋਵਾਹ ਦੇ ਸ਼ਾਨਦਾਰ ਗੁਣਾਂ ਅਤੇ ਕੰਮਾਂ ਬਾਰੇ ਦੂਜਿਆਂ ਨਾਲ ਗੱਲ ਕਰਦੇ ਹਾਂ, ਤਾਂ ਅਸੀਂ ਉਸ ਦੀ ਮਹਿਮਾ ਕਰਦੇ ਹਾਂ। ਯਹੋਵਾਹ ਦੇ ਸ਼ੁਕਰਗੁਜ਼ਾਰ ਹੋਣ ਕਰਕੇ ਉਸ ਦੀ ਵਡਿਆਈ ਲਈ ਸ਼ਬਦ ਸਾਡੇ ਦਿਲ ਵਿੱਚੋਂ ਆਪਣੇ ਆਪ ਨਿਕਲਦੇ ਹਨ। ਸਾਨੂੰ ਸਮਾਂ ਕੱਢ ਕੇ ਯਹੋਵਾਹ ਦੇ ਉਨ੍ਹਾਂ ਸਾਰੇ ਭਲੇ ਕੰਮਾਂ ʼਤੇ ਸੋਚ-ਵਿਚਾਰ ਕਰਨਾ ਚਾਹੀਦਾ ਹੇ ਜੋ ਉਸ ਨੇ ਸਾਡੇ ਲਈ ਕੀਤੇ ਹਨ। ਇਸ ਤਰ੍ਹਾਂ ਕਰਨ ਨਾਲ ਸਾਡੇ ਕੋਲ ਉਸ ਦੀ ਮਹਿਮਾ ਕਰਨ ਦੇ ਬਹੁਤ ਸਾਰੇ ਕਾਰਨ ਹੋਣਗੇ। ਅਸੀਂ ਖ਼ਾਸ ਤੌਰ ਤੇ ਪ੍ਰਚਾਰ ਕਰ ਕੇ ‘ਪਰਮੇਸ਼ੁਰ ਨੂੰ ਹਮੇਸ਼ਾ ਉਸਤਤ ਦਾ ਬਲੀਦਾਨ ਯਾਨੀ ਆਪਣੇ ਬੁੱਲ੍ਹਾਂ ਦਾ ਫਲ’ ਚੜ੍ਹਾਉਂਦੇ ਹਾਂ। (ਇਬ. 13:15) ਜਿੱਦਾਂ ਅਸੀਂ ਪ੍ਰਾਰਥਨਾ ਕਰਨ ਤੋਂ ਪਹਿਲਾਂ ਧਿਆਨ ਨਾਲ ਸੋਚ-ਵਿਚਾਰ ਕਰਦੇ ਹਾਂ ਕਿ ਅਸੀਂ ਯਹੋਵਾਹ ਨੂੰ ਕੀ ਕਹਾਂਗੇ, ਉਸੇ ਤਰ੍ਹਾਂ ਪ੍ਰਚਾਰ ਵਿਚ ਲੋਕਾਂ ਨਾਲ ਗੱਲ ਕਰਨ ਤੋਂ ਪਹਿਲਾਂ ਸਾਨੂੰ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਅਸੀਂ ਯਹੋਵਾਹ ਨੂੰ ਸਭ ਤੋਂ ਵਧੀਆ “ਉਸਤਤ ਦਾ ਬਲੀਦਾਨ” ਚੜ੍ਹਾਉਣਾ ਚਾਹੁੰਦੇ ਹਾਂ। ਇਸ ਕਰਕੇ ਪ੍ਰਚਾਰ ਵਿਚ ਅਸੀਂ ਦੂਜਿਆਂ ਨਾਲ ਯਹੋਵਾਹ ਬਾਰੇ ਪੂਰੇ ਜੋਸ਼ ਨਾਲ ਗੱਲ ਕਰਦੇ ਹਾਂ।
9. ਪੁਰਾਣੇ ਸਮੇਂ ਦੇ ਇਜ਼ਰਾਈਲੀਆਂ ਵਾਂਗ ਸਾਨੂੰ ਵੀ ਮੀਟਿੰਗਾਂ ਵਿਚ ਹਾਜ਼ਰ ਹੋਣ ਦੇ ਕੀ ਫ਼ਾਇਦੇ ਹੁੰਦੇ ਹਨ? ਆਪਣਾ ਤਜਰਬਾ ਦੱਸੋ।
9 ਅਸੀਂ ਮੀਟਿੰਗਾਂ ਵਿਚ ਹਾਜ਼ਰ ਹੋ ਕੇ ਯਹੋਵਾਹ ਦੀ ਭਗਤੀ ਕਰਦੇ ਹਾਂ। ਪੁਰਾਣੇ ਸਮੇਂ ਵਿਚ ਇਜ਼ਰਾਈਲੀਆਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਉਹ “ਸਾਲ ਵਿਚ ਤਿੰਨ ਵਾਰ ਉਸ ਜਗ੍ਹਾ ਆਪਣੇ ਪਰਮੇਸ਼ੁਰ ਯਹੋਵਾਹ ਸਾਮ੍ਹਣੇ ਹਾਜ਼ਰ ਹੋਣ ਜਿਹੜੀ ਜਗ੍ਹਾ ਉਹ ਚੁਣੇਗਾ।” (ਬਿਵ. 16:16) ਜਦੋਂ ਉਹ ਇਨ੍ਹਾਂ ਤਿਉਹਾਰਾਂ ʼਤੇ ਜਾਂਦੇ ਸਨ, ਤਾਂ ਮਗਰੋਂ ਉਨ੍ਹਾਂ ਦੇ ਘਰਾਂ ਤੇ ਖੇਤਾਂ ਦੀ ਰਾਖੀ ਕਰਨ ਵਾਲਾ ਕੋਈ ਨਹੀਂ ਹੁੰਦਾ ਸੀ। ਪਰ ਯਹੋਵਾਹ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ: “ਜਦੋਂ ਤੁਸੀਂ ਸਾਲ ਵਿਚ ਤਿੰਨ ਵਾਰ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਹਾਜ਼ਰ ਹੋਵੋਗੇ, ਤਾਂ ਕੋਈ ਵੀ ਤੁਹਾਡੇ ਦੇਸ਼ ʼਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ।” (ਕੂਚ 34:24) ਜਿਹੜੇ ਇਜ਼ਰਾਈਲੀ ਯਹੋਵਾਹ ʼਤੇ ਪੂਰਾ ਭਰੋਸਾ ਰੱਖਦੇ ਸਨ, ਉਹ ਤਿਉਹਾਰਾਂ ਵਿਚ ਹਾਜ਼ਰ ਹੁੰਦੇ ਸਨ। ਇਸ ਹੁਕਮ ਨੂੰ ਮੰਨਣ ਨਾਲ ਉਨ੍ਹਾਂ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਸਨ, ਜਿਵੇਂ ਕਿ ਉਹ ਪਰਮੇਸ਼ੁਰ ਦੇ ਕਾਨੂੰਨ ਬਾਰੇ ਹੋਰ ਚੰਗੀ ਤਰ੍ਹਾਂ ਸਿੱਖਦੇ ਸਨ, ਯਹੋਵਾਹ ਦੇ ਸਾਰੇ ਚੰਗੇ ਕੰਮਾਂ ʼਤੇ ਸੋਚ-ਵਿਚਾਰ ਕਰਦੇ ਸਨ ਅਤੇ ਯਹੋਵਾਹ ਨੂੰ ਪਿਆਰ ਕਰਨ ਵਾਲੇ ਲੋਕਾਂ ਨਾਲ ਸਮਾਂ ਬਿਤਾ ਕੇ ਉਨ੍ਹਾਂ ਨੂੰ ਖ਼ੁਸ਼ੀ ਮਿਲਦੀ ਸੀ। (ਬਿਵ. 16:15) ਅੱਜ ਸਾਨੂੰ ਵੀ ਇੱਦਾਂ ਦੇ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ ਜਦੋਂ ਅਸੀਂ ਕੁਰਬਾਨੀਆਂ ਕਰ ਕੇ ਮੀਟਿੰਗਾਂ ਵਿਚ ਹਾਜ਼ਰ ਹੁੰਦੇ ਹਾਂ। ਨਾਲੇ ਜ਼ਰਾ ਸੋਚੋ ਕਿ ਯਹੋਵਾਹ ਨੂੰ ਉਦੋਂ ਕਿੰਨੀ ਖ਼ੁਸ਼ੀ ਹੁੰਦੀ ਹੋਣੀ ਜਦੋਂ ਅਸੀਂ ਚੰਗੀ ਤਿਆਰੀ ਕਰ ਕੇ ਮੀਟਿੰਗਾਂ ਵਿਚ ਵਧੀਆ ਤੇ ਛੋਟਾ ਜਿਹਾ ਜਵਾਬ ਦਿੰਦੇ ਹਾਂ।
10. ਗੀਤ ਗਾਉਣੇ ਸਾਡੀ ਭਗਤੀ ਦਾ ਅਹਿਮ ਹਿੱਸਾ ਕਿਉਂ ਹਨ?
10 ਭੈਣਾਂ-ਭਰਾਵਾਂ ਨਾਲ ਗੀਤ ਗਾ ਕੇ ਅਸੀਂ ਯਹੋਵਾਹ ਦੀ ਭਗਤੀ ਕਰਦੇ ਹਾਂ। (ਜ਼ਬੂ. 28:7) ਗੀਤ ਗਾਉਣੇ ਇਜ਼ਰਾਈਲੀਆਂ ਦੀ ਭਗਤੀ ਦਾ ਅਹਿਮ ਹਿੱਸਾ ਸਨ। ਰਾਜਾ ਦਾਊਦ ਨੇ ਮੰਦਰ ਵਿਚ 288 ਲੇਵੀ ਗਾਇਕ ਨਿਯੁਕਤ ਕੀਤੇ ਸਨ। (1 ਇਤਿ. 25:1, 6-8) ਅੱਜ ਅਸੀਂ ਵੀ ਮਹਿਮਾ ਦੇ ਗੀਤ ਗਾ ਕੇ ਪਰਮੇਸ਼ੁਰ ਲਈ ਆਪਣਾ ਪਿਆਰ ਜ਼ਾਹਰ ਕਰਦੇ ਹਾਂ। ਗੀਤ ਗਾਉਣ ਲਈ ਇਹ ਜ਼ਰੂਰੀ ਨਹੀਂ ਹੈ ਕਿ ਸਾਡੀ ਆਵਾਜ਼ ਸੁਰੀਲੀ ਹੋਵੇ। ਜ਼ਰਾ ਗੌਰ ਕਰੋ: ਬੋਲਣ ਵਿਚ “ਅਸੀਂ ਸਾਰੇ ਜਣੇ ਕਈ ਵਾਰ ਗ਼ਲਤੀਆਂ ਕਰਦੇ ਹਾਂ,” ਪਰ ਇਸ ਕਰਕੇ ਅਸੀਂ ਮੰਡਲੀ ਅਤੇ ਪ੍ਰਚਾਰ ਵਿਚ ਗੱਲ ਕਰਨੀ ਨਹੀਂ ਛੱਡ ਦਿੰਦੇ। (ਯਾਕੂ. 3:2) ਬਿਲਕੁਲ ਇਸੇ ਤਰ੍ਹਾਂ ਜੇ ਸਾਡੀ ਆਵਾਜ਼ ਸੁਰੀਲੀ ਨਹੀਂ ਹੈ, ਤਾਂ ਅਸੀਂ ਯਹੋਵਾਹ ਦੀ ਮਹਿਮਾ ਲਈ ਗੀਤ ਗਾਉਣੇ ਨਹੀਂ ਛੱਡਾਂਗੇ।
11. ਜ਼ਬੂਰ 48:13 ਮੁਤਾਬਕ ਸਾਨੂੰ ਆਪਣੇ ਪਰਿਵਾਰ ਨਾਲ ਬਾਈਬਲ ਦਾ ਅਧਿਐਨ ਕਿਉਂ ਕਰਨਾ ਚਾਹੀਦਾ ਹੈ?
11 ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰ ਕੇ ਅਤੇ ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਸਿਖਾ ਕੇ ਅਸੀਂ ਉਸ ਦੀ ਭਗਤੀ ਕਰਦੇ ਹਾਂ। ਸਬਤ ਦੇ ਦਿਨ ਇਜ਼ਰਾਈਲੀ ਆਪਣੇ ਰੋਜ਼ਮੱਰਾ ਦੇ ਕੰਮ-ਧੰਦੇ ਨਹੀਂ ਕਰਦੇ ਸਨ, ਸਗੋਂ ਉਹ ਯਹੋਵਾਹ ਨਾਲ ਆਪਣਾ ਰਿਸ਼ਤਾ ਗੂੜ੍ਹਾ ਕਰਦੇ ਸਨ। (ਕੂਚ 31:16, 17) ਵਫ਼ਾਦਾਰ ਇਜ਼ਰਾਈਲੀ ਆਪਣੇ ਬੱਚਿਆਂ ਨੂੰ ਯਹੋਵਾਹ ਅਤੇ ਉਸ ਦੇ ਭਲੇ ਕੰਮਾਂ ਬਾਰੇ ਸਿਖਾਉਂਦੇ ਸਨ। ਸਾਨੂੰ ਵੀ ਸਮਾਂ ਕੱਢ ਕੇ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨਾ ਅਤੇ ਉਸ ਦਾ ਅਧਿਐਨ ਕਰਨਾ ਚਾਹੀਦਾ ਹੈ। ਇਸ ਨਾਲ ਅਸੀਂ ਉਸ ਦੇ ਹੋਰ ਨੇੜੇ ਜਾਂਦੇ ਹਾਂ। (ਜ਼ਬੂ. 73:28) ਜਦੋਂ ਅਸੀਂ ਆਪਣੇ ਪਰਿਵਾਰ ਨਾਲ ਮਿਲ ਕੇ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਦੇ ਹਾਂ, ਤਾਂ ਅਸੀਂ ਆਪਣੇ ਬੱਚਿਆ ਦੀ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਬਣਾਉਣ ਵਿਚ ਮਦਦ ਕਰਦੇ ਹਾਂ।—ਜ਼ਬੂਰ 48:13 ਪੜ੍ਹੋ।
12. ਡੇਰੇ ਨੂੰ ਬਣਾਉਣ ਦੇ ਕੰਮ ਪ੍ਰਤੀ ਯਹੋਵਾਹ ਦੇ ਨਜ਼ਰੀਏ ਤੋਂ ਅਸੀਂ ਕੀ ਸਿੱਖਦੇ ਹਾਂ?
12 ਭਗਤੀ ਦੀਆਂ ਇਮਾਰਤਾਂ ਦੀ ਉਸਾਰੀ ਅਤੇ ਸਾਂਭ-ਸੰਭਾਲ ਕਰ ਕੇ ਅਸੀਂ ਯਹੋਵਾਹ ਦੀ ਭਗਤੀ ਕਰਦੇ ਹਾਂ। ਡੇਰੇ ਅਤੇ ਇਸ ਦੀਆਂ ਚੀਜ਼ਾਂ ਨੂੰ ਬਣਾਉਣ ਦਾ ਕੰਮ ਯਹੋਵਾਹ ਦੀਆਂ ਨਜ਼ਰਾਂ ਵਿਚ “ਪਵਿੱਤਰ ਕੰਮ” ਸੀ। (ਕੂਚ 36:1, 4) ਅੱਜ ਕਿੰਗਡਮ ਹਾਲਾਂ ਅਤੇ ਭਗਤੀ ਨਾਲ ਜੁੜੀਆਂ ਹੋਰ ਇਮਾਰਤਾਂ ਨੂੰ ਬਣਾਉਣ ਦਾ ਕੰਮ ਵੀ ਯਹੋਵਾਹ ਦੀਆਂ ਨਜ਼ਰਾਂ ਵਿਚ ਪਵਿੱਤਰ ਸੇਵਾ ਹੈ। ਕੁਝ ਭੈਣ-ਭਰਾ ਆਪਣਾ ਕਾਫ਼ੀ ਸਮਾਂ ਇਨ੍ਹਾਂ ਕੰਮਾਂ ਵਿਚ ਲਾਉਂਦੇ ਹਨ। ਇਨ੍ਹਾਂ ਭੈਣਾਂ-ਭਰਾਵਾਂ ਦੇ ਇਸ ਅਹਿਮ ਯੋਗਦਾਨ ਲਈ ਸਾਨੂੰ ਉਨ੍ਹਾਂ ਦੀ ਤਾਰੀਫ਼ ਜ਼ਰੂਰ ਕਰਨੀ ਚਾਹੀਦੀ ਹੈ। ਬਿਨਾਂ ਸ਼ੱਕ, ਉਹ ਪ੍ਰਚਾਰ ਦੇ ਕੰਮ ਵਿਚ ਵੀ ਹਿੱਸਾ ਲੈਂਦੇ ਹਨ, ਇੱਥੋਂ ਤਕ ਕਿ ਉਨ੍ਹਾਂ ਵਿੱਚੋਂ ਕੁਝ ਭੈਣ-ਭਰਾ ਪਾਇਨੀਅਰ ਵੀ ਬਣਨਾ ਚਾਹੁੰਦੇ ਹਨ। ਜਦੋਂ ਮੰਡਲੀ ਦੇ ਬਜ਼ੁਰਗ ਦੇਖਦੇ ਹਨ ਕਿ ਉਹ ਮਿਹਨਤੀ ਭੈਣ-ਭਰਾ ਪਾਇਨੀਅਰ ਬਣਨ ਦੇ ਕਾਬਲ ਹਨ, ਤਾਂ ਉਹ ਬਿਨਾਂ ਝਿਜਕੇ ਉਨ੍ਹਾਂ ਨੂੰ ਪਾਇਨੀਅਰ ਬਣਾਉਂਦੇ ਹਨ। ਇਸ ਤਰ੍ਹਾਂ ਬਜ਼ੁਰਗ ਉਸਾਰੀ ਦੇ ਕੰਮ ਦਾ ਸਮਰਥਨ ਕਰਦੇ ਹਨ। ਚਾਹੇ ਅਸੀਂ ਉਸਾਰੀ ਦੇ ਕੰਮ ਵਿਚ ਮਾਹਰ ਹਾਂ ਜਾਂ ਨਹੀਂ, ਪਰ ਅਸੀਂ ਸਾਰੇ ਜਣੇ ਇਨ੍ਹਾਂ ਇਮਾਰਤਾਂ ਨੂੰ ਸਾਫ਼-ਸੁਥਰਾ ਰੱਖਣ ਅਤੇ ਇਨ੍ਹਾਂ ਦੀ ਸਾਂਭ-ਸੰਭਾਲ ਕਰਨ ਵਿਚ ਹਿੱਸਾ ਲੈ ਸਕਦੇ ਹਾਂ।
13. ਰਾਜ ਦੇ ਕੰਮਾਂ ਲਈ ਦਾਨ ਦੇਣ ਬਾਰੇ ਸਾਨੂੰ ਕਿਹੋ ਜਿਹਾ ਨਜ਼ਰੀਆ ਰੱਖਣਾ ਚਾਹੀਦਾ ਹੈ?
13 ਰਾਜ ਦੇ ਕੰਮਾਂ ਲਈ ਦਾਨ ਦੇ ਕੇ ਅਸੀਂ ਯਹੋਵਾਹ ਦੀ ਭਗਤੀ ਕਰਦੇ ਹਾਂ। ਇਜ਼ਰਾਈਲੀਆਂ ਤੋਂ ਉਮੀਦ ਰੱਖੀ ਜਾਂਦੀ ਸੀ ਕਿ ਉਹ ਯਹੋਵਾਹ ਸਾਮ੍ਹਣੇ ਖਾਲੀ ਹੱਥ ਹਾਜ਼ਰ ਨਾ ਹੋਣ। (ਬਿਵ. 16:16) ਉਹ ਆਪਣੀ ਹੈਸੀਅਤ ਅਨੁਸਾਰ ਚੜ੍ਹਾਵੇ ਲੈ ਕੇ ਜਾਂਦੇ ਸਨ। ਇਸ ਤਰ੍ਹਾਂ ਇਜ਼ਰਾਈਲੀ ਉਨ੍ਹਾਂ ਸਾਰੇ ਪ੍ਰਬੰਧਾਂ ਲਈ ਸ਼ੁਕਰਗੁਜ਼ਾਰੀ ਦਿਖਾਉਂਦੇ ਸਨ ਜੋ ਯਹੋਵਾਹ ਨੇ ਉਨ੍ਹਾਂ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨ ਲਈ ਕੀਤੇ ਸਨ। ਅੱਜ ਅਸੀਂ ਵੀ ਯਹੋਵਾਹ ਲਈ ਪਿਆਰ ਅਤੇ ਉਸ ਦੇ ਕੰਮਾਂ ਲਈ ਸ਼ੁਕਰਗੁਜ਼ਾਰੀ ਕਿਵੇਂ ਦਿਖਾ ਸਕਦੇ ਹਾਂ? ਇਕ ਤਰੀਕਾ ਹੈ ਕਿ ਅਸੀਂ ਆਪਣੇ ਹਾਲਾਤਾਂ ਮੁਤਾਬਕ ਆਪਣੀ ਮੰਡਲੀ ਅਤੇ ਪੂਰੀ ਦੁਨੀਆਂ ਵਿਚ ਹੋ ਰਹੇ ਕੰਮਾਂ ਲਈ ਦਾਨ ਦੇ ਸਕਦੇ ਹਾਂ। ਪੌਲੁਸ ਰਸੂਲ ਨੇ ਕਿਹਾ: “ਪਰਮੇਸ਼ੁਰ ਦਿਲੋਂ ਦਿੱਤੇ ਦਾਨ ਨੂੰ ਕਬੂਲ ਕਰਦਾ ਹੈ ਕਿਉਂਕਿ ਉਹ ਇਨਸਾਨ ਤੋਂ ਉਨ੍ਹਾਂ ਚੀਜ਼ਾਂ ਦੀ ਹੀ ਉਮੀਦ ਰੱਖਦਾ ਹੈ ਜਿਹੜੀਆਂ ਉਹ ਦੇ ਸਕਦਾ ਹੈ, ਨਾ ਕਿ ਜਿਹੜੀਆਂ ਉਹ ਨਹੀਂ ਦੇ ਸਕਦਾ।” (2 ਕੁਰਿੰ. 8:4, 12) ਯਹੋਵਾਹ ਸਾਡੇ ਦਿਲੋਂ ਦਿੱਤੇ ਦਾਨ ਦੀ ਬਹੁਤ ਕਦਰ ਕਰਦਾ ਹੈ, ਫਿਰ ਚਾਹੇ ਅਸੀਂ ਥੋੜ੍ਹਾ-ਬਹੁਤਾ ਹੀ ਦਾਨ ਕਿਉਂ ਨਾ ਦੇਈਏ।—ਮਰ. 12:42-44; 2 ਕੁਰਿੰ. 9:7.
14. ਕਹਾਉਤਾਂ 19:17 ਮੁਤਾਬਕ ਜਦੋਂ ਅਸੀਂ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਾਂ, ਤਾਂ ਯਹੋਵਾਹ ਇਸ ਨੂੰ ਕਿਸ ਨਜ਼ਰੀਏ ਤੋਂ ਦੇਖਦਾ ਹੈ?
14 ਲੋੜਵੰਦ ਭੈਣਾਂ-ਭਰਾਵਾਂ ਦੀ ਮਦਦ ਕਰ ਕੇ ਅਸੀਂ ਯਹੋਵਾਹ ਦੀ ਭਗਤੀ ਕਰਦੇ ਹਾਂ। ਯਹੋਵਾਹ ਨੇ ਉਨ੍ਹਾਂ ਇਜ਼ਰਾਈਲੀਆਂ ਨੂੰ ਬਰਕਤਾਂ ਦੇਣ ਦਾ ਵਾਅਦਾ ਕੀਤਾ ਸੀ ਜੋ ਖੁੱਲ੍ਹ-ਦਿਲੀ ਦਿਖਾਉਂਦੇ ਹੋਏ ਗ਼ਰੀਬਾਂ ਦੀ ਮਦਦ ਕਰਦੇ ਸਨ। (ਬਿਵ. 15:7, 10) ਜੀ ਹਾਂ, ਜਦੋਂ ਅਸੀਂ ਲੋੜਵੰਦ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਾਂ, ਤਾਂ ਇਹ ਯਹੋਵਾਹ ਦੀਆਂ ਨਜ਼ਰਾਂ ਵਿਚ ਉਸ ਨੂੰ ਤੋਹਫ਼ੇ ਦੇਣ ਦੇ ਬਰਾਬਰ ਹੈ। (ਕਹਾਉਤਾਂ 19:17 ਪੜ੍ਹੋ।) ਮਿਸਾਲ ਲਈ, ਜਦੋਂ ਫ਼ਿਲਿੱਪੈ ਦੇ ਮਸੀਹੀਆਂ ਨੇ ਪੌਲੁਸ ਨੂੰ ਜੇਲ੍ਹ ਵਿਚ ਤੋਹਫ਼ੇ ਭੇਜੇ ਸਨ, ਤਾਂ ਉਸ ਨੇ ਕਿਹਾ ਕਿ ‘ਇਹ ਸਭ ਕੁਝ ਚੜ੍ਹਾਵੇ ਵਾਂਗ ਹੈ ਜਿਸ ਨੂੰ ਪਰਮੇਸ਼ੁਰ ਖ਼ੁਸ਼ ਹੋ ਕੇ ਸਵੀਕਾਰ ਕਰਦਾ ਹੈ।’ (ਫ਼ਿਲਿ. 4:18) ਆਪਣੇ ਆਪ ਤੋਂ ਪੁੱਛੋ , ‘ਕੀ ਮੈਂ ਆਪਣੀ ਮੰਡਲੀ ਵਿਚ ਕਿਸੇ ਦੀ ਮਦਦ ਕਰ ਸਕਦਾ ਹਾਂ?’ ਯਹੋਵਾਹ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਅਸੀਂ ਆਪਣਾ ਸਮਾਂ, ਤਾਕਤ, ਹੁਨਰ ਅਤੇ ਚੀਜ਼ਾਂ ਲੋੜਵੰਦਾਂ ਦੀ ਮਦਦ ਲਈ ਵਰਤਦੇ ਹਾਂ। ਯਹੋਵਾਹ ਦੀਆਂ ਨਜ਼ਰਾਂ ਵਿਚ ਇਹ ਸਭ ਕੁਝ ਉਸ ਦੀ ਭਗਤੀ ਕਰਨ ਦਾ ਤਰੀਕਾ ਹੈ।—ਯਾਕੂ. 1:27.
ਸੱਚੀ ਭਗਤੀ ਕਰ ਕੇ ਖ਼ੁਸ਼ੀ ਮਿਲਦੀ ਹੈ
15. ਸੱਚੀ ਭਗਤੀ ਕਰਨ ਲਈ ਸਮਾਂ ਅਤੇ ਤਾਕਤ ਲੱਗਦੀ ਹੈ, ਪਰ ਇਹ ਸਾਡੇ ਲਈ ਬੋਝ ਕਿਉਂ ਨਹੀਂ ਹੈ?
15 ਸੱਚੀ ਭਗਤੀ ਕਰਨ ਲਈ ਸਮਾਂ ਅਤੇ ਤਾਕਤ ਲੱਗਦੀ ਹੈ, ਪਰ ਇਹ ਸਾਡੇ ਲਈ ਬੋਝ ਨਹੀਂ ਹੈ। (1 ਯੂਹੰ. 5:3) ਕਿਉਂ? ਕਿਉਂਕਿ ਅਸੀਂ ਯਹੋਵਾਹ ਨਾਲ ਪਿਆਰ ਹੋਣ ਕਰਕੇ ਉਸ ਦੀ ਭਗਤੀ ਕਰਦੇ ਹਾਂ। ਜ਼ਰਾ ਕਲਪਨਾ ਕਰੋ ਕਿ ਇਕ ਬੱਚਾ ਆਪਣੇ ਪਿਤਾ ਨੂੰ ਤੋਹਫ਼ਾ ਦੇਣਾ ਚਾਹੁੰਦਾ ਹੈ। ਸ਼ਾਇਦ ਉਹ ਕਈ ਘੰਟੇ ਲਾ ਕੇ ਇਕ ਤਸਵੀਰ ਬਣਾਵੇ। ਉਸ ਬੱਚੇ ਨੂੰ ਕੋਈ ਪਛਤਾਵਾ ਨਹੀਂ ਹੁੰਦਾ ਕਿ ਉਸ ਨੇ ਤਸਵੀਰ ਬਣਾਉਣ ਲਈ ਇੰਨਾ ਸਮਾਂ ਲਾਇਆ। ਉਹ ਆਪਣੇ ਪਿਤਾ ਨਾਲ ਪਿਆਰ ਕਰਦਾ ਜਿਸ ਕਰਕੇ ਉਸ ਨੂੰ ਆਪਣੇ ਪਿਤਾ ਨੂੰ ਤੋਹਫ਼ਾ ਦੇ ਕੇ ਬਹੁਤ ਖ਼ੁਸ਼ੀ ਹੁੰਦੀ ਹੈ। ਬਿਲਕੁਲ ਇਸੇ ਤਰ੍ਹਾਂ ਅਸੀਂ ਵੀ ਯਹੋਵਾਹ ਨੂੰ ਪਿਆਰ ਕਰਦੇ ਹਾਂ ਜਿਸ ਕਰਕੇ ਸਾਨੂੰ ਸੱਚੀ ਭਗਤੀ ਵਿਚ ਸਮਾਂ ਅਤੇ ਤਾਕਤ ਲਾ ਕੇ ਖ਼ੁਸ਼ੀ ਹੁੰਦੀ ਹੈ।
16. ਇਬਰਾਨੀਆਂ 6:10 ਮੁਤਾਬਕ ਤੁਸੀਂ ਯਹੋਵਾਹ ਨੂੰ ਖ਼ੁਸ਼ ਕਰਨ ਲਈ ਜੋ ਵੀ ਕਰਦੇ ਹੋ, ਉਸ ਬਾਰੇ ਯਹੋਵਾਹ ਦਾ ਕੀ ਨਜ਼ਰੀਆ ਹੈ?
16 ਮਾਪੇ ਇਹ ਆਸ ਨਹੀਂ ਰੱਖਦੇ ਕਿ ਉਨ੍ਹਾਂ ਦੇ ਸਾਰੇ ਬੱਚੇ ਉਨ੍ਹਾਂ ਨੂੰ ਇੱਕੋ ਜਿਹੇ ਤੋਹਫ਼ੇ ਦੇਣਗੇ। ਮਾਪੇ ਜਾਣਦੇ ਹਨ ਕਿ ਹਰੇਕ ਬੱਚਾ ਵੱਖਰਾ ਹੁੰਦਾ ਹੈ ਅਤੇ ਉਨ੍ਹਾਂ ਦੀਆਂ ਯੋਗਤਾਵਾਂ ਵੀ ਵੱਖੋ-ਵੱਖਰੀਆਂ ਹੁੰਦੀਆਂ ਹਨ। ਸਾਡਾ ਸਵਰਗੀ ਪਿਤਾ ਵੀ ਸਾਡੇ ਸਾਰਿਆਂ ਦੇ ਹਾਲਾਤਾਂ ਨੂੰ ਸਮਝਦਾ ਹੈ। ਸ਼ਾਇਦ ਤੁਸੀਂ ਉਨ੍ਹਾਂ ਨਾਲੋਂ ਜ਼ਿਆਦਾ ਕੰਮ ਕਰ ਸਕਦੇ ਹੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਅਤੇ ਪਿਆਰ ਕਰਦੇ ਹੋ। ਜਾਂ ਤੁਸੀਂ ਸ਼ਾਇਦ ਆਪਣੀ ਸਿਹਤ, ਉਮਰ ਜਾਂ ਪਰਿਵਾਰਕ ਜ਼ਿੰਮੇਵਾਰੀਆਂ ਕਰਕੇ ਦੂਜਿਆਂ ਜਿੰਨਾ ਨਾ ਕਰ ਸਕੋ। ਇਸ ਕਰਕੇ ਨਿਰਾਸ਼ ਨਾ ਹੋਵੋ। (ਗਲਾ. 6:4) ਜਿੰਨਾ ਚਿਰ ਤੁਸੀਂ ਸਹੀ ਇਰਾਦੇ ਨਾਲ ਆਪਣੇ ਵੱਲੋਂ ਬਿਹਤਰ ਕਰਨ ਦੀ ਕੋਸ਼ਿਸ਼ ਕਰਦੇ ਰਹੋਗੇ, ਉੱਨਾ ਚਿਰ ਯਹੋਵਾਹ ਤੁਹਾਡੇ ਤੋਂ ਖ਼ੁਸ਼ ਹੁੰਦਾ ਰਹੇਗਾ। ਯਾਦ ਰੱਖੋ ਕਿ ਯਹੋਵਾਹ ਤੁਹਾਡੇ ਕੰਮਾਂ ਨੂੰ ਕਦੇ ਨਹੀਂ ਭੁੱਲਦਾ। (ਇਬਰਾਨੀਆਂ 6:10 ਪੜ੍ਹੋ।) ਯਹੋਵਾਹ ਜਾਣਦਾ ਹੈ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ। ਉਹ ਚਾਹੁੰਦਾ ਹੈ ਕਿ ਤੁਸੀਂ ਉਸ ਦੀ ਸੇਵਾ ਵਿਚ ਜੋ ਵੀ ਕਰੋ, ਉਸ ਤੋਂ ਤੁਹਾਨੂੰ ਖ਼ੁਸ਼ੀ ਮਿਲੇ।
17. (ੳ) ਜੇ ਸਾਨੂੰ ਕਿਸੇ ਤਰੀਕੇ ਨਾਲ ਭਗਤੀ ਕਰਨੀ ਔਖੀ ਲੱਗਦੀ ਹੈ, ਤਾਂ ਅਸੀਂ ਕੀ ਕਰ ਸਕਦੇ ਹਾਂ? (ਅ) “ਆਪਣੀ ਖ਼ੁਸ਼ੀ ਵਧਾਓ” ਨਾਂ ਦੀ ਡੱਬੀ ਵਿਚ ਦਿਖਾਏ ਕਿਹੜੇ ਤਰੀਕੇ ਨਾਲ ਤੁਹਾਡੀ ਮਦਦ ਹੋਈ?
17 ਜੇ ਸਾਨੂੰ ਬਾਈਬਲ ਦਾ ਅਧਿਐਨ ਕਰਨਾ, ਪ੍ਰਚਾਰ ਕਰਨਾ ਜਾਂ ਕਿਸੇ ਹੋਰ ਤਰੀਕੇ ਨਾਲ ਭਗਤੀ ਕਰਨੀ ਔਖੀ ਲੱਗਦੀ ਹੈ, ਤਾਂ ਅਸੀਂ ਕੀ ਕਰ ਸਕਦੇ ਹਾਂ? ਅਸੀਂ ਜਿੰਨਾ ਜ਼ਿਆਦਾ ਇਨ੍ਹਾਂ ਕੰਮਾਂ ਵਿਚ ਹਿੱਸਾ ਲਵਾਂਗੇ, ਉੱਨਾ ਜ਼ਿਆਦਾ ਸਾਨੂੰ ਇਨ੍ਹਾਂ ਤੋਂ ਖ਼ੁਸ਼ੀ ਮਿਲੇਗੀ ਅਤੇ ਫ਼ਾਇਦਾ ਹੋਵੇਗਾ। ਅਸੀਂ ਭਗਤੀ ਦੀ ਤੁਲਨਾ ਕਸਰਤ ਕਰਨ ਜਾਂ ਕੋਈ ਸਾਜ਼ ਵਜਾਉਣ ਨਾਲ ਕਰ ਸਕਦੇ ਹਾਂ। ਜੇ ਅਸੀਂ ਕਦੇ-ਕਦਾਈਂ ਕਸਰਤ ਕਰਦੇ ਹਾਂ ਜਾਂ ਸਾਜ਼ ਵਜਾਉਂਦੇ ਹਾਂ, ਤਾਂ ਸਾਨੂੰ ਬਹੁਤਾ ਫ਼ਾਇਦਾ ਨਹੀਂ ਹੁੰਦਾ। ਪਰ ਜੇ ਅਸੀਂ ਹਰ ਰੋਜ਼ ਥੋੜ੍ਹਾ-ਥੋੜ੍ਹਾ ਸਮਾਂ ਕੱਢ ਕੇ ਇਸ ਤਰ੍ਹਾਂ ਕਰਾਂਗੇ ਅਤੇ ਬਾਅਦ ਵਿਚ ਇਹ ਸਮਾਂ ਵਧਾਉਂਦੇ ਜਾਵਾਂਗੇ, ਤਾਂ ਸਾਨੂੰ ਬਹੁਤ ਫ਼ਾਇਦਾ ਹੋਵੇਗਾ। ਜਦੋਂ ਅਸੀਂ ਦੇਖਾਂਗੇ ਕਿ ਸਾਡੀਆਂ ਕੋਸ਼ਿਸ਼ਾਂ ਦਾ ਕਿੰਨਾ ਫ਼ਾਇਦਾ ਹੋਇਆ ਹੈ, ਤਾਂ ਸਾਨੂੰ ਇਸ ਤੋਂ ਖ਼ੁਸ਼ੀ ਮਿਲੇਗੀ ਅਤੇ ਅਸੀਂ ਇਹ ਕੰਮ ਕਰਨਾ ਚਾਹਾਂਗੇ। ਕੀ ਇਹੀ ਤਰੀਕਾ ਅਸੀਂ ਆਪਣੀ ਭਗਤੀ ਵਿਚ ਵੀ ਵਰਤ ਸਕਦੇ ਹਾਂ?
18. ਸਾਡੀ ਜ਼ਿੰਦਗੀ ਵਿਚ ਸਭ ਤੋਂ ਜ਼ਿਆਦਾ ਅਹਿਮ ਕੀ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਸਾਨੂੰ ਕੀ ਫ਼ਾਇਦੇ ਹੋਏ ਹਨ?
18 ਪੂਰੇ ਦਿਲ ਨਾਲ ਯਹੋਵਾਹ ਦੀ ਭਗਤੀ ਕਰਨੀ ਸਾਡੀ ਜ਼ਿੰਦਗੀ ਵਿਚ ਸਭ ਤੋਂ ਜ਼ਿਆਦਾ ਅਹਿਮ ਹੈ। ਇਸ ਕਰਕੇ ਸਾਡੀ ਜ਼ਿੰਦਗੀ ਖ਼ੁਸ਼ੀਆਂ ਅਤੇ ਮਕਸਦ ਭਰੀ ਬਣੀ ਹੈ ਅਤੇ ਸਾਨੂੰ ਹਮੇਸ਼ਾ-ਹਮੇਸ਼ਾ ਲਈ ਯਹੋਵਾਹ ਦੀ ਭਗਤੀ ਕਰਨ ਦੀ ਉਮੀਦ ਮਿਲੀ ਹੈ। (ਕਹਾ. 10:22) ਸਾਨੂੰ ਮਨ ਦੀ ਸ਼ਾਂਤੀ ਵੀ ਮਿਲੀ ਹੈ ਕਿਉਂਕਿ ਸਾਨੂੰ ਪਤਾ ਹੈ ਕਿ ਕੋਈ ਵੀ ਮੁਸ਼ਕਲ ਆਉਣ ʼਤੇ ਯਹੋਵਾਹ ਆਪਣੇ ਸੇਵਕਾਂ ਦੀ ਮਦਦ ਜ਼ਰੂਰ ਕਰਦਾ ਹੈ। (ਯਸਾ. 41:9, 10) ਬਿਨਾਂ ਸ਼ੱਕ, ਸਾਡੇ ਕੋਲ ਆਪਣੇ ਪਿਆਰੇ ਪਿਤਾ ਦੀ ਭਗਤੀ ਕਰਨ ਦੇ ਚੰਗੇ ਕਾਰਨ ਹਨ ਜੋ ਸਾਰੀ ਸ੍ਰਿਸ਼ਟੀ ਤੋਂ ‘ਮਹਿਮਾ ਤੇ ਆਦਰ ਪਾਉਣ ਦਾ ਹੱਕਦਾਰ ਹੈ।’—ਪ੍ਰਕਾ. 4:11.
ਗੀਤ 24 ਆਓ ਯਹੋਵਾਹ ਦੇ ਪਹਾੜ
a ਯਹੋਵਾਹ ਸ੍ਰਿਸ਼ਟੀਕਰਤਾ ਹੈ, ਇਸ ਕਰਕੇ ਉਹ ਸਾਡੀ ਭਗਤੀ ਦਾ ਹੱਕਦਾਰ ਹੈ। ਉਹ ਸਾਡੀ ਭਗਤੀ ਤਾਂ ਹੀ ਸਵੀਕਾਰ ਕਰਦਾ ਹੈ ਜੇ ਅਸੀਂ ਉਸ ਦੇ ਹੁਕਮਾਂ ਨੂੰ ਮੰਨਦੇ ਹਾਂ ਅਤੇ ਉਸ ਦੇ ਅਸੂਲਾਂ ਮੁਤਾਬਕ ਜ਼ਿੰਦਗੀ ਜੀਉਂਦੇ ਹਾਂ। ਇਸ ਲੇਖ ਵਿਚ ਅਸੀਂ ਭਗਤੀ ਕਰਨ ਦੇ ਅੱਠ ਤਰੀਕਿਆਂ ʼਤੇ ਗੌਰ ਕਰਾਂਗੇ। ਨਾਲੇ ਅਸੀਂ ਸਿੱਖਾਂਗੇ ਕਿ ਅਸੀਂ ਹੋਰ ਵਧੀਆ ਢੰਗ ਨਾਲ ਭਗਤੀ ਕਿਵੇਂ ਕਰ ਸਕਦੇ ਹਾਂ ਅਤੇ ਆਪਣੀ ਖ਼ੁਸ਼ੀ ਕਿਵੇਂ ਵਧਾ ਸਕਦੇ ਹਾਂ।