ਅਜਨਬੀਆਂ ਲਈ ਪਿਆਰ ਦਿਖਾਉਣਾ ਨਾ ਭੁੱਲੋ
“ਪਰਾਹੁਣਚਾਰੀ ਕਰਨੀ ਨਾ ਭੁੱਲੋ।”—ਇਬ. 13:2.
1, 2. (ੳ) ਅੱਜ ਬਹੁਤ ਸਾਰੇ ਅਜਨਬੀ ਕਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹਨ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਪੌਲੁਸ ਰਸੂਲ ਨੇ ਮਸੀਹੀਆਂ ਨੂੰ ਕਿਹੜੀ ਗੱਲ ਯਾਦ ਕਰਾਈ ਅਤੇ ਇਸ ਕਰਕੇ ਕਿਹੜੇ ਸਵਾਲ ਖੜ੍ਹੇ ਹੁੰਦੇ ਹਨ?
ਔਸੇ [1] ਨਾਂ ਦਾ ਆਦਮੀ 30 ਤੋਂ ਜ਼ਿਆਦਾ ਸਾਲ ਪਹਿਲਾਂ ਘਾਨਾ ਤੋਂ ਯੂਰਪ ਆਇਆ ਸੀ। ਉਦੋਂ ਉਹ ਯਹੋਵਾਹ ਦਾ ਗਵਾਹ ਨਹੀਂ ਸੀ। ਉਹ ਯਾਦ ਕਰਦਾ ਹੈ: “ਮੈਨੂੰ ਜਲਦੀ ਹੀ ਪਤਾ ਲੱਗ ਗਿਆ ਕਿ ਜ਼ਿਆਦਾਤਰ ਲੋਕਾਂ ਨੂੰ ਮੇਰੀ ਕੋਈ ਪਰਵਾਹ ਨਹੀਂ ਸੀ। ਉੱਥੇ ਦਾ ਮੌਸਮ ਵੀ ਬਹੁਤ ਅਲੱਗ ਸੀ। ਜਦੋਂ ਮੈਂ ਏਅਰਪੋਰਟ ਤੋਂ ਬਾਹਰ ਆਇਆ, ਤਾਂ ਮੈਨੂੰ ਪਹਿਲੀ ਵਾਰ ਠੰਢ ਦਾ ਅਹਿਸਾਸ ਹੋਇਆ ਤੇ ਮੈਂ ਰੋਣ ਲੱਗ ਪਿਆ।” ਔਸੇ ਨੂੰ ਵਧੀਆ ਕੰਮ ਲੱਭਣ ਲਈ ਇਕ ਤੋਂ ਜ਼ਿਆਦਾ ਸਾਲ ਲੱਗ ਗਏ ਕਿਉਂਕਿ ਉਸ ਨੂੰ ਉੱਥੇ ਦੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਸੀ ਆਉਂਦੀ। ਆਪਣੇ ਪਰਿਵਾਰ ਤੋਂ ਦੂਰ ਹੋਣ ਕਰਕੇ ਉਹ ਇਕੱਲਾ ਮਹਿਸੂਸ ਕਰਦਾ ਸੀ ਅਤੇ ਉਸ ਨੂੰ ਆਪਣੇ ਪਰਿਵਾਰ ਦੀ ਯਾਦ ਸਤਾਉਂਦੀ ਸੀ।
2 ਜ਼ਰਾ ਸੋਚੋ, ਜੇ ਤੁਹਾਡੇ ਹਾਲਾਤ ਇਸ ਤਰ੍ਹਾਂ ਦੇ ਹੁੰਦੇ, ਤਾਂ ਤੁਸੀਂ ਕਿੱਦਾਂ ਚਾਹੁੰਦੇ ਕਿ ਲੋਕ ਤੁਹਾਡੇ ਨਾਲ ਪੇਸ਼ ਆਉਣ। ਕੀ ਤੁਸੀਂ ਇਸ ਗੱਲ ਦੀ ਕਦਰ ਨਹੀਂ ਕਰਦੇ ਕਿ ਅਲੱਗ ਕੌਮ ਜਾਂ ਰੰਗ ਹੋਣ ਦੇ ਬਾਵਜੂਦ ਵੀ ਕਿੰਗਡਮ ਹਾਲ ਵਿਚ ਭੈਣਾਂ-ਭਰਾਵਾਂ ਨੇ ਤੁਹਾਡਾ ਨਿੱਘਾ ਸੁਆਗਤ ਕੀਤਾ? ਦਰਅਸਲ ਬਾਈਬਲ ਸੱਚੇ ਮਸੀਹੀਆਂ ਨੂੰ ਹੱਲਾਸ਼ੇਰੀ ਦਿੰਦੀ ਹੈ ਕਿ “ਪਰਾਹੁਣਚਾਰੀ ਕਰਨੀ ਨਾ ਭੁੱਲੋ।” (ਇਬ. 13:2) ਇੱਥੇ ਜਿਹੜਾ ਯੂਨਾਨੀ ਸ਼ਬਦ “ਪਰਾਹੁਣਚਾਰੀ” ਲਈ ਵਰਤਿਆ ਗਿਆ ਸੀ, ਉਸ ਦਾ ਮਤਲਬ ਹੈ: “ਅਜਨਬੀਆਂ ਲਈ ਪਿਆਰ ਦਿਖਾਉਣਾ।” ਇਸ ਲਈ ਆਓ ਆਪਾਂ ਅੱਗੇ ਦਿੱਤੇ ਸਵਾਲਾਂ ʼਤੇ ਗੌਰ ਕਰੀਏ: ਯਹੋਵਾਹ ਅਜਨਬੀਆਂ ਬਾਰੇ ਕਿਹੋ ਜਿਹਾ ਨਜ਼ਰੀਆ ਰੱਖਦਾ ਹੈ? ਸਾਨੂੰ ਸ਼ਾਇਦ ਅਜਨਬੀਆਂ ਪ੍ਰਤੀ ਆਪਣੇ ਨਜ਼ਰੀਏ ਨੂੰ ਬਦਲਣ ਦੀ ਲੋੜ ਕਿਉਂ ਹੋਵੇ? ਅਸੀਂ ਆਪਣੀ ਮੰਡਲੀ ਵਿਚ ਆਏ ਹੋਰ ਦੇਸ਼ ਦੇ ਲੋਕਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ ਤਾਂਕਿ ਉਨ੍ਹਾਂ ਨੂੰ ਓਪਰਾ ਨਾ ਲੱਗੇ?
ਯਹੋਵਾਹ ਦਾ ਅਜਨਬੀਆਂ ਪ੍ਰਤੀ ਨਜ਼ਰੀਆ
3, 4. ਕੂਚ 23:9 ਮੁਤਾਬਕ ਯਹੋਵਾਹ ਪਰਦੇਸੀਆਂ ਨਾਲ ਪੇਸ਼ ਆਉਣ ਸੰਬੰਧੀ ਇਜ਼ਰਾਈਲੀਆਂ ਤੋਂ ਕੀ ਚਾਹੁੰਦਾ ਸੀ ਅਤੇ ਕਿਉਂ?
3 ਆਪਣੇ ਲੋਕਾਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਛੁਡਾਉਣ ਤੋਂ ਬਾਅਦ ਯਹੋਵਾਹ ਨੇ ਉਨ੍ਹਾਂ ਨੂੰ ਕਾਨੂੰਨ ਦਿੱਤੇ। ਇਨ੍ਹਾਂ ਕਾਨੂੰਨਾਂ ਤੋਂ ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਸਿਖਾਇਆ ਕਿ ਉਹ ਆਪਣੇ ਨਾਲ ਆਏ ਹੋਰ ਲੋਕਾਂ ਨਾਲ ਪਿਆਰ ਨਾਲ ਪੇਸ਼ ਆਉਣ। (ਕੂਚ 12:38, 49; 22:21) ਪਰਦੇਸੀਆਂ ਦੀ ਜ਼ਿੰਦਗੀ ਹਮੇਸ਼ਾ ਸੌਖੀ ਨਹੀਂ ਹੁੰਦੀ ਜਿਸ ਕਰਕੇ ਯਹੋਵਾਹ ਨੇ ਉਨ੍ਹਾਂ ਦੀ ਪਿਆਰ ਨਾਲ ਦੇਖ-ਭਾਲ ਕੀਤੀ। ਮਿਸਾਲ ਲਈ, ਉਨ੍ਹਾਂ ਨੂੰ ਵਾਢਿਆਂ ਦੇ ਮਗਰ ਸਿਲਾ ਚੁਗਣ ਦਾ ਹੱਕ ਦਿੱਤਾ ਗਿਆ।—ਲੇਵੀ. 19:9, 10.
4 ਭਾਵੇਂ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਪਰਦੇਸੀਆਂ ਦਾ ਆਦਰ ਕਰਨ ਦਾ ਹੁਕਮ ਦਿੱਤਾ ਸੀ, ਪਰ ਉਸ ਨੇ ਇਹ ਹੁਕਮ ਜ਼ਬਰਦਸਤੀ ਲਾਗੂ ਨਹੀਂ ਕੀਤਾ। ਯਹੋਵਾਹ ਚਾਹੁੰਦਾ ਸੀ ਕਿ ਉਹ ਦਿਲੋਂ ਇਹ ਕਾਨੂੰਨ ਮੰਨਣ ਅਤੇ ਉਹ ਦਿਨ ਯਾਦ ਰੱਖਣ ਜਦੋਂ ਉਹ ਪਰਦੇਸੀ ਸਨ। (ਕੂਚ 23:9 ਪੜ੍ਹੋ।) ਉਨ੍ਹਾਂ ਨੂੰ ਪਤਾ ਸੀ ਕਿ ਪਰਦੇਸੀਆਂ ਵਜੋਂ ਜ਼ਿੰਦਗੀ ਜੀਉਣੀ ਕਿੰਨੀ ਔਖੀ ਹੈ। ਇਜ਼ਰਾਈਲੀਆਂ ਦੇ ਗ਼ੁਲਾਮ ਬਣਨ ਤੋਂ ਪਹਿਲਾਂ ਹੀ ਮਿਸਰੀ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ ਸਨ। ਉਹ ਆਪਣੀ ਕੌਮ ʼਤੇ ਘਮੰਡ ਕਰਦੇ ਸਨ ਅਤੇ ਇਜ਼ਰਾਈਲੀਆਂ ਨਾਲ ਧਰਮ ਦੇ ਨਾਂ ʼਤੇ ਪੱਖਪਾਤ ਕਰਦੇ ਸਨ। (ਉਤ. 43:32; 46:34; ਕੂਚ 1:11-14) ਪਰਦੇਸੀਆਂ ਵਜੋਂ ਇਜ਼ਰਾਈਲੀਆਂ ਨੇ ਬਹੁਤ ਔਖੀ ਜ਼ਿੰਦਗੀ ਕੱਟੀ ਸੀ। ਇਸ ਲਈ ਯਹੋਵਾਹ ਚਾਹੁੰਦਾ ਸੀ ਕਿ ਇਜ਼ਰਾਈਲੀ ਪਰਦੇਸੀਆਂ ਨੂੰ “ਆਪਣੇ ਵਿੱਚ ਜੰਮਿਆ” ਹੋਇਆਂ ਵਾਂਗ ਸਮਝਣ।—ਲੇਵੀ. 19:33, 34.
5. ਯਹੋਵਾਹ ਵਾਂਗ ਪਰਦੇਸੀਆਂ ਨਾਲ ਪੇਸ਼ ਆਉਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?
5 ਅਸੀਂ ਅੱਜ ਵੀ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਮੰਡਲੀ ਵਿਚ ਆਏ ਪਰਦੇਸੀਆਂ ਦੀ ਪਰਵਾਹ ਕਰਦਾ ਹੈ। (ਬਿਵ. 10:17-19; ਮਲਾ. 3:5, 6) ਜ਼ਰਾ ਉਨ੍ਹਾਂ ਦੀਆਂ ਚੁਣੌਤੀਆਂ ਬਾਰੇ ਸੋਚੋ। ਮਿਸਾਲ ਲਈ, ਸ਼ਾਇਦ ਉਨ੍ਹਾਂ ਨੂੰ ਭਾਸ਼ਾ ਨਹੀਂ ਆਉਂਦੀ ਅਤੇ ਸ਼ਾਇਦ ਲੋਕ ਉਨ੍ਹਾਂ ਨਾਲ ਸਹੀ ਤਰੀਕੇ ਨਾਲ ਪੇਸ਼ ਨਹੀਂ ਆਉਂਦੇ। ਸੋ ਅਸੀਂ ਦੇਖ ਸਕਦੇ ਹਾਂ ਕਿ ਅਸੀਂ ਉਨ੍ਹਾਂ ਨਾਲ ਕਿਵੇਂ ਪਿਆਰ ਦਿਖਾ ਸਕਦੇ ਹਾਂ ਅਤੇ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹਾਂ।—1 ਪਤ. 3:8.
ਕੀ ਅਜਨਬੀਆਂ ਪ੍ਰਤੀ ਆਪਣੇ ਨਜ਼ਰੀਏ ਵਿਚ ਸਾਨੂੰ ਬਦਲਾਅ ਕਰਨ ਦੀ ਲੋੜ ਹੈ?
6, 7. ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਪਹਿਲੀ ਸਦੀ ਦੇ ਮਸੀਹੀਆਂ ਨੇ ਆਪਣੇ ਦਿਲ ਵਿੱਚੋਂ ਪੱਖਪਾਤ ਦੀ ਭਾਵਨਾ ਕੱਢੀ?
6 ਪਹਿਲੀ ਸਦੀ ਦੇ ਯਹੂਦੀ ਮਸੀਹੀਆਂ ਵਿਚ ਪੱਖਪਾਤ ਦੀ ਭਾਵਨਾ ਕੁੱਟ-ਕੁੱਟ ਕੇ ਭਰੀ ਹੋਈ ਸੀ। ਪਰ ਉਨ੍ਹਾਂ ਨੇ ਇਸ ਨੂੰ ਆਪਣੇ ਦਿਲ ਵਿੱਚੋਂ ਕੱਢਿਆ। ਪੰਤੇਕੁਸਤ 33 ਈਸਵੀ ਵਿਚ ਯਰੂਸ਼ਲਮ ਵਿਚ ਰਹਿੰਦੇ ਮਸੀਹੀਆਂ ਨੇ ਹੋਰ ਦੇਸ਼ਾਂ ਤੋਂ ਆਏ ਲੋਕਾਂ ਦੀ ਪਰਾਹੁਣਚਾਰੀ ਕੀਤੀ ਜੋ ਮਸੀਹੀ ਬਣ ਗਏ ਸਨ। (ਰਸੂ. 2:5, 44-47) ਯਹੂਦੀ ਮਸੀਹੀਆਂ ਨੇ ਇਨ੍ਹਾਂ ਨਾਲ ਪਿਆਰ ਦਿਖਾ ਕੇ ਜ਼ਾਹਰ ਕੀਤਾ ਕਿ ਉਹ ਪਰਾਹੁਣਚਾਰੀ ਦਾ ਮਤਲਬ ਸਮਝ ਗਏ ਸਨ, ਜੋ ਹੈ “ਅਜਨਬੀਆਂ ਲਈ ਪਿਆਰ ਦਿਖਾਉਣਾ।”
7 ਪਹਿਲੀ ਸਦੀ ਦੀਆਂ ਮੰਡਲੀਆਂ ਵਿਚ ਵਾਧਾ ਹੋਇਆ, ਪਰ ਉਨ੍ਹਾਂ ਵਿਚ ਇਕ ਮਸਲਾ ਖੜ੍ਹਾ ਹੋਇਆ। ਯੂਨਾਨੀ ਬੋਲਣ ਵਾਲੇ ਯਹੂਦੀਆਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੀਆਂ ਵਿਧਵਾਵਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਸੀ। (ਰਸੂ. 6:1) ਇਸ ਮਸਲੇ ਨੂੰ ਸੁਲਝਾਉਣ ਲਈ ਰਸੂਲਾਂ ਨੇ ਸੱਤ ਆਦਮੀ ਚੁਣੇ ਤਾਂਕਿ ਕਿਸੇ ਨਾਲ ਪੱਖਪਾਤ ਨਾ ਹੋਵੇ। ਇਨ੍ਹਾਂ ਸੱਤ ਆਦਮੀਆਂ ਦੇ ਯੂਨਾਨੀ ਨਾਂ ਸਨ। ਸ਼ਾਇਦ ਯੂਨਾਨੀ ਭਰਾਵਾਂ ਨੂੰ ਇਸ ਲਈ ਚੁਣਿਆ ਗਿਆ ਸੀ ਤਾਂਕਿ ਵਿਧਵਾਵਾਂ ਨੂੰ ਲੱਗੇ ਕਿ ਉਨ੍ਹਾਂ ਦੀ ਵੀ ਕੋਈ ਪਰਵਾਹ ਕਰਨ ਵਾਲਾ ਸੀ।—ਰਸੂ. 6:2-6.
8, 9. (ੳ) ਕਿਹੜੀਆਂ ਗੱਲਾਂ ਤੋਂ ਪਤਾ ਲੱਗ ਸਕਦਾ ਹੈ ਕਿ ਸਾਡੇ ਮਨ ਵਿਚ ਘਮੰਡ ਹੈ ਜਾਂ ਅਸੀਂ ਪੱਖਪਾਤ ਕਰਦੇ ਹਾਂ? (ਅ) ਸਾਨੂੰ ਆਪਣੇ ਦਿਲ ਵਿੱਚੋਂ ਕਿਸ ਚੀਜ਼ ਨੂੰ ਜੜ੍ਹੋਂ ਪੁੱਟਣ ਦੀ ਲੋੜ ਹੈ? (1 ਪਤ. 1:22)
8 ਚਾਹੇ ਸਾਨੂੰ ਇਸ ਗੱਲ ਦਾ ਅਹਿਸਾਸ ਹੈ ਜਾਂ ਨਹੀਂ, ਪਰ ਸਾਡੇ ਸਭਿਆਚਾਰ ਦਾ ਸਾਡੇ ਉੱਤੇ ਗਹਿਰਾ ਅਸਰ ਪੈਂਦਾ ਹੈ। (ਰੋਮੀ. 12:2) ਇਸ ਤੋਂ ਇਲਾਵਾ, ਅਸੀਂ ਆਪਣੇ ਗੁਆਂਢੀਆਂ, ਨਾਲ ਕੰਮ ਕਰਨ ਵਾਲਿਆਂ ਜਾਂ ਨਾਲ ਪੜ੍ਹਨ ਵਾਲਿਆਂ ਦੇ ਮੂੰਹੋਂ ਹੋਰ ਪਿਛੋਕੜ, ਨਸਲ ਜਾਂ ਰੰਗ ਦੇ ਲੋਕਾਂ ਬਾਰੇ ਬੁਰਾ-ਭਲਾ ਸੁਣਦੇ ਹਾਂ। ਇਨ੍ਹਾਂ ਗੱਲਾਂ ਦਾ ਸਾਡੇ ʼਤੇ ਕਿੰਨਾ ਕੁ ਅਸਰ ਪੈਂਦਾ ਹੈ? ਨਾਲੇ ਅਸੀਂ ਉਦੋਂ ਕਿਵੇਂ ਪੇਸ਼ ਆਉਂਦੇ ਹਾਂ ਜਦੋਂ ਕੋਈ ਸਾਡੀ ਕੌਮ ਜਾਂ ਸਾਡੇ ਸਭਿਆਚਾਰ ਦਾ ਮਜ਼ਾਕ ਉਡਾਉਂਦਾ ਹੈ?
9 ਕੁਝ ਸਮੇਂ ਲਈ ਪਤਰਸ ਰਸੂਲ ਗ਼ੈਰ-ਯਹੂਦੀਆਂ ਨਾਲ ਪੱਖਪਾਤ ਕਰਨ ਲੱਗ ਪਿਆ। ਪਰ ਉਸ ਨੇ ਹੌਲੀ-ਹੌਲੀ ਆਪਣੇ ਮਨ ਵਿੱਚੋਂ ਇਨ੍ਹਾਂ ਗ਼ਲਤ ਭਾਵਨਾਵਾਂ ਨੂੰ ਕੱਢਿਆ। (ਰਸੂ. 10:28, 34, 35; ਗਲਾ. 2:11-14) ਇਸੇ ਤਰ੍ਹਾਂ ਜੇ ਅਸੀਂ ਦੇਖਦੇ ਹਾਂ ਕਿ ਸਾਡੇ ਮਨ ਵਿਚ ਜ਼ਰਾ ਵੀ ਪੱਖਪਾਤ ਦੀ ਭਾਵਨਾ ਜਾਂ ਆਪਣੀ ਕੌਮ ਪ੍ਰਤੀ ਘਮੰਡ ਹੈ, ਤਾਂ ਸਾਨੂੰ ਇਸ ਨੂੰ ਜੜ੍ਹੋਂ ਪੁੱਟਣਾ ਚਾਹੀਦਾ ਹੈ। (1 ਪਤਰਸ 1:22 ਪੜ੍ਹੋ।) ਅਸੀਂ ਇਸ ਗੱਲ ʼਤੇ ਸੋਚ-ਵਿਚਾਰ ਕਰ ਸਕਦੇ ਹਾਂ ਕਿ ਸਾਡੇ ਵਿੱਚੋਂ ਕੋਈ ਵੀ ਮੁਕਤੀ ਪਾਉਣ ਦੇ ਲਾਇਕ ਨਹੀਂ ਹੈ। ਅਸੀਂ ਚਾਹੇ ਜਿਸ ਮਰਜ਼ੀ ਕੌਮ ਦੇ ਹੋਈਏ, ਅਸੀਂ ਸਾਰੇ ਪਾਪੀ ਹਾਂ। (ਰੋਮੀ. 3:9, 10, 21-24) ਤਾਂ ਫਿਰ, ਅਸੀਂ ਆਪਣੇ ਆਪ ਨੂੰ ਕਿਸੇ ਨਾਲੋਂ ਉੱਚਾ ਕਿਉਂ ਸਮਝੀਏ? (1 ਕੁਰਿੰ. 4:7) ਸਾਨੂੰ ਪੌਲੁਸ ਰਸੂਲ ਵਰਗਾ ਨਜ਼ਰੀਆ ਰੱਖਣਾ ਚਾਹੀਦਾ ਹੈ ਜਿਸ ਨੇ ਆਪਣੇ ਨਾਲ ਦੇ ਚੁਣੇ ਹੋਏ ਮਸੀਹੀਆਂ ਨੂੰ ਸਲਾਹ ਦਿੱਤੀ ਕਿ ਉਹ ‘ਹੁਣ ਅਜਨਬੀ ਅਤੇ ਪਰਦੇਸੀ ਨਹੀਂ ਹਨ, ਪਰ ਪਰਮੇਸ਼ੁਰ ਦੇ ਪਰਿਵਾਰ ਦੇ ਜੀਅ ਹਨ।’ (ਅਫ਼. 2:19) ਸਾਨੂੰ ਆਪਣੇ ਵਿੱਚੋਂ ਕਿਸੇ ਵੀ ਤਰ੍ਹਾਂ ਦੀ ਪੱਖਪਾਤ ਦੀ ਭਾਵਨਾ ਨੂੰ ਕੱਢਣ ਲਈ ਪੂਰੀ ਵਾਹ ਲਾਉਣੀ ਚਾਹੀਦੀ ਹੈ ਤਾਂਕਿ ਅਸੀਂ ਨਵੇਂ ਸੁਭਾਅ ਦੇ ਬਣ ਸਕੀਏ।—ਕੁਲੁ. 3:10, 11.
ਪਰਦੇਸੀਆਂ ਨੂੰ ਪਿਆਰ ਕਿਵੇਂ ਦਿਖਾਈਏ?
10, 11. ਵਫ਼ਾਦਾਰ ਬੋਅਜ਼ ਨੇ ਅਜਨਬੀਆਂ ਪ੍ਰਤੀ ਯਹੋਵਾਹ ਵਰਗਾ ਨਜ਼ਰੀਆ ਕਿਵੇਂ ਦਿਖਾਇਆ?
10 ਵਫ਼ਾਦਾਰ ਬੋਅਜ਼ ਨੇ ਅਜਨਬੀਆਂ ਪ੍ਰਤੀ ਯਹੋਵਾਹ ਵਰਗਾ ਨਜ਼ਰੀਆ ਦਿਖਾਇਆ। ਕਿਵੇਂ? ਜਦੋਂ ਉਹ ਵਾਢੀ ਦੇ ਵੇਲੇ ਆਪਣੇ ਖੇਤਾਂ ਵਿਚ ਆਇਆ, ਤਾਂ ਉਸ ਨੇ ਦੇਖਿਆ ਕਿ ਮੋਆਬਣ ਰੂਥ ਕਿੰਨੀ ਮਿਹਨਤ ਨਾਲ ਵਾਢਿਆਂ ਦੇ ਪਿੱਛੇ-ਪਿੱਛੇ ਸਿੱਟੇ ਚੁਗ ਰਹੀ ਸੀ। ਵਾਢਿਆਂ ਨੇ ਦੱਸਿਆ ਕਿ ਰੂਥ ਨੇ ਸਿੱਟੇ ਚੁਗਣ ਲਈ ਪੁੱਛਿਆ ਸੀ ਭਾਵੇਂ ਕਿ ਸਿੱਟੇ ਚੁਗਣਾ ਉਸ ਦਾ ਹੱਕ ਸੀ। ਇਹ ਸੁਣ ਕੇ ਬੋਅਜ਼ ਨੇ ਕਿਹਾ ਕਿ ਉਸ ਨੂੰ ਭਰੀਆਂ ਵਿੱਚੋਂ ਵੀ ਚੁਗਣ ਦਿਓ।—ਰੂਥ 2:5-7, 15, 16 ਪੜ੍ਹੋ।
11 ਰੂਥ ਅਤੇ ਬੋਅਜ਼ ਵਿਚ ਹੋਈ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਸੱਚੀਂ-ਮੁੱਚੀ ਰੂਥ ਲਈ ਦਿਲੋਂ ਪਰਵਾਹ ਦਿਖਾਈ। ਨਾਲੇ ਪਰਦੇਸਣ ਵਜੋਂ ਉਸ ਦੇ ਹਾਲਾਤਾਂ ਨੂੰ ਸਮਝਿਆ। ਬੋਅਜ਼ ਨੇ ਉਸ ਨੂੰ ਕੰਮ ਕਰਦਿਆਂ ਬਾਕੀ ਕੁੜੀਆਂ ਨਾਲ ਰਹਿਣ ਲਈ ਕਿਹਾ ਤਾਂਕਿ ਖੇਤ ਵਿਚ ਕੰਮ ਕਰਦੇ ਆਦਮੀ ਉਸ ਨਾਲ ਬਦਤਮੀਜ਼ੀ ਨਾ ਕਰਨ। ਉਸ ਨੇ ਇਹ ਵੀ ਪੱਕਾ ਕੀਤਾ ਕਿ ਬਾਕੀ ਕਾਮਿਆਂ ਵਾਂਗ ਉਸ ਨੂੰ ਰੋਟੀ-ਪਾਣੀ ਦਿੱਤਾ ਜਾਵੇ। ਨਾਲੇ ਬੋਅਜ਼ ਨੇ ਉਸ ਗ਼ਰੀਬ ਪਰਦੇਸਣ ਨੂੰ ਨੀਵਾਂ ਨਹੀਂ ਦਿਖਾਇਆ, ਸਗੋਂ ਉਸ ਨੂੰ ਹੌਸਲਾ ਦਿੱਤਾ।—ਰੂਥ 2:8-10, 13, 14.
12. ਸਾਡੇ ਵਧੀਆ ਤਰੀਕੇ ਨਾਲ ਪੇਸ਼ ਆਉਣ ਦਾ ਪਰਦੇਸੀਆਂ ʼਤੇ ਕੀ ਅਸਰ ਪੈ ਸਕਦਾ ਹੈ?
12 ਬੋਅਜ਼ ਸਿਰਫ਼ ਰੂਥ ਤੋਂ ਇਸ ਕਰਕੇ ਹੀ ਪ੍ਰਭਾਵਿਤ ਨਹੀਂ ਹੋਇਆ ਸੀ ਕਿ ਉਸ ਨੇ ਆਪਣੀ ਸੱਸ ਨਾਓਮੀ ਲਈ ਸੱਚਾ ਪਿਆਰ ਦਿਖਾਇਆ ਸੀ। ਪਰ ਉਹ ਇਸ ਕਰਕੇ ਵੀ ਪ੍ਰਭਾਵਿਤ ਹੋਇਆ ਕਿਉਂਕਿ ਰੂਥ ਨੇ ਯਹੋਵਾਹ ਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ ਸੀ। ਰੂਥ ‘ਇਸਰਾਏਲ ਦੇ ਪਰਮੇਸ਼ੁਰ ਦੇ ਖੰਭਾਂ ਹੇਠ ਪਰਤੀਤ ਕਰ ਕੇ’ ਆਈ ਸੀ। (ਰੂਥ 2:12, 20) ਬੋਅਜ਼ ਵੱਲੋਂ ਰੂਥ ਉੱਤੇ ਕੀਤੀ ਦਇਆ ਅਸਲ ਵਿਚ ਯਹੋਵਾਹ ਦੇ ਪਿਆਰ ਦਾ ਸਬੂਤ ਸੀ। (ਕਹਾ. 19:17) ਇਸੇ ਤਰ੍ਹਾਂ ਅੱਜ ਜਦੋਂ ਅਸੀਂ ‘ਹਰ ਤਰ੍ਹਾਂ ਦੇ ਲੋਕਾਂ’ ਨਾਲ ਪਿਆਰ ਨਾਲ ਪੇਸ਼ ਆਵਾਂਗੇ, ਤਾਂ ਉਹ ਸੱਚਾਈ ਨੂੰ ਜਾਣ ਸਕਣਗੇ ਅਤੇ ਦੇਖ ਸਕਣਗੇ ਕਿ ਯਹੋਵਾਹ ਉਨ੍ਹਾਂ ਨੂੰ ਕਿੰਨਾ ਪਿਆਰ ਕਰਦਾ ਹੈ।—1 ਤਿਮੋ. 2:3, 4.
13, 14. (ੳ) ਕਿੰਗਡਮ ਹਾਲ ਵਿਚ ਪਰਦੇਸੀਆਂ ਦਾ ਸੁਆਗਤ ਕਰਨ ਲਈ ਸਾਨੂੰ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ? (ਅ) ਜੇ ਤੁਸੀਂ ਹੋਰ ਸਭਿਆਚਾਰ ਦੇ ਲੋਕਾਂ ਨਾਲ ਗੱਲ ਕਰਦਿਆਂ ਝਿਜਕਦੇ ਹੋ, ਤਾਂ ਤੁਸੀਂ ਇਸ ʼਤੇ ਕਿਵੇਂ ਕਾਬੂ ਪਾ ਸਕਦੇ ਹੋ?
13 ਅਸੀਂ ਕਿੰਗਡਮ ਹਾਲ ਵਿਚ ਪਰਦੇਸੀਆਂ ਦਾ ਸੁਆਗਤ ਕਰ ਕੇ ਉਨ੍ਹਾਂ ਨਾਲ ਪਿਆਰ ਦਿਖਾ ਸਕਦੇ ਹਾਂ। ਅਸੀਂ ਸ਼ਾਇਦ ਦੇਖਿਆ ਹੋਵੇ ਕਿ ਨਵੇਂ ਆਏ ਪਰਦੇਸੀ ਕਈ ਵਾਰ ਸ਼ਰਮਾਉਂਦੇ ਹਨ ਅਤੇ ਇਕੱਲੇ ਹੀ ਰਹਿੰਦੇ ਹਨ। ਅਲੱਗ ਤਰੀਕੇ ਨਾਲ ਪਰਵਰਿਸ਼ ਹੋਣ ਜਾਂ ਆਪਣੀ ਹੈਸੀਅਤ ਕਰਕੇ ਉਹ ਸ਼ਾਇਦ ਹੋਰ ਕੌਮ ਜਾਂ ਨਸਲ ਤੋਂ ਆਪਣੇ ਆਪ ਨੂੰ ਘਟੀਆ ਸਮਝਣ। ਇਸ ਲਈ ਸਾਨੂੰ ਉਨ੍ਹਾਂ ਨਾਲ ਗੱਲਬਾਤ ਕਰਨ ਵਿਚ ਪਹਿਲ ਕਰਨੀ ਚਾਹੀਦੀ ਹੈ। ਜੇ ਤੁਹਾਡੀ ਭਾਸ਼ਾ ਵਿਚ JW Language ਐਪ ਹੈ, ਤਾਂ ਤੁਸੀਂ ਨਵੇਂ ਆਏ ਲੋਕਾਂ ਦੀ ਮਾਂ-ਬੋਲੀ ਵਿਚ ਉਨ੍ਹਾਂ ਦਾ ਸੁਆਗਤ ਕਰਨਾ ਸਿੱਖ ਸਕਦੇ ਹੋ।—ਫ਼ਿਲਿੱਪੀਆਂ 2:3, 4 ਪੜ੍ਹੋ।
14 ਤੁਸੀਂ ਸ਼ਾਇਦ ਵੱਖਰੇ ਸਭਿਆਚਾਰ ਦੇ ਲੋਕਾਂ ਨਾਲ ਗੱਲ ਕਰਦਿਆਂ ਝਿਜਕੋ। ਇਸ ਤਰ੍ਹਾਂ ਦੀਆਂ ਭਾਵਨਾਵਾਂ ʼਤੇ ਕਾਬੂ ਪਾਉਣ ਲਈ ਸ਼ਾਇਦ ਤੁਸੀਂ ਉਨ੍ਹਾਂ ਨੂੰ ਆਪਣੇ ਬਾਰੇ ਕੁਝ ਦੱਸ ਸਕਦੇ ਹੋ। ਫਿਰ ਸ਼ਾਇਦ ਤੁਹਾਨੂੰ ਜਲਦੀ ਹੀ ਅਹਿਸਾਸ ਹੋ ਜਾਵੇ ਕਿ ਤੁਹਾਡੇ ਵਿਚ ਜ਼ਿਆਦਾ ਗੱਲਾਂ ਮਿਲਦੀਆਂ-ਜੁਲਦੀਆਂ ਹਨ। ਯਾਦ ਰੱਖੋ ਕਿ ਹਰ ਸਭਿਆਚਾਰ ਦੀਆਂ ਆਪਣੀਆਂ ਖੂਬੀਆਂ ਅਤੇ ਖ਼ਾਮੀਆਂ ਹੁੰਦੀਆਂ ਹਨ।
ਉਨ੍ਹਾਂ ਨੂੰ ਓਪਰਾ ਮਹਿਸੂਸ ਨਾ ਕਰਾਓ
15. ਜਿਹੜੇ ਲੋਕ ਨਵੇਂ ਸਭਿਆਚਾਰ ਮੁਤਾਬਕ ਢਲ਼ਣ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਹੋਰ ਜ਼ਿਆਦਾ ਸਮਝਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?
15 ਜੇ ਤੁਸੀਂ ਚਾਹੁੰਦੇ ਹੋ ਕਿ ਪਰਦੇਸੀ ਤੁਹਾਡੀ ਮੰਡਲੀ ਵਿਚ ਆ ਕੇ ਓਪਰਾ ਮਹਿਸੂਸ ਨਾ ਕਰਨ, ਤਾਂ ਆਪਣੇ ਆਪ ਤੋਂ ਪੁੱਛੋ: ‘ਜੇ ਮੈਂ ਪਰਦੇਸ ਵਿਚ ਹੁੰਦਾ, ਤਾਂ ਮੈਂ ਕਿਵੇਂ ਚਾਹੁੰਦਾ ਕਿ ਉੱਥੇ ਦੇ ਲੋਕ ਮੇਰੇ ਨਾਲ ਪੇਸ਼ ਆਉਣ?’ (ਮੱਤੀ 7:12) ਨਵੇਂ ਦੇਸ਼ ਦੇ ਸਭਿਆਚਾਰ ਮੁਤਾਬਕ ਢਲ਼ਣ ਦੀ ਕੋਸ਼ਿਸ਼ ਕਰਨ ਵਾਲਿਆਂ ਨਾਲ ਧੀਰਜ ਰੱਖੋ। ਪਹਿਲਾਂ-ਪਹਿਲ ਸ਼ਾਇਦ ਸਾਨੂੰ ਉਨ੍ਹਾਂ ਦੀ ਸੋਚਣੀ ਅਤੇ ਪੇਸ਼ ਆਉਣ ਦਾ ਤਰੀਕਾ ਸਮਝ ਨਾ ਆਵੇ। ਸੋ ਇਹ ਉਮੀਦ ਰੱਖਣ ਦੀ ਬਜਾਇ ਕਿ ਉਹ ਸਾਡੇ ਸਭਿਆਚਾਰ ਨੂੰ ਅਪਣਾਉਣ, ਕਿਉਂ ਨਾ ਉਨ੍ਹਾਂ ਨੂੰ ਉੱਦਾਂ ਹੀ ਅਪਣਾਓ ਜਿੱਦਾਂ ਦੇ ਉਹ ਹਨ।—ਰੋਮੀਆਂ 15:7 ਪੜ੍ਹੋ।
16, 17. (ੳ) ਹੋਰ ਸਭਿਆਚਾਰ ਦੇ ਲੋਕਾਂ ਨਾਲ ਨੇੜਤਾ ਵਧਾਉਣ ਲਈ ਅਸੀਂ ਕੀ ਕਰ ਸਕਦੇ ਹਾਂ? (ਅ) ਅਸੀਂ ਆਪਣੀ ਮੰਡਲੀ ਵਿਚ ਨਵੇਂ ਆਏ ਪਰਦੇਸੀਆਂ ਦੀ ਕਿਨ੍ਹਾਂ ਤਰੀਕਿਆਂ ਨਾਲ ਮਦਦ ਕਰ ਸਕਦੇ ਹਾਂ?
16 ਜੇ ਅਸੀਂ ਪਰਦੇਸੀਆਂ ਦੇ ਦੇਸ਼ ਅਤੇ ਸਭਿਆਚਾਰ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਸਾਡੇ ਲਈ ਸ਼ਾਇਦ ਉਨ੍ਹਾਂ ਨਾਲ ਗੱਲ ਕਰਨੀ ਸੌਖੀ ਹੋ ਜਾਵੇ। ਅਸੀਂ ਆਪਣੀ ਪਰਿਵਾਰਕ ਸਟੱਡੀ ਦੌਰਾਨ ਆਪਣੀ ਮੰਡਲੀ ਜਾਂ ਆਪਣੇ ਇਲਾਕੇ ਵਿਚ ਰਹਿੰਦੇ ਪਰਦੇਸੀਆਂ ਦੇ ਸਭਿਆਚਾਰ ਬਾਰੇ ਰਿਸਰਚ ਕਰ ਸਕਦੇ ਹਾਂ। ਉਨ੍ਹਾਂ ਨੂੰ ਆਪਣੇ ਘਰ ਖਾਣੇ ʼਤੇ ਬੁਲਾ ਕੇ ਵੀ ਅਸੀਂ ਉਨ੍ਹਾਂ ਦੇ ਹੋਰ ਨੇੜੇ ਜਾ ਸਕਦੇ ਹਾਂ। ਯਹੋਵਾਹ ਨੇ ‘ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਲਈ ਨਿਹਚਾ ਕਰਨ ਦਾ ਰਾਹ ਖੋਲ੍ਹ ਦਿੱਤਾ।’ ਕੀ ਅਸੀਂ ਉਨ੍ਹਾਂ ਪਰਦੇਸੀਆਂ ਲਈ ਆਪਣੇ ਘਰ ਦੇ ਦਰਵਾਜ਼ੇ ਨਹੀਂ ਖੋਲ੍ਹ ਸਕਦੇ ਜੋ “ਸਾਡੇ ਮਸੀਹੀ ਭੈਣ-ਭਰਾ ਹਨ”?—ਰਸੂ. 14:27; ਗਲਾ. 6:10; ਅੱਯੂ. 31:32.
17 ਪਰਦੇਸੀਆਂ ਨਾਲ ਸਮਾਂ ਗੁਜ਼ਾਰ ਕੇ ਅਸੀਂ ਇਸ ਗੱਲ ਦੀ ਕਦਰ ਕਰਾਂਗੇ ਕਿ ਉਹ ਸਾਡੇ ਸਭਿਆਚਾਰ ਅਨੁਸਾਰ ਢਲ਼ਣ ਦੀ ਕਿੰਨੀ ਕੋਸ਼ਿਸ਼ ਕਰ ਰਹੇ ਹਨ। ਸਾਨੂੰ ਸ਼ਾਇਦ ਅਹਿਸਾਸ ਹੋਵੇ ਕਿ ਉਨ੍ਹਾਂ ਨੂੰ ਭਾਸ਼ਾ ਸਿੱਖਣ ਲਈ ਮਦਦ ਦੀ ਲੋੜ ਹੈ, ਇਸ ਲਈ ਅਸੀਂ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ। ਨਾਲੇ ਅਸੀਂ ਉਨ੍ਹਾਂ ਦੀ ਘਰ ਜਾਂ ਕੰਮ ਲੱਭਣ ਵਿਚ ਵੀ ਮਦਦ ਕਰ ਸਕਦੇ ਹਾਂ। ਇਸ ਤਰ੍ਹਾਂ ਕਰਨ ਨਾਲ ਮੰਡਲੀ ਵਿਚ ਆਏ ਨਵੇਂ ਪਰਦੇਸੀਆਂ ਨੂੰ ਬਹੁਤ ਫ਼ਾਇਦਾ ਹੋਵੇਗਾ।—ਕਹਾ. 3:27.
18. ਅੱਜ ਪਰਦੇਸੀ ਆਦਰ ਅਤੇ ਸ਼ੁਕਰਗੁਜ਼ਾਰੀ ਦਿਖਾਉਣ ਵਿਚ ਕਿਸ ਦੀ ਰੀਸ ਕਰ ਸਕਦੇ ਹਨ?
18 ਪਰਦੇਸੀਆਂ ਨੂੰ ਵੀ ਨਵੇਂ ਦੇਸ਼ ਦੇ ਸਭਿਆਚਾਰ ਮੁਤਾਬਕ ਢਲ਼ਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਰੂਥ ਨੇ ਇਸ ਮਾਮਲੇ ਵਿਚ ਵਧੀਆ ਮਿਸਾਲ ਕਾਇਮ ਕੀਤੀ। ਪਹਿਲਾ, ਉਸ ਨੇ ਨਵੇਂ ਦੇਸ਼ ਵਿਚ ਸਿੱਟੇ ਚੁਗਣ ਦੀ ਇਜਾਜ਼ਤ ਮੰਗ ਕੇ ਉੱਥੇ ਦੇ ਕਾਨੂੰਨ ਪ੍ਰਤੀ ਆਦਰ ਦਿਖਾਇਆ। (ਰੂਥ 2:7) ਉਸ ਨੇ ਇਹ ਨਹੀਂ ਸੋਚਿਆ ਕਿ ਕਾਨੂੰਨ ਮੁਤਾਬਕ ਸਿੱਟੇ ਚੁਗਣਾ ਉਸ ਦਾ ਹੱਕ ਬਣਦਾ ਹੈ। ਦੂਜਾ, ਉਸ ਨੇ ਉੱਥੇ ਦੇ ਲੋਕਾਂ ਵੱਲੋਂ ਕੀਤੀ ਦਇਆ ਲਈ ਸ਼ੁਕਰਗੁਜ਼ਾਰੀ ਦਿਖਾਈ। (ਰੂਥ 2:13) ਜਦੋਂ ਪਰਦੇਸੀ ਇਸ ਤਰ੍ਹਾਂ ਦਾ ਰਵੱਈਆ ਦਿਖਾਉਣਗੇ, ਤਾਂ ਉੱਥੇ ਦੇ ਲੋਕ ਅਤੇ ਮੰਡਲੀ ਦੇ ਭੈਣ-ਭਰਾ ਉਨ੍ਹਾਂ ਦੀ ਜ਼ਿਆਦਾ ਇੱਜ਼ਤ ਕਰਨਗੇ।
19. ਸਾਨੂੰ ਪਰਦੇਸੀਆਂ ਦਾ ਦਿਲੋਂ ਸੁਆਗਤ ਕਿਉਂ ਕਰਨਾ ਚਾਹੀਦਾ ਹੈ?
19 ਅਸੀਂ ਖ਼ੁਸ਼ ਹਾਂ ਕਿ ਯਹੋਵਾਹ ਨੇ ਆਪਣੀ ਅਪਾਰ ਕਿਰਪਾ ਕਰਕੇ ਹਰ ਤਰ੍ਹਾਂ ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਨ ਦਾ ਮੌਕਾ ਦਿੱਤਾ ਹੈ। ਪਰਦੇਸੀ ਆਪਣੇ ਦੇਸ਼ ਵਿਚ ਸ਼ਾਇਦ ਯਹੋਵਾਹ ਦੇ ਲੋਕਾਂ ਨਾਲ ਬਾਈਬਲ ਸਟੱਡੀ ਨਾ ਕਰ ਸਕਣ ਜਾਂ ਖੁੱਲ੍ਹੇ-ਆਮ ਉਨ੍ਹਾਂ ਨਾਲ ਸੰਗਤ ਨਾ ਕਰ ਸਕਣ। ਪਰ ਹੁਣ ਉਨ੍ਹਾਂ ਕੋਲ ਮੌਕਾ ਹੈ ਕਿ ਉਹ ਸਾਡੇ ਨਾਲ ਸੰਗਤ ਕਰ ਸਕਦੇ ਹਨ। ਤਾਂ ਫਿਰ, ਕੀ ਸਾਨੂੰ ਉਨ੍ਹਾਂ ਦੀ ਮਦਦ ਨਹੀਂ ਕਰਨੀ ਚਾਹੀਦੀ ਤਾਂਕਿ ਉਹ ਸਾਡੇ ਵਿਚ ਓਪਰਾ ਮਹਿਸੂਸ ਨਾ ਕਰਨ? ਸ਼ਾਇਦ ਸਾਡੇ ਕੋਲ ਜ਼ਿਆਦਾ ਪੈਸੇ ਨਾ ਹੋਣ ਜਾਂ ਅਸੀਂ ਹੋਰ ਤਰੀਕਿਆਂ ਨਾਲ ਉਨ੍ਹਾਂ ਦੀ ਜ਼ਿਆਦਾ ਮਦਦ ਨਾ ਕਰ ਸਕੀਏ। ਪਰ ਜਦੋਂ ਅਸੀਂ ਪਰਦੇਸੀਆਂ ਦੀ ਮਦਦ ਕਰਦੇ ਹਾਂ, ਤਾਂ ਅਸੀਂ ਯਹੋਵਾਹ ਦੇ ਪਿਆਰ ਦੀ ਰੀਸ ਕਰਦੇ ਹਾਂ। ਆਓ ਆਪਾਂ ‘ਪਰਮੇਸ਼ੁਰ ਦੀ ਰੀਸ’ ਕਰਦਿਆਂ ਪਰਦੇਸੀਆਂ ਦਾ ਦਿਲੋਂ ਸੁਆਗਤ ਕਰਨ ਦੀ ਪੂਰੀ ਕੋਸ਼ਿਸ਼ ਕਰੀਏ।—ਅਫ਼. 5:1, 2.
^ [1] (ਪੈਰਾ 1) ਨਾਂ ਬਦਲੇ ਗਏ ਹਨ।