ਪਰਮੇਸ਼ੁਰ ਦੇ ਅਚੰਭਿਆਂ ਵੱਲ ਧਿਆਨ ਦਿਓ
“ਹੇ ਯਹੋਵਾਹ, ਮੇਰੇ ਪਰਮੇਸ਼ੁਰ, ਤੇਰੇ ਅਚਰਜ ਕੰਮ ਜਿਹੜੇ ਤੈਂ ਕੀਤੇ ਬਹੁਤ ਸਾਰੇ ਹਨ, ਨਾਲੇ ਤੇਰੇ ਉਪਾਓ ਜਿਹੜੇ ਸਾਡੇ ਲਈ ਹਨ, ਤੇਰਾ ਸ਼ਰੀਕ ਕੋਈ ਨਹੀਂ ਹੈ!”—ਜ਼ਬੂਰ 40:5.
1, 2. ਪਰਮੇਸ਼ੁਰ ਦੇ ਅਚੰਭਿਆਂ ਦਾ ਸਾਡੇ ਕੋਲ ਕਿਹੜਾ ਸਬੂਤ ਹੈ, ਅਤੇ ਇਸ ਨੂੰ ਦੇਖ ਕੇ ਸਾਨੂੰ ਕੀ ਕਰਨ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ?
ਬਾਈਬਲ ਪੜ੍ਹ ਕੇ ਸਾਨੂੰ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨੇ ਪਿਛਲੇ ਜ਼ਮਾਨੇ ਵਿਚ ਆਪਣੇ ਲੋਕਾਂ, ਯਾਨੀ ਇਸਰਾਏਲ ਲਈ ਅਸਚਰਜ ਕੰਮ ਕੀਤੇ ਸਨ। (ਯਹੋਸ਼ੁਆ 3:5; ਜ਼ਬੂਰ 106:7, 21, 22) ਭਾਵੇਂ ਕਿ ਅੱਜ ਯਹੋਵਾਹ ਇਸਰਾਏਲ ਦੇ ਸਮੇਂ ਵਾਂਗ ਮਨੁੱਖੀ ਕੰਮਾਂ ਵਿਚ ਉਸ ਤਰ੍ਹਾਂ ਦਖ਼ਲ ਨਹੀਂ ਦਿੰਦਾ, ਅਸੀਂ ਆਪਣੇ ਆਲੇ-ਦੁਆਲੇ ਉਸ ਦੇ ਅਚੰਭਿਆਂ ਦਾ ਬਹੁਤ ਸਾਰਾ ਸਬੂਤ ਦੇਖ ਸਕਦੇ ਹਾਂ। ਇਸ ਲਈ ਅਸੀਂ ਜ਼ਬੂਰਾਂ ਦੇ ਲਿਖਾਰੀ ਦੇ ਸ਼ਬਦਾਂ ਨਾਲ ਸਹਿਮਤ ਹੋ ਸਕਦੇ ਹਾਂ ਕਿ “ਹੇ ਯਹੋਵਾਹ, ਤੇਰੇ ਕੰਮ ਕੇਡੇ ਢੇਰ ਸਾਰੇ ਹਨ! ਤੈਂ ਇਨ੍ਹਾਂ ਸਾਰਿਆਂ ਨੂੰ ਬੁੱਧੀ ਨਾਲ ਸਾਜਿਆ ਹੈ, ਧਰਤੀ ਤੇਰੀਆਂ ਰਚਨਾਂ ਨਾਲ ਭਰੀ ਹੋਈ ਹੈ!”—ਜ਼ਬੂਰ 104:24; 148:1-5.
2 ਅੱਜ-ਕੱਲ੍ਹ ਕਈ ਲੋਕ ਸ੍ਰਿਸ਼ਟੀਕਰਤਾ ਦਿਆਂ ਕੰਮਾਂ ਦੇ ਸਪੱਸ਼ਟ ਸਬੂਤ ਅਣਡਿੱਠ ਜਾਂ ਰੱਦ ਕਰਦੇ ਹਨ। (ਰੋਮੀਆਂ 1:20) ਲੇਕਿਨ, ਸਾਡੇ ਲਈ ਚੰਗਾ ਹੋਵੇਗਾ ਜੇ ਅਸੀਂ ਉਸ ਸਬੂਤ ਉੱਤੇ ਵਿਚਾਰ ਕਰੀਏ ਅਤੇ ਆਪਣੇ ਸ੍ਰਿਸ਼ਟੀਕਰਤਾ ਪ੍ਰਤੀ ਆਪਣੇ ਫ਼ਰਜ਼ ਅਨੁਸਾਰ ਖ਼ੁਦ ਫ਼ੈਸਲਾ ਕਰੀਏ ਕਿ ਅਸੀਂ ਕੀ ਕਰਾਂਗੇ। ਇਸ ਤਰ੍ਹਾਂ ਕਰਨ ਵਿਚ ਅੱਯੂਬ ਦੇ 38 ਤੋਂ 41 ਅਧਿਆਏ ਸਾਡੀ ਬਹੁਤ ਮਦਦ ਕਰ ਸਕਦੇ ਹਨ, ਕਿਉਂਕਿ ਇਨ੍ਹਾਂ ਵਿਚ ਯਹੋਵਾਹ ਨੇ ਅੱਯੂਬ ਦਾ ਧਿਆਨ ਆਪਣੇ ਅਚੰਭਿਆਂ ਦੀਆਂ ਕੁਝ ਚੀਜ਼ਾਂ ਵੱਲ ਖਿੱਚਿਆ ਸੀ। ਉਨ੍ਹਾਂ ਕੁਝ ਉਚਿਤ ਵਿਸ਼ਿਆਂ ਵੱਲ ਧਿਆਨ ਦਿਓ ਜਿਨ੍ਹਾਂ ਦਾ ਪਰਮੇਸ਼ੁਰ ਨੇ ਜ਼ਿਕਰ ਕੀਤਾ ਸੀ।
ਸ਼ਕਤੀਸ਼ਾਲੀ ਅਤੇ ਅਚਰਜ ਕੰਮ
3. ਅੱਯੂਬ 38:22, 23, 25-29 ਵਿਚ ਪਰਮੇਸ਼ੁਰ ਨੇ ਕਿਨ੍ਹਾਂ ਚੀਜ਼ਾਂ ਬਾਰੇ ਪੁੱਛਿਆ ਸੀ?
3 ਇਕ ਵਾਰ ਪਰਮੇਸ਼ੁਰ ਨੇ ਅੱਯੂਬ ਨੂੰ ਪੁੱਛਿਆ: “ਕੀ ਤੂੰ ਬਰਫ਼ ਦੇ ਖ਼ਜ਼ਾਨਿਆਂ ਕੋਲ ਗਿਆ, ਅਤੇ ਗੜਿਆਂ ਦੇ ਖ਼ਜ਼ਾਨਿਆਂ ਨੂੰ ਵੇਖਿਆ, ਜਿਨ੍ਹਾਂ ਨੂੰ ਮੈਂ ਦੁਖ ਦੇ ਵੇਲੇ ਲਈ ਬਚਾ ਰੱਖਿਆ ਹੈ, ਲੜਾਈ ਤੇ ਜੁੱਧ ਦੇ ਦਿਨਾਂ ਲਈ ਵੀ?” ਧਰਤੀ ਦੇ ਕਈਆਂ ਇਲਾਕਿਆਂ ਵਿਚ ਬਰਫ਼ ਅਤੇ ਅਹਿਣ ਪੈਣੀ ਆਮ ਹੈ। ਪਰਮੇਸ਼ੁਰ ਨੇ ਅੱਗੇ ਕਿਹਾ: “ਕਿਹ ਨੇ ਹੜ੍ਹਾਂ ਲਈ ਨਾਲੀ ਪੁੱਟੀ, ਯਾ ਕੜਕਣ ਵਾਲੀ ਬਿਜਲੀ ਲਈ ਰਾਹ ਬਣਾਇਆ, ਤਾਂ ਜੋ ਮਨੁੱਖ ਤੋਂ ਖ਼ਾਲੀ ਧਰਤੀ ਉੱਤੇ ਮੀਂਹ ਵਰ੍ਹਾਵੇ, ਉਜਾੜ ਉੱਤੇ ਜਿੱਥੇ ਕੋਈ ਆਦਮੀ ਨਹੀਂ, ਭਈ ਉੱਜੜੇ ਤੇ ਸੁੰਞੇ ਦੇਸ ਨੂੰ ਰਜਾਵੇ, ਅਤੇ ਹਰਾ ਘਾਹ ਉਗਾਵੇ? ਮੀਂਹ ਦਾ ਕੋਈ ਪਿਉ ਹੈ, ਯਾ ਤ੍ਰੇਲ ਦੀਆਂ ਬੂੰਦਾਂ ਕਿਸ ਤੋਂ ਜੰਮੀਆਂ? ਕਿਹ ਦੇ ਗਰਭ ਤੋਂ ਬਰਫ਼ ਜੰਮੀ, ਯਾ ਅਕਾਸ਼ ਦਾ ਕੱਕਰ ਕਿਸ ਤੋਂ ਜੰਮਿਆ?”—ਅੱਯੂਬ 38:22, 23, 25-29.
4-6. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਬਰਫ਼ ਬਾਰੇ ਇਨਸਾਨਾਂ ਦੀ ਜਾਣਕਾਰੀ ਅਧੂਰੀ ਹੈ?
4 ਕੁਝ ਲੋਕ ਸ਼ਾਇਦ ਬਰਫ਼ ਨੂੰ ਇਕ ਸਮੱਸਿਆ ਸਮਝਣ ਕਿਉਂਕਿ ਉਹ ਉਨ੍ਹਾਂ ਦੇ ਰੋਜ਼ ਦੇ ਕੰਮਾਂ ਵਿਚ ਅਤੇ ਸਫ਼ਰ ਕਰਨ ਵਿਚ ਰੁਕਾਵਟ ਪਾ ਸਕਦੀ ਹੈ। ਲੇਕਿਨ, ਦੂਸਰੇ ਲੋਕ ਉਸ ਨੂੰ ਬਹੁਤ ਚੰਗਾ ਸਮਝਦੇ ਹਨ ਕਿਉਂਕਿ ਇਸ ਕਾਰਨ ਉਨ੍ਹਾਂ ਨੂੰ ਸਿਆਲ ਵਿਚ ਖ਼ਾਸ ਖੇਡਾਂ ਵਿਚ ਹਿੱਸਾ ਲੈਣ ਦਾ ਮੌਕਾ ਮਿਲਦਾ ਹੈ। ਪਰ, ਪਰਮੇਸ਼ੁਰ ਦੇ ਸਵਾਲ ਬਾਰੇ ਸੋਚਦੇ ਹੋਏ, ਕੀ ਤੁਸੀਂ ਬਰਫ਼ ਬਾਰੇ ਚੰਗੀ ਤਰ੍ਹਾਂ ਜਾਣਦੇ ਹੋ? ਕੀ ਤੁਸੀਂ ਜਾਣਦੇ ਹੋ ਕਿ ਉਹ ਦੇਖਣ ਨੂੰ ਕਿਸ ਤਰ੍ਹਾਂ ਦੀ ਹੈ? ਹਾਂ, ਅਸੀਂ ਸ਼ਾਇਦ ਜਾਣਦੇ ਹੋਈਏ ਕਿ ਬਹੁਤ ਸਾਰੀ ਬਰਫ਼ ਕਿਸ ਤਰ੍ਹਾਂ ਦੀ ਲੱਗਦੀ ਹੈ, ਹੋ ਸਕਦਾ ਹੈ ਕਿ ਅਸੀਂ ਅੱਖੀਂ ਜਾਂ ਤਸਵੀਰਾਂ ਵਿਚ ਬਰਫ਼ ਦੇ ਵੱਡੇ-ਵੱਡੇ ਪਹਾੜ ਦੇਖੇ ਹੋਣ। ਪਰ, ਬਰਫ਼ ਦੇ ਬਰੀਕ-ਬਰੀਕ ਕਿਣਕਿਆਂ, ਜਾਂ ਸਨੋਫਲੇਕਾਂ ਬਾਰੇ ਕੀ? ਕੀ ਤੁਹਾਨੂੰ ਪਤਾ ਹੈ ਕਿ ਉਹ ਕਿਸ ਤਰ੍ਹਾਂ ਦੇ ਲੱਗਦੇ ਹਨ, ਕੀ ਤੁਸੀਂ ਉਨ੍ਹਾਂ ਦੀ ਜਾਂਚ ਕੀਤੀ ਹੈ?
5 ਕੁਝ ਆਦਮੀਆਂ ਨੇ ਕਈਆਂ ਸਾਲਾਂ ਤੋਂ ਇਨ੍ਹਾਂ ਦੀ ਸਟੱਡੀ ਕੀਤੀ ਹੈ ਅਤੇ ਇਨ੍ਹਾਂ ਦੀਆਂ ਤਸਵੀਰਾਂ ਖਿੱਚੀਆਂ ਹਨ। ਬਰਫ਼ ਦਾ ਇਕ ਕਿਣਕਾ ਸ਼ਾਇਦ ਕੁਝ 100 ਨਾਜ਼ੁਕ ਕ੍ਰਿਸਟਲਾਂ ਦਾ ਬਣਿਆ ਹੋਵੇ ਅਤੇ ਇਨ੍ਹਾਂ ਦੇ ਵੱਖੋ-ਵੱਖਰੇ ਸੁੰਦਰ ਡੀਜ਼ਾਈਨ ਹੁੰਦੇ ਹਨ। ਵਾਯੂਮੰਡਲ ਨਾਮਕ ਅੰਗ੍ਰੇਜ਼ੀ ਦੀ ਕਿਤਾਬ ਕਹਿੰਦੀ ਹੈ ਕਿ ‘ਇਹ ਗੱਲ ਮਸ਼ਹੂਰ ਹੈ ਕਿ ਬਰਫ਼ ਦੇ ਕਿਣਕੇ ਭਾਂਤ-ਭਾਂਤ ਦੇ ਹੁੰਦੇ ਹਨ। ਭਾਵੇਂ ਕਿ ਵਿਗਿਆਨੀ ਇਸ ਗੱਲ ਉੱਤੇ ਜ਼ੋਰ ਪਾਉਂਦੇ ਹਨ ਕਿ ਕੁਦਰਤ ਦਾ ਕੋਈ ਵੀ ਨਿਯਮ ਇਹ ਨਹੀਂ ਕਹਿੰਦਾ ਕਿ ਇਹ ਇੱਕੋ ਜਿਹੇ ਨਹੀਂ ਹੋ ਸਕਦੇ, ਫਿਰ ਵੀ ਅੱਜ ਤਕ ਦੋ ਇੱਕੋ ਜਿਹੇ ਕਿਣਕੇ ਨਹੀਂ ਲੱਭੇ ਗਏ। ਵਿਲਸਨ ਬੈਂਟਲੀ ਨੇ ਇਸ ਦੀ ਡੂੰਘੀ ਖੋਜ ਕੀਤੀ ਸੀ। ਉਸ ਨੇ ਬਰਫ਼ ਦੇ ਕਿਣਕਿਆਂ ਦੀ ਜਾਂਚ ਕਰਨ ਅਤੇ ਇਕ ਮਾਈਕ੍ਰੋਸਕੋਪ ਵਿਚਦੀ ਉਨ੍ਹਾਂ ਦੀਆਂ ਤਸਵੀਰਾਂ ਖਿੱਚਣ ਵਿਚ 40 ਸਾਲਾਂ ਤੋਂ ਜ਼ਿਆਦਾ ਸਮਾਂ ਗੁਜ਼ਾਰਿਆ ਸੀ। ਪਰ ਉਸ ਨੇ ਕਦੀ ਵੀ ਦੋ ਬਿਲਕੁਲ ਇੱਕੋ ਜਿਹੇ ਕਿਣਕੇ ਨਹੀਂ ਦੇਖੇ।’ ਅਤੇ ਜੇਕਰ ਕਦੀ ਵੀ ਇਹ ਅਨੋਖੀ ਘਟਨਾ ਵਾਪਰੀ ਕਿ ਦੋ ਕਿਣਕੇ ਇੱਕੋ ਜਿਹੇ ਲੱਗਣ ਤਾਂ ਕੀ ਇਹ ਉਸ ਅਚੰਭੇ ਵਾਲੀ ਗੱਲ ਨੂੰ ਬਦਲ ਦੇਵੇਗਾ ਕਿ ਇੰਨੇ ਸਾਰੇ ਕਿਣਕੇ ਇਕ ਦੂਸਰੇ ਤੋਂ ਬਿਲਕੁਲ ਵੱਖਰੇ-ਵੱਖਰੇ ਹਨ?
6 ਪਰਮੇਸ਼ੁਰ ਦੇ ਸਵਾਲ ਨੂੰ ਯਾਦ ਕਰੋ: “ਕੀ ਤੂੰ ਬਰਫ਼ ਦੇ ਖ਼ਜ਼ਾਨਿਆਂ ਕੋਲ ਗਿਆ” ਹੈਂ? ਕਈ ਲੋਕ ਬੱਦਲਾਂ ਨੂੰ ਬਰਫ਼ ਦੇ ਖ਼ਜ਼ਾਨੇ ਸਮਝਦੇ ਹਨ। ਕੀ ਤੁਸੀਂ ਅਜਿਹੇ ਇਕ ਖ਼ਜ਼ਾਨੇ ਵਿਚ ਜਾ ਕੇ ਬਰਫ਼ ਦੇ ਹਰੇਕ ਵੱਖੋ-ਵੱਖਰਿਆਂ ਕਿਣਕਿਆਂ ਦੀ ਸੂਚੀ ਬਣਾਉਣ ਦੀ ਕਲਪਨਾ ਕਰ ਸਕਦੇ ਹੋ? ਜਾਂ ਕੀ ਤੁਸੀਂ ਇਨ੍ਹਾਂ ਦੀ ਸ਼ੁਰੂਆਤ ਨੂੰ ਪੂਰੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹੋ? ਇਕ ਵਿਗਿਆਨਕ ਕੋਸ਼ ਕਹਿੰਦਾ ਹੈ: ‘ਹਾਲੇ ਵੀ ਇਹ ਗੱਲ ਸਮਝੀ ਨਹੀਂ ਜਾਂਦੀ ਕਿ ਬਰਫ਼ ਦੇ ਇਹ ਕ੍ਰਿਸਟਲ ਕਿਸ ਤਰ੍ਹਾਂ ਬਣਦੇ ਹਨ।’—ਜ਼ਬੂਰ 147:16, 17; ਯਸਾਯਾਹ 55:9, 10.
7. ਮੀਂਹ ਬਾਰੇ ਇਨਸਾਨਾਂ ਕੋਲ ਕਿੰਨੀ ਕੁ ਜਾਣਕਾਰੀ ਹੈ?
7 ਤਾਂ ਫਿਰ ਮੀਂਹ ਬਾਰੇ ਕੀ ਕਿਹਾ ਜਾ ਸਕਦਾ ਹੈ? ਪਰਮੇਸ਼ੁਰ ਨੇ ਅੱਯੂਬ ਨੂੰ ਪੁੱਛਿਆ: “ਮੀਂਹ ਦਾ ਕੋਈ ਪਿਉ ਹੈ, ਯਾ ਤ੍ਰੇਲ ਦੀਆਂ ਬੂੰਦਾਂ ਕਿਸ ਤੋਂ ਜੰਮੀਆਂ?” ਵਿਗਿਆਨ ਦੇ ਉਸੇ ਐਨਸਾਈਕਲੋਪੀਡੀਆ ਨੇ ਕਿਹਾ: “ਵਾਯੂਮੰਡਲ ਦੀ ਗਤੀ ਬਹੁਤ ਹੀ ਗੁੰਝਲਦਾਰ ਹੈ ਅਤੇ ਹਵਾ ਦੇ ਕਿਣਕੇ ਵੀ ਹਮੇਸ਼ਾ ਬਦਲਦੇ ਰਹਿੰਦੇ ਹਨ, ਇਸ ਲਈ ਅਸੀਂ ਪੱਕੀ ਤਰ੍ਹਾਂ ਨਹੀਂ ਕਹਿ ਸਕਦੇ ਕਿ ਬੱਦਲ ਕਿਸ ਤਰ੍ਹਾਂ ਬਣਦੇ ਹਨ, ਅਤੇ ਮੀਂਹ, ਬਰਫ਼, ਅਤੇ ਅਹਿਣ ਜ਼ਮੀਨ ਤੇ ਕਿਸ ਤਰ੍ਹਾਂ ਪੈਂਦੇ ਹਨ।” ਮਤਲਬ ਕਿ ਵਿਗਿਆਨੀਆਂ ਨੇ ਬਹੁਤ ਸਾਰੇ ਅਨੁਮਾਨ ਲਗਾਏ ਹਨ, ਪਰ ਫਿਰ ਵੀ ਉਹ ਮੀਂਹ ਬਾਰੇ ਚੰਗੀ ਤਰ੍ਹਾਂ ਸਮਝਾ ਨਹੀਂ ਸਕਦੇ। ਲੇਕਿਨ, ਤੁਸੀਂ ਜਾਣਦੇ ਹੋ ਕਿ ਮੀਂਹ ਧਰਤੀ ਨੂੰ ਪਾਣੀ ਦਿੰਦਾ ਹੈ ਅਤੇ ਪੌਦਿਆਂ ਨੂੰ ਸਿੰਜਣ ਦੇ ਨਾਲ-ਨਾਲ ਜ਼ਿੰਦਗੀ ਨੂੰ ਮੁਮਕਿਨ ਅਤੇ ਵਧੀਆ ਬਣਾਉਂਦਾ ਹੈ।
8. ਰਸੂਲਾਂ ਦੇ ਕਰਤੱਬ 14:17 ਵਿਚ ਦਰਜ ਕੀਤੇ ਹੋਏ ਪੌਲੁਸ ਦੇ ਸ਼ਬਦ ਉਚਿਤ ਕਿਉਂ ਹਨ?
8 ਕੀ ਤੁਸੀਂ ਪੌਲੁਸ ਰਸੂਲ ਦੇ ਸ਼ਬਦਾਂ ਨਾਲ ਸਹਿਮਤ ਨਹੀਂ ਹੋ? ਉਸ ਨੇ ਦੂਸਰਿਆਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਇਹ ਅਚੰਭੇ ਸਬੂਤ ਦਿੰਦੇ ਸਨ ਕਿ ਪਰਮੇਸ਼ੁਰ ਹੈ। ਪੌਲੁਸ ਨੇ ਯਹੋਵਾਹ ਪਰਮੇਸ਼ੁਰ ਬਾਰੇ ਇਹ ਗੱਲ ਕਹੀ: “ਉਹ ਨੇ ਆਪ ਨੂੰ ਬਿਨਾ ਸਾਖੀ ਨਾ ਰੱਖਿਆ ਇਸ ਲਈ ਜੋ ਉਹ ਨੇ ਭਲਾ ਕੀਤਾ ਅਰ ਅਕਾਸ਼ ਤੋਂ ਵਰਖਾ ਅਤੇ ਫਲ ਦੇਣ ਵਾਲੀਆਂ ਰੁੱਤਾਂ ਤੁਹਾਨੂੰ ਦੇ ਕੇ ਤੁਹਾਡਿਆਂ ਮਨਾ ਨੂੰ ਅਹਾਰ ਅਤੇ ਅਨੰਦ ਨਾਲ ਭਰਪੂਰ ਕੀਤਾ।”—ਰਸੂਲਾਂ ਦੇ ਕਰਤੱਬ 14:17; ਜ਼ਬੂਰ 147:8.
9. ਪਰਮੇਸ਼ੁਰ ਦੇ ਅਸਚਰਜ ਕੰਮ ਉਸ ਦੀ ਵਿਸ਼ਾਲ ਸ਼ਕਤੀ ਕਿਸ ਤਰ੍ਹਾਂ ਪ੍ਰਗਟ ਕਰਦੇ ਹਨ?
9 ਇਹ ਗੱਲ ਸਪੱਸ਼ਟ ਹੈ ਕਿ ਅਜਿਹੇ ਅਸਚਰਜ ਅਤੇ ਲਾਭਦਾਇਕ ਕੰਮ ਕਰਨ ਵਾਲੇ ਕੋਲ ਬਹੁਤ ਸਾਰੀ ਬੁੱਧ ਅਤੇ ਸ਼ਕਤੀ ਹੈ। ਉਸ ਦੀ ਸ਼ਕਤੀ ਦੀ ਮਿਸਾਲ ਵਜੋਂ, ਜ਼ਰਾ ਇਸ ਬਾਰੇ ਸੋਚੋ: ਕਿਹਾ ਜਾਂਦਾ ਹੈ ਕਿ ਹਰ ਰੋਜ਼ ਬੱਦਲ ਕੁਝ 45,000 ਵਾਰ, ਯਾਨੀ ਸਾਲ ਵਿਚ ਕੁਝ 16 ਕਰੋੜ ਵਾਰ ਗਰਜਦੇ ਹਨ। ਇਸ ਦਾ ਮਤਲਬ ਹੈ ਕਿ ਇਸੇ ਵੇਲੇ ਸੰਸਾਰ ਭਰ ਵਿਚ ਬੱਦਲ 2,000 ਵਾਰ ਗਰਜ ਰਹੇ ਹਨ। ਇਕ ਤੂਫ਼ਾਨ ਦੇ ਬੱਦਲਾਂ ਵਿਚ ਉੱਨੀ ਤਾਕਤ ਹੁੰਦੀ ਹੈ ਜਿੰਨੀ ਦੂਸਰੇ ਵਿਸ਼ਵ ਯੁੱਧ ਵਿਚ ਵਰਤੇ ਗਏ ਦੱਸਾਂ ਤੋਂ ਜ਼ਿਆਦਾ ਨਿਊਕਲੀ ਬੰਬਾਂ ਵਿਚ ਸੀ। ਇਸ ਵਿੱਚੋਂ ਥੋੜ੍ਹੀ ਜਿਹੀ ਤਾਕਤ ਅਸੀਂ ਉਦੋਂ ਦੇਖਦੇ ਹਾਂ ਜਦੋਂ ਬਿਜਲੀ ਲਿਸ਼ਕਦੀ ਹੈ। ਬਿਜਲੀ ਅਸਚਰਜ ਹੋਣ ਤੋਂ ਇਲਾਵਾ ਨਾਈਟ੍ਰੋਜਨ ਗੈਸ ਪੈਦਾ ਕਰਦੀ ਹੈ ਜੋ ਜ਼ਮੀਨ ਤਕ ਪਹੁੰਚਦਾ ਹੈ ਅਤੇ ਕੁਦਰਤੀ ਖਾਦ ਵਾਂਗ ਪੌਦਿਆਂ ਨੂੰ ਇਸ ਤੋਂ ਫ਼ਾਇਦਾ ਹੁੰਦਾ ਹੈ। ਤਾਂ ਫਿਰ ਬਿਜਲੀ ਤਾਕਤ ਦਾ ਪ੍ਰਗਟਾਵਾ ਹੋਣ ਦੇ ਨਾਲ-ਨਾਲ ਅਸਲੀ ਲਾਭ ਵੀ ਲਿਆਉਂਦੀ ਹੈ।—ਜ਼ਬੂਰ 104:14, 15.
ਇਸ ਦਾ ਤੁਹਾਡੇ ਉੱਤੇ ਕੀ ਅਸਰ ਪੈਂਦਾ ਹੈ?
10. ਅੱਯੂਬ 38:33-38 ਵਿਚ ਦਰਜ ਕੀਤੇ ਗਏ ਸਵਾਲਾਂ ਦਾ ਜਵਾਬ ਤੁਸੀਂ ਕਿਸ ਤਰ੍ਹਾਂ ਦਿਓਗੇ?
10 ਕਲਪਨਾ ਕਰੋ ਕਿ ਤੁਸੀਂ ਅੱਯੂਬ ਦੀ ਥਾਂ ਤੇ ਹੋ ਅਤੇ ਸਰਬਸ਼ਕਤੀਮਾਨ ਪਰਮੇਸ਼ੁਰ ਤੁਹਾਡੇ ਤੋਂ ਪੁੱਛ-ਗਿੱਛ ਕਰ ਰਿਹਾ ਹੈ। ਤੁਸੀਂ ਜ਼ਰੂਰ ਸਹਿਮਤ ਹੋਵੋਗੇ ਕਿ ਆਮ ਤੌਰ ਲੋਕ ਪਰਮੇਸ਼ੁਰ ਦੇ ਅਚੰਭਿਆਂ ਵੱਲ ਇੰਨਾ ਧਿਆਨ ਨਹੀਂ ਦਿੰਦੇ। ਯਹੋਵਾਹ ਸਾਡੇ ਤੋਂ ਅੱਯੂਬ 38:33-38 ਵਿਚ ਦਰਜ ਕੀਤੇ ਗਏ ਸਵਾਲ ਪੁੱਛਦਾ ਹੈ: “ਕੀ ਤੂੰ ਅਕਾਸ਼ ਦੀਆਂ ਬਿਧੀਆਂ ਨੂੰ ਜਾਣਦਾ ਹੈਂ? ਕੀ ਤੂੰ ਉਹ ਦਾ ਰਾਜ ਧਰਤੀ ਤੇ ਕਾਇਮ ਕਰ ਸੱਕਦਾ ਹੈਂ? ਕੀ ਤੂੰ ਆਪਣੀ ਅਵਾਜ਼ ਨੂੰ ਬੱਦਲ ਤੀਕ ਉੱਚੀ ਕਰ ਸੱਕਦਾ ਹੈਂ, ਭਈ ਪਾਣੀ ਦੀ ਵਾਫ਼ਰੀ ਤੈਨੂੰ ਕੱਜ ਲਵੇ? ਕੀ ਤੂੰ ਬਿਜਲੀਆਂ ਨੂੰ ਘੱਲ ਸੱਕਦਾ ਹੈਂ ਭਈ ਉਹ ਚੱਲੀਆਂ ਜਾਣ, ਅਤੇ ਓਹ ਤੈਨੂੰ ਆਖਣ, ‘ਅਸੀਂ ਹਾਜ਼ਿਰ ਹਾਂ’? ਘਟਾਂ ਵਿੱਚ ਬੁੱਧੀ ਕਿਸ ਨੇ ਰੱਖੀ, ਯਾ ਟੁੱਟਦੇ ਤਾਰੇ ਨੂੰ ਕਿਸ ਨੇ ਸਮਝ ਬਖ਼ਸ਼ੀ? ਕੌਣ ਬੱਦਲਾਂ ਨੂੰ ਬੁੱਧੀ ਨਾਲ ਗਿਣ ਸੱਕਦਾ ਹੈ, ਅਤੇ ਅਕਾਸ਼ ਦੀਆਂ ਮਸ਼ਕਾਂ ਨੂੰ ਕੌਣ ਡੋਹਲ ਸੱਕਦਾ ਹੈ, ਜਦ ਧੂੜ ਮਿਲ ਕੇ ਘਾਣੀ ਬਣ ਜਾਂਦੀ ਹੈ, ਅਤੇ ਡਲੇ ਘੁਲ ਜਾਂਦੇ ਹਨ?”
11, 12. ਕਿਹੜੀਆਂ ਕੁਝ ਚੀਜ਼ਾਂ ਸਾਬਤ ਕਰਦੀਆਂ ਹਨ ਕਿ ਪਰਮੇਸ਼ੁਰ ਅਚੰਭੇ ਕਰਨ ਵਾਲਾ ਹੈ?
11 ਅੱਯੂਬ ਨਾਲ ਕੀਤੀਆਂ ਗਈਆਂ ਅਲੀਹੂ ਦੀਆਂ ਗੱਲਾਂ ਵਿੱਚੋਂ ਅਸੀਂ ਸਿਰਫ਼ ਕੁਝ ਗੱਲਾਂ ਵੱਲ ਧਿਆਨ ਦਿੱਤਾ ਹੈ ਅਤੇ ਅਸੀਂ ਕੁਝ ਹੀ ਸਵਾਲ ਦੇਖੇ ਹਨ ਜਿਨ੍ਹਾਂ ਦਾ ਜਵਾਬ ਯਹੋਵਾਹ ਨੇ ਅੱਯੂਬ ਨੂੰ “ਮਰਦ ਵਾਂਙੁ” ਦੇਣ ਲਈ ਕਿਹਾ ਸੀ। (ਅੱਯੂਬ 38:3) ਅਸੀਂ “ਕੁਝ” ਇਸ ਲਈ ਕਹਿੰਦੇ ਹਾਂ ਕਿਉਂਕਿ ਅੱਯੂਬ ਦੇ 38ਵੇਂ ਅਤੇ 39ਵੇਂ ਅਧਿਆਵਾਂ ਵਿਚ ਪਰਮੇਸ਼ੁਰ ਨੇ ਸ੍ਰਿਸ਼ਟੀ ਦੀਆਂ ਹੋਰ ਵਧੀਆ ਚੀਜ਼ਾਂ ਦੀ ਵੀ ਗੱਲ ਕੀਤੀ ਸੀ। ਮਿਸਾਲ ਲਈ, ਉਸ ਨੇ ਅਕਾਸ਼ ਦੇ ਤਾਰਿਆਂ ਬਾਰੇ ਗੱਲ ਕੀਤੀ। ਕੌਣ ਹੈ ਜੋ ਉਨ੍ਹਾਂ ਬਾਰੇ ਸਭ ਕੁਝ ਜਾਣਦਾ ਹੈ? (ਅੱਯੂਬ 38:31-33) ਯਹੋਵਾਹ ਨੇ ਅੱਯੂਬ ਦਾ ਧਿਆਨ ਕੁਝ ਜਾਨਵਰਾਂ ਵੱਲ ਖਿੱਚਿਆ ਸੀ, ਜਿਵੇਂ ਕਿ ਸ਼ੇਰ ਅਤੇ ਪਹਾੜੀ ਕਾਂ, ਪਹਾੜੀ ਬੱਕਰੀ ਅਤੇ ਜੰਗਲੀ ਗਧਾ, ਜੰਗਲੀ ਸਾਨ੍ਹ ਅਤੇ ਸ਼ੁਤਰਮੁਰਗ, ਤਾਕਤਵਰ ਘੋੜਾ ਅਤੇ ਉਕਾਬ। ਅਸਲ ਵਿਚ, ਪਰਮੇਸ਼ੁਰ ਨੇ ਅੱਯੂਬ ਨੂੰ ਇਹ ਪੁੱਛਿਆ ਸੀ ਕਿ ਕੀ ਉਸ ਨੇ ਇਨ੍ਹਾਂ ਜਾਨਵਰਾਂ ਨੂੰ ਉਨ੍ਹਾਂ ਦੇ ਖ਼ਾਸ ਗੁਣ ਦਿੱਤੇ ਸਨ ਜੋ ਕਿ ਉਨ੍ਹਾਂ ਦੇ ਜੀਉਂਦੇ ਰਹਿਣ ਅਤੇ ਵਧਣ-ਫੁੱਲਣ ਲਈ ਜ਼ਰੂਰੀ ਹਨ। ਤੁਸੀਂ ਇਨ੍ਹਾਂ ਅਧਿਆਵਾਂ ਦਾ ਅਧਿਐਨ ਕਰਨ ਵਿਚ ਆਨੰਦ ਮਾਣੋਗੇ, ਖ਼ਾਸ ਕਰਕੇ ਜੇ ਤੁਹਾਨੂੰ ਘੋੜੇ ਜਾਂ ਹੋਰ ਜਾਨਵਰ ਪਸੰਦ ਹਨ।—ਜ਼ਬੂਰ 50:10, 11.
12 ਤੁਸੀਂ ਅੱਯੂਬ ਦੇ 40ਵੇਂ ਅਤੇ 41ਵੇਂ ਅਧਿਆਵਾਂ ਦਾ ਵੀ ਅਧਿਐਨ ਕਰ ਸਕਦੇ ਹੋ ਜਿਨ੍ਹਾਂ ਵਿਚ ਯਹੋਵਾਹ ਨੇ ਅੱਯੂਬ ਤੋਂ ਦੋ ਖ਼ਾਸ ਜਾਨਵਰਾਂ ਬਾਰੇ ਸਵਾਲ ਪੁੱਛੇ ਸਨ। ਇਕ ਦਰਿਆਈ ਘੋੜਾ (ਬੇਹੀਮਥ) ਸੀ, ਜੋ ਕਿ ਬਹੁਤ ਹੀ ਵੱਡਾ ਅਤੇ ਤਕੜਾ ਹੁੰਦਾ ਹੈ, ਅਤੇ ਦੂਸਰਾ ਨੀਲ ਦਰਿਆ ਦਾ ਭਿਆਨਕ ਮਗਰਮੱਛ (ਲਿਵਯਾਥਾਨ)। ਇਹ ਦੋਵੇਂ ਜਾਨਵਰ ਸ੍ਰਿਸ਼ਟੀ ਦੇ ਅਚੰਭੇ ਹਨ ਅਤੇ ਸਾਨੂੰ ਇਨ੍ਹਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਆਓ ਆਪਾਂ ਦੇਖੀਏ ਕਿ ਸਾਨੂੰ ਕਿਨ੍ਹਾਂ ਸਿੱਟਿਆਂ ਤੇ ਪਹੁੰਚਣਾ ਚਾਹੀਦਾ ਹੈ।
13. ਪਰਮੇਸ਼ੁਰ ਦੇ ਸਵਾਲਾਂ ਦਾ ਅੱਯੂਬ ਉੱਤੇ ਕੀ ਅਸਰ ਪਿਆ ਸੀ, ਅਤੇ ਇਨ੍ਹਾਂ ਗੱਲਾਂ ਤੋਂ ਸਾਡੇ ਉੱਤੇ ਕਿਸ ਤਰ੍ਹਾਂ ਦਾ ਅਸਰ ਪੈਣਾ ਚਾਹੀਦਾ ਹੈ?
13 ਅੱਯੂਬ ਦਾ 42ਵਾਂ ਅਧਿਆਇ ਦਿਖਾਉਂਦਾ ਹੈ ਕਿ ਪਰਮੇਸ਼ੁਰ ਦੇ ਸਵਾਲਾਂ ਦਾ ਅੱਯੂਬ ਉੱਤੇ ਕੀ ਅਸਰ ਪਿਆ ਸੀ। ਯਾਦ ਕਰੋ ਕਿ ਪਹਿਲਾਂ ਅੱਯੂਬ ਆਪਣੇ ਆਪ ਅਤੇ ਦੂਸਰਿਆਂ ਵੱਲ ਜ਼ਿਆਦਾ ਧਿਆਨ ਦੇ ਰਿਹਾ ਸੀ। ਪਰ, ਪਰਮੇਸ਼ੁਰ ਦੇ ਸਵਾਲਾਂ ਤੋਂ ਤਾੜਨਾ ਸਵੀਕਾਰ ਕਰ ਕੇ ਅੱਯੂਬ ਨੇ ਆਪਣਾ ਰਵੱਈਆ ਬਦਲ ਲਿਆ ਸੀ। ਉਸ ਨੇ ਕਬੂਲ ਕੀਤਾ ਕਿ “ਮੈਂ ਜਾਣਦਾ ਹਾਂ ਭਈ ਤੂੰ [ਯਹੋਵਾਹ] ਸਭ ਕੁਝ ਕਰ ਸੱਕਦਾ ਹੈਂ, ਅਤੇ ਤੇਰਾ ਕੋਈ ਪਰੋਜਨ ਰੁਕ ਨਹੀਂ ਸੱਕਦਾ। ਏਹ ਕੌਣ ਹੈ ਜਿਹੜਾ ਅਗਿਆਨਤਾ ਨਾਲ ਸਲਾਹ ਨੂੰ ਢੱਕਦਾ ਹੈ? ਏਸ ਲਈ ਮੈਂ ਉਹ ਬਕਿਆ ਜਿਹ ਨੂੰ ਮੈਂ ਨਾ ਸਮਝਿਆ, ਏਹ ਮੇਰੇ ਲਈ ਅਚਰਜ ਗੱਲਾਂ ਸਨ ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ ਸਾਂ!” (ਅੱਯੂਬ 42:2, 3) ਜੀ ਹਾਂ, ਪਰਮੇਸ਼ੁਰ ਦੇ ਕੰਮਾਂ ਵੱਲ ਧਿਆਨ ਦੇਣ ਤੋਂ ਬਾਅਦ ਅੱਯੂਬ ਨੇ ਕਿਹਾ ਕਿ ਇਹ ਇੰਨੇ ਅਸਚਰਜ ਸਨ ਕਿ ਉਹ ਇਨ੍ਹਾਂ ਬਾਰੇ ਕੁਝ ਨਹੀਂ ਜਾਣਦਾ ਸੀ। ਇਨ੍ਹਾਂ ਅਚੰਭਿਆਂ ਵੱਲ ਥੋੜ੍ਹਾ ਜਿਹਾ ਧਿਆਨ ਦੇਣ ਤੋਂ ਬਾਅਦ ਸਾਨੂੰ ਵੀ ਪਰਮੇਸ਼ੁਰ ਦੀ ਵਿਸ਼ਾਲ ਬੁੱਧ ਅਤੇ ਸ਼ਕਤੀ ਤੋਂ ਪ੍ਰਭਾਵਿਤ ਹੋਣਾ ਚਾਹੀਦਾ ਹੈ। ਪਰ, ਕੀ ਸਾਨੂੰ ਉਸ ਦੀ ਵਿਸ਼ਾਲ ਬੁੱਧ ਅਤੇ ਯੋਗਤਾ ਕਾਰਨ ਸਿਰਫ਼ ਹੈਰਾਨ ਹੀ ਹੋਣਾ ਚਾਹੀਦਾ ਹੈ? ਜਾਂ ਕੀ ਸਾਨੂੰ ਇਸ ਤੋਂ ਵਧ ਕੁਝ ਹੋਰ ਵੀ ਕਰਨਾ ਚਾਹੀਦਾ ਹੈ?
14. ਦਾਊਦ ਨੇ ਪਰਮੇਸ਼ੁਰ ਦੇ ਅਚੰਭਿਆਂ ਬਾਰੇ ਕੀ ਕਿਹਾ ਸੀ?
14 ਜ਼ਬੂਰ 86 ਵਿਚ ਅਸੀਂ ਦਾਊਦ ਦੇ ਸ਼ਬਦ ਪਾਉਂਦੇ ਹਾਂ, ਜਿਸ ਨੇ ਆਪਣੇ ਇਕ ਪਹਿਲੇ ਜ਼ਬੂਰ ਵਿਚ ਇਹ ਕਿਹਾ ਸੀ: “ਅਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਵਰਨਣ ਕਰਦੇ ਹਨ, ਅਤੇ ਅੰਬਰ ਉਸ ਦੀ ਦਸਤਕਾਰੀ ਵਿਖਾਲਦਾ ਹੈ। ਦਿਨ ਦਿਨ ਨਾਲ ਬੋਲੀ ਬੋਲਦਾ ਹੈ, ਅਤੇ ਰਾਤ ਰਾਤ ਨੂੰ ਗਿਆਨ ਦੱਸਦੀ ਹੈ।” (ਜ਼ਬੂਰ 19:1, 2) ਪਰ ਜ਼ਬੂਰ 86:10, 11 ਵਿਚ ਦਾਊਦ ਨੇ ਹੋਰ ਵੀ ਬਹੁਤ ਕੁਝ ਲਿਖਿਆ ਸੀ। ਇੱਥੇ ਅਸੀਂ ਪੜ੍ਹਦੇ ਹਾਂ: “ਤੂੰ ਤਾਂ ਮਹਾਨ ਹੈਂ ਅਤੇ ਅਚਰਜ ਕਰਤੱਬ ਕਰਦਾ ਹੈਂ, ਤੂੰ ਹੀ ਪਰਮੇਸ਼ੁਰ ਹੈਂ! ਹੇ ਯਹੋਵਾਹ, ਮੈਨੂੰ ਆਪਣਾ ਰਾਹ ਸਿਖਲਾ, ਮੈਂ ਤੇਰੀ ਸਚਿਆਈ ਵਿੱਚ ਚੱਲਾਂਗਾ, ਮੇਰੇ ਦਿਲ ਨੂੰ ਇਕਾਗਰ ਕਰ ਕਿ ਮੈਂ ਤੇਰੇ ਨਾਮ ਦਾ ਭੈ ਮੰਨਾਂ।” ਦਾਊਦ ਸ੍ਰਿਸ਼ਟੀਕਰਤਾ ਦੇ ਸਾਰੇ ਅਸਚਰਜ ਕੰਮਾਂ, ਜਾਂ ਉਸ ਦੇ ਅਚੰਭਿਆਂ ਤੋਂ ਹੈਰਾਨ ਹੋਣ ਦੇ ਨਾਲ-ਨਾਲ ਪਰਮੇਸ਼ੁਰ ਦਾ ਭੈ ਵੀ ਰੱਖਦਾ ਸੀ। ਤੁਸੀਂ ਸਮਝ ਸਕਦੇ ਹੋ ਕਿ ਉਹ ਇਸ ਤਰ੍ਹਾਂ ਕਿਉਂ ਮਹਿਸੂਸ ਕਰਦਾ ਸੀ। ਦਾਊਦ ਇਸ ਅਚੰਭੇ ਕਰਨ ਵਾਲੇ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ ਸੀ ਅਤੇ ਨਾ ਹੀ ਸਾਨੂੰ ਕਰਨਾ ਚਾਹੀਦਾ ਹੈ।
15. ਦਾਊਦ ਲਈ ਪਰਮੇਸ਼ੁਰ ਦਾ ਭੈ ਰੱਖਣਾ ਕਿਉਂ ਉਚਿਤ ਸੀ?
15 ਦਾਊਦ ਇਹ ਗੱਲ ਜ਼ਰੂਰ ਸਮਝਦਾ ਸੀ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਕੋਲ ਵਿਸ਼ਾਲ ਸ਼ਕਤੀ ਹੈ ਅਤੇ ਉਹ ਇਸ ਨੂੰ ਉਨ੍ਹਾਂ ਵਿਰੁੱਧ ਵਰਤ ਸਕਦਾ ਹੈ ਜੋ ਉਸ ਦੀ ਮਿਹਰ ਪ੍ਰਾਪਤ ਨਹੀਂ ਕਰਦੇ। ਉਨ੍ਹਾਂ ਲਈ ਇਹ ਗੱਲ ਕਿੰਨੀ ਭਿਆਨਕ ਹੈ। ਪਰਮੇਸ਼ੁਰ ਨੇ ਅੱਯੂਬ ਤੋਂ ਪੁੱਛਿਆ: “ਕੀ ਤੂੰ ਬਰਫ਼ ਦੇ ਖ਼ਜ਼ਾਨਿਆਂ ਕੋਲ ਗਿਆ, ਅਤੇ ਗੜਿਆਂ ਦੇ ਖ਼ਜ਼ਾਨਿਆਂ ਨੂੰ ਵੇਖਿਆ, ਜਿਨ੍ਹਾਂ ਨੂੰ ਮੈਂ ਦੁਖ ਦੇ ਵੇਲੇ ਲਈ ਬਚਾ ਰੱਖਿਆ ਹੈ, ਲੜਾਈ ਤੇ ਜੁੱਧ ਦੇ ਦਿਨਾਂ ਲਈ ਵੀ?” ਪਰਮੇਸ਼ੁਰ ਬਰਫ਼, ਅਹਿਣ, ਮੀਂਹ, ਹਵਾ, ਅਤੇ ਬਿਜਲੀ ਨੂੰ ਹਥਿਆਰਾਂ ਵਜੋਂ ਵਰਤ ਸਕਦਾ ਹੈ। ਅਤੇ ਇਹ ਕੁਦਰਤੀ ਸ਼ਕਤੀਆਂ ਕਿੰਨੀਆਂ ਤਾਕਤਵਰ ਹਨ!—ਅੱਯੂਬ 38:22, 23.
16, 17. ਕਿਹੜੀ ਗੱਲ ਸਾਨੂੰ ਪਰਮੇਸ਼ੁਰ ਦੀ ਵਿਸ਼ਾਲ ਸ਼ਕਤੀ ਬਾਰੇ ਸਮਝਾਉਂਦੀ ਹੈ, ਅਤੇ ਉਸ ਨੇ ਪੁਰਾਣੇ ਜ਼ਮਾਨੇ ਵਿਚ ਆਪਣੀ ਸ਼ਕਤੀ ਕਿਸ ਤਰ੍ਹਾਂ ਵਰਤੀ ਸੀ?
16 ਤੁਹਾਨੂੰ ਸ਼ਾਇਦ ਆਪਣੇ ਆਸ-ਪਾਸ ਦੇ ਇਲਾਕੇ ਵਿਚ ਕਿਸੇ ਤੂਫ਼ਾਨ, ਵਾਵਰੋਲੇ, ਅਹਿਣ, ਜਾਂ ਹੜ੍ਹ ਦੀ ਤਬਾਹੀ ਬਾਰੇ ਪਤਾ ਹੋਵੇ। ਮਿਸਾਲ ਲਈ: ਸਾਲ 1999 ਦੇ ਅਖ਼ੀਰ ਵਿਚ, ਦੱਖਣ-ਪੱਛਮੀ ਯੂਰਪ ਵਿਚ ਇਕ ਬਹੁਤ ਹੀ ਵੱਡਾ ਤੂਫ਼ਾਨ ਆਇਆ ਸੀ। ਇਸ ਨੇ ਸਾਰਿਆਂ ਨੂੰ ਹੈਰਾਨ ਕੀਤਾ, ਮੌਸਮ-ਵਿਗਿਆਨੀਆਂ ਨੂੰ ਵੀ। ਹਵਾਵਾਂ 125 ਮੀਲ ਪ੍ਰਤਿ ਘੰਟੇ ਦੀ ਤੇਜ਼ੀ ਤਕ ਪਹੁੰਚ ਗਈਆਂ, ਅਤੇ ਇਨ੍ਹਾਂ ਨੇ ਹਜ਼ਾਰਾਂ ਹੀ ਛੱਤਾਂ ਭੰਨ-ਤੋੜ ਦਿੱਤੀਆਂ, ਬਿਜਲੀ ਦੀਆਂ ਤਾਰਾਂ ਦੇ ਖੰਭੇ ਢਾਹ ਦਿੱਤੇ, ਅਤੇ ਟਰੱਕਾਂ ਨੂੰ ਉਲਟਾ ਦਿੱਤਾ ਸੀ। ਜ਼ਰਾ ਇਸ ਦੀ ਕਲਪਨਾ ਕਰਨ ਦੀ ਕੋਸ਼ਿਸ਼ ਕਰੋ: ਤੂਫ਼ਾਨ ਨੇ ਕੁਝ 27 ਕਰੋੜ ਦਰਖ਼ਤਾਂ ਨੂੰ ਜੜ੍ਹੋਂ ਪੁੱਟ ਸੁੱਟਿਆ ਜਾਂ ਉਨ੍ਹਾਂ ਨੂੰ ਭੰਨ-ਤੋੜ ਦਿੱਤਾ, ਇਨ੍ਹਾਂ ਵਿੱਚੋਂ 10,000 ਦਰਖ਼ਤ ਪੈਰਿਸ ਤੋਂ ਬਾਹਰ ਵਾਸਾਈ ਦੇ ਪਾਰਕ ਵਿਚ ਸਨ। ਲੱਖਾਂ ਹੀ ਘਰਾਂ ਦੀ ਬਿਜਲੀ ਚੱਲੀ ਗਈ। ਅਤੇ ਇਸ ਨੇ 100 ਕੁ ਲੋਕਾਂ ਦੀਆਂ ਜਾਨਾਂ ਵੀ ਲਈਆਂ। ਇਹ ਸਭ ਕੁਝ ਸਿਰਫ਼ ਇਕ ਛੋਟੇ ਜਿਹੇ ਤੂਫ਼ਾਨ ਕਾਰਨ ਹੋਇਆ। ਇਸ ਵਿਚ ਕਿੰਨੀ ਵੱਡੀ ਤਾਕਤ ਸੀ!
17 ਲੋਕ ਸ਼ਾਇਦ ਤੂਫ਼ਾਨਾਂ ਨੂੰ ਅਜੀਬ ਤੇ ਬੇਕਾਬੂ ਘਟਨਾਵਾਂ ਸਮਝਣ। ਪਰ ਜ਼ਰਾ ਸੋਚੋ, ਜੇ ਅਚੰਭੇ ਕਰਨ ਵਾਲਾ ਸਭ ਤੋਂ ਸ਼ਕਤੀਸ਼ਾਲੀ ਪਰਮੇਸ਼ੁਰ ਅਜਿਹੀਆਂ ਤਾਕਤਾਂ ਨੂੰ ਆਪਣਾ ਮਕਸਦ ਪੂਰਾ ਕਰਨ ਲਈ ਇਸਤੇਮਾਲ ਕਰੇ, ਤਾਂ ਕੀ ਹੋ ਸਕਦਾ ਹੈ? ਉਸ ਨੇ ਅਬਰਾਹਾਮ ਦੇ ਜ਼ਮਾਨੇ ਵਿਚ ਇਸ ਤਰ੍ਹਾਂ ਕੀਤਾ ਸੀ। ਅਬਰਾਹਾਮ ਨੂੰ ਪਤਾ ਲੱਗਾ ਕਿ ਸਾਰੀ ਧਰਤੀ ਦੇ ਨਿਆਂਕਾਰ ਨੇ ਦੋ ਸ਼ਹਿਰਾਂ, ਸਦੂਮ ਅਤੇ ਅਮੂਰਾਹ, ਦੀ ਦੁਸ਼ਟਤਾ ਨੂੰ ਦੇਖਿਆ ਸੀ। ਉਨ੍ਹਾਂ ਦਾ ਪਾਪ ਇੰਨਾ ਵੱਧ ਗਿਆ ਸੀ ਕਿ ਨੇਕ ਲੋਕਾਂ ਦੀਆਂ ਪੁਕਾਰਾਂ ਪਰਮੇਸ਼ੁਰ ਨੂੰ ਸੁਣਾਈ ਦੇ ਰਹੀਆਂ ਸਨ। ਇਸ ਲਈ ਉਸ ਨੇ ਇਨ੍ਹਾਂ ਸ਼ਹਿਰਾਂ ਦੀ ਤਬਾਹੀ ਤੋਂ ਧਰਮੀ ਲੋਕਾਂ ਨੂੰ ਬਚਾਉਣ ਦਾ ਪ੍ਰਬੰਧ ਕੀਤਾ। ਬਾਈਬਲ ਕਹਿੰਦੀ ਹੈ ਕਿ ਯਹੋਵਾਹ ਨੇ ਉਨ੍ਹਾਂ ਪ੍ਰਾਚੀਨ ਸ਼ਹਿਰਾਂ ‘ਉੱਤੇ ਗੰਧਕ ਅਰ ਅੱਗ ਅਕਾਸ਼ ਤੋਂ ਬਰਸਾਈ।’ ਇਹ ਪਰਮੇਸ਼ੁਰ ਦਾ ਇਕ ਅਚੰਭਾ ਸੀ, ਜਿਸ ਰਾਹੀਂ ਧਰਮੀ ਲੋਕ ਬਚਾਏ ਗਏ ਸਨ ਅਤੇ ਦੁਸ਼ਟ ਲੋਕਾਂ ਦਾ ਨਾਸ ਕੀਤਾ ਗਿਆ ਸੀ।—ਉਤਪਤ 19:24.
18. ਯਸਾਯਾਹ ਦਾ 25ਵਾਂ ਅਧਿਆਇ ਕਿਨ੍ਹਾਂ ਅਸਚਰਜ ਕੰਮਾਂ ਵੱਲ ਸੰਕੇਤ ਕਰਦਾ ਹੈ?
18 ਬਾਅਦ ਵਿਚ ਯਹੋਵਾਹ ਨੇ ਬਾਬਲ ਦੇ ਪ੍ਰਾਚੀਨ ਸ਼ਹਿਰ ਦਾ ਵੀ ਨਿਆਂ ਕੀਤਾ ਸੀ, ਜਿਸ ਬਾਰੇ ਹੋ ਸਕਦਾ ਹੈ ਕਿ ਯਸਾਯਾਹ ਦੇ 25ਵੇਂ ਅਧਿਆਇ ਵਿਚ ਸੰਕੇਤ ਕੀਤਾ ਗਿਆ ਹੈ। ਪਰਮੇਸ਼ੁਰ ਨੇ ਪਹਿਲਾਂ ਹੀ ਦੱਸਿਆ ਸੀ ਕਿ ਇਹ ਸ਼ਹਿਰ ਵਿਰਾਨ ਜਗ੍ਹਾ ਬਣ ਜਾਵੇਗਾ: “ਤੈਂ ਤਾਂ ਸ਼ਹਿਰ ਨੂੰ ਥੇਹ, ਅਤੇ ਗੜ੍ਹ ਵਾਲੇ ਨਗਰ ਨੂੰ ਖੋਲਾ ਬਣਾ ਦਿੱਤਾ ਹੈ, ਪਰਦੇਸੀਆਂ ਦਾ ਮਹਿਲ ਹੁਣ ਸ਼ਹਿਰ ਨਹੀਂ, ਉਹ ਸਦਾ ਲਈ ਫੇਰ ਉਸਾਰਿਆ ਨਾ ਜਾਵੇਗਾ।” (ਯਸਾਯਾਹ 25:2) ਅੱਜ ਜੋ ਵੀ ਪ੍ਰਾਚੀਨ ਬਾਬਲ ਦੀ ਜਗ੍ਹਾ ਨੂੰ ਦੇਖਣ ਜਾਂਦੇ ਹਨ ਉਹ ਤੁਹਾਨੂੰ ਦੱਸ ਸਕਦੇ ਹਨ ਕਿ ਇਹ ਗੱਲ ਸੱਚ ਸਾਬਤ ਹੋਈ ਹੈ। ਕੀ ਬਾਬਲ ਦੀ ਤਬਾਹੀ ਸਿਰਫ਼ ਇਕ ਇਤਫ਼ਾਕ ਸੀ? ਬਿਲਕੁਲ ਨਹੀਂ। ਅਸੀਂ ਯਸਾਯਾਹ ਦੇ ਅਨੁਮਾਨ ਨੂੰ ਸਵੀਕਾਰ ਕਰ ਸਕਦੇ ਹਾਂ ਕਿ “ਹੇ ਯਹੋਵਾਹ, ਤੂੰ ਮੇਰਾ ਪਰਮੇਸ਼ੁਰ ਹੈਂ, ਮੈਂ ਤੈਨੂੰ ਵਡਿਆਵਾਂਗਾ, ਮੈਂ ਤੇਰੇ ਨਾਮ ਨੂੰ ਸਲਾਹਾਂਗਾ, ਤੈਂ ਅਚਰਜ ਕੰਮ ਜੋ ਕੀਤਾ ਹੈ, ਪਰਾਚੀਨ ਸਮੇਂ ਤੋਂ ਤੇਰੇ ਮਤੇ ਵਫ਼ਾਦਾਰੀ ਤੇ ਸਚਿਆਈ ਦੇ ਹਨ!”—ਯਸਾਯਾਹ 25:1.
ਭਵਿੱਖ ਵਿਚ ਅਸਚਰਜ ਕੰਮ
19, 20. ਯਸਾਯਾਹ 25:6-8 ਦੀ ਪੂਰਤੀ ਵਿਚ ਅਸੀਂ ਕਿਸ ਚੀਜ਼ ਦੀ ਆਸ ਰੱਖ ਸਕਦੇ ਹਾਂ?
19 ਪਰਮੇਸ਼ੁਰ ਨੇ ਪਿੱਛਲੇ ਜ਼ਮਾਨੇ ਵਿਚ ਉਪਰ ਲਿਖੀ ਗਈ ਭਵਿੱਖਬਾਣੀ ਪੂਰੀ ਕੀਤੀ ਸੀ ਅਤੇ ਉਸੇ ਤਰ੍ਹਾਂ ਉਹ ਆਉਣ ਵਾਲੇ ਸਮੇਂ ਵਿਚ ਵੀ ਅਸਚਰਜ ਕੰਮ ਕਰੇਗਾ। ਜਿੱਥੇ ਯਸਾਯਾਹ ਨੇ ਪਰਮੇਸ਼ੁਰ ਦੇ ‘ਅਚਰਜ ਕੰਮਾਂ’ ਬਾਰੇ ਗੱਲ ਕੀਤੀ ਸੀ, ਉੱਥੇ ਅਸੀਂ ਅਜਿਹੀ ਭਵਿੱਖਬਾਣੀ ਪਾਉਂਦੇ ਹਾਂ ਜੋ ਹਾਲੇ ਪੂਰੀ ਹੋਣੀ ਹੈ, ਠੀਕ ਜਿਵੇਂ ਬਾਬਲ ਬਾਰੇ ਭਵਿੱਖਬਾਣੀ ਪੂਰੀ ਹੋਈ ਸੀ। ਪਰ, ਕਿਹੜੇ “ਅਚਰਜ ਕੰਮ” ਬਾਰੇ ਵਾਅਦਾ ਕੀਤਾ ਗਿਆ ਹੈ? ਯਸਾਯਾਹ 25:6 ਕਹਿੰਦਾ ਹੈ: “ਇਸੇ ਪਹਾੜ ਤੇ ਸੈਨਾਂ ਦਾ ਯਹੋਵਾਹ ਸਾਰਿਆਂ ਲੋਕਾਂ ਲਈ ਮੋਟੀਆਂ ਵਸਤਾਂ ਦੀ ਦਾਉਤ ਕਰੇਗਾ, ਪੁਰਾਣੀਆਂ ਮਧਾਂ ਦੀ ਦਾਉਤ, ਗੁੱਦੇ ਸਣੇ ਮੋਟੀਆਂ ਵਸਤਾਂ, ਛਾਣੀਆਂ ਹੋਈਆਂ ਪੁਰਾਣੀਆਂ ਮਧਾਂ।”
20 ਪਰਮੇਸ਼ੁਰ ਦੇ ਵਾਅਦਾ ਕੀਤੇ ਗਏ ਨਵੇਂ ਸੰਸਾਰ ਵਿਚ ਇਹ ਗੱਲ ਜ਼ਰੂਰ ਪੂਰੀ ਹੋਵੇਗੀ। ਉਸ ਸਮੇਂ, ਮਨੁੱਖਜਾਤੀ ਉਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਵੇਗੀ ਜੋ ਅੱਜ ਲੋਕਾਂ ਨੂੰ ਪਰੇਸ਼ਾਨ ਕਰਦੀਆਂ ਹਨ। ਦਰਅਸਲ, ਯਸਾਯਾਹ 25:7, 8 ਦੀ ਭਵਿੱਖਬਾਣੀ ਗਾਰੰਟੀ ਦਿੰਦੀ ਹੈ ਕਿ ਪਰਮੇਸ਼ੁਰ ਆਪਣੀ ਰਚਨਾਤਮਕ ਸ਼ਕਤੀ ਵਰਤ ਕੇ ਇਕ ਸਭ ਤੋਂ ਵਧੀਆ ਅਚੰਭਾ ਕਰੇਗਾ: “ਉਹ ਮੌਤ ਨੂੰ ਸਦਾ ਲਈ ਝੱਫ ਲਵੇਗਾ, ਅਤੇ ਪ੍ਰਭੁ ਯਹੋਵਾਹ ਸਾਰਿਆਂ ਮੂੰਹਾਂ ਤੋਂ ਅੰਝੂ ਪੂੰਝ ਸੁੱਟੇਗਾ, ਅਤੇ ਆਪਣੀ ਪਰਜਾ ਦੀ ਬਦਨਾਮੀ ਨੂੰ ਸਾਰੀ ਧਰਤੀ ਦੇ ਉੱਤੋਂ ਦੂਰ ਕਰ ਦੇਵੇਗਾ, ਕਿਉਂਕਿ ਏਹ ਯਹੋਵਾਹ ਦਾ ਬੋਲ ਹੈ।” ਪੌਲੁਸ ਰਸੂਲ ਨੇ ਬਾਅਦ ਵਿਚ ਇਸ ਹਵਾਲੇ ਦਾ ਜ਼ਿਕਰ ਕਰ ਕੇ ਇਸ ਨੂੰ ਉਸ ਸਮੇਂ ਤੇ ਲਾਗੂ ਕੀਤਾ ਸੀ ਜਦੋਂ ਪਰਮੇਸ਼ੁਰ ਮਰੇ ਹੋਏ ਵਿਅਕਤੀਆਂ ਨੂੰ ਜੀ ਉਠਾਵੇਗਾ। ਇਹ ਕਿੰਨਾ ਅਸਚਰਜ ਕੰਮ ਹੋਵੇਗਾ!—1 ਕੁਰਿੰਥੀਆਂ 15:51-54.
21. ਮੁਰਦਿਆਂ ਲਈ ਪਰਮੇਸ਼ੁਰ ਕਿਹੜੇ ਅਚੰਭੇ ਕਰੇਗਾ?
21 ਦੁੱਖ ਦੇ ਅੰਝੂ ਪੂੰਝਣ ਦਾ ਇਕ ਹੋਰ ਕਾਰਨ ਇਹ ਹੋਵੇਗਾ ਕਿ ਇਨਸਾਨਾਂ ਦੀਆਂ ਸਾਰੀਆਂ ਬੀਮਾਰੀਆਂ ਦੂਰ ਕੀਤੀਆਂ ਜਾਣਗੀਆਂ। ਜਦੋਂ ਯਿਸੂ ਧਰਤੀ ਤੇ ਸੀ ਉਸ ਨੇ ਕਈਆਂ ਨੂੰ ਠੀਕ ਕੀਤਾ ਸੀ। ਉਸ ਨੇ ਅੰਨ੍ਹਿਆਂ ਨੂੰ ਸੁਜਾਖਾ ਕੀਤਾ, ਬੋਲ਼ਿਆਂ ਦੇ ਕੰਨ ਖੋਲ੍ਹੇ, ਅਤੇ ਲੰਗੜਿਆਂ ਨੂੰ ਵੀ ਚੰਗਾ ਕੀਤਾ ਸੀ। ਯੂਹੰਨਾ 5:5-9 ਵਿਚ ਦੱਸਿਆ ਗਿਆ ਹੈ ਕਿ ਉਸ ਨੇ ਇਕ ਆਦਮੀ ਨੂੰ ਠੀਕ ਕੀਤਾ ਜੋ 38 ਸਾਲਾਂ ਤੋਂ ਲੰਗੜਾ ਸੀ। ਦੇਖਣ ਵਾਲਿਆਂ ਨੇ ਇਸ ਨੂੰ ਇਕ ਅਸਚਰਜ ਕੰਮ ਜਾਂ ਇਕ ਅਚੰਭਾ ਸਮਝਿਆ। ਅਤੇ ਇਹ ਸੱਚ-ਮੁੱਚ ਇਕ ਅਚੰਭਾ ਹੀ ਸੀ! ਪਰ ਯਿਸੂ ਨੇ ਅਜਿਹੇ ਅਚੰਭੇ ਬਾਰੇ ਗੱਲ ਕੀਤੀ ਸੀ ਜੋ ਇਸ ਨਾਲੋਂ ਵੀ ਵਧੀਆ ਹੈ: ਮੁਰਦਿਆਂ ਦਾ ਜੀ ਉਠਾਉਣਾ। ਉਸ ਨੇ ਕਿਹਾ: “ਇਹ ਨੂੰ ਅਚਰਜ ਨਾ ਜਾਣੋ ਕਿਉਂਕਿ ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ ਕਬਰਾਂ ਵਿੱਚ ਹਨ ਉਹ ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ ਜਿਨ੍ਹਾਂ ਨੇ ਭਲਿਆਈ ਕੀਤੀ ਹੈ ਸੋ ਜੀਉਣ ਦੀ ਕਿਆਮਤ ਲਈ” ਨਿਕਲ ਆਉਣਗੇ।—ਯੂਹੰਨਾ 5:28, 29.
22. ਕੰਗਾਲ ਅਤੇ ਦੁਖੀ ਲੋਕ ਉਮੀਦ ਕਿਉਂ ਰੱਖ ਸਕਦੇ ਹਨ?
22 ਇਹ ਗੱਲ ਜ਼ਰੂਰ ਪੂਰੀ ਹੋਵੇਗੀ ਕਿਉਂਕਿ ਯਹੋਵਾਹ ਨੇ ਇਸ ਦਾ ਵਾਅਦਾ ਕੀਤਾ ਹੈ। ਤੁਸੀਂ ਪੂਰਾ ਯਕੀਨ ਕਰ ਸਕਦੇ ਹੋ ਕਿ ਜਦੋਂ ਉਹ ਆਪਣੀ ਵਿਸ਼ਾਲ ਸ਼ਕਤੀ ਵਰਤੇਗਾ, ਨਤੀਜੇ ਵਧੀਆ ਤੋਂ ਵਧੀਆ ਹੋਣਗੇ। ਜ਼ਬੂਰ 72 ਦੱਸਦਾ ਹੈ ਕਿ ਉਹ ਆਪਣੇ ਪੁੱਤਰ, ਯਾਨੀ ਰਾਜੇ ਯਿਸੂ ਮਸੀਹ ਰਾਹੀਂ ਕੀ-ਕੀ ਕਰੇਗਾ। ਉਦੋਂ ਧਰਮੀ ਧਰਤੀ ਉੱਤੇ ਵੱਸਣਗੇ। ਬਹੁਤ ਹੀ ਸੁਖ ਹੋਵੇਗਾ। ਪਰਮੇਸ਼ੁਰ ਕੰਗਾਲਾਂ ਅਤੇ ਦੁਖੀ ਲੋਕਾਂ ਨੂੰ ਬਚਾਵੇਗਾ। ਉਹ ਵਾਅਦਾ ਕਰਦਾ ਹੈ ਕਿ ‘ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ ਹੋਵੇਗਾ, ਉਹ ਦਾ ਫਲ ਪ੍ਰਾਚੀਨ ਲਬਾਨੋਨ ਵਾਂਙੁ ਝੂਮੇਗਾ, ਅਤੇ ਸ਼ਹਿਰ ਦੇ ਲੋਕ ਧਰਤੀ ਦੀ ਹਰਿਆਉਲ ਵਾਂਙੁ ਲਹਿ ਲਹਾਉਣਗੇ!’—ਜ਼ਬੂਰ 72:16.
23. ਪਰਮੇਸ਼ੁਰ ਦੇ ਅਚੰਭੇ ਦੇਖ ਕੇ ਸਾਨੂੰ ਕੀ ਕਰਨਾ ਚਾਹੀਦਾ ਹੈ?
23 ਤਾਂ ਫਿਰ, ਇਹ ਗੱਲ ਸਪੱਸ਼ਟ ਹੈ ਕਿ ਸਾਡੇ ਕੋਲ ਯਹੋਵਾਹ ਦੇ ਅਚੰਭਿਆਂ ਵੱਲ ਧਿਆਨ ਦੇਣ ਦੇ ਬਹੁਤ ਸਾਰੇ ਕਾਰਨ ਹਨ। ਇਨ੍ਹਾਂ ਵਿੱਚੋਂ ਤਿੰਨ ਕਾਰਨ ਇਹ ਹਨ ਕਿ ਉਸ ਨੇ ਬੀਤਿਆਂ ਸਮਿਆਂ ਵਿਚ ਕੀ ਕੀਤਾ ਸੀ, ਉਹ ਅੱਜ ਸਾਡੇ ਆਲੇ-ਦੁਆਲੇ ਸ੍ਰਿਸ਼ਟੀ ਵਿਚ ਕੀ ਕਰ ਰਿਹਾ ਹੈ, ਅਤੇ ਉਸ ਨੇ ਭਵਿੱਖ ਵਿਚ ਕੀ ਕਰਨ ਦਾ ਵਾਅਦਾ ਕੀਤਾ ਹੈ। “ਮੁਬਾਰਕ ਹੋਵੇ ਯਹੋਵਾਹ ਪਰਮੇਸ਼ੁਰ, ਇਸਰਾਏਲ ਦਾ ਪਰਮੇਸ਼ੁਰ, ਉਹ ਇਕੱਲਾ ਹੀ ਅਚਰਜ ਦੇ ਕੰਮ ਕਰਦਾ ਹੈ, ਅਤੇ ਉਹ ਦਾ ਤੇਜਵਾਨ ਨਾਮ ਸਦਾ ਤੀਕੁਰ ਮੁਬਾਰਕ ਹੋਵੇ, ਅਤੇ ਸਾਰੀ ਧਰਤੀ ਉਹ ਦੇ ਤੇਜ ਨਾਲ ਭਰਪੂਰ ਹੋਵੇ! ਆਮੀਨ ਤੇ ਆਮੀਨ!” (ਜ਼ਬੂਰ 72:18, 19) ਸਾਨੂੰ ਨਿਯਮਿਤ ਤੌਰ ਤੇ ਆਪਣੇ ਰਿਸ਼ਤੇਦਾਰਾਂ ਅਤੇ ਦੂਸਰਿਆਂ ਨਾਲ ਪਰਮੇਸ਼ੁਰ ਦੇ ਅਚੰਭਿਆਂ ਬਾਰੇ ਗੱਲਬਾਤ ਕਰਨੀ ਚਾਹੀਦੀ ਹੈ। ਜੀ ਹਾਂ, ਆਓ ਆਪਾਂ ‘ਕੌਮਾਂ ਦੇ ਵਿੱਚ ਉਹ ਦੇ ਪਰਤਾਪ ਦਾ, ਅਤੇ ਸਾਰੇ ਲੋਕਾਂ ਵਿੱਚ ਉਹ ਦੇ ਅਚਰਜ ਕੰਮਾਂ ਦਾ ਵਰਨਣ ਕਰੀਏ।’—ਜ਼ਬੂਰ 78:3, 4; 96:3, 4.
ਤੁਸੀਂ ਕਿਸ ਤਰ੍ਹਾਂ ਜਵਾਬ ਦਿਓਗੇ?
• ਅੱਯੂਬ ਨੂੰ ਪੁੱਛੇ ਗਏ ਸਵਾਲ ਕਿਸ ਤਰ੍ਹਾਂ ਦਿਖਾਉਂਦੇ ਹਨ ਕਿ ਇਨਸਾਨਾਂ ਦੀ ਜਾਣਕਾਰੀ ਸੀਮਿਤ ਹੈ?
• ਅੱਯੂਬ ਦੇ 37ਵੇਂ ਤੋਂ 41ਵੇਂ ਅਧਿਆਵਾਂ ਵਿਚ ਪਰਮੇਸ਼ੁਰ ਦੇ ਅਚੰਭਿਆਂ ਦੀਆਂ ਕਿਹੜੀਆਂ ਮਿਸਾਲਾਂ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਹੈ?
• ਪਰਮੇਸ਼ੁਰ ਦੇ ਕੁਝ ਅਚੰਭਿਆਂ ਵੱਲ ਧਿਆਨ ਦੇਣ ਤੋਂ ਬਾਅਦ ਸਾਨੂੰ ਕੀ ਕਰਨਾ ਚਾਹੀਦਾ ਹੈ?
[ਸਫ਼ੇ 10 ਉੱਤੇ ਤਸਵੀਰਾਂ]
ਬਰਫ਼ ਦੇ ਕਿਣਕਿਆਂ ਦੀਆਂ ਵੱਖੋ-ਵੱਖਰੀਆਂ ਕਿਸਮਾਂ ਅਤੇ ਬਿਜਲੀ ਦੀ ਅਸਚਰਜ ਤਾਕਤ ਬਾਰੇ ਸਿਖਣ ਤੋਂ ਬਆਦ ਤੁਸੀਂ ਕਿਸ ਨਤੀਜੇ ਤੇ ਪਹੁੰਚਦੇ ਹੋ?
[ਕ੍ਰੈਡਿਟ ਲਾਈਨ]
snowcrystals.net
[ਸਫ਼ੇ 13 ਉੱਤੇ ਤਸਵੀਰਾਂ]
ਪਰਮੇਸ਼ੁਰ ਦੇ ਅਚੰਭਿਆਂ ਬਾਰੇ ਨਿਯਮਿਤ ਤੌਰ ਤੇ ਗੱਲ ਕਰੋ