ਦੂਜਾ ਰਾਜਿਆਂ
10 ਅਹਾਬ+ ਦੇ 70 ਪੁੱਤਰ ਸਾਮਰਿਯਾ ਵਿਚ ਰਹਿੰਦੇ ਸਨ। ਇਸ ਲਈ ਯੇਹੂ ਨੇ ਚਿੱਠੀਆਂ ਲਿਖ ਕੇ ਯਿਜ਼ਰਾਏਲ ਦੇ ਹਾਕਮਾਂ, ਬਜ਼ੁਰਗਾਂ+ ਅਤੇ ਅਹਾਬ ਦੇ ਬੱਚਿਆਂ ਦੀ ਦੇਖ-ਭਾਲ ਕਰਨ ਵਾਲਿਆਂ* ਨੂੰ ਸਾਮਰਿਯਾ ਵਿਚ ਭੇਜੀਆਂ ਜਿਨ੍ਹਾਂ ਵਿਚ ਉਸ ਨੇ ਲਿਖਿਆ: 2 “ਜਦੋਂ ਤੁਹਾਨੂੰ ਇਹ ਚਿੱਠੀ ਮਿਲੇਗੀ, ਤਾਂ ਤੁਹਾਡੇ ਨਾਲ ਤੁਹਾਡੇ ਮਾਲਕ ਦੇ ਪੁੱਤਰ ਹੋਣਗੇ, ਨਾਲੇ ਯੁੱਧ ਦੇ ਰਥਾਂ, ਘੋੜਿਆਂ ਅਤੇ ਹਥਿਆਰਾਂ ਸਮੇਤ ਤੁਸੀਂ ਕਿਲੇਬੰਦ ਸ਼ਹਿਰ ਵਿਚ ਹੋਵੋਗੇ। 3 ਆਪਣੇ ਮਾਲਕ ਦੇ ਪੁੱਤਰਾਂ ਵਿੱਚੋਂ ਸਭ ਤੋਂ ਵਧੀਆ ਅਤੇ ਲਾਇਕ* ਪੁੱਤਰ ਨੂੰ ਚੁਣੋ ਅਤੇ ਉਸ ਨੂੰ ਉਸ ਦੇ ਪਿਤਾ ਦੇ ਸਿੰਘਾਸਣ ʼਤੇ ਬਿਠਾਓ। ਫਿਰ ਆਪਣੇ ਮਾਲਕ ਦੇ ਘਰਾਣੇ ਲਈ ਲੜੋ।”
4 ਪਰ ਉਨ੍ਹਾਂ ਉੱਤੇ ਡਰ ਛਾ ਗਿਆ ਅਤੇ ਉਨ੍ਹਾਂ ਨੇ ਕਿਹਾ: “ਦੇਖੋ! ਜੇ ਉਸ ਅੱਗੇ ਦੋ ਰਾਜੇ ਨਹੀਂ ਖੜ੍ਹ ਸਕੇ,+ ਤਾਂ ਅਸੀਂ ਕਿੱਦਾਂ ਖੜ੍ਹ ਸਕਦੇ ਹਾਂ?” 5 ਇਸ ਲਈ ਮਹਿਲ* ਦੇ ਨਿਗਰਾਨ, ਸ਼ਹਿਰ ਦੇ ਰਾਜਪਾਲ, ਬਜ਼ੁਰਗਾਂ ਅਤੇ ਬੱਚਿਆਂ ਦੀ ਦੇਖ-ਭਾਲ ਕਰਨ ਵਾਲਿਆਂ ਨੇ ਯੇਹੂ ਨੂੰ ਇਹ ਸੰਦੇਸ਼ ਭੇਜਿਆ: “ਅਸੀਂ ਤੇਰੇ ਸੇਵਕ ਹਾਂ ਅਤੇ ਅਸੀਂ ਉਹੀ ਕਰਾਂਗੇ ਜੋ ਤੂੰ ਸਾਨੂੰ ਕਹੇਂਗਾ। ਅਸੀਂ ਕਿਸੇ ਨੂੰ ਰਾਜਾ ਨਹੀਂ ਬਣਾਵਾਂਗੇ। ਤੂੰ ਉਹੀ ਕਰ ਜੋ ਤੇਰੀਆਂ ਨਜ਼ਰਾਂ ਵਿਚ ਸਹੀ ਹੋਵੇ।”
6 ਫਿਰ ਉਸ ਨੇ ਉਨ੍ਹਾਂ ਨੂੰ ਇਕ ਹੋਰ ਚਿੱਠੀ ਲਿਖ ਕੇ ਕਿਹਾ: “ਜੇ ਤੁਸੀਂ ਮੇਰੇ ਵੱਲ ਹੋ ਅਤੇ ਮੇਰੀ ਆਗਿਆ ਮੰਨਣ ਲਈ ਤਿਆਰ ਹੋ, ਤਾਂ ਕੱਲ੍ਹ ਇਸੇ ਸਮੇਂ ਆਪਣੇ ਮਾਲਕ ਦੇ ਪੁੱਤਰਾਂ ਦੇ ਸਿਰ ਲੈ ਕੇ ਮੇਰੇ ਕੋਲ ਯਿਜ਼ਰਾਏਲ ਵਿਚ ਆਇਓ।”
ਰਾਜੇ ਦੇ 70 ਪੁੱਤਰ ਸ਼ਹਿਰ ਦੇ ਮੰਨੇ-ਪ੍ਰਮੰਨੇ ਆਦਮੀਆਂ ਕੋਲ ਸਨ ਜੋ ਉਨ੍ਹਾਂ ਦੀ ਪਰਵਰਿਸ਼ ਕਰ ਰਹੇ ਸਨ। 7 ਚਿੱਠੀ ਮਿਲਦੇ ਸਾਰ ਉਨ੍ਹਾਂ ਨੇ ਰਾਜੇ ਦੇ 70 ਪੁੱਤਰਾਂ ਨੂੰ ਵੱਢ ਸੁੱਟਿਆ+ ਅਤੇ ਉਨ੍ਹਾਂ ਨੇ ਉਨ੍ਹਾਂ ਦੇ ਸਿਰ ਟੋਕਰਿਆਂ ਵਿਚ ਰੱਖ ਕੇ ਉਸ ਕੋਲ ਯਿਜ਼ਰਾਏਲ ਵਿਚ ਭੇਜ ਦਿੱਤੇ। 8 ਸੰਦੇਸ਼ ਦੇਣ ਵਾਲੇ ਨੇ ਉਸ ਕੋਲ ਆ ਕੇ ਕਿਹਾ: “ਉਹ ਰਾਜੇ ਦੇ ਪੁੱਤਰਾਂ ਦੇ ਸਿਰ ਲਿਆਏ ਹਨ।” ਫਿਰ ਉਸ ਨੇ ਕਿਹਾ: “ਸ਼ਹਿਰ ਦੇ ਦਰਵਾਜ਼ੇ ਦੇ ਲਾਂਘੇ ਕੋਲ ਇਨ੍ਹਾਂ ਦੇ ਦੋ ਢੇਰ ਲਾ ਦਿਓ ਅਤੇ ਸਵੇਰ ਤਕ ਪਏ ਰਹਿਣ ਦਿਓ।” 9 ਯੇਹੂ ਸਵੇਰੇ ਬਾਹਰ ਜਾ ਕੇ ਸਾਰੇ ਲੋਕਾਂ ਸਾਮ੍ਹਣੇ ਖੜ੍ਹ ਗਿਆ ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਨਿਰਦੋਸ਼* ਹੋ। ਹਾਂ, ਮੈਂ ਆਪਣੇ ਮਾਲਕ ਖ਼ਿਲਾਫ਼ ਸਾਜ਼ਸ਼ ਘੜੀ ਸੀ ਅਤੇ ਮੈਂ ਉਸ ਦਾ ਕਤਲ ਕੀਤਾ ਹੈ,+ ਪਰ ਇਨ੍ਹਾਂ ਸਾਰਿਆਂ ਨੂੰ ਕਿਸ ਨੇ ਮਾਰਿਆ? 10 ਇਸ ਲਈ ਹੁਣ ਜਾਣ ਲਓ ਕਿ ਯਹੋਵਾਹ ਦੀ ਕੋਈ ਵੀ ਗੱਲ ਜੋ ਯਹੋਵਾਹ ਨੇ ਅਹਾਬ ਦੇ ਘਰਾਣੇ ਵਿਰੁੱਧ ਬੋਲੀ ਹੈ, ਅਧੂਰੀ ਨਹੀਂ ਰਹੇਗੀ*+ ਅਤੇ ਯਹੋਵਾਹ ਨੇ ਉਹ ਸਭ ਕੁਝ ਕੀਤਾ ਹੈ ਜੋ ਉਸ ਨੇ ਆਪਣੇ ਸੇਵਕ ਏਲੀਯਾਹ ਰਾਹੀਂ ਕਿਹਾ ਸੀ।”+ 11 ਇਸ ਤੋਂ ਇਲਾਵਾ, ਯੇਹੂ ਯਿਜ਼ਰਾਏਲ ਵਿਚ ਬਚੇ ਅਹਾਬ ਦੇ ਘਰਾਣੇ ਦੇ ਸਾਰੇ ਲੋਕਾਂ, ਉਸ ਦੇ ਸਾਰੇ ਮੰਨੇ-ਪ੍ਰਮੰਨੇ ਆਦਮੀਆਂ, ਉਸ ਦੇ ਜਾਣ-ਪਛਾਣ ਵਾਲਿਆਂ ਅਤੇ ਉਸ ਦੇ ਪੁਜਾਰੀਆਂ ਨੂੰ ਉਦੋਂ ਤਕ ਵੱਢਦਾ ਗਿਆ+ ਜਦ ਤਕ ਉਸ ਦਾ ਕੋਈ ਵੀ ਨਾ ਬਚਿਆ।+
12 ਫਿਰ ਉਹ ਉੱਠਿਆ ਅਤੇ ਸਾਮਰਿਯਾ ਨੂੰ ਤੁਰ ਪਿਆ। ਰਾਹ ਵਿਚ ਇਕ ਅਜਿਹੀ ਜਗ੍ਹਾ ਸੀ ਜਿੱਥੇ ਚਰਵਾਹੇ ਭੇਡਾਂ ਦੀ ਉੱਨ ਕਤਰਦੇ ਸਨ। 13 ਉੱਥੇ ਯੇਹੂ ਦੀ ਮੁਲਾਕਾਤ ਯਹੂਦਾਹ ਦੇ ਰਾਜੇ ਅਹਜ਼ਯਾਹ+ ਦੇ ਭਰਾਵਾਂ ਨਾਲ ਹੋਈ ਅਤੇ ਉਸ ਨੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਕੌਣ ਹੋ?” ਉਨ੍ਹਾਂ ਨੇ ਜਵਾਬ ਦਿੱਤਾ: “ਅਸੀਂ ਅਹਜ਼ਯਾਹ ਦੇ ਭਰਾ ਹਾਂ ਅਤੇ ਅਸੀਂ ਰਾਜੇ ਦੇ ਪੁੱਤਰਾਂ ਅਤੇ ਰਾਜ-ਮਾਤਾ ਦੇ ਪੁੱਤਰਾਂ ਦਾ ਹਾਲ-ਚਾਲ ਪੁੱਛਣ ਜਾ ਰਹੇ ਹਾਂ।” 14 ਉਸ ਨੇ ਤੁਰੰਤ ਕਿਹਾ: “ਫੜ ਲਓ ਇਨ੍ਹਾਂ ਨੂੰ!” ਇਸ ਲਈ ਉਨ੍ਹਾਂ ਨੇ ਉਨ੍ਹਾਂ 42 ਆਦਮੀਆਂ ਨੂੰ ਫੜ ਕੇ ਉਸ ਖੂਹ ਲਾਗੇ ਵੱਢ ਸੁੱਟਿਆ ਜਿੱਥੇ ਚਰਵਾਹੇ ਭੇਡਾਂ ਦੀ ਉੱਨ ਕਤਰਦੇ ਸਨ। ਉਸ ਨੇ ਉਨ੍ਹਾਂ ਵਿੱਚੋਂ ਇਕ ਨੂੰ ਵੀ ਜੀਉਂਦਾ ਨਹੀਂ ਛੱਡਿਆ।+
15 ਉਹ ਉੱਥੋਂ ਅੱਗੇ ਗਿਆ ਅਤੇ ਉਸ ਦੀ ਮੁਲਾਕਾਤ ਰੇਕਾਬ+ ਦੇ ਪੁੱਤਰ ਯਹੋਨਾਦਾਬ+ ਨਾਲ ਹੋਈ ਜੋ ਉਸ ਨੂੰ ਮਿਲਣ ਆ ਰਿਹਾ ਸੀ। ਜਦੋਂ ਉਸ ਨੇ ਉਸ ਨੂੰ ਨਮਸਕਾਰ ਕੀਤਾ,* ਤਾਂ ਉਸ ਨੇ ਉਸ ਨੂੰ ਪੁੱਛਿਆ: “ਕੀ ਤੇਰਾ ਦਿਲ ਪੂਰੀ ਤਰ੍ਹਾਂ ਮੇਰੇ ਨਾਲ ਹੈ, ਜਿਵੇਂ ਮੇਰਾ ਦਿਲ ਤੇਰੇ ਦਿਲ ਨਾਲ ਹੈ?”
ਯਹੋਨਾਦਾਬ ਨੇ ਜਵਾਬ ਦਿੱਤਾ: “ਹਾਂ।”
“ਜੇ ਹਾਂ, ਤਾਂ ਮੈਨੂੰ ਆਪਣਾ ਹੱਥ ਫੜਾ।”
ਇਸ ਲਈ ਉਸ ਨੇ ਆਪਣਾ ਹੱਥ ਉਸ ਵੱਲ ਵਧਾਇਆ ਅਤੇ ਯੇਹੂ ਨੇ ਉਸ ਨੂੰ ਰਥ ਵਿਚ ਖਿੱਚ ਲਿਆ। 16 ਫਿਰ ਉਸ ਨੇ ਕਿਹਾ: “ਮੇਰੇ ਨਾਲ ਚੱਲ ਅਤੇ ਦੇਖ ਕਿ ਮੈਂ ਯਹੋਵਾਹ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀ ਬੇਵਫ਼ਾਈ ਨੂੰ ਬਰਦਾਸ਼ਤ ਨਹੀਂ ਕਰਦਾ।”*+ ਇਸ ਲਈ ਉਹ ਯਹੋਨਾਦਾਬ ਨੂੰ ਯੇਹੂ ਦੇ ਯੁੱਧ ਦੇ ਰਥ ਵਿਚ ਚੜ੍ਹਾ ਕੇ ਲੈ ਗਏ। 17 ਫਿਰ ਉਹ ਸਾਮਰਿਯਾ ਵਿਚ ਆਇਆ ਅਤੇ ਉਹ ਸਾਮਰਿਯਾ ਵਿਚ ਬਚੇ ਅਹਾਬ ਦੇ ਘਰਾਣੇ ਦੇ ਸਾਰੇ ਲੋਕਾਂ ਨੂੰ ਉਦੋਂ ਤਕ ਵੱਢਦਾ ਰਿਹਾ ਜਦ ਤਕ ਉਸ ਨੇ ਉਨ੍ਹਾਂ ਦਾ ਨਾਮੋ-ਨਿਸ਼ਾਨ ਨਾ ਮਿਟਾ ਦਿੱਤਾ,+ ਠੀਕ ਜਿਵੇਂ ਯਹੋਵਾਹ ਨੇ ਏਲੀਯਾਹ ਰਾਹੀਂ ਕਿਹਾ ਸੀ।+
18 ਇਸ ਤੋਂ ਬਾਅਦ, ਯੇਹੂ ਨੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਕਿਹਾ: “ਅਹਾਬ ਨੇ ਤਾਂ ਬਆਲ ਦੀ ਥੋੜ੍ਹੀ ਜਿਹੀ ਭਗਤੀ ਕੀਤੀ,+ ਪਰ ਯੇਹੂ ਵਧ-ਚੜ੍ਹ ਕੇ ਉਸ ਦੀ ਭਗਤੀ ਕਰੇਗਾ। 19 ਇਸ ਲਈ ਬਆਲ ਦੇ ਸਾਰੇ ਨਬੀਆਂ,+ ਉਸ ਦੇ ਸਾਰੇ ਭਗਤਾਂ ਅਤੇ ਉਸ ਦੇ ਸਾਰੇ ਪੁਜਾਰੀਆਂ+ ਨੂੰ ਮੇਰੇ ਕੋਲ ਬੁਲਾਓ। ਕੋਈ ਵੀ ਗ਼ੈਰ-ਹਾਜ਼ਰ ਨਾ ਹੋਵੇ ਕਿਉਂਕਿ ਮੈਂ ਬਆਲ ਨੂੰ ਇਕ ਬਹੁਤ ਵੱਡਾ ਬਲੀਦਾਨ ਚੜ੍ਹਾਉਣਾ ਹੈ। ਜਿਹੜਾ ਨਾ ਆਇਆ, ਉਸ ਨੂੰ ਜੀਉਂਦਾ ਨਹੀਂ ਛੱਡਿਆ ਜਾਵੇਗਾ।” ਪਰ ਯੇਹੂ ਨੇ ਇਹ ਚਲਾਕੀ ਬਆਲ ਦੇ ਭਗਤਾਂ ਨੂੰ ਖ਼ਤਮ ਕਰਨ ਲਈ ਖੇਡੀ ਸੀ।
20 ਯੇਹੂ ਨੇ ਅੱਗੇ ਕਿਹਾ: “ਬਆਲ ਲਈ ਇਕ ਖ਼ਾਸ ਸਭਾ ਦਾ ਐਲਾਨ ਕਰੋ।”* ਇਸ ਲਈ ਉਨ੍ਹਾਂ ਨੇ ਇਸ ਦਾ ਐਲਾਨ ਕੀਤਾ। 21 ਇਸ ਤੋਂ ਬਾਅਦ ਯੇਹੂ ਨੇ ਸਾਰੇ ਇਜ਼ਰਾਈਲ ਵਿਚ ਸੰਦੇਸ਼ ਭੇਜਿਆ ਅਤੇ ਬਆਲ ਦੇ ਸਾਰੇ ਭਗਤ ਆਏ। ਉਨ੍ਹਾਂ ਵਿੱਚੋਂ ਕੋਈ ਵੀ ਗ਼ੈਰ-ਹਾਜ਼ਰ ਨਹੀਂ ਸੀ। ਉਹ ਬਆਲ ਦੇ ਮੰਦਰ ਵਿਚ ਦਾਖ਼ਲ ਹੋਏ+ ਅਤੇ ਬਆਲ ਦਾ ਮੰਦਰ ਖਚਾਖਚ ਭਰ ਗਿਆ। 22 ਉਸ ਨੇ ਪੁਸ਼ਾਕ-ਘਰ ਦੇ ਨਿਗਰਾਨ ਨੂੰ ਕਿਹਾ: “ਬਆਲ ਦੇ ਸਾਰੇ ਭਗਤਾਂ ਲਈ ਕੱਪੜੇ ਕੱਢ ਕੇ ਲਿਆ।” ਇਸ ਲਈ ਉਹ ਉਨ੍ਹਾਂ ਲਈ ਕੱਪੜੇ ਕੱਢ ਕੇ ਲਿਆਇਆ। 23 ਫਿਰ ਯੇਹੂ ਅਤੇ ਰੇਕਾਬ ਦਾ ਪੁੱਤਰ ਯਹੋਨਾਦਾਬ+ ਬਆਲ ਦੇ ਮੰਦਰ ਵਿਚ ਗਏ। ਉਸ ਨੇ ਬਆਲ ਦੇ ਭਗਤਾਂ ਨੂੰ ਕਿਹਾ: “ਧਿਆਨ ਨਾਲ ਜਾਂਚ ਕਰੋ ਤੇ ਦੇਖੋ ਕਿ ਇੱਥੇ ਯਹੋਵਾਹ ਦਾ ਕੋਈ ਭਗਤ ਨਾ ਹੋਵੇ, ਸਿਰਫ਼ ਬਆਲ ਦੇ ਭਗਤ ਹੀ ਹੋਣ।” 24 ਅਖ਼ੀਰ ਬਲੀਦਾਨ ਅਤੇ ਹੋਮ-ਬਲ਼ੀਆਂ ਚੜ੍ਹਾਉਣ ਲਈ ਉਹ ਅੰਦਰ ਚਲੇ ਗਏ। ਯੇਹੂ ਨੇ ਆਪਣੇ 80 ਆਦਮੀ ਬਾਹਰ ਖੜ੍ਹੇ ਕੀਤੇ ਸਨ ਅਤੇ ਉਨ੍ਹਾਂ ਨੂੰ ਕਿਹਾ ਸੀ: “ਜਿਨ੍ਹਾਂ ਨੂੰ ਮੈਂ ਤੁਹਾਡੇ ਹੱਥ ਵਿਚ ਦੇ ਰਿਹਾ ਹਾਂ, ਜੇ ਉਨ੍ਹਾਂ ਵਿੱਚੋਂ ਕੋਈ ਵੀ ਬਚ ਨਿਕਲਿਆ, ਤਾਂ ਉਸ ਦੀ ਜਾਨ ਦੇ ਬਦਲੇ ਤੁਹਾਡੀ ਜਾਨ ਲਈ ਜਾਵੇਗੀ।”
25 ਜਿਉਂ ਹੀ ਉਹ ਹੋਮ-ਬਲ਼ੀਆਂ ਚੜ੍ਹਾ ਹਟਿਆ, ਯੇਹੂ ਨੇ ਅੰਗ-ਰੱਖਿਅਕਾਂ ਅਤੇ ਸਹਾਇਕ ਅਧਿਕਾਰੀਆਂ ਨੂੰ ਕਿਹਾ: “ਅੰਦਰ ਆ ਕੇ ਉਨ੍ਹਾਂ ਨੂੰ ਵੱਢ ਸੁੱਟੋ! ਇਕ ਨੂੰ ਵੀ ਨਾ ਛੱਡਿਓ!”+ ਇਸ ਲਈ ਅੰਗ-ਰੱਖਿਅਕਾਂ* ਅਤੇ ਸਹਾਇਕ ਅਧਿਕਾਰੀਆਂ ਨੇ ਉਨ੍ਹਾਂ ਨੂੰ ਤਲਵਾਰ ਨਾਲ ਵੱਢ ਕੇ ਬਾਹਰ ਸੁੱਟ ਦਿੱਤਾ ਅਤੇ ਉਹ ਬਆਲ ਦੇ ਮੰਦਰ ਦੇ ਅੰਦਰਲੇ ਕਮਰੇ* ਤਕ ਇਸ ਤਰ੍ਹਾਂ ਕਰਦੇ ਗਏ। 26 ਫਿਰ ਉਹ ਬਆਲ ਦੇ ਮੰਦਰ ਦੇ ਸਾਰੇ ਪੂਜਾ-ਥੰਮ੍ਹ+ ਬਾਹਰ ਲਿਆਏ ਅਤੇ ਉਨ੍ਹਾਂ ਨੂੰ ਸਾੜ ਦਿੱਤਾ।+ 27 ਉਨ੍ਹਾਂ ਨੇ ਬਆਲ ਦੇ ਪੂਜਾ-ਥੰਮ੍ਹ ਨੂੰ ਢਾਹ ਦਿੱਤਾ+ ਅਤੇ ਉਨ੍ਹਾਂ ਨੇ ਬਆਲ ਦੇ ਮੰਦਰ+ ਨੂੰ ਢਾਹ ਕੇ ਉਸ ਜਗ੍ਹਾ ਨੂੰ ਪਖਾਨਾ ਬਣਾ ਦਿੱਤਾ ਜੋ ਅੱਜ ਵੀ ਉਸੇ ਤਰ੍ਹਾਂ ਹੈ।
28 ਇਸ ਤਰ੍ਹਾਂ ਯੇਹੂ ਨੇ ਇਜ਼ਰਾਈਲ ਵਿੱਚੋਂ ਬਆਲ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ। 29 ਪਰ ਯੇਹੂ ਨੇ ਬੈਤੇਲ ਅਤੇ ਦਾਨ ਵਿੱਚੋਂ ਸੋਨੇ ਦੇ ਵੱਛੇ ਨਹੀਂ ਹਟਾਏ। ਇਸ ਤਰ੍ਹਾਂ ਉਸ ਨੇ ਉਨ੍ਹਾਂ ਪਾਪਾਂ ਤੋਂ ਮੂੰਹ ਨਹੀਂ ਮੋੜਿਆ ਜੋ ਨਬਾਟ ਦੇ ਪੁੱਤਰ ਯਾਰਾਬੁਆਮ ਨੇ ਇਜ਼ਰਾਈਲ ਤੋਂ ਕਰਾਏ ਸਨ।+ 30 ਯਹੋਵਾਹ ਨੇ ਯੇਹੂ ਨੂੰ ਕਿਹਾ: “ਤੂੰ ਚੰਗੇ ਕੰਮ ਕੀਤੇ ਹਨ ਅਤੇ ਮੈਂ ਆਪਣੇ ਦਿਲ ਵਿਚ ਅਹਾਬ ਦੇ ਘਰਾਣੇ ਨਾਲ ਜੋ ਕਰਨ ਬਾਰੇ ਸੋਚਿਆ ਸੀ,+ ਤੂੰ ਉਹ ਸਭ ਕਰ ਕੇ ਉਹੀ ਕੀਤਾ ਜੋ ਮੇਰੀਆਂ ਨਜ਼ਰਾਂ ਵਿਚ ਸਹੀ ਸੀ। ਇਸ ਲਈ ਤੇਰੇ ਪੁੱਤਰਾਂ ਦੀਆਂ ਚਾਰ ਪੀੜ੍ਹੀਆਂ ਇਜ਼ਰਾਈਲ ਦੇ ਸਿੰਘਾਸਣ ʼਤੇ ਬੈਠਣਗੀਆਂ।”+ 31 ਪਰ ਯੇਹੂ ਨੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੇ ਕਾਨੂੰਨ ਅਨੁਸਾਰ ਪੂਰੇ ਦਿਲ ਨਾਲ ਚੱਲਣ ਦਾ ਧਿਆਨ ਨਹੀਂ ਰੱਖਿਆ।+ ਉਸ ਨੇ ਉਨ੍ਹਾਂ ਪਾਪਾਂ ਤੋਂ ਮੂੰਹ ਨਹੀਂ ਮੋੜਿਆ ਜੋ ਯਾਰਾਬੁਆਮ ਨੇ ਇਜ਼ਰਾਈਲ ਤੋਂ ਕਰਾਏ ਸਨ।+
32 ਉਨ੍ਹਾਂ ਦਿਨਾਂ ਵਿਚ ਯਹੋਵਾਹ ਨੇ ਇਜ਼ਰਾਈਲ ਦੇ ਇਲਾਕੇ ਨੂੰ ਹੌਲੀ-ਹੌਲੀ ਘਟਾਉਣਾ ਸ਼ੁਰੂ ਕਰ ਦਿੱਤਾ। ਹਜ਼ਾਏਲ ਇਜ਼ਰਾਈਲ ਦੇ ਸਾਰੇ ਇਲਾਕੇ ਵਿਚ ਉਨ੍ਹਾਂ ʼਤੇ ਹਮਲਾ ਕਰਦਾ ਰਿਹਾ,+ 33 ਯਰਦਨ ਦਰਿਆ ਦੇ ਪੂਰਬ ਵੱਲ ਗਿਲਆਦ ਦਾ ਸਾਰਾ ਇਲਾਕਾ ਜੋ ਦੱਖਣ ਵਿਚ ਅਰਨੋਨ ਘਾਟੀ ਦੇ ਨਾਲ ਲੱਗਦੇ ਅਰੋਏਰ ਤੋਂ ਲੈ ਕੇ ਉੱਤਰ ਵਿਚ ਗਿਲਆਦ ਅਤੇ ਬਾਸ਼ਾਨ ਤਕ, ਹਾਂ, ਗਾਦ, ਰਊਬੇਨ ਅਤੇ ਮਨੱਸ਼ਹ ਗੋਤ+ ਦਾ ਸਾਰਾ ਇਲਾਕਾ।+
34 ਯੇਹੂ ਦੀ ਬਾਕੀ ਕਹਾਣੀ, ਉਸ ਦੇ ਸਾਰੇ ਕੰਮਾਂ ਅਤੇ ਉਸ ਦੀ ਤਾਕਤ ਬਾਰੇ ਇਜ਼ਰਾਈਲ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ। 35 ਫਿਰ ਯੇਹੂ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਸਾਮਰਿਯਾ ਵਿਚ ਦਫ਼ਨਾ ਦਿੱਤਾ; ਉਸ ਦਾ ਪੁੱਤਰ ਯਹੋਆਹਾਜ਼+ ਉਸ ਦੀ ਜਗ੍ਹਾ ਰਾਜਾ ਬਣ ਗਿਆ। 36 ਸਾਮਰਿਯਾ ਵਿਚ ਇਜ਼ਰਾਈਲ ਉੱਤੇ ਯੇਹੂ ਦੇ ਰਾਜ ਕਰਨ ਦਾ ਸਮਾਂ* 28 ਸਾਲ ਸੀ।