ਹੁਣ ਕਦਮ ਚੁੱਕਣ ਦਾ ਵੇਲਾ ਹੈ
“ਤੁਸੀਂ ਕਦ ਤੀਕ ਦੋ ਖਿਆਲਾਂ ਉੱਤੇ ਲੰਗੜਾ ਕੇ ਚੱਲੋਗੇ?”—1 ਰਾਜਿਆਂ 18:21.
1. ਕਿਸ ਕਾਰਨ ਅੱਜ ਦੇ ਸਮੇਂ ਪਹਿਲੇ ਸਮਿਆਂ ਤੋਂ ਵੱਖਰੇ ਹਨ?
ਕੀ ਤੁਸੀਂ ਮੰਨਦੇ ਹੋ ਕਿ ਯਹੋਵਾਹ ਹੀ ਇੱਕੋ-ਇਕ ਸੱਚਾ ਪਰਮੇਸ਼ੁਰ ਹੈ? ਕੀ ਤੁਸੀਂ ਇਹ ਵੀ ਮੰਨਦੇ ਹੋ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਅਨੁਸਾਰ ਹੁਣ ਸ਼ਤਾਨ ਦੀ ਦੁਨੀਆਂ ਦੇ ‘ਅੰਤ ਦੇ ਦਿਨ’ ਚੱਲ ਰਹੇ ਹਨ? (2 ਤਿਮੋਥਿਉਸ 3:1) ਜੇ ਮੰਨਦੇ ਹੋ, ਤਾਂ ਤੁਸੀਂ ਜ਼ਰੂਰ ਸਹਿਮਤ ਹੋਵੋਗੇ ਕਿ ਹੁਣ ਸਹੀ ਕਦਮ ਚੁੱਕਣ ਦੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜ਼ਰੂਰਤ ਹੈ। ਜਿੰਨੀਆਂ ਜਾਨਾਂ ਅੱਜ ਖ਼ਤਰੇ ਵਿਚ ਹਨ, ਉੱਨੀਆਂ ਮਨੁੱਖੀ ਇਤਿਹਾਸ ਵਿਚ ਪਹਿਲਾਂ ਕਦੇ ਨਹੀਂ ਸਨ।
2. ਰਾਜਾ ਅਹਾਬ ਦੇ ਰਾਜ ਦੌਰਾਨ ਇਸਰਾਏਲ ਦੇ ਦਸ-ਗੋਤੀ ਰਾਜ ਵਿਚ ਕੀ ਕੁਝ ਹੁੰਦਾ ਸੀ?
2 ਅੱਜ ਤੋਂ ਤਕਰੀਬਨ ਤਿੰਨ ਹਜ਼ਾਰ ਸਾਲ ਪਹਿਲਾਂ ਇਸਰਾਏਲ ਕੌਮ ਨੂੰ ਇਕ ਬਹੁਤ ਹੀ ਗੰਭੀਰ ਫ਼ੈਸਲਾ ਕਰਨਾ ਪਿਆ ਸੀ। ਉਹ ਕਿਸ ਦੀ ਭਗਤੀ ਕਰਨਗੇ? ਰਾਜਾ ਅਹਾਬ ਨੇ ਆਪਣੀ ਪਤਨੀ ਈਜ਼ਬਲ ਦੇ ਇਸ਼ਾਰਿਆਂ ਤੇ ਇਸਰਾਏਲ ਦੇ ਦਸ-ਗੋਤੀ ਰਾਜ ਵਿਚ ਬਆਲ ਦੀ ਪੂਜਾ ਸ਼ੁਰੂ ਕਰਵਾਈ ਸੀ। ਬਆਲ ਨੂੰ ਉਪਜਾਊਪਣ ਦਾ ਦੇਵਤਾ ਮੰਨਿਆ ਜਾਂਦਾ ਸੀ ਅਤੇ ਵਰਖਾ ਤੇ ਭਰਪੂਰ ਫ਼ਸਲ ਹੋਣ ਦਾ ਸਿਹਰਾ ਉਸ ਨੂੰ ਦਿੱਤਾ ਜਾਂਦਾ ਸੀ। ਬਆਲ ਦੇ ਕਈ ਪੁਜਾਰੀ ਦੂਰੋਂ ਉਸ ਨੂੰ ਚੁੰਮਣ ਦਿੰਦੇ ਸਨ ਜਾਂ ਉਸ ਦੇ ਬੁੱਤ ਅੱਗੇ ਝੁਕਦੇ ਸਨ। ਉਹ ਮੰਨਦੇ ਸਨ ਕਿ ਮੰਦਰ ਦੀਆਂ ਵੇਸਵਾਵਾਂ ਨਾਲ ਅਨੈਤਿਕ ਕੰਮ ਕਰ ਕੇ ਉਹ ਬਆਲ ਨੂੰ ਖ਼ੁਸ਼ ਕਰ ਸਕਦੇ ਸਨ ਤਾਂਕਿ ਉਹ ਉਨ੍ਹਾਂ ਦੀਆਂ ਫ਼ਸਲਾਂ ਅਤੇ ਪਸ਼ੂਆਂ ਤੇ ਬਰਕਤ ਪਾਵੇ। ਉਨ੍ਹਾਂ ਵਿਚ ਆਪਣੇ ਆਪ ਨੂੰ ਕੱਟ-ਵੱਢ ਕੇ ਲਹੂ-ਲੂਹਾਣ ਕਰਨ ਦੀ ਵੀ ਰੀਤ ਸੀ।—1 ਰਾਜਿਆਂ 18:28.
3. ਬਆਲ ਦੀ ਭਗਤੀ ਦਾ ਪਰਮੇਸ਼ੁਰ ਦੇ ਲੋਕਾਂ ਤੇ ਕੀ ਅਸਰ ਪਿਆ?
3 ਤਕਰੀਬਨ 7,000 ਇਸਰਾਏਲੀ ਨਾ ਤਾਂ ਬਆਲ ਅੱਗੇ ਝੁਕੇ ਸਨ ਅਤੇ ਨਾ ਹੀ ਉਨ੍ਹਾਂ ਨੇ ਅਨੈਤਿਕ ਤੇ ਹਿੰਸਕ ਕਿਸਮ ਦੀ ਭਗਤੀ ਵਿਚ ਭਾਗ ਲਿਆ ਸੀ। (1 ਰਾਜਿਆਂ 19:18) ਉਹ ਯਹੋਵਾਹ ਪ੍ਰਤੀ ਵਫ਼ਾਦਾਰ ਰਹੇ ਜਿਸ ਕਰਕੇ ਉਨ੍ਹਾਂ ਨੂੰ ਸਤਾਇਆ ਗਿਆ। ਮਿਸਾਲ ਲਈ, ਰਾਣੀ ਈਜ਼ਬਲ ਨੇ ਯਹੋਵਾਹ ਦੇ ਕਈ ਨਬੀਆਂ ਦਾ ਕਤਲ ਕਰਵਾ ਦਿੱਤਾ ਸੀ। (1 ਰਾਜਿਆਂ 18:4, 13) ਇਸ ਕਹਿਰ ਦੇ ਟੁੱਟਣ ਕਾਰਨ ਜ਼ਿਆਦਾਤਰ ਇਸਰਾਏਲੀ ਯਹੋਵਾਹ ਅਤੇ ਬਆਲ ਦੋਹਾਂ ਦੀ ਪੂਜਾ ਕਰਨ ਲੱਗ ਪਏ ਸਨ। ਪਰ ਯਹੋਵਾਹ ਤੋਂ ਬੇਮੁਖ ਹੋ ਕੇ ਕਿਸੇ ਹੋਰ ਦੇਵਤੇ ਦੀ ਭਗਤੀ ਕਰਨ ਵਾਲੇ ਹਰ ਇਸਰਾਏਲੀ ਨੂੰ ਬੇਵਫ਼ਾ ਸਮਝਿਆ ਜਾਂਦਾ ਸੀ। ਯਹੋਵਾਹ ਨੇ ਇਸਰਾਏਲੀਆਂ ਨਾਲ ਵਾਅਦਾ ਕੀਤਾ ਸੀ ਕਿ ਜੇ ਉਹ ਉਸ ਨੂੰ ਪਿਆਰ ਕਰਨਗੇ ਤੇ ਉਸ ਦੇ ਹੁਕਮਾਂ ਨੂੰ ਮੰਨਣਗੇ, ਤਾਂ ਉਹ ਉਨ੍ਹਾਂ ਨੂੰ ਬਰਕਤਾਂ ਦੇਵੇਗਾ। ਪਰ ਉਸ ਨੇ ਇਹ ਚੇਤਾਵਨੀ ਵੀ ਦਿੱਤੀ ਸੀ ਕਿ ਜੇ ਉਨ੍ਹਾਂ ਨੇ ਸਿਰਫ਼ ਉਸ ਦੀ ਹੀ ਭਗਤੀ ਨਹੀਂ ਕੀਤੀ, ਤਾਂ ਉਹ ਨਾਸ਼ ਹੋ ਜਾਣਗੇ।—ਬਿਵਸਥਾ ਸਾਰ 5:6-10; 28:15, 63.
4. ਯਿਸੂ ਅਤੇ ਉਸ ਦੇ ਰਸੂਲਾਂ ਨੇ ਮਸੀਹੀਆਂ ਬਾਰੇ ਕਿਹੜੀ ਭਵਿੱਖਬਾਣੀ ਕੀਤੀ ਸੀ ਤੇ ਇਹ ਕਿਵੇਂ ਪੂਰੀ ਹੋਈ?
4 ਅੱਜ ਇਹੀ ਹਾਲ ਈਸਾਈ-ਜਗਤ ਦਾ ਹੈ। ਚਰਚ ਦੇ ਮੈਂਬਰ ਮਸੀਹੀ ਹੋਣ ਦਾ ਦਾਅਵਾ ਤਾਂ ਕਰਦੇ ਹਨ, ਪਰ ਉਨ੍ਹਾਂ ਦੇ ਤਿਉਹਾਰ, ਕੰਮ ਅਤੇ ਵਿਸ਼ਵਾਸ ਬਾਈਬਲ ਦੀਆਂ ਸਿੱਖਿਆਵਾਂ ਦੇ ਉਲਟ ਹਨ। ਈਜ਼ਬਲ ਦੀ ਤਰ੍ਹਾਂ ਈਸਾਈ-ਜਗਤ ਦੇ ਪਾਦਰੀਆਂ ਨੇ ਯਹੋਵਾਹ ਦੇ ਗਵਾਹਾਂ ਨੂੰ ਸਤਾਉਣ ਲਈ ਲੱਕ ਬੱਧਾ ਹੋਇਆ ਹੈ। ਉਹ ਚਿਰਾਂ ਤੋਂ ਯੁੱਧਾਂ ਦਾ ਸਮਰਥਨ ਕਰਦੇ ਆਏ ਹਨ ਜਿਸ ਕਰਕੇ ਚਰਚ ਦੇ ਕਰੋੜਾਂ ਮੈਂਬਰਾਂ ਦੀਆਂ ਜਾਨਾਂ ਲੈਣ ਵਿਚ ਉਨ੍ਹਾਂ ਦਾ ਵੀ ਹੱਥ ਹੈ। ਧਰਮਾਂ ਦੁਆਰਾ ਸਰਕਾਰਾਂ ਨੂੰ ਦਿੱਤੇ ਸਮਰਥਨ ਨੂੰ ਬਾਈਬਲ ਵਿਚ ਹਰਾਮਕਾਰੀ ਕਿਹਾ ਗਿਆ ਹੈ। (ਪਰਕਾਸ਼ ਦੀ ਪੋਥੀ 18:2, 3) ਇਸ ਤੋਂ ਇਲਾਵਾ, ਚਰਚਾਂ ਦੇ ਕਈ ਮੈਂਬਰਾਂ ਨੂੰ ਸਰੀਰਕ ਵਿਭਚਾਰ ਤੇ ਵੀ ਕੋਈ ਇਤਰਾਜ਼ ਨਹੀਂ ਹੈ ਕਿਉਂਕਿ ਪਾਦਰੀ ਖ਼ੁਦ ਵਿਭਚਾਰ ਕਰਦੇ ਹਨ। ਯਿਸੂ ਮਸੀਹ ਅਤੇ ਉਸ ਦੇ ਰਸੂਲਾਂ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਬਹੁਤ ਸਾਰੇ ਲੋਕ ਸੱਚ ਦੇ ਰਾਹ ਨੂੰ ਛੱਡ ਕੇ ਧਰਮ-ਤਿਆਗੀ ਬਣ ਜਾਣਗੇ। (ਮੱਤੀ 13:36-43; ਰਸੂਲਾਂ ਦੇ ਕਰਤੱਬ 20:29, 30; 2 ਪਤਰਸ 2:1, 2) ਈਸਾਈ-ਜਗਤ ਦੇ ਇਕ ਅਰਬ ਤੋਂ ਜ਼ਿਆਦਾ ਲੋਕਾਂ ਦਾ ਕੀ ਹਸ਼ਰ ਹੋਵੇਗਾ? ਯਹੋਵਾਹ ਦੇ ਸੱਚੇ ਭਗਤਾਂ ਦੀ ਇਨ੍ਹਾਂ ਅਤੇ ਹੋਰਨਾਂ ਪ੍ਰਤੀ ਕੀ ਜ਼ਿੰਮੇਵਾਰੀ ਬਣਦੀ ਹੈ ਜੋ ਝੂਠੇ ਧਰਮ ਦੁਆਰਾ ਭਰਮਾਏ ਗਏ ਹਨ? ਇਨ੍ਹਾਂ ਸਵਾਲਾਂ ਦੇ ਸਪੱਸ਼ਟ ਜਵਾਬ ਸਾਨੂੰ ਉਨ੍ਹਾਂ ਘਟਨਾਵਾਂ ਦੀ ਜਾਂਚ ਕਰਨ ਤੇ ਮਿਲਦੇ ਹਨ ਜੋ ‘ਬਆਲ ਨੂੰ ਇਸਰਾਏਲ ਵਿੱਚੋਂ ਮਿਟਾ ਦੇਣ’ ਦਾ ਕਾਰਨ ਬਣੀਆਂ।—2 ਰਾਜਿਆਂ 10:28.
ਆਪਣੇ ਜ਼ਿੱਦੀ ਲੋਕਾਂ ਲਈ ਯਹੋਵਾਹ ਦਾ ਪਿਆਰ
5. ਯਹੋਵਾਹ ਨੇ ਕਿਵੇਂ ਦਿਖਾਇਆ ਸੀ ਕਿ ਉਸ ਨੂੰ ਆਪਣੇ ਜ਼ਿੱਦੀ ਲੋਕਾਂ ਦੀ ਪਰਵਾਹ ਸੀ?
5 ਆਪਣੇ ਬੇਵਫ਼ਾ ਲੋਕਾਂ ਨੂੰ ਸਜ਼ਾ ਦੇ ਕੇ ਯਹੋਵਾਹ ਨੂੰ ਕੋਈ ਖ਼ੁਸ਼ੀ ਨਹੀਂ ਹੁੰਦੀ। ਪਿਆਰ ਕਰਨ ਵਾਲੇ ਪਿਤਾ ਵਜੋਂ ਯਹੋਵਾਹ ਚਾਹੁੰਦਾ ਹੈ ਕਿ ਬੁਰੇ ਲੋਕ ਤੋਬਾ ਕਰ ਕੇ ਉਸ ਵੱਲ ਮੁੜਨ। (ਹਿਜ਼ਕੀਏਲ 18:32; 2 ਪਤਰਸ 3:9) ਇਸ ਦੇ ਸਬੂਤ ਵਜੋਂ ਯਹੋਵਾਹ ਨੇ ਅਹਾਬ ਤੇ ਈਜ਼ਬਲ ਦੇ ਦਿਨਾਂ ਵਿਚ ਆਪਣੇ ਲੋਕਾਂ ਨੂੰ ਚੇਤਾਵਨੀ ਦੇਣ ਲਈ ਕਈ ਨਬੀ ਭੇਜੇ ਕਿ ਬਆਲ ਦੀ ਭਗਤੀ ਕਰਨ ਵਾਲਿਆਂ ਦਾ ਅੰਜਾਮ ਕੀ ਹੋਵੇਗਾ। ਇਨ੍ਹਾਂ ਵਿਚ ਇਕ ਨਬੀ ਏਲੀਯਾਹ ਸੀ ਜਿਸ ਨੇ ਦੇਸ਼ ਵਿਚ ਭਿਆਨਕ ਸੋਕਾ ਪੈਣ ਦੀ ਭਵਿੱਖਬਾਣੀ ਕੀਤੀ ਸੀ। ਸੋਕਾ ਪੈਣ ਤੋਂ ਬਾਅਦ ਏਲੀਯਾਹ ਨੇ ਰਾਜਾ ਅਹਾਬ ਨੂੰ ਕਿਹਾ ਕਿ ਉਹ ਕਰਮਲ ਪਰਬਤ ਕੋਲ ਇਸਰਾਏਲੀਆਂ ਅਤੇ ਬਆਲ ਦੇ ਨਬੀਆਂ ਨੂੰ ਇਕੱਠਾ ਕਰੇ।—1 ਰਾਜਿਆਂ 18:1, 19.
6, 7. (ੳ) ਏਲੀਯਾਹ ਨੇ ਇਸਰਾਏਲੀਆਂ ਦੀ ਦੁਚਿੱਤੀ ਨੂੰ ਕਿਵੇਂ ਸਾਮ੍ਹਣੇ ਲਿਆਂਦਾ? (ਅ) ਬਆਲ ਦੇ ਨਬੀਆਂ ਨੇ ਕੀ ਕੀਤਾ ਸੀ? (ੲ) ਏਲੀਯਾਹ ਨੇ ਕੀ ਕੀਤਾ?
6 ਸਾਰੇ ਲੋਕ ਯਹੋਵਾਹ ਦੀ ਇਕ “ਟੁੱਟੀ ਹੋਈ ਜਗਵੇਦੀ” ਕੋਲ ਇਕੱਠੇ ਹੋਏ ਜੋ ਸ਼ਾਇਦ ਈਜ਼ਬਲ ਨੂੰ ਖ਼ੁਸ਼ ਕਰਨ ਲਈ ਤੋੜੀ ਗਈ ਸੀ। (1 ਰਾਜਿਆਂ 18:30) ਦੁੱਖ ਦੀ ਗੱਲ ਹੈ ਕਿ ਉੱਥੇ ਇਕੱਠੇ ਹੋਏ ਇਸਰਾਏਲੀ ਇਸ ਦੁਚਿੱਤੀ ਵਿਚ ਪਏ ਸਨ ਕਿ ਮੀਂਹ ਪਾਉਣ ਦੀ ਤਾਕਤ ਕਿਸ ਵਿਚ ਸੀ—ਯਹੋਵਾਹ ਵਿਚ ਜਾਂ ਬਆਲ ਵਿਚ। ਉੱਥੇ ਬਆਲ ਦੇ 450 ਨਬੀ ਸਨ ਤੇ ਯਹੋਵਾਹ ਦੇ ਪੱਖ ਵਿਚ ਸਿਰਫ਼ ਏਲੀਯਾਹ ਖੜ੍ਹਾ ਸੀ। ਲੋਕਾਂ ਦੀ ਸਮੱਸਿਆ ਦੀ ਜੜ੍ਹ ਤਕ ਪਹੁੰਚ ਕੇ ਏਲੀਯਾਹ ਨੇ ਉਨ੍ਹਾਂ ਤੋਂ ਪੁੱਛਿਆ: “ਭਲਾ, ਤੁਸੀਂ ਕਦ ਤੀਕ ਦੋ ਖਿਆਲਾਂ ਉੱਤੇ ਲੰਗੜਾ ਕੇ ਚੱਲੋਗੇ?” ਫਿਰ ਉਸ ਨੇ ਸਾਫ਼ ਸ਼ਬਦਾਂ ਵਿਚ ਉਨ੍ਹਾਂ ਨੂੰ ਕਿਹਾ: “ਜੇ ਯਹੋਵਾਹ ਪਰਮੇਸ਼ੁਰ ਹੈ ਤਾਂ ਉਹ ਦੇ ਮਗਰ ਲੱਗੋ ਪਰ ਜੇ ਬਆਲ ਹੈ ਤਾਂ ਉਹ ਦੇ ਮਗਰ ਲੱਗੋ।” ਦੁਚਿੱਤੇ ਇਸਰਾਏਲੀਆਂ ਨੂੰ ਸਿਰਫ਼ ਯਹੋਵਾਹ ਦੀ ਹੀ ਭਗਤੀ ਕਰਨ ਲਈ ਉਕਸਾਉਣ ਵਾਸਤੇ ਏਲੀਯਾਹ ਨੇ ਉਨ੍ਹਾਂ ਅੱਗੇ ਇਕ ਪੇਸ਼ਕਸ਼ ਰੱਖੀ ਜਿਸ ਤੋਂ ਸੱਚੇ ਪਰਮੇਸ਼ੁਰ ਦੀ ਪਛਾਣ ਹੋਣੀ ਸੀ। ਯਹੋਵਾਹ ਅਤੇ ਬਆਲ ਅੱਗੇ ਬਲੀ ਚੜ੍ਹਾਉਣ ਲਈ ਦੋ ਬਲਦ ਤਿਆਰ ਕੀਤੇ ਗਏ। ਸੱਚੇ ਪਰਮੇਸ਼ੁਰ ਨੇ ਆਪਣੀ ਬਲੀ ਨੂੰ ਅੱਗ ਨਾਲ ਭੱਖ ਲੈਣਾ ਸੀ। ਪਹਿਲਾਂ ਬਆਲ ਦੇ ਨਬੀਆਂ ਨੇ ਬਲੀ ਤਿਆਰ ਕੀਤੀ ਤੇ ਫਿਰ ਘੰਟਿਆਂ-ਬੱਧੀ ਚਿਲਾਉਂਦੇ ਰਹੇ: “ਹੇ ਬਆਲ, ਸਾਡੀ ਸੁਣ।” ਜਦੋਂ ਏਲੀਯਾਹ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ, ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਕੱਟ-ਵੱਢ ਕੇ ਲਹੂ-ਲੂਹਾਣ ਕਰ ਲਿਆ ਤੇ ਉੱਚੀ ਆਵਾਜ਼ ਵਿਚ ਬਆਲ ਨੂੰ ਪੁਕਾਰਿਆ। ਪਰ ਕੋਈ ਜਵਾਬ ਨਹੀਂ ਆਇਆ।—1 ਰਾਜਿਆਂ 18:21, 26-29.
7 ਫਿਰ ਏਲੀਯਾਹ ਦੀ ਵਾਰੀ ਸੀ। ਉਸ ਨੇ ਪਹਿਲਾਂ ਜਗਵੇਦੀ ਦੀ ਮੁਰੰਮਤ ਕੀਤੀ ਤੇ ਫਿਰ ਉਸ ਉੱਤੇ ਜਵਾਨ ਬਲਦ ਦੇ ਟੋਟੇ-ਟੋਟੇ ਕਰ ਕੇ ਰੱਖੇ। ਫਿਰ ਉਸ ਨੇ ਬਲੀ ਉੱਤੇ ਚਾਰ ਘੜੇ ਪਾਣੀ ਡੋਲਣ ਦਾ ਹੁਕਮ ਦਿੱਤਾ। ਇਸ ਤਰ੍ਹਾਂ ਤਿੰਨ ਵਾਰ ਚਾਰ-ਚਾਰ ਘੜੇ ਪਾਣੀ ਡੋਲ੍ਹਿਆ ਗਿਆ ਜਦ ਤਕ ਜਗਵੇਦੀ ਦੇ ਦੁਆਲੇ ਦੀ ਖਾਈ ਪਾਣੀ ਨਾਲ ਭਰ ਨਾ ਗਈ। ਫਿਰ ਏਲੀਯਾਹ ਨੇ ਪ੍ਰਾਰਥਨਾ ਕੀਤੀ: “ਹੇ ਯਹੋਵਾਹ ਅਬਰਾਹਾਮ, ਇਸਹਾਕ ਤੇ ਇਸਰਾਏਲ ਦੇ ਪਰਮੇਸ਼ੁਰ, ਅੱਜ ਮਲੂਮ ਹੋ ਜਾਵੇ ਕਿ ਤੂੰ ਇਸਰਾਏਲ ਵਿੱਚ ਪਰਮੇਸ਼ੁਰ ਹੈਂ ਅਤੇ ਮੈਂ ਤੇਰਾ ਦਾਸ ਹਾਂ ਅਤੇ ਮੈਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਤੇਰੇ ਬਚਨ ਨਾਲ ਕੀਤਾ ਹੈ। ਮੇਰੀ ਸੁਣ, ਹੇ ਯਹੋਵਾਹ, ਮੇਰੀ ਸੁਣ, ਜੋ ਏਹ ਲੋਕ ਜਾਣਨ ਕਿ ਤੂੰ ਹੀ ਯਹੋਵਾਹ ਪਰਮੇਸ਼ੁਰ ਹੈਂ ਅਤੇ ਤੈਂ ਉਨ੍ਹਾਂ ਦਾ ਮਨ ਮੋੜ ਲਿਆ ਹੈ।”—1 ਰਾਜਿਆਂ 18:30-37.
8. ਪਰਮੇਸ਼ੁਰ ਨੇ ਏਲੀਯਾਹ ਦੀ ਪ੍ਰਾਰਥਨਾ ਦਾ ਜਵਾਬ ਕਿਵੇਂ ਦਿੱਤਾ ਅਤੇ ਏਲੀਯਾਹ ਨੇ ਕਿਹੜਾ ਕਦਮ ਚੁੱਕਿਆ?
8 ਸੱਚੇ ਪਰਮੇਸ਼ੁਰ ਨੇ ਸਵਰਗ ਤੋਂ ਅੱਗ ਭੇਜ ਕੇ ਏਲੀਯਾਹ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ। ਅੱਗ ਨੇ ਬਲੀ ਅਤੇ ਜਗਵੇਦੀ ਦੇ ਨਾਲ-ਨਾਲ ਉਸ ਦੇ ਦੁਆਲੇ ਦੀ ਖਾਈ ਵਿਚਲੇ ਪਾਣੀ ਨੂੰ ਵੀ ਭੱਖ ਲਿਆ! ਇਸਰਾਏਲੀਆਂ ਉੱਤੇ ਇਸ ਦਾ ਗਹਿਰਾ ਅਸਰ ਪਿਆ। “ਓਹ ਮੂੰਹਾਂ ਭਾਰ ਡਿੱਗੇ ਅਰ ਆਖਿਆ, ਯਹੋਵਾਹ ਉਹੋ ਪਰਮੇਸ਼ੁਰ ਹੈ! ਯਹੋਵਾਹ ਉਹੋ ਪਰਮੇਸ਼ੁਰ ਹੈ!” ਏਲੀਯਾਹ ਨੇ ਠੋਸ ਕਦਮ ਚੁੱਕਦਿਆਂ ਇਸਰਾਏਲੀਆਂ ਨੂੰ ਹੁਕਮ ਦਿੱਤਾ: “ਬਆਲ ਦੇ ਨਬੀਆਂ ਨੂੰ ਫੜ ਲਓ। ਓਹਨਾਂ ਵਿੱਚੋਂ ਇੱਕ ਵੀ ਨਾ ਬਚ ਨਿੱਕਲੇ।” ਫਿਰ ਬਆਲ ਦੇ ਸਾਰੇ 450 ਨਬੀਆਂ ਨੂੰ ਕਰਮਲ ਪਰਬਤ ਕੋਲ ਵੱਢ ਦਿੱਤਾ ਗਿਆ।—1 ਰਾਜਿਆਂ 18:38-40.
9. ਸੱਚੇ ਭਗਤਾਂ ਨੂੰ ਹੋਰ ਕਿਵੇਂ ਪਰਖਿਆ ਗਿਆ?
9 ਯਹੋਵਾਹ ਨੇ ਉਸੇ ਖ਼ਾਸ ਦਿਨ ਤੇ ਸਾਢੇ ਤਿੰਨ ਸਾਲਾਂ ਬਾਅਦ ਦੇਸ਼ ਵਿਚ ਵਰਖਾ ਕੀਤੀ। (ਯਾਕੂਬ 5:17, 18) ਤੁਸੀਂ ਸੋਚ ਸਕਦੇ ਹੋ ਕਿ ਆਪਣੇ ਘਰਾਂ ਨੂੰ ਪਰਤਦਿਆਂ ਇਸਰਾਏਲੀ ਰਾਹ ਵਿਚ ਕੀ ਗੱਲਾਂ ਕਰਦੇ ਗਏ ਹੋਣੇ। ਯਹੋਵਾਹ ਨੇ ਸਾਬਤ ਕਰ ਦਿੱਤਾ ਸੀ ਕਿ ਉਹੀ ਸੱਚਾ ਪਰਮੇਸ਼ੁਰ ਹੈ। ਪਰ ਬਆਲ ਦੇ ਪੁਜਾਰੀਆਂ ਨੇ ਹਾਰ ਨਹੀਂ ਮੰਨੀ। ਈਜ਼ਬਲ ਅਜੇ ਵੀ ਯਹੋਵਾਹ ਦੇ ਸੇਵਕਾਂ ਦੀ ਜਾਨ ਪਿੱਛੇ ਹੱਥ ਧੋ ਕੇ ਪਈ ਹੋਈ ਸੀ। (1 ਰਾਜਿਆਂ 19:1, 2; 21:11-16) ਇਸ ਤਰ੍ਹਾਂ ਪਰਮੇਸ਼ੁਰ ਦੇ ਲੋਕਾਂ ਦੀ ਵਫ਼ਾਦਾਰੀ ਦੀ ਮੁੜ ਪਰਖ ਹੋਈ। ਕੀ ਉਹ ਸਿਰਫ਼ ਯਹੋਵਾਹ ਦੀ ਹੀ ਭਗਤੀ ਕਰ ਰਹੇ ਹੋਣਗੇ ਜਦੋਂ ਬਆਲ ਦੇ ਪੁਜਾਰੀਆਂ ਦਾ ਨਿਆਂ ਕੀਤਾ ਜਾਵੇਗਾ?
ਦੁਚਿੱਤੀ ਛੱਡੋ
10. (ੳ) ਆਧੁਨਿਕ ਸਮਿਆਂ ਵਿਚ ਮਸਹ ਕੀਤੇ ਹੋਏ ਮਸੀਹੀ ਕਿਹੋ ਜਿਹਾ ਕੰਮ ਕਰ ਰਹੇ ਹਨ? (ਅ) ਪਰਕਾਸ਼ ਦੀ ਪੋਥੀ 18:4 ਵਿਚ ਦਿੱਤੇ ਹੁਕਮ ਨੂੰ ਮੰਨਣ ਦਾ ਕੀ ਮਤਲਬ ਹੈ?
10 ਆਧੁਨਿਕ ਸਮਿਆਂ ਵਿਚ ਮਸਹ ਕੀਤੇ ਹੋਏ ਮਸੀਹੀਆਂ ਨੇ ਏਲੀਯਾਹ ਦੇ ਕੰਮ ਵਰਗਾ ਕੰਮ ਕੀਤਾ ਹੈ। ਉਨ੍ਹਾਂ ਨੇ ਈਸਾਈ-ਜਗਤ ਅਤੇ ਹੋਰਨਾਂ ਕੌਮਾਂ ਦੇ ਲੋਕਾਂ ਨੂੰ ਜ਼ਬਾਨੀ ਅਤੇ ਪ੍ਰਕਾਸ਼ਨਾਂ ਰਾਹੀਂ ਝੂਠੇ ਧਰਮਾਂ ਨੂੰ ਮੰਨਣ ਦੇ ਖ਼ਤਰਿਆਂ ਤੋਂ ਸੁਚੇਤ ਕੀਤਾ ਹੈ। ਨਤੀਜੇ ਵਜੋਂ, ਲੱਖਾਂ ਲੋਕਾਂ ਨੇ ਝੂਠੇ ਧਰਮਾਂ ਨਾਲੋਂ ਆਪਣਾ ਨਾਤਾ ਤੋੜ ਕੇ ਸਹੀ ਕਦਮ ਚੁੱਕਿਆ ਹੈ। ਉਨ੍ਹਾਂ ਨੇ ਯਹੋਵਾਹ ਨੂੰ ਆਪਣੀਆਂ ਜ਼ਿੰਦਗੀਆਂ ਸਮਰਪਿਤ ਕੀਤੀਆਂ ਹਨ ਅਤੇ ਉਹ ਬਪਤਿਸਮਾ ਲੈ ਕੇ ਯਿਸੂ ਮਸੀਹ ਦੇ ਚੇਲੇ ਬਣੇ ਹਨ। ਜੀ ਹਾਂ, ਉਨ੍ਹਾਂ ਨੇ ਝੂਠੇ ਧਰਮ ਸੰਬੰਧੀ ਪਰਮੇਸ਼ੁਰ ਦੀ ਇਸ ਅਰਜ਼ ਨੂੰ ਸੁਣਿਆ ਹੈ: “ਹੇ ਮੇਰੀ ਪਰਜਾ, ਉਹ ਦੇ ਵਿੱਚੋਂ ਨਿੱਕਲ ਆਓ! ਮਤੇ ਤੁਸੀਂ ਉਹ ਦਿਆਂ ਪਾਪਾਂ ਦੇ ਭਾਗੀ ਬਣੋ, ਮਤੇ ਤੁਸੀਂ ਉਹ ਦੀਆਂ ਬਵਾਂ ਵਿੱਚ ਸਾਂਝੀ ਹੋਵੋ!”—ਪਰਕਾਸ਼ ਦੀ ਪੋਥੀ 18:4.
11. ਯਹੋਵਾਹ ਦੀ ਮਿਹਰ ਪਾਉਣ ਲਈ ਕੀ ਕਰਨ ਦੀ ਲੋੜ ਹੈ?
11 ਹੋਰਨਾਂ ਲੱਖਾਂ ਲੋਕਾਂ ਨੂੰ ਯਹੋਵਾਹ ਦੇ ਗਵਾਹਾਂ ਦੁਆਰਾ ਸੁਣਾਇਆ ਜਾਂਦਾ ਬਾਈਬਲ ਦਾ ਸੰਦੇਸ਼ ਚੰਗਾ ਤਾਂ ਲੱਗਾ ਹੈ, ਪਰ ਉਹ ਅਜੇ ਵੀ ਦੁਬਿਧਾ ਵਿਚ ਹਨ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। ਇਨ੍ਹਾਂ ਵਿੱਚੋਂ ਕੁਝ ਲੋਕ ਕਦੇ-ਕਦੇ ਮਸੀਹੀ ਸਭਾਵਾਂ ਵਿਚ ਆ ਜਾਂਦੇ ਹਨ, ਜਿਵੇਂ ਕਿ ਯਿਸੂ ਦੀ ਮੌਤ ਦੇ ਯਾਦਗਾਰੀ ਦਿਨ ਤੇ ਜਾਂ ਜ਼ਿਲ੍ਹਾ ਸੰਮੇਲਨ ਦੇ ਕੁਝ ਸੈਸ਼ਨਾਂ ਨੂੰ ਸੁਣਨ ਵਾਸਤੇ। ਅਸੀਂ ਇਨ੍ਹਾਂ ਸਾਰਿਆਂ ਨੂੰ ਏਲੀਯਾਹ ਦੇ ਇਨ੍ਹਾਂ ਸ਼ਬਦਾਂ ਤੇ ਧਿਆਨ ਨਾਲ ਸੋਚ-ਵਿਚਾਰ ਕਰਨ ਦੀ ਅਰਜ਼ ਕਰਦੇ ਹਾਂ: “ਤੁਸੀਂ ਕਦ ਤੀਕ ਦੋ ਖਿਆਲਾਂ ਉੱਤੇ ਲੰਗੜਾ ਕੇ ਚੱਲੋਗੇ?” (1 ਰਾਜਿਆਂ 18:21) ਟਾਲ-ਮਟੋਲ ਕਰਨ ਦੀ ਬਜਾਇ, ਉਨ੍ਹਾਂ ਨੂੰ ਯਹੋਵਾਹ ਨੂੰ ਸਮਰਪਿਤ ਹੋਣ ਤੇ ਬਪਤਿਸਮਾ ਲੈਣ ਦਾ ਹੁਣੇ ਫ਼ੈਸਲਾ ਕਰਨਾ ਚਾਹੀਦਾ ਹੈ। ਵਰਨਾ ਉਨ੍ਹਾਂ ਦਾ ਭਵਿੱਖ ਖ਼ਤਰੇ ਵਿਚ ਹੈ!—2 ਥੱਸਲੁਨੀਕੀਆਂ 1:6-9.
12. ਕੁਝ ਭੈਣ-ਭਰਾ ਕਿਸ ਖ਼ਤਰਨਾਕ ਸਥਿਤੀ ਵਿਚ ਚਲੇ ਗਏ ਹਨ ਤੇ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ?
12 ਅਫ਼ਸੋਸ ਦੀ ਗੱਲ ਹੈ ਕਿ ਕੁਝ ਬਪਤਿਸਮਾ-ਪ੍ਰਾਪਤ ਮਸੀਹੀ ਬਾਕਾਇਦਾ ਸਭਾਵਾਂ ਵਿਚ ਨਹੀਂ ਆਉਂਦੇ ਅਤੇ ਨਾ ਹੀ ਪ੍ਰਚਾਰ ਤੇ ਜਾਂਦੇ ਹਨ। (ਇਬਰਾਨੀਆਂ 10:23-25; 13:15, 16) ਕੁਝ ਕੁ ਭੈਣਾਂ-ਭਰਾਵਾਂ ਦਾ ਸਤਾਹਟਾਂ ਦੇ ਡਰੋਂ, ਰੋਜ਼ੀ-ਰੋਟੀ ਕਮਾਉਣ ਦੀਆਂ ਚਿੰਤਾਵਾਂ ਕਾਰਨ, ਅਮੀਰ ਬਣਨ ਜਾਂ ਐਸ਼ੋ-ਆਰਾਮ ਦੀ ਜ਼ਿੰਦਗੀ ਦੀ ਤਲਾਸ਼ ਕਰਦਿਆਂ ਜੋਸ਼ ਠੰਢਾ ਪੈ ਗਿਆ ਹੈ। ਯਿਸੂ ਨੇ ਚੇਤਾਵਨੀ ਦਿੱਤੀ ਸੀ ਕਿ ਇਹ ਚੀਜ਼ਾਂ ਉਸ ਦੇ ਕੁਝ ਪੈਰੋਕਾਰਾਂ ਲਈ ਠੋਕਰ ਦਾ ਕਾਰਨ ਬਣਨਗੀਆਂ, ਉਨ੍ਹਾਂ ਨੂੰ ਦਬਾ ਲੈਣਗੀਆਂ ਤੇ ਉਨ੍ਹਾਂ ਲਈ ਫਾਹੀ ਸਾਬਤ ਹੋਣਗੀਆਂ। (ਮੱਤੀ 10:28-33; 13:20-22; ਲੂਕਾ 12:22-31; 21:34-36) ਅਜਿਹੇ ਮਸੀਹੀਆਂ ਨੂੰ ‘ਦੋ ਖਿਆਲਾਂ ਉੱਤੇ ਲੰਗੜਾਉਣ’ ਦੀ ਬਜਾਇ ਪਰਮੇਸ਼ੁਰ ਨੂੰ ਕੀਤੇ ਆਪਣੇ ਸਮਰਪਣ ਅਨੁਸਾਰ ਜੀਣ ਲਈ ‘ਉੱਦਮੀ ਬਣਨਾ ਅਤੇ ਤੋਬਾ ਕਰਨੀ’ ਚਾਹੀਦੀ ਹੈ।—ਪਰਕਾਸ਼ ਦੀ ਪੋਥੀ 3:15-19.
ਝੂਠੇ ਧਰਮਾਂ ਦਾ ਅਚਾਨਕ ਅੰਤ
13. ਯੇਹੂ ਨੂੰ ਰਾਜੇ ਦੇ ਤੌਰ ਤੇ ਮਸਹ ਕਰਨ ਸਮੇਂ ਇਸਰਾਏਲ ਦੀ ਹਾਲਤ ਬਾਰੇ ਦੱਸੋ।
13 ਅੱਜ ਲੋਕਾਂ ਲਈ ਠੋਸ ਕਦਮ ਚੁੱਕਣਾ ਇੰਨਾ ਜ਼ਰੂਰੀ ਕਿਉਂ ਹੈ? ਕਰਮਲ ਪਰਬਤ ਕੋਲ ਪਰਮੇਸ਼ੁਰ ਵੱਲੋਂ ਆਪਣੇ ਸੱਚੇ ਹੋਣ ਦਾ ਸਬੂਤ ਦੇਣ ਤੋਂ 18 ਸਾਲਾਂ ਬਾਅਦ ਜੋ ਕੁਝ ਹੋਇਆ ਸੀ, ਉਸ ਤੋਂ ਅਸੀਂ ਇਸ ਬਾਰੇ ਜਾਣ ਸਕਦੇ ਹਾਂ। ਏਲੀਯਾਹ ਦੀ ਥਾਂ ਲੈਣ ਵਾਲੇ ਨਬੀ ਅਲੀਸ਼ਾ ਦੇ ਦਿਨਾਂ ਵਿਚ ਬਆਲ ਦੇ ਪੁਜਾਰੀਆਂ ਦਾ ਯਹੋਵਾਹ ਨੇ ਅਚਾਨਕ ਨਿਆਂ ਕੀਤਾ ਸੀ। ਉਸ ਵੇਲੇ ਅਹਾਬ ਦਾ ਪੁੱਤਰ ਯੋਰਾਮ ਇਸਰਾਏਲ ਤੇ ਰਾਜ ਕਰ ਰਿਹਾ ਸੀ ਅਤੇ ਉਸ ਦੀ ਮਾਂ ਈਜ਼ਬਲ ਰਾਜ ਮਾਤਾ ਸੀ। ਅਲੀਸ਼ਾ ਨੇ ਚੁੱਪ-ਚਾਪ ਆਪਣੇ ਸੇਵਕ ਨੂੰ ਘੱਲ ਕੇ ਇਸਰਾਏਲ ਦੇ ਸੈਨਾਪਤੀ ਯੇਹੂ ਨੂੰ ਨਵੇਂ ਰਾਜੇ ਦੇ ਤੌਰ ਤੇ ਮਸਹ ਕਰ ਦਿੱਤਾ। ਉਸ ਸਮੇਂ ਯੇਹੂ ਯਰਦਨ ਦੇ ਪੂਰਬ ਵੱਲ ਰਾਮੋਥ-ਗਿਲਆਦ ਵਿਚ ਇਸਰਾਏਲੀਆਂ ਦੇ ਦੁਸ਼ਮਣਾਂ ਨਾਲ ਲੜ ਰਿਹਾ ਸੀ। ਰਾਜਾ ਯੋਰਾਮ ਮਗਿੱਦੋ ਦੀ ਵਾਦੀ ਵਿਚ ਵਸੇ ਸ਼ਹਿਰ ਯਿਜ਼ਰਏਲ ਵਿਖੇ ਆਪਣੇ ਜ਼ਖ਼ਮਾਂ ਦਾ ਦਵਾ-ਦਾਰੂ ਕਰਵਾ ਰਿਹਾ ਸੀ।—2 ਰਾਜਿਆਂ 8:29–9:4.
14, 15. ਯੇਹੂ ਨੂੰ ਕੀ ਹੁਕਮ ਮਿਲਿਆ ਅਤੇ ਹੁਕਮ ਮਿਲਣ ਤੇ ਉਸ ਨੇ ਕੀ ਕੀਤਾ?
14 ਯਹੋਵਾਹ ਨੇ ਯੇਹੂ ਨੂੰ ਇਹ ਹੁਕਮ ਦਿੱਤਾ: “ਤੂੰ ਆਪਣੇ ਸੁਆਮੀ ਅਹਾਬ ਦੇ ਘਰਾਣੇ ਨੂੰ ਮਾਰ ਸੁੱਟੀਂ ਭਈ ਮੈਂ ਆਪਣੇ ਦਾਸਾਂ ਨਬੀਆਂ ਦੇ ਲਹੂ ਦਾ ਅਰ ਯਹੋਵਾਹ ਦੇ ਸੱਭ ਦਾਸਾਂ ਦੇ ਲਹੂ ਦਾ ਵੱਟਾ ਈਜ਼ਬਲ ਦੇ ਹੱਥੋਂ ਲਵਾਂ। ਅਹਾਬ ਦੇ ਸਾਰੇ ਘਰਾਣੇ ਦਾ ਨਾਸ ਹੋਵੇਗਾ ਅਰ . . . ਈਜ਼ਬਲ ਨੂੰ ਯਿਜ਼ਰਏਲ ਦੀ ਭੂਮੀ ਵਿੱਚ ਕੁੱਤੇ ਖਾਣਗੇ ਅਰ ਉਹ ਨੂੰ ਦੱਬਣ ਵਾਲਾ ਉੱਥੇ ਕੋਈ ਨਾ ਹੋਵੇਗਾ।”—2 ਰਾਜਿਆਂ 9:7-10.
15 ਯੇਹੂ ਟਾਲ-ਮਟੋਲ ਕਰਨ ਵਾਲਾ ਬੰਦਾ ਨਹੀਂ ਸੀ। ਉਹ ਝੱਟ ਆਪਣੇ ਰਥ ਤੇ ਚੜ੍ਹ ਕੇ ਯਿਜ਼ਰਏਲ ਨੂੰ ਚੱਲ ਪਿਆ। ਯਿਜ਼ਰਏਲ ਵਿਚ ਪਹਿਰੇਦਾਰ ਨੇ ਯੇਹੂ ਦੇ ਰਥ ਚਲਾਉਣ ਦੇ ਤਰੀਕੇ ਨੂੰ ਫੱਟ ਪਛਾਣ ਲਿਆ ਤੇ ਰਾਜਾ ਯੋਰਾਮ ਨੂੰ ਇਸ ਦੀ ਸੂਚਨਾ ਦਿੱਤੀ। ਯੋਰਾਮ ਰਥ ਤੇ ਚੜ੍ਹ ਕੇ ਆਪਣੇ ਸੈਨਾਪਤੀ ਨੂੰ ਮਿਲਣ ਲਈ ਨਿਕਲ ਪਿਆ। ਮਿਲਣ ਤੇ ਯੋਰਾਮ ਨੇ ਯੇਹੂ ਤੋਂ ਪੁੱਛਿਆ: “ਯੇਹੂ ਸ਼ਾਂਤ ਤਾਂ ਹੈ?” ਯੇਹੂ ਨੇ ਕਿਹਾ: “ਜਦ ਤਾਂਈ ਤੇਰੀ ਮਾਂ ਈਜ਼ਬਲ ਦੀਆਂ ਜ਼ਨਾਕਾਰੀਆਂ ਤੇ ਉਹ ਦੀਆਂ ਜਾਦੂਗਰੀਆਂ ਏਨੀਆਂ ਵਧੀਆਂ ਹੋਈਆਂ ਹੋਣ ਤਦ ਤਾਂਈ ਸ਼ਾਂਤ ਕੇਹੀ?” ਇਸ ਤੋਂ ਪਹਿਲਾਂ ਕਿ ਰਾਜਾ ਯੋਰਾਮ ਭੱਜਦਾ, ਯੇਹੂ ਨੇ ਇਕ ਤੀਰ ਯੋਰਾਮ ਦੇ ਦਿਲ ਦੇ ਆਰ-ਪਾਰ ਕਰ ਦਿੱਤਾ ਤੇ ਯੋਰਾਮ ਮਰ ਗਿਆ।—2 ਰਾਜਿਆਂ 9:20-24.
16. (ੳ) ਈਜ਼ਬਲ ਦੇ ਟਹਿਲੂਆਂ ਨੂੰ ਅਚਾਨਕ ਕਿਹੜਾ ਫ਼ੈਸਲਾ ਕਰਨਾ ਪਿਆ? (ਅ) ਈਜ਼ਬਲ ਬਾਰੇ ਯਹੋਵਾਹ ਦਾ ਬਚਨ ਕਿਵੇਂ ਪੂਰਾ ਹੋਇਆ?
16 ਯੇਹੂ ਨੇ ਸਮਾਂ ਬਰਬਾਦ ਕੀਤੇ ਬਿਨਾਂ ਆਪਣੇ ਰਥ ਨੂੰ ਸ਼ਹਿਰ ਵੱਲ ਮੋੜਿਆ। ਈਜ਼ਬਲ ਹਾਰ-ਸ਼ਿੰਗਾਰ ਕਰ ਕੇ ਤਾਕੀ ਵਿੱਚੋਂ ਝਾਕ ਰਹੀ ਸੀ ਤੇ ਉਸ ਨੇ ਯੇਹੂ ਦੇ ਆਉਂਦਿਆਂ ਹੀ ਉਸ ਨੂੰ ਡਰਾਇਆ-ਧਮਕਾਇਆ। ਯੇਹੂ ਨੇ ਉਸ ਨੂੰ ਅਣਗੌਲਿਆਂ ਕਰ ਕੇ ਟਹਿਲੂਆਂ ਤੋਂ ਸਮਰਥਨ ਮੰਗਿਆ: “ਮੇਰੇ ਵੱਲ ਕੌਣ ਹੈ? ਕੌਣ?” ਈਜ਼ਬਲ ਦੇ ਟਹਿਲੂਆਂ ਨੂੰ ਉਸ ਸਮੇਂ ਠੋਸ ਕਦਮ ਚੁੱਕਣ ਦੀ ਲੋੜ ਸੀ। ਦੋ-ਤਿੰਨ ਟਹਿਲੂਆਂ ਨੇ ਤਾਕੀ ਵਿੱਚੋਂ ਦੀ ਯੇਹੂ ਵੱਲ ਦੇਖਿਆ। ਇਹ ਉਨ੍ਹਾਂ ਦੀ ਵਫ਼ਾਦਾਰੀ ਦਾ ਇਮਤਿਹਾਨ ਸੀ। “ਉਹ ਨੂੰ ਹੇਠਾਂ ਡੇਗ ਦਿਓ,” ਯੇਹੂ ਨੇ ਹੁਕਮ ਦਿੱਤਾ। ਉਨ੍ਹਾਂ ਨੇ ਈਜ਼ਬਲ ਨੂੰ ਹੇਠਾਂ ਡੇਗ ਦਿੱਤਾ ਤੇ ਯੇਹੂ ਦੇ ਘੋੜਿਆਂ ਅਤੇ ਰਥ ਨੇ ਉਸ ਨੂੰ ਕੁਚਲ ਦਿੱਤਾ। ਇਸ ਤਰ੍ਹਾਂ ਬਆਲ ਦੀ ਭਗਤੀ ਨੂੰ ਸ਼ਹਿ ਦੇਣ ਵਾਲੀ ਦਾ ਬੁਰਾ ਹਸ਼ਰ ਹੋਇਆ। ਭਵਿੱਖਬਾਣੀ ਅਨੁਸਾਰ ਈਜ਼ਬਲ ਨੂੰ ਦੱਬਣ ਤੋਂ ਪਹਿਲਾਂ ਹੀ ਕੁੱਤੇ ਉਸ ਦੀਆਂ ਬੋਟੀਆਂ ਨੋਚ-ਨੋਚ ਕੇ ਖਾ ਗਏ।—2 ਰਾਜਿਆਂ 9:30-37.
17. ਈਜ਼ਬਲ ਦੇ ਨਿਆਂ ਤੋਂ ਭਵਿੱਖ ਵਿਚ ਵਾਪਰਨ ਵਾਲੀ ਕਿਹੜੀ ਘਟਨਾ ਵਿਚ ਸਾਡਾ ਵਿਸ਼ਵਾਸ ਮਜ਼ਬੂਤ ਹੋਣਾ ਚਾਹੀਦਾ ਹੈ?
17 ‘ਵੱਡੀ ਨਗਰੀ ਬਾਬੁਲ’ ਯਾਨੀ ਸ਼ਤਾਨ ਦੀ ਦੁਨੀਆਂ ਦੇ ਝੂਠੇ ਧਰਮਾਂ ਦਾ ਵੀ ਇਸੇ ਤਰ੍ਹਾਂ ਅਚਾਨਕ ਨਾਸ਼ ਹੋਵੇਗਾ। ਇਨ੍ਹਾਂ ਧਰਮਾਂ ਨੂੰ ਕੰਜਰੀ ਵੀ ਕਿਹਾ ਗਿਆ ਹੈ ਜਿਨ੍ਹਾਂ ਦਾ ਜਨਮ-ਸਥਾਨ ਪ੍ਰਾਚੀਨ ਸ਼ਹਿਰ ਬਾਬਲ ਸੀ। ਝੂਠੇ ਧਰਮਾਂ ਦੇ ਨਾਸ਼ ਤੋਂ ਬਾਅਦ ਯਹੋਵਾਹ ਪਰਮੇਸ਼ੁਰ ਆਪਣਾ ਧਿਆਨ ਉਨ੍ਹਾਂ ਲੋਕਾਂ ਵੱਲ ਕਰੇਗਾ ਜੋ ਸ਼ਤਾਨ ਦੀ ਦੁਨੀਆਂ ਦਾ ਰਹਿੰਦਾ-ਖੂੰਹਦਾ ਹਿੱਸਾ ਹਨ। ਇਨ੍ਹਾਂ ਨੂੰ ਵੀ ਨਾਸ਼ ਕਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਨਵੀਂ ਧਰਮੀ ਦੁਨੀਆਂ ਦੀ ਸ਼ੁਰੂਆਤ ਹੋਵੇਗੀ।—ਪਰਕਾਸ਼ ਦੀ ਪੋਥੀ 17:3-6; 19:19-21; 21:1-4.
18. ਈਜ਼ਬਲ ਦੇ ਮਰਨ ਤੋਂ ਬਾਅਦ ਇਸਰਾਏਲ ਵਿਚ ਬਆਲ ਦੇ ਭਗਤਾਂ ਦਾ ਕੀ ਹੋਇਆ?
18 ਈਜ਼ਬਲ ਦੀ ਮੌਤ ਤੋਂ ਬਾਅਦ ਰਾਜਾ ਯੇਹੂ ਨੇ ਬਿਨਾਂ ਸਮਾਂ ਬਰਬਾਦ ਕੀਤਿਆਂ ਆਹਾਬ ਦੇ ਖ਼ਾਨਦਾਨ ਅਤੇ ਮੁੱਖ ਹਿਮਾਇਤੀਆਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ। (2 ਰਾਜਿਆਂ 10:11) ਪਰ ਦੇਸ਼ ਵਿਚ ਬਆਲ ਦੀ ਪੂਜਾ ਕਰਨ ਵਾਲੇ ਕਈ ਇਸਰਾਏਲੀ ਅਜੇ ਬਾਕੀ ਸਨ। ਇਨ੍ਹਾਂ ਨਾਲ ਸਿੱਝਣ ਲਈ ਯੇਹੂ ਨੇ ਸਹੀ ਕਦਮ ਚੁੱਕ ਕੇ ‘ਯਹੋਵਾਹ ਦੇ ਨਮਿੱਤ ਆਪਣੇ ਜੋਸ਼’ ਨੂੰ ਦਿਖਾਇਆ। (2 ਰਾਜਿਆਂ 10:16) ਯੇਹੂ ਨੇ ਬਆਲ ਦੀ ਭਗਤੀ ਕਰਨ ਦਾ ਢੌਂਗ ਰਚ ਕੇ ਆਹਾਬ ਦੁਆਰਾ ਸਾਮਰਿਯਾ ਵਿਚ ਬਣਾਏ ਬਆਲ ਦੇ ਮੰਦਰ ਵਿਚ ਇਕ ਵੱਡੇ ਜਸ਼ਨ ਦਾ ਪ੍ਰਬੰਧ ਕੀਤਾ। ਇਸਰਾਏਲ ਵਿਚ ਬਆਲ ਦੀ ਭਗਤੀ ਕਰਨ ਵਾਲੇ ਸਾਰੇ ਲੋਕ ਜਸ਼ਨ ਵਿਚ ਆਏ। ਮੰਦਰ ਵਿਚ ਆਏ ਇਨ੍ਹਾਂ ਸਾਰੇ ਲੋਕਾਂ ਨੂੰ ਯੇਹੂ ਦੇ ਆਦਮੀਆਂ ਨੇ ਵੱਢ ਸੁੱਟਿਆ। ਬਾਈਬਲ ਇਨ੍ਹਾਂ ਸ਼ਬਦਾਂ ਨਾਲ ਬਿਰਤਾਂਤ ਸਮਾਪਤ ਕਰਦੀ ਹੈ: “ਐਉਂ ਯੇਹੂ ਨੇ ਬਆਲ ਨੂੰ ਇਸਰਾਏਲ ਵਿੱਚੋਂ ਮਿਟਾ ਦਿੱਤਾ।”—2 ਰਾਜਿਆਂ 10:18-28.
19. ਯਹੋਵਾਹ ਦੇ ਵਫ਼ਾਦਾਰ ਭਗਤਾਂ ਦੀ “ਵੱਡੀ ਭੀੜ” ਲਈ ਕਿਹੜੀ ਸ਼ਾਨਦਾਰ ਉਮੀਦ ਹੈ?
19 ਇਸਰਾਏਲ ਵਿੱਚੋਂ ਬਆਲ ਦੀ ਭਗਤੀ ਦਾ ਖੁਰਾ-ਖੋਜ ਮਿਟਾ ਦਿੱਤਾ ਗਿਆ। ਇਸੇ ਤਰ੍ਹਾਂ ਦੁਨੀਆਂ ਦੇ ਝੂਠੇ ਧਰਮਾਂ ਦਾ ਅਚਾਨਕ ਪੂਰੀ ਤਰ੍ਹਾਂ ਨਾਸ਼ ਹੋ ਜਾਵੇਗਾ। ਨਿਆਂ ਦਾ ਉਹ ਮਹਾਨ ਦਿਨ ਆਉਣ ਤੇ ਤੁਸੀਂ ਕਿਸ ਦੇ ਪੱਖ ਵਿਚ ਖੜ੍ਹੇ ਹੋਵੋਗੇ? ਹੁਣੇ ਫ਼ੈਸਲਾ ਕਰੋ। ਹੋ ਸਕਦਾ ਤੁਹਾਨੂੰ ਵੀ ਉਸ “ਵੱਡੀ ਭੀੜ” ਵਿਚ ਸ਼ਾਮਲ ਕਰ ਲਿਆ ਜਾਵੇ ਜੋ “ਵੱਡੀ ਬਿਪਤਾ” ਵਿੱਚੋਂ ਬਚ ਨਿਕਲੇਗੀ। ਫਿਰ ਤੁਸੀਂ ਅਤੀਤ ਤੇ ਝਾਤ ਮਾਰ ਕੇ ਖ਼ੁਸ਼ੀ ਨਾਲ ਫੁੱਲੇ ਨਹੀਂ ਸਮਾਓਗੇ ਅਤੇ ਪਰਮੇਸ਼ੁਰ ਦੀ ਮਹਿਮਾ ਕਰੋਗੇ ਕਿ “ਉਸ ਵੱਡੀ ਕੰਜਰੀ ਦਾ ਜਿਨ ਆਪਣੀ ਹਰਾਮਕਾਰੀ ਨਾਲ ਧਰਤੀ ਨੂੰ ਵਿਗਾੜਿਆ ਸੀ” ਨਿਆਂ ਕੀਤਾ ਗਿਆ। ਹੋਰਨਾਂ ਸੱਚੇ ਭਗਤਾਂ ਦੇ ਨਾਲ-ਨਾਲ ਤੁਸੀਂ ਵੀ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹੋਵੋਗੇ ਜੋ ਸੁਰਗ ਵਿਚ ਗਾਏ ਜਾਂਦੇ ਹਨ: “ਹਲਲੂਯਾਹ! ਪ੍ਰਭੁ ਸਾਡਾ ਪਰਮੇਸ਼ੁਰ ਸਰਬ ਸ਼ਕਤੀਮਾਨ ਰਾਜ ਕਰਦਾ ਹੈ!”—ਪਰਕਾਸ਼ ਦੀ ਪੋਥੀ 7:9, 10, 14; 19:1, 2, 6.
ਮਨਨ ਕਰਨ ਲਈ ਸਵਾਲ
• ਪ੍ਰਾਚੀਨ ਇਸਰਾਏਲ ਵਿਚ ਲੋਕ ਬਆਲ ਦੀ ਪੂਜਾ ਕਿਵੇਂ ਕਰਨ ਲੱਗ ਪਏ ਸਨ?
• ਬਾਈਬਲ ਵਿਚ ਕਿਹੜੇ ਧਰਮ-ਤਿਆਗ ਦੀ ਭਵਿੱਖਬਾਣੀ ਕੀਤੀ ਗਈ ਸੀ ਤੇ ਇਹ ਕਿਵੇਂ ਪੂਰੀ ਹੋਈ?
• ਯੇਹੂ ਨੇ ਬਆਲ ਦੀ ਭਗਤੀ ਨੂੰ ਕਿਵੇਂ ਖ਼ਤਮ ਕੀਤਾ?
• ਪਰਮੇਸ਼ੁਰ ਦੇ ਨਿਆਂ ਦੇ ਦਿਨ ਵਿੱਚੋਂ ਬਚਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
[ਸਫ਼ੇ 25 ਉੱਤੇ ਤਸਵੀਰ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਸੋਕੋਹ
ਅਫ਼ੇਕ
ਹਲਕਥ
ਯਾਕਨਆਮ
ਮਗਿੱਦੋ
ਤਆਨਾਕ
ਦੋਥਾਨ
ਸਾਮਰਿਯਾ
ਏਨ ਦੋਰ
ਸ਼ੂਨੇਮ
ਓਫਰਾਹ
ਯਿਜ਼ਰਏਲ
ਯਿਬਲਆਮ (ਗਥ-ਰਿੰਮੋਨ)
ਤਿਰਸਾਹ
ਬੈਤ-ਅਰਬੇਲ
ਬੈਤ-ਸ਼ਿਆਨ (ਬੈਤਸ਼ਾਹ)
ਯਾਬੇਸ਼-ਗਿਲਆਦ?
ਅਬੇਲ ਮਹੋਲਾਹ
ਬੈਤ-ਸ਼ਮਸ਼
ਰਾਮੋਥ ਗਿਲਆਦ
[ਪਹਾੜ]
ਕਰਮਲ ਪਰਬਤ
ਗਿਲਬੋਆ ਪਹਾੜ
ਮੋਰਹ
ਤਾਬੋਰ ਪਹਾੜ
[ਸਾਗਰ]
ਭੂਮੱਧ ਸਾਗਰ
ਗਲੀਲ ਦੀ ਝੀਲ
[ਨਦੀ]
ਯਰਦਨ ਨਦੀ
[ਸੋਤਾ]
ਹਰੋਦ ਦਾ ਸੋਤਾ
[ਕ੍ਰੈਡਿਟ ਲਾਈਨ]
Based on maps copyrighted by Pictorial Archive (Near Eastern History) Est. and Survey of Israel
[ਸਫ਼ੇ 26 ਉੱਤੇ ਤਸਵੀਰ]
ਬਾਕਾਇਦਾ ਪ੍ਰਚਾਰ ਕਰਨਾ ਅਤੇ ਸਭਾਵਾਂ ਵਿਚ ਹਾਜ਼ਰ ਹੋਣਾ ਸੱਚੀ ਭਗਤੀ ਦੇ ਜ਼ਰੂਰੀ ਪਹਿਲੂ ਹਨ
[ਸਫ਼ੇ 28, 29 ਉੱਤੇ ਤਸਵੀਰ]
ਯੇਹੂ ਵਾਂਗ ਉਨ੍ਹਾਂ ਸਾਰਿਆਂ ਨੂੰ ਠੋਸ ਕਦਮ ਚੁੱਕਣਾ ਚਾਹੀਦਾ ਹੈ ਜੋ ਯਹੋਵਾਹ ਦੇ ਦਿਨ ਵਿੱਚੋਂ ਬਚ ਨਿਕਲਣਾ ਚਾਹੁੰਦੇ ਹਨ