“ਯਾਹ ਦੀ ਜੈ-ਜੈਕਾਰ” ਕਿਉਂ ਕਰੀਏ?
“ਹਲਲੂਯਾਹ! ਸਾਡੇ ਪਰਮੇਸ਼ੁਰ ਦਾ ਭਜਨ ਗਾਉਣਾ ਤਾਂ ਭਲਾ ਹੈ, ਉਸਤਤ ਕਰਨਾ ਮਨ ਭਾਉਣਾ ਤੇ ਸੋਹਣਾ ਹੈ!”—ਜ਼ਬੂ. 147:1.
1-3. (ੳ) ਜ਼ਬੂਰ 147 ਸ਼ਾਇਦ ਕਦੋਂ ਲਿਖਿਆ ਗਿਆ ਸੀ? (ਅ) ਅਸੀਂ ਜ਼ਬੂਰ 147 ਤੋਂ ਕੀ ਸਿੱਖ ਸਕਦੇ ਹਾਂ?
ਅਸੀਂ ਆਮ ਤੋਰ ਤੇ ਕਿਸੇ ਦੀ ਤਾਰੀਫ਼ ਉਦੋਂ ਕਰਦੇ ਹਾਂ ਜਦੋਂ ਅਸੀਂ ਉਨ੍ਹਾਂ ਦੀ ਕਹਿਣੀ ਜਾਂ ਕਰਨੀ ਤੋਂ ਖ਼ੁਸ਼ ਹੁੰਦੇ ਹਾਂ। ਜੇ ਅਸੀਂ ਇਨਸਾਨਾਂ ਦੀ ਤਾਰੀਫ਼ ਕਰਦੇ ਹਾਂ, ਤਾਂ ਕੀ ਸਾਨੂੰ ਯਹੋਵਾਹ ਦੀ ਤਾਰੀਫ਼ ਹੋਰ ਵੀ ਜ਼ਿਆਦਾ ਨਹੀਂ ਕਰਨੀ ਚਾਹੀਦੀ? ਉਸ ਦੀ ਤਾਰੀਫ਼ ਕਰਨ ਦੇ ਬਹੁਤ ਸਾਰੇ ਕਾਰਨ ਹਨ। ਮਿਸਾਲ ਲਈ, ਉਸ ਦੀ ਸ਼ਾਨਦਾਰ ਸ੍ਰਿਸ਼ਟੀ ਨੂੰ ਦੇਖ ਕੇ ਅਸੀਂ ਉਸ ਦੀ ਅਸੀਮ ਤਾਕਤ ਦੀ ਤਾਰੀਫ਼ ਕਰ ਸਕਦੇ ਹਾਂ। ਨਾਲੇ ਅਸੀਂ ਉਸ ਦੇ ਗਹਿਰੇ ਪਿਆਰ ਦੀ ਵੀ ਦਿਲੋਂ ਕਦਰ ਕਰ ਸਕਦੇ ਹਾਂ ਜੋ ਉਸ ਨੇ ਯਿਸੂ ਦੀ ਕੁਰਬਾਨੀ ਰਾਹੀਂ ਜ਼ਾਹਰ ਕੀਤਾ ਹੈ।
2 ਜ਼ਬੂਰ 147 ਪੜ੍ਹਦਿਆਂ ਇਹ ਗੱਲ ਸਾਫ਼ ਪਤਾ ਲੱਗਦੀ ਹੈ ਕਿ ਇਸ ਦਾ ਲੇਖਕ ਦਿਲੋਂ ਯਹੋਵਾਹ ਦੀ ਮਹਿਮਾ ਕਰਨੀ ਚਾਹੁੰਦਾ ਸੀ। ਉਸ ਨੇ ਦੂਸਰਿਆਂ ਨੂੰ ਵੀ ਉਸ ਨਾਲ ਮਿਲ ਕੇ ਪਰਮੇਸ਼ੁਰ ਦੀ ਮਹਿਮਾ ਅਤੇ ਤਾਰੀਫ਼ ਕਰਨ ਦੀ ਹੱਲਾਸ਼ੇਰੀ ਦਿੱਤੀ।—ਜ਼ਬੂਰਾਂ ਦੀ ਪੋਥੀ 147:1, 7, 12 ਪੜ੍ਹੋ।
3 ਅਸੀਂ ਨਹੀਂ ਜਾਣਦੇ ਕਿ ਜ਼ਬੂਰ 147 ਦਾ ਲੇਖਕ ਕੌਣ ਸੀ। ਪਰ ਹੋ ਸਕਦਾ ਹੈ ਕਿ ਇਸ ਦਾ ਲਿਖਾਰੀ ਉਸ ਸਮੇਂ ਜੀਉਂਦਾ ਸੀ ਜਦੋਂ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਬਾਬਲ ਦੀ ਗ਼ੁਲਾਮੀ ਤੋਂ ਆਜ਼ਾਦ ਕਰਾ ਕੇ ਯਰੂਸ਼ਲਮ ਵਾਪਸ ਲਿਆਂਦਾ ਸੀ। (ਜ਼ਬੂ. 147:2) ਜ਼ਬੂਰਾਂ ਦੇ ਲਿਖਾਰੀ ਨੇ ਯਹੋਵਾਹ ਦੀ ਮਹਿਮਾ ਕੀਤੀ ਕਿਉਂਕਿ ਇਜ਼ਰਾਈਲੀ ਆਪਣੇ ਦੇਸ਼ ਵਿਚ ਫਿਰ ਤੋਂ ਪਰਮੇਸ਼ੁਰ ਦੀ ਭਗਤੀ ਕਰ ਸਕਦੇ ਸਨ। ਲਿਖਾਰੀ ਨੇ ਯਹੋਵਾਹ ਦੀ ਮਹਿਮਾ ਕਰਨ ਦੇ ਹੋਰ ਵੀ ਕਈ ਕਾਰਨ ਦੱਸੇ। ਉਹ ਕਾਰਨ ਕਿਹੜੇ ਸਨ? ਸਾਡੇ ਕੋਲ “ਹਲਲੂਯਾਹ!” ਕਹਿਣ ਯਾਨੀ “ਯਾਹ ਦੀ ਜੈ-ਜੈਕਾਰ” ਕਰਨ ਦੇ ਕਿਹੜੇ ਕਾਰਨ ਹਨ?—ਜ਼ਬੂ. 147:1; ਪ੍ਰਕਾ. 19:1, ਫੁਟਨੋਟ।
ਯਹੋਵਾਹ ਟੁੱਟੇ ਦਿਲ ਵਾਲਿਆਂ ਨੂੰ ਚੰਗਾ ਕਰਦਾ ਹੈ
4. ਜਦੋਂ ਰਾਜਾ ਖੋਰਸ ਨੇ ਇਜ਼ਰਾਈਲੀਆਂ ਨੂੰ ਆਜ਼ਾਦ ਕੀਤਾ, ਤਾਂ ਉਨ੍ਹਾਂ ਨੂੰ ਕਿਵੇਂ ਲੱਗਾ ਹੋਣਾ ਅਤੇ ਕਿਉਂ?
4 ਕਲਪਨਾ ਕਰੋ ਕਿ ਬਾਬਲ ਦੀ ਗ਼ੁਲਾਮੀ ਵਿਚ ਰਹਿ ਕੇ ਇਜ਼ਰਾਈਲੀਆਂ ਨੂੰ ਕਿਵੇਂ ਲੱਗਾ ਹੋਣਾ। ਜਿਨ੍ਹਾਂ ਲੋਕਾਂ ਨੇ ਇਜ਼ਰਾਈਲੀਆਂ ਨੂੰ ਬਾਬਲ ਵਿਚ ਬੰਦੀ ਬਣਾਇਆ ਸੀ ਉਹ ਮਜ਼ਾਕ ਉਡਾਉਂਦਿਆਂ ਕਹਿੰਦੇ ਸਨ: “ਸੀਯੋਨ ਦੇ ਗੀਤਾਂ ਵਿੱਚੋਂ ਸਾਡੇ ਲਈ ਕੋਈ ਗੀਤ ਗਾਓ!” ਇਜ਼ਰਾਈਲੀਆਂ ਦੀ ਸਭ ਤੋਂ ਵੱਡੀ ਖ਼ੁਸ਼ੀ ਦਾ ਕਾਰਨ ਯਰੂਸ਼ਲਮ ਹੁਣ ਤਬਾਹ ਹੋ ਚੁੱਕਾ ਸੀ। ਫਿਰ ਕੀ ਉਨ੍ਹਾਂ ਦਾ ਗੀਤ ਗਾਉਣ ਦਾ ਮਨ ਕਰਦਾ? (ਜ਼ਬੂ. 137:1-3, 6) ਉਨ੍ਹਾਂ ਦੇ ਟੁੱਟੇ ਦਿਲਾਂ ਨੂੰ ਦਿਲਾਸੇ ਦੀ ਲੋੜ ਸੀ। ਪਰਮੇਸ਼ੁਰ ਦੇ ਬਚਨ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਯਹੋਵਾਹ ਆਪਣੇ ਲੋਕਾਂ ਦੀ ਮਦਦ ਕਰੇਗਾ। ਫ਼ਾਰਸੀ ਰਾਜੇ ਖੋਰਸ ਨੇ ਬਾਬਲ ਨੂੰ ਹਰਾ ਦਿੱਤਾ ਅਤੇ ਯਹੋਵਾਹ ਬਾਰੇ ਕਿਹਾ ਕਿ “ਉਸ ਨੇ ਮੈਨੂੰ ਤਾਕੀਦ ਕੀਤੀ ਹੈ ਕਿ ਮੈਂ ਯਰੂਸ਼ਲਮ ਵਿੱਚ ਜਿਹੜਾ ਯਹੂਦਾਹ ਵਿੱਚ ਹੈ ਉਹ ਦੇ ਲਈ ਇੱਕ ਭਵਨ ਬਣਾਵਾਂ।” ਖੋਰਸ ਨੇ ਇਜ਼ਰਾਈਲੀਆਂ ਨੂੰ ਇਹ ਵੀ ਕਿਹਾ: “ਹੁਣ ਉਹ ਦੇ ਸਾਰੇ ਲੋਕਾਂ ਵਿੱਚੋਂ ਜੋ ਕੋਈ ਤੁਹਾਡੇ ਵਿੱਚ ਹੈ ਉਹ ਤੁਰ ਪਵੇ ਅਤੇ ਯਹੋਵਾਹ ਉਸ ਦਾ ਪਰਮੇਸ਼ੁਰ ਉਸ ਦੇ ਅੰਗ ਸੰਗ ਹੋਵੇ।” (2 ਇਤ. 36:23) ਇਹ ਗੱਲ ਸੁਣ ਕੇ ਬਾਬਲ ਵਿਚ ਰਹਿ ਰਹੇ ਇਜ਼ਰਾਈਲੀਆਂ ਨੂੰ ਕਿੰਨਾ ਦਿਲਾਸਾ ਮਿਲਿਆ ਹੋਣਾ!
5. ਯਹੋਵਾਹ ਕਿਵੇਂ ਦਿਲਾਸਾ ਦਿੰਦਾ ਹੈ, ਇਸ ਬਾਰੇ ਜ਼ਬੂਰਾਂ ਦੇ ਲਿਖਾਰੀ ਨੇ ਕੀ ਲਿਖਿਆ?
5 ਯਹੋਵਾਹ ਨੇ ਨਾ ਸਿਰਫ਼ ਪੂਰੀ ਕੌਮ ਨੂੰ, ਸਗੋਂ ਇਕੱਲੇ-ਇਕੱਲੇ ਇਜ਼ਰਾਈਲੀ ਨੂੰ ਦਿਲਾਸਾ ਦਿੱਤਾ। ਅੱਜ ਵੀ ਯਹੋਵਾਹ ਇਕੱਲੇ-ਇਕੱਲੇ ਸੇਵਕ ਦਾ ਖ਼ਿਆਲ ਰੱਖਦਾ ਹੈ। ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ ਕਿ ਪਰਮੇਸ਼ੁਰ: “ਟੁੱਟੇ ਦਿਲਾਂ ਨੂੰ ਚੰਗਾ ਕਰਦਾ ਹੈ, ਅਤੇ ਉਨ੍ਹਾਂ ਦੇ ਸੋਗਾਂ ਉੱਤੇ ਪੱਟੀ ਬੰਨ੍ਹਦਾ ਹੈ।” (ਜ਼ਬੂ. 147:3) ਜਦੋਂ ਅਸੀਂ ਬੀਮਾਰ ਜਾਂ ਬਹੁਤ ਹੀ ਦੁਖੀ ਹੁੰਦੇ ਹਾਂ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੀ ਪਰਵਾਹ ਕਰਦਾ ਹੈ। ਯਹੋਵਾਹ ਸਾਨੂੰ ਦਿਲਾਸਾ ਦੇਣ ਅਤੇ ਸਾਡੇ ਜ਼ਖ਼ਮਾਂ ʼਤੇ ਪੱਟੀ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। (ਜ਼ਬੂ. 34:18; ਯਸਾ. 57:15) ਉਹ ਕਿਸੇ ਵੀ ਮੁਸ਼ਕਲ ਦਾ ਸਾਮ੍ਹਣਾ ਕਰਨ ਲਈ ਸਾਨੂੰ ਤਾਕਤ ਤੇ ਬੁੱਧ ਦਿੰਦਾ ਹੈ।—ਯਾਕੂ. 1:5.
6. ਸਾਨੂੰ ਜ਼ਬੂਰ 147:4 ਤੋਂ ਕਿਵੇਂ ਮਦਦ ਮਿਲ ਸਕਦੀ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
6 ਜ਼ਬੂਰਾਂ ਦੇ ਲਿਖਾਰੀ ਨੇ ਫਿਰ ਆਕਾਸ਼ ਵੱਲ ਦੇਖ ਕੇ ਕਿਹਾ ਕਿ ਯਹੋਵਾਹ “ਤਾਰਿਆਂ ਦੀ ਗਿਣਤੀ ਕਰਦਾ ਹੈ, ਅਤੇ ਉਨ੍ਹਾਂ ਸਾਰਿਆਂ ਦੇ ਨਾਉਂ ਬੁਲਾਉਂਦਾ ਹੈ।” (ਜ਼ਬੂ. 147:4) ਜ਼ਬੂਰਾਂ ਦਾ ਲਿਖਾਰੀ ਤਾਰਿਆਂ ਨੂੰ ਦੇਖ ਸਕਦਾ ਸੀ, ਪਰ ਉਨ੍ਹਾਂ ਨੂੰ ਗਿਣ ਨਹੀਂ ਸੀ ਸਕਦਾ। ਅੱਜ ਵਿਗਿਆਨੀਆਂ ਨੂੰ ਪਤਾ ਹੈ ਕਿ ਸਾਡੀ ਆਕਾਸ਼-ਗੰਗਾ ਨਾਂ ਦੀ ਗਲੈਕਸੀ ਵਿਚ ਅਰਬਾਂ ਹੀ ਤਾਰੇ ਹਨ, ਪਰ ਪੂਰੇ ਬ੍ਰਹਿਮੰਡ ਵਿਚ ਅਰਬਾਂ-ਖਰਬਾਂ ਗਲੈਕਸੀਆਂ ਹਨ। ਇਨਸਾਨ ਕਦੇ ਵੀ ਤਾਰਿਆਂ ਦੀ ਗਿਣਤੀ ਨਹੀਂ ਕਰ ਸਕਦਾ, ਪਰ ਸਾਡਾ ਸ੍ਰਿਸ਼ਟੀਕਰਤਾ ਕਰ ਸਕਦਾ ਹੈ। ਉਹ ਹਰ ਤਾਰੇ ਨੂੰ ਇੰਨੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਹ ਇਕੱਲੇ-ਇਕੱਲੇ ਦਾ ਨਾਂ ਲੈ ਕੇ ਬੁਲਾਉਂਦਾ ਹੈ। (1 ਕੁਰਿੰ. 15:41) ਜੇ ਪਰਮੇਸ਼ੁਰ ਹਰੇਕ ਤਾਰੇ ਨੂੰ ਜਾਣਦਾ ਹੈ, ਤਾਂ ਕੀ ਉਹ ਸਾਨੂੰ ਨਹੀਂ ਜਾਣਦਾ ਹੋਵੇਗਾ? ਉਸ ਨੂੰ ਸਾਡੀ ਇਕ-ਇਕ ਗੱਲ ਪਤਾ ਹੈ, ਜਿਵੇਂ ਕਿ ਅਸੀਂ ਕਿੱਥੇ ਹਾਂ, ਸਾਡੇ ਉੱਤੇ ਕੀ ਬੀਤ ਰਹੀ ਹੈ ਅਤੇ ਸਾਨੂੰ ਕਿਸ ਚੀਜ਼ ਦੀ ਲੋੜ ਹੈ।
7, 8. (ੳ) ਯਹੋਵਾਹ ਸਾਡੇ ਬਾਰੇ ਕੀ ਜਾਣਦਾ ਹੈ? (ਅ) ਇਕ ਮਿਸਾਲ ਦਿਓ ਜਿਸ ਤੋਂ ਯਹੋਵਾਹ ਦੇ ਪਿਆਰ ਦਾ ਸਬੂਤ ਮਿਲਦਾ ਹੈ?
7 ਯਹੋਵਾਹ ਨੂੰ ਪਤਾ ਹੈ ਕਿ ਸਾਡੇ ʼਤੇ ਕੀ ਬੀਤ ਰਹੀ ਹੈ। ਸਾਨੂੰ ਮੁਸ਼ਕਲਾਂ ਵਿੱਚੋਂ ਕੱਢਣ ਲਈ ਉਸ ਕੋਲ ਅਸੀਮ ਤਾਕਤ ਹੈ। (ਜ਼ਬੂਰਾਂ ਦੀ ਪੋਥੀ 147:5 ਪੜ੍ਹੋ।) ਸ਼ਾਇਦ ਸਾਨੂੰ ਲੱਗੇ ਕਿ ਸਾਡੇ ਹਾਲਾਤ ਬਹੁਤ ਔਖੇ ਹਨ ਅਤੇ ਸਾਡੇ ਸਹਿਣ ਤੋਂ ਬਾਹਰ ਹਨ। ਪਰਮੇਸ਼ੁਰ ਜਾਣਦਾ ਹੈ ਕਿ ਅਸੀਂ ਕਿੰਨਾ ਸਹਿ ਸਕਦੇ ਹਾਂ ਅਤੇ “ਉਹ ਨੂੰ ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ!” (ਜ਼ਬੂ. 103:14) ਪਾਪੀ ਹੋਣ ਕਰਕੇ ਅਸੀਂ ਵਾਰ-ਵਾਰ ਉਹੀ ਗ਼ਲਤੀਆਂ ਕਰਦੇ ਰਹਿੰਦੇ ਹਾਂ। ਸ਼ਾਇਦ ਇਸ ਕਰਕੇ ਅਸੀਂ ਨਿਰਾਸ਼ ਹੋ ਜਾਂਦੇ ਹਾਂ। ਸਾਨੂੰ ਉਦੋਂ ਕਿੰਨਾ ਪਛਤਾਵਾ ਹੁੰਦਾ ਹੈ ਜਦੋਂ ਅਸੀਂ ਕਿਸੇ ਨੂੰ ਕੁਝ ਗ਼ਲਤ ਕਹਿ ਦਿੰਦੇ ਹਾਂ, ਸਾਡੇ ਮਨ ਵਿਚ ਕਦੀ-ਕਦੀ ਗ਼ਲਤ ਖ਼ਿਆਲ ਆ ਜਾਂਦੇ ਹਨ ਜਾਂ ਅਸੀਂ ਕਿਸੇ ਤੋਂ ਈਰਖਾ ਕਰਦੇ ਹਾਂ। ਭਾਵੇਂ ਯਹੋਵਾਹ ਵਿਚ ਇੱਦਾਂ ਦੀ ਕੋਈ ਵੀ ਕਮੀ ਨਹੀਂ, ਪਰ ਉਹ ਫਿਰ ਵੀ ਸਾਡੇ ਦਿਲ ਦੀ ਹਾਲਤ ਜਾਣਦਾ ਹੈ ਕਿ ਸਾਡੇ ਉੱਤੇ ਕੀ ਬੀਤ ਰਹੀ ਹੈ।—ਯਸਾ. 40:28.
8 ਕੀ ਤੁਸੀਂ ਕਿਸੇ ਮੁਸ਼ਕਲ ਨੂੰ ਪਾਰ ਕਰਦਿਆਂ ਯਹੋਵਾਹ ਦਾ ਬਲਵੰਤ ਹੱਥ ਦੇਖਿਆ ਹੈ? (ਯਸਾ. 41:10, 13) ਕੀਉਕੋ ਨਾਂ ਦੀ ਪਾਇਨੀਅਰ ਭੈਣ ਨੇ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦਾ ਹੱਥ ਦੇਖਿਆ ਹੈ। ਜਦੋਂ ਉਹ ਨਵੇਂ ਇਲਾਕੇ ਵਿਚ ਸੇਵਾ ਕਰਨ ਗਈ, ਤਾਂ ਉਹ ਉੱਥੇ ਜਾ ਕੇ ਬਹੁਤ ਨਿਰਾਸ਼ ਹੋ ਗਈ। ਪਰ ਇਸ ਭੈਣ ਨੂੰ ਕਿਵੇਂ ਪਤਾ ਸੀ ਕਿ ਯਹੋਵਾਹ ਉਸ ਦੇ ਹਾਲਾਤਾਂ ਨੂੰ ਸਮਝਦਾ ਸੀ? ਉਸ ਨੂੰ ਨਵੀਂ ਮੰਡਲੀ ਵਿਚ ਅਜਿਹੇ ਭੈਣ-ਭਰਾ ਮਿਲੇ ਜੋ ਉਸ ਦੀਆਂ ਭਾਵਨਾਵਾਂ ਨੂੰ ਸਮਝ ਸਕਦੇ ਸਨ। ਉਸ ਨੂੰ ਲੱਗਾ ਜਿਵੇਂ ਯਹੋਵਾਹ ਉਸ ਨੂੰ ਕਹਿ ਰਿਹਾ ਹੋਵੇ: “ਮੇਰੀਏ ਧੀਏ, ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ। ਇਸ ਲਈ ਨਹੀਂ ਕਿਉਂਕਿ ਤੂੰ ਪਾਇਨੀਅਰ ਹੈਂ ਪਰ ਇਸ ਲਈ ਕਿਉਂਕਿ ਤੂੰ ਮੇਰੀ ਕੁੜੀ ਹੈਂ ਅਤੇ ਤੂੰ ਮੈਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਹੈਂ। ਮੈਂ ਚਾਹੁੰਦਾ ਹਾਂ ਕਿ ਤੂੰ ਮੇਰੀ ਸੇਵਕ ਵਜੋਂ ਆਪਣੀ ਜ਼ਿੰਦਗੀ ਦਾ ਮਜ਼ਾ ਲਵੇ।” ਕੀ ਤੁਸੀਂ ਕਦੀ ਮਹਿਸੂਸ ਕੀਤਾ ਹੈ ਕਿ ਯਹੋਵਾਹ “ਦੀ ਸਮਝ ਦਾ ਕੋਈ ਪਾਰਾਵਾਰ [ਸੀਮਾ] ਨਹੀਂ ਹੈ”?
ਯਹੋਵਾਹ ਸਾਡੀਆਂ ਲੋੜਾਂ ਪੂਰੀਆਂ ਕਰਦਾ ਹੈ
9, 10. ਯਹੋਵਾਹ ਸਾਡੀ ਕਿਹੜੀ ਲੋੜ ਪਹਿਲਾ ਪੂਰੀ ਕਰਦਾ ਹੈ? ਮਿਸਾਲ ਦੇ ਕੇ ਸਮਝਾਓ।
9 ਸਾਨੂੰ ਸਾਰਿਆਂ ਨੂੰ ਰੋਟੀ, ਕੱਪੜੇ ਤੇ ਮਕਾਨ ਦੀ ਜ਼ਰੂਰਤ ਹੁੰਦੀ ਹੈ। ਸ਼ਾਇਦ ਸਾਨੂੰ ਇਸ ਗੱਲ ਦੀ ਚਿੰਤਾ ਹੋਵੇ ਕਿ ਸਾਡੇ ਕੋਲ ਢਿੱਡ ਭਰ ਕੇ ਖਾਣ ਲਈ ਹੋਵੇਗਾ। ਪਰ ਯਹੋਵਾਹ ਨੇ ਧਰਤੀ ਨੂੰ ਇਸ ਤਰੀਕੇ ਨਾਲ ਬਣਾਇਆ ਹੈ ਕਿ ਇਹ ਇੰਨਾ ਅੰਨ ਉਪਜਾ ਸਕਦੀ ਹੈ ਕਿ ਸਾਰਿਆਂ ਨੂੰ ਰਜਾ ਸਕਦੀ ਹੈ ਇੱਥੋਂ ਤਕ ਕਿ “ਕਾਵਾਂ ਦੇ ਬੱਚਿਆਂ” ਨੂੰ ਵੀ। (ਜ਼ਬੂਰਾਂ ਦੀ ਪੋਥੀ 147:8, 9 ਪੜ੍ਹੋ।) ਜੇ ਯਹੋਵਾਹ ਕਾਵਾਂ ਦਾ ਢਿੱਡ ਭਰ ਸਕਦਾ ਹੈ, ਤਾਂ ਸਾਨੂੰ ਭਰੋਸਾ ਰੱਖਣਾ ਚਾਹੀਦਾ ਹੈ ਕਿ ਉਹ ਸਾਡੀ ਹਰ ਲੋੜ ਪੂਰੀ ਕਰੇਗਾ।—ਜ਼ਬੂ. 37:25.
10 ਸਭ ਤੋਂ ਜ਼ਰੂਰੀ ਗੱਲ ਹੈ ਕਿ ਯਹੋਵਾਹ ਸਾਨੂੰ ਉਹ ਹਰ ਚੀਜ਼ ਦਿੰਦਾ ਹੈ ਜਿਸ ਨਾਲ ਅਸੀਂ ਆਪਣੀ ਨਿਹਚਾ ਮਜ਼ਬੂਤ ਰੱਖ ਸਕਦੇ ਹਾਂ। ਇਸ ਦੇ ਨਾਲ-ਨਾਲ ਉਹ ਸਾਨੂੰ ਉਹ “ਸ਼ਾਂਤੀ” ਦਿੰਦਾ ਹੈ ਜੋ “ਸਾਰੀ ਇਨਸਾਨੀ ਸਮਝ ਤੋਂ ਬਾਹਰ ਹੈ।” (ਫ਼ਿਲਿ. 4:6, 7) ਮੁਤਸੂਓ ਅਤੇ ਉਸ ਦੀ ਪਤਨੀ ਨੇ ਦੇਖਿਆ ਕਿ ਯਹੋਵਾਹ ਨੇ ਉਨ੍ਹਾਂ ਦੀ ਮਦਦ ਕਿਵੇਂ ਕੀਤੀ। 2011 ਵਿਚ ਜਪਾਨ ਵਿਚ ਸੁਨਾਮੀ ਆਉਣ ਕਰਕੇ ਉਨ੍ਹਾਂ ਦਾ ਬਹੁਤ ਕੁਝ ਤਬਾਹ ਹੋ ਗਿਆ। ਪਰ ਉਨ੍ਹਾਂ ਨੇ ਘਰ ਦੀ ਛੱਤ ਉੱਤੇ ਚੜ੍ਹ ਕੇ ਆਪਣੀ ਜਾਨ ਮਸਾਂ ਹੀ ਬਚਾਈ। ਉਹ ਪੂਰੀ ਰਾਤ ਘਰ ਦੀ ਦੂਸਰੀ ਮੰਜ਼ਲ ʼਤੇ ਇਕ ਠੰਢੇ ਤੇ ਹਨੇਰੇ ਕਮਰੇ ਵਿਚ ਬੈਠੇ ਰਹੇ। ਸਵੇਰ ਹੁੰਦਿਆਂ ਹੀ ਉਨ੍ਹਾਂ ਨੇ ਪ੍ਰਕਾਸ਼ਨ ਲੱਭਣੇ ਸ਼ੁਰੂ ਕਰ ਦਿੱਤੇ ਤਾਂਕਿ ਉਨ੍ਹਾਂ ਦਾ ਹੌਸਲਾ ਬਣਿਆ ਰਹੇ। ਉਨ੍ਹਾਂ ਨੂੰ ਸਿਰਫ਼ ਯਹੋਵਾਹ ਦੇ ਗਵਾਹਾਂ ਦੀ 2006 ਦੀ ਯੀਅਰ ਬੁੱਕ (ਅੰਗ੍ਰੇਜ਼ੀ) ਹੀ ਲੱਭੀ। ਕਿਤਾਬ ਦੇ ਪੰਨੇ ਪਲਟਦਿਆਂ ਮੁਤਸੂਓ ਦੀ ਨਜ਼ਰ “ਸਭ ਤੋਂ ਤਬਾਹਕੁਨ ਸੁਨਾਮੀਆਂ” ਵਿਸ਼ੇ ਉੱਤੇ ਪਈ। ਉਸ ਵਿਚ ਦੱਸਿਆ ਸੀ ਕਿ 2004 ਵਿਚ ਭੁਚਾਲ਼ ਆਉਣ ਕਰਕੇ ਸੁਮਾਤਰਾ ਵਿਚ ਕਈ ਵਾਰੀ ਸੁਨਾਮੀ ਆਈ। ਇਸ ਤੋਂ ਪਹਿਲਾਂ ਕਿਸੇ ਵੀ ਸੁਨਾਮੀ ਨੇ ਇੰਨੀ ਜ਼ਿਆਦਾ ਤਬਾਹੀ ਨਹੀਂ ਮਚਾਈ। ਭੈਣਾਂ-ਭਰਾਵਾਂ ਦੇ ਤਜਰਬੇ ਪੜ੍ਹਦਿਆਂ ਉਨ੍ਹਾਂ ਦੀਆਂ ਅੱਖਾਂ ਤੋਂ ਅੰਝੂ ਵਹਿਣੋ ਨਹੀਂ ਰੁਕ ਰਹੇ ਸਨ। ਉਨ੍ਹਾਂ ਨੂੰ ਲੱਗਾ ਕਿ ਯਹੋਵਾਹ ਨੇ ਇਨ੍ਹਾਂ ਤਜਰਬਿਆਂ ਰਾਹੀਂ ਸਹੀ ਸਮੇਂ ʼਤੇ ਉਨ੍ਹਾਂ ਦਾ ਹੌਸਲਾ ਵਧਾਇਆ। ਯਹੋਵਾਹ ਨੇ ਹੋਰ ਵੀ ਕਈ ਤਰੀਕਿਆਂ ਰਾਹੀਂ ਉਨ੍ਹਾਂ ਨੂੰ ਹਿੰਮਤ ਦਿੱਤੀ। ਜਪਾਨ ਦੇ ਦੂਸਰੇ ਸ਼ਹਿਰਾਂ ਤੋਂ ਭੈਣਾਂ-ਭਰਾਵਾਂ ਨੇ ਉਨ੍ਹਾਂ ਲਈ ਖਾਣਾ ਤੇ ਕੱਪੜੇ ਭੇਜੇ। ਪਰ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਹੌਸਲਾ ਉਨ੍ਹਾਂ ਭਰਾਵਾਂ ਤੋਂ ਮਿਲਿਆ ਜਿਹੜੇ ਸੰਗਠਨ ਵੱਲੋਂ ਮੰਡਲੀ ਦਾ ਹੌਸਲਾ ਵਧਾਉਣ ਲਈ ਘੱਲੇ ਗਏ ਸਨ। ਮੁਤਸੂਓ ਦੱਸਦਾ ਹੈ ਕਿ “ਮੈਨੂੰ ਇੱਦਾਂ ਲੱਗਾ ਕਿ ਯਹੋਵਾਹ ਸਾਡੇ ਨਾਲ ਖੜ੍ਹਾ ਸੀ। ਉਸ ਤੋਂ ਸਾਨੂੰ ਬਹੁਤ ਦਿਲਾਸਾ ਮਿਲਿਆ!” ਪਰਮੇਸ਼ੁਰ ਪਹਿਲਾ ਸਾਨੂੰ ਉਹ ਚੀਜ਼ਾਂ ਦਿੰਦਾ ਹੈ ਜਿਸ ਨਾਲ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ। ਇਸ ਦੇ ਨਾਲ-ਨਾਲ ਉਹ ਸਾਡੀਆਂ ਬਾਕੀ ਲੋੜਾਂ ਵੀ ਪੂਰੀਆਂ ਕਰਦਾ ਹੈ।
ਪਰਮੇਸ਼ੁਰ ਵੱਲੋਂ ਮਿਲਦੀ ਮਦਦ ਦੇ ਫ਼ਾਇਦੇ
11. ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੀ ਮਦਦ ਕਰੇ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ?
11 ਯਹੋਵਾਹ “ਮਸਕੀਨਾਂ ਨੂੰ ਸੰਭਾਲਦਾ ਹੈ।” ਉਹ ਸਾਨੂੰ ਪਿਆਰ ਕਰਦਾ ਹੈ ਅਤੇ ਸਾਡੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। (ਜ਼ਬੂ. 147:6ੳ) ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੀ ਮਦਦ ਕਰੇ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ? ਸਾਨੂੰ ਉਸ ਨਾਲ ਮਜ਼ਬੂਤ ਰਿਸ਼ਤਾ ਜੋੜਨਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਲਈ ਸਾਨੂੰ ਮਸਕੀਨ ਯਾਨੀ ਨਿਮਰ ਬਣਨ ਦੀ ਲੋੜ ਹੈ। (ਸਫ਼. 2:3) ਨਿਮਰ ਲੋਕ ਇਨਸਾਫ਼ ਅਤੇ ਮੁਸ਼ਕਲਾਂ ਦੇ ਹੱਲ ਕੱਢਣ ਲਈ ਯਹੋਵਾਹ ਉੱਤੇ ਭਰੋਸਾ ਰੱਖਦੇ ਹਨ। ਯਹੋਵਾਹ ਇੱਦਾਂ ਦੇ ਲੋਕਾਂ ਨੂੰ ਪਸੰਦ ਕਰਦਾ ਹੈ।
12, 13. (ੳ) ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੀ ਮਦਦ ਕਰੇ, ਤਾਂ ਸਾਨੂੰ ਕਿਹੜੀਆਂ ਚੀਜ਼ ਤੋਂ ਦੂਰ ਰਹਿਣਾ ਚਾਹੀਦਾ ਹੈ? (ਅ) ਯਹੋਵਾਹ ਕਿਨ੍ਹਾਂ ਲੋਕਾਂ ਤੋਂ ਖ਼ੁਸ਼ ਹੁੰਦਾ ਹੈ?
12 ਦੂਸਰੇ ਪਾਸੇ ਪਰਮੇਸ਼ੁਰ “ਦੁਸ਼ਟਾਂ ਨੂੰ ਧਰਤੀ ਤੀਕ ਨਿਵਾ” ਦਿੰਦਾ ਹੈ। (ਜ਼ਬੂ. 147:6ਅ) ਅਸੀਂ ਨਹੀਂ ਚਾਹੁੰਦੇ ਕਿ ਪਰਮੇਸ਼ੁਰ ਸਾਡੇ ਨਾਲ ਇਸੇ ਤਰ੍ਹਾਂ ਕਰੇ, ਸਗੋਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਸਾਨੂੰ ਪਿਆਰ ਕਰੇ। ਇਸ ਲਈ ਸਾਨੂੰ ਉਨ੍ਹਾਂ ਚੀਜ਼ਾਂ ਨਾਲ ਨਫ਼ਰਤ ਕਰਨੀ ਚਾਹੀਦੀ ਹੈ ਜਿਨ੍ਹਾਂ ਤੋਂ ਪਰਮੇਸ਼ੁਰ ਨਫ਼ਰਤ ਕਰਦਾ ਹੈ। (ਜ਼ਬੂ. 97:10) ਮਿਸਾਲ ਲਈ, ਸਾਨੂੰ ਹਰਾਮਕਾਰੀ ਤੋਂ ਨਫ਼ਰਤ ਕਰਨੀ ਚਾਹੀਦੀ ਹੈ। ਸਾਨੂੰ ਉਸ ਹਰ ਚੀਜ਼ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਸਾਨੂੰ ਹਰਾਮਕਾਰੀ ਵੱਲ ਲੈ ਜਾ ਸਕਦੀ ਹੈ। ਇਸ ਵਿਚ ਗੰਦੀਆਂ ਤਸਵੀਰਾਂ ਜਾਂ ਗੰਦੀਆਂ ਫ਼ਿਲਮਾਂ ਦੇਖਣੀਆਂ ਵੀ ਸ਼ਾਮਲ ਹਨ। (ਜ਼ਬੂ. 119:37; ਮੱਤੀ 5:28) ਸ਼ਾਇਦ ਆਪਣੀਆਂ ਬੁਰੀਆਂ ਇੱਛਾਵਾਂ ਨਾਲ ਲੜਨਾ ਤੁਹਾਡੇ ਲਈ ਬਹੁਤ ਔਖਾ ਹੋਵੇ, ਪਰ ਹਾਰ ਨਾ ਮੰਨੋ ਕਿਉਂਕਿ ਯਹੋਵਾਹ ਤੁਹਾਨੂੰ ਜ਼ਰੂਰ ਬਰਕਤਾਂ ਦੇਵੇਗਾ।
13 ਪਰ ਅਸੀਂ ਇਹ ਲੜਾਈ ਆਪਣੇ ਬਲਬੂਤੇ ʼਤੇ ਨਹੀਂ ਜਿੱਤ ਸਕਦੇ। ਸਾਨੂੰ ਯਹੋਵਾਹ ਉੱਤੇ ਭਰੋਸਾ ਰੱਖਣ ਦੀ ਲੋੜ ਹੈ। ਕੀ ਪਰਮੇਸ਼ੁਰ ਖ਼ੁਸ਼ ਹੋਵੇਗਾ ਜੇ ਅਸੀਂ ਆਪਣੇ ਬਚਾਅ ਲਈ ਉਸ ਤੋਂ ਮਦਦ ਲੈਣ ਦੀ ਬਜਾਇ “ਘੋੜੇ ਦੇ ਜ਼ੋਰ” ਜਾਂ “ਮਨੁੱਖ ਦੀਆਂ ਲੱਤਾਂ” ਉੱਤੇ ਭਰੋਸਾ ਕਰੀਏ, ਯਾਨੀ ਦੂਸਰੇ ਇਨਸਾਨਾਂ ʼਤੇ ਜਾਂ ਖ਼ੁਦ ਉੱਤੇ ਭਰੋਸਾ ਰੱਖੀਏ? (ਜ਼ਬੂ. 147:10) ਇਸ ਲਈ ਸਾਨੂੰ ਯਹੋਵਾਹ ਨੂੰ ਲਗਾਤਾਰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਲੜਨ ਲਈ ਉਸ ਅੱਗੇ ਤਰਲੇ ਕਰਨੇ ਚਾਹੀਦੇ ਹਨ। ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣ ਕੇ ਕਦੇ ਵੀ ਨਹੀਂ ਅੱਕਦਾ। “ਯਹੋਵਾਹ ਆਪਣਾ ਭੈ ਮੰਨਣ ਵਾਲਿਆਂ ਉੱਤੇ ਰੀਝਦਾ [ਖ਼ੁਸ਼] ਹੈ, ਅਤੇ ਆਪਣੀ ਦਯਾ ਦੀ ਆਸਵੰਦਾਂ ਉੱਤੇ ਵੀ।” (ਜ਼ਬੂ. 147:11) ਪਰਮੇਸ਼ੁਰ ਵਫ਼ਾਦਾਰ ਅਤੇ ਪਿਆਰ ਕਰਨ ਵਾਲਾ ਹੈ ਇਸ ਲਈ ਉਹ ਸਾਡੀ ਮਦਦ ਜ਼ਰੂਰ ਕਰੇਗਾ ਤਾਂਕਿ ਅਸੀਂ ਆਪਣੀਆਂ ਗ਼ਲਤ ਇੱਛਾਵਾਂ ਉੱਤੇ ਜਿੱਤ ਹਾਸਲ ਕਰ ਸਕੀਏ।
14. ਜ਼ਬੂਰਾਂ ਦੇ ਲਿਖਾਰੀ ਨੂੰ ਕਿਸ ਗੱਲ ਦਾ ਪੱਕਾ ਭਰੋਸਾ ਸੀ?
14 ਯਹੋਵਾਹ ਸਾਨੂੰ ਪੱਕਾ ਯਕੀਨ ਦਿਵਾਉਂਦਾ ਹੈ ਕਿ ਉਹ ਔਖੀਆਂ ਘੜੀਆਂ ਦੌਰਾਨ ਸਾਡੀ ਮਦਦ ਕਰਦਾ ਰਹੇਗਾ। ਜਦੋਂ ਇਜ਼ਰਾਈਲੀ ਯਰੂਸ਼ਲਮ ਵਾਪਸ ਗਏ, ਤਾਂ ਜ਼ਬੂਰਾਂ ਦੇ ਲਿਖਾਰੀ ਨੇ ਸੋਚਿਆ ਕਿ ਯਹੋਵਾਹ ਉਨ੍ਹਾਂ ਦੀ ਕਿਵੇਂ ਮਦਦ ਕਰ ਰਿਹਾ ਸੀ। ਜ਼ਬੂਰਾਂ ਦੇ ਲਿਖਾਰੀ ਨੇ ਗਾਇਆ: “ਉਹ ਨੇ ਤਾਂ ਤੇਰੇ ਫਾਟਕਾਂ ਦੇ ਅਰਲਾਂ ਨੂੰ ਤਕੜਾ ਕੀਤਾ, ਉਹ ਨੇ ਤੇਰੇ ਵਿੱਚ ਤੇਰੇ ਬੱਚਿਆਂ ਨੂੰ ਬਰਕਤ ਦਿੱਤੀ ਹੈ। ਉਹ ਤੇਰੀਆਂ ਹੱਦਾ ਵਿੱਚ ਸੁਲ੍ਹਾ ਰੱਖਦਾ ਹੈ।” (ਜ਼ਬੂ. 147:13, 14) ਜ਼ਬੂਰਾਂ ਦੇ ਲਿਖਾਰੀ ਨੂੰ ਇਸ ਗੱਲ ਤੋਂ ਕਿੰਨੀ ਤਸੱਲੀ ਮਿਲੀ ਹੋਣੀ ਕਿ ਯਹੋਵਾਹ ਨੇ ਆਪਣੇ ਲੋਕਾਂ ਦੇ ਬਚਾਓ ਲਈ ਸ਼ਹਿਰ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਸੀ।
15-17. (ੳ) ਕਦੀ-ਕਦੀ ਮੁਸੀਬਤਾਂ ਵਿਚ ਅਸੀਂ ਕਿਵੇਂ ਮਹਿਸੂਸ ਕਰਦੇ ਹਾਂ? ਪਰ ਯਹੋਵਾਹ ਆਪਣੇ ਬਚਨ ਰਾਹੀਂ ਸਾਡੀ ਮਦਦ ਕਿਵੇਂ ਕਰਦਾ ਹੈ? (ਅ) ਇਕ ਮਿਸਾਲ ਦੇ ਕੇ ਸਮਝਾਓ ਕਿ ਪਰਮੇਸ਼ੁਰ ਦਾ ਬਚਨ ਸਾਡੀ ਮਦਦ ਲਈ ਕਿਵੇਂ “ਤੇਜ ਦੌੜਦਾ ਹੈ।”
15 ਤੁਸੀਂ ਵੀ ਸ਼ਾਇਦ ਆਪਣੀਆਂ ਮੁਸ਼ਕਲਾਂ ਕਰਕੇ ਪਰੇਸ਼ਾਨ ਹੋ। ਯਾਦ ਰੱਖੋ ਕਿ ਯਹੋਵਾਹ ਤੁਹਾਨੂੰ ਇਨ੍ਹਾਂ ਨਾਲ ਸਿੱਝਣ ਲਈ ਬੁੱਧ ਦੇ ਸਕਦਾ ਹੈ। ਜ਼ਬੂਰਾਂ ਦੇ ਲਿਖਾਰੀ ਨੇ ਪਰਮੇਸ਼ੁਰ ਬਾਰੇ ਕਿਹਾ ਕਿ ਉਹ “ਆਪਣਾ ਹੁਕਮ ਧਰਤੀ ਉੱਤੇ ਘੱਲਦਾ ਹੈ, ਉਹ ਦਾ ਬਚਨ ਬਹੁਤ ਤੇਜ ਦੌੜਦਾ ਹੈ।” ਫਿਰ ਜ਼ਬੂਰਾਂ ਦੇ ਲਿਖਾਰੀ ਨੇ ਬਰਫ਼, ਕੁਹਰੇ ਅਤੇ ਗੜਿਆਂ ਦਾ ਜ਼ਿਕਰ ਕਰਦਿਆਂ ਪੁੱਛਿਆ: “ਉਹ ਦੇ ਪਾਲੇ [ਠੰਢ] ਅੱਗੇ ਕੌਣ ਖੜਾ ਰਹਿ ਸੱਕਦਾ ਹੈ?” ਫਿਰ ਉਸ ਨੇ ਕਿਹਾ ਕਿ ਯਹੋਵਾਹ “ਆਪਣਾ ਹੁਕਮ ਘੱਲ ਕੇ ਉਨ੍ਹਾਂ ਨੂੰ ਪਿਘਲਾ ਦਿੰਦਾ ਹੈ।” (ਜ਼ਬੂ. 147:15-18) ਸਾਡੇ ਪਰਮੇਸ਼ੁਰ ਨੂੰ ਸਭ ਕੁਝ ਪਤਾ ਹੈ ਅਤੇ ਉਹ ਕੁਝ ਵੀ ਕਰ ਸਕਦਾ ਹੈ ਇੱਥੋਂ ਤਕ ਕਿ ਉਹ ਬਰਫ਼ ਅਤੇ ਗੜਿਆਂ ਨੂੰ ਵੀ ਕਾਬੂ ਕਰ ਸਕਦਾ ਹੈ। ਫਿਰ ਕੀ ਉਹ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਕਰਨ ਵਿਚ ਤੁਹਾਡੀ ਮਦਦ ਨਹੀਂ ਕਰ ਸਕਦਾ?
16 ਅੱਜ ਯਹੋਵਾਹ ਸਾਨੂੰ ਆਪਣੇ ਬਚਨ ਬਾਈਬਲ ਰਾਹੀਂ ਸੇਧ ਦਿੰਦਾ ਹੈ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਕਿ ਯਹੋਵਾਹ ਦਾ ਬਚਨ ਸਾਡੀ ਮਦਦ ਕਰਨ ਲਈ “ਬਹੁਤ ਤੇਜ ਦੌੜਦਾ ਹੈ।” ਪਰਮੇਸ਼ੁਰ ਸਹੀ ਤਰੀਕੇ ਨਾਲ ਅਤੇ ਸਹੀ ਸਮੇਂ ʼਤੇ ਸਾਡੀ ਮਦਦ ਕਰਦਾ ਹੈ। ਸੋਚੋ ਕਿ ਤੁਹਾਨੂੰ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਵੱਲੋਂ ਤਿਆਰ ਕੀਤੇ ਪ੍ਰਕਾਸ਼ਨਾਂ, ਬਾਈਬਲ, jw.org, ਮੰਡਲੀ ਦੇ ਬਜ਼ੁਰਗਾਂ ਅਤੇ ਭੈਣਾਂ-ਭਰਾਵਾਂ ਤੋਂ ਕਿਵੇਂ ਮਦਦ ਮਿਲਦੀ ਹੈ। (ਮੱਤੀ 24:45) ਕੀ ਤੁਸੀਂ ਆਪਣੀ ਜ਼ਿੰਦਗੀ ਵਿਚ ਦੇਖਿਆ ਕਿ ਯਹੋਵਾਹ ਨੇ ਤੇਜ਼ੀ ਨਾਲ ਤੁਹਾਡੀ ਮਦਦ ਕੀਤੀ?
17 ਸਿਮੋਨ ਨਾਂ ਦੀ ਭੈਣ ਨੇ ਦੇਖਿਆ ਕਿ ਪਰਮੇਸ਼ੁਰ ਦੇ ਬਚਨ ਨੇ ਉਸ ਦੀ ਮਦਦ ਕਿਵੇਂ ਕੀਤੀ। ਉਹ ਆਪਣੇ ਆਪ ਨੂੰ ਬੇਕਾਰ ਮਹਿਸੂਸ ਕਰਦੀ ਸੀ ਅਤੇ ਉਹ ਸੋਚਦੀ ਸੀ ਕਿ ਯਹੋਵਾਹ ਉਸ ਤੋਂ ਖ਼ੁਸ਼ ਨਹੀਂ ਸੀ। ਪਰ ਨਿਰਾਸ਼ਾ ਹੋਣ ਦੇ ਬਾਵਜੂਦ ਉਹ ਪ੍ਰਾਰਥਨਾ ਕਰਦੀ ਰਹੀ ਅਤੇ ਮਦਦ ਲਈ ਯਹੋਵਾਹ ਅੱਗੇ ਗਿੜਗਿੜਾਉਂਦੀ ਰਹੀ ਅਤੇ ਬਾਈਬਲ ਪੜ੍ਹਦੀ ਰਹੀ। ਸਿਮੋਨ ਨੇ ਦੱਸਿਆ: “ਕੋਈ ਵੀ ਇੱਦਾਂ ਦੀ ਘੜੀ ਨਹੀਂ ਸੀ ਜਦੋਂ ਯਹੋਵਾਹ ਨੇ ਮੈਨੂੰ ਸਹਾਰਾ ਜਾਂ ਸੇਧ ਨਾ ਦਿੱਤੀ ਹੋਵੇ।” ਇਸ ਤਰ੍ਹਾਂ ਉਹ ਸਹੀ ਨਜ਼ਰੀਆ ਰੱਖ ਪਾਈ।
18. ਤੁਹਾਨੂੰ ਕਿਉਂ ਲੱਗਦਾ ਹੈ ਕਿ ਯਹੋਵਾਹ ਤੁਹਾਡੇ ਨੇੜੇ ਹੈ? “ਯਾਹ ਦੀ ਜੈ-ਜੈਕਾਰ” ਕਰਨ ਦੇ ਤੁਹਾਡੇ ਕੋਲ ਕਿਹੜੇ ਕਾਰਨ ਹਨ?
18 ਜ਼ਬੂਰਾਂ ਦਾ ਲਿਖਾਰੀ ਜਾਣਦਾ ਸੀ ਕਿ ਧਰਤੀ ਦੀਆਂ ਸਾਰੀਆਂ ਕੌਮਾਂ ਵਿੱਚੋਂ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਆਪਣੇ ਲੋਕਾਂ ਵਜੋਂ ਚੁਣਿਆ ਸੀ। ਸਿਰਫ਼ ਇਸ ਕੌਮ ਕੋਲ ਪਰਮੇਸ਼ੁਰ ਦੇ “ਹੁਕਮ” ਅਤੇ ਉਸ ਦੀਆਂ “ਬਿਧੀਆਂ” ਸਨ। (ਜ਼ਬੂਰਾਂ ਦੀ ਪੋਥੀ 147:19, 20 ਪੜ੍ਹੋ।) ਅੱਜ ਸਾਡੇ ਲਈ ਪਰਮੇਸ਼ੁਰ ਦੇ ਨਾਂ ਤੋਂ ਪਛਾਣੇ ਜਾਣਾ ਇਕ ਸਨਮਾਨ ਦੀ ਗੱਲ ਹੈ। ਅਸੀਂ ਪਰਮੇਸ਼ੁਰ ਦੇ ਕਿੰਨੇ ਹੀ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਉਸ ਨੂੰ ਜਾਣਦੇ ਹਾਂ, ਸੇਧ ਲਈ ਸਾਡੇ ਕੋਲ ਉਸ ਦਾ ਬਚਨ ਹੈ ਅਤੇ ਸਾਡਾ ਉਸ ਨਾਲ ਕਰੀਬੀ ਰਿਸ਼ਤਾ ਹੈ। 147ਵੇਂ ਜ਼ਬੂਰ ਦੇ ਲਿਖਾਰੀ ਵਾਂਗ ਸਾਡੇ ਕੋਲ ਵੀ “ਯਾਹ ਦੀ ਜੈ-ਜੈਕਾਰ” ਕਰਨ ਦੇ ਅਤੇ ਦੂਸਰਿਆਂ ਨੂੰ ਇਸ ਤਰ੍ਹਾਂ ਕਰਨ ਲਈ ਉਤਸ਼ਾਹਿਤ ਕਰਨ ਦੇ ਬਹੁਤ ਸਾਰੇ ਕਾਰਨ ਹਨ।