ਯਹੋਵਾਹ ਦਾ ਬਚਨ ਜੀਉਂਦਾ ਹੈ
ਸਮੂਏਲ ਦੀ ਦੂਜੀ ਪੋਥੀ ਦੇ ਕੁਝ ਖ਼ਾਸ ਨੁਕਤੇ
ਕੀ ਯਹੋਵਾਹ ਦੀ ਹਕੂਮਤ ਦੇ ਅਧੀਨ ਰਹਿਣ ਦਾ ਇਹ ਮਤਲਬ ਹੈ ਕਿ ਅਸੀਂ ਕਦੇ ਕੋਈ ਗ਼ਲਤੀ ਨਹੀਂ ਕਰਾਂਗੇ? ਕੀ ਇਕ ਵਫ਼ਾਦਾਰ ਬੰਦਾ ਹਮੇਸ਼ਾ ਉਹ ਕਰੇਗਾ ਜੋ ਯਹੋਵਾਹ ਦੀ ਨਜ਼ਰ ਵਿਚ ਸਹੀ ਹੈ? ਕਿਹੋ ਜਿਹਾ ਇਨਸਾਨ ਸੱਚੇ ਪਰਮੇਸ਼ੁਰ ਦੇ ‘ਮਨ ਦਾ ਅਨੁਸਾਰੀ ਮਨੁੱਖ’ ਸਾਬਤ ਹੁੰਦਾ ਹੈ? (1 ਸਮੂਏਲ 13:14) ਸਮੂਏਲ ਦੀ ਦੂਜੀ ਪੋਥੀ ਇਨ੍ਹਾਂ ਸਵਾਲਾਂ ਦੇ ਜਵਾਬ ਦਿੰਦੀ ਹੈ।
ਸਮੂਏਲ ਦੀ ਦੂਜੀ ਪੋਥੀ ਗਾਦ ਅਤੇ ਨਾਥਾਨ ਨਾਂ ਦੇ ਨਬੀਆਂ ਨੇ ਲਿਖੀ ਸੀ। ਇਹ ਦੋਵੇਂ ਨਬੀ ਪ੍ਰਾਚੀਨ ਇਸਰਾਏਲ ਦੇ ਬਾਦਸ਼ਾਹ ਦਾਊਦ ਦੇ ਜਿਗਰੀ ਦੋਸਤ ਸਨ।a ਇਹ ਪੋਥੀ 1040 ਈ.ਪੂ. ਵਿਚ ਦਾਊਦ ਦੇ 40 ਸਾਲ ਦੇ ਰਾਜ ਦੇ ਅੰਤ ਵਿਚ ਪੂਰੀ ਹੋਈ ਸੀ। ਇਸ ਪੋਥੀ ਵਿਚ ਖ਼ਾਸਕਰ ਦਾਊਦ ਬਾਰੇ ਅਤੇ ਯਹੋਵਾਹ ਨਾਲ ਉਸ ਦੇ ਗੂੜ੍ਹੇ ਰਿਸ਼ਤੇ ਬਾਰੇ ਦੱਸਿਆ ਗਿਆ ਹੈ। ਇਸ ਮਜ਼ੇਦਾਰ ਕਹਾਣੀ ਤੋਂ ਸਾਨੂੰ ਪਤਾ ਲੱਗਦਾ ਕਿ ਸੂਰਬੀਰ ਬਾਦਸ਼ਾਹ ਦਾਊਦ ਨੇ ਆਪਣੀ ਬਿਖਰੀ ਹੋਈ ਕੌਮ ਨੂੰ ਇਕਮੁੱਠ ਕਿਵੇਂ ਕੀਤਾ। ਇਸ ਦਿਲਚਸਪ ਕਹਾਣੀ ਵਿਚ ਸਾਨੂੰ ਮਨੁੱਖਾਂ ਦੀਆਂ ਗਹਿਰੀਆਂ ਭਾਵਨਾਵਾਂ ਦੀ ਝਲਕ ਮਿਲਦੀ ਹੈ।
“ਦਾਊਦ ਵੱਧਦਾ ਗਿਆ”
ਸ਼ਾਊਲ ਅਤੇ ਯੋਨਾਥਾਨ ਦੀ ਮੌਤ ਦੀ ਖ਼ਬਰ ਸੁਣ ਕੇ ਦਾਊਦ ਬਹੁਤ ਦੁਖੀ ਹੋਇਆ। ਇਸ ਬਿਰਤਾਂਤ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਉਹ ਇਨ੍ਹਾਂ ਦੋਹਾਂ ਅਤੇ ਯਹੋਵਾਹ ਬਾਰੇ ਕਿਵੇਂ ਮਹਿਸੂਸ ਕਰਦਾ ਸੀ। ਦਾਊਦ ਨੂੰ ਹਬਰੋਨ ਵਿਚ ਯਹੂਦਾਹ ਦੇ ਗੋਤ ਦਾ ਬਾਦਸ਼ਾਹ ਬਣਾਇਆ ਗਿਆ। ਬਾਕੀ ਦੇ ਇਸਰਾਏਲ ਤੇ ਸ਼ਾਊਲ ਦਾ ਪੁੱਤਰ ਈਸ਼ਬੋਸ਼ਥ ਰਾਜਾ ਬਣਾਇਆ ਗਿਆ ਸੀ। “ਦਾਊਦ ਵੱਧਦਾ ਗਿਆ” ਅਤੇ ਕੁਝ ਸਾਢੇ ਸੱਤ ਸਾਲ ਬਾਅਦ ਉਹ ਸਾਰੇ ਇਸਰਾਏਲ ਤੇ ਰਾਜ ਕਰਨ ਲੱਗ ਪਿਆ।—2 ਸਮੂਏਲ 5:10.
ਦਾਊਦ ਨੇ ਯਬੂਸੀਆਂ ਨੂੰ ਹਰਾ ਕੇ ਯਰੂਸ਼ਲਮ ਤੇ ਕਬਜ਼ਾ ਕੀਤਾ ਅਤੇ ਇਸ ਨੂੰ ਆਪਣੇ ਰਾਜ ਦੀ ਰਾਜਧਾਨੀ ਬਣਾਇਆ। ਇਸ ਤੋਂ ਬਾਅਦ, ਉਸ ਨੇ ਨੇਮ ਦੇ ਸੰਦੂਕ ਨੂੰ ਯਰੂਸ਼ਲਮ ਵਿਚ ਲਿਆਉਣਾ ਚਾਹਿਆ, ਪਰ ਉਸ ਦੀ ਪਹਿਲੀ ਕੋਸ਼ਿਸ਼ ਦੇ ਮਾੜੇ ਨਤੀਜੇ ਨਿਕਲੇ। ਜਦ ਉਸ ਦੀ ਦੂਜੀ ਕੋਸ਼ਿਸ਼ ਕਾਮਯਾਬ ਹੋਈ, ਤਾਂ ਉਹ ਖ਼ੁਸ਼ੀ ਦੇ ਮਾਰੇ ਨੱਚ ਉੱਠਿਆ। ਯਹੋਵਾਹ ਨੇ ਦਾਊਦ ਅਤੇ ਉਸ ਦੇ ਟੱਬਰ ਨਾਲ ਵਾਅਦਾ ਕੀਤਾ ਕਿ ਉਹ ਹਮੇਸ਼ਾ ਤਕ ਰਾਜ ਕਰਨਗੇ। ਯਹੋਵਾਹ ਦੀ ਮਦਦ ਨਾਲ ਦਾਊਦ ਨੇ ਆਪਣੇ ਦੁਸ਼ਮਣਾਂ ਉੱਤੇ ਫਤਹ ਪਾਈ।
ਕੁਝ ਸਵਾਲਾਂ ਦੇ ਜਵਾਬ:
2:18—ਯੋਆਬ ਅਤੇ ਉਸ ਦੇ ਦੋ ਭਰਾਵਾਂ ਨੂੰ ਉਨ੍ਹਾਂ ਦੀ ਮਾਂ ਸਰੂਯਾਹ ਦੇ ਪੁੱਤਰ ਕਿਉਂ ਕਿਹਾ ਗਿਆ ਹੈ? ਆਮ ਤੌਰ ਤੇ ਇਬਰਾਨੀ ਸ਼ਾਸਤਰ ਦੀਆਂ ਬੰਸਾਵਲੀਆਂ ਵਿਚ ਮਾਂ ਦੇ ਨਾਂ ਦੀ ਬਜਾਇ ਪਿਤਾ ਦਾ ਨਾਂ ਲਿਖਿਆ ਜਾਂਦਾ ਸੀ। ਹੋ ਸਕਦਾ ਹੈ ਕਿ ਸਰੂਯਾਹ ਦੇ ਪਤੀ ਦੀ ਮੌਤ ਹੋ ਚੁੱਕੀ ਸੀ ਜਾਂ ਉਸ ਦੇ ਪਤੀ ਦੇ ਨਾਂ ਨੂੰ ਬਾਈਬਲ ਵਿਚ ਦਰਜ ਕਰਨ ਦੇ ਲਾਇਕ ਨਹੀਂ ਸਮਝਿਆ ਗਿਆ ਸੀ। ਇਹ ਵੀ ਹੋ ਸਕਦਾ ਹੈ ਕਿ ਸਰੂਯਾਹ ਦਾ ਨਾਂ ਇਸ ਕਰਕੇ ਲਿਖਿਆ ਗਿਆ ਸੀ ਕਿਉਂਕਿ ਉਹ ਦਾਊਦ ਦੀ ਭੈਣ ਸੀ। (1 ਇਤਹਾਸ 2:15, 16) ਬਾਈਬਲ ਵਿਚ ਸਰੂਯਾਹ ਦੇ ਪਤੀ ਬਾਰੇ ਸਿਰਫ਼ ਇਹ ਦੱਸਿਆ ਗਿਆ ਹੈ ਕਿ ਉਸ ਨੂੰ ਬੈਤਲਹਮ ਵਿਚ ਦਫ਼ਨਾਇਆ ਗਿਆ ਸੀ।—2 ਸਮੂਏਲ 2:32.
5:1, 2—ਈਸ਼ਬੋਸ਼ਥ ਦੇ ਕਤਲ ਤੋਂ ਕਿੰਨਾ ਕੁ ਚਿਰ ਬਾਅਦ ਦਾਊਦ ਪੂਰੇ ਇਸਰਾਏਲ ਦਾ ਬਾਦਸ਼ਾਹ ਬਣਿਆ ਸੀ? ਈਸ਼ਬੋਸ਼ਥ ਦੀ ਮੌਤ ਤੋਂ ਲਗਭਗ ਪੰਜ ਸਾਲ ਬਾਅਦ ਦਾਊਦ ਪੂਰੇ ਇਸਰਾਏਲ ਦਾ ਰਾਜਾ ਬਣਿਆ। ਅਸੀਂ ਇਸ ਤਰ੍ਹਾਂ ਕਿਉਂ ਕਹਿ ਸਕਦੇ ਹਾਂ? ਕਿਉਂਕਿ ਈਸ਼ਬੋਸ਼ਥ ਨੇ ਸਿਰਫ਼ ਦੋ ਸਾਲ ਰਾਜ ਕੀਤਾ ਸੀ ਅਤੇ ਉਹ ਸ਼ਾਊਲ ਦੀ ਮੌਤ ਤੋਂ ਥੋੜ੍ਹੀ ਹੀ ਦੇਰ ਬਾਅਦ ਰਾਜਾ ਬਣ ਗਿਆ ਸੀ, ਲਗਭਗ ਉਸੇ ਸਮੇਂ ਜਦੋਂ ਦਾਊਦ ਹਬਰੋਨ ਵਿਚ ਰਾਜਾ ਬਣਿਆ ਸੀ। ਦਾਊਦ ਨੇ ਹਬਰੋਨ ਤੋਂ ਯਹੂਦਾਹ ਤੇ ਸਾਢੇ ਸੱਤ ਸਾਲ ਰਾਜ ਕੀਤਾ। ਪੂਰੇ ਇਸਰਾਏਲ ਦਾ ਬਾਦਸ਼ਾਹ ਬਣਨ ਤੋਂ ਕੁਝ ਚਿਰ ਬਾਅਦ, ਦਾਊਦ ਨੇ ਯਰੂਸ਼ਲਮ ਨੂੰ ਆਪਣੀ ਰਾਜਧਾਨੀ ਬਣਾ ਲਿਆ।—2 ਸਮੂਏਲ 2:3, 4, 8-11; 5:4, 5.
8:2—ਮੋਆਬੀਆਂ ਤੇ ਇਸਰਾਏਲੀਆਂ ਦੀ ਲੜਾਈ ਤੋਂ ਬਾਅਦ ਦਾਊਦ ਨੇ ਬੰਦੀ ਬਣਾਏ ਮੋਆਬੀਆਂ ਵਿੱਚੋਂ ਕਿੰਨਿਆਂ ਨੂੰ ਮਾਰਿਆ ਸੀ? ਗਿਣਨ ਦੀ ਬਜਾਇ ਦਾਊਦ ਨੇ ਉਨ੍ਹਾਂ ਨੂੰ ਮਿਣਿਆ ਸੀ। ਲੱਗਦਾ ਹੈ ਕਿ ਉਸ ਨੇ ਮੋਆਬੀਆਂ ਨੂੰ ਇੱਕੋ ਕਤਾਰ ਵਿਚ ਲੰਮੇ ਪਾ ਕੇ ਪਹਿਲਾਂ ਉਨ੍ਹਾਂ ਨੂੰ ਇਕ ਜਰੀਬ ਜਾਂ ਡੋਰੀ ਨਾਲ ਮਿਣਿਆ। ਫਿਰ ਉਸ ਨੇ ਇਕ ਤਿਹਾਈ ਨੂੰ ਜੀਉਂਦੇ ਰਹਿਣ ਦਿੱਤਾ ਤੇ ਦੋ ਤਿਹਾਈ ਨੂੰ ਮਾਰ ਸੁੱਟਿਆ।
ਸਾਡੇ ਲਈ ਸਬਕ:
2:1; 5:19, 23. ਦਾਊਦ ਨੇ ਹਬਰੋਨ ਵਿਚ ਵੱਸਣ ਤੋਂ ਪਹਿਲਾਂ ਅਤੇ ਆਪਣੇ ਦੁਸ਼ਮਣਾਂ ਤੇ ਚੜ੍ਹਾਈ ਕਰਨ ਤੋਂ ਪਹਿਲਾਂ ਯਹੋਵਾਹ ਤੋਂ ਸਲਾਹ ਲਈ ਸੀ। ਜਦ ਸਾਨੂੰ ਕੋਈ ਅਜਿਹਾ ਫ਼ੈਸਲਾ ਕਰਨਾ ਪੈਂਦਾ ਹੈ ਜਿਸ ਦਾ ਯਹੋਵਾਹ ਨਾਲ ਸਾਡੇ ਰਿਸ਼ਤੇ ਤੇ ਅਸਰ ਪਵੇਗਾ, ਤਾਂ ਸਾਨੂੰ ਪਹਿਲਾਂ ਯਹੋਵਾਹ ਦੀ ਮਰਜ਼ੀ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
3:26-30. ਬਦਲਾ ਲੈਣ ਦੇ ਬੁਰੇ ਨਤੀਜੇ ਨਿਕਲਦੇ ਹਨ।—ਰੋਮੀਆਂ 12:17-19.
3:31-34; 4:9-12. ਦਾਊਦ ਦੇ ਦਿਲ ਵਿਚ ਨਾ ਖਾਰ ਸੀ ਤੇ ਨਾ ਨਫ਼ਰਤ। ਅਸੀਂ ਵੀ ਉਸ ਦੀ ਰੀਸ ਕਰ ਸਕਦੇ ਹਾਂ।
5:12. ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਯਹੋਵਾਹ ਨੇ ਸਾਨੂੰ ਸਹੀ ਰਾਹ ਦਿਖਾਇਆ ਹੈ ਅਤੇ ਸਾਨੂੰ ਉਸ ਦੀ ਭਗਤੀ ਕਰਨ ਦਾ ਮੌਕਾ ਦਿੱਤਾ ਹੈ।
6:1-7. ਭਾਵੇਂ ਦਾਊਦ ਨੇ ਚੰਗੀ ਨੀਅਤ ਨਾਲ ਪਰਮੇਸ਼ੁਰ ਦੇ ਸੰਦੂਕ ਨੂੰ ਆਪਣੇ ਕੋਲ ਲੈ ਜਾਣ ਦੀ ਕੋਸ਼ਿਸ਼ ਕੀਤੀ, ਪਰ ਇਸ ਦੇ ਨਤੀਜੇ ਮਾੜੇ ਨਿਕਲੇ ਕਿਉਂਕਿ ਸੰਦੂਕ ਨੂੰ ਗੱਡੇ ਤੇ ਲੱਦਣਾ ਪਰਮੇਸ਼ੁਰ ਦੇ ਹੁਕਮ ਦੇ ਉਲਟ ਸੀ। (ਕੂਚ 25:13, 14; ਗਿਣਤੀ 4:15, 19; 7:7-9) ਊਜ਼ਾਹ ਦੀ ਵੀ ਨੀਅਤ ਮਾੜੀ ਨਹੀਂ ਸੀ ਜਦ ਉਸ ਨੇ ਸੰਦੂਕ ਨੂੰ ਫੜਿਆ, ਪਰ ਪਰਮੇਸ਼ੁਰ ਦੇ ਹੁਕਮ ਦੀ ਉਲੰਘਣਾ ਕਰਨ ਲਈ ਉਸ ਦੀ ਮੌਤ ਹੋਈ। ਇਸ ਤੋਂ ਅਸੀਂ ਸਿੱਖਦੇ ਹਾਂ ਕਿ ਚੰਗੇ ਇਰਾਦਿਆਂ ਦੇ ਨਾਲ-ਨਾਲ ਸਾਨੂੰ ਯਹੋਵਾਹ ਦੇ ਆਗਿਆਕਾਰ ਵੀ ਰਹਿਣਾ ਚਾਹੀਦਾ ਹੈ।
6:8, 9. ਦੁੱਖ ਦੀ ਘੜੀ ਵੇਲੇ ਦਾਊਦ ਪਹਿਲਾਂ ਤਾਂ ਉਦਾਸ ਹੋਇਆ, ਫਿਰ ਉਹ ਡਰਿਆ। ਉਹ ਸ਼ਾਇਦ ਊਜ਼ਾਹ ਦੀ ਮੌਤ ਲਈ ਯਹੋਵਾਹ ਨੂੰ ਕਸੂਰਵਾਰ ਸਮਝਦਾ ਸੀ। ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਕਿ ਜਦ ਅਸੀਂ ਆਪਣੀਆਂ ਕਰਨੀਆਂ ਦਾ ਫਲ ਭੋਗਦੇ ਹਾਂ, ਤਾਂ ਅਸੀਂ ਯਹੋਵਾਹ ਤੇ ਇਲਜ਼ਾਮ ਨਾ ਲਾਈਏ।
7:18, 22, 23, 26. ਦਾਊਦ ਦੀ ਨਿਮਰਤਾ, ਸ਼ਰਧਾ ਅਤੇ ਯਹੋਵਾਹ ਦਾ ਨਾਂ ਰੌਸ਼ਨ ਕਰਨ ਦੀ ਉਸ ਦੀ ਇੱਛਾ ਅਜਿਹੇ ਗੁਣ ਹਨ ਜਿਨ੍ਹਾਂ ਦੀ ਸਾਨੂੰ ਨਕਲ ਕਰਨੀ ਚਾਹੀਦੀ ਹੈ।
8:2. ਦਾਊਦ ਦੇ ਸਮੇਂ ਤੋਂ ਲਗਭਗ 400 ਸਾਲ ਪਹਿਲਾਂ ਕੀਤੀ ਗਈ ਭਵਿੱਖਬਾਣੀ ਪੂਰੀ ਹੋਈ। (ਗਿਣਤੀ 24:17) ਯਹੋਵਾਹ ਦਾ ਬਚਨ ਹਮੇਸ਼ਾ ਪੂਰਾ ਹੁੰਦਾ ਹੈ।
9:1, 6, 7. ਦਾਊਦ ਨੇ ਆਪਣਾ ਵਾਅਦਾ ਨਿਭਾਇਆ। ਸਾਨੂੰ ਵੀ ਆਪਣੀ ਗੱਲ ਤੇ ਪੱਕੇ ਰਹਿਣਾ ਚਾਹੀਦਾ ਹੈ।
ਯਹੋਵਾਹ ਨੇ ਆਪਣੇ ਚੁਣੇ ਹੋਏ ਬੰਦੇ ਤੇ ਬਿਪਤਾ ਆਉਣ ਦਿੱਤੀ
ਯਹੋਵਾਹ ਨੇ ਦਾਊਦ ਨੂੰ ਕਿਹਾ: “ਮੈਂ ਇੱਕ ਬਦੀ ਨੂੰ ਤੇਰੇ ਆਪਣੇ ਘਰ ਵਿੱਚੋਂ ਹੀ ਤੇਰੇ ਉੱਤੇ ਪਾਵਾਂਗਾ ਅਤੇ ਮੈਂ ਤੇਰੀਆਂ ਪਤਨੀਆਂ ਨੂੰ ਲੈ ਕੇ ਤੇਰੀਆਂ ਅੱਖੀਆਂ ਦੇ ਸਾਹਮਣੇ ਤੇਰੇ ਗੁਆਂਢੀ ਨੂੰ ਦਿਆਂਗਾ ਅਤੇ ਉਹ ਇਸ ਸੂਰਜ ਦੇ ਸਾਹਮਣੇ ਤੇਰੀਆਂ ਪਤਨੀਆਂ ਦੇ ਨਾਲ ਸੰਗ ਕਰੇਗਾ।” (2 ਸਮੂਏਲ 12:11) ਯਹੋਵਾਹ ਨੇ ਇਹ ਕਿਉਂ ਕਿਹਾ? ਕਿਉਂਕਿ ਦਾਊਦ ਨੇ ਬਥ-ਸ਼ਬਾ ਨਾਲ ਜ਼ਨਾਹ ਕੀਤਾ ਸੀ। ਭਾਵੇਂ ਪਸ਼ਚਾਤਾਪੀ ਦਾਊਦ ਨੂੰ ਮਾਫ਼ੀ ਮਿਲ ਗਈ ਸੀ, ਪਰ ਉਸ ਨੂੰ ਆਪਣੇ ਪਾਪ ਦੇ ਨਤੀਜੇ ਭੁਗਤਣੇ ਪਏ।
ਪਹਿਲਾਂ ਬਥ-ਸ਼ਬਾ ਦਾ ਬੱਚਾ ਮਰ ਗਿਆ। ਫਿਰ ਦਾਊਦ ਦੀ ਕੁਆਰੀ ਧੀ ਤਾਮਾਰ ਦੀ ਇੱਜ਼ਤ ਉਸ ਦੇ ਭਰਾ ਅਮਨੋਨ ਨੇ ਲੁੱਟੀ। ਬਦਲੇ ਵਿਚ ਤਾਮਾਰ ਦੇ ਭਰਾ ਅਬਸ਼ਾਲੋਮ ਨੇ ਅਮਨੋਨ ਨੂੰ ਮਾਰ ਸੁੱਟਿਆ। ਅਬਸ਼ਾਲੋਮ ਨੇ ਆਪਣੇ ਪਿਤਾ ਦੇ ਖ਼ਿਲਾਫ਼ ਸਾਜ਼ਸ਼ ਘੜੀ ਅਤੇ ਹਬਰੋਨ ਵਿਚ ਆਪਣੇ ਆਪ ਨੂੰ ਬਾਦਸ਼ਾਹ ਬਣਾਇਆ। ਨਤੀਜੇ ਵਜੋਂ ਦਾਊਦ ਨੂੰ ਯਰੂਸ਼ਲਮ ਤੋਂ ਭੱਜਣਾ ਪਿਆ। ਅਬਸ਼ਾਲੋਮ ਨੇ ਆਪਣੇ ਪਿਤਾ ਦੀਆਂ ਦਸ ਤੀਵੀਆਂ ਨਾਲ ਸੰਗ ਕੀਤਾ ਜਿਨ੍ਹਾਂ ਨੂੰ ਦਾਊਦ ਘਰ ਦੀ ਦੇਖ-ਰੇਖ ਕਰਨ ਲਈ ਪਿੱਛੇ ਛੱਡ ਗਿਆ ਸੀ। ਸਿਰਫ਼ ਅਬਸ਼ਾਲੋਮ ਦੀ ਮੌਤ ਤੋਂ ਬਾਅਦ ਹੀ ਦਾਊਦ ਯਰੂਸ਼ਲਮ ਵਿਚ ਮੁੜ ਆਪਣੀ ਗੱਦੀ ਤੇ ਬੈਠਿਆ। ਸ਼ਬਾ ਨਾਂ ਦੇ ਬਿਨਯਾਮੀਨੀ ਨੇ ਦਾਊਦ ਖ਼ਿਲਾਫ਼ ਬਗਾਵਤ ਕੀਤੀ ਜਿਸ ਦੇ ਅੰਤ ਵਿਚ ਸ਼ਬਾ ਮਾਰਿਆ ਗਿਆ।
ਕੁਝ ਸਵਾਲਾਂ ਦੇ ਜਵਾਬ:
14:7—“ਅੰਗਾਰੇ” ਦਾ ਕੀ ਮਤਲਬ ਹੈ? ‘ਅੰਗਾਰਾ’ ਜੀਉਂਦੀ ਸੰਤਾਨ ਨੂੰ ਦਰਸਾਉਂਦਾ ਸੀ।
19:29—ਦਾਊਦ ਨੇ ਮਫ਼ੀਬੋਸ਼ਥ ਨਾਲ ਇਸ ਤਰ੍ਹਾਂ ਗੱਲ ਕਿਉਂ ਕੀਤੀ ਸੀ? ਮਫ਼ੀਬੋਸ਼ਥ ਦੀ ਗੱਲ ਸੁਣਨ ਤੋਂ ਬਾਅਦ, ਦਾਊਦ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਹੋਣਾ ਕਿਉਂਕਿ ਉਸ ਨੇ ਬਿਨਾਂ ਸੋਚੇ-ਸਮਝੇ ਸੀਬਾ ਦੀਆਂ ਗੱਲਾਂ ਤੇ ਯਕੀਨ ਕਰ ਲਿਆ ਸੀ। (2 ਸਮੂਏਲ 16:1-4; 19:24-28) ਹੋ ਸਕਦਾ ਹੈ ਕਿ ਇਸ ਗੱਲ ਨੇ ਦਾਊਦ ਨੂੰ ਖਿਝਾਇਆ ਸੀ ਅਤੇ ਉਹ ਅੱਗੇ ਹੋਰ ਕੁਝ ਵੀ ਨਹੀਂ ਸੁਣਨਾ ਚਾਹੁੰਦਾ ਸੀ।
ਸਾਡੇ ਲਈ ਸਬਕ:
11:2-15. ਬਾਈਬਲ ਵਿਚ ਦਾਊਦ ਦੀਆਂ ਗ਼ਲਤੀਆਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਇਹ ਇਸ ਗੱਲ ਦਾ ਸਬੂਤ ਹੈ ਕਿ ਬਾਈਬਲ ਨੂੰ ਲਿਖਾਉਣ ਵਾਲਾ ਯਹੋਵਾਹ ਹੈ।
11:16-27. ਜਦੋਂ ਅਸੀਂ ਕੋਈ ਗੰਭੀਰ ਪਾਪ ਕਰਦੇ ਹਾਂ, ਤਾਂ ਸਾਨੂੰ ਦਾਊਦ ਵਾਂਗ ਉਸ ਨੂੰ ਢੱਕਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਇਸ ਦੀ ਬਜਾਇ, ਸਾਨੂੰ ਯਹੋਵਾਹ ਅੱਗੇ ਤੋਬਾ ਕਰ ਕੇ ਆਪਣੀ ਕਲੀਸਿਯਾ ਦੇ ਬਜ਼ੁਰਗਾਂ ਤੋਂ ਮਦਦ ਮੰਗਣੀ ਚਾਹੀਦੀ ਹੈ।—ਕਹਾਉਤਾਂ 28:13; ਯਾਕੂਬ 5:13-16.
12:1-14. ਨਾਥਾਨ ਨਬੀ ਨੇ ਕਲੀਸਿਯਾ ਦੇ ਬਜ਼ੁਰਗਾਂ ਲਈ ਇਕ ਵਧੀਆ ਮਿਸਾਲ ਕਾਇਮ ਕੀਤੀ। ਉਨ੍ਹਾਂ ਨੂੰ ਪਾਪ ਕਰਨ ਵਾਲਿਆਂ ਦੀ ਮਦਦ ਕਰਨੀ ਚਾਹੀਦੀ ਹੈ ਤਾਂਕਿ ਉਹ ਗ਼ਲਤ ਰਾਹ ਛੱਡ ਦੇਣ। ਬਜ਼ੁਰਗਾਂ ਨੂੰ ਆਪਣੀ ਇਹ ਜ਼ਿੰਮੇਵਾਰੀ ਸਮਝਦਾਰੀ ਨਾਲ ਨਿਭਾਉਣੀ ਚਾਹੀਦੀ ਹੈ।
12:15-23. ਦਾਊਦ ਜਾਣਦਾ ਸੀ ਕਿ ਉਸ ਦੇ ਦੁੱਖਾਂ ਦਾ ਅਸਲੀ ਕਾਰਨ ਉਸ ਦੀਆਂ ਆਪਣੀਆਂ ਗ਼ਲਤੀਆਂ ਸਨ। ਇਸ ਲਈ ਉਸ ਨੇ ਕਿਸੇ ਹੋਰ ਨੂੰ ਉਲਾਹਮਾ ਦੇਣ ਦੀ ਬਜਾਇ ਆਪਣੇ ਆਪ ਨੂੰ ਸੰਭਾਲਿਆ।
15:12; 16:15, 21, 23. ਜਦ ਦਾਊਦ ਦੇ ਬੁੱਧੀਮਾਨ ਸਲਾਹਕਾਰ ਅਹੀਥੋਫ਼ਲ ਨੇ ਦੇਖਿਆ ਕਿ ਅਬਸ਼ਾਲੋਮ ਰਾਜਾ ਬਣ ਜਾਵੇਗਾ, ਤਾਂ ਉਹ ਦਾਊਦ ਨੂੰ ਵਫ਼ਾਦਾਰ ਰਹਿਣ ਦੀ ਬਜਾਇ ਅਬਸ਼ਾਲੋਮ ਵੱਲ ਹੋ ਗਿਆ। ਉਹ ਸੁਆਰਥੀ ਸੀ ਤੇ ਉਸ ਨੂੰ ਆਪਣੀ ਸਲਾਹ ਤੇ ਬਹੁਤ ਘਮੰਡ ਸੀ। ਜੇ ਅਸੀਂ ਨਿਮਰਤਾ ਅਤੇ ਵਫ਼ਾਦਾਰੀ ਦੀ ਕੀਮਤ ਨਹੀਂ ਸਮਝਦੇ ਹਾਂ, ਤਾਂ ਸਾਡੀ ਸਮਝਦਾਰੀ ਕਿਸੇ ਕੰਮ ਦੀ ਨਹੀਂ ਹੋਵੇਗੀ।
19:24, 30. ਮਫ਼ੀਬੋਸ਼ਥ ਦਾਊਦ ਦੀ ਮਿਹਰਬਾਨੀ ਲਈ ਬਹੁਤ ਸ਼ੁਕਰਗੁਜ਼ਾਰ ਸੀ। ਭਾਵੇਂ ਦਾਊਦ ਨੇ ਉਸ ਦੀ ਅੱਧੀ ਜ਼ਮੀਨ ਸੀਬਾ ਨੂੰ ਦੇਣ ਦਾ ਫ਼ੈਸਲਾ ਕੀਤਾ, ਪਰ ਮਫ਼ੀਬੋਸ਼ਥ ਨੇ ਉਸ ਫ਼ੈਸਲੇ ਨੂੰ ਖਿੜੇ ਮੱਥੇ ਸਵੀਕਾਰ ਕਰ ਲਿਆ। ਸਾਨੂੰ ਵੀ ਯਹੋਵਾਹ ਅਤੇ ਉਸ ਦੇ ਸੰਗਠਨ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਇਸ ਦੇ ਫ਼ੈਸਲਿਆਂ ਨੂੰ ਖਿੜੇ ਮੱਥੇ ਸਵੀਕਾਰ ਕਰ ਲੈਣਾ ਚਾਹੀਦਾ ਹੈ।
20:21, 22. ਇਕ ਬੁੱਧੀਮਾਨ ਇਨਸਾਨ ਬਹੁਤਿਆਂ ਨੂੰ ਬਿਪਤਾ ਤੋਂ ਬਚਾ ਸਕਦਾ ਹੈ।—ਉਪਦੇਸ਼ਕ ਦੀ ਪੋਥੀ 9:14, 15.
ਆਓ ਆਪਾਂ “ਯਹੋਵਾਹ ਦੇ ਹੱਥ ਵਿੱਚ ਪਈਏ”
ਸੋਕੇ ਕਰਕੇ ਇਸਰਾਏਲ ਵਿਚ ਤਿੰਨ ਸਾਲਾਂ ਲਈ ਕਾਲ ਪਿਆ ਰਿਹਾ ਕਿਉਂਕਿ ਸ਼ਾਊਲ ਨੇ ਕਈ ਗਿਬਓਨੀਆਂ ਨੂੰ ਮਾਰ ਸੁੱਟਿਆ ਸੀ। (ਯਹੋਸ਼ੁਆ 9:15) ਇਸ ਦਾ ਬਦਲਾ ਲੈਣ ਲਈ ਗਿਬਓਨੀਆਂ ਨੇ ਸ਼ਾਊਲ ਦੇ ਸੱਤ ਪੁੱਤ੍ਰਾਂ ਦੀ ਜਾਨ ਮੰਗੀ ਸੀ। ਦਾਊਦ ਨੇ ਉਨ੍ਹਾਂ ਨੂੰ ਗਿਬਓਨੀਆਂ ਦੇ ਹੱਥ ਸੌਂਪ ਦਿੱਤਾ, ਤਦ ਜਾ ਕੇ ਮੀਂਹ ਪਿਆ। ਫਿਲਿਸਤੀਆਂ ਦੇ ਚਾਰ ਦੈਂਤ “ਦਾਊਦ ਦੇ ਹੱਥੋਂ ਅਰ ਉਹ ਦੇ ਟਹਿਲੂਆਂ ਦੇ ਹੱਥੋਂ ਡੇਗੇ ਗਏ।”—2 ਸਮੂਏਲ 21:22.
ਲੋਕਾਂ ਦੀ ਨਾਜਾਇਜ਼ ਤੌਰ ਤੇ ਗਿਣਤੀ ਕਰਾ ਕੇ ਦਾਊਦ ਨੇ ਗੰਭੀਰ ਪਾਪ ਕੀਤਾ। ਉਸ ਨੇ ਤੋਬਾ ਕੀਤੀ ਅਤੇ ਆਪਣੇ ਆਪ ਨੂੰ ‘ਯਹੋਵਾਹ ਦੇ ਹੱਥ ਵਿੱਚ ਪਾਇਆ’। (2 ਸਮੂਏਲ 24:14) ਨਤੀਜੇ ਵਜੋਂ ਮਹਾਂਮਾਰੀ ਨੇ 70,000 ਲੋਕਾਂ ਦੀਆਂ ਜਾਨਾਂ ਲੈ ਲਈਆਂ। ਦਾਊਦ ਨੇ ਯਹੋਵਾਹ ਦੇ ਹੁਕਮ ਨੂੰ ਮੰਨਿਆ ਅਤੇ ਬਵਾ ਰੁਕ ਗਈ।
ਕੁਝ ਸਵਾਲਾਂ ਦੇ ਜਵਾਬ:
21:8—ਇਹ ਕਿਉਂ ਕਿਹਾ ਗਿਆ ਹੈ ਕਿ ਸ਼ਾਊਲ ਦੀ ਧੀ ਮੀਕਲ ਦੇ ਪੰਜ ਪੁੱਤਰ ਸਨ ਜਦ ਕਿ 2 ਸਮੂਏਲ 6:23 ਦੱਸਦਾ ਹੈ ਕਿ ਮੌਤ ਤਕ ਉਸ ਦੇ ਕੋਈ ਬੱਚਾ ਨਹੀਂ ਜੰਮਿਆ ਸੀ? ਜ਼ਿਆਦਾਤਰ ਇਹ ਮੰਨਿਆ ਜਾਂਦਾ ਹੈ ਕਿ ਇਹ ਪੰਜ ਪੁੱਤਰ ਮੀਕਲ ਦੀ ਭੈਣ ਮੇਰਬ ਦੇ ਸਨ ਜੋ ਅਦਰੀਏਲ ਨਾਲ ਵਿਆਹੀ ਹੋਈ ਸੀ। ਹੋ ਸਕਦਾ ਹੈ ਕਿ ਮੇਰਬ ਛੋਟੀ ਉਮਰੇ ਗੁਜ਼ਰ ਗਈ ਸੀ ਅਤੇ ਬੇਔਲਾਦ ਮੀਕਲ ਨੇ ਉਸ ਦੇ ਮੁੰਡਿਆਂ ਨੂੰ ਪਾਲ-ਪੋਸ ਕੇ ਵੱਡਾ ਕੀਤਾ।
21:9, 10—ਰਿਸਫਾਹ ਆਪਣੇ ਦੋ ਪੁੱਤਰਾਂ ਅਤੇ ਸ਼ਾਊਲ ਦੇ ਪੰਜ ਪੋਤਿਆਂ ਦੀਆਂ ਲੋਥਾਂ ਦੀ ਕਿੰਨਾ ਚਿਰ ਜਗਰਾਤਾ ਰੱਖ ਕੇ ਰਾਖੀ ਕਰਦੀ ਰਹੀ ਜਿਨ੍ਹਾਂ ਨੂੰ ਗਿਬਓਨੀਆਂ ਨੇ ਫਾਹੇ ਦਿੱਤਾ ਸੀ? ਇਨ੍ਹਾਂ ਸੱਤ ਜਣਿਆਂ ਨੂੰ ‘ਫਸਲ ਦੀਆਂ ਵਾਢੀਆਂ ਦੇ ਅਰੰਭ ਵਿੱਚ’ ਯਾਨੀ ਮਾਰਚ ਜਾਂ ਅਪ੍ਰੈਲ ਵਿਚ ਫਾਂਸੀ ਦਿੱਤੀ ਗਈ ਸੀ। ਉਨ੍ਹਾਂ ਦੀਆਂ ਲੋਥਾਂ ਪਹਾੜੀ ਤੇ ਛੱਡ ਦਿੱਤੀਆਂ ਗਈਆਂ ਸਨ ਅਤੇ ਰਿਸਫਾਹ ਨੇ ਉਨ੍ਹਾਂ ਦੀ ਦਿਨ-ਰਾਤ ਰੱਖਿਆ ਕੀਤੀ ਜਦ ਤਕ ਯਹੋਵਾਹ ਨੇ ਆਪਣਾ ਗੁੱਸਾ ਠੰਢਾ ਕਰ ਕੇ ਸੋਕੇ ਦਾ ਅੰਤ ਨਹੀਂ ਕੀਤਾ। ਉਸ ਇਲਾਕੇ ਵਿਚ ਅਕਤੂਬਰ ਮਹੀਨੇ ਤੋਂ ਪਹਿਲਾਂ ਮੀਂਹ ਨਹੀਂ ਪੈਂਦਾ ਸੀ ਜਦੋਂ ਵਾਢੀ ਪੂਰੀ ਹੁੰਦੀ ਸੀ। ਇਸ ਲਈ ਰਿਸਫਾਹ ਨੇ ਸ਼ਾਇਦ ਪੰਜ-ਛੇ ਮਹੀਨੇ ਲੋਥਾਂ ਦੀ ਰਾਖੀ ਕੀਤੀ ਸੀ। ਇਸ ਤੋਂ ਬਾਅਦ ਦਾਊਦ ਨੇ ਇਨ੍ਹਾਂ ਆਦਮੀਆਂ ਦੀਆਂ ਹੱਡੀਆਂ ਨੂੰ ਦਫ਼ਨਾ ਦਿੱਤਾ।
24:1—ਲੋਕਾਂ ਦੀ ਗਿਣਤੀ ਕਰਵਾਉਣੀ ਗੰਭੀਰ ਪਾਪ ਕਿਉਂ ਸੀ? ਲੋਕਾਂ ਦੀ ਗਿਣਤੀ ਕਰਨੀ ਸ਼ਰਾ ਵਿਚ ਮਨ੍ਹਾ ਨਹੀਂ ਕੀਤੀ ਗਈ ਸੀ। (ਗਿਣਤੀ 1:1-3; 26:1-4) ਬਾਈਬਲ ਇਹ ਨਹੀਂ ਦੱਸਦੀ ਕਿ ਦਾਊਦ ਨੇ ਲੋਕਾਂ ਦੀ ਗਿਣਤੀ ਕਿਉਂ ਕਰਵਾਈ ਸੀ। ਪਰ 1 ਇਤਹਾਸ 21:1 ਵਿਚ ਦੱਸਿਆ ਗਿਆ ਹੈ ਕਿ ਸ਼ਤਾਨ ਨੇ ਦਾਊਦ ਨੂੰ ਇਹ ਕਰਨ ਲਈ ਉਕਸਾਇਆ ਸੀ। ਸਾਨੂੰ ਇਹ ਵੀ ਪਤਾ ਹੈ ਕਿ ਦਾਊਦ ਦਾ ਸੈਨਾਪਤੀ ਯੋਆਬ ਜਾਣਦਾ ਸੀ ਕਿ ਦਾਊਦ ਦਾ ਲੋਕਾਂ ਦੀ ਗਿਣਤੀ ਕਰਵਾਉਣ ਦਾ ਫ਼ੈਸਲਾ ਗ਼ਲਤ ਸੀ। ਇਸ ਲਈ ਉਸ ਨੇ ਦਾਊਦ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ।
ਸਾਡੇ ਲਈ ਸਬਕ:
22:2-51. ਦਾਊਦ ਨੇ ਇਸ ਭਜਨ ਵਿਚ ਬੜੇ ਸੋਹਣੇ ਢੰਗ ਨਾਲ ਦਿਖਾਇਆ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ ਜਿਸ ਉੱਤੇ ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ!
23:15-17. ਦਾਊਦ ਨੂੰ ਜੀਵਨ ਅਤੇ ਖ਼ੂਨ ਬਾਰੇ ਯਹੋਵਾਹ ਦੇ ਹੁਕਮ ਦੀ ਇੰਨੀ ਕਦਰ ਸੀ ਕਿ ਉਸ ਨੇ ਇਸ ਮੌਕੇ ਤੇ ਆਪਣੇ ਆਪ ਨੂੰ ਇਸ ਹੁਕਮ ਦੀ ਮਾੜੀ-ਮੋਟੀ ਉਲੰਘਣਾ ਕਰਨ ਤੋਂ ਵੀ ਰੋਕਿਆ। ਸਾਨੂੰ ਵੀ ਯਹੋਵਾਹ ਦੇ ਸਾਰੇ ਹੁਕਮਾਂ ਲਈ ਅਜਿਹੀ ਕਦਰ ਪੈਦਾ ਕਰਨ ਦੀ ਲੋੜ ਹੈ।
24:10. ਦਾਊਦ ਦੀ ਜ਼ਮੀਰ ਨੇ ਉਸ ਨੂੰ ਤੋਬਾ ਕਰਨ ਲਈ ਪ੍ਰੇਰਿਤ ਕੀਤਾ। ਕੀ ਸਾਡੀ ਜ਼ਮੀਰ ਵੀ ਸਾਨੂੰ ਦਿਲੋਂ ਪਛਤਾਵਾ ਕਰਨ ਲਈ ਪ੍ਰੇਰਦੀ ਹੈ?
24:14. ਦਾਊਦ ਨੂੰ ਯਕੀਨ ਸੀ ਕਿ ਯਹੋਵਾਹ ਇਨਸਾਨਾਂ ਨਾਲੋਂ ਅਤਿ ਦਿਆਲੂ ਹੈ। ਕੀ ਅਸੀਂ ਵੀ ਦਾਊਦ ਵਾਂਗ ਯਕੀਨ ਕਰਦੇ ਹਾਂ?
24:17. ਦਾਊਦ ਬਹੁਤ ਪਛਤਾਇਆ ਕਿ ਉਸ ਦੇ ਪਾਪ ਕਾਰਨ ਸਾਰੀ ਕੌਮ ਤੇ ਬਿਪਤਾ ਆਈ। ਇਸੇ ਤਰ੍ਹਾਂ ਪਾਪ ਕਰਨ ਵਾਲਿਆਂ ਨੂੰ ਪਛਤਾਵਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਗ਼ਲਤੀਆਂ ਕਰਕੇ ਕਲੀਸਿਯਾ ਦੀ ਬਦਨਾਮੀ ਹੁੰਦੀ ਹੈ।
ਅਸੀਂ ਵੀ ‘ਯਹੋਵਾਹ ਦੇ ਮਨ ਦੇ ਅਨੁਸਾਰੀ’ ਬਣ ਸਕਦੇ ਹਾਂ
ਇਸਰਾਏਲ ਦਾ ਦੂਸਰਾ ਰਾਜਾ ਯਹੋਵਾਹ ਦੇ “ਮਨ ਦੇ ਅਨੁਸਾਰੀ ਮਨੁੱਖ” ਸਾਬਤ ਹੋਇਆ। (1 ਸਮੂਏਲ 13:14) ਦਾਊਦ ਨੇ ਯਹੋਵਾਹ ਦੇ ਧਰਮੀ ਮਿਆਰਾਂ ਬਾਰੇ ਕੋਈ ਸਵਾਲ ਕਦੇ ਖੜ੍ਹਾ ਨਹੀਂ ਕੀਤਾ ਸੀ ਅਤੇ ਉਸ ਨੇ ਪਰਮੇਸ਼ੁਰ ਦੇ ਰਾਹਾਂ ਤੇ ਚੱਲਣ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਜਦੋਂ ਕਦੇ ਵੀ ਦਾਊਦ ਨੇ ਪਾਪ ਕੀਤਾ, ਉਸ ਨੇ ਆਪਣੀ ਗ਼ਲਤੀ ਨੂੰ ਮੰਨਿਆ, ਤਾੜਨਾ ਸਵੀਕਾਰ ਕੀਤੀ ਅਤੇ ਆਪਣੇ ਆਪ ਨੂੰ ਸੁਧਾਰਿਆ। ਦਾਊਦ ਹਮੇਸ਼ਾ ਯਹੋਵਾਹ ਨੂੰ ਵਫ਼ਾਦਾਰ ਰਿਹਾ। ਸਾਨੂੰ ਵੀ ਉਸ ਦੀ ਨਕਲ ਕਰਨੀ ਚਾਹੀਦੀ ਹੈ ਖ਼ਾਸਕਰ ਜਦੋਂ ਅਸੀਂ ਕੋਈ ਪਾਪ ਕਰਦੇ ਹਾਂ।
ਦਾਊਦ ਦੀ ਇਸ ਮਜ਼ੇਦਾਰ ਕਹਾਣੀ ਤੋਂ ਅਸੀਂ ਕੀ ਸਿੱਖਦੇ ਹਾਂ? ਅਸੀਂ ਇਹ ਸਿੱਖਦੇ ਹਾਂ ਕਿ ਜੇ ਅਸੀਂ ਯਹੋਵਾਹ ਦੀ ਹਕੂਮਤ ਨੂੰ ਸਵੀਕਾਰ ਕਰਦੇ ਹਾਂ, ਤਾਂ ਅਸੀਂ ਸਹੀ ਤੇ ਗ਼ਲਤ ਬਾਰੇ ਉਸ ਦੇ ਮਿਆਰਾਂ ਨੂੰ ਸਵੀਕਾਰ ਕਰਾਂਗੇ ਅਤੇ ਵਫ਼ਾਦਾਰੀ ਨਾਲ ਇਨ੍ਹਾਂ ਮੁਤਾਬਕ ਚੱਲਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਇਸ ਤਰ੍ਹਾਂ ਕਰਨਾ ਸਾਡੇ ਵੱਸ ਤੋਂ ਬਾਹਰ ਨਹੀਂ ਹੈ। ਸਮੂਏਲ ਦੀ ਦੂਜੀ ਪੋਥੀ ਵਿੱਚੋਂ ਅਸੀਂ ਕਈ ਚੰਗੇ ਸਬਕ ਸਿੱਖੇ ਹਨ ਜਿਨ੍ਹਾਂ ਲਈ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ! ਇਸ ਵਿਚ ਲਿਖੀਆਂ ਗੱਲਾਂ ਸੱਚ-ਮੁੱਚ ਅਸਰਦਾਰ ਹਨ।—ਇਬਰਾਨੀਆਂ 4:12.
[ਫੁਟਨੋਟ]
a ਭਾਵੇਂ ਇਹ ਪੋਥੀ ਸਮੂਏਲ ਨਬੀ ਨੇ ਨਹੀਂ ਲਿਖੀ, ਪਰ ਇਹ ਉਸ ਦੇ ਨਾਂ ਤੋਂ ਜਾਣੀ ਜਾਂਦੀ ਹੈ ਕਿਉਂਕਿ ਇਬਰਾਨੀ ਸ਼ਾਸਤਰ ਵਿਚ ਪਹਿਲਾਂ ਸਮੂਏਲ ਦੀਆਂ ਦੋਵੇਂ ਪੋਥੀਆਂ ਇੱਕੋ ਪੋਥੀ ਹੁੰਦੀਆਂ ਸਨ। ਸਮੂਏਲ ਦੀ ਪਹਿਲੀ ਪੋਥੀ ਦਾ ਵੱਡਾ ਹਿੱਸਾ ਸਮੂਏਲ ਨੇ ਲਿਖਿਆ ਸੀ।
[ਸਫ਼ੇ 16 ਉੱਤੇ ਤਸਵੀਰ]
ਦਾਊਦ ਨੇ ਹਮੇਸ਼ਾ ਯਾਦ ਰੱਖਿਆ ਸੀ ਕਿ ਉਹ ਆਪਣੀ ਤਾਕਤ ਨਾਲ ਬਾਦਸ਼ਾਹ ਨਹੀਂ ਬਣਿਆ ਸੀ, ਇਸ ਲਈ ਉਹ ਘਮੰਡੀ ਨਹੀਂ ਬਣਿਆ
[ਸਫ਼ੇ 18 ਉੱਤੇ ਤਸਵੀਰ]
“ਵੇਖ ਮੈਂ ਇੱਕ ਬਦੀ ਨੂੰ ਤੇਰੇ ਆਪਣੇ ਘਰ ਵਿੱਚੋਂ ਹੀ ਤੇਰੇ ਉੱਤੇ ਪਾਵਾਂਗਾ”
ਬਥ-ਸ਼ਬਾ
ਤਾਮਾਰ
ਅਮਨੋਨ