ਰੂਥ
2 ਨਾਓਮੀ ਦੇ ਪਤੀ ਅਲੀਮਲਕ ਦੇ ਸ਼ਰੀਕੇ ਵਿੱਚੋਂ ਇਕ ਆਦਮੀ ਬਹੁਤ ਅਮੀਰ ਸੀ ਅਤੇ ਉਸ ਦਾ ਨਾਂ ਬੋਅਜ਼+ ਸੀ।
2 ਮੋਆਬਣ ਰੂਥ ਨੇ ਨਾਓਮੀ ਨੂੰ ਕਿਹਾ: “ਮੈਨੂੰ ਇਜਾਜ਼ਤ ਦੇ ਕਿ ਮੈਂ ਖੇਤਾਂ ਵਿਚ ਜਾ ਕੇ ਸਿੱਟੇ ਚੁਗਾਂ।+ ਜਿਨ੍ਹਾਂ ਵਾਢਿਆਂ ਦੀ ਮੇਰੇ ਉੱਤੇ ਕਿਰਪਾ ਹੋਵੇਗੀ, ਮੈਂ ਉਨ੍ਹਾਂ ਦੇ ਪਿੱਛੇ-ਪਿੱਛੇ ਸਿੱਟੇ ਚੁਗਾਂਗੀ।” ਨਾਓਮੀ ਨੇ ਉਸ ਨੂੰ ਕਿਹਾ: “ਜਾਹ ਮੇਰੀ ਧੀ।” 3 ਉਹ ਖੇਤਾਂ ਵਿਚ ਜਾ ਕੇ ਵਾਢੀ ਕਰਨ ਵਾਲਿਆਂ ਦੇ ਪਿੱਛੇ-ਪਿੱਛੇ ਸਿੱਟੇ ਚੁਗਣ ਲੱਗ ਪਈ। ਉਸ ਨੂੰ ਪਤਾ ਨਹੀਂ ਸੀ ਕਿ ਉਹ ਖੇਤ ਅਲੀਮਲਕ+ ਦੇ ਰਿਸ਼ਤੇਦਾਰ ਬੋਅਜ਼+ ਦਾ ਸੀ। 4 ਉਸੇ ਵੇਲੇ ਬੈਤਲਹਮ ਤੋਂ ਬੋਅਜ਼ ਵੀ ਖੇਤ ਵਿਚ ਆ ਗਿਆ ਅਤੇ ਉਸ ਨੇ ਵਾਢਿਆਂ ਨੂੰ ਕਿਹਾ: “ਯਹੋਵਾਹ ਸਦਾ ਤੁਹਾਡੇ ਨਾਲ ਰਹੇ।” ਉਨ੍ਹਾਂ ਨੇ ਜਵਾਬ ਦਿੱਤਾ: “ਯਹੋਵਾਹ ਤੈਨੂੰ ਬਰਕਤ ਦੇਵੇ।”
5 ਫਿਰ ਬੋਅਜ਼ ਨੇ ਵਾਢਿਆਂ ਦੇ ਨਿਗਰਾਨ ਨੂੰ ਪੁੱਛਿਆ: “ਇਹ ਕੁੜੀ ਕੌਣ ਹੈ ਅਤੇ ਕਿਹੜੇ ਪਰਿਵਾਰ ਵਿੱਚੋਂ ਹੈ?” 6 ਨਿਗਰਾਨ ਨੇ ਜਵਾਬ ਦਿੱਤਾ: “ਇਹ ਕੁੜੀ ਮੋਆਬਣ ਹੈ+ ਅਤੇ ਨਾਓਮੀ ਨਾਲ ਮੋਆਬ ਦੇਸ਼ ਤੋਂ ਆਈ ਹੈ।+ 7 ਇਸ ਨੇ ਮੈਨੂੰ ਪੁੱਛਿਆ: ‘ਕੀ ਮੈਂ ਸਿੱਟੇ ਚੁਗ ਲਵਾਂ*+ ਜੋ ਵਾਢਿਆਂ ਨੇ ਛੱਡੇ ਹਨ?’ ਉਹ ਸਵੇਰ ਤੋਂ ਖੇਤਾਂ ਵਿਚ ਲਗਾਤਾਰ ਕੰਮ ਕਰ ਰਹੀ ਹੈ ਤੇ ਉਹ ਹੁਣੇ ਛੱਪਰ ਥੱਲੇ ਥੋੜ੍ਹਾ ਜਿਹਾ ਆਰਾਮ ਕਰਨ ਬੈਠੀ ਹੈ।”
8 ਫਿਰ ਬੋਅਜ਼ ਨੇ ਰੂਥ ਨੂੰ ਕਿਹਾ: “ਸੁਣ ਧੀਏ। ਤੂੰ ਕਿਸੇ ਹੋਰ ਦੇ ਖੇਤ ਵਿਚ ਸਿੱਟੇ ਚੁਗਣ ਨਾ ਜਾਈਂ ਤੇ ਮੇਰੇ ਖੇਤ ਵਿਚ ਮੇਰੀਆਂ ਨੌਕਰਾਣੀਆਂ ਦੇ ਨਾਲ ਹੀ ਰਹੀਂ।+ 9 ਤੂੰ ਦੇਖਦੀ ਰਹੀਂ ਕਿ ਮਜ਼ਦੂਰ ਕਿਹੜੇ ਖੇਤ ਵਿਚ ਵਾਢੀ ਕਰਦੇ ਹਨ ਅਤੇ ਨੌਕਰਾਣੀਆਂ ਦੇ ਨਾਲ ਉੱਥੇ ਚਲੀਂ ਜਾਈਂ। ਮੈਂ ਮੁੰਡਿਆਂ ਨੂੰ ਹੁਕਮ ਦਿੱਤਾ ਹੈ ਕਿ ਉਹ ਤੈਨੂੰ ਤੰਗ ਨਾ ਕਰਨ। ਜਦੋਂ ਤੈਨੂੰ ਪਿਆਸ ਲੱਗੇ, ਤਾਂ ਤੂੰ ਉਨ੍ਹਾਂ ਘੜਿਆਂ ਵਿੱਚੋਂ ਪਾਣੀ ਪੀ ਲਈਂ ਜੋ ਮਜ਼ਦੂਰਾਂ ਨੇ ਭਰੇ ਹਨ।”
10 ਇਹ ਸੁਣ ਕੇ ਰੂਥ ਗੋਡਿਆਂ ਭਾਰ ਬੈਠ ਗਈ ਅਤੇ ਸਿਰ ਨਿਵਾ ਕੇ ਉਸ ਨੂੰ ਕਿਹਾ: “ਮੈਂ ਤਾਂ ਪਰਦੇਸਣ ਹਾਂ, ਫਿਰ ਤੂੰ ਮੇਰੇ ʼਤੇ ਇੰਨੀ ਕਿਰਪਾ ਕਿਉਂ ਕੀਤੀ ਅਤੇ ਮੇਰੇ ਵੱਲ ਕਿਉਂ ਧਿਆਨ ਦਿੱਤਾ?”+ 11 ਬੋਅਜ਼ ਨੇ ਉਸ ਨੂੰ ਕਿਹਾ: “ਮੈਨੂੰ ਸਾਰੀ ਗੱਲ ਪਤਾ ਲੱਗੀ ਹੈ ਕਿ ਤੂੰ ਆਪਣੇ ਪਤੀ ਦੀ ਮੌਤ ਤੋਂ ਬਾਅਦ ਆਪਣੀ ਸੱਸ ਲਈ ਕਿੰਨਾ ਕੁਝ ਕੀਤਾ। ਨਾਲੇ ਤੂੰ ਆਪਣੇ ਮਾਪੇ ਅਤੇ ਆਪਣਾ ਦੇਸ਼ ਛੱਡ ਕੇ ਉਨ੍ਹਾਂ ਲੋਕਾਂ ਵਿਚ ਰਹਿਣ ਆਈ ਜਿਨ੍ਹਾਂ ਨੂੰ ਤੂੰ ਪਹਿਲਾਂ ਜਾਣਦੀ ਤਕ ਨਹੀਂ ਸੀ।+ 12 ਤੂੰ ਜੋ ਵੀ ਕੀਤਾ ਹੈ, ਯਹੋਵਾਹ ਉਸ ਲਈ ਤੈਨੂੰ ਬਰਕਤ ਦੇਵੇ+ ਅਤੇ ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਜਿਸ ਦੇ ਖੰਭਾਂ ਹੇਠ ਤੂੰ ਪਨਾਹ ਲਈ ਹੈ,+ ਤੈਨੂੰ ਪੂਰਾ ਇਨਾਮ ਦੇਵੇ।” 13 ਇਹ ਸੁਣ ਕੇ ਰੂਥ ਨੇ ਕਿਹਾ: “ਮੇਰੇ ਮਾਲਕ, ਤੇਰੀ ਕਿਰਪਾ ਦੀ ਨਜ਼ਰ ਮੇਰੇ ʼਤੇ ਬਣੀ ਰਹੇ। ਭਾਵੇਂ ਕਿ ਮੈਂ ਤੇਰੀਆਂ ਨੌਕਰਾਣੀਆਂ ਵਿੱਚੋਂ ਨਹੀਂ ਹਾਂ, ਫਿਰ ਵੀ ਤੂੰ ਆਪਣੀ ਦਾਸੀ ਨੂੰ ਦਿਲਾਸਾ ਦਿੱਤਾ ਅਤੇ ਆਪਣੀਆਂ ਗੱਲਾਂ ਨਾਲ ਮੇਰੀ ਹਿੰਮਤ ਵਧਾਈ।”
14 ਰੋਟੀ ਖਾਣ ਵੇਲੇ ਬੋਅਜ਼ ਨੇ ਉਸ ਨੂੰ ਕਿਹਾ: “ਆਜਾ, ਥੋੜ੍ਹੀ ਰੋਟੀ ਖਾ ਲੈ ਅਤੇ ਸਿਰਕੇ ਵਿਚ ਆਪਣੀ ਬੁਰਕੀ ਡੋਬ।” ਇਸ ਲਈ ਉਹ ਵਾਢਿਆਂ ਦੇ ਲਾਗੇ ਬੈਠ ਗਈ। ਫਿਰ ਉਸ ਨੇ ਰੂਥ ਨੂੰ ਭੁੰਨੇ ਹੋਏ ਦਾਣੇ ਦਿੱਤੇ ਤੇ ਉਹ ਖਾ ਕੇ ਰੱਜ ਗਈ ਅਤੇ ਉਸ ਕੋਲ ਥੋੜ੍ਹੇ ਜਿਹੇ ਦਾਣੇ ਬਚ ਗਏ। 15 ਜਦੋਂ ਉਹ ਸਿੱਟੇ ਚੁਗਣ ਲਈ ਉੱਠੀ,+ ਤਾਂ ਬੋਅਜ਼ ਨੇ ਆਪਣੇ ਮਜ਼ਦੂਰਾਂ ਨੂੰ ਹੁਕਮ ਦਿੱਤਾ: “ਉਸ ਨੂੰ ਭਰੀਆਂ ਦੇ ਵਿਚ ਸਿੱਟੇ ਚੁਗਣ ਦਿਓ* ਅਤੇ ਉਸ ਨੂੰ ਤੰਗ ਨਾ ਕਰਿਓ।+ 16 ਤੁਸੀਂ ਉਹ ਦੇ ਲਈ ਭਰੀਆਂ ਦੇ ਵਿੱਚੋਂ ਵੀ ਸਿੱਟੇ ਛੱਡੀ ਜਾਇਓ ਅਤੇ ਉਸ ਨੂੰ ਚੁਗਣ ਤੋਂ ਨਾ ਰੋਕਿਓ।”
17 ਉਹ ਸ਼ਾਮ ਤਕ ਖੇਤ ਵਿਚ ਸਿੱਟੇ ਚੁਗਦੀ ਰਹੀ।+ ਜਦੋਂ ਉਸ ਨੇ ਇਕੱਠੇ ਕੀਤੇ ਸਿੱਟਿਆਂ ਨੂੰ ਕੁੱਟਿਆ, ਤਾਂ ਉਨ੍ਹਾਂ ਵਿੱਚੋਂ ਲਗਭਗ ਇਕ ਏਫਾ* ਜੌਆਂ ਦੇ ਦਾਣੇ ਨਿਕਲੇ। 18 ਫਿਰ ਉਹ ਦਾਣੇ ਲੈ ਕੇ ਸ਼ਹਿਰ ਨੂੰ ਚਲੀ ਗਈ ਅਤੇ ਉਸ ਨੇ ਆਪਣੀ ਸੱਸ ਨੂੰ ਦਾਣੇ ਦਿਖਾਏ। ਰੂਥ ਨੇ ਉਸ ਨੂੰ ਦੁਪਹਿਰ ਦਾ ਬਚਿਆ ਭੋਜਨ ਵੀ ਦਿੱਤਾ।+
19 ਫਿਰ ਉਸ ਦੀ ਸੱਸ ਨੇ ਪੁੱਛਿਆ: “ਤੂੰ ਅੱਜ ਕਿੱਥੇ ਸਿੱਟੇ ਚੁਗੇ? ਤੂੰ ਕਿਹਦੇ ਖੇਤਾਂ ਵਿਚ ਕੰਮ ਕੀਤਾ? ਰੱਬ ਉਹਨੂੰ ਅਸੀਸ ਦੇਵੇ ਜਿਸ ਨੇ ਤੇਰੇ ਵੱਲ ਧਿਆਨ ਦਿੱਤਾ।”+ ਉਸ ਨੇ ਆਪਣੀ ਸੱਸ ਨੂੰ ਦੱਸਿਆ ਕਿ ਉਸ ਨੇ ਕਿੱਥੇ ਕੰਮ ਕੀਤਾ: “ਮੈਂ ਅੱਜ ਬੋਅਜ਼ ਨਾਂ ਦੇ ਆਦਮੀ ਦੇ ਖੇਤਾਂ ਵਿਚ ਕੰਮ ਕੀਤਾ।” 20 ਇਹ ਸੁਣ ਕੇ ਨਾਓਮੀ ਨੇ ਆਪਣੀ ਨੂੰਹ ਨੂੰ ਕਿਹਾ: “ਜੀਉਂਦਿਆਂ ਅਤੇ ਮਰਿਆਂ ਲਈ ਅਟੱਲ ਪਿਆਰ ਦਿਖਾਉਣ ਵਾਲਾ+ ਪਰਮੇਸ਼ੁਰ ਯਹੋਵਾਹ ਉਸ ਨੂੰ ਬਰਕਤ ਦੇਵੇ।” ਨਾਓਮੀ ਨੇ ਇਹ ਵੀ ਕਿਹਾ: “ਉਹ ਸਾਡਾ ਰਿਸ਼ਤੇਦਾਰ ਹੈ।+ ਉਹ ਸਾਡਾ ਛੁਡਾਉਣ ਵਾਲਾ ਹੈ।”*+ 21 ਫਿਰ ਮੋਆਬਣ ਰੂਥ ਨੇ ਕਿਹਾ: “ਉਸ ਨੇ ਤਾਂ ਮੈਨੂੰ ਇਹ ਵੀ ਕਿਹਾ, ‘ਮੇਰੀ ਪੂਰੀ ਫ਼ਸਲ ਵੱਢਣ ਤਕ ਤੂੰ ਮੇਰੇ ਮਜ਼ਦੂਰਾਂ ਨਾਲ ਹੀ ਕੰਮ ਕਰੀਂ।’”+ 22 ਨਾਓਮੀ ਨੇ ਆਪਣੀ ਨੂੰਹ ਰੂਥ ਨੂੰ ਕਿਹਾ: “ਹਾਂ ਧੀਏ, ਤੂੰ ਉਸ ਦੀਆਂ ਨੌਕਰਾਣੀਆਂ ਨਾਲ ਹੀ ਜਾਈਂ ਕਿਉਂਕਿ ਕਿਸੇ ਹੋਰ ਦੇ ਖੇਤਾਂ ਵਿਚ ਤੈਨੂੰ ਕੋਈ ਤੰਗ ਵੀ ਕਰ ਸਕਦਾ।”
23 ਇਸ ਲਈ ਜੌਆਂ ਅਤੇ ਕਣਕ ਦੀ ਵਾਢੀ ਦੇ ਮੁੱਕਣ ਤਕ+ ਉਹ ਬੋਅਜ਼ ਦੀਆਂ ਨੌਕਰਾਣੀਆਂ ਦੇ ਨਾਲ ਹੀ ਸਿੱਟੇ ਚੁਗਣ ਜਾਂਦੀ ਸੀ। ਰੂਥ ਆਪਣੀ ਸੱਸ ਦੇ ਨਾਲ ਹੀ ਰਹੀ।+