ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ | ਯੋਨਾਥਾਨ
ਉਨ੍ਹਾਂ ਦੇ “ਜੀਅ” ਰਲ਼ ਗਏ
ਯੁੱਧ ਖ਼ਤਮ ਹੋ ਚੁੱਕਾ ਸੀ ਅਤੇ ਏਲਾਹ ਦੀ ਦੂਣ ਵਿਚ ਚਾਰੇ ਪਾਸੇ ਸ਼ਾਂਤੀ ਹੀ ਸ਼ਾਂਤੀ ਸੀ। ਦੁਪਹਿਰ ਨੂੰ ਫ਼ੌਜੀਆਂ ਦੇ ਡੇਹਰੇ ਦੇ ਤੰਬੂਆਂ ਦੇ ਕੱਪੜੇ ਹਵਾ ਨਾਲ ਹਿੱਲ ਰਹੇ ਸਨ ਅਤੇ ਸ਼ਾਊਲ ਨੇ ਆਪਣੇ ਕੁਝ ਆਦਮੀਆਂ ਨੂੰ ਗੱਲ ਕਰਨ ਲਈ ਬੁਲਾਇਆ ਸੀ। ਉਸ ਦਾ ਸਭ ਤੋਂ ਵੱਡਾ ਮੁੰਡਾ ਯੋਨਾਥਾਨ ਵੀ ਉੱਥੇ ਹੀ ਸੀ ਅਤੇ ਨੌਜਵਾਨ ਚਰਵਾਹਾ ਬੜੀ ਉਤਸੁਕਤਾ ਨਾਲ ਆਪਣੀ ਕਹਾਣੀ ਦੱਸ ਰਿਹਾ ਸੀ। ਇਹ ਨੌਜਵਾਨ ਮੁੰਡਾ ਦਾਊਦ ਸੀ ਅਤੇ ਉਹ ਜੋਸ਼ ਤੇ ਉਤਸੁਕਤਾ ਨਾਲ ਭਰਿਆ ਹੋਇਆ ਸੀ। ਸ਼ਾਊਲ ਦਾਊਦ ਦੀ ਇਕ-ਇਕ ਗੱਲ ਬੜੇ ਧਿਆਨ ਨਾਲ ਸੁਣ ਰਿਹਾ ਸੀ। ਪਰ ਯੋਨਾਥਾਨ ਨੂੰ ਕਿਵੇਂ ਲੱਗਾ? ਉਸ ਨੇ ਯਹੋਵਾਹ ਦੀ ਫ਼ੌਜ ਵਿਚ ਸੇਵਾ ਕਰਦਿਆਂ ਕਾਫ਼ੀ ਲੰਬੇ ਸਮੇਂ ਤੋਂ ਕਈ ਜਿੱਤਾਂ ਪ੍ਰਾਪਤ ਕੀਤੀਆਂ ਸਨ। ਪਰ ਅੱਜ ਦੀ ਜਿੱਤ ਦਾ ਸਿਹਰਾ ਯੋਨਾਥਾਨ ਨੂੰ ਨਹੀਂ, ਸਗੋਂ ਇਸ ਨੌਜਵਾਨ ਨੂੰ ਜਾਂਦਾ ਸੀ। ਦਾਊਦ ਨੇ ਗੋਲਿਅਥ ਨਾਂ ਦੇ ਦੈਂਤ ਨੂੰ ਮਾਰ ਮੁਕਾਇਆ ਸੀ। ਕੀ ਦਾਊਦ ਨੂੰ ਮਹਿਮਾ ਮਿਲਣ ਕਰਕੇ ਯੋਨਾਥਾਨ ਉਸ ਤੋਂ ਈਰਖਾ ਕਰਦਾ ਸੀ?
ਯੋਨਾਥਾਨ ਦਾ ਰਵੱਈਆ ਦੇਖ ਕੇ ਸ਼ਾਇਦ ਤੁਸੀਂ ਹੈਰਾਨ ਹੋ ਜਾਓ। ਅਸੀਂ ਪੜ੍ਹਦੇ ਹਾਂ: “ਅਜਿਹਾ ਹੋਇਆ ਜਾਂ ਉਹ ਨੇ ਸ਼ਾਊਲ ਨਾਲ ਗੱਲ ਕਰ ਲਈ ਤਾਂ ਯੋਨਾਥਾਨ ਦਾ ਜੀਅ ਦਾਊਦ ਦੇ ਜੀਅ ਨਾਲ ਰਲ ਗਿਆ ਅਤੇ ਯੋਨਾਥਾਨ ਨੇ ਉਹ ਨੂੰ ਆਪਣਾ ਜਾਨੀ ਮਿੱਤਰ ਬਣਾਇਆ।” ਯੋਨਾਥਾਨ ਨੇ ਦਾਊਦ ਨੂੰ ਆਪਣੇ ਲੜਾਈ ਦੇ ਹਥਿਆਰ ਦਿੱਤੇ ਜਿਸ ਵਿਚ ਉਸ ਦਾ ਧਣੁਖ ਵੀ ਸੀ। ਇਸ ਤੋਂ ਵਧੀਆ ਤੋਹਫ਼ਾ ਕੋਈ ਹੋਰ ਹੋ ਹੀ ਨਹੀਂ ਸਕਦਾ ਸੀ ਕਿਉਂਕਿ ਯੋਨਾਥਾਨ ਬਹੁਤ ਵਧੀਆ ਤੀਰ-ਅੰਦਾਜ਼ ਸੀ। ਇਸ ਤੋਂ ਇਲਾਵਾ, ਯੋਨਾਥਾਨ ਤੇ ਦਾਊਦ ਨੇ ਇਕਰਾਰ ਕੀਤਾ ਜਿਸ ਕਰਕੇ ਉਹ ਇਕ-ਦੂਜੇ ਦੇ ਜਿਗਰੀ ਦੋਸਤ ਬਣ ਗਏ ਤੇ ਉਨ੍ਹਾਂ ਨੇ ਇਕ-ਦੂਜੇ ਦਾ ਸਾਥ ਦੇਣ ਦਾ ਵਾਅਦਾ ਕੀਤਾ।—1 ਸਮੂਏਲ 18:1-5.
ਉਨ੍ਹਾਂ ਦੀ ਦੋਸਤੀ ਬਾਈਬਲ ਵਿਚ ਦਿੱਤੀਆਂ ਸਭ ਤੋਂ ਉੱਤਮ ਮਿਸਾਲਾਂ ਵਿੱਚੋਂ ਇਕ ਹੈ। ਨਿਹਚਾ ਰੱਖਣ ਵਾਲੇ ਇਨਸਾਨਾਂ ਲਈ ਦੋਸਤੀ ਬਹੁਤ ਮਾਅਨੇ ਰੱਖਦੀ ਹੈ। ਸਮਝਦਾਰੀ ਨਾਲ ਦੋਸਤ ਚੁਣ ਕੇ ਅਤੇ ਖ਼ੁਦ ਮਦਦ ਕਰਨ ਵਾਲੇ ਤੇ ਵਫ਼ਾਦਾਰ ਦੋਸਤ ਬਣ ਕੇ ਅਸੀਂ ਇਨ੍ਹਾਂ ਔਖੇ ਸਮਿਆਂ ਵਿਚ ਆਪਣੀ ਨਿਹਚਾ ਮਜ਼ਬੂਤ ਬਣਾਈ ਰੱਖ ਸਕਦੇ ਹਾਂ। (ਕਹਾਉਤਾਂ 27:17) ਆਓ ਆਪਾਂ ਦੇਖੀਏ ਕਿ ਅਸੀਂ ਯੋਨਾਥਾਨ ਦੀ ਦੋਸਤੀ ਤੋਂ ਕੀ ਸਿੱਖ ਸਕਦੇ ਹਾਂ।
ਦੋਸਤੀ ਦਾ ਆਧਾਰ
ਇਸ ਤਰ੍ਹਾਂ ਦੀ ਦੋਸਤੀ ਇਕਦਮ ਕਿਵੇਂ ਹੋ ਜਾਂਦੀ ਹੈ? ਇਸ ਗੱਲ ਦਾ ਜਵਾਬ ਇਸ ਗੱਲ ʼਤੇ ਨਿਰਭਰ ਕਰਦਾ ਹੈ ਕਿ ਦੋਸਤੀ ਦਾ ਆਧਾਰ ਕੀ ਹੈ। ਆਓ ਆਪਾਂ ਯੋਨਾਥਾਨ ਬਾਰੇ ਕੁਝ ਗੱਲਾਂ ਦੇਖੀਏ। ਯੋਨਾਥਾਨ ਇਕ ਔਖੀ ਘੜੀ ਵਿੱਚੋਂ ਗੁਜ਼ਰ ਰਿਹਾ ਸੀ। ਸਮੇਂ ਦੇ ਬੀਤਣ ਨਾਲ, ਉਸ ਦਾ ਪਿਤਾ ਸ਼ਾਊਲ ਬਦਲਦਾ ਜਾ ਰਿਹਾ ਸੀ ਯਾਨੀ ਉਸ ਦਾ ਸੁਭਾਅ ਬੁਰੇ ਤੋਂ ਬੁਰਾ ਹੁੰਦਾ ਜਾ ਰਿਹਾ ਸੀ। ਨਿਹਚਾ ਰੱਖਣ ਵਾਲਾ, ਨਿਮਰ ਅਤੇ ਕਹਿਣਾ ਮੰਨਣ ਵਾਲਾ ਸ਼ਾਊਲ ਇਕ ਘਮੰਡੀ ਤੇ ਅਣਆਗਿਆਕਾਰ ਰਾਜਾ ਬਣ ਗਿਆ।—1 ਸਮੂਏਲ 15:17-19, 26.
ਸ਼ਾਊਲ ਦੇ ਸੁਭਾਅ ਵਿਚ ਆਉਂਦੇ ਬਦਲਾਅ ਕਰਕੇ ਯੋਨਾਥਾਨ ਨੂੰ ਬਹੁਤ ਦੁੱਖ ਹੋਇਆ ਹੋਣਾ ਕਿਉਂਕਿ ਉਹ ਆਪਣੇ ਪਿਤਾ ਨੂੰ ਬਹੁਤ ਪਿਆਰ ਕਰਦਾ ਸੀ। (1 ਸਮੂਏਲ 20:2) ਯੋਨਾਥਾਨ ਸ਼ਾਇਦ ਸੋਚਦਾ ਹੋਣਾ ਕਿ ਸ਼ਾਊਲ ਯਹੋਵਾਹ ਦੀ ਚੁਣੀ ਹੋਈ ਕੌਮ ਨੂੰ ਕੀ ਨੁਕਸਾਨ ਪਹੁੰਚਾ ਸਕਦਾ ਸੀ। ਕੀ ਰਾਜੇ ਦੀ ਅਣਆਗਿਆਕਾਰੀ ਕਰਕੇ ਇਹ ਕੌਮ ਯਹੋਵਾਹ ਤੋਂ ਦੂਰ ਹੋ ਸਕਦੀ ਸੀ ਅਤੇ ਪਰਮੇਸ਼ੁਰ ਦੀ ਮਿਹਰ ਗੁਆ ਸਕਦੀ ਸੀ? ਬਿਨਾਂ ਸ਼ੱਕ, ਯੋਨਾਥਾਨ ਵਾਂਗ ਨਿਹਚਾ ਰੱਖਣ ਵਾਲੇ ਇਨਸਾਨਾਂ ਲਈ ਇਹ ਬਹੁਤ ਔਖਾ ਸਮਾਂ ਸੀ।
ਯੋਨਾਥਾਨ ਬਾਰੇ ਇਹ ਗੱਲਾਂ ਜਾਣ ਕੇ ਸ਼ਾਇਦ ਸਾਡੀ ਇਹ ਸਮਝਣ ਵਿਚ ਮਦਦ ਹੋਵੇ ਕਿ ਯੋਨਾਥਾਨ ਦਾਊਦ ਵੱਲ ਕਿਉਂ ਖਿੱਚਿਆ ਗਿਆ। ਯੋਨਾਥਾਨ ਨੇ ਦੇਖਿਆ ਸੀ ਕਿ ਦਾਊਦ ਦੀ ਨਿਹਚਾ ਕਿੰਨੀ ਮਜ਼ਬੂਤ ਸੀ। ਯਾਦ ਕਰੋ ਕਿ ਸ਼ਾਊਲ ਦੀ ਫ਼ੌਜ ਤੋਂ ਉਲਟ, ਦਾਊਦ ਗੋਲਿਅਥ ਤੋਂ ਡਰਿਆ ਨਹੀਂ ਚਾਹੇ ਗੋਲਿਅਥ ਕੱਦ-ਕਾਠ ਵਿਚ ਉਸ ਤੋਂ ਕਿੰਨਾ ਹੀ ਵੱਡਾ ਕਿਉਂ ਨਹੀਂ ਸੀ। ਉਸ ਨੇ ਕਿਹਾ ਕਿ ਲੜਾਈ ਦੇ ਮੈਦਾਨ ਵਿਚ ਯਹੋਵਾਹ ਦੇ ਨਾਂ ʼਤੇ ਜਾਣ ਕਰਕੇ ਉਹ ਗੋਲਿਅਥ ਤੇ ਉਸ ਦੇ ਸਾਰੇ ਹਥਿਆਰਾਂ ਨਾਲੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਬਣ ਗਿਆ ਸੀ।—1 ਸਮੂਏਲ 17:45-47.
ਕਈ ਸਾਲ ਪਹਿਲਾਂ ਯੋਨਾਥਾਨ ਦਾ ਵੀ ਇਹੀ ਕਹਿਣਾ ਸੀ। ਉਸ ਨੂੰ ਭਰੋਸਾ ਸੀ ਕਿ ਦੋ ਆਦਮੀ ਯਾਨੀ ਉਹ ਤੇ ਉਸ ਦੇ ਹਥਿਆਰ ਚੁੱਕਣ ਵਾਲਾ ਗਿਬਆਹ ਵਿਚ ਸਾਰੇ ਹਥਿਆਰਬੰਦ ਫ਼ੌਜੀਆਂ ਉੱਤੇ ਹਮਲਾ ਕਰ ਕੇ ਉਨ੍ਹਾਂ ਨੂੰ ਹਰਾ ਸਕਦੇ ਸਨ। ਕਿਉਂ? ਯੋਨਾਥਾਨ ਨੇ ਕਿਹਾ ਕਿ “ਯਹੋਵਾਹ ਅੱਗੇ ਕੁਝ ਔਖ ਨਹੀਂ।” (1 ਸਮੂਏਲ 14:6) ਇਸ ਲਈ ਯੋਨਾਥਾਨ ਤੇ ਦਾਊਦ ਵਿਚ ਬਹੁਤ ਸਾਰੀਆਂ ਗੱਲਾਂ ਮਿਲਦੀਆਂ-ਜੁਲਦੀਆਂ ਸਨ: ਯਹੋਵਾਹ ʼਤੇ ਪੱਕੀ ਨਿਹਚਾ ਤੇ ਉਸ ਲਈ ਗਹਿਰਾ ਪਿਆਰ। ਇਹ ਉਨ੍ਹਾਂ ਦੋ ਆਦਮੀਆਂ ਵਿਚਲੀ ਦੋਸਤੀ ਦਾ ਸਭ ਤੋਂ ਵਧੀਆ ਆਧਾਰ ਸੀ। ਚਾਹੇ ਯੋਨਾਥਾਨ ਬਹੁਤ ਹੀ ਤਾਕਤਵਰ ਰਾਜਕੁਮਾਰ ਸੀ ਤੇ ਉਸ ਦੀ ਉਮਰ ਲਗਭਗ 50 ਦੇ ਕਰੀਬ ਸੀ, ਜਦ ਕਿ ਦਾਊਦ ਇਕ ਨਿਮਰ ਚਰਵਾਹਾ ਸੀ ਤੇ ਉਸ ਦੀ ਉਮਰ 20 ਸਾਲ ਵੀ ਨਹੀਂ ਸੀ, ਪਰ ਉਨ੍ਹਾਂ ਲਈ ਇਹ ਗੱਲਾਂ ਮਾਅਨੇ ਨਹੀਂ ਰੱਖਦੀਆਂ ਸਨ।a
ਉਨ੍ਹਾਂ ਵਿਚ ਕੀਤੇ ਇਕਰਾਰ ਕਰਕੇ ਉਨ੍ਹਾਂ ਦੀ ਦੋਸਤੀ ਨੂੰ ਕੋਈ ਖ਼ਤਰਾ ਨਹੀਂ ਸੀ। ਕਿਵੇਂ? ਦਾਊਦ ਜਾਣਦਾ ਸੀ ਕਿ ਯਹੋਵਾਹ ਚਾਹੁੰਦਾ ਸੀ ਕਿ ਉਹ ਇਜ਼ਰਾਈਲ ਦਾ ਅਗਲਾ ਰਾਜਾ ਬਣੇ। ਕੀ ਉਸ ਨੇ ਇਹ ਗੱਲ ਯੋਨਾਥਾਨ ਤੋਂ ਲੁਕਾ ਕੇ ਰੱਖੀ? ਨਹੀਂ। ਚੰਗੀ ਦੋਸਤੀ ਗੱਲਾਂ ਛੁਪਾਉਣ ਜਾਂ ਝੂਠ ਬੋਲਣ ਨਾਲ ਨਹੀਂ, ਸਗੋਂ ਖੁੱਲ੍ਹ ਕੇ ਗੱਲਬਾਤ ਕਰਨ ਨਾਲ ਮਜ਼ਬੂਤ ਬਣੀ ਰਹਿੰਦੀ ਹੈ। ਇਹ ਜਾਣ ਕੇ ਯੋਨਾਥਾਨ ਨੂੰ ਕਿਵੇਂ ਲੱਗਾ ਹੋਣਾ ਕਿ ਦਾਊਦ ਅਗਲਾ ਰਾਜਾ ਬਣੇਗਾ? ਇਸ ਬਾਰੇ ਕੀ, ਜੇ ਯੋਨਾਥਾਨ ਰਾਜਾ ਬਣਨਾ ਚਾਹੁੰਦਾ ਸੀ ਅਤੇ ਆਪਣੇ ਪਿਤਾ ਦੀ ਗ਼ਲਤੀਆਂ ਨੂੰ ਸੁਧਾਰਨਾ ਚਾਹੁੰਦਾ ਸੀ? ਬਾਈਬਲ ਇਸ ਤਰ੍ਹਾਂ ਦਾ ਕੁਝ ਨਹੀਂ ਦੱਸਦੀ ਹੈ ਕਿ ਯੋਨਾਥਾਨ ਇਸ ਤਰ੍ਹਾਂ ਦੇ ਖ਼ਿਆਲਾਂ ਨਾਲ ਜੱਦੋ-ਜਹਿਦ ਕਰ ਰਿਹਾ ਸੀ। ਬਾਈਬਲ ਸਿਰਫ਼ ਇਹ ਦੱਸਦੀ ਹੈ ਕਿ ਉਸ ਲਈ ਵਫ਼ਾਦਾਰੀ ਅਤੇ ਨਿਹਚਾ ਮਾਅਨੇ ਰੱਖਦੀਆਂ ਸਨ। ਉਹ ਦੇਖ ਸਕਦਾ ਸੀ ਕਿ ਦਾਊਦ ʼਤੇ ਯਹੋਵਾਹ ਦੀ ਪਵਿੱਤਰ ਸ਼ਕਤੀ ਸੀ। (1 ਸਮੂਏਲ 16:1, 11-13) ਇਸ ਲਈ ਯੋਨਾਥਾਨ ਨੇ ਆਪਣੀ ਸਹੁੰ ਪੂਰੀ ਕੀਤੀ ਅਤੇ ਉਹ ਦਾਊਦ ਨੂੰ ਆਪਣਾ ਦੁਸ਼ਮਣ ਨਹੀਂ, ਸਗੋਂ ਆਪਣਾ ਦੋਸਤ ਮੰਨਦਾ ਰਿਹਾ। ਯੋਨਾਥਾਨ ਯਹੋਵਾਹ ਦੀ ਇੱਛਾ ਪੂਰੀ ਹੁੰਦੀ ਦੇਖਣੀ ਚਾਹੁੰਦਾ ਸੀ।
ਯੋਨਾਥਾਨ ਅਤੇ ਦਾਊਦ ਵਿਚ ਮਿਲਦੀਆਂ-ਜੁਲਦੀਆਂ ਗੱਲਾਂ ਸਨ ਕਿ ਉਹ ਯਹੋਵਾਹ ਨਾਲ ਦਿਲੋਂ ਪਿਆਰ ਕਰਦੇ ਸਨ ਅਤੇ ਉਸ ʼਤੇ ਨਿਹਚਾ ਕਰਦੇ ਹਨ
ਇਹ ਦੋਸਤੀ ਇਕ ਬਹੁਤ ਵੱਡੀ ਬਰਕਤ ਸਾਬਤ ਹੋਈ। ਅਸੀਂ ਯੋਨਾਥਾਨ ਦੀ ਨਿਹਚਾ ਤੋਂ ਕੀ ਸਿੱਖ ਸਕਦੇ ਹਾਂ? ਵਧੀਆ ਹੋਵੇਗਾ ਕਿ ਪਰਮੇਸ਼ੁਰ ਦਾ ਹਰ ਸੇਵਕ ਜਾਣੇ ਕਿ ਦੋਸਤੀ ਦੀ ਕੀ ਅਹਿਮੀਅਤ ਹੈ। ਜ਼ਰੂਰੀ ਨਹੀਂ ਕਿ ਸਾਡੇ ਦੋਸਤ ਸਾਡੀ ਉਮਰ ਜਾਂ ਪਿਛੋਕੜ ਦੇ ਹੋਣ, ਪਰ ਸੱਚੀ ਨਿਹਚਾ ਰੱਖਣ ਵਾਲੇ ਸਾਡੇ ਲਈ ਬਹੁਤ ਚੰਗੇ ਦੋਸਤ ਸਾਬਤ ਹੋ ਸਕਦੇ ਹਨ। ਯੋਨਾਥਾਨ ਤੇ ਦਾਊਦ ਨੇ ਇਕ-ਦੂਜੇ ਨੂੰ ਬਹੁਤ ਵਾਰ ਹੱਲਾਸ਼ੇਰੀ ਦਿੱਤੀ। ਉਨ੍ਹਾਂ ਦੋਨਾਂ ਨੂੰ ਇਸ ਦੀ ਲੋੜ ਸੀ ਕਿਉਂਕਿ ਉਨ੍ਹਾਂ ਦੀ ਦੋਸਤੀ ਹੋਰ ਵੀ ਜ਼ਿਆਦਾ ਪਰਖੀ ਜਾਣੀ ਸੀ।
ਵਫ਼ਾਦਾਰੀ ਦੀ ਪਰਖ
ਪਹਿਲਾਂ-ਪਹਿਲ ਤਾਂ ਸ਼ਾਊਲ ਦਾਊਦ ਨੂੰ ਬਹੁਤ ਪਸੰਦ ਕਰਦਾ ਸੀ ਅਤੇ ਉਸ ਨੇ ਦਾਊਦ ਨੂੰ ਆਪਣੀ ਫ਼ੌਜ ਦਾ ਸੈਨਾਪਤੀ ਬਣਾ ਦਿੱਤਾ। ਪਰ ਅਜੇ ਜ਼ਿਆਦਾ ਸਮਾਂ ਨਹੀਂ ਸੀ ਬੀਤਿਆ ਕਿ ਸ਼ਾਊਲ ਨੇ ਆਪਣੇ ਵਿਚ ਈਰਖਾ ਪੈਦਾ ਹੋਣ ਦਿੱਤੀ, ਪਰ ਯੋਨਾਥਾਨ ਨੇ ਆਪਣੇ ਵਿਚ ਕਦੇ ਈਰਖਾ ਪੈਦਾ ਨਹੀਂ ਕੀਤੀ। ਦਾਊਦ ਇਜ਼ਰਾਈਲ ਦੇ ਦੁਸ਼ਮਣਾਂ ਯਾਨੀ ਫਲਿਸਤੀਆਂ ਖ਼ਿਲਾਫ਼ ਇਕ ਤੋਂ ਬਾਅਦ ਇਕ ਯੁੱਧ ਜਿੱਤਦਾ ਗਿਆ। ਇਸ ਲਈ ਲੋਕਾਂ ਨੇ ਦਾਊਦ ਦੀ ਪ੍ਰਸ਼ੰਸਾ ਤੇ ਤਾਰੀਫ਼ ਕੀਤੀ। ਇਜ਼ਰਾਈਲ ਦੀਆਂ ਕੁਝ ਔਰਤਾਂ ਨੇ ਗਾਇਆ: “ਸ਼ਾਊਲ ਨੇ ਆਪਣੇ ਹਜ਼ਾਰਾਂ ਨੂੰ ਮਾਰਿਆ, ਅਤੇ ਦਾਊਦ ਨੇ ਆਪਣੇ ਲੱਖਾਂ ਨੂੰ!” ਸ਼ਾਊਲ ਨੂੰ ਇਹ ਗੀਤ ਚੰਗਾ ਨਹੀਂ ਲੱਗਾ। ਅਸੀਂ ਪੜ੍ਹਦੇ ਹਾਂ ਕਿ “ਉਸ ਦਿਨ ਤੋਂ ਅੱਗੇ ਨੂੰ ਦਾਊਦ ਸ਼ਾਊਲ ਦੀ ਅੱਖ ਵਿੱਚ ਰੜਕਣ ਲੱਗਾ।” (1 ਸਮੂਏਲ 18:7, 9) ਉਸ ਨੂੰ ਲੱਗਾ ਕਿ ਦਾਊਦ ਉਸ ਤੋਂ ਉਸ ਦਾ ਰਾਜ ਹੜੱਪਣ ਦੀ ਕੋਸ਼ਿਸ਼ ਕਰੇਗਾ। ਇਹ ਸ਼ਾਊਲ ਦੀ ਮੂਰਖਤਾ ਸੀ। ਇਹ ਸੱਚ ਹੈ ਕਿ ਦਾਊਦ ਜਾਣਦਾ ਸੀ ਕਿ ਇਕ ਦਿਨ ਉਹ ਸ਼ਾਊਲ ਦੀ ਥਾਂ ਰਾਜ ਕਰੇਗਾ, ਪਰ ਸ਼ਾਊਲ ਦੇ ਰਾਜ ਦੌਰਾਨ ਉਸ ਨੇ ਕਦੇ ਵੀ ਯਹੋਵਾਹ ਦੇ ਚੁਣੇ ਹੋਏ ਰਾਜੇ ਤੋਂ ਰਾਜ ਖੋਹਣ ਬਾਰੇ ਸੋਚਿਆ ਵੀ ਨਹੀਂ।
ਦਾਊਦ ਨੂੰ ਯੁੱਧ ਵਿਚ ਮਰਵਾਉਣ ਲਈ ਸ਼ਾਊਲ ਨੇ ਚਾਲ ਚੱਲੀ, ਪਰ ਉਸ ਦੀ ਇਹ ਚਾਲ ਨਾਕਾਮ ਰਹੀ। ਦਾਊਦ ਯੁੱਧ ਜਿੱਤਦਾ ਗਿਆ ਅਤੇ ਲੋਕ ਉਸ ਨਾਲ ਹੋਰ ਜ਼ਿਆਦਾ ਪਿਆਰ ਅਤੇ ਉਸ ਦਾ ਹੋਰ ਜ਼ਿਆਦਾ ਆਦਰ ਕਰਨ ਲੱਗੇ। ਬਾਅਦ ਵਿਚ, ਸ਼ਾਊਲ ਨੇ ਆਪਣੇ ਸੇਵਕਾਂ ਅਤੇ ਆਪਣੇ ਵੱਡੇ ਮੁੰਡੇ ਨੂੰ ਆਪਣੇ ਦਿਲ ਦੀ ਗੱਲ ਦੱਸੀ ਕਿ ਉਹ ਦਾਊਦ ਨੂੰ ਮਾਰਨਾ ਚਾਹੁੰਦਾ ਸੀ ਅਤੇ ਉਹ ਆਸ ਰੱਖਦਾ ਸੀ ਕਿ ਸਾਰੇ ਇਸ ਚਾਲ ਵਿਚ ਉਸ ਦਾ ਸਾਥ ਦੇਣ। ਸੋਚੋ ਕਿ ਆਪਣੇ ਪਿਤਾ ਨੂੰ ਇਹ ਸਭ ਕੁਝ ਕਰਦਿਆਂ ਦੇਖ ਕੇ ਯੋਨਾਥਾਨ ਨੂੰ ਕਿੰਨਾ ਦੁੱਖ ਲੱਗਾ ਹੋਣਾ! (1 ਸਮੂਏਲ 18:25-30; 19:1) ਯੋਨਾਥਾਨ ਵਫ਼ਾਦਾਰ ਪੁੱਤਰ ਸੀ, ਪਰ ਉਹ ਇਕ ਵਫ਼ਾਦਾਰ ਦੋਸਤ ਵੀ ਸੀ। ਹੁਣ ਉਸ ਨੂੰ ਇਕ ਵੱਲ ਆਪਣੀ ਵਫ਼ਾਦਾਰੀ ਦਿਖਾਉਣੀ ਪੈਣੀ ਸੀ। ਉਸ ਨੇ ਕਿਸ ਪ੍ਰਤੀ ਵਫ਼ਾਦਾਰੀ ਦਿਖਾਉਣੀ ਸੀ?
ਯੋਨਾਥਾਨ ਬੋਲ ਉੱਠਿਆ: “ਸੋ ਯੋਨਾਥਾਨ ਨੇ ਆਪਣੇ ਪਿਉ ਸ਼ਾਊਲ ਕੋਲ ਦਾਊਦ ਦੀ ਵਡਿਅਈ ਕੀਤੀ ਅਤੇ ਆਖਿਆ, ਪਾਤਸ਼ਾਹ ਆਪਣੇ ਦਾਸ ਦਾਊਦ ਨਾਲ ਪਾਪ ਨਾ ਕਰੇ। ਉਸ ਨੇ ਤੇਰਾ ਕੁਝ ਪਾਪ ਨਹੀਂ ਕੀਤਾ ਸਗੋਂ ਉਸ ਦੇ ਕੰਮ ਤੇਰੇ ਲਈ ਬਹੁਤ ਚੰਗੇ ਹਨ। ਕਿਉਂ ਜੋ ਉਸ ਨੇ ਆਪਣੀ ਜਿੰਦ ਆਪਣੀ ਤਲੀ ਉੱਤੇ ਧਰੀ ਅਤੇ ਉਸ ਫਲਿਸਤੀ ਨੂੰ ਵੱਢਿਆ ਅਤੇ ਯਹੋਵਾਹ ਨੇ ਇਸਰਾਏਲ ਨੂੰ ਵੱਡੀ ਫਤਹ ਬਖ਼ਸ਼ੀ ਅਤੇ ਤੈਂ ਡਿੱਠਾ ਅਤੇ ਪਰਸੰਨ ਹੋਇਆ। ਫੇਰ ਤੂੰ ਕਾਹਨੂੰ ਬੇਦੋਸ਼ੇ ਦੇ ਲਹੂ ਦਾ ਪਾਪ ਕਰਨਾ ਚਾਹੁੰਦਾ ਹੈਂ ਅਤੇ ਕਾਰਨ ਤੋਂ ਬਿਨਾ ਦਾਊਦ ਦੇ ਮਾਰਨ ਨੂੰ ਲੋਚਦਾ ਹੈਂ?” ਬਹੁਤ ਹੀ ਘੱਟ ਮੌਕਿਆਂ ʼਤੇ ਸ਼ਾਊਲ ਨੇ ਸਮਝਦਾਰੀ ਦਿਖਾਉਂਦਿਆਂ ਯੋਨਾਥਾਨ ਦੀ ਗੱਲ ਸੁਣੀ ਅਤੇ ਦਾਊਦ ਨੂੰ ਨੁਕਸਾਨ ਨਾ ਪਹੁੰਚਾਉਣ ਦੀ ਸਹੁੰ ਵੀ ਖਾਧੀ। ਪਰ ਸ਼ਾਊਲ ਆਪਣੀ ਜ਼ਬਾਨ ʼਤੇ ਪੱਕਾ ਨਾ ਰਿਹਾ। ਜਦੋਂ ਦਾਊਦ ਨੂੰ ਹੋਰ ਸਫ਼ਲਤਾਵਾਂ ਮਿਲੀਆਂ, ਤਾਂ ਦਾਊਦ ਇੰਨੀ ਈਰਖਾ ਨਾਲ ਭਰ ਗਿਆ ਕਿ ਉਸ ਨੇ ਆਪਣਾ ਬਰਛਾ ਦਾਊਦ ਵੱਲ ਵਗਾਹ ਕੇ ਮਾਰਿਆ। (1 ਸਮੂਏਲ 19:4-6, 9, 10) ਪਰ ਦਾਊਦ ਬਚ ਗਿਆ ਅਤੇ ਸ਼ਾਊਲ ਦੇ ਦਰਬਾਰ ਵਿੱਚੋਂ ਭੱਜ ਗਿਆ।
ਕੀ ਤੁਹਾਨੂੰ ਕਦੇ ਇਹ ਫ਼ੈਸਲਾ ਕਰਨਾ ਪਿਆ ਕਿ ਤੁਸੀਂ ਕਿਸ ਪ੍ਰਤੀ ਵਫ਼ਾਦਾਰੀ ਦਿਖਾਓਗੇ? ਇੱਦਾਂ ਦਾ ਫ਼ੈਸਲਾ ਕਰਨਾ ਦੁਖਦਾਈ ਹੋ ਸਕਦਾ ਹੈ। ਇਸ ਤਰ੍ਹਾਂ ਦੇ ਹਾਲਾਤਾਂ ਵਿਚ ਕੁਝ ਜਣੇ ਤੁਹਾਨੂੰ ਸਲਾਹ ਦੇਣਗੇ ਕਿ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਪ੍ਰਤੀ ਵਫ਼ਾਦਾਰੀ ਦਿਖਾਉਣੀ ਚਾਹੀਦੀ ਹੈ। ਪਰ ਯੋਨਾਥਾਨ ਚੰਗੀ ਤਰ੍ਹਾਂ ਜਾਣਦਾ ਸੀ ਕਿ ਇਸ ਤਰ੍ਹਾਂ ਕਰਨਾ ਸਹੀ ਨਹੀਂ ਸੀ। ਯੋਨਾਥਾਨ ਆਪਣੇ ਪਿਤਾ ਦਾ ਪੱਖ ਕਿਵੇਂ ਲੈ ਸਕਦਾ ਸੀ ਜਦ ਕਿ ਦਾਊਦ ਯਹੋਵਾਹ ਦਾ ਵਫ਼ਾਦਾਰ ਤੇ ਆਗਿਆਕਾਰ ਸੇਵਕ ਸੀ? ਸੋ ਯਹੋਵਾਹ ਪ੍ਰਤੀ ਵਫ਼ਾਦਾਰ ਹੋਣ ਕਰਕੇ ਯੋਨਾਥਾਨ ਨੇ ਦਾਊਦ ਦਾ ਸਾਥ ਦੇਣ ਦਾ ਫ਼ੈਸਲਾ ਕੀਤਾ। ਇਸ ਤਰ੍ਹਾਂ ਯੋਨਾਥਾਨ ਨੇ ਪਹਿਲਾਂ ਪਰਮੇਸ਼ੁਰ ਪ੍ਰਤੀ ਵਫ਼ਾਦਾਰੀ ਦਿਖਾਈ। ਪਰ ਉਸ ਨੇ ਆਪਣੇ ਪਿਤਾ ਪ੍ਰਤੀ ਵੀ ਵਫ਼ਾਦਾਰੀ ਦਿਖਾਉਂਦਿਆਂ ਉਸ ਨੂੰ ਉਹ ਗੱਲਾਂ ਨਹੀਂ ਕਹੀਆਂ ਜੋ ਉਹ ਸੁਣਨੀਆਂ ਚਾਹੁੰਦਾ ਸੀ, ਸਗੋਂ ਉਸ ਨੇ ਈਮਾਨਦਾਰੀ ਨਾਲ ਸ਼ਾਊਲ ਨੂੰ ਸਲਾਹ ਦਿੱਤੀ। ਯੋਨਾਥਾਨ ਦੁਆਰਾ ਵਫ਼ਾਦਾਰੀ ਦਿਖਾਉਣ ਦੇ ਤਰੀਕੇ ਦੀ ਰੀਸ ਕਰ ਕੇ ਸਾਨੂੰ ਹਰੇਕ ਨੂੰ ਫ਼ਾਇਦਾ ਹੋਵੇਗਾ।
ਵਫ਼ਾਦਾਰੀ ਦੀ ਕੀਮਤ
ਯੋਨਾਥਾਨ ਨੇ ਫਿਰ ਤੋਂ ਸ਼ਾਊਲ ਦੀ ਦਾਊਦ ਨਾਲ ਸੁਲ੍ਹਾ ਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਇਸ ਵਾਰ ਤਾਂ ਸ਼ਾਊਲ ਨੇ ਉਸ ਦੀ ਗੱਲ ਨਹੀਂ ਸੁਣੀ। ਦਾਊਦ ਯੋਨਾਥਾਨ ਨੂੰ ਚੋਰੀ-ਛੁਪੇ ਮਿਲਣ ਆਇਆ ਤੇ ਦੱਸਿਆ ਕਿ ਉਸ ਨੂੰ ਆਪਣੀ ਜਾਨ ਦਾ ਖ਼ਤਰਾ ਸੀ। ਉਸ ਨੇ ਆਪਣੇ ਤੋਂ ਵੱਡੀ ਉਮਰ ਦੇ ਆਪਣੇ ਦੋਸਤ ਨੂੰ ਦੱਸਿਆ ਕਿ “ਮੇਰੇ ਅਤੇ ਮੌਤ ਦੇ ਵਿੱਚ ਨਿਰੀ ਇੱਕ ਹੀ ਕਦਮ ਦੀ ਵਿੱਥ ਹੈ।” ਯੋਨਾਥਾਨ ਮੰਨ ਗਿਆ ਕਿ ਉਹ ਆਪਣੇ ਪਿਤਾ ਦੇ ਇਰਾਦਿਆਂ ਬਾਰੇ ਜਾਣ ਕੇ ਦਾਊਦ ਨੂੰ ਦੱਸੇਗਾ ਕਿ ਉਸ ਦਾ ਪਿਤਾ ਉਸ ਨਾਲ ਸੁਲ੍ਹਾ ਕਰਨੀ ਚਾਹੁੰਦਾ ਹੈ ਜਾਂ ਨਹੀਂ। ਜਦੋਂ ਦਾਊਦ ਲੁਕਿਆ ਹੋਇਆ ਸੀ, ਤਾਂ ਯੋਨਾਥਾਨ ਆਪਣੇ ਤੀਰ ਤੇ ਕਮਾਨ ਵਰਤ ਕੇ ਉਸ ਨੂੰ ਸਾਰੀ ਖ਼ਬਰ ਪਹੁੰਚਾਉਂਦਾ ਸੀ। ਯੋਨਾਥਾਨ ਨੇ ਦਾਊਦ ਨੂੰ ਆਪਣਾ ਵਾਅਦਾ ਪੂਰਾ ਕਰਨ ਦੀ ਸਹੁੰ ਖਾਣ ਲਈ ਕਿਹਾ: “ਜਿਸ ਵੇਲੇ ਯਹੋਵਾਹ ਤੇਰੇ ਸਾਰੇ ਵੈਰੀਆਂ ਨੂੰ ਧਰਤੀ ਉੱਤੋਂ ਨਾਸ ਕਰ ਦੇਵੇ ਤਾਂ ਸਦੀਪਕ ਦੇ ਲਈ ਮੇਰੀ ਸੰਤਾਨ ਉੱਤੋਂ ਵੀ ਆਪਣੀ ਕਿਰਪਾ ਨਾ ਹਟਾਵੀਂ।” ਦਾਊਦ ਮੰਨ ਗਿਆ ਕਿ ਉਹ ਹਮੇਸ਼ਾ ਯੋਨਾਥਾਨ ਦੀ ਸੰਤਾਨ ਦੀ ਦੇਖ-ਭਾਲ ਤੇ ਰਾਖੀ ਕਰੇਗਾ।—1 ਸਮੂਏਲ 20:3, 13-27.
ਯੋਨਾਥਾਨ ਨੇ ਸ਼ਾਊਲ ਨੂੰ ਦਾਊਦ ਬਾਰੇ ਚੰਗੀਆਂ ਗੱਲਾਂ ਦੱਸਣ ਦੀ ਕੋਸ਼ਿਸ਼ ਕੀਤੀ, ਪਰ ਰਾਜਾ ਗੁੱਸੇ ਨਾਲ ਭਰ ਗਿਆ। ਉਸ ਨੇ ਯੋਨਾਥਾਨ ਨੂੰ ‘ਕੁਚਲਣੀ ਅਤੇ ਆਪ ਹੁਦਰੀ ਦਾ ਪੁੱਤ੍ਰ!’ ਕਿਹਾ ਅਤੇ ਦਾਊਦ ਪ੍ਰਤੀ ਉਸ ਦੀ ਵਫ਼ਾਦਾਰੀ ਦਾ ਮਖੌਲ ਉਡਾਇਆ ਅਤੇ ਇਸ ਨੂੰ ਪਰਿਵਾਰ ਲਈ ਸ਼ਰਮ ਦੀ ਗੱਲ ਕਿਹਾ। ਉਸ ਨੇ ਯੋਨਾਥਾਨ ਨੂੰ ਆਪਣੇ ਫ਼ਾਇਦੇ ਵੱਲ ਧਿਆਨ ਦੇਣ ਲਈ ਕਿਹਾ: “ਜਦ ਤੋੜੀ ਇਹ ਯੱਸੀ ਦਾ ਪੁੱਤ੍ਰ ਧਰਤੀ ਉੱਤੇ ਜੀਉਂਦਾ ਹੈ ਤਦ ਤੋੜੀ ਨਾ ਤੂੰ ਪੱਕਾ ਹੋਵੇਂਗਾ ਨਾ ਤੇਰਾ ਰਾਜ।” ਆਪਣੀ ਗੱਲ ʼਤੇ ਪੱਕਾ ਰਹਿੰਦਿਆਂ ਯੋਨਾਥਾਨ ਨੇ ਆਪਣੇ ਪਿਤਾ ਨੂੰ ਬੇਨਤੀ ਕੀਤੀ: “ਉਹ ਕਿਉਂ ਮਾਰਿਆ ਜਾਵੇ? ਉਸ ਨੇ ਕੀ ਕੀਤਾ ਹੈ?” ਸ਼ਾਊਲ ਹਿੰਸਾ ਕਰਨ ʼਤੇ ਉਤਾਰੂ ਹੋ ਗਿਆ। ਇੰਨੀ ਜ਼ਿਆਦਾ ਉਮਰ ਦਾ ਹੋ ਜਾਣ ʼਤੇ ਵੀ ਸ਼ਾਊਲ ਇਕ ਵੀਰ ਯੋਧਾ ਸੀ। ਉਸ ਨੇ ਆਪਣੇ ਪੁੱਤਰ ਨੂੰ ਮਾਰਨ ਲਈ ਬਰਛਾ ਸੁੱਟਿਆ। ਚਾਹੇ ਉਹ ਬਰਛਾ ਸੁੱਟਣ ਵਿਚ ਬਹੁਤ ਮਾਹਰ ਸੀ, ਪਰ ਉਹ ਆਪਣੇ ਨਿਸ਼ਾਨੇ ਤੋਂ ਖੁੰਝ ਗਿਆ। ਯੋਨਾਥਾਨ ਨੂੰ ਬਹੁਤ ਦੁੱਖ ਤੇ ਬੇਇੱਜ਼ਤੀ ਮਹਿਸੂਸ ਹੋਈ ਤੇ ਉਹ ਗੁੱਸੇ ਵਿਚ ਉੱਥੋਂ ਚਲਾ ਗਿਆ।—1 ਸਮੂਏਲ 20:24-34.
ਯੋਨਾਥਾਨ ਆਪਣੀਆਂ ਇੱਛਾਵਾਂ ਨੂੰ ਪਹਿਲ ਦੇਣ ਦੀ ਪਰੀਖਿਆ ਵਿਚ ਸਫ਼ਲ ਰਿਹਾ
ਅਗਲੀ ਸਵੇਰ ਯੋਨਾਥਾਨ ਖੇਤ ਵਿਚ ਉਸ ਜਗ੍ਹਾ ਗਿਆ ਜਿੱਥੇ ਦਾਊਦ ਲੁਕਿਆ ਹੋਇਆ ਸੀ। ਉਸ ਨੇ ਦਾਊਦ ਨੂੰ ਇਹ ਦੱਸਣ ਲਈ ਤੀਰ ਮਾਰਿਆ ਕਿ ਸ਼ਾਊਲ ਹਾਲੇ ਵੀ ਉਸ ਨੂੰ ਮਾਰਨਾ ਚਾਹੁੰਦਾ ਸੀ। ਫਿਰ ਯੋਨਾਥਾਨ ਨੇ ਆਪਣੇ ਸੇਵਕ ਨੂੰ ਸ਼ਹਿਰ ਵਾਪਸ ਘੱਲ ਦਿੱਤਾ। ਹੁਣ ਉਹ ਤੇ ਦਾਊਦ ਇਕੱਲੇ ਸਨ ਜਿਸ ਕਰਕੇ ਉਨ੍ਹਾਂ ਨੂੰ ਥੋੜ੍ਹੀ ਦੇਰ ਗੱਲ ਕਰਨ ਦਾ ਮੌਕਾ ਮਿਲ ਗਿਆ। ਦੋਵੇਂ ਗਲ਼ੇ ਲੱਗ ਕੇ ਰੋਏ ਅਤੇ ਯੋਨਾਥਾਨ ਨੇ ਦੁਖੀ ਮਨ ਨਾਲ ਆਪਣੇ ਨੌਜਵਾਨ ਦੋਸਤ ਨੂੰ ਅਲਵਿਦਾ ਕਿਹਾ। ਦਾਊਦ ਨੂੰ ਹੁਣ ਇਕ ਭਗੌੜੇ ਦੀ ਜ਼ਿੰਦਗੀ ਜੀਉਣੀ ਪੈਣੀ ਸੀ।—1 ਸਮੂਏਲ 20:35-42.
ਯੋਨਾਥਾਨ ਨੇ ਇਨ੍ਹਾਂ ਮੁਸ਼ਕਲ ਹਾਲਾਤਾਂ ਵਿਚ ਸਾਬਤ ਕੀਤਾ ਕਿ ਉਹ ਸੁਆਰਥੀ ਨਹੀਂ, ਸਗੋਂ ਵਫ਼ਾਦਾਰ ਸੀ। ਸਾਰੇ ਵਫ਼ਾਦਾਰ ਲੋਕਾਂ ਦਾ ਦੁਸ਼ਮਣ ਸ਼ੈਤਾਨ ਪੱਕਾ ਚਾਹੁੰਦਾ ਹੋਣਾ ਕਿ ਯੋਨਾਥਾਨ ਸ਼ਾਊਲ ਦੇ ਨਕਸ਼ੇ-ਕਦਮਾਂ ʼਤੇ ਚੱਲੇ ਅਤੇ ਤਾਕਤ ਤੇ ਮਹਿਮਾ ਪਾਉਣ ਦੀਆਂ ਆਪਣੀਆਂ ਇੱਛਾਵਾਂ ਨੂੰ ਪਹਿਲ ਦੇਵੇ। ਯਾਦ ਰੱਖੋ ਕਿ ਸ਼ੈਤਾਨ ਇਨਸਾਨ ਦੀਆਂ ਸੁਆਰਥੀ ਇੱਛਾਵਾਂ ਨੂੰ ਭੜਕਾਉਂਦਾ ਹੈ। ਉਸ ਦੀ ਇਹ ਚਾਲ ਸਾਡੇ ਪਹਿਲੇ ਮਾਤਾ-ਪਿਤਾ, ਆਦਮ ਤੇ ਹੱਵਾਹ, ʼਤੇ ਕਾਮਯਾਬ ਰਹੀ। (ਉਤਪਤ 3:1-6) ਪਰ ਉਸ ਦੀ ਇਹ ਚਾਲ ਯੋਨਾਥਾਨ ʼਤੇ ਨਹੀਂ ਚੱਲੀ। ਸ਼ੈਤਾਨ ਨੂੰ ਕਿੰਨਾ ਗੁੱਸਾ ਚੜ੍ਹਿਆ ਹੋਣਾ! ਕੀ ਤੁਸੀਂ ਵੀ ਇਸ ਤਰ੍ਹਾਂ ਦੀ ਪਰੀਖਿਆ ਦਾ ਵਿਰੋਧ ਕਰੋਗੇ? ਅਸੀਂ ਇਸ ਤਰ੍ਹਾਂ ਦੇ ਸਮੇਂ ਵਿਚ ਜੀ ਰਹੇ ਹਾਂ ਜਿੱਥੇ ਸੁਆਰਥੀ ਰਵੱਈਆ ਹਰ ਪਾਸੇ ਦਿਖਾਈ ਦਿੰਦਾ ਹੈ। (2 ਤਿਮੋਥਿਉਸ 3:1-5) ਕੀ ਅਸੀਂ ਯੋਨਾਥਾਨ ਦੇ ਨਿਰਸੁਆਰਥ ਰਵੱਈਏ ਤੇ ਵਫ਼ਾਦਾਰੀ ਤੋਂ ਸਿੱਖਾਂਗੇ?
“ਤੂੰ ਮੈਨੂੰ ਅੱਤ ਪਿਆਰਾ” ਸੀ
ਸਮੇਂ ਦੇ ਬੀਤਣ ਨਾਲ, ਸ਼ਾਊਲ ਦੇ ਮਨ ਵਿਚ ਦਾਊਦ ਲਈ ਇੰਨੀ ਨਫ਼ਰਤ ਭਰ ਗਈ ਕਿ ਇਸ ਦਾ ਉਸ ਦੀ ਸੋਚਣੀ ਤੇ ਜਜ਼ਬਾਤਾਂ ʼਤੇ ਅਸਰ ਪਿਆ। ਯੋਨਾਥਾਨ ਬੇਬੱਸ ਸੀ ਜਦੋਂ ਉਸ ਨੇ ਦੇਖਿਆ ਕਿ ਉਸ ਦਾ ਪਿਤਾ ਕਿੰਨਾ ਪਾਗਲਪਣ ਕਰ ਰਿਹਾ ਸੀ ਕਿ ਉਸ ਨੇ ਦੇਸ਼ ਦੀ ਸਾਰੀ ਫ਼ੌਜ ਨੂੰ ਇਕ ਨਿਰਦੋਸ਼ ਨੂੰ ਲੱਭ ਕੇ ਜਾਨੋਂ ਮਾਰਨ ਲਈ ਲਾਇਆ ਹੋਇਆ ਸੀ। (1 ਸਮੂਏਲ 24:1, 2, 12-15; 26:20) ਕੀ ਯੋਨਾਥਾਨ ਨੇ ਇਸ ਕੰਮ ਵਿਚ ਉਸ ਦਾ ਸਾਥ ਦਿੱਤਾ? ਦਿਲਚਸਪੀ ਦੀ ਗੱਲ ਹੈ ਕਿ ਬਾਈਬਲ ਵਿਚ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ ਕਿ ਯੋਨਾਥਾਨ ਨੇ ਇਸ ਤਰ੍ਹਾਂ ਦੀਆਂ ਮੁਹਿੰਮਾਂ ਵਿਚ ਸ਼ਾਊਲ ਦਾ ਸਾਥ ਦਿੱਤਾ ਸੀ। ਇਹ ਅਸੰਭਵ ਸੀ ਕਿਉਂਕਿ ਯੋਨਾਥਾਨ ਯਹੋਵਾਹ, ਦਾਊਦ ਅਤੇ ਆਪਣੀ ਸਹੁੰ ਪ੍ਰਤੀ ਵਫ਼ਾਦਾਰ ਸੀ।
ਆਪਣੇ ਨੌਜਵਾਨ ਦੋਸਤ ਪ੍ਰਤੀ ਉਸ ਦੀਆਂ ਭਾਵਨਾਵਾਂ ਬਦਲੀਆਂ ਨਹੀਂ। ਸਮੇਂ ਦੇ ਬੀਤਣ ਨਾਲ, ਉਸ ਨੇ ਦਾਊਦ ਨਾਲ ਮਿਲਣ ਦਾ ਰਾਹ ਲੱਭਿਆ। ਉਹ ਹੋਰੇਸ਼ ਵਿਚ ਮਿਲੇ ਜਿਸ ਦਾ ਮਤਲਬ ਹੈ, “ਲੱਕੜ ਦੀ ਥਾਂ।” ਹੋਰੇਸ਼ ਜੰਗਲੀ ਅਤੇ ਪਹਾੜੀ ਇਲਾਕਾ ਸੀ ਜੋ ਹਬਰੋਨ ਦੇ ਦੱਖਣ-ਪੂਰਬ ਤੋਂ ਕੁਝ ਮੀਲ ਦੂਰ ਸੀ। ਯੋਨਾਥਾਨ ਨੇ ਇਸ ਭਗੌੜੇ ਨੂੰ ਮਿਲਣ ਲਈ ਆਪਣੀ ਜਾਨ ਖ਼ਤਰੇ ਵਿਚ ਕਿਉਂ ਪਾਈ? ਬਾਈਬਲ ਦੱਸਦੀ ਹੈ ਕਿ ਉਸ ਦਾ ਮਕਸਦ ਦਾਊਦ ਦਾ “ਹੱਥ ਪਰਮੇਸ਼ੁਰ ਵਿੱਚ ਤਕੜਾ” ਕਰਨ ਦਾ ਸੀ। (1 ਸਮੂਏਲ 23:16) ਯੋਨਾਥਾਨ ਨੇ ਇਸ ਤਰ੍ਹਾਂ ਕਿਵੇਂ ਕੀਤਾ ਸੀ?
ਯੋਨਾਥਾਨ ਨੇ ਆਪਣੇ ਨੌਜਵਾਨ ਦੋਸਤ ਨੂੰ ਤਸੱਲੀ ਦਿੰਦਿਆਂ ਕਿਹਾ, “ਤੂੰ ਡਰ ਨਹੀਂ ਕਿਉਂ ਜੋ ਮੇਰੇ ਪਿਉ ਸ਼ਾਊਲ ਦਾ ਹੱਥ ਤੇਰੇ ਕੋਲ ਨਾ ਅੱਪੜੇਗਾ।” ਉਸ ਨੇ ਇਹ ਤਸੱਲੀ ਕਿਸ ਆਧਾਰ ʼਤੇ ਦਿੱਤੀ ਸੀ? ਯੋਨਾਥਾਨ ਨੂੰ ਪੱਕੀ ਨਿਹਚਾ ਸੀ ਕਿ ਯਹੋਵਾਹ ਦਾ ਮਕਸਦ ਜ਼ਰੂਰ ਪੂਰਾ ਹੋ ਕੇ ਰਹੇਗਾ। ਉਸ ਨੇ ਅੱਗੇ ਕਿਹਾ: “ਤੂੰ ਇਸਰਾਏਲ ਦਾ ਪਾਤਸ਼ਾਹ ਹੋਵੇਂਗਾ।” ਕਈ ਸਾਲ ਪਹਿਲਾਂ ਸਮੂਏਲ ਨਬੀ ਨੂੰ ਇਹ ਗੱਲ ਕਹਿਣ ਦਾ ਹੁਕਮ ਮਿਲਿਆ ਸੀ ਅਤੇ ਹੁਣ ਯੋਨਾਥਾਨ ਨੇ ਦਾਊਦ ਨੂੰ ਯਾਦ ਕਰਾਇਆ ਕਿ ਪਰਮੇਸ਼ੁਰ ਦੀ ਕਹੀ ਗੱਲ ਪੂਰੀ ਹੋ ਕੇ ਰਹਿੰਦੀ ਹੈ। ਯੋਨਾਥਾਨ ਆਪਣੇ ਭਵਿੱਖ ਬਾਰੇ ਕੀ ਸੋਚਦਾ ਸੀ? “ਮੈਂ ਤੈਥੋਂ ਦੂਜੇ ਦਰਜੇ ਤੇ ਹੋਵਾਂਗਾ।” ਇਸ ਆਦਮੀ ਨੇ ਕਿੰਨੀ ਹੀ ਨਿਮਰਤਾ ਦਿਖਾਈ! ਉਹ ਆਪਣੇ ਤੋਂ ਉਮਰ ਵਿਚ 30 ਸਾਲ ਛੋਟੇ ਆਦਮੀ ਅਧੀਨ ਸੇਵਾ ਕਰਨ ਅਤੇ ਉਸ ਦੀ ਮਦਦ ਕਰਨ ਲਈ ਤਿਆਰ ਸੀ। ਅਖ਼ੀਰ ਯੋਨਾਥਾਨ ਨੇ ਕਿਹਾ: “ਇਹ ਗੱਲ ਮੇਰਾ ਪਿਉ ਸ਼ਾਊਲ ਵੀ ਜਾਣਦਾ ਹੈ।” (1 ਸਮੂਏਲ 23:17, 18) ਸ਼ਾਊਲ ਮਨ ਹੀ ਮਨ ਜਾਣਦਾ ਸੀ ਕਿ ਉਸ ਲਈ ਜਿੱਤਣਾ ਨਾਮੁਮਕਿਨ ਸੀ ਕਿਉਂਕਿ ਉਹ ਉਸ ਆਦਮੀ ਨਾਲ ਲੜ ਰਿਹਾ ਸੀ ਜਿਸ ਨੂੰ ਯਹੋਵਾਹ ਨੇ ਅਗਲੇ ਰਾਜੇ ਵਜੋਂ ਚੁਣਿਆ ਸੀ।
ਆਉਣ ਵਾਲੇ ਸਾਲਾਂ ਵਿਚ ਦਾਊਦ ਅਕਸਰ ਖ਼ੁਸ਼ੀ ਨਾਲ ਇਸ ਮੁਲਾਕਾਤ ਨੂੰ ਯਾਦ ਕਰਦਾ ਹੋਣਾ। ਇਹ ਉਨ੍ਹਾਂ ਦੀ ਆਖ਼ਰੀ ਮੁਲਾਕਾਤ ਸੀ। ਦੁੱਖ ਦੀ ਗੱਲ ਕਿ ਦਾਊਦ ਤੋਂ ਦੂਜੇ ਦਰਜੇ ʼਤੇ ਸੇਵਾ ਕਰਨ ਦੀ ਯੋਨਾਥਾਨ ਦੀ ਇੱਛਾ ਪੂਰੀ ਨਹੀਂ ਹੋਈ।
ਯੋਨਾਥਾਨ ਆਪਣੇ ਪਿਤਾ ਨਾਲ ਫਲਿਸਤੀਆਂ ਖ਼ਿਲਾਫ਼ ਯੁੱਧ ਲੜਨ ਗਿਆ ਜਿਨ੍ਹਾਂ ਨੇ ਖੁੱਲ੍ਹੇ-ਆਮ ਐਲਾਨ ਕੀਤਾ ਸੀ ਕਿ ਉਹ ਇਜ਼ਰਾਈਲ ਦੇ ਦੁਸ਼ਮਣ ਹਨ। ਉਹ ਸ਼ੁੱਧ ਜ਼ਮੀਰ ਨਾਲ ਆਪਣੇ ਪਿਤਾ ਨਾਲ ਯੁੱਧ ਲੜਨ ਜਾ ਸਕਿਆ ਕਿਉਂਕਿ ਆਪਣੇ ਪਿਤਾ ਦੇ ਗ਼ਲਤ ਕੰਮਾਂ ਦੇ ਬਾਵਜੂਦ ਉਹ ਯਹੋਵਾਹ ਦੀ ਸੇਵਾ ਕਰਦਾ ਰਿਹਾ। ਉਹ ਹਮੇਸ਼ਾ ਵਾਂਗ ਬਹਾਦਰੀ ਤੇ ਵਫ਼ਾਦਾਰੀ ਨਾਲ ਲੜਿਆ, ਪਰ ਇਜ਼ਰਾਈਲੀ ਹਾਰ ਰਹੇ ਸਨ। ਸ਼ਾਊਲ ਦੇ ਦੁਸ਼ਟ ਕੰਮ ਇੰਨੇ ਵਧ ਗਏ ਸਨ ਕਿ ਉਹ ਜਾਦੂਗਰੀ ਕਰਨ ਵਾਲਿਆਂ ਕੋਲ ਜਾਣ ਲੱਗ ਪਿਆ। ਮੂਸਾ ਦੇ ਕਾਨੂੰਨ ਅਨੁਸਾਰ ਜਾਦੂਗਰੀ ਦੀ ਸਜ਼ਾ ਮੌਤ ਸੀ। ਇਸ ਕਰਕੇ ਸ਼ਾਊਲ ʼਤੇ ਯਹੋਵਾਹ ਦੀ ਮਿਹਰ ਨਹੀਂ ਰਹੀ। ਸ਼ਾਊਲ ਦੇ ਤਿੰਨੇ ਮੁੰਡੇ ਮਾਰੇ ਗਏ ਜਿਨ੍ਹਾਂ ਵਿਚ ਯੋਨਾਥਾਨ ਵੀ ਸੀ। ਸ਼ਾਊਲ ਜ਼ਖ਼ਮੀ ਹੋ ਗਿਆ ਤੇ ਉਸ ਨੇ ਖ਼ੁਦ ਆਪਣੀ ਜਾਨ ਲੈ ਲਈ।—1 ਸਮੂਏਲ 28:6-14; 31:2-6.
ਯੋਨਾਥਾਨ ਨੇ ਕਿਹਾ: “ਤੂੰ ਇਸਰਾਏਲ ਦਾ ਪਾਤਸ਼ਾਹ ਹੋਵੇਂਗਾ ਅਤੇ ਮੈਂ ਤੈਥੋਂ ਦੂਜੇ ਦਰਜੇ ਤੇ ਹੋਵਾਂਗਾ।”—1 ਸਮੂਏਲ 23:17
ਦਾਊਦ ਨੇ ਬਹੁਤ ਸੋਗ ਮਨਾਇਆ। ਇਸ ਦਿਆਲੂ ਅਤੇ ਮਾਫ਼ ਕਰਨ ਵਾਲੇ ਆਦਮੀ ਨੇ ਸ਼ਾਊਲ ਲਈ ਵੀ ਸੋਗ ਮਨਾਇਆ ਜਿਸ ਨੇ ਉਸ ਨੂੰ ਬਹੁਤ ਦੁੱਖ ਦਿੱਤਾ ਸੀ। ਦਾਊਦ ਨੇ ਸ਼ਾਊਲ ਅਤੇ ਯੋਨਾਥਾਨ ਲਈ ਵੈਣ ਲਿਖੇ। ਸ਼ਾਇਦ ਇਸ ਵਿਚ ਸਭ ਤੋਂ ਜ਼ਿਆਦਾ ਦਿਲ ਨੂੰ ਛੂਹ ਜਾਣੇ ਵਾਲੇ ਸ਼ਬਦ ਉਸ ਨੇ ਆਪਣੇ ਸਲਾਹਕਾਰ ਅਤੇ ਦੋਸਤ ਲਈ ਲਿਖੇ: “ਹੇ ਮੇਰੇ ਭਰਾ ਯੋਨਾਥਾਨ, ਮੈਂ ਤੇਰੇ ਕਾਰਨ ਵੱਡਾ ਦੁਖੀ ਹਾਂ! ਤੂੰ ਮੈਨੂੰ ਅੱਤ ਪਿਆਰਾ ਸੈਂ; ਮੇਰੀ ਵੱਲ ਤੇਰੀ ਅਚਰਜ ਪ੍ਰੀਤ ਸੀ, ਤੀਵੀਆਂ ਦੀ ਪ੍ਰੀਤ ਨਾਲੋਂ ਵੀ ਵਧੀਕ!।”—2 ਸਮੂਏਲ 1:26.
ਦਾਊਦ ਯੋਨਾਥਾਨ ਨਾਲ ਖਾਧੀ ਆਪਣੀ ਸਹੁੰ ਕਦੇ ਨਹੀਂ ਭੁੱਲਿਆ। ਸਾਲਾਂ ਬਾਅਦ ਉਸ ਨੇ ਯੋਨਾਥਾਨ ਦੇ ਅਪਾਹਜ ਪੁੱਤਰ ਮਫ਼ੀਬੋਸ਼ਥ ਨੂੰ ਲੱਭਿਆ ਤੇ ਉਸ ਦੀ ਦੇਖ-ਭਾਲ ਕੀਤੀ। (2 ਸਮੂਏਲ 9:1-13) ਬਿਨਾਂ ਸ਼ੱਕ, ਦਾਊਦ ਨੇ ਯੋਨਾਥਾਨ ਦੀ ਵਫ਼ਾਦਾਰੀ, ਆਪਣੇ ਦੋਸਤ ਨੂੰ ਆਦਰ ਦੇਣ ਅਤੇ ਉਸ ਦਾ ਸਾਥ ਦੇਣ ਦੀ ਇੱਛਾ ਤੋਂ ਬਹੁਤ ਕੁਝ ਸਿੱਖਿਆ ਹੋਣਾ ਚਾਹੇ ਇਸ ਲਈ ਯੋਨਾਥਾਨ ਨੂੰ ਵੱਡੀ ਕੀਮਤ ਚੁਕਾਉਣੀ ਪਈ। ਕੀ ਅਸੀਂ ਵੀ ਇਸ ਤਰ੍ਹਾਂ ਦੇ ਸਬਕ ਸਿੱਖਾਂਗੇ? ਕੀ ਅਸੀਂ ਵੀ ਯੋਨਾਥਾਨ ਵਰਗੇ ਦੋਸਤ ਲੱਭ ਸਕਦੇ ਹਾਂ? ਕੀ ਅਸੀਂ ਇਸ ਤਰ੍ਹਾਂ ਦੇ ਦੋਸਤ ਬਣ ਸਕਦੇ ਹਾਂ? ਜੇ ਅਸੀਂ ਆਪਣੇ ਦੋਸਤਾਂ ਦੀ ਯਹੋਵਾਹ ʼਤੇ ਨਿਹਚਾ ਵਧਾਉਣ ਵਿਚ ਮਦਦ ਕਰਦੇ ਹਾਂ, ਸਭ ਤੋਂ ਪਹਿਲਾਂ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿੰਦੇ ਹਾਂ ਅਤੇ ਆਪਣੀ ਇੱਛਾ ਨੂੰ ਪਹਿਲ ਦੇਣ ਦੀ ਬਜਾਇ ਵਫ਼ਾਦਾਰ ਰਹਿੰਦੇ ਹਾਂ, ਤਾਂ ਅਸੀਂ ਯੋਨਾਥਾਨ ਵਰਗੇ ਦੋਸਤ ਬਣ ਸਕਾਂਗੇ। ਨਾਲੇ ਅਸੀਂ ਉਸ ਦੀ ਨਿਹਚਾ ਦੀ ਰੀਸ ਕਰਾਂਗੇ।
a ਬਾਈਬਲ ਵਿਚ ਪਹਿਲੀ ਵਾਰ ਯੋਨਾਥਾਨ ਦਾ ਜ਼ਿਕਰ ਉਦੋਂ ਆਇਆ ਜਦੋਂ ਸ਼ਾਊਲ ਰਾਜਾ ਬਣਿਆ ਸੀ। ਉਸ ਵੇਲੇ ਯੋਨਾਥਾਨ ਫ਼ੌਜ ਦਾ ਸੈਨਾਪਤੀ ਸੀ ਜਿਸ ਕਰਕੇ ਉਹ ਘੱਟੋ-ਘੱਟ ਵੀਹ ਸਾਲਾਂ ਦਾ ਹੋਣਾ। (ਗਿਣਤੀ 1:3; 1 ਸਮੂਏਲ 13:2) ਸ਼ਾਊਲ ਨੇ 40 ਸਾਲ ਰਾਜ ਕੀਤਾ। ਇਸ ਲਈ ਸ਼ਾਊਲ ਦੀ ਮੌਤ ਵੇਲੇ ਯੋਨਾਥਾਨ ਦੀ ਉਮਰ ਲਗਭਗ 60 ਸਾਲ ਸੀ ਅਤੇ ਉਸ ਵੇਲੇ ਦਾਊਦ ਦੀ ਉਮਰ 30 ਸਾਲ ਸੀ। (1 ਸਮੂਏਲ 31:2; 2 ਸਮੂਏਲ 5:4) ਸੋ ਯੋਨਾਥਾਨ ਦਾਊਦ ਤੋਂ ਲਗਭਗ 30 ਸਾਲ ਵੱਡਾ ਸੀ।