ਮਨ ਲਾ ਕੇ ਯਹੋਵਾਹ ਦੀ ਭਾਲ ਕਰਨੀ
ਇਸਰਾਏਲੀ ਜਾਜਕ ਅਜ਼ਰਾ ਇਕ ਵਧੀਆ ਖੋਜਕਾਰ, ਵਿਦਵਾਨ, ਨਕਲਨਵੀਸ ਅਤੇ ਬਿਵਸਥਾ ਦਾ ਸਿਖਾਉਣ ਵਾਲਾ ਸੀ। ਅੱਜ ਦੇ ਮਸੀਹੀਆਂ ਲਈ ਉਹ ਤਨ-ਮਨ ਨਾਲ ਸੇਵਾ ਕਰਨ ਦੀ ਇਕ ਵਧੀਆ ਮਿਸਾਲ ਹੈ। ਉਹ ਕਿਵੇਂ? ਉਸ ਨੇ ਬਾਬੁਲ ਸ਼ਹਿਰ ਵਿਚ ਰਹਿੰਦੇ ਹੋਏ ਵੀ, ਜਿੱਥੇ ਝੂਠੇ ਦੇਵਤਿਆਂ ਅਤੇ ਪਿਸ਼ਾਚਾਂ ਦੀ ਉਪਾਸਨਾ ਕੀਤੀ ਜਾਂਦੀ ਸੀ, ਆਪਣੀ ਪਰਮੇਸ਼ੁਰੀ ਭਗਤੀ ਜਾਰੀ ਰੱਖੀ।
ਅਜ਼ਰਾ ਵਿਚ ਪਰਮੇਸ਼ੁਰੀ ਭਗਤੀ ਆਪਣੇ ਆਪ ਹੀ ਪੈਦਾ ਨਹੀਂ ਹੋ ਗਈ। ਉਸ ਨੇ ਇਸ ਨੂੰ ਪੈਦਾ ਕਰਨ ਲਈ ਮਿਹਨਤ ਕੀਤੀ। ਨਿਰਸੰਦੇਹ, ਉਹ ਦੱਸਦਾ ਹੈ ਕਿ ਉਸ ਨੇ ‘ਯਹੋਵਾਹ ਦੀ ਬਿਵਸਥਾ ਦੀ ਖੋਜ ਕਰਨ ਤੇ ਉਹ ਦੇ ਉੱਤੇ ਚੱਲਣ ਤੇ ਮਨ ਲਾਇਆ ਸੀ।’ (ਅਜ਼ਰਾ 7:10) ਬਾਈਬਲ ਵਿਚ “ਮਨ ਲਾਇਆ” ਸ਼ਬਦਾਂ ਦਾ ਅਸਲ ਵਿਚ ਮਤਲਬ ਹੈ ‘ਮਨ ਨੂੰ ਤਿਆਰ ਕਰਨਾ।’
ਅਜ਼ਰਾ ਵਾਂਗ, ਅੱਜ ਯਹੋਵਾਹ ਦੇ ਲੋਕ ਵੀ ਸੱਚੀ ਉਪਾਸਨਾ ਦੀ ਇਸ ਦੁਸ਼ਮਣ ਦੁਨੀਆਂ ਵਿਚ ਰਹਿੰਦੇ ਹੋਏ ਉਹੀ ਸਭ ਕੁਝ ਕਰਨਾ ਚਾਹੁੰਦੇ ਹਨ ਜੋ ਯਹੋਵਾਹ ਉਨ੍ਹਾਂ ਤੋਂ ਮੰਗਦਾ ਹੈ। ਇਸ ਕਰਕੇ ਆਓ ਅਸੀਂ ਉਨ੍ਹਾਂ ਤਰੀਕਿਆਂ ਦੀ ਜਾਂਚ ਕਰੀਏ ਜਿਨ੍ਹਾਂ ਨਾਲ ਅਸੀਂ ਵੀ ਆਪਣੇ ਮਨ ਯਾਨੀ ਅੰਦਰੂਨੀ ਇਨਸਾਨ—ਜਿਸ ਵਿਚ ਸਾਡੇ ਸੋਚ-ਵਿਚਾਰ, ਤੌਰ-ਤਰੀਕੇ, ਇੱਛਾਵਾਂ ਤੇ ਮਨੋਰਥ ਸ਼ਾਮਲ ਹਨ—ਨੂੰ “ਯਹੋਵਾਹ ਦੀ ਬਿਵਸਥਾ ਦੀ ਖੋਜ ਕਰਨ ਤੇ ਉਹ ਦੇ ਉੱਤੇ ਚੱਲਨ” ਲਈ ਤਿਆਰ ਕਰ ਸਕੀਏ।
ਆਪਣੇ ਮਨ ਨੂੰ ਤਿਆਰ ਕਰਨਾ
“ਤਿਆਰ ਕਰਨਾ” ਦਾ ਮਤਲਬ ਹੈ “ਕਿਸੇ ਮਕਸਦ ਨੂੰ ਪੂਰਾ ਕਰਨ ਲਈ ਪਹਿਲਾਂ ਤੋਂ ਹੀ ਤਿਆਰ ਰਹਿਣਾ।” ਨਿਰਸੰਦੇਹ, ਜੇਕਰ ਤੁਸੀਂ ਪਰਮੇਸ਼ੁਰ ਦੇ ਬਚਨ ਦਾ ਸਹੀ ਗਿਆਨ ਲੈ ਕੇ ਆਪਣੀ ਜ਼ਿੰਦਗੀ ਯਹੋਵਾਹ ਪਰਮੇਸ਼ੁਰ ਨੂੰ ਸਮਰਪਿਤ ਕੀਤੀ ਹੈ, ਤਾਂ ਯਕੀਨਨ ਤੁਹਾਡਾ ਮਨ ਤਿਆਰ ਹੋ ਚੁੱਕਾ ਹੈ। ਇਸ ਤਰ੍ਹਾਂ ਦੇ ਮਨ ਦੀ ਤੁਲਨਾ “ਚੰਗੀ ਜ਼ਮੀਨ” ਨਾਲ ਕੀਤੀ ਜਾ ਸਕਦੀ ਹੈ ਜਿਸ ਬਾਰੇ ਯਿਸੂ ਨੇ ਆਪਣੇ ਬੀ ਬੀਜਣ ਵਾਲੇ ਦ੍ਰਿਸ਼ਟਾਂਤ ਵਿਚ ਗੱਲ ਕੀਤੀ ਸੀ।—ਮੱਤੀ 13:18-23.
ਫਿਰ ਵੀ, ਸਾਨੂੰ ਆਪਣੇ ਮਨ ਵੱਲ ਲਗਾਤਾਰ ਧਿਆਨ ਦੇਣ ਅਤੇ ਇਸ ਵਿਚ ਸੁਧਾਰ ਕਰਨ ਦੀ ਲੋੜ ਹੈ। ਕਿਉਂ? ਇਸ ਦੇ ਦੋ ਕਾਰਨ ਹਨ। ਪਹਿਲਾਂ ਤਾਂ ਇਹ ਕਿ ਇਕ ਬਾਗ਼ ਦੀ ਜੰਗਲੀ ਬੂਟੀ ਵਾਂਗ ਖ਼ਤਰਨਾਕ ਝੁਕਾਅ, ਖ਼ਾਸ ਕਰਕੇ ਇਨ੍ਹਾਂ “ਅੰਤ ਦਿਆਂ ਦਿਨਾਂ” ਵਿਚ ਆਸਾਨੀ ਨਾਲ ਸਾਡੇ ਮਨ ਅੰਦਰ ਜੜ੍ਹ ਫੜ ਸਕਦੇ ਹਨ। ਕਿਉਂਕਿ ਸਾਡੇ ਚਾਰੇ ਪਾਸੇ ਸ਼ਤਾਨ ਦੀ ਰੀਤੀ-ਵਿਵਸਥਾ ਦੀ ਹਵਾ ਦੁਨਿਆਵੀ ਸੋਚ-ਵਿਚਾਰਾਂ ਦੇ ਘਾਤਕ ਬੀਜਾਂ ਨਾਲ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਭਰੀ ਹੋਈ ਹੈ। (2 ਤਿਮੋਥਿਉਸ 3:1-5; ਅਫ਼ਸੀਆਂ 2:2) ਦੂਸਰਾ ਕਾਰਨ ਖ਼ੁਦ ਜ਼ਮੀਨ ਹੈ। ਥੋੜ੍ਹੀ ਜਿਹੀ ਵੀ ਅਣਗਹਿਲੀ ਕਰਨ ਤੇ ਜ਼ਮੀਨ ਸੁੱਕ ਸਕਦੀ, ਸਖ਼ਤ ਹੋ ਸਕਦੀ ਅਤੇ ਬੰਜਰ ਹੋ ਸਕਦੀ ਹੈ। ਬਹੁਤ ਸਾਰੇ ਲੋਕ ਲਾਪਰਵਾਹੀ ਨਾਲ ਬਾਗ਼ ਵਿਚ ਤੁਰ-ਫਿਰ ਸਕਦੇ ਅਤੇ ਜ਼ਮੀਨ ਨੂੰ ਪੈਰਾਂ ਹੇਠ ਮਿੱਧ ਕੇ ਸਖ਼ਤ ਬਣਾ ਸਕਦੇ ਹਨ। ਸਾਡੇ ਮਨ ਦੀ ਲਾਖਣਿਕ ਜ਼ਮੀਨ ਵੀ ਇਸੇ ਤਰ੍ਹਾਂ ਦੀ ਹੈ। ਇਹ ਉਦੋਂ ਬੰਜਰ ਹੋ ਸਕਦੀ ਹੈ ਜਦੋਂ ਉਨ੍ਹਾਂ ਲੋਕਾਂ ਦੁਆਰਾ ਇਸ ਨੂੰ ਅਣਗੌਲਿਆਂ ਜਾਂ ਮਿੱਧਿਆ ਜਾਂਦਾ ਹੈ ਜਿਨ੍ਹਾਂ ਨੂੰ ਸਾਡੀ ਅਧਿਆਤਮਿਕ ਭਲਾਈ ਵਿਚ ਕੋਈ ਦਿਲਚਸਪੀ ਨਹੀਂ ਹੈ।
ਫਿਰ ਇਹ ਸਾਡੇ ਸਾਰਿਆਂ ਲਈ ਕਿੰਨਾ ਜ਼ਰੂਰੀ ਹੈ ਕਿ ਅਸੀਂ ਬਾਈਬਲ ਵਿਚ ਦਿੱਤੀ ਇਸ ਨਸੀਹਤ ਨੂੰ ਲਾਗੂ ਕਰੀਏ: “ਆਪਣੇ ਮਨ ਦੀ ਵੱਡੀ ਚੌਕਸੀ ਕਰ, ਕਿਉਂ ਜੋ ਜੀਉਣ ਦੀਆਂ ਧਾਰਾਂ ਓਸੇ ਤੋਂ ਨਿੱਕਲਦੀਆਂ ਹਨ!”—ਕਹਾਉਤਾਂ 4:23.
ਸਾਡੇ ਮਨ ਦੀ “ਜ਼ਮੀਨ” ਨੂੰ ਉਪਜਾਊ ਬਣਾਉਣ ਵਾਲੀਆਂ ਗੱਲਾਂ
ਆਓ ਅਸੀਂ ਕੁਝ ਗੱਲਾਂ ਜਾਂ ਗੁਣਾਂ ਉੱਤੇ ਵਿਚਾਰ ਕਰੀਏ, ਜੋ ਸਾਡੇ ਮਨ ਦੀ “ਜ਼ਮੀਨ” ਨੂੰ ਉਪਜਾਊ ਬਣਾਉਣ ਵਿਚ ਮਦਦ ਕਰਨਗੇ ਤਾਂਕਿ ਇਹ ਚੰਗੇ ਫਲ ਪੈਦਾ ਕਰੇ। ਯਕੀਨਨ, ਸਾਡੇ ਮਨ ਨੂੰ ਸੁਧਾਰਨ ਵਿਚ ਬਹੁਤ ਸਾਰੀਆਂ ਗੱਲਾਂ ਮਦਦ ਕਰਨਗੀਆਂ, ਪਰ ਇੱਥੇ ਅਸੀਂ ਸਿਰਫ਼ ਛੇ ਗੱਲਾਂ ਉੱਤੇ ਗੌਰ ਕਰਾਂਗੇ: ਆਪਣੀਆਂ ਅਧਿਆਤਮਿਕ ਲੋੜਾਂ ਨੂੰ ਪਛਾਣਨਾ, ਨਿਮਰਤਾ, ਈਮਾਨਦਾਰੀ, ਪਰਮੇਸ਼ੁਰੀ ਡਰ, ਨਿਹਚਾ ਅਤੇ ਪਿਆਰ।
ਯਿਸੂ ਨੇ ਕਿਹਾ: “ਖ਼ੁਸ਼ ਹਨ ਉਹ ਜੋ ਆਪਣੀ ਅਧਿਆਤਮਿਕ ਲੋੜ ਦੇ ਪ੍ਰਤੀ ਸਚੇਤ ਹਨ, ਕਿਉਂ ਜੋ ਸਵਰਗ ਦਾ ਰਾਜ ਉਨ੍ਹਾਂ ਦਾ ਹੈ।” (ਮੱਤੀ 5:3, ਨਿ ਵ) ਜਿਵੇਂ ਸਰੀਰਕ ਭੁੱਖ ਸਾਨੂੰ ਯਾਦ ਦਿਲਾਉਂਦੀ ਹੈ ਕਿ ਸਾਨੂੰ ਭੋਜਨ ਖਾਣ ਦੀ ਲੋੜ ਹੈ ਉਸੇ ਤਰ੍ਹਾਂ ਅਧਿਆਤਮਿਕ ਲੋੜਾਂ ਪ੍ਰਤੀ ਸਚੇਤਤਾ ਸਾਨੂੰ ਅਧਿਆਤਮਿਕ ਭੋਜਨ ਲੈਣ ਲਈ ਭੁੱਖਾ ਰੱਖਦੀ ਹੈ। ਆਮ ਤੌਰ ਤੇ ਸਾਰੇ ਇਨਸਾਨ ਅਜਿਹੇ ਭੋਜਨ ਦੀ ਲਾਲਸਾ ਕਰਦੇ ਹੀ ਹਨ ਕਿਉਂਕਿ ਇਹ ਜ਼ਿੰਦਗੀ ਨੂੰ ਇਕ ਅਰਥ ਅਤੇ ਮਕਸਦ ਦਿੰਦਾ ਹੈ। ਜਦੋਂ ਅਧਿਐਨ ਕਰਨ ਦੀ ਗੱਲ ਆਉਂਦੀ ਹੈ, ਤਾਂ ਸ਼ਤਾਨ ਦੀ ਰੀਤੀ-ਵਿਵਸਥਾ ਤੋਂ ਆਉਣ ਵਾਲੇ ਦਬਾਅ ਜਾਂ ਬਹੁਤਾ ਆਲਸ ਸਾਨੂੰ ਇਸ ਲੋੜ ਪ੍ਰਤੀ ਲਾਪਰਵਾਹ ਬਣਾ ਸਕਦਾ ਹੈ। ਫਿਰ ਵੀ, ਯਿਸੂ ਨੇ ਕਿਹਾ: “ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ੁਰ ਦੇ ਮੁਖੋਂ ਨਿੱਕਲਦਾ ਹੈ।”—ਮੱਤੀ 4:4.
ਸ਼ਾਬਦਿਕ ਤੌਰ ਤੇ ਬਾਕਾਇਦਾ ਲਿਆ ਗਿਆ ਸੰਤੁਲਿਤ ਅਤੇ ਪੌਸ਼ਟਿਕ ਭੋਜਨ ਸਰੀਰ ਨੂੰ ਤਕੜਾ ਬਣਾਉਂਦਾ ਹੈ ਅਤੇ ਸਮਾਂ ਆਉਣ ਤੇ ਅਗਲੀ ਵਾਰ ਦਾ ਭੋਜਨ ਖਾਣ ਲਈ ਭੁੱਖ ਲਗਾਉਂਦਾ ਹੈ। ਅਧਿਆਤਮਿਕ ਪੱਖੋਂ ਵੀ ਇਹ ਬਿਲਕੁਲ ਸਹੀ ਹੈ। ਸ਼ਾਇਦ ਤੁਹਾਨੂੰ ਪੜ੍ਹਨ ਦਾ ਇੰਨਾ ਸ਼ੌਕ ਨਾ ਹੋਵੇ, ਪਰ ਜੇ ਤੁਸੀਂ ਪਰਮੇਸ਼ੁਰ ਦੇ ਬਚਨ ਨੂੰ ਰੋਜ਼ਾਨਾ ਪੜ੍ਹਨ ਦੀ ਆਦਤ ਬਣਾ ਲਓ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦਾ ਬਾਕਾਇਦਾ ਅਧਿਐਨ ਕਰੋ, ਤਾਂ ਤੁਸੀਂ ਪਾਓਗੇ ਕਿ ਤੁਹਾਡੀ ਅਧਿਆਤਮਿਕ ਭੁੱਖ ਵੱਧ ਰਹੀ ਹੈ। ਅਸਲ ਵਿਚ, ਤੁਸੀਂ ਆਪਣੇ ਬਾਈਬਲ ਅਧਿਐਨ ਕਰਨ ਦੇ ਸਮੇਂ ਦੀ ਉਤਸੁਕਤਾ ਨਾਲ ਉਡੀਕ ਕਰੋਗੇ। ਇਸ ਲਈ ਛੇਤੀ ਕਿਤੇ ਨਿਰਾਸ਼ ਨਾ ਹੋਵੋ, ਵਧੀਆ ਅਧਿਆਤਮਿਕ ਭੁੱਖ ਪੈਦਾ ਕਰਨ ਲਈ ਮਿਹਨਤ ਕਰੋ।
ਨਿਮਰਤਾ ਮਨ ਨੂੰ ਨਰਮ ਕਰਦੀ ਹੈ
ਨਿਮਰਤਾ ਤਿਆਰ ਮਨ ਲਈ ਇਕ ਅਹਿਮ ਕਾਰਨ ਹੈ, ਕਿਉਂਕਿ ਇਹ ਸਾਨੂੰ ਸਿੱਖਣ ਲਈ ਪ੍ਰੇਰਦੀ ਹੈ ਅਤੇ ਪਿਆਰ ਭਰੀ ਸਲਾਹ ਅਤੇ ਗ਼ਲਤੀ ਨੂੰ ਜਲਦੀ ਹੀ ਮੰਨ ਲੈਣ ਵਿਚ ਸਾਡੀ ਮਦਦ ਕਰਦੀ ਹੈ। ਰਾਜਾ ਯੋਸੀਯਾਹ ਦੀ ਵਧੀਆ ਮਿਸਾਲ ਉੱਤੇ ਗੌਰ ਕਰੋ। ਉਸ ਦੇ ਰਾਜ ਦੌਰਾਨ ਮੂਸਾ ਦੁਆਰਾ ਦਿੱਤੀ ਪਰਮੇਸ਼ੁਰ ਦੇ ਨਿਯਮਾਂ ਦੀ ਇਕ ਪੋਥੀ ਲੱਭੀ। ਜਦੋਂ ਯੋਸੀਯਾਹ ਨੇ ਪੋਥੀ ਦੀਆਂ ਗੱਲਾਂ ਨੂੰ ਸੁਣਿਆ, ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੇ ਪਿਉ-ਦਾਦੇ ਸ਼ੁੱਧ ਉਪਾਸਨਾ ਤੋਂ ਕਿੰਨੇ ਦੂਰ ਹੋ ਗਏ ਸਨ, ਇਹ ਜਾਣ ਕੇ ਉਸ ਨੇ ਆਪਣੇ ਕੱਪੜੇ ਫਾੜੇ ਅਤੇ ਯਹੋਵਾਹ ਸਾਮ੍ਹਣੇ ਰੋਇਆ। ਪਰਮੇਸ਼ੁਰ ਦੇ ਬਚਨ ਨੇ ਰਾਜੇ ਦੇ ਮਨ ਨੂੰ ਇੰਨੀ ਡੂੰਘਾਈ ਨਾਲ ਕਿਉਂ ਛੋਹਿਆ? ਬਿਰਤਾਂਤ ਦੱਸਦਾ ਹੈ ਕਿ ਉਸ ਦਾ ਮਨ “ਮੁਲੈਮ” ਸੀ ਜਿਸ ਕਰਕੇ ਉਸ ਨੇ ਯਹੋਵਾਹ ਦੇ ਬਚਨਾਂ ਨੂੰ ਸੁਣ ਕੇ ਆਪਣੇ ਆਪ ਨੂੰ ਨਿਮਰ ਕੀਤਾ। ਯਹੋਵਾਹ ਨੇ ਦੇਖਿਆ ਕਿ ਯੋਸੀਯਾਹ ਨਿਮਰ ਤੇ ਤਿਆਰ ਮਨ ਵਾਲਾ ਇਨਸਾਨ ਸੀ, ਇਸੇ ਲਈ ਯਹੋਵਾਹ ਨੇ ਉਸ ਨੂੰ ਬਰਕਤਾਂ ਦਿੱਤੀਆਂ।—2 ਰਾਜਿਆਂ 22:11, 18-20.
ਨਿਮਰਤਾ ਨੇ ਯਿਸੂ ਦੇ “ਵਿਦਵਾਨ ਨਹੀਂ ਸਗੋਂ ਆਮ” ਚੇਲਿਆਂ ਨੂੰ ਅਧਿਆਤਮਿਕ ਸੱਚਾਈਆਂ ਸਮਝਣ ਅਤੇ ਲਾਗੂ ਕਰਨ ਦੇ ਯੋਗ ਬਣਾਇਆ, ਜਿਸ ਨੂੰ “ਸਰੀਰ ਦੇ ਅਨੁਸਾਰ” ਚੱਲਣ ਵਾਲੇ ‘ਗਿਆਨੀ ਅਤੇ ਬੁੱਧਵਾਨ’ ਲੋਕਾਂ ਕੋਲੋਂ ਲੁਕਾਇਆ ਸੀ। (ਰਸੂਲਾਂ ਦੇ ਕਰਤੱਬ 4:13; ਲੂਕਾ 10:21; 1 ਕੁਰਿੰਥੀਆਂ 1:26) ਗਿਆਨੀ ਅਤੇ ਬੁੱਧਵਾਨ ਲੋਕ ਯਹੋਵਾਹ ਦੇ ਬਚਨ ਨੂੰ ਮੰਨਣ ਲਈ ਤਿਆਰ ਨਹੀਂ ਸਨ, ਕਿਉਂਕਿ ਉਨ੍ਹਾਂ ਦਾ ਮਨ ਹੰਕਾਰ ਕਾਰਨ ਸਖ਼ਤ ਹੋ ਗਿਆ ਸੀ। ਤਾਂ ਫਿਰ ਕੀ, ਇਹ ਕੋਈ ਹੈਰਾਨੀ ਵਾਲੀ ਗੱਲ ਹੈ ਕਿ ਯਹੋਵਾਹ ਹੰਕਾਰ ਤੋਂ ਨਫ਼ਰਤ ਕਰਦਾ ਹੈ?—ਕਹਾਉਤਾਂ 8:13; ਦਾਨੀਏਲ 5:20.
ਈਮਾਨਦਾਰੀ ਅਤੇ ਪਰਮੇਸ਼ੁਰੀ ਡਰ
ਨਬੀ ਯਿਰਮਿਯਾਹ ਨੇ ਲਿਖਿਆ ਕਿ “ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ, ਉਹ ਨੂੰ ਕੌਣ ਜਾਣ ਸੱਕਦਾ ਹੈ?” (ਯਿਰਮਿਯਾਹ 17:9) ਇਹ ਧੋਖਾ ਬਹੁਤ ਸਾਰੇ ਤਰੀਕਿਆਂ ਤੋਂ ਦਿੱਸ ਸਕਦਾ ਹੈ, ਜਿਵੇਂ ਕਿ ਜਦੋਂ ਅਸੀਂ ਗ਼ਲਤੀ ਕਰ ਕੇ ਬਹਾਨੇ ਬਣਾਉਂਦੇ ਹਾਂ। ਨਾਲੇ ਜਦੋਂ ਅਸੀਂ ਆਪਣੀ ਸ਼ਖ਼ਸੀਅਤ ਦੇ ਗੰਭੀਰ ਔਗੁਣਾਂ ਨੂੰ ਨਜ਼ਰਅੰਦਾਜ਼ ਕਰਦੇ ਹਾਂ। ਪਰ, ਈਮਾਨਦਾਰੀ ਸਾਨੂੰ ਆਪਣੇ ਬਾਰੇ ਸੱਚਾਈ ਦਾ ਸਾਮ੍ਹਣਾ ਕਰਨ ਅਤੇ ਧੋਖੇਬਾਜ਼ ਦਿਲ ਉੱਤੇ ਜਿੱਤ ਹਾਸਲ ਕਰਨ ਵਿਚ ਮਦਦ ਕਰੇਗੀ, ਤਾਂਕਿ ਅਸੀਂ ਆਪਣੇ ਆਪ ਵਿਚ ਸੁਧਾਰ ਕਰ ਸਕੀਏ। ਜ਼ਬੂਰਾਂ ਦੇ ਲਿਖਾਰੀ ਨੇ ਅਜਿਹੀ ਹੀ ਈਮਾਨਦਾਰੀ ਦਿਖਾਈ ਜਦੋਂ ਉਸ ਨੇ ਪ੍ਰਾਰਥਨਾ ਕੀਤੀ: “ਹੇ ਯਹੋਵਾਹ, ਮੈਨੂੰ ਪਰਖ ਅਤੇ ਮੈਨੂੰ ਪਰਤਾ, ਮੇਰੇ ਗੁਰਦੇ ਅਤੇ ਮੇਰੇ ਦਿਲ ਨੂੰ ਜਾਚ।” ਯਕੀਨਨ, ਜ਼ਬੂਰਾਂ ਦੇ ਲਿਖਾਰੀ ਨੇ ਯਹੋਵਾਹ ਦੁਆਰਾ ਤਾਏ ਜਾਣ ਅਤੇ ਪਰਤਾਏ ਜਾਣ ਲਈ ਆਪਣਾ ਮਨ ਤਿਆਰ ਕੀਤਾ ਸੀ, ਭਾਵੇਂ ਕਿ ਉਸ ਨੂੰ ਆਪਣੇ ਔਗੁਣਾਂ ਨੂੰ ਕਬੂਲ ਕਰਨਾ ਪਿਆ ਜਿਨ੍ਹਾਂ ਉੱਤੇ ਕਾਬੂ ਪਾਉਣ ਦੀ ਲੋੜ ਸੀ।—ਜ਼ਬੂਰ 17:3; 26:2.
ਪਰਮੇਸ਼ੁਰੀ ਡਰ, ਜਿਸ ਵਿਚ “ਬੁਰਿਆਈ ਤੋਂ ਸੂਗ” ਕਰਨਾ ਸ਼ਾਮਲ ਹੈ, ਇਸ ਸੁਧਾਈ ਦੇ ਕੰਮ ਲਈ ਇਕ ਅਸਰਦਾਰ ਤਰੀਕਾ ਹੈ। (ਕਹਾਉਤਾਂ 8:13) ਯਹੋਵਾਹ ਦੀ ਪ੍ਰੇਮਪੂਰਣ-ਦਿਆਲਗੀ ਅਤੇ ਭਲਾਈ ਦੀ ਕਦਰ ਕਰਦੇ ਹੋਏ, ਇਕ ਵਿਅਕਤੀ ਜੋ ਪਰਮੇਸ਼ੁਰ ਦਾ ਡਰ ਰੱਖਦਾ ਹੈ ਉਹ ਹਮੇਸ਼ਾ ਇਸ ਗੱਲ ਪ੍ਰਤੀ ਸਚੇਤ ਰਹਿੰਦਾ ਹੈ ਕਿ ਜੋ ਲੋਕ ਯਹੋਵਾਹ ਦਾ ਕਹਿਣਾ ਨਹੀਂ ਮੰਨਦੇ, ਉਹ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਦੀ ਇੱਥੋਂ ਤਕ ਕਿ ਸਜ਼ਾ-ਏ-ਮੌਤ ਦੇਣ ਦੀ ਤਾਕਤ ਰੱਖਦਾ ਹੈ। ਯਹੋਵਾਹ ਨੇ ਦਿਖਾਇਆ ਹੈ ਕਿ ਜੋ ਲੋਕ ਉਸ ਦਾ ਡਰ ਰੱਖਦੇ ਹਨ, ਉਹ ਉਸ ਦਾ ਕਹਿਣਾ ਵੀ ਮੰਨਣਗੇ। ਇਸ ਦਾ ਪਤਾ ਇਸਰਾਏਲ ਨੂੰ ਕਹੇ ਗਏ ਇਨ੍ਹਾਂ ਸ਼ਬਦਾਂ ਤੋਂ ਲੱਗਦਾ ਹੈ ਜਦੋਂ ਯਹੋਵਾਹ ਨੇ ਕਿਹਾ: “ਭਲਾ ਹੁੰਦਾ ਜੇ ਉਨ੍ਹਾਂ ਵਿੱਚ ਅਜੇਹਾ ਮਨ ਹੁੰਦਾ ਕਿ ਓਹ ਮੈਥੋਂ ਡਰਦੇ ਅਤੇ ਸਦਾ ਮੇਰੇ ਸਾਰੇ ਹੁਕਮਾਂ ਨੂੰ ਮੰਨਦੇ ਤਾਂ ਜੋ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਬੱਚਿਆਂ ਦਾ ਸਦਾ ਤੀਕ ਭਲਾ ਹੁੰਦਾ।”—ਬਿਵਸਥਾ ਸਾਰ 5:29.
ਯਕੀਨਨ, ਪਰਮੇਸ਼ੁਰੀ ਡਰ ਦਾ ਮਕਸਦ ਸਾਨੂੰ ਡਰਾਉਣਾ ਨਹੀਂ, ਬਲਕਿ ਇਹ ਡਰ ਸਾਨੂੰ ਆਪਣੇ ਪ੍ਰੇਮੀ ਪਿਤਾ ਦੀਆਂ ਆਗਿਆਵਾਂ ਮੰਨਣ ਲਈ ਪ੍ਰੇਰਿਤ ਕਰਦਾ ਹੈ ਜੋ ਸਾਡਾ ਦਿਲੋਂ ਭਲਾ ਚਾਹੁੰਦਾ ਹੈ। ਅਸਲ ਵਿਚ ਅਜਿਹਾ ਪਰਮੇਸ਼ੁਰੀ ਡਰ ਸਾਨੂੰ ਉਤਸ਼ਾਹਿਤ ਕਰਦਾ ਹੈ, ਇੱਥੋ ਤਕ ਕਿ ਸਾਨੂੰ ਖ਼ੁਸ਼ੀ ਵੀ ਦਿੰਦਾ ਹੈ ਜਿਸ ਨੂੰ ਖ਼ੁਦ ਯਿਸੂ ਮਸੀਹ ਨੇ ਵੀ ਬਹੁਤ ਜ਼ਿਆਦਾ ਦਿਖਾਇਆ।—ਯਸਾਯਾਹ 11:3; ਲੂਕਾ 12:5.
ਤਿਆਰ ਮਨ ਨਿਹਚਾ ਨਾਲ ਮਾਲਾ-ਮਾਲ ਹੁੰਦਾ ਹੈ
ਨਿਹਚਾ ਨਾਲ ਮਜ਼ਬੂਤ ਮਨ ਜਾਣਦਾ ਹੁੰਦਾ ਹੈ ਕਿ ਯਹੋਵਾਹ ਜੋ ਕੁਝ ਵੀ ਮੰਗਦਾ ਤੇ ਆਪਣੇ ਬਚਨ ਰਾਹੀਂ ਜੋ ਵੀ ਨਿਰਦੇਸ਼ਨ ਦਿੰਦਾ ਹੈ ਉਹ ਹਮੇਸ਼ਾ ਸਹੀ ਅਤੇ ਸਾਡੇ ਭਲੇ ਲਈ ਹੀ ਹੁੰਦਾ ਹੈ। (ਯਸਾਯਾਹ 48:17, 18) ਅਜਿਹੇ ਮਨ ਵਾਲੇ ਵਿਅਕਤੀ ਨੂੰ ਕਹਾਉਤਾਂ 3:5, 6 ਵਿਚ ਪਾਏ ਜਾਂਦੇ ਉਪਦੇਸ਼ ਨੂੰ ਲਾਗੂ ਕਰ ਕੇ ਡੂੰਘੀ ਤਸੱਲੀ ਅਤੇ ਸੰਤੁਸ਼ਟੀ ਮਿਲਦੀ ਹੈ ਜੋ ਕਹਿੰਦਾ ਹੈ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।” ਪਰ ਜਿਸ ਮਨ ਵਿਚ ਨਿਹਚਾ ਦੀ ਘਾਟ ਹੁੰਦੀ ਹੈ, ਉਹ ਯਹੋਵਾਹ ਤੇ ਭਰੋਸਾ ਨਹੀਂ ਰੱਖੇਗਾ, ਖ਼ਾਸ ਕਰਕੇ ਉਦੋਂ ਜਦੋਂ ਆਤਮ-ਬਲੀਦਾਨ ਕਰਨ ਦੀ ਗੱਲ ਆਉਂਦੀ ਹੈ, ਜਿਵੇਂ ਕਿ ਰਾਜ ਹਿੱਤਾਂ ਤੇ ਧਿਆਨ ਇਕਾਗਰ ਕਰਨ ਲਈ ਆਪਣੀ ਜ਼ਿੰਦਗੀ ਨੂੰ ਸਾਦਾ ਬਣਾਉਣਾ। (ਮੱਤੀ 6:33) ਇਸੇ ਕਰਕੇ, ਯਹੋਵਾਹ ਨਿਹਚਾ ਤੋਂ ਬੇਮੁੱਖ ਮਨ ਨੂੰ “ਬੁਰਾ” ਸਮਝਦਾ ਹੈ।—ਇਬਰਾਨੀਆਂ 3:12.
ਯਹੋਵਾਹ ਵਿਚ ਸਾਡੀ ਨਿਹਚਾ ਕਈ ਕੰਮਾਂ ਤੋਂ ਦਿਖਾਈ ਦਿੰਦੀ ਹੈ, ਇਸ ਵਿਚ ਉਹ ਕੰਮ ਵੀ ਸ਼ਾਮਲ ਹਨ ਜੋ ਅਸੀਂ ਆਪਣੇ ਘਰ ਵਿਚ ਇਕੱਲੇ ਹੁੰਦੇ ਸਮੇਂ ਕਰਦੇ ਹਾਂ। ਮਿਸਾਲ ਵਜੋਂ ਗਲਾਤੀਆਂ 6:6, 7 ਵਿਚ ਪਾਏ ਜਾਂਦੇ ਸਿਧਾਂਤ ਉੱਤੇ ਗੌਰ ਕਰੋ: “ਤੁਸੀਂ ਧੋਖਾ ਨਾ ਖਾਓ, ਪਰਮੇਸ਼ੁਰ ਠੱਠਿਆਂ ਵਿੱਚ ਨਹੀਂ ਉਡਾਈਦਾ ਕਿਉਂਕਿ ਮਨੁੱਖ ਜੋ ਕੁਝ ਬੀਜਦਾ ਹੈ ਸੋਈਓ ਵੱਢੇਗਾ ਭੀ।” ਇਸ ਸਿਧਾਂਤ ਵਿਚ ਸਾਡੀ ਨਿਹਚਾ ਅਜਿਹੇ ਕੰਮਾਂ ਤੋਂ ਦਿਖਾਈ ਦੇਵੇਗੀ ਜਿਵੇਂ ਕਿ ਅਸੀਂ ਕਿਹੜੀਆਂ ਫ਼ਿਲਮਾਂ ਦੇਖਦੇ ਹਾਂ, ਕਿਹੜੀਆਂ ਕਿਤਾਬਾਂ ਅਸੀਂ ਪੜ੍ਹਦੇ ਹਾਂ, ਕਿੰਨਾ ਬਾਈਬਲ ਅਧਿਐਨ ਕਰਦੇ ਹਾਂ ਅਤੇ ਕਿਸ ਤਰ੍ਹਾਂ ਦੀਆਂ ਪ੍ਰਾਰਥਨਾਵਾਂ ਅਸੀਂ ਕਰਦੇ ਹਾਂ। ਜੀ ਹਾਂ, ਅਜਿਹੀ ਮਜ਼ਬੂਤ ਨਿਹਚਾ, ਜੋ ਸਾਨੂੰ ‘ਆਤਮਾ ਲਈ ਬੀਜਣ’ ਵਾਸਤੇ ਪ੍ਰੇਰਿਤ ਕਰਦੀ ਹੈ, ਸਾਨੂੰ ਅਜਿਹਾ ਮਨ ਹਾਸਲ ਕਰਨ ਲਈ ਤਿਆਰ ਕਰਦੀ ਹੈ ਜੋ ਯਹੋਵਾਹ ਦੇ ਬਚਨ ਨੂੰ ਸਵੀਕਾਰ ਕਰੇ ਅਤੇ ਉਸ ਮੁਤਾਬਕ ਚੱਲੇ।—ਗਲਾਤੀਆਂ 6:8.
ਪ੍ਰੇਮ—ਸਭ ਤੋਂ ਵੱਡਾ ਗੁਣ
ਸਾਰੇ ਗੁਣਾਂ ਨਾਲੋਂ ਵੱਧ, ਪ੍ਰੇਮ ਸੱਚ-ਮੁੱਚ ਸਾਡੇ ਮਨ ਦੀ ਜ਼ਮੀਨ ਨੂੰ ਯਹੋਵਾਹ ਦੇ ਬਚਨ ਉੱਤੇ ਅਮਲ ਕਰਨ ਵਾਲਾ ਬਣਾਉਂਦਾ ਹੈ। ਇਸ ਲਈ, ਜਦੋਂ ਪੌਲੁਸ ਰਸੂਲ ਨੇ ਇਸ ਦੀ ਤੁਲਨਾ ਨਿਹਚਾ ਅਤੇ ਆਸ ਨਾਲ ਕੀਤੀ, ਤਾਂ ਉਸ ਨੇ ਪ੍ਰੇਮ ਨੂੰ “ਏਹਨਾਂ ਵਿੱਚੋਂ ਉੱਤਮ” ਦੱਸਿਆ। (1 ਕੁਰਿੰਥੀਆਂ 13:13) ਜਿਸ ਵਿਅਕਤੀ ਦੇ ਮਨ ਵਿਚ ਪਰਮੇਸ਼ੁਰ ਲਈ ਪ੍ਰੇਮ ਹੁੰਦਾ ਹੈ, ਉਹ ਪਰਮੇਸ਼ੁਰ ਦੀਆਂ ਆਗਿਆਵਾਂ ਨੂੰ ਮੰਨ ਕੇ ਬਹੁਤ ਜ਼ਿਆਦਾ ਸੰਤੁਸ਼ਟ ਅਤੇ ਖ਼ੁਸ਼ ਹੁੰਦਾ ਹੈ ਤੇ ਯਕੀਨਨ ਉਹ ਪਰਮੇਸ਼ੁਰ ਦੀਆਂ ਮੰਗਾਂ ਤੋਂ ਖਿੱਝਦਾ ਨਹੀਂ। ਯੂਹੰਨਾ ਰਸੂਲ ਨੇ ਕਿਹਾ: “ਪਰਮੇਸ਼ੁਰ ਦਾ ਪ੍ਰੇਮ ਇਹ ਹੈ ਭਈ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ, ਅਤੇ ਉਹ ਦੇ ਹੁਕਮ ਔਖੇ ਨਹੀਂ ਹਨ।” (1 ਯੂਹੰਨਾ 5:3) ਇਸੇ ਤਰ੍ਹਾਂ ਯਿਸੂ ਨੇ ਵੀ ਕਿਹਾ: “ਜੇ ਕੋਈ ਮੈਨੂੰ ਪਿਆਰ ਕਰਦਾ ਹੈ ਉਹ ਮੇਰੇ ਬਚਨ ਦੀ ਪਾਲਣਾ ਕਰੇਗਾ ਅਤੇ ਮੇਰਾ ਪਿਤਾ ਉਹ ਨੂੰ ਪਿਆਰ ਕਰੇਗਾ।” (ਯੂਹੰਨਾ 14:23) ਧਿਆਨ ਦਿਓ ਕਿ ਅਜਿਹਾ ਪਿਆਰ ਬਦਲਾ ਨਹੀਂ ਲੈਂਦਾ। ਜੀ ਹਾਂ, ਯਹੋਵਾਹ ਉਨ੍ਹਾਂ ਲੋਕਾਂ ਨੂੰ ਡੂੰਘਾ ਪਿਆਰ ਕਰਦਾ ਹੈ ਜੋ ਪਿਆਰ ਸਦਕਾ ਉਸ ਵੱਲ ਖਿੱਚੇ ਆਉਂਦੇ ਹਨ।
ਯਹੋਵਾਹ ਜਾਣਦਾ ਹੈ ਕਿ ਅਸੀਂ ਨਾਮੁਕੰਮਲ ਹਾਂ ਅਤੇ ਬਾਕਾਇਦਾ ਗ਼ਲਤੀਆਂ ਕਰਦੇ ਰਹਿੰਦੇ ਹਾਂ। ਫਿਰ ਵੀ, ਉਹ ਸਾਡੇ ਤੋਂ ਦੂਰ ਨਹੀਂ ਹੋ ਜਾਂਦਾ। ਯਹੋਵਾਹ ਆਪਣੇ ਸੇਵਕਾਂ ਵਿਚ ‘ਪੱਕਾ ਮਨ’ ਦੇਖਦਾ ਹੈ ਜੋ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਅਸੀਂ “ਚਿੱਤ ਦੇ ਪ੍ਰੇਮ” ਨਾਲ ਤੇ ਇੱਛਾ ਨਾਲ ਉਸ ਦੀ ਸੇਵਾ ਕਰੀਏ। (1 ਇਤਹਾਸ 28:9) ਯਕੀਨਨ, ਯਹੋਵਾਹ ਜਾਣਦਾ ਹੈ ਕਿ ਆਪਣੇ ਮਨ ਵਿਚ ਇਨ੍ਹਾਂ ਚੰਗੇ ਗੁਣਾਂ ਨੂੰ ਪੈਦਾ ਕਰਨ ਲਈ ਸਾਨੂੰ ਜਤਨ ਅਤੇ ਸਮਾਂ ਲਗਾਉਣਾ ਪਵੇਗਾ ਜਿਸ ਦੇ ਸਿੱਟੇ ਵਜੋਂ ਆਤਮਾ ਦੇ ਫਲ ਪੈਦਾ ਹੋਣਗੇ। (ਗਲਾਤੀਆਂ 5:22, 23) ਫਿਰ ਵੀ ਉਹ ਸਾਡੇ ਨਾਲ ਧੀਰਜ ਰੱਖਦਾ ਹੈ, ਕਿਉਂਕਿ “ਉਹ ਤਾਂ ਸਾਡੀ ਸਰਿਸ਼ਟ ਨੂੰ ਜਾਣਦਾ ਹੈ, ਉਹ ਨੂੰ ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ!” (ਜ਼ਬੂਰ 103:14) ਬਿਲਕੁਲ ਇਸੇ ਤਰ੍ਹਾਂ ਦਾ ਰਵੱਈਆ ਦਿਖਾਉਂਦੇ ਹੋਏ, ਯਿਸੂ ਨੇ ਕਦੀ ਵੀ ਆਪਣੇ ਚੇਲਿਆਂ ਦੀਆਂ ਗ਼ਲਤੀਆਂ ਦੀ ਸਖ਼ਤ ਨੁਕਤਾਚੀਨੀ ਨਹੀਂ ਕੀਤੀ, ਸਗੋਂ ਧੀਰਜ ਨਾਲ ਉਨ੍ਹਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਉਤਸ਼ਾਹ ਦਿੱਤਾ। ਕੀ ਯਹੋਵਾਹ ਤੇ ਯਿਸੂ ਦੇ ਪਿਆਰ, ਦਇਆ ਅਤੇ ਧੀਰਜ ਦੇ ਗੁਣ ਤੁਹਾਨੂੰ ਉਨ੍ਹਾਂ ਨਾਲ ਹੋਰ ਜ਼ਿਆਦਾ ਪਿਆਰ ਵਧਾਉਣ ਲਈ ਪ੍ਰੇਰਿਤ ਨਹੀਂ ਕਰਦੇ?—ਲੂਕਾ 7:47; 2 ਪਤਰਸ 3:9.
ਜੇਕਰ ਤੁਹਾਨੂੰ ਕਦੀ-ਕਦਾਈਂ ਜੰਗਲੀ ਬੂਟੀ ਸਮਾਨ ਗਹਿਰੀਆਂ ਜਾਂ ਪੱਕੀ ਮਿੱਟੀ ਵਾਂਗ ਪੱਕ ਚੁੱਕੀਆਂ ਆਦਤਾਂ ਨੂੰ ਛੱਡਣਾ ਮੁਸ਼ਕਲ ਲੱਗਦਾ ਹੈ, ਤਾਂ ਨਿਰਾਸ਼ ਨਾ ਹੋਵੋ ਜਾਂ ਹੌਸਲਾ ਨਾ ਹਾਰੋ। ਇਸ ਦੀ ਬਜਾਇ, ਤੁਸੀਂ ਆਪਣੇ ਵਿਚ ਸੁਧਾਰ ਕਰਨ ਦੇ ਨਾਲ-ਨਾਲ “ਪ੍ਰਾਰਥਨਾ ਲਗਾਤਾਰ ਕਰਦੇ ਰਹੋ।” ਯਹੋਵਾਹ ਨੂੰ ਤਾਕਤ ਲਈ ਵਾਰ-ਵਾਰ ਬੇਨਤੀ ਕਰੋ। (ਰੋਮੀਆਂ 12:12) ਉਸ ਦੀ ਮਦਦ ਨਾਲ, ਤੁਸੀਂ ਅਜ਼ਰਾ ਵਾਂਗ ‘ਯਹੋਵਾਹ ਦੀ ਬਿਵਸਥਾ ਉੱਤੇ ਚੱਲਣ’ ਵਾਲਾ ਪੂਰੀ ਤਰ੍ਹਾਂ ਤਿਆਰ ਮਨ ਪ੍ਰਾਪਤ ਕਰਨ ਵਿਚ ਜ਼ਰੂਰ ਕਾਮਯਾਬ ਹੋਵੋਗੇ।
[ਸਫ਼ੇ 31 ਉੱਤੇ ਤਸਵੀਰ]
ਅਜ਼ਰਾ ਨੇ ਬਾਬੁਲ ਵਿਚ ਆਪਣੀ ਪਰਮੇਸ਼ੁਰੀ ਭਗਤੀ ਕਾਇਮ ਰੱਖੀ
[ਸਫ਼ੇ 29 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Garo Nalbandian