ਪਾਠਕਾਂ ਵੱਲੋਂ ਸਵਾਲ
ਕੀ ਸਬੂਤ ਹੈ ਕਿ ਪ੍ਰਾਚੀਨ ਯਰੀਹੋ ਸ਼ਹਿਰ ਨੂੰ ਲੰਬੀ ਘੇਰਾਬੰਦੀ ਕੀਤੇ ਬਿਨਾਂ ਹੀ ਜਿੱਤਿਆ ਗਿਆ ਸੀ?
ਯਹੋਸ਼ੁਆ 6:10-15, 20 ਕਹਿੰਦਾ ਹੈ ਕਿ ਇਜ਼ਰਾਈਲੀ ਫ਼ੌਜੀਆਂ ਨੇ ਯਰੀਹੋ ਸ਼ਹਿਰ ਦੇ ਆਲੇ-ਦੁਆਲੇ ਛੇ ਦਿਨ ਹਰ ਰੋਜ਼ ਇਕ ਗੇੜਾ ਕੱਢਿਆ। ਸੱਤਵੇਂ ਦਿਨ ਉਨ੍ਹਾਂ ਨੇ ਸ਼ਹਿਰ ਦੇ ਆਲੇ-ਦੁਆਲੇ ਸੱਤ ਗੇੜੇ ਕੱਢੇ। ਫਿਰ ਪਰਮੇਸ਼ੁਰ ਨੇ ਯਰੀਹੋ ਦੀਆਂ ਮਜ਼ਬੂਤ ਤੇ ਵਿਸ਼ਾਲ ਕੰਧਾਂ ਨੂੰ ਢਹਿ-ਢੇਰੀ ਕਰ ਦਿੱਤਾ ਅਤੇ ਇਜ਼ਰਾਈਲੀਆਂ ਨੇ ਯਰੀਹੋ ਉੱਤੇ ਕਬਜ਼ਾ ਕਰ ਲਿਆ। ਕੀ ਪੁਰਾਤੱਤਵ-ਵਿਗਿਆਨੀਆਂ ਨੂੰ ਕੋਈ ਅਜਿਹੀ ਚੀਜ਼ ਮਿਲੀ ਹੈ ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਯਰੀਹੋ ਦੀ ਘੇਰਾਬੰਦੀ ਥੋੜ੍ਹੇ ਸਮੇਂ ਲਈ ਕੀਤੀ ਗਈ ਸੀ, ਜਿੱਦਾਂ ਬਾਈਬਲ ਦੱਸਦੀ ਹੈ।
ਪੁਰਾਣੇ ਸਮੇਂ ਵਿਚ ਦੁਸ਼ਮਣ ਸ਼ਹਿਰ ਉੱਤੇ ਹਮਲਾ ਕਰਨ ਲਈ ਉਸ ਦੇ ਆਲੇ-ਦੁਆਲੇ ਘੇਰਾਬੰਦੀ ਕਰ ਲੈਂਦੇ ਸਨ। ਜੇ ਦੁਸ਼ਮਣ ਇਸ ਤਰ੍ਹਾਂ ਲੰਬੇ ਸਮੇਂ ਲਈ ਕਰਦੇ ਸਨ, ਤਾਂ ਸ਼ਹਿਰ ਦੇ ਲੋਕ ਜਮ੍ਹਾ ਕੀਤਾ ਹੋਇਆ ਅਨਾਜ ਖਾ ਲੈਂਦੇ ਸਨ। ਜਦੋਂ ਦੁਸ਼ਮਣ ਸ਼ਹਿਰ ਉੱਤੇ ਹਮਲਾ ਕਰ ਕੇ ਇਸ ਨੂੰ ਜਿੱਤ ਲੈਂਦੇ ਸਨ, ਤਾਂ ਉਹ ਪੂਰੇ ਸ਼ਹਿਰ ਨੂੰ ਲੁੱਟ ਲੈਂਦੇ ਸਨ, ਇੱਥੋਂ ਤਕ ਕਿ ਬਚਿਆ-ਖੁਚਿਆ ਅਨਾਜ ਵੀ। ਪਰ ਯਰੀਹੋ ਦੇ ਖੰਡਰਾਤਾਂ ਵਿਚ ਪੁਰਾਤੱਤਵ-ਵਿਗਿਆਨੀਆਂ ਨੂੰ ਕਾਫ਼ੀ ਮਾਤਰਾ ਵਿਚ ਖਾਣ-ਪੀਣ ਦਾ ਸਮਾਨ ਲੱਭਾ। ਇਸ ਮਾਮਲੇ ਬਾਰੇ ਬਿਬਲੀਕਲ ਆਰਕਿਓਲੋਜੀ ਰਿਵਿਊ ਨਾਂ ਦਾ ਰਸਾਲਾ ਦੱਸਦਾ ਹੈ: “ਯਰੀਹੋ ਦੇ ਖੰਡਰਾਂ ਵਿਚ ਮਿੱਟੀ ਦੇ ਭਾਂਡਿਆਂ ਤੋਂ ਇਲਾਵਾ ਕਾਫ਼ੀ ਮਾਤਰਾ ਵਿਚ ਅਨਾਜ ਵੀ ਮਿਲਿਆ।” ਨਾਲੇ ਰਸਾਲਾ ਇਹ ਵੀ ਦੱਸਦਾ ਹੈ: “ਅਨਾਜ ਨਾਲ ਭਰੇ ਇਕ-ਦੋ ਮਿੱਟੀ ਦੇ ਭਾਂਡੇ ਮਿਲਣੇ ਕੋਈ ਵੱਡੀ ਗੱਲ ਨਹੀਂ, ਪਰ ਇੰਨੀ ਮਾਤਰਾ ਵਿਚ ਅਨਾਜ ਮਿਲਣਾ ਬਹੁਤ ਹੀ ਅਜੀਬ ਗੱਲ ਹੈ।”
ਬਾਈਬਲ ਦੱਸਦੀ ਹੈ ਕਿ ਇਜ਼ਰਾਈਲੀਆਂ ਨੇ ਯਹੋਵਾਹ ਦੇ ਹੁਕਮ ਕਰਕੇ ਯਰੀਹੋ ਵਿੱਚੋਂ ਕੋਈ ਵੀ ਖਾਣ-ਪੀਣ ਦੀ ਚੀਜ਼ ਨਹੀਂ ਲੁੱਟੀ ਸੀ। (ਯਹੋ. 6:17, 18) ਬਾਈਬਲ ਇਹ ਵੀ ਕਹਿੰਦੀ ਹੈ ਕਿ ਇਜ਼ਰਾਈਲੀਆਂ ਨੇ ਵਾਢੀ ਦੇ ਸਮੇਂ ਤੋਂ ਬਾਅਦ ਯਰੀਹੋ ਉੱਤੇ ਹਮਲਾ ਕੀਤਾ ਸੀ, ਇਸ ਕਰਕੇ ਸ਼ਹਿਰ ਵਿਚ ਕਾਫ਼ੀ ਸਾਰਾ ਅਨਾਜ ਜਮ੍ਹਾ ਕੀਤਾ ਗਿਆ ਸੀ। (ਯਹੋ. 3:15-17; 5:10) ਯਰੀਹੋ ʼਤੇ ਕਬਜ਼ਾ ਕਰਨ ਤੋਂ ਬਾਅਦ ਅਨਾਜ ਮਿਲਣਾ ਇਸ ਗੱਲ ਦਾ ਸਬੂਤ ਹੈ ਕਿ ਇਜ਼ਰਾਈਲੀਆਂ ਨੇ ਥੋੜ੍ਹੇ ਸਮੇਂ ਲਈ ਘੇਰਾਬੰਦੀ ਕੀਤੀ ਸੀ, ਬਿਲਕੁਲ ਜਿੱਦਾਂ ਬਾਈਬਲ ਦੱਸਦੀ ਹੈ।