ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
ਅਨਿਆਂ ਦੇ ਸਮੇਂ ਉਸ ਨੇ ਹਾਰ ਨਹੀਂ ਮੰਨੀ
ਏਲੀਯਾਹ ਯਰਦਨ ਵਾਦੀ ਵਿੱਚੋਂ ਦੀ ਲੰਘ ਰਿਹਾ ਸੀ। ਕੁਝ ਹਫ਼ਤਿਆਂ ਤੋਂ ਪੈਦਲ ਸਫ਼ਰ ਕਰਦਿਆਂ ਉਹ ਹੋਰੇਬ ਪਹਾੜ ਤੋਂ ਉੱਤਰ ਵੱਲ ਨੂੰ ਜਾ ਰਿਹਾ ਸੀ। ਅਖ਼ੀਰ ਉਹ ਆਪਣੇ ਦੇਸ਼ ਇਜ਼ਰਾਈਲ ਪਹੁੰਚ ਗਿਆ ਜਿੱਥੇ ਕਾਫ਼ੀ ਕੁਝ ਬਦਲ ਚੁੱਕਾ ਸੀ। ਸੋਕਾ ਖ਼ਤਮ ਹੋ ਚੁੱਕਾ ਸੀ। ਪਤਝੜ ਦੇ ਮੌਸਮ ਵਿਚ ਹਲਕੇ-ਹਲਕੇ ਮੀਂਹ ਪੈਣੇ ਸ਼ੁਰੂ ਹੋ ਗਏ ਸਨ ਤੇ ਕਿਸਾਨ ਆਪਣੇ ਖੇਤਾਂ ਵਿਚ ਹਲ਼ ਵਾਹ ਰਹੇ ਸਨ। ਦੇਸ਼ ਵਿਚ ਹਰਿਆਲੀ ਦੇਖ ਕੇ ਨਬੀ ਦੇ ਦਿਲ ਨੂੰ ਜ਼ਰੂਰ ਕੁਝ ਸਕੂਨ ਮਿਲਿਆ ਹੋਣਾ, ਪਰ ਉਸ ਨੂੰ ਲੋਕਾਂ ਦਾ ਜ਼ਿਆਦਾ ਫ਼ਿਕਰ ਸੀ। ਉਹ ਯਹੋਵਾਹ ਤੋਂ ਦੂਰ ਹੋ ਚੁੱਕੇ ਸਨ ਤੇ ਅਜੇ ਵੀ ਬਆਲ ਦੀ ਭਗਤੀ ਕਰ ਰਹੇ ਸਨ। ਏਲੀਯਾਹ ਨੂੰ ਉਨ੍ਹਾਂ ਨੂੰ ਯਹੋਵਾਹ ਵੱਲ ਮੋੜਨ ਲਈ ਕਾਫ਼ੀ ਮਿਹਨਤ ਕਰਨੀ ਪੈਣੀ ਸੀ।a
ਅਬੇਲ ਮਹੋਲਾਹ ਕਸਬੇ ਨੇੜੇ ਏਲੀਯਾਹ ਨੇ ਦੇਖਿਆ ਕਿ ਖੇਤੀ ਦਾ ਕੰਮ ਵੱਡੇ ਪੱਧਰ ʼਤੇ ਹੋ ਰਿਹਾ ਸੀ। ਚੌਵੀ ਬਲਦਾਂ ਨੂੰ ਦੋ-ਦੋ ਕਰ ਕੇ 12 ਹਲ਼ਾਂ ਨਾਲ ਜੋਤ ਕੇ ਵਾਹੀ ਕੀਤੀ ਜਾ ਰਹੀ ਸੀ। ਜਿਸ ਆਦਮੀ ਨੂੰ ਏਲੀਯਾਹ ਲੱਭ ਰਿਹਾ ਸੀ, ਉਹ 12ਵੇਂ ਹਲ਼ ਨਾਲ ਖੇਤ ਵਾਹ ਰਿਹਾ ਸੀ। ਇਹ ਆਦਮੀ ਅਲੀਸ਼ਾ ਸੀ ਜਿਸ ਨੂੰ ਪਰਮੇਸ਼ੁਰ ਨੇ ਏਲੀਯਾਹ ਤੋਂ ਬਾਅਦ ਨਬੀ ਬਣਨ ਲਈ ਚੁਣਿਆ ਸੀ। ਏਲੀਯਾਹ ਨੂੰ ਲੱਗਦਾ ਸੀ ਕਿ ਉਹ ਇਕੱਲਾ ਹੀ ਪਰਮੇਸ਼ੁਰ ਦੀ ਵਫ਼ਾਦਾਰੀ ਨਾਲ ਸੇਵਾ ਕਰ ਰਿਹਾ ਸੀ, ਇਸ ਲਈ ਉਹ ਇਸ ਆਦਮੀ ਨੂੰ ਮਿਲਣ ਲਈ ਬੇਚੈਨ ਸੀ।—1 ਰਾਜਿਆਂ 18:22; 19:14-19.
ਕੀ ਏਲੀਯਾਹ ਨੂੰ ਇਹ ਫ਼ਿਕਰ ਪੈ ਗਿਆ ਸੀ ਕਿ ਉਸ ਨੂੰ ਆਪਣੀਆਂ ਕੁਝ ਜ਼ਿੰਮੇਵਾਰੀਆਂ ਤੇ ਸਨਮਾਨ ਕਿਸੇ ਹੋਰ ਨੂੰ ਦੇਣੇ ਪੈਣੇ ਸਨ ਜਾਂ ਉਸ ਦੀ ਜਗ੍ਹਾ ਕਿਸੇ ਹੋਰ ਨੇ ਲੈ ਲੈਣੀ ਸੀ? ਅਸੀਂ ਕੁਝ ਨਹੀਂ ਕਹਿ ਸਕਦੇ ਕਿ ਇਸ ਤਰ੍ਹਾਂ ਦੇ ਵਿਚਾਰ ਉਸ ਦੇ ਮਨ ਵਿਚ ਆਏ ਸਨ ਜਾਂ ਨਹੀਂ। ਆਖ਼ਰ ਉਹ ਵੀ ਤਾਂ “ਸਾਡੇ ਵਰਗੀਆਂ ਭਾਵਨਾਵਾਂ ਵਾਲਾ ਇਨਸਾਨ ਸੀ।” (ਯਾਕੂਬ 5:17) ਭਾਵੇਂ ਉਸ ਦੇ ਮਨ ਵਿਚ ਜੋ ਵੀ ਵਿਚਾਰ ਆਏ ਹੋਣ, ਫਿਰ ਵੀ “ਏਲੀਯਾਹ ਨੇ ਉਹ ਦੇ ਕੋਲ ਦੀ ਲੰਘ ਕੇ ਆਪਣੀ ਗੋਦੜੀ ਉਹ ਦੇ ਉੱਤੇ ਪਾ ਦਿੱਤੀ।” (1 ਰਾਜਿਆਂ 19:19) ਏਲੀਯਾਹ ਦੀ ਗੋਦੜੀ ਭੇਡ ਜਾਂ ਬੱਕਰੀ ਦੀ ਖੱਲ ਦੀ ਬਣੀ ਹੋਈ ਸੀ ਜਿਸ ਨੂੰ ਉਹ ਚੋਗੇ ਵਾਂਗ ਪਾਉਂਦਾ ਸੀ। ਇਹ ਚੋਗਾ ਉਸ ਨੂੰ ਯਹੋਵਾਹ ਵੱਲੋਂ ਮਿਲੀ ਖ਼ਾਸ ਜ਼ਿੰਮੇਵਾਰੀ ਦੀ ਨਿਸ਼ਾਨੀ ਸੀ। ਅਲੀਸ਼ਾ ਦੇ ਮੋਢਿਆਂ ʼਤੇ ਇਸ ਨੂੰ ਪਾਉਣ ਦਾ ਮਤਲਬ ਸੀ ਕਿ ਯਹੋਵਾਹ ਨੇ ਉਸ ਨੂੰ ਵੀ ਖ਼ਾਸ ਜ਼ਿੰਮੇਵਾਰੀ ਦਿੱਤੀ ਸੀ। ਯਹੋਵਾਹ ਦੇ ਕਹਿਣੇ ਤੇ ਏਲੀਯਾਹ ਨਬੀ ਨੇ ਖਿੜੇ ਮੱਥੇ ਆਪਣੇ ਮਗਰੋਂ ਅਲੀਸ਼ਾ ਨੂੰ ਨਬੀ ਬਣਨ ਲਈ ਚੁਣ ਲਿਆ ਸੀ। ਏਲੀਯਾਹ ਨੇ ਯਹੋਵਾਹ ʼਤੇ ਭਰੋਸਾ ਰੱਖਿਆ ਤੇ ਉਸ ਦਾ ਹੁਕਮ ਮੰਨਿਆ।
ਅਲੀਸ਼ਾ ਇਸ ਬਜ਼ੁਰਗ ਨਬੀ ਦੀ ਮਦਦ ਕਰਨ ਲਈ ਇਕਦਮ ਤਿਆਰ ਹੋ ਗਿਆ। ਅਲੀਸ਼ਾ ਨੇ ਉਸੇ ਸਮੇਂ ਨਬੀ ਵਜੋਂ ਕੰਮ ਕਰਨਾ ਸ਼ੁਰੂ ਨਹੀਂ ਕੀਤਾ। ਇਸ ਦੀ ਬਜਾਇ, ਉਹ ਲਗਭਗ ਛੇ ਸਾਲ ਨਬੀ ਦੇ ਨਾਲ ਰਿਹਾ ਤੇ ਨਿਮਰ ਹੋ ਕੇ ਉਸ ਦੀ ਸੇਵਾ ਕੀਤੀ। ਇਸ ਸਮੇਂ ਦੌਰਾਨ ਉਹ “ਏਲੀਯਾਹ ਦੇ ਹੱਥਾਂ ਉੱਤੇ ਪਾਣੀ” ਪਾਉਣ ਵਾਲੇ ਵਜੋਂ ਜਾਣਿਆ ਜਾਂਦਾ ਸੀ। (2 ਰਾਜਿਆਂ 3:11) ਇਸ ਕਾਬਲ ਸੇਵਾਦਾਰ ਤੋਂ ਏਲੀਯਾਹ ਨੂੰ ਕਿੰਨਾ ਸੁੱਖ ਮਿਲਿਆ ਹੋਣਾ! ਉਹ ਦੋਵੇਂ ਚੰਗੇ ਦੋਸਤ ਬਣ ਗਏ ਹੋਣੇ। ਇਕ-ਦੂਜੇ ਤੋਂ ਹੌਸਲਾ ਪਾ ਕੇ ਉਹ ਦੇਸ਼ ਵਿਚ ਫੈਲੇ ਘੋਰ ਅਨਿਆਂ ਦੇ ਸਮੇਂ ਹਾਰ ਨਹੀਂ ਮੰਨੇ। ਉਸ ਵੇਲੇ ਖ਼ਾਸ ਕਰਕੇ ਦੁਸ਼ਟ ਰਾਜੇ ਅਹਾਬ ਦੀ ਬੁਰਾਈ ਦਿਨੋ-ਦਿਨ ਵਧਦੀ ਜਾ ਰਹੀ ਸੀ।
ਕੀ ਤੁਸੀਂ ਕਦੇ ਅਨਿਆਂ ਸਹਿਆ ਹੈ? ਸਾਡੇ ਵਿੱਚੋਂ ਬਹੁਤ ਸਾਰੇ ਲੋਕ ਇਸ ਦੁਸ਼ਟ ਦੁਨੀਆਂ ਵਿਚ ਅਨਿਆਂ ਸਹਿੰਦੇ ਹਨ। ਪਰਮੇਸ਼ੁਰ ਨੂੰ ਪਿਆਰ ਕਰਨ ਵਾਲੇ ਦੋਸਤ ਦੇ ਸਾਥ ਤੋਂ ਸਾਨੂੰ ਹੌਸਲਾ ਮਿਲ ਸਕਦਾ ਹੈ। ਅਸੀਂ ਵੀ ਅਨਿਆਂ ਸਹਿੰਦੇ ਸਮੇਂ ਏਲੀਯਾਹ ਨਬੀ ਦੀ ਨਿਹਚਾ ਤੋਂ ਕਾਫ਼ੀ ਕੁਝ ਸਿੱਖ ਸਕਦੇ ਹਾਂ।
‘ਉੱਠ ਅਤੇ ਅਹਾਬ ਨੂੰ ਮਿਲ’
ਏਲੀਯਾਹ ਤੇ ਅਲੀਸ਼ਾ ਨੇ ਲੋਕਾਂ ਨੂੰ ਯਹੋਵਾਹ ਵੱਲ ਮੋੜਨ ਲਈ ਕਾਫ਼ੀ ਮਿਹਨਤ ਕੀਤੀ। ਉਨ੍ਹਾਂ ਨੇ ਹੋਰ ਨਬੀਆਂ ਨੂੰ ਵੀ ਟ੍ਰੇਨਿੰਗ ਦਿੱਤੀ ਸੀ। ਇਸ ਸਮੇਂ ਦੌਰਾਨ ਏਲੀਯਾਹ ਨੂੰ ਯਹੋਵਾਹ ਨੇ ਨਵੀਂ ਜ਼ਿੰਮੇਵਾਰੀ ਦਿੱਤੀ: ‘ਉੱਠ ਅਤੇ ਇਸਰਾਏਲ ਦੇ ਪਾਤਸ਼ਾਹ ਅਹਾਬ ਨੂੰ ਜਾ ਮਿਲ।’ (1 ਰਾਜਿਆਂ 21:18) ਅਹਾਬ ਨੇ ਕੀ ਕੀਤਾ ਸੀ?
ਅਹਾਬ ਰਾਜਾ ਪਹਿਲਾਂ ਹੀ ਯਹੋਵਾਹ ਦੇ ਖ਼ਿਲਾਫ਼ ਕੰਮ ਕਰ ਰਿਹਾ ਸੀ। ਜਿੰਨੀ ਬੁਰਾਈ ਉਸ ਨੇ ਕੀਤੀ ਸੀ, ਉੱਨੀ ਬੁਰਾਈ ਉਸ ਸਮੇਂ ਤਕ ਕਿਸੇ ਹੋਰ ਇਜ਼ਰਾਈਲੀ ਰਾਜੇ ਨੇ ਨਹੀਂ ਕੀਤੀ ਸੀ। ਉਸ ਨੇ ਈਜ਼ਬਲ ਨਾਲ ਵਿਆਹ ਕਰਾਇਆ ਜੋ ਬਆਲ ਦੀ ਭਗਤੀ ਕਰਦੀ ਸੀ। ਈਜ਼ਬਲ ਨੇ ਰਾਜੇ ਅਤੇ ਪੂਰੇ ਦੇਸ਼ ਵਿਚ ਲੋਕਾਂ ਨੂੰ ਬਆਲ ਦੀ ਭਗਤੀ ਕਰਨ ਲਾ ਦਿੱਤਾ। (1 ਰਾਜਿਆਂ 16:31-33) ਚੰਗੀ ਫ਼ਸਲ ਵਾਸਤੇ ਬਆਲ ਨੂੰ ਖ਼ੁਸ਼ ਕਰਨ ਲਈ ਉਹ ਹਰਾਮਕਾਰੀ ਵਰਗੇ ਗੰਦੇ-ਮੰਦੇ ਕੰਮ ਕਰਦੇ ਸਨ ਤੇ ਇੱਥੋਂ ਤਕ ਕਿ ਉਹ ਬੱਚਿਆਂ ਦੀਆਂ ਬਲ਼ੀਆਂ ਵੀ ਦਿੰਦੇ ਸਨ। ਇਸ ਤੋਂ ਇਲਾਵਾ, ਅਹਾਬ ਨੇ ਯਹੋਵਾਹ ਪਰਮੇਸ਼ੁਰ ਦਾ ਇਹ ਹੁਕਮ ਵੀ ਨਹੀਂ ਮੰਨਿਆ ਸੀ ਕਿ ਉਹ ਅਰਾਮ ਦੇ ਦੁਸ਼ਟ ਰਾਜੇ ਬਨ-ਹਦਦ ਨੂੰ ਮਾਰ ਦੇਵੇ। ਕਿਉਂ? ਕਿਉਂਕਿ ਉਸ ਨੂੰ ਪੈਸੇ ਕਮਾਉਣ ਦਾ ਲਾਲਚ ਸੀ। (1 ਰਾਜਿਆਂ ਅਧਿਆਇ 20) ਲਾਲਚ, ਧਨ-ਦੌਲਤ ਨਾਲ ਪਿਆਰ ਤੇ ਦੂਜਿਆਂ ʼਤੇ ਜ਼ੁਲਮ ਕਰਨ ਦੇ ਮਾਮਲੇ ਵਿਚ ਅਹਾਬ ਤੇ ਈਜ਼ਬਲ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ।
ਸਾਮਰੀਆ ਵਿਚ ਅਹਾਬ ਦਾ ਵੱਡਾ ਸਾਰਾ ਮਹਿਲ ਸੀ। ਇਸ ਤੋਂ ਲਗਭਗ 37 ਕਿਲੋਮੀਟਰ (23 ਮੀਲ) ਦੂਰ ਯਿਜ਼ਰਏਲ ਵਿਚ ਵੀ ਉਸ ਦਾ ਇਕ ਮਹਿਲ ਸੀ। ਇਸ ਮਹਿਲ ਦੇ ਨਾਲ ਇਕ ਅੰਗੂਰੀ ਬਾਗ਼ ਸੀ। ਅਹਾਬ ਦੀ ਅੱਖ ਇਸ ਬਾਗ਼ ʼਤੇ ਸੀ ਜੋ ਨਾਬੋਥ ਦਾ ਸੀ। ਅਹਾਬ ਨੇ ਉਸ ਨੂੰ ਬੁਲਾਇਆ ਤੇ ਉਸ ਨੂੰ ਬਾਗ਼ ਵੇਚਣ ਲਈ ਕਿਹਾ ਜਾਂ ਬਦਲੇ ਵਿਚ ਹੋਰ ਜਗ੍ਹਾ ਪੇਸ਼ ਕੀਤੀ। ਪਰ ਨਾਬੋਥ ਨੇ ਕਿਹਾ: “ਯਹੋਵਾਹ ਏਹ ਮੈਥੋਂ ਦੂਰ ਰੱਖੇ ਕਿ ਮੈਂ ਆਪਣੇ ਪਿਉ ਦਾਦਿਆਂ ਦੀ ਮੀਰਾਸ ਤੁਹਾਨੂੰ ਦੇਵਾਂ।” (1 ਰਾਜਿਆਂ 21:3) ਕੀ ਨਾਬੋਥ ਜ਼ਿੱਦੀ ਜਾਂ ਨਾਸਮਝ ਸੀ? ਕਈ ਲੋਕ ਇੱਦਾਂ ਸੋਚਦੇ ਹਨ। ਪਰ ਅਸਲ ਵਿਚ ਉਹ ਤਾਂ ਯਹੋਵਾਹ ਦਾ ਇਹ ਕਾਨੂੰਨ ਮੰਨ ਰਿਹਾ ਸੀ ਕਿ ਕੋਈ ਵੀ ਇਜ਼ਰਾਈਲੀ ਆਪਣੀ ਜੱਦੀ ਜ਼ਮੀਨ ਸਦਾ ਲਈ ਨਾ ਵੇਚੇ। (ਲੇਵੀਆਂ 25:23-28) ਨਾਬੋਥ ਪਰਮੇਸ਼ੁਰ ਦਾ ਕਾਨੂੰਨ ਤੋੜਨ ਬਾਰੇ ਸੋਚ ਵੀ ਨਹੀਂ ਸਕਦਾ ਸੀ। ਉਹ ਪਰਮੇਸ਼ੁਰ ʼਤੇ ਨਿਹਚਾ ਕਰਨ ਵਾਲਾ ਤੇ ਦਲੇਰ ਆਦਮੀ ਸੀ ਕਿਉਂਕਿ ਉਸ ਨੂੰ ਪੱਕਾ ਪਤਾ ਸੀ ਕਿ ਅਹਾਬ ਨੂੰ ਨਾਂਹ ਕਰਨ ਕਰਕੇ ਉਸ ਦੀ ਜਾਨ ਵੀ ਜਾ ਸਕਦੀ ਸੀ।
ਅਹਾਬ ਨੂੰ ਪਰਮੇਸ਼ੁਰ ਦੇ ਕਾਨੂੰਨ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਅੰਗੂਰੀ ਬਾਗ਼ ਨਾ ਮਿਲਣ ਕਰਕੇ ਉਹ “ਗੁੱਸੇ ਵਿੱਚ ਵੱਟਿਆ ਘੁੱਟਿਆ” ਘਰ ਆਇਆ। ਅਸੀਂ ਬਾਈਬਲ ਵਿਚ ਪੜ੍ਹਦੇ ਹਾਂ: “ਉਹ ਆਪਣੇ ਪਲੰਘ ਉੱਤੇ ਆ ਪਿਆ ਅਤੇ ਮੂੰਹ ਵੱਟ ਛੱਡਿਆ ਅਰ ਰੋਟੀ ਨਾ ਖਾਧੀ।” (1 ਰਾਜਿਆਂ 21:4) ਜਦ ਈਜ਼ਬਲ ਨੇ ਦੇਖਿਆ ਕਿ ਉਸ ਦਾ ਪਤੀ ਬੱਚੇ ਵਾਂਗ ਮੂੰਹ ਸੁਜਾ ਕੇ ਬੈਠਾ ਸੀ, ਤਾਂ ਉਸ ਨੇ ਅਹਾਬ ਨੂੰ ਉਹ ਅੰਗੂਰੀ ਬਾਗ਼ ਦਿਵਾਉਣ ਲਈ ਨਾਬੋਥ ਦੇ ਵਫ਼ਾਦਾਰ ਪਰਿਵਾਰ ਨੂੰ ਖ਼ਤਮ ਕਰਨ ਦੀ ਫਟਾਫਟ ਸਕੀਮ ਬਣਾਈ।
ਈਜ਼ਬਲ ਦੀ ਸਕੀਮ ਤੋਂ ਪਤਾ ਲੱਗਦਾ ਹੈ ਕਿ ਉਹ ਕਿੰਨੀ ਦੁਸ਼ਟ ਤੀਵੀਂ ਸੀ। ਰਾਣੀ ਈਜ਼ਬਲ ਨੂੰ ਪਤਾ ਸੀ ਕਿ ਪਰਮੇਸ਼ੁਰ ਦੇ ਕਾਨੂੰਨ ਮੁਤਾਬਕ ਕਿਸੇ ਗੰਭੀਰ ਦੋਸ਼ ਨੂੰ ਸਾਬਤ ਕਰਨ ਲਈ ਦੋ ਗਵਾਹਾਂ ਦੀ ਲੋੜ ਹੁੰਦੀ ਸੀ। (ਬਿਵਸਥਾ ਸਾਰ 19:15) ਸੋ ਉਸ ਨੇ ਅਹਾਬ ਦੇ ਨਾਂ ʼਤੇ ਯਿਜ਼ਰਏਲ ਦੇ ਬਜ਼ੁਰਗਾਂ ਨੂੰ ਚਿੱਠੀਆਂ ਭੇਜੀਆਂ ਕਿ ਉਹ ਅਜਿਹੇ ਦੋ ਆਦਮੀਆਂ ਨੂੰ ਲੱਭਣ ਜੋ ਨਾਬੋਥ ਦੇ ਖ਼ਿਲਾਫ਼ ਝੂਠੀ ਗਵਾਹੀ ਦੇਣ ਕਿ ਉਸ ਨੇ ਪਰਮੇਸ਼ੁਰ ਨੂੰ ਬੁਰਾ-ਭਲਾ ਕਿਹਾ ਸੀ। ਪਰਮੇਸ਼ੁਰ ਨੂੰ ਬੁਰਾ-ਭਲਾ ਕਹਿਣ ਵਾਲੇ ਨੂੰ ਮੌਤ ਦੀ ਸਜ਼ਾ ਮਿਲਦੀ ਸੀ। ਉਸ ਦੀ ਸਕੀਮ ਕਾਮਯਾਬ ਹੋ ਗਈ। ‘ਦੋ ਸ਼ਤਾਨੀ ਮਨੁੱਖਾਂ’ ਨੇ ਨਾਬੋਥ ਦੇ ਖ਼ਿਲਾਫ਼ ਝੂਠੀ ਗਵਾਹੀ ਦਿੱਤੀ ਤੇ ਨਾਬੋਥ ਨੂੰ ਪੱਥਰਾਂ ਨਾਲ ਮਾਰ-ਮਾਰ ਕੇ ਜਾਨੋਂ ਮੁਕਾ ਦਿੱਤਾ ਗਿਆ। ਸਿਰਫ਼ ਨਾਬੋਥ ਨੂੰ ਹੀ ਨਹੀਂ, ਸਗੋਂ ਉਸ ਦੇ ਪੁੱਤਰਾਂ ਨੂੰ ਵੀ ਮਾਰ ਦਿੱਤਾ ਗਿਆ!b (1 ਰਾਜਿਆਂ 21:5-14; ਲੇਵੀਆਂ 24:16; 2 ਰਾਜਿਆਂ 9:26) ਅਹਾਬ ਨੇ ਪਰਿਵਾਰ ਦੇ ਮੁਖੀ ਹੋਣ ਦੀ ਜ਼ਿੰਮੇਵਾਰੀ ਨਹੀਂ ਨਿਭਾਈ, ਸਗੋਂ ਆਪਣੀ ਪਤਨੀ ਦੇ ਹੱਥੋਂ ਉਨ੍ਹਾਂ ਮਾਸੂਮ ਲੋਕਾਂ ਨੂੰ ਖ਼ਤਮ ਹੋਣ ਦਿੱਤਾ।
ਜ਼ਰਾ ਸੋਚੋ ਕਿ ਏਲੀਯਾਹ ਨੂੰ ਕਿੰਨਾ ਦੁੱਖ ਹੋਇਆ ਹੋਣਾ ਜਦੋਂ ਯਹੋਵਾਹ ਨੇ ਉਸ ਨੂੰ ਅਹਾਬ ਤੇ ਈਜ਼ਬਲ ਦੀ ਭੈੜੀ ਕਰਤੂਤ ਬਾਰੇ ਦੱਸਿਆ! ਇਹ ਬੜੀ ਨਿਰਾਸ਼ਾ ਦੀ ਗੱਲ ਹੈ ਕਿ ਮਾਸੂਮਾਂ ʼਤੇ ਜ਼ੁਲਮ ਕਰਨ ਵਾਲੇ ਦੁਸ਼ਟ ਲੋਕਾਂ ਨੂੰ ਸਜ਼ਾ ਨਹੀਂ ਮਿਲਦੀ। (ਜ਼ਬੂਰਾਂ ਦੀ ਪੋਥੀ 73:3-5, 12, 13) ਅੱਜ ਅਸੀਂ ਅਕਸਰ ਅਨਿਆਂ ਹੁੰਦਾ ਦੇਖਦੇ ਹਾਂ। ਕਈ ਵਾਰ ਰੱਬ ਦੀ ਭਗਤੀ ਕਰਨ ਦਾ ਦਾਅਵਾ ਕਰਨ ਵਾਲੇ ਕੁਝ ਤਾਕਤਵਰ ਇਨਸਾਨ ਵੀ ਲੋਕਾਂ ਨਾਲ ਅਨਿਆਂ ਕਰਦੇ ਹਨ। ਸਾਨੂੰ ਇਸ ਬਿਰਤਾਂਤ ਤੋਂ ਹੌਸਲਾ ਮਿਲਦਾ ਹੈ ਕਿ ਯਹੋਵਾਹ ਦੀਆਂ ਨਜ਼ਰਾਂ ਤੋਂ ਕੁਝ ਵੀ ਲੁਕਿਆ ਹੋਇਆ ਨਹੀਂ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਉਹ ਸਭ ਕੁਝ ਦੇਖਦਾ ਹੈ। (ਇਬਰਾਨੀਆਂ 4:13) ਕੀ ਉਹ ਬੁਰਾਈ ਨੂੰ ਸਿਰਫ਼ ਦੇਖਦਾ ਹੀ ਹੈ? ਜਾਂ ਫਿਰ ਉਹ ਇਸ ਬਾਰੇ ਕੁਝ ਕਰਦਾ ਵੀ ਹੈ?
“ਹੇ ਮੇਰਿਆ ਦੁਸ਼ਮਣਾ, ਤੈਂ ਮੈਨੂੰ ਲੱਭ ਲਿਆ?”
ਯਹੋਵਾਹ ਨੇ ਏਲੀਯਾਹ ਨੂੰ ਅਹਾਬ ਕੋਲ ਭੇਜਿਆ। ਪਰਮੇਸ਼ੁਰ ਨੇ ਉਸ ਨੂੰ ਸਾਫ਼-ਸਾਫ਼ ਦੱਸਿਆ: “ਉਹ ਨਾਬੋਥ ਦੇ ਅੰਗੂਰੀ ਬਾਗ ਵਿੱਚ ਹੈ।” (1 ਰਾਜਿਆਂ 21:18) ਜਦੋਂ ਈਜ਼ਬਲ ਨੇ ਅਹਾਬ ਨੂੰ ਦੱਸਿਆ ਕਿ ਹੁਣ ਅੰਗੂਰੀ ਬਾਗ਼ ਉਸ ਦਾ ਹੈ, ਤਾਂ ਉਹ ਬਾਗ਼ ਦੇਖਣ ਗਿਆ। ਉਸ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਣਾ ਕਿ ਯਹੋਵਾਹ ਉਸ ਨੂੰ ਦੇਖ ਰਿਹਾ ਸੀ। ਜ਼ਰਾ ਕਲਪਨਾ ਕਰੋ: ਅਹਾਬ ਅੰਗੂਰੀ ਬਾਗ਼ ਵਿਚ ਮਸਤੀ ਨਾਲ ਟਹਿਲ ਰਿਹਾ ਹੈ। ਉਹ ਮਨ ਹੀ ਮਨ ਸੋਚ ਕੇ ਮੁਸਕਰਾ ਰਿਹਾ ਹੈ ਕਿ ਉਹ ਇਸ ਬਾਗ਼ ਨੂੰ ਹੋਰ ਕਿੰਨਾ ਸੋਹਣਾ ਬਣਾਵੇਗਾ! ਪਰ ਅਚਾਨਕ ਉੱਥੇ ਏਲੀਯਾਹ ਆ ਜਾਂਦਾ ਹੈ। ਉਸ ਨੂੰ ਦੇਖ ਕੇ ਅਹਾਬ ਦੇ ਚਿਹਰੇ ਦਾ ਰੰਗ ਬਦਲ ਜਾਂਦਾ ਹੈ ਅਤੇ ਉਹ ਗੁੱਸੇ ਤੇ ਨਫ਼ਰਤ ਨਾਲ ਏਲੀਯਾਹ ਨੂੰ ਕਹਿੰਦਾ ਹੈ: “ਹੇ ਮੇਰਿਆ ਦੁਸ਼ਮਣਾ, ਤੈਂ ਮੈਨੂੰ ਲੱਭ ਲਿਆ?”—1 ਰਾਜਿਆਂ 21:20.
ਅਹਾਬ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਉਹ ਕਿੰਨਾ ਮੂਰਖ ਸੀ। ਉਸ ਨੇ ਏਲੀਯਾਹ ਨੂੰ ਕਿਹਾ ਕਿ “ਤੈਂ ਮੈਨੂੰ ਲੱਭ ਲਿਆ।” ਇਸ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਯਹੋਵਾਹ ਬਾਰੇ ਬਿਲਕੁਲ ਨਹੀਂ ਸੋਚਿਆ। ਯਹੋਵਾਹ ਤੋਂ ਕੋਈ ਵੀ ਗੱਲ ਲੁਕੀ ਹੋਈ ਨਹੀਂ ਸੀ। ਉਸ ਨੇ ਦੇਖਿਆ ਸੀ ਕਿ ਅਹਾਬ ਨੇ ਜਾਣ-ਬੁੱਝ ਕੇ ਗ਼ਲਤ ਕੰਮ ਕਰਨ ਦਾ ਫ਼ੈਸਲਾ ਕੀਤਾ ਸੀ ਤੇ ਈਜ਼ਬਲ ਦੀ ਬੁਰੀ ਸਕੀਮ ਦੀ ਕਾਮਯਾਬੀ ਦਾ ਮਜ਼ਾ ਲੈ ਰਿਹਾ ਸੀ। ਪਰਮੇਸ਼ੁਰ ਦੇਖ ਸਕਦਾ ਸੀ ਕਿ ਅਹਾਬ ਦੇ ਦਿਲ ਵਿਚ ਦਇਆ, ਨਿਆਂ ਜਾਂ ਤਰਸ ਲਈ ਕੋਈ ਜਗ੍ਹਾ ਨਹੀਂ ਸੀ, ਸਗੋਂ ਲਾਲਚ ਨੇ ਉਸ ਨੂੰ ਅੰਨ੍ਹਾ ਕਰ ਦਿੱਤਾ ਸੀ। ਨਾਲੇ ਉਸ ਨੇ ਏਲੀਯਾਹ ਨੂੰ “ਹੇ ਮੇਰਿਆ ਦੁਸ਼ਮਣਾ” ਕਹਿ ਕੇ ਬੁਲਾਇਆ ਸੀ। ਇਸ ਤੋਂ ਅਹਾਬ ਬਾਰੇ ਪਤਾ ਲੱਗਦਾ ਹੈ ਕਿ ਉਹ ਯਹੋਵਾਹ ਦੇ ਦੋਸਤ ਨਾਲ ਕਿੰਨੀ ਨਫ਼ਰਤ ਕਰਦਾ ਸੀ ਜੋ ਵਿਨਾਸ਼ ਦੇ ਰਾਹ ਤੋਂ ਮੁੜਨ ਵਿਚ ਉਸ ਦੀ ਮਦਦ ਕਰ ਸਕਦਾ ਸੀ।
ਅਸੀਂ ਅਹਾਬ ਦੀ ਮੂਰਖਤਾ ਤੋਂ ਅਹਿਮ ਸਬਕ ਸਿੱਖ ਸਕਦੇ ਹਾਂ। ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਪਰਮੇਸ਼ੁਰ ਸਭ ਕੁਝ ਦੇਖਦਾ ਹੈ। ਸਾਡਾ ਪਿਤਾ ਹੋਣ ਕਰਕੇ ਉਸ ਨੂੰ ਪਤਾ ਲੱਗ ਜਾਂਦਾ ਹੈ ਜਦੋਂ ਅਸੀਂ ਸਹੀ ਰਾਹ ਤੋਂ ਭਟਕ ਜਾਂਦੇ ਹਾਂ ਤੇ ਉਹ ਚਾਹੁੰਦਾ ਹੈ ਕਿ ਅਸੀਂ ਜਲਦੀ ਤੋਂ ਜਲਦੀ ਆਪਣਾ ਰਾਹ ਬਦਲੀਏ। ਸਾਡੀ ਮਦਦ ਕਰਨ ਲਈ ਉਹ ਏਲੀਯਾਹ ਵਰਗੇ ਆਪਣੇ ਵਫ਼ਾਦਾਰ ਦੋਸਤਾਂ ਨੂੰ ਵਰਤਦਾ ਹੈ ਜੋ ਪਰਮੇਸ਼ੁਰ ਦੇ ਬਚਨ ਤੋਂ ਆਪਣੇ ਭੈਣਾਂ-ਭਰਾਵਾਂ ਹੌਸਲਾ ਦਿੰਦੇ ਹਨ। ਪਰਮੇਸ਼ੁਰ ਦੇ ਦੋਸਤਾਂ ਨੂੰ ਆਪਣੇ ਦੁਸ਼ਮਣ ਸਮਝਣਾ ਕਿੰਨੀ ਵੱਡੀ ਭੁੱਲ ਹੈ!—ਜ਼ਬੂਰਾਂ ਦੀ ਪੋਥੀ 141:5.
ਏਲੀਯਾਹ ਨੇ ਅਹਾਬ ਨੂੰ ਜਵਾਬ ਦਿੱਤਾ: “ਹਾਂ, ਲੱਭ ਲਿਆ।” ਉਸ ਨੂੰ ਪਤਾ ਸੀ ਕਿ ਅਹਾਬ ਇਕ ਚੋਰ, ਕਾਤਲ ਤੇ ਯਹੋਵਾਹ ਦੇ ਖ਼ਿਲਾਫ਼ ਚੱਲਣ ਵਾਲਾ ਆਦਮੀ ਸੀ। ਉਸ ਨੂੰ ਦੁਸ਼ਟ ਅਹਾਬ ਦੇ ਸਾਮ੍ਹਣੇ ਬੋਲਣ ਲਈ ਕਿੰਨਾ ਦਲੇਰ ਬਣਨ ਦੀ ਲੋੜ ਪਈ ਹੋਣੀ! ਏਲੀਯਾਹ ਨੇ ਅਹਾਬ ਨੂੰ ਪਰਮੇਸ਼ੁਰ ਵੱਲੋਂ ਮਿਲਣ ਵਾਲੀ ਸਜ਼ਾ ਸੁਣਾਈ। ਯਹੋਵਾਹ ਪਰਮੇਸ਼ੁਰ ਜਾਣਦਾ ਸੀ ਕਿ ਅਹਾਬ ਤੇ ਉਸ ਦੇ ਪਰਿਵਾਰ ਕਰਕੇ ਦੁਸ਼ਟਤਾ ਫੈਲ ਰਹੀ ਸੀ ਤੇ ਇਸ ਦਾ ਮਾੜਾ ਅਸਰ ਲੋਕਾਂ ʼਤੇ ਪੈ ਰਿਹਾ ਸੀ। ਇਸ ਲਈ ਏਲੀਯਾਹ ਨੇ ਅਹਾਬ ਨੂੰ ਦੱਸਿਆ ਕਿ ਪਰਮੇਸ਼ੁਰ ਉਸ ਨੂੰ ਤੇ ਉਸ ਦੇ ਸਾਰੇ ਖ਼ਾਨਦਾਨ ਨੂੰ ‘ਝਾੜ ਸੁੱਟੇਗਾ’ ਯਾਨੀ ਪੂਰੀ ਤਰ੍ਹਾਂ ਖ਼ਤਮ ਕਰ ਦੇਵੇਗਾ। ਈਜ਼ਬਲ ਨੂੰ ਵੀ ਆਪਣੀ ਕਰਨੀ ਦਾ ਫਲ ਭੁਗਤਣਾ ਪੈਣਾ ਸੀ।—1 ਰਾਜਿਆਂ 21:20-26.
ਏਲੀਯਾਹ ਨੇ ਨਿਰਾਸ਼ ਹੋ ਕੇ ਇਹ ਨਹੀਂ ਸੋਚਿਆ ਕਿ ਬੁਰੇ ਲੋਕਾਂ ਦਾ ਕੁਝ ਨਹੀਂ ਵਿਗੜਦਾ। ਪਰ ਅੱਜ ਆਮ ਤੌਰ ਤੇ ਲੋਕ ਇਸ ਤਰ੍ਹਾਂ ਸੋਚਦੇ ਹਨ। ਬਾਈਬਲ ਦੇ ਇਸ ਬਿਰਤਾਂਤ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਸਿਰਫ਼ ਦੇਖਦਾ ਹੀ ਨਹੀਂ ਕਿ ਕੀ ਹੋ ਰਿਹਾ ਹੈ, ਪਰ ਉਹ ਆਪਣੇ ਸਮੇਂ ʼਤੇ ਨਿਆਂ ਵੀ ਕਰਦਾ ਹੈ। ਉਸ ਦਾ ਬਚਨ ਯਕੀਨ ਦਿਵਾਉਂਦਾ ਹੈ ਕਿ ਉਹ ਦਿਨ ਆ ਰਿਹਾ ਹੈ ਜਦ ਉਹ ਹਮੇਸ਼ਾ ਲਈ ਅਨਿਆਂ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਵੇਗਾ। (ਜ਼ਬੂਰਾਂ ਦੀ ਪੋਥੀ 37:10, 11) ਪਰ ਸ਼ਾਇਦ ਤੁਸੀਂ ਸੋਚੋ: ‘ਕੀ ਨਿਆਂ ਕਰਨ ਵੇਲੇ ਰੱਬ ਸਿਰਫ਼ ਸਜ਼ਾ ਹੀ ਦਿੰਦਾ ਹੈ ਜਾਂ ਕੀ ਉਹ ਦਇਆ ਵੀ ਦਿਖਾਉਂਦਾ ਹੈ?’
“ਤੂੰ ਵੇਖਦਾ ਹੈਂ ਕਿ ਅਹਾਬ ਨੇ ਮੇਰੇ ਸਾਹਮਣੇ ਆਪ ਨੂੰ ਅਧੀਨ ਕੀਤਾ ਹੈ?”
ਸਜ਼ਾ ਸੁਣ ਕੇ ਅਹਾਬ ਨੇ ਜੋ ਕੀਤਾ, ਉਸ ਨੂੰ ਦੇਖ ਕੇ ਏਲੀਯਾਹ ਸ਼ਾਇਦ ਹੈਰਾਨ ਹੋਇਆ ਹੋਣਾ। ਬਾਈਬਲ ਦੱਸਦੀ ਹੈ: “ਜਦ ਅਹਾਬ ਨੇ ਏਹ ਗੱਲਾਂ ਸੁਣੀਆਂ ਤਾਂ ਆਪਣੇ ਲੀੜੇ ਪਾੜ ਲਏ ਅਤੇ ਆਪਣੇ ਸਰੀਰ ਉੱਤੇ ਤੱਪੜ ਪਾ ਕੇ ਵਰਤ ਰੱਖਿਆ ਅਤੇ ਤੱਪੜ ਵਿੱਚ ਹੀ ਲੇਟਣ ਅਤੇ ਹੌਲੀ ਹੌਲੀ ਚੱਲਣ ਲੱਗਾ।” (1 ਰਾਜਿਆਂ 21:27) ਕੀ ਅਹਾਬ ਨੇ ਸੱਚ-ਮੁੱਚ ਆਪਣੇ ਕੰਮਾਂ ਤੋਂ ਤੋਬਾ ਕੀਤੀ ਸੀ?
ਅਸੀਂ ਜਾਣਦੇ ਕਿ ਉਸ ਨੇ ਆਪਣੇ ਰਵੱਈਏ ਵਿਚ ਕੁਝ ਤਬਦੀਲੀਆਂ ਕੀਤੀਆਂ ਸਨ। ਉਸ ਨੇ ਆਪਣੇ ਆਪ ਨੂੰ ਨਿਮਰ ਕੀਤਾ ਜੋ ਕਿ ਉਸ ਵਰਗੇ ਘਮੰਡੀ ਤੇ ਹੰਕਾਰੀ ਇਨਸਾਨ ਲਈ ਬਹੁਤ ਮੁਸ਼ਕਲ ਸੀ। ਪਰ ਕੀ ਉਸ ਨੇ ਦਿਲੋਂ ਤੋਬਾ ਕੀਤੀ ਸੀ? ਜ਼ਰਾ ਮਨੱਸ਼ਹ ਨਾਲ ਅਹਾਬ ਦੀ ਤੁਲਨਾ ਕਰੋ ਜਿਸ ਨੇ ਅਹਾਬ ਤੋਂ ਕਿਤੇ ਵੱਧ ਬੁਰਾਈ ਕੀਤੀ ਸੀ। ਜਦੋਂ ਯਹੋਵਾਹ ਨੇ ਮਨੱਸ਼ਹ ਨੂੰ ਸਜ਼ਾ ਦਿੱਤੀ, ਤਾਂ ਉਸ ਨੇ ਆਪਣੇ ਆਪ ਨੂੰ ਨਿਮਰ ਕਰ ਕੇ ਨਾ ਸਿਰਫ਼ ਯਹੋਵਾਹ ਤੋਂ ਮਦਦ ਮੰਗੀ, ਸਗੋਂ ਕੁਝ ਹੋਰ ਵੀ ਕੀਤਾ। ਉਸ ਨੇ ਆਪਣੀ ਜ਼ਿੰਦਗੀ ਨੂੰ ਬਦਲਿਆ, ਉਨ੍ਹਾਂ ਮੂਰਤਾਂ ਨੂੰ ਤੋੜ ਦਿੱਤਾ ਜੋ ਉਸ ਨੇ ਬਣਵਾਈਆਂ ਸਨ ਤੇ ਯਹੋਵਾਹ ਦੀ ਭਗਤੀ ਕਰਨੀ ਸ਼ੁਰੂ ਕੀਤੀ ਤੇ ਆਪਣੇ ਲੋਕਾਂ ਨੂੰ ਵੀ ਇਸ ਤਰ੍ਹਾਂ ਕਰਨ ਦੀ ਹੱਲਾਸ਼ੇਰੀ ਦਿੱਤੀ। (2 ਇਤਹਾਸ 33:1-17) ਕੀ ਅਹਾਬ ਨੇ ਇਸ ਤਰ੍ਹਾਂ ਕੀਤਾ ਸੀ? ਅਫ਼ਸੋਸ ਦੀ ਗੱਲ ਹੈ ਕਿ ਉਸ ਨੇ ਨਹੀਂ ਕੀਤਾ।
ਅਹਾਬ ਨੇ ਲੋਕਾਂ ਸਾਮ੍ਹਣੇ ਦਿਖਾਇਆ ਕਿ ਉਸ ਨੂੰ ਆਪਣੀ ਕੀਤੀ ʼਤੇ ਅਫ਼ਸੋਸ ਸੀ। ਕੀ ਯਹੋਵਾਹ ਨੇ ਇਸ ਗੱਲ ʼਤੇ ਗੌਰ ਕੀਤਾ? ਉਸ ਨੇ ਏਲੀਯਾਹ ਨੂੰ ਕਿਹਾ: “ਤੂੰ ਵੇਖਦਾ ਹੈਂ ਕਿ ਅਹਾਬ ਨੇ ਮੇਰੇ ਸਾਹਮਣੇ ਆਪ ਨੂੰ ਅਧੀਨ ਕੀਤਾ ਹੈ? ਏਸ ਲਈ ਕਿ ਉਹ ਨੇ ਆਪ ਨੂੰ ਮੇਰੇ ਸਨਮੁਖ ਅਧੀਨ ਕੀਤਾ ਹੈ ਮੈਂ ਉਹ ਦੇ ਦਿਨਾਂ ਵਿੱਚ ਏਹ ਬੁਰਿਆਈ ਨਾ ਲਿਆਵਾਂਗਾ ਪਰ ਉਹ ਦੇ ਪੁੱਤ੍ਰ ਦੇ ਦਿਨਾਂ ਵਿੱਚ ਉਹ ਦੇ ਘਰਾਣੇ ਉੱਤੇ ਏਹ ਬੁਰਿਆਈ ਲਿਆਵਾਂਗਾ।” (1 ਰਾਜਿਆਂ 21:29) ਕੀ ਯਹੋਵਾਹ ਨੇ ਅਹਾਬ ਨੂੰ ਮਾਫ਼ ਕਰ ਦਿੱਤਾ ਸੀ? ਨਹੀਂ, ਪਰਮੇਸ਼ੁਰ ਸਿਰਫ਼ ਉਨ੍ਹਾਂ ਨੂੰ ਮਾਫ਼ ਕਰਦਾ ਹੈ ਜੋ ਦਿਲੋਂ ਤੋਬਾ ਕਰਦੇ ਹਨ। (ਹਿਜ਼ਕੀਏਲ 33:14-16) ਪਰ ਅਹਾਬ ਨੂੰ ਆਪਣੀ ਕੀਤੀ ʼਤੇ ਕੁਝ ਹੱਦ ਤਕ ਅਫ਼ਸੋਸ ਸੀ, ਇਸ ਲਈ ਯਹੋਵਾਹ ਨੇ ਉਸ ਨੂੰ ਉੱਨੀ ਕੁ ਹੀ ਦਇਆ ਦਿਖਾਈ। ਅਹਾਬ ਨੂੰ ਹੁਣ ਆਪਣੇ ਪੂਰੇ ਪਰਿਵਾਰ ਦੇ ਨਾਸ਼ ਹੋਣ ਦਾ ਭਿਆਨਕ ਨਜ਼ਾਰਾ ਨਹੀਂ ਦੇਖਣਾ ਪੈਣਾ ਸੀ।
ਪਰ ਯਹੋਵਾਹ ਨੇ ਆਪਣਾ ਸਜ਼ਾ ਦਾ ਫ਼ੈਸਲਾ ਬਦਲਿਆ ਨਹੀਂ। ਬਾਅਦ ਵਿਚ ਯਹੋਵਾਹ ਨੇ ਆਪਣੇ ਦੂਤਾਂ ਨੂੰ ਪੁੱਛਿਆ ਕਿ ਅਹਾਬ ਨੂੰ ਕਿਵੇਂ ਮੂਰਖ ਬਣਾਇਆ ਜਾਵੇ ਤਾਂਕਿ ਉਹ ਲੜਾਈ ਵਿਚ ਜਾਵੇ ਤੇ ਮਾਰਿਆ ਜਾਵੇ। ਇਸ ਤੋਂ ਜਲਦੀ ਬਾਅਦ ਯਹੋਵਾਹ ਨੇ ਜੋ ਸਜ਼ਾ ਸੁਣਾਈ, ਉਹ ਉਸ ਨੂੰ ਮਿਲ ਗਈ। ਉਹ ਲੜਾਈ ਵਿਚ ਜ਼ਖ਼ਮੀ ਹੋ ਗਿਆ ਤੇ ਲਹੂ-ਲੁਹਾਨ ਹੋਇਆ ਆਪਣੇ ਰਥ ʼਤੇ ਹੀ ਮਰ ਗਿਆ। ਇਸ ਬਿਰਤਾਂਤ ਵਿਚ ਇਕ ਹੋਰ ਭਿਆਨਕ ਵੇਰਵਾ ਦਿੱਤਾ ਗਿਆ ਹੈ: ਜਦੋਂ ਸ਼ਾਹੀ ਰਥ ਨੂੰ ਧੋਤਾ ਗਿਆ, ਤਾਂ ਕੁਝ ਕੁੱਤੇ ਰਾਜੇ ਦਾ ਖ਼ੂਨ ਚੱਟ ਰਹੇ ਸਨ। ਇਸ ਤਰ੍ਹਾਂ ਲੋਕਾਂ ਸਾਮ੍ਹਣੇ ਏਲੀਯਾਹ ਨੂੰ ਕਹੇ ਯਹੋਵਾਹ ਦੇ ਸ਼ਬਦ ਪੂਰੇ ਹੋਏ: “ਜਿੱਥੇ ਕੁੱਤਿਆਂ ਨੇ ਨਾਬੋਥ ਦਾ ਲਹੂ ਚੱਟਿਆ ਓਥੇ ਤੇਰਾ ਲਹੂ ਚੱਟਣਗੇ, ਹਾਂ ਤੇਰਾ ਹੀ।”—1 ਰਾਜਿਆਂ 21:19; 22:19-22, 34-38.
ਅਹਾਬ ਦੇ ਅੰਤ ਤੋਂ ਏਲੀਯਾਹ, ਅਲੀਸ਼ਾ ਤੇ ਯਹੋਵਾਹ ਦੇ ਹੋਰ ਵਫ਼ਾਦਾਰ ਲੋਕਾਂ ਨੂੰ ਭਰੋਸਾ ਮਿਲਿਆ ਕਿ ਯਹੋਵਾਹ ਨਾਬੋਥ ਦੀ ਦਲੇਰੀ ਤੇ ਨਿਹਚਾ ਨੂੰ ਭੁੱਲਿਆ ਨਹੀਂ ਸੀ। ਨਿਆਂ ਦਾ ਪਰਮੇਸ਼ੁਰ ਕਦੇ ਵੀ ਦੁਸ਼ਟਾਂ ਨੂੰ ਸਜ਼ਾ ਦੇਣ ਤੋਂ ਪਿੱਛੇ ਨਹੀਂ ਹਟਦਾ, ਉਹ ਉਨ੍ਹਾਂ ਨੂੰ ਦੇਰ-ਸਵੇਰ ਜ਼ਰੂਰ ਸਜ਼ਾ ਦਿੰਦਾ ਹੈ। ਨਾਲੇ ਉਹ ਨਿਆਂ ਕਰਦੇ ਹੋਏ ਦਇਆ ਦਿਖਾਉਣ ਤੋਂ ਵੀ ਪਿੱਛੇ ਨਹੀਂ ਹਟਦਾ। (ਗਿਣਤੀ 14:18) ਏਲੀਯਾਹ ਲਈ ਕਿੰਨਾ ਹੀ ਵਧੀਆ ਸਬਕ ਸੀ ਜਿਸ ਨੇ ਦੁਸ਼ਟ ਰਾਜੇ ਦੇ ਰਾਜ ਅਧੀਨ ਕਈ ਸਾਲਾਂ ਤਕ ਹਾਰ ਨਹੀਂ ਮੰਨੀ ਸੀ! ਕੀ ਤੁਹਾਨੂੰ ਕਦੇ ਅਨਿਆਂ ਸਹਿਣਾ ਪਿਆ ਹੈ? ਕੀ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਪਰਮੇਸ਼ੁਰ ਸਾਰਾ ਕੁਝ ਠੀਕ ਕਰ ਦੇਵੇ? ਜੇ ਹਾਂ, ਤਾਂ ਏਲੀਯਾਹ ਦੀ ਨਿਹਚਾ ਦੀ ਰੀਸ ਕਰੋ। ਉਹ ਆਪਣੇ ਵਫ਼ਾਦਾਰ ਸਾਥੀ ਅਲੀਸ਼ਾ ਨਾਲ ਪਰਮੇਸ਼ੁਰ ਦੇ ਸੰਦੇਸ਼ ਸੁਣਾਉਂਦਾ ਰਿਹਾ ਤੇ ਉਸ ਨੇ ਅਨਿਆਂ ਦੇ ਸਮੇਂ ਹਾਰ ਨਹੀਂ ਮੰਨੀ। ▪ (w14-E 02/01)
a ਬਆਲ ਨੂੰ ਮੀਂਹ ਤੇ ਉਪਜ ਦਾ ਦੇਵਤਾ ਮੰਨਿਆ ਜਾਂਦਾ ਸੀ। ਉਸ ਨੂੰ ਨਕਾਰਾ ਸਾਬਤ ਕਰਨ ਲਈ ਯਹੋਵਾਹ ਨੇ ਸਾਢੇ ਤਿੰਨ ਸਾਲ ਦੇਸ਼ ਵਿਚ ਸੋਕਾ ਪਾਇਆ ਸੀ। (1 ਰਾਜਿਆਂ ਅਧਿਆਇ 18) ਪਹਿਰਾਬੁਰਜ, 1 ਜਨਵਰੀ 2008 ਵਿਚ “ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ” ਨਾਂ ਦਾ ਲੇਖ ਦੇਖੋ।
b ਈਜ਼ਬਲ ਨੂੰ ਸ਼ਾਇਦ ਡਰ ਹੋਣਾ ਕਿ ਨਾਬੋਥ ਦੀ ਮੌਤ ਤੋਂ ਬਾਅਦ ਅੰਗੂਰੀ ਬਾਗ਼ ਉਸ ਦੇ ਪੁੱਤਰਾਂ ਨੂੰ ਮਿਲ ਜਾਣਾ ਸੀ। ਇਸ ਲਈ ਉਨ੍ਹਾਂ ਨੂੰ ਆਪਣੇ ਰਾਹ ਵਿੱਚੋਂ ਹਟਾਉਣ ਲਈ ਸ਼ਾਇਦ ਉਸ ਨੇ ਨਾਬੋਥ ਦੇ ਪੁੱਤਰਾਂ ਦਾ ਵੀ ਕਤਲ ਕਰਵਾ ਦਿੱਤਾ ਹੋਣਾ।