ਆਓ ਆਪਾਂ ਰਲ ਕੇ ਯਹੋਵਾਹ ਦੀ ਵਡਿਆਈ ਕਰੀਏ
“ਮੇਰੇ ਨਾਲ ਰਲ ਕੇ ਯਹੋਵਾਹ ਦੀ ਵਡਿਆਈ ਕਰੋ, ਰਲ ਮਿਲ ਕੇ ਅਸੀਂ ਉਹ ਦੇ ਨਾਮ ਨੂੰ ਸਲਾਹੀਏ।” —ਜ਼ਬੂਰਾਂ ਦੀ ਪੋਥੀ 34:3.
1. ਧਰਤੀ ਉੱਤੇ ਆਪਣੀ ਸੇਵਕਾਈ ਦੌਰਾਨ ਯਿਸੂ ਨੇ ਕਿਹੜੀ ਵਧੀਆ ਮਿਸਾਲ ਕਾਇਮ ਕੀਤੀ ਸੀ?
ਨੀਸਾਨ 14, 33 ਈ. ਦੀ ਰਾਤ ਨੂੰ ਯਿਸੂ ਅਤੇ ਉਸ ਦੇ ਰਸੂਲਾਂ ਨੇ ਯਰੂਸ਼ਲਮ ਦੇ ਇਕ ਘਰ ਦੇ ਚੁਬਾਰੇ ਵਿਚ ਰਲ ਕੇ ਯਹੋਵਾਹ ਦੀ ਮਹਿਮਾ ਦੇ ਭਜਨ ਗਾਏ। (ਮੱਤੀ 26:30) ਇਹ ਕਿੰਨਾ ਢੁੱਕਵਾਂ ਸੀ ਕਿ ਯਿਸੂ ਨੇ ਉਸ ਮੌਕੇ ਤੇ ਆਖ਼ਰੀ ਵਾਰ ਆਪਣੇ ਰਸੂਲਾਂ ਨਾਲ ਭਜਨ ਗਾ ਕੇ ਸਭਾ ਸਮਾਪਤ ਕੀਤੀ। ਦਰਅਸਲ ਯਿਸੂ ਨੇ ਆਪਣੀ ਸੇਵਕਾਈ ਦੇ ਸ਼ੁਰੂ ਤੋਂ ਲੈ ਕੇ ਅੰਤ ਤਕ ਆਪਣੇ ਪਿਤਾ ਦੀ ਵਡਿਆਈ ਕੀਤੀ ਸੀ ਅਤੇ ਜੋਸ਼ ਨਾਲ ਉਸ ਦਾ ਨਾਂ ਲੋਕਾਂ ਅੱਗੇ ਪ੍ਰਗਟ ਕੀਤਾ ਸੀ। (ਮੱਤੀ 4:10; 6:9; 22:37, 38; ਯੂਹੰਨਾ 12:28; 17:6) ਇਸ ਤਰ੍ਹਾਂ ਕਰ ਕੇ ਉਸ ਨੇ ਦਿਖਾਇਆ ਕਿ ਉਹ ਜ਼ਬੂਰਾਂ ਦੇ ਲਿਖਾਰੀ ਦੇ ਇਨ੍ਹਾਂ ਸ਼ਬਦਾਂ ਨਾਲ ਪੂਰੀ ਤਰ੍ਹਾਂ ਸਹਿਮਤ ਸੀ: “ਮੇਰੇ ਨਾਲ ਰਲ ਕੇ ਯਹੋਵਾਹ ਦੀ ਵਡਿਆਈ ਕਰੋ, ਰਲ ਮਿਲ ਕੇ ਅਸੀਂ ਉਹ ਦੇ ਨਾਮ ਨੂੰ ਸਲਾਹੀਏ।” (ਜ਼ਬੂਰਾਂ ਦੀ ਪੋਥੀ 34:3) ਉਸ ਨੇ ਸਾਡੇ ਲਈ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ!
2, 3. (ੳ) ਅਸੀਂ ਕਿਵੇਂ ਜਾਣਦੇ ਹਾਂ ਕਿ ਜ਼ਬੂਰ 34 ਦੀ ਭਵਿੱਖਬਾਣੀ ਯਿਸੂ ਉੱਤੇ ਪੂਰੀ ਹੋਈ ਸੀ? (ਅ) ਅਸੀਂ ਇਸ ਲੇਖ ਤੇ ਅਗਲੇ ਲੇਖ ਵਿਚ ਕਿਨ੍ਹਾਂ ਗੱਲਾਂ ਤੇ ਗੌਰ ਕਰਾਂਗੇ?
2 ਯਿਸੂ ਨਾਲ ਭਜਨ ਗਾਉਣ ਤੋਂ ਕੁਝ ਘੰਟਿਆਂ ਬਾਅਦ ਯੂਹੰਨਾ ਰਸੂਲ ਨੇ ਇਕ ਵੱਖਰੀ ਹੀ ਘਟਨਾ ਦੇਖੀ। ਉਸ ਨੇ ਆਪਣੇ ਮਾਲਕ ਯਿਸੂ ਅਤੇ ਦੋ ਅਪਰਾਧੀਆਂ ਨੂੰ ਸੂਲੀ ਉੱਤੇ ਟੰਗਿਆ ਦੇਖਿਆ। ਫਿਰ ਦੋ ਰੋਮੀ ਸਿਪਾਹੀਆਂ ਨੇ ਉਨ੍ਹਾਂ ਅਪਰਾਧੀਆਂ ਦੀਆਂ ਲੱਤਾਂ ਤੋੜ ਦਿੱਤੀਆਂ ਤਾਂਕਿ ਉਹ ਤੁਰੰਤ ਮਰ ਜਾਣ। ਪਰ ਸਿਪਾਹੀਆਂ ਨੇ ਯਿਸੂ ਦੀਆਂ ਲੱਤਾਂ ਨਹੀਂ ਤੋੜੀਆਂ ਕਿਉਂਕਿ ਜਦ ਉਹ ਯਿਸੂ ਕੋਲ ਆਏ, ਤਾਂ ਯਿਸੂ ਮਰ ਚੁੱਕਿਆ ਸੀ। ਯੂਹੰਨਾ ਨੇ ਆਪਣੇ ਨਾਂ ਦੀ ਕਿਤਾਬ ਵਿਚ ਸਮਝਾਇਆ ਕਿ ਇਹ ਜ਼ਬੂਰ 34 ਵਿਚ ਦੱਸੀ ਭਵਿੱਖਬਾਣੀ ਦੀ ਪੂਰਤੀ ਸੀ ਕਿ ‘ਉਸ ਦੀ ਇਕ ਵੀ ਹੱਡੀ ਨਹੀਂ ਤੋੜੀ ਜਾਵੇਗੀ।’—ਯੂਹੰਨਾ 19:32-36; ਜ਼ਬੂਰਾਂ ਦੀ ਪੋਥੀ 34:20.
3 ਜ਼ਬੂਰ 34 ਵਿਚ ਮਸੀਹੀਆਂ ਲਈ ਹੋਰ ਵੀ ਕਈ ਦਿਲਚਸਪ ਗੱਲਾਂ ਹਨ। ਇਸ ਲਈ ਆਪਾਂ ਇਸ ਲੇਖ ਅਤੇ ਅਗਲੇ ਲੇਖ ਵਿਚ ਉਨ੍ਹਾਂ ਹਾਲਾਤਾਂ ਤੇ ਗੌਰ ਕਰਾਂਗੇ ਜਿਨ੍ਹਾਂ ਵਿਚ ਦਾਊਦ ਨੇ ਇਹ ਜ਼ਬੂਰ ਲਿਖਿਆ ਸੀ। ਨਾਲੇ ਆਪਾਂ ਇਸ ਜ਼ਬੂਰ ਵਿਚ ਹੌਸਲਾ ਦੇਣ ਵਾਲੀਆਂ ਗੱਲਾਂ ਤੇ ਵੀ ਚਰਚਾ ਕਰਾਂਗੇ।
ਦਾਊਦ ਨੂੰ ਸ਼ਾਊਲ ਤੋਂ ਭੱਜਣਾ ਪਿਆ
4. (ੳ) ਦਾਊਦ ਨੂੰ ਇਸਰਾਏਲ ਦੇ ਅਗਲੇ ਰਾਜੇ ਵਜੋਂ ਕਿਉਂ ਚੁਣਿਆ ਗਿਆ ਸੀ? (ਅ) ਸ਼ਾਊਲ ਕਿਸ ਕਰਕੇ ਦਾਊਦ ਨੂੰ ਬਹੁਤ “ਪਿਆਰ” ਕਰਨ ਲੱਗ ਪਿਆ ਸੀ?
4 ਜਦ ਦਾਊਦ ਛੋਟਾ ਹੁੰਦਾ ਸੀ, ਉਦੋਂ ਇਸਰਾਏਲ ਦਾ ਰਾਜਾ ਸ਼ਾਊਲ ਸੀ। ਪਰ ਸ਼ਾਊਲ ਯਹੋਵਾਹ ਦੇ ਕਹਿਣੇ ਵਿਚ ਨਾ ਰਿਹਾ ਜਿਸ ਕਰਕੇ ਯਹੋਵਾਹ ਨੇ ਉਸ ਉੱਤੋਂ ਆਪਣੀ ਮਿਹਰ ਹਟਾ ਲਈ। ਇਸ ਕਰਕੇ ਸਮੂਏਲ ਨਬੀ ਨੇ ਸ਼ਾਊਲ ਨੂੰ ਕਿਹਾ: “ਯਹੋਵਾਹ ਨੇ ਤੇਰਾ ਰਾਜ ਜੋ ਤੂੰ ਇਸਰਾਏਲ ਉੱਤੇ ਕਰਦਾ ਸੈਂ ਅੱਜ ਤੇਰੇ ਨਾਲੋਂ ਪਾੜ ਲਿਆ ਹੈ ਅਤੇ ਤੇਰੇ ਇੱਕ ਗੁਆਂਢੀ ਨੂੰ ਦੇ ਦਿੱਤਾ ਜੋ ਤੈਥੋਂ ਚੰਗਾ ਹੈ।” (1 ਸਮੂਏਲ 15:28) ਫਿਰ ਯਹੋਵਾਹ ਨੇ ਸਮੂਏਲ ਨੂੰ ਘੱਲਿਆ ਕਿ ਉਹ ਯੱਸੀ ਦੇ ਸਭ ਤੋਂ ਛੋਟੇ ਪੁੱਤਰ ਦਾਊਦ ਨੂੰ ਇਸਰਾਏਲ ਦੇ ਅਗਲੇ ਰਾਜੇ ਵਜੋਂ ਮਸਹ ਕਰੇ। ਉੱਧਰ ਸ਼ਾਊਲ ਉੱਤੇ ਪਰਮੇਸ਼ੁਰ ਦੀ ਆਤਮਾ ਨਾ ਹੋਣ ਕਰਕੇ ਉਹ ਉਦਾਸ ਰਹਿਣ ਲੱਗ ਪਿਆ। ਇਸ ਲਈ ਦਾਊਦ ਨੂੰ ਗਿਬਆਹ ਵਿਚ ਸ਼ਾਊਲ ਕੋਲ ਲਿਆਂਦਾ ਗਿਆ ਕਿਉਂਕਿ ਉਹ ਇਕ ਚੰਗਾ ਸੰਗੀਤਕਾਰ ਸੀ। ਉਸ ਦਾ ਸੰਗੀਤ ਸੁਣ ਕੇ ਸ਼ਾਊਲ ਨੂੰ ਸ਼ਾਂਤੀ ਮਿਲਦੀ ਸੀ ਜਿਸ ਕਰਕੇ ਉਹ ਦਾਊਦ ਨੂੰ ਬਹੁਤ “ਪਿਆਰ” ਕਰਨ ਲੱਗ ਪਿਆ ਸੀ।—1 ਸਮੂਏਲ 16:11, 13, 21, 23.
5. ਦਾਊਦ ਬਾਰੇ ਸ਼ਾਊਲ ਦਾ ਰਵੱਈਆ ਕਿਉਂ ਬਦਲ ਗਿਆ ਅਤੇ ਫਿਰ ਦਾਊਦ ਨੂੰ ਕੀ ਕਰਨਾ ਪਿਆ?
5 ਸਮਾਂ ਬੀਤਦਾ ਗਿਆ ਤੇ ਯਹੋਵਾਹ ਦਾਊਦ ਦਾ ਸਾਥ ਦਿੰਦਾ ਰਿਹਾ। ਉਸ ਨੇ ਫਲਿਸਤੀ ਦੈਂਤ ਗੋਲਿਅਥ ਨੂੰ ਹਰਾਉਣ ਵਿਚ ਦਾਊਦ ਦੀ ਮਦਦ ਕੀਤੀ। ਉਸ ਦੀ ਯੁੱਧ-ਕਲਾ ਤੋਂ ਪ੍ਰਭਾਵਿਤ ਹੋ ਕੇ ਇਸਰਾਏਲੀ ਉਸ ਦੀ ਜੈ ਜੈ ਕਾਰ ਕਰਨ ਲੱਗੇ। ਪਰ ਸ਼ਾਊਲ ਦਾਊਦ ਉੱਤੇ ਯਹੋਵਾਹ ਦੀ ਬਰਕਤ ਦੇਖ ਕੇ ਸੜ-ਬਲ ਗਿਆ ਤੇ ਉਸ ਨੂੰ ਨਫ਼ਰਤ ਕਰਨ ਲੱਗ ਪਿਆ। ਇਸ ਲਈ ਜਦ ਸ਼ਾਊਲ ਅੱਗੇ ਦਾਊਦ ਬਰਬਤ ਵਜਾ ਰਿਹਾ ਸੀ, ਤਾਂ ਸ਼ਾਊਲ ਨੇ ਦੋ ਵਾਰ ਬਰਛੇ ਨਾਲ ਦਾਊਦ ਤੇ ਵਾਰ ਕੀਤਾ। ਪਰ ਦੋਨੋਂ ਹੀ ਵਾਰ ਦਾਊਦ ਬਚ ਗਿਆ। ਫਿਰ ਜਦ ਸ਼ਾਊਲ ਨੇ ਤੀਜੀ ਵਾਰ ਦਾਊਦ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਤਾਂ ਦਾਊਦ ਨੇ ਉੱਥੋਂ ਜਾਨ ਬਚਾ ਕੇ ਭੱਜਣ ਦੀ ਕੀਤੀ। ਸ਼ਾਊਲ ਦਾਊਦ ਦੀ ਜਾਨ ਲੈਣ ਤੇ ਤੁਲਿਆ ਹੋਇਆ ਸੀ ਜਿਸ ਕਰਕੇ ਦਾਊਦ ਨੂੰ ਮਜਬੂਰਨ ਇਸਰਾਏਲ ਤੋਂ ਬਾਹਰ ਕਿਸੇ ਜਗ੍ਹਾ ਵਿਚ ਪਨਾਹ ਲੈਣੀ ਪਈ।—1 ਸਮੂਏਲ 18:11; 19:9, 10.
6. ਸ਼ਾਊਲ ਨੇ ਨੋਬ ਦੇ ਲੋਕਾਂ ਨੂੰ ਮਾਰਨ ਦਾ ਹੁਕਮ ਕਿਉਂ ਦਿੱਤਾ ਸੀ?
6 ਇਸਰਾਏਲ ਦੀ ਸਰਹੱਦ ਵੱਲ ਜਾਂਦਿਆਂ ਦਾਊਦ ਨੋਬ ਸ਼ਹਿਰ ਵਿਚ ਰੁਕਿਆ ਜਿੱਥੇ ਯਹੋਵਾਹ ਦਾ ਡੇਹਰਾ ਸੀ। ਸਪੱਸ਼ਟ ਹੈ ਕਿ ਦਾਊਦ ਜਦ ਸ਼ਾਊਲ ਤੋਂ ਜਾਨ ਬਚਾਉਣ ਲਈ ਭੱਜਿਆ ਸੀ, ਤਾਂ ਉਸ ਨਾਲ ਉਸ ਦੇ ਸਾਥੀ ਵੀ ਸਨ। ਨੋਬ ਵਿਚ ਦਾਊਦ ਪ੍ਰਧਾਨ ਜਾਜਕ ਕੋਲ ਗਿਆ ਤਾਂਕਿ ਉਹ ਆਪਣੇ ਅਤੇ ਆਪਣੇ ਸਾਥੀਆਂ ਲਈ ਕੁਝ ਖਾਣ-ਪੀਣ ਵਾਸਤੇ ਲਿਆ ਸਕੇ। ਪ੍ਰਧਾਨ ਜਾਜਕ ਨੇ ਦਾਊਦ ਅਤੇ ਉਸ ਦੇ ਸਾਥੀਆਂ ਨੂੰ ਭੋਜਨ ਅਤੇ ਉਹ ਤਲਵਾਰ ਦਿੱਤੀ ਜੋ ਦਾਊਦ ਨੇ ਮੁਰਦਾ ਗੋਲਿਅਥ ਕੋਲੋਂ ਚੁੱਕੀ ਸੀ। ਜਦ ਇਸ ਬਾਰੇ ਸ਼ਾਊਲ ਨੂੰ ਪਤਾ ਲੱਗਾ, ਤਾਂ ਉਹ ਗੁੱਸੇ ਵਿਚ ਲਾਲ-ਪੀਲਾ ਹੋ ਗਿਆ। ਨਤੀਜੇ ਵਜੋਂ, ਸ਼ਾਊਲ ਦੇ ਹੁਕਮ ਤੇ ਨੋਬ ਸ਼ਹਿਰ ਦੇ ਸਾਰੇ ਲੋਕਾਂ ਨੂੰ ਮਾਰ ਦਿੱਤਾ ਗਿਆ ਜਿਨ੍ਹਾਂ ਵਿਚ 85 ਜਾਜਕ ਵੀ ਸਨ।—1 ਸਮੂਏਲ 21:1, 2; 22:12, 13, 18, 19; ਮੱਤੀ 12:3, 4.
ਮੌਤ ਦੇ ਮੂੰਹੋਂ ਦੁਬਾਰਾ ਬਚਣਾ
7. ਦਾਊਦ ਦੇ ਲੁਕਣ ਵਾਸਤੇ ਗਥ ਸੁਰੱਖਿਅਤ ਜਗ੍ਹਾ ਕਿਉਂ ਨਹੀਂ ਸੀ?
7 ਦਾਊਦ ਨੋਬ ਤੋਂ 40 ਕਿਲੋਮੀਟਰ ਪੱਛਮ ਵੱਲ ਫਲਸਤੀਨ ਦੇ ਇਲਾਕੇ ਵਿਚ ਭੱਜ ਗਿਆ। ਉੱਥੇ ਉਸ ਨੇ ਗੋਲਿਅਥ ਦੇ ਸ਼ਹਿਰ ਗਥ ਵਿਚ ਰਾਜਾ ਆਕੀਸ਼ ਦੀ ਪਨਾਹ ਲੈ ਲਈ। ਦਾਊਦ ਨੇ ਸ਼ਾਇਦ ਸੋਚਿਆ ਹੋਣਾ ਕਿ ਸ਼ਾਊਲ ਕਦੇ ਸੁਪਨੇ ਵਿਚ ਵੀ ਨਹੀਂ ਸੋਚੇਗਾ ਕਿ ਉਹ ਗੋਲਿਅਥ ਦੇ ਸ਼ਹਿਰ ਵਿਚ ਪਨਾਹ ਲਵੇਗਾ ਜਿਸ ਨੂੰ ਉਸ ਨੇ ਆਪ ਮਾਰਿਆ ਸੀ। ਪਰ ਜਲਦੀ ਹੀ ਗਥ ਦੇ ਰਾਜੇ ਦੇ ਨੌਕਰਾਂ ਨੇ ਉਸ ਨੂੰ ਪਛਾਣ ਲਿਆ। ਜਦ ਦਾਊਦ ਨੂੰ ਪਤਾ ਲੱਗਾ ਕਿ ਉਸ ਨੂੰ ਪਛਾਣਿਆ ਗਿਆ ਸੀ, ਤਾਂ ਉਹ “ਗਥ ਦੇ ਰਾਜਾ ਆਕੀਸ਼ ਵੱਲੋਂ ਬਹੁਤ ਡਰਿਆ।”—1 ਸਮੂਏਲ 21:10-12.
8. (ੳ) ਗਥ ਵਿਚ ਦਾਊਦ ਦੇ ਤਜਰਬੇ ਬਾਰੇ ਸਾਨੂੰ ਜ਼ਬੂਰ 56 ਤੋਂ ਕੀ ਪਤਾ ਲੱਗਦਾ ਹੈ? (ਅ) ਦਾਊਦ ਮੌਤ ਦੇ ਮੂੰਹੋਂ ਕਿਵੇਂ ਬਚਿਆ?
8 ਫਲਸਤੀਨੀਆਂ ਨੇ ਦਾਊਦ ਨੂੰ ਫੜ ਲਿਆ। ਸ਼ਾਇਦ ਇਸ ਮੁਸ਼ਕਲ ਘੜੀ ਵਿਚ ਦਾਊਦ ਨੇ ਉਹ ਜ਼ਬੂਰ ਲਿਖਿਆ ਜਿਸ ਵਿਚ ਉਸ ਨੇ ਯਹੋਵਾਹ ਨੂੰ ਦੁਆ ਕੀਤੀ ਕਿ “ਮੇਰਿਆਂ ਅੰਝੂਆਂ ਨੂੰ ਆਪਣੀ ਕੁੱਪੀ ਵਿੱਚ ਰੱਖ ਛੱਡ।” (ਜ਼ਬੂਰਾਂ ਦੀ ਪੋਥੀ 56:8 ਅਤੇ ਇਸ ਦਾ ਸਿਰਲੇਖ) ਇਸ ਤਰ੍ਹਾਂ ਦਾਊਦ ਨੇ ਯਹੋਵਾਹ ਉੱਤੇ ਆਪਣਾ ਭਰੋਸਾ ਜ਼ਾਹਰ ਕੀਤਾ ਕਿ ਯਹੋਵਾਹ ਉਸ ਦੇ ਦੁੱਖ ਨੂੰ ਭੁੱਲੇਗਾ ਨਹੀਂ, ਸਗੋਂ ਉਸ ਦੀ ਦੇਖ-ਭਾਲ ਤੇ ਰਾਖੀ ਕਰੇਗਾ। ਦਾਊਦ ਨੇ ਫਲਸਤੀਨੀ ਰਾਜੇ ਨੂੰ ਧੋਖਾ ਦੇਣ ਲਈ ਇਕ ਤਰਕੀਬ ਸੋਚੀ। ਉਹ ਪਾਗਲਾਂ ਵਰਗੀਆਂ ਹਰਕਤਾਂ ਕਰਨ ਲੱਗ ਪਿਆ। ਇਹ ਦੇਖ ਕੇ ਰਾਜਾ ਆਕੀਸ਼ ਨੇ ਆਪਣੇ ਨੌਕਰਾਂ ਨੂੰ ਝਿੜਕਿਆ ਕਿ ਉਹ ਕਿਉਂ ਇਸ ‘ਪਾਗਲ’ ਨੂੰ ਉਸ ਦੇ ਸਾਮ੍ਹਣੇ ਲਿਆਏ ਸਨ। ਇਸ ਤੋਂ ਜ਼ਾਹਰ ਹੈ ਕਿ ਦਾਊਦ ਦੀ ਤਰਕੀਬ ਨੂੰ ਕਾਮਯਾਬ ਬਣਾਉਣ ਵਿਚ ਯਹੋਵਾਹ ਨੇ ਉਸ ਦਾ ਸਾਥ ਦਿੱਤਾ। ਦਾਊਦ ਨੂੰ ਧੱਕੇ ਮਾਰ ਕੇ ਸ਼ਹਿਰੋਂ ਬਾਹਰ ਕੱਢ ਦਿੱਤਾ ਗਿਆ। ਇਸ ਤਰ੍ਹਾਂ ਉਹ ਮੌਤ ਦੇ ਮੂੰਹ ਵਿੱਚੋਂ ਦੁਬਾਰਾ ਬਚ ਨਿਕਲਿਆ।—1 ਸਮੂਏਲ 21:13-15.
9, 10. ਦਾਊਦ ਨੇ ਜ਼ਬੂਰ 34 ਕਿਉਂ ਲਿਖਿਆ ਅਤੇ ਇਸ ਜ਼ਬੂਰ ਨੂੰ ਲਿਖਦੇ ਸਮੇਂ ਸ਼ਾਇਦ ਦਾਊਦ ਦੇ ਮਨ ਵਿਚ ਕੌਣ ਸਨ?
9 ਬਾਈਬਲ ਇਹ ਨਹੀਂ ਦੱਸਦੀ ਕਿ ਦਾਊਦ ਦੇ ਸਾਥੀ ਉਸ ਨਾਲ ਗਥ ਵਿਚ ਗਏ ਸਨ ਜਾਂ ਕਿ ਉਹ ਦਾਊਦ ਦੀ ਹਿਫਾਜ਼ਤ ਲਈ ਨੇੜਲੇ ਇਸਰਾਏਲੀ ਪਿੰਡਾਂ ਵਿਚ ਪਹਿਰਾ ਦੇ ਰਹੇ ਸਨ। ਪਰ ਇਹ ਗੱਲ ਪੱਕੀ ਹੈ ਕਿ ਜਦ ਦਾਊਦ ਨੇ ਆਪਣੇ ਸਾਥੀਆਂ ਨੂੰ ਜਾ ਕੇ ਦੱਸਿਆ ਹੋਣਾ ਕਿ ਯਹੋਵਾਹ ਨੇ ਉਸ ਦੀ ਕਿਵੇਂ ਹਿਫਾਜ਼ਤ ਕੀਤੀ ਸੀ, ਤਦ ਉਹ ਦਾਊਦ ਨੂੰ ਸਹੀ-ਸਲਾਮਤ ਦੇਖ ਕੇ ਬਹੁਤ ਖ਼ੁਸ਼ ਹੋਏ ਹੋਣੇ। ਜ਼ਬੂਰ 34 ਦੇ ਸਿਰਲੇਖ ਤੋਂ ਪਤਾ ਲੱਗਦਾ ਹੈ ਕਿ ਇਸ ਘਟਨਾ ਦੇ ਕਾਰਨ ਹੀ ਇਹ ਜ਼ਬੂਰ ਲਿਖਿਆ ਗਿਆ ਸੀ। ਇਸ ਜ਼ਬੂਰ ਦੀਆਂ ਪਹਿਲੀਆਂ ਸੱਤ ਆਇਤਾਂ ਵਿਚ ਦਾਊਦ ਨੇ ਆਪਣੇ ਬਚਾਅ ਲਈ ਯਹੋਵਾਹ ਦੀ ਵਡਿਆਈ ਕੀਤੀ ਅਤੇ ਆਪਣੇ ਸਾਥੀਆਂ ਨੂੰ ਵੀ ਯਹੋਵਾਹ ਦੀ ਵਡਿਆਈ ਕਰਨ ਲਈ ਉਤਸ਼ਾਹਿਤ ਕੀਤਾ ਕਿਉਂਕਿ ਯਹੋਵਾਹ ਹੀ ਆਪਣੇ ਲੋਕਾਂ ਨੂੰ ਛੁਡਾਉਂਦਾ ਹੈ।—ਜ਼ਬੂਰਾਂ ਦੀ ਪੋਥੀ 34:3, 4, 7.
10 ਦਾਊਦ ਅਤੇ ਉਸ ਦੇ ਸਾਥੀ ਇਸਰਾਏਲ ਦੇ ਪਹਾੜੀ ਇਲਾਕੇ ਵਿਚ ਅਦੁੱਲਾਮ ਦੀ ਗੁਫ਼ਾ ਵਿਚ ਜਾ ਕੇ ਲੁਕ ਗਏ ਜੋ ਕਿ ਗਥ ਦੇ ਪੱਛਮ ਵੱਲ 15 ਕਿਲੋਮੀਟਰ ਦੂਰ ਸੀ। ਉਨ੍ਹਾਂ ਕੋਲ ਉਹ ਲੋਕ ਵੀ ਆਉਣ ਲੱਗ ਪਏ ਜੋ ਰਾਜਾ ਸ਼ਾਊਲ ਦੇ ਰਾਜ ਤੋਂ ਦੁਖੀ ਸਨ। (1 ਸਮੂਏਲ 22:1, 2) ਦਾਊਦ ਨੇ ਸ਼ਾਇਦ ਇਨ੍ਹਾਂ ਲੋਕਾਂ ਨੂੰ ਮਨ ਵਿਚ ਰੱਖ ਕੇ ਜ਼ਬੂਰਾਂ ਦੀ ਪੋਥੀ 34:8-22 ਦੇ ਸ਼ਬਦ ਲਿਖੇ ਸਨ। ਇਹ ਆਇਤਾਂ ਸਾਡੇ ਲਈ ਵੀ ਬਹੁਤ ਅਹਿਮੀਅਤ ਰੱਖਦੀਆਂ ਹਨ। ਇਸ ਜ਼ਬੂਰ ਉੱਤੇ ਖੁੱਲ੍ਹੀ ਚਰਚਾ ਕਰਨ ਨਾਲ ਸਾਨੂੰ ਜ਼ਰੂਰ ਫ਼ਾਇਦਾ ਹੋਵੇਗਾ।
ਕੀ ਤੁਸੀਂ ਵੀ ਯਹੋਵਾਹ ਦੀ ਵਡਿਆਈ ਕਰਦੇ ਹੋ?
11, 12. ਅਸੀਂ ਕਿਨ੍ਹਾਂ ਕਾਰਨਾਂ ਕਰਕੇ ਹਰ ਸਮੇਂ ਯਹੋਵਾਹ ਦੀ ਵਡਿਆਈ ਕਰਦੇ ਹਾਂ?
11 “ਮੈਂ ਹਰ ਵੇਲੇ ਯਹੋਵਾਹ ਨੂੰ ਮੁਬਾਰਕ ਆਖਾਂਗਾ, ਉਹ ਦੀ ਉਸਤਤ ਸਦਾ ਮੇਰੇ ਮੂੰਹ ਵਿੱਚ ਹੋਵੇਗੀ।” (ਜ਼ਬੂਰਾਂ ਦੀ ਪੋਥੀ 34:1) ਲੁਕ-ਛਿਪ ਕੇ ਰਹਿੰਦਿਆਂ ਦਾਊਦ ਨੂੰ ਖਾਣੇ-ਪੀਣੇ ਜਾਂ ਕੱਪੜੇ-ਲੱਤੇ ਦੇ ਫ਼ਿਕਰ ਨੇ ਜ਼ਰੂਰ ਸਤਾਇਆ ਹੋਣਾ, ਪਰ ਉਸ ਨੇ ਇਸ ਫ਼ਿਕਰ ਕਾਰਨ ਯਹੋਵਾਹ ਦੀ ਵਡਿਆਈ ਕਰਨੀ ਨਹੀਂ ਛੱਡੀ। ਅੱਜ ਜਦ ਸਾਡੇ ਤੇ ਔਖੀਆਂ ਘੜੀਆਂ ਆਉਂਦੀਆਂ ਹਨ, ਤਾਂ ਅਸੀਂ ਉਸ ਦੀ ਵਧੀਆ ਮਿਸਾਲ ਉੱਤੇ ਚੱਲ ਸਕਦੇ ਹਾਂ। ਸਕੂਲ ਵਿਚ, ਕੰਮ ਦੀ ਥਾਂ ਤੇ, ਆਪਣੇ ਮਸੀਹੀ ਭੈਣਾਂ-ਭਰਾਵਾਂ ਨਾਲ ਹੁੰਦਿਆਂ ਜਾਂ ਪ੍ਰਚਾਰ ਕਰਦੇ ਸਮੇਂ ਸਾਡੀ ਇਹੀ ਇੱਛਾ ਹੋਣੀ ਚਾਹੀਦੀ ਹੈ ਕਿ ਅਸੀਂ ਯਹੋਵਾਹ ਦੀ ਵਡਿਆਈ ਕਰੀਏ। ਉਸ ਦੀ ਵਡਿਆਈ ਕਰਨ ਦੇ ਬੇਸ਼ੁਮਾਰ ਕਾਰਨ ਹਨ। ਮਿਸਾਲ ਲਈ, ਯਹੋਵਾਹ ਦੀਆਂ ਰਚੀਆਂ ਸ਼ਾਨਦਾਰ ਚੀਜ਼ਾਂ ਤੋਂ ਮਿਲਣ ਵਾਲੀ ਖ਼ੁਸ਼ੀ ਦਾ ਕੋਈ ਅੰਤ ਨਹੀਂ ਹੈ। ਜ਼ਰਾ ਇਹ ਵੀ ਸੋਚੋ ਕਿ ਯਹੋਵਾਹ ਨੇ ਆਪਣੇ ਸੰਗਠਨ ਦੇ ਜ਼ਰੀਏ ਕਿੰਨਾ ਕੁਝ ਕੀਤਾ ਹੈ! ਆਧੁਨਿਕ ਜ਼ਮਾਨੇ ਵਿਚ ਆਪਣਾ ਕੰਮ ਪੂਰਾ ਕਰਨ ਲਈ ਉਸ ਨੇ ਆਪਣੇ ਵਫ਼ਾਦਾਰ ਸੇਵਕਾਂ ਨੂੰ ਇਸਤੇਮਾਲ ਕੀਤਾ ਹੈ, ਭਾਵੇਂ ਕਿ ਉਹ ਨਾਮੁਕੰਮਲ ਹਨ। ਪਰਮੇਸ਼ੁਰ ਦੇ ਕੰਮਾਂ ਦੀ ਤੁਲਨਾ ਵਿਚ ਦੁਨੀਆਂ ਦੇ ਦੇਵਤਾ ਸਰੂਪ ਸਮਝੇ ਜਾਂਦੇ ਲੋਕਾਂ ਦੇ ਕੰਮ ਕੁਝ ਵੀ ਨਹੀਂ ਹਨ। ਇਸ ਲਈ ਅਸੀਂ ਦਾਊਦ ਦੇ ਲਿਖੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹੋ ਸਕਦੇ ਹਾਂ: “ਹੇ ਪ੍ਰਭੁ, ਦੇਵਤਿਆਂ ਵਿੱਚ ਤੇਰੇ ਤੁੱਲ ਕੋਈ ਨਹੀਂ, ਤੇਰੇ ਕੰਮਾਂ ਵਰਗਾ ਕੋਈ ਕੰਮ ਨਹੀਂ ਹੈ।”—ਜ਼ਬੂਰਾਂ ਦੀ ਪੋਥੀ 86:8.
12 ਦਾਊਦ ਦੀ ਤਰ੍ਹਾਂ ਅਸੀਂ ਵੀ ਪਰਮੇਸ਼ੁਰ ਦੇ ਬੇਮਿਸਾਲ ਕੰਮਾਂ ਤੋਂ ਪ੍ਰੇਰਿਤ ਹੋ ਕੇ ਉਸ ਦੀ ਵਡਿਆਈ ਕਰਦੇ ਹਾਂ। ਨਾਲੇ ਅਸੀਂ ਇਹ ਵੀ ਜਾਣ ਕੇ ਬਹੁਤ ਖ਼ੁਸ਼ ਹਾਂ ਕਿ ਪਰਮੇਸ਼ੁਰ ਦੇ ਰਾਜ ਦੀ ਵਾਗਡੋਰ ਹੁਣ ਦਾਊਦ ਦੇ ਸਦੀਵੀ ਵਾਰਸ ਯਿਸੂ ਮਸੀਹ ਦੇ ਹੱਥਾਂ ਵਿਚ ਹੈ। (ਪਰਕਾਸ਼ ਦੀ ਪੋਥੀ 11:15) ਇਸ ਦਾ ਮਤਲਬ ਹੈ ਕਿ ਇਸ ਦੁਨੀਆਂ ਦਾ ਅੰਤ ਨੇੜੇ ਆ ਚੁੱਕਾ ਹੈ ਅਤੇ 6 ਅਰਬ ਤੋਂ ਜ਼ਿਆਦਾ ਲੋਕਾਂ ਦੀਆਂ ਜਾਨਾਂ ਖ਼ਤਰੇ ਵਿਚ ਹਨ। ਇਸ ਲਈ ਅੱਜ ਲੋਕਾਂ ਨੂੰ ਇਹ ਦੱਸਣ ਦੀ ਕਿਤੇ ਜ਼ਿਆਦਾ ਲੋੜ ਹੈ ਕਿ ਪਰਮੇਸ਼ੁਰ ਦਾ ਰਾਜ ਕੀ ਹੈ ਅਤੇ ਇਹ ਜਲਦੀ ਹੀ ਮਨੁੱਖਜਾਤੀ ਲਈ ਕੀ ਕੁਝ ਕਰਨ ਵਾਲਾ ਹੈ। ਸਾਨੂੰ ਉਨ੍ਹਾਂ ਦੀ ਮਦਦ ਕਰਨ ਦੀ ਲੋੜ ਹੈ ਤਾਂਕਿ ਉਹ ਵੀ ਸਾਡੇ ਨਾਲ ਰਲ ਕੇ ਯਹੋਵਾਹ ਦੀ ਵਡਿਆਈ ਕਰਨ। ਸਾਡੀ ਜ਼ਿੰਦਗੀ ਵਿਚ ਸਭ ਤੋਂ ਅਹਿਮ ਕੰਮ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਹਰ ਮੌਕੇ ਤੇ ਹੋਰਨਾਂ ਨੂੰ “ਖ਼ੁਸ਼ ਖ਼ਬਰੀ” ਕਬੂਲ ਕਰਨ ਦੀ ਹੱਲਾਸ਼ੇਰੀ ਦੇਈਏ, ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ।—ਮੱਤੀ 24:14.
13. (ੳ) ਦਾਊਦ ਨੇ ਕਿਸ ਦੀ ਵਡਿਆਈ ਕੀਤੀ ਅਤੇ ਕਿਸ ਤਰ੍ਹਾਂ ਦੇ ਲੋਕ ਪਰਮੇਸ਼ੁਰ ਵੱਲ ਖਿੱਚੇ ਗਏ ਸਨ? (ਅ) ਅੱਜ ਮਸਕੀਨ ਲੋਕ ਮਸੀਹੀ ਕਲੀਸਿਯਾ ਵੱਲ ਕਿਵੇਂ ਖਿੱਚੇ ਜਾ ਰਹੇ ਹਨ?
13 “ਮੇਰੀ ਜਾਨ ਯਹੋਵਾਹ ਵਿੱਚ ਆਪਣੇ ਆਪ ਨੂੰ ਵਡਿਆਵੇਗੀ, ਮਸਕੀਨ ਸੁਣ ਕੇ ਅਨੰਦ ਹੋਣਗੇ।” (ਜ਼ਬੂਰਾਂ ਦੀ ਪੋਥੀ 34:2) ਦਾਊਦ ਨੇ ਇੱਥੇ ਆਪਣੀ ਕਿਸੇ ਕਾਮਯਾਬੀ ਕਰਕੇ ਆਪਣੀ ਵਡਿਆਈ ਨਹੀਂ ਕੀਤੀ। ਮਿਸਾਲ ਲਈ, ਉਸ ਨੇ ਇਹ ਸ਼ੇਖ਼ੀ ਨਹੀਂ ਮਾਰੀ ਕਿ ਉਸ ਨੇ ਕਿਵੇਂ ਗਥ ਦੇ ਰਾਜੇ ਨੂੰ ਧੋਖਾ ਦਿੱਤਾ। ਉਸ ਨੇ ਮੰਨਿਆ ਕਿ ਯਹੋਵਾਹ ਨੇ ਗਥ ਵਿਚ ਉਸ ਦੀ ਰਾਖੀ ਕੀਤੀ ਸੀ ਅਤੇ ਉਸ ਦੀ ਮਦਦ ਨਾਲ ਹੀ ਉਹ ਉੱਥੋਂ ਬਚ ਨਿਕਲਿਆ ਸੀ। (ਕਹਾਉਤਾਂ 21:1) ਦਾਊਦ ਨੇ ਆਪਣੀ ਨਹੀਂ, ਬਲਕਿ ਯਹੋਵਾਹ ਦੀ ਵਡਿਆਈ ਕੀਤੀ ਸੀ। ਇਸ ਕਰਕੇ ਮਸਕੀਨ ਲੋਕ ਯਹੋਵਾਹ ਵੱਲ ਖਿੱਚੇ ਗਏ ਸਨ। ਯਿਸੂ ਨੇ ਵੀ ਹਮੇਸ਼ਾ ਯਹੋਵਾਹ ਦੇ ਨਾਂ ਦੀ ਵਡਿਆਈ ਕੀਤੀ ਜਿਸ ਕਰਕੇ ਨਿਮਰ ਲੋਕ ਯਹੋਵਾਹ ਬਾਰੇ ਸਿੱਖਣਾ ਚਾਹੁੰਦੇ ਸਨ। ਅੱਜ ਸਾਰੀਆਂ ਕੌਮਾਂ ਵਿੱਚੋਂ ਨਿਮਰ ਲੋਕ ਮਸਹ ਕੀਤੇ ਹੋਏ ਮਸੀਹੀਆਂ ਦੀ ਅੰਤਰ-ਰਾਸ਼ਟਰੀ ਕਲੀਸਿਯਾ ਵਿਚ ਆ ਰਹੇ ਹਨ ਜਿਸ ਦਾ ਸਿਰ ਯਿਸੂ ਹੈ। (ਕੁਲੁੱਸੀਆਂ 1:18) ਜਦ ਇਹ ਲੋਕ ਪਰਮੇਸ਼ੁਰ ਦੇ ਨਿਮਰ ਸੇਵਕਾਂ ਨੂੰ ਉਸ ਦੇ ਨਾਂ ਦੀ ਵਡਿਆਈ ਕਰਦਿਆਂ ਸੁਣਦੇ ਹਨ, ਤਾਂ ਉਹ ਬਹੁਤ ਪ੍ਰਭਾਵਿਤ ਹੁੰਦੇ ਹਨ। ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਮਦਦ ਨਾਲ ਉਹ ਬਾਈਬਲ ਦਾ ਸੰਦੇਸ਼ ਸਮਝ ਕੇ ਵੀ ਪ੍ਰਭਾਵਿਤ ਹੁੰਦੇ ਹਨ।—ਯੂਹੰਨਾ 6:44; ਰਸੂਲਾਂ ਦੇ ਕਰਤੱਬ 16:14.
ਸਭਾਵਾਂ ਸਾਡੀ ਨਿਹਚਾ ਮਜ਼ਬੂਤ ਕਰਦੀਆਂ ਹਨ
14. (ੳ) ਕੀ ਦਾਊਦ ਇਕੱਲਾ ਬੈਠ ਕੇ ਹੀ ਯਹੋਵਾਹ ਦੀ ਵਡਿਆਈ ਕਰਦਾ ਸੀ? (ਅ) ਸਭਾਵਾਂ ਦੇ ਮਾਮਲੇ ਵਿਚ ਯਿਸੂ ਨੇ ਕਿਹੜੀ ਮਿਸਾਲ ਕਾਇਮ ਕੀਤੀ?
14 “ਮੇਰੇ ਨਾਲ ਰਲ ਕੇ ਯਹੋਵਾਹ ਦੀ ਵਡਿਆਈ ਕਰੋ, ਰਲ ਮਿਲ ਕੇ ਅਸੀਂ ਉਹ ਦੇ ਨਾਮ ਨੂੰ ਸਲਾਹੀਏ।” (ਜ਼ਬੂਰਾਂ ਦੀ ਪੋਥੀ 34:3) ਦਾਊਦ ਇਕੱਲਾ ਬੈਠ ਕੇ ਹੀ ਪਰਮੇਸ਼ੁਰ ਦੀ ਵਡਿਆਈ ਨਹੀਂ ਕਰਦਾ ਸੀ। ਉਸ ਨੇ ਆਪਣੇ ਸਾਥੀਆਂ ਨੂੰ ਵੀ ਆਪਣੇ ਨਾਲ ਯਹੋਵਾਹ ਦੇ ਨਾਂ ਦੀ ਵਡਿਆਈ ਕਰਨ ਲਈ ਉਤਸ਼ਾਹਿਤ ਕੀਤਾ ਸੀ। ਇਸੇ ਤਰ੍ਹਾਂ ਮਹਾਨ ਦਾਊਦ ਯਿਸੂ ਮਸੀਹ ਨੇ ਵੀ ਖੁੱਲ੍ਹੇ-ਆਮ ਯਹੋਵਾਹ ਦੀ ਵਡਿਆਈ ਕੀਤੀ ਸੀ। ਉਸ ਨੇ ਯਹੂਦੀਆਂ ਦੇ ਸਭਾ-ਘਰ ਵਿਚ, ਤਿਉਹਾਰਾਂ ਵੇਲੇ ਯਰੂਸ਼ਲਮ ਵਿਖੇ ਪਰਮੇਸ਼ੁਰ ਦੇ ਮੰਦਰ ਵਿਚ ਅਤੇ ਆਪਣੇ ਚੇਲਿਆਂ ਨਾਲ ਪਰਮੇਸ਼ੁਰ ਦੀ ਵਡਿਆਈ ਕੀਤੀ। (ਲੂਕਾ 2:49; 4:16-19; 10:21; ਯੂਹੰਨਾ 18:20) ਸਾਡੇ ਲਈ ਇਹ ਕਿੰਨਾ ਵਧੀਆ ਸਨਮਾਨ ਹੈ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਮਿਲ ਕੇ ਹਰ ਮੌਕੇ ਤੇ ਯਹੋਵਾਹ ਦੀ ਵਡਿਆਈ ਕਰਨ ਵਿਚ ਯਿਸੂ ਦੀ ਰੀਸ ਕਰ ਸਕਦੇ ਹਾਂ, ਖ਼ਾਸਕਰ ਅੱਜ ਜਿਉਂ-ਜਿਉਂ ਅਸੀਂ ‘ਵੇਖਦੇ ਹਾਂ ਭਈ ਯਹੋਵਾਹ ਦਾ ਦਿਨ ਨੇੜੇ ਆਉਂਦਾ ਹੈ।’—ਇਬਰਾਨੀਆਂ 10:24, 25.
15. (ੳ) ਦਾਊਦ ਦੇ ਤਜਰਬੇ ਦਾ ਉਸ ਦੇ ਸਾਥੀਆਂ ਉੱਤੇ ਕੀ ਅਸਰ ਪਿਆ? (ਅ) ਸਭਾਵਾਂ ਵਿਚ ਜਾ ਕੇ ਸਾਨੂੰ ਕਿਵੇਂ ਫ਼ਾਇਦਾ ਹੁੰਦਾ ਹੈ?
15 “ਮੈਂ ਯਹੋਵਾਹ ਨੂੰ ਭਾਲਿਆ ਅਤੇ ਉਸ ਨੇ ਮੈਨੂੰ ਉੱਤਰ ਦਿੱਤਾ, ਅਤੇ ਮੇਰਿਆਂ ਸਭਨਾਂ ਭੈਜਲਾਂ ਤੋਂ ਮੈਨੂੰ ਛੁਡਾਇਆ।” (ਜ਼ਬੂਰਾਂ ਦੀ ਪੋਥੀ 34:4) ਦਾਊਦ ਲਈ ਇਹ ਗੱਲ ਬਹੁਤ ਮਹੱਤਤਾ ਰੱਖਦੀ ਸੀ। ਇਸ ਲਈ ਅੱਗੇ ਉਸ ਨੇ ਕਿਹਾ: “ਇਸ ਮਸਕੀਨ ਨੇ ਪੁਕਾਰਿਆ ਅਤੇ ਯਹੋਵਾਹ ਨੇ ਸੁਣਿਆ, ਅਤੇ ਉਹ ਦਿਆਂ ਸਾਰਿਆਂ ਦੁਖਾਂ ਤੋਂ ਉਹ ਨੂੰ ਬਚਾਇਆ।” (ਜ਼ਬੂਰਾਂ ਦੀ ਪੋਥੀ 34:6) ਆਪਣੇ ਭੈਣਾਂ-ਭਰਾਵਾਂ ਨਾਲ ਸੰਗਤ ਕਰਦਿਆਂ ਸਾਨੂੰ ਆਪਣੇ ਤਜਰਬੇ ਸੁਣਾਉਣ ਦੇ ਕਈ ਮੌਕੇ ਮਿਲਦੇ ਹਨ ਕਿ ਯਹੋਵਾਹ ਨੇ ਮੁਸ਼ਕਲ ਹਾਲਾਤਾਂ ਵਿਚ ਸਾਡੀ ਕਿਵੇਂ ਮਦਦ ਕੀਤੀ। ਇਨ੍ਹਾਂ ਨੂੰ ਸੁਣ ਕੇ ਉਨ੍ਹਾਂ ਦਾ ਹੌਸਲਾ ਵਧੇਗਾ ਅਤੇ ਨਿਹਚਾ ਮਜ਼ਬੂਤ ਹੋਵੇਗੀ ਜਿਵੇਂ ਦਾਊਦ ਦੀਆਂ ਗੱਲਾਂ ਸੁਣ ਕੇ ਉਸ ਦੇ ਸਾਥੀਆਂ ਦੀ ਨਿਹਚਾ ਮਜ਼ਬੂਤ ਹੋਈ ਸੀ। ਉਸ ਦੇ ਸਾਥੀਆਂ ਨੇ ‘ਯਹੋਵਾਹ ਦੀ ਵੱਲ ਤੱਕਿਆ ਅਤੇ ਉੱਜਲੇ ਹੋ ਗਏ, ਅਤੇ ਉਨ੍ਹਾਂ ਦੇ ਮੂੰਹ ਕਦੇ ਕਾਲੇ ਨਾ ਹੋਏ’ ਯਾਨੀ ਉਹ ਸ਼ਰਮਿੰਦਾ ਨਹੀਂ ਹੋਏ। (ਜ਼ਬੂਰਾਂ ਦੀ ਪੋਥੀ 34:5) ਭਾਵੇਂ ਉਹ ਰਾਜਾ ਸ਼ਾਊਲ ਤੋਂ ਭੱਜ ਰਹੇ ਸਨ, ਪਰ ਇਸ ਕਾਰਨ ਉਹ ਸ਼ਰਮਿੰਦਾ ਨਹੀਂ ਸਨ। ਉਨ੍ਹਾਂ ਨੂੰ ਯਕੀਨ ਸੀ ਕਿ ਯਹੋਵਾਹ ਦਾਊਦ ਦਾ ਸਾਥ ਦੇ ਰਿਹਾ ਸੀ, ਇਸ ਲਈ ਉਨ੍ਹਾਂ ਦੇ ਚਿਹਰਿਆਂ ਤੇ ਰੌਣਕ ਸੀ। ਇਸੇ ਤਰ੍ਹਾਂ ਅੱਜ ਲੰਬੇ ਸਮੇਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਮਸੀਹੀ ਅਤੇ ਨਵੇਂ ਲੋਕ ਵੀ ਯਹੋਵਾਹ ਤੋਂ ਮਦਦ ਭਾਲਦੇ ਹਨ। ਉਨ੍ਹਾਂ ਨੂੰ ਖ਼ੁਦ ਅਹਿਸਾਸ ਹੋਇਆ ਹੈ ਕਿ ਯਹੋਵਾਹ ਉਨ੍ਹਾਂ ਦੀ ਮਦਦ ਕਰਦਾ ਹੈ, ਇਸ ਲਈ ਉਨ੍ਹਾਂ ਦੇ ਚਿਹਰਿਆਂ ਤੇ ਝਲਕਦੀ ਖ਼ੁਸ਼ੀ ਦਿਖਾਉਂਦੀ ਹੈ ਕਿ ਉਹ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਨ ਦਾ ਪੱਕਾ ਇਰਾਦਾ ਰੱਖਦੇ ਹਨ।
ਦੂਤਾਂ ਦੀ ਮਦਦ ਲਈ ਅਹਿਸਾਨਮੰਦ ਹੋਵੋ
16. ਸਾਡੇ ਬਚਾਅ ਲਈ ਯਹੋਵਾਹ ਆਪਣੇ ਦੂਤਾਂ ਨੂੰ ਕਿਵੇਂ ਵਰਤਦਾ ਹੈ?
16 “ਯਹੋਵਾਹ ਦਾ ਦੂਤ ਉਸ ਤੋਂ ਸਾਰੇ ਡਰਨ ਵਾਲਿਆਂ ਦੇ ਦੁਆਲੇ ਡੇਰਾ ਲਾਉਂਦਾ ਹੈ, ਅਤੇ ਉਨ੍ਹਾਂ ਨੂੰ ਛੁਟਕਾਰਾ ਦਿੰਦਾ ਹੈ।” (ਜ਼ਬੂਰਾਂ ਦੀ ਪੋਥੀ 34:7) ਦਾਊਦ ਨੇ ਇਹ ਨਹੀਂ ਸੋਚਿਆ ਕਿ ਉਹੀ ਇੱਕੋ-ਇਕ ਸ਼ਖ਼ਸ ਸੀ ਜਿਸ ਨੂੰ ਯਹੋਵਾਹ ਬਚਾ ਸਕਦਾ ਸੀ। ਇਹ ਸੱਚ ਹੈ ਕਿ ਯਹੋਵਾਹ ਨੇ ਦਾਊਦ ਨੂੰ ਇਸਰਾਏਲ ਦੇ ਰਾਜੇ ਵਜੋਂ ਚੁਣਿਆ ਸੀ। ਪਰ ਦਾਊਦ ਜਾਣਦਾ ਸੀ ਕਿ ਯਹੋਵਾਹ ਦੇ ਦੂਤ ਉਸ ਦੇ ਸਾਰੇ ਵਫ਼ਾਦਾਰ ਸੇਵਕਾਂ ਦੀ ਰਾਖੀ ਕਰਦੇ ਹਨ, ਭਾਵੇਂ ਕੋਈ ਰਾਜਾ ਹੋਵੇ ਜਾਂ ਰੰਕ। ਅੱਜ ਵੀ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਦੀ ਰਾਖੀ ਕਰਦਾ ਹੈ। ਮਿਸਾਲ ਲਈ, ਨਾਜ਼ੀ ਜਰਮਨੀ, ਅੰਗੋਲਾ, ਮਲਾਵੀ, ਮੋਜ਼ਾਮਬੀਕ ਅਤੇ ਹੋਰ ਕਈ ਦੇਸ਼ਾਂ ਵਿਚ ਸਰਕਾਰਾਂ ਨੇ ਯਹੋਵਾਹ ਦੇ ਗਵਾਹਾਂ ਦਾ ਨਾਮੋ-ਨਿਸ਼ਾਨ ਮਿਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਪਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ। ਇਨ੍ਹਾਂ ਦੇਸ਼ਾਂ ਵਿਚ ਯਹੋਵਾਹ ਦੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਤੇ ਉਹ ਰਲ ਕੇ ਯਹੋਵਾਹ ਦੀ ਵਡਿਆਈ ਕਰਦੇ ਹਨ। ਕਿਉਂ? ਕਿਉਂਕਿ ਯਹੋਵਾਹ ਆਪਣੇ ਦੂਤਾਂ ਦੇ ਜ਼ਰੀਏ ਆਪਣੇ ਲੋਕਾਂ ਦੀ ਰਾਖੀ ਕਰਦਾ ਹੈ ਤੇ ਉਨ੍ਹਾਂ ਨੂੰ ਸੇਧ ਦਿੰਦਾ ਹੈ।—ਇਬਰਾਨੀਆਂ 1:14.
17. ਪਰਮੇਸ਼ੁਰ ਦੇ ਦੂਤ ਸਾਡੀ ਕਿਵੇਂ ਮਦਦ ਕਰਦੇ ਹਨ?
17 ਯਹੋਵਾਹ ਦੇ ਦੂਤ ਸਾਡੀ ਰਾਖੀ ਕਰਨ ਦੇ ਨਾਲ-ਨਾਲ ਹਾਲਾਤਾਂ ਨੂੰ ਅਜਿਹਾ ਮੋੜ ਦੇ ਸਕਦੇ ਹਨ ਕਿ ਜੇ ਕੋਈ ਬੰਦਾ ਦੂਸਰਿਆਂ ਨੂੰ ਕਿਸੇ ਤਰ੍ਹਾਂ ਠੋਕਰ ਖੁਆਉਂਦਾ ਹੈ, ਤਾਂ ਉਸ ਨੂੰ ਯਹੋਵਾਹ ਦੀ ਕਲੀਸਿਯਾ ਵਿੱਚੋਂ ਕੱਢ ਦਿੱਤਾ ਜਾਂਦਾ ਹੈ। (ਮੱਤੀ 13:41; 18:6, 10) ਕਦੇ-ਕਦੇ ਦੂਤ ਉਹ ਕੰਮ ਕਰਦੇ ਹਨ ਜਿਨ੍ਹਾਂ ਬਾਰੇ ਸਾਨੂੰ ਸ਼ਾਇਦ ਉਸ ਵਕਤ ਪਤਾ ਵੀ ਨਾ ਹੋਵੇ। ਮਿਸਾਲ ਲਈ, ਉਹ ਉਨ੍ਹਾਂ ਰੁਕਾਵਟਾਂ ਨੂੰ ਹਟਾ ਦਿੰਦੇ ਹਨ ਜੋ ਯਹੋਵਾਹ ਦੀ ਸੇਵਾ ਕਰਨ ਤੋਂ ਸਾਨੂੰ ਰੋਕ ਸਕਦੀਆਂ ਹਨ। ਉਹ ਅਜਿਹੀਆਂ ਗੱਲਾਂ ਤੋਂ ਸਾਡੀ ਰਾਖੀ ਕਰਦੇ ਹਨ ਜਿਨ੍ਹਾਂ ਕਾਰਨ ਯਹੋਵਾਹ ਨਾਲ ਸਾਡਾ ਰਿਸ਼ਤਾ ਵਿਗੜ ਸਕਦਾ ਹੈ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਉਹ ਸਾਰੀ ਮਨੁੱਖਜਾਤੀ ਨੂੰ “ਖੁਸ਼ ਖਬਰੀ” ਸੁਣਾਉਣ ਦੇ ਕੰਮ ਵਿਚ ਸਾਨੂੰ ਸੇਧ ਦਿੰਦੇ ਹਨ, ਅਜਿਹੀਆਂ ਥਾਵਾਂ ਤੇ ਵੀ ਜਿੱਥੇ ਹਾਲਾਤ ਖ਼ਤਰਨਾਕ ਹਨ। (ਪਰਕਾਸ਼ ਦੀ ਪੋਥੀ 14:6) ਦੂਤਾਂ ਦੁਆਰਾ ਮਦਦ ਕਰਨ ਦੇ ਸਬੂਤਾਂ ਬਾਰੇ ਅਕਸਰ ਯਹੋਵਾਹ ਦੇ ਗਵਾਹਾਂ ਦੇ ਸਾਹਿੱਤ ਵਿਚ ਜ਼ਿਕਰ ਕੀਤਾ ਜਾਂਦਾ ਹੈ।a ਅਜਿਹੇ ਤਜਰਬਿਆਂ ਨੂੰ ਸਿਰਫ਼ ਇਤਫ਼ਾਕ ਨਹੀਂ ਕਿਹਾ ਜਾ ਸਕਦਾ।
18. (ੳ) ਦੂਤਾਂ ਦੀ ਮਦਦ ਲੈਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ? (ਅ) ਅਗਲੇ ਲੇਖ ਵਿਚ ਕੀ ਚਰਚਾ ਕੀਤੀ ਜਾਵੇਗੀ?
18 ਜੇ ਅਸੀਂ ਚਾਹੁੰਦੇ ਹਾਂ ਕਿ ਦੂਤ ਸਾਨੂੰ ਸੇਧ ਦਿੰਦੇ ਰਹਿਣ ਅਤੇ ਸਾਡੀ ਰਾਖੀ ਕਰਦੇ ਰਹਿਣ, ਤਾਂ ਸਾਨੂੰ ਸਤਾਹਟਾਂ ਦੇ ਬਾਵਜੂਦ ਯਹੋਵਾਹ ਦੀ ਵਡਿਆਈ ਕਰਦੇ ਰਹਿਣਾ ਚਾਹੀਦਾ ਹੈ। ਯਾਦ ਰੱਖੋ ਕਿ ਯਹੋਵਾਹ ਦੇ ਦੂਤ ਸਿਰਫ਼ ‘ਯਹੋਵਾਹ ਤੋਂ ਡਰਨ ਵਾਲਿਆਂ ਦੇ ਦੁਆਲੇ ਡੇਰਾ ਲਾਉਂਦੇ ਹਨ।’ ਇਸ ਦਾ ਕੀ ਮਤਲਬ ਹੈ? ਪਰਮੇਸ਼ੁਰ ਦਾ ਡਰ ਕੀ ਹੈ ਅਤੇ ਅਸੀਂ ਇਹ ਡਰ ਕਿਵੇਂ ਪੈਦਾ ਕਰ ਸਕਦੇ ਹਾਂ? ਪਿਆਰ ਕਰਨ ਵਾਲਾ ਪਰਮੇਸ਼ੁਰ ਕਿਉਂ ਚਾਹੁੰਦਾ ਹੈ ਕਿ ਅਸੀਂ ਉਸ ਤੋਂ ਡਰੀਏ? ਇਨ੍ਹਾਂ ਸਵਾਲਾਂ ਉੱਤੇ ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ।
[ਫੁਟਨੋਟ]
a ਯਹੋਵਾਹ ਦੇ ਗਵਾਹ—ਪਰਮੇਸ਼ੁਰ ਦੇ ਰਾਜ ਦੇ ਘੋਸ਼ਕ (ਅੰਗ੍ਰੇਜ਼ੀ), ਸਫ਼ਾ 550; 2005 ਯੀਅਰ ਬੁੱਕ, ਸਫ਼ੇ 53-4; ਪਹਿਰਾਬੁਰਜ, 1 ਮਾਰਚ 2000, ਸਫ਼ੇ 5-6; 1 ਜਨਵਰੀ 1991 (ਅੰਗ੍ਰੇਜ਼ੀ), ਸਫ਼ਾ 27; 15 ਫਰਵਰੀ 1991 (ਅੰਗ੍ਰੇਜ਼ੀ), ਸਫ਼ਾ 26 ਦੇਖੋ।
ਤੁਸੀਂ ਕੀ ਜਵਾਬ ਦਿਓਗੇ?
• ਜਵਾਨੀ ਵਿਚ ਦਾਊਦ ਨੇ ਕਿਹੜੀਆਂ ਮੁਸ਼ਕਲਾਂ ਸਹੀਆਂ?
• ਦਾਊਦ ਵਾਂਗ ਅਸੀਂ ਕਿਹੜੀ ਗੱਲ ਨੂੰ ਪਹਿਲ ਦਿੰਦੇ ਹਾਂ?
• ਮਸੀਹੀ ਸਭਾਵਾਂ ਬਾਰੇ ਸਾਡਾ ਕੀ ਖ਼ਿਆਲ ਹੈ?
• ਸਾਡੀ ਮਦਦ ਕਰਨ ਲਈ ਯਹੋਵਾਹ ਆਪਣੇ ਦੂਤਾਂ ਨੂੰ ਕਿਵੇਂ ਇਸਤੇਮਾਲ ਕਰਦਾ ਹੈ?
[ਸਫ਼ਾ 21 ਉੱਤੇ ਨਕਸ਼ਾ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਰਾਮਾਹ
ਗਥ
ਸਿਕਲਗ
ਗਿਬਆਹ
ਨੋਬ
ਯਰੂਸ਼ਲਮ
ਬੈਤਲਹਮ
ਅਦੁੱਲਾਮ
ਕਈਲਾਹ
ਹਬਰੋਨ
ਜ਼ੀਫ
ਹੋਰੇਸ਼
ਕਰਮਲ
ਮਾਓਨ
ਏਨ-ਗਦੀ
ਖਾਰਾ ਸਮੁੰਦਰ
[ਕ੍ਰੈਡਿਟ ਲਾਈਨ]
Map: Based on maps copyrighted by Pictorial Archive (Near Eastern History) Est. and Survey of Israel
[ਸਫ਼ਾ 21 ਉੱਤੇ ਤਸਵੀਰ]
ਲੁਕ-ਛਿਪ ਕੇ ਰਹਿੰਦਿਆਂ ਵੀ ਦਾਊਦ ਨੇ ਯਹੋਵਾਹ ਦੀ ਵਡਿਆਈ ਕੀਤੀ
[ਸਫ਼ਾ 23 ਉੱਤੇ ਤਸਵੀਰ]
ਮਸੀਹੀ ਸਭਾਵਾਂ ਵਿਚ ਭੈਣਾਂ-ਭਰਾਵਾਂ ਦੇ ਤਜਰਬੇ ਸੁਣ ਕੇ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ